Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
1 ਰਾਜਿਆਂ 16-18

16 ਤਦ ਯਹੋਵਾਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਕੋਲ ਆਇਆ। ਇਹ ਬਚਨ ਬਆਸ਼ਾ ਦੇ ਵਿਰੁੱਧ ਸੀ ਕਿ, “ਮੈਂ ਤੈਨੂੰ ਹੇਠੋਂ ਧੂੜ ਵਿੱਚੋਂ ਚੁੱਕਿਆ ਅਤੇ ਤੈਨੂੰ ਮੇਰੇ ਲੋਕਾਂ, ਇਸਰਾਏਲੀਆਂ ਉੱਪਰ ਸ਼ਾਸਕ ਬਣਾਇਆ, ਪਰ ਤੂੰ ਯਾਰਾਬੁਆਮ ਦੇ ਨਕਸ਼ੇ ਕਦਮ ਤੇ ਤੁਰਿਆ ਅਤੇ ਮੇਰੇ ਲੋਕਾਂ ਇਸਰਾਏਲੀਆਂ ਤੋਂ ਪਾਪ ਕਰਵਾਇਆ। ਇਉਂ ਉਨ੍ਹਾਂ ਨੇ ਮੈਨੂੰ ਕ੍ਰੋਧਿਤ ਕੀਤਾ। ਇਸ ਲਈ ਮੈਂ ਹੁਣ ਬਆਸ਼ਾ ਅਤੇ ਉਸ ਦੇ ਘਰਾਣੇ ਨੂੰ ਨਾਸ਼ ਕਰ ਦਿਆਂਗਾ। ਮੈਂ ਹੁਣ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਾਂਗ ਨਾਸ ਕਰ ਦਿਆਂਗਾ। ਤੇਰੇ ਪਰਿਵਾਰ ਵਿੱਚ, ਜੇਕਰ ਕੋਈ ਨਗਰ ਵਿੱਚ ਮਰ ਜਾਵੇ, ਉਸਦਾ ਸ਼ਰੀਰ ਕੁਤਿਆਂ ਦੁਆਰਾ ਖਾਧਾ ਜਾਵੇਗਾ ਅਤੇ ਜੇਕਰ ਕੋਈ ਖੇਤਾਂ ਵਿੱਚ ਮਰੇ, ਉਸਦਾ ਸਰੀਰ ਪੰਛੀਆਂ ਦੁਆਰਾ ਖਾਧਾ ਜਾਵੇਗਾ।”

ਬਆਸ਼ਾ ਦੇ ਕੀਤੇ ਹੋਰ ਮਹਾਨ ਕਾਰਜ ਅਤੇ ਉਸ ਦੀਆਂ ਸਫ਼ਲਤਾਵਾਂ ਬਾਰੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਬਆਸ਼ਾ ਮਰਿਆ ਤਾਂ ਤਿਰਸਾਹ ਵਿੱਚ ਦਬਿਆ ਗਿਆ ਅਤੇ ਉਸ ਬਾਦ ਉਸਦਾ ਪੁੱਤਰ ਏਲਾਹ ਰਾਜ ਕਰਨ ਲੱਗਾ।

ਤਾਂ ਯਹੋਵਾਹ ਨੇ ਯੇਹੂ ਨਬੀ ਨੂੰ ਕਰਕੇ ਸੰਦੇਸ਼ ਦਿੱਤਾ। ਇਹ ਸੰਦੇਸ਼ ਬਆਸ਼ਾ ਅਤੇ ਉਸ ਦੇ ਘਰਾਣੇ ਵਿਰੁੱਧ ਸੀ। ਬਆਸ਼ਾ ਨੇ ਯਹੋਵਾਹ ਦੇ ਖਿਲਾਫ਼ ਬਹੁਤ ਬਦੀ ਕੀਤੀ ਸੀ ਜਿਸ ਨਾਲ ਯਹੋਵਾਹ ਬਹੁਤ ਕ੍ਰੋਧਿਤ ਸੀ। ਬਆਸ਼ਾ ਨੇ ਵੀ ਉਹੀ ਕੁਝ ਕੀਤਾ ਜੋ ਕੁਝ ਉਸਤੋਂ ਪਹਿਲਾਂ ਯਾਰਾਬੁਆਮ ਦੇ ਘਰਾਣੇ ਨੇ ਕੀਤਾ ਸੀ। ਯਹੋਵਾਹ ਇਸ ਲਈ ਵੀ ਕ੍ਰੋਧਿਤ ਸੀ ਕਿਉਂ ਕਿ ਬਆਸ਼ਾ ਨੇ ਯਾਰਾਬੁਆਮ ਦੇ ਸਾਰੇ ਪਰਿਵਾਰ ਨੂੰ ਮਾਰ ਸੁੱਟਿਆ ਸੀ।

ਇਸਰਾਏਲ ਦਾ ਪਾਤਸ਼ਾਹ, ਏਲਾਹ

ਆਸਾ ਦੇ ਯਹੂਦਾਹ ਵਿੱਚ 26 ਵੇਂ ਵਰ੍ਹੇ ਦੌਰਾਨ, ਏਲਾਹ ਇਸਰਾਏਲ ਦਾ ਪਾਤਸ਼ਾਹ ਬਣਿਆ। ਏਲਾਹ ਬਆਸ਼ਾ ਦਾ ਪੁੱਤਰ ਸੀ ਅਤੇ ਉਸ ਨੇ ਤਿਰਸਾਹ ਵਿੱਚ ਦੋ ਸਾਲ ਸ਼ਾਸਨ ਕੀਤਾ।

ਜ਼ਿਮਰੀ ਏਲਾਹ ਪਾਤਸ਼ਾਹ ਦੇ ਅਫ਼ਸਰਾਂ ਵਿੱਚੋਂ ਇੱਕ ਸੀ ਅਤੇ ਪਾਤਸ਼ਾਹ ਦੇ ਅੱਧੇ ਰੱਥਾਂ ਉੱਪਰ ਹੁਕਮ ਕਰਦਾ ਸੀ, ਪਰ ਜ਼ਿਮਰੀ ਨੇ ਏਲਾਹ ਦੇ ਵਿਰੁੱਧ ਵਿਉਂਤ ਬਨਾਉਣੀ ਸ਼ੁਰੂ ਕੀਤੀ। ਏਲਾਹ ਪਾਤਸ਼ਾਹ ਤਿਰਸਾਹ ਵਿਖੇ ਅਰਸਾ ਦੇ ਘਰ ਵਿੱਚ ਸੀ, ਪੀਕੇ ਸ਼ਰਾਬੀ ਹੋ ਰਿਹਾ ਸੀ ਤੇ ਅਰਸਾ ਤਿਰਸਾਹ ਵਿੱਚ ਉਸ ਦੇ ਮਹਿਲ ਦਾ ਇੰਚਾਰਜ ਸੀ। 10 ਜ਼ਿਮਰੀ ਉਸ ਘਰ ਵਿੱਚ ਗਿਆ ਅਤੇ ਜਾਕੇ ਏਲਾਹ ਪਾਤਸ਼ਾਹ ਦੀ ਹਤਿਆ ਕਰ ਦਿੱਤੀ। ਇਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ 27 ਵੇਂ ਵਰ੍ਹੇ ਵਿੱਚ ਹੋਇਆ ਅਤੇ ਇਉਂ ਏਲਾਹ ਤੋਂ ਬਾਅਦ ਜ਼ਿਮਰੀ ਰਾਜ ਕਰਨ ਲੱਗ ਪਿਆ।

ਇਸਰਾਏਲ ਦਾ ਪਾਤਸ਼ਾਹ, ਜ਼ਿਮਰੀ

11 ਜਦੋਂ ਜ਼ਿਮਰੀ ਰਾਜ ਕਰਨ ਲੱਗ ਪਿਆ ਤਾਂ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਦੀ ਹਤਿਆ ਕਰ ਦਿੱਤੀ। ਉਸ ਨੇ ਬਆਸ਼ਾ ਦੇ ਪਰਿਵਾਰ ਦਾ ਇੱਕ ਵੀ ਬੰਦਾ ਜਿਉਂਦਾ ਨਾ ਛੱਡਿਆ। ਜ਼ਿਮਰੀ ਨੇ ਬਆਸ਼ਾ ਦੇ ਦੋਸਤਾਂ-ਮਿੱਤਰਾਂ ਨੂੰ ਵੀ ਵੱਢ ਸੁੱਟਿਆ। 12 ਇਉਂ ਜ਼ਿਮਰੀ ਨੇ ਬਆਸ਼ਾ ਦੇ ਪਰਿਵਾਰ ਨੂੰ ਖਤਮ ਕਰ ਦਿੱਤਾ। ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਯੇਹੂ ਨਬੀ ਨੂੰ ਆਖਿਆ ਸੀ, ਜੋ ਬਆਸ਼ਾ ਦੇ ਖਿਲਾਫ਼ ਬੋਲਿਆ ਸੀ। 13 ਇਹ ਸਭ ਕੁਝ ਬਆਸ਼ਾ ਅਤੇ ਏਲਾਹ ਦੇ ਪਾਪਾਂ ਕਾਰਣ ਹੋਇਆ। ਉਨ੍ਹਾਂ ਨੇ ਖੁਦ ਹੀ ਪਾਪ ਨਹੀਂ ਕੀਤੇ ਸਗੋਂ ਇਸਰਾਏਲ ਤੋਂ ਵੀ ਪਾਪ ਕਰਵਾਏ। ਯਹੋਵਾਹ ਉਨ੍ਹਾਂ ਦੇ ਬੁੱਤਾਂ ਕਾਰਣ ਕ੍ਰੋਧਿਤ ਹੋ ਗਿਆ।

