Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 8

ਨਿਰਦੇਸ਼ਕ ਲਈ: ਗਿੱਟੀਥ ਦੇ ਸਾਜ਼ ਨਾਲ [a]। ਦਾਊਦ ਦਾ ਇੱਕ ਗੀਤ।

ਯਹੋਵਾਹ ਸਾਡੇ ਮਾਲਕ, ਸਾਰੀ ਧਰਤੀ ਵਿੱਚ ਤੇਰਾ ਨਾਂ ਵੱਧੇਰੇ ਅਦਭੁਤ ਹੈ।
    ਤੇਰੇ ਨਾਮ ਨੂੰ ਸਵਰਗ ਵਿੱਚ ਹਰ ਥਾਂ ਉਸਤਤਿ ਮਿਲਦੀ ਹੈ।

ਬੱਚੇ ਤੇ ਨਿਆਣੇ ਤੇਰੀਆਂ ਉਸਤਤਾਂ ਦੇ ਗੀਤ ਗਾਉਂਦੇ ਹਨ।
    ਤੂੰ ਉਨ੍ਹਾਂ ਨੂੰ ਇਹ ਗੀਤ ਆਪਣੇ ਸਾਰੇ ਦੁਸ਼ਮਣਾਂ ਦੇ ਮੂੰਹ ਬੰਦ ਕਰਨ ਲਈ ਦਿੱਤੇ ਹਨ।

ਯਹੋਵਾਹ, ਮੈਂ ਉਸ ਸਵਰਗ ਵੱਲ ਵੇਖਦਾ ਹਾਂ, ਜਿਹੜਾ ਤੂੰ ਆਪਣੇ ਖੁਦ ਦੇ ਹੱਥੀਂ ਸਾਜਿਆ ਹੈ।
    ਜਦ ਮੈਂ ਤੇਰੇ ਸਾਜੇ ਚੰਨ ਤੇ ਤਾਰਿਆਂ ਨੂੰ ਵੇਖਦਾ ਹਾਂ, ਮੈਂ ਅਚੰਭਿਤ ਹੁੰਦਾ ਹਾਂ;
“ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
    ਤੁਸੀਂ ਉਨ੍ਹਾਂ ਨੂੰ ਯਾਦ ਚੇਤੇ ਕਿਉਂ ਰੱਖਦੇ ਹੋ?
ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
    ਤੁਸੀਂ ਉਨ੍ਹਾਂ ਵੱਲ ਧਿਆਨ ਕਿਉਂ ਦਿੰਦੇ ਹੋਂ?”

ਪਰ ਲੋਕੀਂ ਤੇਰੇ ਲਈ ਮਹੱਤਵਪੂਰਣ ਹਨ।
ਤੁਸੀਂ ਲੋਕਾਂ ਨੂੰ ਦੇਵਤਿਆਂ ਤੋਂ ਬੱਸ ਥੋੜਾ ਜਿਹਾ ਹੀ ਘੱਟ ਬਣਾਇਆ ਹੈ।
    ਤੁਸੀਂ ਉਨ੍ਹਾਂ ਨੂੰ ਮਹਿਮਾ ਅਤੇ ਸਤਿਕਾਰ ਦਾ ਤਾਜ ਪੁਆਇਆ ਹੈ।
ਤੁਸੀਂ ਲੋਕਾਂ ਨੂੰ ਆਪਣੀਆਂ ਸਾਜੀਆਂ ਸਾਰੀਆਂ ਚੀਜ਼ਾਂ ਉੱਤੇ ਅਧਿਕਾਰ ਦੇ ਦਿੱਤਾ।
    ਤੁਸੀਂ ਸਭ ਕੁਝ ਉਨ੍ਹਾਂ ਦੇ ਨਿਯੰਤ੍ਰਣ ਅਧੀਨ ਪਾ ਦਿੱਤਾ।
ਲੋਕੀਂ ਭੇਡਾਂ, ਜਾਨਵਰਾਂ ਅਤੇ ਜੰਗਲ ਦੇ ਸਾਰੇ ਜਾਨਵਰਾਂ ਉੱਪਰ ਹਕੂਮਤ ਕਰਦੇ ਹਨ।
ਉਹ ਅਕਾਸ਼ ਵਿੱਚਲੇ ਪੰਛੀਆਂ ਉੱਤੇ
    ਅਤੇ ਸਮੁੰਦਰ ਵਿੱਚ ਤੈਰਦੀਆਂ ਮੱਛੀਆਂ ਉੱਤੇ ਰਾਜ ਕਰਦੇ ਹਨ।
ਹੇ ਪਰਮੇਸ਼ੁਰ ਸਾਡੇ ਯਹੋਵਾਹ, ਸਾਰੀ ਧਰਤੀ ਉੱਪਰ ਤੇਰਾ ਨਾਂ ਵੱਧੇਰੇ ਅਦਭੁਤ ਹੈ।

