Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਲੇਵੀਆਂ ਦੀ ਪੋਥੀ 20

ਬੁੱਤ ਉਪਾਸਨਾ ਦੇ ਖਿਲਾਫ਼ ਚੇਤਾਵਨੀ

20 ਯਹੋਵਾਹ ਨੇ ਮੂਸਾ ਨੂੰ ਆਖਿਆ, “ਤੈਨੂੰ ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਦੱਸ ਦੇਣੀਆਂ ਚਾਹੀਦੀਆਂ ਹਨ; ਹੋ ਸੱਕਦਾ ਹੈ ਕਿ ਤੁਹਾਡੇ ਦੇਸ਼ ਦਾ ਕੋਈ ਬੰਦਾ ਆਪਣੇ ਕਿਸੇ ਇੱਕ ਬੱਚੇ ਨੂੰ ਝੂਠੇ ਦੇਵਤੇ ਮੋਲਕ ਨੂੰ ਦੇ ਦੇਵੇ। ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਨਾਗਰਿਕ ਹੈ ਜਾਂ ਇਸਰਾਏਲ ਵਿੱਚ ਰਹਿਣ ਵਾਲਾ ਕੋਈ ਪਰਦੇਸੀ ਹੈ, ਤੁਹਾਨੂੰ ਉਸ ਬੰਦੇ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਮੈਂ ਉਸ ਬੰਦੇ ਦੇ ਖਿਲਾਫ਼ ਹੋਵਾਂਗਾ। ਮੈਂ ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦਿਆਂਗਾ। ਕਿਉਂਕਿ ਉਸ ਨੇ ਆਪਣੇ ਬੱਚਿਆਂ ਨੂੰ ਮੋਲਕ ਨੂੰ ਦੇ ਦਿੱਤਾ। ਉਸ ਨੇ ਮੇਰੇ ਪਵਿੱਤਰ ਨਾਮ ਦਾ ਨਿਰਾਦਰ ਕੀਤਾ ਅਤੇ ਮੇਰੇ ਪਵਿੱਤਰ ਸਥਾਨ ਨੂੰ ਪਲੀਤ ਕਰ ਦਿੱਤਾ। ਹੋ ਸੱਕਦਾ ਹੈ ਕਿ ਸਾਧਾਰਣ ਲੋਕ ਉਸ ਬੰਦੇ ਨੂੰ ਅਣਡਿਠ ਕਰ ਦੇਣ। ਹੋ ਸੱਕਦਾ ਹੈ ਕਿ ਉਹ ਉਸ ਬੰਦੇ ਨੂੰ ਨਾ ਮਾਰਨ ਜਿਸਨੇ ਆਪਣੇ ਬੱਚੇ ਮੋਲਕ ਨੂੰ ਦਿੱਤੇ। ਮੈਂ ਉਸ ਆਦਮੀ ਅਤੇ ਉਸ ਦੇ ਪਰਿਵਾਰ ਦਾ ਦੁਸ਼ਮਣ ਬਣ ਜਾਵਾਂਗਾ। ਮੈਂ ਉਸ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦਿਆਂਗਾ ਜੋ ਮੋਲਕ ਦਾ ਅਨੁਸਰਣ ਕਰਨ ਲਈ ਉਸ ਦੇ, ਪਿੱਛੇ ਲੱਗਦੇ ਹਨ।

“ਮੈਂ ਹਰ ਉਸ ਬੰਦੇ ਦੇ ਖਿਲਾਫ਼ ਹੋਵਾਂਗਾ ਜੋ ਮਸ਼ਵਰੇ ਲਈ ਭੂਤ ਮ੍ਰਿਤਾਂ ਤੇ ਸਿਆਣਿਆ ਕੋਲ ਜਾਂਦਾ। ਉਹ ਮੇਰੇ ਨਾਲ ਵਫ਼ਾਦਾਰ ਨਹੀਂ ਹੈ, ਇਸ ਲਈ ਮੈਂ ਉਸ ਦੇ ਖਿਲਾਫ਼ ਹੋਵਾਂਗਾ ਅਤੇ ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦਿਆਂਗਾ।

“ਆਪਣੇ-ਆਪ ਨੂੰ ਪਵਿੱਤਰ ਬਣਾਉ ਅਤੇ ਪਵਿੱਤਰ ਹੋਵੋ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾ। ਮੇਰੇ ਕਾਨੂੰਨਾਂ ਨੂੰ ਚੇਤੇ ਰੱਖੋ ਅਤੇ ਮੰਨੋ। ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।

“ਜੇ ਕੋਈ ਬੰਦਾ ਆਪਣੇ ਪਿਤਾ ਜਾਂ ਮਾਤਾ ਨੂੰ ਗਾਲ੍ਹਾਂ ਕੱਢਦਾ ਹੈ, ਉਸ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਸ ਨੇ ਆਪਣੇ ਪਿਤਾ ਜਾਂ ਮਾਤਾਂ ਨੂੰ ਗਾਲ੍ਹਾਂ ਕੱਢੀਆਂ, ਇਸ ਲਈ ਉਹ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੈ। [a]

ਜਿਨਸੀ ਪਾਪਾਂ ਲਈ ਸਜਾਵਾਂ

10 “ਜੇ ਕਿਸੇ ਆਦਮੀ ਦੇ ਆਪਣੇ ਗੁਆਂਢੀ ਦੀ ਪਤਨੀ ਨਾਲ ਜਿਨਸੀ ਸੰਬੰਧ ਹਨ, ਤਾਂ ਆਦਮੀ ਤੇ ਔਰਤ ਦੋਵੇਂ ਹੀ ਦੁਰਾਚਾਰ ਦੇ ਦੋਸ਼ੀ ਹਨ। ਇਸ ਲਈ ਆਦਮੀ ਤੇ ਔਰਤ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ। 11 ਜੇ ਕਿਸੇ ਬੰਦੇ ਦੇ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਹਨ, ਉਸ ਨੇ ਆਪਣੇ ਪਿਤਾ ਦੀ ਪਤਨੀ ਨੂੰ ਭ੍ਰਸ਼ਟ ਕਰ ਦਿੱਤਾ। ਉਸ ਨੂੰ ਤੇ ਔਰਤ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜਿੰਮੇਵਾਰ ਹਨ।

12 “ਜੇ ਕਿਸੇ ਆਦਮੀ ਦੇ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਹੋਣ, ਉਨ੍ਹਾਂ ਦੋਹਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਗੋਤ੍ਰ ਸੰਭੋਗ ਕੀਤਾ ਹੈ। ਉਹ ਆਪਣੀ ਮੌਤ ਲਈ ਖੁਦ ਜ਼ਿੰਮੇਵਾਰ ਹਨ।

13 “ਜੇ ਕਿਸੇ ਆਦਮੀ ਦੇ ਕਿਸੇ ਦੂਸਰੇ ਆਦਮੀ ਨਾਲ ਔਰਤਾਂ ਵਰਗੇ ਜਿਨਸੀ ਸੰਬੰਧ ਹਨ, ਤਾਂ ਇਨ੍ਹਾਂ ਦੋਹਾਂ ਦੇ ਭਿਆਨਕ ਪਾਪ ਕੀਤਾ ਹੈ। ਉਨ੍ਹਾਂ ਦੋਹਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹਨ।

