Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 1-4

ਭਾਗ

(ਜ਼ਬੂਰ 1-41)

ਉਹ ਵਿਅਕਤੀ ਵਡਭਾਗਾ ਹੈ
    ਜਿਹੜਾ ਬੁਰੇ ਬੰਦਿਆਂ ਦੀਆਂ ਸਲਾਹਾਂ ਨਹੀਂ ਲੈਂਦਾ
ਅਤੇ ਜਿਹੜਾ ਪਾਪੀਆਂ ਵਾਂਗ ਨਹੀਂ ਜਿਉਂਦਾ।
    ਅਤੇ ਉਨ੍ਹਾਂ ਲੋਕਾਂ ਨਾਲ ਨਹੀਂ ਰਲਦਾ ਜਿਹੜੇ ਪਰਮੇਸ਼ੁਰ ਨੂੰ ਮਾਨ ਨਹੀਂ ਦਿੰਦੇ।
ਇੱਕ ਚੰਗਾ ਵਿਅਕਤੀ, ਯਹੋਵਾਹ ਦੇ ਉਪਦੇਸ਼ਾਂ ਨੂੰ ਪਿਆਰ ਕਰਦਾ,
    ਅਤੇ ਉਹ ਉਨ੍ਹਾਂ ਤੇ ਦਿਨ ਰਾਤ ਸੋਚ ਵਿੱਚਾਰ ਕਰਦਾ ਹੈ।
ਇਸ ਤਰ੍ਹਾਂ ਉਹ ਉਸ ਰੁੱਖ ਵਾਂਗ ਬਲਵਾਨ ਬਣ ਜਾਂਦਾ ਹੈ ਜਿਹੜਾ ਨਦੀ ਦੇ ਕਿਨਾਰੇ ਉੱਤੇ ਬਰਾਬਰੀ ਨਾਲ ਵੱਧਦਾ ਹੈ।
    ਅਤੇ ਉਹ ਰੁੱਖ ਉਪਯੁਕਤ ਸਮੇਂ ਤੇ ਫ਼ਲ ਦਿੰਦਾ ਹੈ।
    ਉਹ ਉਸ ਰੁੱਖ ਵਰਗਾ ਹੈ ਜਿਸਦੇ ਪੱਤੇ ਨਹੀਂ ਸੁੱਕਦੇ
ਅਤੇ ਉਹ ਆਪਣੇ ਹਰ ਅਮਲ ਵਿੱਚ ਫ਼ਲਦਾਇੱਕ ਹੋ ਜਾਂਦਾ ਹੈ।

ਪਰ ਬੁਰੇ ਵਿਅਕਤੀ ਇਸ ਤਰ੍ਹਾਂ ਨਹੀਂ ਹਨ।
    ਬੁਰੇ ਵਿਅਕਤੀ ਉਸ ਤੂੜੀ ਵਰਗੇ ਹਨ ਜਿਹੜੀ ਹਵਾ ਦੇ ਨਾਲ ਉੱਡ ਜਾਂਦੀ ਹੈ।
ਜੇ ਨੇਕ ਬੰਦੇ ਕਿਸੇ ਅਦਾਲਤੀ ਮੁਕੱਦਮੇ ਦਾ ਨਿਆਂ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਬੁਰੇ ਵਿਅਕਤੀਆਂ ਨੂੰ ਬੁਰੇ ਅਮਲਾਂ ਵਾਸਤੇ ਦੋਸ਼ੀ ਠਹਿਰਾਇਆ ਜਾਵੇਗਾ।
    ਉਨ੍ਹਾਂ ਪਾਪੀਆਂ ਦਾ ਨਿਆਂ ਬੇਕਸੂਰਾਂ ਵਾਂਗ ਨਹੀਂ ਹੋਵੇਗਾ।
ਕਿਉਂਕਿ ਯਹੋਵਾਹ, ਚੰਗੇ ਬੰਦਿਆਂ ਦੀ ਰੱਖਿਆ ਕਰਦਾ ਹੈ,
    ਪਰ ਬੁਰੇ ਵਿਅਕਤੀਆਂ ਨੂੰ ਖਤਮ ਕਰਦਾ ਹੈ।

ਪਰਾਈਆਂ ਕੌਮਾਂ ਦੇ ਲੋਕ ਇੰਨੇ ਕ੍ਰੋਧ ਵਿੱਚ ਕਿਉਂ ਹਨ?
    ਉਹ ਐਸੀਆਂ ਯੋਜਨਾਵਾਂ ਕਿਉਂ ਬਣਾ ਰਹੇ ਹਨ ਜਿਹੜੀਆਂ ਵਿਅਰਥ ਹਨ?
ਉਨ੍ਹਾਂ ਦੇ ਰਾਜੇ ਅਤੇ ਆਗੂ ਯਹੋਵਾਹ ਦੇ ਖਿਲਾਫ਼ ਅਤੇ ਉਸ ਰਾਜੇ ਦੇ ਖਿਲਾਫ਼ ਲੜਨ ਲਈ
    ਇੱਕ ਜੁਟ ਹੋ ਗਏ ਹਨ ਜੋ ਉਸ ਦੁਆਰਾ ਚੁਣਿਆ ਗਿਆ ਹੈ।
ਉਨ੍ਹਾਂ ਆਗੂਆਂ ਨੇ ਆਖਿਆ, “ਯਹੋਵਾਹ ਦੇ ਖਿਲਾਫ਼ ਨਾਲੇ ਉਸ ਰਾਜੇ ਦੇ ਖਿਲਾਫ਼ ਵਿਦ੍ਰੋਹ ਕਰੀਏ ਜੋ ਉਸ ਦੁਆਰਾ ਚੁਣਿਆ ਗਿਆ ਹੈ।
    ਆਓ। ਆਪਾਂ ਇਨ੍ਹਾਂ ਬੰਧਨਾਂ ਨੂੰ ਵੱਢ ਸੁੱਟੀਏ ਜਿਨ੍ਹਾਂ ਨੇ ਸਾਨੂੰ ਬੰਨ੍ਹ ਰੱਖਿਆ ਹੈ ਅਤੇ ਉਨਾਂ ਤੋਂ ਆਜ਼ਾਦ ਹੋ ਜਾਈਏ।”

ਪਰ ਮੇਰਾ ਮਾਲਕ, ਸਵਰਗ ਦਾ ਰਾਜਾ,
    ਉਨ੍ਹਾਂ ਲੋਕਾਂ ਉੱਤੇ ਹੱਸਦਾ ਹੈ।
ਪਰਮੇਸ਼ੁਰ ਗੁੱਸੇ ਹੈ ਅਤੇ ਉਨ੍ਹਾਂ ਲੋਕਾਂ ਨੂੰ ਦੱਸਦਾ ਹੈ,
    “ਇਹ ਮੈਂ ਹੀ ਸੀ ਜਿਸਨੇ ਉਸ ਆਦਮੀ ਨੂੰ ਰਾਜਾ ਹੋਣ ਲਈ ਚੁਣਿਆ ਸੀ।
ਅਤੇ ਉਹ ਪਰਬਤ ਸੀਯੋਨ ਉੱਤੇ ਰਾਜ ਕਰੇਗਾ।
    ਸੀਯੋਨ ਮੇਰਾ ਪਵਿੱਤਰ ਪਰਬਤ ਹੈ।
    ਅਤੇ ਇਸ ਨਾਲ ਉਹ ਆਗੂ ਭੈਭੀਤ ਹੋ ਰਹੇ ਹਨ।”

