Book of Common Prayer
105 ਯਹੋਵਾਹ ਦਾ ਧੰਨਵਾਦ ਕਰੋ। ਉਸ ਦੇ ਨਾਮ ਦੀ ਉਪਾਸਨਾ ਕਰੋ।
ਕੌਮਾਂ ਨੂੰ ਉਸ ਦੇ ਚਮਤਕਾਰਾਂ ਬਾਰੇ ਦੱਸੋ।
2 ਯਹੋਵਾਹ ਲਈ ਗੀਤ ਗਾਵੋ।
ਉਸਦੀ ਉਸਤਤਿ ਗਾਵੋ ਉਸ ਦੇ ਚਮਤਕਾਰਾਂ ਬਾਰੇ ਦੱਸੋ।
3 ਯਹੋਵਾਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ।
ਤੁਸੀਂ ਜਿਹੜੇ ਯਹੋਵਾਹ ਦੀ ਤਲਾਸ਼ ਵਿੱਚ ਆਏ ਸੀ ਖੁਸ਼ ਹੋ ਜਾਵੋ।
4 ਯਹੋਵਾਹ ਪਾਸੋਂ ਸ਼ਕਤੀ ਮੰਗੋ,
ਹਮੇਸ਼ਾ ਸਹਾਇਤਾ ਲਈ ਉਸ ਵੱਲ ਤੱਕੋ।
5 ਉਸ ਦੇ ਕਰਿਸ਼ਮਿਆਂ ਅਤੇ ਸਿਆਣੇ ਨਿਆਂਇਆਂ ਨੂੰ ਚੇਤੇ ਰੱਖੋ।
6 ਤੁਸੀਂ ਉਸ ਦੇ ਨੌਕਰ ਅਬਰਾਹਾਮ ਦੀ ਔਲਾਦ ਹੋ।
ਤੁਸੀਂ ਯਾਕੂਬ ਦੀ ਔਲਾਦ ਹੋ, ਜਿਸ ਬੰਦੇ ਨੂੰ ਪਰਮੇਸ਼ੁਰ ਨੇ ਚੁਣਿਆ ਸੀ।
7 ਯਹੋਵਾਹ ਹੀ ਸਾਡਾ ਪਰਮੇਸ਼ੁਰ ਹੈ।
ਯਹੋਵਾਹ ਸਾਰੀ ਦੁਨੀਆਂ ਉੱਤੇ ਰਾਜ ਕਰਦਾ ਹੈ।
8 ਪਰਮੇਸ਼ੁਰ ਦੇ ਕਰਾਰ ਨੂੰ ਹਮੇਸ਼ਾ ਚੇਤੇ ਰੱਖੋ।
ਉਸ ਦੇ ਹੁਕਮਾਂ ਨੂੰ ਆਉਣ ਵਾਲੀਆਂ ਹਜ਼ਾਰਾਂ ਪੀੜੀਆਂ ਤੱਕ ਯਾਦ ਕਰਦੇ ਰਹੋ।
9 ਪਰਮੇਸ਼ੁਰ ਨੇ ਅਬਰਾਹਾਮ ਨਾਲ ਇਕਰਾਰ ਕੀਤਾ ਸੀ।
ਪਰਮੇਸ਼ੁਰ ਨੇ ਇਸਹਾਕ ਨੂੰ ਵਾਅਦਾ ਦਿੱਤਾ ਸੀ।
10 ਫ਼ੇਰ ਉਸ ਨੇ ਇਸ ਨੂੰ ਯਾਕੂਬ ਲਈ ਨੇਮ ਬਣਾ ਦਿੱਤਾ ਸੀ।
ਪਰਮੇਸ਼ੁਰ ਨੇ ਜੋ ਕਰਾਰ ਇਸਰਾਏਲ ਨਾਲ ਕੀਤਾ ਸੀ ਸਦਾ ਲਈ ਜਾਰੀ ਰਹੇਗਾ।
11 ਪਰਮੇਸ਼ੁਰ ਨੇ ਆਖਿਆ ਸੀ, “ਮੈਂ ਤੁਹਾਨੂੰ ਕਨਾਨ ਦੀ ਧਰਤੀ ਦੇਵਾਂਗਾ।
ਉਹ ਧਰਤੀ ਤੁਹਾਡੀ ਮਲਕੀਅਤ ਹੋਵੇਗੀ।”
12 ਪਰਮੇਸ਼ੁਰ ਨੇ ਉਹ ਵਾਅਦਾ ਉਦੋਂ ਦਿੱਤਾ ਸੀ ਜਦੋਂ ਅਬਰਾਹਾਮ ਦਾ ਪਰਿਵਾਰ ਛੋਟਾ ਸੀ।
ਉਹ ਅਜੇ ਮੁਸਾਫ਼ਰ ਸਨ ਅਤੇ ਉੱਥੇ ਵਕਤ ਕੱਟ ਰਹੇ ਸਨ।
13 ਉਨ੍ਹਾਂ ਨੇ ਕੌਮਾਂ ਤੋਂ ਕੌਮਾਂ,
ਅਤੇ ਇੱਕ ਰਾਜ ਤੋਂ ਦੂਜੇ ਰਾਜ ਦਾ ਸਫ਼ਰ ਕੀਤਾ।
14 ਪਰ ਪਰਮੇਸ਼ੁਰ ਨੇ ਲੋਕਾਂ ਨੂੰ ਉਨ੍ਹਾਂ ਨਾਲ ਬਦਸਲੂਕੀ ਨਹੀਂ ਕਰਨ ਦਿੱਤੀ।
ਪਰਮੇਸ਼ੁਰ ਨੇ ਰਾਜਿਆਂ ਨੂੰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਚਿਤਾਵਨੀ ਦਿੱਤੀ।
15 ਪਰਮੇਸ਼ੁਰ ਨੇ ਆਖਿਆ ਸੀ, “ਮੇਰੇ ਚੁਣੇ ਹੋਏ ਲੋਕਾਂ ਨੂੰ ਦੁੱਖ ਨਾ ਦਿਉ।
ਮੇਰੇ ਨਬੀਆਂ ਦਾ ਕੁਝ ਵੀ ਬੁਰਾ ਨਾ ਕਰੋ।”
16 ਪਰਮੇਸ਼ੁਰ ਨੇ ਉਸ ਦੇਸ਼ ਵਿੱਚ ਅਕਾਲ ਭੇਜਿਆ।
ਲੋਕਾਂ ਕੋਲ ਖਾਣ ਲਈ ਕਾਫ਼ੀ ਭੋਜਨ ਨਹੀਂ ਸੀ।
17 ਪਰ ਪਰਮੇਸ਼ੁਰ, ਨੇ ਯੂਸੁਫ਼ ਨਾਮ ਦੇ ਬੰਦੇ ਨੂੰ ਉਨ੍ਹਾਂ ਦੇ ਅੱਗੇ ਜਾਣ ਲਈ ਭੇਜਿਆ।
