Old/New Testament
ਰਾਜਸੀ ਫੁੱਟ
12 ਨਾਬਾਟ ਦਾ ਪੁੱਤਰ ਯਾਰਾਬੁਆਮ ਅਜੇ ਵੀ ਮਿਸਰ ਵਿੱਚ ਹੀ ਸੀ ਜਦੋਂ ਦਾ ਉਹ ਸੁਲੇਮਾਨ ਕੋਲੋਂ ਭੱਜਕੇ ਆਇਆ ਸੀ। ਜਦੋਂ ਉਸ ਨੂੰ ਸੁਲੇਮਾਨ ਦੀ ਮੌਤ ਦੀ ਖਬਰ ਮਿਲੀ, ਉਹ ਇਫ਼ਰਾਮ ਦੀਆਂ ਪਹਾੜੀਆਂ ਵਿੱਚ ਆਪਣੇ ਸ਼ਹਿਰ ਯਹਰਦਾਹ ਵਿੱਚ ਵਾਪਸ ਮੁੜਿਆ। ਪਾਤਸ਼ਾਹ ਸੁਲੇਮਾਨ ਮਰ ਗਿਆ ਅਤੇ ਆਪਣੇ ਪੁਰਖਿਆਂ ਦੇ ਪਾਸੇ ਤੇ ਦਫ਼ਨਾਇਆ ਗਿਆ। ਉਸਤੋਂ ਬਾਅਦ ਉਸਦਾ ਪੁੱਤਰ ਰਹਬੁਆਮ ਨਵਾਂ ਰਾਜਾ ਬਣਿਆ।
3 ਇਸਰਾਏਲ ਦੇ ਸਾਰੇ ਲੋਕ ਸ਼ਕਮ ਨੂੰ ਗਏ, ਉੱਥੇ ਉਹ ਰਹਬੁਆਮ ਨੂੰ ਰਾਜਾ ਬਨਾਉਣ ਲਈ ਗਏ ਅਤੇ ਰਹਬੁਆਮ ਖੁਦ ਵੀ ਉੱਥੇ ਪਾਤਸ਼ਾਹ ਬਣਨ ਲਈ ਗਿਆ ਤਾਂ ਲੋਕਾਂ ਨੇ ਰਹਬੁਆਮ ਨੂੰ ਕਿਹਾ, 4 “ਤੇਰੇ ਪਿਉ ਨੇ ਸਾਡੇ ਤੋਂ ਬੜਾ ਸਖਤ ਕੰਮ ਲਿਆ ਹੁਣ ਤੂੰ ਸਾਡੇ ਲਈ ਸੌਖਾ ਕਰ। ਜਿਹੜਾ ਤੇਰਾ ਪਿਤਾ ਸਾਡੇ ਤੋਂ ਸਖਤ ਕੰਮ ਲੈਂਦਾ ਸੀ ਤੇ ਭਾਰੇ ਕੰਮਾਂ ਲਈ ਮਜ਼ਬੂਰ ਕਰਦਾ ਸੀ ਹੁਣ ਤੂੰ ਉਹ ਬੰਦ ਕਰ। ਤਦ ਅਸੀਂ ਤੇਰੀ ਸੇਵਾ ਕਰਾਂਗੇ।”
5 ਰਹਬੁਆਮ ਨੇ ਆਖਿਆ, “ਤੁਸੀਂ ਮੇਰੇ ਕੋਲ ਤਿੰਨ ਦਿਨਾਂ ਤੱਕ ਆਉਣਾ ਤਾਂ ਮੈਂ ਇਸ ਗੱਲ ਦਾ ਜਵਾਬ ਦੇਵਾਂਗਾ।” ਇਸ ਲਈ ਲੋਕ ਉੱਥੋਂ ਵਾਪਸ ਪਰਤ ਗਏ।
6 ਉੱਥੇ ਕੁਝ ਬਜ਼ੁਰਗ ਸਨ ਜਿਨ੍ਹਾਂ ਨਾਲ ਸੁਲੇਮਾਨ ਜਦੋਂ ਜਿਉਂਦਾ ਸੀ ਤਾਂ ਉਸ ਦੇ ਮਦਦਗਾਰ ਸਨ ਤਾਂ ਰਹਬੁਆਮ ਨੇ ਉਨ੍ਹਾਂ ਨਾਲ ਸਲਾਹ ਕੀਤੀ ਕਿ ਉਸ ਨੂੰ ਹੁਣ ਕਿਵੇਂ ਕਰਨਾ ਚਾਹੀਦਾ ਹੈ। ਉਸ ਨੇ ਕਿਹਾ, “ਤੁਸੀਂ ਕਿਵੇਂ ਸੋਚਦੇ ਹੋਂ ਕਿ ਮੈਨੂੰ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ?”
7 ਬਜ਼ੁਰਗਾਂ ਨੇ ਆਖਿਆ, “ਜੇਕਰ ਅੱਜ ਦੇ ਦਿਨ ਤੂੰ ਇਨ੍ਹਾਂ ਲੋਕਾਂ ਦਾ ਸੇਵਕ ਬਣੇਗਾ, ਅਤੇ ਉਨ੍ਹਾਂ ਦੀ ਸੇਵਾ ਕਰੇਂਗਾ ਅਤੇ ਉਨ੍ਹਾਂ ਨੂੰ ਮਿੱਠੇ ਬੋਲਾਂ ਨਾਲ ਉੱਤਰ ਦੇਵੇਂਗਾ ਤਾਂ ਉਹ ਹਮੇਸ਼ਾ ਤੇਰੀ ਸੇਵਾ ਕਰਨਗੇ।”
8 ਪਰ ਰਹਬੁਆਮ ਨੇ ਉਨ੍ਹਾਂ ਦੀ ਸਲਾਹ ਨਾ ਮੰਨੀ ਅਤੇ ਜਿਹੜੇ ਉਸ ਦੇ ਜੁਆਨ ਮਿੱਤਰ ਸਨ ਉਨ੍ਹਾਂ ਕੋਲੋਂ ਸਲਾਹ ਲਿਤੀ। 9 ਰਹਬੁਆਮ ਨੇ ਕਿਹਾ, “ਲੋਕ ਮੈਨੂੰ ਆਖਦੇ ਹਨ, ‘ਤੇਰੇ ਪਿਤਾ ਦਾ ਪਾਇਆ ਹੋਇਆ ਬੋਝ ਸਾਡੇ ਤੋਂ ਹੌਲਾ ਕਰ।’ ਤੁਸੀਂ ਕੀ ਸੋਚਦੇ ਹੋ ਕਿ ਮੈਨੂੰ ਉਨ੍ਹਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ?”
