Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 5-6

ਨਿਰਦੇਸ਼ਕ ਲਈ। ਬੰਸਰੀਆਂ ਦੇ ਨਾਲ ਗਾਉਣ ਵਾਲਾ। ਦਾਊਦ ਦਾ ਇੱਕ ਗੀਤ।

ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
    ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
    ਮੇਰੀ ਪ੍ਰਾਰਥਨਾ ਨੂੰ ਸੁਣ।
ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
    ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।

ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
    ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
    ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
    ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।

ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
    ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
    ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
ਉਹ ਲੋਕ ਸੱਚ ਨਹੀਂ ਆਖਦੇ।
    ਉਹ ਲੋਕ ਝੂਠੇ ਹਨ ਜਿਹੜੇ ਸੱਚ ਨੂੰ ਮਰੋੜਦੇ ਹਨ।
ਉਨ੍ਹਾਂ ਦੇ ਮੂੰਹ ਖਾਲੀ ਕਬਰਾਂ ਵਰਗੇ ਹਨ।
ਭਾਵੇਂ ਉਹ ਹੋਰਨਾਂ ਨੂੰ ਮਿੱਠੇ ਸ਼ਬਦ ਬੋਲਦੇ ਹਨ,
    ਉਹ ਸਿਰਫ਼ ਉਨ੍ਹਾਂ ਨੂੰ ਫ਼ਸਾਉਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਹੀ ਵਿਉਂਤਾ ਬਣਾਉਂਦੇ ਹਨ।
10 ਉਨ੍ਹਾਂ ਨੂੰ ਸਜ਼ਾ ਦਿਉ, ਪਰਮੇਸ਼ੁਰ!
    ਉਨ੍ਹਾਂ ਨੂੰ ਖੁਦ ਆਪਣੇ ਹੀ ਜਾਲ ਵਿੱਚ ਫ਼ਸ ਜਾਣ ਦਿਉ।
ਉਹ ਲੋਕ ਤੁਹਾਡੇ ਵਿਰੁੱਧ ਖੜ੍ਹੇ ਹੋ ਗਏ ਹਨ।
    ਉਨ੍ਹਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਦਿਉ।
11 ਪਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਪ੍ਰਸੰਨ ਹੋਣ ਦਿਉ।
ਉਨ੍ਹਾਂ ਨੂੰ ਸਦਾ ਲਈ ਖੁਸ਼ ਹੋਣ ਦਿਉ।
    ਹੇ ਪਰਮੇਸ਼ੁਰ, ਸਾਨੂੰ ਬਚਾਉ ਅਤੇ ਉਨ੍ਹਾਂ ਨੂੰ ਬਲ ਦਿਉ ਜਿਹੜੇ ਤੇਰੇ ਨਾਮ ਨੂੰ ਪਿਆਰ ਕਰਦੇ ਹਨ!
12 ਹੇ ਯਹੋਵਾਹ, ਜਦੋਂ ਤੁਸੀਂ ਚੰਗੇ ਲੋਕਾਂ ਦਾ ਭਲਾ ਕਰਦੇ ਹੋਂ।
    ਤੁਸੀਂ ਇੱਕ ਢਾਲ ਦੀ ਤਰ੍ਹਾਂ ਉਨ੍ਹਾਂ ਦੀ ਰੱਖਿਆ ਕਰਦੇ ਹੋ।

ਨਿਰਦੇਸ਼ਕ ਲਈ। ਸੇਮਿਨਿਥ [a] ਨਾਲ ਵਜਾਏ ਜਾਣ ਵਾਲੇ ਤਾਰਾਂ ਵਾਲੇ ਸਾਜ਼ਾਂ ਨਾਲ। ਦਾਊਦ ਦਾ ਇੱਕ ਗੀਤ।

ਯਹੋਵਾਹ, ਮੈਨੂੰ ਗੁੱਸੇ ਨਾਲ ਠੀਕ ਨਾ ਕਰੋ।
    ਗੁਸੇ ਨਾ ਹੋਵੋ, ਮੈਨੂੰ ਸਜ਼ਾ ਨਾ ਦੇਵੋ ਅਤੇ ਮੈਨੂੰ ਧੀਰਜ ਨਾਲ ਠੀਕ ਕਰੋ।
ਯਹੋਵਾਹ, ਮੇਰੇ ਉੱਤੇ ਦਯਾ ਕਰੋ,
    ਮੈਂ ਬਿਮਾਰ ਤੇ ਕਮਜ਼ੋਰ ਹਾਂ।
ਮੈਨੂੰ ਤੰਦਰੁਸਤੀ ਬਖਸ਼ੋ!
    ਮੇਰੀ ਹੱਡੀਆਂ ਬਲਹੀਣ ਹੋ ਗਈਆਂ ਹਨ।
    ਮੇਰਾ ਸਾਰਾ ਸ਼ਰੀਰ ਕੰਬ ਰਿਹਾ ਹੈ।
ਯਹੋਵਾਹ, ਮੈਨੂੰ ਚੰਗਾ ਕਰਨ ਲਈ ਤੁਸੀਂ ਕਿੰਨਾ ਸਮਾਂ ਲਵੋਂਗੇ?
ਯਹੋਵਾਹ ਕਿਰਪਾ ਕਰਕੇ ਜਾਉ, ਅਤੇ ਮੈਨੂੰ ਸਵਸਥ ਬਣਾਉ!
    ਤੁਸੀਂ ਬਹੁਤ ਕ੍ਰਿਪਾਲੂ ਹੋ, ਇਸ ਲਈ ਮੇਰੀ ਰੱਖਿਆ ਕਰੋ।
ਮੁਰਦੇ ਆਪਣੀਆਂ ਕਬਰਾਂ ਵਿੱਚ ਤੁਹਾਨੂੰ ਯਾਦ ਨਹੀਂ ਕਰਦੇ।
    ਅਤੇ ਜਿਹੜੇ ਲੋਕ ਮ੍ਰਿਤੂ ਲੋਕ ਵਿੱਚ ਹਨ, ਤੇਰੀ ਉਸਤਤਿ ਨਹੀਂ ਕਰਦੇ।

