Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 118

118 ਯਹੋਵਾਹ ਦਾ ਮਾਨ ਕਰੋ ਕਿਉਂਕਿ ਉਹ ਪਰਮੇਸ਼ੁਰ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਇਸਰਾਏਲ ਆਖ,
    “ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
ਜਾਜਕੋ ਆਖੋ,
    “ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
ਯਹੋਵਾਹ ਦੀ ਉਪਾਸਨਾ ਕਰਨ ਵਾਲੇ ਤੁਸੀਂ ਸਮੂਹ ਲੋਕੋਂ ਆਖੋ,
    “ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”

ਮੈਂ ਮੁਸੀਬਤ ਵਿੱਚ ਸਾਂ ਇਸ ਲਈ ਮੈਂ ਸਹਾਇਤਾ ਲਈ ਯਹੋਵਾਹ ਅੱਗੇ ਪੁਕਾਰ ਕੀਤੀ।
    ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਮੈਨੂੰ ਮੁਕਤ ਕਰ ਦਿੱਤਾ।
ਯਹੋਵਾਹ ਮੇਰੇ ਨਾਲ ਹੈ, ਇਸ ਲਈ ਮੈਂ ਨਹੀਂ ਡਰਾਂਗਾ।
    ਲੋਕ ਮੇਰਾ ਕੋਈ ਨੁਕਸਾਨ ਨਹੀਂ ਕਰ ਸੱਕਦੇ।
ਯਹੋਵਾਹ ਮੇਰਾ ਮਦਦਗਾਰ ਹੈ।
    ਮੈਂ ਆਪਣੇ ਦੁਸ਼ਮਣਾਂ ਨੂੰ ਹਾਰਦਿਆਂ ਵੇਖਾਂਗਾ।
ਲੋਕਾਂ ਵਿੱਚ ਯਕੀਨ ਰੱਖਣ ਨਾਲੋਂ
    ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ।
ਤੁਹਾਡੇ ਸਾਰੇ ਆਗੂਆਂ ਉੱਤੇ ਵਿਸ਼ਵਾਸ ਕਰਨ ਨਾਲੋਂ
    ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ।

10 ਅਨੇਕਾਂ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਸੀ।
    ਪਰ ਯਹੋਵਾਹ ਦੀ ਸ਼ਕਤੀ ਨਾਲ ਮੈਂ ਆਪਣੇ ਦੁਸ਼ਮਣਾਂ ਨੂੰ ਹਰਾ ਦਿੱਤਾ।
11 ਦੁਸ਼ਮਣਾਂ ਨੇ ਮੈਨੂੰ ਬਾਰ-ਬਾਰ ਘੇਰਿਆ,
    ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ।
12 ਮੈਨੂੰ ਦੁਸ਼ਮਣਾਂ ਨੇ ਮਧੂ ਮੱਖੀਆਂ ਵਾਂਗ ਘੇਰਿਆ।
    ਪਰ ਛੇਤੀ ਹੀ ਲਟ-ਲਟ ਬਲਦੀ ਝਾੜੀ ਵਾਂਗ ਉਹ ਭਸਮ ਹੋ ਗਏ।
ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ।

13 ਮੇਰੇ ਦੁਸ਼ਮਣਾਂ ਮੇਰੇ ਉੱਤੇ ਹਮਲਾ ਕੀਤਾ, ਅਤੇ ਲਗਭਗ ਮੈਨੂੰ ਤਬਾਹ ਕਰ ਦਿੱਤਾ।
    ਯਹੋਵਾਹ ਨੇ ਮੇਰੀ ਸਹਾਇਤਾ ਕੀਤੀ।
14 ਯਹੋਵਾਹ ਹੀ ਮੇਰੀ ਸ਼ਕਤੀ ਅਤੇ ਜਿੱਤ ਦਾ ਗੀਤ ਹੈ।
    ਯਹੋਵਾਹ ਮੈਨੂੰ ਬਚਾਉਂਦਾ ਹੈ।
15 ਤੁਸੀਂ ਨੇਕ ਲੋਕਾਂ ਦੇ ਘਰੀਂ ਫ਼ਤਿਹ ਦਾ ਜਸ਼ਨ ਸੁਣ ਸੱਕਦੇ ਹੋ।
    ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਫ਼ੇਰ ਦਰਸਾਈ ਹੈ।
16 ਯਹੋਵਾਹ ਦੇ ਹੱਥ ਜਿੱਤ ਵਿੱਚ ਉੱਠੇ ਹੋਏ ਹਨ,
    ਯਹੋਵਾਹ ਨੇ ਫ਼ੇਰ ਆਪਣੀ ਮਹਾਨ ਸ਼ਕਤੀ ਦਰਸਾਈ ਹੈ।

