Old/New Testament
ਮੰਦਰ ਯਹੋਵਾਹ ਨੂੰ ਸਮਰਪਿਤ
7 ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ ਤਾਂ ਅਕਾਸ਼ ਉੱਪਰੋਂ ਅੱਗ ਉੱਤਰੀ ਅਤੇ ਹੋਮ ਦੀ ਭੇਟ ਅਤੇ ਬਲੀਆਂ ਸਭ ਨੂੰ ਭਸਮ ਕਰ ਗਈ ਤੇ ਸਾਰਾ ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ। 2 ਜਾਜਕ ਯਹੋਵਾਹ ਦੇ ਮੰਦਰ ਅੰਦਰ ਨਾ ਜਾ ਸੱਕੇ ਕਿਉਂ ਕਿ ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰਪੂਰ ਸੀ। 3 ਇਸਰਾਏਲ ਦੇ ਸਾਰੇ ਲੋਕਾਂ ਨੇ ਅਕਾਸ਼ ਤੋਂ ਅੱਗ ਹੇਠਾਂ ਉਤਰਦੀ ਵੇਖੀ ਅਤੇ ਉਨ੍ਹਾਂ ਨੇ ਮੰਦਰ ਤੇ ਯਹੋਵਾਹ ਦਾ ਪਰਤਾਪ ਵੀ ਵੇਖਿਆ। ਉਨ੍ਹਾਂ ਨੇ ਧਰਤੀ ਉੱਪਰ ਮੱਥਾ ਟੇਕਿਆ ਤੇ ਯਹੋਵਾਹ ਦੀ ਉਪਾਸਨਾ ਕੀਤੀ ਤੇ ਉਸਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਇਹ ਭਜਨ ਗਾਇਆ ਕਿ
“ਯਹੋਵਾਹ ਮਹਾਨ ਹੈ
ਤੇ ਉਸਦੀ ਰਹਿਮਤ ਹਮੇਸ਼ਾ ਇਉਂ ਹੀ ਵਰਤਦੀ ਰਹੇੇ।”
4 ਤਦ ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਯਹੋਵਾਹ ਦੇ ਸਾਹਮਣੇ ਬਲੀਆਂ ਚੜ੍ਹਾਈਆਂ। 5 ਤਦ ਪਾਤਸ਼ਾਹ ਨੇ 22,000 ਬਲਦ ਅਤੇ 1,20,000 ਭੇਡਾਂ ਚੜ੍ਹਾਈਆਂ। ਇਉਂ, ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੰਦਰ ਨੂੰ ਸਮਰਪਿਤ ਕੀਤਾ ਤੇ ਇਸਦੀ ਵਰਤੋਂ ਸਿਰਫ਼ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਹੀ ਕੀਤੀ ਜਾਂਦੀ ਸੀ। 6 ਜਾਜਕ ਆਪਣੇ ਕਾਰਜ ਲਈ ਤੱਤਪਰ ਹੋ ਗਏ ਤੇ ਲੇਵੀ ਵੀ ਯਹੋਵਾਹ ਦੀ ਉਸਤਤ ਲਈ ਸਾਜ਼ ਚੁੱਕ ਕੇ ਤਿਆਰ ਹੋ ਗਏ। ਇਹ ਸਾਜ਼ ਪਰਮੇਸ਼ੁਰ ਦੇ ਧੰਨਵਾਦ ਵਜੋਂ ਦਾਊਦ ਪਾਤਸ਼ਾਹ ਨੇ ਬਣਵਾਏ ਸਨ। ਜਾਜਕ ਅਤੇ ਲੇਵੀ ਗਾ ਰਹੇ ਸਨ, ਯਹੋਵਾਹ ਦੀ ਉਸਤਤ ਕਰੋ ਤਾਂ ਜੋ ਉਸਦੀ ਕਿਰਪਾ ਹਮੇਸ਼ਾ ਵਰ੍ਹਦੀ ਰਵੇ। ਜਾਜਕ ਲੇਵੀਆਂ ਦੇ ਪਾਰ ਖੜੋਕੇ ਆਪਣੀਆਂ ਤੁਰ੍ਹੀਆਂ ਵਜਾਉਂਦੇ ਰਹੇ ਤੇ ਸਾਰੇ ਇਸਰਾਏਲੀ ਖੜ੍ਹੇ ਰਹੇ।
7 ਸੁਲੇਮਾਨ ਨੇ ਵਿਹੜੇ ਦੇ ਵਿੱਚਲੇ ਭਾਗ ਨੂੰ ਜੋ ਕਿ ਯਹੋਵਾਹ ਦੇ ਮੰਦਰ ਦੇ ਸਾਹਮਣੇ ਸੀ ਪਵਿੱਤਰ ਕੀਤਾ। ਇਹ ਉਹ ਥਾਂ ਸੀ ਜਿੱਥੇ ਸੁਲੇਮਾਨ ਨੇ ਹੋਮ ਦੀਆਂ ਭੇਟਾਂ ਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ। ਸੁਲੇਮਾਨ ਨੇ ਵਿਹੜੇ ਦੇ ਵਿੱਚਲੀ ਜਗ੍ਹਾ ਇਸ ਲਈ ਵਰਤੋਂ ’ਚ ਲਿਆਂਦੀ ਕਿਉਂ ਕਿ ਜਿਹੜੀ ਪਿੱਤਲ ਦੀ ਜਗਵੇਦੀ ਉਸ ਨੇ ਬਣਾਈ ਸੀ ਉਸ ਵਿੱਚ ਅਨਾਜ ਦੀ ਭੇਟ, ਹੋਮ ਦੀ ਭੇਟ, ਤੇ ਚਰਬੀ ਦੀ ਭੇਟ ਲਈ ਥਾਂ ਘੱਟ ਸੀ ਤੇ ਅਜਿਹੀਆਂ ਭੇਟਾਂ ਦੀ ਤਾਦਾਤ ਵੱਧੇਰੇ ਸੀ।
8 ਸੁਲੇਮਾਨ ਅਤੇ ਹੋਰ ਸਾਰੇ ਇਸਰਾਏਲੀਆਂ ਨੇ ਇਹ ਪਰਬ ਸੱਤ ਦਿਨ ਮਨਾਇਆ। ਇਕੱਠੇ ਹੋਏ ਲੋਕਾਂ ਦਾ ਸਮੂਹ ਇੰਨਾ ਵਿਸ਼ਾਲ ਸੀ ਕਿ ਉਹ ਹਾਮਾਥ ਤੋਂ ਲੈ ਕੇ ਮਿਸਰ ਦੇ ਨਾਲੇ ਤੀਕ ਫ਼ੈਲ ਗਏ। 9 ਅੱਠਵੇਂ ਦਿਨ ਉਨ੍ਹਾਂ ਦੀ ਇੱਕ ਧਾਰਮਿਕ ਸਭਾ ਹੋਈ ਕਿਉਂ ਕਿ ਉਨ੍ਹਾਂ ਨੇ ਸੱਤ ਦਿਨ ਲਈ ਪਰਬ ਮਨਾਇਆ ਸੀ। ਉਨ੍ਹਾਂ ਨੇ ਜਗਵੇਦੀ ਨੂੰ ਸਮਰਪਿਤ ਕੀਤਾ ਜੋ ਕਿ ਸਿਰਫ਼ ਯਹੋਵਾਹ ਦੀ ਉਪਾਸਨਾ ਲਈ ਵਰਤੋਂ ’ਚ ਲਿਆਂਦੀ ਗਈ। ਅਤੇ ਉਨ੍ਹਾਂ ਨੇ ਸੱਤ ਦਿਨ ਉਤਸਵ ਮਨਾਇਆ। 10 ਸੱਤਵੇਂ ਮਹੀਨੇ ਦੇ ਤੇਈਵੇਂ ਦਿਨ ਸੁਲੇਮਾਨ ਨੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਤੋਰ ਦਿੱਤਾ। ਲੋਕ ਬੜੇ ਖੁਸ਼ ਸਨ ਅਤੇ ਉਨ੍ਹਾਂ ਦੇ ਦਿਲ ਖੁਸ਼ੀ ਨਾਲ ਝੂੰਮ ਰਹੇ ਸਨ ਕਿਉਂ ਕਿ ਯਹੋਵਾਹ ਦਾਊਦ ਉੱਪਰ, ਸੁਲੇਮਾਨ ਤੇ ਇਸਰਾਏਲ ਦੀ ਪਰਜਾ ਤੇ ਮਿਹਰਬਾਨ ਸੀ।