10 ਪਾਤਸ਼ਾਹ ਦੇ ਜਵਾਨ ਮਿੱਤਰਾਂ ਨੇ ਆਖਿਆ, “ਉਹ ਲੋਕ ਜਿਹੜੇ ਤੈਨੂੰ ਇਉਂ ਕਹਿੰਦੇ ਹਨ ਕਿ ਤੁਹਾਡੇ ਪਿਤਾ ਨੇ ਸਾਡੇ ਸ਼ਰੀਰ ਤੋਂ ਭਾਰੀ ਕਾਰਜ ਲਿਆ ਤੇ ਤੂੰ ਸਾਡੇ ਉੱਪਰ ਉਸ ਕੰਮ ਨੂੰ ਹੌਲਾ ਕਰ ਤਾਂ ਤੂੰ ਉਨ੍ਹਾਂ ਨੂੰ ਇਉਂ ਆਖ ਕਿ ਮੇਰੀ ਛੋਟੀ ਉਂਗਲ ਮੇਰੇ ਪਿਤਾ ਦੇ ਸਾਰੇ ਸ਼ਰੀਰ ਨਾਲੋਂ ਬਲਵਾਨ ਹੈ। ਮੇਰੇ ਪਿਤਾ ਨੇ ਤੁਹਾਨੂੰ ਭਾਰਾ ਕੰਮ ਕਰਨ ਲਈ ਮਜ਼ਬੂਰ ਕੀਤਾ ਪਰ ਮੈਂ ਤੁਹਾਡੇ ਕੋਲੋਂ ਉਸ ਤੋਂ ਵੀ ਸਖਤ ਕੰਮ ਲਵਾਂਗਾ। 11 ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ੰਡਿਆ ਸੀ ਮੈਂ ਤੁਹਾਨੂੰ ਬਿਛੂਆਂ ਵਾਲੇ ਕੋਟਲਿਆਂ ਨਾਲ ਫ਼ੰਡਾਂਗਾ।”
12 ਸੋ ਯਾਰਾਬੁਆਮ ਅਤੇ ਸਾਰੇ ਲੋਕ ਤੀਜੇ ਦਿਨ ਰਹਬੁਆਮ ਕੋਲ ਆਏ ਜਿਵੇਂ ਪਾਤਸ਼ਾਹ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਕਿ ਤੁਸੀਂ ਤੀਜੇ ਦਿਨ ਮੇਰੇ ਕੋਲ ਆਉਣਾ। 13 ਤਾਂ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਨੂੰ ਕੌੜਾ ਜਿਹਾ ਉੱਤਰ ਦਿੱਤਾ ਅਤੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਜਿਹੜੀ ਉਨ੍ਹਾਂ ਉਸ ਨੂੰ ਦਿੱਤੀ ਨਾ ਮੰਨਿਆ। 14 ਅਤੇ ਜਵਾਨ ਮਿੱਤਰਾਂ ਦੀ ਸਲਾਹ ਨਾਲ ਉਹ ਉਨ੍ਹਾਂ ਨੂੰ ਬੋਲਿਆ ਕਿ ਮੇਰੇ ਪਿਤਾ ਨੇ ਤਾਂ ਤੁਹਾਡੇ ਸ਼ਰੀਰ ਤੋਂ ਭਾਰਾ ਕੰਮ ਲਿਆ ਪਰ ਮੈਂ ਤੁਹਾਡੇ ਸ਼ਰੀਰ ਤੋਂ ਹੋਰ ਭਾਰੀ ਕੰਮ ਲਵਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ੰਡਿਆ ਪਰ ਮੈਂ ਤੁਹਾਨੂੰ ਬਿਛੂਆਂ ਵਾਲੇ ਕੋਟਲਿਆਂ ਨਾਲ ਫ਼ੰਡਾਂਗਾ। 15 ਇਉਂ ਪਾਤਸ਼ਾਹ ਨੇ ਲੋਕਾਂ ਦੀ ਨਾਂ ਸੁਣੀ ਕਿਉਂ ਜੋ ਇਹ ਯਹੋਵਾਹ ਵੱਲੋਂ ਸੀ ਕਿ ਉਹ ਆਪਣੇ ਉਸ ਬਚਨ ਨੂੰ ਜਿਹੜਾ ਯਹੋਵਾਹ ਨੇ ਸ਼ੀਲੋਨੀ ਜਾਜਕ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਆਖਿਆ ਸੀ ਪੂਰਾ ਕਰੇ।
16 ਸਾਰੇ ਇਸਰਾਏਲ ਦੇ ਲੋਕਾਂ ਨੇ ਵੇਖਿਆ ਕਿ ਪਾਤਸ਼ਾਹ ਨੇ ਉਨ੍ਹਾਂ ਦੀ ਸੁਣਾਈ ਤੋਂ ਇਨਕਾਰ ਕੀਤਾ ਹੈ ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ,
“ਅਸੀਂ ਦਾਊਦ ਦੇ ਘਰਾਣੇ ਦਾ ਹਿੱਸਾ ਨਹੀਂ ਹਾਂ!
ਸਾਡੀ ਯੱਸੀ ਦੇ ਪੁੱਤਰ ਨਾਲ ਕੋਈ ਵੰਡ ਨਹੀਂ!
ਹੇ ਇਸਰਾਏਲੀਓ, ਆਪਣੇ ਤੰਬੂਆਂ ਵਿੱਚ ਵਾਪਸ ਚੱਲੇ ਜਾਓ।
ਹੇ ਦਾਊਦ ਦੇ ਪਰਿਵਾਰ, ਆਪਣੇ ਖੁਦ ਦੇ ਘਰ ਦਾ ਖਿਆਲ ਰੱਖ!”
17 ਪਰ ਰਹਬੁਆਮ ਨੇ ਇਸਰਾਏਲੀਆਂ ਤੇ ਸ਼ਾਸਨ ਕਰਨਾ ਜਾਰੀ ਰੱਖਿਆ ਜੋ ਯਹੂਦਾਹ ਦੇ ਨਗਰਾਂ ਵਿੱਚ ਰਹਿੰਦੇ ਸਨ।
18 ਫ਼ਿਰ ਰਹਬੁਆਮ ਪਾਤਸ਼ਾਹ ਨੇ ਅਦੋਰਾਮ ਨੂੰ ਭੇਜਿਆ ਜਿਹੜਾ ਬੇਗਾਰੀਆਂ ਉੱਪਰ ਸੀ ਤਾਂ ਸਾਰੇ ਇਸਰਾਏਲੀਆਂ ਨੇ ਉਸ ਉੱਪਰ ਪਥਰਾਓ ਕੀਤਾ ਅਤੇ ਉਹ ਉੱਥੇ ਹੀ ਮਰ ਗਿਆ ਤਾਂ ਰਹਬੁਆਮ ਪਾਤਸ਼ਾਹ ਨੇ ਛੇਤੀ ਕੀਤੀ ਅਤੇ ਰੱਥ ਉੱਪਰ ਚੜ੍ਹ ਕੇ ਯਰੂਸ਼ਲਮ ਨੂੰ ਨੱਸ ਗਿਆ। 19 ਇਉਂ, ਇਸਰਾਏਲ ਨੇ ਦਾਊਦ ਦੇ ਪਰਿਵਾਰ ਦੇ ਖਿਲਾਫ਼ ਵਿਦ੍ਰੋਹ ਕਰ ਦਿੱਤਾ, ਅਤੇ ਉਹ ਅੱਜ ਤੀਕ ਵਿਰੁੱਧ ਹਨ।
20 ਜਦੋਂ ਇਸਰਾਏਲ ਦੇ ਲੋਕਾਂ ਨੇ ਸੁਣਿਆ ਕਿ ਯਾਰਾਬੁਆਮ ਮੁੜ ਆਇਆ ਸੀ, ਉਨ੍ਹਾਂ ਨੇ ਉਸ ਕੋਲ ਸੰਦੇਸ਼ ਭਜਕੇ ਉਸ ਨੂੰ ਸਭਾ ਵਿੱਚ ਬੁਲਾਇਆ ਅਤੇ ਉਸ ਨੂੰ ਸਾਰੇ ਇਸਰਾਏਲ ਦਾ ਰਾਜਾ ਬਣਾ ਦਿੱਤਾ। ਯਹੂਦਾਹ ਦੇ ਪਰਿਵਾਰ-ਸਮੂਹ ਤੋਂ ਇਲਾਵਾ, ਹੋਰ ਕੋਈ ਵੀ ਦਾਊਦ ਦੇ ਘਰਾਣੇ ਮਗਰ ਨਾ ਲੱਗਾ।
