Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
1 ਇਤਹਾਸ 10-12

ਸ਼ਾਊਲ ਪਾਤਸ਼ਾਹ ਦੀ ਮੌਤ

10 ਫ਼ਲਿਸਤੀਆਂ ਨੇ ਇਸਰਾਏਲੀਆਂ ਦੇ ਖਿਲਾਫ਼ ਲੜਾਈ ਕੀਤੀ ਅਤੇ ਫ਼ਿਰ ਇਸਰਾਏਲੀ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ ਅਤੇ ਬਹੁਤ ਸਾਰੇ ਇਸਰਾਏਲੀ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ। ਫ਼ਲਿਸਤੀਨੀ ਲੋਕ ਲਗਾਤਾਰ ਸ਼ਾਊਲ ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕਰਦੇ ਰਹੇ। ਅਖੀਰ ਉਨ੍ਹਾਂ ਉਸ ਨੂੰ ਤੇ ਉਸ ਦੇ ਪੁੱਤਰਾਂ ਨੂੰ ਪਕੜ ਲਿਆ। ਅਤੇ ਮਾਰ ਸੁੱਟਿਆ, ਜਿਨ੍ਹਾਂ ਵਿੱਚ ਯੋਨਾਥਾਨ, ਅਬੀਨਾਦਾਬ ਅਤੇ ਮਲਕੀਸ਼ੂਆ ਸਨ। ਸ਼ਾਊਲ ਦੇ ਚੌਗਿਰਦ ਲੜਾਈ ਭਾਰੀ ਹੋ ਗਈ ਅਤੇ ਤੀਰ ਅੰਦਾਜ਼ਾਂ ਨੇ ਆਪਣੇ ਤੀਰਾਂ ਨਾਲ ਸ਼ਾਊਲ ਨੂੰ ਘਾਇਲ ਕਰ ਦਿੱਤਾ।

ਤਦ ਸ਼ਾਊਲ ਨੇ ਆਪਣੇ ਸ਼ਸਤ੍ਰ ਚੁੱਕਣ ਵਾਲੇ ਨੂੰ ਆਖਿਆ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ ਤਾਂ ਕਿ ਜਦੋਂ ਉਹ ਅਸੁੰਨਤੀ ਲੋਕ ਆਉਣ, ਉਹ ਮੈਨੂੰ ਸੱਟ ਨਾ ਮਾਰ ਸੱਕਣ ਤੇ ਮੇਰਾ ਮਜ਼ਾਕ ਨਾ ਉਡਾ ਸੱਕਣ।”

ਪਰ ਸ਼ਾਊਲ ਦਾ ਸ਼ਸਤ੍ਰ ਚੁੱਕਣ ਵਾਲਾ ਡਰ ਗਿਆ ਅਤੇ ਉਸ ਨੇ ਸ਼ਾਊਲ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। ਤਾਂ ਸ਼ਾਊਲ ਨੇ ਆਪਣੀ ਖੁਦ ਦੀ ਤਲਵਾਰ ਦੀ ਨੁਕਰ ਉੱਤੇ ਡਿੱਗ ਕੇ ਖੁਦ ਨੂੰ ਖਤਮ ਕਰ ਲਿਆ। ਜਦ ਉਸ ਦੇ ਸ਼ਸਤ੍ਰ ਚੁੱਕਣ ਵਾਲੇ ਨੇ ਵੇਖਿਆ ਕਿ ਸ਼ਾਊਲ ਮਰ ਗਿਆ ਸੀ, ਉਸ ਨੇ ਵੀ ਆਪਣੀ ਤਲਵਾਰ ਤੇ ਡਿੱਗ ਕੇ ਖੁਦ ਨੂੰ ਖਤਮ ਕਰ ਲਿਆ। ਇਉਂ ਸ਼ਾਊਲ ਅਤੇ ਉਸ ਦੇ 3 ਪੁੱਤਰ ਅਤੇ ਸਾਰਾ ਘਰਾਣਾ ਇਕੱਠਿਆਂ ਹੀ ਮਰਿਆ।

ਵਾਦੀ ਵਿੱਚ ਰਹਿੰਦੇ ਇਸਰਾਏਲੀਆਂ ਨੇ ਵੇਖਿਆ ਕਿ ਉਨ੍ਹਾਂ ਦੀ ਸੈਨਾ ਉੱਥੋਂ ਭੱਜ ਖੜੋਤੀ ਸੀ। ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਨੂੰ ਮਰੇ ਪਏ ਵੇਖਿਆ, ਤਾਂ ਉਹ ਵੀ ਆਪਣੇ ਨਗਰਾਂ ਨੂੰ ਛੱਡ ਕੇ ਨੱਠ ਗਏ। ਫ਼ਲਿਸਤੀ ਉਨ੍ਹਾਂ ਨਗਰਾਂ ਨੂੰ ਆਏ ਅਤੇ ਓੱਥੇ ਰਹਿਣ ਲੱਗ ਪਏ।

ਅਗਲੇ ਦਿਨ ਫ਼ਲਿਸਤੀ ਲੋਥਾਂ ਤੋਂ ਕੀਮਤੀ ਵਸਤਾਂ ਲੈਣ ਲਈ ਆਏ ਤਾਂ ਉਨ੍ਹਾਂ ਨੇ ਉੱਥੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲੋਥਾਂ ਵੇਖੀਆਂ ਜੋ ਕਿ ਗਿਲਬੋਆ ਦੇ ਪਹਾੜ ਵਿੱਚ ਪਈਆਂ ਸਨ। ਫ਼ਲਿਸਤੀਆਂ ਨੇ ਸ਼ਾਊਲ ਦੀ ਲੋਥ ਤੋਂ ਵਸਤਾਂ ਉਤਾਰੀਆਂ ਅਤੇ ਸਾਰੇ ਸ਼ਸਤ੍ਰ-ਵਸਤਰ ਉਤਾਰ ਕੇ ਤੇ ਉਸ ਦਾ ਸਿਰ ਲੈ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਆਸ-ਪਾਸ ਭੇਜ ਦਿੱਤੇ ਤਾਂ ਜੋ ਹਲਕਾਰੇ ਆਪਣੇ ਝੂਠੇ-ਦੇਵਤਿਆਂ ਅਤੇ ਲੋਕਾਂ ਵਿੱਚ ਇਸ ਦੀ ਘੋਸ਼ਣਾ ਕਰਨ। 10 ਫ਼ਲਿਸਤੀਆਂ ਨੇ ਸ਼ਾਊਲ ਦੇ ਸ਼ਸਤ੍ਰਾਂ ਨੂੰ ਆਪਣੇ ਝੂਠੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਅਤੇ ਸ਼ਾਊਲ ਦਾ ਸਿਰ ਦਾਗੋਨ ਦੇ ਮੰਦਰ ਵਿੱਚ ਲਟਕਾ ਦਿੱਤਾ।

11 ਸਾਰੇ ਯਾਬੋਸ਼-ਗਿਲਆਦ ਨਗਰ ਦੇ ਲੋਕਾਂ ਨੇ ਇਉਂ ਇਹ ਸਾਰੀ ਵਾਰਦਾਤ ਸੁਣੀ ਜੋ ਫ਼ਲਿਸਤੀਆਂ ਨੇ ਸ਼ਾਊਲ ਨਾਲ ਕੀਤੀ। 12 ਫ਼ਿਰ ਸਾਰੇ ਵੀਰ ਬਹਾਦੁਰ ਯਾਬੋਸ਼-ਗਿਲਆਦ ਵਿੱਚੋਂ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੇ ਮ੍ਰਿਤਕ ਸ਼ਰੀਰ ਲੈਣ ਲਈ ਨਿਕਲੇ ਅਤੇ ਉਹ ਉਨ੍ਹਾਂ ਦੀਆਂ ਲੋਥਾਂ ਯਾਬੋਸ਼-ਗਿਲਆਦ ਵਿੱਚ ਵਾਪਸ ਲਿਆਏ। ਅਤੇ ਉਨ੍ਹਾਂ ਲੋਕਾਂ ਨੇ ਯਾਬੋਸ਼ ਦੇ ਇੱਕ ਵਿਸ਼ਾਲ ਰੁੱਖ ਹੇਠਾਂ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਹੱਡੀਆਂ ਨੂੰ ਦਫ਼ਨਾਅ ਦਿੱਤਾ। ਇਉਂ 7 ਦਿਨ ਤੀਕ ਵਰਤ ਰੱਖ ਕੇ ਉਨ੍ਹਾਂ ਨੇ ਆਪਣਾ ਸੋਗ ਪ੍ਰਗਟਾਇਆ।

