Old/New Testament
ਨੇਮ ਦੇ ਸੰਦੂਕ ਨੂੰ ਵਾਪਸ ਲਿਆਉਣਾ
13 ਦਾਊਦ ਨੇ ਆਪਣੀ ਫ਼ੌਜ ਦੇ ਸਾਰੇ ਸਰਦਾਰਾਂ ਨਾਲ ਗੱਲ ਬਾਤ ਕੀਤੀ। 2 ਫ਼ਿਰ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਇੱਕ ਸਭਾ ’ਚ ਬੁਲਾ ਕੇ ਆਖਿਆ, “ਜੇਕਰ ਤੁਹਾਨੂੰ ਲੱਗੇ ਕਿ ਇਹ ਚੰਗਾ ਵਿੱਚਾਰ ਹੈ, ਅਤੇ ਜੇਕਰ ਅਜਿਹਾ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੈ ਤਾਂ ਸਾਨੂੰ ਇਸਰਾਏਲ ਵਿੱਚ ਰਹਿੰਦੇ ਸਾਰੇ ਲੋਕਾਂ, ਅਤੇ ਜਾਜਕਾਂ ਅਤੇ ਨਗਰਾਂ ਅਤੇ ਪਿੰਡਾਂ ਵਿੱਚ ਉਨ੍ਹਾਂ ਨਾਲ ਰਹਿੰਦੇ ਲੇਵੀਆਂ ਨੂੰ ਸਾਡੇ ਨਾਲ ਆ ਕੇ ਜੁੜ ਜਾਣ ਦੀ ਬੇਨਤੀ ਕਰਦਿਆਂ ਹੋਇਆਂ ਸੰਦੇਸ਼ ਦੇ ਨਾਲ ਹਲਕਾਰੇ ਭੇਜਣੇ ਚਾਹੀਦੇ ਹਨ। 3 ਚਲੋ ਅਸੀਂ ਨੇਮ ਦਾ ਸੰਦੂਕ ਯਰੂਸ਼ਲਮ ਵਿੱਚ ਵਾਪਸ ਲੈ ਕੇ ਆਈੇਏ। ਜਦੋਂ ਸ਼ਾਊਲ ਰਾਜਾ ਸੀ, ਅਸੀਂ ਨੇਮ ਦੇ ਸੰਦੂਕ ਦੀ ਦੇਖਭਾਲ ਨਹੀਂ ਕੀਤੀ।” 4 ਸਾਰੇ ਇਸਰਾਏਲੀਆਂ ਨੇ ਦਾਊਦ ਦੀ ਗੱਲ ਦੀ ਹਾਮੀ ਭਰੀ ਅਤੇ ਸਭ ਨੇ ਇਹ ਕੰਮ ਕਰਨਾ ਠੀਕ ਸਮਝਿਆ।
5 ਤਾਂ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਮਿਸਰ ਦੇ ਸ਼ੀਹੋਰ ਦਰਿਆ ਤੋਂ ਹਮਾਥ ਦੇ ਲਾਂਘੇ ਤੀਕ ਇਕੱਠਾ ਕੀਤਾ ਤਾਂ ਜੋ ਉਹ ਸਭ ਇਕੱਠੇ ਹੋ ਕੇ ਕਿਰਯਥ-ਯਾਰੀਮ ਤੋਂ ਨੇਮ ਦੇ ਸੰਦੂਕ ਨੂੰ ਵਾਪਸ ਲੈ ਕੇ ਆਉਣ। 6 ਦਾਊਦ ਅਤੇ ਉਸ ਨਾਲ ਸਾਰੇ ਇਸਰਾਏਲੀ ਯਹੂਦਾਹ ਦੇ ਬਆਲਹ ਨੂੰ ਗਏ। (ਬਆਲਹ ਕਿਰਯਥ-ਯਾਰੀਮ ਦਾ ਹੀ ਹੋਰ ਨਾਂ ਹੈ।) ਉੱਥੇ ਉਹ ਸੰਦੂਕ ਲੈਣ ਵਾਸਤੇ ਗਏ। ਨੇਮ ਦਾ ਸੰਦੂਕ ਯਹੋਵਾਹ ਪਰਮੇਸ਼ੁਰ ਦਾ ਸੰਦੂਕ ਹੈ। ਉਹ ਕਰੂਬੀ ਫ਼ਰਿਸ਼ਤਿਆਂ ਦੇ ਉੱਪਰ ਬੈਠਦਾ ਹੈ ਅਤੇ ਇਹ ਉਹ ਸੰਦੂਕ ਹੈ ਜਿਸ ਨੂੰ ਯਹੋਵਾਹ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।
7 ਲੋਕਾਂ ਨੇ ਅਬੀਨਾਦਾਬ ਦੇ ਭਵਨ ਤੋਂ ਨੇਮ ਦੇ ਸੰਦੂਕ ਨੂੰ ਹਟਾਇਆ ਅਤੇ ਉਸ ਨੂੰ ਨਵੀਂ ਗੱਡੀ ਉੱਪਰ ਰੱਖਿਆ ਜਿਸ ਨੂੰ ਉੱਜ਼ਾ ਅਤੇ ਅਹਯੋ ਚੱਲਾ ਰਹੇ ਸਨ।
8 ਦਾਊਦ ਅਤੇ ਸਾਰੇ ਇਸਰਾਏਲੀ ਪਰਮੇਸ਼ੁਰ ਦੇ ਅੱਗੇ ਪੂਰੇ ਜ਼ੋਰ ਨਾਲ ਜ਼ਸਨ ਮਨਾ ਰਹੇ ਸਨ ਪਵਿੱਤਰ ਗੀਤ ਗਾ ਰਹੇ ਸਨ ਅਤੇ ਸਿਤਾਰ, ਤੰਬੂਰਾ, ਢੋਲਕ, ਛੈਣੇ ਅਤੇ ਤੁਰ੍ਹੀਆਂ ਵਜਾ ਰਹੇ ਸਨ।
9 ਫ਼ਿਰ ਉਹ ਕੀਦੋਨ ਦੇ ਪਿੜ ਵਿੱਚ ਪਹੁੰਚੇ ਤਾਂ ਉਜ਼ਾ ਨੇ ਸੰਦੂਕ ਦੇ ਥੰਮਣ ਲਈ ਆਪਣਾ ਹੱਥ ਅਗ੍ਹਾਂ ਕੀਤਾ ਇਸ ਲਈ ਕਿਉਂਕਿ ਬਲਦਾਂ ਨੇ ਠੁੱਡਾ ਖਾਧਾ ਸੀ ਤੇ ਇਸ ਨਾਲ ਸੰਦੂਕ ਡਿੱਗਣ ਲੱਗਾ ਸੀ। 10 ਯਹੋਵਾਹ ਨੂੰ ਉੱਜ਼ਾ ਤੇ ਕ੍ਰੋਧ ਆਇਆ, ਕਿਉਂਕਿ ਉਜ਼ਾ ਨੇ ਸੰਦੂਕ ਨੂੰ ਛੂਹਿਆ ਸੀ ਇਸ ਲਈ ਪਰਮੇਸ਼ੁਰ ਨੇ ਉੱਜ਼ਾ ਨੂੰ ਮਾਰ ਸੁੱਟਿਆ। ਤੇ ਉੱਜ਼ਾ ਦੀ ਯਹੋਵਾਹ ਦੇ ਸਾਹਮਣੇ ਮੌਤ ਹੋ ਗਈ। 11 ਪਰਮੇਸ਼ੁਰ ਨੇ ਉੱਜ਼ਾ ਤੇ ਆਪਣੀ ਕਰੋਪੀ ਵਿਖਾਈ ਇਸ ਨਾਲ ਦਾਊਦ ਨੂੰ ਕਰੋਧ ਆਇਆ। ਉਨ੍ਹਾਂ ਵਕਤਾਂ ਤੋਂ ਲੈ ਕੇ ਹੁਣ ਤੀਕ ਉਸ ਥਾਂ ਨੂੰ “ਪਰਸ ਉੱਜ਼ਾ” ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।