ਜ਼ਬੂਰ 47

ਨਿਰਦੇਸ਼ਕ ਲਈ: ਕੋਰਹ ਪਰਿਵਾਹ ਦਾ ਇੱਕ ਗੀਤ।

47 ਤੁਸੀਂ ਸਮੂਹ ਲੋਕੋ, ਤਾੜੀ ਮਾਰੋ।
    ਪਰਮੇਸ਼ੁਰ ਲਈ ਖੁਸ਼ੀ ਦੀਆਂ ਕਿਲਕਾਰੀਆਂ ਮਾਰੋ।
ਸਭ ਤੋਂ ਉੱਚਾ ਯਹੋਵਾਹ ਭਰਮ ਭਰਿਆ ਹੈ।
    ਉਹੀ ਸਾਰੀ ਧਰਤੀ ਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ।
ਉਹ ਸਾਨੂੰ ਹੋਰਾਂ ਨੂੰ ਹਰਾਉਣ ਵਿੱਚ, ਸਹਾਈ ਹੋਇਆ।
    ਉਸ ਨੇ ਹੋਰਾਂ ਕੌਮਾਂ ਨੂੰ ਸਾਡੇ ਅਧੀਨ ਕਰ ਦਿੱਤਾ।
ਸਾਡੇ ਪਰਮੇਸ਼ੁਰ ਨੇ ਸਾਡੇ ਲਈ ਸਾਡੀ ਧਰਤੀ ਦੀ ਚੋਣ ਕੀਤੀ।
    ਉਸ ਨੇ ਯਾਕੂਬ ਲਈ ਜਿਸ ਬੰਦੇ ਨੂੰ ਉਹ ਪਿਆਰ ਕਰਦਾ ਸੀ। ਉਸ ਅਦਭੁਤ ਧਰਤੀ ਨੂੰ ਚੁਣਿਆ।

ਯਹੋਵਾਹ ਆਪਣੇ ਤਖਤ ਉੱਤੇ ਬਿਗਲ
    ਅਤੇ ਸਿੰਗੀ ਦੀ ਧੁਨੀ ਨਾਲ ਬਿਰਾਜਮਾਨ ਹੁੰਦਾ ਹੈ।
ਪਰਮੇਸ਼ੁਰ ਦੀਆਂ ਉਸਤਤਾਂ ਗਾਵੋ। ਗਾਵੋ ਉਸਤਤਾਂ।
    ਸਾਡੇ ਰਾਜੇ ਦੀਆਂ ਉਸਤਤਾਂ ਗਾਵੋ। ਗਾਵੋ ਉਸਤਤਾਂ।
ਪਰਮੇਸ਼ੁਰ ਸਾਰੀ ਦੁਨੀਆਂ ਦਾ ਰਾਜਾ ਹੈ।
    ਉਸਤਤਿ ਦੇ ਗੀਤ ਗਾਵੋ।
ਪਰਮੇਸ਼ੁਰ ਆਪਣੇ ਪਵਿੱਤਰ ਤਖਤ ਉੱਤੇ ਬਿਰਾਜਮਾਨ ਹੈ।
    ਉਹ ਸਮੂਹ ਕੌਮਾਂ ਉੱਤੇ ਰਾਜ ਕਰਦਾ ਹੈ।
ਕੌਮਾਂ ਦੇ ਆਗੂ ਅਬਰਾਹਾਮ ਦੇ ਪਰਮੇਸ਼ੁਰ ਦੇ
    ਲੋਕਾਂ ਨਾਲ ਮਿਲਕੇ ਇਕੱਠੇ ਹੁੰਦੇ ਹਨ।
ਸਾਰੀਆਂ ਕੌਮਾਂ ਦੇ ਸਾਰੇ ਹੀ ਆਗੂ ਪਰਮੇਸ਼ੁਰ ਦੇ ਹਨ,
    ਪਰਮੇਸ਼ੁਰ ਉਨ੍ਹਾਂ ਸਾਰਿਆਂ ਉੱਪਰ ਹੈ।

ਜ਼ਬੂਰ 24

ਦਾਊਦ ਦਾ ਇੱਕ ਗੀਤ।

24 ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਮਲਕੀਅਤ ਹੈ।
    ਦੁਨੀਆਂ ਤੇ ਇਸਦੇ ਸਾਰੇ ਲੋਕ ਉਸ ਦੇ ਹਨ।
ਯਹੋਵਾਹ ਨੇ ਧਰਤੀ ਨੂੰ ਪਾਣੀ ਉੱਤੇ ਸਾਜਿਆ।
    ਉਸ ਨੇ ਇਸ ਨੂੰ ਦਰਿਆਵਾਂ ਉੱਤੇ ਸਾਜਿਆ।

ਯਹੋਵਾਹ ਦੇ ਪਰਬਤ ਉੱਤੇ ਕੌਣ ਚੜ੍ਹ ਸੱਕਦਾ ਹੈ।
    ਕੌਣ ਖਲੋ ਸੱਕਦਾ ਹੈ ਤੇ ਯਹੋਵਾਹ ਦੇ ਪਵਿੱਤਰ ਮੰਦਰ ਵਿੱਚ ਉਪਾਸਨਾ ਕਰ ਸੱਕਦਾ ਹੈ?
ਕਿਹੜੇ ਲੋਕ ਗਿਰਜਾਘਰ ਤੱਕ ਜਾ ਸੱਕਦੇ ਹਨ?
    ਪਵਿੱਤਰ ਹੱਥਾਂ ਅਤੇ ਜਿਨ੍ਹਾਂ ਦੇ ਦਿਲ ਸ਼ੁੱਧ ਹਨ।
ਉਹ ਲੋਕ ਜਿਨ੍ਹਾਂ ਨੇ ਮੰਦੇ ਕੰਮ ਨਹੀਂ ਕੀਤੇ ਹਨ, ਉਹ ਲੋਕ ਜਿਨ੍ਹਾ ਦੇ ਹਿਰਦੇ ਸ਼ੁੱਧ ਹਨ, ਉਹ ਲੋਕ ਜਿਨ੍ਹਾਂ ਨੇ ਝੂਠੀ ਸੌਂਹ ਖਾਣ ਲਈ ਮੇਰੇ ਨਾਂ ਦੀ ਵਰਤੋਂ ਨਹੀਂ ਕੀਤੀ
    ਅਤੇ ਉਹ ਲੋਕ ਜਿਨ੍ਹਾਂ ਨੇ ਧੋਖਾ ਦੇਣ ਵਾਲੇ ਵਾਅਦੇ ਨਹੀਂ ਕੀਤੇ ਹਨ।