14 “ਜੇਕਰ ਕੋਈ ਆਦਮੀ ਕਿਸੇ ਔਰਤ ਨਾਲ ਅਤੇ ਉਸਦੀ ਧੀ ਨਾਲ ਵਿਆਹ ਕਰਦਾ ਹੈ, ਇਹ ਘ੍ਰਿਣਿਤ ਹੈ। ਲੋਕਾਂ ਨੂੰ ਉਹ ਆਦਮੀ ਤੇ ਦੋਹਾਂ ਔਰਤਾਂ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। ਇਹੋ ਜਿਹੀ ਦੁਸ਼ਟ ਗੱਲ ਆਪਣੇ ਲੋਕਾਂ ਦਰਮਿਆਨ ਨਾ ਵਾਪਰਨ ਦਿਉ।

15 “ਜੇ ਕਿਸੇ ਆਦਮੀ ਦੇ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਹੋਣ ਤਾਂ ਉਸ ਆਦਮੀ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਅਤੇ ਤੁਹਾਨੂੰ ਉਸ ਜਾਨਵਰ ਨੂੰ ਵੀ ਮਾਰ ਦੇਣਾ ਚਾਹੀਦਾ ਹੈ। 16 ਜੇ ਕਿਸੇ ਔਰਤ ਦੇ ਕਿਸੇ ਜਾਨਵਰ ਲਈ ਜਿਨਸੀ ਸੰਬੰਧ ਹੋਣ, ਉਸ ਨੂੰ ਅਤੇ ਜਾਨਵਰ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹਨ।

17 “ਜੇ ਕੋਈ ਭਰਾ ਆਪਣੀ ਭੈਣ ਨਾਲ ਸ਼ਾਦੀ ਕਰਦਾ ਹੈ-ਭਾਵੇਂ ਉਹ ਉਸਦੀ ਮਾਂ ਦੀ ਧੀ ਹੋਵੇ ਜਾਂ ਉਸ ਦੇ ਪਿਉ ਦੀ-ਅਤੇ ਉਸ ਨਾਲ ਜਿਨਸੀ ਸੰਬੰਧ ਬਣਾਉਂਦਾ ਹੈ, ਇਹ ਸ਼ਰਮਨਾਕ ਗੱਲ ਹੈ। ਉਨ੍ਹਾਂ ਨੂੰ ਖੁਲ੍ਹੇ ਆਮ ਆਪਣੇ ਲੋਕਾਂ ਤੋਂ ਵੱਖ ਕਰ ਦਿੱਤਾ ਜਾਣਾ ਚਾਹੀਦਾ ਹੈ। ਉਸ ਆਦਮੀ ਨੂੰ ਆਪਣੀ ਭੈਣ ਨਾਲ ਜਿਨਸੀ ਸੰਬੰਧ ਬਨਾਉਣ ਲਈ ਉਸ ਦੇ ਪਾਪ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। [b]

18 “ਜੇ ਕੋਈ ਆਦਮੀ ਕਿਸੇ ਔਰਤ ਨਾਲ ਮਾਹਵਾਰੀ ਦੇ ਦਿਨਾਂ ਵਿੱਚ ਜਿਨਸੀ ਸੰਬੰਧ ਬਣਾਉਂਦਾ ਹੈ, ਤਾਂ ਆਦਮੀ ਤੇ ਔਰਤ ਦੋਹਾਂ ਨੂੰ ਉਨ੍ਹਾਂ ਦੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪਾਪ ਕੀਤਾ ਕਿਉਂਕਿ ਉਨ੍ਹਾਂ ਨੇ ਉਸ ਔਰਤ ਦਾ ਖੂਨ ਦਾ ਸੋਮਾਂ ਨੰਗਾ ਕੀਤਾ।

19 “ਤੁਹਾਨੂੰ ਆਪਣੀ ਮਾਤਾ ਦੀ ਭੈਣ ਜਾਂ ਪਿਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਸਗੋਤ੍ਰ ਸੰਭੋਗ ਕਰਨ ਵਾਂਗ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

20 “ਕਿਸੇ ਆਦਮੀ ਨੂੰ ਆਪਣੇ ਚਾਚੇ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਉਸਦਾ ਆਪਣੇ ਚਾਚੇ ਨਾਲ ਜਿਨਸੀ ਸੰਬੰਧ ਬਨਾਉਣ ਵਰਗਾ ਹੋਵੇਗਾ। ਉਸ ਆਦਮੀ ਅਤੇ ਉਸ ਦੇ ਚਾਚੇ ਦੀ ਪਤਨੀ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮਿਲੇਗੀ। ਉਹ ਬੇਔਲਾਦ ਮਰਨਗੇ।

21 “ਕਿਸੇ ਆਦਮੀ ਦਾ ਆਪਣੇ ਭਰਾ ਦੀ ਪਤਨੀ ਨਾਲ ਸ਼ਾਦੀ ਕਰਨਾ ਗਲਤ ਹੈ। ਉਹ ਉਸ ਨੂੰ, ਜੋ ਉਸ ਦੇ ਭਰਾ ਦਾ ਹੈ ਭ੍ਰਸ਼ਟ ਕਰ ਰਿਹਾ ਹੈ। ਉਨ੍ਹਾਂ ਦੇ ਬੱਚੇ ਨਹੀਂ ਹੋਣਗੇ।

22 “ਤੁਹਾਨੂੰ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨ ਚੇਤੇ ਰੱਖਣੇ ਚਾਹੀਦੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਮੈਂ ਤੁਹਾਨੂੰ ਤੁਹਾਡੀ ਧਰਤੀ ਤੇ ਲਿਜਾ ਰਿਹਾ ਹਾਂ। ਤੁਸੀਂ ਉਸ ਦੇਸ਼ ਵਿੱਚ ਰਹੋਂਗੇ। ਜੇ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨੋਗੇ, ਉਹ ਧਰਤੀ ਤੁਹਾਨੂੰ ਬਾਹਰ ਨਹੀਂ ਉਗਲੇਗੀ। 23 ਉਨ੍ਹਾਂ ਲੋਕਾਂ ਦੇ ਨੇਮਾਂ ਅਤੇ ਰੀਤਾਂ ਤੇ ਨਾ ਚੱਲੋ ਜਿਨ੍ਹਾਂ ਨੂੰ ਮੈਂ ਉਸ ਦੇਸ਼ ਵਿੱਚੋਂ ਬਾਹਰ ਕੱਢ ਰਿਹਾ ਹਾਂ। ਕਿਉਂਕਿ ਉਨ੍ਹਾਂ ਲੋਕਾਂ ਨੇ ਇਹ ਸਾਰੇ ਪਾਪ ਕੀਤੇ ਅਤੇ ਮੈਂ ਉਨ੍ਹਾਂ ਨੂੰ ਘ੍ਰਿਣਾ ਕਰਦਾ ਹਾਂ। ਇਸ ਲਈ ਉਸ ਤਰ੍ਹਾਂ ਨਹੀਂ ਜਿਉਣਾ ਜਿਵੇਂ ਉਹ ਲੋਕ ਰਹਿੰਦੇ ਸਨ। 24 ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਉਨ੍ਹਾਂ ਦੀ ਧਰਤੀ ਹਾਸਿਲ ਕਰੋਂਗੇ। ਮੈਂ ਉਨ੍ਹਾਂ ਦੀ ਧਰਤੀ ਤੁਹਾਨੂੰ ਦੇਵਾਂਗਾ ਅਤੇ ਇਹ ਤੁਹਾਡੀ ਧਰਤੀ ਹੋਵੇਗੀ। ਇਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