12 ਦਾਊਦ ਉਸ ਦਿਨ ਪਰਮੇਸ਼ੁਰ ਤੋਂ ਡਰਿਆ ਅਤੇ ਉਸ ਨੇ ਆਖਿਆ, “ਮੈਂ ਨੇਮ ਦੇ ਸੰਦੂਕ ਨੂੰ ਆਪਣੇ ਕੋਲ ਨਹੀਂ ਲਿਆ ਸੱਕਦਾ!” 13 ਇਸ ਲਈ ਫ਼ਿਰ ਦਾਊਦ ਉਸ ਸੰਦੂਕ ਨੂੰ ਦਾਊਦ ਦੇ ਸ਼ਹਿਰ ਵਿੱਚ ਨਾ ਲਿਆਇਆ। ਉਸ ਨੇ ਨੇਮ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰ ਵਿੱਚ ਹੀ ਰਹਿਣ ਦਿੱਤਾ। ਓਬੇਦ-ਅਦੋਮ ਗਥ ਸ਼ਹਿਰ ਤੋਂ ਸੀ। 14 ਇਉਂ ਨੇਮ ਦਾ ਸੰਦੂਕ ਤਿੰਨ ਮਹੀਨੇ ਓਬੇਦ-ਅਦੋਮ ਦੇ ਘਰ ਵਿੱਚ ਰਿਹਾ। ਅਤੇ ਯਹੋਵਾਹ ਨੇ ਓਬੇਦ-ਅਦੋਮ, ਉਸ ਦੇ ਘਰ ਦੇ ਸਦਸਿਆਂ ਅਤੇ ਜਿਸ ਕਾਸੇ ਦਾ ਵੀ ਉਹ ਮਾਲਿਕ ਸੀ ਉਸ ਨੂੰ ਅਸੀਸ ਦਿੱਤੀ।
ਦਾਊਦ ਦਾ ਵੱਧਦਾ ਰਾਜ
14 ਹੀਰਾਮ ਸ਼ੂਰ ਦਾ ਰਾਜਾ ਸੀ ਅਤੇ ਉਸ ਨੇ ਦਾਊਦ ਕੋਲ ਹਲਕਾਰੇ ਭੇਜੇ। ਉਸ ਨੇ ਦਿਆਰ ਦੀਆਂ ਸ਼ਤੀਰਾਂ, ਸੰਗਤਰਾਸ਼ ਅਤੇ ਤਰਖਾਨ ਵੀ ਭੇਜੇ ਤਾਂ ਜੋ ਉਹ ਦਾਊਦ ਲਈ ਇੱਕ ਭਵਨ ਤਿਆਰ ਕਰ ਸੱਕਣ। 2 ਤਦ ਦਾਊਦ ਨੂੰ ਮਹਿਸੂਸ ਹੋਇਆ ਕਿ ਵਾਕਇ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਰਾਜਾ ਬਣਾਇਆ ਸੀ। ਯਹੋਵਾਹ ਨੇ ਦਾਊਦ ਦੇ ਰਾਜ ਨੂੰ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਬਣਾਇਆ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿਉਂ ਕਿ ਉਹ ਦਾਊਦ ਅਤੇ ਇਸਰਾਏਲੀਆਂ ਨੂੰ ਬਹੁਤ ਪਿਆਰ ਕਰਦਾ ਸੀ।
3 ਦਾਊਦ ਨੇ ਯਰੂਸ਼ਲਮ ਵਿੱਚ ਹੋਰ ਇਸਤ੍ਰੀਆਂ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਤੋਂ ਉਸ ਦੇ ਘਰ ਵੱਧੇਰੇ ਧੀਆਂ-ਪੁੱਤਰ ਪੈਦਾ ਹੋਏ। 4 ਯਰੂਸ਼ਲਮ ਵਿੱਚ ਦਾਊਦ ਦੇ ਜੰਮੇ ਬੱਚਿਆਂ ਦੇ ਨਾਂ ਇਸ ਪ੍ਰਕਾਰ ਹਨ: ਸ਼ੰਮੂਆ, ਸ਼ੋਬਾਬ, ਨਾਥਾਨ, ਸੁਲੇਮਾਨ, 5 ਯਿਬਹਾਰ, ਅਲੀਸ਼ੂਆ ਤੇ ਅਲਪਾਲਟ, 6 ਨੋਗਹ, ਨਫ਼ਗ ਤੇ ਯਾਫ਼ੀਆ, 7 ਅਲੀਸ਼ਾਮਾ, ਬਅਲਯਾਦਾ ਅਤੇ ਅਲੀਫ਼ਾਲਟ।
ਫ਼ਲਿਸਤੀਆਂ ਦੀ ਦਾਊਦ ਦੇ ਹੱਥੋਂ ਹਾਰ
8 ਜਦ ਫ਼ਲਿਸਤੀਆਂ ਨੇ ਸੁਣਿਆ ਕਿ ਦਾਊਦ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਬਣਨ ਲਈ ਮਸਹ ਕੀਤਾ ਗਿਆ ਹੈ, ਤਾਂ ਸਾਰੇ ਫ਼ਲਿਸਤੀ ਦਾਊਦ ਨੂੰ ਭਾਲਣ ਤੁਰ ਆਏ। ਦਾਊਦ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਫ਼ਲਿਸਤੀਆਂ ਨਾਲ ਲੜਨ ਤੇ ਉਨ੍ਹਾਂ ਦਾ ਸਾਹਮਣਾ ਕਰਨ ਬਾਹਰ ਨਿਕਲ ਆਇਆ। 9 ਫ਼ਲਿਸਤੀਆਂ ਨੇ ਰਫ਼ਾਈਮ ਦੀ ਵਾਦੀ ਵਿੱਚ ਰਹਿੰਦੇ ਲੋਕਾਂ ਤੇ ਹਮਲਾ ਕੀਤਾ ਅਤੇ ਉਨ੍ਹਾਂ ਦੀਆਂ ਵਸਤਾਂ ਲੁੱਟ ਲਈਆਂ। 10 ਦਾਊਦ ਨੇ ਪਰਮੇਸ਼ੁਰ ਤੋਂ ਪੁੱਛਿਆ, “ਕੀ ਮੈਨੂੰ ਫ਼ਲਿਸਤੀਆਂ ਦੇ ਵਿਰੁੱਧ ਲੜਨਾ ਚਾਹੀਦਾ ਹੈ? ਕੀ ਤੂੰ ਉਨ੍ਹਾਂ ਨੂੰ ਹਰਾਉਣ ਵਿੱਚ ਮੇਰੀ ਮਦਦ ਕਰੇਂਗਾ?”