17 ਮੈਂ ਜੀਵਾਂਗਾ, ਮਰਾਂਗਾ ਨਹੀਂ
    ਅਤੇ ਮੈਂ ਯਹੋਵਾਹ ਦੀ ਕਰਨੀ ਦੱਸਾਂਗਾ।
18 ਯਹੋਵਾਹ ਨੇ ਮੈਨੂੰ ਦੰਡ ਦਿੱਤਾ ਸੀ।
    ਪਰ ਉਸ ਨੇ ਮੈਨੂੰ ਮਰਨ ਨਹੀਂ ਦਿੱਤਾ ਸੀ।
19 ਸ਼ੁਭ ਦਰਵਾਜਿਉ, ਮੇਰੇ ਲਈ ਖੁਲ੍ਹ ਜਾਵੋ,
    ਅਤੇ ਮੈਂ ਆਵਾਂਗਾ ਅਤੇ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।
20 ਉਹ ਦਰਵਾਜੇ ਯਹੋਵਾਹ ਦੇ ਹਨ।
    ਇਨ੍ਹਾਂ ਵਿੱਚੋਂ ਦੀ ਸਿਰਫ਼ ਨੇਕ ਬੰਦੇ ਹੀ ਜਾ ਸੱਕਦੇ ਹਨ।
21 ਹੇ ਯਹੋਵਾਹ, ਮੇਰੀ ਪ੍ਰਾਰਥਨਾ ਦਾ ਉੱਤਰ ਦੇਣ ਲਈ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ।
    ਮੈਨੂੰ ਬਚਾਉਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।

22 ਉਹ ਪੱਥਰ ਜਿਸਦੀ ਉਸਾਰੀਆਂ ਨੂੰ ਲੋੜ ਨਹੀਂ ਸੀ, ਨੀਂਹ ਦਾ ਪੱਥਰ ਬਣ ਗਿਆ ਸੀ।
23 ਯਹੋਵਾਹ ਨੇ ਇਹ ਕੀਤਾ ਅਤੇ ਅਸੀਂ ਸੋਚਦੇ ਹਾਂ
    ਕਿ ਇਹ ਗੱਲ ਵਿਸਮਾਦ ਭਰੀ ਹੈ।
24 ਅੱਜ ਦਾ ਦਿਨ, ਪਰਮੇਸ਼ੁਰ ਦੁਆਰਾ ਬਣਾਇਆ ਹੋਇਆ ਦਿਨ ਹੈ।
    ਆਉ ਅੱਜ ਹੀ ਖੁਸ਼ੀ ਮਨਾਈਏ ਅਤੇ ਪ੍ਰਸੰਨ ਹੋਈਏ!

25 ਲੋਕਾਂ ਆਖਿਆ, “ਯਹੋਵਾਹ ਦੀ ਉਸਤਤਿ ਕਰੋ!
    ਯਹੋਵਾਹ ਨੇ ਅਸਾਂ ਨੂੰ ਬਚਾਇਆ!
26     ਯਹੋਵਾਹ ਦਾ ਨਾਮ ਲੈ ਕੇ ਆਉਣ ਵਾਲੇ ਬੰਦੇ ਦਾ ਸਵਾਗਤ ਕਰੋ।”

ਜਾਜਕਾਂ ਨੇ ਜਵਾਬ ਦਿੱਤਾ, “ਅਸੀਂ ਯਹੋਵਾਹ ਦੇ ਘਰ ਅੰਦਰ ਤੁਹਾਡਾ ਸਵਾਗਤ ਕਰਦੇ ਹਾਂ।
27 ਯਹੋਵਾਹ ਹੀ ਪਰਮੇਸ਼ੁਰ ਹੈ।
ਅਤੇ ਉਹ ਅਸਾਂ ਨੂੰ ਪ੍ਰਵਾਨ ਕਰਦਾ ਹੈ।
    ਬਲੀ ਲਈ ਲੇਲਾ ਬੰਨ੍ਹ ਦਿਉ, ਅਤੇ ਇਸ ਨੂੰ ਚੁੱਕ ਕੇ ਜਗਵੇਦੀ ਦੇ ਸਿੰਗਾਂ ਉੱਤੇ ਲੈ ਚੱਲੋ।”

28 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ ਅਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
    ਮੈਂ ਤੁਹਾਡੀ ਉਸਤਤਿ ਕਰਦਾ ਹਾਂ।
29 ਯਹੋਵਾਹ ਦੀ ਉਸਤਤਿ ਕਰੋ ਕਿਉਂ ਕਿ ਉਹ ਭਲਾ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।