ਯੂਸੁਫ਼ ਨੂੰ ਇੱਕ ਗੁਲਾਮ ਵਾਂਗ ਵੇਚਿਆ ਗਿਆ ਸੀ।
18 ਉਨ੍ਹਾਂ ਨੇ ਯੂਸੁਫ਼ ਦੇ ਪੈਰਾਂ ਦੁਆਲੇ ਇੱਕ ਰੱਸਾ ਬੰਨ੍ਹ ਦਿੱਤਾ ਸੀ।
ਉਨ੍ਹਾਂ ਨੇ ਉਸ ਦੇ ਗਲ ਵਿੱਚ ਇੱਕ ਬੇੜੀ ਪਾ ਦਿੱਤੀ ਸੀ।
19 ਯੂਸੁਫ਼ ਉਦੋਂ ਤੱਕ ਗੁਲਾਮ ਰੱਖਿਆ ਗਿਆ ਸੀ ਜਦੋਂ ਤੱਕ ਉਸ ਦੀਆਂ ਆਖੀਆਂ ਗੱਲਾਂ ਪੂਰੀਆਂ ਨਹੀਂ ਹੋਈਆਂ ਸਨ।
ਸੱਚਮੁੱਚ ਯਹੋਵਾਹ ਦੇ ਸੰਦੇਸ਼ ਨੇ ਸਿੱਧ ਕਰ ਦਿੱਤਾ ਕਿ ਯੂਸੁਫ਼ ਸਹੀ ਸੀ।
20 ਇਸ ਲਈ ਮਿਸਰ ਦੇ ਰਾਜੇ ਨੇ ਉਸ ਨੂੰ ਮੁਕਤ ਕਰ ਦਿੱਤਾ ਸੀ।
ਉਸ ਕੌਮ ਦਾ ਆਗੂ ਉਸ ਨੂੰ ਕੈਦ ਵਿੱਚੋਂ ਬਾਹਰ ਲੈ ਗਿਆ।
21 ਉਸ ਨੇ ਯੂਸੁਫ਼ ਨੂੰ ਆਪਣੇ ਘਰਾਂ ਦਾ ਮੋਹਰੀ ਬਣਾ ਦਿੱਤਾ ਸੀ।
ਯੂਸੁਫ਼ ਨੇ ਉਸ ਨਾਲ ਸੰਬੰਧਿਤ ਸ਼ੈਅ ਦੀ ਦੇਖ-ਭਾਲ ਕੀਤੀ
22 ਯੂਸੁਫ਼ ਨੇ ਹੋਰ ਆਗੂਆਂ ਨੂੰ ਨਿਰਦੇਸ਼ ਦਿੱਤੇ
ਅਤੇ ਯੂਸੁਫ਼ ਨੇ ਬਜ਼ੁਰਗਾਂ ਨੂੰ ਸਿੱਖਿਆ ਦਿੱਤੀ।
23 ਫ਼ੇਰ ਇਸਰਾਏਲ ਮਿਸਰ ਵਿੱਚ ਆਇਆ,
ਯਾਕੂਬ ਹੈਮ ਦੇ ਦੇਸ਼ ਵਿੱਚ ਰਹਿੰਦਾ ਸੀ।
24 ਯਾਕੂਬ ਦਾ ਪਰਿਵਾਰ ਬਹੁਤ ਵੱਡਾ ਹੋ ਗਿਆ।
ਉਹ ਆਪਣੇ ਦੁਸ਼ਮਣਾਂ ਨਾਲੋਂ ਵੱਧੇਰੇ ਸ਼ਕਤੀਸ਼ਾਲੀ ਹੋ ਗਏ।
25 ਇਸ ਲਈ ਮਿਸਰਿਆਂ ਨੇ ਯਾਕੂਬ ਦੇ ਪਰਿਵਾਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਨੇ ਉਨ੍ਹਾਂ ਦੇ ਗੁਲਾਮਾਂ ਦੇ ਖਿਲਾਫ਼ ਵਿਉਂਤਾ ਬਣਾਈਆਂ।
26 ਇਸ ਲਈ ਪਰਮੇਸ਼ੁਰ ਨੇ ਆਪਣੇ ਸੇਵਕ ਮੂਸਾ ਨੂੰ
ਅਤੇ ਪਰਮੇਸ਼ੁਰ ਦੇ ਚੁਣੇ ਜਾਜਕ ਹਾਰੂਨ ਨੂੰ ਭੇਜਿਆ।
27 ਪਰਮੇਸ਼ੁਰ ਨੇ ਹਾਮ ਦੇ ਦੇਸ਼ ਅੰਦਰ ਮੂਸਾ
ਅਤੇ ਹਾਰੂਨ ਕੋਲੋਂ ਬਹੁਤ ਸਾਰੇ ਕਰਿਸ਼ਮੇ ਕਰਵਾਏ।
28 ਪਰਮੇਸ਼ੁਰ ਨੇ ਮਹਾ ਅੰਧਕਾਰ ਭੇਜਿਆ
ਪਰ ਮਿਸਰੀਆਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ।
29 ਇਸ ਲਈ ਪਰਮੇਸ਼ੁਰ ਨੇ ਪਾਣੀ ਨੂੰ ਲਹੂ ਵਿੱਚ ਬਦਲ ਦਿੱਤਾ,
ਅਤੇ ਉਨ੍ਹਾਂ ਦੀਆਂ ਸਾਰੀਆਂ ਮੱਛੀਆਂ ਮਰ ਗਈਆਂ।
30 ਉਨ੍ਹਾਂ ਦਾ ਦੇਸ਼ ਡੱਡੂਆਂ ਨਾਲ ਭਰ ਗਿਆ।
ਰਾਜੇ ਦੇ ਸੌਣ ਦੇ ਕਮਰੇ ਵਿੱਚ ਡੱਡੂ ਹੀ ਡੱਡੂ ਸਨ।
31 ਪਰਮੇਸ਼ੁਰ ਨੇ ਆਦੇਸ਼ ਕੀਤਾ,
ਅਤੇ ਉੱਥੇ ਮੱਖੀਆਂ ਅਤੇ ਪਿਸੂ ਆ ਗਏ।
ਉਹ ਹਰ ਥਾਂ ਫ਼ੈਲ ਗਏ।
32 ਪਰਮੇਸ਼ੁਰ ਨੇ ਗੜ੍ਹਿਆਂ ਦੀ ਵਰੱਖਾ ਕਰ ਦਿੱਤੀ
ਉਨ੍ਹਾਂ ਦੇ ਦੇਸ਼ ਵਿੱਚ ਹਰ ਥਾਂ ਬਿਜਲੀ ਡਿੱਗੀ।
33 ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦੀਆਂ ਵੇਲਾਂ ਦੇ ਅੰਜੀਰ ਨਸ਼ਟ ਕਰ ਦਿੱਤੇ।
ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦਾ ਹਰ ਰੁੱਖ ਨਸ਼ਟ ਕਰ ਦਿੱਤਾ।
34 ਪਰਮੇਸ਼ੁਰ ਨੇ ਆਦੇਸ਼ ਕੀਤਾ, ਅਤੇ ਟਿੱਡੀ ਦਲ ਅਤੇ ਘਾਹ ਦੇ ਟਿੱਡੇ ਆ ਪਏ ਉਹ ਬੇਸ਼ੁਮਾਰ ਸਨ।
35 ਟਿਡੀ ਦਲ ਨੇ ਅਤੇ ਘਾਹ ਦੇ ਟਿਡਿਆਂ ਨੇ ਦੇਸ਼ ਦੇ ਸਾਰੇ ਪੌਦੇ ਖਾ ਲਏ।
ਉਨ੍ਹਾਂ ਨੇ ਖੇਤਾਂ ਦੀਆਂ ਸਾਰੀਆਂ ਫ਼ਸਲਾਂ ਖਾ ਲਈਆਂ।
36 ਅਤੇ ਫ਼ੇਰ ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦਾ ਹਰ ਪਹਿਲੋਠਾ ਬੱਚਾ ਮਾਰ ਦਿੱਤਾ।
ਪਰਮੇਸ਼ੁਰ ਨੇ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਮਾਰ ਦਿੱਤੇ।
37 ਫ਼ਿਰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਲਿਆ।
ਉਹ ਆਪਣੇ ਨਾਲ ਸੋਨਾ ਚਾਂਦੀ ਲੈ ਗਏ।
ਉਹ ਸਾਰੇ ਹੀ ਤਕੜੇ ਆਦਮੀ ਸਨ।
38 ਮਿਸਰ ਪਰਮੇਸ਼ੁਰ ਦੇ ਬੰਦਿਆਂ ਨੂੰ ਜਾਂਦਿਆਂ ਤੱਕ ਕੇ ਖੁਸ਼ ਸੀ,
ਕਿਉਂ ਕਿ ਉਹ ਪਰਮੇਸ਼ੁਰ ਦੇ ਬੰਦਿਆਂ ਤੋਂ ਡਰਦੇ ਸਨ।
39 ਪਰਮੇਸ਼ੁਰ ਨੇ ਆਪਣਾ ਕੰਬਲ ਬੱਦਲ ਵਾਂਗ ਵਿਛਾ ਦਿੱਤਾ।
ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਰਾਤ ਵੇਲੇ ਰੌਸ਼ਨੀ ਦੇਣ ਲਈ ਆਪਣੀ ਅਗਨੀ ਦੀ ਵਰਤੋਂ ਕੀਤੀ।
40 ਲੋਕਾਂ ਨੇ ਭੋਜਨ ਮੰਗਿਆ, ਅਤੇ ਪਰਮੇਸ਼ੁਰ ਨੇ ਉਨ੍ਹਾਂ ਲਈ ਬਟੇਰੇ ਲਿਆਂਦੇ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਸਵਰਗ ਵਿੱਚੋਂ ਬਹੁਤ ਸਾਰੀ ਰੋਟੀ ਦਿੱਤੀ।
41 ਪਰਮੇਸ਼ੁਰ ਨੇ ਚੱਟਾਨ ਨੂੰ ਚੀਰ ਦਿੱਤਾ, ਅਤੇ ਬੁਲਬੁਲੇ ਛੱਡਦਾ ਪਾਣੀ ਬਾਹਰ ਆਇਆ।
ਮਾਰੂਥਲ ਵਿੱਚ ਇੱਕ ਨਦੀ ਵਗਣ ਲੱਗੀ।
42 ਪਰਮੇਸ਼ੁਰ ਨੂੰ ਆਪਣਾ ਪਵਿੱਤਰ ਵਾਅਦਾ ਯਾਦ ਸੀ।
ਪਰਮੇਸ਼ੁਰ ਨੂੰ ਆਪਣਾ ਉਹ ਵਾਅਦਾ ਯਾਦ ਸੀ ਜੋ ਉਸ ਨੇ ਸੇਵਕ ਅਬਰਾਹਾਮ ਨਾਲ ਕੀਤਾ ਸੀ।
43 ਪਰਮੇਸ਼ੁਰ ਆਪਣੇ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਆਇਆ।
ਲੋਕੀਂ ਖੁਸ਼ੀ ਮਨਾਉਂਦੇ ਅਤੇ ਆਨੰਦ ਦੇ ਗੀਤ ਗਾਉਂਦੇ ਆ ਗਏ।
44 ਫ਼ੇਰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਉਹ ਦੇਸ਼ ਦਿੱਤਾ ਜਿੱਥੇ ਹੋਰ ਲੋਕੀਂ ਰਹਿ ਰਹੇ ਸਨ।
ਪਰਮੇਸ਼ੁਰ ਦੇ ਲੋਕਾਂ ਨੂੰ ਉਹ ਚੀਜ਼ਾਂ ਮਿਲੀਆਂ ਜਿਨ੍ਹਾਂ ਲਈ ਹੋਰਾਂ ਲੋਕਾਂ ਨੇ ਕੰਮ ਕੀਤਾ ਸੀ।
45 ਪਰਮੇਸ਼ੁਰ ਨੇ ਅਜਿਹਾ ਕਿਉਂ ਕੀਤਾ?