14 ਹੋਰ ਜੋ ਕੰਮ ਏਲਾਹ ਨੇ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।

15 ਯਹੂਦਾਹ ਦੇ ਪਾਤਸ਼ਾਹ ਆਸਾ ਦੇ 27ਵੇਂ ਵਰ੍ਹੇ ਵਿੱਚ ਜ਼ਿਮਰੀ ਨੇ ਤਿਰਸਾਹ ਵਿੱਚ ਸੱਤ ਦਿਨ ਰਾਜ ਕੀਤਾ ਤੇ ਉਸ ਦੌਰਾਨ ਇਹ ਕੁਝ ਵਾਪਰਿਆ: ਲੋਕਾਂ ਨੇ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਵਿਰੁੱਧ ਡੇਰੇ ਲਾਏ ਹੋਏ ਸਨ। ਉਹ ਜੰਗ ਲਈ ਤਿਆਰ ਸਨ। 16 ਡੇਰੇ ਵਿੱਚ ਲੋਕਾਂ ਨੂੰ ਖਬਰ ਮਿਲੀ ਕਿ ਜ਼ਿਮਰੀ ਨੇ ਰਾਜੇ ਦੇ ਖਿਲਾਫ਼ ਸਾਜ਼ਿਸ਼ ਕਰਕੇ ਉਸ ਨੂੰ ਮਾਰ ਦਿੱਤਾ। ਤਾਂ ਸਾਰੇ ਇਸਰਾਏਲ ਨੇ ਫੌਜ ਦੇ ਸਿਪਹਸਾਲਾਰ ਆਮਾਰੀ ਨੂੰ ਇਸਰਾਏਲ ਦੇ ਰਾਜੇ ਵਜੋਂ ਚੁਣ ਲਿਆ। 17 ਤਦ ਆਮਰੀ ਨੇ ਸਾਰੇ ਇਸਰਾਏਲ ਸਮੇਤ ਗਿਬਥੋਨ ਤੋਂ ਚੜ੍ਹ ਕੇ ਤਿਰਸਾਹ ਨੂੰ ਘੇਰ ਲਿਆ। 18 ਜਦ ਜ਼ਿਮਰੀ ਨੇ ਵੇਖਿਆ ਕਿ ਸ਼ਹਿਰ ਤੇ ਉਨ੍ਹਾਂ ਕਬਜ਼ਾ ਕਰ ਲਿਆ ਹੈ ਤਾਂ ਉਸ ਨੇ ਪਾਤਸ਼ਾਹ ਦੇ ਮਹਿਲ ਦੇ ਕਿਲੇ ਵਿੱਚ ਜਾਕੇ, ਮਹਿਲ ਨੂੰ ਅੱਗ ਲਾਕੇ ਆਪਣੇ ਆਪ ਨੂੰ ਸਾੜ ਲਿਆ। 19 ਇਹ ਸਭ ਜ਼ਿਮਰੀ ਦੇ ਪਾਪਾਂ ਕਾਰਣ ਹੋਇਆ ਜੋ ਉਸ ਨੇ ਕੀਤੇ। ਜੋ ਯਹੋਵਾਹ ਦੇ ਹੁਕਮ ਦੇ ਵਿੁਰੱਧ ਉਸ ਨੇ ਪਾਪ ਕੀਤੇ। ਉਸ ਨੇ ਵੀ ਉਵੇਂ ਹੀ ਬਦੀ ਕੀਤੀ ਜਿਵੇਂ ਯਾਰਾਬੁਆਮ ਨੇ ਅਤੇ ਯਾਰਾਬੁਆਮ ਨੇ ਇਸਰਾਏਲ ਦੇ ਲੋਕਾਂ ਤੋਂ ਵੀ ਪਾਪ ਕਰਵਾਏ।

20 ਜ਼ਿਮਰੀ ਦੀਆਂ ਬਾਕੀ ਗੱਲਾਂ ਜੋ ਉਸ ਨੇ ਕੀਤੀਆਂ ਅਤੇ ਉਸਦੀਆਂ ਗੁਪਤ ਵਿਉਂਤਾ, ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਪੋਥੀ ਵਿੱਚ, ਜ਼ਿਮਰੀ ਦੇ ਪਾਤਸ਼ਾਹ ਏਲਾਹ ਦੇ ਵਿਰੁੱਧ ਵਿਉਂਤ ਅਤੇ ਜੋ ਉਸ ਸਮੇਂ ਦੌਰਾਨ ਵਾਪਰਿਆ, ਇਸਦਾ ਵੀ ਵਿਵਰਣ ਹੈ।

ਇਸਰਾਏਲ ਦਾ ਪਾਤਸ਼ਾਹ, ਆਮਰੀ

21 ਇਸਰਾਏਲ ਦੇ ਲੋਕੀ ਦੋ ਹਿਸਿਆਂ ਵਿੱਚ ਵੰਡੇ ਗਏ। ਅੱਧੇ ਲੋਕ ਗੀਨਥ ਦੇ ਪੁੱਤਰ ਤਿਬਨੀ ਦੇ ਮਗਰ ਸਨ ਅਤੇ ਉਸ ਨੂੰ ਪਾਤਸ਼ਾਹ ਬਨਾਉਣਾ ਚਾਹੁੰਦੇ ਸਨ। ਅਤੇ ਬਾਕੀ ਦੇ ਅੱਧੇ ਲੋਕ ਆਮਰੀ ਦੇ ਮਗਰ ਸਨ। 22 ਪਰ ਆਮਰੀ ਦਾ ਧੜਾ ਤਿਬਨੀ, ਗੀਨਥ ਦੇ ਪੁੱਤਰ ਕੋਲੋਂ ਵੱਧ ਤਾਕਤਵਰ ਸੀ ਇਸ ਲਈ ਤਿਬਨੀ ਮਾਰਿਆ ਗਿਆ ਅਤੇ ਆਮਰੀ ਪਾਤਸ਼ਾਹ ਬਣਿਆ।

23 ਯਹੂਦਾਹ ਦੇ ਪਾਤਸ਼ਾਹ ਆਸਾ ਦੇ 41ਵੇਂ ਵਰ੍ਹੇ ਵਿੱਚ ਆਮਰੀ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ 12 ਸਾਲ ਰਾਜ ਕਰਦਾ ਰਿਹਾ, ਜਿਸ ਵਿੱਚੋਂ 6 ਵਰ੍ਹੇ ਉਸ ਨੇ ਤਿਰਸਾਹ ਵਿੱਚ ਹੀ ਰਾਜ ਕੀਤਾ। 24 ਉਸ ਨੇ ਸਾਮਰਿਯਾ ਦੇ ਪਹਾੜ ਨੂੰ ਸ਼ਮਰ ਕੋਲੋਂ 68 ਕਿਲੋ ਚਾਂਦੀ ਦੇਕੇ ਖਰੀਦ ਲਿਆ ਅਤੇ ਉਸ ਪਹਾੜ ਉੱਪਰ ਇੱਕ ਸ਼ਹਿਰ ਬਣਾਇਆ। ਉਸ ਨੇ ਉਸ ਸ਼ਹਿਰ ਦਾ ਨਾਂ ਸਾਮਰਿਯਾ, ਉਸ ਦੇ ਮਾਲਕ “ਸ਼ਮਰ” ਦੇ ਨਾਂ ਦੇ ਪਿੱਛੇ ਰੱਖਿਆ।

25 ਪਰ ਜੋ ਕੰਮ ਯਹੋਵਾਹ ਨੇ ਮਾੜੇ ਕਹੇ ਆਮਰੀ ਨੇ ਉਹੀ ਕੀਤੇ ਅਤੇ ਆਮਰੀ ਆਪਣੇ ਤੋਂ ਪਹਿਲਾਂ ਦੇ ਆਏ ਸਾਰੇ ਪਾਤਸ਼ਾਹਾਂ ਤੋਂ ਵੱਧ ਗ਼ਲਤ ਨਿਕਲਿਆ। 26 ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਵਾਂਗ ਸਾਰੇ ਪਾਪ ਕੀਤੇ, ਅਤੇ ਇਸਰਾਏਲ ਦੇ ਲੋਕਾਂ ਤੋਂ ਵੀ ਪਾਪ ਕਰਵਾਏ। ਉਨ੍ਹਾਂ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਬੇਕਾਰ ਬੁੱਤਾਂ ਕਾਰਣ ਗੁੱਸੇ ਕਰ ਦਿੱਤਾ।

27 ਆਮਰੀ ਬਾਰੇ ਹੋਰ ਗੱਲਾਂ ਅਤੇ ਜੋ ਮਹਾਨ ਕਾਰਜ ਉਸ ਨੇ ਕੀਤੇ ਸਨ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। 28 ਆਮਰੀ ਦੇ ਮਰਨ ਉਪਰੰਤ ਉਸ ਨੂੰ ਸਾਮਰਿਯਾ ਵਿੱਚ ਹੀ ਦਫ਼ਨਾਇਆ ਗਿਆ ਅਤੇ ਉਸ ਤੋਂ ਬਾਅਦ ਉਸਦਾ ਪੁੱਤਰ ਅਹਾਬ ਉੱਥੇ ਰਾਜ ਕਰਨ ਲੱਗਾ।

ਇਸਰਾਏਲ ਦਾ ਪਾਤਸ਼ਾਹ, ਅਹਾਬ

29 ਆਸਾ ਦੇ ਯਹੂਦਾਹ ਵਿੱਚ 38 ਵੇਂ ਵਰ੍ਹੇ, ਦੌਰਾਨ ਆਮਰੀ ਦਾ ਪੁੱਤਰ ਆਹਾਬ ਇਸਰਾਏਲ ਦਾ ਪਾਤਸ਼ਾਹ ਬਣਿਆ। ਅਹਾਬ ਨੇ ਇਸਰਾਏਲ ਉੱਤੇ ਸਾਮਰਿਯਾ ਤੋਂ 22 ਸਾਲ ਰਾਜ ਕੀਤਾ। 30 ਆਮਰੀ ਦੇ ਪੁੱਤਰ ਅਹਾਬ ਨੇ ਯਹੋਵਾਹ ਦੇ ਖਿਲਾਫ਼, ਆਪਣੇ ਪਹਿਲਿਆਂ ਨਾਲੋਂ ਵੱਧ ਬਦੀ ਕੀਤੀ। 31 ਅਹਾਬ ਲਈ ਉਹੀ ਪਾਪ ਕਰਨੇ ਕਾਫ਼ੀ ਨਹੀਂ ਸਨ ਜਿਹੜੇ ਨਾਬਾਟ ਦੇ ਪੁੱਤਰ ਯਾਰਾਬੁਆਮ ਨੇ ਕੀਤੇ ਸਨ ਇਸ ਲਈ ਉਸ ਨੇ ਸਿਦੋਨ ਦੇ ਰਾਜੇ ਏਥਬਾਲ ਦੀ ਧੀ,ਈਜ਼ਬਲ ਨਾਲ ਵਿਆਹ ਕੀਤਾ, ਅਤੇ ਉਸ ਨੇ ਬਾਅਲ ਦੀ ਸੇਵਾ ਕੀਤੀ ਅਤੇ ਉਸ ਦੀ ਉਪਾਸਨਾ ਕੀਤੀ। 32 ਅਤੇ ਅਹਾਬ ਨੇ ਬਆਲ ਦੀ ਉਪਾਸਨਾ ਕਰਨ ਲਈ ਸਾਮਰਿਯਾ ਵਿੱਚ ਇੱਕ ਉਪਾਸਨਾ ਅਸਥਾਨ ਬਣਵਾਇਆ ਅਤੇ ਉਸ ਮੰਦਰ ਵਿੱਚ ਇੱਕ ਜਗਵੇਦੀ ਰੱਖੀ। 33 ਅਤੇ ਅਹਾਬ ਨੇ ਇੱਕ ਥੰਮ ਬਣਵਾਇਆ। ਇਉਂ ਅਹਾਬ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਨ੍ਹਾਂ ਸਾਰਿਆਂ ਇਸਰਾਏਲੀ ਰਾਜਿਆਂ ਨਾਲੋਂ ਜੋ ਉਸ ਨਾਲੋਂ ਪਹਿਲੇ ਸਨ ਵੱਧੀਕ ਕ੍ਰੋਧ ਚੜ੍ਹਾਇਆ।