ਜ਼ਬੂਰ 145

ਦਾਊਦ ਦਾ ਇੱਕ ਗੀਤ।

145 ਮੈਂ ਤੁਹਾਡੀ ਉਸਤਤਿ ਕਰਦਾ ਹਾਂ। ਮੇਰੇ ਪਰਮੇਸ਼ੁਰ ਅਤੇ ਰਾਜੇ,
    ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਨੂੰ ਅਸੀਸ ਦਿੰਦਾ ਹਾਂ।
ਮੈਂ ਹਰ-ਰੋਜ਼ ਤੁਹਾਡੀ ਉਸਤਤਿ ਕਰਦਾ ਹਾਂ,
    ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਦੀ ਉਸਤਤਿ ਕਰਦਾ ਹਾਂ।
ਯਹੋਵਾਹ ਮਹਾਨ ਹੈ।
ਲੋਕ ਉਸਦੀ ਉਸਤਤਿ ਬਹੁਤ ਕਰਦੇ ਹਨ।
    ਅਸੀਂ ਉਸ ਦੇ ਸਾਰੇ ਮਹਾਨ ਕਾਰਜਾਂ ਨੂੰ ਨਹੀਂ ਗਿਣ ਸੱਕਦੇ।
ਯਹੋਵਾਹ, ਲੋਕ ਸਦਾ-ਸਦਾ ਲਈ ਤੁਹਾਡੇ ਕਾਰਜਾਂ ਲਈ ਤੁਹਾਡੀ ਉਸਤਤਿ ਕਰਨਗੇ।
    ਉਹ ਤੁਹਾਡੇ ਮਹਾਨ ਕਾਰਜਾ ਬਾਰੇ ਦੱਸਣਗੇ।
ਤੁਹਾਡੀ ਸ਼ਾਨੋ-ਸ਼ੌਕਤ ਬਹੁਤ ਅਦਭੁਤ ਹੈ।
    ਮੈਂ ਤੁਹਾਡੇ ਚਮਤਕਾਰਾਂ ਬਾਰੇ ਦੱਸਾਂਗਾ।
ਯਹੋਵਾਹ, ਲੋਕ ਤੁਹਾਡੇ ਅਦਭੁਤ ਕਾਰਿਆਂ ਬਾਰੇ ਦੱਸਣਗੇ।
    ਮੈਂ ਤੁਹਾਡੇ ਮਹਾਨ ਕਾਰਜਾਂ ਬਾਰੇ ਦੱਸਾਂਗਾ।
ਲੋਕ ਤੁਹਾਡੇ ਸ਼ੁਭ ਕਾਰਜਾ ਬਾਰੇ ਦੱਸਣਗੇ।
    ਲੋਕ ਤੁਹਾਡੀ ਨੇਕੀ ਦੇ ਗੀਤ ਗਾਉਣਗੇ।

ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
    ਯਹੋਵਾਹ ਸਹਿਜ ਅਤੇ ਪਿਆਰ ਭਰਿਆ ਹੈ।
ਯਹੋਵਾਹ ਹਰ ਇੱਕ ਨਾਲ ਨੇਕੀ ਕਰਦਾ ਹੈ।
    ਯਹੋਵਾਹ ਹਰ ਚੀਜ਼ ਨੂੰ ਆਪਣੀ ਦਯਾ ਦਰਸਾਉਂਦਾ ਹੈ ਜਿਸ ਨੂੰ ਉਸ ਨੇ ਬਣਾਇਆ।
10 ਯਹੋਵਾਹ, ਜੋ ਵੀ ਗੱਲਾਂ ਤੁਸੀਂ ਕਰਦੇ ਹੋ। ਤੁਹਾਨੂੰ ਉਸਤਤਿ ਦਵਾਉਂਦੀਆਂ ਹਨ।
    ਤੁਹਾਡੇ ਅਨੁਯਾਈ ਤੁਹਾਨੂੰ ਅਸੀਸ ਦਿੰਦੇ ਹਨ।
11 ਉਹ ਦੱਸਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਹੈ।
    ਉਹ ਦੱਸਦੇ ਹਨ ਤੁਸੀਂ ਕਿੰਨੇ ਮਹਾਨ ਹੋ।
12 ਇਉਂ ਹੋਰ ਲੋਕੀ ਵੀ ਤੁਹਾਡੇ ਮਹਾਨ ਕਾਰਨਾਮਿਆ ਬਾਰੇ ਜਾਣ ਲੈਂਦੇ ਹਨ, ਯਹੋਵਾਹ।
    ਉਹ ਲੋਕ ਜਾਣ ਲੈਂਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਅਤੇ ਅਦਭੁਤ ਹੈ।
13 ਯਹੋਵਾਹ, ਤੁਹਾਡੀ ਸਲਤਨਤ ਸਦਾ-ਸਦਾ ਲਈ ਰਹੇਗੀ।
    ਤੁਸੀਂ ਸਦਾ-ਸਦਾ ਲਈ ਰਾਜ ਕਰੋਂਗੇ।

