Old/New Testament
ਅਜ਼ਰਯਾਹ ਦਾ ਯਹੂਦਾਹ ਤੇ ਰਾਜ
15 ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ 27ਵਰ੍ਹੇ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦਾ ਪੁੱਤਰ ਅਜ਼ਰਯਾਹ ਰਾਜ ਕਰਨ ਲੱਗਾ। 2 ਅਜ਼ਰਯਾਹ ਨੇ ਜਦੋਂ ਰਾਜ ਸੰਭਾਲਿਆ ਤਦ ਉਹ 16ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ 52 ਵਰ੍ਹੇ ਰਾਜ ਕੀਤਾ ਉਸ ਦੀ ਮਾਂ ਦਾ ਨਾਂ ਯਕਾਲਯਾਹ ਸੀ ਜੋ ਯਰੂਸ਼ਲਮ ਦੀ ਸੀ। 3 ਜੋ ਕੁਝ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਜ਼ਰਯਾਹ ਨੇ ਉਹੀ ਕੁਝ ਕੀਤਾ ਜਿਵੇਂ ਉਸ ਦੇ ਪਿਤਾ ਅਮਸਯਾਹ ਨੇ ਵੀ ਕੀਤਾ ਸੀ। ਅਜ਼ਰਯਾਹ ਆਪਣੇ ਪਿਤਾ ਅਮਸਯਾਹ ਦੇ ਨਕਸ਼ੇ ਕਦਮ ਤੇ ਚੱਲਿਆ। 4 ਪਰ ਇਸਨੇ ਵੀ ਉੱਚੀਆਂ ਥਾਵਾਂ ਨੂੰ ਨਾ ਢਾਹਿਆ। ਲੋਕ ਅਜੇ ਵੀ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ।
5 ਯਹੋਵਾਹ ਨੇ ਅਜ਼ਰਯਾਹ ਪਾਤਸ਼ਾਹ ਨੂੰ ਅਜਿਹਾ ਮਾਰਿਆ ਕਿ ਉਹ ਆਪਣੇ ਮਰਨ ਕਾਲ ਤੀਕ ਕੋੜ੍ਹੀ ਰਿਹਾ। ਉਹ ਇੱਕ ਅਲੱਗ ਘਰ ਵਿੱਚ ਰਹਿੰਦਾ ਅਤੇ ਪਾਤਸ਼ਾਹ ਦਾ ਪੁੱਤਰ ਯੋਥਾਮ ਘਰ ਦੀ ਦੇਖਭਾਲ ਅਤੇ ਲੋਕਾਂ ਦਾ ਨਿਆਉਂ ਕਰਦਾ ਸੀ।
6 ਅਜ਼ਰਯਾਹ ਨੇ ਵੀ ਜੋ ਮਹਾਨ ਕਾਰਜ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਗਿਆ। 7 ਜਦੋਂ ਅਜ਼ਰਯਾਹ ਦੀ ਮੌਤ ਹੋਈ ਤਾਂ ਉਸ ਨੂੰ ਦਾਊਦ ਦੇ ਸ਼ਹਿਰ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਅਤੇ ਉਸ ਦੇ ਮਰਨ ਉਪਰੰਤ ਉਸਦਾ ਪੁੱਤਰ ਯੋਥਾਮ ਨਵਾਂ ਪਾਤਸ਼ਾਹ ਬਣਿਆ।
ਇਸਰਾਏਲ ਉੱਪਰ ਜ਼ਕਰਯਾਹ ਦਾ ਥੋੜੀ ਦੇਰ ਰਾਜ ਕਰਨਾ
8 ਯਾਰਾਬੁਆਮ ਦੇ ਪੁੱਤਰ ਜ਼ਕਰਯਾਹ ਨੇ ਸਾਮਰਿਯਾ ਵਿੱਚ ਇਸਰਾਏਲ ਉੱਪਰ ਛੇ ਮਹੀਨਿਆਂ ਲਈ ਰਾਜ ਕੀਤਾ। ਉਸ ਨੇ ਅਜ਼ਰਯਾਹ ਦੇ ਯਹੂਦਾਹ ਵਿੱਚ 38ਵੇਂ ਵਰ੍ਹੇ ਵਿੱਚ ਰਾਜ ਕਰਨਾ ਸ਼ੁਰੂ ਕੀਤਾ। 9 ਜ਼ਕਰਯਾਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਮਾੜੇ ਸਨ। ਉਸ ਨੇ ਵੀ ਆਪਣੇ ਪੁਰਖਿਆਂ ਵਾਂਗ ਗ਼ਲਤ ਕੰਮ ਕੀਤੇ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
