Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
2 ਰਾਜਿਆਂ 7-9

ਅਲੀਸ਼ਾ ਨੇ ਆਖਿਆ, “ਯਹੋਵਾਹ ਵੱਲੋਂ ਭੇਜੇ ਸੰਦੇਸ਼ ਨੂੰ ਸੁਣੋ। ਯਹੋਵਾਹ ਆਖਦਾ ਹੈ: ‘ਕੱਲ੍ਹ ਇਸੇ ਵਕਤ ਸਾਮਰਿਯਾ ਦੇ ਸ਼ਹਿਰ ਦੇ ਫਾਟਕ ਤੇ ਅਤੇ ਮੰਡੀ ਵਿੱਚ ਆਟੇ ਦੀ ਇੱਕ ਟੋਕਰੀ ਅਤੇ ਜੌਆਂ ਦੀਆਂ ਦੋ ਬਾਲਟੀਆਂ ਇੱਕ ਸ਼ੈਕਲ ’ਚ ਉਪਲਬਧ ਹੋਣਗੀਆਂ। ਅਨਾਜ ਦਾ ਇੰਨਾ ਹੜ੍ਹ ਆਵੇਗਾ ਕਿ ਲੋਕ ਇੰਨਾ ਸਸਤਾ ਅਨਾਜ ਮੁੜ ਤੋਂ ਢੇਰ ਸਾਰਾ ਖਰੀਦਣ ਦੇ ਸਮਰੱਥ ਹੋ ਜਾਣਗੇ।”

ਤਦ ਉਹ ਅਫ਼ਸਰ ਜਿਹੜਾ ਪਾਤਸ਼ਾਹ ਦਾ ਬੜਾ ਕਰੀਬ ਦਾ ਸੀ ਨੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੂੰ ਕਿਹਾ, “ਜੇਕਰ ਯਹੋਵਾਹ ਅਕਾਸ਼ ਵਿੱਚ ਤਾਕੀਆਂ ਵੀ ਲਗਾ ਦੇਵੇ ਤਾਂ ਵੀ ਇਹ ਗੱਲ ਸੰਭਵ ਨਹੀਂ ਹੋ ਸੱਕਦੀ।”

ਅਲੀਸ਼ਾ ਨੇ ਕਿਹਾ, “ਤੂੰ ਇਹ ਘਟਨਾ ਆਪਣੀਆਂ ਅੱਖਾਂ ਸਾਹਮਣੇ ਵੇਖਣ ਵਾਲਾ ਹੈਂ, ਪਰ ਤੂੰ ਉਸ ਵਿੱਚੋਂ ਕੁਝ ਖਾ ਨਾ ਸੱਕੇਂਗਾ।”

ਕੋੜ੍ਹੀਆਂ ਨੇ ਅਰਾਮੀਆਂ ਦਾ ਤੰਬੂ ਖਾਲੀ ਡਿੱਠਾ

ਸ਼ਹਿਰ ਦੇ ਦਰਵਾਜ਼ੇ ਕੋਲ ਚਾਰ ਮਨੁੱਖ ਕੋੜ੍ਹ ਨਾਲ ਪੀੜਿਤ ਸਨ। ਉਹ ਇੱਕ ਦੂਜੇ ਨੂੰ ਆਖ ਰਹੇ ਸਨ, “ਅਸੀਂ ਭਲਾ ਇੱਥੇ ਬੈਠੇ ਮੌਤ ਦੀ ਉਡੀਕ ਕਿਉਂ ਕਰ ਰਹੇ ਹਾਂ? ਸਾਮਰਿਯਾ ਵਿੱਚ ਕਾਲ ਪਿਆ ਹੈ, ਇਸ ਨਾਲੋਂ ਤਾਂ ਚੰਗਾ ਹੋਵੇ ਜੇ ਅਸੀਂ ਸ਼ਹਿਰ ਵਿੱਚ ਜਾਕੇ ਮਰੀਏ, ਕਿਉਂ ਕਿ ਮਰਨਾ ਤਾਂ ਇੱਥੇ ਵੀ ਹੈ ਹੀ, ਸੋ ਇਸ ਤੋਂ ਚੰਗਾ ਹੈ ਕਿ ਚਲੋ ਅਰਾਮੀਆਂ ਦੇ ਤੰਬੂ ’ਚ ਚਲੀਏ। ਜੇਕਰ ਉਹ ਸਾਨੂੰ ਉੱਥੇ ਜਿਉਂਦਾ ਛੱਡਣ ਤਾਂ ਅਸੀਂ ਜਿਉਂਦੇ ਰਹਾਂਗੇ ਤੇ ਜੇਕਰ ਉਹ ਸਾਨੂੰ ਮਾਰ ਸੁੱਟਣ ਤਾਂ ਮਰਨਾ ਤਾਂ ਹੈ ਹੀ ਹੈ।”

ਤਾਂ ਉਸ ਸ਼ਾਮ ਉਹ ਚਾਰੇ ਕੋੜ੍ਹੀ ਅਰਾਮੀਆਂ ਦੇ ਡੇਰੇ ਜਾ ਪਹੁੰਚੇ। ਜਦੋਂ ਉਹ ਬਿਲਕੁਲ ਉਸ ਦੇ ਨੇੜੇ ਪਹੁੰਚੇ ਤਾਂ ਉੱਥੇ ਕੋਈ ਵੀ ਬੰਦਾ ਨਹੀਂ ਸੀ। ਉਹ ਇਸ ਲਈ ਕਿ ਯਹੋਵਾਹ ਨੇ ਅਰਾਮੀਆਂ ਦੀ ਫ਼ੌਜ ਨੂੰ ਰੱਥਾਂ ਦੀ ਅਵਾਜ਼ ਤੇ ਘੋੜਿਆਂ ਦੀ ਅਵਾਜ਼ ਤੇ ਇੱਕ ਵੱਡੇ ਲਸ਼ਕਰ ਦੀ ਆਵਾਜ਼ ਸੁਣਾਈ ਸੀ, ਤਾਂ ਅਰਾਮੀ ਫ਼ੌਜ ਆਪਸ ਵਿੱਚ ਇੱਕ-ਦੂਜੇ ਨੂੰ ਕਹਿਣ ਲੱਗੇ, “ਵੇਖੋ, ਇਸਰਾਏਲ ਦੇ ਪਾਤਸ਼ਾਹ ਨੇ ਸਾਡੇ ਵਿਰੁੱਧ ਹਿੱਤੀਆਂ ਦੇ ਰਾਜੇ ਤੇ ਮਿਸਰੀਆਂ ਦੇ ਰਾਜਿਆਂ ਨੂੰ ਸਾਡੇ ਵਿਰੁੱਧ ਖਰੀਦਿਆ ਹੈ।”

ਤਾਂ ਉਹ ਤਕਾਲੀਂ ਉੱਠ ਕੇ ਹੀ ਉੱਥੋਂ ਭੱਜ ਗਏ। ਉਹ ਸਾਰਾ ਕੁਝ ਉਵੇਂ ਹੀ ਪਿੱਛੇ ਛੱਡ ਗਏ। ਉਹ ਆਪਣੇ ਤੰਬੂ, ਘੋੜੇ, ਖੋਤੇ ਸਭ ਕੁਝ ਪਿੱਛੇ ਹੀ ਛੱਡ ਕੇ ਆਪਣੀ ਜਾਨ ਬਚਾਅ ਕੇ ਉੱਥੋਂ ਨੱਸ ਗਏ।

ਦੁਸ਼ਮਣਾਂ ਦੇ ਡੇਰੇ ’ਚ ਕੋੜ੍ਹੀ

ਜਦੋਂ ਉਹ ਕੋੜ੍ਹੀ ਡੇਰੇ ਦੀ ਬਾਹਰਲੀ ਹੱਦ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਤੰਬੂ ਵਿੱਚ ਵੜ ਕੇ ਖਾਧਾ-ਪੀਤਾ ਫ਼ਿਰ ਉਨ੍ਹਾਂ ਨੇ ਉੱਥੋਂ ਸੋਨਾ-ਚਾਂਦੀ ਅਤੇ ਕੱਪੜੇ ਆਦਿ ਚੁਰਾਏ ਅਤੇ ਉਨ੍ਹਾਂ ਨੂੰ ਲੁਕਾਅ ਲਿਆ। ਫ਼ਿਰ ਉਹ ਦੂਜੇ ਤੰਬੂ ਵਿੱਚ ਵੜੇ, ਉੱਥੋਂ ਵੀ ਉਨ੍ਹਾਂ ਨੇ ਵਸਤਾਂ ਚੁੱਕੀਆਂ ਤੇ ਫ਼ਿਰ ਉਨ੍ਹਾਂ ਨੂੰ ਵੀ ਬਾਹਰ ਜਾਕੇ ਲੁਕਾਅ ਆਏ। ਤਦ ਇਨ੍ਹਾਂ ਕੋੜ੍ਹੀਆਂ ਨੇ ਇੱਕ-ਦੂਜੇ ਨੂੰ ਆਖਿਆ, “ਅਸੀਂ ਚੰਗਾ ਕੰਮ ਨਹੀਂ ਕਰ ਰਹੇ। ਅੱਜ ਦਾ ਦਿਨ ਤਾਂ ਖੁਸ਼ਖਬਰੀ ਦਾ ਹੈ ਪਰ ਅਸੀਂ ਚੁੱਪ ਬੈਠੇ ਹਾਂ। ਜੇਕਰ ਅਸੀਂ ਸਵੇਰ ਦੀ ਪੋਹ ਫ਼ੁੱਟਣ ਤਾਈਂ ਠਹਿਰੇ ਰਹੀਏ ਤਾਂ ਸਾਡੇ ਉੱਤੇ ਕੋਈ ਬਲਾ ਆਵੇਗੀ। ਸੋ ਆਓ ਹੁਣ ਅਸੀਂ ਜਾਕੇ ਪਾਤਸ਼ਾਹ ਦੇ ਘਰਾਣੇ ਨੂੰ ਖਬਰ ਦੇਈਏ।”

ਕੋੜ੍ਹੀਆਂ ਦਾ ਖੁਸ਼ਖਬਰੀ ਸੁਨਾਉਣਾ

10 ਤਾਂ ਇਨ੍ਹਾਂ ਕੋੜ੍ਹੀਆਂ ਨੇ ਜਾਕੇ ਸ਼ਹਿਰ ਦੇ ਦਰਬਾਨ ਨੂੰ ਆਵਾਜ਼ ਦਿੱਤੀ ਅਤੇ ਉਨ੍ਹਾਂ ਨੂੰ ਜਾਕੇ ਦੱਸਿਆ ਕਿ, “ਅਸੀਂ ਅਰਾਮੀਆਂ ਦੇ ਡੇਰੇ ਵਿੱਚ ਗਏ ਅਤੇ ਉੱਥੇ ਨਾ ਆਦਮੀ ਸੀ ਨਾ ਆਦਮੀ ਦੀ ਆਵਾਜ਼ ਸਿਰਫ ਘੋੜੇ ਅਤੇ ਗਧੇ ਉੱਥੇ ਬੱਝੇ ਹੋਏ ਸਨ ਅਤੇ ਤੰਬੂ ਉਵੇਂ ਦੇ ਉਵੇਂ ਲੱਗੇ ਪਏ ਸਨ। ਪਰ ਆਦਮੀ ਸਾਰੇ ਗਇਬ ਸਨ।”