ਯਹੋਵਾਹ ਦਾ ਸੁਲੇਮਾਨ ਕੋਲ ਆਉਣਾ
11 ਸੁਲੇਮਾਨ ਨੇ ਯਹੋਵਾਹ ਦਾ ਮੰਦਰ ਅਤੇ ਪਾਤਸ਼ਾਹ ਦਾ ਮਹਿਲ ਸੰਪੂਰਨ ਕੀਤਾ ਅਤੇ ਉਸ ਨੇ ਮਹਿਲ ਅਤੇ ਮੰਦਰ ਜਿਵੇਂ ਬਨਵਾਉਣ ਦਾ ਸੋਚਿਆ ਸੀ ਉਸ ਵਿੱਚ ਉਹ ਸਫ਼ਲ ਹੋਇਆ 12 ਤਾਂ ਰਾਤ ਨੂੰ ਯਹੋਵਾਹ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਉਸ ਨੂੰ ਆਖਿਆ,
“ਸੁਲੇਮਾਨ! ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ, ਤੇ ਮੈਂ ਇਸ ਜਗ੍ਹਾ ਨੂੰ ਆਪਣੇ ਲਈ, ਬਲੀ ਵਾਸਤੇ ਘਰ ਵਾਂਗ ਚੁਣ ਲਿਆ ਹੈ। 13 ਜੇ ਮੈਂ ਕਦੇ ਅਕਾਸ਼ ਨੂੰ ਬੰਦ ਕਰ ਦੇਵਾਂ ਕਿ ਬਾਰਸ਼ ਨਾ ਹੋਵੇ ਜਾਂ ਮੈਂ ਟਿੱਡੀ ਦਲ ਨੂੰ ਆਖਾਂ ਕਿ ਧਰਤੀ ਦੀ ਫ਼ਸਲ ਨਸ਼ਟ ਕਰ ਦੇਵੋ ਜਾਂ ਲੋਕਾਂ ਵਿੱਚ ਮਹਾਂਮਾਰੀ ਫ਼ੈਲਾਵਾਂ। 14 ਜੇਕਰ ਮੇਰੇ ਲੋਕ ਜੋ ਮੇਰੇ ਨਾਮ ਦੁਆਰਾ ਸਦਵਾਉਂਦੇ ਹਨ, ਨਿਮਰ ਬਣ ਜਾਣ ਅਤੇ ਪ੍ਰਾਰਥਨਾ ਕਰਨ ਅਤੇ ਮੇਰਾ ਇੰਤਜਾਰ ਕਰਨ ਅਤੇ ਆਪਣੀਆਂ ਮੰਦੀਆਂ ਕਰਨੀਆਂ ਤੋਂ ਹਟ ਜਾਣ, ਤਾਂ ਮੈਂ ਅਕਾਸ਼ ਵਿੱਚ ਉਨ੍ਹਾਂ ਨੂੰ ਸੁਣਾਂਗਾ ਅਤੇ ਮੈਂ ਉਨ੍ਹਾਂ ਦੇ ਪਾਪ ਮੁਆਫ਼ ਕਰ ਦਿਆਂਗਾ ਅਤੇ ਉਨ੍ਹਾਂ ਦੀ ਧਰਤੀ ਨੂੰ ਚੰਗਾ ਕਰ ਦਿਆਂਗਾ। 15 ਤੇ ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਤੇ ਕੀਤੀ ਜਾਵੇਗੀ ਉਸ ਲਈ ਮੇਰੀਆਂ ਅੱਖਾਂ ਖੁਲ੍ਹੀਆਂ ਰਹਿਣਗੀਆਂ ਅਤੇ ਕੰਨ ਉਸ ਵੱਲ ਲੱਗੇ ਰਹਿਣਗੇ। 16 ਕਿਉਂ ਕਿ ਹੁਣ ਮੈਂ ਇਸ ਮੰਦਰ ਨੂੰ ਚੁਣਿਆਂ ਹੈ ਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਹੇਮਸ਼ਾ ਲਈ ਇੱਥੇ ਰਹੇਗਾ। ਹਾਂ, ਮੇਰਾ ਦਿਲ ਅਤੇ ਅੱਖਾਂ ਹਮੇਸ਼ਾ ਇਸ ਮੰਦਰ ਵੱਲ ਲੱਗੇ ਰਹਿਣਗੇ। 17 ਇਸ ਲਈ ਹੁਣ, ਸੁਲੇਮਾਨ ਜੇਕਰ ਤੂੰ ਵੀ ਮੇਰੇ ਅੱਗੇ ਉਸ ਤਰਾੰ ਚਲੇਂਗਾ ਜਿਵੇਂ ਤੇਰੇ ਪਿਤਾ ਦਾਊਦ ਚਲਦਾ ਰਿਹਾ, ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰੇਂ ਅਤੇ ਜੇਕਰ ਤੂੰ ਮੇਰੀਆਂ ਬਿਧੀਆਂ ਅਤੇ ਮੇਰੇ ਨਿਆਵਾਂ ਨੂੰ ਮੰਨੇ 18 ਤਦ ਮੈਂ ਤੈਨੂੰ ਸ਼ਕਤੀਸ਼ਾਲੀ ਪਾਤਸ਼ਾਹ ਬਣਾਵਾਂਗਾ ਅਤੇ ਤੇਰਾ ਰਾਜ ਮਹਾਨ ਹੋਵੇਗਾ। ਇਹੀ ਨੇਮ ਮੈਂ ਤੇਰੇ ਪਿਤਾ ਦਾਊਦ ਨਾਲ ਵੀ ਕੀਤਾ ਸੀ ਤੇ ਮੈਂ ਉਸ ਨੂੰ ਆਖਿਆ ਸੀ, ‘ਦਾਊਦ, ਤੇਰੇ ਘਰਾਣੇ ਵਿੱਚੋਂ ਹਮੇਸ਼ਾ ਇੱਕ ਮਨੁੱਖ ਅਜਿਹਾ ਰਹੇਗਾ ਜੋ ਇਸਰਾਏਲ ਦਾ ਪਾਤਸ਼ਾਹ ਹੋਵੇਗਾ।’
19 “ਪਰ ਜੇਕਰ ਤੂੰ ਮੇਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਤਿਆਗ ਦੇਵੇ ਜੋ ਮੈਂ ਤੈਨੂੰ ਦਿੱਤੇ ਹਨ ਤੇ ਜੇਕਰ ਝੂਠੇ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਕਰੇਂਗਾ ਅਤੇ ਉਨ੍ਹਾਂ ਦੇ ਅੱਗੇ ਝੁਕੇਂਗਾ, 20 ਫ਼ਿਰ ਮੈਂ ਇਸਰਾਏਲ ਦੇ ਲੋਕਾਂ ਨੂੰ ਆਪਣੀ ਭੂਮੀ ਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਜੜ ਤੋਂ ਪੁੱਟ ਸੁੱਟਾਂਗਾ ਅਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਆਪਣੇ ਨਾਂ ਲਈ ਪਵਿੱਤਰ ਕੀਤਾ ਹੈ, ਛੱਡ ਜਾਵਾਂਗਾ। ਤੇ ਇਸ ਮੰਦਰ ਨੂੰ ਅਜਿਹੇ ਰੂਪ ਵਿੱਚ ਬਦਲ ਦੇਵਾਂਗਾ ਕਿ ਲੋਕ ਇਸ ਬਾਬਤ ਬਹੁਤ ਬੁਰਾ ਜਿਹਾ ਆਖਣਗੇ। 