ਹੁਣ ਮੈਂ ਤੁਹਾਨੂੰ ਪਰਮੇਸ਼ੁਰ ਦੇ ਕਰਾਰ ਬਾਰੇ ਦੱਸਾਂਗਾ।
ਪਰਮੇਸ਼ੁਰ ਨੇ ਮੈਨੂੰ ਆਖਿਆ।
    “ਅੱਜ ਤੋਂ ਮੈਂ ਤੇਰਾ ਪਿਤਾ ਹਾਂ।
    ਅਤੇ ਤੂੰ ਮੇਰਾ ਪੁੱਤਰ ਹੈਂ।
ਤੁਸੀਂ ਮੈਥੋਂ ਜਿਸ ਕਾਸੇ ਦੀ ਵੀ ਮੰਗ ਕਰੋਂਗੇ, ਮੈਂ ਤੁਹਾਨੂੰ ਸਾਰੀਆਂ ਕੌਮਾਂ ਦੇ ਦਿਆਂਗਾ।
    ਸਾਰੀ ਧਰਤੀ ਦੇ ਲੋਕ ਤੇਰੇ ਆਪਣੇ ਹੋਣਗੇ।
ਉਨ੍ਹਾਂ ਕੌਮਾਂ ਨੂੰ ਤਬਾਹ ਕਰਨ ਯੋਗ ਹੋਵੇਂਗਾ,
    ਜਿਵੇਂ ਲੋਹੇ ਦਾ ਡੰਡਾ ਮਿੱਟੀ ਦੇ ਗਮਿਲਆਂ ਨੂੰ ਚਕਨਾਚੂਰ ਕਰਨ ਦੇ ਯੋਗ ਹੁੰਦਾ ਹੈ।”

10 ਇਸੇ ਲਈ, ਰਾਜਿਓ ਤੁਸੀਂ ਸਿਆਣੇ ਬਣੋ।
    ਤੁਸੀਂ ਸਾਰੇ ਆਗੂਓ, ਇਹ ਸਬਕ ਸਿੱਖ ਲਉ।
11 ਯਹੋਵਾਹ ਨੂੰ ਸ਼ਰਧਾ ਨਾਲ ਮੰਨੋ।
12 ਦਰਸ਼ਾਉ ਕਿ ਤੁਸੀਂ ਸਾਰੇ ਪਰਮੇਸ਼ੁਰ ਦੇ ਪੁੱਤਰ ਨੂੰ ਵਫ਼ਾਦਾਰ ਹੋ।
    ਜੇ ਤੁਸੀਂ ਅਜਿਹਾ ਨਹੀਂ ਕਰੋਂਗੇ, ਉਹ ਗੁੱਸੇ ਹੋਵੇਗਾ ਤੇ ਤੁਹਾਨੂੰ ਖਤਮ ਕਰ ਦੇਵੇਗਾ।
ਉਹ ਵਡਭਾਗੇ ਹਨ ਜਿਹੜੇ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ।
    ਪਰ ਹੋਰਾਂ ਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ।
    ਯਹੋਵਾਹ ਆਪਣਾ ਗੁੱਸਾ ਦਰਸਾਉਣ ਲਈ ਤਿਆਰ ਹੈ।

ਇੱਕ ਦਾਊਦ ਦਾ ਗੀਤ ਹੈ ਜਦੋਂ ਉਹ ਆਪਣੇ ਪੁੱਤਰ ਐਬਸਾਲੋਨ ਕੋਲੋਂ ਭੱਜ ਗਿਆ ਸੀ।

ਹੇ ਯਹੋਵਾਹ, ਮੇਰੇ ਕਈ ਦੁਸ਼ਮਣ ਹਨ।
    ਬਹੁਤ ਲੋਕੀ ਮੇਰੇ ਖਿਲਾਫ਼ ਹੋ ਗਏ ਨੇ।
ਬਹੁਤ ਲੋਕ ਮੇਰੇ ਬਾਰੇ ਬੁਰੀਆਂ ਗੱਲਾਂ ਕਰ ਰਹੇ ਹਨ।
ਉਹ ਲੋਕ ਆਖਦੇ ਨੇ, “ਪਰਮੇਸ਼ੁਰ ਇਸ ਨੂੰ ਨਹੀਂ ਬਚਾਵੇਗਾ।”

ਪਰ, ਹੇ ਯਹੋਵਾਹ, ਤੂੰ ਮੇਰੀ ਢਾਲ ਹੈਂ।
    ਤੂੰ ਮੇਰੀ ਮਹਿਮਾ ਹੈਂ।
    ਹੇ ਯਹੋਵਾਹ ਤੇਰੇ ਨਾਲ ਹੀ ਮੇਰਾ ਸਿਰ ਉੱਚਾ ਹੈ।

ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਾਂਗਾ
    ਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਉੱਤੋਂ ਉੱਤਰ ਦੇਵੇਗਾ।

ਹੁਣ ਮੈਂ ਪੱਥਰ ਉੱਤੇ ਪੈਕੇ ਅਰਾਮ ਕਰ ਸੱਕਦਾ ਹਾਂ, ਅਤੇ ਮੈਂ ਜਾਣਦਾ ਹਾਂ ਕਿ ਮੈਂ ਜਾਗ ਪਵਾਂਗਾ।
    ਕਿਉਂ? ਕਿਉਂਕਿ ਯਹੋਵਾਹ ਮੈਨੂੰ ਕੱਜਦਾ ਹੈ ਤੇ ਉਹ ਮੈਨੂੰ ਆਸਰਾ ਦਿੰਦਾ ਹੈ।
ਹਜ਼ਾਰਾਂ ਸਿਪਾਹੀਆਂ ਨੂੰ ਮੈਨੂੰ ਘੇਰ ਲੈਣ ਦਿਉ
    ਮੈਂ ਉਨ੍ਹਾਂ ਦੁਸ਼ਮਣਾਂ ਤੋਂ ਨਹੀਂ ਡਰਾਂਗਾ।

ਯਹੋਵਾਹ, ਉੱਠੋ।
    ਮੇਰੇ ਪਰਮੇਸ਼ੁਰ ਆਕੇ ਮੈਨੂੰ ਬਚਾਓ!
ਤੁਸੀਂ ਬਹੁਤ ਬਲਵਾਨ ਹੋ!
    ਤੁਹਾਡਾ ਇੱਕ ਵੀ ਥਪੜ ਮੇਰੇ ਦੁਸ਼ਮਣਾਂ ਦੇ ਸਾਰੇ ਦੰਦ ਤੋੜਨ ਲਈ ਕਾਫ਼ੀ ਹੈ।

ਹੇ ਯਹੋਵਾਹ, ਜਿੱਤ ਤੇਰੀ ਹੀ ਹੈ।
    ਕਿਰਪਾ ਕਰਕੇ ਆਪਣਿਆਂ ਲੋਕਾਂ ਨੂੰ ਅਸੀਸ ਦਿਉ।

ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ ਦਾਊਦ ਦਾ ਇੱਕ ਗੀਤ।

ਮੇਰੇ ਚੰਗੇ ਯਹੋਵਾਹ, ਮੈਂ ਜਦੋਂ ਵੀ ਪ੍ਰਾਰਥਨਾ ਕਰਾਂ ਸੁਣ ਲਵੀਂ!
    ਮੇਰੀ ਪ੍ਰਾਰਥਨਾ ਸੁਣ ਲਵੀਂ ਤੇ ਮੇਰੇ ਉੱਤੇ ਦਯਾਵਾਨ ਹੋਈਂ!
    ਮੈਨੂੰ ਮੇਰੀਆਂ ਮੁਸੀਬਤਾਂ ਤੋਂ ਰਾਹਤ ਦੇਵੀਂ!