11 ਤਾਂ ਫ਼ਾਟਕ ਦੇ ਦਰਬਾਨਾਂ ਨੇ ਜ਼ੋਰ ਦੀ ਆਵਾਜ਼ ਦੇਕੇ ਪਾਤਸ਼ਾਹ ਦੇ ਘਰਾਣੇ ਨੂੰ ਅੰਦਰ ਖਬਰ ਦਿੱਤੀ। 12 ਰਾਤ ਦਾ ਵੇਲਾ ਸੀ ਪਰ ਰਾਜਾ ਬਿਸਤਰੇ ਚੋ ਉੱਠਿਆ ਅਤੇ ਆਕੇ ਆਪਣੇ ਅਫ਼ਸਰਾਂ ਨੂੰ ਕਿਹਾ, “ਮੈਂ ਤੁਹਾਨੂੰ ਦੱਸਦਾ ਹਾਂ ਕਿ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ? ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਭੁੱਖੇ ਹਾਂ ਇਸ ਲਈ ਉਹ ਡੇਰੇ ਨੂੰ ਛੱਡ ਕੇ ਖੇਤਾਂ ਵਿੱਚ ਲੁਕ ਗਏ ਹਨ। ਉਹ ਸੋਚ ਰਹੇ ਹਨ ਕਿ ਜਦੋਂ ਇਸਰਾਏਲੀ ਸ਼ਹਿਰ ਵਿੱਚੋਂ ਬਾਹਰ ਆਉਣਗੇ ਤਾਂ ਉਹ ਸਾਨੂੰ ਜਿਉਂਦੇ ਫ਼ੜ ਲੈਣ ਤੇ ਇਉਂ ਫ਼ਿਰ ਉਹ ਸ਼ਹਿਰ ਵਿੱਚ ਆ ਵੜਣਗੇ।”

13 ਪਾਤਸ਼ਾਹ ਦੇ ਅਫ਼ਸਰਾਂ ਵਿੱਚੋਂ ਇੱਕ ਨੇ ਕਿਹਾ, “ਆਓ ਅਸੀਂ ਕੁਝ ਆਦਮੀਆਂ ਨੂੰ ਉਨ੍ਹਾਂ ਪੰਜਾਂ ਘੋੜਿਆਂ ਨੂੰ ਲਿਆਉਣ ਲਈ ਭੇਜੀਏ ਜਿਹੜੇ ਹਾਲੇ ਸ਼ਹਿਰ ਵਿੱਚ ਹੀ ਹਨ। ਕਿਉਂ ਕਿ ਜਲਦੀ ਹੀ ਇਸਰਾਏਲ ਦੇ ਲੋਕਾਂ ਵਾਂਗ, ਜੋ ਕਿ ਸ਼ਹਿਰ ਹਾਲੇ ਬਚੇ ਹੋਏ ਹਨ, ਘੋੜੇ ਵੀ ਮਰ ਜਾਣਗੇ। ਆਪਾਂ ਇਨਾਂ ਆਦਮੀਆਂ ਨੂੰ ਇਹ ਪਤਾ ਲਗਾਉਣ ਲਈ ਭੇਜੀਏ ਕਿ ਕੀ ਵਾਪਰਿਆ ਹੈ।”

14 ਤਾਂ ਕੁਝ ਆਦਮੀ ਰੱਥ ਨਾਲ ਘੋੜੇ ਬੰਨ੍ਹਕੇ ਉੱਥੇ ਗਏ। ਪਾਤਸ਼ਾਹ ਨੇ ਉਨ੍ਹਾਂ ਨੂੰ ਅਰਾਮੀਆਂ ਦੇ ਲਸ਼ਕਰ ਦੇ ਪਿੱਛੇ ਭੇਜਿਆ। ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, “ਜਾਓ ਤੇ ਵੇਖੋ ਕਿ ਕੀ ਵਾਪਰਿਆ ਹੈ?”

15 ਤਾਂ ਉਹ ਆਦਮੀ ਅਰਾਮੀ ਫ਼ੌਜ ਦੇ ਪਿੱਛੇ ਯਰਦਨ ਦਰਿਆ ਤੀਕ ਗਏ ਅਤੇ ਉਹ ਸਾਰਾ ਰਸਤਾ ਵਸਤਰਾਂ ਅਤੇ ਭਾਂਡਿਆਂ ਨਾਲ ਭਰਿਆ ਹੋਇਆ ਸੀ। ਇਨ੍ਹਾਂ ਵਸਤਰਾਂ ਨੂੰ ਅਰਾਮੀਆਂ ਨੇ ਭਾਜੜ ਵਿੱਚ ਰਾਹ ’ਚ ਹੀ ਸੁੱਟ ਦਿੱਤਾ ਸੀ। ਸੰਦੇਸ਼ਵਾਹਕ ਵਾਪਸ ਗਏ ਅਤੇ ਪਾਤਸ਼ਾਹ ਨੂੰ ਜਾਕੇ ਇਹ ਹਾਲ ਸੁਣਾਇਆ।

16 ਤਦ ਲੋਕਾਂ ਨੇ ਬਾਹਰ ਨਿਕਲ ਕੇ ਅਰਾਮੀਆਂ ਦੇ ਡੇਰੇ ਨੂੰ ਲੁੱਟ ਲਿਆ। ਉੱਥੇ ਹਰ ਇੱਕ ਲਈ ਬੇਸ਼ੁਮਾਰ ਸਮਾਨ ਸੀ। ਸੋ ਯਹੋਵਾਹ ਦੇ ਬਚਨ ਅਨੁਸਾਰ ਆਟੇ ਦੀ ਇੱਕ ਟੋਕਰੀ, ਇੱਕ ਸ਼ੇਕਲ ਤੇ ਜੌਆਂ ਦੀਆਂ ਦੋ ਟੋਕਰੀਆਂ, ਇੱਕ ਰੁਪਏ ਦੀਆਂ ਹੋਣਗੀਆਂ।

17 ਤਾਂ ਪਾਤਸ਼ਾਹ ਨੇ ਉਸੇ ਅਫ਼ਸਰ ਨੂੰ, ਜਿਸ ਤੇ ਉਹ ਬਹੁਤ ਭਰੋਸਾ ਕਰਦਾ ਸੀ, ਫ਼ਾਟਕ ਦੀ ਦੇਖਭਾਲ ਉੱਪਰ ਲਗਾ ਦਿੱਤਾ। ਪਰ ਲੋਕ ਦੁਸ਼ਮਣ ਦੇ ਡੇਰੇ ਤੋਂ ਅੰਨ ਲੁੱਟਣ ਲਈ ਨੱਸੇ ਤੇ ਉਹ ਲੋਕਾਂ ਦੀ ਭੀੜ ਵਿੱਚ ਉਨ੍ਹਾਂ ਦੇ ਪੈਰਾਂ ਹੇਠ ਹੀ ਲਿਤਾੜਿਆ ਗਿਆ ਅਤੇ ਮਰ ਗਿਆ। ਤਾਂ ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਜਦੋਂ ਪਾਤਸ਼ਾਹ ਉਸ ਦੇ ਘਰ ਆਇਆ ਸੀ ਤਾਂ ਆਖਿਆ ਸੀ। 18 ਅਲੀਸ਼ਾ ਨੇ ਆਖਿਆ ਸੀ, “ਕੱਲ ਇਸੇ ਵੇਲੇ ਸਾਮਰਿਯਾ ਸ਼ਹਿਰ ਦੇ ਫ਼ਾਟਕ ਤੇ ਜੌਆਂ ਦੀਆਂ ਦੋ ਟੋਕਰੀਆਂ ਤੇ ਆਟੇ ਦੀ ਇੱਕ ਟੋਕਰੀ ਇੱਕ ਸ਼ੇਕਲ ਲਈ ਉਪਲਬਧ ਹੋਣਗੀਆਂ।” 19 ਪਰ ਅਫ਼ਸਰ ਨੇ ਅਲੀਸ਼ਾ ਨੂੰ ਇਹ ਆਖਿਆ ਸੀ ਕਿ “ਜੇਕਰ ਯਹੋਵਾਹ ਅਕਾਸ਼ ਵਿੱਚ ਵੀ ਤਾਕੀਆਂ ਲਗਾ ਦੇਵੇ ਤਾਂ ਵੀ ਅਜਿਹਾ ਨਹੀਂ ਹੋ ਸੱਕਦਾ।” ਤਾਂ ਅਲੀਸ਼ਾ ਨੇ ਉਸ ਨੂੰ ਆਖਿਆ ਸੀ, “ਤੂੰ ਆਪਣੀਆਂ ਅੱਖਾਂ ਸਾਹਮਣੇ ਇਹ ਨਜ਼ਾਰਾ ਵੇਖੇਂਗਾ ਪਰ ਤੂੰ ਉਸ ਅੰਨ ਵਿੱਚੋਂ ਕੁਝ ਖਾ ਨਹੀਂ ਸੱਕੇਂਗਾ।” 20 ਸੋ ਉਸ ਨਾਲ ਉਵੇਂ ਹੀ ਹੋਇਆ ਤੇ ਉਹ ਫ਼ਾਟਕ ਦੇ ਵਿੱਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧ ਕੇ ਮਾਰਿਆ ਗਿਆ।

ਸ਼ੂਨੰਮੀ ਔਰਤ ਅਤੇ ਪਾਤਸ਼ਾਹ

ਅਲੀਸ਼ਾ ਨੇ ਉਸ ਔਰਤ ਨਾਲ ਗੱਲ ਕੀਤੀ ਜਿਸਦੇ ਪੁੱਤਰ ਨੂੰ ਉਸ ਨੇ ਜੀਵਤ ਕੀਤਾ ਸੀ ਅਤੇ ਆਖਿਆ, “ਉੱਠ ਤੇ ਆਪਣੇ ਪਰਿਵਾਰ ਸਮੇਤ ਇਸ ਦੇਸ਼ ਵਿੱਚੋਂ ਕਿਤੇ ਹੋਰ ਚਲੀ ਜਾ। ਕਿਉਂ ਕਿ ਯਹੋਵਾਹ ਨੇ ਇੱਥੇ ਕਾਲ ਦਾ ਹੁਕਮ ਦੇ ਦਿੱਤਾ ਹੈ ਜੋ ਕਿ ਇਸ ਦੇਸ਼ ਉੱਪਰ ਸੱਤ ਸਾਲਾਂ ਲਈ ਰਹੇਗਾ।”