21 ਜਿਹੜਾ ਵੀ ਇਸ ਮੰਦਰ ਅੱਗੋਂ ਗੁਜ਼ਰੇਗਾ ਤਾਂ ਹੈਰਾਨ ਹੋਕੇ ਆਖੇਗਾ ਕਿ ‘ਯਹੋਵਾਹ ਨੇ ਇਸ ਦੇਸ ਅਤੇ ਇਸ ਮੰਦਰ ਨਾਲ ਅਜਿਹਾ ਕੁਝ ਕਿਉਂ ਕੀਤਾ?’ 22 ਤਦ ਲੋਕ ਉਨ੍ਹਾਂ ਨੂੰ ਆਖਣਗੇ, ‘ਕਿਉਂ ਕਿ ਇਸਰਾਏਲ ਦੇ ਲੋਕਾਂ ਨੇ ਜਿਵੇਂ ਉਨ੍ਹਾਂ ਦੇ ਪੁਰਖੇ ਯਹੋਵਾਹ ਦਾ ਹੁਕਮ ਮੰਨਦੇ ਸਨ ਉਨ੍ਹਾਂ ਲੋਕਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਪਰਮੇਸ਼ੁਰ ਜਿਹੜਾ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ ਉਸ ਨੂੰ ਉਨ੍ਹਾਂ ਨੇ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਮਗਰ ਲੱਗ ਗਏ ਤੇ ਉਨ੍ਹਾਂ ਦੀ ਉਪਾਸਨਾ ਅਰਚਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਨੇ ਇਸਰਾਏਲੀਆਂ ਉੱਪਰ ਇਹ ਭਾਣਾ ਵਰਤਾਇਆ ਹੈ।’”
ਸੁਲੇਮਾਨ ਨੇ ਜਿਹੜੇ ਸ਼ਹਿਰ ਉਸਾਰੇ
8 ਸੁਲੇਮਾਨ ਨੂੰ ਯਹੋਵਾਹ ਦਾ ਮੰਦਰ ਅਤੇ ਆਪਣਾ ਮਹਿਲ ਉਸਾਰਣ ਵਿੱਚ ਵੀਹ ਵਰ੍ਹੇ ਲੱਗੇ। 2 ਜਿਹੜੇ ਸ਼ਹਿਰ ਹੂਰਾਮ ਨੇ ਸੁਲੇਮਾਨ ਨੂੰ ਦਿੱਤੇ ਸਨ, ਸੁਲੇਮਾਨ ਉਨ੍ਹਾਂ ਸ਼ਹਿਰਾਂ ਨੂੰ ਦੁਬਾਰਾ ਬਨਾਉਣ ਲੱਗਾ ਅਤੇ ਸੁਲੇਮਾਨ ਨੇ ਇਸਰਾਏਲ ਦੇ ਕੁਝ ਲੋਕਾਂ ਨੂੰ ਉੱਥੇ ਵੱਸਣ ਦੀ ਆਗਿਆ ਦਿੱਤੀ। 3 ਇਸ ਤੋਂ ਬਾਅਦ ਸੁਲੇਮਾਨ ਹਮਾਥ-ਸੋਬਾਹ ਨੂੰ ਗਿਆ ਅਤੇ ਉਸ ਨੂੰ ਵੀ ਜਿੱਤ ਲਿਆ। 4 ਸੁਲੇਮਾਨ ਨੇ ਉਜਾੜ ਵਿੱਚ ਵੀ ਤਦਮੋਰ ਸ਼ਹਿਰ ਉਸਾਰਿਆ ਅਤੇ ਹਮਾਥ ਵਿੱਚ ਸਾਰੀਆਂ ਵਸਤਾਂ ਸੰਭਾਲਣ ਲਈ ਭੰਡਾਰ ਦੇ ਸ਼ਹਿਰ ਬਣਵਾਏ। 5 ਉਸ ਨੇ ਉਤਲੇ ਬੈਤ-ਹੋਰੋਨ ਅਤੇ ਨੀਵੇਂ ਬੈਤ-ਹੋਰੋਨ ਨੂੰ ਬਣਵਾਇਆ। ਇਹ ਸ਼ਹਿਰ ਮਜ਼ਬੂਤ ਦੀਵਾਰਾਂ, ਫ਼ਾਟਕ ਅਤੇ ਫ਼ਾਟਕਾਂ ਤੇ ਅਰਲ ਲਗਾ ਕੇ ਪੱਕੇ ਕੀਤੇ ਗਏ। 6 ਸੁਲੇਮਾਨ ਨੇ ਬਆਲਾਥ ਅਤੇ ਭੰਡਾਰ ਦੇ ਗੋਦਾਮ ਦੇ ਸਾਰੇ ਸ਼ਹਿਰ ਦੁਬਾਰਾ ਬਣਵਾਏ। ਉਸ ਨੇ ਉਹ ਸਾਰੇ ਸ਼ਹਿਰ ਜਿੱਥੇ ਰੱਥ ਰੱਖੇ ਜਾਂਦੇ ਸਨ ਅਤੇ ਘੁੜਸਵਾਰ ਰਹਿੰਦੇ ਸਨ ਉਹ ਵੀ ਬਣਵਾਏ। ਜੋ ਕੁਝ ਸੁਲੇਮਾਨ ਯਰੂਸ਼ਲਮ, ਲਬਾਨੋਨ ਅਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਚਾਹੁੰਦਾ ਸੀ ਉਹ ਕੁਝ ਉਸ ਨੇ ਬਣਵਾਇਆ।
7-8 ਜਿੱਥੇ ਇਸਰਾਏਲੀ ਰਹਿ ਰਹੇ ਸਨ, ਉੱਥੇ ਬਹੁਤ ਸਾਰੇ ਵਿਦੇਸ਼ੀ ਬਾਕੀ ਰਹਿ ਗਏ ਸਨ। ਉਹ ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ ਸਨ। ਸੁਲੇਮਾਨ ਨੇ ਉਨ੍ਹਾਂ ਸਾਰੇ ਵਿਦੇਸੀਆਂ ਨੂੰ ਜਬਰਦਸਤੀ ਗੁਲਾਮ ਬਣਾਲਿਆ। ਇਹ ਲੋਕ ਇਸਰਾਏਲੀ ਨਹੀਂ ਸਨ। ਉਹ ਉਨ੍ਹਾਂ ਲੋਕਾਂ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਇਕਰਾਰ ਵਾਲੀ ਧਰਤੀ ਵਿੱਚ ਦਾਖਲ ਹੋਣ ਵੇਲੇ ਨਹੀਂ ਮਾਰਿਆ ਸੀ। ਇਹ ਅੱਜ ਤੀਕ ਇੰਝ ਹੀ ਜਾਰੀ ਹੈ। 9 ਸੁਲੇਮਾਨ ਨੇ ਆਪਣੇ ਕੰਮ ਲਈ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਵੀ ਬੇਗਾਰੀ ਨਾ ਬਣਾਇਆ। ਸਗੋਂ ਇਸਰਾਏਲੀ ਲੋਕ ਉਸ ਦੇ ਯੋਧੇ ਸਨ ਅਤੇ ਉਸਦੀ ਫ਼ੌਜ ਦੇ ਅਫ਼ਸਰ ਸਨ। ਇਸਰਾਏਲੀ ਲੋਕ ਸੁਲੇਮਾਨ ਦੇ ਰੱਥਾਂ ਦੇ ਸਰਦਾਰ ਅਤੇ ਰੱਥੀ ਸਨ। 10 ਅਤੇ ਕੁਝ ਇਸਰਾਏਲੀ ਸੁਲੇਮਾਨ ਦੇ ਖਾਸ ਦਫ਼ਤਰੀ ਕੰਮ ਦੇ ਆਗੂ ਸਨ। ਅਜਿਹੇ ਨੇਤਾ 250 ਸਨ।