ਯਹੋਵਾਹ, ਮੈਂ ਸਾਰੀ ਰਾਤ ਤੁਹਾਨੂੰ ਪ੍ਰਾਰਥਨਾ ਕੀਤੀ
    ਅਤੇ ਮੇਰੇ ਹੰਝੂਆਂ ਨਾਲ ਮੇਰਾ ਬਿਸਤਰਾ ਭਿੱਜ ਗਿਆ ਹੈ।
ਮੇਰੇ ਹੰਝੂ ਬਿਸਤਰੇ ਵਿੱਚੋਂ ਚੋਅ ਰਹੇ ਹਨ।
    ਮੈਂ ਤੇਰੇ ਅੱਗੇ ਰੋ ਰਿਹਾ ਸਾਂ ਅਤੇ ਇਸ ਲਈ ਮੈਂ ਕਮਜ਼ੋਰ ਹੋ ਗਿਆ।
ਮੇਰੇ ਦੁਸ਼ਮਣਾਂ ਨੇ ਮੈਨੂੰ ਬਹੁਤ ਦੁੱਖ ਦਿੱਤੇ ਹਨ।
ਇਸੇ ਗੱਲੋਂ ਮੈਂ ਬਹੁਤ ਦੁੱਖੀ ਤੇ ਉਦਾਸ ਹਾਂ।
    ਕਿਉਂਕਿ ਮੈਂ ਆਪਣੇ ਦੁੱਖਾਂ ਕਾਰਣ ਰੋ ਰਿਹਾ ਸੀ ਮੇਰੀਆਂ ਅੱਖਾਂ ਧੁੰਦਲੀਆਂ ਤੇ ਕਮਜ਼ੋਰ ਹੋ ਗਈਆਂ ਹਨ।

ਤੁਸੀਂ ਬਦ ਲੋਕੋ, ਦੂਰ ਚੱਲੇ ਜਾਉ।
    ਕਿਉਂਕਿ ਯਹੋਵਾਹ ਨੇ ਮੇਰੀਆਂ ਚੀਕਾਂ ਸੁਣ ਲਈਆਂ ਹਨ।
ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ
ਅਤੇ ਸੁਣਨ ਤੋਂ ਬਾਅਦ ਯਹੋਵਾਹ ਨੇ ਸੁਣਕੇ ਮੇਰੀ ਪ੍ਰਾਰਥਨਾ ਕਬੂਲ ਕਰ ਲਈ ਹੈ।

10 ਮੇਰੇ ਸਾਰੇ ਦੁਸ਼ਮਣ ਦੁੱਖੀ ਤੇ ਨਾਉੱਮੀਦ ਹੋਣਗੇ।
    ਨਿਸ਼ਚਿਤ ਹੀ ਅਚਾਨਕ ਕੁਝ ਵਾਪਰੇਗਾ, ਅਤੇ ਉਹ ਸਾਰੇ ਲੋਕ ਸ਼ਰਮਸਾਰ ਹੋਕੇ ਮੁੜ ਜਾਣਗੇ।

ਜ਼ਬੂਰ 10-11

10 ਹੇ ਯਹੋਵਾਹ, ਤੁਸੀਂ ਇੰਨੇ ਦੂਰ ਕਿਉਂ ਹੋ?
    ਮੁਸੀਬਤਾਂ ਵਿੱਚ ਘਿਰੇ ਲੋਕ ਤੈਨੂੰ ਵੇਖਣ ਯੋਗ ਨਹੀਂ ਹਨ।
ਦੁਸ਼ਟ ਲੋਕ ਜਿਹੜੇ ਘਮੰਡੀ ਹਨ ਦੁਸ਼ਟ ਵਿਉਂਤਾ ਬਣਾਉਂਦੇ ਹਨ
    ਅਤੇ ਨਿਮ੍ਰ ਲੋਕਾਂ ਨੂੰ ਦੁੱਖ ਪਹੁੰਚਾਉਂਦੇ ਹਨ।
ਦੁਸ਼ਟ ਲੋਕੀਂ ਉਨ੍ਹਾਂ ਚੀਜ਼ਾਂ ਬਾਰੇ ਸ਼ੇਖੀ ਮਾਰਦੇ ਨੇ ਜਿਨ੍ਹਾਂ ਦੀ ਉਹ ਇੱਛਾ ਕਰਦੇ ਨੇ ਅਤੇ ਉਹ ਲੋਭੀ ਲੋਕੀਂ ਪਰਮੇਸ਼ੁਰ ਦੀ ਬੁਰਾਈ ਕਰਦੇ ਹਨ।
    ਇਸ ਤੋਂ ਇਲਾਵਾ ਇਸ ਤਰ੍ਹਾਂ ਉਹ ਬੁਰੇ ਲੋਕ ਦਰਸ਼ਾਉਂਦੇ ਹਨ ਕਿ ਉਹ ਯਹੋਵਾਹ ਨੂੰ ਵੀ ਨਫ਼ਰਤ ਕਰਦੇ ਹਨ।
ਬੁਰੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਤੋਂ ਇਨਕਾਰ ਕਰ ਦਿੰਦੇ ਹਨ, ਜਿਵੇਂ ਕਿ ਉਹ ਬਹੁਤ ਅਭਿਮਾਨੀ ਹਨ।
    ਉਹ ਆਪਣੀਆਂ ਮੰਦੀਆਂ ਯੋਜਨਾਵਾਂ ਬਣਾਉਂਦੇ ਨੇ ਅਤੇ ਇਸ ਤਰ੍ਹਾਂ ਵਿਹਾਰ ਕਰਦੇ ਨੇ, ਜਿਵੇਂ ਪਰਮੇਸ਼ੁਰ ਮੌਜੁਦ ਹੀ ਨਹੀਂ ਹੁੰਦਾ।
ਬੁਰੇ ਲੋਕ ਹਮੇਸ਼ਾ ਵਿੰਗੀਆਂ ਗੱਲਾਂ ਕਰਦੇ ਹਨ।
    ਉਹ ਪਰਮੇਸ਼ੁਰ ਦੇ ਨੇਮਾਂ ਅਤੇ ਉਸ ਦੇ ਸਿਆਣੇ ਉਪਦੇਸ਼ਾਂ ਦਾ ਨਿਰੀਖਣ ਕਰਦੇ ਹਨ।
    ਪਰਮੇਸ਼ੁਰ ਦੇ ਦੁਸ਼ਮਣ ਉਸ ਦੇ ਉਪਦੇਸ਼ਾਂ ਦੀ ਅਣਗਹਿਲੀ ਕਰਦੇ ਹਨ।
ਉਹ ਮਹਿਸੂਸ ਕਰਦੇ ਹਨ ਉਨ੍ਹਾਂ ਲਈ ਕੁਝ ਵੀ ਬੁਰਾ ਨਹੀਂ ਵਾਪਰਨ ਵਾਲਾ।
    ਉਹ ਆਖਦੇ ਹਨ, “ਅਸੀਂ ਹਮੇਸ਼ਾ ਖੁਸ਼ ਹੋਵਾਂਗੇ ਤੇ ਸਾਡੇ ਲਈ ਕਦੀ ਵੀ ਕੋਈ ਸਜ਼ਾ ਨਹੀਂ ਆਵੇਗੀ।”
ਉਹ ਹਮੇਸ਼ਾ ਸਰਾਪਦੇ ਹਨ। ਉਹ ਹਮੇਸ਼ਾ ਦੂਸਰਿਆਂ ਬਾਰੇ ਮੰਦੀਆਂ ਗੱਲਾਂ ਆਖਦੇ ਹਨ।
    ਇਸਤੋਂ ਇਲਾਵਾ ਉਹ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਨ।
ਉਹ ਆਪਣੇ ਆਪ ਨੂੰ ਲੁਕੋ ਲੈਂਦੇ ਹਨ
    ਅਤੇ ਪਰਤੱਖ ਥਾਵਾਂ ਤੇ ਦਿਖਾਈ ਨਹੀਂ ਦਿੰਦੇ।
    ਉਹ ਬੇਕਸੂਰ ਲੋਕਾਂ ਨੂੰ ਫ਼ੜਕੇ ਮਾਰਨ ਲਈ ਇੰਤਜ਼ਾਰ ਕਰਦੇ ਹਨ।
ਉਹ ਬੁਰੇ ਬੰਦੇ ਉਨ੍ਹਾਂ ਤਕੜੇ ਸ਼ੇਰਾਂ ਵਰਗੇ ਹਨ
    ਜਿਹੜੇ ਜਾਨਵਰਾਂ ਦੇ ਸ਼ਿਕਾਰ ਲਈ ਇੰਤਜ਼ਾਰ ਕਰਦੇ ਰਹਿੰਦੇ ਹਨ।
ਉਹ ਮਸੱਕੀਨ ਲੋਕਾਂ ਦੇ ਇੰਤਜ਼ਾਰ ਵਿੱਚ ਲਿਟ ਜਾਂਦੇ ਹਨ
    ਅਤੇ ਉਹ ਉਨ੍ਹਾਂ ਦੇ ਜਾਲ ਵਿੱਚ ਫ਼ਸ ਜਾਂਦੇ ਹਨ।
10 ਉਹ ਮਸੱਕੀਨ ਲੋਕਾਂ ਨੂੰ ਦੁੱਖੀ ਕਰਦੇ ਰਹਿੰਦੇ ਹਨ।
    ਉਹ ਬੁਰੇ ਲੋਕ ਇਨਸਾਨੀਅਤ ਨੂੰ ਉਦਾਸ ਬਣਾਉਂਦੇ ਹਨ।
11 ਇਸੇ ਲਈ, ਬੇਬਸ ਲੋਕ ਸੋਚਣ ਲੱਗੇ ਹਨ, “ਕਿ ਪਰਮੇਸ਼ੁਰ ਸਾਨੂੰ ਸਦਾ ਲਈ ਭੁੱਲ ਗਿਆ ਹੈ,
    ਉਹ ਸਾਥੋਂ ਬੇਮੁੱਖ ਹੋ ਗਿਆ ਹੈ,
    ਉਹ ਇਹ ਵੀ ਨਹੀਂ ਵੇਖਦਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”