ਤਾਂ ਜੋ ਉਸ ਦੇ ਲੋਕ ਉਸ ਦੇ ਨੇਮਾਂ ਦੀ ਪਾਲਣਾ ਕਰ ਸੱਕਣ।
ਤਾਂ ਜੋ ਉਹ ਧਿਆਨ ਨਾਲ ਉਸ ਦੇ ਉਪਦੇਸ਼ਾਂ ਨੂੰ ਮੰਨਣ।
ਯਹੋਵਾਹ ਦੀ ਉਸਤਿਤ ਕਰੋ!
True Justice
18 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 2 “ਤੁਸੀਂ ਲੋਕ ਇਹ ਮੁਹਾਵਰਾ ਦੁਹਰਾਉਂਦੇ ਰਹਿੰਦੇ ਹੋ। ਤੁਸੀਂ ਆਖਦੇ ਹੋ:
‘ਮਾਪਿਆਂ ਨੇ ਖਾਧੇ ਖੱਟੇ ਅੰਗੂਰ,
ਪਰ ਬੱਚਿਆਂ ਨੂੰ ਆਇਆ ਖੱਟਾ ਸੁਆਦ।’”
ਤੁਸੀਂ ਸੋਚਦੇ ਹੋ ਕਿ ਤੁਸੀਂ ਪਾਪ ਕਰ ਸੱਕਦੇ ਹੋਂ, ਅਤੇ ਇਸ ਲਈ ਭਵਿੱਖ ਵਿੱਚ ਕਿਸੇ ਹੋਰ ਵਿਅਕਤੀ ਨੂੰ ਸਜ਼ਾ ਮਿਲੇਗੀ। 3 ਪਰ ਯਹੋਵਾਹ ਮੇਰੇ ਪ੍ਰਭੂ ਆਖਦਾ ਹੈ, “ਮੈਂ ਆਪਣੇ ਜੀਵਨ ਨੂੰ ਸਾਹਮਣੇ ਰੱਖ ਕੇ ਇਕਰਾਰ ਕਰਦਾ ਹਾਂ ਕਿ ਇਸਰਾਏਲ ਦੇ ਲੋਕ ਹੋਰ ਵੱਧੇਰੇ ਇਹ ਆਖਣੀ ਨਹੀਂ ਵਰਤਣਗੇ। 4 ਮੈਂ ਹਰ ਬੰਦੇ ਨਾਲ ਓਸੇ ਤਰ੍ਹਾਂ ਦਾ ਵਿਹਾਰ ਕਰਾਂਗਾ। ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ ਕਿ ਉਹ ਬੰਦਾ ਮਾਪਾ ਹੈ ਜਾਂ ਬੱਚਾ। ਜਿਹੜਾ ਬੰਦਾ ਪਾਪ ਕਰਦਾ ਹੈ ਓਹੀ ਮਰੇਗਾ!
19 “ਤੁਸੀਂ ਪੁੱਛ ਸੱਕਦੇ ਹੋ, ‘ਪੁੱਤਰ ਨੂੰ ਆਪਣੇ ਪਿਤਾ ਦੇ ਪਾਪਾਂ ਦੀ ਸਜ਼ਾ ਕਿਉਂ ਨਹੀਂ ਮਿਲੇਗੀ?’ ਕਾਰਣ ਇਹ ਹੈ ਕਿ ਪੁੱਤਰ ਬੇਲਾਗ ਸੀ ਅਤੇ ਉਸ ਨੇ ਚੰਗੀਆਂ ਗੱਲਾਂ ਕੀਤੀਆਂ ਸਨ! ਉਸ ਨੇ ਬੜੇ ਧਿਆਨ ਨਾਲ ਮੇਰੇ ਕਨੂੰਨਾਂ ਪਾਲਣਾ ਕੀਤੀ ਸੀ। ਇਸ ਲਈ ਉਹ ਜੀਵੇਗਾ! 20 ਜਿਹੜਾ ਬੰਦਾ ਪਾਪ ਕਰਦਾ ਹੈ ਉਹੀ ਮਾਰਿਆ ਜਾਵੇਗਾ! ਪੁੱਤਰ ਨੂੰ ਆਪਣੇ ਪਿਤਾ ਦੇ ਪਾਪਾਂ ਦੀ ਸਜ਼ਾ ਨਹੀਂ ਮਿਲੇਗੀ ਪਿਤਾ ਨੂੰ ਆਪਣੇ ਪੁੱਤਰ ਦੇ ਪਾਪਾਂ ਲਈ ਸਜ਼ਾ ਨਹੀਂ ਮਿਲੇਗੀ। ਨੇਕ ਬੰਦੇ ਦੀ ਨੇਕੀ ਸਿਰਫ਼ ਓਸੇ ਦੀ ਹੀ ਹੈ। ਅਤੇ ਮਾੜੇ ਬੰਦੇ ਦੀ ਬਦੀ ਸਿਰਫ਼ ਉਸੇ ਦੀ ਹੈ।
21 “ਹੁਣ ਜੇ ਕੋਈ ਮੰਦਾ ਆਦਮੀ ਆਪਣੇ ਜੀਵਨ ਨੂੰ ਤਬਦੀਲ ਕਰ ਲੈਂਦਾ ਹੈ ਤਾਂ ਉਹ ਜੀਵੇਗਾ, ਮਰੇਗਾ ਨਹੀਂ। ਹੋ ਸੱਕਦਾ ਹੈ ਕਿ ਉਹ ਬੰਦਾ ਮੰਦੇ ਕਾਰਿਆਂ ਨੂੰ ਕਰਨੋ ਹਟ ਜਾਵੇ ਜੋ ਉਸ ਨੇ ਕੀਤੇ ਹਨ। ਹੋ ਸੱਕਦਾ ਹੈ ਕਿ ਉਹ ਮੇਰੇ ਸਾਰੇ ਕਨੂੰਨਾਂ ਨੂੰ ਧਿਆਨ ਨਾਲ ਮੰਨਣਾ ਸ਼ੁਰੂ ਕਰ ਦੇਵੇ। ਹੋ ਸੱਕਦਾ ਹੈ ਕਿ ਉਹ ਨਿਰਪੱਖ ਅਤੇ ਚੰਗਾ ਬਣ ਜਾਵੇ। 22 ਪਰਮੇਸ਼ੁਰ ਉਸ ਦੇ ਕੀਤੇ ਮਾੜੇ ਸਾਰੇ ਕੰਮਾਂ ਨੂੰ ਚੇਤੇ ਨਹੀਂ ਕਰੇਗਾ। ਪਰਮੇਸ਼ੁਰ ਸਿਰਫ਼ ਉਸਦੀ ਨੇਕੀ ਨੂੰ ਚੇਤੇ ਰੱਖੇਗਾ! ਇਸ ਲਈ ਉਹ ਬੰਦਾ ਜੀਵੇਗਾ!”