ਤਾਂ ਉਸ ਔਰਤ ਨੇ ਉਵੇਂ ਹੀ ਕੀਤਾ ਜਿਵੇਂ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ। ਤਾਂ ਉਹ ਸੱਤ ਸਾਲਾਂ ਲਈ ਫ਼ਲਿਸਤੀਆਂ ਦੇ ਦੇਸ਼ ਵਿੱਚ ਆਪਣੇ ਟੱਬਰ ਨੂੰ ਲੈ ਕੇ ਚਲੀ ਗਈ। ਜਦ ਸੱਤ ਸਾਲ ਬੀਤ ਗਏ ਤਾਂ ਉਹ ਫ਼ਲਿਸਤੀਆਂ ਨੂੰ ਛੱਡ, ਮੁੜ ਆਪਣੇ ਘਰ ਲਈ ਮੁੜ ਆਈ।

ਫ਼ਲਿਸਤੀਆਂ ਤੋਂ ਵਾਪਸ ਆਕੇ ਉਹ ਪਾਤਸ਼ਾਹ ਕੋਲ ਦੁਹਾਈ ਦੇਣ ਗਈ ਕਿ ਉਸ ਨੂੰ ਉਸਦਾ ਘਰ ਤੇ ਜ਼ਮੀਨ ਵਾਪਸ ਦਿੱਤੀ ਜਾਵੇ।

ਤਦ ਪਾਤਸ਼ਾਹ, ਪਰਮੇਸ਼ੁਰ ਦੇ ਮਨੁੱਖ ਦੇ ਜਵਾਨ ਗੇਹਾਜੀ ਨਾਲ ਗੱਲਾਂ ਕਰ ਰਿਹਾ ਸੀ, “ਕਿਰਪਾ ਕਰਕੇ ਤੂੰ ਉਹ ਸਾਰੇ ਵੱਡੇ-ਵੱਡੇ ਕੰਮ ਮੈਨੂੰ ਦੱਸ ਜੋ ਅਲੀਸ਼ਾ ਨੇ ਕੀਤੇ ਹਨ।”

ਜਦ ਗੇਹਾਜੀ ਪਾਤਸ਼ਾਹ ਨੂੰ ਦੱਸ ਰਿਹਾ ਸੀ ਕਿ ਅਲੀਸ਼ਾ ਨੇ ਇੱਕ ਮਰੇ ਹੋਏ ਮਨੁੱਖ ਨੂੰ ਜੀਵਿਤ ਕੀਤਾ ਸੀ, ਉਸੇ ਵੇਲੇ ਜਿਸ ਔਰਤ ਦੇ ਬੱਚੇ ਨੂੰ ਅਲੀਸ਼ਾ ਨੇ ਜੀਵਿਤ ਕੀਤਾ ਸੀ, ਉੱਥੇ ਪਹੁੰਚ ਗਈ, ਉਹ ਪਾਤਸ਼ਾਹ ਕੋਲੋਂ ਆਪਣਾ ਖੁੱਸ ਚੁੱਕਾ ਘਰ ਤੇ ਜ਼ਮੀਨ ਵਾਪਸ ਲੈਣ ਲਈ ਮਦਦ ਮੰਗਣ ਗਈ ਸੀ। ਗੇਹਾਜੀ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਹੀ ਉਹ ਔਰਤ ਹੈ ਤੇ ਇਹੀ ਉਹ ਬੱਚਾ, ਜਿਸ ਨੂੰ ਅਲੀਸ਼ਾ ਨੇ ਮਰੇ ਹੋਏ ਨੂੰ ਜਿਉਂਦਾ ਕੀਤਾ ਸੀ।”

ਪਾਤਸ਼ਾਹ ਨੇ ਉਸ ਔਰਤ ਨੂੰ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ? ਤਾਂ ਉਸ ਔਰਤ ਨੇ ਉਸ ਨੂੰ ਸਭ ਦੱਸਿਆ।

ਤਦ ਪਾਤਸ਼ਾਹ ਨੇ ਇੱਕ ਅਫ਼ਸਰ ਨੂੰ ਉਸ ਔਰਤ ਦੀ ਮਦਦ ਲਈ ਭੇਜਿਆ। ਪਾਤਸ਼ਾਹ ਨੇ ਆਖਿਆ, “ਇਸ ਔਰਤ ਨੂੰ ਇਸਦੀ ਸਾਰੀ ਜ਼ਮੀਨ ਜਾਇਦਾਦ ਤੇ ਜੋ ਇਸਦਾ ਹੱਕ ਹੈ, ਇਸ ਨੂੰ ਵਾਪਸ ਕਰ ਦਿੱਤਾ ਜਾਵੇ ਤੇ ਜਿਸ ਦਿਨ ਤੋਂ ਇਹ ਜ਼ਮੀਨ ਛੱਡ ਕੇ ਇੱਥੋਂ ਗਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੀਕ ਦੀ ਫ਼ਸਲ ਜੋ ਇਸਦਾ ਹੱਕ ਬਣਦਾ ਹੈ ਇਸ ਨੂੰ ਵਾਪਸ ਕੀਤਾ ਜਾਵੇ।”

ਬਨ-ਹਦਦ ਦਾ ਅਲੀਸ਼ਾ ਕੋਲ ਹਜ਼ਾਏਲ ਨੂੰ ਭੇਜਣਾ

ਤਾਂ ਅਲੀਸ਼ਾ ਦੰਮਿਸਕ ਵਿੱਚ ਆਇਆ। ਅਰਾਮ ਦਾ ਪਾਤਸ਼ਾਹ ਬਨ-ਹਦਦ ਤਦ ਬੀਮਾਰ ਸੀ। ਇੱਕ ਮਨੁੱਖ ਨੇ ਬਨ-ਹਦਦ ਨੂੰ ਇਹ ਦੱਸਿਆ ਕਿ ਪਰਮੇਸ਼ੁਰ ਦਾ ਮਨੁੱਖ ਇੱਥੇ ਆਇਆ ਹੈ।

ਤਦ ਬਨ-ਹਦਦ ਪਾਤਸ਼ਾਹ ਨੇ ਹਜ਼ਾਏਲ ਨੂੰ ਆਖਿਆ, “ਜਾਓ ਤੇ ਤੋਹਫ਼ਾ ਲੈ ਕੇ ਪਰਮੇਸ਼ੁਰ ਦੇ ਮਨੁੱਖ ਨੂੰ ਮਿਲਣ ਲਈ ਜਾਵੋ ਅਤੇ ਉਸ ਨੂੰ ਆਖੋ ਕਿ ਯਹੋਵਾਹ ਨੂੰ ਪੁੱਛੇ ਕਿ ਕੀ ਮੈਂ ਆਪਣੀ ਬਿਮਾਰੀ ਤੋਂ ਠੀਕ ਹੋ ਜਾਵਾਂਗਾ?”

ਤਦ ਹਜ਼ਾਏਲ ਅਲੀਸ਼ਾ ਨੂੰ ਮਿਲਣ ਲਈ ਗਿਆ ਅਤੇ ਆਪਣੇ ਨਾਲ ਤੋਹਫ਼ੇ ਵੀ ਲੈ ਗਿਆ। ਉਹ ਆਪਣੇ ਨਾਲ ਦੰਮਿਸਕ ਦੀਆਂ ਸਭ ਵਿਸ਼ੇਸ਼ ਵਸਤਾਂ ਲੈ ਕੇ ਗਿਆ। ਇਹ ਸਭ ਤੋਹਫ਼ੇ ਚੁੱਕਣ ਲਈ ਉਸ ਨੂੰ ਚਾਲੀ ਊਠ ਕਰਨੇ ਪਏ ਤੇ ਫ਼ਿਰ ਹਜ਼ਾਏਲ ਅਲੀਸ਼ਾ ਵੱਲ ਗਿਆ ਅਤੇ ਜਾਕੇ ਉਸ ਨੂੰ ਆਖਿਆ, “ਤੇਰੇ ਚੇਲੇ ਅਰਾਮ ਦੇ ਰਾਜੇ ਬਨ-ਹਦਦ ਨੇ ਇਹ ਆਖਕੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਇਹ ਪੁੱਛਾਂ ਕਿ ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਵਾਂਗਾ?”

10 ਤਦ ਅਲੀਸ਼ਾ ਨੇ ਹਜ਼ਾਏਲ ਨੂੰ ਆਖਿਆ, “ਜਾਹ ਅਤੇ ਜਾਕੇ ਬਨ-ਹਦਦ ਨੂੰ ਆਖ ਕਿ ਉਹ ਅੱਛਾ ਹੋ ਜਾਵੇਗਾ ਪਰ ਯਹੋਵਾਹ ਨੇ ਮੇਰੇ ਉਪਰ ਪ੍ਰਗਟ ਕੀਤਾ ਹੈ ਕਿ ਉਹ ਜ਼ਰੂਰ ਮਰ ਜਾਵੇਗਾ।”

ਅਲੀਸ਼ਾ ਦੀ ਹਜ਼ਾਏਲ ਬਾਰੇ ਭਵਿੱਖਬਾਣੀ

11 ਅਲੀਸ਼ਾ ਹਜ਼ਾਏਲ ਵੱਲ ਟਿਕ-ਟਿਕੀ ਲਗਾ ਕੇ ਉਨੀ ਦੇਰ ਵੇਖਦਾ ਰਿਹਾ ਜਦ ਤੀਕ ਉਹ ਸ਼ਰਮਸਾਰ ਨਾ ਹੋ ਗਿਆ। ਤਦ ਪਰਮੇਸ਼ੁਰ ਦੇ ਮਨੁੱਖ ਨੇ ਰੋਣਾ ਸ਼ੁਰੂ ਕਰ ਦਿੱਤਾ। 12 ਹਜ਼ਾਏਲ ਨੇ ਪੁੱਛਿਆ, “ਸੁਆਮੀ, ਤੂੰ ਰੋ ਕਿਉਂ ਰਿਹਾ ਹੈ?”