11 ਸੁਲੇਮਾਨ ਫ਼ਿਰਊਨ ਦੀ ਧੀ ਨੂੰ ਦਾਊਦ ਦੇ ਸ਼ਹਿਰ ਵਿੱਚੋਂ ਉਸ ਮਹਿਲ ਵਿੱਚ ਲੈ ਆਇਆ ਜੋ ਉਸ ਨੇ ਉਸ ਲਈ ਬਣਵਾਇਆ ਸੀ ਕਿਉਂ ਕਿ ਸੁਲੇਮਾਨ ਨੇ ਆਖਿਆ ਸੀ, “ਮੇਰੀ ਪਤਨੀ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਕਿ ਉਹ ਅਸਥਾਨ ਪਵਿੱਤਰ ਹੈ ਜਿੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਆ ਗਿਆ ਹੈ।”
12 ਤਦ ਸੁਲੇਮਾਨ ਨੇ ਯਹੋਵਾਹ ਦੀ ਜਗਵੇਦੀ ਦੇ ਅੱਗੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ। ਸੁਲੇਮਾਨ ਨੇ ਇਹ ਜਗਵੇਦੀ ਮੰਦਰ ਦੇ ਵਿਹੜੇ ਦੇ ਸਾਹਮਣੇ ਬਣਵਾਈ ਸੀ। 13 ਸੁਲੇਮਾਨ ਹਰ ਰੋਜ਼ ਦੇ ਕਰਤੱਵ ਮੁਤਾਬਕ ਜਿਵੇਂ ਕਿ ਮੂਸਾ ਨੇ ਹੁਕਮ ਦਿੱਤਾ ਸੀ ਕਿ ਸਬਤ ਦੇ ਦਿਨ, ਅਮਸਿਆ ਨੂੰ, ਅਤੇ ਸਾਲ ਵਿੱਚ ਤਿੰਨ ਮੁਕੱਰਰ ਪਰਬਾਂ ਉੱਤੇ ਭਾਵ ਪਤੀਰੀ ਰੋਟੀ ਦੇ ਪਰਬ ਉੱਤੇ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਪਰ ਬਲੀ ਚੜ੍ਹਾਉਂਦਾ ਸੀ। 14 ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀਆਂ ਹਿਦਾਇਤਾਂ ਨੂੰ ਮੰਨਿਆ। ਉਸ ਨੇ ਜਾਜਕਾਂ ਦੇ ਸਮੂਹ ਉਨ੍ਹਾਂ ਦੀ ਸੇਵਾ ਅਨੁਸਾਰ ਅਤੇ ਲੇਵੀਆਂ ਦੇ ਸਮੂਹ ਉਨ੍ਹਾਂ ਦੀਆਂ ਜੁੰਮੇਵਾਰੀਆਂ ਅਨੁਸਾਰ ਚੁਣੇ ਤਾਂ ਜੋ ਉਹ ਜਾਜਕਾਂ ਦੇ ਸਾਹਮਣੇ ਹਰ ਰੋਜ਼ ਉਸਤਤ ਅਤੇ ਸੇਵਾ ਕਰਨ ਅਤੇ ਦਰਬਾਨਾਂ ਨੂੰ ਵੀ ਉਨ੍ਹਾਂ ਦੀਆਂ ਵਾਰੀਆਂ ਮੁਤਾਬਕ ਹਰ ਫ਼ਾਟਕ ਉੱਪਰ ਰੱਖਵਾਲੀ ਲਈ ਲਾਇਆ ਕਿਉਂ ਕਿ ਇਸੇ ਢੰਗ ਨਾਲ ਪਰਮੇਸ਼ੁਰ ਦੇ ਮਨੁੱਖ ਦਾਊਦ ਨੇ ਹਿਦਾਇਤ ਕੀਤੀ ਸੀ। 15 ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਦੀਆਂ ਹਿਦਾਇਤਾਂ ਨੂੰ ਮੰਨਿਆ। ਜਾਜਕਾਂ ਅਤੇ ਲੇਵੀਆਂ ਨੂੰ ਜੋ ਹਿਦਾਇਤਾਂ ਉਸ ਨੇ ਦਿੱਤੀਆਂ ਉਨ੍ਹਾਂ ਉਹ ਸਿਰੇ ਚੜ੍ਹਾਈਆਂ। ਉਨ੍ਹਾਂ ਨੇ ਕੋਈ ਹੁਕਮ ਦੇ ਖਿਲਾਫ਼ ਕਾਰਜ ਨਾ ਕੀਤਾ। ਜੋ ਹੁਕਮ ਉਸ ਨੇ ਲੇਵੀਆਂ ਨੂੰ ਖਜ਼ਾਨਿਆਂ ਬਾਰੇ ਦਿੱਤਾ ਉਹ ਉਸ ਤੋਂ ਵੀ ਬਾਹਰੇ ਨਾ ਹੋਏ।
16 ਸੁਲੇਮਾਨ ਦਾ ਸਾਰਾ ਕੰਮ ਯਹੋਵਾਹ ਦੇ ਮੰਦਰ ਦੀ ਨੀਂਹ ਰੱਖਣ ਤੋਂ ਲੈ ਕੇ ਉਸ ਦੇ ਤਿਆਰ ਹੋਣ ਤੱਕ ਸੁਚੱਜੀ ਵਿਉਂਤ ਨਾਲ ਤੇ ਸਹੀ ਢੰਗ ਨਾਲ ਮੁਕੰਮਲ ਹੋਇਆ ਤੇ ਹੁਣ ਯਹੋਵਾਹ ਦਾ ਮੰਦਰ ਤਿਆਰ ਸੀ।
17 ਫ਼ਿਰ ਸੁਲੇਮਾਨ ਅਸਯੋਨ-ਗ਼ਬਰ ਅਤੇ ਏਲੋਥ ਸ਼ਹਿਰਾਂ ਨੂੰ ਗਿਆ। ਇਹ ਸ਼ਹਿਰ ਅਦੋਮ ਦੇਸ ਵਿੱਚ ਸਮੁੰਦਰ ਦੇ ਕੰਢੇ ਸਨ। 18 ਹੂਰਾਮ ਨੇ ਆਪਣੇ ਬੰਦਿਆਂ ਦੇ ਹੱਥ ਜਹਾਜ਼ ਅਤੇ ਉਹ ਮੱਲਾਹ ਜੋ ਸਮੁੰਦਰ ਤੋਂ ਵਾਕਫ਼ ਸਨ ਉਸ ਕੋਲ ਭੇਜੇ ਅਤੇ ਉਹ ਸੁਲੇਮਾਨ ਦੇ ਨੌਕਰਾਂ ਦੇ ਨਾਲ ਓਫ਼ੀਰ ਵਿੱਚ ਆਏ ਅਤੇ ਉੱਥੇ 15,300 ਕਿੱਲੋ ਸੋਨਾ ਲੈ ਕੇ ਸੁਲੇਮਾਨ ਪਾਤਸ਼ਾਹ ਕੋਲ ਆਏ।
ਸ਼ਬਾ ਦੀ ਰਾਣੀ ਦਾ ਸੁਲੇਮਾਨ ਨੂੰ ਮਿਲਣਾ
9 ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਕੀਰਤੀ ਬਾਰੇ ਸੁਣਿਆ ਤਾਂ ਉਹ ਯਰੂਸ਼ਲਮ ਵਿੱਚ ਉਸ ਨੂੰ ਬੁਝਾਰਤਾਂ ਨਾਲ ਪਰੱਖਣ ਲਈ ਆਈ। ਸ਼ਬਾ ਦੀ ਰਾਣੀ ਦੇ ਨਾਲ ਲੋਕਾਂ ਦਾ ਇੱਕ ਵੱਡਾ ਸਮੂਹ ਵੀ ਸੀ। ਉਹ ਊਠਾਂ ਉੱਪਰ ਢੇਰ ਸਾਰੇ ਮਸਾਲੇ, ਬੜੀ ਤਾਦਾਤ ਵਿੱਚ ਸੋਨਾ ਅਤੇ ਹੋਰ ਕੀਮਤੀ ਪੱਥਰ ਆਪਣੇ ਨਾਲ ਲੈ ਕੇ ਆਈ ਸੀ ਉਸ ਨੇ ਆਕੇ ਸੁਲੇਮਾਨ ਨਾਲ ਉਸ ਸਭ ਕਾਸੇ ਬਾਰੇ ਗੱਲ ਕੀਤੀ ਜੋ ਉਸ ਦੇ ਮਨ ਤੇ ਸਨ। 