ਹੇ ਆਦਮੀਓ, ਕਿੰਨਾ ਕੁ ਚਿਰ ਤੁਸੀਂ ਮੇਰੇ ਬਾਰੇ ਮੰਦਾ ਬੋਲੋਂਗੇ?
    ਤੁਸੀਂ ਮੇਰੇ ਬਾਰੇ ਦੱਸਣ ਲਈ ਨਵੇਂ-ਨਵੇਂ ਝੂਠਾਂ ਨੂੰ ਲੱਭਦੇ ਹੋਂ।
    ਤੁਹਾਨੂੰ ਉਨ੍ਹਾਂ ਝੂਠਾਂ ਨੂੰ ਦੱਸਣਾ ਪਿਆਰਾ ਲਗਦਾ ਹੈ। ਸਲਹ।

ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ ਆਪਣੇ ਚੰਗੇ ਬੰਦਿਆਂ ਦੀ ਅਵਾਜ਼ ਨੂੰ ਸੁਣਦਾ ਹੈ।
    ਇਸੇ ਲਈ ਯਹੋਵਾਹ ਮੈਨੂੰ ਵੀ ਸੁਣਦਾ ਹੈ, ਜਦੋਂ ਵੀ ਮੈਂ ਉਸ ਨੂੰ ਪ੍ਰਾਰਥਨਾ ਕਰਦਾ ਹਾਂ।

ਜੇਕਰ ਕੋਈ ਚੀਜ਼ ਤੁਹਾਨੂੰ ਪਰੇਸ਼ਾਨ ਕਰਦੀ ਹੈ।
ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ।
    ਜਦੋਂ ਤੁਸੀਂ ਆਪਣੇ ਬਿਸਤਰੇ ਤੇ ਲੇਟਦੇ ਹੋ ਇਨ੍ਹਾਂ ਗੱਲਾਂ ਬਾਰੇ ਸੋਚ ਵਿੱਚਾਰ ਕਰੋ ਅਤੇ ਫ਼ੇਰ ਨਿਸ਼ਚਿੰਤ ਹੋ ਜਾਉ।
ਯਹੋਵਾਹ ਵਿੱਚ ਯਕੀਨ ਰੱਖੋ
    ਅਤੇ ਧਰਮੀ ਗੱਲਾਂ ਕਰੋ।

ਬਹੁਤ ਲੋਕੀਂ ਪੁੱਛਦੇ ਹਨ, “ਸਾਨੂੰ ਪਰਮੇਸ਼ੁਰ ਦੀ ਚੰਗਿਆਈ ਕੌਣ ਵਿਖਾਵੇਗਾ?
    ਹੇ ਯਹੋਵਾਹ, ਅਸੀਂ ਤੁਹਾਡੀ ਕ੍ਰਿਪਾਲਤਾ ਮਾਣ ਸੱਕੀਏ।”
ਯਹੋਵਾਹ ਤੂੰ ਮੈਨੂੰ ਬਹੁਤ ਖੁਸ਼ ਕੀਤਾ ਹੈ!
    ਮੈਂ ਹੁਣ ਉਨ੍ਹਾਂ ਦਿਨਾਂ ਨਾਲੋਂ ਵੱਧੇਰੇ ਖੁਸ਼ ਹਾਂ ਜਦੋਂ ਅਸੀਂ ਵਾਢੀ ਕਰਦੇ ਹਾਂ।
ਉਹ ਦਿਨ ਜਦੋਂ ਅਸੀਂ ਜਸ਼ਨ ਮਨਾਉਂਦੇ ਹਾਂ, ਕਿਉਂਕਿ ਉਨ੍ਹਾਂ ਦਿਨਾਂ ਵਿੱਚ ਸਾਡੇ ਕੋਲ ਵੱਧੇਰੇ ਅਨਾਜ ਤੇ ਵੱਧੇਰੇ ਦਾਖਰਸ ਹੁੰਦਾ ਹੈ।
ਮੈਂ ਸ਼ਾਂਤੀ ਨਾਲ ਸੌਁਦਾ ਹਾਂ।
    ਕਿਉਂਕਿ ਹੇ ਯਹੋਵਾਹ, ਤੂੰ ਮੈਨੂੰ ਸੁਰੱਖਿਅਤ ਰੱਖਦਾ ਹੈਂ ਜਦੋਂ ਮੈਂ ਨੀਂਦਰ ਵਿੱਚ ਹੁੰਦਾ ਹਾਂ।

ਜ਼ਬੂਰ 7

ਦਾਊਦ ਦਾ ਇੱਕ ਗੀਤ, ਜਿਹੜਾ ਉਸ ਨੇ ਯਹੋਵਾਹ ਨੂੰ ਸੁਣਾਇਆ ਸੀ। ਇਹ ਗੀਤ ਕੂਸ਼ ਬਾਰੇ ਹੈ [a] ਜੋ ਕਿ ਬਿਨਯਾਮਿਨ ਦੇ ਪਰਿਵਾਰਿਕ ਸਮੂਹ ਵਿੱਚੋਂ ਸੀ।

ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਸ਼ਰਨ ਲੈਂਦਾ ਹਾਂ।
    ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾ ਜਿਹੜੇ ਮੇਰੇ ਪਿੱਛੇ ਹਨ। ਮੈਨੂੰ ਬਚਾਉ।
ਜੇ ਤੂੰ ਮੈਨੂੰ ਨਹੀਂ ਬਚਾਵੇਂਗਾ, ਮੈਂ ਸ਼ੇਰ ਦੁਆਰਾ ਫ਼ੜੇ ਅਤੇ ਧੂਏ ਜਾਣ ਵਾਲੇ ਜਾਨਵਰ ਵਰਗਾ ਹੋਵਾਂਗਾ।
    ਜਿਸ ਨੂੰ ਕੋਈ ਵੀ ਨਹੀਂ ਬਚਾਉਂਦਾ।
ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਕੋਈ ਮੰਦਾ ਕੰਮ ਨਹੀਂ ਕੀਤਾ।
ਮੈਂ ਵਾਅਦਾ ਕਰਦਾ ਹਾਂ ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ।
ਮੈਂ ਆਪਣੇ ਕਿਸੇ ਵੀ ਸਹਾਇਕ ਦਾ ਮੰਦਾ ਕੰਮ ਨਹੀਂ ਕੀਤਾ।
    ਅਤੇ ਨਾ ਹੀ ਆਪਣੇ ਸਹਾਇਕ ਦੇ ਦੁਸ਼ਮਣਾਂ ਦੀ ਕੋਈ ਮਦਦ ਕੀਤੀ ਹੈ।
ਜੇ ਇਹ ਸੱਚ ਨਹੀਂ ਹੈ, ਤਾਂ ਮੈਨੂੰ ਸਜ਼ਾ ਦੇਵੋ।
    ਮੇਰੇ ਦੁਸ਼ਮਣ ਨੂੰ ਮੇਰਾ ਪਿੱਛਾ ਕਰਨ ਦਿਉ, ਤੇ ਉਸ ਨੂੰ ਮੈਨੂੰ ਮਾਰ ਲੈਣ ਦਿਉ।
    ਉਸ ਨੂੰ ਮੈਨੂੰ ਧਰਤੀ ਅੰਦਰ ਦੱਬ ਲੈਣ ਦਿਉ ਅਤੇ ਮੈਨੂੰ ਮਿਧਣ ਦਿਉ ਅਤੇ ਮੇਰੀ ਰੂਹ ਨੂੰ ਗੰਦਗੀ ਅੰਦਰ ਪਾ ਲੈਣ ਦਿਉ।

ਹੇ ਯਹੋਵਾਹ, ਉੱਠੋ ਤੇ ਆਪਣਾ ਗੁੱਸਾ ਦਿਖਾਉ।
    ਮੇਰਾ ਵੈਰੀ ਗੁੱਸੇ ਹੈ। ਇਸ ਲਈ ਤੁਸੀਂ ਉੱਠੋ ਤੇ ਉਸ ਦੇ ਵਿਰੁੱਧ ਲੜੋ।
    ਹੇ ਪਰਮੇਸ਼ੁਰ, ਉੱਠੋ ਤੇ ਨਿਆਂ ਦੀ ਘੋਸ਼ਣਾ ਕਰੋ।
ਯਹੋਵਾਹ, ਲੋਕਾਂ ਦਾ ਨਿਆਂ ਕਰੋ।
    ਕੌਮਾਂ ਨੂੰ ਇਕੱਠਿਆਂ ਤੁਹਾਡਾ ਸਾਹਮਣਾ ਕਰਨ ਦਿਉ।
ਅਤੇ ਲੋਕਾਂ ਦਾ ਨਿਆਂ ਕਰੋ।
    ਯਹੋਵਾਹ, ਮੇਰਾ ਨਿਆਂ ਕਰੋ।
    ਸਿੱਧ ਕਰੋ ਕਿ ਮੈਂ ਬੇਕਸੂਰ ਹਾਂ।
ਮੰਦੇ ਲੋਕਾਂ ਨੂੰ ਸਜ਼ਾ ਦਿਉ,
    ਅਤੇ ਚੰਗੇ ਲੋਕਾਂ ਦੇ ਸਹਾਇਕ ਬਣੋ।
ਹੇ ਪਰਮੇਸ਼ੁਰ, ਤੁਸੀਂ ਚੰਗੇ ਹੋ,
    ਤੁਸੀਂ ਲੋਕਾਂ ਦੇ ਅੰਦਰਲੇ ਪਨ ਨੂੰ ਵੇਖ ਸੱਕਦੇ ਹੋ।