13 ਸ਼ਾਊਲ ਦੀ ਮੌਤ ਇਉਂ ਇਸ ਲਈ ਹੋਈ ਕਿਉਂ ਕਿ ਉਹ ਯਹੋਵਾਹ ਨਾਲ ਵਫ਼ਾਦਾਰ ਨਹੀਂ ਰਿਹਾ ਸੀ। ਉਸ ਨੇ ਯਹੋਵਾਹ ਦੇ ਬਚਨਾਂ ਨੂੰ ਨਹੀਂ ਮੰਨਿਆ। ਇਹੀ ਨਹੀਂ ਸਗੋਂ ਉਸ ਨੇ ਇੱਕ ਭੂਤ-ਮ੍ਰਿਤ ਨਾਲ ਸਲਾਹ ਮਸ਼ਵਰਾ ਕੀਤਾ ਸੀ। 14 ਯਹੋਵਾਹ ਤੋਂ ਪੁੱਛਣ ਦੀ ਬਜਾਇ ਉਸ ਨੇ ਭੂਤਨੀ ਤੋਂ ਸਲਾਹ ਲਈ। ਇਸ ਲਈ ਯਹੋਵਾਹ ਨੇ ਸ਼ਾਊਲ ਨੂੰ ਮਾਰ ਕੇ ਯਿੱਸੀ ਦੇ ਪੁੱਤਰ ਦਾਊਦ ਨੂੰ ਰਾਜ ਦਿੱਤਾ।

ਇਸਰਾਏਲ ਉੱਪਰ ਦਾਊਦ ਦਾ ਪਾਤਸ਼ਾਹ ਚੁਣਿਆ ਜਾਣਾ

11 ਇਸਰਾਏਲ ਦੇ ਸਾਰੇ ਲੋਕ ਹਬਰੋਨ ਵਿੱਚ ਦਾਊਦ ਕੋਲ ਇਕੱਠੇ ਹੋਏ ਅਤੇ ਉਨ੍ਹਾਂ ਦਾਊਦ ਨੂੰ ਕਿਹਾ, “ਅਸੀਂ ਤੁਹਾਡਾ ਹੀ ਲਹੂ-ਮਾਸ ਹਾਂ। ਅਤੀਤ ਵਿੱਚ, ਤੂੰ ਸਾਨੂੰ ਜੰਗ ਵਿੱਚ ਲੈ ਗਿਆ ਉਦੋਂ ਵੀ ਜਦੋਂ ਸ਼ਾਊਲ ਰਾਜਾ ਸੀ। ਯਹੋਵਾਹ ਨੇ ਤੈਨੂੰ ਆਖਿਆ ਸੀ, ‘ਦਾਊਦ, ਤੂੰ ਮੇਰੇ ਲੋਕਾਂ ਇਸਰਾਏਲੀਆਂ ਦਾ ਅਯਾਲੀ ਹੋਵੇਂਗਾ ਅਤੇ ਮੇਰੇ ਲੋਕਾਂ, ਇਸਰਾਏਲੀਆਂ ਦਾ ਆਗੂ ਹੋਵੇਂਗਾ।’”

ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਦਾਊਦ ਪਾਤਸ਼ਾਹ ਕੋਲ ਆਏ। ਦਾਊਦ ਨੇ ਯਹੋਵਾਹ ਦੇ ਸਾਹਮਣੇ ਇਨ੍ਹਾਂ ਆਗੂਆਂ ਨਾਲ ਇੱਕ ਇਕਰਾਰਨਾਮਾ ਬਣਾਇਆ। ਫ਼ੇਰ ਉਨ੍ਹਾਂ ਨੇ ਦਾਊਦ ਨੂੰ ਮਸਹ ਕੀਤਾ ਅਤੇ ਉਸ ਨੂੰ ਇਸਰਾਏਲ ਉੱਤੇ ਪਾਤਸ਼ਾਹ ਥਾਪਿਆ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਸਮੂਏਲ ਰਾਹੀਂ ਇਕਰਾਰ ਕੀਤਾ ਸੀ।

ਦਾਊਦ ਦਾ ਯਰੂਸ਼ਲਮ ਤੇ ਕਬਜ਼ਾ

ਦਾਊਦ ਅਤੇ ਇਸਰਾਏਲ ਦੇ ਸਾਰੇ ਲੋਕ ਯਰੂਸ਼ਲਮ ਸ਼ਹਿਰ ਵਿੱਚ ਪਹੁੰਚੇ। ਉਨ੍ਹੀ ਦਿਨੀ ਯਰੂਸ਼ਲਮ ਨੂੰ ਯਬੂਸ ਨਾਉਂ ਨਾਲ ਜਾਣਿਆ ਜਾਂਦਾ ਸੀ ਤੇ ਉਸ ਸ਼ਹਿਰ ਦੇ ਲੋਕਾਂ ਨੂੰ ਯਬੂਸੀ ਆਖਿਆ ਜਾਂਦਾ ਸੀ। ਉਸ ਸ਼ਹਿਰ ਦੇ ਲੋਕਾਂ ਨੇ ਦਾਊਦ ਨੂੰ ਆਖਿਆ, “ਤੂੰ ਸਾਡੇ ਨਗਰ ਵਿੱਚ ਦਾਖਲ ਨਹੀਂ ਹੋ ਸੱਕਦਾ।” ਪਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਉਸ ਨੇ ਸੀਯੋਨ ਦਾ ਕਿਲਾ ਜਿੱਤ ਲਿਆ ਜੋ ਉਪਰੰਤ ਦਾਊਦ ਦਾ ਸ਼ਹਿਰ ਕਹਾਇਆ।

ਦਾਊਦ ਨੇ ਆਖਿਆ, “ਜੋ ਕੋਈ ਵੀ ਯਬੂਸੀਆਂ ਤੇ ਹਮਲੇ ਦੀ ਅਗਵਾਈ ਕਰੇਗਾ, ਉਹੀ ਮੇਰੀ ਸੈਨਾ ਦਾ ਪ੍ਰਧਾਨ ਹੋਵੇਗਾ।” ਤਾਂ ਸਰੂਯਾਹ ਦੇ ਪੁੱਤਰ ਯੋਆਬ ਨੇ ਹਮਲਾ ਕੀਤਾ ਤੇ ਉਹ ਸੈਨਾ ਦਾ ਪ੍ਰਧਾਨ ਬਣਿਆ।

ਦਾਊਦ ਨੇ ਫ਼ਿਰ ਉੱਥੇ ਗੜ੍ਹ ਨੂੰ ਆਪਣਾ ਘਰ ਬਣਾਇਆ। ਇਸੇ ਕਾਰਣ ਉਹ ਦਾਊਦ ਦਾ ਨਗਰ ਅਖਵਾਇਆ। ਦਾਊਦ ਨੇ ਮਿਲੋ ਤੋਂ ਲੈ ਕੇ ਸ਼ਹਿਰ ਦੇ ਦੁਆਲੇ ਦੀ ਕੰਧ ਤੀਕ ਕਿਲੇ ਦੇ ਆਲੇ-ਦੇਆਲੇ ਸ਼ਹਿਰ ਨਿਰਮਾਣ ਕੀਤਾ ਅਤੇ ਯੋਆਬ ਨੇ ਸ਼ਹਿਰ ਦੇ ਹੋਰ ਹਿਸਿਆਂ ਦੀ ਮੁਰੰਮਤ ਕੀਤੀ। ਦਾਊਦ ਦਿਨ ਬਰ ਦਿਨ ਹੋਰ ਸ਼ਕਤੀਸ਼ਾਲੀ ਹੁੰਦਾ ਗਿਆ ਅਤੇ ਸਰਬ ਸ਼ਕੀਤਮਾਨ ਯਹੋਵਾਹ ਉਸ ਦੇ ਨਾਲ ਸੀ।

ਤਿੰਨ ਨਾਇੱਕ

10 ਦਾਊਦ ਦੇ ਖਾਸ ਸਿਪਾਹੀਆਂ ਦੇ ਆਗੂਆਂ ਦੀ ਸੂਚੀ ਇਹ ਹੈ। ਇਹ ਨਾਇੱਕ ਦਾਊਦ ਦੇ ਨਾਲ ਉਸ ਦੇ ਦੇ ਰਾਜ ਵਿੱਚ ਬੜੇ ਸ਼ਕਤੀਸ਼ਾਲੀ ਹੋਏ। ਉਨ੍ਹਾਂ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਦਾਊਦ ਦਾ ਪੱਖ ਲਿਆ ਅਤੇ ਉਸ ਨੂੰ ਰਾਜਾ ਬਣਾ ਦਿੱਤਾ। ਇਹ ਸਭ ਪਰਮੇਸ਼ੁਰ ਦੇ ਇਕਰਾਰ ਅਨੁਸਾਰ ਹੋਇਆ।

11 ਦਾਊਦ ਦੇ ਖਾਸ ਸਿਪਾਹੀਆਂ ਦੀ ਸੂਚੀ ਇਸ ਤਰ੍ਹਾਂ ਸੀ:

ਹਕਮੋਨੀ ਯਾਸ਼ਾਬਆਮ ਜੋ ਕਿ ਰਥਵਾਨਾਂ ਦਾ ਮੁਖੀਆ ਸੀ ਉਸ ਨੇ 300 ਮਨੁੱਖਾਂ ਨੂੰ ਬਰਛਾ ਚਲਾਕੇ ਇੱਕੋ ਵਾਰ ਮਾਰ ਸੁੱਟਿਆ ਸੀ।