ਚੰਗੇ ਬੰਦੇ ਯਹੋਵਾਹ ਤਾਈਂ ਹੋਰਾਂ ਨੂੰ ਅਸੀਸ ਦੇਣ ਲਈ ਆਖਦੇ ਹਨ।
    ਉਹ ਲੋਕ ਆਪਣੇ ਪਰਮੇਸ਼ੁਰ, ਆਪਣੇ ਮੁਕਤੀਦਾਤਾ ਨੂੰ ਸ਼ੁਭ ਕਾਰਜ ਕਰਨ ਲਈ ਆਖਦੇ ਹਨ।
ਉਹ ਚੰਗੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ,
    ਉਹ ਲੋਕ ਯਾਕੂਬ ਦੇ ਪਰਮੇਸ਼ੁਰ ਕੋਲ ਮਦਦ ਲਈ ਜਾਂਦੇ ਹਨ।

ਦਰਵਾਜਿਉ ਆਪਣੇ ਸਿਰ ਚੁੱਕੋ।
    ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
    ਤਾਂ ਜੋ ਮਹਿਮਾਮਈ ਰਾਜਾ ਅੰਦਰ ਆ ਸੱਕੇ।
ਉਹ ਤੇਜਸਵੀ ਰਾਜਾ ਕੌਣ ਹੈ?
    ਯਹੋਵਾਹ ਸਰਬ ਸ਼ਕਤੀਮਾਨ ਉਹ ਰਾਜਾ ਹੈ।
    ਉਹ ਤੇਜਸਵੀ ਰਾਜਾ ਹੈ। ਉਹੀ ਯੁੱਧ ਦਾ ਨਾਇੱਕ ਹੈ।

ਦਰਵਾਜਿਉ, ਆਪਣੇ ਸਿਰ ਚੁੱਕੋ।
    ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
    ਮਹਿਮਾਮਈ ਰਾਜਾ ਅੰਦਰ ਆਏਗਾ।
10 ਉਹ ਮਹਾਨ ਰਾਜਾ ਕੌਣ ਹੈ?
    ਪਰਮੇਸ਼ੁਰ ਹੀ ਉਹ ਅੱਤ ਮਹਾਨ ਰਾਜਾ ਹੈ।
    ਉਹ ਮਹਿਮਾਮਈ ਰਾਜਾ ਹੈ।

ਜ਼ਬੂਰ 96

96 ਉਨ੍ਹਾਂ ਨਵੀਆਂ ਗੱਲਾਂ ਬਾਰੇ ਇੱਕ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆਂ ਹਨ।
    ਸਾਰੀ ਦੁਨੀਆਂ ਪਰਮੇਸ਼ੁਰ ਲਈ ਗੀਤ ਗਾਵੇ।
ਪਰਮੇਸੁਰ ਨੂੰ ਗਾਵੋ। ਉਸ ਦੇ ਨਾਮ ਨੂੰ ਅਸੀਸ ਦਿਉ।
    ਖੁਸ਼ਖਬਰੀ ਦੱਸੋ। ਹਰ ਰੋਜ਼ ਉਸਦੀ ਮੁਕਤੀ ਬਾਰੇ ਦੱਸੋ।
ਲੋਕਾਂ ਨੂੰ ਦੱਸੋ ਕਿ ਪਰਮੇਸ਼ੁਰ ਸੱਚਮੁੱਚ ਕਿੰਨਾ ਗੌਰਵਮਈ ਹੈ।
    ਹਰ ਥਾਂ ਲੋਕਾਂ ਨੂੰ ਪਰਮੇਸ਼ੁਰ ਦੇ ਚਮਤਕਾਰਾਂ ਬਾਰੇ ਦੱਸੋ।
ਯਹੋਵਾਹ ਮਹਾਨ ਹੈ ਅਤੇ ਉਸਤਤਿ ਯੋਗ ਹੈ।
    ਉਹ ਹੋਰ ਕਿਸੇ ਵੀ “ਦੇਵਤਿਆਂ” ਨਾਲੋਂ ਵੱਧੇਰੇ ਭਰਮ ਭਰਿਆ ਹੈ।
ਪਰਾਈਆਂ ਕੌਮਾਂ ਦੇ ਸਾਰੇ “ਦੇਵਤੇ” ਵਿਅਰਥ ਹਨ।
    ਪਰ ਯਹੋਵਾਹ ਨੇ ਸਵਰਗਾ ਦੀ ਸਾਜਨਾ ਕੀਤੀ।
ਉਸ ਦੇ ਸਾਹਮਣੇ ਖੂਬਸੂਰਤ ਮਹਿਮਾ ਚਮਕ ਰਹੀ ਹੈ।
    ਤਾਕਤ ਅਤੇ ਸੂਰਜ ਪਰਮੇਸ਼ੁਰ ਦੇ ਪਵਿੱਤਰ ਮੰਦਰਾਂ ਵਿੱਚ ਹੈ।
ਪਰਿਵਾਰੋ ਅਤੇ ਕੌਮੋ ਉਸਤਤਿ ਦੇ
    ਅਤੇ ਯਹੋਵਾਹ ਦੀ ਮਹਿਮਾ ਦੇ ਗੀਤ ਗਾਵੋ।
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ
    ਆਪਣੇ ਚੜ੍ਹਾਵੇ ਲੈ ਕੇ ਮੰਦਰ ਵੱਲ ਜਾਵੋ।
    ਯਹੋਵਾਹ ਦੀ ਉਪਾਸਨਾ ਉਸ ਦੇ ਸੁੰਦਰ ਮੰਦਰ ਵਿੱਚ ਕਰੋ,
ਧਰਤੀ ਦੇ ਹਰੇਕ ਵਾਸੀ ਯਹੋਵਾਹ ਦੀ ਉਪਾਸਨਾ ਕਰੀਂ।
10     ਕੌਮਾਂ ਨੂੰ ਐਲਾਨ ਕਰ ਦਿਉ ਕਿ ਯਹੋਵਾਹ ਰਾਜਾ ਹੈ।
ਇਸ ਲਈ ਦੁਨੀਆਂ ਤਬਾਹ ਨਹੀਂ ਹੋਵੇਗੀ,
    ਯਹੋਵਾਹ ਬੇਲਾਗ ਹੋਕੇ ਲੋਕਾਂ ਉੱਤੇ ਰਾਜ ਕਰੇਗਾ।
11 ਹੇ ਅਕਾਸ਼ ਖੁਸ਼ ਹੋ, ਹੇ ਧਰਤੀ ਖੁਸ਼ੀ ਮਨਾ।
    ਹੇ ਸਮੁੰਦਰ ਅਤੇ ਇਸ ਵਿੱਚਲੀ ਹਰ ਸ਼ੈਅ ਦੀਆਂ ਕਿਲਕਾਰੀਆਂ ਮਾਰੋ।
12 ਹੇ ਖੇਤੋਂ ਅਤੇ ਉਨ੍ਹਾਂ ਵਿੱਚ ਉੱਗਣ ਵਾਲੀ ਹਰ ਸ਼ੈਅ, ਖੁਸ਼ ਹੋਵੋ।
    ਹੇ ਜੰਗਲ ਦੇ ਰੁੱਖੋ ਗਾਵੋ ਅਤੇ ਖੁਸ਼ ਹੋਵੋ।
13 ਇਸ ਗੱਲ ਲਈ ਖੁਸ਼ ਹੋਵੋ ਕਿ ਯਹੋਵਾਹ ਆ ਰਿਹਾ ਹੈ,
    ਯਹੋਵਾਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਦੁਨੀਆਂ ਉੱਤੇ ਇਨਸਾਫ਼ ਅਤੇ ਨਿਰਪੱਖਤਾ ਨਾਲ ਰਾਜ ਕਰੇਗਾ।