10 ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਕੋਲ ਨਿਸ਼ਕਪਟ ਹਿਰਦੇ ਹਨ।
    ਇਸ ਲਈ ਪਰਮੇਸ਼ੁਰ ਮੇਰੀ ਰੱਖਿਆ ਕਰੇਗਾ।
11 ਪਰਮੇਸ਼ੁਰ ਸਹੀ ਨਿਆਂਕਾਰ ਹੈ।
    ਉਹ ਹਮੇਸ਼ਾ ਦੁਸ਼ਟ ਲੋਕਾਂ ਦੇ ਵਿਰੁੱਧ ਬੋਲਦਾ ਹੈ।
12-13 ਪਰਮੇਸ਼ੁਰ ਇੱਕ ਫ਼ੈਸਲਾ ਕਰਨ ਤੋਂ ਬਾਅਦ,
    ਉਹ ਆਪਣਾ ਮਨ ਨਹੀਂ ਬਦਲਦਾ।
ਪਰਮੇਸ਼ੁਰ ਮੰਦੇ ਲੋਕਾਂ ਨੂੰ ਦੰਡ ਦੇਣ ਲਈ ਸਦਾ ਤਿਆਰ ਹੈ।

14 ਕੁਝ ਲੋਕ ਹਮੇਸ਼ਾ ਮੁਸੀਬਤਾਂ ਖੜੀਆਂ ਕਰਨ ਦੀਆਂ ਵਿਉਂਤਾਂ ਬਣਾਉਂਦੇ ਹਨ।
    ਉਹ ਗੁਪਤ ਯੋਜਨਾਵਾਂ ਬਣਾਉਂਦੇ ਹਨ
    ਅਤੇ ਝੂਠ ਬੋਲਦੇ ਹਨ
15 ਉਹ ਹੋਰਾਂ ਨੂੰ ਫ਼ਸਾਉਣ ਅਤੇ ਉਨ੍ਹਾਂ ਨੂੰ ਸੱਟਾਂ ਮਾਰਨ ਦੀਆਂ ਯੋਜਨਾਵਾਂ ਬਣਾਉਂਦੇ ਹਨ।
    ਪਰ ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਵਣਗੇ।
16 ਉਨ੍ਹਾਂ ਨੂੰ ਉਹ ਸਜ਼ਾ ਮਿਲੇਗੀ ਜਿਸਦੇ ਉਹ ਅਧਿਕਾਰੀ ਹਨ।
    ਉਹ ਹੋਰਾਂ ਲਈ ਜਾਲਮ ਸਨ।
    ਪਰ ਉਨ੍ਹਾਂ ਨੂੰ ਉਨ੍ਹਾਂ ਦੇ ਗਲਤ ਕਾਰਿਆਂ ਵਾਸਤੇ ਸਜ਼ਾ ਮਿਲੇਗੀ।

17 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ ਕਿਉਂਕਿ ਉਹ ਭਲਾ ਹੈ।
    ਮੈਂ ਅੱਤ ਉੱਚੇ ਯਹੋਵਾਹ ਦੇ ਨਾਮ ਦੀ ਉਸਤਤਿ ਕਰਾਂਗਾ।

ਰੂਥ 1:1-18

ਯਹੂਦਾਹ ਵਿੱਚ ਅਕਾਲ

ਬਹੁਤ ਸਮਾਂ ਪਹਿਲਾਂ, ਨਿਆਂਕਾਰਾਂ ਦੇ ਸਮੇਂ ਵਿੱਚ, ਇੱਕ ਅਜਿਹਾ ਸਮਾਂ ਆਇਆ ਜਦੋਂ ਧਰਤੀ ਉੱਤੇ ਅਕਾਲ ਪੈ ਗਿਆ। ਇੱਕ ਆਦਮੀ ਯਹੂਦਾਹ ਵਿੱਚੋਂ ਬੈਤਲਹਮ ਤੋਂ ਆਪਣੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਮੋਆਬ ਦੀ ਧਰਤੀ ਉੱਤੇ ਰਹਿਣ ਲਈ ਗਿਆ। ਆਦਮੀ ਦਾ ਨਾਮ ਅਲੀਮਲਕ ਸੀ। ਉਸਦੀ ਪਤਨੀ ਦਾ ਨਾਮ ਨਾਓਮੀ ਸੀ ਅਤੇ ਉਸ ਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਉਨ ਸਨ। ਉਹ ਯਹੂਦਾਹ ਵਿੱਚ ਬੈਤਲਹਮ ਤੋਂ ਇਫ਼ਰਾਥੀ ਦੇ ਪਰਿਵਾਰ ਵਿੱਚੋਂ ਸਨ। ਉਹ ਮੋਆਬ ਦੀ ਧਰਤੀ ਵਿੱਚ ਜਾਕੇ ਵੱਸ ਗਏ।

ਬਾਦ ਵਿੱਚ ਨਾਓਮੀ ਦਾ ਪਤੀ ਅਲੀਮਲਕ ਮਰ ਗਿਆ। ਇਸ ਲਈ ਸਿਰਫ਼ ਨਾਓਮੀ ਅਤੇ ਉਸ ਦੇ ਦੋ ਪੁੱਤਰ ਪਿੱਛੇ ਰਹਿ ਗਏ। ਉਸ ਦੇ ਪੁੱਤਰਾਂ ਨੇ ਮੋਆਬ ਦੇ ਦੇਸ਼ ਦੀਆਂ ਔਰਤਾਂ ਨਾਲ ਸ਼ਾਦੀ ਕਰ ਲਈ। ਇੱਕ ਪਤਨੀ ਦਾ ਨਾਮ ਆਰਪਾਹ ਸੀ ਅਤੇ ਦੂਸਰੀ ਪਤਨੀ ਦਾ ਨਾਮ ਰੂਥ ਸੀ। ਉਹ ਮੋਆਬ ਵਿੱਚ 10 ਵਰ੍ਹੇ ਰਹੇ, ਤਕਰੀਬਨ ਅਤੇ ਮਹਿਲੋਨ ਅਤੇ ਕਿਲਉਨ ਵੀ ਮਰ ਗਏ। ਇਸ ਲਈ ਨਾਓਮੀ ਆਪਣੇ ਪਤੀ ਅਤੇ ਦੋ ਪੁੱਤਰਾਂ ਤੋਂ ਬਿਨਾ ਇਕੱਲੀ ਰਹਿ ਗਈ।