“ਮੈਂ ਤੁਹਾਨੂੰ ਬਾਕੀ ਕੌਮਾਂ ਤੋਂ ਵੱਖਰਾ ਬਣਾਇਆ ਹੈ। 25 ਇਸ ਲਈ ਤੁਹਾਨੂੰ ਪਾਕ ਅਤੇ ਨਾਪਾਕ ਜਾਨਵਰਾਂ ਵਿੱਚਲਾ ਫ਼ਰਕ ਪਛਾਨਣਾ ਚਾਹੀਦਾ ਹੈ। ਤੁਹਾਨੂੰ ਪਾਕ ਅਤੇ ਨਾਪਾਕ ਪੰਛੀਆਂ ਵਿੱਚਲਾ ਫ਼ਰਕ ਪਰੱਖਣਾ ਚਾਹੀਦਾ ਹੈ। ਉਨ੍ਹਾਂ ਨਾਪਾਕ ਪੰਛੀਆਂ, ਜਾਨਵਰਾਂ ਅਤੇ ਜ਼ਮੀਨ ਉੱਤੇ ਰੀਂਗਣ ਵਾਲੀਆਂ ਚੀਜ਼ਾਂ ਨੂੰ ਖਾਕੇ ਆਪਣੇ-ਆਪ ਨੂੰ ਕਲੰਕਤ ਨਾ ਕਰੋ। ਮੈਂ ਉਨ੍ਹਾਂ ਚੀਜ਼ਾਂ ਨੂੰ ਨਾਪਾਕ ਘੋਸ਼ਿਤ ਕੀਤਾ ਹੈ। 26 ਮੈਂ ਤੁਹਾਨੂੰ ਆਪਣੇ ਖਾਸ ਲੋਕ ਬਣਾਇਆ ਹੈ। ਇਸ ਲਈ ਤੁਹਾਨੂੰ ਮੇਰੇ ਲਈ ਪਵਿੱਤਰ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਮੈਂ ਯਹੋਵਾਹ ਹਾਂ, ਅਤੇ ਮੈਂ ਪਵਿੱਤਰ ਹਾਂ।

27 “ਕੋਈ ਆਦਮੀ ਜਾਂ ਔਰਤ ਜਿਹੜਾ ਭੂਤ ਮ੍ਰਿਤ ਹੈ ਜਾਂ ਸਿਆਣਾ ਹੈ ਮਾਰ ਦਿੱਤਾ ਜਾਣਾ ਚਾਹੀਦਾ ਹੈ। ਲੋਕਾਂ ਨੂੰ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹੋਣਗੇ।”

ਜ਼ਬੂਰ 25

ਦਾਊਦ ਦਾ ਇੱਕ ਗੀਤ।

25 ਯਹੋਵਾਹ, ਮੈਂ ਤੈਨੂੰ ਆਪਣਾ-ਆਪ ਅਰਪਣ ਕਰਦਾ ਹਾਂ।
ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ,
    ਮੈਂ ਆਸ ਰੱਖਦਾ ਹਾਂ ਕਿ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
    ਮੇਰੇ ਦੁਸ਼ਮਣ ਮੇਰੇ ਉੱਤੇ ਨਹੀਂ ਹੱਸਣਗੇ।
ਉਹ ਜੋ ਤੇਰੇ ਵਿੱਚ ਯਕੀਨ ਰੱਖਦਾ ਹੈ ਕਦੀ ਵੀ ਨਿਰਾਸ਼ ਨਹੀਂ ਹੋਵੇਗਾ।
    ਪਰ ਗਦਾਰ ਨਾਉਮੀਦ ਹੋਣਗੇ
    ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ।

ਯਹੋਵਾਹ, ਤੁਹਾਡੇ ਰਾਹਾਂ ਤੇ ਤੁਰਨਾ ਸਿਖਣ ਵਿੱਚ ਮੇਰੀ ਮਦਦ ਕਰੋ।
    ਮੈਨੂੰ ਆਪਣੇ ਤੌਰ ਤਰੀਕੇ ਸਿੱਖਾਉ।
ਮੇਰੀ ਅਗਵਾਈ ਕਰੋ ਅਤੇ ਆਪਣੇ ਸੱਚ ਨੂੰ ਸਿੱਖਾਉ।
    ਤੁਸੀਂ ਮੇਰੇ ਪਰਮੇਸ਼ੁਰ, ਮੁਕਤੀਦਾਤਾ ਹੋ।
    ਮੈਂ ਹਰ ਦਿਨ ਤੁਹਾਡੇ ਉੱਤੇ ਭਰੋਸਾ ਕਰਦਾ ਹਾਂ।
ਮੇਰੇ ਉੱਤੇ ਮਿਹਰਬਾਨ ਹੋਣਾ ਚੇਤੇ ਰੱਖੋ, ਯਹੋਵਾਹ।
    ਮੇਰੇ ਲਈ ਆਪਣਾ ਕੋਮਲ ਪਿਆਰ ਦਰਸਾਉ ਜਿਹੜਾ ਸਦਾ ਤੋਂ ਤੁਹਾਡੇ ਕੋਲ ਹੈ।
ਮੇਰੇ ਉਨ੍ਹਾਂ ਗੁਨਾਹਾਂ ਤੇ ਮੰਦੀਆਂ ਗੱਲਾਂ ਨੂੰ ਚੇਤੇ ਨਾ ਕਰੋ ਜੋ ਮੈਂ ਉਸ ਵੇਲੇ ਕੀਤੀਆਂ ਸਨ ਜਦੋਂ ਮੈਂ ਜਵਾਨ ਸਾਂ।
    ਆਪਣੇ ਸੁਭ ਨਾਮ ਸਦਕਾ, ਯਹੋਵਾਹ, ਮੈਨੂੰ ਪਿਆਰ ਨਾਲ ਚੇਤੇ ਕਰੋ।

ਯਹੋਵਾਹ ਸੱਚਮੁੱਚ ਸ਼ੁਭ ਹੈ।
    ਉਹ ਪਾਪੀਆਂ ਨੂੰ ਜਿਉਣ ਦਾ ਸਹੀ ਤਰੀਕਾ ਸਿੱਖਾਉਂਦਾ ਹੈ।
ਉਹ ਖੁਦ ਨਿਰਪੱਖ ਹੋਕੇ ਨਿਮ੍ਰ ਲੋਕਾਂ ਨੂੰ
    ਆਪਣਾ ਜੀਵਨ ਢੰਗ ਸਿੱਖਾਉਂਦਾ ਹੈ।
10 ਯਹੋਵਾਹ ਉਨ੍ਹਾਂ ਲੋਕਾਂ ਲਈ ਦਯਾਵਾਨ ਅਤੇ ਵਫ਼ਾਦਾਰ ਹੈ
    ਜਿਹੜੇ ਉਸ ਦੇ ਵਾਦਿਆਂ, ਅਤੇ ਕਰਾਰਾਂ ਦਾ ਅਨੁਸਰਣ ਕਰਦੇ ਹਨ।

11 ਹੇ ਯਹੋਵਾਹ, ਮੈਂ ਬਹੁਤ ਸਾਰੀਆਂ ਗਲਤ ਗੱਲਾਂ ਕੀਤੀਆਂ ਹਨ।
    ਪਰ ਤੁਸੀਂ ਆਪਣੀ ਚੰਗਿਆਈ ਦਰਸਾਉਂਦਿਆਂ ਮੈਨੂੰ ਉਹ ਸਭ ਕੁਝ ਮੁਆਫ਼ ਕਰ ਦਿੱਤਾ ਜੋ ਮੈਂ ਕੀਤਾ ਸੀ।

