Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 132

ਮੰਦਰ ਜਾਣ ਵੇਲੇ ਦਾ ਇੱਕ ਗੀਤ।

132 ਯਹੋਵਾਹ, ਯਾਦ ਕਰੋ ਕਿ ਦਾਊਦ ਨੇ ਕਿਵੇਂ ਦੁੱਖ ਭੋਗਿਆ ਸੀ।
ਦਾਊਦ ਨੇ ਯਹੋਵਾਹ ਨਾਲ ਇਕਰਾਰ ਕੀਤਾ ਸੀ।
    ਦਾਊਦ ਨੇ ਯਾਕੂਬ ਦੇ ਪਰਮੇਸ਼ੁਰ ਨਾਲ ਖਾਸ ਇਕਰਾਰ ਕੀਤਾ ਸੀ।
ਦਾਊਦ ਨੇ ਆਖਿਆ, “ਮੈਂ ਆਪਣੇ ਘਰ ਅੰਦਰ ਨਹੀਂ ਜਾਵਾਂਗਾ,
    ਮੈਂ ਆਪਣੇ ਬਿਸਤਰ ਉੱਤੇ ਨਹੀਂ ਲੇਟਾਗਾ।
ਮੈਂ ਸੌਵਾਂਗਾ ਨਹੀਂ
    ਮੈਂ ਆਪਣੀਆਂ ਅੱਖਾਂ ਨੂੰ ਅਰਾਮ ਨਹੀਂ ਦੇਵਾਂਗਾ।
ਮੈਂ ਉਨ੍ਹਾਂ ਵਿੱਚੋਂ ਕੋਈ ਵੀ ਗੱਲ ਨਹੀਂ ਕਰਾਂਗਾ ਜਦੋਂ ਤੀਕ ਮੈਂ ਯਹੋਵਾਹ ਲਈ ਘਰ ਨਹੀਂ ਲੱਭਦਾ।
    ਯਾਕੂਬ ਦੇ ਪਰਮੇਸ਼ੁਰ ਲਈ ਇੱਕ ਸ਼ਕਤੀਸ਼ਾਲੀ ਘਰ!”

ਅਸੀਂ ਇਸ ਬਾਰੇ ਅਫ਼ਰਾਥਾਹ ਵਿੱਚ ਸੁਣਿਆ।
    ਅਸੀਂ ਕਰਾਰ ਦੇ ਪਵਿੱਤਰ ਸੰਦੂਕ ਨੂੰ ਕਿਰਯਥ-ਯਾਅਰ ਦੇ ਪਹਾੜੀ ਖੇਤਾਂ ਵਿੱਚ ਲੱਭ ਲਿਆ।
ਆਓ ਅਸੀਂ ਪਵਿੱਤਰ ਤੰਬੂ ਅੰਦਰ ਚੱਲੀਏ।
    ਅਸੀਂ ਉਸ ਚੌਂਕੀ ਕੋਲ ਉਪਾਸਨਾ ਕਰੀਏ ਜਿੱਥੇ ਪਰਮੇਸ਼ੁਰ ਆਪਣੇ ਕਦਮ ਰੱਖਦਾ ਹੈ।
ਯਹੋਵਾਹ, ਆਪਣੇ ਆਸਣ ਤੋਂ ਉੱਠੋ!
    ਯਹੋਵਾਹ, ਤੁਸੀਂ ਅਤੇ ਤੁਹਾਡਾ ਸ਼ਕਤੀਸ਼ਾਲੀ ਬਕਸਾ ਉੱਠੇ।
ਹੇ ਪਰਮੇਸ਼ੁਰ, ਤੁਹਾਡੇ ਜਾਜਕ ਚੰਗਿਆਈ ਨਾਲ ਸੱਜੇ ਹੋਏ ਹੋਣ।
    ਤੁਹਾਡੇ ਵਫ਼ਾਦਾਰ ਚੇਲੇ ਬਹੁਤ ਪ੍ਰਸੰਨ ਹਨ।
10 ਆਪਣੇ ਸੇਵਕ ਦਾਊਦ ਦੇ ਭਲੇ ਲਈ,
    ਆਪਣੇ ਚੁਣੇ ਹੋਏ ਰਾਜੇ ਨੂੰ ਰੱਦ ਨਾ ਕਰੋ।
11 ਯਹੋਵਾਹ ਨੇ ਦਾਊਦ ਨਾਲ ਇਕਰਾਰ ਕੀਤਾ।
ਯਹੋਵਾਹ ਨੇ ਦਾਊਦ ਨਾਲ ਵਫ਼ਾਦਾਰ ਹੋਣ ਦਾ ਇਕਰਾਰ ਕੀਤਾ।
    ਯਹੋਵਾਹ ਨੇ ਇਕਰਾਰ ਕੀਤਾ ਕਿ ਦਾਊਦ ਦੇ ਪਰਿਵਾਰ ਵਿੱਚੋਂ ਰਾਜੇ ਹੋਣਗੇ।
12 ਯਹੋਵਾਹ ਨੇ ਆਖਿਆ, “ਦਾਊਦ, ਜੇ ਤੇਰੇ ਬੱਚੇ ਮੇਰੇ ਕਰਾਰ ਨੂੰ ਅਤੇ ਉਨ੍ਹਾਂ ਨੇਮਾ ਨੂੰ ਮੰਨਣਗੇ ਜਿਨ੍ਹਾਂ ਦੀ ਮੈਂ ਸਿੱਖਿਆ ਦਿੰਦਾ ਹਾਂ।
    ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਸਦਾ ਕੋਈ ਨਾ ਕੋਈ ਰਾਜਾ ਹੋਵੇਗਾ।”

