Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
2 ਰਾਜਿਆਂ 4-6

ਇੱਕ ਨਬੀ ਦੀ ਵਿਧਵਾ ਵੱਲੋਂ ਅਲੀਸ਼ਾ ਤੋਂ ਮਦਦ ਮੰਗਣਾ

ਨਬੀਆਂ ਦੇ ਟੋਲੇ ਵਿੱਚ ਇੱਕ ਨਬੀ ਦੀ ਬੀਵੀ ਸੀ ਜਿਸਦੇ ਪਤੀ ਦੀ ਮੌਤ ਹੋ ਗਈ। ਉਸਦੀ ਪਤਨੀ ਅਲੀਸ਼ਾ ਅੱਗੇ ਜਾਕੇ ਪਿੱਟੀ, “ਮੇਰਾ ਪਤੀ ਤੇਰੇ ਸੇਵਕਾਂ ਵਰਗਾ ਸੀ। ਹੁਣ ਉਸਦੀ ਮੌਤ ਹੋ ਗਈ ਹੈ। ਤੈਨੂੰ ਪਤਾ ਹੈ ਕਿ ਉਹ ਯਹੋਵਾਹ ਦਾ ਭੈ ਮੰਨਦਾ ਹੈ। ਉਸ ਨੇ ਇੱਕ ਆਦਮੀ ਤੋਂ ਉਧਾਰ ਲਿਆ ਸੀ ਤੇ ਹੁਣ ਲੈਣਦਾਰ ਮੇਰੇ ਦੋ ਪੁੱਤਰਾਂ ਨੂੰ ਆਪਣੇ ਗੁਲਾਮ ਬਨਾਉਣ ਲਈ ਲੈਣ ਆ ਰਿਹਾ ਹੈ।”

ਅਲੀਸ਼ਾ ਨੇ ਆਖਿਆ, “ਮੈਂ ਤੇਰੀ ਮਦਦ ਕਿਵੇਂ ਕਰ ਸੱਕਦਾ ਹਾਂ? ਮੈਨੂੰ ਦੱਸ ਕਿ ਤੇਰੇ ਘਰ ਵਿੱਚ ਤੇਰੇ ਕੋਲ ਕੀ ਹੈ?”

ਉਸ ਔਰਤ ਨੇ ਕਿਹਾ, “ਮੇਰੇ ਕੋਲ ਘਰ ਵਿੱਚ ਕੁਝ ਵੀ ਨਹੀਂ ਹੈ, ਮੇਰੇ ਕੋਲ ਸਿਰਫ਼ ਜੈਤੂਨ ਦੇ ਤੇਲ ਦਾ ਇੱਕ ਮਰਤਬਾਨ ਹੈ।”

ਤਦ ਅਲੀਸ਼ਾ ਨੇ ਕਿਹਾ, “ਤੂੰ ਜਾਹ ਤੇ ਜਾਕੇ ਆਪਣੇ ਸਾਰੇ ਗੁਆਂਢੀਆਂ ਕੋਲੋਂ ਖਾਲੀ ਭਾਂਡੇ ਮੰਗ ਲਿਆ। ਉਹ ਵੀ ਖਾਲੀ ਹੀ ਹੋਣ। ਤੂੰ ਕਾਫ਼ੀ ਸਾਰੇ ਭਾਂਡੇ ਇਕੱਠੇ ਕਰ ਲੈ। ਫ਼ਿਰ ਆਪਣੇ ਘਰ ਜਾਕੇ ਆਪਣਾ ਦਰਵਾਜ਼ਾ ਅੰਦਰੋਂ ਬੰਦ ਕਰ ਲਵੀਂ। ਸਿਰਫ਼ ਤੂੰ ਤੇ ਤੇਰੇ ਪੁੱਤਰ ਹੀ ਘਰ ਵਿੱਚ ਰਹਿਣ ਤੇ ਫ਼ਿਰ ਉਹ ਤੇਲ ਸਾਰੇ ਭਾਂਡਿਆਂ ਵਿੱਚ ਪਾ ਦੇਵੀਂ। ਉਨ੍ਹਾਂ ਭਾਂਡਿਆਂ ਨੂੰ ਤੇਲ ਨਾਲ ਭਰਕੇ ਇੱਕ ਪਾਸੇ ਰੱਖ ਦੇਵੀਂ।”

ਤਾਂ ਉਹ ਔਰਤ ਅਲੀਸ਼ਾ ਨਾਲ ਗੱਲ ਕਰਕੇ ਆਪਣੇ ਘਰ ਗਈ ਅਤੇ ਅੰਦਰ ਜਾਕੇ ਦਰਵਾਜ਼ਾ ਬੰਦ ਕਰ ਲਿਆ। ਉਸ ਦੇ ਪੁੱਤਰਾਂ ਨੇ ਭਾਂਡੇ ਲਿਆਂਦੇ ਅਤੇ ਉਸ ਨੇ ਉਨ੍ਹਾਂ ਵਿੱਚ ਤੇਲ ਭਰਿਆ। ਉਸ ਨੇ ਬਹੁਤ ਸਾਰੇ ਭਾਂਡੇ ਭਰ ਲਏ। ਅਖੀਰ ਵਿੱਚ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਮੈਨੂੰ ਹੋਰ ਭਾਂਡਾ ਲਿਆਕੇ ਦੇ।”

ਪਰ ਸਾਰੇ ਭਾਂਡੇ ਭਰ ਚੁੱਕੇ ਸਨ। ਉਸ ਦੇ ਪੁੱਤਰਾਂ ਵਿੱਚੋਂ ਇੱਕ ਨੇ ਕਿਹਾ, “ਹੋਰ ਭਾਂਡੇ ਨਹੀਂ ਹੈਗੇ।” ਤਾਂ ਉਸ ਵਕਤ ਮਰਤਬਾਨ ਵਾਲਾ ਤੇਲ ਖਤਮ ਹੋ ਗਿਆ।

ਤਦ ਉਹ ਔਰਤ ਪਰਮੇਸ਼ੁਰ ਦੇ ਮਨੁੱਖ ਕੋਲ ਆਈ ਅਤੇ ਆਕੇ ਉਸ ਨੂੰ (ਅਲੀਸ਼ਾ) ਸਾਰਾ ਹਾਲ ਦੱਸਿਆ ਕਿ ਕੀ ਵਾਪਰਿਆ ਹੈ। ਤਾਂ ਅਲੀਸ਼ਾ ਨੇ ਉਸ ਨੂੰ ਕਿਹਾ, “ਜਾ, ਹੁਣ ਜਾਕੇ ਇਹ ਤੇਲ ਵੇਚ ਅਤੇ ਆਪਣਾ ਉਧਾਰ ਉਤਾਰ। ਇਹ ਤੇਲ ਵਿਕਣ ਤੋਂ ਬਾਅਦ ਤੇਰਾ ਉਧਾਰ ਵੀ ਲੱਥ ਜਾਵੇਗਾ ਤੇ ਬਾਕੀ ਜੋ ਪੈਸੇ ਬਚਣਗੇ ਉਸ ਨਾਲ ਤੇਰਾ ਤੇ ਤੇਰੇ ਪੁੱਤਰਾਂ ਦਾ ਗੁਜ਼ਾਰਾ ਹੋ ਜਾਵੇਗਾ।”

ਸ਼ੂਨੇਮ ਦੀ ਇੱਕ ਔਰਤ ਦਾ ਅਲੀਸ਼ਾ ਨੂੰ ਕਮਰਾ ਦੇਣਾ

ਇੱਕ ਦਿਨ ਅਲੀਸ਼ਾ ਸ਼ੂਨੇਮ ਵੱਲੋਂ ਦੀ ਲੰਘਿਆ। ਉੱਥੇ ਇੱਕ ਮਹੱਤਵਪੂਰਣ ਔਰਤ ਰਹਿੰਦੀ ਸੀ ਜਿਸਨੇ ਅਲੀਸ਼ਾ ਨੂੰ ਰਾਤ ਉੱਥੇ ਠਹਿਰਨ ਤੇ ਆਪਣੇ ਘਰ ਭੋਜਨ ਕਰਨ ਲਈ ਆਖਿਆ। ਤਾਂ ਫ਼ਿਰ ਜਦੋਂ ਵੀ ਅਲੀਸ਼ਾ ਉਸ ਰਾਹ ਤੋਂ ਦੀ ਲੰਘਦਾ ਰੋਟੀ ਖਾਣ ਲਈ ਉਹ ਉਸ ਘਰੇ ਰੁਕ ਜਾਂਦਾ।

ਉਸ ਔਰਤ ਨੇ ਆਪਣੇ ਪਤੀ ਨੂੰ ਕਿਹਾ, “ਵੇਖੋ! ਉਹ ਮਨੁੱਖ ਜਿਸਦਾ ਨਾਂ ਅਲੀਸ਼ਾ ਹੈ, ਜੋ ਕਿ ਅਕਸਰ ਇਸ ਰਾਹ ਤੋਂ ਦੀ ਲੰਘਦਾ ਹੈ, ਪਰਮੇਸ਼ੁਰ ਦਾ ਕੋਈ ਪਵਿੱਤਰ ਮਨੁੱਖ ਹੈ। 10 ਆਪਾਂ ਛੱਤ ਉੱਪਰ ਉਸ ਲਈ ਇੱਕ ਕਮਰਾ ਪਾ ਦੇਈਏ ਅਤੇ ਉਸ ਦੇ ਕਮਰੇ ਵਿੱਚ ਇੱਕ ਮੰਜਾ, ਇੱਕ ਮੇਜ ਤੇ ਕੁਰਸੀ ਅਤੇ ਇੱਕ ਲਾਲਟੇਨ ਰੱਖ ਦੇਈਏ। ਇਉਂ ਫ਼ਿਰ ਉਹ ਜਦੋਂ ਕਦੇ ਵੀ ਇਸ ਰਾਹ ਤੋਂ ਦੀ ਜਾਵੇਗਾ, ਉਹ ਇਸ ਕਮਰੇ ਦੀ ਵਰਤੋਂ ਕਰ ਸੱਕਦਾ ਹੈ।”

11 ਇੱਕ ਦਿਨ ਅਲੀਸ਼ਾ ਉਸ ਔਰਤ ਦੇ ਘਰ ਗਿਆ ਅਤੇ ਉਸ ਕਮਰੇ ਵਿੱਚ ਥੋੜੀ ਦੇਰ ਰੁਕ ਕੇ ਉਸ ਨੇ ਅਰਾਮ ਕੀਤਾ। 12 ਤਦ ਅਲੀਸ਼ਾ ਨੇ ਆਪਣੇ ਸੇਵਕ ਗੇਹਾਜ਼ੀ ਨੂੰ ਆਖਿਆ, “ਇਸ ਸ਼ੂਨੰਮੀ ਔਰਤ ਨੂੰ ਸੱਦ ਕੇ ਲਿਆ।”

ਸੇਵਕ ਨੇ ਉਸ ਸ਼ੂਨੰਮੀ ਔਰਤ ਨੂੰ ਸੱਦਿਆ ਤਾਂ ਉਹ ਅਲੀਸ਼ਾ ਦੇ ਸਾਹਮਣੇ ਆਕੇ ਖੜੋ ਗਈ। 13 ਅਲੀਸ਼ਾ ਨੇ ਆਪਣੇ ਸੇਵਕ ਨੂੰ ਕਿਹਾ, “ਇਸ ਔਰਤ ਨੂੰ ਆਖ ਕਿ, ‘ਤੂੰ ਆਪਣੇ ਵੱਲੋਂ ਸਾਡੀ ਪੂਰੀ ਆਓ-ਭਗਤੀ ਕੀਤੀ ਹੈ ਸੋ ਦੱਸ ਹੁਣ ਅਸੀਂ ਤੇਰੇ ਲਈ ਕੀ ਕਰੀਏ? ਕੀ ਅਸੀਂ ਪਾਤਸ਼ਾਹ ਨਾਲ ਜਾਂ ਸੈਨਾਪਤੀ ਨਾਲ ਤੇਰੇ ਲਈ ਗੱਲ ਕਰੀਏ?’”