ਨਾਓਮੀ ਘਰ ਜਾਂਦੀ ਹੈ

ਜਦੋਂ ਨਾਓਮੀ ਮੋਆਬ ਦੀ ਧਰਤੀ ਵਿੱਚ ਸੀ, ਉਸ ਨੇ ਸੁਣਿਆ ਕਿ ਯਹੋਵਾਹ ਨੇ ਆਪਣੇ ਲੋਕਾਂ ਦੀ ਸਹਾਇਤਾ ਕੀਤੀ ਸੀ ਅਤੇ ਉਨ੍ਹਾਂ ਨੂੰ ਯਹੂਦਾਹ ਵਿੱਚ ਭੋਜਨ ਦਿੱਤਾ ਸੀ। ਇਸ ਲਈ ਨਾਓਮੀ ਨੇ ਮੋਆਬ ਨੂੰ ਛੱਡ ਕੇ ਯਹੂਦਾਹ ਵਿੱਚ ਖੁਦ ਦੇ ਘਰ ਵਾਪਸ ਜਾਣ ਦਾ ਫ਼ੈਸਲਾ ਕੀਤਾ। ਉਸ ਦੀਆਂ ਨੂਹਾਂ ਨੇ ਵੀ ਉਸ ਦੇ ਨਾਲ ਹੀ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਉਹ ਥਾਂ ਛੱਡ ਦਿੱਤੀ ਜਿੱਥੇ ਉਹ ਰਹਿ ਰਹੇ ਸਨ, ਅਤੇ ਯਹੂਦਾਹ ਦੀ ਧਰਤੀ ਉੱਤੇ ਪੈਦਲ ਵਾਪਸ ਜਾਣਾ ਸ਼ੁਰੂ ਕਰ ਦਿੱਤਾ।

ਫ਼ੇਰ ਨਾਓਮੀ ਨੇ ਆਪਣੀਆਂ ਨੂਹਾਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਨੂੰ ਆਪਣੀ ਮਾਂ ਦੇ ਘਰ ਆਪਸ ਜਾਣਾ ਚਾਹੀਦਾ ਹੈ। ਤੁਸੀਂ ਮੇਰੇ ਅਤੇ ਮੇਰੇ ਸਵਰਗਵਾਸੀ ਪੁੱਤਰਾਂ ਨਾਲ ਬਹੁਤ ਚੰਗੀਆਂ ਰਹੀਆਂ ਹੋ। ਇਸ ਲਈ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਯਹੋਵਾਹ ਤੁਹਾਡੇ ਨਾਲ ਇਨਸਾਫ਼ ਕਰੇਗਾ ਅਤੇ ਤੁਹਾਡੇ ਉੱਤੇ ਮਿਹਰ ਕਰੇਗਾ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਉਹ ਤੁਹਾਨੂੰ ਇੱਕ ਚੰਗੇ ਪਤੀ ਨਾਲ ਇੱਕ ਘਰ ਵਿੱਚ ਅਰਾਮ ਲੱਭਣ ਵਿੱਚ ਮਦਦ ਕਰੇ।” ਨਾਓਮੀ ਨੇ ਆਪਣੀਆਂ ਨੂਹਾਂ ਨੂੰ ਚੁੰਮਿਆ ਅਤੇ ਉਹ ਸਾਰੀਆਂ ਰੋਣ ਲੱਗ ਪਈਆਂ।

10 ਫ਼ੇਰ ਨੂਹਾਂ ਨੇ ਆਖਿਆ, “ਪਰ ਅਸੀਂ ਤਾਂ ਤੁਹਾਡੇ ਨਾਲ ਆਉਣਾ ਚਾਹੁੰਦੀਆਂ ਹਾਂ ਅਤੇ ਤੁਹਾਡੇ ਪਰਿਵਾਰ ਵਿੱਚ ਜਾਣਾ ਚਾਹੁੰਦੀਆਂ ਹਾਂ।”

11 ਪਰ ਨਾਓਮੀ ਨੇ ਆਖਿਆ, “ਨਹੀਂ, ਧੀਓ, ਆਪੋ-ਆਪਣੇ ਘਰਾਂ ਨੂੰ ਵਾਪਸ ਜਾਓ। ਮੇਰੇ ਨਾਲ ਤੁਸੀਂ ਕਿਉਂ ਜਾਂਦੀਆਂ ਹੋ? ਮੈਂ ਤੁਹਾਡੀ ਸਹਾਇਤਾ ਨਹੀਂ ਕਰ ਸੱਕਦੀ। ਮੇਰੇ ਅੰਦਰ ਹੋਰ ਕੋਈ ਪੁੱਤਰ ਨਹੀਂ ਹਨ ਜਿਹੜੇ ਤੁਹਾਡੇ ਪਤੀ ਬਣ ਸੱਕਣ। 12 ਮੇਰੀਓ ਧੀਓ, ਘਰ ਵਾਪਸ ਚਲੀਆਂ ਜਾਵੋ! ਮੈਂ ਇੰਨੀ ਬੁੱਢੀ ਹਾਂ ਕਿ ਹੋਰ ਨਵਾਂ ਪਤੀ ਨਹੀਂ ਕਰ ਸੱਕਦੀ। ਜੇ ਮੈਂ ਦੋਬਰਾ ਸ਼ਾਦੀ ਕਰਾਉਣ ਦੀ ਵੀ ਸੋਚਾਂ, ਤਾਂ ਵੀ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸੱਕਦੀ। ਜੇ ਮੈਂ ਅੱਜ ਰਾਤ ਨੂੰ ਹੀ ਗਰਭਵਤੀ ਹੋ ਜਾਵਾਂ ਅਤੇ ਦੋ ਪੁੱਤਰ ਜਣਾ ਇਸ ਨਾਲ ਤੁਹਾਡੀ ਕੋਈ ਸਹਾਇਤਾ ਨਹੀਂ ਹੋਵੇਗੀ। 13 ਕੀ ਤੁਸੀਂ ਉਨ੍ਹਾਂ ਦੇ ਵੱਡੇ ਹੋਣ ਤੱਕ ਲੰਮੇ ਸਮੇਂ ਲਈ ਇੰਤਜ਼ਾਰ ਕਰੋਂਗੀਆਂ? ਕੀ ਤੁਸੀਂ ਉਨ੍ਹਾਂ ਦੇ ਇੰਤਜ਼ਾਰ ਵਿੱਚ ਅਣਵਿਆਹੀਆਂ ਰਹੋਂਗੀਆਂ? ਨਹੀਂ, ਮੇਰੀਓ ਧੀਓ, ਇਹ ਮੈਨੂੰ ਤੁਹਾਡੇ ਹੋਣ ਨਾਲੋਂ ਵੀ ਵੱਧੇਰੇ ਉਦਾਸ ਕਰ ਦੇਵੇਗਾ। ਯਹੋਵਾਹ ਮੇਰੇ ਖਿਲਾਫ਼ ਪਰਤ ਗਿਆ ਹੈ।”

14 ਇਸ ਲਈ ਉਹ ਔਰਤਾਂ ਫ਼ੇਰ ਬਹੁਤ ਰੋਈਆਂ। ਫ਼ੇਰ ਆਰਪਾਹ ਨੇ ਨਾਓਮੀ ਨੂੰ ਚੁੰਮਿਆ ਅਤੇ ਚਲੀ ਗਈ। ਪਰ ਰੂਥ ਨੇ ਉਸ ਨੂੰ ਜਫ਼ੀ ਪਾ ਲਈ ਅਤੇ ਠਹਿਰ ਗਈ।

15 ਨਾਓਮੀ ਨੇ ਆਖਿਆ, “ਦੇਖ ਤੇਰੀ ਜਿਠਾਣੀ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਵਾਪਸ ਚਲੀ ਗਈ ਹੈ। ਇਸ ਲਈ ਤੈਨੂੰ ਵੀ ਇਵੇਂ ਹੀ ਕਰਨਾ ਚਾਹੀਦਾ ਹੈ।”