13 ਯਹੋਵਾਹ ਨੇ ਸੀਯੋਨ ਨੂੰ ਆਪਣੇ ਮੰਦਰ ਸਥਾਨ ਵਜੋਂ ਚੁਣਿਆ।
    ਇਹ ਉਹੀ ਥਾਂ ਹੈ ਜਿਹੜੀ ਉਹ ਆਪਣੇ ਘਰ ਵਾਸਤੇ ਚਾਹੁੰਦਾ ਸੀ।
14 ਯਹੋਵਾਹ ਨੇ ਆਖਿਆ, “ਸਦਾ-ਸਦਾ ਲਈ ਮੇਰਾ ਇਹੀ ਸਥਾਨ ਹੋਵੇਗਾ
    ਮੈਂ ਇਸ ਥਾਂ ਨੂੰ ਚੁਣਦਾ ਹਾਂ ਜਿੱਥੇ ਮੈਂ ਹੋਵਾਂਗਾ।
15 ਮੈਂ ਇਸ ਸ਼ਹਿਰ ਨੂੰ ਚੋਖੇ ਭੋਜਨ ਦੀ ਅਸੀਸ ਦੇਵਾਂਗਾ।
    ਤਾਂ ਜੋ ਗਰੀਬ ਲੋਕਾਂ ਕੋਲ ਖਾਣ ਲਈ, ਚੋਖਾ ਹੋਵੇਗਾ।
16 ਮੈਂ ਜਾਜਕਾ ਨੂੰ ਮੁਕਤੀ ਦੇ ਵਸਤਰ ਪਹਿਨਾਵਾਂਗਾ।
    ਅਤੇ ਮੇਰੇ ਅਨੁਯਾਈ ਉੱਥੇ ਬਹੁਤ ਖੁਸ਼ ਹੋਣਗੇ।
17 ਇਸ ਥਾਂ ਅੰਦਰ, ਮੈਂ ਦਾਊਦ ਨੂੰ ਬਲਵਾਨ ਬਣਾਵਾਂਗਾ।
    ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਇੱਕ ਦੀਪਕ ਪ੍ਰਦਾਨ ਕਰਾਂਗਾ।
18 ਮੈਂ ਦਾਊਦ ਦੇ ਦੁਸ਼ਮਣਾਂ ਨੂੰ ਸ਼ਰਮ ਨਾਲ ਢੱਕ ਦਿਆਂਗਾ।
    ਪਰ ਮੈਂ ਦਾਊਦ ਦੇ ਪਰਿਵਾਰ ਨੂੰ ਵੱਧਾ ਦੇਵਾਂਗਾ।”

ਯਸਾਯਾਹ 11:1-10

ਅਮਨ ਦਾ ਰਾਜਾ ਆ ਰਿਹਾ ਹੈ

11 ਇੱਕ ਛੋਟਾ ਰੁੱਖ (ਬੱਚਾ) ਯੱਸੀ ਦੇ ਮੁੱਢੇ (ਪਰਿਵਾਰ) ਵਿੱਚੋਂ ਉੱਗਣਾ ਸ਼ੁਰੂ ਹੋ ਜਾਵੇਗਾ। ਉਹ ਸ਼ਾਖ ਯੱਸੀ ਦੀਆਂ ਜਢ਼ਾਂ ਤੋਂ ਉੱਗੇਗੀ। ਯਹੋਵਾਹ ਦਾ ਆਤਮਾ ਉਸ ਬੱਚੇ ਵਿੱਚ ਹੋਵੇਗੀ। ਆਤਮਾ ਸਿਆਣਪ, ਸਮਝਦਾਰੀ, ਅਗਵਾਈ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਅਤੇ ਆਤਮਾ ਇਸ ਬੱਚੇ ਦੀ ਸਹਾਇਤਾ ਕਰੇਗਾ ਉਸ ਨੂੰ ਜਾਣੇਗਾ ਅਤੇ ਯਹੋਵਾਹ ਦਾ ਆਦਰ ਕਰੇਗਾ।