ਉਹ ਔਰਤ ਬੋਲੀ, “ਮੈਂ ਤਾਂ ਇੱਥੇ ਆਪਣੇ ਲੋਕਾਂ ਵਿੱਚਕਾਰ ਹੱਸਦੀ ਵੱਸਦੀ ਹਾਂ।”

14 ਤਾਂ ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, “ਤਾਂ ਫ਼ਿਰ ਇਸ ਲਈ ਕੀ ਕੀਤਾ ਜਾਵੇ?”

ਗੇਹਾਜੀ ਨੇ ਆਖਿਆ, “ਮੈਂ ਜਾਣਦਾ ਹਾਂ ਕਿ ਇਸ ਔਰਤ ਦਾ ਕੋਈ ਪੁੱਤਰ ਨਹੀਂ ਹੈ ਤੇ ਇਸਦਾ ਪਤੀ ਕਾਫ਼ੀ ਬਿਰਧ ਹੋ ਚੁੱਕਾ ਹੈ।”

15 ਤਦ ਅਲੀਸ਼ਾ ਨੇ ਕਿਹਾ, “ਉਸ ਨੂੰ ਇੱਥੇ ਬੁਲਾ।”

ਤਾਂ ਗੇਹਾਜੀ ਨੇ ਉਸ ਔਰਤ ਨੂੰ ਬੁਲਾਇਆ ਤਾਂ ਉਹ ਆਕੇ ਉਸ ਦੇ ਦਰਵਾਜ਼ੇ ਕੋਲ ਖੜੋ ਗਈ। 16 ਅਲੀਸ਼ਾ ਨੇ ਉਸ ਨੂੰ ਕਿਹਾ, “ਇਸੇ ਰੁੱਤ ਬਸੰਤ ਦੇ ਦਿਨਾਂ ਦੇ ਕੋਲ ਤੇਰੀ ਆਪਣੀ ਗੋਦ ਵਿੱਚ ਪੁੱਤਰ ਹੋਵੇਗਾ ਜਿਸ ਨਾਲ ਤੂੰ ਕਲੋਲ ਕਰੇਗੀ।”

ਉਹ ਬੋਲੀ, “ਨਹੀਂ ਮੇਰੇ ਸੁਆਮੀ, ਪਰਮੇਸ਼ੁਰ ਦੇ ਮਨੁੱਖ ਆਪਣੀ ਟਹਿਲਣ ਨਾਲ ਝੂਠ ਨਾ ਬੋਲ।”

ਸ਼ੂਨੇਮ ਦੀ ਔਰਤ ਕੋਲ ਪੁੱਤਰ ਦਾ ਹੋਣਾ

17 ਪਰ ਉਹ ਔਰਤ ਗਰਭਵਤੀ ਹੋਈ ਤੇ ਉਸੇ ਬਸੰਤ ਦੇ ਮੌਸਮ ਉਸ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਿਵੇਂ ਕਿ ਅਲੀਸ਼ਾ ਦਾ ਵਾਕ ਸੀ।

18 ਕੁਝ ਦੇਰ ਬਾਅਦ ਬੱਚਾ ਵੱਡਾ ਹੋਇਆ। ਇੱਕ ਦਿਨ ਉਹ ਬਾਲਕ ਆਪਣੇ ਪਿਓ ਨੂੰ ਤੇ ਵਾਢਿਆ ਨੂੰ ਵੇਖਣ ਖੇਤਾਂ ਵਿੱਚ ਚੱਲਾ ਗਿਆ। 19 ਉਸ ਬਾਲਕ ਨੇ ਆਪਣੇ ਪਿਓ ਨੂੰ ਕਿਹਾ, “ਹਾਏ! ਮੇਰਾ ਸਿਰ! ਹਾਏ ਮੇਰਾ ਸਿਰ ਦੁੱਖਦਾ ਹੈ।”

ਪਿਤਾ ਨੇ ਆਪਣੇ ਟਹਿਲੂਏ ਨੂੰ ਕਿਹਾ, “ਜਾ, ਇਸ ਨੂੰ ਇਸਦੀ ਮਾਂ ਕੋਲ ਛੱਡ ਆ।”

20 ਸੇਵਕ ਉਸ ਬਾਲ ਨੂੰ ਉਸਦੀ ਮਾਂ ਕੋਲ ਛੱਡ ਆਇਆ। ਦੁਪਿਹਰ ਤੱਕ ਬਾਲਕ ਆਪਣੀ ਮਾਂ ਦੀ ਗੋਦ ਵਿੱਚ ਲੇਟਿਆ ਰਿਹਾ ਤੇ ਫਿਰ ਉਹ ਮਰ ਗਿਆ।

ਔਰਤ ਦਾ ਅਲੀਸ਼ਾ ਕੋਲ ਜਾਣਾ

21 ਉਸ ਔਰਤ ਨੇ ਮੋਏ ਹੋਏ ਬਾਲਕ ਨੂੰ ਅਲੀਸ਼ਾ ਦੇ ਮੰਜੇ ਉੱਪਰ ਪਾ ਦਿੱਤਾ। ਉਸ ਨੇ ਉਹ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪ ਬਾਹਰ ਚਲੀ ਗਈ। 22 ਉਸ ਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਆਖਿਆ, “ਕਿਰਪਾ ਕਰਕੇ ਮੈਨੂੰ ਇੱਕ ਸੇਵਕ ਤੇ ਇੱਕ ਗਧਾ ਦੇ ਤਾਂ ਜੋ ਮੈਂ ਛੇਤੀ ਨਾਲ ਪਰਮੇਸ਼ੁਰ ਦੇ ਮਨੁੱਖ ਕੋਲ ਜਾਵਾਂ ਤੇ ਮੁੜ ਜਲਦੀ ਹੀ ਪਰਤ ਆਵਾਂ।”

23 ਉਸ ਔਰਤ ਦੇ ਪਤੀ ਨੇ ਕਿਹਾ, “ਤੂੰ ਅੱਜ ਹੀ ਪਰਮੇਸ਼ੁਰ ਦੇ ਮਨੁੱਖ ਕੋਲ ਕਿਉਂ ਜਾਣਾ ਚਾਹੁੰਦੀ ਹੈਂ? ਨਾ ਤਾਂ ਅੱਜ ਨਵਾਂ ਚੰਦ ਹੈ ਤੇ ਨਾ ਹੀ ਸਬਤ ਦਾ ਦਿਨ?”

ਉਸ ਨੇ ਕਿਹਾ, “ਫ਼ਿਕਰ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ।”

24 ਤਦ ਉਸ ਨੇ ਗਧੇ ਉੱਪਰ ਕਾਠੀ ਪਾਈ ਅਤੇ ਆਪਣੇ ਸੇਵਕ ਨੂੰ ਆਖਿਆ, “ਜਲਦੀ ਕਰ, ਤੇ ਚੱਲੀਏ। ਜਦੋਂ ਤੀਕ ਮੈਂ ਤੈਨੂੰ ਨਾ ਆਖਾਂ ਪਸ਼ੂ ਨੂੰ ਹੌਲੀ ਨਾ ਕਰੀਂ।”

25 ਤਦ ਉਹ ਔਰਤ ਕਰਮਲ ਦੇ ਪਰਬਤ ਤੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਕੋਲ ਗਈ।

ਜਦੋਂ ਪਰਮੇਸ਼ੁਰ ਦੇ ਮਨੁੱਖ ਨੇ ਉਸ ਔਰਤ ਨੂੰ ਦੂਰੋ ਆਉਂਦਿਆਂ ਵੇਖਿਆ ਤਾਂ ਉਸ ਨੇ ਆਪਣੇ ਸੇਵਕ ਗੇਹਾਜੀ ਨੂੰ ਕਿਹਾ, “ਵੇਖ! ਉਹ ਸ਼ੂਨੰਮੀ ਔਰਤ ਹੈ। 26 ਤੂੰ ਹੁਣ ਭੱਜ ਕੇ ਉਸ ਨੂੰ ਮਿਲ ਤੇ ਉਸ ਨੂੰ ਪੁੱਛ ਕਿ ਕੀ ਉਹ ਠੀਕ ਰਾਜੀ-ਖੁਸ਼ੀ ਤਾਂ ਹੈ? ਕੀ ਉਸਦਾ ਪਤੀ ਠੀਕ ਹੈ? ਕੀ ਉਸਦਾ ਬੱਚਾ ਰਾਜੀ ਹੈ?”

ਗੇਹਾਜੀ ਨੇ ਇਹ ਸਭ ਗੱਲਾਂ ਜਾਕੇ ਉਸ ਔਰਤ ਨੂੰ ਕਹੀਆਂ ਉਸ ਔਰਤ ਨੇ ਕਿਹਾ, “ਸਭ ਸੁੱਖ-ਸਾਂਦ ਹੈ।”

27 ਪਰ ਜਦੋਂ ਉਹ ਪਰਮੇਸ਼ੁਰ ਦੇ ਮਨੁੱਖ ਕੋਲ ਪਰਬਤ ਉੱਤੇ ਆਈ ਤਾਂ ਉਸ ਨੇ ਉਸ ਦੇ ਪੈਰ ਫ਼ੜ ਲਏ ਅਤੇ ਗੇਹਾਜੀ ਉਸ ਨੂੰ ਪਰੇ ਹਟਾਉਣ ਲਈ ਨੇੜੇ ਆਇਆ, ਪਰ ਪਰਮੇਸ਼ੁਰ ਦੇ ਮਨੁੱਖ ਨੇ ਆਖਿਆ, “ਉਸ ਨੂੰ ਰਹਿਣ ਦੇ, ਮਨ੍ਹਾ ਨਾ ਕਰ ਕਿਉਂ ਜੋ ਉਸਦਾ ਮਨ ਭਰਿਆ ਹੋਇਆ ਹੈ ਅਤੇ ਯਹੋਵਾਹ ਨੇ ਮੇਰੇ ਤੋਂ ਇਹ ਖਬਰ ਛੁਪਾਈ ਹੈ ਤੇ ਮੈਨੂੰ ਦੱਸਿਆ ਨਹੀਂ।”

28 ਤਦ ਸ਼ੂਨੰਮੀ ਔਰਤ ਨੇ ਕਿਹਾ, “ਹੇ ਸੁਆਮੀ! ਮੈਂ ਤਾਂ ਕਦੇ ਪੁੱਤਰ ਦਾ ਵਰ ਤੁਹਾਡੇ ਤੋਂ ਨਹੀਂ ਸੀ ਮੰਗਿਆ। ਮੈਂ ਪਹਿਲਾਂ ਵੀ ਆਖਿਆ ਸੀ, ‘ਮੈਨੂੰ ਗੁਮਰਾਹ ਨਾ ਕਰੋ।’”

29 ਤਦ ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, “ਤਿਆਰ ਹੋ, ਮੇਰੀ ਲਾਠੀ ਆਪਣੇ ਹੱਥ ਵਿੱਚ ਫ਼ੜ ਕੇ ਜਾਹ। ਰਾਹ ’ਚ ਕਿਸੇ ਵਿਅਕਤੀ ਨਾਲ ਗੱਲ ਕਰਨ ਲਈ ਨਾ ਰੁਕੀ ਜੇਕਰ ਰਾਹ ’ਚ ਕੋਈ ਸ਼ੁਭਕਾਮਨਵਾਂ ਦੇਵੇ, ਤਾਂ ਉਸ ਨੂੰ ਸ਼ੁਭਕਾਮਨਵਾਂ ਨਾ ਦੇਵੀਂ। ਫੇਰ ਮੇਰੀ ਸੋਟੀ ਬੱਚੇ ਦੇ ਮੂੰਹ ਉੱਤੇ ਪਾ ਦੇਵੀ ਜੇਕਰ ਰਾਹ ਵਿੱਚ ਤੈਨੂੰ ਕੋਈ ਕੁਝ ਪੁੱਛੇ ਉਸ ਨੂੰ ਉੱਤਰ ਨਾ ਦੇਵੀਂ।”

30 ਪਰ ਬੱਚੇ ਦੀ ਮਾਂ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਅਤੇ ਤੇਰੀ ਸੌਂਹ ਕਿ ਮੈਂ ਤੈਨੂੰ ਨਹੀਂ ਛੱਡਾਂਗੀ।”