14 ਯਹੋਵਾਹ ਨੀਵੇਂ ਡਿੱਗਿਆ ਨੂੰ ਉੱਚਿਆਂ ਚੁੱਕਦਾ ਹੈ।
    ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
15 ਯਹੋਵਾਹ, ਸਾਰੇ ਜਿਉਂਦੇ ਪ੍ਰਾਣੀ ਤੁਹਾਡੇ ਵੱਲ ਆਪਣੇ ਭੋਜਨ ਲਈ ਤੱਕਦੇ ਹਨ।
    ਅਤੇ ਤੁਸੀਂ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
16 ਯਹੋਵਾਹ, ਤੁਸੀਂ ਆਪਣੇ ਹੱਥ ਖੋਲ੍ਹ ਦਿੰਦੇ ਹੋ,
    ਅਤੇ ਤੁਸੀਂ ਹਰ ਜਿਉਂਦੇ ਪ੍ਰਾਣੀ ਨੂੰ ਜੋ ਵੀ ਉਸ ਦੀ ਲੋੜ ਹੈ ਉਸ ਨੂੰ ਦਿੰਦੇ ਹੋ।
17 ਹਰ ਗੱਲ ਜਿਹੜੀ ਯਹੋਵਾਹ ਕਰਦਾ ਹੈ, ਸ਼ੁਭ ਹੈ।
    ਹਰ ਗੱਲ ਜਿਹੜੀ ਉਹ ਕਰਦਾ ਹੈ ਦਰਸਾਉਂਦੀ ਹੈ ਕਿ ਉਹ ਕਿੰਨਾ ਮਹਾਨ ਹੈ।
18 ਯਹੋਵਾਹ ਹਰ ਉਸ ਬੰਦੇ ਦੇ ਨੇੜੇ ਹੈ ਜੋ ਉਸ ਨੂੰ ਮਦਦ ਵਾਸਤੇ ਪੁਕਾਰਦਾ ਹੈ।
    ਪਰਮੇਸ਼ੁਰ ਹਰ ਉਸ ਵਿਅਕਤੀ ਦੇ ਨੇੜੇ ਹੈ ਜਿਹੜਾ ਨਿਸ਼ਕਪਟਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ।
19 ਯਹੋਵਾਹ ਉਹੀ ਕਰਦਾ ਹੈ ਜੋ ਉਸ ਦੇ ਚੇਲੇ ਚਾਹੁੰਦੇ ਹਨ, ਯਹੋਵਾਹ ਆਪਣੇ ਪੈਰੋਕਾਰਾ ਦੀ ਸੁਣਦਾ ਹੈ।
    ਉਹ ਉਨ੍ਹਾਂ ਦੀਆਂ ਅਰਦਾਸਾ ਮੰਨਦਾ ਹੈ।
    ਅਤੇ ਉਹ ਉਨ੍ਹਾਂ ਨੂੰ ਬਚਾਉਂਦਾ ਹੈ।
20 ਯਹੋਵਾਹ ਹਰ ਬੰਦੇ ਨੂੰ ਬਚਾਉਂਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ।
    ਪਰ ਯਹੋਵਾਹ ਮੰਦੇ ਬੰਦੇ ਦਾ ਨਾਸ਼ ਕਰਦਾ ਹੈ।
21 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ!
    ਮੈਂ ਚਾਹੁੰਦਾ ਹਾਂ ਕਿ ਹਰ ਬੰਦਾ ਉਸ ਦੇ ਪਵਿੱਤਰ ਨਾਮ ਦੀ ਸਦਾ-ਸਦਾ ਲਈ ਉਸਤਤਿ ਕਰ ਸੱਕੇ।

ਯਸਾਯਾਹ 11:1-9

ਅਮਨ ਦਾ ਰਾਜਾ ਆ ਰਿਹਾ ਹੈ

11 ਇੱਕ ਛੋਟਾ ਰੁੱਖ (ਬੱਚਾ) ਯੱਸੀ ਦੇ ਮੁੱਢੇ (ਪਰਿਵਾਰ) ਵਿੱਚੋਂ ਉੱਗਣਾ ਸ਼ੁਰੂ ਹੋ ਜਾਵੇਗਾ। ਉਹ ਸ਼ਾਖ ਯੱਸੀ ਦੀਆਂ ਜਢ਼ਾਂ ਤੋਂ ਉੱਗੇਗੀ। ਯਹੋਵਾਹ ਦਾ ਆਤਮਾ ਉਸ ਬੱਚੇ ਵਿੱਚ ਹੋਵੇਗੀ। ਆਤਮਾ ਸਿਆਣਪ, ਸਮਝਦਾਰੀ, ਅਗਵਾਈ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਅਤੇ ਆਤਮਾ ਇਸ ਬੱਚੇ ਦੀ ਸਹਾਇਤਾ ਕਰੇਗਾ ਉਸ ਨੂੰ ਜਾਣੇਗਾ ਅਤੇ ਯਹੋਵਾਹ ਦਾ ਆਦਰ ਕਰੇਗਾ।