ਯਹੋਵਾਹ ਨੇ ਦਾਊਦ ਨੂੰ ਜਵਾਬ ਦਿੱਤਾ, “ਜਾਹ, ਮੈਂ ਉਨ੍ਹਾਂ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਾਂਗਾ।”
11 ਤਦ ਦਾਊਦ ਅਤੇ ਉਸ ਦੇ ਆਦਮੀ ਬਅਲ ਪਰਾਸੀਮ ਤਾਈਂ ਗਏ। ਉੱਥੇ, ਉਸ ਨੇ ਅਤੇ ਉਸ ਦੇ ਆਦਮੀਆਂ ਨੇ ਫ਼ਲਿਸਤੀਆਂ ਨੂੰ ਹਾਰ ਦਿੱਤੀ। ਤਾਂ ਦਾਊਦ ਨੇ ਆਖਿਆ, “ਜਿਵੇਂ ਕਿ ਟੁੱਟੇ ਹੋਏ ਬੰਨ੍ਹ ਵਿੱਚੋਂ ਪਾਣੀ ਫ਼ਟ ਪੈਂਦਾ ਹੈ, ਪਰਮੇਸ਼ੁਰ ਮੇਰੇ ਰਾਹੀਂ ਮੇਰੇ ਦੁਸਮਣਾਂ ਤੇ ਫ਼ਟ ਪਿਆ ਹੈ।” ਇਸੇ ਕਾਰਣ ਉਸ ਥਾਂ ਦਾ ਨਾਂ ਬਅਲ ਪਰਾਸੀਮ ਰੱਖਿਆ ਗਿਆ। 12 ਫ਼ਲਿਸਤੀ ਲੋਕ ਆਪਣੇ ਦੇਵਤਿਆਂ ਦੇ ਬੁੱਤ ਬਅਲ ਪਰਾਸੀਮ ’ਚ ਹੀ ਛੱਡ ਗਏ, ਤਾਂ ਦਾਊਦ ਨੇ ਉਨ੍ਹਾਂ ਬੁੱਤਾਂ ਨੂੰ ਅੱਗ ਵਿੱਚ ਸਾੜਨ ਦਾ ਹੁਕਮ ਦਿੱਤਾ।
ਫ਼ਲਿਸਤੀਆਂ ਉੱਪਰ ਇੱਕ ਹੋਰ ਜਿੱਤ
13 ਫ਼ਲਿਸਤੀਆਂ ਨੇ ਰਫ਼ਾਈਮ ਦੀ ਵਾਦੀ ਵਿੱਚ ਇੱਕ ਵਾਰ ਫ਼ੇਰ ਹਮਲਾ ਕੀਤਾ। 14 ਦਾਊਦ ਨੇ ਮੁੜ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਅਤੇ ਆਖਿਆ, “ਦਾਊਦ, ਇਸ ਵਾਰ, ਪਹਾੜੀਆਂ ਤਾਈਂ ਉਨ੍ਹਾਂ ਦਾ ਪਿੱਛਾ ਨਾ ਕਰੀਂ, ਪਰ ਉਨ੍ਹਾਂ ਦੇ ਦੁਆਲੇ ਮੈਂਹਦੀ ਦੇ ਦ੍ਰੱਖਤਾਂ ਦੇ ਪਿੱਛੇ ਲੁਕ ਜਾਵੀਂ। 15 ਇੱਕ ਦਰਬਾਨ ਨੂੰ ਮੈਂਹਦੀ ਦੇ ਦ੍ਰੱਖਤਾਂ ਉੱਤੇ ਚੜ੍ਹਨ ਲਈ ਆਖੀਂ। ਜਦੋਂ ਹੀ ਉਹ ਉਨ੍ਹਾਂ ਨੂੰ ਕੂਚ ਕਰਦਿਆਂ ਸੁਣੇ, ਤੈਨੂੰ ਉਨ੍ਹਾਂ ਤੇ ਹਮਲਾ ਕਰ ਦੇਣਾ ਚਾਹੀਦਾ ਹੈ। ਮੈਂ ਤੇਰੇ ਅਗਾਂਹ ਹੋਵਾਂਗਾ ਅਤੇ ਫ਼ਲਿਸਤੀ ਫ਼ੌਜ ਨੂੰ ਹਰਾ ਦੇਵਾਂਗਾ।” 16 ਦਾਊਦ ਨੇ ਉਵੇਂ ਹੀ ਕੀਤਾ ਜਿਵੇਂ ਪਰਮੇਸ਼ੁਰ ਨੇ ਆਖਿਆ। ਇਉਂ ਦਾਊਦ ਅਤੇ ਉਸਦੀ ਸੈਨਾ ਨੇ ਫ਼ਲਿਸਤੀ ਸੈਨਾ ਨੂੰ ਹਾਰ ਦਿੱਤੀ। ਉਨ੍ਹਾਂ ਨੇ ਫ਼ਲਿਸਤੀਆਂ ਦੇ ਦਲ ਨੂੰ ਗਿਬਓਨ ਤੋਂ ਲੈ ਕੇ ਗਜ਼ਰ ਤੀਕ ਸਾਰਿਆਂ ਨੂੰ ਵੱਢ ਸੁੱਟਿਆ। 17 ਇਉਂ ਦਾਊਦ ਸਾਰੇ ਦੇਸ਼ਾਂ ਵਿੱਚ ਪ੍ਰਸਿੱਧ ਹੋ ਗਿਆ ਅਤੇ ਯਹੋਵਾਹ ਨੇ ਸਾਰੀਆਂ ਕੌਮਾਂ ਤੇ ਉਸਦਾ ਡਰ ਪਾ ਦਿੱਤਾ।
ਨੇਮ ਦਾ ਸੰਦੂਕ ਯਰੂਸ਼ਲਮ ਵਿੱਚ