2 ਸੁਲੇਮਾਨ ਨੇ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਸੁਲੇਮਾਨ ਲਈ ਕਿਸੇ ਵੀ ਗੱਲ ਦਾ ਜਵਾਬ ਦੇਣ ’ਚ ਔਖ ਨਾ ਆਈ। 3 ਜਦੋਂ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਸਿਆਣਪ ਅਤੇ ਉਸ ਮਹਿਲ ਨੂੰ ਵੇਖਿਆ ਜੋ ਉਸ ਨੇ ਬਣਾਇਆ ਸੀ, 4 ਉਸ ਨੇ ਮੇਜ਼ ਤੇ ਸਜੇ ਭੋਜਨ ਨੂੰ ਵੇਖਿਆ ਉਸ ਦੇ ਕਾਰਜ ਅਧਿਕਾਰੀਆਂ ਦੀ ਆਓ-ਭਗਤ ਹੁੰਦੀ ਵੇਖੀ। ਉਸ ਨੇ ਇਹ ਵੀ ਵੇਖਿਆ ਕਿ ਉਸ ਦੇ ਨੌਕਰ ਕਿਵੇਂ ਦੀ ਪੋਸ਼ਾਕ ਪਾਂਦੇ ਅਤੇ ਕਿਹੋ ਜਿਹਾ ਕੰਮ ਕਰਦੇ ਹਨ। ਉਸ ਨੇ ਸੁਲੇਮਾਨ ਦੇ ਸਾਕੀ ਅਤੇ ਉਨ੍ਹਾਂ ਦੀ ਪੋਸ਼ਾਕ ਨੂੰ ਵੀ ਵੇਖਿਆ। ਜਦ ਉਸ ਨੇ ਪਰਮੇਸੁਰ ਦੇ ਮੰਦਰ ਵੱਲ ਉਸ ਦੇ ਰਾਹ ਤੇ ਜਲੂਸ ਵੇਖਿਆ ਉਹ ਹੈਰਾਨ ਰਹਿ ਗਈ।
5 ਤਦ ਉਸ ਨੇ ਸੁਲੇਮਾਨ ਪਾਤਸ਼ਾਹ ਨੂੰ ਆਖਿਆ, “ਜੋ ਗੱਲਾਂ ਮੈਂ ਆਪਣੇ ਦੇਸ ਵਿੱਚ ਤੇਰੀ ਬੁੱਧੀ ਅਤੇ ਤੇਰੇ ਮਹਾਨ ਕੰਮਾਂ ਬਾਰੇ ਸੁਣੀਆਂ ਸਨ ਉਹ ਸੱਚ ਨਿਕਲੀਆਂ। 6 ਜਦ ਤੀਕ ਮੈਂ ਉਨ੍ਹਾਂ ਕਹਾਣੀਆਂ ਨੂੰ ਆਪਣੀ ਅੱਖੀਂ ਨਹੀਂ ਡਿੱਠਾ ਮੈਨੂੰ ਯਕੀਨ ਨਹੀਂ ਆਇਆ। ਅਤੇ ਵੇਖ! ਜਿੰਨੀ ਤੇਰੀ ਸਿਆਣਪ ਹੈ ਉਸ ਮੁਤਾਬਕ ਤਾਂ ਮੈਨੂੰ ਤੇਰੇ ਬਾਬਤ ਅੱਧਾ ਵੀ ਨਹੀਂ ਦੱਸਿਆ ਗਿਆ ਸੀ। ਉਨ੍ਹਾਂ ਦੱਸੀਆਂ ਗਈਆਂ ਕਹਾਣੀਆਂ ਤੋਂ ਤੂੰ ਕਿਤੇ ਉੱਚਾ ਹੈਂ। 7 ਤੇਰੇ ਸਾਰੇ ਆਦਮੀ ਅਤੇ ਸੇਵਕ ਸੱਚਮੁੱਚ ਕਿਸਮਤ ਵਾਲੇ ਹਨ। ਉਹ ਤੇਰੀ ਸੇਵਾ ਕਰਨ ’ਚ ਅਤੇ ਤੇਰੀਆਂ ਸਿਆਣਪ ਦੀਆਂ ਗੱਲਾਂ ਸੁਣਨ ’ਚ ਬੜੇ ਕਿਸਮਤ ਵਾਲੇ ਹਨ। 8 ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰ, ਜੋ ਤੇਰੇ ਉੱਤੇ ਪ੍ਰਸੰਨ ਹੈ ਤੇ ਜਿਸਨੇ ਤੈਨੂੰ ਆਪਣੇ ਸਿੰਘਾਸਣ ਉੱਪਰ ਬਿਠਾਇਆ ਹੈ, ਤਾਂ ਜੋ ਤੂੰ ਉਸ ਵੱਲੋਂ ਨਿਯੁਕਤ ਕੀਤਾ ਪਾਤਸ਼ਾਹ ਹੋਵੇਂ। ਤੇਰਾ ਪਰਮੇਸ਼ੁਰ ਇਸਰਾਏਲ ਨੂੰ ਪਿਆਰ ਕਰਦਾ ਅਤੇ ਹਮੇਸ਼ਾ ਇਸ ਦਾ ਪੱਖ ਲੈਂਦਾ ਹੈ। ਇਸੇ ਲਈ ਉਸ ਨੇ ਤੈਨੂੰ ਇਸਰਾਏਲ ਉੱਤੇ ਪਾਤਸ਼ਾਹ ਠਹਿਰਾਇਆ।”
9 ਤਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਨੂੰ 4,080 ਕਿੱਲੋ ਸੋਨਾ, ਢੇਰ ਸਾਰੇ ਮਸਾਲੇ ਅਤੇ ਕੀਮਤੀ ਪੱਥਰ ਦਿੱਤੇ। ਅਜਿਹੇ ਮਸਾਲੇ ਇਸਰਾਏਲ ਵਿੱਚ ਨਹੀਂ ਸਨ ਜੋ ਸ਼ਬਾ ਦੀ ਰਾਣੀ ਨੇ ਸੁਲੇਮਾਨ ਨੂੰ ਦਿੱਤੇ ਸਨ।
10 ਹੂਰਾਮ ਅਤੇ ਸੁਲੇਮਾਨ ਦੇ ਸੇਵਕ ਓਫ਼ੀਰ ਤੋਂ ਸੋਨਾ ਲੈ ਆਏ। ਇਹੀ ਨਹੀਂ, ਉਹ ਚੰਦਨ ਦੀ ਲੱਕੜ ਅਤੇ ਕੀਮਤੀ ਨਗਾਂ ਦੇ ਪੱਥਰ ਵੀ ਲੈ ਕੇ ਆਏ। 11 ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਦੇ ਮੰਦਰ ਤੇ ਪਾਤਸ਼ਾਹ ਦੇ ਮਹਿਲ ਦੀਆਂ ਪੌੜੀਆਂ ਬਨਾਉਣ ਲਈ ਚੰਦਨ ਦੀ ਲੱਕੜ ਦੀ ਵਰਤੋਂ ਕੀਤੀ। ਉਸ ਨੇ ਸੰਗੀਤਕਾਰਾਂ ਦੇ ਸਾਜ਼ ਬਰਬਤਾਂ ਅਤੇ ਰਬਾਬਾਂ ਲਈ ਵੀ ਚੰਦਨ ਦੀ ਲੱਕੜ ਦੀ ਵਰਤੋਂ ਕੀਤੀ। ਇਸਤੋਂ ਪਹਿਲਾਂ ਯਹੂਦਾਹ ਦੇ ਦੇਸ਼ ਵਿੱਚ ਚੰਦਨ ਦੀ ਲੱਕੜ ਤੋਂ ਬਣਿਆ ਅਜਿਹਾ ਖੂਬਸੂਰਤ ਸਮਾਨ ਕਿਸੇ ਨੇ ਨਹੀਂ ਸੀ ਵੇਖਿਆ।
12 ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੇ ਜਿਸ ਵਸਤ ਤੇ ਹੱਥ ਧਰਿਆ, ਉਸ ਨੂੰ ਮੂੰਹ ਮੰਗੀ ਸ਼ੈਅ ਦਿੱਤੀ। ਉਸ ਨੇ ਸ਼ਬਾ ਦੀ ਰਾਣੀ ਜੋ ਸੌਗਾਤਾਂ ਆਪਣੇ ਨਾਲ ਲਿਆਈ ਸੀ ਉਸ ਤੋਂ ਕਿਤੇ ਵੱਧ ਪਾਤਸ਼ਾਹ ਨੇ ਉਸ ਨੂੰ ਭੇਟ ਕੀਤੀਆਂ ਤਦ ਰਾਣੀ ਅਤੇ ਉਸਦਾ ਕਾਫ਼ਲਾ ਆਪਣੇ ਦੇਸ ਨੂੰ ਵਾਪਸ ਚੱਲੇ ਗਏ।