ਹਿਜ਼ਕੀਏਲ 1:1-14

ਭੂਮਿਕਾ

ਮੈਂ ਬੂਜ਼ੀ ਦਾ ਪੁੱਤਰ ਜਾਜਕ ਹਿਜ਼ਕੀਏਲ ਹਾਂ। ਮੈਨੂੰ ਬਾਬਲ ਵਿੱਚ ਕਬਾਰ ਨਹਿਰ ਲਾਗੇ ਦੇਸ ਨਿਕਾਲਾ ਮਿਲਿਆ ਸੀ। ਜਦੋਂ ਆਸਮਾਨ ਫ਼ਟ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਨ ਵੇਖੇ। ਇਹ ਗੱਲ ਤੇਰਵੇਂ ਵਰ੍ਹੇ ਦੇ ਚੌਬੇ ਮਹੀਨੇ ਦੇ ਪੰਜਵੇਂ ਦਿਨ ਦੀ ਹੈ। ਰਾਜੇ ਯਹੋਯਾਕੀਨ ਦੇ ਦੇਸ਼ ਵਿੱਚੋਂ ਦੇਸ ਨਿਕਾਲੇ ਦੇ ਪੰਜਵੇਂ ਵਰ੍ਹੇ ਵਿੱਚ ਮਹੀਨੇ ਦੇ ਪੰਜਵੇਂ ਦਿਨ ਹਿਜ਼ਕੀਏਲ ਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਬਾਵੇਂ ਯਹੋਵਾਹ ਦੀ ਸ਼ਕਤੀ ਉਸ ਉੱਤੇ ਆਈ।

ਯਹੋਵਾਹ ਦਾ ਰਬ-ਪਰਮੇਸ਼ੁਰ ਦਾ ਤਖਤ

ਮੈਂ (ਹਿਜ਼ਕੀਏਲ) ਉੱਤਰ ਵੱਲੋਂ ਇੱਕ ਵੱਡਾ ਤੂਫ਼ਾਨ ਆਉਂਦਿਆਂ ਦੇਖਿਆ। ਇੱਕ ਤੇਜ਼ ਹਵਾ ਵਾਲਾ ਇੱਕ ਵੱਡਾ ਬੱਦਲ ਸੀ, ਅਤੇ ਇਸ ਵਿੱਚੋਂ ਅੱਗ ਚਮਕ ਰਹੀ ਸੀ। ਇਸਦੇ ਸਾਰੇ ਪਾਸੇ ਰੌਸ਼ਨੀ ਲਿਸ਼ਕ ਰਹੀ ਸੀ ਅਤੇ ਇਸਦੇ ਅੰਦਰੋਂ ਕੁਝ ਗਰਮ ਧਾਤ ਜਿਹਾ ਅੱਗ ਵਿੱਚ ਭਖ ਰਿਹਾ ਸੀ। ਬਦ੍ਦਲ ਦੇ ਅੰਦਰ, ਚਾਰ ਜਾਨਵਰ ਸਨ ਜਿਹੜੇ ਬੰਦਿਆਂ ਵਰਗੇ ਦਿਖਾਈ ਦਿੰਦੇ ਸਨ। ਪਰ ਹਰੇਕ ਜਾਨਵਰ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ। ਉਨ੍ਹਾਂ ਦੀਆਂ ਲੱਤਾਂ ਸਿੱਧੀਆਂ ਸਨ। ਉਨ੍ਹਾਂ ਦੇ ਪੈਰ ਗਾਂ ਦੇ ਪੈਰਾਂ ਵਰਗੇ ਦਿਖਾਈ ਦਿੰਦੇ ਸਨ। ਅਤੇ ਉਹ ਲਿਸ਼ਕਾਏ ਹੋਏ ਪਿੱਤਲ ਵਾਂਗ ਚਮਕਦੇ ਸਨ। ਉਨ੍ਹਾਂ ਦੇ ਖੰਭਾਂ ਹੇਠਾਂ ਮਨੁੱਖੀ ਬਾਹਾਂ ਸਨ। ਓੱਥੇ ਚਾਰ ਜਾਨਵਰ ਸਨ। ਅਤੇ ਹਰ ਜਾਨਵਰ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ। ਖੰਭ ਇੱਕ ਦੂਸਰੇ ਨਾਲ ਛੁੰਹਦੇ ਸਨ। ਹਿਲਣ ਸਮੇਂ ਜਾਨਵਰ ਮੁੜਦੇ ਨਹੀਂ ਸਨ। ਉਹ ਉਸ ਦਿਸ਼ਾ ਵੱਲ ਤੁਰੇ ਜਿੱਧਰ ਉਹ ਤੱਕ ਰਹੇ ਸਨ।