21 ਜਦ ਰਹਬੁਆਮ ਯਰੂਸ਼ਲਮ ਵਿੱਚ ਮੁੜਿਆ ਤਾਂ ਉਸ ਨੇ ਯਹੂਦਾਹ ਦੇ ਸਾਰੇ ਪਰਿਵਾਰ-ਸਮੂਹ ਅਤੇ ਬਿਨਯਾਮੀਨ ਦੇ ਘਰਾਣੇ ਸਮੇਤ ਸਭ ਨੂੰ ਇਕੱਠਾ ਕੀਤਾ। ਇਹ 1,80,000 ਹਜ਼ਾਰ ਯੁੱਧ ਦੇ ਚੁਣਵੇਂ ਸੂਰਮੇ ਸਨ। ਰਹਬੁਆਮ ਇਸਰਾਏਲੀਆਂ ਦੇ ਵਿਰੁੱਧ ਜੰਗ ਕਰਨਾ ਚਾਹੁੰਦਾ ਸੀ ਅਤੇ ਯੁੱਧ ਕਰਕੇ ਆਪਣਾ ਰਾਜ ਵਾਪਸ ਲੈਣਾ ਚਾਹੁੰਦਾ ਸੀ। 22 ਪਰ ਯਹੋਵਾਹ ਨੇ ਪਰਮੇਸ਼ੁਰ ਦੇ ਇੱਕ ਆਦਮੀ ਜਿਸ ਦਾ ਨਾਂ ਸ਼ਮਾਯਾਹ ਸੀ ਨੂੰ ਆਖਿਆ, 23 “ਯਹੂਦਾਹ ਦੇ ਪਾਤਸ਼ਾਹ, ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਅਤੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਅਤੇ ਉੱਥੋਂ ਦੇ ਸਾਰੇ ਲੋਕਾਂ ਨਾਲ ਗੱਲ ਕਰ 24 ਉਨ੍ਹਾਂ ਨੂੰ ਦੱਸ, ਯਹੋਵਾਹ ਇਉਂ ਆਖਦਾ ਹੈ ਕਿ ਤੁਹਾਨੂੰ ਆਪਣੇ ਇਸਰਾਏਲੀ ਭਾਈਆਂ ਦੇ ਖਿਲਾਫ ਨਹੀਂ ਲੜਨਾ ਚਾਹੀਦਾ। ਤੁਹਾਨੂੰ ਸਭਨਾਂ ਨੂੰ ਘਰ ਪਰਤ ਜਾਣਾ ਚਾਹੀਦਾ ਹੈ ਕਿਉਂ ਕਿ ਮੈਂ ਸਭ ਕੁਝ ਵਾਪਰਨ ਦਿੱਤਾ!” ਜਦੋਂ ਉਨ੍ਹਾਂ ਨੇ ਯਹੋਵਾਹ ਦਾ ਹੁਕਮ ਸੁਣਿਆ, ਉਨ੍ਹਾਂ ਨੇ ਇਸ ਨੂੰ ਮੰਨਿਆ ਅਤੇ ਘਰਾਂ ਨੂੰ ਵਾਪਸ ਚੱਲੇ ਗਏ।
25 ਯਾਰਾਬੁਆਮ ਨੇ ਅਫ਼ਰਾਈਮ ਪਹਾੜ ਵਿੱਚ ਸ਼ਕਮ ਨੂੰ ਬੜਾ ਮਜ਼ਬੂਤ ਸ਼ਹਿਰ ਬਣਾਇਆ ਅਤੇ ਆਪ ਉਸ ਵਿੱਚ ਵਸਿਆ। ਬਾਅਦ ਵਿੱਚ ਉਹ ਪਨੂਏਲ ਵਿੱਚ ਜਾਕੇ ਵਸਿਆ ਅਤੇ ਉਸ ਨੂੰ ਵੀ ਬੜਾ ਮਜ਼ਬੂਤ ਬਣਾਇਆ।
26-27 ਤਾਂ ਯਾਰਾਬੁਆਮ ਨੇ ਆਪਣੇ ਆਪ ’ਚ ਸੋਚਿਆ, “ਹੁਣ ਹੋ ਸੱਕਦਾ ਹੈ ਇਹ ਰਾਜ ਵਾਪਸ ਦਾਊਦ ਦੇ ਪਰਿਵਾਰ ਵੱਲ ਮੁੜ ਜਾਵੇ। ਜੇਕਰ ਇਹ ਲੋਕ ਲਗਾਤਾਰ ਯਰੂਸ਼ਲਮ ਨੂੰ ਜਾ ਕੇ ਯਹੋਵਾਹ ਦੇ ਮੰਦਰ ਵਿੱਚ ਭੇਟਾਂ ਚੜ੍ਹਾਉਣ ਲਈ ਜਾਂਦੇ ਰਹੇ ਤਾਂ ਉਹ ਰਹਬੁਆਮ, ਯਹੂਦਾਹ ਦੇ ਪਾਤਸ਼ਾਹ ਵੱਲ ਮੁੜ ਜਾਣਗੇ ਅਤੇ ਮੈਨੂੰ ਮਾਰ ਸੁੱਟਣਗੇ।” 28 ਤਾਂ ਪਾਤਸ਼ਾਹ ਨੇ ਆਪਣੇ ਸਲਾਹਕਾਰਾਂ ਕੋਲੋਂ ਸਲਾਹ ਲਿੱਤੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਉਸ ਨੂੰ ਆਪਣੇ ਵਿੱਚਾਰ ਪ੍ਰਗਟ ਕੀਤੇ। ਤਾਂ ਪਾਤਸ਼ਾਹ ਨੇ ਸੋਨੇ ਦੇ ਦੋ ਵੱਛੇ ਬਣਾਏ। ਪਾਤਸ਼ਾਹ ਯਾਰਾਬੁਆਮ ਨੇ ਲੋਕਾਂ ਨੂੰ ਕਿਹਾ, “ਤੁਹਾਨੂੰ ਯਰੂਸ਼ਲਮ ਵਿੱਚ ਉਪਾਸਨਾ ਕਰਨ ਜਾਣ ਦੀ ਲੋੜ ਨਹੀਂ। ਵੇਖੋ, ਹੇ ਇਸਰਾਏਲ, ਆਪਣੇ ਦੇਵਤੇ ਜਿਹੜੇ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਏ!” [a] 29 ਯਾਰਾਬੁਆਮ ਪਾਤਸ਼ਾਹ ਨੇ ਇੱਕ ਸੋਨੇ ਦਾ ਵੱਛਾ ਬੈਤਏਲ ਵਿੱਚ ਟਿਕਾਇਆ ਅਤੇ ਦੂਜਾ ਦਾਨ ਸ਼ਹਿਰ ਵਿੱਚ ਟਿਕਾਅ ਦਿੱਤਾ। 30 ਪਰ ਇਹ ਬਹੁਤ ਵੱਡਾ ਪਾਪ ਸੀ ਕਿਉਂ ਕਿ ਇਸਰਾਏਲ ਦੇ ਲੋਕ ਵੱਛਿਆਂ ਦੀ ਉਪਾਸਨਾ ਕਰਨ ਲਈ ਦਾਨ ਅਤੇ ਬੈਤਏਲ ਦੇ ਨਗਰਾਂ ਨੂੰ ਗਏ।
31 ਯਾਰਾਬੁਆਮ ਨੇ ਹੋਰ ਉੱਚੀਆਂ ਥਾਵਾਂ ਤੇ ਵੀ ਮੰਦਰ ਬਣਵਾਏ ਅਤੇ ਇਸਰਾਏਲ ਦੇ ਪਰਿਵਾਰ-ਸਮੂਹ ਵਿੱਚੋਂ ਅਲਗ-ਅਲਗ ਪਰਿਵਾਰਾਂ ਵਿੱਚੋਂ ਜਾਜਕ ਚੁਣੇ। (ਲੋਕਾਂ ਵਿੱਚੋਂ ਜੋ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਨਹੀਂ ਸਨ ਜਾਜਕ ਬਣਾਏ ਗਏ। 