ਅਲੀਸ਼ਾ ਨੇ ਆਖਿਆ “ਮੈਂ ਇਸ ਲਈ ਰੋ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਜੋ ਬਦੀ ਤੂੰ ਇਸਰਾਏਲੀਆਂ ਨਾਲ ਕਰਨ ਵਾਲਾ ਹੈਂ। ਤੂੰ ਉਨ੍ਹਾਂ ਦੇ ਮਜ਼ਬੂਤ ਸ਼ਹਿਰਾਂ ਨੂੰ ਸਾੜ ਦੇਵੇਂਗਾ ਅਤੇ ਉਨ੍ਹਾਂ ਦੇ ਨੌਜੁਆਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਤੂੰ ਉਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਵੀ ਮਾਰ ਮੁਕਾਵੇਂਗਾ ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਵੀ ਚੀਰ ਸੁੱਟੇਂਗਾ।”

13 ਹਜ਼ਾਏਲ ਨੇ ਆਖਿਆ, “ਮੈਂ ਇੰਨਾ ਤਾਕਤਵਰ ਮਨੁੱਖ ਨਹੀਂ ਜੋ ਇਹੋ ਜਿਹੇ ਵੱਡੇ ਕਾਰਜ ਕਰ ਸੱਕਾਂ।”

ਅਲੀਸ਼ਾ ਨੇ ਆਖਿਆ, “ਯਹੋਵਾਹ ਨੇ ਮੈਨੂੰ ਵਿਖਾਇਆ ਹੈ ਕਿ ਤੂੰ ਅਰਾਮ ਉੱਤੇ ਰਾਜਾ ਹੋਵੇਂਗਾ।”

14 ਤਦ ਹਜ਼ਾਏਲ ਉੱਥੋਂ ਮੁੜਕੇ ਪਾਤਸ਼ਾਹ ਕੋਲ ਗਿਆ। ਬਨ-ਹਦਦ ਨੇ ਹਜ਼ਾਏਲ ਨੂੰ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ?”

ਹਜ਼ਾਏਲ ਨੇ ਉੱਤਰ ਦਿੱਤਾ, “ਅਲੀਸ਼ਾ ਨੇ ਮੈਨੂੰ ਕਿਹਾ ਹੈ ਕਿ ਤੂੰ ਜਿਉਂਦਾ ਰਹੇਗਾ।”

ਹਜ਼ਾਏਲ ਵੱਲੋਂ ਬਨ-ਹਦਦ ਦਾ ਕਤਲ

15 ਪਰ ਅਗਲੇ ਦਿਨ, ਹਜ਼ਾਏਲ ਨੇ ਇੱਕ ਮੋਟਾ ਕੱਪੜਾ ਲਿਆ ਤੇ ਉਸ ਨੂੰ ਪਾਣੀ ਨਾਲ ਭਿਉਂ ਕੇ ਉਸ ਦੇ ਮੂੰਹ ਨੂੰ ਢੱਕ ਦਿੱਤਾ, ਇਸ ਨਾਲ ਬਨ-ਹਦਦ ਮਰ ਗਿਆ ਤੇ ਹਜ਼ਾਏਲ ਨਵਾਂ ਰਾਜਾ ਬਣ ਗਿਆ।

ਯਹੋਰਾਮ ਨੇ ਆਪਣਾ ਰਾਜ ਚਲਾਇਆ

16 ਇਸਰਾਏਲ ਦੇ ਪਾਤਸ਼ਾਹ, ਅਹਾਬ ਦੇ ਪੁੱਤਰ ਯੋਰਾਮ ਦੇ ਪੰਜਵੇਂ ਸਾਲ ਜਦੋਂ ਯਹੋਸ਼ਾਫ਼ਾਟ ਯਹੂਦਾਹ ਦਾ ਪਾਤਸ਼ਾਹ ਸੀ, ਉਸ ਵੇਲੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ। 17 ਯਹੋਰਾਮ ਜਦੋਂ ਰਾਜ ਕਰਨ ਲੱਗਿਆ ਤਾਂ ਉਹ 32 ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ। 18 ਪਰ ਉਸ ਨੇ ਅਹਾਬ ਦੇ ਘਰਾਣੇ ਵਾਂਗ ਇਸਰਾਏਲ ਦੇ ਪਾਤਸ਼ਾਹ ਦੇ ਰਾਹ ਨੂੰ ਹੀ ਫ਼ੜਿਆ ਤੇ ਉਹ ਕੁਝ ਕੀਤਾ ਜੋ ਯਹੋਵਾਹ ਉਚਿਤ ਨਹੀਂ ਸੀ ਸਮਝਦਾ। ਕਿਉਂ ਕਿ ਅਹਾਬ ਦੀ ਧੀ ਉਸਦੀ ਰਾਣੀ ਹੋ ਗਈ ਸੀ ਇਸ ਲਈ ਉਸ ਨੇ ਵੀ ਉਹੀ ਕੁਝ ਕੀਤਾ। 19 ਫ਼ਿਰ ਵੀ ਯਹੋਵਾਹ ਨੇ ਆਪਣੇ ਇਕਰਾਰ ਕਾਰਣ ਜਿਹੜਾ ਕਿ ਉਸ ਨੇ ਦਾਊਦ ਨਾਲ ਕੀਤਾ ਸੀ ਉਸ ਨੂੰ ਨਸ਼ਟ ਨਾ ਕੀਤਾ। ਯਹੋਵਾਹ ਨੇ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਉਸਦੀ ਅੰਸ਼ ਵਿੱਚੋਂ ਕੋਈ ਨਾ ਕੋਈ ਰਾਜ ਕਰੇਗਾ।

20 ਯਹੋਰਾਮ ਦੇ ਰਾਜ ਦੇ ਦਿਨਾਂ ਵਿੱਚ ਅਦੋਮ ਯਹੂਦਾਹ ਦੀ ਅਧੀਨਗੀ ਨੂੰ ਆਕੀ ਹੋ ਗਿਆ ਅਤੇ ਅਦੋਮ ਦੇ ਲੋਕਾਂ ਨੇ ਆਪਣੇ ਲਈ ਇੱਕ ਅਲੱਗ ਰਾਜਾ ਚੁਣਿਆ।

21 ਤਦ ਯਹੋਰਾਮ ਅਤੇ ਉਸ ਦੇ ਸਾਰੇ ਰੱਥ ਸਈਰ ਨੂੰ ਗਏ ਤੇ ਅਦੋਮੀਆਂ ਦੀ ਫ਼ੌਜ ਨੇ ਉਨ੍ਹਾਂ ਨੂੰ ਘੇਰ ਲਿਆ ਤਾਂ ਯਹੋਰਾਮ ਤੇ ਉਸ ਦੇ ਅਫ਼ਸਰਾਂ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ, ਉਨ੍ਹਾਂ ਤੇ ਹਮਲਾ ਕਰਕੇ ਉਹ ਬਚਕੇ ਨਿਕਲ ਗਏ ਅਤੇ ਯਹੋਰਾਮ ਦੀ ਸਾਰੀ ਸੈਨਾ ਭੱਜ ਗਈ ਅਤੇ ਘਰਾਂ ਨੂੰ ਪਰਤ ਗਈ। 22 ਸੋ ਅਦੋਮੀ ਯਹੂਦਾਹ ਤੋਂ ਆਕੀ ਹੋ ਗਏ ਜੋ ਕਿ ਅੱਜ ਤੀਕ ਆਕੀ ਹਨ।

ਪਰ ਇਸਦੇ ਨਾਲ ਹੀ ਲਿਬਨਾਹ ਵੀ ਯਹੂਦਾਹ ਤੋਂ ਆਕੀ ਹੋ ਗਿਆ।

23 ਯਹੋਰਾਮ ਦੀ ਬਾਕੀ ਵਾਰਤਾ ਅਤੇ ਜੋ ਕਾਰਜ ਉਸ ਨੇ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।

24 ਯਹੋਰਾਮ ਮਰ ਗਿਆ ਤਾਂ ਉਸ ਨੂੰ ਦਾਊਦ ਦੇ ਸ਼ਹਿਰ ਉਸ ਦੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਅਹਜ਼ਯਾਹ ਪਾਤਸ਼ਾਹ ਬਣਿਆ।

ਅਹਜ਼ਯਾਹ ਨੇ ਆਪਣਾ ਰਾਜ ਚਲਾਇਆ

25 ਇਸਰਾਏਲ ਦੇ ਪਾਤਸ਼ਾਹ ਦੇ ਪੁੱਤਰ ਯਹੋਰਾਮ ਦੇ ਬਾਰ੍ਹਵੇਂ ਸਾਲ ਤੋਂ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ। 26 ਉਸ ਵਕਤ ਅਹਜ਼ਯਾਹ 22 ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ। ਉਸ ਨੇ ਇੱਕ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਂ ਦਾ ਨਾਂ ਸੀ ਅਥਲਯਾਹ ਜੋ ਕਿ ਇਸਰਾਏਲ ਦੇ ਰਾਜੇ ਆਮਰੀ ਦੀ ਧੀ ਸੀ। 27 ਅਹਜ਼ਯਾਹ ਵੀ ਅਹਾਬ ਦੇ ਘਰਾਣੇ ਦੇ ਰਾਹੇ ਹੀ ਤੁਰਿਆ ਅਤੇ ਉਸ ਨੇ ਵੀ ਅਹਾਬ ਦੇ ਘਰਾਣੇ ਵਾਂਗ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ, ਕਿਉਂ ਕਿ ਉਹ ਅਹਾਬ ਦੇ ਘਰਾਣੇ ਦਾ ਹੀ ਜੁਆਈ ਸੀ।

ਜੰਗ ਵਿੱਚ ਹਜ਼ਾਏਲ ਦੇ ਖਿਲਾਫ਼ ਲੜਦਿਆਂ ਯੋਰਾਮ ਦਾ ਫ਼ੱਟੜ ਹੋਣਾ

28 ਯੋਰਾਮ ਅਹਾਬ ਦੇ ਘਰਾਣੇ ਵਿੱਚੋਂ ਸੀ। ਅਹਜ਼ਯਾਹ ਰਾਮੋਥ ਗਿਲਆਦ ਵਿੱਚ ਯੋਰਾਮ ਦੇ ਨਾਲ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਫ਼ੱਟੜ ਕੀਤਾ। 29 ਯੋਰਾਮ ਇਸਰਾਏਲ ਵਿੱਚ ਵਾਪਸ ਮੁੜ ਆਇਆ ਤਾਂ ਜੋ ਉਹ ਉਨ੍ਹਾਂ ਜ਼ਖਮਾਂ ਨੂੰ ਠੀਕ ਕਰ ਸੱਕੇ। ਯੋਰਾਮ ਯਿਜ਼ਰਏਲ ਖੇਤਰ ਵੱਲ ਗਿਆ। ਯਹੋਰਾਮ ਦਾ ਪੁੱਤਰ ਅਹਜ਼ਯਾਹ ਉਸ ਵਕਤ ਯਹੂਦਾਹ ਦਾ ਪਾਤਸ਼ਾਹ ਸੀ ਤਾਂ ਅਹਜ਼ਯਾਹ ਯੋਰਾਮ ਨੂੰ ਵੇਖਣ ਲਈ ਯਿਜ਼ਰਏਲ ਵੱਲ ਗਿਆ।