ਇਹ ਬੱਚਾ ਡਰੇਗਾ ਅਤੇ ਯਹੋਵਾਹ ਦੀ ਇੱਜ਼ਤ ਕਰੇਗਾ, ਅਤੇ ਇਹ ਉਸ ਨੂੰ ਉਸ ਆਧਾਰ ਤੇ ਨਿਆਂ ਨਾ ਕਰਨ ਲਈ ਪ੍ਰੇਰੇਗਾ ਜੋ ਉਹ ਵੇਖਦਾ ਹੈ ਜਾਂ ਜੋ ਉਹ ਸੁਣਦਾ। 4-5 ਉਹ ਗਰੀਬ ਲੋਕਾਂ ਨਾਲ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਆਂ ਕਰੇਗਾ। ਜਦੋਂ ਉਹ ਧਰਤੀ ਦੇ ਗਰੀਬ ਲੋਕਾਂ ਲਈ ਕੁਝ ਕਰਨ ਦਾ ਨਿਆਂ ਕਰੇਗਾ ਤਾਂ ਬੇਲਾਗ ਹੋਵੇਗਾ। ਜੇ ਉਹ ਇਹ ਨਿਆਂ ਕਰਦਾ ਹੈ ਕਿ ਉਨ੍ਹਾਂ ਨੂੰ ਮਾਰ ਪੈਣੀ ਚਾਹੀਦੀ ਹੈ ਫ਼ੇਰ ਉਹ ਆਦੇਸ਼ ਦੇਵੇਗਾ ਤੇ ਉਨ੍ਹਾਂ ਲੋਕਾਂ ਨੂੰ ਮਾਰ ਪਵੇਗੀ। ਜੇ ਉਹ ਇਹ ਨਿਆਂ ਕਰਦਾ ਹੈ ਕਿ ਲੋਕਾਂ ਨੂੰ ਮਰਨਾ ਚਾਹੀਦਾ ਹੈ, ਤਾਂ ਉਹ ਆਦੇਸ਼ ਦੇਵੇਗਾ ਅਤੇ ਮੰਦੇ ਲੋਕ ਮਾਰੇ ਜਾਣਗੇ। ਨੇਕੀ ਅਤੇ ਨਿਰਪੱਖਤਾ ਇਸ ਬੱਚੇ ਨੂੰ ਸ਼ਕਤੀ ਦੇਵੇਗੀ। ਇਹ ਚੀਜ਼ਾਂ ਉਸ ਦੇ ਕਮਰ ਕਸੇ ਵਾਂਗ ਹੋਣਗੀਆਂ।

ਉਸ ਸਮੇਂ ਬਘਿਆੜ ਵੀ ਲੇਲਿਆਂ ਨਾਲ ਸ਼ਾਂਤੀ ਨਾਲ ਰਹਿਣਗੇ। ਅਤੇ ਸ਼ੇਰ ਵੀ ਬੱਕਰੀਆਂ ਕੋਲ ਸ਼ਾਂਤੀ ਨਾਲ ਲੇਟੇ ਹੋਣਗੇ। ਵੱਛੇ, ਸ਼ੇਰ ਅਤੇ ਬਲਦ ਆਪਸ ਵਿੱਚ ਸ਼ਾਂਤੀ ਨਾਲ ਰਹਿਣਗੇ। ਇੱਕ ਛੋਟਾ ਬੱਚਾ ਉਨ੍ਹਾਂ ਦੀ ਅਗਵਾਈ ਕਰੇਗਾ। ਗਾਵਾਂ ਅਤੇ ਰਿੱਛ ਪਸਪਰ ਸ਼ਾਂਤੀ ਨਾਲ ਰਹਿਣਗੇ। ਉਨ੍ਹਾਂ ਦੇ ਸਾਰੇ ਬੱਚੇ ਇਕੱਠੇ ਲੇਟੇ ਹੋਣਗੇ ਅਤੇ ਇੱਕ ਦੂਸਰੇ ਨੂੰ ਕੋਈ ਨੁਕਸਾਨ ਨਹੀਂ ਪੁਚਾਣਗੇ। ਸ਼ੇਰ ਗਾਵਾਂ ਵਾਂਗ ਘਾਹ ਖਾਣਗੇ। ਇੱਕ ਬੱਚਾ ਵੀ ਫ਼ਨੀਅਰ ਸੱਪ ਦੀ ਖੱਡ ਕੋਲ ਖੇਡ ਸੱਕੇਗਾ। ਬੱਚਾ ਜ਼ਹਿਰੀਲੇ ਸੱਪ ਦੀ ਖੱਡ ਵਿੱਚ ਆਪਣਾ ਹੱਥ ਪਾ ਸੱਕੇਗਾ।

ਇਹ ਸਾਰੀਆਂ ਗੱਲਾਂ ਇਹ ਦਰਸਾਉਂਦੀਆਂ ਹਨ ਕਿ ਇੱਥੇ ਸ਼ਾਂਤੀ ਹੋਵੇਗੀ-ਕੋਈ ਬੰਦਾ ਵੀ ਕਿਸੇ ਦੂਸਰੇ ਨੂੰ ਨੁਕਸਾਨ ਨਹੀਂ ਪੁਚਾਵੇਗਾ। ਮੇਰੇ ਪਵਿੱਤਰ ਪਰਬਤ ਦੇ ਲੋਕ ਚੀਜ਼ਾਂ ਨੂੰ ਤਬਾਹ ਕਰਨਾ ਨਹੀਂ ਲੋਚਣਗੇ। ਕਿਉਂ ਕਿ ਲੋਕ ਸੱਚਮੁੱਚ ਯਹੋਵਾਹ ਨੂੰ ਜਾਣ ਲੈਣਗੇ। ਉਨ੍ਹਾਂ ਅੰਦਰ ਉਸਦਾ ਪੂਰਾ ਗਿਆਨ ਹੋਵੇਗਾ ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੁੰਦਾ ਹੈ।