12 ਇਸ ਤੋਂ ਬਾਅਦ ਦੋਦੋ ਦਾ ਪੁੱਤਰ ਅਲਆਜ਼ਾਰ ਸੀ, ਜਿਹੜਾ ਕਿ ਅਹੋਹ ਤੋਂ ਸੀ। ਇਹ ਤਿੰਨ ਨਾਇੱਕਾਂ ਵਿੱਚੋਂ ਇੱਕ ਸੀ। 13 ਅਲਆਜ਼ਾਰ ਦਾਊਦ ਦੇ ਨਾਲ ਫ਼ਸਦੰਮੀਮ ਵਿੱਚ ਸੀ ਅਤੇ ਉੱਥੇ ਫ਼ਲਿਸਤੀ ਯੁੱਧ ਕਰਨ ਨੂੰ ਇਕੱਠੇ ਹੋਏ ਸਨ। ਉੱਥੇ ਪੈਲੀ ਦਾ ਇੱਕ ਟੁਕੜਾ ਜੌਆਂ ਨਾਲ ਭਰਪੂਰ ਸੀ ਅਤੇ ਇਸਰਾਏਲੀ ਲੋਕ ਉੱਥੋਂ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ। 14 ਪਰ ਇਹ ਤਿੰਨੇ ਨਾਇੱਕ ਉਸ ਖੇਤ ਵਿੱਚ ਖੜੋਤੇ ਰਹੇ ਫ਼ਲਿਸਤੀਆਂ ਨੂੰ ਹਰਾ ਕੇ ਉਸ ਨੂੰ ਬਚਾਇਆ ਇਉਂ ਯਹੋਵਾਹ ਨੇ ਇਸਰਾਏਲੀਆਂ ਨੂੰ ਵੱਡੀ ਜਿੱਤ ਦਿੱਤੀ ਸੀ।

15 ਇੱਕ ਵਾਰ ਦਾਊਦ ਅਦੁੱਲਾਮ ਦੀ ਗੁਫ਼ਾ ਵਿੱਚ ਸੀ ਅਤੇ ਫ਼ਲਿਸਤੀ ਫ਼ੌਜ ਹੇਠਾਂ ਰਫ਼ਾਈਮ ਦੀ ਵਾਦੀ ਵਿੱਚ ਸੀ। ਇਹ 3 ਨਾਇੱਕ ਜੋ 30 ਵਿੱਚੋਂ ਸਨ, ਜ਼ਮੀਨ ਉੱਪਰ ਰੀਂਗਦੇ ਹੋਏ ਦਾਊਦ ਕੋਲ ਗੁਫ਼ਾ ਵਿੱਚ ਪਹੁੰਚੇ।

16 ਇੱਕ ਵਾਰੀ ਹੋਰ ਦਾਊਦ ਕਿਲ੍ਹੇ ਵਿੱਚ ਸੀ ਅਤੇ ਫ਼ਲਿਸਤੀ ਸਿਪਾਹੀਆਂ ਦਾ ਇੱਕ ਦਸਤਾ ਬੈਤਲਹਮ ਵਿੱਚ ਸੀ। 17 ਦਾਊਦ ਨੂੰ ਆਪਣੀ ਭੂਮੀ ਦੇ ਪਾਣੀ ਦੀ ਤਲਬ ਹੋਈ। ਤਾਂ ਉਸ ਨੇ ਆਖਿਆ, “ਕਾਸ਼! ਕੋਈ ਬੈਤਲਹਮ ਦੇ ਉਸ ਖੂਹ ਦਾ ਜਿਹੜਾ ਫਾਟਕ ਦੇ ਕੋਲ ਹੈ, ਮੈਨੂੰ ਪਾਣੀ ਪਿਲਾਵੇ।” (ਅਸਲ ਵਿੱਚ ਇਉਂ ਉਹ ਸਿਰਫ਼ ਆਖ ਰਿਹਾ ਸੀ, ਵਾਸਤਵ ’ਚ ਮੰਗ ਨਹੀਂ ਸੀ ਰਿਹਾ।) 18 ਪਰ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਫ਼ਲਿਸਤੀਆ ਦੇ ਡੇਰੇ ਰਾਹੀਂ ਆਪਣੇ ਰਾਹ ਲਈ ਲੜਕੇ ਬੈਤਲਹਮ ਦੇ ਫ਼ਾਟਕ ਦੇ ਖੂਹ ਵਿੱਚੋਂ ਪਾਣੀ ਭਰਕੇ ਦਾਊਦ ਨੂੰ ਲਿਆ ਕੇ ਦਿੱਤਾ। ਪਰ ਦਾਊਦ ਨੇ ਉਹ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸਗੋਂ ਉਸ ਨੇ ਇਸ ਪਾਣੀ ਨੂੰ ਧਰਤੀ ਉੱਤੇ ਡੋਲ੍ਹ ਕੇ ਯਹੋਵਾਹ ਨੂੰ ਭੇਟ ਕਰ ਦਿੱਤਾ। 19 ਦਾਊਦ ਨੇ ਕਿਹਾ, “ਹੇ ਪਰਮੇਸ਼ੁਰ! ਇਹ ਪਾਣੀ ਮੈਂ ਕਿਵੇਂ ਪੀ ਸੱਕਦਾ ਹਾਂ? ਇਹ ਤਾਂ ਉਨ੍ਹਾਂ ਮਨੁੱਖਾਂ ਦਾ ਲਹੂ ਪੀਣ ਬਰਾਬਰ ਹੋਵੇਗਾ ਜਿਹੜੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਇਸ ਨੂੰ ਮੇਰੇ ਲਈ ਲੈ ਕੇ ਆਏ ਹਨ।” ਇਸ ਕਾਰਣ ਦਾਊਦ ਨੇ ਇਹ ਪਾਣੀ ਪੀਣ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਦੀਆਂ ਕਈ ਬਹਾਦੁਰੀਆਂ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਵਿਖਾਈਆਂ।

ਹੋਰ ਬਹਾਦੁਰ ਸਿਪਾਹੀ

20 ਯੋਆਬ ਦਾ ਭਰਾ ਅਬਸ਼ਈ ਇਨ੍ਹਾਂ ਤਿੰਨਾਂ ਨਾਇੱਕਾਂ ਦਾ ਆਗੂ ਸੀ। ਉਹ 300 ਸਿਪਾਹੀਆਂ ਨਾਲ ਲੜਿਆ ਅਤੇ ਉਨ੍ਹਾਂ ਨੂੰ ਆਪਣੇ ਬਰਛੇ ਨਾਲ ਮਾਰ ਮੁਕਾਇਆ। ਅਬਸ਼ਈ ਵੀ ਇਨ੍ਹਾਂ ਤਿੰਨਾਂ ਨਾਇੱਕਾਂ ਜਿੰਨਾ ਹੀ ਪ੍ਰਸਿੱਧ ਸੀ। 21 ਅਬਸ਼ਈ ਉਨ੍ਹਾਂ ਤੀਹਾਂ ਨਾਇੱਕਾਂ ਤੋਂ ਵੱਧੇਰੇ ਪ੍ਰਸਿੱਧ ਸੀ ਅਤੇ ਉਨ੍ਹਾਂ ਦਾ ਮੁਖੀਆ ਬਣਿਆ ਹਾਲਾਂਕਿ ਉਹ ਉਨ੍ਹਾਂ ਤਿੰਨਾਂ ਨਾਇੱਕਾਂ ਵਿੱਚੋਂ ਨਹੀਂ ਸੀ।