12 ਯਹੋਵਾਹ ਉੱਠੋ, ਕੁਝ ਤਾਂ ਕਰੋ।
    ਹੇ ਪਰਮੇਸ਼ੁਰ, ਉਨ੍ਹਾਂ ਦੁਸ਼ਟ ਲੋਕਾਂ ਨੂੰ ਦੰਡ ਦੇਵੋ
    ਅਤੇ ਗਰੀਬ ਲੋਕਾਂ ਨੂੰ ਨਾ ਭੁੱਲੋ।

13 ਬੁਰੇ ਲੋਕ ਪਰਮੇਸ਼ੁਰ ਦੇ ਖਿਲਾਫ਼ ਕਿਉਂ ਹੋ ਜਾਂਦੇ ਹਨ?
    ਕਿਉਂਕਿ ਉਹ ਸੋਚਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਨਹੀਂ ਦੇਵੇਗਾ।
14 ਯਹੋਵਾਹ, ਅਵੱਸ਼ ਹੀ ਤੁਸੀਂ ਉਸ ਜੁਲਮ ਅਤੇ ਬਦੀ ਨੂੰ ਵੇਖਦੇ ਹੋ
    ਜਿਹੜੀ ਬੁਰੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ।
    ਇਨ੍ਹਾਂ ਮਸਲਿਆਂ ਵੱਲ ਤੱਕੋ ਅਤੇ ਕੁਝ ਕਰੋ।
ਮੁਸੀਬਤਾਂ ਦੇ ਮਾਰੇ ਅਨੇਕਾਂ ਬੰਦੇ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕਰਦੇ ਹਨ।
    ਯਹੋਵਾਹ ਇਹ ਤੂੰ ਹੀ ਹੈਂ ਜਿਹੜਾ ਯਤੀਮਾਂ ਦੀ ਸਹਾਇਤਾ ਕਰਦਾਂ।
    ਇਸ ਲਈ ਉਨ੍ਹਾਂ ਦਾ ਧਿਆਨ ਰੱਖੋ।

15 ਯਹੋਵਾਹ ਬਦ ਲੋਕਾਂ ਨੂੰ ਨਸ਼ਟ ਕਰ ਦੇਵੋ।
16 ਉਨ੍ਹਾਂ ਨੂੰ ਆਪਣੀ ਧਰਤੀ ਤੋਂ ਲਾਹ ਦਿਉ।
17 ਪਰਮੇਸ਼ੁਰ, ਤੁਸੀਂ ਸੁਣਿਆ ਹੈ ਕਿ ਉਹ ਮਸੱਕੀਨ ਲੋਕ ਕੀ ਚਾਹੁੰਦੇ ਹਨ।
    ਉਨ੍ਹਾਂ ਦੀਆਂ ਪ੍ਰਾਰਥਨਾ ਸੁਣ ਤੇ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੋ।
18 ਯਹੋਵਾਹ, ਉਨ੍ਹਾਂ ਦੀ ਰੱਖਿਆ ਕਰੋ ਜਿਨ੍ਹਾਂ ਦੇ ਮਾਪੇ ਨਹੀਂ ਹਨ ਅਤੇ ਜਿਹੜੇ ਸਤਾਏ ਹੋਏ ਹਨ।
    ਉਦਾਸ ਲੋਕਾਂ ਨੂੰ ਹੋਰ ਵੱਧੇਰੇ ਮੁਸੀਬਤਾਂ ਤੋਂ ਬਚਾ, ਤਾਂ ਕਿ ਤਾਕਤਵਰ ਲੋਕ ਉਨ੍ਹਾਂ ਨੂੰ ਜ਼ਮੀਨ ਵਿੱਚੋਂ ਜ਼ਬਰਦਸਤੀ ਕੱਢਣ ਲਈ ਜ਼ੁਲਮ ਨਾ ਕਰ ਸੱਕਣ।