34 ਅਹਾਬ ਦੇ ਸਮੇਂ ਵਿੱਚ ਹੀਏਲ ਬੈਤਏਲੀ ਨੇ ਦੁਬਾਰਾ ਤੋਂ ਯਰੀਹੋ ਸ਼ਹਿਰ ਬਣਾਇਆ। ਜਦੋਂ ਹੀਏਲ ਨੇ ਉਸ ਸ਼ਹਿਰ ਤੇ ਕੰਮ ਕਰਨਾ ਸ਼ੁਰੂ ਕੀਤਾ, ਉਸਦਾ ਸਭ ਤੋਂ ਵੱਡਾ ਪੁੱਤਰ ਅਬੀਰਾਮ ਮਰ ਗਿਆ, ਅਤੇ ਉਸ ਸ਼ਹਿਰ ਦੇ ਫ਼ਾਟਕ ਬਨਾਉਣ ਸਮੇਂ ਉਸ ਦੇ ਨਿੱਕੇ ਪੁੱਤਰ ਸਗੂਬ ਦੀ ਮੌਤ ਹੋ ਗਈ। ਇਹ ਸਭ ਕੁਝ ਉਸ ਬਚਨ ਮੁਤਾਬਕ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।

ਏਲੀਯਾਹ ਅਤੇ ਸੋਕਾ

17 ਏਲੀਯਾਹ ਗਿਲਆਦ ਵਿੱਚ ਤਿਸ਼ਬੀ ਸ਼ਹਿਰ ਦਾ ਨਬੀ ਸੀ। ਏਲੀਯਾਹ ਨੇ ਅਹਾਬ ਪਾਤਸ਼ਾਹ ਨੂੰ ਆਖਿਆ, “ਮੈਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਸੇਵਕ ਹਾਂ। ਉਸਦੀ ਸ਼ਕਤੀ ਨਾਲ, ਮੈਂ ਇਕਰਾਰ ਕਰਦਾ ਹਾਂ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ, ਨਾ ਮੀਂਹ ਪਵੇਗਾ ਨਾ ਤ੍ਰੇਲ। ਮੀਂਹ ਉਦੋਂ ਹੀ ਪਵੇਗਾ ਜਦੋਂ ਮੈਂ ਹੁਕਮ ਦੇਵਾਂਗਾ।”

ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, “ਇੱਥੋਂ ਚੱਲੇ ਜਾ ਅਤੇ ਆਪਣਾ ਮੁਹਾਣਾ ਪੂਰਬ ਵੱਲ ਕਰ ਲੈ। ਆਪਣੇ ਆਪਨੂੰ ਕਰੀਥ ਦੇ ਨਾਲੇ ਕੋਲ ਜਿਹੜਾ ਕਿ ਯਰਦਨ ਦਰਿਆ ਦੇ ਪੂਰਬ ਵੱਲ ਹੈ ਲੁਕਾਅ ਲੈ। ਤੂੰ ਉਸ ਨਦੀ ਵਿੱਚੋਂ ਪਾਣੀ ਪੀ ਸੱਕਦਾ ਹੈਂ। ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਉੱਥੇ ਤੈਨੂੰ ਭੋਜਨ ਪੁੱਜਦਾ ਕਰਨ।” ਸੋ ਏਲੀਯਾਹ ਨੇ ਉਹੀ ਕੁਝ ਕੀਤਾ ਜੋ ਕੁਝ ਯਹੋਵਾਹ ਨੇ ਉਸ ਨੂੰ ਕਰਨ ਨੂੰ ਕਿਹਾ। ਤਦ ਉਹ ਕਰੀਥ ਦੇ ਨਾਲੇ ਜੋ ਯਰਦਨ ਦਰਿਆ ਦੇ ਪੂਰਬ ਵੱਲ ਸੀ ਰਹਿਣ ਲੱਗਾ। ਪਹਾੜੀ ਕਾਂ ਹਰ ਰੋਜ਼ ਸਵੇਰੇ, ਸ਼ਾਮ ਉਸ ਨੂੰ ਭੋਜਨ ਪੁੱਜਦਾ ਕਰਦੇ ਅਤੇ ਏਲੀਯਾਹ ਉਸ ਨਦੀ ਵਿੱਚੋਂ ਪਾਣੀ ਪੀ ਲੈਂਦਾ।

ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂ ਕਿ ਧਰਤੀ ਤੇ ਕੋਈ ਮੀਂਹ ਨਾ ਪਿਆ। ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, “ਉੱਠ ਅਤੇ ਸੀਦੋਨ ਦੇ ਸਾਰਫ਼ਥ ਨੂੰ ਚੱਲਾ ਜਾ ਅਤੇ ਉੱਥੇ ਜਾਕੇ ਟਿਕ ਜਾ। ਉੱਥੇ ਇੱਕ ਔਰਤ ਉਸ ਜਗ੍ਹਾ ਦੇ ਕਰੀਬ ਰਹਿੰਦੀ ਹੈ ਜਿਸਦਾ ਕਿ ਪਤੀ ਮਰ ਚੁੱਕਾ ਹੈ। ਮੈਂ ਉਸ ਨੂੰ ਹੁਕਮ ਕੀਤਾ ਹੈ ਤੇ ਉਹ ਤੈਨੂੰ ਭੋਜਨ ਦੇਵੇਗੀ।”

10 ਤਾਂ ਏਲੀਯਾਹ ਸਾਰਫ਼ ਨੂੰ ਚੱਲਾ ਗਿਆ। ਜਦੋਂ ਉਹ ਸ਼ਹਿਰ ਦੇ ਫ਼ਾਟਕ ਕੋਲ ਪੁਜਿਆ ਤਾਂ ਉਸ ਨੇ ਇੱਕ ਔਰਤ ਵੇਖੀ। ਉਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਜੰਗਲ ਚੋ ਅੱਗ ਬਾਲਣ ਲਈ ਲੱਕੜ ਇਕੱਠੀ ਕਰ ਰਹੀ ਸੀ ਤਾਂ ਏਲੀਯਾਹ ਨੇ ਉਸ ਨੂੰ ਕਿਹਾ, “ਕੀ ਤੂੰ ਮੈਨੂੰ ਪਿਆਲੇ ’ਚ ਕੁਝ ਪਾਣੀ ਦੇ ਸੱਕਦੀ ਹੈਂ, ਤਾਂ ਜੋ ਮੈਂ ਆਪਣੀ ਪਿਆਸ ਮਿਟਾ ਲਵਾਂ?” 11 ਜਦੋਂ ਔਰਤ ਉਸ ਲਈ ਪਾਣੀ ਲੈਣ ਗਈ ਤਾਂ ਏਲੀਯਾਹ ਨੇ ਕਿਹਾ, “ਕਿਰਪਾ ਕਰਕੇ ਮੇਰੇ ਲਈ ਇੱਕ ਰੋਟੀ ਦਾ ਟੁਕੜਾ ਵੀ ਲੈ ਆਵੀਂ!”

12 ਉਸ ਔਰਤ ਨੇ ਕਿਹਾ, “ਮੈਂ ਯਹੋਵਾਹ ਤੇਰੇ ਪਰਮੇਸ਼ੁਰ ਅੱਗੇ ਸੌਂਹ ਖਾਕੇ ਕਹਿਂਦੀ ਹਾਂ ਕਿ ਮੇਰੇ ਕੋਲ ਤੈਨੂੰ, ਖਾਣ ਵਾਸਤੇ ਦੇਣ ਲਈ ਰੋਟੀ ਨਹੀਂ ਹੈ। ਸਿਰਫ਼ ਮਰਤਬਾਨ ਵਿੱਚ ਥੋੜਾ ਜਿਹਾ ਆਟਾ ਹੈ ਅਤੇ ਬੋਤਲ ਵਿੱਚ ਕੁਝ ਕਿ ਜੈਤੂਨ ਦਾ ਤੇਲ ਹੈ। ਮੈਂ ਇੱਥੇ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਲਈ ਆਈ ਸਾਂ। ਫ਼ੇਰ ਮੈਂ ਘਰ ਨੂੰ ਜਾਕੇ ਮੇਰੇ ਅਤੇ ਮੇਰੇ ਪੁੱਤਰ ਲਈ ਆਖੀਰੀ ਭੋਜਨ ਤਿਆਰ ਕਰਾਂਗੀ। ਅਸੀਂ ਇਸ ਨੂੰ ਖਾਵਾਂਗੇ ਅਤੇ ਫ਼ੇਰ ਭੁੱਖ ਕਾਰਣ ਮਰ ਜਾਵਾਂਗੇ।”

13 ਏਲੀਯਾਹ ਨੇ ਉਸ ਔਰਤ ਨੂੰ ਆਖਿਆ, “ਫ਼ਿਕਰ ਨਾ ਕਰ! ਜਿਵੇਂ ਤੂੰ ਕਿਹਾ ਹੈ ਇੰਝ ਹੀ ਘਰ ਜਾਕੇ ਆਪਣਾ ਭੋਜਨ ਤਿਆਰ ਕਰ। ਪਰ ਪਹਿਲਾਂ ਤੂੰ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲਿਆ, ਉਸ ਤੋਂ ਬਾਅਦ ਹੀ ਆਪਣੇ ਅਤੇ ਆਪਣੇ ਪੁੱਤਰ ਵਾਸਤੇ ਪਕਾਵੀਂ। 14 ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਉਹ ਆਟੇ ਵਾਲਾ ਮਰਤਬਾਨ ਕਦੇ ਵੀ ਖਾਲੀ ਨਾ ਹੋਵੇਗਾ ਤੇ ਤੇਰੀ ਬੋਤਲ ਵਿੱਚ ਹਮੇਸ਼ਾ ਤੇਲ ਭਰਿਆ ਰਹੇਗਾ। ਇਹ ਤਦ ਤੱਕ ਸਿਲਸਿਲਾ ਚੱਲਦਾ ਰਹੇਗਾ, ਜਦ ਤੀਕ ਯਹੋਵਾਹ ਇਸ ਧਰਤੀ ਤੇ ਮੀਂਹ ਨਹੀਂ ਪਾਉਂਦਾ।’”