ਤਾਂ ਅਲੀਸ਼ਾ ਉੱਥੋਂ ਉੱਠ ਕੇ ਉਸ ਦੇ ਮਗਰ ਤੁਰ ਪਿਆ।

31 ਗੇਹਾਜੀ ਅਲੀਸ਼ਾ ਤੋਂ ਪਹਿਲਾਂ ਪਹੁੰਚ ਗਿਆ, ਉਸ ਨੇ ਬੱਚੇ ਦੇ ਮੂੰਹ ਤੇ ਸੋਟੀ ਰਖੀ ਪਰ ਨਾ ਕੋਈ ਆਵਾਜ਼ ਸੀ ਨਾ ਬੱਚੇ ਨੂੰ ਕੋਈ ਸੁਰਤ ਸੀ। ਇਸ ਲਈ ਉਹ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸ ਨੂੰ ਦੱਸਿਆ, “ਬੱਚਾ ਨਹੀਂ ਜਾਗਿਆ।”

ਸ਼ੂਨੰਮੀ ਔਰਤ ਦੇ ਬੱਚੇ ਦੇ ਪ੍ਰਾਣ ਵਾਪਸ ਆਉਣੇ

32 ਜਦ ਅਲੀਸ਼ਾ ਘਰ ਵਿੱਚ ਆਇਆ ਤਾਂ ਉਸ ਨੇ ਵੇਖਿਆ ਕਿ ਮੋਇਆ ਹੋਇਆ ਬਾਲਕ ਉਸ ਦੇ ਮੰਜੇ ਤੇ ਪਿਆ ਹੋਇਆ ਸੀ। 33 ਅਲੀਸ਼ਾ ਕਮਰੇ ਅੰਦਰ ਗਿਆ ਅਤੇ ਅੰਦਰੋਂ ਉਸ ਨੇ ਦਰਵਾਜ਼ਾ ਬੰਦ ਕਰ ਲਿਆ। ਹੁਣ ਉਹ ਬਾਲਕ ਤੇ ਅਲੀਸ਼ਾ ਕਮਰੇ ਵਿੱਚ ਇੱਕਲੇ ਸਨ ਤਦ ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 34 ਤਦ ਉਹ ਮੰਜੇ ਉੱਪਰ ਚੜ੍ਹ ਕੇ ਬਾਲਕ ਉੱਪਰ ਲੇਟ ਗਿਆ ਅਤੇ ਉਸ ਨੇ ਆਪਣਾ ਮੂੰਹ ਬਾਲਕ ਦੇ ਮੂੰਹ ਉੱਪਰ, ਆਪਣੀਆਂ ਅੱਖੀਆਂ ਉਸ ਦੀਆਂ ਅੱਖੀਆਂ ਉੱਪਰ ਅਤੇ ਆਪਣੇ ਹੱਥ ਉਸ ਦੇ ਹੱਥਾਂ ਉੱਪਰ ਰੱਖੇ ਤੇ ਉਸ ਬੱਚੇ ਦੇ ਸ਼ਰੀਰ ਉੱਪਰ ਪੱਸਰ ਕੇ ਉਸ ਦੇ ਸ਼ਰੀਰ ਨੂੰ ਨਿੱਘ ਦਿੱਤਾ ਤਾਂ ਬੱਚੇ ਦਾ ਸ਼ਰੀਰ ਨਿੱਘਾ ਹੋ ਗਿਆ।

35 ਫ਼ੇਰ ਅਲੀਸ਼ਾ ਉੱਥੋਂ ਹਟ ਕੇ ਕਮਰੇ ਵਿੱਚ ਇੱਧਰ ਉੱਧਰ ਟਹਿਲਣ ਲੱਗਾ ਫ਼ਿਰ ਉਹ ਵਾਪਸ ਜਾਕੇ ਬਾਲਕ ਦੇ ਸ਼ਰੀਰ ਉੱਪਰ ਲੇਟ ਗਿਆ ਅਤੇ ਫ਼ੇਰ ਬੱਚੇ ਨੇ ਸੱਤ ਵਾਰੀ ਛਿਕਿਆ ਅਤੇ ਉਸ ਆਪਣੀਆਂ ਅੱਖਾਂ ਖੋਲ੍ਹ ਦਿੱਤੀਆਂ।

36 ਤਦ ਅਲੀਸ਼ਾ ਨੇ ਗੇਹਾਜੀ ਨੂੰ ਬੁਲਾਇਆ ਅਤੇ ਕਿਹਾ, “ਜਾ, ਉਸ ਸ਼ੂਨੰਮੀ ਨੂੰ ਸੱਦ ਕੇ ਲਿਆ।”

ਗੇਹਾਜੀ ਉਸ ਨੂੰ ਸੱਦ ਲਿਆਇਆ, ਤਾਂ ਉਹ ਅਲੀਸ਼ਾ ਕੋਲ ਆਈ। ਫੇਰ ਅਲੀਸ਼ਾ ਨੇ ਉਸ ਨੂੰ ਕਿਹਾ, “ਹੁਣ ਤੂੰ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਸੱਕਦੀ ਹੈ।”

37 ਤਦ ਸ਼ੂਨੰਮੀ ਔਰਤ ਅੰਦਰ ਕਮਰੇ ’ਚ ਆਈ ਅਤੇ ਆਕੇ ਉਸ ਪਹਿਲਾਂ ਅਲੀਸ਼ਾ ਦੇ ਚਰਣ ਛੂਹੇ ਫ਼ਿਰ ਉਸ ਨੇ ਆਪਣੇ ਪੁੱਤਰ ਨੂੰ ਕੁੱਛੜ ਚੁੱਕਿਆ ਅਤੇ ਬਾਹਰ ਆ ਗਈ।

ਅਲੀਸ਼ਾ ਅਤੇ ਜ਼ਹਰੀਲਾ ਸ਼ੋਰਬਾ

38 ਫ਼ਿਰ ਅਲੀਸ਼ਾ ਗਿਲਗਾਲ ਨੂੰ ਮੁੜਿਆ, ਉਸ ਵਕਤ ਦੇਸ਼ ਵਿੱਚ ਕਾਲ ਪਿਆ ਹੋਇਆ ਸੀ। ਉੱਥੇ ਨਬੀ ਅਤੇ ਨਬੀਆਂ ਦੇ ਪੁੱਤਰਾਂ ਦਾ ਟੋਲਾ ਉਸ ਦੇ ਸਾਹਮਣੇ ਬੈਠਿਆ ਹੋਇਆ ਸੀ। ਅਲੀਸ਼ਾ ਨੇ ਆਪਣੇ ਸੇਵਕ ਨੂੰ ਕਿਹਾ, “ਭੱਠੀ ਉੱਪਰ ਵੱਡੀ ਦੇਗ ਚੜ੍ਹਾ ਅਤੇ ਇਨ੍ਹਾਂ ਸਾਰੇ ਨਬੀਆਂ ਲਈ ਸ਼ੋਰਬਾ ਤਿਆਰ ਕਰ।”

39 ਉਨ੍ਹਾਂ ਵਿੱਚੋਂ ਇੱਕ ਆਦਮੀ ਸ਼ੋਰਬੇ ਲਈ ਖੇਤ ਵਿੱਚ ਸਬਜ਼ੀਆਂ ਲੈਣ ਗਿਆ। ਉੱਥੇ ਉਸ ਨੂੰ ਜੰਗਲੀ ਵੇਲ ਲੱਭੀ ਉਸ ਤੋਂ ਉਹ ਫ਼ਲ ਤੋੜ ਲਿਆਇਆ। ਉਸ ਨੇ ਉਹ ਫ਼ਲ ਤੋੜਕੇ ਆਪਣੇ ਝੋਲੇ ਵਿੱਚ ਭਰ ਲਏ ਤੇ ਵਾਪਸ ਆਕੇ ਉਨ੍ਹਾਂ ਦੀਆਂ ਫ਼ਾੜੀਆਂ ਕਰਕੇ ਉਨ੍ਹਾਂ ਨੂੰ ਉੱਬਲਦੀ ਦੇਗ ਵਿੱਚ ਸ਼ੋਰਬੇ ਲਈ ਪਾ ਦਿੱਤਾ। ਪਰ ਨਬੀਆਂ ਦੇ ਉਸ ਟੋਲੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਕਿਸ ਕਿਸਮ ਦੇ ਫ਼ਲ ਹਨ।

40 ਫ਼ਿਰ ਉਨ੍ਹਾਂ ਨੇ ਸਭਨਾਂ ਦੇ ਖਾਣ ਲਈ ਸ਼ੋਰਬਾ ਸਭ ਦੇ ਅੱਗੇ ਪਰੋਸਿਆ ਪਰ ਜਦੋਂ ਹੀ ਉਹ ਸ਼ੋਰਬੇ ਨੂੰ ਚਖਣ ਲੱਗੇ ਤੇ ਚਖਿਆ ਤਾਂ ਉਹ ਚੀਕ ਉੱਠੇ ਕਿ ਹੇ ਪਰਮੇਸ਼ੁਰ ਦੇ ਮਨੁੱਖ ਇਹ ਦੇਗ ਵਿੱਚ ਸ਼ੋਰਬਾ ਨਹੀਂ ਮੌਤ ਹੈ। ਕਿਉਂ ਕਿ ਇਸਦਾ ਸੁਆਦ ਬਿਲਕੁਲ ਜ਼ਹਿਰ ਵਰਗਾ ਹੈ ਤਾਂ ਉਹ ਸ਼ੋਰਬਾ ਖਾ ਨਾ ਸੱਕੇ।

41 ਪਰ ਅਲੀਸ਼ਾ ਨੇ ਕਿਹਾ, “ਕੁਝ ਆਟਾ ਲਿਆਓ।” ਤਾਂ ਉਨ੍ਹਾਂ ਨੇ ਕੁਝ ਆਟਾ ਲਿਆਕੇ ਉਸ ਨੂੰ ਦਿੱਤਾ। ਤਾਂ ਉਸ ਨੇ ਉਹ ਆਟਾ ਉਸ ਸ਼ੋਰਬੇ ਦੀ ਦੇਗ ਵਿੱਚ ਸੁੱਟ ਦਿੱਤਾ। ਤਦ ਅਲੀਸ਼ਾ ਨੇ ਆਖਿਆ, “ਹੁਣ ਤੁਸੀਂ ਲੋਕਾਂ ਨੂੰ ਇਹ ਦੇਗ ਮੁੜ ਤੋਂ ਪਰੋਸੋ। ਤਾਂ ਜੋ ਉਹ ਆਪਣਾ ਪੇਟ ਭਰ ਸੱਕਣ।”

ਅਤੇ ਹੁਣ ਉਸ ਸ਼ੋਰਬੇ ਵਿੱਚ ਕੋਈ ਕਸਰ ਨਾ ਰਹੀ।

ਅਲੀਸ਼ਾ ਦਾ ਨਬੀਆਂ ਦੇ ਟੋਲੇ ਨੂੰ ਭੋਜ ਕਰਾਉਣਾ

42 ਬਆਲ ਸ਼ਲੀਸ਼ਾਹ ਤੋਂ ਇੱਕ ਮਨੁੱਖ ਆਪਣੇ ਖੇਤ ਦੀ ਪਹਿਲੀ ਫ਼ਸਲ ਵਿੱਚੋਂ ਜੌਆਂ ਦੀਆਂ ਰੋਟੀਆਂ ਦੇ 20 ਟੁਕੜੇ ਅਤੇ ਆਪਣੇ ਝੋਲੇ ਵਿੱਚ ਅਲੀਸ਼ਾ ਲਈ ਤਾਜ਼ਾ ਅਨਾਜ ਲਿਆਇਆ। ਤਦ ਅਲੀਸ਼ਾ ਨੇ ਕਿਹਾ, “ਇਹ ਭੋਜਨ ਲੋਕਾਂ ਵਿੱਚ ਵੰਡ ਦੇ, ਤਾਂ ਜੋ ਉਹ ਖਾ ਸੱਕਣ।”

43 ਪਰ ਉਸ ਦੇ ਸੇਵਕ ਨੇ ਆਖਿਆ, “ਭਲਾ ਮੈਂ 100 ਆਦਮੀਆਂ ਦੇ ਅੱਗੇ ਇਹ ਕਿਵੇਂ ਪਰੋਸ ਸੱਕਦਾ ਹਾਂ!”