ਅਲੀਸ਼ਾ ਦਾ ਨੌਜੁਆਨ ਨਬੀ ਨੂੰ ਯੇਹੂ ਨੂੰ ਮਸਹ ਕਰਨ ਲਈ ਕਹਿਣਾ

ਅਲੀਸ਼ਾ ਨਬੀ ਨੇ ਨਬੀਆਂ ਦੇ ਟੋਲੇ ਵਿੱਚੋਂ ਇੱਕ ਨੂੰ ਸੱਦ ਕੇ ਉਸ ਨੂੰ ਆਖਿਆ, “ਆਪਣਾ ਆਪ ਕੱਸ ਅਤੇ ਤੇਲ ਦੀ ਇੱਕ ਕੁੱਪੀ ਆਪਣੇ ਹੱਥ ਵਿੱਚ ਲੈ ਅਤੇ ਰਾਮੋਥ-ਗਿਲਆਦ ਵਿੱਚ ਜਾਹ। ਜਦ ਤੂੰ ਉੱਥੇ ਜਾਵੇਂ ਤਾਂ ਨਿਮਸ਼ੀ ਦੇ ਪੋਤਰੇ, ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੂੰ ਲੱਭੀ। ਫ਼ਿਰ ਤੂੰ ਅੰਦਰ ਜਾਕੇ ਉਸ ਨੂੰ ਉਸ ਦੇ ਭਰਾਵਾਂ ਵਿੱਚੋਂ ਉੱਠਾਕੇ ਅੰਦਰਲੀ ਕੋਠੜੀ ਵਿੱਚ ਲੈ ਜਾਵੀਂ। ਫ਼ਿਰ ਤੇਲ ਦੀ ਕੁੱਪੀ ਲੈ ਕੇ ਉਸ ਦੇ ਸਿਰ ਤੇ ਰੋੜ ਦੇਵੀਂ ਅਤੇ ਆਖੀਂ ਕਿ ਯਹੋਵਾਹ ਇਵੇਂ ਫ਼ਰਮਾਉਂਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ। ਫ਼ਿਰ ਤੂੰ ਬੂਹਾ ਖੋਲ੍ਹ ਕੇ ਨੱਸ ਆਵੀ, ਉੱਥੇ ਰੁਕੀ ਨਾ।”

ਸੋ ਇਹ ਜੁਆਨ ਨਬੀ ਰਾਮੋਥ-ਗਿਲਆਦ ਨੂੰ ਗਿਆ। ਜਦੋਂ ਨੌਜੁਆਨ ਉੱਥੇ ਪਹੁੰਚਿਆ ਤਾਂ ਉਸ ਨੇ ਉੱਥੇ ਸੈਨਾ ਦੇ ਕਪਤਾਨਾਂ ਨੂੰ ਬੈਠੇ ਹੋਏ ਵੇਖਿਆ। ਤਾਂ ਉਸ ਨੌਜੁਆਨ ਨੇ ਆਖਿਆ, “ਹੇ ਕਪਤਾਨ! ਮੈਂ ਤੇਰੇ ਲਈ ਇੱਕ ਸੁਨੇਹਾ ਲੈ ਕੇ ਆਇਆ ਹਾਂ।”

ਯੇਹੂ ਬੋਲਿਆ “ਅਸੀਂ ਸਾਰੇ ਹੀ ਇੱਥੇ ਬੈਠੇ ਹਾਂ, ਸਾਡੇ ਸਾਰਿਆਂ ਵਿੱਚੋਂ ਕਿਸ ਲਈ ਸੁਨੇਹਾ ਲੈ ਕੇ ਤੂੰ ਆਇਆ ਹੈਂ?”

ਉਸ ਨੌਜੁਆਨ ਨੇ ਕਿਹਾ, “ਸੰਦੇਸ਼ ਹੇ ਕਪਤਾਨ! ਤੇਰੇ ਲਈ ਹੀ ਹੈ।”

ਤਦ ਯੇਹੂ ਉੱਠ ਕੇ ਘਰ ਅੰਦਰ ਗਿਆ ਤਦ ਨੌਜੁਆਨ ਨਬੀ ਨੇ ਯੇਹੂ ਦੇ ਸਿਰ ਤੇ ਤੇਲ ਡੋਹਲ ਦਿੱਤਾ ਅਤੇ ਉਸ ਨੂੰ ਆਖਿਆ, “ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਉਂ ਫ਼ਰਮਾਉਂਦਾ ਹੈ, ‘ਮੈਂ ਤੈਨੂੰ ਯਹੋਵਾਹ ਦੇ ਲੋਕਾਂ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ। ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਮਾਰ ਸੁੱਟੀ। ਇਸ ਤਰੀਕੇ ਮੈਂ ਈਜ਼ਬਲ ਤੋਂ ਆਪਣੇ ਸੇਵਕਾਂ ਦੀ ਮੌਤ, ਨਬੀਆਂ ਦੀ ਅਤੇ ਹੋਰ ਯਹੋਵਾਹ ਦੇ ਸੇਵਕਾਂ ਦੀ ਜੋ ਕਤਲ ਹੋਏ ਬਦਲਾ ਲਵਾਂਗਾ। ਇਉਂ ਅਹਾਬ ਦੇ ਸਾਰੇ ਘਰਾਣੇ ਦਾ ਨਾਸ ਹੋਵੇਗਾ। ਮੈਂ ਉਸ ਦੇ ਘਰਾਣੇ ’ਚੋ ਇੱਕ ਵੀ ਮੁੰਡੇ ਨੂੰ ਜਿਉਂਦਾ ਨਾ ਛੱਡਾਂਗਾ। ਮੈਂ ਅਹਾਬ ਦੇ ਘਰ ਨੂੰ ਨਬਾਟ ਦੇ ਪੁੱਤਰ, ਯਾਰਾਬੁਆਮ ਦੇ ਘਰ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਾਂਗ ਕਰ ਦੇਵਾਂਗਾ। 10 ਈਜ਼ਬਲ ਨੂੰ ਦਫ਼ਨਾਇਆ ਨਹੀਂ ਜਾਵੇਗਾ ਸਗੋਂ ਉਸਦੀ ਲਾਸ਼ ਨੂੰ ਯਿਜ਼ਰਏਲ ਵਿੱਚ ਕੁੱਤੇ ਖਾਣਗੇ।’”

ਫ਼ੇਰ ਉਹ ਨੌਜੁਆਨ ਨਬੀ ਦਰਵਾਜ਼ਾ ਖੋਲ੍ਹਕੇ ਭੱਜ ਗਿਆ।

ਸੇਵਕਾਂ ਨੇ ਯੇਹੂ ਨੂੰ ਪਾਤਸ਼ਾਹ ਠਹਿਰਾਇਆ

11 ਫ਼ਿਰ ਯੇਹੂ ਆਪਣੇ ਪਾਤਸ਼ਾਹ ਦੇ ਅਫ਼ਸਰਾਂ ਕੋਲ ਵਾਪਿਸ ਗਿਆ। ਉਨ੍ਹਾਂ ਵਿੱਚੋਂ ਇੱਕ ਨੇ ਯੇਹੂ ਨੂੰ ਪੁੱਛਿਆ, “ਕੀ ਸਭ ਕੁਝ ਠੀਕ-ਠਾਕ ਹੈ? ਇਹ ਕਮਲਾ ਆਦਮੀ ਤੇਰੇ ਕੋਲ ਕਿਉਂ ਆਇਆ ਸੀ?”

ਯੇਹੂ ਨੇ ਅਫ਼ਸਰਾਂ ਨੂੰ ਕਿਹਾ, “ਤੁਸੀਂ ਉਸ ਆਦਮੀ ਨੂੰ ਅਤੇ ਉਸ ਦੇ ਗੱਲ ਕਰਨ ਦੇ ਸਨਕੀ ਤਰੀਕੇ ਨੂੰ ਵੀ ਜਾਣਦੇ ਹੋ।”

12 ਅਫ਼ਸਰਾਂ ਨੇ ਕਿਹਾ, “ਨਹੀਂ! ਸਾਨੂੰ ਸੱਚ ਦੱਸ ਕਿ ਉਸ ਨੇ ਕੀ ਆਖਿਆ ਹੈ?” ਤਾਂ ਯੇਹੂ ਨੇ ਉਹ ਸਭ ਗੱਲਾਂ ਜੋ ਨੌਜੁਆਨ ਨਬੀ ਨੇ ਕਰੀਆਂ ਸਨ ਉਹ ਉਨ੍ਹਾਂ ਅਫ਼ਸਰਾਂ ਨੂੰ ਦੱਸੀਆਂ ਅਤੇ ਕਿਹਾ, “ਯਹੋਵਾਹ ਨੇ ਇਹ ਆਖਿਆ ਸੀ ਕਿ ਮੈਂ ਤੈਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ।”

13 ਤਦ ਉਨ੍ਹਾਂ ਸਭਨਾਂ ਨੇ ਛੇਤੀ ਕੀਤੀ ਅਤੇ ਹਰੇਕ ਮਨੁੱਖ ਨੇ ਆਪਣੇ ਕੱਪੜੇ ਲੈ ਕੇ ਉਸ ਦੇ ਹੇਠਾਂ ਉਨ੍ਹਾਂ ਹੀ ਪੌੜੀਆਂ ਉੱਪਰ ਵਿਛਾਏ ਅਤੇ ਤੁਰ੍ਹੀ ਵਜਾਕੇ ਇਹ ਐਲਾਨ ਕੀਤਾ ਕਿ ਯੇਹੂ ਪਾਤਸ਼ਾਹ ਹੈ।

ਯੇਹੂ ਦਾ ਯਿਜ਼ਰਏਲ ਜਾਣਾ

14 ਇਉਂ ਨਿਮਸ਼ੀ ਦੇ ਪੋਤਰੇ ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੇ ਯੋਰਾਮ ਦੇ ਵਿਰੁੱਧ ਮਤਾ ਪਕਾਇਆ।

ਉਸ ਵਕਤ ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਕਾਰਣ ਯੋਰਾਮ ਸਾਰੇ ਇਸਰਾਏਲ ਸਮੇਤ ਰਾਮੋਥ-ਗਿਲਆਦ ਦੀ ਦੇਖਭਾਲ ਕਰਦਾ ਸੀ। 15 ਯੋਰਾਮ ਪਾਤਸ਼ਾਹ, ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਵਿਰੁੱਧ ਲੜਿਆ। ਪਰ ਅਰਾਮੀਆਂ ਨੇ ਯੋਰਾਮ ਪਾਤਸ਼ਾਹ ਨੂੰ ਫ਼ੱਟੜ ਕੀਤਾ, ਇਸ ਲਈ ਉਹ ਉਨ੍ਹਾਂ ਜ਼ਖਮਾਂ ਤੋਂ ਰਾਹਤ ਪਾਉਣ ਲਈ ਤੇ ਠੀਕ ਹੋਣ ਲਈ ਯਿਜ਼ਰਏਲ ਮੁੜ ਗਿਆ ਸੀ।