22 ਯਹੋਯਾਦਾ ਦਾ ਪੁੱਤਰ ਬਨਾਯਾਹ ਇੱਕ ਕਬਸਿਏਲੀ ਸੂਰਮੇ ਦਾ ਪੁੱਤਰ ਸੀ, ਜਿਸਨੇ ਵੱਡੀ ਸੂਰਮਤਾਈ ਕੀਤੀ ਸੀ। ਬਨਾਯਾਹ ਨੇ ਮੋਆਬ ਦੇ ਦੋ ਸਭ ਤੋਂ ਵੱਧ ਬਹਾਦੁਰਾਂ ਨੂੰ ਮਾਰ ਸੁੱਟਿਆ। ਇੱਕ ਵਾਰੀ ਜਦੋਂ ਬਰਫ਼ ਦੀ ਰੁੱਤ ਸੀ ਤਾਂ ਬਨਾਯਾਹ ਇੱਕ ਸੁਰਂਗ ਜਿਹੀ ਵਿੱਚ ਜਿਹੜੀ ਕਿ ਜ਼ਮੀਨ ਵਿੱਚ ਖੁੱਡ ਵਾਂਗ ਸੀ, ਜਾ ਕੇ ਉੱਥੇ ਇੱਕ ਸ਼ੇਰ ਨੂੰ ਮਾਰ ਆਇਆ। 23 ਅਤੇ ਉਸ ਨੇ ਇੱਕ ਸਾਢੇ ਸੱਤ ਫੁੱਟ ਲੰਬੇ ਮਿਸਰੀ ਸਿਪਾਹੀ ਨੂੰ ਵੀ ਮਾਰ ਸੁੱਟਿਆ। ਉਸ ਮਿਸਰੀ ਜੁਆਨ ਕੋਲ ਇੱਕ ਭਾਰਾ ਲੰਬਾ ਬਰਛਾ ਸੀ ਜੋ ਕਿ ਜੁਲਾਹੇ ਦੀ ਤੁਰ ਵਰਗਾ ਵੱਡਾ ਸੀ, ਅਤੇ ਬਨਾਯਾਹ ਕੋਲ ਸਿਰਫ਼ ਇੱਕ ਸੋਟਾ ਸੀ। ਬਨਾਯਾਹ ਨੇ ਉਸ ਮਿਸਰੀ ਦੇ ਹੱਥੋਂ ਉਸਦਾ ਬਰਛਾ ਖੋਹਿਆ ਅਤੇ ਉਸ ਮਿਸਰੀ ਸਿਪਾਹੀ ਨੂੰ ਉਸ ਦੇ ਹੀ ਬਰਛੇ ਨਾਲ ਮਾਰ ਮੁਕਾਇਆ। 24 ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਅਜਿਹੀਆਂ ਅਨੇਕਾਂ ਬਹਾਦੁਰ ਕਰਨੀਆਂ ਕੀਤੀਆਂ ਅਤੇ ਤਿੰਨਾ ਨਾਇੱਕਾਂ ਜਿੰਨਾਂ ਹੀ ਮਸ਼ਹੂਰ ਹੋ ਗਿਆ। 25 ਬਨਾਯਾਹ 30 ਨਾਇੱਕਾਂ ਤੋਂ ਵੱਧੇਰੇ ਪ੍ਰਸਿੱਧ ਹੋਇਆ, ਪਰ ਉਹ ਉਨ੍ਹਾਂ ਤਿੰਨਾਂ ਨਾਇੱਕਾਂ ਵਿੱਚੋਂ ਨਹੀਂ ਸੀ। ਦਾਊਦ ਨੇ ਬਨਾਯਾਹ ਨੂੰ ਆਪਣੇ ਰੱਖਿਅਕਾ ਦਾ ਮੁਖੀਆ ਥਾਪਿਆ।

ਤੀਹ ਨਾਇੱਕ

26 ਤੀਹ ਨਾਇੱਕ ਸਿਪਾਹੀਆਂ ਦੇ ਨਾਂ ਇਉਂ ਸਨ:

ਯੋਆਬ ਦਾ ਭਰਾ ਅਸਾਹੇਲ,

ਬੈਤਲਹਮ ਤੋਂ ਦੋਦੋ ਦਾ ਪੁੱਤਰ ਅਲਹਾਨਾਨ।

27 ਹਰੋਰ ਦਾ ਸ਼ੰਮੋਥ,

ਪਲੋਨੀ ਹਲਸ,

28 ਤਕੋਆ ਤੋਂ ਇੱਕੇਸ਼ ਦਾ ਪੁੱਤਰ ਈਰਾ,

ਅੰਨਥੋਥ ਤੋਂ ਅਬੀਅਜ਼ਰ,

29 ਹੁਸ਼ਾਥ ਤੋਂ ਸਿੱਬਕਈ,

ਆਹੋਹ ਤੋਂ ਈਲਈ,

30 ਨਟੋਫ਼ਾਥ ਮਹਰਈ ਤੋਂ,

ਨਟੋਫ਼ਾਥ ਤੋਂ ਬਅਨਾਹ ਦਾ ਪੁੱਤਰ ਹੇਲਦ,

31 ਬਿਨਯਾਮੀਨ ਵਿੱਚ ਗਿਬਆਹ ਚੋ ਰੀਬਈ ਦਾ ਪੁੱਤਰ ਈਥਈ,

ਪਰਆਥੋਨ ਤੋਂ ਬਨਾਯਾਹ,

32 ਗਾਅਸ਼ ਘਾਟੀ ਤੋਂ ਹੂਰਈ,

ਅਬੀਏਲ ਅਰਬਾਥੀ,

33 ਬਹਰੂਮੀ ਅਜ਼ਮਾਵਥ,

ਸ਼ਅਲਬੋਨ ਤੋਂ ਅਲਯਹਬਾ,

34 ਗਿਜ਼ੋਨੀ ਹਾਸੇਮ ਦੇ ਪੁੱਤਰ,

ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ,

35 ਹਗਰੀ ਸਾਕਾਰ ਦਾ ਪੁੱਤਰ ਅਹੀਆਮ,

ਊਰ ਦਾ ਪੁੱਤਰ ਅਲੀਫ਼ਾਲ,

36 ਮਕੇਰਾਥ ਦਾ ਹੇਫ਼ਰ,

ਪਲੋਨੀ ਅਹੀਯਾਹ,

37 ਕਰਮਲੀ ਹਸਰੋ,

ਅਜ਼ਬਈ ਦਾ ਪੁੱਤਰ ਨਅਰਈ,

38 ਨਾਥਾਨ ਦਾ ਭਰਾ ਯੋਏਲ,

ਹਗਰੀ ਦਾ ਪੁੱਤਰ ਮਿਬਹਾਰ,

39 ਸਲਕ ਅੰਮੋਨੀ,

ਬੇਰੋਥ ਤੋਂ ਨਹਰਈ ਸਰੂਯਾਹ ਦੇ ਪੁੱਤਰ ਯੋਆਬ ਦਾ ਸ਼ਸਤ੍ਰ ਚੁੱਕਣ ਵਾਲਾ ਸੀ।

40 ਯਿਥਰੀ ਈਰਾ,

ਯਿਥਰੀ ਗਾਰੇਬ,

41 ਹਿੱਤੀ ਊਰੀਯਾਹ,

ਅਹਲਈ ਦਾ ਪੁੱਤਰ ਜ਼ਾਬਾਦ,

42 ਰਊਬੇਨ ਦੇ ਪਰਵਿਾਰ-ਸਮੂਹ ਤੋਂ ਸ਼ੀਜ਼ਾ ਦਾ ਪੁੱਤਰ ਅਦੀਨਾ। (ਅਦੀਨਾ ਰਊਬੇਨ ਪਰਵਿਾਰ-ਸਮੂਹ ਦਾ ਆਗੂ ਸੀ ਅਤੇ 30 ਨਾਇੱਕਾਂ ਵਿੱਚੋਂ ਇੱਕ ਸੀ।)

43 ਮਅਕਾਹ ਦਾ ਪੁੱਤਰ ਹਾਨਾਨ,

ਯੋਸ਼ਾਫ਼ਾਟ ਦਾ ਮਿਥਨੀ,

44 ਉੱਜੀਯਾਹ ਅਸ਼ਤਾਰਾਥੀ,

ਅਰੋਏਰ ਤੋਂ ਹੋਥਾਮ ਦੇ ਪੁੱਤਰ ਸ਼ਾਮਾ ਤੇ ਯਈੇਏਲ,

45 ਸ਼ਿਮਰੀ ਦਾ ਪੁੱਤਰ ਯਦੀਅਏਲ,

ਅਤੇ ਉਸ ਦੇ ਭਰਾ ਯੋਹਾ ਅਤੇ ਤੀਸੀ,

46 ਮਹਵੀ ਅਲੀਏਲ,

ਅਲਨਅਮ ਦੇ ਪੁੱਤਰ ਯਿਰੀਬਈ ਅਤੇ ਯੋਸ਼ਵਯਾਹ,

ਅਤੇ ਮੋਆਬੀ ਯਿਥਮਾਹ।

47 ਅਲੀਏਲ, ਓਬੇਦ, ਯਅਸੀਏਲ ਅਤੇ ਮਸੋਬਾਯਾਥੀ।

ਦਾਊਦ ਦੇ ਬਹਾਦੁਰ ਸੰਗੀ

12 ਇਹ ਉਨ੍ਹਾਂ ਮਨੁੱਖਾਂ ਦੀ ਸੂਚੀ ਹੈ ਜੋ ਸਿਕਲਗ ਵਿੱਚ ਦਾਊਦ ਕੋਲ ਪਹੁੰਚੇ। ਇਹ ਉਹ ਸਮਾਂ ਸੀ ਜਦੋਂ ਦਾਊਦ ਕੀਸ਼ ਦੇ ਪੁੱਤਰ ਸ਼ਾਊਲ ਦੇ ਕਾਰਨ ਲੁਕਦਾ ਫ਼ਿਰਦਾ ਸੀ। ਇਨ੍ਹਾਂ ਆਦਮੀਆਂ ਨੇ ਲੜਾਈ ਵਿੱਚ ਦਾਊਦ ਦੀ ਮਦਦ ਕੀਤੀ ਸੀ। ਇਹ ਆਦਮੀ ਬੜੇ ਤੀਰ ਅੰਦਾਜ਼ ਸਨ ਅਤੇ ਉਹ ਆਪਣੇ ਸੱਜੇ-ਖੱਬੇ ਦੋਹਾਂ ਹੱਥਾਂ ਨਾਲ ਧਨੁਸ਼ ਤੋਂ ਤੀਰ ਚਲਾਣ ਤੇ ਪੱਥਰ ਗੁਲੇਲ ਨਾਲ ਸੁੱਟਣ ਵਿੱਚ ਨਿਪੁਣ ਸਨ। ਇਹ ਮਨੁੱਖ ਬਿਨਯਾਮੀਨ ਪਰਿਵਾਰ-ਸਮੂਹ ਵਿੱਚੋਂ ਸ਼ਾਊਲ ਦੇ ਸੰਬੰਧੀ ਸਨ ਤੇ ਇਨ੍ਹਾਂ ਦੇ ਨਾਉਂ ਇਉਂ ਸਨ:

ਅਹੀਅਜ਼ਰ ਜੋ ਆਗੂ ਸੀ, ਯੋਆਸ਼ (ਅਹੀਅਜ਼ਰ ਤੇ ਯੋਆਸ਼ ਗਿਬਆਥ ਦੇ ਸ਼ਮਾਆਹ ਦੇ ਪੁੱਤਰ ਸਨ।) ਯਿਜ਼ੀਏਲ ਅਤੇ ਫ਼ਲਟ (ਇਹ ਦੋਨੋ ਅਜ਼ਮਾਵਥ ਦੇ ਪੁੱਤਰ ਸਨ) ਬਰਾਕਾਹ ਅਤੇ ਯੇਹੂ ਜੋ ਕਿ ਅਨਥੋਥ ਤੋਂ ਸਨ। ਗਿਬਓਨ ਸ਼ਹਿਰ ਤੋਂ ਯਿਸ਼ਮਅਯਾਹ (ਉਹ ਤਿੰਨਾਂ ਨਾਇੱਕਾਂ ਵਿੱਚੋਂ ਇੱਕ ਸੀ ਅਤੇ ਤਿੰਨਾਂ ਨਾਇੱਕਾਂ ਦਾ ਆਗੂ ਸੀ।) ਯਿਰਮਿਯਾਹ, ਯਹਜ਼ੀਏਲ, ਯੋਹਾਨਾਨ ਅਤੇ ਗਦੇਰਾਥ ਤੋਂ ਯੋਜ਼ਾਬਾਦ। ਅਲਊਜ਼ਈ, ਯਿਰੀਮੋਥ, ਬਅਲਯਾਹ, ਸ਼ਮਰਯਾਹ ਅਤੇ ਸ਼ਫ਼ਟਯਾਹ ਹਰੁਫ਼ੀ, ਅਲਕਾਨਾਹ ਅਤੇ ਯਿੱਸ਼ੀਯਾਹ, ਅਜ਼ਰੇਲ, ਯੋਅਜ਼ਰ ਅਤੇ ਯਾਸ਼ਾਬਆਮ, ਇਹ ਸਾਰੇ ਕੋਰਹ ਪਰਿਵਾਰ-ਸਮੂਹ ਤੋਂ ਸਨ: ਯੋਏਲਾਹ ਤੇ ਜ਼ਬਦਯਾਹ ਜੋ ਕਿ ਗਦੋਰ ਤੋਂ ਯਰੋਹਾਮ ਦੇ ਪੁੱਤਰ ਸਨ।

ਗਾਦੀ

ਗਾਦ ਪਰਿਵਾਰ-ਸਮੂਹ ਤੋਂ ਕੁਝ ਲੋਕ ਮਾਰੂਥਲ ਨੂੰ ਆਏ, ਅਤੇ ਕਿਲੇ ਵਿੱਚ ਦਾਊਦ ਨਾਲ ਜੁੜ ਗਏ। ਉਹ ਬਰਛੇ ਅਤੇ ਢਾਲ ’ਚ ਨਿਪੁਣ ਸਨ ਅਤੇ ਸ਼ੇਰਾਂ ਵਾਂਗ ਭਿਅੰਕਰ ਸਨ। ਉਹ ਪਰਬਤਾਂ ਉੱਤੇ ਭੱਜਣ ਲਈ ਗਜ਼ੇਲਾਂ ਵਾਂਗ ਤੇਜ ਸਨ।

ਗਾਦ ਪਰਿਵਾਰ-ਸਮੂਹ ਤੋਂ ਏਜ਼ਰ ਫ਼ੌਜ ਦਾ ਆਗੂ ਸੀ। ਓਬਦਯਾਹ ਕਮਾਨ ਵਿੱਚ ਦੂਜਾ ਅਤੇ ਅਲਯਾਬ ਕਮਾਨ ਵਿੱਚ ਤੀਜਾ ਸੀ। 10 ਮਿਸ਼ਮੰਨਾਹ ਚੌਥਾ ਤੇ ਪੰਜਵਾਂ ਯਿਰਮਿਯਾਹ। 11 ਅੱਤਈ ਛੇਵਾਂ ਅਤੇ ਅਲੀਏਲ ਸੱਤਵੇਂ ਨੰਬਰ ਤੇ ਅਗਵਾਈ ਕਰਨ ਵਾਲਾ ਸੀ। 12 ਯੋਹਾਨਾਨ ਅੱਠਵਾਂ ਅਤੇ ਅਲਜ਼ਾਬਾਦ ਨੌਵਾਂ। 13 ਯਿਰਮਿਯਾਹ ਦਸਵੇਂ ਨੰਬਰ ਤੇ ਅਤੇ ਗਿਆਰ੍ਹਵੇਂ ਤੇ ਮਕਬੰਨਈ।

14 ਇਹ ਸਾਰੇ ਗਾਦੀ ਫ਼ੌਜ ਦੇ ਆਗੂ ਸਨ। ਇਨ੍ਹਾਂ ਵਿੱਚੋਂ ਸਭ ਤੋਂ ਕਮਜ਼ੋਰ ਵੀ ਦੁਸ਼ਮਣਾਂ ਦੇ 100 ਸਿਪਾਹੀਆਂ ਵਿਰੁੱਧ ਲੜ ਸੱਕਦਾ ਸੀ ਅਤੇ ਉਨ੍ਹਾਂ ਦਾ ਬਹਾਦੁਰ ਸਿਪਾਹੀ ਦੁਸ਼ਮਣਾਂ ਦੇ 1,000 ਸਿਪਾਹੀਆਂ ਦੇ ਵਿਰੁੱਧ ਲੜ ਸੱਕਦਾ ਸੀ। 15 ਗਾਦ ਪਰਿਵਾਰ-ਸਮੂਹ ਦੇ ਲੋਕ ਹੀ ਉਹ ਸਿਪਾਹੀ ਸਨ ਜਿਨ੍ਹਾਂ ਨੇ ਵਰ੍ਹੇ ਦੇ ਪਹਿਲੇ ਮਹੀਨੇ ਵਿੱਚ ਯਰਦਨ ਦਰਿਆ ਨੂੰ ਪਾਰ ਕੀਤਾ ਸੀ, ਜਦੋਂ ਇਸ ਵਿੱਚ ਹੜ੍ਹ ਆਇਆ ਹੋਇਆ ਸੀ। ਉਨ੍ਹਾਂ ਨੇ ਵਾਦੀ ਵਿੱਚ ਰਹਿੰਦੇ ਸਭਨਾਂ ਲੋਕਾਂ ਨੂੰ ਵਾਦੀ ਦੇ ਪੂਰਬੀ ਪਾਸੇ ਅਤੇ ਪੱਛਮੀ ਹਿੱਸੇ ਵੱਲ ਭਜਾ ਦਿੱਤਾ।

ਕੁਝ ਹੋਰ ਸਿਪਾਹੀ ਦਾਊਦ ਨਾਲ ਰਲੇ

16 ਬਿਨਯਾਮੀਨ ਅਤੇ ਯਹੂਦਾਹ ਦੇ ਪਰਿਵਾਰ-ਸਮੂਹਾਂ ਵਿੱਚੋਂ ਕੁਝ ਹੋਰ ਲੋਕ ਦਾਊਦ ਕੋਲ ਗੜ੍ਹ ਵਿੱਚ ਆ ਰਲੇ। 17 ਦਾਊਦ ਉਨ੍ਹਾਂ ਨੂੰ ਮਿਲਣ ਲਈ ਬਾਹਰ ਆਇਆ ਅਤੇ ਆਖਿਆ, “ਜੇਕਰ ਤੁਸੀਂ ਸ਼ਾਂਤੀ ਨਾਲ ਮੇਰੀ ਸਹਾਇਤਾ ਕਰਨ ਲਈ ਆਏ ਹੋ; ਤਾਂ ਜੀ ਆਇਆਂ ਨੂੰ ਪਰ ਜੇਕਰ ਤੁਸੀਂ ਮੇਰੇ ਨਾਲ ਚਾਲ ਚੱਲ ਕੇ ਮੇਰੇ ਵੈਰੀਆਂ ਹੱਥ ਮੈਨੂੰ ਫ਼ੜਾਉਣ ਲਈ ਆਏ ਹੋ ਭਾਵੇਂ ਮੇਰੇ ਹੱਥੋਂ ਕੁਝ ਮਾੜਾ ਨਹੀਂ ਹੋਇਆ ਤਾਂ ਫ਼ਿਰ ਮੇਰੇ ਪੁਰਖਿਆਂ ਦਾ ਪਰਮੇਸ਼ੁਰ ਇਸ ਨੂੰ ਵੇਖੇ ਅਤੇ ਤੁਹਾਨੂੰ ਦੰਡ ਦੇਵੇ।”