10 ਹਰ ਜਾਨਵਰ ਦੇ ਚਾਰ ਮੂੰਹ ਸਨ। ਉਨ੍ਹਾਂ ਦੇ ਅੱਗੇ ਮਨੁੱਖ ਦਾ ਚਿਹਰਾ ਸੀ। ਸੱਜੇ ਪਾਸੇ ਸ਼ੇਰ ਦਾ ਚਿਹਰਾ ਸੀ। ਖੱਬੇ ਪਾਸੇ ਬਲਦ ਦਾ ਚਿਹਰਾ ਸੀ ਅਤੇ ਪਿੱਛਲਾ ਪਾਸਾਂ ਬਾਜ਼ ਦਾ ਚਿਹਰਾ ਸੀ। 11 ਜਾਨਵਰਾਂ ਦੇ ਖੰਭ ਉਨ੍ਹਾਂ ਦੇ ਉੱਪਰ ਵੱਲ ਫ਼ੈਲੇ ਹੋਏ ਹਨ। ਆਪਣੇ ਦੋ ਖੰਭਾਂ ਨਾਲ ਹਰ ਜਾਨਵਰ ਆਪਣੇ ਨੇੜੇ ਦੇ ਜਾਨਵਰਾਂ ਨੂੰ ਛੁਹੰਦਾ ਸੀ ਅਤੇ ਆਪਣੇ ਦੂਸਰੇ ਦੋ ਖੰਭਾਂ ਨਾਲ ਉਹ ਆਪਣੇ ਸ਼ਰੀਰ ਨੂੰ ਢੱਕਦਾ ਸੀ। 12 ਹਰ ਜਾਨਵਰ ਆਪਣੀ ਤੱਕਣ ਵਾਲੀ ਦਿਸ਼ਾ ਵੱਲ ਤੁਰਿਆ। ਉਹ ਉੱਥੇ ਹੀ ਗਏ ਜਿੱਥੇ ਹਵਾ ਉਨ੍ਹਾਂ ਨੂੰ ਲੈ ਗਈ। ਪਰ ਉਹ ਹਿਲਣ ਸਮੇਂ ਮੁੜੇ ਨਹੀਂ। 13 ਜਾਨਵਰ ਇੰਝ ਦਿਖਾਈ ਦਿੰਦੇ ਸਨ।

ਜਾਨਵਰਾਂ ਦੇ ਵਿੱਚਕਾਰਲੀ ਜਗ੍ਹਾ ਜਿਹੜੀ ਅੱਗ ਦੇ ਮਘਦੇ ਕੋਲਿਆਂ ਵਾਂਗ ਦਿਖਾਈ ਦਿੰਦੀ ਸੀ ਅੱਗ ਜਾਨਵਰਾਂ ਦੇ ਦਰਮਿਆਨ ਫ਼ਿਰਦੀਆਂ ਹੋਈਆਂ ਛੋਟੀਆਂ ਮਸਾਲਾਂ ਵਾਂਗ ਸੀ। ਅੱਗ ਤੇਜ਼ ਚਮਕ ਵਾਲੀ ਸੀ ਅਤੇ ਇਸ ਵਿੱਚੋਂ ਬਿਜਲੀ ਲਿਸ਼ਕ ਰਹੀ ਸੀ! 14 ਜਾਨਵਰ ਅੱਗੇ ਪਿੱਛੇ ਦੌੜਦੇ ਸਨ-ਬਿਜਲੀ ਦੀ ਤੇਜ਼ੀ ਨਾਲ!

ਹਿਜ਼ਕੀਏਲ 1:24-28

24 ਫ਼ੇਰ ਮੈਂ ਖੰਭਾਂ ਦੀ ਸਰਸਰਾਹਟ ਸੁਣੀ। ਹਰ ਵਾਰੀ ਜਦੋਂ ਉਹ ਜਾਨਵਰ ਹਿਲਦੇ ਸਨ, ਉਨ੍ਹਾਂ ਦੇ ਖੰਭ ਬਹੁਤ ਉੱਚੀ ਆਵਾਜ਼ ਕਰਦੇ ਸਨ। ਉਹ ਪਾਣੀ ਦੇ ਹੜ੍ਹ ਵਰਗੀ ਆਵਾਜ਼ ਕਰਦੇ ਸਨ। ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਵਾਂਗ ਸ਼ੋਰੀਲੇ ਸਨ। ਉਹ ਇੱਕ ਫ਼ੌਜ ਵਾਂਗ ਜਾਂ ਲੋਕਾਂ ਦੀ ਭੀੜ ਵਾਂਗ ਸ਼ੋਰੀਲੇ ਸਨ ਅਤੇ ਜਦੋਂ ਉਹ ਜਾਨਵਰ ਹਿਲਣੋ ਹਟ ਜਾਂਦੇ ਸਨ, ਉਹ ਆਪਣੇ ਖੰਭਾਂ ਨੂੰ ਆਪਣੇ ਪਾਸਿਆਂ ਤੇ ਸੁੱਟ ਲੈਂਦੇ ਸਨ।