1 ਕੁਰਿੰਥੀਆਂ ਨੂੰ 2:1-13

ਸਲੀਬ ਉੱਤੇ ਮਸੀਹ ਬਾਰੇ ਸੰਦੇਸ਼

ਪਿਆਰੇ ਭਰਾਵੋ ਅਤੇ ਭੈਣੋ ਮੈਂ ਜਦੋਂ ਤੁਹਾਡੇ ਕੋਲ ਆਇਆ ਸੀ ਤਾਂ ਮੈਂ ਤੁਹਾਨੂੰ ਪਰਮੇਸ਼ੁਰ ਦੇ ਸੱਚ ਬਾਰੇ ਦੱਸਿਆ ਸੀ। ਪਰ ਉਸ ਲਈ ਮੈਂ ਨਾ ਤਾਂ ਚੰਗੇ ਵਕਤਾਂ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਨਾ ਹੀ ਮਹਾਨ ਸੂਝ ਦੀ ਵਰਤੋਂ ਕੀਤੀ ਹੈ। ਮੈਂ ਇਹ ਫ਼ੈਸਲਾ ਕਰ ਲਿਆ ਸੀ। ਕਿ ਜਦੋਂ ਤੱਕ ਮੈਂ ਤੁਹਾਡੇ ਨਾਲ ਹਾਂ ਤਾਂ ਮੈ ਯਿਸੂ ਮਸੀਹ ਅਤੇ ਉਸਦੀ ਸਲੀਬ ਉੱਤੇ ਮ੍ਰਿਤੂ ਤੋਂ ਅਲਾਵਾ ਹਰ ਗੱਲ ਭੁੱਲ ਜਾਵਾਂਗਾ। ਜਦੋਂ ਮੈਂ ਤੁਹਾਡੇ ਕੋਲ ਆਇਆ ਸਾਂ, ਮੈਂ ਨਿਰਬਲ ਸਾਂ ਅਤੇ ਡਰ ਨਾਲ ਕੰਬ ਰਿਹਾ ਸਾਂ। ਮੇਰੀਆਂ ਗੱਲਾਂ ਅਤੇ ਮੇਰਾ ਪ੍ਰਚਾਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸੂਝ ਦੇ ਸ਼ਬਦ ਨਹੀਂ ਸਨ। ਪਰ ਮੇਰੀ ਸਿੱਖਿਆ ਦਾ ਪ੍ਰਮਾਣ ਉਹ ਸ਼ਕਤੀ ਹੈ ਜੋ ਪਵਿੱਤਰ ਆਤਮਾ ਤੋਂ ਪ੍ਰਾਪਤ ਕੀਤੀ ਗਈ ਹੈ। ਮੈਂ ਅਜਿਹਾ ਇਸ ਲਈ ਕੀਤਾ ਤਾਂ ਕਿ ਜੋ ਤੁਹਾਡਾ ਕਿਸੇ ਮਨੁੱਖ ਦੀ ਸੂਝ ਵਿੱਚ ਨਹੀਂ ਸਗੋਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਨਿਸ਼ਚਾ ਹੋਵੇ।

ਪਰਮੇਸ਼ੁਰ ਦੀ ਸਿਆਣਪ

ਅਸੀਂ ਆਤਮਕ ਤੌਰ ਤੇ ਪ੍ਰੌਢ਼ ਲੋਕਾਂ ਨੂੰ ਸਿਆਣਪ ਵੀ ਸਿੱਖਾਉਂਦੇ ਹਾਂ, ਪਰ ਉਹ ਸਿਆਣਪ ਇਸ ਦੁਨੀਆਂ ਦੇ ਨਾਲ ਸੰਬੰਧਿਤ ਨਹੀਂ ਹੈ। ਇਹ ਇਸ ਦੁਨੀਆਂ ਦੇ ਹਾਕਮਾਂ ਦੀ ਸਿਆਣਪ ਨਹੀਂ ਹੈ। ਉਨ੍ਹਾਂ ਹਾਕਮਾਂ ਦੀ ਸਿਆਣਪ ਨਸ਼ਟ ਹੋ ਰਹੀ ਹੈ। ਪਰ ਅਸੀਂ ਪਰਮੇਸ਼ੁਰ ਦੀ ਗੁਪਤ ਸਿਆਣਪ ਬਾਰੇ ਗੱਲ ਕਰ ਰਹੇ ਹਾਂ। ਇਹ ਸਿਆਣਪ ਲੋਕਾਂ ਤੋਂ ਲਕੋਈ ਗਈ ਹੈ। ਪਰਮੇਸ਼ੁਰ ਨੇ ਇਹ ਸਿਆਣਪ ਸਾਡੀ ਮਹਿਮਾਂ ਲਈ ਵਿਉਂਤੀ ਹੈ। ਉਸ ਨੇ ਇਸਦੀ ਯੋਜਨਾ ਦੁਨੀਆਂ ਦੀ ਰਚਨਾ ਤੋਂ ਪਹਿਲਾਂ ਦੀ ਬਣਾ ਲਈ ਸੀ। ਇਸ ਦੁਨੀਆਂ ਦੇ ਹਾਕਮਾਂ ਵਿੱਚੋਂ ਕਿਸੇ ਨੇ ਵੀ ਇਸ ਸਿਆਣਪ ਨੂੰ ਨਹੀਂ ਸਮਝਿਆ। ਜੇ ਉਹ ਸਮਝ ਗਏ ਹੁੰਦੇ ਉਨ੍ਹਾਂ ਨੇ ਗੌਰਵਸ਼ਾਲੀ ਪ੍ਰਭੂ ਨੂੰ ਸਲੀਬ ਉੱਪਰ ਨਹੀਂ ਸੀ ਲਟਕਾਉਣਾ। ਪਰ ਜਿਵੇਂ ਕਿ ਇਹ ਪੋਥੀਆਂ ਵਿੱਚ ਲਿਖਿਆ ਹੈ;

