Old/New Testament
ਸੁਲੇਮਾਨ ਦੀ ਬੁੱਧੀ ਲਈ ਮੰਗ
1 ਸੁਲੇਮਾਨ ਬੜਾ ਸ਼ਕਤੀਸ਼ਾਲੀ ਰਾਜਾ ਬਣ ਗਿਆ ਕਿਉਂ ਕਿ ਯਹੋਵਾਹ ਉਸਦਾ ਪਰਮੇਸ਼ੁਰ ਉਸ ਦੇ ਨਾਲ ਸੀ, ਜਿਸਨੇ ਕਿ ਉਸ ਨੂੰ ਇੰਨਾ ਮਹਾਨ ਬਣਾਇਆ।
2-3 ਸੁਲੇਮਾਨ ਨੇ ਸਾਰੇ ਇਸਰਾਏਲ ਦੇ ਲੋਕਾਂ, ਕਪਤਾਨਾਂ, ਸਰਦਾਰਾਂ, ਨਿਆਂਕਾਰਾਂ, ਉੱਥੋਂ ਦੇ ਆਗੂਆਂ ਅਤੇ ਪਰਿਵਾਰਾਂ ਦੇ ਸਾਰੇ ਵੱਡੇਰਿਆਂ ਤੇ ਮੁਖੀਆਂ ਨਾਲ ਗੱਲਾਂ ਕੀਤੀਆਂ। ਤਦ ਸੁਲੇਮਾਨ ਅਤੇ ਸਾਰੀ ਸਭਾ ਮਿਲਕੇ ਉਸ ਉੱਚੇ ਥਾਂ ਜੋ ਗਿਬਓਨ ਵਿੱਚ ਸੀ, ਗਏ ਕਿਉਂ ਕਿ ਪਰਮੇਸ਼ੁਰ ਦਾ ਮੰਡਲੀ ਦਾ ਤੰਬੂ ਉੱਥੇ ਸੀ। ਇਸ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਜਾੜ ਵਿੱਚ ਬਣਾਇਆ ਸੀ, ਜਦੋਂ ਉਹ ਤੇ ਇਸਰਾਏਲ ਦੇ ਲੋਕ ਉਜਾੜ ਵਿੱਚ ਸਨ। 4 ਦਾਊਦ ਪਰਮੇਸ਼ੁਰ ਦੇ ਇਕਰਾਰਨਾਮੇ ਦੇ ਸੰਦੂਕ ਨੂੰ ਕਿਰਯਥ-ਯਆਰੀਮ ਤੋਂ ਯਰੂਸ਼ਲਮ ਵਿੱਚ ਲੈ ਆਇਆ ਸੀ ਕਿਉਂ ਕਿ ਦਾਊਦ ਨੇ ਉਸ ਲਈ ਯਰੂਸ਼ਲਮ ਵਿੱਚ ਇੱਕ ਤੰਬੂ ਖੜ੍ਹਾ ਕੀਤਾ ਸੀ। ਇਸ ਲਈ ਉਹ ਉਸ ਨੂੰ ਇਸ ਥਾਂ ਤੇ ਲੈ ਆਇਆ ਸੀ। 5 ਊਰੀ ਦੇ ਪੁੱਤਰ ਬਸਲਿਏਲ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ ਅਤੇ ਉਹ ਪਿੱਤਲ ਦੀ ਜਗਵੇਦੀ ਗਿਬਓਨ ਵਿੱਚ ਪਵਿੱਤਰ ਤੰਬੂ ਦੇ ਸਾਹਮਣੇ ਸੀ ਇਸ ਲਈ ਸੁਲੇਮਾਨ ਅਤੇ ਬਾਕੀ ਸਾਰੇ ਲੋਕ ਯਹੋਵਾਹ ਕੋਲ ਮੱਤ ਲੈਣ ਲਈ ਗਿਬਓਨ ਵਿੱਚ ਗਏ। 6 ਸੁਲੇਮਾਨ ਉਸ ਯਹੋਵਾਹ ਦੇ ਸਾਹਮਣੇ ਵਾਲੀ ਪਿੱਤਲ ਦੀ ਜਗਵੇਦੀ ਜਿਹੜੀ ਉੱਚੇ ਥਾਂ ਸੀ ਅਤੇ ਮੰਡਲੀ ਦੇ ਤੰਬੂ ਕੋਲ ਸੀ ਉੱਥੇ ਗਿਆ। ਸੁਲੇਮਾਨ ਨੇ ਉੱਥੇ 1,000 ਹੋਮ ਦੀਆਂ ਭੇਟਾਂ ਚੜ੍ਹਾਈਆਂ।
7 ਉਸ ਰਾਤ ਪਰਮੇਸ਼ੁਰ ਨੇ ਸੁਲੇਮਾਨ ਨੂੰ ਦਰਸ਼ਨ ਦਿੱਤਾ ਅਤੇ ਕਿਹਾ, “ਸੁਲੇਮਾਨ, ਮੰਗ, ਮੈਂ ਤੈਨੂੰ ਕੀ ਦੇਵਾਂ!”