32 ਯਾਰਾਬੁਆਮ ਪਾਤਸ਼ਾਹ ਨੇ ਇੱਕ ਨਵੀਂ ਛੁੱਟੀ ਸ਼ੁਰੂ ਕੀਤੀ)। ਇਹ ਛੁੱਟੀ ਯਹੂਦਾਹ ਵਿੱਚਲੇ ਪਸਾਹ ਵਾਂਗ ਸੀ। ਪਰ ਇਹ ਛੁੱਟੀ ਅੱਠਵੇਂ ਮਹੀਨੇ ਦੀ ਪੰਦਰ੍ਹਵੀ ਤਾਰੀਖ ਨੂੰ ਸੀ। ਉਸ ਸਮੇਂ ਦੌਰਾਨ ਪਾਤਸ਼ਾਹ ਨੇ ਬੈਤਏਲ ਸ਼ਹਿਰ ਵਿੱਚ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ ਅਤੇ ਉਸ ਨੇ ਆਪਣੇ ਬਣਾਏ ਹੋਏ ਵੱਛਿਆਂ ਨੂੰ ਬਲੀਆਂ ਚੜ੍ਹਾਈਆਂ। ਯਾਰਾਬੁਆਮ ਪਾਤਸ਼ਾਹ ਨੇ ਆਪਣੀਆਂ ਬਣਾਈਆਂ ਉੱਚੀਆਂ ਥਾਵਾਂ ਤੇ ਸੇਵਾ ਕਰਨ ਲਈ ਜਾਜਕ ਵੀ ਚੁਣੇ। 33 ਇਸ ਲਈ ਰਾਜੇ ਯਾਰਾਬੁਆਮ ਨੇ ਇਸਰਾਏਲੀਆਂ ਲਈ ਇੱਕ ਪਰਬ ਦੀ ਤਰੀਕ ਨਿਸ਼ਚਿਤ ਕੀਤੀ। ਇਹ ਅੱਠਵੇਂ ਮਹੀਨੇ ਦੇ ਪੰਦਰਵਾਂ ਦਿਨ ਸੀ। ਉਹ ਉਸ ਦਿਨ ਉਸ ਜਗਵੇਦੀ ਕੋਲ ਗਿਆ ਜਿਹੜੀ ਉਸ ਨੇ ਬੈਤਏਲ ਵਿੱਚ ਉਸਾਰੀ ਸੀ ਅਤੇ ਇਸ ਉੱਤੇ ਧੂਪ ਧੁਖਾਈ।
ਪਰਮੇਸ਼ੁਰ ਦਾ ਬੈਤਏਲ ਵਿਰੁੱਧ ਬੋਲਣਾ
13 ਫ਼ੇਰ ਪਰਮੇਸ਼ੁਰ ਦਾ ਇੱਕ ਬੰਦਾ, ਯਹੋਵਾਹ ਦੇ ਹੁਕਮ ਦਾ ਅਨੁਸਰਣ ਕਰਦਾ ਹੋਇਆ, ਯਹੂਦਾਹ ਤੋਂ ਬੈਤਏਲ ਨੂੰ ਆਇਆ। ਜਦੋਂ ਉਹ ਓੱਥੇ ਪਹੁੰਚਿਆ, ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਦੇ ਅੱਗੇ ਖਲੋਤਾ ਹੋਇਆ ਸੀ। 2 ਯਹੋਵਾਹ ਦੇ ਹੁਕਮ ਨਾਲ, ਉਹ ਆਦਮੀ ਜਗਵੇਦੀ ਦੇ ਖਿਲਾਫ਼ ਉੱਚੀ ਆਵਾਜ਼ ਵਿੱਚ ਬੋਲਿਆ,
“ਹੇ ਜਗਵੇਦੀ! ਯਹੋਵਾਹ ਇਉਂ ਫ਼ਰਮਾਉਂਦਾ ਹੈ, ‘ਦਾਊਦ ਦੇ ਘਰਾਣੇ ਵਿੱਚੋਂ ਯੋਸੀਯਾਹ ਨਾਂ ਦਾ ਇੱਕ ਮੁੰਡਾ ਜਨਮੇਗਾ ਹੁਣ ਜਾਜਕ ਉੱਚੀਆਂ ਥਾਵਾਂ ਤੇ ਉਪਾਸਨਾ ਕਰ ਰਹੇ ਹਨ। ਪਰ ਹੇ ਜਗਵੇਦੀ, ਯੋਸੀਯਾਹ ਉਨ੍ਹਾਂ ਨੂੰ ਤੇਰੇ ਉੱਪਰ ਪਾਕੇ ਮਾਰ ਦੇਵੇਗਾ ਅਤੇ ਉਹ ਤੇਰੇ ਉੱਪਰ ਮਨੁੱਖਾਂ ਦੀਆਂ ਹੱਡੀਆਂ ਵੀ ਸਾੜੇਗਾ। ਫ਼ਿਰ ਤੇਰੀ ਦੁਬਾਰਾ ਵਰਤੋਂ ਨਹੀਂ ਹੋ ਸੱਕੇਗੀ।’”
3 ਪਰਮੇਸ਼ੁਰ ਦੇ ਮਨੁੱਖ ਨੇ ਲੋਕਾਂ ਨੂੰ ਨਿਸ਼ਾਨੀ ਦੇ ਦਿੱਤੀ ਕਿ ਇਹ ਸਭ ਕੁਝ ਵਾਪਰੇਗਾ ਅਤੇ ਕਿਹਾ, “ਇਹੀ ਸਬੂਤ ਹੈ ਜਿਸ ਬਾਰੇ ਯਹੋਵਾਹ ਨੇ ਮੈਨੂੰ ਕਿਹਾ ਸੀ। ਉਸ ਨੇ ਆਖਿਆ, ‘ਇਹ ਜਗਵੇਦੀ ਟੁੱਟ ਜਾਵੇਗੀ ਅਤੇ ਇਸ ਉੱਪਰਲੀ ਸੁਆਹ ਜ਼ਮੀਨ ਉੱਪਰ ਖਿੰਡ ਜਾਵੇਗੀ।’”
4 ਜਦੋਂ ਪਾਤਸ਼ਾਹ ਨੇ ਯਹੋਵਾਹ ਦੇ ਮਨੁੱਖ ਦਾ ਸੰਦੇਸ਼ ਸੁਣਿਆ ਜੋ ਉਸ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਆਵਾਜ਼ ਵਿੱਚ ਆਖਿਆ ਸੀ ਤਾਂ ਯਾਰਾਬੁਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, “ਇਸ ਆਦਮੀ ਨੂੰ ਫ਼ੜ ਲਵੋ!” ਪਰ ਜਦੋਂ ਪਾਤਸ਼ਾਹ ਨੇ ਇਹ ਆਖਿਆ ਤਾਂ ਉਸਦੀ ਬਾਂਹ ਸੁੱਕ ਗਈ, ਉਹ ਉਸ ਨੂੰ ਹਿਲਾ ਨਾ ਸੱਕਿਆ। 5 ਤੇ ਜਗਵੇਦੀ ਦੇ ਵੀ ਟੁਕੜੇ-ਟੁਕੜੇ ਹੋ ਗਏ ਤੇ ਉਸਦੀ ਸਾਰੀ ਸੁਆਹ ਧਰਤੀ ਉੱਪਰ ਬਿਖਰ ਗਈ। ਇਹ ਨਿਸ਼ਾਨੀ ਸੀ ਕਿ ਜੋ ਕੁਝ ਵੀ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ ਸੀ ਉਹ ਪਰਮੇਸ਼ੁਰ ਵੱਲੋਂ ਹੀ ਸੀ। 6 ਤਦ ਰਾਜੇ ਯਾਰਾਬੁਆਮ ਨੇ ਪਰਮੇਸ਼ੁਰ ਦੇ ਮਨੁੱਖ ਨੂੰ ਆਖਿਆ, “ਕਿਰਪਾ ਕਰਕੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਤਾਂ ਜੋ ਮੈਂ ਆਪਣੀ ਬਾਂਹ ਹਿਲਾਉਣ ਯੋਗ ਹੋ ਸੱਕਾਂ।”
ਤਾਂ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਰਾਜਾ ਆਪਣੀ ਬਾਂਹ ਹਿਲਾਉਣ ਦੇ ਯੋਗ ਸੀ। ਇਹ ਫ਼ਿਰ ਤੋਂ ਓਵੇਂ ਦੀ ਹੋ ਗਈ ਜਿਵੇਂ ਦੀ ਇਹ ਪਹਿਲਾਂ ਸੀ। 7 ਤਦ ਪਾਤਸ਼ਾਹ ਨੇ ਪਰਮੇਸ਼ੁਰ ਦੇ ਬੰਦੇ ਨੂੰ ਆਖਿਆ, “ਕਿਰਪਾ ਕਰਕੇ ਮੇਰੇ ਘਰ ਚੱਲ ਕੇ ਮੇਰੇ ਨਾਲ ਭੋਜਨ ਕਰ, ਮੈਂ ਤੈਨੂੰ ਇੱਕ ਤੋਹਫ਼ਾ ਦਿਆਂਗਾ।”