“ਕਿਸੇ ਅੱਖ ਨੇ ਨਹੀਂ ਦੇਖਿਆ,
    ਕਿਸੇ ਕੰਨ ਨੇ ਨਹੀਂ ਸੁਣਿਆ,
ਕਿਸੇ ਵਿਅਕਤੀ ਨੇ ਕਲਪਨਾ ਨਹੀਂ ਕੀਤੀ ਕਿ
    ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਕੀ ਕੁਝ ਤਿਆਰ ਕੀਤਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।” (A)

10 ਪਰੰਤੂ ਪਰਮੇਸ਼ੁਰ ਨੇ ਸਾਨੂੰ ਇਹ ਗੱਲਾਂ ਆਤਮਾ ਰਾਹੀਂ ਸਮਝਾਈਆਂ ਹਨ।

ਪਵਿੱਤਰ ਆਤਮਾ ਸਭ ਕੁਝ ਜਾਣਦਾ ਹੈ, ਪਰਮੇਸ਼ੁਰ ਦੇ ਗੁਪਤ ਭੇਤਾਂ ਨੂੰ ਵੀ। 11 ਇਹ ਇਸ ਤਰ੍ਹਾਂ ਹੈ। ਕੋਈ ਵਿਅਕਤੀ ਵੀ ਕਿਸੇ ਹੋਰ ਦੇ ਵਿੱਚਾਰਾਂ ਨੂੰ ਨਹੀਂ ਜਾਣਦਾ ਇੱਕ ਆਦਮੀ ਅੰਦਰ ਸਿਰਫ਼ ਆਤਮਾ ਹੀ ਉਸ ਦੀਆਂ ਸੋਚਾਂ ਬਾਰੇ ਜਾਣਦਾ ਹੈ। ਪਰਮੇਸ਼ੁਰ ਬਾਰੇ ਵੀ ਇਵੇਂ ਹੀ ਹੈ। ਕੋਈ ਵੀ ਪਰਮੇਸ਼ੁਰ ਦੇ ਵਿੱਚਾਰਾਂ ਦੀ ਜਾਣਕਾਰੀ ਨਹੀਂ ਰੱਖਦਾ। ਕੇਵਲ ਪਰਮੇਸ਼ੁਰ ਦੀ ਆਤਮਾ ਹੀ ਉਨ੍ਹਾਂ ਵਿੱਚਾਰਾਂ ਨੂੰ ਜਾਣਦਾ ਹੈ। 12 ਸਾਨੂੰ ਦੁਨੀਆਂ ਦਾ ਆਤਮਾ ਨਹੀਂ ਮਿਲਿਆ ਹੋਇਆ। ਪਰੰਤੂ ਸਾਨੂੰ ਉਹ ਆਤਮਾ ਮਿਲਿਆ ਹੈ ਜੋ ਪਰਮੇਸ਼ੁਰ ਵੱਲੋਂ ਹੈ। ਅਸੀਂ ਇਹ ਆਤਮਾ ਇਸ ਲਈ ਪ੍ਰਾਪਤ ਕੀਤਾ ਹੈ ਤਾਂ ਜੋ ਅਸੀਂ ਉਨ੍ਹਾਂ ਅਸੀਸਾਂ ਬਾਰੇ ਜਾਣ ਸੱਕੀਏ ਜੋ ਪਰਮੇਸ਼ੁਰ ਨੇ ਸਾਨੂੰ ਬਿਨ ਕੀਮਤ ਦਿੱਤੀਆਂ ਹਨ।

13 ਜਦੋਂ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਜੋ ਸਾਨੂੰ ਮਨੁੱਖਾਂ ਦੀ ਸਿਆਣਪ ਵੱਲੋਂ ਸਿੱਖਾਏ ਗਏ ਹਨ। ਆਤਮਕ ਚੀਜ਼ਾਂ ਦੀ ਵਿਆਖਿਆ ਲਈ ਆਤਮਕ ਸ਼ਬਦਾਂ ਦੀ ਵਰਤੋਂ ਕਰਦੇ ਹਾਂ।