15 ਤਾਂ ਉਹ ਔਰਤ ਆਪਣੇ ਘਰ ਨੂੰ ਪਰਤੀ ਤੇ ਉਸ ਨੇ ਉਵੇਂ ਹੀ ਕੀਤਾ ਜਿਵੇਂ ਏਲੀਯਾਹ ਨੇ ਉਸ ਨੂੰ ਆਖਿਆ ਸੀ। ਇਉਂ ਏਲੀਯਾਹ, ਔਰਤ ਤੇ ਉਸਦਾ ਪੁੱਤਰ ਕਾਫ਼ੀ ਦਿਨਾਂ ਤੱਕ ਭੋਜਨ ਖਾਂਦੇ ਰਹੇ। 16 ਆਟੇ ਵਾਲਾ ਅਤੇ ਤੇਲ ਵਾਲ ਭਾਂਡਾ ਕਦੇ ਵੀ ਖਾਲੀ ਨਾ ਹੋਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਹੋਇਆ ਸੀ ਅਤੇ ਯਹੋਵਾਹ ਨੇ ਇਹ ਬਚਨ ਏਲੀਯਾਹ ਦੇ ਮੂੰਹੋਂ ਕਹੇ ਸਨ।

17 ਕੁਝ ਸਮੇਂ ਬਾਅਦ ਔਰਤ ਦਾ ਪੁੱਤਰ ਬੀਮਾਰ ਪੈ ਗਿਆ। ਉਹ ਦਿਨੋ ਦਿਨੀ ਵੱਧੇਰੇ ਬੀਮਾਰ ਹੁੰਦਾ ਗਿਆ ਅਤੇ ਅਖੀਰੀ ਉਸ ਵਿੱਚ ਸਾਹ ਵੀ ਨਾ ਰਹੇ। 18 ਤਾਂ ਉਸ ਔਰਤ ਨੇ ਏਲੀਯਾਹ ਨੂੰ ਕਿਹਾ, “ਤੂੰ ਪਰਮੇਸ਼ੁਰ ਦਾ ਮਨੁੱਖ ਹੈਂ, ਕੀ ਤੂੰ ਮੇਰੀ ਮਦਦ ਕਰ ਸੱਕਦਾ ਹੈਂ? ਜਾਂ ਤੂੰ ਇੱਥੇ ਮੈਨੂੰ ਮੇਰੇ ਪਾਪਾਂ ਦਾ ਚੇਤਾ ਹੀ ਕਰਵਾਉਣ ਲਈ ਆਇਆ ਹੈਂ? ਜਾਂ ਤੂੰ ਇੱਥੇ ਮੇਰੇ ਪੁੱਤਰ ਦੀ ਮੌਤ ਦਾ ਕਾਰਣ ਬਣਨ ਲਈ ਆਇਆ ਹੈਂ?”

19 ਏਲੀਯਾਹ ਨੇ ਕਿਹਾ, “ਆਪਣਾ ਪੁੱਤਰ ਮੈਨੂੰ ਦੇ!” ਏਲੀਯਾਹ ਨੇ ਉਸਤੋਂ ਉਸਦਾ ਪੁੱਤਰ ਲੈ ਕੇ ਉਸ ਨੂੰ ਪੌੜੀਆਂ ਚੜ੍ਹ ਕੇ ਉੱਪਰ ਲੈ ਗਿਆ। ਜਿਸ ਕਮਰੇ ਵਿੱਚ ਉਹ ਆਪ ਰਹਿੰਦਾ ਸੀ ਉਸ ਨੂੰ ਉੱਥੇ ਬਿਸਤਰ ਤੇ ਲੰਮਾ ਪਾ ਦਿੱਤਾ। 20 ਫ਼ਿਰ ਏਲੀਯਾਹ ਨੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਹ ਵਿਧਵਾ ਔਰਤ ਮੈਨੂੰ ਆਪਣੇ ਘਰ ਵਿੱਚ ਪਨਾਹ ਦੇ ਰਹੀ ਹੈ, ਤੇ ਕੀ ਤੂੰ ਉਸ ਨਾਲ ਅਜਿਹੀ ਬਦਕਿਸਮਤੀ ਕਰੇਂਗਾ? ਕੀ ਤੂੰ ਚਾਹੇਂਗਾ ਕਿ ਉਸਦਾ ਪੁੱਤਰ ਮਰੇ?” 21 ਫ਼ਿਰ ਏਲੀਯਾਹ ਨੇ ਤਿੰਨ ਵਾਰ ਆਪਣੇ ਆਪ ਨੂੰ ਮੁੰਡੇ ਉੱਪਰ ਪਸਾਰਿਆ ਤੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਸ ਮੁੰਡੇ ਨੂੰ ਮੁੜ ਤੋਂ ਜੀਣ ਦੀ ਆਗਿਆ ਦੇ।”

22 ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਸੁਣੀ। ਮੁੰਡੇ ਨੇ ਮੁੜ ਤੋਂ ਸਾਹ ਲੈਣਾ ਸ਼ੁਰੂ ਕੀਤਾ। ਉਹ ਜਿਉ ਪਿਆ। 23 ਏਲੀਯਾਹ ਮੁੰਡੇ ਨੂੰ ਹੇਠਾਂ ਲੈ ਆਇਆ। ਏਲੀਯਾਹ ਨੇ ਮੁੰਡਾ ਉਸਦੀ ਮਾਂ ਦੇ ਹਵਾਲੇ ਕੀਤਾ ਅਤੇ ਕਿਹਾ, “ਵੇਖ ਤੇਰਾ ਪੁੱਤਰ ਜਿਉਂਦਾ ਹੈ।”

24 ਔਰਤ ਨੇ ਕਿਹਾ, “ਹੁਣ ਮੈਂ ਜਾਣ ਗਈ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਸੱਚ ਮੁੱਚ ਤੇਰੇ ਰਾਹੀਂ ਬੋਲਦਾ ਹੈ।”

ਏਲੀਯਾਹ ਅਤੇ ਬਆਲ ਦੇ ਨਬੀ

18 ਜਦੋਂ ਤੀਜੇ ਵਰ੍ਹੇ ਵਿੱਚ ਵੀ ਕੋਈ ਮੀਂਹ ਨਾ ਪਿਆ ਤਾਂ ਯਹੋਵਾਹ ਨੇ ਏਲੀਯਾਹ ਨੂੰ ਕਿਹਾ, “ਜਾ ਅਤੇ ਜਾਕੇ ਅਹਾਬ ਪਾਤਸ਼ਾਹ ਨੂੰ ਮਿਲ। ਮੈਂ ਜਲਦੀ ਹੀ ਮੀਂਹ ਵਰਸਾਵਾਂਗਾ।” ਤਾਂ ਏਲੀਯਾਹ ਅਹਾਬ ਨੂੰ ਮਿਲਣ ਗਿਆ।

ਉਸ ਵੇਲੇ ਸਾਮਰਿਯਾ ਵਿੱਚ ਕਾਲ ਪਿਆ ਹੋਇਆ ਸੀ। ਤਾਂ ਅਹਾਬ ਨੇ ਓਬਦਿਆਹ ਨੂੰ ਜੋ ਕਿ ਉਸ ਦੇ ਮਹਿਲ ਦਾ ਦੀਵਾਨ ਸੀ ਆਪਣੇ ਕੋਲ ਆਉਣ ਨੂੰ ਕਿਹਾ ਓਬਦਿਆਹ ਵੈਸੇ ਵੀ ਯਹੋਵਾਹ ਦਾ ਸੱਚਾ ਭਗਤ ਸੀ। ਇੱਕ ਵਾਰ ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢਦੀ ਪਈ ਸੀ ਤਾਂ ਓਬਦਿਆਹ ਨੇ 100 ਨਬੀਆਂ ਨੂੰ ਪੰਜਾਹ-ਪੰਜਾਹ ਕਰਕੇ ਦੋ ਗੁਫ਼ਾਵਾਂ ਵਿੱਚ ਲੁਕਾਅ ਦਿੱਤਾ। ਅਤੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ। ਅਹਾਬ ਪਾਤਸ਼ਾਹ ਨੇ ਓਬਦਿਆਹ ਨੂੰ ਕਿਹਾ, “ਅਸੀਂ ਜਾਵਾਂਗੇ ਅਤੇ ਦੇਸ ਵਿੱਚਲੇ ਪਾਣੀ ਦੇ ਸਾਰੇ ਝਰਨਿਆਂ ਅਤੇ ਦਰਿਆਵਾਂ ਨੂੰ ਵੇਖਾਂਗੇ। ਹੋ ਸੱਕਦਾ ਅਸੀਂ ਘੋੜਿਆਂ ਅਤੇ ਖੱਚਰਾਂ ਨੂੰ ਜਿਉਂਦਿਆਂ ਰੱਖਣ ਲਈ ਕੁਝ ਘਾਹ ਲੱਭ ਲਈਏ। ਤਦ ਸਾਨੂੰ ਆਪਣੇ ਜਾਨਵਰ ਨਹੀਂ ਗੁਆਉਣੇ ਪੈਣਗੇ।” ਉਨ੍ਹਾਂ ਨੇ ਪਾਣੀ ਦੀ ਛਾਣ ਬੀਨ ਕਰਨ ਲਈ ਦੇਸ਼ ਦੋ ਹਿਸਿਆਂ ਨੂੰ ਆਪਣੇ ਵਿੱਚਕਾਰ ਵੰਡ ਲਿਆ। ਤਾਂ ਉਹ ਦੋਵੇਂ ਸਾਰੇ ਦੇਸ਼ ਵਿੱਚ ਘੁੰਮੇ। ਪਾਣੀ ਦੀ ਭਾਲ ਵਿੱਚ ਅਹਾਬ ਇੱਕ ਦਿਸ਼ਾ ਵੱਲ ਹੋ ਤੁਰਿਆ ਤੇ ਓਬਦਿਆਹ ਦੂਜੇ ਪਾਸੇ ਨੂੰ ਨਿਕਲ ਪਿਆ। ਆਪਣੇ ਸਫ਼ਰ ਦੌਰਾਨ ਓਬਦਿਆਹ ਏਲੀਯਾਹ ਨੂੰ ਮਿਲਿਆ। ਓਬਦਿਆਹ ਨੇ ਏਲੀਯਾਹ ਨੂੰ ਪਛਾਣ ਲਿਆ, ਅਤੇ ਉਸ ਅੱਗੇ ਝੁਕ ਕੇ ਆਖਿਆ, “ਏਲੀਯਾਹ! ਸੁਆਮੀ, ਕੀ ਇਹ ਸੱਚਮੁੱਚ ਤੂੰ ਹੀ ਹੈਂ?”