ਨਿਰਦੇਸ਼ਕ ਲਈ। ਦਾਊਦ ਦਾ ਇੱਕ ਗੀਤ।

11 ਮੈਂ ਯਹੋਵਾਹ ਵਿੱਚ ਯਕੀਨ ਰੱਖਦਾ ਹਾਂ।
ਫ਼ਿਰ ਤੁਸੀਂ ਕਿਉਂ ਆਖਦੇ ਹੋ ਕਿ ਮੈਨੂੰ ਭੱਜਕੇ ਲੁਕ ਜਾਣਾ ਚਾਹੀਦਾ ਹੈ।
    ਤੁਸੀਂ ਮੈਨੂੰ ਕਿਹਾ ਸੀ, “ਪੰਛੀ ਵਾਂਗ ਉੱਡਕੇ ਆਪਣੇ ਪਰਬਤ ਤੇ ਪਹੁੰਚੋ।”

ਮੰਦੇ ਆਦਮੀ ਸ਼ਿਕਾਰੀ ਵਾਂਗ ਹਨ, ਜਿਹੜੇ ਆਪਣੇ-ਆਪ ਨੂੰ ਹਨੇਰੇ ਦੀ ਚਾਦਰ ਹੇਠਾਂ ਲੁਕੋ ਲੈਂਦੇ ਹਨ
    ਅਤੇ ਹਮਲਾ ਕਰਨ ਲਈ ਵਾਪਸ ਮੁੜਦੇ ਹਨ।
    ਉਹ ਆਪਣੀ ਕਮਾਣ ਉੱਤੇ ਝੁਕ ਕੇ ਤੀਰਾਂ ਦਾ ਨਿਸ਼ਾਨਾਂ ਸਿੱਧਾ ਨੇਕ ਇਨਸਾਨਾਂ, ਅਤੇ ਇਮਾਨਦਾਰ ਲੋਕਾਂ ਦੇ ਦਿਲਾਂ ਤੇ ਸਾਧਦੇ ਹਨ।
ਕੀ ਹੋਵੇਗਾ ਜੇਕਰ ਉਹ ਸਭ ਕੁਝ ਤਬਾਹ ਕਰ ਦੇਣ ਜੋ ਚੰਗਾ ਹੈ?
    ਤਦ ਚੰਗੇ ਲੋਕ ਕੀ ਕਰਨਗੇ?

ਯਹੋਵਾਹ ਆਪਣੇ ਪਵਿੱਤਰ ਮਹਿਲ ਵਿੱਚ ਹਾਜਰ ਹੈ।
    ਉਹ ਸਵਰਗ ਅੰਦਰ ਆਪਣੇ ਤਖਤ ਉੱਤੇ ਬੈਠਾ ਹੈ
ਅਤੇ ਜੋ ਕੁਝ ਵੀ ਵਾਪਰੇ ਉਹ ਵੇਖਦਾ ਹੈ।
    ਉਹ ਲੋਕਾਂ ਦਾ ਨਿਆਂ ਕਰਨ ਲਈ, ਤੱਕਦਾ ਹੈ ਕਿ ਉਹ ਚੰਗੇ ਹਨ ਜਾਂ ਬੁਰੇ।
ਪਰਮੇਸ਼ੁਰ ਚੰਗੇ ਲੋਕਾਂ ਨੂੰ ਤਲਾਸ਼ਦਾ ਹੈ,
    ਪਰ ਜ਼ਾਲਮ ਅਤੇ ਦੁਸ਼ਟ ਲੋਕਾਂ ਨੂੰ ਨਾਮੰਜ਼ੂਰ ਕਰਦਾ ਹੈ।
ਉਹ ਭਖਦੇ ਹੋਏ ਕੋਲਿਆਂ ਅਤੇ ਬਲਦੀ ਹੋਈ ਗੰਧਕ ਦੀ ਵਰੱਖਾ ਬਦ ਰੂਹਾਂ ਉੱਤੇ ਕਰੇਗਾ।
    ਇਸ ਲਈ ਇਨ੍ਹਾਂ ਬਦ ਰੂਹਾਂ ਨੂੰ ਤਪਦੀਆਂ ਸੜਦੀਆਂ ਲਹਿਰਾਂ ਬਾਝੋਂ ਕੁਝ ਨਹੀਂ ਮਿਲੇਗਾ।
ਪਰਮੇਸ਼ੁਰ ਚੰਗਾ ਹੈ।
ਅਤੇ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਜਿਹੜੇ ਨੇਕ ਕਰਨੀਆਂ ਕਰਦੇ ਹਨ।
    ਇਹ ਨੇਕ ਰੂਹਾਂ ਹਮੇਸ਼ਾ ਪਰਮੇਸ਼ੁਰ ਦੇ ਨਾਲ ਰਹਿਣਗੀਆਂ ਅਤੇ ਪਰਮੇਸ਼ੁਰ ਦੇ ਮੁੱਖ ਨੂੰ ਵੇਖਣਗੀਆਂ।

ਰੂਥ 1:19-2:13

19 ਨਾਓਮੀ ਅਤੇ ਰੂਥ ਸਫ਼ਰ ਕਰਦੀਆਂ ਰਹੀਆਂ ਜਦੋਂ ਤੱਕ ਕਿ ਉਹ ਬੈਤਲਹਮ ਦੇ ਕਸਬੇ ਵਿੱਚ ਨਹੀਂ ਪਹੁੰਚ ਗਈਆਂ। ਜਦੋਂ ਦੋਹਾਂ ਔਰਤਾਂ ਨੇ ਬੈਤਲਹਮ ਵਿੱਚ ਪ੍ਰਵੇਸ਼ ਕੀਤਾ ਸਾਰੇ ਲੋਕ ਬਹੁਤ ਉਤਸੁਕ ਸਨ। ਉਨ੍ਹਾਂ ਆਖਿਆ, “ਇਹ ਤਾਂ ਨਾਓਮੀ ਹੈ?”