ਇਹ ਬੱਚਾ ਡਰੇਗਾ ਅਤੇ ਯਹੋਵਾਹ ਦੀ ਇੱਜ਼ਤ ਕਰੇਗਾ, ਅਤੇ ਇਹ ਉਸ ਨੂੰ ਉਸ ਆਧਾਰ ਤੇ ਨਿਆਂ ਨਾ ਕਰਨ ਲਈ ਪ੍ਰੇਰੇਗਾ ਜੋ ਉਹ ਵੇਖਦਾ ਹੈ ਜਾਂ ਜੋ ਉਹ ਸੁਣਦਾ। 4-5 ਉਹ ਗਰੀਬ ਲੋਕਾਂ ਨਾਲ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਆਂ ਕਰੇਗਾ। ਜਦੋਂ ਉਹ ਧਰਤੀ ਦੇ ਗਰੀਬ ਲੋਕਾਂ ਲਈ ਕੁਝ ਕਰਨ ਦਾ ਨਿਆਂ ਕਰੇਗਾ ਤਾਂ ਬੇਲਾਗ ਹੋਵੇਗਾ। ਜੇ ਉਹ ਇਹ ਨਿਆਂ ਕਰਦਾ ਹੈ ਕਿ ਉਨ੍ਹਾਂ ਨੂੰ ਮਾਰ ਪੈਣੀ ਚਾਹੀਦੀ ਹੈ ਫ਼ੇਰ ਉਹ ਆਦੇਸ਼ ਦੇਵੇਗਾ ਤੇ ਉਨ੍ਹਾਂ ਲੋਕਾਂ ਨੂੰ ਮਾਰ ਪਵੇਗੀ। ਜੇ ਉਹ ਇਹ ਨਿਆਂ ਕਰਦਾ ਹੈ ਕਿ ਲੋਕਾਂ ਨੂੰ ਮਰਨਾ ਚਾਹੀਦਾ ਹੈ, ਤਾਂ ਉਹ ਆਦੇਸ਼ ਦੇਵੇਗਾ ਅਤੇ ਮੰਦੇ ਲੋਕ ਮਾਰੇ ਜਾਣਗੇ। ਨੇਕੀ ਅਤੇ ਨਿਰਪੱਖਤਾ ਇਸ ਬੱਚੇ ਨੂੰ ਸ਼ਕਤੀ ਦੇਵੇਗੀ। ਇਹ ਚੀਜ਼ਾਂ ਉਸ ਦੇ ਕਮਰ ਕਸੇ ਵਾਂਗ ਹੋਣਗੀਆਂ।

ਉਸ ਸਮੇਂ ਬਘਿਆੜ ਵੀ ਲੇਲਿਆਂ ਨਾਲ ਸ਼ਾਂਤੀ ਨਾਲ ਰਹਿਣਗੇ। ਅਤੇ ਸ਼ੇਰ ਵੀ ਬੱਕਰੀਆਂ ਕੋਲ ਸ਼ਾਂਤੀ ਨਾਲ ਲੇਟੇ ਹੋਣਗੇ। ਵੱਛੇ, ਸ਼ੇਰ ਅਤੇ ਬਲਦ ਆਪਸ ਵਿੱਚ ਸ਼ਾਂਤੀ ਨਾਲ ਰਹਿਣਗੇ। ਇੱਕ ਛੋਟਾ ਬੱਚਾ ਉਨ੍ਹਾਂ ਦੀ ਅਗਵਾਈ ਕਰੇਗਾ। ਗਾਵਾਂ ਅਤੇ ਰਿੱਛ ਪਸਪਰ ਸ਼ਾਂਤੀ ਨਾਲ ਰਹਿਣਗੇ। ਉਨ੍ਹਾਂ ਦੇ ਸਾਰੇ ਬੱਚੇ ਇਕੱਠੇ ਲੇਟੇ ਹੋਣਗੇ ਅਤੇ ਇੱਕ ਦੂਸਰੇ ਨੂੰ ਕੋਈ ਨੁਕਸਾਨ ਨਹੀਂ ਪੁਚਾਣਗੇ। ਸ਼ੇਰ ਗਾਵਾਂ ਵਾਂਗ ਘਾਹ ਖਾਣਗੇ। ਇੱਕ ਬੱਚਾ ਵੀ ਫ਼ਨੀਅਰ ਸੱਪ ਦੀ ਖੱਡ ਕੋਲ ਖੇਡ ਸੱਕੇਗਾ। ਬੱਚਾ ਜ਼ਹਿਰੀਲੇ ਸੱਪ ਦੀ ਖੱਡ ਵਿੱਚ ਆਪਣਾ ਹੱਥ ਪਾ ਸੱਕੇਗਾ।