25 ਜਾਨਵਰਾਂ ਨੇ ਹਿਲਣਾ ਬੰਦ ਕਰ ਦਿੱਤਾ ਅਤੇ ਆਪਣੇ ਖੰਭ ਹੇਠਾਂ ਕਰ ਲੇ। ਅਤੇ ਇੱਕ ਹੋਰ ਉੱਚੀ ਆਵਾਜ਼ ਆਈ। ਇਹ ਆਵਾਜ਼ ਉਨ੍ਹਾਂ ਦੇ ਸਿਰ ਉਤਲੇ ਪਿਆਲੇ ਤੋਂ ਉੱਠੀ। 26 ਉਸ ਪਿਆਲੇ ਦੇ ਸਿਖਰ ਉੱਤੇ ਇੱਕ ਚੀਜ਼ ਸੀ ਜਿਹੜੀ ਤਖਤ ਵਰਗੀ ਦਿਖਾਈ ਦਿੰਦੀ ਸੀ। ਇਹ ਨੀਲਮ ਦੇ ਪੱਥਰ ਵਰਗੀ ਨੀਲੀ ਸੀ। ਅਤੇ ਕੋਈ ਚੀਜ਼ ਸੀ ਜਿਹੜੀ ਉਸ ਤਖਤ ਉੱਤੇ ਬੈਠੇ ਬੰਦੇ ਵਰਗੀ ਦਿਖਾਈ ਦਿੰਦੀ ਸੀ! 27 ਮੈਂ ਉਸਤੇ ਉਸਦੀ ਕਮਰ ਤੋਂ ਉਤਾਂਹ ਵੱਲ ਦੇਖਿਆ। ਉਹ ਗਰਮ ਧਾਤ ਵਾਂਗ ਦਿਖਾਈ ਦਿੰਦਾ ਸੀ। ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਉਸ ਦੇ ਸਾਰੀ ਪਾਸੀਁ ਅੱਗ ਹੋਵੇ! ਅਤੇ ਮੈਂ ਉਸ ਵੱਲ ਕਮਰ ਤੋਂ ਹੇਠਾਂ ਦੇਖਿਆ। ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਉਸ ਦੇ ਆਲੇ-ਦੁਆਲੇ ਅੱਗ ਦੀ ਚਮਕ ਹੋਵੇ। 28 ਉਸ ਦੇ ਆਲੇ-ਦੁਆਲੇ ਚਮਕਦੀ ਅੱਗ ਬੱਦਲ ਵਿੱਚਲੀ ਸਤਰੰਗੀ ਪੀਂਘ ਵਰਗੀ ਸੀ। ਇਹ ਯਹੋਵਾਹ ਦਾ ਪਰਤਾਪ ਸੀ। ਜਿਵੇਂ ਹੀ ਮੈਂ ਇਸ ਨੂੰ ਦੇਖਿਆ, ਮੈਂ ਧਰਤੀ ਤੇ ਡਿੱਗ ਪਿਆ। ਮੈਂ ਧਰਤੀ ਵੱਲ ਆਪਣਾ ਮੂੰਹ ਕਰਕੇ ਝੁਕ ਗਿਆ। ਫ਼ੇਰ ਮੈਂ ਆਪਣੇ ਨਾਲ ਗੱਲ ਕਰਦੀ ਇੱਕ ਆਵਾਜ਼ ਸੁਣੀ।

ਇਬਰਾਨੀਆਂ ਨੂੰ 2:5-18

ਮਸੀਹ ਲੋਕਾਂ ਨੂੰ ਬਚਾਉਣ ਲਈ ਮਨੁੱਖਾਂ ਵਰਗਾ ਬਣ ਗਿਆ

ਪਰਮੇਸ਼ੁਰ ਨੇ ਆਉਣ ਵਾਲੀ ਨਵੀਂ ਦੁਨੀਆਂ ਉੱਪਰ ਹਕੂਮਤ ਕਰਨ ਲਈ ਦੂਤਾਂ ਦੀ ਚੋਣ ਨਹੀਂ ਕੀਤੀ। ਇਹ ਭਵਿੱਖ ਦੀ ਦੁਨੀਆਂ ਹੀ ਅਜਿਹੀ ਦੁਨੀਆ ਹੈ ਜਿਸ ਬਾਰੇ ਅਸੀਂ ਗੱਲਾਂ ਕਰਦੇ ਰਹੇ ਹਾਂ। ਇਹ ਪੋਥੀਆਂ ਵਿੱਚ ਇੱਕ ਜਗ਼੍ਹਾ ਤੇ ਲਿਖਿਆ ਗਿਆ ਹੈ,

“ਪਰਮੇਸ਼ੁਰ, ਤੂੰ ਮਨੁੱਖ ਦਾ ਧਿਆਨ ਕਿਉਂ ਰੱਖਦਾ ਹੈ?
    ਤੂੰ ਕਿਉਂ ਮਨੁੱਖ ਦੇ ਪੁੱਤਰ ਦੀ ਚਿੰਤਾ ਕਰਦਾ ਹੈ।
ਕੀ ਉਹ ਇੰਨਾ ਹੀ ਮਹੱਤਵਪੂਰਣ ਹੈ?
ਥੋੜੇ ਜਿਹੇ ਸਮੇਂ ਲਈ, ਤੂੰ ਉਸ ਨੂੰ ਦੂਤਾਂ ਨਾਲੋਂ ਨੀਵਾਂ ਕਰ ਦਿੱਤਾ।
    ਤੂੰ ਉਸ ਨੂੰ ਮਹਿਮਾ ਅਤੇ ਇੱਜ਼ਤ ਤਾਜ ਵਾਂਗ ਦਿੱਤੀ ਹੈ।
ਤੂੰ ਹਰ ਚੀਜ਼ ਨੂੰ ਉਸ ਦੇ ਅਧੀਨ ਕਰ ਦਿੱਤਾ।” (A)