8 ਸੁਲੇਮਾਨ ਨੇ ਪਰਮੇਸ਼ੁਰ ਨੂੰ ਆਖਿਆ, “ਤੁਸੀਂ ਆਪ ਮੇਰੇ ਪਿਤਾ ਦਾਊਦ ਉੱਪਰ ਇੰਨੀ ਦਯਾ ਕੀਤੀ ਹੈ ਅਤੇ ਮੇਰੇ ਪਿਤਾ ਵਾਲੇ ਅਸਥਾਨ ਤੇ ਤੁਸੀਂ ਮੈਨੂੰ ਨਵਾਂ ਪਾਤਸ਼ਾਹ ਚੁਣਿਆ ਹੈ। 9 ਸੋ ਯਹੋਵਾਹ ਪਰਮੇਸ਼ੁਰ, ਤੂੰ ਮੇਰੇ ਪਿਤਾ ਦਾਊਦ ਨਾਲ ਕੀਤਾ ਇਕਰਾਰ ਪੂਰਾ ਕਰ ਕਿਉਂ ਕਿ ਤੂੰ ਮੈਨੂੰ ਧਰਤੀ ਦੀ ਧੂੜ ਜਿੰਨੀ ਗਿਣਤੀ ਦੇ ਲੋਕਾਂ ਦਾ ਰਾਜਾ ਬਣਾਇਆ ਹੈ। 10 ਹੁਣ ਤੁਸੀਂ ਮੈਨੂੰ ਬੁੱਧ ਅਤੇ ਗਿਆਨ ਦੇਵੋ ਤਾਂ ਜੋ ਮੈਂ ਇਨ੍ਹਾਂ ਲੋਕਾਂ ਨੂੰ ਸਹੀ ਢੰਗ ਨਾਲ ਚੱਲਾ ਸੱਕਾਂ। ਕਿਉਂ ਕਿ ਕੋਈ ਵੀ ਤੁਹਾਡੀ ਕਿਰਪਾ ਬਿਨਾ ਇਸ ਦੁਨੀਆਂ ਨੂੰ ਨਹੀਂ ਚੱਲਾ ਸੱਕਦਾ।”
11 ਪਰਮੇਸ਼ੁਰ ਨੇ ਸੁਲੇਮਾਨ ਨੂੰ ਆਖਿਆ, “ਤੂੰ ਨਿਰਪੱਖ ਬਿਨ ਸਵਾਰਥ ਦਾ ਫ਼ੈਸਲਾ ਕੀਤਾ ਹੈ। ਨਾ ਤੂੰ ਦੌਲਤ ਮੰਗੀ, ਨਾ ਅਮੀਰੀ, ਮਾਨ-ਵਡਿਆਈ ਅਤੇ ਰੁਤਬਾ। ਤੂੰ ਆਪਣੇ ਵੈਰੀਆਂ ਦਾ ਨਾਸ ਕਰਨ ਨੂੰ ਵੀ ਨਹੀਂ ਕਿਹਾ ਅਤੇ ਨਾ ਹੀ ਤੂੰ ਆਪਣੇ ਲਈ ਵੱਡੀ ਉਮਰ ਦੀ ਮੰਗ ਕੀਤੀ। ਤੂੰ ਇਹ ਸਭ ਕੁਝ ਮੰਗਣ ਦੀ ਥਾਵੇਂ ਬੁੱਧ-ਵਿਵੇਕ ਦੀ ਮੰਗ ਕੀਤੀ ਇਸ ਲਈ ਕਿ ਤੂੰ ਮੇਰੀ ਪਰਜਾ ਦਾ ਸਹੀ ਨਿਆਂ ਕਰ ਸੱਕੇਂ, ਜਿਸ ਦਾ ਮੈਂ ਤੈਨੂੰ ਪਾਤਸ਼ਾਹ ਠਹਿਰਾਇਆ ਹੈ। 12 ਇਸ ਲਈ ਮੈਂ ਤੈਨੂੰ ਬੁੱਧੀ ਅਤੇ ਗਿਆਨ ਦੇਵਾਂਗਾ ਪਰ ਇਸਦੇ ਨਾਲ ਹੀ ਮੈਂ ਤੈਨੂੰ ਧਨ, ਦੌਲਤ, ਅਮੀਰੀ, ਮਾਨ-ਵਡਿਆਈ ਇਹ ਸਭ ਕੁਝ ਵੀ ਦੇਵਾਂਗਾ ਅਤੇ ਉਹ ਵੀ ਇੰਨਾ ਕਿ ਜੋ ਤੇਰੇ ਤੋਂ ਪਹਿਲਾ ਜਾਂ ਤੇਰੇ ਤੋਂ ਬਾਅਦ ਵਿੱਚ ਆਉਣ ਵਾਲੇ ਕਿਸੇ ਵੀ ਪਾਤਸ਼ਾਹ ਨੂੰ ਨਾ ਕਦੇ ਮਿਲਿਆ ਹੋਵੇਗਾ ਅਤੇ ਨਾ ਹੀ ਭਵਿੱਖ ਵਿੱਚ ਕਿਸੇ ਨੂੰ ਇੰਨਾ ਮਿਲੇਗਾ।”
13 ਤਦ ਸੁਲੇਮਾਨ ਗਿਬਓਨ ਵਿੱਚ ਉਪਾਸਨਾ ਵਾਲੇ ਅਸਥਾਨ ਤੇ ਗਿਆ। ਫ਼ਿਰ ਉਹ ਮੰਡਲੀ ਵਾਲੇ ਤੰਬੂ ਤੋਂ ਮੁੜ ਕੇ ਯਰੂਸ਼ਲਮ ਵਿੱਚ ਵਾਪਸ ਚੱਲਾ ਗਿਆ। ਉੱਥੇ ਇਸਰਾਏਲ ਦੇ ਨਵੇਂ ਪਾਤਸ਼ਾਹ ਵਜੋਂ ਰਾਜ ਕਰਨ ਲੱਗਾ।
ਸੁਲੇਮਾਨ ਦਾ ਆਪਣੀ ਫ਼ੌਜ ਅਤੇ ਧਨ ਬਨਾਉਣਾ
14 ਸੁਲੇਮਾਨ ਨੇ ਆਪਣੀ ਸੈਨਾ ਲਈ ਘੋੜੇ ਅਤੇ ਰੱਥ ਇਕੱਠੇ ਕਰਨੇ ਸ਼ੁਰੂ ਕੀਤੇ। ਉਸ ਕੋਲ 1,400 ਰੱਥ ਅਤੇ 12,000 ਘੁੜਸਵਾਰ ਸਨ। ਸੁਲੇਮਾਨ ਨੇ ਉਨ੍ਹਾਂ ਨੂੰ ਰੱਥਾਂ ਦੇ ਸ਼ਹਿਰ ਵਿੱਚ ਰੱਖਿਆ। ਕੱਝ ਨੂੰ ਸੁਲੇਮਾਨ ਨੇ ਯਰੂਸ਼ਲਮ ਵਿੱਚ ਜਿੱਥੇ ਪਾਤਸ਼ਾਹ ਦਾ ਮਹਿਲ ਸੀ ਉੱਥੇ ਰੱਖਿਆ। 