12 ਜੇ ਕੋਈ ਵੀ ਵਿਅਕਤੀ ਯਹੋਵਾਹ ਦੇ ਮਾਰਗ ਉੱਤੇ ਚੱਲਣ ਦੀ ਚੋਣ ਕਰਦਾ ਹੈ।
    ਯਹੋਵਾਹ ਉਸ ਆਦਮੀ ਨੂੰ ਜਿਉਣ ਦਾ ਸਭ ਤੋਂ ਚੰਗਾ ਰਸਤਾ ਦਿਖਾਵੇਗਾ।
13 ਉਹ ਚੰਗੀਆਂ ਚੀਜ਼ਾਂ ਦਾ ਆਨੰਦ ਮਾਣੇਗਾ
    ਅਤੇ ਉਸ ਦੇ ਬੱਚੇ ਵੀ ਉਸ ਧਰਤੀ ਦੇ ਮਾਲਕ ਰਹਿਣਗੇ, ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ।
14 ਯਹੋਵਾਹ ਆਪਣੇ ਭੇਤ ਆਪਣੇ ਚੇਲਿਆਂ ਨੂੰ ਦੱਸਦਾ ਹੈ।
    ਉਹ ਉਨ੍ਹਾਂ ਨੂੰ ਆਪਣੇ ਕਰਾਰ ਦੀ ਸਿੱਖਿਆ ਦਿੰਦਾ ਹੈ।
15 ਮੈਂ ਸਦਾ ਯਹੋਵਾਹ ਦੀ ਓਟ ਤੱਕਦਾ ਹਾਂ।
    ਉਹ ਮੈਨੂੰ ਆਪਣੀਆਂ ਮੁਸੀਬਤਾਂ ਤੋਂ ਸਦਾ ਮੁਕਤ ਕਰਦਾ ਹੈ।

16 ਯਹੋਵਾਹ, ਮੈਂ ਦੁੱਖੀ ਤੇ ਇੱਕਲਾ ਹਾਂ।
    ਆਪਣਾ ਮੁੱਖ ਮੇਰੇ ਵੱਲ ਫ਼ੇਰੋ ਅਤੇ ਮੈਨੂੰ ਆਪਣੀ ਮਿਹਰ ਵਿਖਾਉ।
17 ਮੈਨੂੰ ਮੇਰੀਆਂ ਮੁਸੀਬਤਾਂ ਤੋਂ ਮੁਕਤ ਕਰੋ।
    ਮੈਨੂੰ ਆਪਣੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਮੇਰੀ ਮਦਦ ਕਰੋ।
18 ਹੇ ਯਹੋਵਾਹ, ਇੱਕ ਵਾਰ ਮੇਰੀ ਆਜ਼ਮਾਇਸ਼ ਅਤੇ ਕਸ਼ਟਾਂ ਵੱਲ ਵੇਖ।
    ਉਹ ਸਾਰੇ ਪਾਪ ਮੁਆਫ਼ ਕਰ ਦਿਉ ਜੋ ਮੇਰੇ ਕੋਲੋਂ ਹੋਏ ਹਨ।
19 ਮੇਰੇ ਸਾਰੇ ਦੁਸ਼ਮਣਾਂ ਵੱਲ ਵੇਖ,
    ਉਹ ਮੈਨੂੰ ਇੰਨੀ ਜ਼ਿਆਦਾ ਨਫ਼ਰਤ ਕਰਦੇ ਹਨ ਕਿ ਉਹ ਮੈਨੂੰ ਸੱਟਾਂ ਮਾਰਨਾ ਚਾਹੁੰਦੇ ਹਨ।
20 ਹੇ ਪਰਮੇਸ਼ੁਰ, ਮੇਰੀ ਰੱਖਿਆ ਕਰੋ ਅਤੇ ਮੈਨੂੰ ਬਚਾਉ।
    ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ, ਇਸ ਲਈ ਮੈਨੂੰ ਨਿਰਾਸ਼ ਨਾ ਕਰੋ।
21 ਹੇ ਪਰਮੇਸ਼ੁਰ, ਤੁਸੀਂ ਸੱਚਮੁੱਚ ਸ਼ੁਭ ਹੋ।
    ਮੈਨੂੰ ਤੁਹਾਡੇ ਉੱਤੇ ਭਰੋਸਾ ਹੈ, ਇਸ ਲਈ ਮੇਰੀ ਰੱਖਿਆ ਕਰੋ।
22 ਯਹੋਵਾਹ, ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਦੇ ਸਮੂਹ ਦੁਸ਼ਮਣਾਂ ਪਾਸੋਂ ਬਚਾਉ।

ਉਪਦੇਸ਼ਕ 3

ਸਮਾਂ ਹੈ …

ਇੱਥੇ ਹਰ ਚੀਜ਼ ਲਈ ਵਕਤ ਹੈ। ਅਤੇ ਹਰ ਗੱਲ ਧਰਤੀ ਉੱਤੇ ਇਸ ਦੀ ਰੁੱਤ ਵਿੱਚ ਵਾਪਰੇਗੀ।

ਇੱਥੇ ਜਨਮ ਦੇਣ ਦਾ ਸਮਾਂ ਹੈ,
    ਅਤੇ ਮਰਨ ਦਾ ਸਮਾਂ ਹੈ।
ਇੱਥੇ ਪੌਦਾ ਬੀਜਣ ਦਾ ਸਮਾਂ ਹੈ,
    ਅਤੇ ਇਸ ਨੂੰ ਪੁੱਟਣ ਦਾ ਸਮਾਂ ਹੈ।
ਇੱਥੇ ਮਾਰਨ ਦਾ ਸਮਾਂ ਹੈ,
    ਅਤੇ ਇਲਾਜ ਕਰਨ ਦਾ ਸਮਾਂ ਹੈ।
ਇੱਥੇ ਉਧੇੜ ਦੇਣ ਦਾ ਸਮਾਂ ਹੈ,
    ਅਤੇ ਉਸਾਰਨ ਦਾ ਸਮਾਂ ਹੈ।
ਇੱਥੇ ਰੋਣ ਦਾ ਸਮਾਂ ਹੈ,
    ਅਤੇ ਹੱਸਣ ਦਾ ਸਮਾਂ ਹੈ।
ਇੱਥੇ ਸੋਗ ਕਰਨ ਦਾ ਸਮਾਂ ਹੈ,
    ਅਤੇ ਖੁਸ਼ੀ ਨਾਲ ਨੱਚਣ ਦਾ ਸਮਾਂ ਹੈ।
ਇੱਥੇ ਪੱਥਰ ਸੁੱਟਣ ਦਾ ਸਮਾਂ ਹੈ,
    ਅਤੇ ਪੱਥਰ ਇੱਕਤ੍ਰ ਕਰਨ ਦਾ ਸਮਾਂ ਹੈ।
ਇੱਥੇ ਗਲਵਕੜੀ ਪਾਉਣ ਦਾ ਸਮਾਂ ਹੈ,
    ਅਤੇ ਜਫ੍ਫੀ ਨੂੰ ਛੱਡਣ ਦਾ ਸਮਾਂ ਹੈ। [a]
ਇੱਥੇ ਭਾਲ ਕਰਨ ਦਾ ਸਮਾਂ ਹੈ,
    ਅਤੇ ਨੁਕਸਾਨ ਨੂੰ ਕਬੂਲਣ ਦਾ ਸਮਾਂ ਹੈ।
ਇੱਥੇ ਰੱਖਣ ਦਾ ਸਮਾਂ ਹੈ,
    ਅਤੇ ਸੁੱਟ ਦੇਣ ਦਾ ਸਮਾਂ ਹੈ।
ਇੱਥੇ ਕੱਪੜੇ ਨੂੰ ਪਾੜਨ ਦਾ ਸਮਾਂ ਹੈ,
    ਅਤੇ ਉਸ ਨੂੰ ਸਿਉਣ ਦਾ ਸਮਾਂ ਹੈ।
ਇੱਥੇ ਖਾਮੋਸ਼ ਰਹਿਣ ਦਾ ਸਮਾਂ ਹੈ,
    ਅਤੇ ਬੋਲਣ ਦਾ ਸਮਾਂ ਹੈ।
ਇੱਥੇ ਪਿਆਰ ਕਰਨ ਦਾ ਸਮਾਂ ਹੈ,
    ਅਤੇ ਨਫਰਤ ਕਰਨ ਦਾ ਸਮਾਂ ਹੈ।
ਇੱਥੇ ਯੁੱਧ ਦਾ ਸਮਾਂ ਹੈ,
    ਅਤੇ ਸ਼ਾਂਤੀ ਦਾ ਸਮਾਂ ਹੈ।