23 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, “ਮੈਂ ਨਹੀਂ ਚਾਹੁੰਦਾ ਕਿ ਮੰਦੇ ਲੋਕ ਮਰਨ। ਮੈਂ ਚਾਹੁੰਦਾ ਹਾਂ ਕਿ ਉਹ ਆਪਣੀਆਂ ਜ਼ਿੰਦਗੀਆਂ ਤਬਦੀਲ ਕਰਨ ਤਾਂ ਜੋ ਉਹ ਜਿਉਂ ਸੱਕਣ!
24 “ਹੁਣ, ਹੋ ਸੱਕਦਾ ਹੈ ਕਿ ਕੋਈ ਚੰਗਾ ਬੰਦਾ ਨੇਕੀ ਛੱਡ ਦੇਵੇ। ਹੋ ਸੱਕਦਾ ਹੈ ਕਿ ਉਹ ਆਪਣੀ ਜ਼ਿੰਦਗੀ ਤਬਦੀਲ ਕਰ ਲੇ ਅਤੇ ਉਹ ਸਾਰੀਆਂ ਭਿਆਨਕ ਗੱਲਾਂ ਕਰਨ ਲੱਗ ਜਾਵੇ ਜਿਹੜੀਆਂ ਮੰਦੇ ਬੰਦੇ ਨੇ ਅਤੀਤ ਵਿੱਚ ਕੀਤੀਆਂ ਸਨ, (ਉਹ ਮੰਦਾ ਬੰਦਾ ਤਾਂ ਤਬਦੀਲ ਹੋ ਗਿਆ ਸੀ ਇਸ ਲਈ ਉਹ ਜਿਉਂ ਸੱਕਦਾ ਹੈ!) ਇਸ ਲਈ ਜੇ ਕੋਈ ਚੰਗਾ ਬੰਦਾ ਬਦਲ ਜਾਂਦਾ ਹੈ ਅਤੇ ਬਦ ਬਣ ਜਾਂਦਾ ਹੈ, ਤਾਂ ਪਰਮੇਸ਼ੁਰ ਉਸ ਦੇ ਕੀਤੇ ਨੇਕ ਕੰਮਾਂ ਨੂੰ ਚੇਤੇ ਨਹੀਂ ਕਰੇਗਾ। ਪਰਮੇਸ਼ੁਰ ਇਹ ਗੱਲ ਚੇਤੇ ਰੱਖੇਗਾ ਕਿ ਉਹ ਉਸ ਦੇ ਵਿਰੁੱਧ ਹੋ ਗਿਆ ਸੀ ਅਤੇ ਪਾਪ ਕਰਨ ਲੱਗ ਪਿਆ ਸੀ। ਇਸ ਲਈ ਉਹ ਬੰਦਾ ਅਪਣੇ ਪਾਪਾਂ ਕਾਰਣ ਮਰੇਗਾ।”
25 ਪਰਮੇਸ਼ੁਰ ਨੇ ਆਖਿਆ, “ਤੁਸੀਂ ਲੋਕ ਭਾਵੇਂ ਇਹ ਆਖੋ, ‘ਪਰਮੇਸ਼ੁਰ ਮੇਰਾ ਪ੍ਰਭੂ ਨਿਆਂਈ ਨਹੀਂ ਹੈ!’ ਪਰ ਇਸਰਾਏਲ ਦੇ ਪਰਿਵਾਰ, ਸੁਣ। ਮੈਂ ਨਿਆਈ ਹਾਂ। ਤੁਸੀਂ ਹੀ ਹੋ ਜਿਹੜੇ ਨਿਆਂਈ ਨਹੀਂ ਹੋ! 26 ਜੇ ਕੋਈ ਚੰਗਾ ਬੰਦਾ ਬਦਲ ਜਾਂਦਾ ਹੈ ਅਤੇ ਬੁਰਾ ਬਣ ਜਾਂਦਾ ਹੈ, ਤਾਂ ਉਹ ਆਪਣੇ ਕੀਤੇ ਮੰਦੇ ਕੰਮਾਂ ਕਰਕੇ ਅਵੱਸ਼ ਮਰੇਗਾ। 27 ਅਤੇ ਜੇ ਕੋਈ ਬੁਰਾ ਆਦਮੀ ਬਦਲ ਜਾਂਦਾ ਹੈ ਅਤੇ ਨੇਕ ਅਤੇ ਨਿਰਪੱਖ ਬਣ ਜਾਂਦਾ ਹੈ, ਤਾਂ ਉਹ ਆਪਣੀ ਜ਼ਿੰਦਗੀ ਬਚਾ ਲਵੇਗਾ। ਉਹ ਜੀਵੇਗਾ! 28 ਉਸ ਬੰਦੇ ਨੇ ਇਹ ਦੇਖ ਲਿਆ ਕਿ ਉਹ ਕਿੰਨਾ ਬੁਰਾ ਸੀ ਅਤੇ ਮੇਰੇ ਵੱਲ ਵਾਪਸ ਪਰਤ ਆਇਆ। ਉਸ ਨੇ ਉਹ ਮਾੜੇ ਕੰਮ ਕਰਨੇ ਛੱਡ ਦਿੱਤੇ ਜਿਹੜੇ ਉਹ ਅਤੀਤ ਵਿੱਚ ਕਰਦਾ ਸੀ। ਇਸ ਲਈ ਉਹ ਜੀਵੇਗਾ! ਉਹ ਮਰੇਗਾ ਨਹੀਂ!”
29 ਇਸਰਾਏਲ ਦੇ ਲੋਕਾਂ ਨੇ ਆਖਿਆ, “ਇਹ ਇਨਸਾਫ਼ ਵਾਲੀ ਗੱਲ ਨਹੀਂ ਹੈ! ਯਹੋਵਾਹ ਮੇਰਾ ਪ੍ਰਭੂ ਨਿਰਪੱਖ ਨਹੀਂ ਹੈ!”