15 ਯਰੂਸ਼ਲਮ ਵਿੱਚ, ਸੁਲੇਮਾਨ ਨੇ ਇੰਨਾ ਸੋਨਾ ਅਤੇ ਚਾਂਦੀ ਇੱਕਤ੍ਰ ਕੀਤਾ ਕਿ ਇਹ ਚੱਟਾਨਾਂ ਵਾਂਗ ਆਮ ਸੀ। ਉਸ ਨੇ ਇੰਨਾ ਦਿਆਰ ਇੱਕਤਰ ਕੀਤਾ ਕਿ ਇਹ ਸ਼ੇਫ਼ਲਾਹ ਦੇ ਗੂਲਰ ਦੇ ਰੁੱਖਾਂ ਜਿੰਨਾ ਅਧਿਕ ਸੀ। 16 ਸੁਲੇਮਾਨ ਘੋੜੇ ਮਿਸਰ ਅਤੇ ਸਿਲੀਸੀਆਂ ਤੋਂ ਮੰਗਵਾਉਂਦਾ ਸੀ। 17 ਸੁਲੇਮਾਨ ਦੇ ਵਿਉਪਾਰੀ ਮਿਸਰ ਤੋਂ ਇੱਕ ਰੱਥ ਚਾਂਦੀ ਦੇ 15 ਪੌਂਡ ਦਾ ਅਤੇ ਇੱਕ ਘੋੜਾ ਚਾਂਦੀ ਦੇ 3 3/4 ਪੌਂਡ ਦਾ ਖਰੀਦਦੇ ਸਨ। ਫ਼ੇਰ ਉਨ੍ਹਾਂ ਨੇ ਇਹ ਘੋੜੇ ਅਤੇ ਰੱਥ ਹਿੱਤੀ ਲੋਕਾਂ ਦੇ ਰਾਜਿਆਂ ਅਤੇ ਆਰਾਮ ਦੇ ਰਾਜਿਆਂ ਨੂੰ ਵੇਚ ਦਿੱਤੇ।
ਸੁਲੇਮਾਨ ਦੀ ਮੰਦਰ ਅਤੇ ਮਹਿਲ ਲਈ ਵਿਉਂਤ
2 ਸੁਲੇਮਾਨ ਨੇ ਯਹੋਵਾਹ ਦੇ ਨਾਂ ਦੀ ਵਡਿਆਈ ਲਈ ਇੱਕ ਮੰਦਰ ਬਨਵਾਉਣ ਦੀ ਵਿਉਂਤ ਬਣਾਈ ਅਤੇ ਆਪਣੇ ਲਈ ਇੱਕ ਮਹਿਲ ਬਨਵਾਉਣ ਦੀ ਸੋਚੀ। 2 ਸੁਲੇਮਾਨ ਨੇ 70,000 ਮਨੁੱਖ ਭਾਰ ਢੋਣ ਲਈ, 80,000 ਮਨੁੱਖ ਪੱਥਰ ਕੱਟਣ ਲਈ ਅਤੇ 3,600 ਮਨੁੱਖ ਉਨ੍ਹਾਂ ਦੀ ਨਿਗਰਾਨੀ ਲਈ ਰੱਖੇ।
3 ਤਦ ਸੁਲੇਮਾਨ ਨੇ ਹੂਰਾਮ ਨੂੰ ਜੋ ਕਿ ਸੂਰ ਦੇਸ ਦਾ ਰਾਜਾ ਸੀ ਸੁਨੇਹਾ ਭੇਜਿਆ,
“ਮੇਰੀ ਵੀ ਉਵੇਂ ਮਦਦ ਕਰ ਜਿਵੇਂ ਤੂੰ ਮੇਰੇ ਪਿਤਾ ਦਾਊਦ ਦੀ ਕੀਤੀ ਸੀ। ਉਸ ਦੇ ਰਹਿਣ ਲਈ ਜਿਹੜਾ ਮਹਿਲ ਬਣਿਆ ਉਸ ਲਈ ਤੂੰ ਦਿਆਰ ਦੀ ਲੱਕੜ ਭੇਜੀ ਸੀ। 4 ਮੈਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣ ਲੱਗਾ ਹਾਂ। ਉਸ ਦੇ ਸਨਮਾਨ ਲਈ ਉਸ ਦੇ ਸਾਹਵੇਂ ਉਸ ਮੰਦਰ ਵਿੱਚ ਅਸੀਂ ਧੂਪ ਧੁਖਾਵਾਂਗੇ ਅਤੇ ਉਸ ਵਿਸ਼ੇਸ਼ ਮੇਜ਼ ਉੱਪਰ ਹਮੇਸ਼ਾ ਪਵਿੱਤਰ ਰੋਟੀ ਅਰਪਣ ਕਰਾਂਗੇ। ਹਰ ਸਵੇਰ-ਸ਼ਾਮ ਅਤੇ ਹਰ ਸਬਤ ਦੇ ਦਿਨ ਅਤੇ ਅਮੱਸਿਆ ਦੇ ਪਰਬ ਤੇ ਹੋਮ ਦੀਆਂ ਭੇਟਾਂ ਚੜ੍ਹਾਵਾਂਗੇ ਅਤੇ ਹੋਰ ਵੀ ਜਿਹੜੇ ਪਰਬ ਤੇ ਤਿਉਹਾਰ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨਾਉਣ ਦਾ ਆਦੇਸ਼ ਦਿੱਤਾ ਹੈ, ਉਨ੍ਹਾਂ ਨੂੰ ਮਨਾਵਾਂਗੇ। ਇਹ ਹੁਕਮ ਇਸਰਾਏਲ ਦੇ ਲੋਕਾਂ ਲਈ ਮੰਨਣਾ ਹਮੇਸ਼ਾ ਵਾਸਤੇ ਹੈ।
5 “ਸਾਡਾ ਪਰਮੇਸ਼ੁਰ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ, ਇਸ ਲਈ ਮੈਂ ਉਸ ਲਈ ਮਹਾਨ ਮੰਦਰ ਬਣਾਵਾਂਗਾ। 6 ਪਰ ਉਸ ਲਈ ਮੰਦਰ ਬਨਵਾਉਣ ਦੇ ਸਮਰੱਥ ਕੌਣ ਹੈ? ਜਦੋਂ ਕਿ ਅਕਾਸ਼ ਅਤੇ ਸਭ ਤੋਂ ਉੱਚੇ ਅਕਾਸ਼ ਵੀ ਉਸ ਲਈ ਕਾਫ਼ੀ ਜਗ੍ਹਾ ਨਹੀਂ ਹਨ, ਤਾਂ ਭਲਾ ਉਸ ਲਈ ਮੰਦਰ ਬਨਾਉਣ ਵਾਲਾ ਮੈਂ ਕੌਣ ਹੁੰਦਾ ਹਾਂ? ਮੈਂ ਤਾਂ ਸਿਰਫ਼ ਉਸ ਦੇ ਮਾਨ ਵਿੱਚ ਧੂਫ਼ ਧੁਖਾਉਣ ਲਈ ਇੱਕ ਜਗ੍ਹਾ ਹੀ ਬਣਾ ਸੱਕਦਾ ਹਾਂ।