20 ਪਰ ਨਾਓਮੀ ਨੇ ਲੋਕਾਂ ਨੂੰ ਆਖਿਆ, “ਮੈਨੂੰ ਨਾਓਮੀ ਨਾ ਬੁਲਾਓ, ਮੈਨੂੰ ਮਾਰਾ ਬੁਲਾਓ। ਇਸੇ ਨਾਮ ਦੀ ਵਰਤੋਂ ਕਰੋ, ਕਿਉਂਕਿ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਉਦਾਸ ਬਣਾ ਦਿੱਤਾ ਹੈ। 21 ਜਦੋਂ ਮੈਂ ਗਈ ਸੀ ਮੇਰੇ ਕੋਲ ਲੋੜੀਂਦੀਆਂ ਸਾਰੀਆਂ ਚੀਜ਼ਾਂ ਸਨ। ਪਰ ਹੁਣ, ਯਹੋਵਾਹ ਮੈਨੂੰ ਖਾਲੀ ਹਥੀ ਘਰ ਵਾਪਸ ਲਿਆਇਆ ਹੈ। ਉਸ ਨੇ ਮੈਨੂੰ ਉਦਾਸੀ ਦਿੱਤੀ ਹੈ, ਤਾਂ ਤੁਸੀਂ ਮੈਨੂੰ ‘ਖੁਸ਼’ ਕਿਉਂ ਬੁਲਾਉਂਦੇ ਹੋ? ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਮੈਨੂੰ ਬਹੁਤ ਸਾਰੀਆਂ ਮੁਸੀਬਤਾਂ ਦਿੱਤੀਆਂ ਹਨ।”

22 ਇਸ ਤਰ੍ਹਾਂ ਨਾਓਮੀ ਅਤੇ ਉਸਦੀ ਨੂੰਹ ਰੂਥ, ਮੋਆਬੀ ਔਰਤ, ਮੋਆਬ ਦੀ ਧਰਤੀ ਤੋਂ ਯਹੁਦਾਹ ਵਿੱਚ ਬੈਤਲਹਮ ਨੂੰ ਜੌਆਂ ਦੀ ਵਾਢੀ ਦੇ ਸ਼ੁਰੂ ਵਿੱਚ ਵਾਪਸ ਆ ਗਈਆਂ।

ਰੂਥ ਬੋਅਜ਼ ਨੂੰ ਮਿਲਦੀ ਹੈ

ਬੈਤਲਹਮ ਵਿੱਚ ਇੱਕ ਅਮੀਰ ਆਦਮੀ ਰਹਿੰਦਾ ਸੀ। ਉਸਦਾ ਨਾਮ ਬੋਅਜ਼ ਸੀ। ਬੋਅਜ਼ ਅਲੀਮਲਕ ਦੇ ਪਰਿਵਾਰ ਵਿੱਚੋਂ ਨਾਓਮੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਸੀ।

ਇੱਕ ਦਿਨ (ਮੋਆਬ ਦੀ ਔਰਤ) ਰੂਥ ਨੇ ਨਾਓਮੀ ਨੂੰ ਆਖਿਆ, “ਮੇਰਾ ਖਿਆਲ ਹੈ ਕਿ ਮੈਨੂੰ ਖੇਤਾ ਵਿੱਚ ਜਾਣਾ ਚਾਹੀਦਾ ਹੈ। ਸ਼ਾਇਦ ਮੈਨੂੰ ਕੋਈ ਅਜਿਹਾ ਬੰਦਾ ਮਿਲ ਜਾਵੇ ਜਿਹੜਾ ਮੇਰੇ ਉੱਤੇ ਮਿਹਰਬਾਨ ਹੋਵੇ ਅਤੇ ਮੈਨੂੰ ਆਪਣੇ ਖੇਤਾਂ ਵਿੱਚੋਂ ਬਚੇ ਹੋਏ ਅਨਾਜ ਨੂੰ ਇਕੱਠਾ ਕਰਨ ਦੇਵੇ।”

ਨਾਓਮੀ ਨੇ ਆਖਿਆ, “ਚੰਗੀ ਗੱਲ ਹੈ ਧੀਏ ਜਾ।”

ਇਸ ਲਈ ਰੂਥ ਖੇਤਾਂ ਵੱਲ ਗਈ। ਉਸ ਨੇ ਉਨ੍ਹਾਂ ਕਾਮਿਆਂ ਦਾ ਪਿੱਛਾ ਕੀਤਾ ਜਿਹੜੇ ਅਨਾਜ ਕੱਟ ਰਹੇ ਸਨ ਅਤੇ ਉਸ ਨੇ ਬੱਚਿਆਂ ਹੋਇਆ ਅਨਾਜ ਇਕੱਠਾ ਕਰ ਲਿਆ। [a] ਗੱਲ ਇਸ ਤਰ੍ਹਾਂ ਹੋਈ ਕਿ ਉਸ ਖੇਤ ਦਾ ਇੱਕ ਹਿੱਸਾ ਅਲੀਮਲਕ ਦੇ ਪਰਿਵਾਰ ਦੇ ਇੱਕ ਬੰਦੇ ਬੋਅਜ਼ ਦਾ ਸੀ।

ਬਾਦ ਵਿੱਚ ਬੋਅਜ਼ ਬੈਤਲਹਮ ਵਿੱਚੋਂ ਖੇਤ ਵੱਲ ਆਇਆ। ਬੋਅਜ਼ ਨੇ ਆਪਣੇ ਕਾਮਿਆਂ ਨਾਲ ਦੁਆ ਸਲਾਮ ਕੀਤੀ। ਉਸ ਨੇ ਆਖਿਆ, “ਯਹੋਵਾਹ ਤੁਹਾਡੇ ਅੰਗ-ਸੰਗ ਰਹੇ!”

ਅਤੇ ਕਾਮਿਆਂ ਨੇ ਜਵਾਬ ਦਿੱਤਾ, “ਅਤੇ ਯਹੋਵਾਹ ਤੈਨੂੰ ਅਸੀਸ ਦੇਵੇ।”

ਫ਼ੇਰ ਬੋਅਜ਼ ਨੇ ਆਪਣੇ ਉਸ ਨੌਕਰ ਨਾਲ ਗੱਲ ਕੀਤੀ ਜਿਹੜਾ ਕਾਮਿਆਂ ਦਾ ਨਿਗਰਾਨ ਸੀ। ਉਸ ਨੇ ਪੁੱਛਿਆ, “ਉਹ ਕਿਸਦੀ ਕੁੜੀ ਹੈ?”