ਇਸ ਲਈ ਯੇਹੂ ਨੇ ਅਫ਼ਸਰਾਂ ਨੂੰ ਕਿਹਾ, “ਜੇਕਰ ਤੁਸੀਂ ਮੰਨਦੇ ਹੋ ਕਿ ਮੈਂ ਹੀ ਨਵਾਂ ਪਾਤਸ਼ਾਹ ਹਾਂ, ਤਾਂ ਕਿਸੇ ਨੂੰ ਵੀ ਸ਼ਹਿਰ ਵਿੱਚੋਂ ਬਾਹਰ ਜਾਕੇ ਯਿਜ਼ਰਾਏਲ ਨੂੰ ਇਹ ਖਬਰ ਨਾ ਦੇਣ ਦਿਓ।”

16 ਯੋਰਾਮ ਯਿਜ਼ਰਏਲ ਵਿੱਚ ਅਰਾਮ ਕਰ ਰਿਹਾ ਸੀ, ਤਾਂ ਯੇਹੂ ਰੱਥ ਉੱਤੇ ਚੜ੍ਹ ਕੇ ਯਿਜ਼ਰਏਲ ਨੂੰ ਗਿਆ। ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ ਵੀ ਯੋਰਾਮ ਨੂੰ ਮਿਲਣ ਲਈ ਉੱਥੇ ਆਇਆ ਹੋਇਆ ਸੀ।

17 ਯਿਜ਼ਰਏਲ ਵਿੱਚ ਬੁਰਜ ਉੱਪਰ ਇੱਕ ਦਰਬਾਨ ਪਹਿਰੇ ਤੇ ਖੜ੍ਹਾ ਸੀ ਉਸ ਨੇ ਯੇਹੂ ਨਾਲ ਲੋਕਾਂ ਦਾ ਇੱਕ ਵੱਡਾ ਟੋਲਾ ਆਉਂਦਾ ਵੇਖਿਆਂ ਤਾਂ ਆਖਿਆ, “ਮੈਨੂੰ ਲੋਕਾਂ ਦਾ ਇੱਕ ਵੱਡਾ ਟੋਲਾ ਆਉਂਦਾ ਦਿਖਾਈ ਦੇ ਰਿਹਾ ਹੈ।”

ਯੋਰਾਮ ਨੇ ਕਿਹਾ, “ਕਿਸੇ ਨੂੰ ਘੋੜੇ ਤੇ ਉਨ੍ਹਾਂ ਨੂੰ ਮਿਲਣ ਲਈ ਅਤੇ ਪੁੱਛਣ ਲਈ ਭੇਜ ਕਿ ਜੇਕਰ ਉਹ ਸ਼ਾਂਤੀ ਲਈ ਆਏ ਹਨ?”

18 ਸੋ ਇੱਕ ਘੁੜਸਵਾਰ ਉਸ ਨੂੰ ਮਿਲਣ ਲਈ ਗਿਆ। ਸੰਦੇਸ਼ਵਾਹਕ ਨੇ ਕਿਹਾ, “ਯੋਰਾਮ ਪਾਤਸ਼ਾਹ ਪੁੱਛਦਾ ਹੈ ਸਭ ਸੁੱਖ ਤਾਂ ਹੈ?”

ਯੇਹੂ ਨੇ ਕਿਹਾ, “ਤੈਨੂੰ ਸ਼ਾਂਤੀ ਨਾਲ ਕੀ? ਮੇਰੇ ਪਿੱਛੇ ਚੱਲਦਾ ਆ।”

ਦਰਬਾਨ ਨੇ ਯੋਰਾਮ ਨੂੰ ਕਿਹਾ, “ਸੰਦੇਸ਼ਵਾਹਕ ਉਸ ਜੱਥੇ ਕੋਲ ਤਾਂ ਗਿਆ ਸੀ ਪਰ ਅਜੇ ਤੀਕ ਮੁੜਿਆ ਨਹੀਂ।”

19 ਤਦ ਯੋਰਾਮ ਨੇ ਦੂਜੇ ਸੰਦੇਸ਼ਵਾਹਕ ਨੂੰ ਘੋੜੇ ਤੇ ਭੇਜਿਆ ਅਤੇ ਇਹ ਆਦਮੀ ਯੇਹੂ ਦੇ ਜੱਥੇ ਕੋਲ ਪਹੁੰਚਿਆ ਅਤੇ ਆਖਣ ਲੱਗਾ, “ਪਾਤਸ਼ਾਹ ਯੋਰਾਮ ਪੁੱਛਦਾ ਹੈ ਕਿ ਸ਼ਾਂਤੀ ਤਾਂ ਹੈ?”

ਯੇਹੂ ਨੇ ਆਖਿਆ, “ਤੈਨੂੰ ਸ਼ਾਂਤੀ ਨਾਲ ਕੀ, ਚੱਲ ਮੇਰੇ ਪਿੱਛੇ ਚੱਲ ਪੈ।”

20 ਦਰਬਾਨ ਨੇ ਯੋਰਾਮ ਨੂੰ ਕਿਹਾ, “ਦੂਜਾ ਆਦਮੀ ਵੀ ਉਸ ਜੱਥੇ ਵੱਲ ਗਿਆ ਸੀ, ਪਰ ਅਜੇ ਤੀਕ ਮੁੜਿਆ ਨਹੀਂ। ਇੱਕ ਆਦਮੀ ਕਮਲਿਆਂ ਵਾਂਗ ਰੱਥ ਚਲਾਉਂਦਾ ਆ ਰਿਹਾ ਹੈ ਅਤੇ ਉਹ ਨਿਮਸ਼ੀ ਦੇ ਪੁੱਤਰ ਯੇਹੂ ਵਾਂਗ ਚਲਾਉਂਦਾ ਨਜ਼ਰ ਆ ਰਿਹਾ ਹੈ।”

21 ਯੋਰਾਮ ਨੇ ਆਖਿਆ, “ਮੇਰਾ ਰੱਥ ਤਿਆਰ ਕਰ!”

ਤਾਂ ਸੇਵਕ ਨੇ ਉਸਦਾ ਰੱਥ ਤਿਆਰ ਕੀਤਾ। ਤਦ ਇਸਰਾਏਲ ਦਾ ਪਾਤਸ਼ਾਹ ਯੋਰਾਮ ਅਤੇ ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ ਆਪਣੇ-ਆਪਣੇ ਰੱਥ ਉੱਪਰ ਨਿਕਲੇ ਅਤੇ ਯੇਹੂ ਨੂੰ ਮਿਲਣ ਲਈ ਗਏ। ਉਨ੍ਹਾਂ ਨੂੰ ਯੇਹੂ ਨੂੰ ਯਿਜ਼ਰਏਲੀ ਨਬੋਥ ਦੀ ਜ਼ਮੀਨ ਉੱਪਰ ਲੱਭ ਲਿਆ।

22 ਯੋਰਾਮ ਨੇ ਯੇਹੂ ਨੂੰ ਵੇਖਿਆ ਤਾਂ ਪੁੱਛਿਆ, “ਯੇਹੂ, ਕੀ ਤੂੰ ਸੁੱਖ-ਸ਼ਾਂਤੀ ਵਿੱਚ ਆਇਆ ਹੈਂ?”

ਯੇਹੂ ਨੇ ਆਖਿਆ, “ਜਦੋਂ ਤੇਰੀ ਮਾਂ ਈਜ਼ਬਲ ਦੀਆਂ ਵੇਸ਼ਵਾਗਿਰੀ ਅਤੇ ਜਾਦੂਗਰੀਆਂ ਇੰਨੀਆਂ ਵਧੀਆਂ ਹੋਣ ਤਾਂ ਸ਼ਾਂਤੀ ਕੈਸੀ?”

23 ਤਦ ਯੋਰਾਮ ਨੇ ਉੱਥੋਂ ਭੱਜਣ ਲਈ ਆਪਣੇ ਘੋੜੇ ਦੀਆਂ ਵਾਗਾਂ ਮੋੜੀਆਂ ਅਤੇ ਅਹਜ਼ਯਾਹ ਨੂੰ ਆਖਿਆ, “ਅਹਜ਼ਯਾਹ! ਵਿਸ਼ਵਾਸ ਘਾਤ ਹੈ।”

24 ਪਰ ਯੇਹੂ ਨੇ ਆਪਣੇ ਧਨੁੱਖ ਜ਼ੋਰ ਨਾਲ ਖਿਚਿਆ ਅਤੇ ਯੋਰਾਮ ਦੇ ਮੋਢਿਆਂ ਵਿੱਚਕਾਰ ਮਾਰਿਆ। ਤੀਰ ਯੋਰਾਮ ਦੇ ਦਿਲ ਨੂੰ ਵਿੰਨ੍ਹ ਕੇ ਨਿਕਲਿਆ ਅਤੇ ਯੋਰਾਮ ਆਪਣੇ ਰੱਥ ਤੇ ਹੀ ਢਹਿ-ਢੇਰੀ ਹੋ ਗਿਆ।

25 ਯੇਹੂ ਨੇ ਆਪਣੇ ਇੱਕ ਰੱਥ ਚਾਲਕ ਬਿਦਕਰ ਨੂੰ ਆਖਿਆ, “ਯੋਰਾਮ ਦੀ ਲੋਥ ਨੂੰ ਚੁਕ ਕੇ ਨਬੋਥ ਯਿਜ਼ਰਏਲੀ ਦੇ ਖੇਤ ਵਿੱਚ ਸੁੱਟ ਦੇ। ਯਾਦ ਕਰ, ਜਦੋਂ ਆਪਾਂ ਦੋਵੇਂ ਉਸ ਦੇ ਪਿਤਾ ਅਹਾਬ ਦੇ ਪਿੱਛੇ ਸਵਾਰ ਹੋਏ ਸਾਂ ਤਾਂ ਯਹੋਵਾਹ ਨੇ ਉਸ ਦੇ ਖਿਲਾਫ਼ ਇਸੇ ਨਿਆਂ ਦਾ ਹੁਕਮ ਲਗਾਇਆ ਸੀ। 26 ਯਹੋਵਾਹ ਨੇ ਆਖਿਆ, ‘ਕੱਲ ਹੀ ਮੈਂ ਨਬੋਥ ਅਤੇ ਉਸ ਦੇ ਪੁੱਤਰ ਦਾ ਲਹੂ ਵੇਖਿਆ ਹੈ, ਇਸ ਲਈ ਮੈਂ ਅਹਾਬ ਨੂੰ ਇਸੇ ਖੇਤ ਵਿੱਚ ਦੰਡ ਦੇਵਾਂਗਾ।’ ਇਹ ਯਹੋਵਾਹ ਦੇ ਬਚਨ ਸਨ। ਇਸ ਲਈ, ਯੋਰਾਮ ਦੀ ਲਾਸ਼ ਚੁੱਕ ਅਤੇ ਯਹੋਵਾਹ ਦੇ ਕਹੇ ਅਨੁਸਾਰ ਇਸ ਨੂੰ ਉਸੇ ਖੇਤ ਵਿੱਚ ਸੁੱਟ ਦੇ!”