7 “ਸੋ, ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਕੋਲ ਅਜਿਹਾ ਮਨੁੱਖ ਭੇਜ ਜੋ ਸੋਨੇ, ਤੇ ਚਾਂਦੀ, ਪਿੱਤਲ ਅਤੇ ਲੋਹੇ ਦਾ ਕੰਮ ਕਰਨ ਵਿੱਚ ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਕੱਪੜੇ ਉੱਪਰ ਕੰਮ ਕਰਨ ਵਿੱਚ ਮਾਹਿਰ ਹੋਵੇ। ਇਹ ਮਾਹਰ ਯਹੂਦਾਹ ਅਤੇ ਯਰੂਸ਼ਲਮ ਵਿੱਚ ਉਨ੍ਹਾਂ ਮਾਹਰਾ ਨਾਲ ਕੰਮ ਕਰੇਗਾ ਜਿਨ੍ਹਾਂ ਨੂੰ ਮੇਰੇ ਪਿਤਾ ਦਾਊਦ ਨੇ ਚੁਣਿਆ ਸੀ। 8 ਇਸ ਦੇ ਨਾਲ ਦਿਆਰ, ਸਰੂ ਅਤੇ ਅਲਗਮ [a] ਲਬਾਨੋਨ ਵਿੱਚੋਂ ਭੇਜੀਂ। ਮੈਂ ਜਾਣਦਾ ਹਾਂ ਕਿ ਤੇਰੇ ਸੇਵਕ ਲਬਾਨੋਨ ਵਿੱਚ ਲੱਕੜਾਂ ਨੂੰ ਕੱਟਣ ’ਚ ਉਸਤਾਦ ਹਨ। ਮੇਰੇ ਆਦਮੀ ਤੇਰੇ ਆਦਮੀਆਂ ਦੀ ਮਦਦ ਕਰਨਗੇ। 9 ਜਿਹੜਾ ਮੰਦਰ ਮੈਂ ਬਨਾਉਣ ਜਾ ਰਿਹਾ ਹਾਂ ਉਹ ਬੜਾ ਵਿਸ਼ਾਲ ਅਤੇ ਖੂਬਸੂਰਤ ਹੋਵੇਗਾ, ਜਿਸ ਲਈ ਬਹੁਤ ਸਾਰੀ ਲੱਕੜ ਦੀ ਜ਼ਰੂਰਤ ਹੋਵੇਗੀ। 10 ਬਦਲੇ ’ਚ ਮੈਂ ਤੇਰੇ ਆਦਮੀਆਂ ਨੂੰ 1,50,000 ਮਣ ਕਣਕ, 1,50,000 ਮਣ ਜੌਁ, 1,15,000 ਗੈਲਨ ਮੈਅ ਅਤੇ ਉਨ੍ਹਾਂ ਦੇ ਭੋਜਨ ਲਈ 1,15,000 ਗੈਲਨ ਤੇਲ, ਤਨਖਾਹ ਵਜੋਂ ਦੇਵਾਂਗਾ।”
11 ਤਦ ਹੂਰਾਮ ਨੇ ਸੁਲੇਮਾਨ ਨੂੰ ਜਵਾਬ ਵਿੱਚ ਸੰਦੇਸ਼ ਭੇਜਿਆ:
“ਸੁਲੇਮਾਨ, ਯਹੋਵਾਹ ਨੂੰ ਆਪਣੇ ਲੋਕਾਂ ਨਾਲ ਪ੍ਰੇਮ ਹੈ, ਇਸੇ ਕਾਰਣ ਉਸ ਨੇ ਤੈਨੂੰ ਉਨ੍ਹਾਂ ਉੱਤੇ ਰਾਜਾ ਥਾਪਿਆ ਹੈ।” 12 ਹੂਰਾਮ ਨੇ ਇਹ ਵੀ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਜਿਸ ਨੇ ਅਕਾਸ਼ ਤੇ ਧਰਤੀ ਦੀ ਰਚਨਾ ਕੀਤੀ, ਮਹਾਨ ਹੈ। ਉਸ ਨੇ ਦਾਊਦ ਪਾਤਸ਼ਾਹ ਨੂੰ ਇੱਕ ਬਹੁਤ ਹੀ ਬੁੱਧੀਮਾਨ ਅਤੇ ਸਿਆਣਾ ਪੁੱਤਰ ਦਿੱਤਾ ਹੈ, ਤਾਂ ਜੋ ਉਹ ਯਹੋਵਾਹ ਲਈ ਇੱਕ ਮੰਦਰ ਅਤੇ ਆਪਣੇ ਲਈ ਇੱਕ ਮਹਿਲ ਬਣਾ ਸੱਕੇ। 13 ਸੋ ਮੈਂ ਹੁਣ ਇੱਕ ਕੁਸ਼ਲ ਕਾਰੀਗਰ ਜਿਸਦਾ ਨਾਂ ਹੂਰਾਮ ਅਬੀ ਹੈ ਨੂੰ ਭੇਜਾਂਗਾ। 14 ਉਸ ਦੀ ਮਾਂ ਦਾਨ ਦੇ ਪਰਿਵਾਰ ਵਿੱਚੋਂ ਸੀ ਅਤੇ ਉਸ ਦਾ ਪਿਤਾ ਸੂਰ ਦੇ ਸ਼ਹਿਰ ਤੋਂ ਸੀ। ਹੂਰਾਮ ਅਬੀ ਸੋਨੇ, ਚਾਂਦੀ, ਪਿੱਤਲ, ਲੋਹੇ, ਪੱਥਰ ਅਤੇ ਲੱਕੜ ਦਾ ਕੰਮ ਕਰਨ ਵਿੱਚ ਅਤੇ ਨੀਲੇ, ਬੈਂਗਣੀ ਅਤੇ ਨਾਲ ਕੱਪੜੇ ਉੱਪਰ ਕੰਮ ਕਰਨ ਵਿੱਚ ਵੀ ਮਾਹਿਰ ਹੈ। ਉਹ ਹਰ ਕੰਮ ਜੋ ਉਸ ਨੂੰ ਸੋਪਿਆ ਗਿਆ ਹੋਵੇ, ਕਰਨ ਵਿੱਚ ਮਾਹਰ ਹੈ। ਉਹ ਤੇਰੇ ਮਾਹਰ ਕਾਮਿਆਂ ਅਤੇ ਉਨ੍ਹਾਂ ਨਾਲ ਜੋ ਤੇਰੇ ਪਿਤਾ ਦਾਊਦ, ਮੇਰੇ ਸੁਆਮੀ ਦੇ ਨਾਲ ਸਨ, ਕੰਮ ਕਰੇਗਾ।