18 ਅਮਸਈ 30 ਨਾਇੱਕਾਂ ਦਾ ਆਗੂ ਸੀ, ਆਤਮਾ ਅਮਸਈ ਦੇ ਉੱਤੇ ਆਇਆ ਅਤੇ ਆਖਿਆ,

“ਹੇ ਦਾਊਦ, ਅਸੀਂ ਤੇਰੇ ਹਾਂ,
    ਹੇ ਯੱਸੀ ਦੇ ਪੁੱਤਰ, ਅਸੀਂ ਤੇਰੇ ਨਾਲ ਹਾਂ।
ਤੇਰੇ ਨਾਲ ਅਤੇ ਤੇਰੀ ਮਦਦ ਕਰਨ ਵਾਲੇ ਲੋਕਾਂ ਨਾਲ ਵੀ ਸ਼ਾਂਤੀ ਹੋਵੇ,
    ਕਿਉਂ ਕਿ ਤੇਰਾ ਪਰਮੇਸ਼ੁਰ ਤੇਰੀ ਮਦਦ ਕਰਦਾ ਹੈ!”

ਇਉਂ ਦਾਊਦ ਨੇ ਉਨ੍ਹਾਂ ਆਦਮੀਆਂ ਨੂੰ ਸਵੀਕਾਰ ਕਰਕੇ ਆਪਣੇ ਫੌਜੀਆਂ ਦਾ ਆਗੂ ਥਾਪਿਆ।

19 ਮਨੱਸ਼ਹ ਪਰਿਵਾਰ-ਸਮੂਹ ਵਿੱਚੋਂ ਕਈ ਲੋਕ ਦਾਊਦ ਨਾਲ ਆ ਕੇ ਰਲ ਗਏ। ਇਹ ਉਸ ਵਕਤ ਰਲੇ ਜਦੋਂ ਉਹ ਫ਼ਲਿਸਤੀਆਂ ਦੇ ਨਾਲ ਲੜਾਈ ਨੂੰ ਸ਼ਾਊਲ ਉੱਪਰ ਚੜ੍ਹੇ। ਪਰ ਦਾਊਦ ਅਤੇ ਉਸ ਦੇ ਮਨੁੱਖਾਂ ਨੇ ਅਸਲ ਵਿੱਚ ਫ਼ਲਿਸਤੀਆਂ ਦੀ ਮਦਦ ਨਾ ਕੀਤੀ। ਫ਼ਲਿਸਤੀਆਂ ਦੇ ਆਗੂਆਂ ਨੇ ਦਾਊਦ ਦੀ ਉਨ੍ਹਾਂ ਨੂੰ ਮਦਦ ਬਾਰੇ ਗੱਲ ਕੀਤੀ, ਪਰ ਫ਼ਿਰ ਉਸ ਨੂੰ ਵਾਪਸ ਭੇਜਣ ਦਾ ਫ਼ੈਸਲਾ ਲਿਆ। ਉਨ੍ਹਾਂ ਸ਼ਾਸਕਾਂ ਨੇ ਆਖਿਆ, “ਜੇਕਰ ਦਾਊਦ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ, ਤਾਂ ਸਾਡੇ ਸਿਰ ਵੱਢੇ ਜਾਣਗੇ।” 20 ਇਹ ਲੋਕ ਮਨੱਸ਼ਹ ਦੇ ਸਨ ਜਦੋਂ ਦਾਊਦ ਸਿਕਲਗ ਨੂੰ ਤੁਰਿਆ ਤੇ ਇਹ ਮਨੁੱਖ ਉਸ ਨਾਲ ਰਲ ਗਏ, ਅਦਨਾਹ, ਯੋਜ਼ਾਬਾਦ, ਯਦਿਏਲ, ਮੀਕਾਏਲ, ਯੋਜ਼ਾਬਾਦ, ਅਲੀਹੂ ਤੇ ਸਿੱਲਥਈ। ਇਹ ਸਾਰੇ ਮਨੱਸ਼ਹ ਪਰਿਵਾਰ-ਸਮੂਹ ਦੇ ਸਰਦਾਰ ਸਨ। 21 ਇਨ੍ਹਾਂ ਨੇ ਦਾਊਦ ਦੀ ਬੁਰੇ ਲੋਕਾਂ ਨਾਲ ਲੜਨ ਵਿੱਚ ਮਦਦ ਕੀਤੀ। ਇਹ ਬੁਰੇ ਲੋਕ ਸਾਰੇ ਸ਼ਹਿਰ ਵਿੱਚੋਂ ਲੋਕਾਂ ਦੇ ਘਰਾਂ ਚੋ ਉਨ੍ਹਾਂ ਦੀਆਂ ਵਸਤਾਂ ਚੋਰੀ ਕਰਦੇ ਸਨ। ਮਨੱਸ਼ਹ ਦੇ ਇਹ ਸਾਰੇ ਮਨੁੱਖ ਬਹਾਦੁਰ ਸਿਪਾਹੀ ਸਨ ਜੋ ਦਾਊਦ ਦੀ ਫ਼ੌਜ ਦੇ ਆ ਕੇ ਆਗੂ ਬਣੇ।

22 ਦਿਨੋ-ਦਿਨ ਲੋਕ ਦਾਊਦ ਦੀ ਸਹਾਇਤਾ ਲਈ ਆ ਕੇ ਰਲਦੇ ਰਹੇ ਇਉਂ ਦਾਊਦ ਦੀ ਸੈਨਾ ਬੜੀ ਵਿਸ਼ਾਲ ਅਤੇ ਸ਼ਕਤੀਸ਼ਾਲੀ ਹੋ ਗਈ।

ਹੋਰ ਮਨੁੱਖਾਂ ਦਾ ਦਾਊਦ ਨਾਲ ਹਬਰੋਨ ਵਿੱਚ ਰਲਣਾ

23 ਇਹ ਉਨ੍ਹਾਂ ਲੋਕਾਂ ਦੀ ਗਿਣਤੀ ਹੈ ਜਿਹੜੇ ਹਬਰੋਨ ਵਿੱਚ ਦਾਊਦ ਨਾਲ ਜੁੜ ਗਏ, ਜਿਹੜੇ ਯੁੱਧ ਲਈ ਤਿਆਰ ਸਨ। ਉਹ ਸ਼ਾਊਲ ਦੇ ਰਾਜ ਨੂੰ, ਯਹੋਵਾਹ ਦੇ ਆਖੇ ਅਨੁਸਾਰ ਹੋਣ ਲਈ, ਦਾਊਦ ਨੂੰ ਸੌਂਪਣ ਲਈ ਆਏ ਸਨ। ਉਨ੍ਹਾਂ ਦੀ ਗਿਣਤੀ ਦੀ ਸੂਚੀ ਇਉਂ ਹੈ:

24 ਯਹੂਦਾਹ ਦੇ ਪਰਵਿਾਰ-ਸਮੂਹ ਵਿੱਚੋਂ ਉਨ੍ਹਾਂ ਆਦਮੀਆਂ ਦੀ ਗਿਣਤੀ ਜਿਹੜੇ ਜੰਗ ਲਈ ਤਿਆਰ ਸਨ 6,800 ਸੀ ਅਤੇ ਉਨ੍ਹਾਂ ਨੇ ਢਾਲਾਂ ਅਤੇ ਬਰਛੇ ਚੁੱਕੇ ਹੋਏ ਸਨ।

25 ਸ਼ਿਮਓਨੀਆਂ ਦੇ ਪਰਿਵਾਰ-ਸਮੂਹ ਵਿੱਚੋਂ 7,100 ਮਹਾਨ ਯੋਧੇ ਯੁੱਧ ਲਈ ਤਿਆਰ ਸਨ।

26 ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ 4,600 ਸਿਪਾਹੀ ਸਨ। 27 ਯਹੋਯਾਦਾ ਉਸੇ ਧੜੇ ਵਿੱਚ ਸੀ ਅਤੇ ਉਸ ਨਾਲ 3,700 ਆਦਮੀ ਸਨ। 28 ਸਾਦੋਕ ਵੀ ਇਸ ਸਮੂਹ ਵਿੱਚ ਸੀ ਤੇ ਇੱਕ ਜਵਾਨ ਬਹਾਦੁਰ ਸਿਪਾਹੀ ਸੀ ਅਤੇ ਉਹ ਆਪਣੇ ਪਰਿਵਾਰ ਦੇ 22 ਸਰਦਾਰਾਂ ਦੇ ਨਾਲ ਆਇਆ ਸੀ।