16 ਪਰ ਰੂਥ ਨੇ ਆਖਿਆ, “ਮੈਨੂੰ ਤੈਨੂੰ ਛੱਡ ਕੇ ਜਾਣ ਲਈ ਮਜ਼ਬੂਰ ਨਾ ਕਰ! ਮੈਨੂੰ ਆਪਣੇ ਲੋਕਾਂ ਕੋਲ ਵਾਪਸ ਜਾਣ ਲਈ ਮਜ਼ਬੂਰ ਨਾ ਕਰੀਂ। ਮੈਨੂੰ ਆਪਣੇ ਨਾਲ ਆਉਣ ਦੇ। ਜਿੱਥੇ ਤੂੰ ਜਾਵੇਂਗੀ ਮੈਂ ਵੀ ਉੱਥੇ ਹੀਜਾਵਾਂਗੀ। ਜਿੱਥੇ ਤੂੰ ਰਹੇਂਗੀ ਮੈਂ ਵੀ ਉੱਥੇ ਹੀ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ, ਮੇਰਾ ਪਰਮੇਸ਼ੁਰ ਹੋਵੇਗਾ। 17 ਜਿੱਥੇ ਤੁਸੀਂ ਮਰੋਂਗੇ ਉੱਥੇ ਹੀ ਮੈਂ ਮਰਾਂਗੀ। ਅਤੇ ਉੱਥੇ ਹੀ ਮੈਨੂੰ ਦਫ਼ਨਾਇਆ ਜਾਵੇਗਾ। ਮੈਂ ਯਹੋਵਾਹ ਪਾਸੋਂ ਇਹ ਮੰਗ ਕਰਦੀ ਹਾਂ ਕਿ ਮੈਂ ਇਸ ਇਕਰਾਰ ਨੂੰ ਨਾ ਨਿਭਾਵਾਂ ਤਾਂ ਉਹ ਮੈਨੂੰ ਸਜ਼ਾ ਦੇਵੇ: ਸਿਰਫ਼ ਮੌਤ ਹੀ ਸਾਨੂੰ ਵੱਖ ਕਰੇਗੀ।” [a]

ਘਰ ਵਾਪਸੀ

18 ਨਾਓਮੀ ਨੇ ਦੇਖਿਆ ਕਿ ਰੂਥ ਉਸ ਦੇ ਨਾਲ ਜਾਣਾ ਬਹੁਤ ਚਾਹੁੰਦੀ ਸੀ। ਇਸ ਲਈ ਨਾਓਮੀ ਨੇ ਉਸ ਦੇ ਨਾਲ ਦਲੀਲਬਾਜ਼ੀ ਕਰਨੀ ਛੱਡ ਦਿੱਤੀ।

1 ਤਿਮੋਥਿਉਸ ਨੂੰ 1:1-17

ਮਸੀਹ ਯਿਸੂ ਦੇ ਰਸੂਲ, ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਂ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੇ ਆਦੇਸ਼ ਅਤੇ ਸਾਡੀ ਆਸ ਮਸੀਹ ਯਿਸੂ ਵੱਲੋਂ ਰਸੂਲ ਹਾਂ।

ਤਿਮੋਥਿਉਸ ਨੂੰ। ਤੂੰ ਮੈਨੂੰ ਨਿਹਚਾ ਵਿੱਚ ਇੱਕ ਸੱਚੇ ਪੁੱਤਰ ਵਰਗਾ ਹੈ।

ਪਰਮੇਸ਼ੁਰ ਪਿਤਾ ਅਤੇ ਸਾਡੇ ਪ੍ਰਭੂ ਮਸੀਹ ਯਿਸੂ ਵੱਲੋਂ ਤੈਨੂੰ ਕਿਰਪਾ, ਮਿਹਰ ਤੇ ਸ਼ਾਂਤੀ ਮਿਲਦੀ ਰਹੇ।

ਝੂਠੇ ਉਪਦੇਸ਼ ਬਾਰੇ ਚੇਤਾਵਨੀ

ਮੈਂ ਚਾਹੁੰਦਾ ਹਾਂ ਕਿ ਤੁਸੀਂ ਅਫ਼ਸੁਸ ਵਿੱਚ ਠਹਿਰੋ। ਜਦੋਂ ਮੈਂ ਮਕਦੂਨਿਯਾ ਵਿੱਚ ਗਿਆ ਸਾਂ ਤਾਂ ਮੈਂ ਤੁਹਾਨੂੰ ਅਜਿਹਾ ਕਰਨ ਲਈ ਆਖਿਆ ਹੈ। ਅਫ਼ਸੁਸ ਵਿੱਚ ਕੁਝ ਲੋਕ ਝੂਠੀਆਂ ਗੱਲਾਂ ਦਾ ਉਪਦੇਸ਼ ਦੇ ਰਹੇ ਹਨ। ਉੱਥੇ ਠਹਿਰੋ ਤਾਂ ਜੋ ਤੁਸੀਂ ਉਨ੍ਹਾਂ ਲੋਕਾਂ ਨੂੰ ਝੂਠੀਆਂ ਗੱਲਾਂ ਦੇ ਉਪਦੇਸ਼ ਦੇਣ ਤੋਂ ਰੁਕਣ ਦਾ ਆਦੇਸ਼ ਦੇ ਸੱਕੋਂ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਕਹਾਣੀਆਂ ਤੇ ਸਮਾਂ ਨਾ ਬਰਬਾਦ ਕਰਨ ਲਈ ਕਹੋ ਜਿਹੜੀਆਂ ਸੱਚੀਆਂ ਨਹੀਂ ਹਨ ਅਤੇ ਨਾਮਾਂ ਦੀਆਂ ਵੱਡੀਆਂ ਪੱਤ੍ਰੀਆਂ ਉੱਤੇ ਪਰਿਵਾਰਕ ਇਤਹਾਸ ਨਾਲ ਸੰਬੰਧਿਤ ਹਨ। ਉਹ ਚੀਜ਼ਾਂ ਕੇਵਲ ਵਾਦ ਵਿਵਾਦ ਖੜ੍ਹਾ ਕਰਦੀਆਂ ਹਨ। ਉਹ ਗੱਲਾਂ ਪਰਮੇਸ਼ੁਰ ਦੇ ਕਾਰਜ ਵਿੱਚ ਸਹਾਇਤਾ ਨਹੀਂ ਕਰਦੀਆਂ। ਪਰਮੇਸ਼ੁਰ ਦਾ ਕਾਰਜ ਤਾਂ ਵਿਸ਼ਵਾਸ ਰਾਹੀਂ ਹੁੰਦਾ ਹੈ। ਇਸ ਆਦੇਸ਼ ਦਾ ਟੀਚਾ ਲੋਕਾਂ ਨੂੰ ਪਿਆਰ ਭਾਵਨਾ ਰੱਖਣ ਨਾਲ ਸੰਬੰਧ ਰੱਖਦਾ ਹੈ। ਇਸ ਪਿਆਰ ਨੂੰ ਹਾਸਿਲ ਕਰਨ ਲਈ ਲੋਕਾਂ ਨੂੰ ਆਪਣਾ ਦਿਲ ਸ਼ੁੱਧ ਰੱਖਣਾ ਪਵੇਗਾ ਉਨ੍ਹਾਂ ਨੂੰ ਉਹੋ ਕੁਝ ਕਰਨਾ ਚਾਹੀਦਾ ਹੈ ਜਿਹੜਾ ਉਨ੍ਹਾਂ ਦੀ ਸਮਝ ਅਨੁਸਾਰ ਸਹੀ ਹੈ, ਅਤੇ ਉਨ੍ਹਾਂ ਨੂੰ ਸੱਚਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਕੁਝ ਲੋਕਾਂ ਨੇ ਇਹ ਗੱਲਾਂ ਨਹੀਂ ਕੀਤੀਆਂ। ਉਹ ਦੂਰ ਚੱਲੇ ਗਏ ਸਨ ਅਤੇ ਹੁਣ ਉਹ ਉਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰ ਰਹੇ ਹਨ ਜਿਹੜੀਆਂ ਨਿਕਾਰਥਕ ਹਨ। ਉਹ ਲੋਕ ਨੇਮ ਦੇ ਉਪਦੇਸ਼ਕ ਬਣਨਾ ਚਾਹੁੰਦੇ ਹਨ। ਪਰ ਉਹ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਗੱਲਾਂ ਕਰ ਰਹੇ ਹਨ। ਉਹ ਤਾਂ ਉਨ੍ਹਾਂ ਗੱਲਾਂ ਨੂੰ ਸਮਝਦੇ ਵੀ ਨਹੀਂ ਜਿਨ੍ਹਾਂ ਬਾਰੇ ਉਹ ਪੱਕੇ ਭਰੋਸੇ ਨਾਲ ਗੱਲਾਂ ਕਰ ਰਹੇ ਹਨ।