15 “ਸੋ ਹੁਣ ਕਣਕ ਤੇ ਜੌਂ, ਤੇਲ ਅਤੇ ਦਾਖ ਰਸ ਜਿਸਦਾ ਵੇਰਵਾ ਸ਼੍ਰੀ ਮਾਨ ਜੀ ਤੁਸੀਂ ਦਿੱਤਾ ਹੈ, ਉਹ ਮੇਰੇ ਟਹਿਲੂਆਂ ਨੂੰ ਭੇਜ ਦਿੱਤਾ ਜਾਵੇ। 16 ਅਤੇ ਤੈਨੂੰ ਜਿੰਨੀ ਲੱਕੜ ਲੋੜੀਂਦੀ ਹੈ, ਅਸੀਂ ਲਬਾਨੋਨ ਵਿੱਚੋਂ ਵੱਢਾਂਗੇ ਤੇ ਉਸ ਨੂੰ ਯਾਫ਼ਾ ਵਿੱਚ ਸਾਗਰ ਰਾਹੀਂ ਭੇਜ ਦੇਵਾਂਗੇ ਤੇ ਤੂੰ ਉਸ ਨੂੰ ਯਰੂਸ਼ਲਮ ਤੀਕ ਲੈ ਜਾਵੀਂ।”
17 ਤਦ ਸੁਲੇਮਾਨ ਨੇ ਸਾਰੇ ਪਰਦੇਸੀਆਂ ਦੀ ਗਿਣਤੀ ਕੀਤੀ ਜਿਵੇਂ ਉਸ ਦੇ ਪਿਤਾ ਦਾਊਦ ਨੇ ਉਨ੍ਹਾਂ ਨੂੰ ਗਿਣਿਆ ਸੀ, ਤਾਂ ਉਹ 1,53,600 ਗਿਣਤੀ ਵਿੱਚ ਨਿਕਲੇ। 18 ਸੁਲੇਮਾਨ ਨੇ ਉਨ੍ਹਾਂ ਵਿੱਚੋਂ 70,000 ਨੂੰ ਭਾਰ ਢੋਣ ਲਈ, 80,000 ਨੂੰ ਪਹਾੜ ਦੇ ਪੱਥਰ ਕੱਟਣ ਲਈ ਅਤੇ 3,600 ਨੂੰ ਨਿਗਰਾਨੀ ਲਈ ਤੇ ਕਾਰੀਗਰਾਂ ਦੀ ਦੇਖਭਾਲ ਲਈ ਠਹਿਰਾਇਆ।
ਸੁਲੇਮਾਨ ਦਾ ਮੰਦਰ ਉਸਾਰਨਾ
3 ਤਦ ਸੁਲੇਮਾਨ ਨੇ ਯਰੂਸ਼ਲਮ ਵਿੱਚ ਮੋਰੀਯਾਹ ਪਹਾੜ ਉੱਪਰ ਯਹੋਵਾਹ ਲਈ ਇੱਕ ਮੰਦਰ ਬਨਵਾਉਣਾ ਸ਼ੁਰੂ ਕੀਤਾ, ਜਿੱਥੇ ਆਰਨਾਨ ਯਬੂਸੀ ਦੇ ਪਿੜ ਵਿੱਚ ਉਸ ਦੇ ਪਿਤਾ ਦਾਊਦ ਦੇ ਸਾਹਮਣੇ ਯਹੋਵਾਹ ਪ੍ਰਗਟ ਹੋਇਆ ਸੀ। ਸੋ ਜਿਹੜੀ ਥਾਂ ਦਾਊਦ ਨੇ ਤਿਆਰ ਕਰਵਾਈ ਸੀ, ਸੁਲੇਮਾਨ ਨੇ ਉੱਥੇ ਮੰਦਰ ਬਣਵਾਇਆ। 2 ਸੁਲੇਮਾਨ ਨੇ ਇਹ ਕੰਮ ਆਪਣੀ ਇਸਰਾਏਲ ਦੀ ਪਾਤਸ਼ਾਹੀ ਦੇ 14 ਵੇਂ ਸਾਲ ਦੇ ਦੂਜੇ ਮਹੀਨੇ ਵਿੱਚ ਸ਼ੁਰੂ ਕੀਤਾ।
3 ਸੁਲੇਮਾਨ ਦੁਆਰਾ ਰੱਖੀ ਗਈ ਪਰਮੇਸ਼ੁਰ ਦੇ ਮੰਦਰ ਦੀ ਨੀਂਹ ਦੀ ਗਿਣਤੀ ਹੱਥਾਂ ਦੀਆਂ ਪੁਰਾਣੀਆਂ ਮਿਣਤੀਆਂ ਮੁਤਾਬਕ ਲੰਬਾਈ ਵਿੱਚ 60 ਹੱਥ ਅਤੇ ਚੁੜਾਈ ਵਿੱਚ 20 ਹੱਥ ਸੀ। 4 ਅਤੇ ਡਿਉੜੀ ਜੋ ਭਵਨ ਦੇ ਅੱਗੇ ਬਣਾਈ, ਉਸਦੀ ਲੰਬਾਈ ਮੰਦਰ ਦੀ ਚੌੜਾਈ ਦੇ ਮੁਤਾਬਕ 20 ਹੱਥ ਅਤੇ ਉਚਾਈ ਵਿੱਚ 20 ਹੱਥ ਸੀ ਅਤੇ ਸੁਲੇਮਾਨ ਨੇ ਡਿਓੜੀ ਦੇ ਅੰਦਰਵਾਰ ਸਾਰੀ ਕੁੰਦਨ ਸੋਨੇ ਦੀ ਜੜਤ ਕੀਤੀ। 5 ਸੁਲੇਮਾਨ ਨੇ ਵੱਡੇ ਹਾਲ ਕਮਰੇ ਦੀਆਂ ਦੀਵਾਰਾਂ ਉੱਪਰ ਚੀਲ ਦੀ ਲੱਕੜੀ ਜੜੀ ਅਤੇ ਉੱਪਰ ਸੋਨੇ ਦੀ ਜੜ੍ਹਤ ਕੀਤੀ ਅਤੇ ਉਸ ਮੜ੍ਹਤ ਵਿੱਚ ਕੁੰਦਨ ਸੋਨੇ ਦੀਆਂ ਜੰਜੀਰੀਆਂ ਅਤੇ ਖਜ਼ੂਰ ਦੇ ਦ੍ਰੱਖਤਾਂ ਦੀ ਨਕਾਸ਼ੀ ਕੀਤੀ। 6 ਅਤੇ ਮੰਦਰ ਦੀ ਸੁੰਦਰਤਾ ਵੱਧਾਉਣ ਵਾਸਤੇ ਉਸ ਨੂੰ ਕੀਮਤੀ ਪੱਥਰ ਨਾਲ ਸਜਾਇਆ ਅਤੇ ਉੱਥੇ ਉਸ ਨੇ ਪਰਵਾਇਮ ਦੇ ਸੋਨੇ ਦੀ ਵਰਤੋਂ ਕੀਤੀ। 7 ਸੁਲੇਮਾਨ ਨੇ ਮੰਦਰ ਦੀਆਂ ਸ਼ਤੀਰਾਂ, ਉਸਦੀ ਡਿਉੜੀ ਅਤੇ ਦੀਵਾਰਾਂ ਉੱਪਰ ਅਤੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਦੀਵਾਰਾਂ ਉੱਪਰ ਕਰੂਬੀ ਫ਼ਰਿਸ਼ਤਿਆਂ ਦੀ ਨਕਾਸ਼ੀ ਕੀਤੀ।