ਪਰਮੇਸ਼ੁਰ ਨੇ ਆਖਿਆ, “ਮੈਂ ਨਿਰਪੱਖ ਹਾਂ! ਤੁਸੀਂ ਹੀ ਹੋ ਜਿਹੜੇ ਨਿਰਪੱਖ ਨਹੀਂ ਹੋ! 30 ਕਿਉਂ ਕਿ ਇਸਰਾਏਲ ਦੇ ਪਰਿਵਾਰ, ਮੈਂ ਹਰ ਬੰਦੇ ਦਾ ਨਿਆਂ ਉਸ ਦੇ ਕੀਤੇ ਅਮਲਾਂ ਦੇ ਅਧਾਰ ਤੇ ਹੀ ਕਰਗਾ!” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। “ਇਸ ਲਈ ਮੇਰੇ ਵੱਲ ਵਾਪਸ ਪਰਤ ਆਓ! ਬੁਰੇ ਕੰਮ ਕਰਨੇ ਛੱਡ ਦਿਓ! ਤੁਹਾਡੇ ਪਾਧਾਂ ਨੂੰ ਤੁਹਾਨੂੰ ਬਰਬਾਦ ਨਾ ਕਰਨ ਦਿਓ। 31 ਉਨ੍ਹਾਂ ਸਾਰੀਆਂ ਭਿਆਨਕ ਚੀਜ਼ਾਂ ਤੋਂ ਖਹਿੜਾ ਛੁਡਾ ਲਵੋ ਜੋ ਤੁਸੀਂ ਕਰਦੇ ਰਹੇ ਹੋਂ। ਆਪਣੇ ਦਿਲ ਅਤੇ ਆਪਣੇ ਆਤਮੇ ਨੂੰ ਬਦਲ ਦਿਓ! ਇਸਰਾਏਲ ਦੇ ਲੋਕੋ, ਤੁਸੀਂ ਆਪਣੇ ਆਪ ਲਈ ਮੌਤ ਕਿਉਂ ਲਿਆਉਂਦੇ ਹੋਂ? 32 ਮੈਂ ਤੁਹਾਨੂੰ ਮਾਰਨਾ ਨਹੀਂ ਚਾਹੁੰਦਾ! ਮੇਰੇ ਵੱਲ ਵਾਪਸ ਪਰਤ ਆਵੋ ਅਤੇ ਜੀਵੋ!” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
18 ਪੁਰਾਣਾ ਨੇਮ (ਸ਼ਰ੍ਹਾ) ਹੁਣ ਅੰਤ ਤੇ ਆਣ ਪੁੱਜਿਆ ਹੈ ਕਿਉਂ ਕਿ ਇਹ ਕਮਜ਼ੋਰ ਤੇ ਵਿਅਰਥ ਸੀ। 19 ਮੂਸਾ ਦੀ ਸ਼ਰ੍ਹਾ ਕਿਸੇ ਚੀਜ਼ ਨੂੰ ਵੀ ਸੰਪੂਰਣ ਨਹੀਂ ਬਣਾ ਸੱਕਦੀ ਸੀ। ਅਤੇ ਹੁਣ ਸਾਨੂੰ ਬਿਹਤਰ ਉਮੀਦ ਪ੍ਰਦਾਨ ਕੀਤੀ ਗਈ ਹੈ। ਅਤੇ ਉਸ ਉਮੀਦ ਨਾਲ ਅਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ ਸੱਕਦੇ ਹਾਂ।
20 ਇਹ ਮਹੱਤਵਪੂਰਣ ਹੈ ਕਿ ਜਦੋਂ ਪਰਮੇਸ਼ੁਰ ਨੇ ਯਿਸੂ ਨੂੰ ਇੱਕ ਸਰਦਾਰ ਜਾਜਕ ਬਣਾਇਆ, ਉਸ ਨੇ ਇੱਕ ਸੌਂਹ ਖਾਧੀ। ਜਦੋਂ ਦੂਸਰੇ ਜਾਜਕ ਬਣਾਏ ਗਏ ਸਨ, ਉੱਥੇ ਕੋਈ ਸੌਂਹ ਨਹੀਂ ਸੀ। 21 ਪਰ ਯਿਸੂ ਪਰਮੇਸ਼ੁਰ ਦੀ ਸੌਂਹ ਅਨੁਸਾਰ ਜਾਜਕ ਬਣਿਆ। ਪਰਮੇਸ਼ੁਰ ਨੇ ਉਸ ਨੂੰ ਆਖਿਆ,
“ਪ੍ਰਭੂ ਨੇ ਇੱਕ ਸੌਂਹ ਖਾਧੀ ਹੈ,
ਅਤੇ ਉਹ ਆਪਣਾ ਮਨ ਨਹੀਂ ਬਦਲੇਗਾ:
‘ਤੂੰ ਸਦਾ ਲਈ ਇੱਕ ਜਾਜਕ ਹੈ।’” (A)
22 ਇਸ ਲਈ ਇਸ ਦਾ ਅਰਥ ਹੈ ਕਿ ਯਿਸੂ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਬਿਹਤਰ ਕਰਾਰ ਦੀ ਜ਼ਾਮਨੀ (ਜਮਾਨਤ) ਹੈ।
23 ਅਤੇ, ਜਦੋਂ ਉਨ੍ਹਾਂ ਹੋਰਨਾਂ ਜਾਜਕਾਂ ਵਿੱਚੋਂ ਕੋਈ ਮਰ ਜਾਂਦਾ ਸੀ ਤਾਂ ਉਹ ਜਾਜਕ ਬਣਿਆ ਨਹੀਂ ਸੀ ਰਹਿ ਸੱਕਦਾ। ਇਸ ਲਈ ਉਹੋ ਜਿਹੇ ਅਨੇਕਾਂ ਜਾਜਕ ਸਨ। 24 ਪਰ ਯਿਸੂ ਸਦਾ ਜਿਉਂਦਾ ਹੈ। ਉਹ ਕਦੇ ਵੀ ਜਾਜਕ ਹੋਣ ਤੋਂ ਨਹੀਂ ਹਟੇਗਾ। 25 ਇਸ ਲਈ ਮਸੀਹ ਉਨ੍ਹਾਂ ਲੋਕਾਂ ਨੂੰ ਮੁਕਤੀ ਦੇ ਸੱਕਦਾ ਹੈ ਜਿਹੜੇ ਉਸ ਦੇ ਰਾਹੀਂ ਪਰਮੇਸ਼ੁਰ ਵੱਲ ਆਉਂਦੇ ਹਨ। ਮਸੀਹ ਸਦੀਵ ਕਾਲ ਲਈ ਅਜਿਹਾ ਕਰ ਸੱਕਦਾ ਹੈ ਕਿਉਂਕਿ ਉਹ ਸਦਾ ਜਿਉਂਦਾ ਹੈ, ਲੋਕਾਂ ਦੀ ਸਹਾਇਤਾ ਲਈ ਤਤਪਰ ਹੈ ਜਦੋਂ ਉਹ ਪਰਮੇਸ਼ੁਰ ਦੇ ਸਨਮੁੱਖ ਆਉਂਦੇ ਹਨ।