27 ਜਦ ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਨੇ ਇਹ ਵੇਖਿਆ ਤਾਂ ਉਸ ਨੇ ਬਰਾਂਦਰੀ ਦੇ ਰਸਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਯੇਹੂ ਨੇ ਉਸਦਾ ਪਿੱਛਾ ਕੀਤਾ ਅਤੇ ਕਿਹਾ, “ਅਹਜ਼ਯਾਹ ਨੂੰ ਵੀ ਮਾਰ ਸੁੱਟੋ।”

ਅਹਜ਼ਯਾਹ ਵੀ ਜ਼ਖਮੀ ਹੋ ਗਿਆ ਜਦੋਂ ਉਹ ਗੂਰ ਦੇ ਰਸਤੇ ਜੋ ਯਿਬਲਾਮ ਦੇ ਨਾਲ ਹੀ ਹੈ ਵੱਲ ਨੂੰ ਵੱਧਿਆ ਸੀ। ਫ਼ਿਰ ਜਦੋਂ ਉਹ ਉੱਥੋਂ ਮਗਿੱਦੋ ਵੱਲ ਭਜਿਆ ਤਾਂ ਉੱਥੇ ਹੀ ਮਰ ਗਿਆ। 28 ਤਾਂ ਅਹਜ਼ਯਾਹ ਦੇ ਸੇਵਕਾਂ ਨੇ ਅਹਜ਼ਯਾਹ ਦੀ ਲਾਸ਼ ਨੂੰ ਰੱਥ ਵਿੱਚ ਪਾ ਕੇ ਯਰੂਸ਼ਲਮ ਨੂੰ ਲਿਆਂਦਾ ਅਤੇ ਉਸ ਨੂੰ ਉਸ ਦੇ ਪੁਰਖਿਆਂ ਦੀ ਕਬਰ ਦੇ ਨਾਲ ਦਾਊਦ ਦੇ ਸ਼ਹਿਰ ਵਿੱਚ ਹੀ ਦਫ਼ਨਾਇਆ।

29 ਅਹਜ਼ਯਾਹ, ਇਸਰਾਏਲ ਦੇ ਪਾਤਸ਼ਾਹ ਯੋਰਾਮ ਦੇ ਗਿਆਰ੍ਹਵੇਂ ਵਰ੍ਹੇ ਦੌਰਾਨ ਯਹੂਦਾਹ ਦਾ ਪਾਤਸ਼ਾਹ ਬਣ ਗਿਆ।

ਈਜ਼ਬਲ ਦੀ ਭਿਆਨਕ ਮੌਤ

30 ਜਦੋਂ ਯੇਹੂ ਯਿਜ਼ਰਏਲ ਵਿੱਚ ਗਿਆ ਤਾਂ ਈਜ਼ਬਲ ਨੇ ਜਦ ਉਸ ਦੇ ਆਉਣ ਦੀ ਖਬਰ ਸੁਣੀ ਤਾਂ ਉਸ ਨੇ ਆਪਣੀਆਂ ਅੱਖਾਂ ਕਜਲ ਪਾਇਆ ਅਤੇ ਆਪਣੇ ਵਾਲਾਂ ਨੂੰ ਸੁਆਰ ਕੇ ਬਾਰੀ ਵਿੱਚੋਂ ਝਾਕਣ ਲਗੀ। 31 ਜਦੋਂ ਯੇਹੂ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਉਸ ਨੇ ਆਖਿਆ, “ਜਿਮਰੀ [a] ਤੂੰ, ਜਿਸਨੇ ਆਪਣੇ ਹੀ ਸੁਆਮੀ ਨੂੰ ਮਾਰ ਦਿੱਤਾ, ਕੀ ਤੂੰ ਅਮਨ ਲਈ ਆਇਆ ਹੈਂ।”

32 ਯੇਹੂ ਨੇ ਬਾਰੀ ਵੱਲ ਤੱਕਿਆ ਅਤੇ ਆਖਿਆ, “ਕੌਣ ਹੈ ਮੇਰੇ ਵੱਲ? ਕੌਣ ਹੈ?”

ਤਦ ਯੇਹੂ ਵੱਲ ਬਾਰੀ ਵਿੱਚੋਂ ਦੋ-ਤਿੰਨ ਖੋਜਿਆਂ ਨੇ ਝਾਕਿਆ। 33 ਯੇਹੂ ਨੇ ਉਨ੍ਹਾਂ ਨੂੰ ਆਖਿਆ, “ਈਜ਼ਬਲ ਨੂੰ ਹੇਠਾਂ ਸੁੱਟ ਦੇਵੋ।”

ਤਦ ਖੋਜਿਆਂ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ ਅਤੇ ਉਸ ਦੇ ਖੂਨ ਦੇ ਛਿੱਟੇ ਕੰਧਾਂ ਅਤੇ ਘੋੜਿਆਂ ਉੱਪਰ ਪੈ ਗਏ। ਫ਼ੇਰ ਉਸ ਦੇ ਸ਼ਰੀਰ ਨੂੰ ਘੋੜਿਆਂ ਨੇ ਲਿਤਾੜ ਸੁੱਟਿਆ। 34 ਤ੍ਦ ਯੇਹੂ ਘਰ ਅੰਦਰ ਪ੍ਰਵੇਸ਼ ਕੀਤਾ ਤੇ ਅੰਦਰ ਜਾਕੇ ਖਾਧਾ-ਪੀਤਾ। ਫ਼ਿਰ ਉਸ ਨੇ ਕਿਹਾ, “ਵੇਖੋ ਇਸ ਸਰਾਪੀ ਔਰਤ ਵੱਲ ਅਤੇ ਇਸ ਨੂੰ ਦੱਬ ਦੇਵੋ ਕਿਉਂ ਕਿ ਇਹ ਪਾਤਸ਼ਾਹ ਦੀ ਧੀ ਹੈ।”

35 ਫ਼ਿਰ ਕੁਝ ਆਦਮੀ ਈਜ਼ਬਲ ਨੂੰ ਦਫ਼ਨਾਉਣ ਗਏ ਪਰ ਉਨ੍ਹਾਂ ਨੂੰ ਉਸਦੀ ਲਾਸ਼ ਹੀ ਨਾ ਲੱਭੀ। ਉਨ੍ਹਾਂ ਨੂੰ ਸਿਰਫ਼ ਉਸਦੀ ਖੋਪੜੀ, ਪੈਰ ਤੇ ਹੱਥਾਂ ਦੀਆਂ ਤਲੀਆਂ ਹੀ ਲੱਭੀਆਂ। 36 ਤਦ ਉਨ੍ਹਾਂ ਨੇ ਵਾਪਸ ਆਕੇ ਯੇਹੂ ਨੂੰ ਦੱਸਿਆ ਤਾਂ ਯੇਹੂ ਨੇ ਆਖਿਆ, “ਇਹ ਯਹੋਵਾਹ ਦੇ ਉਹੀ ਬਚਨ ਹਨ ਜਿਹੜੇ ਉਸ ਨੇ ਆਪਣੇ ਸੇਵਕ ਏਲੀਯਾਹ ਤਿਬਸ਼ੀ ਦੇ ਰਾਹੀਂ ਆਖੇ ਸਨ ਕਿ ਯਿਜ਼ਰਏਲ ਦੇ ਖੇਤਾਂ ਵਿੱਚ ਕੁੱਤੇ ਈਜ਼ਬਲ ਦਾ ਸ਼ਰੀਰ ਖਾਣਗੇ। 37 ਈਜ਼ਬਲ ਦੀ ਲਾਸ਼ ਯਿਜ਼ਰਏਲ ਦੇ ਖੇਤਾਂ ਵਿੱਚ ਪਈ ਇੰਝ ਖਾਦ ਬਣ ਜਾਵੇਗੀ ਕਿ ਕੋਈ ਵੀ ਇਹ ਨਾ ਪਛਾਣ ਸੱਕੇਗਾ ਕਿ ਇਹ ਉਸ ਦੀ ਲੋਥ ਹੈ।”

ਯੂਹੰਨਾ 1:1-28

ਯਿਸੂ ਦਾ ਸੰਸਾਰ ਵਿੱਚ ਆਉਣਾ

ਸੰਸਾਰ ਦੇ ਆਦਿ ਤੋਂ ਪਹਿਲਾਂ ਸ਼ਬਦ [a] ਸੀ। ਸ਼ਬਦ ਪਰਮੇਸ਼ੁਰ ਦੇ ਸੰਗ ਸੀ। ਅਤੇ ਸ਼ਬਦ ਪਰਮੇਸ਼ੁਰ ਸੀ। ਉਹ ਆਦਿ ਵਿੱਚ ਪਰਮੇਸ਼ੁਰ ਦੇ ਸੰਗ ਸੀ। ਸਭ ਕੁਝ ਉਸ ਦੇ ਰਾਹੀਂ ਸਾਜਿਆ ਗਿਆ ਸੀ। ਉਸਤੋਂ ਬਿਨਾ ਕੁਝ ਵੀ ਨਹੀਂ ਸੀ ਰਚਿਆ ਗਿਆ। ਉਸ ਵਿੱਚ ਜੀਵਨ ਸੀ। ਉਹ ਜੀਵਨ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਸੀ। ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਤੇ ਹਨੇਰੇ ਨੇ ਕਦੇ ਵੀ ਇਸ ਨੂੰ ਨਹੀਂ ਬੁਝਾਇਆ।

ਇੱਕ ਆਦਮੀ ਸੀ ਜਿਸਦਾ ਨਾਮ ਯੂਹੰਨਾ ਸੀ ਉਸ ਨੂੰ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਸੀ। ਯੂਹੰਨਾ, ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਆਇਆ। ਤਾਂ ਜੋ ਯੂਹੰਨਾ ਰਾਹੀਂ ਸਾਰੇ ਲੋਕ ਚਾਨਣ ਤੇ ਵਿਸ਼ਵਾਸ ਕਰ ਸੱਕਣ। ਯੂਹੰਨਾ ਖੁਦ ਉਹ ਚਾਨਣ ਨਹੀਂ ਸੀ। ਪਰ ਯੂਹੰਨਾ ਲੋਕਾਂ ਨੂੰ ਚਾਨਣ ਬਾਰੇ ਸਾਖੀ ਦੇਣ ਲਈ ਆਇਆ ਸੀ। ਅਸਲ ਚਾਨਣ ਦੁਨੀਆਂ ਵਿੱਚ ਆਉਣ ਵਾਲਾ ਸੀ। ਇਹ ਅਸਲ ਚਾਨਣ ਸੀ ਜੋ ਸਾਰੇ ਮਨੁੱਖਾਂ ਨੂੰ ਉਜਾਲਾ ਦਿੰਦਾ ਹੈ।