15 ਦਾਊਦ ਨੇ ਆਪਣੇ ਰਹਿਣ ਲਈ ਦਾਊਦ ਦੇ ਸ਼ਹਿਰ ਵਿੱਚ ਘਰ ਉਸਾਰੇ। ਫ਼ਿਰ ਉਸ ਨੇ ਨੇਮ ਦੇ ਸੰਦੂਕ ਨੂੰ ਰੱਖਣ ਲਈ ਜਗ੍ਹਾ ਬਣਵਾਈ ਜਿਸ ਲਈ ਉਸ ਨੇ ਤੰਬੂ ਖੜ੍ਹਾ ਕੀਤਾ। 2 ਫ਼ਿਰ ਦਾਊਦ ਨੇ ਕਿਹਾ, “ਸਿਰਫ਼ ਲੇਵੀਆਂ ਨੂੰ ਹੀ ਨੇਮ ਦਾ ਸੰਦੂਕ ਚੁੱਕਣ ਦੀ ਇਜਾਜ਼ਤ ਹੈ। ਯਹੋਵਾਹ ਨੇ ਨੇਮ ਦੇ ਸੰਦੂਕ ਨੂੰ ਚੁੱਕਣ ਅਤੇ ਹਮੇਸ਼ਾ ਲਈ ਉਸਦੀ ਸੇਵਾ ਕਰਨ ਲਈ ਲੇਵੀਆਂ ਨੂੰ ਚੁਣਿਆ ਹੈ।”
3 ਤਦ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਸੱਦਿਆ। ਜਦ ਕਿ ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਉਸ ਥਾਂ ਤੀਕ ਚੁੱਕਿਆ ਜਿਹੜੀ ਦਾਊਦ ਨੇ ਉਸ ਲਈ ਬਣਵਾਈ ਸੀ। 4 ਦਾਊਦ ਨੇ ਹਾਰੂਨ ਦੇ ਉੱਤਰਾਧਿਕਾਰੀ ਨੂੰ ਅਤੇ ਲੇਵੀਆਂ ਨੂੰ ਇਕੱਠਾ ਕੀਤਾ।
5 ਕਹਾਥੀਆਂ ਦੇ ਪਰਿਵਾਰ-ਸਮੂਹ ਵਿੱਚੋਂ 120 ਮਨੁੱਖ ਸਨ ਅਤੇ ਊਰੀਏਲ ਉਨ੍ਹਾਂ ਦਾ ਆਗੂ ਸੀ।
6 ਮਰਾਰੀ ਪਰਿਵਾਰ-ਸਮੂਹ ਵਿੱਚੋਂ 220 ਮਨੁੱਖ ਸਨ ਅਸਾਯਾਹ ਉਨ੍ਹਾਂ ਦਾ ਆਗੂ ਸੀ।
7 ਗੇਰਸ਼ੋਮੀਆਂ ਦੇ ਘਰਾਣੇ ਵਿੱਚ 130 ਮਨੁੱਖ ਸਨ ਅਤੇ ਯੋਏਲ ਉਨ੍ਹਾਂ ਦਾ ਆਗੂ ਸੀ।
8 ਅਲੀਸਾਫ਼ਾਨ ਦੇ ਪਰਿਵਾਰ-ਸਮੂਹ ਚੋ 200 ਮਨੁੱਖ ਸਨ ਅਤੇ ਸ਼ਮਅਯਾਹ ਉਨ੍ਹਾਂ ਦਾ ਆਗੂ ਸੀ।
9 ਹਬਰੋਨ ਦੇ ਘਰਾਣੇ ਵਿੱਚੋਂ 80 ਮਨੁੱਖ ਸਨ, ਜਿਨ੍ਹਾਂ ਦਾ ਸਰਦਾਰ ਅਲੀਏਲ ਸੀ।
10 ਉਜ਼ੀਏਲ ਦੇ ਪਰਿਵਾਰ-ਸਮੂਹ ਵਿੱਚੋਂ 112 ਮਨੁੱਖ ਸਨ ਅਤੇ ਅਮੀਨਾਦਾਬ ਉਨ੍ਹਾਂ ਦਾ ਸਰਦਾਰ ਸੀ।
ਦਾਊਦ ਦੀ ਜਾਜਕਾਂ ਅਤੇ ਲੇਵੀਆਂ ਨਾਲ ਗੱਲ-ਬਾਤ
11 ਤਦ ਦਾਊਦ ਨੇ ਸਾਦੋਕ ਅਤੇ ਅਬਯਾਥਾਰ ਜਾਜਕ ਨੂੰ ਆਪਣੇ ਕੋਲ ਬੁਲਾਇਆ। ਦਾਊਦ ਨੇ ਊਰੀਏਲ, ਅਸਾਯਾਹ, ਯੋਏਲ, ਸ਼ਮਅਯਾਹ, ਅਲੀਏਲ ਅਤੇ ਅੰਮੀਨਾਦਾਬ ਲੇਵੀਆਂ ਨੂੰ ਵੀ ਆਪਣੇ ਕੋਲ ਸੱਦਿਆ। 12 ਦਾਊਦ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਲੇਵੀ ਪਰਿਵਾਰ-ਸਮੂਹ ਦੇ ਆਗੂ ਹੋ, ਤੁਹਾਨੂੰ ਅਤੇ ਬਾਕੀ ਲੇਵੀਆਂ ਨੂੰ ਆਪਣੇ-ਆਪ ਨੂੰ ਪਵਿੱਤਰ ਕਰਨਾ ਚਾਹੀਦਾ ਹੈ, ਫ਼ੇਰ ਜਿਹੜੀ ਜਗ੍ਹਾ ਮੈਂ ਨੇਮ ਦੇ ਸੰਦੂਕ ਲਈ ਬਣਾਈ ਹੈ, ਸੰਦੂਕ ਨੂੰ ਉੱਥੇ ਲੈ ਕੇ ਆਓ। 13 ਪਿੱਛਲੀ ਵਾਰੀ, ਕਿਉਂ ਜੋ ਅਸੀਂ ਯਹੋਵਾਹ ਨੂੰ ਨੇਮ ਦੇ ਸੰਦੂਕ ਨੂੰ ਚੁੱਕਣ ਦੀ ਵਿਧੀ ਨਹੀਂ ਪੁੱਛੀ ਸੀ, ਯਹੋਵਾਹ ਨੇ ਸਾਨੂੰ ਦੰਡ ਦਿੱਤਾ ਸੀ।”