ਏਲੀਯਾਹ ਨੇ ਆਖਿਆ, “ਹਾਂ, ਇਹ ਮੈਂ ਹੀ ਹਾਂ। ਜਾ ਅਤੇ ਜਾਕੇ ਆਪਣੇ ਸੁਆਮੀ ਪਾਤਸ਼ਾਹ ਨੂੰ ਕਹਿ ਕਿ ਮੈਂ ਇੱਥੇ ਹਾਂ!”

ਤਦ ਓਬਦਿਆਹ ਨੇ ਕਿਹਾ, “ਜੇਕਰ ਮੈਂ ਅਹਾਬ ਨੂੰ ਇਹ ਦੱਸ ਦਿੱਤਾ ਕਿ ਤੂੰ ਕਿੱਥੇ ਹੈਂ ਤਾਂ ਉਹ ਮੈਨੂੰ ਵੱਢ ਸੁੱਟੇਗਾ। ਮੈਂ ਤੇਰਾ ਕੁਝ ਨਹੀਂ ਵਿਗਾੜਿਆ ਤੇ ਤੂੰ ਮੈਨੂੰ ਕਿਉਂ ਮਰਵਾਉਣਾ ਚਾਹੁੰਦਾ ਹੈਂ? 10 ਮੈਂ ਯਹੋਵਾਹ ਤੇਰੇ ਪਰਮੇਸ਼ੁਰ, ਦੇ ਜੀਵਨ ਦੀ ਸੌਂਹ ਖਾਂਦਾ ਕਿ ਅਜਿਹੀ ਕੋਈ ਕੌਮ ਜਾਂ ਰਾਜ ਨਹੀਂ ਜਿੱਥੇ ਰਾਜੇ ਨੇ ਤੈਨੂੰ ਨਾ ਲੱਭਿਆ ਹੋਵੇ। ਜਦ ਕਿਸੇ ਵੀ ਰਾਜ ਜਾਂ ਕੌਮ ਨੇ ਉਸ ਨੂੰ ਕਿਹਾ ਕਿ ਤੂੰ ਉੱਥੇ ਨਹੀਂ ਹੈਂ, ਉਸ ਨੇ ਉਨ੍ਹਾਂ ਨੂੰ ਸੌਂਹ ਚੁਕਾਈ ਕਿ ਤੂੰ ਓੱਥੇ ਨਹੀਂ ਸੀ। 11 ਤੇ ਹੁਣ ਤੂੰ ਚਾਹੁੰਦਾ ਹੈਂ ਕਿ ਮੈਂ ਜਾਕੇ ਇਹ ਆਖਾਂ ਕਿ ਤੂੰ ਇੱਥੇ ਹੈਂ? 12 ਜੇਕਰ ਮੈਂ ਜਾਕੇ ਅਹਾਬ ਪਾਤਸ਼ਾਹ ਨੂੰ ਇਹ ਆਖਾਂ ਕਿ ਤੂੰ ਇੱਥੇ ਹੈਂ ਤਾਂ ਹੋ ਸੱਕਦਾ ਹੈ ਯਹੋਵਾਹ ਤੈਨੂੰ ਚੁੱਕ ਕੇ ਕਿਸੇ ਦੂਜੇ ਥਾਂ ਲੈ ਜਾਵੇ ਤੇ ਜਦੋਂ ਅਹਾਬ ਪਾਤਸ਼ਾਹ ਤੈਨੂੰ ਇੱਥੇ ਵੇਖਣ ਲਈ ਆਵੇ ਤਾਂ ਤੂੰ ਇੱਥੋਂ ਗਾਇਬ ਹੋਵੇਂ।ਤਦ ਉਹ ਮੈਨੂੰ ਵੱਢ ਸੁੱਟੇਗਾ। ਮੈਂ ਜਦੋਂ ਬਾਲਕ ਹੀ ਸੀ ਤਦ ਤੋਂ ਯਹੋਵਾਹ ਨੂੰ ਮੰਨਦਾ ਆਇਆ ਹਾਂ। 13 ਮੇਰੇ ਸੁਆਮੀ ਨੇ ਉਹ ਨਹੀਂ ਸੁਣਿਆ ਜੋ ਮੈਂ ਕੀਤਾ। ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢ ਰਹੀ ਸੀ, ਮੈਂ ਉਨ੍ਹਾਂ ਵਿੱਚੋਂ 100 ਨਬੀਆਂ ਨੂੰ, ਦੋ ਗੁਫ਼ਾਵਾਂ ਵਿੱਚ ਪੰਜਾਹ-ਪੰਜਾਹ ਕਰਕੇ ਲੁਕਾਅ ਦਿੱਤਾ। ਮੈਂ ਉਨ੍ਹਾਂ ਲਈ ਰੋਟੀ ਅਤੇ ਪਾਣੀ ਵੀ ਲਿਆਉਂਦਾ ਹੁੰਦਾ ਸੀ। 14 ਤੇ ਹੁਣ ਤੂੰ ਕਹਿੰਦਾ ਹੈਂ ਕਿ ਜਾ ਆਪਣੇ ਮਾਲਿਕ ਨੂੰ ਆਖ ਕਿ ਵੇਖੋ ਏਲੀਯਾਹ ਅਇਆ ਹੈ। ਉਹ ਮੈਨੂੰ ਵੱਢ ਸੁੱਟੇਗਾ।”

15 ਏਲੀਯਾਹ ਨੇ ਆਖਿਆ, “ਮੈਂ ਯਹੋਵਾਹ ਸਰਬ-ਸ਼ਕਤੀਮਾਨ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ , ਜਿਸਦੀ ਮੈਂ ਸੇਵਾ ਕਰਦਾ ਹਾਂ। ਅੱਜ ਮੈਂ ਰਾਜੇ ਦੇ ਸਾਹਮਣੇ ਪ੍ਰਗਟ ਹੋਵਾਂਗਾ।”

16 ਤਾਂ ਓਬਦਿਆਹ ਅਹਾਬ ਨੂੰ ਮਿਲਣ ਲਈ ਗਿਆ ਤੇ ਉਸ ਨੂੰ ਖਬਰ ਦਿੱਤੀ ਤਾਂ ਰਾਜਾ ਅਹਾਬ ਏਲੀਯਾਹ ਦੇ ਮਿਲਣ ਲਈ ਆਇਆ।

17 ਜਦੋਂ ਅਹਾਬ ਨੇ ਏਲੀਯਾਹ ਨੂੰ ਵੇਖਿਆ ਤਾਂ ਕਿਹਾ, “ਕੀ ਇਹ ਤੂੰ ਹੀ ਹੈਂ? ਇਸਰਾਏਲ ਨੂੰ ਦੁੱਖ ਦੇਣ ਵਾਲਿਆ!”

18 ਏਲੀਯਾਹ ਨੇ ਜਵਾਬ ਦਿੱਤਾ, “ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ, ਪਰ ਇਹ ਤੂੰ ਅਤੇ ਤੇਰੇ ਪਿਤਾ ਦਾ ਪਰਿਵਾਰ ਹੈ ਜਿਸ ਨੇ ਅਜਿਹਾ ਕੀਤਾ। ਜਦੋਂ ਤੁਸੀਂ ਦੋਹਾਂ ਨੇ ਯਹੋਵਾਹ ਦੇ ਹੁਕਮਾਂ ਨੂੰ ਮੰਨਣਾ ਛੱਡ ਦਿੱਤਾ ਅਤੇ ਝੂਠੇ ਦੇਵਤਿਆਂ ਦੇ ਮਗਰ ਲੱਗਣਾ ਸੁਰੂ ਕਰ ਦਿੱਤਾ ਫੇਰ ਇਹ ਮੁਸੀਬਤ ਆਈ। 19 ਹੁਣ ਸਗੋਂ ਤੂੰ ਮੇਰੇ ਲਈ ਸਾਰੇ ਇਸਰਾਏਲੀਆਂ ਨੂੰ ਕਰਮਲ ਪਰਬਤ ਕੋਲ ਇਕੱਠੇ ਕਰ ਅਤੇ ਬਆਲ ਦੇ 450 ਨਬੀ ਅਤੇ ਅਸ਼ੇਰਾਹ ਦੇਵੀ ਦੇ 400 ਨਬੀ ਜਿਹੜੇ ਈਜ਼ਬਲ ਦੇ ਲੰਗਰ ਵਿੱਚੋਂ ਖਾਂਦੇ ਸਨ, ਉਨ੍ਹਾਂ ਨੂੰ ਵੀ ਬੁਲਾ।”

20 ਤਾਂ ਅਹਾਬ ਨੇ ਸਾਰੇ ਇਸਰਾਏਲੀਆਂ ਤੇ ਉਨ੍ਹਾਂ ਨਬੀਆਂ ਨੂੰ ਕਰਮਲ ਪਰਬਤ ਤੇ ਬੁਲਾਇਆ। 21 ਏਲੀਯਾਹ ਨੇ ਸਾਰੇ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਆਖਿਆ, “ਤੁਸੀਂ ਕਦੋਂ ਤੀਕ ਦੁਚਿਤੀ ਵਿੱਚ ਰਹੋਗੇ? ਜੇਕਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਸ ਦੇ ਮਗਰ ਲੱਗੋ। ਜੇਕਰ ਬਆਲ ਸੱਚਾ ਪਰਮੇਸ਼ੁਰ ਹੈ, ਉਸ ਦੇ ਮਗਰ ਲੱਗੋ!”