10 ਸ਼ਬਦ ਪਹਿਲਾਂ ਤੋਂ ਹੀ ਸੰਸਾਰ ਵਿੱਚ ਸੀ। ਉਸ ਰਾਹੀਂ ਸੰਸਾਰ ਰਚਿਆ ਗਿਆ ਸੀ। ਪਰ ਸੰਸਾਰ ਨੇ ਉਸ ਨੂੰ ਨਹੀਂ ਪਛਾਣਿਆ। 11 ਉਹ ਆਪਣੇ ਘਰ ਵਿੱਚ ਆਇਆ ਸੀ, ਪਰ ਉਸ ਦੇ ਆਪਣੇ ਹੀ ਲੋਕਾਂ ਨੇ ਉਸ ਨੂੰ ਕਬੂਲ ਨਾ ਕੀਤਾ। 12 ਕੁਝ ਲੋਕਾਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਵਿੱਚ ਵਿਸ਼ਵਾਸ ਕੀਤਾ, ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬੱਚੇ ਹੋਣ ਦਾ ਹੱਕ ਦਿੱਤਾ। 13 ਨਾ ਹੀ ਉਹ ਮਨੁੱਖਾਂ ਦੇ ਕੁਦਰਤੀ ਤਰੀਕੇ ਵਾਂਗ, ਨਾ ਹੀ ਸ਼ਰੀਰਕ ਇੱਛਾ ਨਾਲ, ਅਤੇ ਨਾ ਹੀ ਉਨ੍ਹਾਂ ਦੇ ਮਾਪਿਆਂ ਦੀ ਵਿਉਂਤ ਨਾਲ, ਜਨਮੇ ਸਨ। ਉਹ ਪਰਮੇਸ਼ੁਰ ਤੋਂ ਜਨਮੇ ਸਨ।

14 ਸ਼ਬਦ ਮਨੁੱਖ ਬਣ ਗਿਆ ਅਤੇ ਸਾਡੇ ਵਿੱਚ ਰਿਹਾ। ਅਸੀਂ ਉਸਦੀ ਮਹਿਮਾ ਦੇਖੀ। ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਨਾਲ ਸੰਬੰਧਿਤ ਹੈ। ਇਹ ਸ਼ਬਦ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ। 15 ਯੂਹੰਨਾ ਨੇ ਲੋਕਾਂ ਨੂੰ ਉਸ ਦੇ ਬਾਰੇ ਦੱਸਿਆ ਅਤੇ ਆਖਿਆ, “ਇਹੀ ਉਹ ਹੈ ਜਿਸ ਬਾਰੇ ਮੈਂ ਦੱਸ ਰਿਹਾ ਸੀ। ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਇੱਕ, ‘ਜਿਹੜਾ ਮੇਰੇ ਬਾਦ ਆਵੇਗਾ, ਉਹ ਮੈਥੋਂ ਵੀ ਮਹਾਨ ਹੈ। ਉਹ ਮੈਥੋਂ ਵੀ ਪਹਿਲਾਂ ਰਹਿ ਰਿਹਾ ਸੀ।’”

16 ਉਹ ਸ਼ਬਦ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ। ਅਸੀਂ ਉਸਤੋਂ ਵੱਧ ਤੋਂ ਵੱਧ ਅਸੀਸਾਂ ਪ੍ਰਾਪਤ ਕੀਤੀਆਂ। 17 ਸ਼ਰ੍ਹਾ ਮੂਸਾ ਰਾਹੀਂ ਦਿੱਤੀ ਗਈ ਸੀ ਪਰ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਰਾਹੀਂ ਆਈ। 18 ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਪਰ ਉਹ ਇੱਕਲੌਤਾ ਪੁੱਤਰ, ਜੋ ਪਿਤਾ ਦੇ ਸੱਜੇ ਪਾਸੇ ਹੈ ਪਰਮੇਸ਼ੁਰ ਹੈ ਅਤੇ ਉਸ ਨੇ ਸਾਨੂੰ ਵਿਖਾਇਆ ਹੈ ਕਿ ਕੌਣ ਪਰਮੇਸ਼ੁਰ ਹੈ।

ਯੂਹੰਨਾ ਲੋਕਾਂ ਨੂੰ ਯਿਸੂ ਬਾਰੇ ਦੱਸਦਾ ਹੈ(A)

19 ਯਰੂਸ਼ਲਮ ਦੇ ਯਹੂਦੀਆਂ ਨੇ ਕੁਝ ਜਾਜਕਾਂ ਤੇ ਲੇਵੀਆਂ ਨੂੰ ਯੂਹੰਨਾ ਕੋਲ ਭੇਜਿਆ। ਯਹੂਦੀਆਂ ਨੇ ਉਨ੍ਹਾਂ ਨੂੰ ਇਹ ਪੁੱਛਣ ਲਈ ਭੇਜਿਆ, “ਤੂੰ ਕੌਣ ਹੈਂ।” 20 ਯੂਹੰਨਾ ਖੁਲ੍ਹ ਕੇ ਬੋਲਿਆ ਉਸ ਨੇ ਉੱਤਰ ਦੇਣ ਤੋਂ ਇਨਕਾਰ ਨਾ ਕੀਤਾ। ਉਸ ਨੇ ਸਾਫ਼-ਸਾਫ਼ ਆਖਿਆ, “ਮੈਂ ਮਸੀਹ ਨਹੀਂ ਹਾਂ।”

21 ਯਹੂਦੀਆਂ ਨੇ ਯੂਹੰਨਾ ਨੂੰ ਪੁੱਛਿਆ, “ਫਿਰ ਤੂੰ ਕੌਣ ਹੈ? ਕੀ ਤੂੰ ਏਲੀਯਾਹ ਹੈ?”

ਯੂਹੰਨਾ ਨੇ ਜਵਾਬ ਦਿੱਤਾ, “ਨਹੀਂ ਮੈਂ ਏਲੀਯਾਹ ਨਹੀਂ ਹਾਂ।”

ਯਹੂਦੀਆਂ ਨੇ ਪੁੱਛਿਆ, “ਕੀ ਤੂੰ ਨਬੀ ਹੈ?”

ਯੂਹੰਨਾ ਨੇ ਜਵਾਬ ਦਿੱਤਾ, “ਨਹੀਂ, ਮੈਂ ਇੱਕ ਨਬੀ ਨਹੀਂ ਹਾਂ।”

22 ਤਾਂ ਯਹੂਦੀਆਂ ਨੇ ਪੁੱਛਿਆ, “ਫਿਰ ਤੂੰ ਕੌਣ ਹੈਂ? ਸਾਨੂੰ ਆਪਣੇ ਬਾਰੇ ਦੱਸ। ਸਾਨੂੰ ਜਵਾਬ ਦੇ ਤਾਂ ਕਿ ਅਸੀਂ ਉਨ੍ਹਾਂ ਨੂੰ ਦੱਸ ਸੱਕੀਏ ਜਿਨ੍ਹਾਂ ਨੇ ਸਾਨੂੰ ਭੇਜਿਆ ਹੈ। ਤੂੰ ਆਪਣੇ ਬਾਰੇ ਕੀ ਆਖਦਾ ਹੈਂ?”

23 ਯੂਹੰਨਾ ਨੇ ਉਨ੍ਹਾਂ ਨੂੰ ਨਬੀ ਯਸਾਯਾਹ ਦੇ ਸ਼ਬਦ ਆਖੇ:

“ਮੈਂ ਉਜਾੜ ਵਿੱਚ ਹੋਕਾ ਦੇਣ ਵਾਲੇ ਬੰਦੇ ਦੀ ਅਵਾਜ਼ ਹਾਂ:
    ‘ਪ੍ਰਭੂ ਲਈ ਸਿੱਧਾ ਰਾਹ ਤਿਆਰ ਕਰੋ।’” (B)

24 ਇਹ ਯਹੂਦੀ ਫ਼ਰੀਸੀਆਂ ਵੱਲੋਂ ਭੇਜੇ ਹੋਏ ਸਨ। 25 ਉਨ੍ਹਾਂ ਨੇ ਉਸ ਨੂੰ ਪੁੱਛਿਆ, “ਤੂੰ ਆਖਦਾ ਹੈਂ ਕਿ ਤੂੰ ਮਸੀਹ ਨਹੀਂ ਹੈ। ਤੂੰ ਆਖਦਾ ਹੈਂ ਕਿ ਤੂੰ ਏਲੀਯਾਹ ਨਹੀਂ ਹੈ ਅਤੇ ਨਾ ਹੀ ਨਬੀ। ਫਿਰ ਤੂੰ ਲੋਕਾਂ ਨੂੰ ਬਪਤਿਸਮਾ ਕਿਉਂ ਦਿੰਦਾ ਹੈ?”

26 ਯੂਹੰਨਾ ਨੇ ਉੱਤਰ ਦਿੱਤਾ, “ਮੈਂ ਲੋਕਾਂ ਨੂੰ ਜਲ ਨਾਲ ਬਪਤਿਸਮਾ ਦਿੰਦਾ ਹਾਂ ਪਰ ਕੋਈ ਇੱਕ ਹੈ ਜੋ ਤੁਹਾਡੇ ਵਿੱਚ ਖੜ੍ਹਾ ਹੁੰਦਾ ਹੈ ਜਿਸ ਨੂੰ ਤੁਸੀਂ ਨਹੀ ਪਛਾਣਦੇ। 27 ਉਹ ਉਹੀ ਹੈ ਜੋ ਮੇਰੇ ਮਗਰੋਂ ਆਵੇਗਾ। ਮੈਂ ਉਸਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।”

28 ਇਹ ਸਭ ਗੱਲਾਂ ਬੈਤਅਨੀਆਂ ਵਿੱਚ ਯਰਦਨ ਦਰਿਆ ਦੇ ਪਾਰ ਹੋਈਆਂ। ਉੱਥੇ ਯੂਹੰਨਾ ਲੋਕਾਂ ਨੂੰ ਬਪਤਿਸਮਾ ਦਿੰਦਾ ਸੀ।

Punjabi Bible: Easy-to-Read Version (ERV-PA)

2010 by World Bible Translation Center