10 ਤਦ ਯਾਬੇਸ਼ ਦੇ ਪੁੱਤਰ ਸ਼ੱਲੁਮ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਉਸ ਨੇ ਉਸ ਨੂੰ ਹੇਠਾਂ ਧੱਕ ਦਿੱਤਾ ਅਤੇ ਉਸ ਨੂੰ ਖੁਲੇਆਮ ਮਾਰਕੇ ਉਸਦੀ ਥਾਵੇਂ ਖੁਦ ਰਾਜ ਕਰਨ ਲੱਗ ਪਿਆ। 11 ਜ਼ਕਰਯਾਹ ਨੇ ਹੋਰ ਜੋ ਵੀ ਕਾਰਜ ਕੀਤੇ ਉਹ ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ 12 ਇਸ ਤਰ੍ਹਾਂ ਯਹੋਵਾਹ ਦੇ ਬਚਨ ਸੱਚ ਹੋਏ। ਯਹੋਵਾਹ ਨੇ ਯੇਹੂ ਨੂੰ ਆਖਿਆ ਸੀ ਕਿ ਉਸਦੀਆਂ ਚਾਰ ਪੀੜੀਆਂ ਇਸਰਾਏਲ ਦੀ ਰਾਜ ਗੱਦੀ ਉੱਪਰ ਬੈਠਣਗੀਆਂ।
ਇਸਰਾਏਲ ਉੱਪਰ ਸ਼ੱਲੁਮ ਦਾ ਥੋੜੀ ਦੇਰ ਰਾਜ ਕਰਨਾ
13 ਯਹੂਦਾਹ ਦੇ ਪਾਤਸ਼ਾਹ ਉਜ਼ੀਯਾਹ ਦੇ 39ਵਰ੍ਹੇ ਯਾਬੇਸ਼ ਦਾ ਪੁੱਤਰ ਸ਼ੱਲੁਮ ਰਾਜ ਕਰਨ ਲੱਗਾ ਅਤੇ ਉਸ ਨੇ ਸਾਮਰਿਯਾ ਵਿੱਚ ਇੱਕ ਮਹੀਨਾ ਰਾਜ ਕੀਤਾ।
14 ਤਦ ਗਾਦੀ ਦਾ ਪੁੱਤਰ ਮਨਹੇਮ ਤਿਰਸਾਹ ਤੋਂ ਆਇਆ ਅਤੇ ਸਾਮਰਿਯਾ ਵਿੱਚ ਵੜ ਗਿਆ। ਮਨਹੇਮ ਨੇ ਯਾਬੇਸ਼ ਦੇ ਪੁੱਤਰ ਸ਼ੱਲੁਮ ਨੂੰ ਮਾਰ ਸੁੱਟਿਆ ਅਤੇ ਉਸ ਨੂੰ ਮਾਰਨ ਬਾਅਦ ਉਹ ਆਪ ਪਾਤਸ਼ਾਹ ਬਣ ਗਿਆ।
15 ਸ਼ੱਲੁਮ ਦੀ ਬਾਕੀ ਸਾਰੀ ਵਾਰਤਾ ਅਤੇ ਜੋ ਮਤਾ ਉਸ ਨੇ ਜ਼ਕਰਯਾਹ ਦੇ ਵਿਰੁੱਧ ਬਣਾਇਆ ਉਹ ਸਭ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹੈ।
ਮਨਹੇਮ ਦਾ ਇਸਰਾਏਲ ਉੱਪਰ ਰਾਜ
16 ਸ਼ੱਲੁਮ ਦੀ ਮੌਤ ਤੋਂ ਬਾਅਦ, ਮਨਹੇਮ ਨੇ ਤਿਫ਼ਸਾਹ, ਜੋ ਸ਼ਹਿਰ ਵਿੱਚ ਸਨ ਅਤੇ ਇਸਦੇ ਆਸ-ਪਾਸ ਦੇ ਖੇਤਾਂ ਉੱਤੇ ਹਮਲਾ ਕਰ ਦਿੱਤਾ, ਕਿਉਂ ਕਿ ਲੋਕਾ ਨੇ ਉਸਦੀ ਖਾਤਰ ਸ਼ਹਿਰ ਦੇ ਫ਼ਾਟਕ ਨਹੀਂ ਖੋਲ੍ਹੇ, ਉਸ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਤਿਫ਼ਸਾਹ ਦੀਆਂ ਸਾਰੀਆਂ ਗਰਭਵਤੀ ਔਰਤਾਂ ਚੀਰ ਦਿੱਤੀਆਂ।
17 ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ 39ਵਰ੍ਹੇ ਗਾਦੀ ਦਾ ਪੁੱਤਰ ਮਨਹੇਮ ਇਸਰਾਏਲ ਉੱਪਰ ਰਾਜ ਕਰਨ ਲੱਗਾ। ਉਸ ਨੇ ਸਾਮਰਿਯਾ ਵਿੱਚ 10 ਵਰ੍ਹੇ ਰਾਜ ਕੀਤਾ। 18 ਮਨਹੇਮ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਮਾੜਾ ਸੀ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਸਾਰੀ ਉਮਰ ਭਰ ਮੂੰਹ ਨਾ ਮੋੜਿਆ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