8 ਪਰ ਪਰਮੇਸ਼ੁਰ ਦੇ ਬੰਦੇ ਨੇ ਪਾਤਸ਼ਾਹ ਨੂੰ ਕਿਹਾ, “ਮੈਂ ਤੇਰੇ ਨਾਲ ਘਰ ਨਹੀਂ ਜਾਵਾਂਗਾ ਭਾਵੇਂ ਤੂੰ ਮੈਨੂੰ ਆਪਣਾ ਅੱਧਾ ਰਾਜ ਵੀ ਦੇ ਦੇਵੇਂ ਤਦ ਵੀ ਨਹੀਂ ਜਾਵਾਂਗਾ। ਮੈਂ ਇਸ ਥਾਂ ਦਾ ਅਨਜਲ ਨਹੀਂ ਛਕਾਂਗਾ। 9 ਯਹੋਵਾਹ ਦਾ ਇਹ ਹੁਕਮ ਸੀ ਕਿ ਇੱਥੋਂ ਕੁਝ ਨਹੀਂ ਖਾਣਾ-ਪੀਣਾ ਤੇ ਮੈਨੂੰ ਯਹੋਵਾਹ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜਿਸ ਰਾਹ ਤੋਂ ਇੱਥੇ ਪਹੁੰਚੇ ਉਸ ਰਾਹ ਤੋਂ ਵਾਪਿਸ ਵੀ ਨਹੀਂ ਜਾਣਾ।” 10 ਤਾਂ ਉਹ ਫ਼ਿਰ ਵੱਖਰੇ ਰਸਤੇ ਤੋਂ ਸਫ਼ਰ ਨੂੰ ਵਾਪਸ ਮੁੜਿਆ। ਉਹ ਉਸ ਰਸਤੇ ਤੋਂ ਵਾਪਸ ਨਾ ਮੁੜਿਆ ਜਿਸ ਰਾਹ ਤੋਂ ਉਹ ਬੈਤਏਲ ਲਈ ਆਇਆ।
11 ਓੱਥੇ ਬੈਤਏਲ ਵਿੱਚ ਇੱਕ ਬੁੱਢਾ ਨਬੀ ਰਹਿੰਦਾ ਸੀ। ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤਏਲ ਵਿੱਚ ਕੀਤੀਆਂ ਸਨ, ਅਤੇ ਉਹ ਵੀ ਜੋ ਪਰਮੇਸ਼ੁਰ ਦੇ ਮਨੁੱਖ ਨੇ ਪਾਤਸ਼ਾਹ ਨੂੰ ਆਖਿਆ ਸੀ। 12 ਬੁੱਢੇ ਨਬੀ ਨੇ ਪੁੱਛਿਆ, “ਜਦੋਂ ਉਹ ਇੱਥੋਂ ਗਿਆ ਤਾਂ ਉਸ ਨੇ ਕਿਹੜਾ ਰਾਹ ਫ਼ੜਿਆ?” ਤਾਂ ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਰਾਹ ਵਿਖਾਇਆ ਜਿਹੜਾ ਪਰਮੇਸ਼ੁਰ ਦੇ ਬੰਦੇ ਨੇ ਯਹੂਦਾਹ ਤੋਂ ਫ਼ੜਿਆ ਸੀ। 13 ਬੁੱਢੇ ਨਬੀ ਨੇ ਆਪਣੇ ਪੁੱਤਰਾਂ ਨੂੰ ਖੋਤੇ ਤੇ ਕਾਠੀ ਪਾਉਣ ਲਈ ਆਖਿਆ। ਉਨ੍ਹਾਂ ਨੇ ਖੋਤੇ ਤੇ ਕਾਠੀ ਪਾ ਦਿੱਤੀ, ਅਤੇ ਨਬੀ ਸਵਾਰ ਹੋਕੇ ਚੱਲਾ ਗਿਆ।
14 ਬੁੱਢਾ ਨਬੀ ਪਰਮੇਸ਼ੁਰ ਦੇ ਬੰਦੇ ਦੇ ਪਿੱਛੇ ਚੱਲ ਪਿਆ ਤੇ ਉਸ ਨੂੰ ਇੱਕ ਬਲੂਤ ਦੇ ਰੁੱਖ ਹੇਠਾਂ ਬੈਠਿਆਂ ਵੇਖਿਆ। ਫੇਰ ਬੁੱਢੇ ਨਬੀ ਨੇ ਪੁੱਛਿਆ, “ਕੀ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਜੋ ਯਹੂਦਾਹ ਤੋਂ ਆਇਆ?”
ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, “ਹਾਂ, ਮੈਂ ਹੀ ਹਾਂ।”
15 ਤਾਂ ਬੁੱਢੇ ਨਬੀ ਨੇ ਆਖਿਆ, “ਮਿਹਰਬਾਨੀ ਕਰਕੇ ਮੇਰੇ ਘਰ ਚਲਕੇ ਮੇਰੇ ਨਾਲ ਭੋਜਨ ਕਰੋ।”
16 ਪਰ ਉਸ ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, “ਮੈਂ ਤੇਰੇ ਨਾਲ ਘਰ ਨਹੀਂ ਚੱਲ ਸੱਕਦਾ ਤੇ ਨਾ ਹੀ ਇਸ ਥਾਵੇਂ ਮੈਂ ਤੇਰੇ ਨਾਲ ਜਲਪਾਨ ਕਰ ਸੱਕਦਾ ਹਾਂ। 17 ਯਹੋਵਾਹ ਨੇ ਮੈਨੂੰ ਆਖਿਆ ਸੀ, ‘ਕਿ ਤੂੰ ਉਸ ਥਾਵੇਂ ਕੁਝ ਵੀ ਖਾਣਾ-ਪੀਣਾ ਨਹੀਂ ਤੇ ਨਾ ਹੀ ਉਸ ਰਾਹ ਤੋਂ ਵਾਪਸ ਮੁੜਨਾ ਹੈ ਜਿਸ ਰਾਹ ਤੋਂ ਤੂੰ ਗਿਆ ਸੀ।’”
18 ਤਦ ਬੁੱਢੇ ਨਬੀ ਨੇ ਆਖਿਆ, “ਮੈਂ ਵੀ ਤੇਰੇ ਵਾਂਗ ਨਬੀ ਹੀ ਹਾਂ।” ਤਦ ਬੁੱਢੇ ਨਬੀ ਨੇ ਝੂਠ ਬੋਲਿਆ ਤੇ ਆਖਿਆ, “ਯਹੋਵਾਹ ਵੱਲੋਂ ਇੱਕ ਦੂਤ ਮੇਰੇ ਕੋਲ ਆਇਆ ਸੀ ਤੇ ਉਸ ਦੂਤ ਨੇ ਮੈਨੂੰ ਕਿਹਾ ਕਿ ਉਸ ਨੂੰ ਆਪਣੇ ਘਰ ਲੈ ਜਾਕੇ ਅੰਨ-ਪਾਣੀ ਛਕਾਅ।”
19 ਤਦ ਪਰਮੇਸ਼ੁਰ ਦਾ ਮਨੁੱਖ ਉਸ ਬੁੱਢੇ ਨਬੀ ਦੇ ਘਰ ਉਸ ਨਾਲ ਚੱਲਾ ਗਿਆ ਅਤੇ ਜਾਕੇ ਖਾਧਾ-ਪੀਤਾ ਵੀ। 20 ਜਦੋਂ ਉਹ ਮੇਜ਼ ਉੱਤੇ ਬੈਠੇ ਹੋਏ ਸਨ, ਯਹੋਵਾਹ ਨੇ ਬੁੱਢੇ ਨਬੀ ਨਾਲ ਗੱਲ ਕੀਤੀ, ਜੋ ਉਸ ਨੂੰ ਵਾਪਿਸ ਲਿਆਇਆ ਸੀ। 21 ਤਾਂ ਬੁੱਢੇ ਨਬੀ ਨੇ ਪਰਮੇਸੁਰ ਦੇ ਬੰਦੇ ਨੂੰ ਕਿਹਾ ਜੋ ਕਿ ਯਹੂਦਾਹ ਤੋਂ ਆਇਆ ਸੀ, “ਯਹੋਵਾਹ ਨੇ ਆਖਿਆ ਕਿ ਤੂੰ ਉਸ ਦੇ ਬਚਨ ਨੂੰ ਕਲੰਕਤ ਕੀਤਾ ਹੈ ਅਤੇ ਤੂੰ ਉਸ ਦੇ ਹੁਕਮ ਦਾ ਪਾਲਣ ਨਹੀਂ ਕੀਤਾ। 22 ਯਹੋਵਾਹ ਨੇ ਤੈਨੂੰ ਹੁਕਮ ਦਿੱਤਾ ਸੀ ਕਿ ਇਸ ਥਾਂ ਤੋਂ ਕੁਝ ਨਹੀਂ ਖਾਣਾ-ਪੀਣਾ ਪਰ ਤੂੰ ਇੱਥੇ ਵਾਪਸ ਆਕੇ ਖਾਧਾ-ਪੀਤਾ ਹੈ ਇਸ ਲ਼ਈ ਹੁਣ ਤੇਰੀ ਦੇਹ ਨੂੰ ਤੇਰੇ ਘਰਾਣੇ ਦੀ ਕਬਰ ਵਿੱਚ ਨਹੀਂ ਦਫ਼ਨਾਇਆ ਜਾਵੇਗਾ।”