ਜੇ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਕਾਬੂ ਹੇਠਾਂ ਕਰ ਦਿੱਤਾ ਤਾਂ ਕੋਈ ਅਜਿਹੀ ਚੀਜ਼ ਨਹੀਂ ਬਚੀ ਜਿਸ ਉੱਤੇ ਉਸਦੀ ਹਕੂਮਤ ਨਹੀਂ ਸੀ। ਪਰ ਅਸੀਂ ਹਾਲੇ ਉਸ ਨੂੰ ਹਰ ਚੀਜ਼ ਉਪਰ ਹਕੂਮਤ ਕਰਦਿਆਂ ਨਹੀਂ ਦੇਖਦੇ। ਥੋੜੇ ਪਲਾਂ ਲਈ, ਯਿਸੂ ਨੂੰ ਦੂਤਾਂ ਤੋਂ ਨੀਵਾਂ ਕੀਤਾ ਗਿਆ ਸੀ। ਪਰ ਹੁਣ ਅਸੀਂ ਉਸ ਨੂੰ ਮਹਿਮਾ ਅਤੇ ਸਤਿਕਾਰ ਤਾਜ ਦੀ ਤਰ੍ਹਾਂ ਪਹਿਨੇ ਹੋਏ ਦੇਖਦੇ ਹਾਂ, ਕਿਉਂਕਿ ਉਸ ਨੇ ਦੁੱਖ ਝੱਲੇ ਅਤੇ ਕਾਲਵਸ ਹੋ ਗਿਆ। ਪਰਮੇਸ਼ੁਰ ਦੀ ਕਿਰਪਾ ਦੇ ਕਾਰਣ ਯਿਸੂ ਹਰ ਮਨੁੱਖ ਲਈ ਮਰਿਆ।

10 ਪਰਮੇਸ਼ੁਰ ਹੀ ਹੈ ਜਿਸਨੇ ਸਾਰੀਆਂ ਚੀਜ਼ਾਂ ਸਾਜੀਆਂ ਅਤੇ ਇਹ ਸਮੂਹ ਚੀਜ਼ਾਂ ਉਸਦੀ ਮਹਿਮਾ ਲਈ ਸਥਿਰ ਹਨ। ਪਰਮੇਸ਼ੁਰ ਨੇ ਆਪਣੀ ਮਹਿਮਾ ਸਾਂਝੀ ਕਰਨ ਲਈ ਕਈ ਪੁੱਤਰ ਹੋਣ ਦੀ ਇੱਛਾ ਕੀਤੀ। ਇਸ ਲਈ ਪਰਮੇਸ਼ੁਰ ਨੇ ਉਹੀ ਕੀਤਾ ਜੋ ਉਹ ਕਰਨਾ ਲੋਚਦਾ ਸੀ। ਉਸ ਨੇ ਯਿਸੂ ਨੂੰ ਸੰਪੂਰਨ ਬਣਾਇਆ ਜਿਹੜਾ ਉਨ੍ਹਾਂ ਲੋਕਾਂ ਨੂੰ ਮੁਕਤੀ ਵੱਲ ਲੈ ਜਾਂਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ ਯਿਸੂ ਦੇ ਕਸ਼ਟਾਂ ਰਾਹੀਂ ਸੰਪੂਰਨ ਮੁਕਤੀਦਾਤਾ ਬਣਾਇਆ।

11 ਉਹ ਇੱਕ ਜਿਹੜਾ ਲੋਕਾਂ ਨੂੰ ਪਵਿੱਤਰ ਬਣਾਉਂਦਾ ਹੈ ਅਤੇ ਉਹ ਲੋਕ ਜਿਹੜੇ ਪਵਿੱਤਰ ਬਣਾਏ ਜਾਂਦੇ ਹਨ, ਇੱਕੋ ਹੀ ਪਰਿਵਾਰ ਦੇ ਹਨ। ਇਸ ਲਈ ਉਹ ਉਨ੍ਹਾਂ ਲੋਕਾਂ ਨੂੰ ਆਪਣੇ ਭਰਾ ਅਤੇ ਭੈਣਾਂ ਆਖਦਿਆਂ ਕੋਈ ਦੋਸ਼ੀ ਮਹਿਸੂਸ ਨਹੀਂ ਕਰਦਾ। 12 ਯਿਸੂ ਆਖਦਾ ਹੈ,

“ਹੇ ਪਰਮੇਸ਼ੁਰ, ਮੈਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਤੇਰੇ ਬਾਰੇ ਦੱਸਾਂਗਾ।
    ਤੇਰੇ ਸਾਰੇ ਲੋਕਾਂ ਦੇ ਸਨਮੁੱਖ ਮੈਂ ਤੇਰੇ ਗੁਣ ਗਾਵਾਂਗਾ।” (B)

13 ਉਹ ਵੀ ਆਖਦਾ ਹੈ,

“ਮੈਂ ਆਪਣਾ ਭਰੋਸਾ ਪਰਮੇਸ਼ੁਰ ਵਿੱਚ ਰੱਖਾਂਗਾ।” (C)

ਅਤੇ ਉਹ ਆਖਦਾ ਹੈ,

“ਮੈਂ ਇੱਥੇ ਹਾਂ। ਅਤੇ ਉਹ ਸਾਰੇ ਬੱਚੇ ਮੇਰੇ ਨਾਲ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮੈਨੂੰ ਦਿੱਤਾ ਹੈ।” (D)