19 ਅੱਸ਼ੂਰ ਦਾ ਪਾਤਸ਼ਾਹ ਪੂਲ ਇਸਰਾਏਲ ਉੱਪਰ ਹਮਲਾ ਕਰਨ ਲਈ ਆਇਆ, ਤਾਂ ਮਨਹੇਮ ਨੇ ਪੂਲ ਨੂੰ 34,000 ਕਿਲੋ ਚਾਂਦੀ ਦਿੱਤੀ ਤਾਂ ਜੋ ਉਹ ਉਸਦੀ ਮਦਦ ਕਰੇ ਅਤੇ ਮਨਹੇਮ ਦਾ ਉਸ ਦੇ ਰਾਜ ਉੱਤੇ ਪਕੜ ਮਜਬੂਤ ਕਰ ਦੇਵੇ। 20 ਮਨਹੇਮ ਨੇ ਉਹ ਚਾਂਦੀ ਸਾਰੇ ਅਮੀਰ ਆਦਮੀਆਂ ਕੋਲੋਂ ਇਕੱਠੀ ਕਰ ਲਈ ਹਰ ਇੱਕ ਆਦਮੀ ਕੋਲੋਂ, ਉਸ ਨੇ 50 ਸ਼ੈਕਲ ਚਾਂਦੀ ਲਈ। ਤਾਂ ਕਿ ਉਹ ਇਹ ਪੈਸਾ ਅੱਸ਼ੂਰ ਦੇ ਪਾਤਸ਼ਾਹ ਨੂੰ ਦੇ ਸੱਕੇ। ਫੇਰ ਅੱਸ਼ੂਰ ਦਾ ਰਾਜਾ ਵਾਪਸ ਆਪਣੀ ਧਰਤੀ ਵੱਲ ਮੁੜਿਆ ਅਤੇ ਇਸਰਾਏਲ ਦੀ ਧਰਤੀ ਵਿੱਚ ਨਾ ਰਿਹਾ।
21 ਮਨਹੇਮ ਨੇ ਜੋ ਵੀ ਮਹਾਨ ਕਾਰਜ ਕੀਤੇ ਉਹ ਇਸਰਾਏਲ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਗਏ। 22 ਮਨਹੇਮ ਮਰ ਗਿਆ ਤਾਂ ਉਸ ਨੂੰ ਉਸ ਦੇ ਪੁਰਖਿਆਂ ਨਾਲ ਦਫ਼ਨਾਇਆ ਗਿਆ। ਉਸ ਉਪਰੰਤ ਉਸਦਾ ਪੁੱਤਰ ਪਕਹਯਾਹ ਪਾਤਸ਼ਾਹ ਬਣਿਆ।
ਪਕਹਯਾਹ ਦਾ ਇਸਰਾਏਲ ਉੱਪਰ ਰਾਜ
23 ਯਹੂਦਾਹ ਉੱਪਰ ਪਾਤਸ਼ਾਹ ਅਜ਼ਰਯਾਹ ਦੇ 50 ਵੇਂ ਵਰ੍ਹੇ ਵਿੱਚ ਮਨਹੇਮ ਦਾ ਪੁੱਤਰ ਪਕਹਯਾਹ ਸਾਮਰਿਯਾ ਤੋਂ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ ਦੋ ਸਾਲ ਰਾਜ ਕੀਤਾ। 24 ਪਕਹਯਾਹ ਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਸਨ। ਪਕਹਯਾਹ ਵੀ ਨਬਾਟ ਦੇ ਪੁੱਤਰ ਯਾਰਾਬੁਆਮ ਵਾਂਗ ਜਿਸਨੇ ਇਸਰਾਏਲ ਤੋਂ ਪਾਪ ਕਰਵਾਇਆ, ਵਾਂਗ ਪਾਪ ਕਰਨ ਤੋਂ ਬਾਜ ਨਾ ਆਇਆ।
25 ਰਮਲਯਾਹ ਦੇ ਪੁੱਤਰ ਪਕਹ ਨੇ ਜੋ ਉਸਦੀ ਸੈਨਾ ਦਾ ਕਮਾਂਡਰ ਸੀ, ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਸਾਮਰਿਯਾ ਵਿੱਚ ਪਾਤਸ਼ਾਹ ਦੇ ਆਪਣੇ ਮਹਿਲ ਵਿੱਚ ਉਸ ਨੇ ਉਸ ਨੂੰ ਅਰਗੋਬ ਅਤੇ ਅਰਯੇਹ ਦੇ ਨਾਲ ਮਾਰ ਦਿੱਤਾ।ਗਿਲਆਦ ਦੇ 50 ਲੋਕ ਉਸ ਦੇ ਨਾਲ ਸਨ, ਜਦੋਂ ਉਸ ਨੇ ਰਾਜੇ ਨੂੰ ਮਾਰਿਆ ਸੀ ਅਤੇ ਰਾਜੇ ਦੀ ਥਾਵੇਂ ਖੁਦ ਰਾਜ ਕਰਨ ਲੱਗ ਪਿਆ।
26 ਪਕਹਯਾਹ ਦੇ ਬਾਕੀ ਮਹਾਨ ਕਾਰਜ ਇਸਰਾਏਲ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
ਪਕਹ ਦਾ ਇਸਰਾਏਲ ਉੱਪਰ ਰਾਜ