ਪਰ ਲੋਕ ਇੱਕ ਸ਼ਬਦ ਵੀ ਨਾ ਬੋਲੇ। 22 ਤਾਂ ਏਲੀਯਾਹ ਮੁੜ ਬੋਲਿਆ, “ਮੈਂ ਇੱਥੇ ਇੱਕਲਾ ਹੀ ਯਹੋਵਾਹ ਦਾ ਨਬੀ ਆਇਆ ਹਾਂ ਜਦ ਕਿ ਇੱਥੇ ਬਆਲ ਦੇ 450 ਨਬੀ ਹਨ। 23 ਦੋ ਬਲਦ ਲਿਆਓ ਅਤੇ ਬਾਲ ਦੇ ਨਬੀਆਂ ਨੂੰ ਇੱਕ ਬਲਦ ਰੱਖਣ ਦਿਓ। ਉਹ ਇਸ ਨੂੰ ਮਾਰ ਕੇ ਇਸਦੇ ਟੁਕੜੇ ਕਰ ਲੈਣ, ਅਤੇ ਲੱਕੜਾਂ ਉੱਤੇ ਪਾ ਦੇਣ, ਪਰ ਉਨ੍ਹਾਂ ਨੂੰ ਅੱਗ ਨਾ ਬਾਲਣ ਦਿਓ। ਇਵੇਂ ਹੀ ਮੈਂ ਦੂਜੇ ਬਲਦ ਨਾਲ ਕਰਾਂਗਾ ਤੇ ਮੈਂ ਵੀ ਅੱਗ ਨਹੀਂ ਬਾਲਾਂਗਾ। 24 ਤੁਸੀਂ ਬਆਲ ਦੇ ਨਬੀਓ, ਆਪਣੇ ਦੇਵਤੇ ਅੱਗੇ ਪ੍ਰਾਰਥਨਾ ਕਰੋ ਅਤੇ ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ। ਜਿਹੜਾ ਦੇਵਤਾ ਉੱਤਰ ਦੇਵੇ ਅਤੇ ਅੱਗ ਬਾਲ ਦੇਵੇ ਉਹੀ ਸੱਚਾ ਪਰਮੇਸ਼ੁਰ ਹੋਵੇਗਾ।”

ਸਭ ਲੋਕਾਂ ਨੇ ਉੱਤਰ ਦਿੱਤਾ, “ਬਹੁਤ ਵੱਧੀਆ।”

25 ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਕਿਹਾ, “ਤੁਸੀਂ ਇੱਥੇ ਅਨੇਕਾਂ ਹੀ ਹੋ ਸੋ ਤੁਸੀਂ ਪਹਿਲੇ ਜਾਵੋ ਤੇ ਆਪਣਾ ਬਲਦ ਚੁਣਕੇ ਤਿਆਰ ਕਰੋ, ਪਰ ਅੱਗ ਨਾ ਬਾਲਣਾ।”

26 ਇਉਂ ਨਬੀਆਂ ਨੇ ਜਿਹੜਾ ਬਲਦ ਮਿਲਿਆ ਉਸ ਨੂੰ ਲਿਆ, ਇਸ ਦੇ ਟੁਕੜੇ ਕੀਤੇ ਤੇ ਫ਼ਿਰ ਦੁਪਹਿਰ ਤੀਕ ਬਆਲ ਅੱਗੇ ਪ੍ਰਾਰਥਨਾ ਕਰਦੇ ਰਹੇ ਕਿ, “ਹੇ ਬਆਲ, ਕਿਰਪਾ ਕਰਕੇ ਸਾਨੂੰ ਜੁਆਬ ਦੇ!” ਪਰ ਕੋਈ ਹੁੰਗਾਰਾ ਨਾ ਆਇਆ ਨਾ ਕੋਈ ਆਵਾਜ਼। ਨਬੀਆਂ ਨੂੰ ਜਿਹੜੀ ਜਗਵੇਦੀ ਤਿਆਰ ਕੀਤੀ ਸੀ ਉਸ ਅੱਗੇ ਨੱਚਦੇ ਰਹੇ ਪਰ ਅੱਗ ਨਾ ਬਲੀ।

27 ਦੁਪਹਿਰ ਵੇਲੇ ਏਲੀਯਾਹ ਨੇ ਉਨ੍ਹਾਂ ਦਾ ਮਖੌਲ ਉਡਾਉਣਾ ਸ਼ੁਰੂ ਕੀਤਾ ਅਤੇ ਕਿਹਾ, “ਜੇਕਰ ਬਆਲ ਸੱਚਮੁੱਚ ਪਰਮੇਸ਼ੁਰ ਹੈ ਤਾਂ ਤੁਹਾਨੂੰ ਉਸ ਨੂੰ ਉੱਚੀ ਆਵਾਜ਼ ਵਿੱਚ ਬੁਲਾਉਣਾ ਚਾਹੀਦਾ ਹੈ! ਕੀ ਪਤਾ ਉਹ ਕੁਝ ਸੋਚ ਰਿਹਾ ਹੋਵੇ ਜਾਂ ਕਿਸੇ ਕੰਮ ਵਿੱਚ ਰੁਝਿਆ ਹੋਵੇ? ਜਾਂ ਉਹ ਕਿਤੇ ਸਫ਼ਰ ਕਰ ਰਿਹਾ ਹੋਵੇ! ਹੋ ਸੱਕਦਾ ਹੈ ਉਹ ਸੌਂ ਰਿਹਾ ਹੋਵੇ। ਇਸ ਲਈ ਤੁਹਾਨੂੰ ਉੱਚੀ ਆਵਾਜ਼ ਵਿੱਚ ਬੋਲ ਕੇ ਉਸ ਨੂੰ ਜਗਾਉਣਾ ਚਾਹੀਦਾ ਹੈ!” 28 ਇਸ ਲਈ ਨਬੀਆਂ ਨੇ ਉੱਚੀ-ਉੱਚੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਅਤੇ ਉਨ੍ਹਾਂ ਦੀ ਰੀਤ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਨੇਜਿਆਂ ਨਾਲ ਆਪਣੇ-ਆਪ ਨੂੰ ਕੱਟਣ ਲੱਗ ਪਏ, ਜਿੰਨਾ ਚਿਰ ਖੂਨ ਉਨ੍ਹਾਂ ਦੇ ਉੱਪਰੋਂ ਦੀ ਵਗਣ ਨਹੀਂ ਲੱਗ ਪਿਆ। 29 ਜਦੋਂ ਦੁਪਿਹਰ ਲੰਘ ਗਈ, ਉਹ ਸੰਧਿਆ ਦੀ ਭੇਟ ਚੜ੍ਹਾਉਣ ਦੀ ਘੜੀ ਤਾਈਂ ਰੋਲਾ ਪਾਉਂਦੇ ਰਹੇ, ਓੱਥੇ ਕੋਈ ਆਵਾਜ਼ ਨਹੀਂ ਸੀ, ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਜਾਂ ਧਿਆਨ ਨਹੀਂ ਦਿੱਤਾ।

30 ਤਦ ਏਲੀਯਾਹ ਨੇ ਹਰੇਕ ਨੂੰ ਕਿਹਾ, “ਹੁਣ, ਮੇਰੇ ਕੋਲ ਆਓ।” ਤਦ ਸਾਰੇ ਲੋਕਾ ਏਲੀਯਾਹ ਦੇ ਦੁਆਲੇ ਇਕੱਠੇ ਹੋ ਗਏ। ਫ਼ੇਰ ਉਸ ਨੇ ਯਹੋਵਾਹ ਦੀ ਟੁੱਟੀ ਹੋਈ ਜਗਵੇਦੀ ਨੂੰ ਤਿਆਰ ਕੀਤਾ। 31 ਏਲੀਯਾਹ ਨੇ 12 ਪੱਥਰ ਲੇ ਹਰ ਪਰਿਵਾਰ-ਸਮੂਹ ਲਈ ਇੱਕ ਪੱਥਰ ਲਿਆ ਗਿਆ ਤੇ ਇਨ੍ਹਾਂ ਪਰਿਵਾਰ-ਸਮੂਹਾਂ ਦੇ ਨਾਂ ਯਾਕੂਬ ਦੇ 12 ਪੁੱਤਰਾਂ ਤੇ ਰੱਖੇ ਗਏ। ਯਾਕੂਬ ਹੀ ਉਹ ਮਨੁੱਖ ਸੀ ਜਿਸ ਨੂੰ ਯਹੋਵਾਹ ਨੇ ਇਸਰਾਏਲ ਆਖਿਆ ਸੀ। 32 ਏਲੀਯਾਹ ਨੇ ਇਨ੍ਹਾਂ ਪੱਥਰ ਨਾਲ ਯਹੋਵਾਹ ਦੇ ਨਾਉਂ ਉੱਪਰ ਇੱਕ ਜਗਵੇਦੀ ਬਣਾਈ ਅਤੇ ਇਸਦੇ ਚੁਫ਼ੇਰੇ ਇੱਕ ਖਾਈ ਬਣਾਈ। ਇਹ ਇੰਨੀ ਡੂੰਘੀ ਤੇ ਚੌੜੀ ਸੀ ਕਿ ਇਸ ਵਿੱਚ ਸੱਤ ਗੈਲਨ ਪਾਣੀ ਸਮਾਅ ਸੱਕੇ। 33 ਤਦ ਏਲੀਯਾਹ ਨੇ ਜਗਵੇਦੀ ਤੇ ਲੱਕੜਾਂ ਰੱਖੀਆਂ ਉਸ ਨੇ ਬਲਦ ਦੇ ਟੁਕੜੇ ਕੀਤੇ ਅਤੇ ਉਨ੍ਹਾਂ ਟੁਕੜਿਆਂ ਨੂੰ ਲੱਕੜ ਤੇ ਰੱਖਿਆ। 34 ਤਦ ਏਲੀਯਾਹ ਨੇ ਕਿਹਾ, “4 ਮਰਤਬਾਨ ਪਾਣੀ ਦੇ ਭਰੋ। ਉਸ ਪਾਣੀ ਨੂੰ ਹੋਮ ਦੀ ਬਲੀ ਅਤੇ ਬਾਲਣ ਉੱਪਰ ਡੋਹਲ ਦਿਓ।” ਤਦ ਏਲੀਯਾਹ ਨੇ ਕਿਹਾ, “ਇਸ ਨੂੰ ਦੁਬਾਰਾ ਕਰੋ।” ਫਿਰ ਉਸ ਕਿਹਾ, “ਇਸ ਨੂੰ ਤੀਜੀ ਵਾਰ ਫ਼ਿਰ ਕਰੋ।” 35 ਇਉਂ ਪਾਣੀ ਜਗਵੇਦੀ ਵਿੱਚੋਂ ਵਗਦਾ ਹੋਇਆ ਖਾਈ ਨੂੰ ਭਰਨ ਲੱਗਾ।