ਪਰ ਅਲੀਸ਼ਾ ਨੇ ਕਿਹਾ, “ਤੂੰ ਲੋਕਾਂ ਨੂੰ ਇਹ ਦੇ ਤਾਂ ਜੋ ਉਹ ਖਾਣ। ਯਹੋਵਾਹ ਫ਼ਰਮਾਉਂਦਾ ਹੈ ਕਿ ਜਦੋਂ ਉਹ ਖਾਣਗੇ ਤਾਂ ਬਾਕੀ ਹੀ ਛੱਡਣਗੇ ਰੋਟੀਆਂ ਥੁੜਣਗੀਆਂ ਨਹੀਂ।”

44 ਤਦ ਅਲੀਸ਼ਾ ਦੇ ਸੇਵਕ ਨੇ ਉਹ ਭੋਜਨ ਨਬੀਆਂ ਦੇ ਟੋਲੇ ਅੱਗੇ ਪਰੋਸ ਦਿੱਤਾ। ਉਨ੍ਹਾਂ ਨੇ ਜੀਅ ਭਰਕੇ ਖਾਧਾ। ਤਦ ਵੀ ਕਿੰਨਾ ਭੋਜਨ ਬਚ ਗਿਆ। ਇਹ ਸਭ ਕੁਝ ਯਹੋਵਾਹ ਦੇ ਕਹੇ ਮੁਤਾਬਕ ਉਵੇਂ ਹੀ ਹੋਇਆ।

ਨਅਮਾਨ ਦਾ ਕਸ਼ਟ

ਨਅਮਾਨ ਅਰਾਮ ਦੇ ਰਾਜ ਦੀ ਸੈਨਾ ਦਾ ਸੈਨਾਪਤੀ ਸੀ ਅਤੇ ਉਹ ਆਪਣੇ ਰਾਜਾ ਦਾ ਬੜਾ ਮਹੱਤਵਪੂਰਣ ਆਦਮੀ ਸੀ ਉਸਦਾ ਆਦਰ-ਮਾਨ ਉੱਥੇ ਬਹੁਤ ਸੀ ਕਿਉਂ ਕਿ ਉਸ ਦੇ ਰਾਹੀਂ ਯਹੋਵਾਹ ਨੇ ਅਰਾਮ ਨੂੰ ਜਿੱਤ ਦਿੱਤੀ ਸੀ। ਉਹ ਬੜਾ ਵੀਰ-ਯੋਧਾ ਮਨੁੱਖ ਸੀ ਪਰ ਉਹ ਕੋੜ੍ਹ ਦੇ ਰੋਗ ਤੋਂ ਬੜਾ ਦੁੱਖੀ ਸੀ।

ਅਰਾਮੀ ਸੈਨਾ ਨੇ ਇਸਰਾਏਲ ਵਿੱਚ ਲੜਨ ਲਈ ਬਹੁਤ ਸਾਰੇ ਟੋਲੇ ਭੇਜੇ। ਤੇ ਉਹ ਸਿਪਾਹੀ ਲੋਕਾਂ ਨੂੰ ਚੁੱਕ ਕੇ ਆਪਣੇ ਗੁਲਾਮ ਬਣਾ ਲੈਂਦੇ। ਇੱਕ ਵਾਰੀ ਉਹ ਇਸਰਾਏਲ ਤੋਂ ਇੱਕ ਨਿੱਕੀ ਜਿਹੀ ਕੁੜੀ ਚੁੱਕ ਲਿਆਏ ਜੋ ਕਿ ਨਅਮਾਨ ਦੀ ਵਹੁਟੀ ਦੀ ਗੋਲੀ ਬਣ ਗਈ। ਇਸ ਕੁੜੀ ਨੇ ਨਅਮਾਨ ਦੀ ਪਤਨੀ ਨੂੰ ਆਕੇ ਕਿਹਾ, “ਕਾਸ਼ ਮੇਰਾ ਸੁਆਮੀ (ਨਅਮਾਨ) ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ (ਆਲੀਸ਼ਾ) ਹੈ। ਉਹ ਨਬੀ ਉਸ ਦੇ ਕੋੜ੍ਹ ਤੋਂ ਉਸ ਨੂੰ ਮੁਕਤ ਕਰ ਸੱਕਦਾ ਹੈ।”

ਨਅਮਾਨ ਆਪਣੇ ਮਾਲਕ (ਅਰਾਮ ਦੇ ਰਾਜੇ) ਕੋਲ ਗਿਆ ਅਤੇ ਉਸ ਨੂੰ ਉਹ ਦੱਸਿਆ ਜੋ ਉਸ ਇਸਰਾਏਲੀ ਕੁੜੀ ਨੇ ਆਖਿਆ ਸੀ।

ਤਦ ਅਰਾਮ ਦੇ ਰਾਜੇ ਨੇ ਆਖਿਆ, “ਹੁਣੇ ਜਾ ਅਤੇ ਮੈਂ ਇਸਰਾਏਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਭੇਜਦਾ ਹਾਂ।”

ਤਦ ਨਅਮਾਨ ਇਸਰਾਏਲ ਨੂੰ ਗਿਆ, ਅਤੇ ਆਪਣੇ ਨਾਲ ਕੁਝ ਸੁਗਾਤਾਂ ਵੀ ਲੈ ਗਿਆ। ਉਸ ਨੇ 340 ਕਿੱਲੋ ਚਾਂਦੀ, 6,000 ਸੋਨੇ ਦੇ ਸਿੱਕੇ ਅਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲਏ। ਉਹ ਇਸਰਾਏਲ ਦੇ ਪਾਤਸ਼ਾਹ ਕੋਲ ਉਹ ਚਿੱਠੀ ਲਿਆਇਆ ਜਿਸ ਵਿੱਚ ਇਹ ਲਿਖਿਆ ਸੀ ਕਿ ਹੁਣ ਜਦੋਂ ਇਹ ਚਿੱਠੀ ਤੇਰੇ ਤੀਕ ਪਹੁੰਚੇ ਤਾਂ ਵੇਖ ਮੈਂ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਭੇਜਿਆ ਹੈ ਤਾਂ ਜੋ ਤੂੰ ਉਸ ਦੇ ਕੋੜ੍ਹ ਨੂੰ ਚੰਗਿਆਂ ਕਰ ਦੇਵੇਂ।

ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਨੇ ਆਪਣੇ ਕੱਪੜੇ ਫ਼ਾੜ ਕੇ ਇਹ ਦਰਸਾਇਆ ਕਿ ਉਹ ਉਦਾਸ ਹੈ ਅਤੇ ਪਰੇਸ਼ਾਨ ਹੈ। ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਕੀ ਮੈਂ ਪਰਮੇਸ਼ੁਰ ਹਾਂ? ਨਹੀਂ! ਮੇਰਾ ਜੀਵਨ ਅਤੇ ਮੌਤ ਉੱਪਰ ਕੋਈ ਅਧਿਕਾਰ ਨਹੀਂ ਤਾਂ ਫ਼ਿਰ ਭਲਾ ਮੈਂ ਇਸ ਕੋਹੜੀ ਮਨੁੱਖ ਨੂੰ ਇਸਦੇ ਕੋੜ੍ਹ ਤੋਂ ਕਿਵੇਂ ਮੁਕਤ ਕਰ ਸੱਕਦਾ ਹਾਂ। ਤਾਂ ਫ਼ਿਰ ਉਸ ਨੇ ਭਲਾ ਇਸ ਨੂੰ ਮੇਰੇ ਕੋਲ ਕਿਉਂ ਭੇਜਿਆ ਹੈ? ਜ਼ਰਾ ਧਿਆਨ ਨਾਲ ਸੋਚੋ ਤਾਂ ਪਤਾ ਚੱਲੇਗਾ ਕਿ ਇਹ ਉਸਦੀ ਚਾਲ ਹੈ। ਇਸਦਾ ਮਤਲਬ ਅਰਾਮ ਦਾ ਰਾਜਾ ਮੇਰੇ ਨਾਲ ਲੜਾਈ ਲੜਨ ਦੀ ਵਿਉਂਤ ਕਰ ਰਿਹਾ ਹੈ।”

ਜਦੋਂ ਅਲੀਸ਼ਾ ਨੂੰ ਇਹ ਖਬਰ ਮਿਲੀ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਕੱਪੜੇ ਫ਼ਾੜੇ ਹਨ ਅਤੇ ਉਹ ਉਦਾਸ ਅਤੇ ਪਰੇਸ਼ਾਨ ਹੈ ਤਾਂ ਅਲੀਸ਼ਾ ਨੇ ਪਾਤਸ਼ਾਹ ਨੂੰ ਇਹ ਸੁਨੇਹਾ ਭੇਜਿਆ, “ਤੂੰ ਆਪਣੇ ਵਸਤਰ ਕਿਉਂ ਫ਼ਾੜਦਾ ਹੈਂ? ਤੂੰ ਉਸ ਨਅਮਾਨ ਨੂੰ ਮੇਰੇ ਕੋਲ ਭੇਜਦੇ ਤਾਂ ਜੋ ਉਸ ਨੂੰ ਪਤਾ ਚੱਲੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।”

ਤਾਂ ਨਅਮਾਨ ਆਪਣੇ ਘੋੜਿਆਂ ਅਤੇ ਰੱਥਾਂ ਸਮੇਤ ਆਇਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਖੜੋ ਗਿਆ। 10 ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਕਹਿ ਕੇ ਉਸ ਕੋਲ ਭੇਜਿਆ ਕਿ ਜਾਹ ਅਤੇ ਜਾਕੇ ਯਰਦਨ ਨਦੀ ਵਿੱਚ ਸੱਤ ਚੁੱਬੀਆਂ ਮਾਰ ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਬਿਲਕੁਲ ਪਾਕ ਪਵਿੱਤਰ ਹੋ ਜਾਵੇਂਗਾ।

11 ਨਅਮਾਨ ਬੜੇ ਕਰੋਧ ਵਿੱਚ ਉੱਥੋਂ ਮੁੜ ਆਇਆ ਅਤੇ ਉਸ ਨੇ ਕਿਹਾ, “ਵੇਖੋ! ਮੈਂ ਤਾਂ ਸੋਚਦਾ ਸੀ ਕਿ ਉਹ ਬਾਹਰ ਆਕੇ ਖੜ੍ਹਾ ਹੋਵੇਗਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਉਂ ਲੈ ਕੇ ਮੇਰੇ ਕੋਹੜ ਵਾਲੀ ਥਾਂ ਤੇ ਆਪਣਾ ਹੱਥ ਫ਼ੇਰੇਗਾ ਤੇ ਮੈਨੂੰ ਕੋਹੜ ਤੋਂ ਮੁਕਤ ਕਰੇਗਾ। 12 ਅਬਨਾਹ ਅਤੇ ਫ਼ਰਪਰ ਜੋ ਕਿ ਦੰਮਿਸਕ ਦੀਆਂ ਨਦੀਆਂ ਹਨ ਇਸਰਾਏਲ ਦੇ ਸਾਰੇ ਪਾਣੀਆਂ ਨਾਲੋਂ ਚੰਗੀਆਂ ਹਨ। ਕੀ ਮੈਂ ਉਨ੍ਹਾਂ ਵਿੱਚ ਨਹਾਕੇ ਸਾਫ਼ ਨਹੀਂ ਹੋ ਸੱਕਦਾ?” ਅਤੇ ਉਹ ਜਾਣ ਲਈ ਮੁੜਿਆ।

13 ਪਰ ਤਦ ਨਅਮਾਨ ਦੇ ਸੇਵਕ ਉਸ ਕੋਲ ਆਏ ਤੇ ਉਸ ਨੂੰ ਆਖਣ ਲੱਗੇ, “ਹੇ ਮੇਰੇ ਪਿਤਾ! ਕੀ ਜੇ ਨਬੀ ਤੈਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਤੂੰ ਨਾ ਕਰਦਾ? ਤੇ ਫ਼ਿਰ ਜੇਕਰ ਉਸ ਨੇ ਤੈਨੂੰ ਇਹ ਆਖਿਆ ਹੈ ਕਿ ਯਰਦਨ ਨਦੀ ਵਿੱਚ ਨਹਾ ਲੈ ਤੇ ਸ਼ੁੱਧ ਹੋ ਜਾ, ਤਾਂ ਤੈਨੂੰ ਉਸਦੀ ਆਗਿਆ ਮੰਨ ਲੈਣੀ ਚਾਹੀਦੀ ਹੈ।”