29 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ 3,000 ਆਦਮੀ ਸਨ, ਉਹ ਸ਼ਾਊਲ ਦੇ ਸੰਬੰਧੀਆਂ ਵਿੱਚੋਂ ਸਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਉਸ ਸਮੇਂ ਤੀਕ ਸ਼ਾਊਲ ਦੇ ਵਫਾਦਾਰ ਸਨ।

30 ਇਫ਼ਰਾਮੀਆਂ ਵਿੱਚੋਂ 20,800, ਜਿਹੜੇ ਵੱਡੇ ਸੂਰਵੀਰ ਸਨ, ਉਹ ਆਪੋ-ਆਪਣੇ ਪਰਿਵਾਰ-ਸਮੂਹਾਂ ਵਿੱਚੋਂ ਪ੍ਰਸਿੱਧ ਸਿਪਾਹੀ ਸਨ।

31 ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚੋਂ 18,000 ਆਦਮੀ ਸਨ ਜੋ ਚੁਣੇ ਗਏ ਸਨ ਅਤੇ ਨਾਮਾਂ ਦੁਆਰਾ ਸੱਦੇ ਗਏ ਸਨ, ਤਾਂ ਜੋ ਉਹ ਆਕੇ ਦਾਊਦ ਨੂੰ ਪਾਤਸ਼ਾਹ ਬਣਾ ਸੱਕਣ।

32 ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ 200 ਸਿਆਣੇ ਆਗੂ ਸਨ ਜਿਨ੍ਹਾਂ ਕੋਲ ਇਸਰਾਏਲ ਦੇ ਭਲੇ ਲਈ ਸਹੀ ਸਮੇਂ ਤੇ ਸਹੀ ਕੰਮ ਕਰਨ ਦੀ ਸਿਆਣਪ ਸੀ ਅਤੇ ਉਨ੍ਹਾਂ ਦੇ ਸੰਬੰਧੀ ਉਨ੍ਹਾਂ ਸਮੇਤ ਉਨ੍ਹਾਂ ਦੀ ਹਕੂਮਤ ਹੇਠ ਕਾਰਜ ਕਰਦੇ ਸਨ।

33 ਜ਼ਬੁਲੂਨ ਦੇ ਪਰਿਵਾਰ-ਸਮੂਹ ਵਿੱਚੋਂ 50,000 ਕਾਬਿਲ ਸਿਪਾਹੀ ਸਨ, ਜਿਨ੍ਹਾਂ ਨੂੰ ਸਭ ਤਰ੍ਹਾਂ ਦੀ ਸ਼ਸਤ੍ਰ ਵਿਦਿਆ ਦੀ ਸਿਖਲਾਈ ਦਿੱਤੀ ਗਈ ਸੀ ਅਤੇ ਉਹ ਦਾਊਦ ਨਾਲ ਵਫਾਦਾਰ ਸਨ।

34 ਨਫ਼ਤਾਲੀਆਂ ਦੇ ਪਰਿਵਾਰ-ਸਮੂਹ ਵਿੱਚੋਂ 1,000 ਸੈਨਾਪਤੀ ਸਨ ਅਤੇ ਉਨ੍ਹਾਂ ਦੀ ਅਗਵਾਈ ਹੇਠ 37,000 ਆਦਮੀ ਸਨ ਜਿਹੜੇ ਢਾਲਾਂ ਅਤੇ ਬਰਛੇ ਰੱਖਣ ਵਾਲੇ ਸਨ।

35 ਦਾਨ ਪਰਿਵਾਰ-ਸਮੂਹ ਵਿੱਚੋਂ 28,600 ਸਿਪਾਹੀ ਜੰਗ ਲਈ ਤਿਆਰ ਸਨ।

36 ਅਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ 40,000 ਲੜਾਈ ਲਈ ਹਰ ਪਲ ਤਿਆਰ ਸਿਪਾਹੀ ਸਨ।

37 ਯਰਦਨ ਦਰਿਆ ਦੇ ਪੂਰਬੀ ਹਿੱਸੇ ਵੱਲੋਂ, ਰਊਬੇਨ, ਗਾਦ ਪਰਵਿਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚੋਂ 1,20,000 ਸਿਪਾਹੀ ਸਨ, ਜਿਹੜੇ ਯੁੱਧ ਵਿੱਚ ਕਿਸੇ ਤਰ੍ਹਾਂ ਦੇ ਵੀ ਸ਼ਸਤ੍ਰ ਇਸਤੇਮਾਲ ਕਰ ਸੱਕਦੇ ਸਨ।

38 ਇਹ ਸਾਰੇ ਬਹਾਦੁਰ ਸਿਪਾਹੀ ਸਨ। ਇਹ ਲੜਾਈ ਦੀਆਂ ਯੋਜਨਾਵਾਂ ਬਨਾਉਣੀਆਂ ਜਾਣਦੇ ਸਨ, ਤੇ ਉਹ ਦਾਊਦ ਨੂੰ ਇਸਰਾਏਲ ਦਾ ਰਾਜਾ ਬਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਕੇ ਆਏ ਸਨ। ਇਸਰਾਏਲ ਦੇ ਬਾਕੀ ਲੋਕ ਵੀ ਦਾਊਦ ਨੂੰ ਪਾਤਸ਼ਾਹ ਬਨਾਉਣ ਲਈ ਰਾਜ਼ੀ ਸਨ। 39 ਇਨ੍ਹਾਂ ਮਨੁੱਖਾਂ ਨੇ ਹਬਰੋਨ ਵਿੱਚ ਦਾਊਦ ਨਾਲ 3 ਦਿਨ ਗੁਜ਼ਾਰੇ। ਇਹ ਰੱਜ ਕੇ 3 ਦਿਨ ਤੀਕ ਖਾਂਦੇ ਪੀਂਦੇ ਰਹੇ ਕਿਉਂ ਕਿ ਉਨ੍ਹਾਂ ਦੇ ਭਾਈਆਂ ਨੇ ਉਨ੍ਹਾਂ ਲਈ ਭੋਜਨ ਤਿਆਰ ਕੀਤੇ ਸਨ। 40 ਇਸ ਤੋਂ ਇਲਾਵਾ ਉਹ ਲੋਕ ਜੋ ਉਨ੍ਹਾਂ ਦੇ ਨੇੜੇ ਸਨ, ਅਤੇ ਉਹ ਜੋ ਯਿੱਸਾਕਾਰ ਤੇ ਜ਼ਬੁਲੂਨ ਅਤੇ ਨਫ਼ਤਾਲੀ ਤੀਕ ਵੀ ਵੱਸਦੇ ਸਨ ਉਹ ਵੀ ਖੋਤਿਆਂ, ਊਠਾਂ, ਖੱਚਰਾਂ ਅਤੇ ਬਲਦਾਂ ਉੱਪਰ ਲੱਦ-ਲੱਦ ਕੇ ਰੋਟੀਆਂ, ਆਟਾ, ਅੰਜੀਰਾਂ, ਕਿਸ਼ਮਿਸ਼, ਤੇਲ, ਪਸ਼ੂ ਅਤੇ ਭੇਡਾਂ ਬਹੁਤ ਮਾਤਰਾ ਵਿੱਚ ਲੈ ਕੇ ਆਏ। ਉਨ੍ਹੀ ਦਿਨੀ ਇਸਰਾਏਲ ਦੇ ਲੋਕ ਬੜੇ ਖੁਸ਼ ਸਨ।

ਯੂਹੰਨਾ 6:45-71

45 ਇਹ ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ: ‘ਉਹ ਪਰਮੇਸ਼ੁਰ ਦੁਆਰਾ ਸਮਝਾਏ ਜਾਣਗੇ।’ [a] ਹਰ ਕੋਈ ਜਿਹੜਾ ਆਪਣੇ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿਖਦਾ ਹੈ ਮੇਰੇ ਤੱਕ ਆਉਂਦਾ। 46 ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ। ਉਹ ਇੱਕ, ਜਿਹੜਾ ਪਰਮੇਸ਼ੁਰ ਤੋਂ ਆਇਆ ਹੈ, ਉਹੀ ਹੈ ਜਿਸਨੇ ਪਿਤਾ ਨੂੰ ਵੇਖਿਆ।

47 “ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮਨੁੱਖ ਨਿਹਚਾ ਰੱਖਦਾ ਹੈ ਸਦੀਪਕ ਜੀਵਨ ਪਾਉਂਦਾ ਹੈ। 48 ਮੈਂ ਹੀ ਜੀਵਨ ਦੀ ਰੋਟੀ ਹਾਂ। 49 ਤੁਹਾਡੇ ਪੂਰਵਜਾਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ। 50 ਮੈਂ ਉਹ ਰੋਟੀ ਹਾਂ ਜੋ ਸੁਰਗ ਤੋਂ ਹੇਠਾਂ ਆਉਂਦੀ ਹੈ। ਜੇਕਰ ਕੋਈ ਵੀ ਇਹ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ। 51 ਮੈਂ ਜਿਉਂਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ। ਉਹ ਜਿਹੜਾ ਇਹ ਰੋਟੀ ਖਾਂਦਾ ਹੈ, ਸਦਾ ਜੀਵੇਗਾ। ਇਹ ਰੋਟੀ ਮੇਰਾ ਸਰੀਰ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਜੋ ਇਸ ਦੁਨੀਆਂ ਦੇ ਲੋਕਾਂ ਨੂੰ ਜੀਵਨ ਮਿਲ ਸੱਕੇ।”

52 ਫੇਰ ਯਹੂਦੀਆਂ ਨੇ ਆਪਸ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ, “ਭਲਾ ਇਹ ਆਦਮੀ ਸਾਨੂੰ ਆਪਣਾ ਸਰੀਰ ਖਾਣ ਲਈ ਕਿਵੇਂ ਦੇ ਸੱਕਦਾ ਹੈ?”