36 ਤਾਂ ਤਕਾਲਾਂ ਦੀ ਬਲੀ ਚੜ੍ਹਾਉਣ ਦੇ ਵੇਲੇ ਏਲੀਯਾਹ ਨਬੀ ਨੇ ਜਗਵੇਦੀ ਦੇ ਨੇੜੇ ਆਕੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਅਬਰਾਹਮ, ਇਸਹਾਕ ਤੇ ਯਾਕੂਬ ਦੇ ਪਰਮੇਸ਼ੁਰ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਸਭ ਨੂੰ ਪਤਾ ਲੱਗ ਜਾਵੇ ਕਿ ਤੂੰ ਇਸਰਾਏਲ ਦਾ ਪਰਮੇਸ਼ੁਰ ਹੈ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ। 37 ਹੇ ਯਹੋਵਾਹ, ਮੇਰੀ ਗੱਲ ਸੁਣ! ਮੇਰੀ ਪ੍ਰਾਰਥਨਾ ਦਾ ਉਤਰ ਦੇਹ ਤਾਂ ਜੋ ਇਹ ਲੋਕ ਜਾਨਣ ਕਿ ਤੂੰ ਯਹੋਵਾਹ ਹੀ ਪਰਮੇਸ਼ੁਰ ਹੈਂ ਅਤੇ ਤੂੰ ਹੀ ਹੈਂ ਜੋ ਉਨ੍ਹਾਂ ਦੇ ਦਿਲ ਬਦਲ ਰਿਹਾ ਹੈਂ।”

38 ਤਾਂ ਯਹੋਵਾਹ ਨੇ ਹੇਠਾਂ ਅੱਗ ਭੇਜੀ, ਜਿਸ ਨੇ ਬਲੀ, ਲੱਕੜਾਂ, ਪੱਥਰ ਅਤੇ ਜਗਵੇਦੀ ਦੇ ਦੁਆਲੇ ਦੀ ਧਰਤੀ ਨੂੰ ਸਾੜ ਦਿੱਤਾ, ਅਤੇ ਇਸ ਨੇ ਟੋਏ ਵਿੱਚਲਾ ਸਾਰਾ ਪਾਣੀ ਸੁਕਾਅ ਦਿੱਤਾ। 39 ਇਹ ਸਭ ਕੁਝ ਲੋਕਾਂ ਸਾਹਮਣੇ ਹੋਇਆ ਤਾਂ ਲੋਕਾਂ ਨੇ ਮੱਥਾ ਟੇਕਦੇ ਹੋਏ ਕਹਿਣਾ ਸ਼ੁਰੂ ਕੀਤਾ, “ਯਹੋਵਾਹ ਹੀ ਪਰਮੇਸ਼ੁਰ ਹੈ! ਯਹੋਵਾਹ ਹੀ ਪਰਮੇਸ਼ੁਰ ਹੈ!”

40 ਤਦ ਏਲੀਯਾਹ ਨੇ ਕਿਹਾ, “ਬਆਲ ਦੇ ਨਬੀਆਂ ਨੂੰ ਫ਼ੜ ਲਵੋ, ਕੋਈ ਵੀ ਬਚ ਕੇ ਨੱਸੇ ਨਾ!” ਤਾਂ ਲੋਕਾਂ ਨੇ ਸਾਰੇ ਨਬੀਆਂ ਨੂੰ ਫ਼ੜ ਲਿਆ। ਏਲੀਯਾਹ ਨੇ ਉਨ੍ਹਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾਕੇ ਉੱਥੇ ਉਨ੍ਹਾਂ ਨੂੰ ਵੱਢ ਸੁੱਟਿਆ।

ਮੀਂਹ ਦੁਬਾਰਾ ਪੈਣਾ

41 ਤਦ ਏਲੀਯਾਹ ਨੇ ਅਹਾਬ ਪਾਤਸ਼ਾਹ ਨੂੰ ਆਖਿਆ, “ਹੁਣ ਜਾ ਅਤੇ ਜਾਕੇ ਖਾ-ਪੀ ਕਿਉਂ ਜੋ ਭਾਰੀ ਬਾਰਿਸ਼ ਆ ਰਹੀ ਹੈ।” 42 ਤਾਂ ਅਹਾਬ ਪਾਤਸ਼ਾਹ ਖਾਣ-ਪੀਣ ਲਈ ਚੱਲਾ ਗਿਆ। ਉਸੇ ਵੇਲੇ ਏਲੀਯਾਹ ਕਰਮਲ ਪਹਾੜ ਦੀ ਟੀਸੀ ਉੱਪਰ ਚੜ੍ਹਿਆ ਅਤੇ ਉੱਥੇ ਜਾਕੇ ਥਲੇ ਝੁਕਿਆ। ਉਸ ਨੇ ਆਪਣਾ ਸਿਰ ਆਪਣੇ ਗੋਡਿਆਂ ’ਚ ਨਿਵਾਇਆ। 43 ਤਦ ਏਲੀਯਾਹ ਨੇ ਆਪਣੇ ਸੇਵਕ ਨੂੰ ਆਖਿਆ, “ਉੱਪਰ ਜਾ ਅਤੇ ਸਮੁੰਦਰ ਵੱਲ ਤੱਕ।”

ਸੇਵਕ ਉਸ ਜਗ੍ਹਾ ਗਿਆ ਜਿੱਥੇ ਉਹ ਸਮੁੰਦਰ ਨੂੰ ਵੇਖ ਸੱਕੇ। ਤਦ ਉਸ ਨੇ ਵਾਪਸ ਆਕੇ ਕਿਹਾ, “ਮੈਨੂੰ ਕੁਝ ਨਹੀਂ ਦਿਸਿਆ।” ਏਲੀਯਾਹ ਨੇ ਉਸ ਨੂੰ ਮੁੜ ਜਾਕੇ ਵੇਖਣ ਨੂੰ ਕਿਹਾ, ਇਉਂ ਉਸ ਨੇ ਸੱਤ ਵਾਰੀ ਕੀਤਾ। 44 ਸੱਤਵੀ ਵਾਰੀ, ਸੇਵਕ ਵਾਪਸ ਆਇਆ ਅਤੇ ਕਹਿਣ ਲੱਗਾ, “ਇੱਕ ਨਿੱਕਾ ਜਿਹਾ ਬੱਦਲ ਆਦਮੀ ਦੇ ਹੱਥ ਦੀ ਕਲਾਈ ਵਰਗਾ ਮੈਂ ਸਮੁੰਦਰੋ ਉੱਠਦਾ ਵੇਖਿਆ ਹੈ।”

ਏਲੀਯਾਹ ਨੇ ਸੇਵਕ ਨੂੰ ਕਿਹਾ, “ਜਾ! ਅਤੇ ਅਹਾਬ ਪਾਤਸ਼ਾਹ ਨੂੰ ਜਾਕੇ ਆਖ ਕਿ ਰਥ ਜੋੜਕੇ ਘਰ ਨੂੰ ਜਾਵੇ ਤਾਂ ਜੋ ਰਾਹ ਵਿੱਚ ਮੀਂਹ ਰੁਕਾਵਟ ਨਾ ਪਾਵੇ।”

45 ਥੋੜੇ ਹੀ ਸਮੇਂ ਬਾਅਦ ਅਕਾਸ਼ ਘਣੇ ਬੱਦਲਾਂ ਨਾਲ ਘਿਰ ਗਿਆ। ਤੇਜ਼ ਹਵਾ ਵਗਣ ਲਗੀ ਤੇ ਫ਼ੇਰ ਮੂਸਲਾਧਾਰ ਮੀਂਹ ਪੈਁਣ ਲੱਗਾ। ਤਾਂ ਅਹਾਬ ਆਪਣੇ ਰੱਥ ਤੇ ਚੜ੍ਹ ਕੇ ਯਿਜ਼ਰਾਏਲ ਨੂੰ ਮੁੜਿਆ। 46 ਯਹੋਵਾਹ ਦੀ ਮਿਹਰ ਏਲੀਯਾਹ ਉੱਪਰ ਸੀ ਸੋ ਏਲੀਯਾਹ ਨੇ ਆਪਣੇ ਕੱਪੜੇ ਆਪਣੇ ਦੁਆਲੇ ਕਸ ਲਏ ਤਾਂ ਜੋ ਉਹ ਨੱਸ ਸੱਕੇ ਤੇ ਅਹਾਬ ਦੇ ਅੱਗੇ ਯਿਜ਼ਰਾਏਲ ਦੇ ਰਾਹ ਤੀਕ ਭਜਿਆ ਗਿਆ।

ਲੂਕਾ 22:47-71

ਯਿਸੂ ਦਾ ਗਿਰਫ਼ਤਾਰ ਹੋਣਾ(A)

47 ਜਦੋਂ ਯਿਸੂ ਬੋਲ ਰਿਹਾ ਸੀ ਤਾਂ ਲੋਕਾਂ ਦਾ ਇੱਕ ਸਮੂਹ ਉਸ ਕੋਲ ਆਇਆ, ਉਨ੍ਹਾਂ ਵਿੱਚੋਂ ਇੱਕ ਰਸੂਲ ਯਹੂਦਾ, ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਯਹੂਦਾ ਯਿਸੂ ਦੇ ਕੋਲ ਆਇਆ ਤਾਂ ਜੋ ਉਹ ਯਿਸੂ ਨੂੰ ਚੁੰਮ ਸੱਕੇ।

48 ਪਰ ਯਿਸੂ ਨੇ ਉਸ ਨੂੰ ਕਿਹਾ, “ਯਹੂਦਾ। ਕੀ ਤੂੰ ਇਹ ਮਿੱਤਰਤਾ ਦਾ ਚੁੰਮਣ ਮਨੁੱਖ ਦੇ ਪੁੱਤਰ ਨੂੰ ਵੈਰੀਆਂ ਦੇ ਹੱਥ ਫ਼ੜਾਉਣ ਲਈ ਦੇ ਰਿਹਾ ਹੈਂ?” 49 ਯਿਸੂ ਦੇ ਚੇਲੇ ਵੀ ਉਸ ਕੋਲ ਹੀ ਖੜ੍ਹੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕੀ ਵਾਪਰ ਸੱਕਦਾ ਹੈ ਅਤੇ ਯਿਸੂ ਨੂੰ ਪੁੱਛਿਆ, “ਪ੍ਰਭੂ, ਕੀ ਅਸੀਂ ਉਨ੍ਹਾਂ ਨੂੰ ਆਪਣੀਆਂ ਤਲਵਾਰਾਂ ਨਾਲ ਮਾਰ ਦੇਈਏ?” 50 ਫ਼ਿਰ ਉਨ੍ਹਾਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਸਰਦਾਰ ਜਾਜਕ ਦੇ ਨੌਕਰ ਦੇ ਕੰਨ ਤੇ ਚਲਾਈ ਅਤੇ ਕੰਨ ਨੂੰ ਵੱਢ ਦਿੱਤਾ।