14 ਤਦ ਨਅਮਾਨ ਨੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਦੇ ਕਹੇ ਅਨੁਸਾਰ ਉਵੇਂ ਹੀ ਕੀਤਾ। ਉਸ ਨੇ ਯਰਦਨ ਨਦੀ ਵਿੱਚ ਸੱਤ ਵਾਰੀ ਚੁੱਬੀ ਮਾਰੀ ਤਾਂ ਉਸ ਦਾ ਕੋੜ੍ਹ ਠੀਕ ਹੋ ਗਿਆ ਤੇ ਉਹ ਸ਼ੁੱਧ ਹੋ ਗਿਆ। ਉਸਦੀ ਚਮੜੀ ਬੱਚਿਆਂ ਦੀ ਚਮੜੀ ਵਰਗੀ ਨਰਮ ਤੇ ਨਰੋਈ ਹੋ ਗਈ।

15 ਫ਼ਿਰ ਨਅਮਾਨ ਤੇ ਉਸਦੀ ਸਾਰੀ ਟੋਲੀ ਪਰਮੇਸ਼ੁਰ ਦੇ ਮਨੁੱਖ ਕੋਲ ਫ਼ਿਰ ਮੁੜ ਆਏ ਤੇ ਉਸ ਨੇ ਅਲੀਸ਼ਾ ਦੇ ਅੱਗੇ ਖਲੋ ਕੇ ਕਿਹਾ, “ਵੇਖ! ਮੈਂ ਜਾਣਦਾ ਹਾਂ ਕਿ ਇਸਰਾਏਲ ਦੀ ਧਰਤੀ ਤੋਂ ਸਿਵਾਏ ਹੋਰ ਸਾਰੀ ਧਰਤੀ ਤੇ ਕਿਤੇ ਵੀ ਪਰਮੇਸ਼ੁਰ ਨਹੀਂ ਹੈ। ਇਸ ਲਈ ਕਿਰਪਾ ਕਰਕੇ ਮੇਰੀ ਇਹ ਭੇਂਟ ਸਵੀਕਾਰ ਕਰ।”

16 ਪਰ ਅਲੀਸ਼ਾ ਨੇ ਕਿਹਾ, “ਮੈਂ ਯਹੋਵਾਹ ਦਾ ਸੇਵਕ ਹਾਂ ਤੇ ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਜਿਸਦੇ ਮੈਂ ਅੱਗੇ ਖਲੋਤਾ ਹਾਂ ਕਿ ਮੈਂ ਕੁਝ ਵੀ ਕਬੂਲ ਨਹੀਂ ਕਰਾਂਗਾ।”

ਨਅਮਾਨ ਨੇ ਅਲੀਸ਼ਾ ਨੂੰ ਉਹ ਸੁਗਾਤ ਕਬੂਲ ਕਰਨ ਲਈ ਬਹੁਤ ਜ਼ਿਦ ਕੀਤੀ ਪਰ ਅਲੀਸ਼ਾ ਨੇ ਇਨਕਾਰ ਕੀਤਾ। 17 ਤਦ ਨਅਮਾਨ ਨੇ ਆਖਿਆ, “ਜੇਕਰ ਤੂੰ। ਇਹ ਭੇਂਟ ਕਬੂਲ ਨਹੀਂ ਕਰਦਾ ਤਾਂ ਫ਼ਿਰ ਮੈਨੂੰ ਦੋ ਖੱਚਰਾਂ ਲੱਦ ਕੇ ਆਪਣੇ ਇਸਰਾਏਲ ਦੀ ਮਿੱਟੀ ਇੱਥੋਂ ਲੈ ਜਾਣ ਦੀ ਆਗਿਆ ਦੇਹ। ਉਹ ਇਸ ਲਈ ਕਿਉਂ ਕਿ ਅੱਜ ਤੋਂ ਬਾਅਦ ਮੈਂ ਹੁਣ ਕਦੇ ਵੀ ਯਹੋਵਾਹ ਤੋਂ ਬਿਨਾ ਹੋਰ ਕਿਸੇ ਦੇਵਤੇ ਦੇ ਅੱਗੇ ਜਾਂ ਹੋਮ ਦੀ ਭੇਟ ਨਹੀਂ ਚੜ੍ਹਾਵਾਂਗਾ। 18 ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਮੈਨੂੰ ਇਸ ਲਈ ਖਿਮਾ ਕਰੇ ਕਿ ਭਵਿੱਖ ਵਿੱਚ, ਮੇਰਾ ਮਾਲਕ ਅਰਾਮ ਦਾ ਰਾਜਾ ਜਦੋਂ ਉਪਾਸਨਾ ਕਰਨ ਲਈ ਰਿੰਮੋਨ ਦੇ ਮੰਦਰ ਵਿੱਚ ਵੜੇ, ਉਹ ਸਹਾਰੇ ਲਈ ਮੇਰੇ ਉੱਤੇ ਢਾਸਣਾ ਲਾਉਣਾ ਚਾਹਵੇਗਾ ਅਤੇ ਮੈਨੂੰ ਰਿੰਮੋਨ ਦੇ ਮੰਦਰ ਵਿੱਚ ਆਪਣਾ ਸਿਰ ਝੁਕਾਉਣਾ ਪਵੇਗਾ। ਤਾਂ ਜਦੋਂ ਇੰਝ ਵਾਪਰੇ ਤਾਂ ਇਸ ਗੱਲ ਲਈ ਯਹੋਵਾਹ ਮੈਨੂੰ ਖਿਮਾ ਕਰੇ।”

19 ਤਦ ਅਲੀਸ਼ਾ ਨੇ ਨਅਮਾਨ ਨੂੰ ਆਖਿਆ, “ਜਾਹ ਅਤੇ ਸੁਖੀ ਰਹੁ।”

ਤਦ ਨਅਮਾਨ ਉਸ ਤੋਂ ਬੋੜੀ ਦੂਰ ਚੱਲਾ ਗਿਆ। 20 ਪਰ ਪਰਮੇਸ਼ੁਰ ਦੇ ਮਨੁੱਖ, ਅਲੀਸ਼ਾ ਦੇ ਸੇਵਕ ਗੇਹਾਜੀ ਨੇ ਆਖਿਆ, “ਵੇਖੋ, ਮੇਰੇ ਸੁਆਮੀ ਨੇ ਨਅਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਉਸ ਨੂੰ ਇਨਕਾਰ ਕਰਕੇ ਉਸ ਨੂੰ ਵਰਜ ਦਿੱਤਾ ਤੇ ਉਸ ਦੇ ਹੱਥੋਂ ਤੋਹਫ਼ੇ ਸਵੀਕਾਰ ਨਹੀਂ ਕੀਤੇ। ਜਿਉਂਦੇ ਯਹੋਵਾਹ ਦੀ ਸੌਂਹ ਮੈਂ ਸੱਚਮੁੱਚ ਉਸ ਦੇ ਪਿੱਛੇ ਨੱਸਾਂਗਾ ਅਤੇ ਉਸ ਕੋਲੋਂ ਕੁਝ ਲੈ ਆਵਾਂਗਾ।” 21 ਤਾਂ ਗੇਹਾਜੀ ਨਅਮਾਨ ਦੇ ਪਿੱਛੇ ਨੱਸਿਆ।

ਨਅਮਾਨ ਨੇ ਵੇਖਿਆ ਕਿ ਉਸ ਦੇ ਪਿੱਛੇ ਕੋਈ ਭੱਜਿਆ ਆ ਰਿਹਾ ਹੈ ਤਾਂ ਉਸ ਨੇ ਆਪਣਾ ਰੱਥ ਰੋਕ ਕੇ ਉਸਤੋਂ ਥੱਲੇ ਉਤਰ ਕੇ ਗੇਹਾਜੀ ਨੂੰ ਮਿਲਿਆ ਅਤੇ ਨਅਮਾਨ ਨੇ ਪੁੱਛਿਆ, “ਕੀ ਸਭ ਠੀਕ-ਠਾਕ ਤਾਂ ਹੈ?”

22 ਗੇਹਾਜੀ ਨੇ ਆਖਿਆ, “ਹਾਂ, ਸਭ ਠੀਕ-ਠਾਕ ਹੈ। ਮੇਰੇ ਸੁਆਮੀ ਅਲੀਸ਼ਾ ਨੇ ਮੈਨੂੰ ਇਹ ਆਖਣ ਲਈ ਭੇਜਿਆ ਕਿ ਨਬੀਆਂ ਦੇ ਸਮੂਹ ਵਿੱਚੋਂ ਦੋ ਨੌਜੁਆਨ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਮੇਰੇ ਕੋਲ ਆ ਰਹੇ ਹਨ। ਉਨ੍ਹਾਂ ਨੂੰ 34 ਕਿੱਲੋ ਚਾਂਦੀ ਅਤੇ ਦੋ ਜੋੜੇ ਬਸਤਰ ਦੇਹ।”

23 ਨਅਮਾਨ ਨੇ ਆਖਿਆ, “ਖੁਸ਼ੀ ਨਾਲ 68 ਕਿੱਲੋ ਲੈ।” ਅਤੇ ਉਹ ਉਸ ਦੇ ਪਿੱਛੇ ਪੈ ਗਿਆ ਜ਼ਿਦ ਨਾਲ ਦੋ ਥੈਲੀਆਂ ਵਿੱਚ 68 ਕਿੱਲੋ ਚਾਂਦੀ ਦੇ ਅਤੇ ਦੋ ਜੋੜੇ ਬਸਤਰਾਂ ਦੇ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਦੋ ਸੇਵਕਾਂ ਉੱਪਰ ਲੱਦ ਦਿੱਤਾ ਅਤੇ ਉਹ ਸੇਵਕ ਉਹ ਤੋਹਫ਼ੇ ਚੁੱਕ ਕੇ ਉਸ ਦੇ ਅੱਗੇ-ਅੱਗੇ ਹੋਕੇ ਤੁਰ ਪਏ। 24 ਜਦ ਗੇਹਾਜੀ ਪਹਾੜੀ ਕੋਲ ਪਹੁੰਚਿਆ ਤਾਂ ਉਸ ਨੇ ਇਹ ਵਸਤਾਂ ਨੌਕਰਾਂ ਕੋਲੋਂ ਆਪਣੇ ਹੱਥਾਂ ਵਿੱਚ ਫ਼ੜਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਤੇ ਉਹ ਵਾਪਸ ਮੁੜ ਗਏ। ਉਸ ਉਪਰੰਤ ਗੇਹਾਜੀ ਨੇ ਉਹ ਵਸਤਾਂ ਆਪਣੇ ਘਰ ਵਿੱਚ ਛੁਪਾ ਲਈਆਂ।

25 ਜਦੋਂ ਗੇਹਾਜੀ ਅੰਦਰ ਆਕੇ ਆਪਣੇ ਸੁਆਮੀ ਅਲੀਸ਼ਾ ਅੱਗੇ ਖਲੋਤਾ ਤਾਂ ਅਲੀਸ਼ਾ ਨੇ ਉਸ ਨੂੰ ਕਿਹਾ, “ਗੇਹਾਜੀ! ਤੂੰ ਇੰਨੀ ਦੇਰ ਤੋਂ ਕਿੱਥੇ ਸੀ?”

ਗੇਹਾਜੀ ਨੇ ਆਖਿਆ, “ਮੈਂ ਤਾਂ ਕਿਤੇ ਵੀ ਨਹੀਂ ਸੀ ਗਿਆ ਇੱਥੇ ਹੀ ਸੀ!”