53 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਂਦੇ ਅਤੇ ਲਹੂ ਨਹੀਂ ਪੀਂਦੇ, ਤੁਹਾਡੇ ਕੋਲ ਤੁਹਾਡੇ ਵਿੱਚ ਸੱਚਾ ਜੀਵਨ ਨਹੀਂ ਹੋਵੇਗਾ। 54 ਉਹ ਮਨੁੱਖ ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਉਸ ਨੂੰ ਅਖੀਰਲੇ ਦਿਨ ਜਿਉਂਦਾ ਉੱਠਾਵਾਂਗਾ। 55 ਮੇਰਾ ਸਰੀਰ ਸੱਚਾ ਭੋਜਨ ਹੈ ਅਤੇ ਮੇਰਾ ਲਹੂ ਅਸਲੀ ਪੀਣ ਦੀ ਵਸਤੂ ਹੈ। 56 ਉਹ ਜਿਹੜਾ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਮੇਰੇ ਵਿੱਚ ਨਿਵਾਸ ਕਰਦਾ ਅਤੇ ਮੈਂ ਉਸ ਵਿੱਚ ਨਿਵਾਸ ਕਰਦਾ ਹਾਂ।

57 “ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਰਾਹੀਂ ਜਿਉਂਵਾਂਗਾ। ਇਸ ਲਈ ਜੋ ਮੈਨੂੰ ਖਾਂਦਾ ਹੈ ਮੇਰੇ ਰਾਹੀਂ ਜਿਉਂਵੇਗਾ। 58 ਮੈਂ ਉਸ ਰੋਟੀ ਵਰਗਾ ਨਹੀਂ ਹਾਂ ਜਿਹੜੀ ਸਾਡੇ ਪੁਰਖਿਆਂ ਨੇ ਉਜਾੜ ਵਿੱਚ ਖਾਧੀ ਸੀ। ਉਨ੍ਹਾਂ ਨੇ ਉਹ ਰੋਟੀ ਖਾਧੀ ਪਰ ਬਾਕੀ ਲੋਕਾਂ ਵਾਂਗ, ਉਹ ਵੀ ਮਰ ਗਏ ਮੈਂ ਸਵਰਗ ਤੋਂ ਉੱਤਰੀ ਰੋਟੀ ਹਾਂ ਅਤੇ ਜੋ ਇਹ ਰੋਟੀ ਖਾਵੇਗਾ ਉਹ ਸਦੀਵੀ ਜੀਵੇਗਾ।”

59 ਜਦੋਂ ਯਿਸੂ ਕਫਰਨਾਹੂਮ ਦੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇ ਰਿਹਾ ਸੀ ਉਸ ਨੇ ਇਹ ਸਭ ਗੱਲਾਂ ਆਖੀਆਂ।

ਬਹੁਤ ਸਾਰੇ ਚੇਲਿਆਂ ਦਾ ਯਿਸੂ ਨੂੰ ਛੱਡ ਜਾਣਾ

60 ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣੀਆ ਅਤੇ ਆਖਿਆ, “ਇਹ ਉਪਦੇਸ਼ ਇੰਨਾ ਮੁਸ਼ਕਿਲ ਹੈ। ਕੌਣ ਇਸ ਉਪਦੇਸ਼ ਨੂੰ ਕਬੂਲ ਕਰ ਸੱਕਦਾ ਹੈ?”

61 ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਇਸ ਬਾਰੇ ਬੁੜ-ਬੁੜਾ ਰਹੇ ਸਨ ਇਸ ਲਈ ਉਸ ਨੇ ਆਖਿਆ, “ਕੀ ਇਹ ਉਪਦੇਸ਼ ਤੁਹਾਨੂੰ ਪਰੇਸ਼ਾਨ ਕਰਦਾ ਹੈ? 62 ਤਾਂ ਕੀ ਤੁਸੀਂ ਉਦੋਂ ਹੋਰ ਵੀ ਵੱਧੇਰੇ ਪਰੇਸ਼ਾਨ ਨਹੀਂ ਹੋਵੋਂਗੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਥੇ ਵਾਪਸ ਜਾਂਦਿਆਂ ਵੇਖੋਂਗੇ, ਜਿੱਥੇੋਂ ਉਹ ਆਇਆ ਸੀ? 63 ਇਹ ਸਰੀਰ ਨਹੀਂ ਹੈ ਜੋ ਜੀਵਨ ਦਿੰਦਾ ਹੈ ਸਗੋਂ ਇਹ ਆਤਮਾ ਹੈ ਜੋ ਜੀਵਨ ਦਿੰਦਾ ਹੈ। ਜੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ। 64 ਪਰ ਤੁਹਾਡੇ ਵਿੱਚੋਂ ਕੁਝ ਯਕੀਨ ਨਹੀਂ ਕਰਦੇ।” ਯਿਸੂ ਉਨ੍ਹਾਂ ਲੋਕਾਂ ਨੂੰ ਸ਼ੁਰੂ ਤੋਂ ਹੀ ਜਾਣਦਾ ਸੀ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ। ਅਤੇ ਉਹ ਇਹ ਵੀ ਜਾਣਦਾ ਸੀ ਕਿ ਉਹ ਕੌਣ ਹੈ ਜੋ ਉਸ ਦੇ ਵਿਰੁੱਧ ਮੁੜ ਪਵੇਗਾ। 65 ਯਿਸੂ ਨੇ ਕਿਹਾ, “ਇਸੇ ਲਈ ਮੈਂ ਤੁਹਾਨੂੰ ਕਿਹਾ ਸੀ, ‘ਕਿ ਜਦੋਂ ਤੱਕ ਪਿਤਾ ਇੱਕ ਵਿਅਕਤੀ ਨੂੰ ਮੇਰੇ ਕੋਲ ਆਉਣ ਨਹੀਂ ਦਿੰਦਾ ਉਹ ਮੇਰੇ ਕੋਲ ਨਹੀਂ ਆ ਸੱਕਦਾ।’”

66 ਇਸੇ ਕਾਰਣ, ਯਿਸੂ ਦੇ ਬਹੁਤੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਭਵਿੱਖ ਵਿੱਚ ਉਸਦਾ ਅਨੁਸਰਣ ਨਾ ਕੀਤਾ।

67 ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਆਖਿਆ, “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?”

68 ਸ਼ਮਊਨ ਪਤਰਸ ਨੇ ਉਸ ਨੂੰ ਆਖਿਆ, “ਪ੍ਰਭੂ! ਅਸੀਂ ਕਿਸ ਕੋਲ ਜਾਈਏ? ਤੇਰੇ ਕੋਲ ਸ਼ਬਦ ਹਨ ਜੋ ਸਦੀਪਕ ਜੀਵਨ ਦਿੰਦੇ ਹਨ। 69 ਸਾਨੂੰ ਤੇਰੇ ਤੇ ਵਿਸ਼ਵਾਸ ਹੈ, ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ੁਰ ਵੱਲੋਂ ਪਵਿੱਤਰ ਪੁਰੱਖ ਹੈਂ।”

70 ਤਾਂ ਯਿਸੂ ਨੇ ਜਵਾਬ ਦਿੱਤਾ, “ਮੈਂ ਤੁਹਾਡੇ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਹੈ ਪਰ ਤੁਹਾਡੇ ਵਿੱਚੋਂ ਇੱਕ ਜਣਾ ਸ਼ੈਤਾਨ ਹੈ।” 71 ਯਿਸੂ ਸ਼ਮਊਨ ਇਸੱਕਰਿਯੋਤੀ ਦੇ ਪੁੱਤਰ ਯਹੂਦਾ ਬਾਰੇ ਆਖ ਰਿਹਾ ਸੀ। ਉਹ ਬਾਰ੍ਹਾਂ ਵਿੱਚੋਂ ਇੱਕ ਸੀ ਪਰ ਉਸ ਨੇ ਯਿਸੂ ਦੇ ਵਿਰੁੱਧ ਹੋ ਜਾਣਾ ਸੀ।

Punjabi Bible: Easy-to-Read Version (ERV-PA)

2010 by World Bible Translation Center