26 ਇਸ ਲਈ ਯਿਸੂ ਇੱਕ ਤਰ੍ਹਾਂ ਦਾ ਸਰਦਾਰ ਜਾਜਕ ਹੈ ਜਿਸਦੀ ਸਾਨੂੰ ਲੋੜ ਹੈ। ਉਹ ਪਵਿੱਤਰ ਹੈ ਉਸ ਵਿੱਚ ਕੋਈ ਪਾਪ ਨਹੀਂ ਹੈ। ਉਹ ਸ਼ੁੱਧ ਹੈ ਅਤੇ ਪਾਪੀਆਂ ਤੋਂ ਪ੍ਰਭਾਵਿਤ ਨਹੀਂ ਹੈ। ਉਹ ਸਵਰਗ ਨਾਲੋਂ ਵੀ ਉੱਚਾ ਚੁੱਕਿਆ ਗਿਆ ਹੈ। 27 ਉਹ ਹੋਰਨਾਂ ਜਾਜਕਾਂ ਵਰਗਾ ਨਹੀਂ ਹੈ। ਹੋਰਨਾਂ ਸਾਰੇ ਜਾਜਕਾਂ ਨੂੰ ਹਰ ਰੋਜ਼ ਬਲੀ ਦੇਣੀ ਪੈਂਦੀ ਸੀ। ਉਨ੍ਹਾਂ ਨੂੰ ਪਹਿਲਾਂ ਲੋਕਾਂ ਦੇ ਪਾਪਾਂ ਖਾਤਰ ਬਲੀ ਦੇਣੀ ਪੈਂਦੀ ਸੀ ਅਤੇ ਫ਼ੇਰ ਆਪਣੇ ਖੁਦ ਦੇ ਪਾਪਾਂ ਲਈ। ਪਰ ਮਸੀਹ ਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਸੀ। ਮਸੀਹ ਨੇ ਸਾਰੇ ਸਮਿਆਂ ਲਈ ਕੇਵਲ ਇੱਕ ਹੀ ਬਲੀ ਦਿੱਤੀ, ਉਸ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। 28 ਸ਼ਰ੍ਹਾ ਸਰਦਾਰ ਜਾਜਕਾਂ ਦੀ ਚੋਣ ਉਨ੍ਹਾਂ ਲੋਕਾਂ ਵਿੱਚੋਂ ਕਰਦੀ ਹੈ ਜਿਨ੍ਹਾਂ ਦੀਆਂ ਕਮਜ਼ੋਰੀਆਂ ਲੋਕਾਂ ਵਰਗੀਆਂ ਹੀ ਹੁੰਦੀਆਂ ਹਨ। ਪਰ ਪਰਮੇਸ਼ੁਰ ਨੇ ਇੱਕ ਸੌਂਹ ਖਾਧੀ, ਜਿਹੜੀ ਸ਼ਰ੍ਹਾ ਤੋਂ ਬਾਦ ਆਈ। ਇਸ ਵਾਇਦੇ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਸਰਦਾਰ ਜਾਜਕ ਬਣਾਇਆ। ਉਹ ਪੁੱਤਰ ਸਦਾ ਲਈ ਸੰਪੂਰਣ ਬਣਾਇਆ ਗਿਆ ਸੀ।
ਨੇਕ ਸਾਮਰੀਆਂ ਬਾਰੇ ਦ੍ਰਿਸ਼ਟਾਂਤ
25 ਤਦ ਇੱਕ ਨੇਮ ਦਾ ਉਪਦੇਸ਼ਕ ਉੱਠ ਖਲੋਇਆ। ਉਹ ਯਿਸੂ ਨੂੰ ਪਰੱਖਣਾ ਚਾਹੁੰਦਾ ਸੀ ਤਾਂ ਉਸ ਨੇ ਕਿਹਾ, “ਗੁਰੂ ਜੀ! ਸਦੀਪਕ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ।”
26 ਯਿਸੂ ਨੇ ਆਖਿਆ, “ਨੇਮ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਉਸ ਵਿੱਚ ਕੀ ਪੜ੍ਹਿਆ ਹੈ?”
27 ਉਸ ਨੇ ਜਵਾਬ ਦਿੱਤਾ, “‘ਪ੍ਰਭੂ ਆਪਣੇ ਪਰਮੇਸ਼ੁਰ ਨੂੰ ਪੂਰੇ ਦਿਲ ਨਾਲ, ਪੂਰੇ ਆਤਮਾ ਨਾਲ, ਆਪਣੀ ਪੂਰੀ ਤਾਕਤ ਨਾਲ ਅਤੇ ਆਪਣੇ ਪੂਰੇ ਦਿਮਾਗ ਨਾਲ ਪਿਆਰ ਕਰੋ।’ [a] ਅਤੇ, ‘ਆਪਣੇ ਗੁਆਂਢੀ ਨਾਲ ਵੀ ਇੰਝ ਪਿਆਰ ਕਰੋ ਜਿਵੇਂ ਤੁਸੀਂ ਆਪਣੇ-ਆਪ ਨੂੰ ਕਰਦੇ ਹੋ।’” [b]
28 ਯਿਸੂ ਨੇ ਉਸ ਨੂੰ ਆਖਿਆ, “ਤੂੰ ਬਿਲਕੁਲ ਦਰੁਸਤ ਜਵਾਬ ਦਿੱਤਾ ਹੈ, ਇਸ ਤੇ ਅਮਲ ਕਰੇਂ ਤਾਂ ਤੂੰ ਜਿਉਂਦਾ ਰਹੇਂਗਾ।”
29 ਉਹ ਆਦਮੀ ਦਰਸ਼ਾਉਣਾ ਚਾਹੁੰਦਾ ਸੀ ਕਿ ਉਹ ਸਵਾਲ ਪੁੱਛਣ ਵਿੱਚ ਸਹੀ ਸੀ, ਇਸ ਲਈ ਉਸ ਨੇ ਯਿਸੂ ਨੂੰ ਆਖਿਆ, “ਮੇਰਾ ਗੁਆਂਢੀ ਕੌਣ ਹੈ?”