ਨੌਕਰ ਨੇ ਜਵਾਬ ਦਿੱਤਾ, “ਉਹ ਮੋਆਬੀ ਔਰਤ ਹੈ ਜਿਹੜੀ ਨਾਓਮੀ ਦੇ ਨਾਲ ਮੋਆਬ ਦੀ ਧਰਤੀ ਤੋਂ ਆਈ ਹੈ। ਉਹ ਮੇਰੇ ਕੋਲ ਆਈ ਅਤੇ ਪੁੱਛਿਆ ਕੀ ਉਹ ਕਾਮਿਆਂ ਦੁਆਰਾ ਛੱਡਿਆ ਹੋਇਆ ਅਨਾਜ ਇਕੱਠਾ ਕਰ ਸੱਕਦੀ ਹੈ, ਉਸ ਨੇ, ਸ਼ਰਣ-ਸਥਾਨ ਵਿੱਚ ਥੋੜਾ ਜਿਹਾ ਅਰਾਮ ਕਰਨ ਤੋਂ ਇਲਾਵਾ, ਸਵੇਰੇ ਤੋਂ ਲੈ ਕੇ ਹੁਣ ਤਾਈਂ ਕੰਮ ਕੀਤਾ ਹੈ।”

ਤਾਂ ਬੋਅਜ਼ ਨੇ ਰੂਥ ਨੂੰ ਆਖਿਆ, “ਸੁਣ, ਮੇਰੀਏ ਧੀਏ। ਆਪਣੇ ਲਈ ਅਨਾਜ ਇਕੱਠਾ ਕਰਨ ਵਾਸਤੇ ਇੱਥੇ ਮੇਰੇ ਖੇਤ ਵਿੱਚ ਠਹਿਰ ਜਾ। ਤੈਨੂੰ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚ ਜਾਣ ਦੀ ਲੋੜ ਨਹੀਂ। ਮੇਰੀਆਂ ਕਾਮੀਆਂ ਦੇ ਮਗਰ-ਮਗਰ ਚੱਲਦੀ ਜਾ। ਇਹ ਦੇਖ ਕਿ ਉਹ ਕਿਹੜੇ ਖੇਤ ਵੱਲ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪਿੱਛੇ ਜਾ। ਮੈਂ ਨੌਜਵਾਨਾਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਤੈਨੂੰ ਤੰਗ ਨਾ ਕਰਨ। ਜਦੋਂ ਤੈਨੂੰ ਪਿਆਸ ਲੱਗੇ ਤਾਂ ਉਸ ਘੜੇ ਵਿੱਚੋਂ ਪਾਣੀ ਪੀ ਲਵੀ ਜਿਸ ਵਿੱਚੋਂ ਮੇਰੇ ਆਦਮੀ ਪੀਂਦੇ ਹਨ।”

10 ਫ਼ੇਰ ਰੂਥ ਨੇ ਝੁਕ ਕੇ ਪ੍ਰਣਾਮ ਕੀਤਾ। ਉਸ ਨੇ ਬੋਅਜ਼ ਨੂੰ ਆਖਿਆ, “ਮੈਨੂੰ ਹੈਰਾਨੀ ਹੈ ਕਿ ਤੁਸੀਂ ਮੇਰੇ ਵੱਲ ਧਿਆਨ ਕਰ ਲਿਆ! ਮੈਂ ਤਾਂ ਅਜਨਬੀ ਹਾਂ ਪਰ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨੀ ਕੀਤੀ ਹੈ।”

11 ਬੋਅਜ਼ ਨੇ ਉਸ ਨੂੰ ਜਵਾਬ ਦਿੱਤਾ, “ਮੈਨੂੰ ਉਸ ਸਾਰੀ ਸਹਾਇਤਾ ਬਾਰੇ ਪਤਾ ਹੈ ਜਿਹੜੀ ਤੂੰ ਆਪਣੀ ਸੱਸ ਨਾਓਮੀ ਨੂੰ ਦਿੱਤੀ ਹੈ। ਮੈਂ ਜਾਣਦਾ ਹਾਂ ਕਿ ਤੂੰ ਉਦੋਂ ਵੀ ਉਸਦੀ ਸਹਾਇਤਾ ਕੀਤੀ ਜਦੋਂ ਤੇਰੇ ਪਤੀ ਦਾ ਦੇਹਾਂਤ ਹੋ ਗਿਆ। ਅਤੇ ਮੈਂ ਜਾਣਦਾ ਹਾਂ ਕਿ ਤੂੰ ਆਪਣੇ ਮਾਤਾ-ਪਿਤਾ ਅਤੇ ਆਪਨੇ ਦੇਸ਼ ਨੂੰ ਛੱਡ ਕੇ ਇਸ ਦੇਸ਼ ਵਿੱਚ ਆ ਗਈ ਹੈਂ। ਤੂੰ ਇਸ ਦੇਸ਼ ਦੇ ਕਿਸੇ ਹੋਰ ਬੰਦੇ ਨੂੰ ਨਹੀਂ ਜਾਣਦੀ ਸੀ ਪਰ ਤੂੰ ਨਾਓਮੀ ਦੇ ਨਾਲ ਇੱਥੇ ਆ ਗਈ। 12 ਯਹੋਵਾਹ ਤੈਨੂੰ ਇਨ੍ਹਾਂ ਸਾਰੇ ਨੇਕ ਕੰਮਾਂ ਦਾ ਫ਼ਲ ਦੇਵੇਗਾ ਜੋ ਤੂੰ ਕੀਤੇ ਹਨ। ਤੈਨੂੰ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਪੂਰਾ ਇਵਜ਼ਾਨਾ ਦੇਵੇਗਾ। ਤੂੰ ਉਸ ਕੋਲ ਸ਼ਰਣ ਲਈ ਹੈ। ਅਤੇ ਉਹ ਤੇਰੀ ਰੱਖਿਆ ਕਰੇਗਾ।”

13 ਤਾਂ ਰੂਥ ਨੇ ਆਖਿਆ, “ਸ਼੍ਰੀਮਾਨ ਜੀ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨ ਹੋ। ਮੈਂ ਤਾਂ ਸਿਰਫ਼ ਇੱਕ ਨੌਕਰ ਹਾਂ। ਮੈਂ ਤੁਹਾਡੇ ਕਿਸੇ ਇੱਕ ਨੌਕਰ ਦੇ ਵੀ ਬਰਾਬਰ ਨਹੀਂ ਹਾਂ। ਪਰ ਤੁਸੀਂ ਮੈਨੂੰ ਮਿਹਰ ਭਰੇ ਸ਼ਬਦ ਆਖੇ ਹਨ ਅਤੇ ਮੈਨੂੰ ਹੌਸਲਾ ਦਿੱਤਾ ਹੈ।”