14 ਤਦ ਫ਼ਿਰ ਜਾਜਕਾਂ ਅਤੇ ਲੇਵੀਆਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਲਈ ਆਪਣੇ-ਆਪ ਨੂੰ ਪਵਿੱਤਰ ਕੀਤਾ। 15 ਤਾਂ ਲੇਵੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਚੋਬਾਂ ਨਾਲ ਆਪਣੇ ਮੋਢਿਆਂ ਤੇ ਚੁੱਕਿਆ ਜਿਵੇਂ ਕਿ ਮੂਸਾ ਨੇ ਯਹੋਵਾਹ ਦੇ ਬਚਨਾਂ ਮੁਤਾਬਕ ਆਗਿਆ ਦਿੱਤੀ ਸੀ। ਉਨ੍ਹਾਂ ਨੇ ਯਹੋਵਾਹ ਦੀ ਆਗਿਆ ਅਨੁਸਾਰ ਉਸ ਸੰਦੂਕ ਨੂੰ ਚੁੱਕਿਆ।
ਗਵੈਯੇ
16 ਦਾਊਦ ਨੇ ਲੇਵੀ ਆਗੂਆਂ ਨੂੰ ਉਨ੍ਹਾਂ ਦੇ ਗਵੈਯੇ ਭਾਈਆਂ ਨੂੰ ਸੱਦਣ ਲਈ ਆਖਿਆ ਤਾਂ ਜੋ ਉਹ ਆਪਣੀਆਂ ਸਿਤਾਰਾਂ, ਤੰਬੂਰੇ ਅਤੇ ਮਜੀਰੇ ਵਜਾਉਂਦੇ ਹੋਏ ਖੁਸ਼ੀ ਦੇ ਆਨੰਦਮਈ ਗਾਨ ਗਾਉਣ।
17 ਤਦ ਲੇਵੀ ਹੇਮਾਨ ਅਤੇ ਉਸ ਦੇ ਭਰਾ ਨੂੰ ਲੈ ਕੇ ਆਏ ਜੋ ਕਿ ਆਸਾਫ਼ ਅਤੇ ਯੇਥਾਨ ਸਨ। ਹੇਮਾਨ ਯੋਏਲ ਦਾ ਪੁੱਤਰ ਸੀ ਅਤੇ ਆਸਾਫ਼ ਬਰਕਯਾਹ ਦਾ ਪੁੱਤਰ ਸੀ। ਅਤੇ ਯੇਥਾਨ ਕੂਸ਼ਾਯਾਹ ਦਾ ਪੁੱਤਰ ਸੀ। ਇਹ ਸਾਰੇ ਮਨੁੱਖ ਮਰਾਰੀ ਪਰਿਵਾਰ-ਸਮੂਹ ਵਿੱਚੋਂ ਸਨ। 18 ਉੱਥੇ ਲੇਵੀਆਂ ਦਾ ਇੱਕ ਹੋਰ ਦਲ ਵੀ ਸੀ। ਜਿਨ੍ਹਾਂ ਦੇ ਨਾਉਂ ਇਸ ਤਰ੍ਹਾਂ ਸਨ: ਜ਼ਕਰਯਾਹ, ਬੇਨ, ਯਅਜ਼ੀਏਲ, ਸ਼ਮੀਰਾਂ ਮੋਥ, ਯਹੀਏਲ, ਉੱਨੀ, ਅਲੀਆਬ, ਬਨਾਯਾਹ, ਮਅਸੇਯਾਹ, ਮਤਿੱਥਯਾਹ, ਅਲੀਫ਼ਲੇਹੂ, ਮਿਕਨੇਯਾਹ, ਓਬੇਦ-ਅਦੋਮ ਅਤੇ ਯਈੇਏਲ। ਇਹ ਦੂਜੇ ਦਰਜੇ ਦੇ ਮਨੁੱਖ ਲੇਵੀ ਦਰਬਾਨ ਸਨ।
19 ਹੇਮਾਨ, ਆਸਾਫ਼ ਅਤੇ ਏਥਾਨ ਗਵੈਯੇ ਪਿੱਤਲ ਦੇ ਛੈਣੇ ਵਜਾਉਂਦੇ ਸਨ। 20 ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਮਅਸੇਯਾਹ ਤੇ ਬਨਾਯਾਹ ਅਲਾਮੋਥ ਸੁਰ ਉੱਤੇ ਸਿਤਾਰਾਂ ਵਜਾਉਂਦੇ ਸਨ। 21 ਮਤਿੱਥਯਾਹ, ਅਲੀਫ਼ਲੇਹੂ, ਮਿਕਨੇਯਾਹ, ਓਬੇਦ-ਅਦੋਮ, ਯਈੇਏਲ, ਅਤੇ ਅਜ਼ਜ਼ਯਾਹ ਸ਼ਮੀਨੀਥ, ਸਾਰੰਗੀ ਵਜਾਉਂਦੇ ਸਨ ਅਤੇ ਗਵੈਯਾਂ ਦੀ ਆਗਵਾਈ ਕਰਦੇ ਸਨ। 22 ਲੇਵੀਆਂ ਦਾ ਸਰਦਾਰ ਕਨਨਯਾਹ ਇਨ੍ਹਾਂ ਗਵੈਯਾਂ ਦਾ ਸਰਦਾਰ ਸੀ ਕਨਨਯਾਹ ਨੂੰ ਇਹ ਕੰਮ ਇਸ ਲਈ ਸੌਂਪਿਆ ਗਿਆ ਕਿਉਂ ਕਿ ਉਹ ਗਾਉਣ ਵਿੱਚ ਬਹੁਤ ਪ੍ਰਵੀਣ ਸੀ।
23 ਬਰਕਯਾਹ ਅਤੇ ਅਲਕਾਨਾਹ ਨੇਮ ਦੇ ਸੰਦੂਕ ਦੀ ਰੱਖਵਾਲੀ ਲਈ ਦਰਬਾਨ ਸਨ। 24 ਜਾਜਕ ਸ਼ਬਨਯਾਹ, ਯੋਸ਼ਾਫ਼ਾਟ, ਨਥਨਏਲ, ਅਮਾਸਈ, ਜ਼ਕਰਯਾਹ, ਬਨਾਯਾਹ ਤੇ ਅਲੀਅਜ਼ਰ ਦਾ ਕੰਮ ਨੇਮ ਦੇ ਸੰਦੂਕ ਦੇ ਅੱਗੇ-ਅੱਗੇ ਚਲਦੇ ਤੁਰ੍ਹੀਆਂ ਵਜਾਉਣ ਦਾ ਸੀ। ਓਬੇਦ-ਅਦੋਮ ਅਤੇ ਯਿਰਯਾਹ ਦੇ ਨੇਮ ਦੇ ਸੰਦੂਕ ਲਈ ਹੋਰ ਦਰਬਾਨ ਸਨ।