26 ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, “ਤੂੰ ਝੂਠ ਬੋਲ ਰਿਹਾ ਹੈਂ। ਜਦੋਂ ਨਅਮਾਨ ਤੈਨੂੰ ਮਿਲਣ ਲਈ ਰੱਥ ਤੋਂ ਉਤਰਿਆ ਉਸ ਵਕਤ ਕੀ ਮੇਰਾ ਦਿਲ ਭਲਾ ਤੇਰੇ ਨਾਲ ਨਹੀਂ ਸੀ? ਚਾਂਦੀ ਲੈਣ ਅਤੇ ਵਸਤਰ, ਜੈਤੂਨ ਦੇ ਬਾਗਾਂ ਅਤੇ ਅੰਗੂਰੀ ਬਾਗਾਂ, ਇੱਜੜਾਂ ਦੇ ਵੱਗਾਂ, ਸੇਵਕ ਅਤੇ ਦਾਸੀਆਂ ਨੂੰ ਲੈਣ ਲਈ ਇਹ ਵਕਤ ਠੀਕ ਨਹੀਂ। 27 ਹੁਣ ਇਸੇ ਕਾਰਣ ਨਅਮਾਨ ਦਾ ਕੋੜ੍ਹ ਤੈਨੂੰ ਤੇ ਤੇਰੀ ਅੰਸ ਨੂੰ ਹਮੇਸ਼ਾ ਤੀਕ ਲੱਗਾ ਰਹੇਗਾ।”

ਜਦੋਂ ਗੇਹਾਜੀ ਅਲੀਸ਼ਾ ਕੋਲੋਂ ਬਾਹਰ ਗਿਆ, ਉਸ ਨੂੰ ਕੋੜ੍ਹ ਹੋ ਗਿਆ ਅਤੇ ਉਸਦੀ ਚਮੜੀ ਬਰਫ਼ ਜਿੰਨੀ ਸਫ਼ੇਦ ਸੀ।

ਅਲੀਸ਼ਾ ਦੀਆਂ ਕਰਾਮਾਤਾਂ

ਨਬੀਆਂ ਦੇ ਟੋਲੇ ਨੇ ਅਲੀਸ਼ਾ ਨੂੰ ਕਿਹਾ, “ਵੇਖ! ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿ ਰਹੇ ਹਾਂ, ਸਾਡੇ ਲਈ ਇਹ ਬੜੀ ਤੰਗ ਹੈ। ਚੱਲ ਯਰਦਨ ਨਦੀ ਵੱਲ ਚੱਲੀਏ ਤੇ ਉੱਥੋਂ ਕੁਝ ਲੱਕੜ ਵੱਢ ਲਿਆਈੇਏ। ਅਸੀਂ ਸਭ ਇੱਕ-ਇੱਕ ਸ਼ਤੀਰ ਚੁੱਕ ਲਿਆਵਾਂਗੇ ਅਤੇ ਇੱਥੇ ਰਹਿਣ ਜੋਗੀ ਥਾਂ ਬਣਾ ਲਵਾਂਗੇ।”

ਅਲੀਸ਼ਾ ਨੇ ਆਖਿਆ, “ਠੀਕ ਹੈ, ਚਲੋ ਚੱਲਦੇ ਹਾਂ।”

ਤਾਂ ਇੱਕ ਮਨੁੱਖ ਨੇ ਆਖਿਆ, “ਕਿਰਪਾ ਕਰਕੇ ਤੂੰ ਸਾਡੇ ਨਾਲ ਚੱਲ।”

ਅਲੀਸ਼ਾ ਨੇ ਕਿਹਾ, “ਠੀਕ ਹੈ, ਮੈਂ ਤੁਹਾਡੇ ਨਾਲ ਚਲਦਾ ਹਾਂ।”

ਤਦ ਅਲੀਸ਼ਾ ਉਨ੍ਹਾਂ ਨਬੀਆਂ ਦੇ ਟੋਲੇ ਦੇ ਨਾਲ ਗਿਆ। ਜਦੋਂ ਉਹ ਯਰਦਨ ਦਰਿਆ ਤੇ ਪਹੁੰਚੇ ਤਾਂ ਉਨ੍ਹਾਂ ਲੱਕੜ ਵੱਢਣੀ ਸ਼ੁਰੂ ਕੀਤੀ। ਉਨ੍ਹਾਂ ਕੁਝ ਰੁੱਖ ਵੱਢੇ। ਪਰ ਜਿਸ ਵੇਲੇ ਇੱਕ ਮਨੁੱਖ ਰੁੱਖ ਵੱਢ ਰਿਹਾ ਸੀ ਤਾਂ ਉਸ ਦੀ ਕੁਹਾੜੀ ਦਾ ਫ਼ਲ ਪਾਣੀ ਵਿੱਚ ਡਿੱਗ ਪਿਆ। ਤਾਂ ਉਹ ਮਨੁੱਖ ਚੀਖਿਆ, “ਓ ਸੁਆਮੀ! ਮੈਂ ਤਾਂ ਇਹ ਕੁਹਾੜਾ ਮੰਗਵਾਂ ਲਿਆਂਦਾ ਸੀ।”

ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਕਿਹਾ, “ਉਹ ਕਿੱਥੇ ਡਿੱਗਿਆ ਹੈ?”

ਉਸ ਨੇ ਅਲੀਸ਼ਾ ਨੂੰ ਉਹ ਥਾਂ ਵਿਖਾਈ ਜਿੱਥੇ ਉਸਦਾ ਕੁਹਾੜਾ ਡਿੱਗਿਆ ਸੀ। ਤਦ ਅਲੀਸ਼ਾ ਨੇ ਇੱਕ ਟਾਹਣੀ ਤੋੜੀ ਤੇ ਉਸ ਨੂੰ ਪਾਣੀ ਵਿੱਚ ਸੁੱਟ ਦਿੱਤਾ, ਟਾਹਣੀ ਨੇ ਉਸ ਮਨੁੱਖ ਦੇ ਕੁਹਾੜੇ ਨੂੰ ਪਾਣੀ ਉੱਤੇ ਤੈਰਨ ਲਾ ਦਿੱਤਾ। ਅਲੀਸ਼ਾ ਨੇ ਕਿਹਾ, “ਉਸ ਨੂੰ ਚੁੱਕ ਲੈ।” ਤਾਂ ਉਹ ਆਦਮੀ ਪਾਣੀ ਕੋਲ ਗਿਆ ਤੇ ਉਸ ਨੇ ਉਸ ਕੁਹਾੜੇ ਦੇ ਫ਼ਲ ਨੂੰ ਪਾਣੀ ਤੋਂ ਚੁੱਕ ਲਿਆ।

ਅਰਾਮ ਦੀ ਇਸਰਾਏਲ ਨੂੰ ਫ਼ਸਾਉਣ ਦੀ ਕੋਸ਼ਿਸ਼

ਅਰਾਮ ਦਾ ਪਾਤਸ਼ਾਹ ਇਸਰਾਏਲ ਦੇ ਵਿਰੁੱਧ ਲੜ ਰਿਹਾ ਸੀ। ਉਸਦੀ ਆਪਣੀ ਸੈਨਾ ਦੇ ਅਫ਼ਸਰਾਂ ਨਾਲ ਸਭਾ ਸੀ, ਅਤੇ ਆਖਿਆ, “ਇਸ ਥਾਵੇਂ ਲੁਕ ਜਾਵੋ! ਜਦੋਂ ਹੀ ਇਸਰਾਏਲੀ ਇੱਥੋਂ ਦੀ ਲੰਘਣ, ਉਨ੍ਹਾਂ ਤੇ ਹਮਲਾ ਕਰ ਦਿਓ।”

ਪਰ ਪਰਮੇਸ਼ੁਰ ਦੇ ਪੁੱਤਰ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਖਬਰ ਭੇਜੀ ਅਤੇ ਕਿਹਾ, “ਸਤਰਕ ਰਹੋ। ਉਸ ਥਾਵੇਂ ਨਾ ਜਾਣਾ ਕਿਉਂ ਕਿ ਉੱਥੇ ਅਰਾਮੀ ਸੈਨਾ ਲੁਕੀ ਹੋਈ ਹੈ।”

10 ਇਸਰਾਏਲ ਦੇ ਪਾਤਸ਼ਾਹ ਨੇ ਉਸ ਥਾਵੇਂ ਆਪਣੇ ਲੋਕਾਂ ਨੂੰ ਸੁਨੇਹਾ ਭੇਜਿਆ ਜਿੱਥੇ ਦੇ ਲਈ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਉਸ ਨੂੰ ਹੁਸ਼ਿਆਰ-ਖਬਰਦਾਰ ਕੀਤਾ ਸੀ। ਇਉਂ ਇਸਰਾਏਲ ਦੇ ਪਾਤਸ਼ਾਹ ਨੇ ਕਈ ਆਦਮੀਆਂ ਨੂੰ ਮਰਨ ਤੋਂ ਬਚਾਅ ਲਿਆ।

11 ਇਸ ਗੱਲੋ ਅਰਾਮ ਦਾ ਪਾਤਸ਼ਾਹ ਬੜਾ ਬੇਚੈਨ ਹੋਇਆ। ਤਾਂ ਉਸ ਨੇ ਆਪਣੀ ਸੈਨਾ ਦੇ ਅਫ਼ਸਰਾਂ ਨੂੰ ਬੁਲਾਇਆ ਅਤੇ ਆਖਿਆ, “ਮੈਨੂੰ ਦੱਸੋ ਕਿ ਇਸਰਾਏਲ ਦੇ ਪਾਤਸ਼ਾਹ ਲਈ ਭਲਾ ਤੁਹਾਡੇ ਵਿੱਚੋਂ ਜਸੂਸੀ ਕੌਣ ਕਰ ਰਿਹਾ ਹੈ?”

12 ਅਰਾਮ ਦੇ ਪਾਤਸ਼ਾਹ ਨੂੰ ਅਫ਼ਸਰਾਂ ਵਿੱਚੋਂ ਇੱਕ ਨੇ ਕਿਹਾ, “ਮੇਰੇ ਸੁਆਮੀ ਅਤੇ ਪਾਤਸ਼ਾਹ, ਸਾਡੇ ਵਿੱਚੋਂ ਕੋਈ ਉਸ ਨੂੰ ਭੇਤ ਨਹੀਂ ਦਿੰਦਾ ਸਗੋਂ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ, ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ, ਉਹ ਇਸਰਾਏਲ ਦੇ ਪਾਤਸ਼ਾਹ ਨੂੰ ਦੱਸਦਾ ਹੈ।”

13 ਅਰਾਮ ਦੇ ਰਾਜੇ ਨੇ ਕਿਹਾ, “ਜਾਕੇ ਵੇਖੋ ਕਿ ਅਲੀਸ਼ਾ ਕਿੱਥੇ ਹੈ ਤਾਂ ਜੋ ਉਸ ਨੂੰ ਫ਼ੜਿਆ ਜਾਵੇ।”

ਪਾਤਸ਼ਾਹ ਨੂੰ ਉਸ ਦੇ ਸੇਵਕਾਂ ਨੇ ਆਖਿਆ, “ਇਸ ਵੇਲੇ ਉਹ ਦੋਬਾਨ ਵਿੱਚ ਹੈ।”

14 ਤਦ ਪਾਤਸ਼ਾਹ ਨੇ ਦੋਥਾਨ ਵਿੱਚ ਘੋੜੇ, ਰੱਥ ਤੇ ਆਪਣੀ ਵੱਡੀ ਫ਼ੌਜ ਭੇਜੀ। ਉਨ੍ਹਾਂ ਨੇ ਰਾਤ ਵੇਲੇ ਜਾਕੇ ਸ਼ਹਿਰ ਨੂੰ ਘੇਰ ਲਿਆ। 15 ਉਸ ਸਵੇਰ ਅਲੀਸ਼ਾ ਦੇ ਸੇਵਕ ਤੜਕਸਾਰ ਉੱਠੇ। ਇੱਕ ਸੇਵਕ ਜਦੋਂ ਬਾਹਰ ਗਿਆ ਤਾਂ ਉਸ ਨੇ ਘੋੜੇ ਰੱਥਾਂ ਤੇ ਫ਼ੌਜ ਨਾਲ ਸ਼ਹਿਰ ਨੂੰ ਘਿਰਿਆ ਵੇਖਿਆ।

ਅਲੀਸ਼ਾ ਦੇ ਸੇਵਕ ਨੇ ਉਸ ਨੂੰ ਕਿਹਾ, “ਓ ਮੇਰੇ ਸੁਆਮੀ! ਹੁਣ ਅਸੀਂ ਕੀ ਕਰੀਏ?”