ਪਰਮੇਸ਼ੁਰ ਆਪਣੀ ਦੁਨੀਆਂ ਤੇ ਨਿਯੰਤ੍ਰਣ ਰੱਖਦਾ ਹੈ

ਕਾਮੇ ਨੂੰ ਭਲਾ ਆਪਣੀ ਮਜ਼ਦੂਰੀ ਤੋਂ ਕੀ ਲਾਭ ਮਿਲਦਾ ਹੈ? 10 ਮੈਂ ਉਸ ਸਾਰੀ ਸਖਤ ਮਿਹਨਤ ਵੱਲ ਵੇਖਿਆ ਜਿਹੜੀ ਪਰਮੇਸ਼ੁਰ ਨੇ ਇਨਸਾਨਾਂ ਨੂੰ ਕਰਨ ਲਈ ਦਿੱਤੀ ਹੈ। 11 ਉਹ ਆਪਣੇ ਸਮੇਂ ਵਿੱਚ ਸਭ ਕੁਝ ਖੂਬਸੂਰਤੀ ਨਾਲ ਕਰਦਾ, ਅਤੇ ਉਸ ਨੇ ਸੰਸਾਰ ਦਾ ਗਿਆਨ ਵੀ ਇਨਸਾਨਾਂ ਦੇ ਦਿਮਾਗ਼ ਵਿੱਚ ਪਾਇਆ। ਪਰ ਫ਼ੇਰ ਵੀ ਇਨਸਾਨਾਂ ਨੂੰ ਪਤਾ ਨਹੀਂ ਲੱਗ ਸੱਕਦਾ ਕਿ ਪਰਮੇਸ਼ੁਰ, ਸ਼ੁਰੂਆਤ ਤੋਂ ਅੰਤ ਤੀਕ ਕੀ ਕਰ ਰਿਹਾ ਹੈ।

12 ਮੈਂ ਜਾਣਿਆਂ ਕਿ ਲੋਕਾਂ ਲਈ ਕਰਨ ਵਾਲੀ ਸਭ ਤੋਂ ਵੱਧੀਆ ਗੱਲ ਇਹੀ ਹੈ ਕਿ ਉਹ ਜਿੰਨਾ ਚਿਰ ਜਿਉਂਦੇ ਹਨ ਆਨੰਦ ਮਾਨਣ। 13 ਅਤੇ ਜੇਕਰ ਕੋਈ ਵਿਅਕਤੀ ਆਪਣੀ ਮਜਦੂਰੀ ਦਾ ਫ਼ਲ ਖਾਣ ਅਤੇ ਪੀਣ ਅਤੇ ਮਾਨਣ ਦੇ ਯੋਗ ਹੈ, ਇਹ ਪਰਮੇਸ਼ੁਰ ਵੱਲੋਂ ਸੁਗਾਤ ਹੈ।

14 ਮੈਂ ਸਮਝ ਲਿਆ ਕਿ ਜੋ ਕੁਝ ਵੀ ਪਰਮੇਸ਼ੁਰ ਕਰਦਾ ਹੈ ਉਹ ਸਦਾ ਰਹੇਗਾ। ਲੋਕ ਪਰਮੇਸ਼ੁਰ ਦੇ ਕੰਮ ਵਿੱਚ ਕਿਸੇ ਚੀਜ਼ ਦਾ ਵਾਧਾ ਨਹੀਂ ਕਰ ਸੱਕਦੇ ਅਤੇ ਲੋਕ ਪਰਮੇਸ਼ੁਰ ਦੇ ਕੰਮ ਵਿੱਚੋਂ ਕੋਈ ਚੀਜ਼ ਘਟਾ ਨਹੀਂ ਸੱਕਦੇ। ਪਰਮੇਸ਼ੁਰ ਅਜਿਹਾ ਲੋਕਾਂ ਤੋਂ ਇੱਜ਼ਤ ਪ੍ਰਾਪਤ ਕਰਨ ਲਈ ਕਰਦਾ ਹੈ। 15 ਜੋ ਕੁਝ ਵੀ ਅਤੀਤ ਵਿੱਚ ਵਾਪਰਿਆ ਹੁਣ ਵਾਪਰ ਰਿਹਾ ਹੈ। ਅਤੇ ਜੋ ਕੁਝ ਵੀ ਭਵਿੱਖ ਵਿੱਚ ਵਾਪਰੇਗਾ ਪਹਿਲਾਂ ਹੀ ਅਤੀਤ ਵਿੱਚ ਵਾਪਰ ਚੁੱਕਿਆ ਹੈ। ਪਰਮੇਸ਼ੁਰ ਗੱਲਾਂ ਨੂੰ ਕ੍ਰਮਵਾਰ ਚਲਾਉਂਦਾ ਹੈ। [b]

16 ਮੈਂ ਇਨ੍ਹਾਂ ਚੀਜ਼ਾਂ ਨੂੰ ਇਸ ਜੀਵਨ ਵਿੱਚ ਵੀ ਦੇਖਿਆ। ਮੈਂ ਨਿਆਂ ਦੀ ਜਗ੍ਹਾ ਤੇ ਅਨਿਆਂ ਵੇਖਿਆ, ਅਤੇ ਦੁਸ਼ਟ ਲੋਕਾਂ ਨੂੰ ਉਸ ਜਗ੍ਹਾ ਤੇ ਵੇਖਿਆ ਜਿੱਥੇ ਧਰਮੀਆਂ ਨੂੰ ਹੋਣਾ ਚਾਹੀਦਾ ਸੀ। 17 ਮੈਂ ਆਪਣੇ-ਆਪ ਨੂੰ ਆਖਿਆ, “ਪਰਮੇਸ਼ੁਰ ਦੁਸ਼ਟ ਅਤੇ ਧਰਮੀ ਲੋਕਾਂ ਦਾ ਨਿਆਂ ਕਰੇਗਾ, ਕਿਉਂ ਕਿ ਹਰ ਮਸਲੇ ਲਈ ਸਮਾਂ ਹੁੰਦਾ ਹੈ, ਅਤੇ ਹਰ ਕਾਸੇ ਦੀ ਆਪਣੀ ਤਕਦੀਰ ਹੈ।”

ਕੀ ਲੋਕ ਜਾਨਵਰਾਂ ਵਰਗੇ ਹੀ ਹਨ?