1 ਤਿਮੋਥਿਉਸ ਨੂੰ 1:18-2:8

18 ਤਿਮੋਥਿਉਸ, ਤੁਸੀਂ ਮੇਰੇ ਲਈ ਇੱਕ ਪੁੱਤਰ ਵਾਂਗ ਹੋ। ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਆਦੇਸ਼ ਉਨ੍ਹਾਂ ਅਗੰਮੀ ਵਾਕਾਂ ਦੇ ਅਨੁਸਾਰ ਹੈ ਜਿਹੜੇ ਅਤੀਤ ਵਿੱਚ ਤੁਹਾਡੇ ਸੰਬੰਧ ਵਿੱਚ ਦੱਸੇ ਗਏ ਸਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਸੀਂ ਉਨ੍ਹਾਂ ਅਗੰਮ ਵਾਕਾਂ ਅਨੁਸਾਰ ਚੱਲੋ ਅਤੇ ਵਿਸ਼ਵਾਸ ਲਈ ਸਫ਼ਲ ਯੁੱਧ ਲੜੋ। 19 ਵਿਸ਼ਵਾਸ ਵਿੱਚ ਸਥਿਰ ਰਹੋ, ਅਤੇ ਉਸ ਦੇ ਆਧਾਰ ਤੇ ਜੀਣ ਜਿਸ ਨੂੰ ਤੁਸੀਂ ਮੰਨੋ ਕਿ ਸਹੀ ਹੈ। ਕੁਝ ਲੋਕਾਂ ਨੇ ਅਜਿਹਾ ਨਹੀਂ ਕੀਤਾ, ਇਸ ਲਈ ਉਹ ਵਿਸ਼ਵਾਸ ਤੋਂ ਡਿੱਗ ਗਏ। 20 ਹੁਮਿਨਾਯੁਸ ਅਤੇ ਸਿਕੰਦਰ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਇਹ ਕੀਤਾ ਹੈ। ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਨਾ ਸਿੱਖਣਗੇ।

ਆਦਮੀਆ ਤੇ ਔਰਤਾਂ ਲਈ ਕੁਝ ਨਿਰਦੇਸ਼

ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਸਰਬੱਤ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਆਖਦਾ ਹਾਂ। ਸਾਰੇ ਲੋਕਾਂ ਲਈ ਪਰਮੇਸ਼ੁਰ ਨਾਲ ਗੱਲ ਕਰੋ। ਉਸ ਕੋਲੋਂ ਉਹ ਚੀਜ਼ਾਂ ਮੰਗੋ ਜਿਹੜੀਆਂ ਲੋਕਾਂ ਨੂੰ ਲੋੜੀਂਦੀਆਂ ਹਨ, ਅਤੇ ਉਸਦਾ ਧੰਨਵਾਦ ਕਰੋ। ਰਾਜਿਆਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਕਰੋ ਜਿਨ੍ਹਾਂ ਕੋਲ ਅਧਿਕਾਰ ਦੀਆਂ ਪਦਵੀਆਂ ਹਨ। ਉਨ੍ਹਾਂ ਆਗੂਆਂ ਲਈ ਪ੍ਰਾਰਥਨਾ ਕਰੋ ਤਾਂ ਜੋ ਅਸੀਂ ਇੱਕ ਅਜਿਹਾ ਜੀਵਨ ਜਿਉਂ ਸੱਕੀਏ ਜੋ ਸ਼ਾਂਤ, ਖਾਮੋਸ਼, ਉਪਾਸਨਾ ਨਾਲ ਭਰਪੂਰ ਅਤੇ ਪਰਮੇਸ਼ੁਰ ਨੂੰ ਸਤਿਕਾਰਦਾ ਹੋਵੇ। ਇਹ ਚੰਗਾ ਹੈ, ਅਤੇ ਇਹ ਪਰਮੇਸ਼ੁਰ ਸਾਡੇ ਮੁਕਤੀ ਦਾਤਾ ਨੂੰ ਪ੍ਰਸੰਨ ਕਰਦਾ ਹੈ।

ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੇ ਲੋਕ ਮੁਕਤ ਹੋ ਸੱਕਣ। ਅਤੇ ਉਹ ਚਾਹੁੰਦਾ ਹੈ ਕਿ ਸਾਰੇ ਲੋਕ ਸੱਚ ਨੂੰ ਜਾਣ ਲੈਣ। ਪਰਮੇਸ਼ੁਰ ਕੇਵਲ ਇੱਕ ਹੈ। ਅਤੇ ਪਰਮੇਸ਼ੁਰ ਤੱਕ ਪਹੁੰਚਣ ਦਾ ਕੇਵਲ ਇੱਕ ਹੀ ਰਾਹ ਹੈ। ਇਹ ਰਾਹ ਮਸੀਹ ਯਿਸੂ ਰਾਹੀਂ ਹੈ, ਜੋ ਕਿ ਇੱਕ ਇਨਸਾਨ ਹੈ। ਯਿਸੂ ਨੇ ਲੋਕਾਂ ਦੇ ਪਾਪਾਂ ਦੀ ਕੀਮਤ ਆਪਣੇ ਆਪ ਨੂੰ ਭੇਟਾ ਕਰਕੇ ਅਦਾ ਕੀਤੀ। ਯਿਸੂ ਇਸ ਗੱਲ ਦਾ ਪ੍ਰਮਾਣ ਹੈ ਕਿ ਪਰਮੇਸ਼ੁਰ ਸਮੂਹ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ। ਅਤੇ ਉਹ ਸਹੀ ਸਮੇਂ ਤੇ ਆਇਆ। ਇਹੀ ਕਾਰਣ ਹੈ ਜੋ ਉਸ ਨੂੰ ਖੁਸ਼ਖਬਰੀ ਦੇਣ ਲਈ ਚੁਣਿਆ ਗਿਆ। ਇਹੀ ਕਾਰਣ ਹੈ ਕਿ ਮੈਨੂੰ ਰਸੂਲ ਚੁਣਿਆ ਗਿਆ ਸੀ। ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ। ਮੈਂ ਗੈਰ ਯਹੂਦੀਆਂ ਲਈ ਗੁਰੂ ਦੇ ਤੌਰ ਤੇ ਚੁਣਿਆ ਗਿਆ ਸੀ। ਮੈਂ ਉਨ੍ਹਾਂ ਨੂੰ ਵਿਸ਼ਵਾਸ ਕਰਨ ਅਤੇ ਸੱਚ ਜਾਨਣ ਦੇ ਉਪਦੇਸ਼ ਦਿੰਦਾ ਹਾਂ।