16 ਅਲੀਸ਼ਾ ਨੇ ਕਿਹਾ, “ਘਬਰਾਓ ਨਹੀਂ! ਜੋ ਫ਼ੌਜ ਸਾਡੇ ਲਈ ਲੜੇਗੀ ਉਹ ਅਰਾਮ ਦੀ ਫ਼ੌਜ ਤੋਂ ਕਿਤੇ ਵੱਧੇਰੇ ਹੈ।”

17 ਤਦ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਅਤੇ ਆਖਿਆ, “ਹੇ ਯਹੋਵਾਹ! ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੇ ਸੇਵਕ ਦੀਆਂ ਅੱਖਾਂ ਖੋਲ੍ਹ ਤਾਂ ਜੋ ਉਹ ਵੇਖ ਸੱਕੇ।”

ਯਹੋਵਾਹ ਨੇ ਉਸ ਨੌਜੁਆਨ ਦੀਆਂ ਅੱਖਾਂ ਖੋਲ੍ਹੀਆਂ ਤਾਂ ਸੇਵਕ ਨੇ ਵੇਖਿਆ ਕਿ ਅਲੀਸ਼ਾ ਦੇ ਇਰਦ ਗਿਰਦ ਤਾਂ ਪਹਾੜ ਅੱਗ ਦੇ ਘੋੜਿਆ ਤੇ ਰਥਾਂ ਨਾਲ ਭਰਿਆ ਹੋਇਆ ਹੈ।

18 ਜਦੋਂ ਅਰਾਮੀ ਹੇਠਾਂ ਅਲੀਸ਼ਾ ਵੱਲ ਆਏ, ਅਲੀਸ਼ਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਇਸ ਅਰਾਮੀ ਫ਼ੋਜਾ ਨੂੰ ਇੱਕ ਦਮ ਅੰਨ੍ਹੀ ਕਰ ਦੇਹ।”

ਤਾਂ ਯਹੋਵਾਹ ਨੇ ਉਨ੍ਹਾਂ ਨੂੰ ਅੰਨ੍ਹਿਆਂ ਕਰ ਦਿੱਤਾ ਜਿਵੇਂ ਕਿ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਸੀ। 19 ਅਲੀਸ਼ਾ ਨੇ ਅਰਾਮੀ ਫ਼ੌਜ ਨੂੰ ਆਖਿਆ, “ਇਹ ਸਹੀ ਸੜਕ ਨਹੀਂ ਹੈ ਤੇ ਨਾ ਹੀ ਉਹ ਸ਼ਹਿਰ ਹੈ ਜਿਸ ਲਈ ਤੁਸੀਂ ਆਏ ਹੋ। ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਉਸ ਮਨੁੱਖ ਕੋਲ ਲੈ ਚੱਲਦਾ ਹਾਂ ਜਿਸ ਨੂੰ ਤੁਸੀਂ ਭਾਲ ਰਹੇ ਹੋ!” ਤਾਂ ਅਲੀਸ਼ਾ ਉਨ੍ਹਾਂ ਨੂੰ ਸਾਮਰਿਯਾ ਵੱਲ ਲੈ ਗਿਆ।

20 ਜਦੋਂ ਉਹ ਸਾਮਰਿਯਾ ਪਹੁੰਚ ਗਏ ਤਾਂ ਅਲੀਸ਼ਾ ਨੇ ਕਿਹਾ, “ਹੇ ਯਹੋਵਾਹ, ਇਨ੍ਹਾਂ ਦੀਆਂ ਅੱਖਾਂ ਖੋਲ੍ਹ ਦੇਹ ਤਾਂ ਜੋ ਇਹ ਵੇਖ ਸੱਕਣ।”

ਤਦ ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਤਾਂ ਅਰਾਮੀ ਫ਼ੌਜ ਨੇ ਵੇਖਿਆ ਕਿ ਉਹ ਤਾਂ ਸਾਮਰਿਯਾ ਦੇ ਸ਼ਹਿਰ ਵਿੱਚ ਹਨ। 21 ਜਦ ਇਸਰਾਏਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਵੇਖਿਆ ਤਾਂ ਉਸ ਨੇ ਅਲੀਸ਼ਾ ਨੂੰ ਆਖਿਆ, “ਮੇਰੇ ਪਿਤਾ! ਮੈਨੂੰ ਦੱਸੋ ਕਿ ਕੀ ਮੈਂ ਉਨ੍ਹਾਂ ਨੂੰ ਮਾਰਾਂ? ਕੀ ਮੈਂ ਉਨ੍ਹਾਂ ਨੂੰ ਮਾਰ ਮੁਕਾਵਾਂ?”

22 ਅਲੀਸ਼ਾ ਨੇ ਕਿਹਾ, ਨਹੀਂ! ਉਨ੍ਹਾਂ ਨੂੰ ਮਾਰ “ਨਹੀਂ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਅਤੇ ਧਣੁਖ ਨਾਲ ਆਪਣੇ ਬੰਧੀ ਬਣਾਇਆ ਸੀ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ? ਅਰਾਮੀ ਫ਼ੌਜ ਨੂੰ ਸਗੋਂ ਥੋੜਾ ਅੰਨ-ਪਾਣੀ ਦੇਹ। ਉਨ੍ਹਾਂ ਨੂੰ ਕੁਝ ਖਾਣ-ਪੀਣ ਦੇ ਤੇ ਫ਼ਿਰ ਉਨ੍ਹਾਂ ਨੂੰ ਆਪਣੇ ਮਾਲਿਕ ਦੇ ਘਰ ਵਾਪਸ ਪਰਤਣ ਦੇਹ।”

23 ਤਾਂ ਇਸਰਾਏਲ ਦੇ ਪਾਤਸ਼ਾਹ ਨੇ ਅਰਾਮੀ ਸੈਨਾ ਲਈ ਖੁਲ੍ਹਾ ਭੋਜਨ ਤਿਆਰ ਕਰਵਾਇਆ। ਉਨ੍ਹਾਂ ਨੇ ਰੱਜ ਕੇ ਖਾਧਾ ਅਤੇ ਪੀਤਾ। ਫੇਰ ਇਸਰਾਏਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਵਾਪਸ ਆਪਣੇ ਰਾਹ ਜਾਣ ਦਿੱਤਾ। ਤੇ ਉਹ ਸੈਨਾ ਅਰਾਮ ’ਚ ਆਪਣੇ ਮਾਲਕਾਂ ਕੋਲ ਪਰਤ ਗਈ। ਉਸ ਤੋਂ ਬਾਅਦ, ਕਦੇ ਵੀ ਅਰਾਮੀ ਸਿਪਾਹੀ ਇਸਰਾਏਲ ਦੀ ਧਰਤੀ ਤੇ ਛਾਪੇ ਮਾਰਨ ਲਈ ਨਹੀਂ ਆਏ।

ਸਾਮਰਿਯਾ ਵਿੱਚ ਭਿਆਨਕ ਕਾਲ

24 ਇਸਤੋਂ ਬਾਅਦ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ। 25 ਸਾਮਰਿਯਾ ਵਿੱਚ ਮਹਾਂਕਾਲ ਪੈ ਗਿਆ ਅਤੇ ਫ਼ੌਜ ਨੇ ਅੰਨ ਸ਼ਹਿਰ ਦੇ ਅੰਦਰ ਨਾ ਆਣ ਦਿੱਤਾ ਇਸ ਲਈ ਸਾਮਰਿਯਾ ਵਿੱਚ ਮਹਾਂਕਾਲ ਪੈ ਗਿਆ। ਇੱਥੋਂ ਤੱਕ ਹਾਲਤ ਬੁਰੀ ਹੋ ਗਈ ਕਿ ਇੱਕ ਖੋਤੇ ਦਾ ਸਿਰ ਵੀ ਚਾਂਦੀ ਦੇ ਅਸੀਂ ਸਿੱਕਿਆਂ ਦੇ ਤੁੱਲ ਵਿਕਦਾ ਅਤੇ ਕਬੂਤਰ (ਘੁੱਗੀ) ਦੀ ਵਿੱਠ ਦਾ ਅੱਧਾ ਸੇਰ ਚਾਂਦੀ ਦੇ ਪੰਜ ਸਿੱਕਿਆਂ ਦੀ ਵਿਕਦੀ।

26 ਇੱਕ ਦਿਨ ਜਦ ਇਸਰਾਏਲ ਦਾ ਪਾਤਸ਼ਾਹ ਸ਼ਹਿਰ ਦੀ ਕੰਧ ਉੱਪਰ ਤੁਰਿਆ ਜਾਂਦਾ ਸੀ ਤਾਂ ਇੱਕ ਔਰਤ ਨੇ ਇਹ ਕਹਿ ਕੇ ਉਸ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ! ਕਿਰਪਾ ਕਰਕੇ ਮੇਰੀ ਮਦਦ ਕਰ।

27 ਇਸਰਾਏਲ ਦੇ ਪਾਤਸ਼ਾਹ ਨੇ ਕਿਹਾ, “ਜੇ ਯਹੋਵਾਹ ਹੀ ਤੈਨੂੰ ਨਾ ਬਚਾਣਾ ਚਾਹੇ ਤਾਂ ਮੈਂ ਤੈਨੂੰ ਕਿਵੇਂ ਬਚਾ ਸੱਕਦਾ ਹਾਂ? ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਹੈ, ਨਾ ਹੀ ਖਲਵਾੜੇ ਵਿੱਚ ਅਨਾਜ ਹੈ ਤੇ ਨਾ ਹੀ ਚੁਬੱਚੇ ਵਿੱਚ ਦਾਖ ਹੈ।” 28 ਫ਼ਿਰ ਇਸਰਾਏਲ ਦੇ ਪਾਤਸ਼ਾਹ ਨੇ ਉਸ ਔਰਤ ਨੂੰ ਕਿਹਾ, “ਤੈਨੂੰ ਕੀ ਦੁੱਖ ਹੈ?”

ਉਹ ਔਰਤ ਬੋਲੀ, “ਇਸ ਔਰਤ ਨੇ ਮੈਨੂੰ ਆਖਿਆ ਕਿ ‘ਤੂੰ ਮੈਨੂੰ ਆਪਣਾ ਪੁੱਤਰ ਦੇਹ ਤਾਂ ਜੋ ਅੱਜ ਅਸੀਂ ਉਸ ਨੂੰ ਵੱਢੀਏ ਤੇ ਫ਼ਿਰ ਖਾ ਲਈਏ ਤੇ ਕੱਲ ਮੈਂ ਆਪਣਾ ਪੁੱਤਰ ਵੱਢ ਕੇ ਕੱਲ ਉਸ ਨੂੰ ਖਾ ਲਵਾਂਗੇ।’ 29 ਇਉਂ ਮੈਂ ਆਪਣਾ ਪੁੱਤਰ ਵੱਢਿਆ-ਉਬਾਲਿਆ ਤੇ ਅਸੀਂ ਖਾਧਾ। ਅਗਲੇ ਦਿਨ ਮੈਂ ਆਖਿਆ ‘ਹੁਣ ਤੂੰ ਆਪਣਾ ਪੁੱਤਰ ਦੇਹ ਤਾਂ ਜੋ ਅਸੀਂ ਉਸ ਨੂੰ ਵੀ ਵੱਢਕੇ ਖਾਈਏ’ ਪਰ ਇਸਨੇ ਇਉਂ ਕਰਨ ਤੋਂ ਪਹਿਲਾਂ ਆਪਣਾ ਪੁੱਤਰ ਕਿਤੇ ਛੁਪਾਅ ਲਿਆ ਹੈ।”

30 ਜਦੋਂ ਪਾਤਸ਼ਾਹ ਨੇ ਉਸ ਔਰਤ ਦੇ ਇਹ ਬਚਨ ਸੁਣੇ ਤਾਂ ਉਸ ਨੇ ਆਪਣੀ ਬੇਚੈਨੀ ਜ਼ਾਹਿਰ ਕਰਨ ਲਈ ਆਪਣੇ ਤਨ ਦੇ ਕੱਪੜੇ ਫ਼ਾੜ ਦਿੱਤੇ ਤੇ ਜਦੋਂ ਉਹ ਦੀਵਾਰ ਤੋਂ ਲੰਘ ਰਿਹਾ ਸੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਫ਼ਟੇ ਕੱਪੜਿਆਂ ਅੰਦਰ ਤਨ ਤੇ ਟਾਟ ਲਪੇਟਿਆਂ ਵੇਖਿਆ ਤਾਂ ਉਹ ਜਾਣ ਗਏ ਕਿ ਰਾਜਾ ਬੜਾ ਦੁੱਖ ’ਚ ਹੈ ਤੇ ਉਦਾਸ ਬੇਚੈਨ ਹੈ।