ਅਸੀਂ ਜਾਣਦੇ ਹਾਂ ਕਿ ਜੇ ਕੋਈ ਵਿਅਕਤੀ ਸਹੀ ਢੰਗ ਨਾਲ ਸ਼ਰ੍ਹਾ ਦੀ ਵਰਤੋਂ ਕਰਦਾ ਹੈ ਤਾਂ ਸ਼ਰ੍ਹਾ ਚੰਗੀ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਰ੍ਹਾ ਚੰਗੇ ਲੋਕਾਂ ਲਈ ਨਹੀਂ ਬਣਾਈ ਗਈ। ਸਗੋਂ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਸ਼ਰ੍ਹਾ ਦੇ ਵਿਰੁੱਧ ਹਨ ਅਤੇ ਉਨ੍ਹਾਂ ਲੋਕਾਂ ਲਈ ਜਿਹੜੇ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹਨ। ਸ਼ਰ੍ਹਾ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹਨ, ਉਨ੍ਹਾਂ ਲਈ ਜੋ ਪਾਪੀ ਹਨ, ਉਨ੍ਹਾਂ ਲਈ ਜਿਹੜੇ ਅਪਵਿੱਤਰ ਹਨ, ਉਨ੍ਹਾਂ ਲਈ ਜਿਹੜੇ ਮਜ਼ਹਬ ਦੇ ਖਿਲਾਫ਼ ਹਨ, ਉਨ੍ਹਾਂ ਲਈ ਜਿਹੜੇ ਆਪਣੇ ਮਾਤਾ ਪਿਤਾ ਨੂੰ ਮਾਰਦੇ ਹਨ, ਖੂਨੀਆਂ ਲਈ, 10 ਉਨ੍ਹਾਂ ਲਈ ਜਿਹੜੇ ਜਿਨਸੀ ਪਾਪ ਕਰਦੇ ਹਨ, ਸਮਲਿੰਗੀਆਂ ਲਈ, ਉਨ੍ਹਾਂ ਲਈ ਜਿਹੜੇ ਗੁਲਾਮਾਂ ਨੂੰ ਵੇਚਦੇ ਹਨ, ਝੂਠਿਆਂ ਲਈ, ਉਨ੍ਹਾਂ ਲਈ ਜਿਹੜੇ ਕਚਿਹਰੀ ਵਿੱਚ ਝੂਠ ਬੋਲਦੇ ਹਨ, ਅਤੇ ਉਨ੍ਹਾਂ ਲਈ ਜਿਹੜੇ ਪਰਮੇਸ਼ੁਰ ਦੇ ਉਪਦੇਸ਼ ਦੇ ਖਿਲਾਫ਼ ਗੱਲਾਂ ਕਰਦੇ ਹਨ। 11 ਇਹ ਉਪਦੇਸ਼ ਉਸ ਖੁਸ਼ਖਬਰੀ ਦਾ ਅੰਗ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਹੋਰਾਂ ਨੂੰ ਦੇਣ ਲਈ ਪ੍ਰਦਾਨ ਕੀਤੀ ਸੀ। ਮਹਿਮਾਮਈ ਖੁਸ਼ਖਬਰੀ ਭਾਗਸ਼ਾਲੀ ਪਰਮੇਸ਼ੁਰ ਵੱਲੋਂ ਹੈ।

ਪਰਮੇਸ਼ੁਰ ਦੀ ਦਯਾ ਲਈ ਧੰਨਵਾਦ

12 ਮੈਂ ਮਸੀਹ ਯਿਸੂ, ਸਾਡੇ ਪ੍ਰਭੂ, ਦਾ ਧੰਨਵਾਦ ਕਰਦਾ ਹਾਂ ਕਿਉਂ ਕਿ ਉਸ ਨੇ ਮੇਰੇ ਉੱਪਰ ਭਰੋਸਾ ਕੀਤਾ ਅਤੇ ਮੈਨੂੰ ਉਸਦੀ ਸੇਵਾ ਕਰਨ ਲਈ ਇਹ ਕਾਰਜ ਦਿੱਤਾ। ਉਹੀ ਮੈਨੂੰ ਸ਼ਕਤੀ ਪ੍ਰਦਾਨ ਕਰਦਾ ਹੈ। 13 ਅਤੀਤ ਵਿੱਚ, ਮੈਂ ਮਸੀਹ ਦੇ ਵਿਰੁੱਧ ਬੋਲਦਾ ਸਾਂ ਤੇ ਉਸ ਨੂੰ ਸਤਾਇਆ ਅਤੇ ਮੈਂ ਉਸ ਨੂੰ ਦੁੱਖ ਪਹੁੰਚਾਇਆ। ਪਰ ਪਰਮੇਸ਼ੁਰ ਨੇ ਮੈਨੂੰ ਆਪਣੀ ਕਿਰਪਾ ਦਿਤੀ ਕਿਉਂਕਿ ਮੈਂ ਨਹੀਂ ਜਾਣਦਾ ਸੀ ਕਿ ਮੈਂ ਕੀ ਕਰ ਰਿਹਾ ਸਾਂ। ਇਹ ਗੱਲਾਂ ਮੈਂ ਉਦੋਂ ਕੀਤੀਆਂ ਸਨ ਜਦੋਂ ਮੇਰੇ ਅੰਦਰ ਵਿਸ਼ਵਾਸ ਨਹੀਂ ਸੀ। 14 ਪਰ ਸਾਡੇ ਪ੍ਰਭੂ ਦੀ ਕਿਰਪਾ ਮੈਨੂੰ ਪੂਰੀ ਤਰ੍ਹਾਂ ਦਿੱਤੀ ਹੋਈ ਸੀ, ਅਤੇ ਕਿਰਪਾ ਦੇ ਨਾਲ ਵਿਸ਼ਵਾਸ ਅਤੇ ਉਹ ਪਿਆਰ ਆਇਆ ਜੋ ਮਸੀਹ ਯਿਸੂ ਵਿੱਚ ਹੈ।

15 ਜੋ ਕੁਝ ਮੈਂ ਆਖ ਰਿਹਾ ਹਾਂ ਸੱਚ ਹੈ ਅਤੇ ਇਹ ਪੂਰੀ ਤਰ੍ਹਾਂ ਕਬੂਲ ਕਰ ਲੈਣ ਦਾ ਅਧਿਕਾਰੀ ਹੈ। ਮਸੀਹ ਯਿਸੂ ਇਸ ਦੁਨੀਆਂ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ। ਅਤੇ ਮੈਂ ਉਨ੍ਹਾਂ ਪਾਪੀਆਂ ਵਿੱਚੋਂ ਸਭ ਤੋਂ ਬੁਰਾ ਸਾਂ। 16 ਪਰ ਮੈਨੂੰ ਕਿਰਪਾ ਦਿਤੀ ਗਈ। ਤਾਂ ਜੋ ਮਸੀਹ ਯਿਸੂ ਮੇਰੇ ਵਿੱਚ ਵਿਖਾ ਸੱਕੇ ਕਿ ਉਸਦਾ ਸਬਰ ਅਸੀਮ ਹੈ। ਮਸੀਹ ਨੇ ਆਪਣਾ ਸਬਰ ਮੇਰੇ, ਸਭ ਪਾਪੀਆਂ ਤੋਂ ਗਏ ਗੁਜਰੇ, ਤੇ ਵਿਖਾਇਆ। ਯਿਸੂ ਚਾਹੁੰਦਾ ਸੀ ਕਿ ਮੈਂ ਉਨ੍ਹਾਂ ਲੋਕਾਂ ਲਈ ਇੱਕ ਮਿਸਾਲ ਬਣਾ ਜਿਹੜੇ ਉਸ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਸਦੀਪਕ ਜੀਵਨ ਪ੍ਰਾਪਤ ਕਰਦੇ ਹਨ। 17 ਉਸ ਬਾਦਸ਼ਾਹ ਨੂੰ ਮਹਿਮਾ ਤੇ ਸਨਮਾਨ ਜਿਹੜਾ ਸਦੀਵੀ ਤੌਰ ਤੇ ਰਾਜ ਕਰਦਾ ਹੈ। ਉਸ ਨੂੰ ਤਬਾਹ ਨਹੀਂ ਕੀਤਾ ਜਾ ਸੱਕਦਾ ਅਤੇ ਨਾ ਹੀ ਦੇਖਿਆ ਜਾ ਸੱਕਦਾ ਹੈ। ਸਿਰਫ਼ ਪਰਮੇਸ਼ੁਰ ਨੂੰ ਹੀ ਸਦਾ ਅਤੇ ਸਦਾ ਲਈ ਸਤਿਕਾਰ ਅਤੇ ਮਹਿਮਾ। ਆਮੀਨ!