ਸੁਲੇਮਾਨ ਦਾ ਖਜ਼ਾਨਾ
13 ਜਿੰਨਾ ਸੋਨਾ ਸੁਲੇਮਾਨ ਕੋਲ ਇੱਕ ਸਾਲ ਵਿੱਚ ਆਉਂਦਾ ਸੀ, ਉਸਦਾ ਭਾਰ 22,644 ਕਿੱਲੋ ਦੇ ਕਰੀਬ ਹੁੰਦਾ ਸੀ। 14 ਇਸ ਤੋਂ ਇਲਾਵਾ ਵਪਾਰੀ ਅਤੇ ਸੌਦਾਗਰ ਵੀ ਸੁਲੇਮਾਨ ਲਈ ਸੋਨਾ ਲੈ ਕੇ ਆਉਂਦੇ ਸਨ। ਅਰਬ ਦੇ ਸਾਰੇ ਰਾਜੇ ਅਤੇ ਉਸ ਰਾਜ ਦੇ ਸ਼ਾਸਕ ਸੁਲੇਮਾਨ ਕੋਲ ਸੋਨਾ-ਚਾਂਦੀ ਲੈ ਕੇ ਆਉਂਦੇ ਸਨ।
15 ਸੁਲੇਮਾਨ ਨੇ ਕੁੱਟੇ ਹੋਏ ਸੋਨੇ ਦੀਆਂ ਦੋ ਸੌ ਵੱਡੀਆਂ ਢਾਲਾਂ ਬਣਵਾਈਆਂ! ਹਰ ਢਾਲ ਸਾਢੇ ਸੱਤ ਪੌਂਡ ਸੋਨੇ ਤੋਂ ਬਣੀ ਹੋਈ ਸੀ। 16 ਉਸ ਨੇ ਕੁੱਟੇ ਹੋਏ ਸੋਨੇ ਦੀਆਂ ਤਿੰਨ ਸੌ ਛੋਟੀਆਂ ਢਾਲਾਂ ਵੀ ਬਣਵਾਈਆਂ। ਇਨ੍ਹਾਂ ਚੋ ਹਰ ਇੱਕ ਢਾਲ ਨੂੰ ਪੌਣੇ ਚਾਰ ਪੌਂਡ ਸੋਨਾ ਲੱਗਿਆ ਹੋਇਆ ਸੀ। ਸੁਲੇਮਾਨ ਨੇ ਇਨ੍ਹਾਂ ਢਾਲਾਂ ਨੂੰ “ਲਬਾਨੋਨ ਦੇ ਜੰਗਲ ਦੇ ਮਹਿਲ” ਵਿੱਚ ਰੱਖਿਆ।
17 ਪਾਤਸ਼ਾਹ ਨੇ ਹਾਥੀ ਦੇ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਵਾਇਆ ਅਤੇ ਉਸ ਉੱਪਰ ਕੁੰਦਨੀ ਸੋਨਾ ਮੜ੍ਹਵਾਇਆ। 18 ਸਿੰਘਾਸਣ ਦੀਆਂ ਛੇ ਪੌੜੀਆਂ ਸਨ ਅਤੇ ਇੱਕ ਸੋਨੇ ਦਾ ਪਾਇਦਾਨ। ਇਹ ਸਾਰੇ ਸਿੰਘਾਸਣ ਦੇ ਨਾਲ ਜੁੜੇ ਹੋਏ ਸਨ। ਸਿੰਘਾਸਣ ਤੇ ਬੈਠਣ ਦੇ ਦੋਨੋ ਪਾਸਿਆਂ ਵੱਲ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਬੱਬਰ ਸ਼ੇਰਾਂ ਦੇ ਬੁੱਤ ਬਣੇ ਸਨ। 19 ਉਨ੍ਹਾਂ ਛੇ ਪੌੜੀਆਂ ਦੇ ਸੱਜੇ ਖੱਬੇ ਪਾਸੇ ਕੁੱਲ ਬਾਰ੍ਹਾਂ ਬੱਬਰ ਸ਼ੇਰ ਖੜ੍ਹੇ ਸਨ ਕਿਸੇ ਵੀ ਰਾਜ ਵਿੱਚ ਕਿਸੇ ਵੀ ਪਾਤਸ਼ਾਹ ਦਾ ਅਜਿਹਾ ਸਿੰਘਾਸਣ ਕਦੇ ਨਹੀਂ ਸੀ ਬਣਿਆ।
20 ਪਾਤਸ਼ਾਹ ਦੇ ਸਾਰੇ ਪੀਣ ਵਾਲੇ ਪਿਆਲੇ ਸੋਨੇ ਦੇ ਬਣੇ ਹੋਏ ਸਨ। ਲਬਾਨੋਨ ਦੇ ਜੰਗਲ ਮਹਿਲ ਵਿੱਚ ਘਰ ਦੀਆਂ ਜਿੰਨੀਆਂ ਵੀ ਵਸਤਾਂ ਸਨ ਸਭ ਸੋਨੇ ਦੀਆਂ ਬਣੀਆਂ ਹੋਈਆਂ ਸਨ। ਸੁਲੇਮਾਨ ਦੇ ਰਾਜ ਵਿੱਚ ਉਸਦਾ ਖਜ਼ਾਨਾ ਇੰਨਾ ਭਰਪੂਰ ਸੀ ਕਿ ਚਾਂਦੀ ਨੂੰ ਉਸ ਦੇ ਸਮੇਂ ਵਿੱਚ ਕੋਈ ਵੱਡਮੁੱਲੀ ਧਾਤ ਨਹੀਂ ਸੀ ਜਾਣਿਆਂ ਜਾਂਦਾ।
21 ਕਿਉਂ ਕਿ ਪਾਤਸ਼ਾਹ ਕੋਲ ਜਹਾਜ਼ ਸਨ ਜੋ ਹੂਰਾਮ ਦੇ ਨੌਕਰਾਂ ਨਾਲ ਤਰਸ਼ੀਸ਼ ਨੂੰ ਜਾਂਦੇ ਸਨ। ਤਰਸ਼ੀਸ਼ ਦੇ ਇਹ ਜਹਾਜ਼ ਤਿੰਨ ਸਾਲਾਂ ਬਾਅਦ ਇੱਕ ਵਾਰ ਸੋਨਾ, ਚਾਂਦੀ, ਹਾਥੀ ਦੰਦ, ਬਾਂਦਰ ਅਤੇ ਮੋਰ ਉੱਥੋਂ ਲੱਦ ਕੇ ਲਿਆਉਂਦੇ ਹੁੰਦੇ ਸਨ।
22 ਸੁਲੇਮਾਨ ਪਾਤਸ਼ਾਹ ਧਰਤੀ ਉੱਪਰ ਸਾਰੇ ਪਾਤਸ਼ਾਹਾਂ ਨਾਲੋਂ ਧਨ ਅਤੇ ਬੁੱਧੀ ਵਿੱਚ ਅਮੀਰ ਸੀ। 23 ਦੁਨੀਆਂ ਦੇ ਤਮਾਮ ਪਾਤਸ਼ਾਹ ਸੁਲੇਮਾਨ ਨੂੰ ਅਤੇ ਉਸ ਦੇ ਗਿਆਨ ਨੂੰ ਸੁਨਣ ਦੇ ਚਾਹਵਾਨ ਹੋਕੇ ਮਿਲਣ ਆਉਂਦੇ। ਜਿਹੜੀ ਬੁੱਧੀ ਪਰਮੇਸ਼ੁਰ ਨੇ ਉਸ ਨੂੰ ਬਖਸ਼ੀ ਸੀ, ਉਸਦੀ ਮਤ ਲੈਣ ਲਈ ਸਾਰੇ ਪਾਤਸ਼ਾਹ ਸੁਲੇਮਾਨ ਕੋਲ ਆਉਂਦੇ ਸਨ। 24 ਹਰ ਸਾਲ ਇਹ ਪਾਤਸ਼ਾਹ ਸੁਲੇਮਾਨ ਲਈ ਸੌਗਾਤਾਂ ਲਿਆਉਂਦੇ। ਉਹ ਉਸ ਲਈ ਸੋਨੇ-ਚਾਂਦੀ ਦੀਆਂ ਬਣੀਆਂ ਵਸਤਾਂ, ਵਸਤਰ-ਸ਼ਸਤਰ, ਗਰਮ ਮਸਾਲੇ ਘੋੜੇ ਤੇ ਖੱਚਰਾਂ ਆਦਿ ਲਿਆਉਂਦੇ।