31 ਪਾਤਸ਼ਾਹ ਨੇ ਕਿਹਾ, “ਜੇ ਅੱਜ ਸ਼ਾਫ਼ਾਤ ਦੇ ਪੁੱਤਰ ਅਲੀਸ਼ਾ ਦਾ ਸਿਰ ਉਸ ਦੇ ਤਨ ਉੱਪਰੋ ਰਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸ ਵਰਗਾ ਨਹੀਂ ਸਗੋਂ ਇਸ ਤੋਂ ਵੱਧ ਬੁਰਾ ਹਸ਼ਰ ਕਰੇ।”

32 ਪਾਤਸ਼ਾਹ ਨੇ ਅਲੀਸ਼ਾ ਵੱਲ ਸੰਦੇਸ਼ਵਾਹਕ ਭੇਜਿਆ, ਉਹ ਆਪਣੇ ਘਰ ਵਿੱਚ ਬੈਠਾ ਹੋਇਆ ਸੀ ਅਤੇ ਉਸ ਨਾਲ ਬਜ਼ੁਰਗ ਬੈਠੇ ਹੋਏ ਸਨ। ਸੰਦੇਸ਼ਵਾਹਕ ਦੇ ਪਹੁੰਚਣ ਤੋਂ ਪਹਿਲਾਂ ਹੀ ਅਲੀਸ਼ਾ ਨੇ ਬਜ਼ੁਰਗਾਂ ਨੂੰ ਆਖਿਆ, “ਵੇਖੋ ਉਸ ਖੂਨੀ ਦੇ ਪੁੱਤਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਭੇਜਿਆ ਹੈ। ਵੇਖੋ ਜਦੋਂ ਉਹ ਸੰਦੇਸ਼ਵਾਹਕ ਆਵੇ ਤਾਂ ਤੁਸੀਂ ਦਰਵਾਜ਼ਾ ਬੰਦ ਕਰਕੇ ਉਸ ਨੂੰ ਧੱਕੀ ਰੱਖਣਾ। ਕਿਉਂ ਕਿ ਮੈਂ ਉਸ ਦੇ ਪਿੱਛੇ ਉਸ ਦੇ ਸੁਆਮੀ ਦੇ ਪੈਰਾਂ ਦੀ ਬਿੜਕ ਵੀ ਸੁਣ ਰਿਹਾ ਹਾਂ।”

33 ਜਦੋਂ ਅਲੀਸ਼ਾ ਅਜੇ ਆਗੂ ਬਜ਼ੁਰਗਾਂ ਨਾਲ ਗੱਲ ਕਰ ਹੀ ਰਿਹਾ ਸੀ ਤਾਂ ਸੰਦੇਸ਼ਵਾਹਕ ਉਸ ਕੋਲ ਆਇਆ ਅਤੇ ਆਖਿਆ, “ਵੇਖੋ! ਇਹ ਮੁਸੀਬਤ ਯਹੋਵਾਹ ਵੱਲੋਂ ਹੈ ਤਾਂ ਫ਼ਿਰ ਹੁਣ ਮੈਂ ਭਲਾ ਯਹੋਵਾਹ ਦੇ ਹੁਕਮ ਦੀ ਹੋਰ ਉਡੀਕ ਕਿਉਂ ਕਰਾਂ?”

ਲੂਕਾ 24:36-53

ਯਿਸੂ ਦਾ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਣਾ(A)

36 ਜਦੋਂ ਉਹ ਦੋ ਆਦਮੀ ਇਹ ਗੱਲਾਂ ਦੂਜਿਆਂ ਨੂੰ ਸੁਣਾ ਰਹੇ ਸਨ ਤਾਂ ਯਿਸੂ ਆਇਆ ਅਤੇ ਸਮੂਹ ਵਿੱਚ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।”

37 ਪਰ ਸਭ ਚੇਲੇ ਵਿਆਕੁਲ ਹੋਕੇ ਡਰ ਗਏ। ਉਹ ਇਹ ਸਮਝੇ ਕਿ ਉਹ ਕਿਸੇ ਭੂਤ ਨੂੰ ਵੇਖ ਰਹੇ ਹਨ। 38 ਪਰ ਯਿਸੂ ਨੇ ਕਿਹਾ, “ਤੁਸੀਂ ਜੋ ਵੇਖ ਰਹੇ ਹੋ ਉਸਤੇ ਸ਼ੰਕਾ ਕਿਉਂ ਕਰ ਰਹੇ ਹੋ? 39 ਵੇਖੋ! ਮੇਰੇ ਹੱਥਾਂ ਅਤੇ ਮੇਰੇ ਪੈਰਾਂ ਵੱਲ ਵੇਖੋ। ਇਹ ਮੈਂ ਹੀ ਹਾਂ, ਮੈਨੂੰ ਛੁਹਕੇ ਵੇਖੋ। ਮੈਂ ਜਿਉਂਦਾ-ਜਾਗਦਾ ਹਾਂ। ਭੂਤ ਦਾ ਸਰੀਰ ਇਵੇਂ ਦਾ ਤਾਂ ਨਹੀਂ ਹੁੰਦਾ।”

40 ਜਦੋਂ ਯਿਸੂ ਨੇ ਉਨ੍ਹਾਂ ਨੂੰ ਇਹ ਕੁਝ ਆਖਿਆ, ਉਸ ਨੇ ਇਸਦੇ ਨਾਲ ਆਪਣੇ ਹੱਥ ਅਤੇ ਪੈਰ ਵਿਖਾਏ। 41 ਚੇਲੇ ਹੈਰਾਨ ਸਨ ਅਤੇ ਯਿਸੂ ਨੂੰ ਜਿਉਂਦਾ ਵੇਖਕੇ ਅਨੰਦ ਨਾਲ ਭਰ ਗਏ। ਪਰ ਅਜੇ ਵੀ ਉਹ ਵਿਸ਼ਵਾਸ ਨਾ ਕਰ ਸੱਕੇ। ਫ਼ਿਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਇੱਥੇ ਤੁਹਾਡੇ ਕੋਲ ਖਾਣ ਲਈ ਕੁਝ ਭੋਜਨ ਹੈ?” 42 ਉਨ੍ਹਾਂ ਨੇ ਉਸ ਨੂੰ ਭੁੱਜੀ ਮੱਛੀ ਦਾ ਟੁਕੜਾ ਦਿੱਤਾ। 43 ਯਿਸੂ ਨੇ ਉਨ੍ਹਾਂ ਕੋਲੋਂ ਲੈ ਕੇ ਉਨ੍ਹਾਂ ਦੇ ਸਾਹਮਣੇ ਉਹ ਖਾ ਲਿਆ।

44 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਯਾਦ ਕਰੋ ਜਦੋਂ ਪਹਿਲਾਂ ਮੈਂ ਤੁਹਾਡੇ ਨਾਲ ਸੀ, ਮੈਂ ਤੁਹਾਨੂੰ ਕੀ ਕਿਹਾ ਸੀ ਕਿ ਮੇਰੇ ਬਾਰੇ ਜੋ ਕੁਝ ਵੀ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਪੁਸਤਕਾਂ ਵਿੱਚ ਅਤੇ ਜ਼ਬੂਰਾਂ ਦੀਆਂ ਪੋਥੀਆਂ ਵਿੱਚ ਲਿਖਿਆ ਗਿਆ ਹੈ, ਸੰਪੂਰਣ ਹੋਣਾ ਚਾਹੀਦਾ ਹੈ।”

45 ਫਿਰ ਯਿਸੂ ਨੇ ਉਨ੍ਹਾਂ ਦੇ ਮਨ ਖੋਲ੍ਹ ਦਿੱਤੇ ਤਾਂ ਜੋ ਉਹ ਪੋਥੀਆਂ ਨੂੰ ਸਮਝ ਸੱਕਣ। 46 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਹੀ ਹੈ ਜੋ ਲਿਖਿਆ ਗਿਆ ਹੈ: ਮਸੀਹ ਜ਼ਰੂਰ ਮਰੇਗਾ ਅਤੇ ਫੇਰ ਮੌਤ ਤੋਂ ਤੀਜੇ ਦਿਨ ਜੀਅ ਉੱਠੇਗਾ। 47-48 ਜੋ ਕੁਝ ਵਾਪਰਿਆ ਹੈ ਤੁਸੀਂ ਉਸ ਦੇ ਗਵਾਹ ਹੋ। ਹੁਣ ਤੁਹਾਨੂੰ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਦੱਸੋ ਕਿ ਉਹਨਾਂ ਨੂੰ ਆਪਣੇ ਪਾਪਾਂ ਲਈ ਦੁੱਖੀ ਹੋਣਾ ਹੀ ਚਾਹੀਦਾ ਹੈ। ਅਤੇ ਆਪਣੇ ਦਿਲ ਬਦਲ ਲੈਣੇ ਚਾਹੀਦੇ ਹਨ, ਤਾਂ ਹੀ ਪਰਮੇਸ਼ੁਰ ਉਨ੍ਹਾਂ ਦੇ ਪਾਪ ਮਾਫ਼ ਕਰੇਗਾ। ਤੂਹਾਨੂੰ ਇਹ ਸੰਦੇਸ਼ ਮੇਰੇ ਨਾਮ ਤੇ ਯਰੂਸ਼ਲਮ ਤੋਂ ਲੈ ਕੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਪਰਚਾਰ ਕਰਨਾ ਚਾਹੀਦਾ ਹੈ। 49 ਸੁਣੋ! ਜੋ ਮੇਰੇ ਪਿਤਾ ਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਕਿ ਮੈਂ ਤੁਹਾਨੂੰ ਭੇਜਾਂਗਾ। ਪਰ ਜਦ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਪ੍ਰਾਪਤ ਨਾ ਕਰ ਲਵੋਂ ਓਨਾ ਚਿਰ ਤੁਹਾਨੂੰ ਯਰੂਸ਼ਲਮ ਵਿੱਚ ਰਹਿਣਾ ਪਵੇਗਾ।”

ਯਿਸੂ ਦਾ ਸੁਰਗ ਨੂੰ ਪਰਤਨਾ(B)

50 ਯਦ ਯਿਸੂ ਆਪਣੇ ਚੇਲਿਆਂ ਨੂੰ ਯਰੂਸ਼ਲਮ ਤੋਂ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ। ਉਸ ਨੇ ਆਪਣੇ ਹੱਥ ਉਤਾਂਹ ਨੂੰ ਚੁੱਕੇ ਅਤੇ ਆਪਣੇ ਚੇਲਿਆਂ ਨੂੰ ਅਸੀਸ ਦਿੱਤੀ। 51 ਜਦੋਂ ਯਿਸੂ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ ਤਾਂ ਉਸ ਨੂੰ ਉਨ੍ਹਾਂ ਤੋਂ ਅਲੱਗ ਕੀਤਾ ਗਿਆ ਅਤੇ ਸੁਰਗ ਵੱਲ ਲਿਜਾਇਆ ਗਿਆ। 52 ਉਸ ਦੇ ਚੇਲੇ ਉੱਥੇ ਉਸਦੀ ਉਪਾਸਨਾ ਕਰਦੇ ਰਹੇ ਅਤੇ ਉਸਤੋਂ ਬਾਦ ਉਹ ਸ਼ਹਿਰ ਵੱਲ ਨੂੰ ਮੁੜ ਆਏ। ਉਹ ਬਹੁਤ ਖੁਸ਼ ਸਨ। 53 ਉਹ ਸਾਰੇ ਪਰਮੇਸ਼ੁਰ ਦੀ ਉਸਤਤਿ ਕਰਦੇ, ਮੰਦਰ ਵਿੱਚ ਰਹੇ।

Punjabi Bible: Easy-to-Read Version (ERV-PA)

2010 by World Bible Translation Center