ਇਹ ਸਾਰੀਆਂ ਗੱਲਾਂ ਇਹ ਦਰਸਾਉਂਦੀਆਂ ਹਨ ਕਿ ਇੱਥੇ ਸ਼ਾਂਤੀ ਹੋਵੇਗੀ-ਕੋਈ ਬੰਦਾ ਵੀ ਕਿਸੇ ਦੂਸਰੇ ਨੂੰ ਨੁਕਸਾਨ ਨਹੀਂ ਪੁਚਾਵੇਗਾ। ਮੇਰੇ ਪਵਿੱਤਰ ਪਰਬਤ ਦੇ ਲੋਕ ਚੀਜ਼ਾਂ ਨੂੰ ਤਬਾਹ ਕਰਨਾ ਨਹੀਂ ਲੋਚਣਗੇ। ਕਿਉਂ ਕਿ ਲੋਕ ਸੱਚਮੁੱਚ ਯਹੋਵਾਹ ਨੂੰ ਜਾਣ ਲੈਣਗੇ। ਉਨ੍ਹਾਂ ਅੰਦਰ ਉਸਦਾ ਪੂਰਾ ਗਿਆਨ ਹੋਵੇਗਾ ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੁੰਦਾ ਹੈ।

10 ਉਸ ਸਮੇਂ, ਉੱਥੇ ਯੱਸੀ ਦੇ ਪਰਿਵਾਰ ਦਾ ਇੱਕ ਖਾਸ ਵਿਅਕਤੀ ਹੋਵੇਗਾ। ਇਹ ਬੰਦਾ ਇੱਕ ਝੰਡੇ ਵਰਗਾ ਹੋਵੇਗਾ। ਇਹ “ਝੰਡਾ” ਸਮੂਹ ਕੌਮਾਂ ਨੂੰ ਇਹ ਦਰਸਾਏਗਾ ਕਿ ਉਨ੍ਹਾਂ ਨੂੰ ਉਸ ਦੇ ਆਲੇ-ਦੁਆਲੇ ਇੱਕਤ੍ਰ ਹੋ ਜਾਣਾ ਚਾਹੀਦਾ ਹੈ। ਕੌਮਾਂ ਉਸ ਕੋਲੋਂ ਪੁੱਛਣਗੀਆਂ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਅਤੇ ਉਹ ਸਥਾਨ ਜਿੱਥੇ ਉਹ ਰਹਿੰਦਾ ਹੈ, ਪਰਤਾਪ ਨਾਲ ਭਰ ਜਾਵੇਗਾ।

ਇਬਰਾਨੀਆਂ ਨੂੰ 2:11-18

11 ਉਹ ਇੱਕ ਜਿਹੜਾ ਲੋਕਾਂ ਨੂੰ ਪਵਿੱਤਰ ਬਣਾਉਂਦਾ ਹੈ ਅਤੇ ਉਹ ਲੋਕ ਜਿਹੜੇ ਪਵਿੱਤਰ ਬਣਾਏ ਜਾਂਦੇ ਹਨ, ਇੱਕੋ ਹੀ ਪਰਿਵਾਰ ਦੇ ਹਨ। ਇਸ ਲਈ ਉਹ ਉਨ੍ਹਾਂ ਲੋਕਾਂ ਨੂੰ ਆਪਣੇ ਭਰਾ ਅਤੇ ਭੈਣਾਂ ਆਖਦਿਆਂ ਕੋਈ ਦੋਸ਼ੀ ਮਹਿਸੂਸ ਨਹੀਂ ਕਰਦਾ। 12 ਯਿਸੂ ਆਖਦਾ ਹੈ,

“ਹੇ ਪਰਮੇਸ਼ੁਰ, ਮੈਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਤੇਰੇ ਬਾਰੇ ਦੱਸਾਂਗਾ।
    ਤੇਰੇ ਸਾਰੇ ਲੋਕਾਂ ਦੇ ਸਨਮੁੱਖ ਮੈਂ ਤੇਰੇ ਗੁਣ ਗਾਵਾਂਗਾ।” (A)