25 ਦਾਊਦ ਅਤੇ ਇਸਰਾਏਲ ਦੇ ਬਜ਼ੁਰਗ ਅਤੇ ਫ਼ੌਜ ਦੇ ਸਰਦਾਰ ਜਾਕੇ ਓਬੇਦ-ਅਦੋਮ ਦੇ ਘਰੋ ਪਵਿੱਤਰ ਸੰਦੂਕ ਨੂੰ ਲੈ ਆਏ। ਸਾਰੇ ਲੋਕ ਬੜੇ ਖੁਸ਼ ਸਨ। 26 ਪਰਮੇਸ਼ੁਰ ਨੇ ਉਨ੍ਹਾਂ ਲੇਵੀਆਂ ਦੀ ਮਦਦ ਕੀਤੀ, ਜਿਨ੍ਹਾਂ ਨੇ ਨੇਮ ਦਾ ਸੰਦੂਕ ਚੁੱਕਿਆ ਹੋਇਆ ਸੀ। ਉਨ੍ਹਾਂ ਨੇ ਸੱਤ ਬਲਦ ਅਤੇ ਸੱਤ ਭੇਡੂ ਬਲੀ ਚੜ੍ਹਾਏ। 27 ਉਹ ਸਾਰੇ ਲੇਵੀ ਜਿਨ੍ਹਾਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ, ਉਨ੍ਹਾਂ ਨੇ ਮਹੀਨ ਲਿਨਨ ਦੇ ਚੋਲੇ ਪਾਏ ਹੋਏ ਸਨ। ਕਨਨਯਾਹ, ਸੰਗੀਤ ਦੇ ਇੰਚਾਰਜਾਂ ਨੇ, ਅਤੇ ਹੋਰ ਸਾਰੇ ਸੰਗੀਤਕਾਰਾਂ ਨੇ ਵੀ ਮਹੀਨ ਲਿਨਨ ਦੇ ਚੋਲੇ ਪਏ ਹੋਏ ਸਨ। ਦਾਊਦ ਨੇ ਇੱਕ ਚੋਲਾ ਅਤੇ ਇੱਕ ਮਹੀਨ ਲਿਨਨ ਦਾ ਏਫੋਦ ਪਾਇਆ ਹੋਇਆ ਸੀ।
28 ਇਉਂ ਸਾਰੇ ਇਸਰਾਏਲੀ ਮਿਲ ਕੇ ਨੇਮ ਦੇ ਸੰਦੂਕ ਨੂੰ ਲੈ ਕੇ ਆਏ। ਉਨ੍ਹਾਂ ਨੇ ਜਸ਼ਨ ਮਨਾਇਆ ਅਤੇ ਸਾਜ ਵਜਾਏ। ਉਨ੍ਹਾਂ ਨੇ ਰੌਲਾ ਪਾਇਆ ਅਤੇ ਭੇਡੂ ਦੇ ਸਿੰਗ, ਤੁਰ੍ਹੀਆਂ ਵਜਾਈਆਂ ਅਤੇ ਮਜੀਰੇ, ਸਿਤਾਰਾਂ ਅਤੇ ਸਾਰੰਗੀਆਂ ਵਰਗੇ ਸਾਜ ਵਜਾਏ।
29 ਜਦੋਂ ਨੇਮ ਦਾ ਸੰਦੂਕ ਦਾਊਦ ਦੇ ਸ਼ਹਿਰ ਪਹੁੰਚਿਆ, ਸ਼ਾਊਲ ਦੀ ਧੀ ਮੀਕਲ ਨੇ ਖਿੜਕੀ ਵਿੱਚੋਂ ਬਾਹਰ ਵੇਖਿਆ। ਜਦੋਂ ਉਸ ਨੇ ਉਸ ਦੇ ਇਰਦ-ਗਿਰਦ ਦਾਊਦ ਨੂੰ ਨੱਚਦਿਆਂ ਵੇਖਿਆ, ਉਸਨੇ ਸੋਚਿਆ ਉਹ ਮੂਰੱਖਾਂ ਵਾਂਗ ਵਿਖਾਵਾ ਕਰ ਰਿਹਾ ਸੀ।
ਯਿਸੂ ਅਤੇ ਉਸ ਦੇ ਭਰਾ
7 ਇਸ ਤੋਂ ਬਾਦ ਯਿਸੂ ਨੇ ਗਲੀਲ ਦੇ ਪ੍ਰਾਂਤ ਵਿੱਚ ਯਾਤਰਾ ਕੀਤੀ। ਉਹ ਯਹੂਦਿਯਾ ਵਿੱਚ ਯਾਤਰਾ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਉਸ ਇਲਾਕੇ ਦੇ ਯਹੂਦੀਂ ਉਸ ਨੂੰ ਮਾਰਨਾ ਚਾਹੁੰਦੇ ਸਨ। 2 ਯਹੂਦੀਆਂ ਲਈ ਡੇਰਿਆਂ ਦੇ ਪੁਰਬ [a] ਦਾ ਸਮਾਂ ਨੇੜੇ ਆ ਰਿਹਾ ਸੀ। 3 ਇਸ ਲਈ ਯਿਸੂ ਦੇ ਭਰਾਵਾਂ ਨੇ ਉਸ ਨੂੰ ਆਖਿਆ, “ਹੁਣ ਤੂੰ ਵਿਦਾ ਹੋ ਅਤੇ ਯਹੂਦਿਯਾ ਨੂੰ ਜਾ ਤਾਂ ਜੋ ਜਿਹੜੇ ਕਰਿਸ਼ਮੇ ਤੂੰ ਕਰਦਾ ਹੈਂ ਉੱਥੇ ਤੇਰੇ ਚੇਲੇ ਵੇਖ ਸੱਕਣ, 4 ਜੇਕਰ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਜਾਨਣ ਤਾਂ ਉਸ ਮਨੁੱਖ ਨੂੰ ਲੋਕਾਂ ਕੋਲੋਂ ਕੁਝ ਛੁਪਾਉਣਾ ਨਹੀਂ ਚਾਹੀਦਾ। ਉਸ ਨੂੰ ਆਪਣੇ ਆਪ ਨੂੰ ਦੁਨੀਆਂ ਨੂੰ ਵਿਖਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਵੀ ਵੇਖਣ ਦੇ ਜਿਹੜੇ ਅਨੋਖੇ ਕੰਮ ਤੂੰ ਕਰਦਾ ਹੈਂ।” 5 ਯਿਸੂ ਦੇ ਭਰਾਵਾਂ ਨੇ ਵੀ ਉਸ ਵਿੱਚ ਵਿਸ਼ਵਾਸ ਨਹੀਂ ਕੀਤਾ।