27 ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ 52 ਸਾਲ ਰਮਲਯਾਹ ਦਾ ਪੁੱਤਰ ਪਕਹ ਸਾਮਰਿਯਾ ਵਿੱਚ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ 20 ਸਾਲ ਰਾਜ ਕੀਤਾ। 28 ਪਕਹ ਨੇ ਯਹੋਵਾਹ ਦੀ ਨਿਗਾਹ ਵਿੱਚ ਜੋ ਕੰਮ ਬੁਰਾ ਸੀ ਉਹੀ ਕੀਤਾ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
29 ਇਸਰਾਏਲ ਦੇ ਪਾਤਸ਼ਾਹ ਪਕਹ ਦੇ ਸਮੇਂ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੇ ਆਕੇ ਈਯੋਨ ਅਤੇ ਆਬੇਲ-ਬੈਤ-ਮਆਕਾਹ ਅਤੇ ਯਾਨੋਆਹ, ਕਦਸ਼, ਹਾਸੋਰ, ਗਿਲਆਦ, ਗਾਲੀਲ ਅਤੇ ਨਫ਼ਤਾਲੀ ਦੇ ਸਾਰੇ ਖੇਤਰਾਂ ਨੂੰ ਲੈ ਲਿਆ। ਪਾਤਸ਼ਾਹ ਤਿਗਲਥ ਪਿਲਸਰ ਇਨ੍ਹਾਂ ਸਾਰੇ ਆਦਮੀਆਂ ਨੂੰ ਕੈਦੀ ਬਣਾਕੇ ਅੱਸ਼ੂਰ ਨੂੰ ਲੈ ਗਿਆ।
30 ਏਲਾਹ ਦੇ ਪੁੱਤਰ ਹੋਸ਼ੇਆ ਨੇ ਰਮਲਯਾਹ ਦੇ ਪੁੱਤਰ ਪਕਹ ਦੇ ਵਿਰੁੱਧ ਮਤਾ ਪਕਾਇਆ ਅਤੇ ਉਸ ਨੂੰ ਮਾਰਿਆ ਅਤੇ ਉਸਦੀ ਥਾਵੇਂ ਆਪ ਨਵਾਂ ਪਾਤਸ਼ਾਹ ਬਣਿਆ। ਇਹ ਉਜ਼ੀਯਾਹ ਯਹੂਦਾਹ ਦੇ ਪਾਤਸ਼ਾਹ ਦੇ ਪੁੱਤਰ ਯੋਥਾਮ ਦੇ 20 ਵਰ੍ਹੇ ਦੇ ਰਾਜ ਵਿੱਚ ਵਾਪਰਿਆ।
31 ਪਕਹ ਨੇ ਜੋ ਮਹਾਨ ਕਾਰਜ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
ਯੋਥਾਮ ਦਾ ਯਹੂਦਾਹ ਵਿੱਚ ਰਾਜ
32 ਰਮਲਯਾਹ ਦਾ ਪੁੱਤਰ ਪਕਹ ਜੋ ਇਸਰਾਏਲ ਦਾ ਪਾਤਸ਼ਾਹ ਸੀ, ਉਸ ਦੇ ਦੂਜੇ ਵਰ੍ਹੇ ਯਹੂਦਾਹ ਦੇ ਪਾਤਸ਼ਾਹ ਉਜ਼ੀਯਾਹ ਦਾ ਪੁੱਤਰ ਯੋਥਾਮ ਰਾਜ ਕਰਨ ਲੱਗ ਪਿਆ। 33 ਯੋਥਾਮ 25 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 16ਸਾਲ ਰਾਜ ਕੀਤਾ। ਉਸ ਦੀ ਮਾਂ ਸਾਦੋਕ ਦੀ ਧੀ ਯਰੂਸ਼ਾ ਸੀ। 34 ਯੋਥਾਮ ਨੇ ਸਭ ਕੁਝ ਉਹੀ ਕੀਤਾ ਜਿਵੇਂ ਉਸ ਦੇ ਪਿਤਾ ਉਜ਼ੀਯਾਹ ਨੇ ਕੀਤਾ ਸੀ ਅਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ। 35 ਪਰ ਉਸ ਨੇ ਵੀ ਉੱਚੀਆਂ ਥਾਵਾਂ ਨੂੰ ਨਾ ਢਾਹਿਆ। ਲੋਕ ਅਜੇ ਵੀ ਉਨ੍ਹਾਂ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ। ਯੋਥਾਮ ਨੇ ਯਹੋਵਾਹ ਦੇ ਮੰਦਰ ਦਾ ਉੱਪਰਲਾ ਫ਼ਾਟਕ ਬਣਵਾਇਆ। 36 ਯੋਥਾਮ ਨੇ ਜੋ ਵੀ ਵੱਡੇ ਕਾਰਨਾਮੇ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਗਏ।
37 ਉਸ ਵਕਤ ਯਹੋਵਾਹ ਨੇ ਅਰਾਮ ਦੇ ਰਾਜਾ ਰਸੀਨ ਅਤੇ ਹਮਲਯਾਹ ਦੇ ਪੁੱਤਰ ਪਕਹ ਨੂੰ ਯਹੂਦਾਹ ਦੇ ਵਿਰੁੱਧ ਭੇਜਿਆ।