18 ਮੈਂ ਇਨਸਾਨਾਂ ਬਾਰੇ ਸੋਚਿਆ: “ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕ ਦੇਖਣ ਕਿ ਉਹ ਉਕੱੇ ਜਾਨਵਰ ਹੀ ਹਨ। 19 ਕਿਉਂ ਜੋ ਇਨਸਾਨਾਂ ਅਤੇ ਜਾਨਵਰਾਂ ਦਾ ਨਸੀਬ ਬਿਲਕੁਲ ਇੱਕੋ ਜਿਹਾ ਹੈ। ਇੱਕ ਬਿਲਕੁਲ ਦੂਸਰੇ ਵਾਂਗ ਹੀ ਮਰਦਾ ਅਤੇ ਦੋਹਾਂ ਲਈ ਇੱਕੋ ਜਿਹਾ ਆਤਮਾ ਹੈ। ਇੱਕ ਇਨਸਾਨ ਨੂੰ ਜਾਨਵਰ ਉੱਤੇ ਕੋਈ ਫ਼ਾਇਦਾ ਨਹੀਂ, ਉਹ ਦੋਵੇਂ ਅਰਬਹੀਣ ਹਨ। 20 ਕੀ ਦੋਵੇਂ ਇੱਕੋ ਬਾਵੇਂ ਨਹੀਂ ਜਾਣਗੇ? ਦੋਵੇਂ ਧੂੜ ਤੋਂ ਬਣੇ ਹਨ, ਅਤੇ ਉਹ ਧੂੜ ਵਿੱਚ ਵਾਪਸ ਚੱਲੇ ਜਾਣਗੇ। 21 ਕੌਣ ਜਾਣਦਾ? ਕੀ ਇਨਸਾਨ ਦਾ ਆਤਮਾ ਉਭਰ ਜਾਂਦਾ ਜਦ ਕਿ ਜਾਨਵਰ ਦਾ ਆਤਮਾ ਹੇਠਾਂ ਧਰਤੀ ’ਚ ਲੈਹ ਜਾਂਦਾ।”

22 ਇਸ ਲਈ, ਮੈਂ ਦੇਖਿਆ ਕਿ ਸਭ ਤੋਂ ਚੰਗੀ ਗੱਲ ਜੋ ਬੰਦਾ ਕਰ ਸੱਕਦਾ ਉਹ ਹੈ ਆਪਣੇ ਕੰਮ ਵਿੱਚ ਖੁਸੀਁ ਮਹਿਸੂਸ ਕਰਨਾ। ਇਹੀ ਸਭ ਕੁਝ ਹੈ ਜੋ ਉਸ ਦੇ ਕੋਲ ਹੈ। ਕਿਉਂ ਕਿ ਕੌਣ ਉਸ ਨੂੰ ਇਹ ਵੇਖਣ ਲਈ ਲੈ ਜਾ ਸੱਕਦਾ ਕਿ ਉਸਦੀ ਮੌਤ ਬਾਅਦ ਕੀ

1 ਤਿਮੋਥਿਉਸ ਨੂੰ 5

ਕਿਸੇ ਬਜ਼ੁਰਗ ਨਾਲ ਗੁੱਸੇ ਨਾਲ ਨਾ ਬੋਲੋ ਸਗੋਂ ਉਸ ਨਾਲ ਇੰਝ ਗੱਲ ਕਰੋ ਜਿਵੇਂ ਉਹ ਤੁਹਾਡਾ ਪਿਤਾ ਹੋਵੇ। ਛੋਟਿਆਂ ਨਾਲ ਭਰਾਵਾਂ ਦੀ ਤਰ੍ਹਾਂ ਵਰਤਾਉ ਕਰੋ। ਵੱਡੀ ਉਮਰ ਦੀਆਂ ਔਰਤਾਂ ਨਾਲ ਮਾਵਾਂ ਵਰਗਾ ਵਿਹਾਰ ਕਰੋ। ਛੋਟੀਆਂ ਔਰਤਾਂ ਨਾਲ ਭੈਣਾਂ ਵਰਗਾ ਵਿਹਾਰ ਕਰੋ। ਹਮੇਸ਼ਾ ਉਨ੍ਹਾਂ ਨਾਲ ਪੂਰੀ ਸ਼ੁੱਧਤਾ ਨਾਲ ਵਿਹਾਰ ਕਰੋ।

ਵਿਧਵਾਵਾਂ ਦਾ ਖਿਆਲ ਰੱਖਣਾ

ਕਲੀਸਿਯਾ ਨੂੰ ਉਨ੍ਹਾਂ ਵਿਧਵਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੋ ਸੱਚਮੁੱਚ ਇੱਕਲੀਆਂ ਹਨ। ਪਰ ਜੇ ਕਿਸੇ ਵਿਧਵਾ ਦੇ ਬੱਚੇ ਹਨ ਜਾਂ ਪੋਤਰੇ-ਪੋਤਰੀਆਂ ਹਨ, ਤਾਂ ਜਿਹੜੀ ਗੱਲ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਿਖਣੀ ਚਾਹੀਦੀ ਹੈ ਉਹ ਇਹ ਹੈ; ਉਨ੍ਹਾਂ ਨੂੰ ਆਪਣੇ ਖੁਦ ਦੇ ਪਰਿਵਾਰ ਦੇ ਜੀਆਂ ਦਾ ਧਿਆਨ ਰੱਖਕੇ ਪਰਮੇਸ਼ੁਰ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜਦੋਂ ਉਹ ਇਵੇਂ ਕਰਨਗੀਆਂ, ਤਾਂ ਉਹ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਉੱਤੇ ਉਪਕਾਰ ਕਰ ਰਹੀਆਂ ਹੋਣਗੀਆਂ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। ਜੇਕਰ ਇੱਕ ਵਿਧਵਾ ਸੱਚਮੁੱਚ ਬਿਨਾ ਕਿਸੇ ਦੇ ਸਹਾਰਿਉਂ ਇੱਕਲੀ ਹੈ, ਤਾਂ ਉਹ ਆਸ ਰੱਖਦੀ ਹੈ ਕਿ ਪਰਮੇਸ਼ੁਰ ਇੱਕਲਾ ਉਸਦੀ ਸਹਾਇਤਾ ਕਰੇਗਾ। ਉਹ ਪਰਮੇਸ਼ੁਰ ਨੂੰ ਸਹਾਇਤਾ ਲਈ ਦਿਨ ਰਾਤ ਪ੍ਰਾਰਥਨਾ ਕਰਨੀ ਜਾਰੀ ਰੱਖਦੀ ਹੈ। ਪਰ ਜਿਹੜੀ ਵਿਧਵਾ ਆਪਣੇ ਜੀਵਨ ਨੂੰ ਕੇਵਲ ਆਪਣੀ ਖੁਸ਼ੀ ਲਈ ਬਿਤਾਉਂਦੀ ਹੈ ਉਹ ਜਿਉਂਦੀ ਹੋਈ ਵੀ ਮੁਰਦਾ ਹੈ। ਉੱਥੋਂ ਦੇ ਨਿਹਚਾਵਾਨਾਂ ਨੂੰ ਇਹ ਕਰਨ ਲਈ ਆਖੋ ਤਾਂ ਜੋ ਕੋਈ ਵੀ ਵਿਅਕਤੀ ਇਹ ਨਾ ਕਹਿ ਸੱਕੇ ਕਿ ਉਹ ਗਲਤ ਕੰਮ ਕਰ ਰਹੇ ਹਨ। ਇੱਕ ਵਿਅਕਤੀ ਨੂੰ ਆਪਣੇ ਸਾਰੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਸੱਕਰ, ਉਸ ਨੂੰ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਕੋਈ ਅਜਿਹਾ ਨਹੀਂ ਕਰਦਾ, ਤਾਂ ਉਹ ਸੱਚੇ ਵਿਸ਼ਵਾਸ ਨੂੰ ਨਹੀਂ ਮੰਨਦਾ। ਉਹ ਵਿਅਕਤੀ ਇੱਕ ਅਵਿਸ਼ਵਾਸੀ ਨਾਲੋਂ ਵੀ ਭੈੜਾ ਹੈ।