23 ਜਦ ਪਰਮੇਸ਼ੁਰ ਦਾ ਮਨੁੱਖ ਖਾ-ਪੀ ਹਟਿਆ, ਤਾਂ ਬੁੱਢੇ ਨਬੀ ਨੇ ਉਸ ਲਈ ਖੋਤੇ ਤੇ ਕਾਠੀ ਪਾਈ ਤੇ ਉਸ ਨੂੰ ਭੇਜ ਦਿੱਤਾ। 24 ਘਰ ਵੱਲ ਪਰਤਦੇ ਹੋਏ ਸਫ਼ਰ ਵਿੱਚ ਇੱਕ ਸ਼ੇਰ ਨੇ ਪਰਮੇਸ਼ੁਰ ਦੇ ਮਨੁੱਖ ਉੱਪਰ ਵਾਰ ਕੀਤਾ ਅਤੇ ਉਸ ਨੂੰ ਜਾਨੋ ਮਾਰ ਸੁੱਟਿਆ। ਨਬੀ ਦੀ ਲੋਥ ਰਾਹ ਵਿੱਚ ਪਈ ਹੋਈ ਸੀ ਅਤੇ ਖੋਤਾ ਅਤੇ ਸ਼ੇਰ ਲੋਥ ਦੇ ਕੋਲ ਖੜ੍ਹੇ ਸਨ। 25 ਸੜਕ ਤੇ ਸਫ਼ਰ ਕਰ ਰਹੇ ਕੁਝ ਲੋਕਾਂ ਨੇ ਓੱਥੇ ਪਈ ਲੋਥ ਅਤੇ ਇਸਦੇ ਕੋਲ ਖੜ੍ਹੇ ਸ਼ੇਰ ਨੂੰ ਵੇਖਿਆ। ਉਹ ਉਸ ਨਗਰ ਨੂੰ ਆਏ, ਜਿੱਥੇ ਉਹ ਬੁੱਢਾ ਨਬੀ ਰਹਿੰਦਾ ਸੀ, ਅਤੇ ਸਭ ਕਾਸੇ ਦਾ ਵਰਣਨ ਕਰ ਦਿੱਤਾ।
26 ਉਸ ਬੁੱਢੇ ਨਬੀ ਨੇ ਜਿਹੜਾ ਪਰਮੇਸ਼ੁਰ ਦੇ ਆਦਮੀ ਨੂੰ ਵਾਪਿਸ ਲਿਆਇਆ ਸੀ, ਇਸ ਨੂੰ ਸੁਣਿਆ ਅਤੇ ਆਖਿਆ, “ਉਹ ਪਰਮੇਸ਼ੁਰ ਦਾ ਮਨੁੱਖ ਸੀ ਜਿਸਨੇ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ ਸੀ। ਇਸੇ ਲਈ ਯਹੋਵਾਹ ਨੇ ਉਸ ਨੂੰ ਮਾਰਨ ਲਈ ਸ਼ੇਰ ਘਲਿਆ। ਯਹੋਵਾਹ ਨੇ ਆਖਿਆ ਸੀ ਕਿ ਉਹ ਅਜਿਹਾ ਕਰ ਸੱਕਦਾ।” 27 ਤਦ ਉਸ ਨਬੀ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਮੇਰੇ ਖੋਤੇ ਤੇ ਕਾਠੀ ਚੜ੍ਹਾਓ।” ਤਾਂ ਉਸ ਦੇ ਪੁੱਤਰਾਂ ਨੇ ਉਸ ਦੇ ਖੋਤੇ ਤੇ ਕਾਠੀ ਚੜ੍ਹਾਈ। 28 ਫ਼ੇਰ ਉਹ ਉਸ ਜਗ੍ਹਾ ਗਿਆ ਤੇ ਰਸਤੇ ਤੇ ਪਈ ਉਸ ਦੀ ਲਾਸ਼ ਨੂੰ ਵੇਖਿਆ ਅਤੇ ਉਸ ਨੇ ਵੇਖਿਆ ਕਿ ਖੋਤਾ ਤੇ ਸ਼ੇਰ ਉਸ ਲਾਸ਼ ਦੇ ਪਾਸੇ ਖੜੋਤੇ ਹੋਏ ਸਨ। ਸ਼ੇਰ ਨੇ ਸਰੀਰ ਨੂੰ ਨਹੀਂ ਖਾਧਾ ਸੀ ਤੇ ਨਾ ਹੀ ਖੋਤੇ ਨੂੰ ਨੁਕਸਾਨ ਪਹੁੰਚਾਇਆ ਸੀ।
29 ਬੁੱਢੇ ਨਬੀ ਨੇ ਉਸਦੀ ਲਾਸ਼ ਨੂੰ ਆਪਣੇ ਖੋਤੇ ਉੱਪਰ ਰੱਖਿਆ ਤੇ ਉਹ ਉਸਦੀ ਲੋਥ ਵਾਪਸ ਸ਼ਹਿਰ ਵਿੱਚ ਲਿਆਇਆ ਤਾਂ ਕਿ ਉਸ ਲਈ ਰੋਇਆ-ਪਿਟਿਆ ਜਾਵੇ ਅਤੇ ਉਸ ਨੂੰ ਦਫ਼ਨਾਇਆ ਜਾਵੇ। 30 ਬੁੱਢੇ ਨਬੀ ਨੇ ਉਸ ਮਨੁੱਖ ਨੂੰ ਆਪਣੇ ਘਰਾਣੇ ਦੀ ਕਬਰ ਵਿੱਚ ਦਫ਼ਨਾਇਆ ਅਤੇ ਕਿਹਾ, “ਹਾਏ ਓ ਮੇਰੇ ਭਰਾਵਾ! ਮੈਨੂੰ ਤੇਰੇ ਮਰਨ ਦਾ ਬੜਾ ਅਫ਼ਸੋਸ ਹੋਇਆ।” 31 ਇਉਂ ਬੁੱਢੇ ਨਬੀ ਨੇ ਲਾਸ਼ ਨੂੰ ਦਫ਼ਨਾ ਦਿੱਤਾ। ਫ਼ਿਰ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਜਦੋਂ ਮੈਂ ਮਰਾਂ, ਮੇਰੇ ਸ਼ਰੀਰ ਨੂੰ ਵੀ ਇਸ ਕਬਰ ਵਿੱਚ ਦਫ਼ਨਾ ਦਿਓ ਅਤੇ ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਤੋਂ ਅੱਗੇ ਪਾ ਦਿਓ। 32 ਜਿਹੜੇ ਬਚਨ ਯਹੋਵਾਹ ਨੇ ਉਸ ਦੇ ਮੂੰਹੋਂ ਬੁਲਵਾਏ ਸਨ ਉਹ ਜ਼ਰੂਰ ਸੱਚੇ ਅਤੇ ਪੂਰੇ ਹੋਣਗੇ। ਯਹੋਵਾਹ ਨੇ ਉਸ ਨੂੰ ਜਗਵੇਦੀ ਜੋ ਬੈਤਏਲ ਵਿੱਚ ਹੈ ਉਸ ਦੇ ਵਿਰੁੱਧ ਬੁਲਵਾਇਆ ਅਤੇ ਉਸ ਦੇ ਹੀ ਮੂੰਹੋ ਸਾਮਰਿਯਾ ਦੀਆਂ ਉੱਚੀਆਂ ਥਾਵਾਂ ਜੋ ਦੂਜਿਆਂ ਸ਼ਹਿਰਾਂ ਵਿੱਚ ਹੈ ਉਨ੍ਹਾਂ ਦੇ ਵਿਰੁੱਧ ਬੁਲਵਾਇਆ।”
33 ਇਸ ਗੱਲ ਦੇ ਬਾਵਜੂਦ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਾ ਟਲਿਆ। ਉਹ ਅਲਗ-ਅਲਗ ਪਰਿਵਾਰ-ਸਮੂਹਾਂ ਵਿੱਚੋਂ ਸਗੋਂ ਇੰਝ ਹੀ ਜਾਜਕ ਚੁਣਦਾ ਰਿਹਾ। ਤੇ ਉਹ ਜਾਜਕ ਉੱਚੀਆਂ ਥਾਵਾਂ ਦੀ ਸੇਵਾ ਸੰਭਾਲ ਕਰਦੇ। ਜੋ ਕੋਈ ਮਨੁੱਖ ਵੀ ਜਾਜਕ ਬਨਣਾ ਚਾਹੁੰਦਾ ਉਸ ਨੂੰ ਬਨਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ। 34 ਇਹ ਅਮਲ ਯਾਰਾਬੁਆਮ ਦੇ ਪਰਿਵਾਰ ਦਾ ਪਾਪ ਸੀ ਅਤੇ ਇਹ ਉਸ ਦੀ ਤਬਾਹੀ ਅਤੇ ਧਰਤੀ ਤੋਂ ਉਸ ਦੇ ਅਲੋਪ ਹੋਣ ਦਾ ਕਾਰਣ ਬਣਿਆ।