38 ਇਉਂ ਯੋਥਾਮ ਮਰਨ ਉਪਰੰਤ ਆਪਣੇ ਪਿਉ-ਦਾਦਿਆਂ ਕੋਲ ਦਾਊਦ ਦੇ ਸ਼ਹਿਰ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ ਅਤੇ ਉਸ ਦੇ ਮਰਨ ਬਾਅਦ ਉਸਦਾ ਪੁੱਤਰ ਆਹਾਜ਼ ਉਸਦੀ ਥਾਵੇਂ ਰਾਜ ਕਰਨ ਲੱਗਾ।
ਆਹਾਜ਼ ਦਾ ਯਹੂਦਾਹ ਉੱਪਰ ਰਾਜ
16 ਰਮਲਯਾਹ ਦੇ ਪੁੱਤਰ ਪਕਹ ਦੇ ਰਾਜ ਦੇ 17ਵੇ ਵ੍ਹਰੇ ਵਿੱਚ, ਯੋਥਾਮ ਦਾ ਪੁੱਤਰ ਆਹਾਜ ਯਹੂਦਾਹ ਦਾ ਰਾਜਾ ਬਣਿਆ। 2 ਉਸ ਨੇ ਉਦੋਂ ਰਾਜ ਕਰਨਾ ਸ਼ੁਰੂ ਕੀਤਾ ਜਦੋਂ ਉਹ 20 ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਉੱਤੇ 16 ਸਾਲਾਂ ਲਈ ਰਾਜ ਕੀਤਾ। ਉਹ ਆਪਣੇ ਪੁਰਖੇ ਦਾਊਦ ਵਰਗਾ ਨਹੀਂ ਸੀ ਅਤੇ ਉਸ ਨੇ ਉਹ ਸਭ ਕੁਝ ਨਾ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ। 3 ਅਹਾਜ਼ ਇਸਰਾਏਲ ਦੇ ਰਾਜਿਆਂ ਵਾਂਗ ਜੀਵਿਆ ਉਸ ਨੇ ਆਪਣੇ ਪੁੱਤਰ ਨੂੰ ਵੀ ਅੱਗ ਵਿੱਚ ਬਲੀ ਦੇ ਦਿੱਤਾ। [a] ਉਸ ਨੇ ਉਹੀ ਭਿਆਨਕ ਪਾਪ ਕੀਤੇ ਜੋ ਉਨ੍ਹਾਂ ਲੋਕਾਂ ਨੇ ਕੀਤੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲ ਦੀ ਧਰਤੀ ਤੋਂ ਪਹਿਲਾਂ ਬਾਹਰ ਧੱਕਿਆਂ ਸੀ। 4 ਆਹਾਜ਼ ਨੇ ਉੱਚੀਆਂ ਥਾਵਾਂ ਅਤੇ ਪਹਾੜੀਆਂ ਉੱਪਰ ਅਤੇ ਹਰੇ-ਹਰੇ ਰੁੱਖਾਂ ਹੇਠਾਂ ਬਲੀਆਂ ਚੜ੍ਹਾਈਆਂ ਅਤੇ ਧੂਪ ਧੁਖਾਉਂਦਾ ਰਿਹਾ।
5 ਤਦ ਅਰਾਮ ਦੇ ਰਾਜਾ ਅਤੇ ਇਸਰਾਏਲ ਦੇ ਪਾਤਸ਼ਾਹ ਰਮਲਯਾਹ ਦਾ ਪੁੱਤਰ ਪਕਹ ਯਰੂਸ਼ਲਮ ਵਿਰੁੱਧ ਲੜਨ ਲਈ ਆਏ। ਅਤੇ ਉਨ੍ਹਾਂ ਨੇ ਆਹਾਜ਼ ਨੂੰ ਘੇਰ ਲਿਆ ਪਰ ਉਸ ਨੂੰ ਹਰਾਉਣ ਵਿੱਚ ਅਸਫ਼ਲ ਰਹੇ। 6 ਉਸ ਵਕਤ ਅਰਾਮ ਦੇ ਰਾਜੇ ਰਸੀਨ ਨੇ ਏਲਥ ਨੂੰ ਅਰਾਮ ਲਈ ਫੇਰ ਵਾਪਸ ਲੈ ਲਿਆ ਅਤੇ ਯਹੂਦਾਹ ਦੇ ਲੋਕਾਂ ਨੂੰ ਕੱਢ ਦਿੱਤਾ ਫੇਰ ਅਰਾਮੀ ਏਲਥ ਵਿੱਚ ਰਹਿਣ ਲਈ ਆ ਗਏ ਅਤੇ ਅੱਜ ਵੀ ਉਹ ਉੱਥੇ ਰਹਿ ਰਹੇ ਹਨ।
7 ਤਦ ਆਹਾਜ਼ ਨੇ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਕੋਲ ਸੰਦੇਸ਼ਵਾਹਕ ਭੇਜੇ ਤੇ ਇਹ ਸੰਦੇਸ਼ ਭੇਜਿਆ, “ਮੈਂ ਤੇਰਾ ਸੇਵਕ ਹਾਂ। ਮੈਂ ਤੇਰਿਆਂ ਪੁੱਤਰਾਂ ਬਰਾਬਰ ਹਾਂ ਸੋ ਆਕੇ ਮੈਨੂੰ ਅਰਾਮ ਅਤੇ ਇਸਰਾਏਲ ਦੇ ਪਾਤਸ਼ਾਹ ਤੋਂ ਬਚਾਅ ਕੇ ਮੇਰੀ ਰੱਖਿਆ ਕਰ। ਕਿਉਂ ਜੋ ਉਹ ਮੇਰੇ ਨਾਲ ਲੜਨ ਆਏ ਹਨ।” 8 ਆਹਾਜ਼ ਨੇ ਉਹ ਸਾਰਾ ਚਾਂਦੀ ਅਤੇ ਸੋਨਾ ਜੋ ਯਹੋਵਾਹ ਦੇ ਮੰਦਰ ਵਿੱਚ ਅਤੇ ਜੋ ਪਾਤਸ਼ਾਹ ਦੇ ਖਜ਼ਾਨੇ ਵਿੱਚ ਸੀ ਕੱਢਿਆ ਅਤੇ ਅੱਸ਼ੂਰ ਦੇ ਪਾਤਸ਼ਾਹ ਲਈ ਭੇਜਿਆ। 