ਵਿਧਵਾਵਾਂ ਦੀ ਤੁਹਾਡੀ ਸੂਚੀ ਵਿੱਚ ਜੁੜਨ ਲਈ ਉਹ ਸੱਠਾਂ ਵਰ੍ਹਿਆਂ ਦੀ ਜਾਂ ਇਸਤੋਂ ਵਡੇਰੀ ਹੋਣੀ ਚਾਹੀਦੀ ਹੈ। ਉਹ ਆਪਣੇ ਪਤੀ ਦੀ ਵਫ਼ਾਦਾਰ ਰਹੀ ਹੋਣੀ ਚਾਹੀਦੀ ਹੈ। 10 ਉਹ ਅਜਿਹੀ ਔਰਤ ਵਜੋਂ ਜਾਣੀ ਜਾਂਦੀ ਹੋਣੀ ਚਾਹੀਦੀ ਹੈ ਜਿਸਨੇ ਚੰਗੇ ਕੰਮ ਕੀਤੇ ਹੋਣ। ਮੇਰਾ ਭਾਵ ਚੰਗੀਆਂ ਗੱਲਾਂ ਹਨ, ਜਿਵੇਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ, ਆਪਣੇ ਘਰ ਆਏ ਓਪਰਿਆਂ ਦੀ ਮਹਿਮਾਨ-ਨਵਾਜ਼ੀ ਕਰਨੀ, ਪਰਮੇਸ਼ੁਰ ਦੇ ਲੋਕਾਂ ਦੇ ਪੈਰ ਧੋਣੇ, ਉਨ੍ਹਾਂ ਦੀ ਸਹਾਇਤਾ ਕਰਨੀ ਜਿਹੜੇ ਮੁਸੀਬਤਾਂ ਵਿੱਚ ਹਨ ਅਤੇ ਆਪਣੇ ਜੀਵਨ ਨੂੰ ਹਰ ਤਰ੍ਹਾਂ ਦੇ ਚੰਗੇ ਕੰਮ ਕਰਨ ਲਈ ਵਰਤਣਾ।

11 ਪਰ ਉਸ ਪੱਤ੍ਰੀ ਵਿੱਚ ਜਵਾਨ ਵਿਧਵਾਵਾਂ ਨੂੰ ਸ਼ਾਮਿਲ ਨਾ ਕਰੋ। ਜਦੋਂ ਉਹ ਆਪਣੇ ਆਪ ਨੂੰ ਮਸੀਹ ਦੇ ਨਮਿੱਤ ਅਰਪਣ ਕਰ ਦਿੰਦੀਆਂ ਹਨ, ਤਾਂ ਬਹੁਤ ਵਾਰੀ ਉਹ ਆਪਣੀਆਂ ਤਕੜੀਆਂ ਸਰੀਰਕ ਲੋੜਾਂ ਕਾਰਣ ਉਸ ਕੋਲੋਂ ਦੂਰ ਹੋ ਜਾਂਦੀਆਂ ਹਨ। ਤਾਂ ਫ਼ੇਰ ਉਹ ਦੁਬਾਰਾ ਸ਼ਾਦੀ ਕਰਨਾ ਚਾਹੁੰਦੀਆਂ ਹਨ। 12 ਇਸ ਵਾਸਤੇ ਉਨ੍ਹਾਂ ਦਾ ਨਿਰਨਾ ਹੋਵੇਗਾ। ਕਿਉਂ ਕਿ ਉਨ੍ਹਾਂ ਨੇ ਆਪਣਾ ਪਹਿਲਾ ਵਾਇਦਾ ਨਹੀਂ ਨਿਭਾਇਆ। 13 ਇਹ ਵੀ, ਕਿ ਇਹ ਵਿਧਵਾਵਾਂ ਜਲਦੀ ਹੀ ਇੱਕ ਘਰ ਤੋਂ ਦੂਜੇ ਘਰ ਜਾਕੇ ਆਪਣਾ ਸਮਾਂ ਨਸ਼ਟ ਕਰਨ ਦੀਆਂ ਆਦੀ ਹੋ ਜਾਂਦੀਆਂ ਹਨ। ਉਹ ਦੂਸਰਿਆਂ ਬਾਰੇ ਗੱਲਾਂ ਕਰਦੀਆਂ ਹਨ ਅਤੇ ਦੂਸਰਿਆਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਉਹ ਅਜਿਹੀਆਂ ਗੱਲਾਂ ਆਖਦੀਆਂ ਹਨ ਜਿਹੜੀਆਂ ਉਨ੍ਹਾਂ ਨੂੰ ਨਹੀਂ ਆਖਣੀਆਂ ਚਾਹੀਦੀਆਂ। 14 ਇਸ ਲਈ ਮੈਂ ਚਾਹੁੰਦਾ ਕਿ ਜਵਾਨ ਵਿਧਵਾਵਾਂ ਫ਼ਿਰ ਤੋਂ ਵਿਆਹ ਕਰਵਾ ਲੈਣ ਅਤੇ ਬੱਚੇ ਨੂੰ ਜਨਮ ਦੇਣ ਅਤੇ ਆਪਣੇ ਘਰਾਂ ਦਾ ਧਿਆਨ ਰੱਖਣ। ਜੇ ਉਹ ਅਜਿਹਾ ਕਰਦੀਆਂ ਹਨ ਤਾਂ ਸਾਡੇ ਦੁਸ਼ਮਣ ਨੂੰ ਉਨ੍ਹਾਂ ਦੀ ਆਲੋਚਨਾ ਕਰਨ ਦਾ ਮੌਕਾ ਨਹੀਂ ਮਿਲੇਗਾ। 15 ਅਸਲ ਵਿੱਚ, ਕੁਝ ਜਵਾਨ ਵਿਧਵਾਵਾਂ ਪਹਿਲਾਂ ਹੀ ਸ਼ੈਤਾਨ ਦਾ ਅਨੁਸਰਣ ਕਰਨ ਲਈ ਮੁੜ ਚੁੱਕੀਆਂ ਹਨ।

16 ਜੇ ਕਿਸੇ ਨਿਹਚਾਵਾਨ ਔਰਤ ਦੇ ਪਰਿਵਾਰ ਵਿੱਚ ਵਿਧਵਾਵਾਂ ਹਨ, ਤਾਂ ਉਸ ਨੂੰ ਖੁਦ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। [a] ਤਾਂ ਜੋ ਕਲੀਸਿਯਾ ਦੇ ਉਪਰ ਬੋਝ ਨਾ ਹੋਵੇ। ਫ਼ੇਰ ਕਲੀਸਿਯਾ ਉਨ੍ਹਾਂ ਵਿਧਵਾਵਾਂ ਦਾ ਧਿਆਨ ਰੱਖ ਸੱਕੇਗੀ ਜਿਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀ ਹੈ।

ਬਜ਼ੁਰਗ ਅਤੇ ਹੋਰ ਗੱਲਾਂ

17 ਜਿਹੜੇ ਬਜ਼ੁਰਗ ਕਲੀਸਿਯਾ ਦੀ ਅਗਵਾਈ ਚੰਗੇ ਢੰਗ ਨਾਲ ਕਰਦੇ ਹਨ ਉਹ ਮਹਾਨ ਇੱਜ਼ਤ ਪਾਉਣ ਦੇ ਯੋਗੀ ਹਨ। ਜਿਹੜੇ ਵਡੇਰੇ ਬੋਲ ਚਾਲ ਰਾਹੀਂ ਅਤੇ ਉਪਦੇਸ਼ ਰਾਹੀਂ ਕਾਰਜ ਕਰਦੇ ਹਨ ਅਜਿਹੇ ਵਿਅਕਤੀ ਹਨ ਜਿਹੜੇ ਮਹਾਨ ਇੱਜ਼ਤ ਦੇ ਯੋਗੀ ਹਨ। 18 ਕਿਉਂਕਿ ਪੋਥੀ ਆਖਦੀ ਹੈ, “ਉਸ ਬਲਦ ਦਾ ਮੂੰਹ ਨਾ ਬੰਨ੍ਹੋ ਜਿਹੜਾ ਗਾਹੁੰਦੇ ਥੱਲੇ ਉੱਤੇ ਕੰਮ ਕਰਦਾ” [b] ਅਤੇ ਪੋਥੀ ਇਹ ਵੀ ਆਖਦੀ ਹੈ, “ਮਜ਼ਦੂਰ ਆਪਣੀ ਮਜਦੂਰੀ ਦੇ ਯੋਗ ਹੈ ।” [c]

19 ਉਸ ਬੰਦੇ ਦੀ ਨਾ ਸੁਣੋ ਜਿਹੜਾ ਇੱਕ ਬਜ਼ੁਰਗ ਉੱਤੇ ਇਲਜ਼ਾਮ ਲਾਉਂਦਾ ਹੈ। ਤੁਹਾਨੂੰ ਉਸ ਬੰਦੇ ਨੂੰ ਸਿਰਫ਼ ਤਾਂ ਹੀ ਸੁਨਣਾ ਚਾਹੀਦਾ ਹੈ ਜੇਕਰ ਦੋ ਜਾਂ ਤਿੰਨ ਬੰਦੇ ਗਵਾਹੀ ਦੇਣ ਕਿ ਬਜ਼ੁਰਗ ਨੇ ਗਲਤ ਕੰਮ ਕੀਤਾ ਹੈ। 20 ਪਾਪੀਆਂ ਨੂੰ ਆਖੋ ਕਿ ਉਹ ਗਲਤ ਕੰਮ ਕਰ ਰਹੇ ਹਨ। ਇਹ ਗੱਲ ਸਾਰੀ ਕਲੀਸਿਯਾ ਦੇ ਸਾਹਮਣੇ ਆਖੋ। ਇਸ ਤਰ੍ਹਾਂ ਹੋਰਾਂ ਨੂੰ ਵੀ ਚੇਤਾਵਨੀ ਮਿਲੇਗੀ।

21 ਮੈਂ ਤੁਹਾਨੂੰ ਪਰਮੇਸ਼ੁਰ, ਯਿਸੂ ਮਸੀਹ ਅਤੇ ਚੁਣੇ ਹੋਏ ਦੂਤਾਂ ਦੇ ਸਨਮੁੱਖ, ਇਹ ਗੱਲਾਂ ਕਰਨ ਦਾ ਹੁਕਮ ਦਿੰਦਾ ਹਾਂ। ਪਰ ਸੱਚ ਜਾਨਣ ਤੋਂ ਪਹਿਲਾਂ ਲੋਕਾਂ ਬਾਰੇ ਨਿਰਨਾ ਨਾ ਕਰੋ। ਅਤੇ ਇਨ੍ਹਾਂ ਗੱਲਾਂ ਬਾਰੇ ਹਰੇਕ ਨਾਲ ਇੱਕੋ ਜਿਹਾ ਸਲੂਕ ਕਰੋ।

22 ਕਿਸੇ ਵਿਅਕਤੀ ਨੂੰ ਬਜ਼ੁਰਗ ਬਨਾਉਣ ਤੋਂ ਪਹਿਲਾਂ ਧਿਆਨ ਨਾਲ ਸੋਚੋ। ਹੋਰਾਂ ਲੋਕਾਂ ਦੇ ਪਾਪਾਂ ਦੇ ਭਾਗੀ ਨਾ ਬਣੋ। ਆਪਣੇ ਆਪ ਨੂੰ ਸ਼ੁੱਧ ਰੱਖੋ।

23 ਤਿਮੋਥਿਉਸ, ਤੁਸੀਂ ਕੇਵਲ ਪਾਣੀ ਹੀ ਪੀਂਦੇ ਰਹੇ ਹੋ। ਇਹ ਗੱਲ ਛੱਡੋ ਰਤਾ ਕੁ ਮੈ ਪੀਓ। ਇਹ ਤੁਹਾਡੇ ਮਿਹਦੇ ਅਤੇ ਤੁਹਾਡੀ ਅਕਸਰ ਹੋਣ ਵਾਲੀ ਬਿਮਾਰੀ ਲਈ ਚੰਗੀ ਹੋਵੇਗੀ।

24 ਕੁਝ ਲੋਕਾਂ ਦੇ ਪਾਪ ਦੇਖਣੇ ਸੁਖਾਲੇ ਹਨ। ਉਨ੍ਹਾਂ ਦੇ ਪਾਪ ਦਰਸ਼ਾਉਂਦੇ ਹਨ ਕਿ ਉਨ੍ਹਾਂ ਦਾ ਅਸਲੀ ਨਿਆਂ ਹੋਣ ਤੋਂ ਪਹਿਲਾਂ ਹੀ ਉਹ ਦੋਸ਼ੀ ਹਨ। ਪਰ ਕੁਝ ਲੋਕਾਂ ਦੇ ਪਾਪ ਮਗਰੋਂ ਨਜ਼ਰ ਆਉਂਦੇ ਹਨ। 25 ਇਹੀ ਗੱਲ ਲੋਕਾਂ ਦੇ ਚੰਗੇ ਕੰਮਾਂ ਬਾਰੇ ਵੀ ਹੈ। ਲੋਕਾਂ ਦੇ ਚੰਗੇ ਕੰਮ ਕੀਤੇ ਛੇਤੀ ਦਿਖਾਈ ਦਿੰਦੇ ਹਨ। ਭਾਵੇਂ ਉਹ ਚੰਗੀਆਂ ਕਰਨੀਆਂ ਵੇਖਣੀਆਂ ਸੁਖਾਲੀਆਂ ਨਹੀਂ ਹਨ, ਉਹ ਲੁਕੀਆਂ ਵੀ ਨਹੀਂ ਰਹਿ ਸੱਕਦੀਆਂ।

Punjabi Bible: Easy-to-Read Version (ERV-PA)

2010 by World Bible Translation Center