ਲੂਕਾ 13:1-9

ਆਪਣੇ ਦਿਲ ਬਦਲੋ

13 ਉਸ ਵਕਤ ਯਿਸੂ ਦੇ ਨਾਲ ਕੁਝ ਲੋਕ ਸਨ। ਇਨ੍ਹਾਂ ਲੋਕਾਂ ਨੇ ਉਸ ਨੂੰ ਦੱਸਿਆ ਕਿ ਗਲੀਲ ਵਿੱਚ ਕੁਝ ਲੋਕਾਂ ਨਾਲ ਕਿਵੇਂ ਵਾਪਰੀ ਪਿਲਾਤੁਸ ਨੇ ਉਨ੍ਹਾਂ ਲੋਕਾਂ ਨੂੰ ਉਪਾਸਨਾ ਕਰਦੇ ਹੋਇਆਂ ਨੂੰ ਮਰਵਾਇਆ ਸੀ। ਪਿਲਾਤੁਸ ਨੇ ਜਾਨਵਰਾਂ ਦੇ ਬਲੀਦਾਨ ਦੇ ਲਹੂ ਨਾਲ ਉਨ੍ਹਾਂ ਦਾ ਲਹੂ ਮਿਲਾਇਆ ਸੀ, ਜਿਹੜੇ ਕਿ ਉਪਾਸਨਾ ਦੇ ਵਕਤ ਜਾਨਵਰਾਂ ਦੀ ਬਲੀ ਦੇ ਰਹੇ ਸਨ। ਯਿਸੂ ਨੇ ਜਵਾਬ ਦਿੱਤਾ, “ਤੁਸੀਂ ਕੀ ਸੋਚਦੇ ਹੋ ਕਿ ਉਨ੍ਹਾਂ ਨਾਲ ਅਜਿਹਾ ਇਸ ਲਈ ਵਾਪਰਿਆ ਕਿਉਂਕਿ ਉਨ੍ਹਾਂ ਨੇ ਗਲੀਲ ਦੇ ਹੋਰ ਲੋਕਾਂ ਨਾਲੋਂ ਵੱਧ ਪਾਪ ਕੀਤੇ? ਨਹੀਂ, ਉਨ੍ਹਾਂ ਨੇ ਨਹੀਂ ਕੀਤੇ, ਜੇਕਰ ਤੁਸੀਂ ਆਪਣਾ ਜੀਵਨ ਅਤੇ ਆਪਣੇ ਦਿਲ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਉਨ੍ਹਾਂ ਦੀ ਤਰ੍ਹਾਂ ਨਸ਼ਟ ਕਰ ਦਿੱਤੇ ਜਾਵੋਂਗੇ। ਤੁਸੀਂ ਉਨ੍ਹਾਂ ਅੱਠ੍ਹਾਰਾਂ ਲੋਕਾਂ ਬਾਰੇ ਕੀ ਸੋਚਦੇ ਹੋ ਜਿਹੜੇ ਜਦੋਂ ਸਿਲੋਆਮ ਦਾ ਬੁਰਜ ਉਨ੍ਹਾਂ ਉੱਤੇ ਢੱਠਾ ਤਾਂ ਮਾਰੇ ਗਏ ਸਨ। ਕੀ ਤੁਸੀਂ ਸੋਚਦੇ ਹੋ ਕਿ ਉਹ ਯਰੂਸ਼ਲਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨਾਲੋਂ ਵੱਧ ਪਾਪੀ ਸਨ? ਮੈਂ ਤੁਹਾਨੂੰ ਆਖਦਾ ਹਾਂ ਕਿ ਇਉਂ ਨਹੀਂ ਸੀ, ਪਰ ਜੇਕਰ ਤੁਸੀਂ ਵੀ ਆਪਣੇ ਦਿਲ ਅਤੇ ਜੀਵਨ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਨਸ਼ਟ ਹੋ ਜਾਵੋਂਗੇ।”

ਫ਼ਲਹੀਣ ਰੁੱਖ

ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ, “ਇੱਕ ਆਦਮੀ ਕੋਲ ਬਾਗ ਵਿੱਚ ਇੱਕ ਅੰਜੀਰ ਦਾ ਰੁੱਖ ਸੀ। ਉਸ ਨੇ ਰੁੱਖ ਦੇ ਹਰ ਪਾਸੇ ਵੇਖਿਆ ਕਿ ਕੋਈ ਫ਼ਲ ਦਿਸੇ, ਪਰ ਉਸ ਨੂੰ ਕੋਈ ਫ਼ਲ ਨਜ਼ਰ ਨਾ ਆਇਆ। ਉਸ ਆਦਮੀ ਕੋਲ ਇੱਕ ਨੌਕਰ ਸੀ ਜੋ ਉਸ ਬਾਗ ਦੀ ਰੱਖਵਾਲੀ ਕਰਦਾ ਹੁੰਦਾ ਸੀ। ਇਸ ਲਈ ਉਸ ਨੇ ਆਪਣੇ ਨੌਕਰ ਨੂੰ ਕਿਹਾ, ‘ਮੈਂ ਤਿੰਨ ਸਾਲ ਤੋਂ ਇਸ ਰੁੱਖ ਵੱਲ ਫ਼ਲ ਲਈ ਵੇਖ ਰਿਹਾ ਹਾਂ, ਪਰ ਮੈਨੂੰ ਇਸ ਉੱਪਰ ਕਦੇ ਕੋਈ ਫ਼ਲ ਲੱਗਾ ਨਹੀਂ ਦਿਸਿਆ। ਇਸ ਨੂੰ ਵੱਢ ਸੁੱਟ। ਇਵੇਂ ਜ਼ਮੀਨ ਨੂੰ ਜ਼ਾਇਆ ਕਿਉਂ ਕੀਤਾ ਜਾਵੇ?’ ਪਰ ਨੌਕਰ ਨੇ ਜਵਾਬ ਦਿੱਤਾ, ‘ਮਾਲਕ, ਇੱਕ ਸਾਲ ਹੋਰ ਇੰਤਜ਼ਾਰ ਕਰੋ ਤਾਂ ਜੋ ਇਹ ਰੁੱਖ ਫ਼ਲ ਦੇ ਸੱਕੇ। ਮੈਨੂੰ ਇਸਦੇ ਆਸੇ-ਪਾਸਿਓ ਖੋਦਣ ਦਿਉ ਅਤੇ ਕੁਝ ਖਾਦ ਪਾਉਣ ਦਿਉ। ਹੋ ਸੱਕਦਾ ਹੈ ਅਗਲੇ ਸਾਲ ਤੀਕ ਇਸ ਨੂੰ ਕੋਈ ਫ਼ਲ ਲੱਗ ਜਾਵੇ। ਜੇਕਰ ਤਦ ਵੀ ਕੋਈ ਵਲ ਨਾ ਲੱਗੇ ਤਾਂ ਤੁਸੀਂ ਚਾਹੇ ਇਸ ਨੂੰ ਕਟਵਾ ਸੁੱਟਣਾ।’”

Punjabi Bible: Easy-to-Read Version (ERV-PA)

2010 by World Bible Translation Center