8 ਤਦ ਉਸ ਨੇ ਅੱਤ ਪਵਿੱਤਰ ਸਥਾਨ ਨੂੰ ਬਣਵਾਇਆ। ਅੱਤ ਪਵਿੱਤਰ ਸਥਾਨ ਦੀ ਚੌੜਾਈ ਮੰਦਰ ਮੁਤਾਬਕ 20 ਹੱਥ ਅਤੇ 20 ਹੱਥ ਲੰਬੀ ਸੀ, ਜੋ ਕਿ ਮੰਦਰ ਜਿੰਨਾ ਹੀ ਚੌੜਾ ਸੀ ਅਤੇ ਉਸ ਨੇ ਅੱਤ ਪਵਿੱਤਰ ਸਥਾਨ ਦੀਆਂ ਦੀਵਾਰਾਂ ਉੱਪਰ ਕੁੰਦਨ ਸੋਨੇ ਦੀ ਜੜ੍ਹਤ ਕੀਤੀ ਅਤੇ ਇਹ ਸੋਨਾ ਤੋਲ ਵਿੱਚ 20,400 ਕਿੱਲੋ ਦੇ ਕਰੀਬ ਸੀ। 9 ਉਸ ਦੀਆਂ ਇਸਤੇਮਾਲ ਕੀਤੀਆਂ ਹੋਈਆਂ ਸੋਨੇ ਦੀਆਂ ਮੇਖਾਂ ਦਾ ਭਾਰ ਲੱਗਭਗ 1 1/4 ਪੌਂਡ ਸੀ। ਸੁਲੇਮਾਨ ਨੇ ਉੱਪਰਲਿਆਂ ਕਮਰਿਆਂ ਨੂੰ ਸੋਨੇ ਨਾਲ ਮੜ੍ਹਿਆ। 10 ਸੁਲੇਮਾਨ ਨੇ ਦੋ ਕਰੂਬੀ ਫ਼ਰਿਸ਼ਤੇ ਬਣਵਾ ਕੇ ਅੱਤ ਪਵਿੱਤਰ ਅਸਥਾਨ ਉੱਪਰ ਰੱਖੇ ਅਤੇ ਕਾਰੀਗਰਾਂ ਨੇ ਉਨ੍ਹਾਂ ਕਰੂਬੀ ਫ਼ਰਿਸ਼ਤਿਆਂ ਨੂੰ ਸੋਨੇ ਨਾਲ ਜੜ੍ਹਿਆ। 11 ਕਰੂਬੀ ਫਰਿਸਤਿਆਂ ਦੇ ਇੱਕ-ਇੱਕ ਖੰਭ ਦੀ ਲੰਬਾਈ ਪੰਜ ਹੱਥ ਸੀ ਅਤੇ ਕੁੱਲ ਮਿਲਾ ਕੇ ਖੰਭਾਂ ਦੀ ਲੰਬਾਈ 20 ਹੱਥ ਸੀ। ਪਹਿਲੇ ਕਰੂਬੀ ਫ਼ਰਿਸ਼ਤੇ ਦਾ ਇੱਕ ਖੰਭ ਕਮਰੇ ਦੀ ਇੱਕ ਪਾਸੇ ਦੀ ਕੰਧ ਨੂੰ ਛੂੰਹਦਾ ਸੀ ਅਤੇ ਇੱਕ ਖੰਭ ਦੂਜੇ ਕਰੂਬੀ ਫ਼ਰਿਸ਼ਤੇ ਦੇ ਖੰਭ ਨੂੰ ਛੂੰਹਦਾ ਸੀ। 12 ਅਤੇ ਦੂਜਾ ਖੰਭ ਦੂਜੇ ਕਰੂਬੀ ਦਾ ਕਮਰੇ ਦੀ ਕੰਧ ਦੀ ਦੂਜੀ ਦਿਸ਼ਾ ਨੂੰ ਛੂੰਹਦਾ ਸੀ। 13 ਇਉਂ ਉਨ੍ਹਾਂ ਦੋ ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਨੇ ਕੁੱਲ ਵੀਹ ਹੱਥ ਕੰਧ ਨੂੰ ਘੇਰਿਆ ਹੋਇਆ ਸੀ ਅਤੇ ਇਹ ਕਰੂਬੀ ਫਰਿਸ਼ਤੇ ਮੁੱਖ ਕਮਰੇ ਵੱਲ ਨੂੰ ਮੂੰਹ ਕਰਕੇ ਆਪਣੇ ਪੈਰਾਂ ਤੇ ਖਲੋਤੇ ਹੋਏ ਸਨ।
14 ਸੁਲੇਮਾਨ ਨੇ ਨੀਲੇ, ਬੈਂਗਣੀ ਅਤੇ ਕਿਰਮਚੀ ਰੰਗਾਂ ਦਾ ਮਹੀਨ ਕੱਪੜਾ ਲੈ ਕੇ ਪਰਦਾ ਬਣਵਾਇਆ ਅਤੇ ਉਸ ਪਰਦੇ ਉੱਪਰ ਕਰੂਬੀ ਫ਼ਰਿਸ਼ਤਿਆਂ ਦੀ ਕੱਢਾਈ ਕੀਤੀ।
15 ਉਸ ਨੇ ਮੰਦਰ ਦੇ ਅਗਲੇ ਹਿੱਸੇ ਲਈ 35 ਹੱਥ ਦੇ 2 ਥੰਮ ਬਣਵਾਏ ਅਤੇ ਹਰ ਇੱਕ ਦੀ ਚੋਟੀ ਉੱਪਰ ਪੰਜ-ਪੰਜ ਹੱਥ ਜਿੱਡਾ ਮੁਕਟ ਸੀ। 16 ਉਸ ਨੇ ਹਾਰ ਵਰਗੀਆਂ ਜ਼ੰਜੀਰਾਂ ਬਣਵਾਈਆਂ ਜਿਨ੍ਹਾਂ ਨੂੰ ਥੰਮਾਂ ਦੇ ਸਿਰਿਆਂ ਉੱਪਰ ਲਗਾਇਆ। ਅਤੇ 100 ਅਨਾਰ ਬਣਵਾ ਕੇ ਉਨ੍ਹਾਂ ਜੰਜੀਰਾਂ ਵਿੱਚ ਲਟਕਾ ਦਿੱਤਾ। 17 ਫ਼ਿਰ ਸੁਲੇਮਾਨ ਨੇ ਥੰਮਾਂ ਨੂੰ ਮੰਦਰ ਦੇ ਅਗਲੇ ਹਿੱਸੇ ਵਿੱਚ ਇੱਕ ਖੱਬੇ ਦੇ ਦੂਜਾ ਸੱਜੇ ਪਾਸੇ ਰੱਖ ਦਿੱਤਾ। ਉਸ ਨੇ ਸੱਜੇ ਪਾਸੇ ਵਾਲੇ ਥੰਮ ਦਾ ਨਾਂ “ਯਾਕੀਨ” ਅਤੇ ਖੱਬੇ ਪਾਸੇ ਵਾਲੇ ਥੰਮ ਦਾ ਨਾਂ “ਬੋਅਜ਼” ਰੱਖਿਆ।