25 ਸੁਲੇਮਾਨ ਕੋਲ ਆਪਣੇ ਘੋੜਿਆਂ ਅਤੇ ਰੱਥਾਂ ਨੂੰ ਰੱਖਣ ਲਈ 4,000 ਤਬੇਲੇ ਸਨ ਅਤੇ ਉਸ ਕੋਲ 12,000 ਰੱਥਵਾਨ ਸਨ। ਉਸ ਨੇ ਇਨ੍ਹਾਂ ਨੂੰ ਆਪਣੇ ਰੱਥਾਂ ਦੇ ਸ਼ਹਿਰਾਂ ਵਿੱਚ ਅਤੇ ਕੁਝ ਇੱਕਨਾਂ ਨੂੰ ਯਰੂਸ਼ਲਮ ਵਿੱਚ ਆਪਣੇ ਕੋਲ ਰੱਖਿਆ। 26 ਸੁਲੇਮਾਨ ਫ਼ਰਾਤ ਦਰਿਆ ਤੋਂ ਲੈ ਕੇ ਸਾਰਾ ਰਾਹ ਜਿਹੜਾ ਫ਼ਲਿਸਤੀਆਂ ਦੇ ਦੇਸ ਤੀਕ ਅਤੇ ਮਿਸਰ ਦੀ ਹੱਦ ਤੀਕ ਜਾਂਦਾ ਸੀ ਉੱਥੋਂ ਤੀਕ ਸਭ ਪਾਤਸ਼ਾਹਾਂ ਦਾ ਪਾਤਸ਼ਾਹ ਸੀ। 27 ਉਸ ਕੋਲ ਇੰਨੀ ਚਾਂਦੀ ਸੀ ਕਿ ਉਹ ਯਰੂਸ਼ਲਮ ਵਿੱਚ ਚੱਟਾਨਾਂ ਜਿੰਨੀ ਹੀ ਆਮ ਸੀ। ਉਸ ਕੋਲ ਇੰਨੀ ਦਿਆਰ ਦੀ ਲੱਕੜ ਸੀ ਕਿ ਇਹ ਪਹਾੜੀ ਦੇਸ਼ ਵਿੱਚਲੇ ਗੁੱਲਰ ਦੇ ਰੁੱਖਾਂ ਜਿੰਨੀ ਵੱਧੇਰੇ ਹੋਵੇ। 28 ਲੋਕ ਮਿਸਰ ਤੋਂ ਅਤੇ ਸਾਰੇ ਹੋਰ ਦੇਸ਼ਾਂ ਵਿੱਚੋਂ ਸੁਲੇਮਾਨ ਲਈ ਘੋੜੇ ਲਿਆਇਆ ਕਰਦੇ ਸਨ।
ਸੁਲੇਮਾਨ ਦੀ ਮੌਤ
29 ਸੁਲੇਮਾਨ ਦੇ ਬਾਕੀ ਕੰਮ ਜੋ ਉਸ ਨੇ ਕੀਤੇ ਸਨ ਉਹ ਨਾਥਾਨ ਨਬੀ ਦੀਆਂ ਲਿਖਤਾਂ ਵਿੱਚ ਅਤੇ ਸ਼ੀਲੋਨੀ ਅਹੀਯਾਹ ਦੇ ਅਗੰਮ ਵਾਕਾਂ ਵਿੱਚ ਅਤੇ ਇੱਦੋ ਨਬੀ ਦੇ ਦਰਸ਼ਨਾਂ ਵਿੱਚ ਦਰਜ ਹਨ। ਇੱਦੋ ਉਹ ਨਬੀ ਸੀ ਜਿਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਬਾਰੇ ਭਵਿੱਖ ਬਾਣੀ ਕੀਤੀ ਸੀ। 30 ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਪਰ 40 ਵਰ੍ਹੇ ਰਾਜ ਕੀਤਾ। 31 ਉਪਰੰਤ ਸੁਲੇਮਾਨ ਆਪਣੇ ਪੁਰਖਿਆਂ ਕੋਲ ਚਲਾਣਾ ਕਰ ਗਿਆ। ਤਾਂ ਲੋਕਾਂ ਨੇ ਉਸ ਨੂੰ ਉਸ ਦੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਸੁਲੇਮਾਨ ਦੀ ਥਾਵੇਂ ਹੁਣ ਉਸਦਾ ਪੁੱਤਰ ਰਹਬੁਆਮ ਰਾਜ ਕਰਨ ਲੱਗਾ।
ਲਾਜ਼ਰ ਦੀ ਮੌਤ
11 ਲਾਜ਼ਰ ਨਾਂ ਦਾ ਇੱਕ ਰੋਗ਼ੀ ਸੀ ਜੋ ਕਿ ਬੈਤਅਨਿਯਾ ਨਗਰ ਵਿੱਚ ਰਹਿੰਦਾ ਸੀ। ਇਹ ਉਹ ਨਗਰੀ ਸੀ ਜਿੱਥੇ ਮਰਿਯਮ ਅਤੇ ਉਸਦੀ ਭੈਣ ਮਾਰਥਾ ਰਹਿੰਦੀ ਸੀ। 2 ਇਹ ਔਰਤ ਮਰਿਯਮ ਸੀ, ਜਿਸਨੇ ਪ੍ਰਭੂ ਉੱਤੇ ਅਤਰ ਛਿੜਕਿਆ ਅਤੇ ਆਪਣੇ ਸਿਰ ਦੇ ਵਾਲਾਂ, ਨਾਲ ਉਸ ਦੇ ਚਰਨ ਪੂੰਝੇ। ਲਾਜ਼ਰ ਮਰਿਯਮ ਦਾ ਭਰਾ ਸੀ ਅਤੇ ਬਿਮਾਰ ਸੀ। 3 ਇਸ ਲਈ ਮਰਿਯਮ ਅਤੇ ਮਾਰਥਾ ਨੇ ਉਸ ਕੋਲ ਇੱਕ ਸੰਦੇਸ਼ਾ ਭੇਜਿਆ, “ਪ੍ਰਭੂ, ਤੁਹਾਡਾ ਪਿਆਰਾ ਮਿੱਤਰ ਲਾਜ਼ਰ ਬਿਮਾਰ ਹੈ।”
4 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਆਖਿਆ, “ਇਸ ਬਿਮਾਰੀ ਦਾ ਨਤੀਜਾ ਮੌਤ ਨਹੀਂ ਹੋਵੇਗਾ, ਪਰ ਇਹ ਬਿਮਾਰੀ ਪਰਮੇਸ਼ੁਰ ਦੀ ਮਹਿਮਾ ਲਈ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਇਸ ਰਾਹੀਂ ਮਹਿਮਾਮਈ ਹੋਣ ਲਈ ਆਈ ਹੈ।” 5 ਯਿਸੂ, ਮਰਿਯਮ, ਮਾਰਥਾ ਅਤੇ ਲਾਜ਼ਰ ਨੂੰ ਪਿਆਰ ਕਰਦਾ ਸੀ। 6 ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬੜਾ ਬਿਮਾਰ ਹੈ ਤਾਂ ਜਿੱਥੇ ਉਹ ਸੀ, ਉੱਥੇ ਦੋ ਦਿਨ ਤੱਕ ਉਹ ਹੋਰ ਰੁਕ ਗਿਆ। 7 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਸਾਨੂੰ ਹੁਣ ਯਹੂਦਿਯਾ ਨੂੰ ਵਾਪਸ ਜਾਣਾ ਚਾਹੀਦਾ ਹੈ।”
8 ਚੇਲਿਆਂ ਨੇ ਆਖਿਆ, “ਪਰ ਗੁਰੂ! ਥੋੜਾ ਚਿਰ ਪਹਿਲਾਂ, ਯਹੂਦਿਯਾ ਵਿੱਚ ਯਹੂਦੀ ਤੇਰੇ ਉੱਤੇ ਪੱਥਰਾਵ ਕਰਨਾ ਚਾਹੁੰਦੇ ਸਨ, ਤਾਂ ਕੀ ਤੂੰ ਫਿਰ ਉੱਥੇ ਹੀ ਵਾਪਸ ਜਾਣਾ ਚਾਹੁੰਦਾ ਹੈਂ।”
9 ਯਿਸੂ ਨੇ ਜਵਾਬ ਦਿੱਤਾ, “ਕੀ ਦਿਨ ਭਰ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ? ਜੇਕਰ ਕੋਈ ਦਿਨ ਨੂੰ ਚੱਲੇ ਤਾਂ ਪੱਥਰ ਦੀ ਠੋਕਰ ਤੋਂ ਨਹੀਂ ਡਿੱਗਦਾ ਕਿਉਂ ਕਿ ਉਹ ਇਸ ਦੁਨੀਆਂ ਦੇ ਚਾਨਣ ਵਿੱਚ ਵੇਖ ਸੱਕਦਾ ਹੈ। 10 ਪਰ ਜੋ ਵਿਅਕਤੀ ਰਾਤ ਵਿੱਚ ਚੱਲਦਾ ਹੈ ਹਨੇਰੇ ਵਿੱਚ ਠੋਕਰ ਖਾਂਦਾ ਕਿਉਂ ਕਿ ਉਸ ਕੋਲ ਰੋਸ਼ਨੀ ਨਹੀਂ ਹੈ।”