13 ਉਹ ਵੀ ਆਖਦਾ ਹੈ,

“ਮੈਂ ਆਪਣਾ ਭਰੋਸਾ ਪਰਮੇਸ਼ੁਰ ਵਿੱਚ ਰੱਖਾਂਗਾ।” (B)

ਅਤੇ ਉਹ ਆਖਦਾ ਹੈ,

“ਮੈਂ ਇੱਥੇ ਹਾਂ। ਅਤੇ ਉਹ ਸਾਰੇ ਬੱਚੇ ਮੇਰੇ ਨਾਲ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮੈਨੂੰ ਦਿੱਤਾ ਹੈ।” (C)

14 ਉਹ ਬੱਚੇ ਭੌਤਿਕ ਸਰੀਰਾਂ ਵਾਲੇ ਲੋਕ ਹਨ। ਇਸ ਲਈ ਯਿਸੂ ਖੁਦ ਉਨ੍ਹਾਂ ਵਰਗਾ ਬਣ ਗਿਆ ਅਤੇ ਉਹ ਉਸੇ ਅਨੁਭਵ ਰਾਹੀਂ ਲੰਘਿਆ ਜਿਸ ਰਾਹੀਂ ਉਹ ਵੀ ਲੰਘਦੇ ਹਨ। ਯਿਸੂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਮਰਕੇ ਉਸਦਾ ਵਿਨਾਸ਼ ਕਰ ਸੱਕੇ ਜਿਸ ਕੋਲ ਮੌਤ ਦੀ ਸ਼ਕਤੀ ਹੈ। ਉਹ ਇੱਕ ਸ਼ੈਤਾਨ ਹੈ। 15 ਯਿਸੂ ਉਨ੍ਹਾਂ ਲੋਕਾਂ ਜਿਹਾ ਇਸ ਲਈ ਬਣਿਆ ਅਤੇ ਮਰਿਆ ਤਾਂ ਜੋ ਉਹ ਉਨ੍ਹਾਂ ਨੂੰ ਮੁਕਤ ਕਰ ਸੱਕੇ। ਉਹ ਮੌਤ ਦੇ ਭੈ ਕਾਰਣ ਜ਼ਿੰਦਗੀ ਭਰ ਲਈ ਗੁਲਾਮਾਂ ਵਰਗੇ ਸਨ। 16 ਇਹ ਗੱਲ ਸਾਫ਼ ਹੈ ਕਿ ਇਹ ਦੂਤ ਨਹੀਂ ਹਨ ਜਿਨ੍ਹਾਂ, ਦੀ ਸਹਾਇਤਾ ਯਿਸੂ ਕਰਦਾ ਹੈ। ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਦਾ ਹੈ ਜਿਹੜੇ ਅਬਰਾਹਾਮ ਦੀ ਔਲਾਦ ਹਨ। 17 ਇਸੇ ਕਾਰਣ ਯਿਸੂ ਨੂੰ ਇੱਕ ਸਰਦਾਰ ਜਾਜਕ ਬਣਨ ਦੀ ਖਾਤਿਰ ਹਰ ਤਰ੍ਹਾਂ ਆਪਣੇ ਭਰਾਵਾਂ ਅਤੇ ਭੈਣਾਂ ਵਰਗਾ ਬਣਨਾ ਪੈਣਾ ਸੀ ਜੋ ਕਿ ਪਰਮੇਸ਼ੁਰ ਦੀ ਸੇਵਾ ਵਿੱਚ ਮਿਹਰਬਾਨ ਅਤੇ ਵਫ਼ਾਦਾਰ ਹੈ। ਤਾਂ ਫ਼ੇਰ ਯਿਸੂ ਲੋਕਾਂ ਦੇ ਪਾਪਾਂ ਨੂੰ ਬਖਸ਼ ਸੱਕੇ। 18 ਅਤੇ ਹੁਣ ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰ ਸੱਕਦਾ ਹੈ ਜੋ ਭਰਮਾਏ ਗਏ ਹਨ। ਯਿਸੂ ਇਹ ਲਈ ਸਹਾਇਤਾ ਕਰ ਸੱਕਣ ਦੇ ਯੋਗ ਹੈ ਕਿਉਂ ਜੋ ਉਹ ਤਸੀਹਿਆਂ ਰਾਹੀਂ ਗੁਜਰਿਆ ਅਤੇ ਭਰਮਾਇਆ ਗਿਆ ਸੀ।

Punjabi Bible: Easy-to-Read Version (ERV-PA)

2010 by World Bible Translation Center