ਅਯਾਲੀ ਅਤੇ ਉਸਦੀਆਂ ਭੇਡਾਂ
10 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਮਨੁੱਖ ਭੇਡਾਂ ਦੇ ਬਾੜੇ ਵਿੱਚ ਬੂਹੇ ਦੇ ਰਸਤੇ ਦੀ ਬਜਾਏ ਕਿਸੇ ਹੋਰ ਰਸਤੇ ਵੜਦਾ ਹੈ ਉਹ ਭੇਡਾਂ ਚੋਰੀ ਕਰਨ ਆਇਆ ਹੈ। 2 ਪਰ ਉਹ ਮਨੁੱਖ ਜਿਹੜਾ ਫਾਟਕ ਰਾਹੀਂ ਵੜਨ ਵਾਲਾ ਹੈ ਉਹ ਅਯਾਲੀ ਹੈ। 3 ਉਸ ਦੇ ਲਈ ਦਰਬਾਨ ਫ਼ਾਟਕ ਖੋਲ੍ਹ ਦਿੰਦਾ ਹੈ। ਅਤੇ ਭੇਡਾਂ ਉਸਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉਂ ਲੈ-ਲੈ ਕੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ। 4 ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਤਾਂ ਉਹ ਉਨ੍ਹਾਂ ਦੇ ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦਾ ਪਿੱਛਾ ਕਰਦੀਆਂ ਹਨ ਕਿਉਂਕਿ ਉਹ ਉਸਦੀ ਅਵਾਜ਼ ਨੂੰ ਪਛਾਣਦੀਆਂ ਹਨ। 5 ਪਰ ਉਹ ਪਰਾਏ ਮਨੁੱਖ ਦੇ ਮਗਰ ਕਦੇ ਨਹੀਂ ਜਾਣਗੀਆਂ ਸਗੋਂ ਉਹ ਉਸਤੋਂ ਨਠ ਜਾਣਗੀਆਂ ਕਿਉਂਕਿ ਉਹ ਪਰਾਇਆਂ ਦੀ ਅਵਾਜ਼ ਨੂੰ ਨਹੀਂ ਪਛਾਣਦੀਆਂ।”
6 ਭਾਵੇਂ ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਤਾਂਤ ਸਮਝਾਇਆ ਪਰ ਉਹ ਇਸਦਾ ਅਰਥ ਨਾ ਸਮਝ ਸੱਕੇ।
ਯਿਸੂ ਚੰਗਾ ਅਯਾਲੀ ਹੈ
7 ਤਾਂ ਯਿਸੂ ਨੇ, ਦੁਬਾਰਾ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਭੇਡਾਂ ਲਈ ਦੁਆਰ ਮੈਂ ਹਾਂ। 8 ਕਿਉਂ ਕਿ ਜਿਹੜੇ ਮੈਥੋਂ ਪਹਿਲਾਂ ਆਏ ਉਹ ਚੋਰ ਜਾਂ ਡਾਕੂ ਸਨ, ਭੇਡਾਂ ਨੇ ਉਨ੍ਹਾਂ ਨੂੰ ਨਹੀਂ ਸੁਣਿਆ। 9 ਮੈਂ ਬੂਹਾ ਹਾਂ, ਜਿਹੜਾ ਮਨੁੱਖ ਮੇਰੇ ਰਾਹੀਂ ਪ੍ਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆਇਆ-ਜਾਇਆ ਕਰੇਗਾ ਅਤੇ ਉਸ ਨੂੰ ਜੋ ਚਾਹੀਦਾ ਹੈ ਲੱਭ ਜਾਵੇਗਾ। 10 ਚੋਰ ਚੋਰੀ, ਮਾਰਨ ਅਤੇ ਨਸ਼ਟ ਕਰਨ ਲਈ ਦਾਖਲ ਹੁੰਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਇੱਕ ਚੋਖਾ ਜੀਵਨ।