9 ਅੱਸ਼ੂਰ ਦੇ ਪਾਤਸ਼ਾਹ ਨੇ ਆਹਾਜ਼ ਦੀ ਗੱਲ ਮੰਨ ਲਈ ਤੇ ਉਸ ਨੇ ਦੰਮਿਸਕ ਉੱਪਰ ਚੜ੍ਹਾਈ ਕਰਕੇ ਉਸ ਨੂੰ ਜਿੱਤ ਲਿਆ ਅਤੇ ਉੱਥੋਂ ਦਿਆਂ ਲੋਕਾਂ ਨੂੰ ਕੈਦੀ ਬਣਾਕੇ ਕੀਰ ਵੱਲ ਲੈ ਗਿਆ ਅਤੇ ਉਸ ਨੇ ਰਸੀਨ ਨੂੰ ਮਾਰ ਸੁੱਟਿਆ।
10 ਤਦ ਆਹਾਜ਼ ਪਾਤਸ਼ਾਹ ਦੰਮਿਸਕ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਅਤੇ ਉਸ ਨੇ ਉਹ ਜਗਵੇਦੀ ਵੇਖੀ ਜੋ ਦੰਮਿਸਕ ਵਿੱਚ ਸੀ। ਆਹਾਜ਼ ਪਾਤਸ਼ਾਹ ਨੇ ਉਸ ਜਗਵੇਦੀ ਦੇ ਬਰਾਬਰ ਦਾ ਨਮੂਨਾ ਉਸਦੀ ਸਾਰੀ ਕਾਰੀਗਰੀ ਮੁਤਾਬਕ ਊਰੀਯਾਹ ਜਾਜਕ ਕੋਲ ਭੇਜਿਆ। 11 ਤਦ ਊਰੀਯਾਹ ਜਾਜਕ ਨੇ ਆਹਾਜ਼ ਪਾਤਸ਼ਾਹ ਦੁਆਰਾ ਦੰਮਿਸਕ ਤੋਂ ਭੇਜੇ ਗਏ ਨਮੂਨੇ ਮੁਤਾਬਕ ਇੱਕ ਜਗਵੇਦੀ ਬਣਾਈ ਅਤੇ ਆਹਾਜ਼ ਦੇ ਦੰਮਿਸਕ ਤੋਂ ਵਾਪਸ ਆਉਣ ਤੋਂ ਪਹਿਲਾਂ ਇਸ ਨੂੰ ਤਿਆਰ ਕਰਵਾ ਲਿਆ।
12 ਜਦੋਂ ਪਾਤਸ਼ਾਹ ਦੰਮਿਸਕ ਤੋਂ ਮੁੜਿਆ ਤਾਂ ਉਸ ਨੇ ਜਗਵੇਦੀ ਵੇਖੀ ਅਤੇ ਉੱਥੇ ਬਲੀ ਭੇਂਟ ਕੀਤੀ। 13 ਉਸ ਜਗਵੇਦੀ ਤੇ, ਆਹਾਜ਼ ਨੇ ਆਪਣੇ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਸਾੜੀਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹ ਦਿੱਤੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦਾ ਖੂਨ ਜਗਵੇਦੀ ਉੱਪਰ ਛਿੜਕਿਆ।
14 ਆਹਾਜ਼ ਨੇ ਪਿੱਤਲ ਦੀ ਉਸ ਜਗਵੇਦੀ ਨੂੰ ਜੋ ਯਹੋਵਾਹ ਦੇ ਅੱਗੇ ਸੀ ਅਤੇ ਮੰਦਰ ਦੇ ਸਾਹਮਣੇ ਪਾਸੇ ਵੱਲ ਸੀ ਉਸ ਨੂੰ ਉਸ ਨੇ ਮੰਦਰ ਦੇ ਸਾਮ੍ਹਣਿਓ ਤੇ ਯਹੋਵਾਹ ਦੇ ਮੰਦਰ ਤੇ ਆਪਣੀ ਜਗਵੇਦੀ ਦੇ ਵਿੱਚਕਾਰੋ ਹਟਾਅ ਕੇ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ। 15 ਆਹਾਜ਼ ਪਾਤਸ਼ਾਹ ਨੇ ਊਰੀਯਾਹ ਜਾਜਕ ਨੂੰ ਇਹ ਹੁਕਮ ਦਿੱਤਾ ਅਤੇ ਆਖਿਆ, “ਸਵੇਰ ਦੀ ਭੇਟ ਬਲੀ ਅਤੇ ਸ਼ਾਮ ਦੀ ਅਨਾਜ ਦੀ ਭੇਟ ਅਤੇ ਪਾਤਸ਼ਾਹ ਦੀ ਹੋਮ ਦੀ ਭੇਟ ਅਤੇ ਉਸਦੀ ਅਨਾਜ ਦੀ ਭੇਟ, ਦੇਸ਼ ਦੇ ਸਾਰੇ ਲੋਕਾਂ ਦੀ ਹੋਮ ਦੀ ਭੇਟ ਤੇ ਉਨ੍ਹਾਂ ਦੀ ਅਨਾਜ ਦੀ ਭੇਟ ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਜਗਵੇਦੀ ਉੱਤੇ ਚੜ੍ਹਾਈਆ ਸੁਗਾਤਾਂ ਅਤੇ ਬਲੀਆਂ ਦਾ ਸਾਰਾ ਖੂਨ ਉਸ ਉੱਪਰ ਛਿੜਕਿਆ ਕਰ। ਪਰ ਪਿੱਤਲ ਦੀ ਜਗਵੇਦੀ, ਮੈਂ ਹੀ ਯਹੋਵਾਹ ਨੂੰ ਸੁਆਲ ਪੁੱਛਣ ਲਈ ਵਰਤਾਂਗਾ।” [b] 16 ਊਰੀਯਾਹ ਜਾਜਕ ਨੇ ਸਭ ਕੁਝ ਆਹਾਜ਼ ਪਾਤਸ਼ਾਹ ਦੇ ਹੁਕਮ ਮੁਤਾਬਕ ਹੀ ਕੀਤਾ।