51 ਯਿਸੂ ਨੇ ਕਿਹਾ, “ਰੁਕੋ।” ਤਾਂ ਉਸ ਨੇ ਉਸ ਨੌਕਰ ਦੇ ਕੰਨ ਨੂੰ ਛੂਹ ਕੇ ਉਸ ਨੂੰ ਵੀ ਰਾਜੀ ਕਰ ਦਿੱਤਾ।

52 ਉਹ ਸਮੂਹ ਜਿਹੜਾ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਆਇਆ ਸੀ ਉਸ ਵਿੱਚ ਪ੍ਰਧਾਨ ਜਾਜਕ, ਵੱਡੇ ਬਜ਼ੁਰਗ ਯਹੂਦੀ ਆਗੂ ਅਤੇ ਯਹੂਦੀ ਸਿਪਾਹੀ ਸਨ। ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੱਥੇ ਤਲਵਾਰਾਂ ਅਤੇ ਡਾਂਗਾ ਲੈ ਕੇ ਕਿਉਂ ਆਏ ਹੋ? ਤੁਸੀਂ ਕੀ ਸੋਚਦੇ ਹੋ ਕਿ ਮੈਂ ਅਪਰਾਧੀ ਹਾਂ? 53 ਮੈਂ ਤੁਹਾਡੇ ਨਾਲ ਹਰ ਰੋਜ਼ ਮੰਦਰ ਦੇ ਇਲਾਕੇ ਵਿੱਚ ਹੁੰਦਾ ਸਾਂ। ਤੁਸੀਂ ਮੈਨੂੰ ਉੱਥੇ ਗਿਰਫ਼ਤਾਰ ਕਿਉਂ ਨਹੀਂ ਕੀਤਾ? ਪਰ ਇਹ ਤੁਹਾਡਾ ਸਮਾਂ ਹੈ, ਹਨੇਰੇ ਦੇ ਸ਼ਾਸਨ ਦਾ ਸਮਾਂ।”

ਪਤਰਸ ਇਹ ਕਹਿੰਦੇ ਡਰਦਾ ਹੈ ਕਿ ਉਹ ਯਿਸੂ ਨੂੰ ਜਾਣਦਾ ਹੈ(B)

54 ਉਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕਰ ਲਿਆ ਅਤੇ ਅਗਾਂਹ ਲੈ ਗਏ ਅਤੇ ਉਸ ਨੂੰ ਸਰਦਾਰ ਜਾਜਕ ਦੇ ਘਰ ਅੰਦਰ ਲੈ ਆਏ। ਪਤਰਸ ਨੇ ਥੋੜੀ ਦੂਰੀ ਤੇ ਹੀ ਉਨ੍ਹਾਂ ਦਾ ਪਿੱਛਾ ਕੀਤਾ। 55 ਸਿਪਾਹੀਆਂ ਨੇ ਸਰਦਾਰ ਜਾਜਕ ਦੇ ਵਿਹੜੇ ਦੇ ਵਿੱਚਕਾਰ ਅੱਗ ਮਚਾਈ ਅਤੇ ਇਸ ਦੇ ਆਲੇ-ਦੁਆਲੇ ਬੈਠ ਗਏ, ਪਤਰਸ ਵੀ ਉਨ੍ਹਾਂ ਨਾਲ ਬੈਠ ਗਿਆ। 56 ਇੱਕ ਨੋਕਰਾਣੀ ਨੇ ਪਤਰਸ ਨੂੰ ਉੱਥੇ ਬੈਠਾ ਵੇਖਿਆ। ਉਹ ਅੱਗ ਦੀ ਰੌਸ਼ਨੀ ਵਿੱਚ ਉਸਦਾ ਚਿਹਰਾ ਪਛਾਣ ਗਈ। ਉਸ ਨੇ ਧਿਆਨ ਨਾਲ ਪਤਰਸ ਦਾ ਚਿਹਰਾ ਵੇਖਿਆ ਅਤੇ ਆਖਿਆ, “ਇਹ ਆਦਮੀ ਵੀ ਉਸ ਨਾਲ ਸੀ।”

57 ਪਰ ਪਤਰਸ ਨੇ ਕਿਹਾ, ਇਹ ਸੱਚ ਨਹੀਂ ਹੈ। ਉਸ ਨੇ ਕਿਹਾ, “ਹੇ ਔਰਤ। ਮੈਂ ਉਸ ਨੂੰ ਨਹੀਂ ਜਾਣਦਾ।” 58 ਕੁਝ ਦੇਰ ਬਾਦ ਇੱਕ ਹੋਰ ਆਦਮੀ ਨੇ ਪਤਰਸ ਵੱਲ ਵੇਖਿਆ ਅਤੇ ਕਿਹਾ, “ਤੂੰ ਵੀ ਉਨ੍ਹਾਂ ਵਿੱਚੋਂ ਇੱਕ ਹੈ।”

ਪਰ ਪਤਰਸ ਨੇ ਆਖਿਆ, “ਹੇ ਮਨੁੱਖ। ਮੈਂ ਉਨ੍ਹਾਂ ਵਿੱਚੋਂ ਨਹੀਂ ਹਾਂ।”

59 ਤਕਰੀਬਨ ਘੰਟੇ ਕੁ ਬਾਦ ਇੱਕ ਹੋਰ ਆਦਮੀ ਨੇ ਜ਼ੋਰ ਦੇਕੇ ਕਿਹਾ, “ਇਹ ਸੱਚ ਹੈ। ਨਿਸ਼ਚਿਤ ਹੀ ਇਹ ਆਦਮੀ ਉਸ ਦੇ ਨਾਲ ਸੀ ਜੋ ਕਿ ਗਲੀਲ ਤੋਂ ਹੈ।”

60 ਪਰ ਪਤਰਸ ਨੇ ਆਖਿਆ, “ਮਨੁੱਖ। ਮੈਂ ਨਹੀਂ ਜਾਣਦਾ ਤੂੰ ਕਿਸ ਬਾਰੇ ਆਖ ਰਿਹਾ ਹੈਂ?”

ਜਦੋਂ ਪਤਰਸ ਹਾਲੇ ਬੋਲ ਰਿਹਾ ਸੀ, ਇੱਕ ਕੁੱਕੜ ਨੇ ਬਾਂਗ ਦਿੱਤੀ। 61 ਤਦ ਪ੍ਰਭੂ ਮੁੜਿਆ ਅਤੇ ਪਤਰਸ ਦੀਆਂ ਅੱਖਾਂ ਵੱਲ ਝਾਕਿਆ। ਪਤਰਸ ਨੂੰ ਯਾਦ ਆਇਆ ਕਿ ਪ੍ਰਭੂ ਨੇ ਕੀ ਆਖਿਆ ਸੀ, “ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰੀ ਇਹ ਆਖੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ।” 62 ਫ਼ਿਰ ਪਤਰਸ ਬਾਹਰ ਗਿਆ ਅਤੇ ਫ਼ੁੱਟ-ਫ਼ੁੱਟਕੇ ਰੋਣ ਲੱਗਾ।

ਲੋਕ ਯਿਸੂ ਉੱਪਰ ਹੱਸੇ(C)

63-64 ਜਿਹੜੇ ਆਦਮੀ ਜੋ ਯਿਸੂ ਦੀ ਪਹਿਰੇਦਾਰੀ ਕਰ ਰਹੇ ਸਨ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਉਣਾ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਤਾਂ ਜੋ ਉਹ ਉਨ੍ਹਾਂ ਨੂੰ ਵੇਖ ਨਾ ਸੱਕੇ। ਫ਼ਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ, “ਅਗੰਮ ਵਾਕ ਕਰ ਤੈਨੂੰ ਕਿਹਨੇ ਮਾਰਿਆ ਹੈ?” 65 ਉਨ੍ਹਾਂ ਲੋਕਾਂ ਨੇ ਉਸ ਨੂੰ ਬਹੁਤ ਕੁਝ ਮੰਦਾ ਆਖਿਆ।

ਯਿਸੂ ਦਾ ਯਹੂਦੀ ਆਗੂਆਂ ਅੱਗੇ ਪੇਸ਼ ਹੋਣਾ(D)

66 ਅਗਲੀ ਸਵੇਰ, ਬਜ਼ੁਰਗ ਯਹੂਦੀ ਆਗੂ, ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਦੀ ਇੱਕ ਸਭਾ ਹੋਈ। ਤੇ ਉਹ ਯਿਸੂ ਨੂੰ ਆਪਣੀ ਸਭ ਤੋਂ ਉੱਚੀ ਅਦਾਲਤ ਵਿੱਚ ਲੈ ਗਏ। 67 ਉਨ੍ਹਾਂ ਆਖਿਆ, “ਜੇਕਰ ਤੂੰ ਮਸੀਹ ਹੈ ਤਾਂ ਸਾਨੂੰ ਦੱਸ ਕਿ ਤੂੰ ਹੀ ਮਸੀਹ ਹੈ।”

ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇਕਰ ਮੈਂ ਤੁਹਾਨੂੰ ਦੱਸ ਵੀ ਦੇਵਾਂ ਕਿ ਮੈਂ ਮਸੀਹ ਹਾਂ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਂਗੇ। 68 ਅਤੇ ਜੇਕਰ ਮੈਂ ਤੁਹਾਨੂੰ ਕੁਝ ਪੁੱਛਾਂਗਾ ਤਾਂ ਤੁਸੀਂ ਜਵਾਬ ਨਹੀਂ ਦੇਵੋਂਗੇ। 69 ਪਰ ਇਸਤੋਂ ਅੱਗੇ ਮਨੁੱਖ ਦਾ ਪੁੱਤਰ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ।”

70 ਉਨ੍ਹਾਂ ਸਭਨਾ ਨੇ ਆਖਿਆ, “ਤਾਂ ਕੀ ਤੂੰ ਪਰਮੇਸ਼ੁਰ ਦਾ ਪੁੱਤਰ ਹੈ?” ਉਸ ਨੇ ਜਵਾਬ ਦਿੱਤਾ, “ਹਾਂ, ਤੁਸੀਂ ਆਖਣ ਵਿੱਚ ਸਹੀ ਹੋ ਮੈਂ ਹਾਂ।”

71 ਤਦ ਉਨ੍ਹਾਂ ਸਭ ਨੇ ਆਖਿਆ, “ਹੁਣ ਸਾਨੂੰ ਗਵਾਹੀ ਕਿਉਂ ਲੋੜੀਦੀ ਹੈ? ਅਸੀਂ ਉਸ ਨੂੰ ਉਸ ਦੇ ਹੀ ਮੂੰਹੋਂ ਸੁਣਿਆ ਹੈ।”

Punjabi Bible: Easy-to-Read Version (ERV-PA)

2010 by World Bible Translation Center