11 “ਮੈਂ ਚੰਗਾ ਆਜੜੀ ਹਾਂ। ਇੱਕ ਚੰਗਾ ਆਜੜੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ। 12 ਇੱਕ ਭਾੜੇ ਦਾ ਮਜ਼ਦੂਰ ਆਜੜੀ ਨਹੀਂ ਹੈ। ਉਹ ਭੇਡਾਂ ਦਾ ਮਾਲਕ ਨਹੀਂ ਹੈ। ਇਸ ਲਈ ਜਿਉਂ ਹੀ ਉਹ ਬਘਿਆੜ ਨੂੰ ਆਉਂਦਿਆਂ ਵੇਖਦਾ, ਉਹ ਨਠ ਜਾਂਦਾ ਹੈ। ਬਘਿਆੜ ਉਨ੍ਹਾਂ ਭੇਡਾਂ ਤੇ ਹਮਲਾ ਕਰਦਾ ਅਤੇ ਉਨ੍ਹਾਂ ਨੂੰ ਖਿੰਡਾ ਦਿੰਦਾ ਹੈ। 13 ਮਜ਼ਦੂਰ ਨੱਠ ਜਾਂਦਾ ਹੈ ਕਿਉਂ ਕਿ ਉਹ ਸਿਰਫ਼ ਤਨਖਾਹ ਲਈ ਕੰਮ ਕਰਦਾ ਹੈ ਅਤੇ ਭੇਡਾਂ ਦਾ ਖਿਆਲ ਨਹੀਂ ਰੱਖਦਾ।
14-15 “ਮੈਂ ਚੰਗਾ ਆਜੜੀ ਹਾਂ, ਜੋ ਭੇਡਾਂ ਦਾ ਧਿਆਨ ਰੱਖਦਾ ਹਾਂ। ਉਵੇਂ ਹੀ ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਜਿਵੇਂ ਮੈਂ ਪਿਤਾ ਨੂੰ ਜਾਣਦਾ ਹਾਂ, ਮੇਰੀਆਂ ਭੇਡਾਂ ਵੀ ਮੈਨੂੰ ਜਾਣਦੀਆਂ ਹਨ। ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਕੁਰਬਾਨ ਕਰਦਾ ਹਾਂ। 16 ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਇੱਜੜ ਵਿੱਚ ਨਹੀਂ ਹਨ। ਮੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕ ਇੱਜੜ ਅਤੇ ਇੱਕੋ ਆਜੜੀ ਹੋਵੇਗਾ। 17 ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ, ਤਾਂ ਜੋ ਮੈਂ ਇਸ ਨੂੰ ਫ਼ੇਰ ਤੋਂ ਵਾਪਸ ਲੈ ਸੱਕਾਂ। ਕੋਈ ਮਨੁੱਖ ਮੇਰੀ ਜ਼ਿੰਦਗੀ ਮੇਰੇ ਤੋਂ ਨਹੀਂ ਖੋਂਹਦਾ ਪਰ ਮੈਂ ਇਸ ਨੂੰ ਆਪੇ ਹੀ ਗੁਆ ਦਿੰਦਾ ਹਾਂ। 18 ਮੈਨੂੰ ਆਪਣਾ ਜੀਵਨ ਦੇਣ ਦਾ ਅਤੇ ਇਸ ਨੂੰ ਫ਼ੇਰ ਵਾਪਸ ਲੈਣ ਦਾ ਅਧਿਕਾਰ ਹੈ। ਮੇਰੇ ਪਿਤਾ ਨੇ ਮੈਨੂੰ ਇਹ ਹੁਕਮ ਦਿੱਤਾ ਹੈ।”
19 ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ, ਇੱਕ ਵਾਰ ਫ਼ੇਰ ਸੁਨਣ ਤੋਂ ਬਾਦ, ਯਹੂਦੀਆਂ ਦਾ ਆਪਸ ਵਿੱਚ ਮਤਭੇਦ ਹੋ ਗਿਆ। 20 ਬਹੁਤਿਆਂ ਨੇ ਆਖਿਆ, “ਇਸ ਦੇ ਅੰਦਰ ਭੂਤ ਹੈ ਇਸ ਲਈ ਇਹ ਇੱਕ ਪਾਗਲ ਆਦਮੀ ਵਾਂਗ ਬੋਲ ਰਿਹਾ ਹੈ। ਤੁਸੀਂ ਇਸ ਨੂੰ ਕਿਉਂ ਸੁਣ ਰਹੇ ਹੋ?”
21 ਪਰ ਦੂਜਿਆਂ ਨੇ ਆਖਿਆ, “ਜਿਸ ਆਦਮੀ ਵਿੱਚ ਭੂਤ ਹੋਵੇ ਉਹ ਇਸ ਤਰ੍ਹਾਂ ਨਹੀਂ ਬੋਲ ਸੱਕਦਾ। ਕੀ ਕੋਈ ਭੂਤ ਕਿਸੇ ਅੰਨ੍ਹੇ ਨੂੰ ਦ੍ਰਿਸ਼ਟੀ ਦੇ ਸੱਕਦਾ ਹੈ? ਨਹੀਂ!”
ਯਹੂਦੀਆਂ ਦਾ ਯਿਸੂ ਦੇ ਵਿਰੁੱਧ ਹੋਣਾ
22 ਇਹ ਸਰਦੀ ਦੀ ਰੁੱਤ ਸੀ ਅਤੇ ਪ੍ਰਤਿਸ਼ਠਾ ਦੇ ਤਿਉਹਾਰ [a] ਦਾ ਸਮਾਂ ਆਇਆ। 23 ਯਿਸੂ ਮੰਦਰ ਵਿੱਚ ਸੁਲੇਮਾਨ ਦੀ ਡਿਉਢੀ ਤੇ ਟਹਿਲ ਰਿਹਾ ਸੀ।
2010 by World Bible Translation Center