ਯੂਹੰਨਾ 14:21-29

21 ਜੇਕਰ ਕੋਈ ਵੀ ਵਿਅਕਤੀ, ਮੇਰੇ ਹੁਕਮਾਂ ਨੂੰ ਜਾਣ ਕੇ ਉਨ੍ਹਾਂ ਦੀ ਪਾਲਨਾ ਕਰਦਾ ਹੈ, ਤਾਂ ਉਹ ਉਹੀ ਹੈ ਜੋ ਸੱਚੀਂ ਮੈਨੂੰ ਪਿਆਰ ਕਰਦਾ ਹੈ। ਮੇਰਾ ਪਿਤਾ ਵੀ ਉਸ ਵਿਅਕਤੀ ਨੂੰ ਪਿਆਰ ਕਰੇਗਾ। ਜਿਹੜਾ ਮਨੁੱਖ ਮੈਨੂੰ ਪਿਆਰ ਕਰਦਾ, ਮੈਂ ਵੀ ਉਸ ਮਨੁੱਖ ਨਾਲ ਪਿਆਰ ਕਰਦਾ ਹਾਂ ਅਤੇ ਆਪਣਾ-ਆਪ ਉਸ ਲਈ ਪ੍ਰਗਟ ਕਰਾਂਗਾ?”

22 ਤਦ ਯਹੂਦਾ (ਇਹ ਯਹੂਦਾ ਇਸੱਕਰਿਯੋਤੀ ਨਹੀਂ) ਨੇ ਆਖਿਆ, “ਪ੍ਰਭੂ ਤੂੰ ਆਪਣੇ-ਆਪ ਸਾਨੂੰ ਕਿਉਂ ਦਰਸ਼ਾਉਣ ਜਾ ਰਿਹਾ ਹੈਂ ਤੇ ਜਗਤ ਨੂੰ ਕਿਉਂ ਨਹੀਂ ਦਰਸ਼ਾਉਂਦਾ?”

23 ਯਿਸੂ ਨੇ ਆਖਿਆ, “ਜੇਕਰ ਕੋਈ ਵਿਅਕਤੀ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਉਪਦੇਸ਼ ਦਾ ਵੀ ਅਨੁਸਰਣ ਕਰੇਗਾ ਤੇ ਮੇਰਾ ਪਿਤਾ ਉਸ ਵਿਅਕਤੀ ਨੂੰ ਪਿਆਰ ਕਰੇਗਾ। ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ। 24 ਪਰ ਜਿਹੜਾ ਵਿਅਕਤੀ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਉਪਦੇਸ਼ ਨੂੰ ਵੀ ਨਹੀਂ ਮੰਨਦਾ। ਜਿਹੜੇ ਉਪਦੇਸ਼ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰੇ ਆਪਣੇ ਨਹੀਂ ਹਨ ਸਗੋਂ ਇਹ ਮੇਰੇ ਪਿਤਾ ਦੇ ਹਨ, ਜਿਸਨੇ ਮੈਨੂੰ ਭੇਜਿਆ ਹੈ।

25 “ਇਹ ਸੱਭ ਗੱਲਾਂ ਮੈਂ ਤੁਹਾਨੂੰ ਉਦੋਂ ਦੱਸ ਚੁੱਕਾਂ ਹਾਂ ਜਦੋਂ ਮੈਂ ਹਾਲੇ ਤੁਹਾਡੇ ਨਾਲ ਸੀ। 26 ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਂ ਵਿੱਚ ਭੇਜੇਗਾ। ਉਹ ਤੁਹਾਨੂੰ ਸਭ ਕੁਝ ਸਿੱਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਚੇਤੇ ਕਰਾਵੇਗਾ, ਜੋ ਕੁਝ ਮੈਂ ਤੁਹਾਨੂੰ ਕਿਹਾ ਹੈ।

27 “ਮੈਂ ਤੂਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਦੁੱਖੀ ਅਤੇ ਘਬਰਾਏ ਹੋਏ ਨਹੀਂ ਹੋਣੇ ਚਾਹੀਦੇ। 28 ਜੋ ਮੈਂ ਤੁਹਾਨੂੰ ਕਿਹਾ ਤੁਸੀਂ ਸੁਣਿਆ, ਮੈਂ ਤੁਹਾਨੂੰ ਕਿਹਾ, ‘ਮੈਂ ਜਾ ਰਿਹਾ ਹਾਂ, ਪਰ ਮੈਂ ਤੁਹਾਡੇ ਕੋਲ ਫਿਰ ਵਾਪਸ ਆਵਾਂਗਾ।’ ਜੇਕਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਫਿਰ ਤੁਹਾਨੂੰ ਅਨੰਦਿਤ ਹੋਣਾ ਚਾਹੀਦਾ ਸੀ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂ ਕਿ ਮੇਰਾ ਪਿਤਾ ਮੇਰੇ ਤੋਂ ਮਹਾਨ ਹੈ। 29 ਇਹ ਵਾਪਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਹੈ, ਤਾਂ ਜੋ ਜਦੋਂ ਇਹ ਵਾਪਰੇ, ਤੁਸੀਂ ਵਿਸ਼ਵਾਸ ਕਰੋ।

Punjabi Bible: Easy-to-Read Version (ERV-PA)

2010 by World Bible Translation Center