6 ਯਿਸੂ ਨੇ ਆਪਣੇ ਭਰਾਵਾਂ ਨੂੰ ਕਿਹਾ, “ਹਾਲੇ ਮੇਰੇ ਲਈ ਸਹੀ ਸਮਾਂ ਨਹੀਂ ਆਇਆ ਹੈ ਪਰ ਤੁਹਾਡੇ ਲਈ ਕੋਈ ਵੀ ਸਮਾਂ ਠੀਕ ਹੈ। 7 ਦੁਨੀਆਂ ਤੁਹਾਡੇ ਨਾਲ ਨਫ਼ਰਤ ਨਹੀਂ ਕਰ ਸੱਕਦੀ। ਪਰ ਇਹ ਮੇਰੇ ਨਾਲ ਨਫ਼ਰਤ ਕਰਦੀ ਹੈ। ਕਿਉਂਕਿ ਮੈਂ ਦੁਨੀਆਂ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਉਹ ਭੈੜੇ ਕੰਮ ਕਰਦੇ ਹਨ। 8 ਇਸ ਲਈ ਤਿਉਹਾਰ ਤੇ ਤੁਸੀਂ ਜਾਵੋ। ਇਸ ਵਾਰ ਮੈਂ ਤਿਉਹਾਰ ਤੇ ਨਹੀਂ ਜਾਵਾਂਗਾ। ਮੇਰੇ ਲਈ ਅਜੇ ਸਹੀ ਵਕਤ ਨਹੀਂ ਆਇਆ।” 9 ਇਹ ਆਖਣ ਤੋਂ ਬਾਦ ਯਿਸੂ ਗਲੀਲ ਵਿੱਚ ਹੀ ਠਹਿਰਿਆ।
10 ਇਸ ਲਈ ਯਿਸੂ ਦੇ ਭਰਾ ਤਿਉਹਾਰ ਤੇ ਚੱਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਦ, ਯਿਸੂ ਵੀ ਚੱਲਿਆ ਗਿਆ। ਪਰ ਉਹ ਲੋਕਾਂ ਸਾਹਮਣੇ ਨਹੀਂ ਸਗੋਂ ਗੁਪਤ ਤੌਰ ਤੇ ਗਿਆ। 11 ਉੱਥੇ ਯਹੂਦੀ ਤਿਉਹਾਰ ਦੇ ਇਕੱਠ ਵਿੱਚ ਯਿਸੂ ਨੂੰ ਲੱਭਣ ਲੱਗੇ ਅਤੇ ਆਖਿਆ, “ਉਹ ਕਿੱਥੇ ਹੈ?”
12 ਉੱਥੇ ਬੜੀ ਭੀੜ ਇੱਕਤਰ ਸੀ, ਕੁਝ ਲੋਕ ਆਪਸ ਵਿੱਚ ਗੁਪਤ ਤੌਰ ਤੇ ਯਿਸੂ ਦੇ ਬਾਰੇ ਗੱਲਾਂ ਕਰ ਰਹੇ ਸਨ ਅਤੇ ਕੁਝ ਆਖ ਰਹੇ ਸਨ, “ਉਹ ਇੱਕ ਚੰਗਾ ਮਨੁੱਖ ਹੈ।” ਕੁਝ ਨੇ ਕਿਹਾ, “ਨਹੀਂ, ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।” 13 ਪਰ ਇੰਨਾ ਬਹਾਦੁਰ ਉਨ੍ਹਾਂ ਵਿੱਚ ਕੋਈ ਵੀ ਨਹੀਂ ਸੀ ਜੋ ਖੁਲ੍ਹੇ ਆਮ ਉਸ ਬਾਰੇ ਗੱਲ ਕਰਦਾ ਕਿਉਂਕਿ ਲੋਕ ਯਹੂਦੀ ਆਗੂਆਂ ਤੋਂ ਸਹਿਮੇ ਹੋਏ ਸਨ।
ਯਿਸੂ ਦਾ ਯਰੂਸ਼ਲਮ ਵਿੱਚ ਉਪਦੇਸ਼
14 ਤਕਰੀਬਨ ਅੱਧਾ ਕੁ ਤਿਉਹਾਰ ਸਮਾਪਤ ਹੋ ਚੁੱਕਾ ਸੀ। ਯਿਸੂ ਮੰਦਰ ਅੰਦਰ ਗਿਆ ਅਤੇ ਉਸ ਥਾਂ ਤੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। 15 ਯਹੂਦੀ ਹੈਰਾਨ ਸਨ ਅਤੇ ਆਖਿਆ, “ਇਹ ਮਨੁੱਖ ਕਦੇ ਵੀ ਪਾਠਸ਼ਾਲਾ ਨਹੀਂ ਗਿਆ। ਉਹ ਇਹ ਸਭ ਕਿਵੇਂ ਸਿੱਖਿਆ?”