14 ਉਹ ਬੱਚੇ ਭੌਤਿਕ ਸਰੀਰਾਂ ਵਾਲੇ ਲੋਕ ਹਨ। ਇਸ ਲਈ ਯਿਸੂ ਖੁਦ ਉਨ੍ਹਾਂ ਵਰਗਾ ਬਣ ਗਿਆ ਅਤੇ ਉਹ ਉਸੇ ਅਨੁਭਵ ਰਾਹੀਂ ਲੰਘਿਆ ਜਿਸ ਰਾਹੀਂ ਉਹ ਵੀ ਲੰਘਦੇ ਹਨ। ਯਿਸੂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਮਰਕੇ ਉਸਦਾ ਵਿਨਾਸ਼ ਕਰ ਸੱਕੇ ਜਿਸ ਕੋਲ ਮੌਤ ਦੀ ਸ਼ਕਤੀ ਹੈ। ਉਹ ਇੱਕ ਸ਼ੈਤਾਨ ਹੈ। 15 ਯਿਸੂ ਉਨ੍ਹਾਂ ਲੋਕਾਂ ਜਿਹਾ ਇਸ ਲਈ ਬਣਿਆ ਅਤੇ ਮਰਿਆ ਤਾਂ ਜੋ ਉਹ ਉਨ੍ਹਾਂ ਨੂੰ ਮੁਕਤ ਕਰ ਸੱਕੇ। ਉਹ ਮੌਤ ਦੇ ਭੈ ਕਾਰਣ ਜ਼ਿੰਦਗੀ ਭਰ ਲਈ ਗੁਲਾਮਾਂ ਵਰਗੇ ਸਨ। 16 ਇਹ ਗੱਲ ਸਾਫ਼ ਹੈ ਕਿ ਇਹ ਦੂਤ ਨਹੀਂ ਹਨ ਜਿਨ੍ਹਾਂ, ਦੀ ਸਹਾਇਤਾ ਯਿਸੂ ਕਰਦਾ ਹੈ। ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਦਾ ਹੈ ਜਿਹੜੇ ਅਬਰਾਹਾਮ ਦੀ ਔਲਾਦ ਹਨ। 17 ਇਸੇ ਕਾਰਣ ਯਿਸੂ ਨੂੰ ਇੱਕ ਸਰਦਾਰ ਜਾਜਕ ਬਣਨ ਦੀ ਖਾਤਿਰ ਹਰ ਤਰ੍ਹਾਂ ਆਪਣੇ ਭਰਾਵਾਂ ਅਤੇ ਭੈਣਾਂ ਵਰਗਾ ਬਣਨਾ ਪੈਣਾ ਸੀ ਜੋ ਕਿ ਪਰਮੇਸ਼ੁਰ ਦੀ ਸੇਵਾ ਵਿੱਚ ਮਿਹਰਬਾਨ ਅਤੇ ਵਫ਼ਾਦਾਰ ਹੈ। ਤਾਂ ਫ਼ੇਰ ਯਿਸੂ ਲੋਕਾਂ ਦੇ ਪਾਪਾਂ ਨੂੰ ਬਖਸ਼ ਸੱਕੇ। 18 ਅਤੇ ਹੁਣ ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰ ਸੱਕਦਾ ਹੈ ਜੋ ਭਰਮਾਏ ਗਏ ਹਨ। ਯਿਸੂ ਇਹ ਲਈ ਸਹਾਇਤਾ ਕਰ ਸੱਕਣ ਦੇ ਯੋਗ ਹੈ ਕਿਉਂ ਜੋ ਉਹ ਤਸੀਹਿਆਂ ਰਾਹੀਂ ਗੁਜਰਿਆ ਅਤੇ ਭਰਮਾਇਆ ਗਿਆ ਸੀ।

ਮੱਤੀ 28:16-20

ਯਿਸੂ ਦਾ ਆਪਣੇ ਚੇਲਿਆਂ ਨਾਲ ਗੱਲ ਕਰਨਾ(A)

16 ਫ਼ਿਰ ਗਿਆਰਾਂ ਚੇਲੇ ਗਲੀਲੀ ਨੂੰ ਵਿਦਾ ਹੋ ਗਏ ਅਤੇ ਉਸ ਪਹਾੜੀ ਤੇ ਆ ਗਏ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਜਾਣ ਵਾਸਤੇ ਹਿਦਾਇਤ ਦਿੱਤੀ ਸੀ। 17 ਜਦੋਂ ਉਨ੍ਹਾਂ ਨੇ ਉਸ ਨੂੰ ਵੇਖਿਆ, ਉਹ ਉਸ ਅੱਗੇ ਝੁਕ ਗਏ ਅਤੇ ਉਸਦੀ ਉਪਾਸਨਾ ਕੀਤੀ। ਪਰ ਕਈਆਂ ਨੂੰ ਸ਼ੱਕ ਸੀ। 18 ਫ਼ਿਰ ਯਿਸੂ ਉਨ੍ਹਾਂ ਕੋਲ ਆਇਆ ਅਤੇ ਆਖਿਆ, “ਸਵਰਗ ਅਤੇ ਧਰਤੀ ਦੇ ਸਾਰੇ ਅਧਿਕਾਰ ਮੈਨੂੰ ਦਿੱਤੇ ਗਏ ਹਨ। 19 ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਵਿੱਚ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਉ। 20 ਉਨ੍ਹਾਂ ਨੂੰ ਇਹ ਵੀ ਸਿੱਖਾਵੋ ਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ, ਦੁਨੀਆਂ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।”

Punjabi Bible: Easy-to-Read Version (ERV-PA)

2010 by World Bible Translation Center