30 ਇਸ ਗੱਲ ਦਾ ਜਵਾਬ ਦਿੰਦਿਆਂ ਯਿਸੂ ਨੇ ਕਿਹਾ, “ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਵੱਲ ਨੂੰ ਜਾ ਰਿਹਾ ਸੀ। ਕੁਝ ਡਾਕੂਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਕੱਪੜੇ ਪਾੜ ਦਿੱਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਨੂੰ ਅੱਧ ਮੋਇਆ ਛੱਡ ਕੇ ਚੱਲੇ ਗਏ।
31 “ਸੱਬਬ ਨਾਲ ਇੱਕ ਯਹੂਦੀ ਜਾਜਕ ਉਸ ਸੜਕ ਤੋਂ ਲੰਘ ਰਿਹਾ ਸੀ, ਜਿਸ ਵਕਤ ਉਸ ਜਾਜਕ ਨੇ ਉਸ ਅਧਮਰੇ ਮਨੁੱਖ ਨੂੰ ਸੜਕ ਤੇ ਪਿਆ ਵੇਖਿਆ ਤਾਂ ਉਹ ਉਸਦੀ ਮਦਦ ਕਰਨ ਲਈ ਰੁਕਿਆ ਨਹੀਂ ਸਗੋਂ ਅਗ੍ਹਾਂ, ਲੰਘ ਗਿਆ। 32 ਇੱਕ ਲੇਵੀ ਵੀ ਉਸ ਰਾਹ ਤੋਂ ਲੰਘ ਰਿਹਾ ਸੀ ਅਤੇ ਉਹ ਵੀ ਉਸ ਆਦਮੀ ਨੂੰ ਵੇਖਕੇ ਇੱਕ ਪਾਸੇ ਹੋਕੇ ਲੰਘ ਗਿਆ, ਉਹ ਵੀ ਉਸਦੀ ਮਦਦ ਲਈ ਨਹੀਂ ਰੁਕਿਆ।
33 “ਉਸ ਰਾਹ ਫ਼ਿਰ ਇੱਕ ਸਾਮਰੀ ਆਇਆ। ਉਹ ਉਸ ਜਗ੍ਹਾ ਪਹੁੰਚਿਆ ਜਿੱਥੇ ਉਹ ਅੱਧ ਮੋਇਆ ਮਨੁੱਖ ਬੇਹਾਲ ਪਿਆ ਸੀ। ਜਦੋਂ ਉਹ ਨੇੜੇ ਆਇਆ ਅਤੇ ਬੰਦੇ ਨੂੰ ਵੇਖਿਆ, ਅਤੇ ਉਸ ਉੱਤੇ ਤਰਸ ਖਾਧਾ। 34 ਉਹ ਉਸ ਦੇ ਨੇੜੇ ਆਇਆ ਅਤੇ ਜੈਤੂਨ ਦੇ ਤੇਲ ਅਤੇ ਮੈਅ ਨਾਲ ਉਸ ਦੇ ਜਖਮਾਂ ਤੇ ਪੱਟੀ ਕੀਤੀ। ਉਸ ਸਾਮਰੀ ਕੋਲ ਇੱਕ ਗਧਾ ਸੀ ਉਸ ਨੇ ਜਖਮੀ ਮਨੁੱਖ ਨੂੰ ਉਸ ਉੱਪਰ ਬਿਠਾਇਆ ਅਤੇ ਉਸ ਨੂੰ ਇੱਕ ਸਰ੍ਹਾਂ ਵਿੱਚ ਲੈ ਗਿਆ ਅਤੇ ਉੱਥੇ ਜਾਕੇ ਉਸਦੀ ਟਹਿਲ ਕੀਤੀ। 35 ਅਗਲੇ ਦਿਨ ਉਸ ਨੇ ਦੋ ਚਾਂਦੀ ਦੇ ਸਿੱਕੇ ਕੱਢੇ ਅਤੇ ਸਰ੍ਹਾਂ ਵਾਲੇ ਨੂੰ ਦਿੱਤੇ ਅਤੇ ਉਸ ਨੂੰ ਆਖਿਆ, ‘ਇਸ ਘਾਇਲ ਮਨੁੱਖ ਦੀ ਦੇਖਭਾਲ ਕਰੀ। ਜੇਕਰ ਤੂੰ ਇਸਤੋਂ ਵੱਧ ਪੈਸਾ ਇਸ ਮਨੁੱਖ ਉੱਪਰ ਖਰਚ ਕਰੇ ਤਾਂ ਜਦੋਂ ਮੈਂ ਇੱਥੇ ਦੋਬਾਰਾ ਵਾਪਸ ਆਵਾਂਗਾ ਤਾਂ ਤੈਨੂੰ ਮੋੜ ਦੇਵਾਂਗਾ।’”
36 ਮੈਨੂੰ ਦੱਸੋ, “ਇਨ੍ਹਾਂ ਤਿੰਨਾਂ ਆਦਮੀਆਂ ਵਿੱਚੋਂ ਕਿਸ ਆਦਮੀ ਨੇ ਉਸ ਬੰਦੇ ਨਾਲ ਗੁਆਂਢੀ ਹੋਣ ਦਾ ਸਬੂਤ ਦਿੱਤਾ ਜਿਸ ਉੱਤੇ ਡਾਕੂਆਂ ਨੇ ਹਮਲਾ ਕੀਤਾ ਸੀ?”
37 ਨੇਮ ਦੇ ਉਪਦੇਸ਼ਕ ਨੇ ਆਖਿਆ, “ਉਸ ਆਦਮੀ ਨੇ, ਜਿਸਨੇ ਉਸ ਉੱਪਰ ਰਹਿਮ ਦਰਸਾਇਆ।”
ਤਾਂ ਯਿਸੂ ਨੇ ਉਸ ਨੂੰ ਕਿਹਾ, “ਤਾਂ ਜਾ, ਤੂੰ ਵੀ ਜਾਕੇ ਇਵੇਂ ਹੀ ਕਰ।”
2010 by World Bible Translation Center