16 ਯਿਸੂ ਨੇ ਜਵਾਬ ਦਿੱਤਾ “ਜੋ ਉਪਦੇਸ਼ ਮੈਂ ਦਿੰਦਾ ਹਾਂ, ਮੇਰੇ ਆਪਣੇ ਉਪਦੇਸ਼ ਨਹੀਂ ਹਨ, ਸਗੋਂ ਉਸਤੋਂ ਆਉਂਦੇ ਹਨ ਜਿਸਨੇ ਮੈਨੂੰ ਭੇਜਿਆ ਹੈ। 17 ਜੇਕਰ ਕੋਈ ਪਰਮੇਸ਼ੁਰ ਦੀ ਮਰਜੀ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਉਪਦੇਸ਼ਾਂ ਬਾਰੇ ਸਮਝੇਗਾ ਕਿ ਕੀ ਮੇਰੀਆਂ ਸਿੱਖਿਆਵਾਂ ਪਰਮੇਸ਼ੁਰ ਵੱਲੋਂ ਹਨ ਜਾਂ ਮੇਰੀਆਂ ਆਪਣੀਆਂ। 18 ਕੋਈ ਵੀ ਜੋ ਆਪਣੇ ਵਿੱਚਾਰਾਂ ਦਾ ਪ੍ਰਚਾਰ ਕਰਦਾ ਹੈ, ਆਪਣੇ-ਆਪ ਨੂੰ ਮਸ਼ਹੂਰ ਕਰਨ ਲਈ ਕਰਦਾ ਹੈ। ਪਰ ਉਹ ਇੱਕ ਜਿਹੜਾ, ਉਸ ਨੂੰ ਮਸ਼ਹੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸਨੇ ਉਸ ਨੂੰ ਭੇਜਿਆ ਸੱਚਾ ਹੈ ਅਤੇ ਉਸ ਵਿੱਚ ਕੋਈ ਗਲਤੀ ਨਹੀਂ ਹੈ। 19 ਕੀ ਮੂਸਾ ਨੇ ਤੁਹਾਨੂੰ ਸ਼ਰ੍ਹਾ ਨਹੀਂ ਦਿੱਤੀ ਪਰ ਤੁਹਾਡੇ ਵਿੱਚੋਂ ਕੋਈ ਵੀ ਨੇਮ ਨੂੰ ਨਹੀਂ ਮੰਨਦਾ! ਤੁਸੀਂ ਮੈਨੂੰ ਮਾਰ ਸੁੱਟਣ ਦੇ ਮਗਰ ਕਿਉਂ ਪਏ ਹੋਏ ਹੋ?”
20 ਲੋਕਾਂ ਨੇ ਜਵਾਬ ਦਿੱਤਾ, “ਤੇਰੇ ਅੰਦਰ ਭੂਤ ਹੈ ਜੋ ਤੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ?”
21 ਯਿਸੂ ਨੇ ਜਵਾਬ ਦਿੱਤਾ, “ਮੈਂ ਇੱਕ ਕਰਿਸ਼ਮਾ ਕੀਤਾ ਤੇ ਤੁਸੀਂ ਸਾਰੇ ਹੈਰਾਨ ਹੋ। 22 ਮੂਸਾ ਨੇ ਤੁਹਾਨੂੰ ਸੁੰਨਤ ਬਾਰੇ ਸ਼ਰ੍ਹਾ ਦਿੱਤੀ। ਭਾਵੇਂ ਸੁੰਨਤ ਮੂਸਾ ਤੋਂ ਨਹੀਂ ਆਈ, ਇਹ ਸਾਡੇ ਪਿਉ-ਦਾਦਿਆਂ ਤੋਂ ਆਈ ਹੈ ਜੋ ਮੂਸਾ ਤੋਂ ਪਹਿਲਾਂ ਸਨ। ਇਸ ਲਈ ਕਈ ਵਾਰ ਤੁਸੀਂ ਸਬਤ ਦੇ ਦਿਨ ਵੀ ਸੁੰਨਤ ਕਰਦੇ ਹੋ। 23 ਇਸ ਲਈ ਸ਼ਰ੍ਹਾ ਦੀ ਪਾਲਣਾ ਲਈ ਕਿਸੇ ਵੀ ਵਿਅਕਤੀ ਦੀ ਸੁੰਨਤ, ਸਬਤ ਦੇ ਦਿਨ ਵੀ, ਹੋ ਸੱਕਦੀ ਹੈ। ਤਾਂ ਫ਼ੇਰ ਤੁਸੀਂ ਗੁੱਸੇ ਕਿਉਂ ਹੁੰਦੇ ਹੋ ਕਿ ਮੈਂ ਵਿਅਕਤੀ ਦੇ ਪੂਰੇ ਸਰੀਰ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ? 24 ਕਿਸੇ ਚੀਜ਼ ਦੇ ਬਾਹਰੀ ਸੂਰਤ ਦੇ ਆਧਾਰ ਤੇ ਨਿਆਂ ਨਾਂ ਕਰੋ ਬਲਕਿ ਜੋ ਠੀਕ ਹੈ ਉਸ ਦੇ ਅਧਾਰ ਤੇ ਨਿਆਂ ਕਰੋ।”
ਲੋਕ ਹੈਰਾਨ ਸਨ ਕਿ ਕੀ ਯਿਸੂ ਹੀ ਮਸੀਹ ਸੀ
25 ਕੁਝ ਲੋਕ ਜੋ ਯਰੂਸ਼ਲਮ ਦੇ ਰਹਿਣ ਵਾਲੇ ਸਨ ਉਨ੍ਹਾਂ ਨੇ ਕਿਹਾ, “ਇਹ ਉਹੀ ਮਨੁੱਖ ਹੋ ਸੱਕਦਾ ਹੈ ਜਿਸ ਨੂੰ ਆਗੂ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। 26 ਪਰ ਉਹ ਖੁਲ੍ਹੇ-ਆਮ ਉਪਦੇਸ਼ ਦੇ ਰਿਹਾ ਹੈ ਅਤੇ ਉਸ ਨੂੰ ਕੋਈ ਉਪਦੇਸ਼ ਦੇਣ ਤੋਂ ਨਹੀਂ ਰੋਕ ਰਿਹਾ। ਸੰਭਵ ਹੈ, ਕਿ ਆਗੂਆਂ ਨੇ ਉਸ ਨੂੰ ਮਸੀਹ ਮੰਨ ਲਿਆ ਹੋਵੇ। 27 ਪਰ ਅਸੀਂ ਜਾਣਦੇ ਹਾਂ ਕਿ ਇਹ ਆਦਮੀ ਕਿੱਥੋਂ ਆਇਆ ਹੈ ਪਰ ਜਦੋਂ ਅਸਲੀ ਮਸੀਹ ਆਵੇਗਾ ਤਾਂ ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਦਾ ਹੈ?”
2010 by World Bible Translation Center