ਆਦਮੀ ਅਤੇ ਔਰਤਾਂ ਲਈ ਖਾਸ ਨਿਰਦੇਸ਼

ਮੈਂ ਚਾਹੁੰਨਾ ਕਿ ਹਰ ਜਗ਼੍ਹਾ ਆਦਮੀ ਪ੍ਰਾਰਥਨਾ ਕਰਨ। ਲੋਕ ਜਿਹੜੇ ਪ੍ਰਾਰਥਨਾ ਵਿੱਚ ਆਪਣੇ ਹੱਥ ਉੱਪਰ ਚੁੱਕਦੇ ਹਨ ਪਵਿੱਤਰ ਹੋਣੇ ਚਾਹੀਦੇ ਹਨ। ਉੱਥੇ ਉਹ ਲੋਕ ਨਹੀਂ ਹੋਣੇ ਚਾਹੀਦੇ ਜਿਹੜੇ ਕ੍ਰੋਧ ਕਰਦੇ ਹਨ ਅਤੇ ਝਗੜਦੇ ਹਨ।

ਲੂਕਾ 13:10-17

ਯਿਸੂ ਦਾ ਸਬਤ ਦੇ ਦਿਨ ਇੱਕ ਬਿਮਾਰ ਔਰਤ ਨੂੰ ਠੀਕ ਕਰਨਾ

10 ਸਬਤ ਦੇ ਦਿਨ ਯਿਸੂ ਇੱਕ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇ ਰਿਹਾ ਸੀ। 11 ਉਸ ਪ੍ਰਾਰਥਨਾ ਸਥਾਨ ਤੇ ਇੱਕ ਔਰਤ ਦੇ ਅੰਦਰ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਚੁੱਕਿਆ ਸੀ। ਇਸ ਭਰਿਸ਼ਟ ਆਤਮਾ ਨੇ ਉਸ ਨੂੰ ਅੱਠ੍ਹਾਰਾਂ ਸਾਲਾਂ ਤੋਂ ਰੋਗੀ ਬਣਾ ਛੱਡਿਆ ਸੀ। ਉਸਦੀ ਕਮਰ ਵਿੱਚ ਕੁੱਬ ਪੈ ਗਿਆ ਸੀ, ਅਤੇ ਉਹ ਸਿੱਧੀ ਖੜ੍ਹੀ ਨਹੀਂ ਹੋ ਸੱਕਦੀ ਸੀ। 12 ਜਦੋਂ ਯਿਸੂ ਨੇ ਉਸ ਔਰਤ ਨੂੰ ਵੇਖਿਆ ਤਾਂ ਉਸ ਨੂੰ ਬੁਲਾਇਆ ਅਤੇ ਕਿਹਾ, “ਹੇ ਔਰਤ! ਤੂੰ ਆਪਣੀ ਬਿਮਾਰੀ ਤੋਂ ਛੁਟਕਾਰਾ ਪਾ ਲਿਆ ਹੈ!” 13 ਯਿਸੂ ਨੇ ਆਪਣੇ ਹੱਥ ਉਸ ਉੱਤੇ ਰੱਖੇ ਤਾਂ ਉਹ ਸਿੱਧੀ ਖੜ੍ਹੀ ਹੋਣ ਵਿੱਚ ਸਫ਼ਲ ਹੋਈ ਅਤੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੀ।

14 ਪ੍ਰਾਰਥਨਾ ਸਥਾਨ ਦਾ ਸਰਦਾਰ ਕਰੋਧ ਵਿੱਚ ਆ ਗਿਆ ਕਿਉਂਕਿ ਯਿਸੂ ਨੇ ਉਸ ਨੂੰ ਸਬਤ ਦੇ ਦਿਨ ਨਿਰੋਗ ਕੀਤਾ ਸੀ। ਸਰਦਾਰ ਨੇ ਲੋਕਾਂ ਨੂੰ ਕਿਹਾ, “ਛੇ ਦਿਨ ਕੰਮ ਦੇ ਲਈ ਹੁੰਦੇ ਹਨ ਸੋ ਠੀਕ ਹੋਣ ਲਈ ਤੁਸੀਂ ਉਨ੍ਹਾਂ ਦਿਨਾਂ ਵਿੱਚ ਆਵੋ। ਸਬਤ ਦੇ ਦਿਨ ਕੋਈ ਠੀਕ ਹੋਣ ਲਈ ਇੱਥੇ ਨਾ ਆਵੇ।”

15 ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਲੋਕ ਕਪਟੀ ਹੋ! ਕੀ ਤੁਸੀਂ ਹਰ-ਰੋਜ਼ ਅਤੇ ਸਬਤ ਦੇ ਦਿਨ ਵੀ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲਕੇ ਪਾਣੀ ਪਿਲਾਉਣ ਨਹੀਂ ਲਿਜਾਂਦੇ? 16 ਇਹ ਔਰਤ ਜਿਸ ਨੂੰ ਮੈਂ ਠੀਕ ਕੀਤਾ ਹੈ, ਅਬਰਾਹਾਮ ਦੀ ਧੀ ਹੈ। ਅਤੇ ਇਹ ਅੱਠਾਰਾਂ ਸਾਲਾਂ ਤੋਂ ਸ਼ੈਤਾਨ ਦੀ ਗੁਲਾਮੀ ਵਿੱਚ ਸੀ। ਕੀ ਇਹ ਉਸ ਲਈ ਗਲਤ ਗੱਲ ਸੀ ਕਿ ਉਸ ਨੂੰ ਸਬਤ ਦੇ ਦਿਨ ਉਸ ਗੁਲਾਮੀ ਤੋਂ ਛੁਟਕਾਰਾ ਦਿੱਤਾ ਗਿਆ।” 17 ਜਦੋਂ ਯਿਸੂ ਨੇ ਇਹ ਕਿਹਾ ਤਾਂ ਜਿਹੜੇ ਲੋਕ ਉਸਦੀ ਨਿੰਦਾ ਕਰ ਰਹੇ ਸਨ ਆਪਣੇ-ਆਪ ਵਿੱਚ ਸ਼ਰਮ ਮਹਿਸੂਸ ਕਰਨ ਲੱਗੇ। ਭੀੜ ਦੇ ਸਾਰੇ ਲੋਕ ਯਿਸੂ ਦੀਆਂ ਚਮਤਕਾਰੀ ਗੱਲਾਂ ਤੋਂ, ਜੋ ਉਹ ਕਰ ਰਿਹਾ ਸੀ, ਬੜੇ ਖੁਸ਼ ਸਨ।

Punjabi Bible: Easy-to-Read Version (ERV-PA)

2010 by World Bible Translation Center