17 ਆਹਾਜ਼ ਪਾਤਸ਼ਾਹ ਨੇ ਛਕੜਿਆਂ ਜਿਨ੍ਹਾਂ ਉੱਪਰ ਪਿੱਤਲ ਦੀਆਂ ਫ਼ੱਟੀਆਂ ਸਨ ਅਤੇ ਜਾਜਕਾਂ ਦੇ ਹੱਥ ਧੋਣ ਵਾਲਿਆਂ ਹੌਦਾਂ ਨੂੰ ਹਟਵਾ ਦਿੱਤਾ। ਉਸ ਨੇ ਉਹ ਵੱਡਾ ਹੌਦ ਵੀ ਉੱਤਰਵਾ ਦਿੱਤਾ ਜੋ ਕਿ ਪਿੱਤਲ ਦਿਆਂ ਬਲਦਾਂ ਉੱਪਰ ਸਥਿਰ ਸੀ, ਅਤੇ ਉਨ੍ਹਾਂ ਨੂੰ ਪੱਥਰ ਦੀ ਨੀਂਹ ਤੇ ਰੱਖ ਦਿੱਤਾ। 18 ਆਹਾਜ਼ ਨੇ ਉਹ ਰਾਹ ਹਟਾ ਦਿੱਤਾ ਜੋ ਅਬਤ ਦੀਆਂ ਸਭਾਵਾਂ ਲਈ ਅਤੇ ਪ੍ਰਵੇਸ਼ ਦੁਆਰ ਤੋਂ ਬਾਹਰ ਪਾਤਸ਼ਾਹ ਲਈ ਯਹੋਵਾਹ ਦੇ ਮੰਦਰ ਅੰਦਰ ਛਤਿਆ ਗਿਆ ਸੀ। ਆਜਿਹਾ ਉਸ ਨੇ ਅੱਸ਼ੁਰ ਦੇ ਪਾਤਸ਼ਾਹ ਦੇ ਕਾਰਣ ਕੀਤਾ।
19 ਆਹਾਜ਼ ਨੇ ਜੋ ਵੀ ਮਹਾਨ ਕਾਰਨਾਮੇ ਕੀਤੇ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। 20 ਜਦੋਂ ਆਹਾਜ਼ ਦੀ ਮੌਤ ਹੋਈ ਤਾਂ ਉਸ ਨੂੰ ਦਾਊਦ ਦੇ ਸ਼ਹਿਰ, ਉਸ ਦੇ ਪੁਰਖਿਆਂ ਦੇ ਕੋਲ, ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਹਿਜ਼ਕੀਯਾਹ ਨਵਾਂ ਪਾਤਸ਼ਾਹ ਬਣਿਆ।
ਯਿਸੂ ਅਤੇ ਨਿਕੋਦੇਮੁਸ
3 ਉੱਥੇ ਨਿਕੋਦੇਮੁਸ ਨਾਂ ਦਾ ਇੱਕ ਆਦਮੀ ਸੀ। ਉਹ ਫ਼ਰੀਸੀਆਂ ਵਿੱਚੋਂ ਇੱਕ ਸੀ ਅਤੇ ਯਹੂਦੀਆਂ ਦਾ ਮੁੱਖ ਆਗੂ ਸੀ। 2 ਇੱਕ ਰਾਤ ਨਿਕੋਦੇਮੁਸ ਯਿਸੂ ਕੋਲ ਆਇਆ। ਅਤੇ ਆਖਿਆ, “ਗੁਰੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਭੇਜੇ ਹੋਏ ਇੱਕ ਗੁਰੂ ਹੋ। ਤੁਸੀਂ ਜੋ ਕਰਾਮਾਤਾਂ ਕਰਦੇ ਹੋ ਪਰਮੇਸ਼ੁਰ ਦੀ ਸਹਾਇਤਾ ਤੋਂ ਬਿਨਾ ਕੋਈ ਨਹੀਂ ਕਰ ਸੱਕਦਾ।”
3 ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇੱਕ ਆਦਮੀ ਉਦੋਂ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਵੇਖ ਸੱਕਦਾ ਜਿੰਨਾ ਚਿਰ ਉਹ ਨਵੇਂ ਸਿਰਿਉਂ ਨਹੀਂ ਜਨਮਦਾ।”
4 ਨਿਕੋਦੇਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਜੰਮ ਸੱਕਦਾ ਹੈ? ਨਿਸ਼ਚਿਤ ਹੀ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁੱਖ ਵਿੱਚ ਦੂਸਰੀ ਵਾਰ ਨਹੀਂ ਵੜ ਸੱਕਦਾ!”