11 ਯਿਸੂ ਨੇ ਇਹ ਗੱਲਾਂ ਆਖਣ ਤੋਂ ਬਾਅਦ ਕਿਹਾ, “ਸਾਡਾ ਮਿੱਤਰ ਲਾਜ਼ਰ ਇਸ ਵਕਤ ਸੌਂ ਰਿਹਾ ਹੈ, ਪਰ ਮੈਂ ਉਸ ਨੂੰ ਉੱਠਾਲਣ ਜਾ ਰਿਹਾ ਹਾਂ।”
12 ਚੇਲਿਆਂ ਨੇ ਆਖਿਆ, “ਪ੍ਰਭੂ, ਜੇਕਰ ਉਹ ਸੌਂ ਰਿਹਾ ਹੈ, ਤਾਂ ਉਹ ਠੀਕ ਹੋ ਜਾਵੇਗਾ।” 13 ਯਿਸੂ ਦੇ ਕਹਿਣ ਦਾ ਭਾਵ ਲਾਜ਼ਰ ਦੀ ਮੌਤ ਸੀ। ਪਰ ਚੇਲਿਆਂ ਨੇ ਸੋਚਿਆ ਕਿ ਉਹ ਅਸਲੀ ਨੀਂਦ ਬਾਰੇ ਬੋਲ ਰਿਹਾ ਸੀ।
14 ਤਾਂ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰ ਮਰ ਚੁੱਕਿਆ ਹੈ। 15 ਅਤੇ ਤੁਹਾਡੀ ਖਾਤਿਰ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਉਸ ਵਕਤ ਮੈਂ ਉੱਥੇ ਨਹੀਂ ਸਾਂ। ਕਿਉਂ ਕਿ ਹੁਣ ਤੁਸੀਂ ਮੇਰੇ ਵਿੱਚ ਵਿਸ਼ਵਾਸ ਕਰੋਂਗੇ। ਇਸ ਲਈ ਚਲੋ ਅਸੀਂ ਉੱਥੇ ਚੱਲੀਏ।”
16 ਤਦ ਥੋਮਾ ਨੇ ਜਿਹੜਾ ਦਦਿਮੁਸ ਕਰਕੇ ਸੱਦੀਦਾ ਸੀ ਆਪਣੇ ਸਾਥੀ ਚੇਲੇ ਨੂੰ ਆਖਿਆ, “ਚਲੋ ਆਓ ਅਸੀਂ ਵੀ ਉਸ ਦੇ ਨਾਲ ਚੱਲੀਏ। ਅਤੇ ਉਸ ਨਾਲ ਮਾਰੇ ਜਾਈਏ।”
ਯਿਸੂ ਬੈਤਅਨਿਯਾ ਵਿੱਚ
17 ਯਿਸੂ ਬੈਤਅਨਿਯਾ ਵਿੱਚ ਪਹੁੰਚਿਆ। ਯਿਸੂ ਨੇ ਵੇਖਿਆ ਕਿ ਲਾਜ਼ਰ ਨੂੰ ਤਾਂ ਪਹਿਲਾਂ ਹੀ ਕਬਰ ਵਿੱਚ ਪਿਆਂ ਚਾਰ ਦਿਨ ਹੋ ਗਏ ਸਨ। 18 ਬੈਤਅਨਿਯਾ ਅਤੇ ਯਰੂਸ਼ਲਮ ਵਿੱਚਕਾਰ ਦੋ ਮੀਲ ਤੋਂ ਘੱਟ ਦੂਰੀ ਸੀ। 19 ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਕੋਲ ਉਨ੍ਹਾਂ ਦੇ ਭਰਾ ਲਾਜ਼ਰ ਦੀ ਮੌਤ ਦਾ ਅਫ਼ਸੋਸ ਕਰਨ ਆਏ।
20 ਜਦ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ, ਤਾਂ ਉਹ ਉਸ ਨੂੰ ਮਿਲਣ ਲਈ ਬਾਹਰ ਚਲੀ ਗਈ ਪਰ ਮਰਿਯਮ ਘਰ ਹੀ ਰਹੀ। 21 ਮਾਰਥਾ ਨੇ ਯਿਸੂ ਨੂੰ ਕਿਹਾ, “ਹੇ ਪ੍ਰਭੂ, ਜੇਕਰ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਿਆ ਹੁੰਦਾ। 22 ਪਰ ਮੈਂ ਜਾਣਦੀ ਹਾਂ ਹਾਲੇ ਵੀ ਤੁਸੀਂ, ਜੋ ਵੀ ਪਰਮੇਸ਼ੁਰ ਕੋਲੋਂ ਮੰਗੋਂਗੇ, ਉਹ ਤੁਹਾਨੂੰ ਦੇਵੇਗਾ।”
23 ਯਿਸੂ ਨੇ ਆਖਿਆ, “ਤੇਰਾ ਭਰਾ ਜੀਵਨ ਵੱਲ ਵਾਪਸ ਆਵੇਗਾ।”
24 ਮਾਰਥਾ ਬੋਲੀ, “ਮੈਂ ਜਾਣਦੀ ਹਾਂ ਕਿ ਉਹ ਪੁਨਰ ਉਥਾਂਨ ਨੂੰ ਅੰਤ ਦੇ ਦਿਨ ਉਹ ਜੀਅ ਉੱਠੇਗਾ।”
25 ਯਿਸੂ ਨੇ ਉਸ ਨੂੰ ਆਖਿਆ, “ਪੁਨਰ ਉਥਾਂਨ ਅਤੇ ਜੀਵਨ ਮੈਂ ਹਾਂ। ਜਿਹੜਾ ਮਨੁੱਖ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਉਹ ਜਿਉਣਾ ਜਾਰੀ ਰੱਖੇਗਾ। 26 ਹਰ ਵਿਅਕਤੀ, ਜੋ ਜਿਉਂਦਾ ਹੈ ਅਤੇ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਕਦੀ ਨਹੀਂ ਮਰੇਗਾ। ਮਾਰਥਾ, ਕੀ ਤੂੰ ਇਸਦਾ ਵਿਸ਼ਵਾਸ ਕਰਦੀ ਹੈਂ?”
27 ਮਾਰਥਾ ਨੇ ਕਿਹਾ, “ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਹੀ ਮਸੀਹ ਹੈ, ਪਰਮੇਸ਼ੁਰ ਦਾ ਪੁੱਤਰ, ਜੋ ਇਸ ਦੁਨੀਆਂ ਅੰਦਰ ਆਉਣ ਵਾਲਾ ਸੀ।”
ਯਿਸੂ ਰੋਇਆ
28 ਯਿਸੂ ਨੂੰ ਇਹ ਆਖਣ ਤੋਂ ਬਾਦ ਮਾਰਥਾ ਆਪਣੀ ਭੈਣ ਮਰਿਯਮ ਕੋਲ ਗਈ ਤੇ ਉਸ ਨਾਲ ਇੱਕਲਿਆਂ ਗੱਲ ਕੀਤੀ ਅਤੇ ਆਖਿਆ, “ਗੁਰੂ ਇੱਥੇ ਹੈ ਅਤੇ ਉਹ ਤੇਰੇ ਬਾਰੇ ਪੁੱਛ ਰਿਹਾ ਹੈ।” 29 ਜਦੋਂ ਮਰਿਯਮ ਨੇ ਇਹ ਸੁਣਿਆ ਤਾਂ ਉਹ ਝੱਟ ਉੱਠ ਖੜ੍ਹੀ ਹੋਈ ਅਤੇ ਯਿਸੂ ਕੋਲ ਗਈ।
2010 by World Bible Translation Center