ਯਹੂਦੀ ਆਗੂ ਯਿਸੂ ਨੂੰ ਮਾਰਨਾ ਚਾਹੁੰਦੇ ਹਨ(A)
22 ਪਤੀਰੀ ਰੋਟੀ ਦੇ ਤਿਉਹਾਰ ਦਾ ਸਮਾਂ, ਜਿਸ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪਹੁੰਚਿਆ। 2 ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਯਿਸੂ ਨੂੰ ਮਾਰਨ ਦਾ ਰਾਹ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ।
ਯਹੂਦਾ ਯਿਸੂ ਨੂੰ ਮਾਰਨ ਦੀ ਵਿਉਂਤ ਬਣਾਉਂਦਾ ਹੈ(B)
3 ਯਿਸੂ ਦੇ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਦਾ ਨਾਂ ਯਹੂਦਾ ਇਸੱਕਰਿਯੋਤੀ ਸੀ। ਸ਼ੈਤਾਨ ਉਸ ਵਿੱਚ ਪ੍ਰਵੇਸ਼ ਕਰ ਗਿਆ। 4 ਯਹੂਦਾ ਨੇ ਜਾਕੇ ਪ੍ਰਧਾਨ ਜਾਜਕਾਂ ਅਤੇ ਸਿਪਾਹੀਆਂ ਨਾਲ, ਜਿਹੜੇ ਮੰਦਰ ਦੀ ਨਿਗਰਾਨੀ ਕਰਦੇ ਸਨ, ਇਸ ਬਾਰੇ ਵਿੱਚਾਰ ਕੀਤਾ ਕਿ ਉਹ ਕਿਵੇਂ ਯਿਸੂ ਨੂੰ ਉਨ੍ਹਾਂ ਦੇ ਹੱਥ ਫ਼ੜਵਾ ਸੱਕੇਗਾ। 5 ਉਹ ਬਹੁਤ ਪ੍ਰਸੰਨ ਸਨ ਅਤੇ ਉਨ੍ਹਾਂ ਨੇ ਉਸ ਨਾਲ ਵਾਇਦਾ ਕੀਤਾ ਕਿ ਇਸ ਕਾਰਜ ਲਈ ਉਹ ਉਸ ਨੂੰ ਪੈਸੇ ਦੇਣਗੇ। 6 ਯਹੂਦਾ ਇਸ ਕੰਮ ਲਈ ਰਾਜੀ ਹੋ ਗਿਆ ਅਤੇ ਉਹ ਮੌਕੇ ਦੀ ਤਲਾਸ਼ ਵਿੱਚ ਰਹਿਣ ਲੱਗਾ। ਯਹੂਦਾ ਯਿਸੂ ਨੂੰ ਉਨ੍ਹਾਂ ਦੇ ਹਵਾਲੇ ਉਦੋਂ ਕਰਨਾ ਚਾਹੁੰਦਾ ਸੀ ਜਦੋਂ ਆਲੇ-ਦੁਆਲੇ ਭੀੜ ਨਾ ਹੋਵੇ।
ਪਤੀਰੀ ਰੋਟੀ ਦੀ ਤਿਆਰੀ(C)
7 ਪਤੀਰੀ ਰੋਟੀ ਦੇ ਦਿਨ ਦਾ ਤਿਉਹਾਰ ਆਇਆ। ਇਹ ਉਹ ਦਿਨ ਸੀ ਜਿਸ ਦਿਨ ਪਸਾਹ ਦੇ ਲਈ ਉਹ ਲੇਲੇ ਦਾ ਬਲੀਦਾਨ ਕਰਦੇ ਸਨ। 8 ਫਿਰ ਯਿਸੂ ਨੇ ਯੂਹੰਨਾ ਅਤੇ ਪਤਰਸ ਨੂੰ ਆਖਿਆ, “ਜਾਓ ਅਤੇ ਸਾਡੇ ਲਈ ਪਸਾਹ ਦਾ ਭੋਜਨ ਤਿਆਰ ਕਰੋ।”
9 ਪਤਰਸ ਅਤੇ ਯੂਹੰਨਾ ਨੇ ਯਿਸੂ ਨੂੰ ਕਿਹਾ, “ਤੂੰ ਕਿਹੜੀ ਥਾਂ ਚਾਹੁੰਦਾ ਹੈਂ ਜਿੱਥੇ ਅਸੀਂ ਭੋਜਨ ਤਿਆਰ ਕਰੀਏ?”
ਉਸ ਨੇ ਉਨ੍ਹਾਂ ਨੂੰ ਆਖਿਆ, 10 “ਜਦੋਂ ਤੁਸੀਂ ਸ਼ਹਿਰ ਵਿੱਚ ਵੜੋਂਗੇ, ਤੁਸੀਂ ਇੱਕ ਆਦਮੀ ਨੂੰ ਪਾਣੀ ਦਾ ਘੜਾ ਚੁੱਕੀ ਜਾਂਦਿਆਂ ਵੇਖੋਂਗੇ। ਉਸ ਦੇ ਪਿੱਛੇ ਹੋ ਤੁਰਨਾ। ਉਹ ਇੱਕ ਘਰ ਵਿੱਚ ਵੜੇਗਾ, ਤਸੀਂ ਵੀ ਉਸ ਦੇ ਪਿੱਛੇ ਉੱਥੇ ਚੱਲੇ ਜਾਣਾ। 11 ਘਰ ਦੇ ਮਾਲਕ ਨੂੰ ਆਖਣਾ ਕਿ, ‘ਗੁਰੂ ਪੁੱਛਦਾ ਹੈ ਉਹ ਕਮਰਾ ਕਿੱਥੇ ਹੈ ਜਿੱਥੇ ਉਹ ਤੇ ਉਸ ਦੇ ਚੇਲੇ ਪਸਾਹ ਦਾ ਭੋਜਨ ਖਾਣਗੇ?’ 12 ਫਿਰ ਮਾਲਕ ਤੁਹਾਨੂੰ ਘਰ ਦੇ ਚੁਬਾਰੇ ਤੇ ਇੱਕ ਵੱਡਾ ਕਮਰਾ ਵਿਖਾਵੇਗਾ। ਇਹ ਕਮਰਾ ਇਸਤੇਮਾਲ ਲਈ ਵੱਧੀਆ ਸੱਜਿਆ ਹੋਇਆ ਹੋਵੇਗਾ, ਤੁਸੀਂ ਉੱਥੇ ਪਸਾਹ ਦਾ ਭੋਜਨ ਤਿਆਰ ਕਰੋ।”
13 ਪਤਰਸ ਅਤੇ ਯੂਹੰਨਾ ਗਏ, ਅਤੇ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ। ਤਾਂ ਉਨ੍ਹਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ।
ਪ੍ਰਭੂ ਦਾ ਰਾਤ ਦਾ ਭੋਜਨ(D)
14 ਪਸਾਹ ਦਾ ਭੋਜਨ ਖਾਣ ਦਾ ਸਮਾਂ ਆਇਆ। ਯਿਸੂ ਅਤੇ ਰਸੂਲ ਇਕੱਠੇ ਭੋਜਨ ਕਰਨ ਲਈ ਬੈਠ ਗਏ। 15 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮਰਨ ਤੋਂ ਪਹਿਲਾਂ ਮੈਂ ਉਤਸੁਕਤਾ ਨਾਲ ਇਹ ਪਸਾਹ ਦਾ ਭੋਜਨ ਤੁਹਾਡੇ ਨਾਲ ਕਰਨਾ ਚਾਹੁੰਦਾ ਸਾਂ। 16 ਮੈਂ ਇਹ ਪਸਾਹ ਦਾ ਭੋਜਨ ਤਦ ਤੱਕ ਨਹੀਂ ਕਰਾਂਗਾ ਜਦੋਂ ਤੀਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸਹੀ ਅਰੱਥਾਂ ਵਿੱਚ ਸੰਪੂਰਨ ਨਾ ਹੋਵੇ।”