5 ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਵਿਅਕਤੀ ਪਾਣੀ ਅਤੇ ਆਤਮਾ ਤੋਂ ਨਹੀਂ ਜਨਮਿਆਂ ਤਾਂ ਉਹ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸੱਕਦਾ। 6 ਸਰੀਰ ਤੋਂ ਸਰੀਰ ਜਨਮਦਾ ਹੈ ਅਤੇ ਆਤਮਕ ਜੀਵਨ ਆਤਮਾ ਤੋਂ ਜਨਮਦਾ ਹੈ। 7 ਇਸ ਲਈ ਹੈਰਾਨ ਨਾ ਹੋਵੋ ਕਿ ਮੈਂ ਤੁਹਾਨੂੰ ਆਖਿਆ ਹੈ ‘ਤੁਹਾਨੂੰ ਨਵੇਂ ਸਿਰਿਉਂ ਜੰਮੇ ਹੋਣਾ ਚਾਹੀਦਾ ਹੈ।’ 8 ਹਵਾ ਉਸ ਪਾਸੇ ਹੀ ਚਲਦੀ ਹੈ ਜਿੱਧਰ ਇਹ ਪਸੰਦ ਕਰਦੀ ਹੈ। ਤੁਸੀਂ ਹਵਾ ਦੇ ਚੱਲਣ ਦੀ ਅਵਾਜ਼ ਸੁਣ ਸੱਕਦੇ ਹੋ। ਪਰ ਤੁਹਾਨੂੰ ਇਹ ਨਹੀਂ ਪਤਾ ਕਿ ਹਵਾ ਕਿਧਰੋਂ ਆਉਂਦੀ ਹੈ ਤੇ ਕਿੱਧਰ ਜਾਂਦੀ ਹੈ। ਆਤਮਾ ਤੋਂ ਜਨਮੇ ਵਿਅਕਤੀ ਨਾਲ ਵੀ ਇਵੇਂ ਹੀ ਹੈ।”
9 ਨਿਕੋਦੇਮੁਸ ਨੇ ਪੁੱਛਿਆ, “ਇਹ ਕਿਵੇਂ ਸੰਭਵ ਹੋ ਸੱਕਦਾ?”
10 ਯਿਸੂ ਨੇ ਆਖਿਆ, “ਤੂੰ ਇਸਰਾਏਲ ਦਾ ਇੱਕ ਮਹੱਤਵਪੂਰਣ ਗੁਰੂ ਹੈ। ਅਤੇ ਅਜੇ ਵੀ ਤੂੰ ਇਹ ਗੱਲਾਂ ਨਹੀਂ ਸਮਝਦਾ? 11 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗੱਲ ਕਰਦੇ ਹਾਂ। ਅਸੀ ਉਸ ਬਾਰੇ ਦੱਸਦੇ ਹਾਂ ਜੋ ਅਸੀਂ ਵੇਖਿਆ ਹੈ। ਪਰ ਤੁਸੀਂ ਲੋਕ ਉਹ ਕਬੂਲ ਨਹੀਂ ਕਰਦੇ ਜੋ ਅਸੀਂ ਤੁਹਾਨੂੰ ਦੱਸਦੇ ਹਾਂ। 12 ਮੈਂ ਤੁਹਾਨੂੰ ਇਸ ਦੁਨੀਆਂ ਦੀਆਂ ਗੱਲਾਂ ਬਾਰੇ ਦੱਸਿਆ ਹੈ। ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਇਸ ਲਈ ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਬਾਰੇ ਦੱਸਾਂਗਾ ਤਾਂ ਫ਼ਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਂਗੇ? 13 ਮਨੁੱਖ ਦੇ ਪੁੱਤਰ ਤੋਂ ਬਿਨਾ, ਜੋ ਕਿ ਸਵਰਗ ਤੋਂ ਹੇਠਾਂ ਉਤਰਿਆ ਸੀ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ।
14 “ਜਿਸ ਤਰ੍ਹਾ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਣਾ ਜ਼ਰੂਰੀ ਹੈ। 15 ਇਉਂ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦਾ ਹੈ ਸਦੀਪਕ ਜੀਵਨ ਪਾ ਸੱਕਦਾ ਹੈ।”
16 ਪਰਮੇਸ਼ੁਰ ਨੇ ਜੱਗਤ ਨੂੰ ਇੰਨਾ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਵੀ ਦੇ ਦਿੱਤਾ। ਤਾਂ ਜੋ ਕੋਈ ਵੀ ਜੋ ਉਸ ਵਿੱਚ ਵਿਸ਼ਵਾਸ ਰੱਖਦਾ ਹੈ ਨਾਸ਼ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰ ਲਵੇਗਾ। 17 ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੁਨੀਆਂ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਇਸ ਦੁਨੀਆਂ ਅੰਦਰ ਲੋਕਾਂ ਨੂੰ ਦੋਸ਼ੀ ਠਹਿਰਾਣ ਲਈ ਨਹੀਂ ਭੇਜਿਆ ਸਗੋਂ ਉਸ ਨੇ ਆਪਣੇ ਪੁੱਤਰ ਨੂੰ ਦੁਨੀਆਂ ਨੂੰ ਉਸ ਰਾਹੀਂ ਬਚਾਉਣ ਲਈ ਭੇਜਿਆ। 18 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ। ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ। ਕਿਉਂਕਿ ਉਸ ਨੂੰ ਪਰਮੇਸ਼ੁਰ ਦੇ ਇੱਕਲੇ ਪੁੱਤਰ ਉੱਤੇ ਵਿਸ਼ਵਾਸ ਨਹੀਂ।
2010 by World Bible Translation Center