17 ਉਸ ਤੋਂ ਬਾਦ, ਉਸ ਨੇ ਪਿਆਲਾ ਲਿਆ ਅਤੇ ਇਸ ਵਾਸਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਆਖਿਆ, “ਇਸ ਪਿਆਲੇ ਨੂੰ ਫੜੋ ਅਤੇ ਆਪਸ ਵਿੱਚ ਵੰਡ ਲਵੋ। 18 ਮੈਂ ਤੁਹਾਨੂੰ ਦੱਸਦਾ ਕਿ ਮੈਂ ਇਹ ਦਾਖਰਸ ਓਨਾ ਚਿਰ ਫਿਰ ਕਦੀ ਵੀ ਨਹੀਂ ਪੀਵਾਂਗਾ ਜਿੰਨਾ ਚਿਰ ਫਿਰ ਪਰਮੇਸ਼ੁਰ ਦਾ ਰਾਜ ਨਹੀਂ ਆਉਂਦਾ।”
19 ਫਿਰ ਯਿਸੂ ਨੇ ਰੋਟੀ ਲਈ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਤੋੜੀ ਅਤੇ ਇਹ ਕਹਿ ਕੇ ਰਸੂਲਾਂ ਨੂੰ ਦਿੱਤੀ, “ਇਹ ਰੋਟੀ ਮੇਰਾ ਸਰੀਰ ਹੈ ਜੋ ਮੈਂ ਤੁਹਾਡੇ ਲਈ ਦੇ ਰਿਹਾ ਹਾਂ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” 20 ਇਸ ਢੰਗ ਨਾਲ ਹੀ, ਰਾਤ ਦੇ ਭੋਜਨ ਤੋਂ ਬਾਦ, ਯਿਸੂ ਨੇ ਦਾਖਰਸ ਦਾ ਪਿਆਲਾ ਲਿਆ ਅਤੇ ਆਖਿਆ, “ਇਹ ਪਿਆਲਾ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਵਿਖਾਉਂਦਾ ਹੈ। ਇਹ ਮੇਰੇ ਲਹੂ ਦਾ ਨਵਾਂ ਕਰਾਰ ਹੈ ਜੋ ਮੈਂ ਤੁਹਾਡੀ ਖਾਤਿਰ ਵਹਾਉਣਾ ਹੈ।” [a]
ਯਿਸੂ ਦਾ ਵੈਰੀ ਕੌਣ ਬਣੇਗਾ
21 ਯਿਸੂ ਨੇ ਆਖਿਆ, “ਪਰ ਤੁਹਾਡੇ ਵਿੱਚੋਂ ਇੱਕ ਜਣਾ ਮੈਨੂੰ ਧੋਖਾ ਦੇਵੇਗਾ। ਉਸਦਾ ਹੱਥ ਮੇਰੇ ਨਾਲ ਮੇਜ ਉੱਤੇ ਹੀ ਹੈ। 22 ਮਨੁੱਖ ਦਾ ਪੁੱਤਰ ਉਵੇਂ ਹੀ ਮਰੇਗਾ ਜਿਵੇਂ ਉਸ ਬਾਰੇ ਆਖਿਆ ਗਿਆ ਹੈ, ਪਰ ਇਹ ਉਸ ਵਿਅਕਤੀ ਲਈ ਭਿਆਨਕ ਹੋਵੇਗਾ ਜੋ ਉਸ ਨੂੰ ਧੋਖਾ ਦੇਵੇਗਾ।”
23 ਤਾਂ ਰਸੂਲ ਆਪਸ ਵਿੱਚ ਇਹ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਕਿਹੜਾ ਅਜਿਹਾ ਕਰੇਗਾ?
ਸੇਵਕ ਵਾਂਗ ਰਹੋ
24 ਉਸਤੋਂ ਬਾਦ ਰਸੂਲਾਂ ਨੇ ਆਪਸ ਵਿੱਚ ਇਹ ਆਖਦਿਆਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਵਿੱਚੋਂ ਕੌਣ ਮਹਾਨ ਹੈ? 25 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਦੁਨੀਆਂ ਦੇ ਰਾਜੇ ਪ੍ਰਭੂਆਂ ਵਾਂਗ ਆਪਣੇ ਲੋਕਾਂ ਤੇ ਸ਼ਾਸਨ ਕਰਦੇ ਹਨ। ਜਿਨ੍ਹਾਂ ਕੋਲ ਦੂਸਰਿਆਂ ਉੱਪਰ ਇਖਤਿਆਰ ਹੈ ਉਹ ‘ਆਪਣੇ-ਆਪ ਨੂੰ ਲੋਕਾਂ ਦੇ ਮਦਦਗਾਰ ਕਹਾਉਂਦੇ ਹਨ।’ 26 ਪਰ ਤੁਹਾਨੂੰ ਇਸ ਤਰ੍ਹਾਂ ਦੇ ਨਹੀਂ ਹੋਣਾ ਚਾਹੀਦਾ। ਇਸਦੀ ਜਗ੍ਹਾ ਤੁਹਾਡੇ ਵਿੱਚੋਂ ਮਹਾਨ ਆਦਮੀ ਨੂੰ ਸਭ ਤੋਂ ਛੋਟੇ ਵਰਗਾ ਬਣ ਜਾਣਾ ਚਾਹੀਦਾ ਹੈ। ਆਗੂਆਂ ਨੂੰ ਸੇਵਕਾਂ ਵਾਂਗ ਹੋਣਾ ਚਾਹੀਦਾ ਹੈ। 27 ਤੁਹਾਡੀ ਰਾਇ ਵਿੱਚ ਕੌਣ ਵੱਧ ਮਹੱਤਵਯੋਗ ਹੈ: ਜੋ ਵਿਅਕਤੀ ਖਾਣੇ ਦੀ ਮੇਜ ਤੇ ਬੈਠਾ ਜਾਂ ਜਿਹੜਾ ਵਿਅਕਤੀ ਉਸਦੀ ਸੇਵਾ ਕਰ ਰਿਹਾ ਹੈ? ਤੁਹਾਡੇ ਖਿਆਲ ਵਿੱਚ ਜਿਹੜਾ ਮੇਜ ਤੇ ਬੈਠਾ ਹੈ ਮਹਾਨ ਹੈ ਮੈਂ ਤੁਹਾਡੇ ਵਿੱਚੋਂ ਸੇਵਕਾਂ ਵਰਗਾ ਹਾਂ।
28 “ਤੁਸੀਂ ਹੀ ਹੋ ਜੋ ਮੇਰੇ ਪਰਤਿਆਵਿਆਂ ਦੌਰਾਨ ਮੇਰੇ ਨਾਲ ਰਹੇ। 29 ਜਿਵੇਂ ਕਿ ਮੇਰੇ ਪਿਤਾ ਨੇ ਮੈਨੂੰ ਇੱਕ ਰਾਜ ਦਿੱਤਾ ਹੈ, ਮੈਂ ਵੀ ਤੁਹਾਨੂੰ ਇੱਕ ਰਾਜ ਦੇਵਾਂਗਾ। 30 “ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੇ ਮੇਜ ਤੇ ਬੈਠੋਂਗੇ। ਅਤੇ ਤੁਸੀਂ ਸਿੰਘਾਸਨ ਤੇ ਬੈਠਕੇ ਇਸਰਾਏਲ ਦੀਆਂ ਬਾਰ੍ਹਾਂ ਗੋਤਾਂ ਦਾ ਨਿਆਂ ਕਰੋਂਗੇ।
2010 by World Bible Translation Center