Book of Common Prayer
ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ।
30 ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।
ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।
ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
2 ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
ਤੇ ਤੁਸਾਂ ਮੈਨੂੰ ਨਿਰੋਗ ਕੀਤਾ।
3 ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।
ਤੁਸਾਂ ਮੈਨੂੰ ਜੀਣ ਦਿੱਤਾ।
ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।
4 ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ।
ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
5 ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।
ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।
ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।
ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।
6 ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ,
ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
7 ਹਾਂ, ਯਹੋਵਾਹ, ਜਦੋਂ ਤੁਸੀਂ ਮੇਰੇ ਉੱਤੇ ਮਿਹਰਬਾਨ ਸੀ।
ਮੈਂ ਮਹਿਸੂਸ ਕੀਤਾ ਜਿਵੇਂ ਕੁਝ ਵੀ ਨਹੀਂ ਜੋ ਮੈਨੂੰ ਹਰਾ ਸੱਕਦਾ ਸੀ।
ਪਰ ਜਦੋਂ ਤੁਸੀਂ ਮੈਥੋਂ ਮੁੱਖ ਮੋੜਿਆ ਸੀ
ਮੈਂ ਸਹਿਮ ਗਿਆ ਅਤੇ ਡਰ ਨਾਲ ਕੰਬ ਗਿਆ।
8 ਇਸ ਲਈ, ਹੇ ਪਰਮੇਸ਼ੁਰ ਮੈਂ ਧਰਤੀ ਉੱਤੇ ਤੇਰੇ ਅੱਗੇ ਪ੍ਰਾਰਥਨਾ ਕੀਤੀ।
ਮੈਂ ਆਖਿਆ ਕਿ ਤੂੰ ਮੇਰੇ ਉੱਪਰ ਦਯਾ ਕਰੇਂ।
9 ਮੈਂ ਆਖਿਆ, “ਹੇ ਪਰਮੇਸ਼ੁਰ ਇਸ ਵਿੱਚ ਕੀ ਚੰਗਾ ਹੈ ਜੇ ਮੈਂ ਮਰ ਜਾਵਾਂ
ਤੇ ਮੈਂ ਕਬਰ ਵਿੱਚ ਨਿਘਰ ਜਾਵਾਂ?
ਸਿਰਫ਼ ਮੁਰਦਾ ਲੋਕ ਖਾਕ ਵਿੱਚ ਲੇਟਦੇ ਹਨ?
ਉਹ ਤੇਰੀ ਉਸਤਤਿ ਨਹੀਂ ਕਰਦੇ।
ਉਹ ਲੋਕਾਂ ਤਾਈਂ ਨਹੀਂ ਦੱਸਦੇ ਅਸੀਂ ਤੇਰੇ ਉੱਤੇ ਕਿੰਨਾ ਨਿਰਭਰ ਹੋ ਸੱਕਦੇ ਹਾਂ।
10 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਹੇ ਯਹੋਵਾਹ, ਮੇਰੀ ਮਦਦ ਕਰੋ।”
11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ।
ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ।
12 ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਸਦਾ ਤੇਰੀ ਉਸਤਤਿ ਕਰਾਂਗਾ ਇਸ ਲਈ ਕਦੇ ਵੀ ਖਾਮੋਸ਼ੀ ਨਹੀਂ ਛਾਏਗੀ
ਅਤੇ ਇੱਥੋਂ ਕੋਈ ਨਾ ਕੋਈ ਸਦਾ ਤੁਹਾਡੇ ਆਦਰ ਦੇ ਗੀਤ ਗਾ ਰਿਹਾ ਹੋਵੇਗਾ।
ਦਾਊਦ ਦਾ ਇੱਕ ਭੱਗਤੀ ਗੀਤ।
32 ਬੰਦਾ ਬਹੁਤ ਪ੍ਰਸੰਨ ਹੁੰਦਾ ਹੈ,
ਜਦੋਂ ਉਸ ਦੇ ਪਾਪ ਬਖਸ਼ੇ ਜਾਂਦੇ ਹਨ। ਉਹ ਬੰਦਾ ਬਹੁਤ ਸੁਭਾਗਾ ਹੈ
ਜਦੋਂ ਉਸ ਦੇ ਪਾਪ ਮਿਟਾਏ ਜਾਂਦੇ ਹਨ।
2 ਉਹ ਵਿਅਕਤੀ ਵੜਭਾਗਾ ਹੈ
ਜਿਹੜਾ ਪਰਮੇਸ਼ੁਰ ਦੁਆਰਾ ਨਿਰਦੋਸ਼ ਘੋਸ਼ਿਤ ਕੀਤਾ ਜਾਵੇਗਾ।
ਉਹ ਆਦਮੀ ਬਹੁਤ ਸੁਭਾਗਾ ਹੈ ਜਿਸਨੇ ਆਪਣੇ ਗੁਪਤ ਪਾਪ ਵੀ ਨਹੀਂ ਛੁਪਾਏ।
3 ਹੇ ਪਰਮੇਸ਼ੁਰ, ਮੈਂ ਬਾਰ-ਬਾਰ ਤੁਹਾਨੂੰ ਪ੍ਰਾਰਥਨਾ ਕੀਤੀ,
ਪਰ ਮੈਂ ਆਪਣੇ ਗੁਪਤ ਗੁਨਾਹਾਂ ਬਾਰੇ ਨਹੀਂ ਦੱਸਿਆ।
ਮੈਂ ਹਰ ਸਮੇਂ ਕਮਜ਼ੋਰ ਬਣ ਗਿਆ ਜਦੋਂ ਵੀ ਮੈਂ ਪ੍ਰਾਰਥਨਾ ਕੀਤੀ।
4 ਹੇ ਪਰਮੇਸ਼ੁਰ, ਤੂੰ ਮੇਰੀ ਜ਼ਿੰਦਗੀ ਦਿਨ ਅਤੇ ਰਾਤ, ਸਖਤ ਤੋਂ ਸਖਤਰ ਬਣਾ ਦਿੱਤੀ ਹੈ।
ਮੈਂ ਗਰਮੀ ਦੀ ਝੁਲਸੀ ਤਪਸ਼ ਵਿੱਚ ਸੁੱਕੀ ਜ਼ਮੀਨ ਵਰਗਾ ਬਣ ਗਿਆ ਹਾਂ।
5 ਪਰ ਫ਼ੇਰ ਮੈਂ ਆਪਣੇ ਸਾਰੇ ਗੁਨਾਹਾਂ ਦਾ ਯਹੋਵਾਹ ਸਾਹਮਣੇ ਇਕਰਾਰ ਕਰਨ ਦਾ ਫ਼ੈਸਲਾ ਕੀਤਾ।
ਯਹੋਵਾਹ, ਮੈਂ ਤੁਹਾਨੂੰ ਆਪਣੇ ਗੁਨਾਹਾਂ ਬਾਰੇ ਦੱਸਿਆ।
ਮੈਂ ਤੁਹਾਡੇ ਕੋਲੋਂ ਕੋਈ ਵੀ ਦੋਸ਼ ਨਹੀਂ ਛੁਪਾਇਆ।
ਅਤੇ ਤੁਸੀਂ ਮੈਨੂੰ ਮੇਰੇ ਸਾਰੇ ਗੁਨਾਹਾਂ ਲਈ ਮੁਆਫ਼ ਕਰ ਦਿੱਤਾ।
6 ਇਸੇ ਕਾਰਣ ਹੇ ਪਰਮੇਸ਼ੁਰ, ਤੁਹਾਡੇ ਸਮੂਹ ਅਨੁਯਾਈਆਂ ਨੂੰ ਚਾਹੀਦਾ ਹੈ ਕਿ ਉਹ ਤੁਹਾਡੇ ਅੱਗੇ ਪ੍ਰਾਰਥਨਾ ਕਰਨ।
ਤੁਹਾਡੇ ਅਨੁਯਾਈਆਂ ਨੂੰ ਉਦੋਂ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਮੁਸੀਬਤਾਂ ਹੜ੍ਹ ਵਾਂਗਰਾਂ ਭਿਆਨਕ ਹੋਣ।
7 ਹੇ ਪਰਮੇਸ਼ੁਰ, ਤੁਸੀਂ ਮੇਰੀ ਸ਼ਰਨ ਹੋ।
ਤੁਸੀਂ ਮੇਰੀਆਂ ਮੁਸੀਬਤਾਂ ਵਿੱਚ ਮੇਰੀ ਰੱਖਿਆ ਕਰਦੇ ਹੋ।
ਤੂੰ ਮੈਨੂੰ ਘੇਰ ਅਤੇ ਮੇਰੀ ਰੱਖਿਆ ਕਰ।
ਇਸ ਲਈ ਮੈਂ ਉਸ ਬਾਰੇ ਗਾਉਂਦਾ ਜਿਵੇਂ ਤੁਸੀਂ ਮੈਨੂੰ ਬਚਾਇਆ।
8 ਯਹੋਵਾਹ ਆਖਦਾ ਹੈ, “ਮੈਂ ਤੈਨੂੰ ਸਿੱਖਿਆ ਦੇਵਾਂਗਾ
ਅਤੇ ਤੇਰੀ ਰਾਹਨੁਮਾਈ ਉਸ ਤਰ੍ਹਾਂ ਕਰਾਂਗਾ ਜਿਵੇਂ ਤੈਨੂੰ ਜਿਉਣਾ ਚਾਹੀਦਾ ਹੈ।
ਮੈਂ ਤੈਨੂੰ ਬਚਾਵਾਂਗਾ ਅਤੇ ਤੇਰਾ ਰਹਿਨੁਮਾ ਬਣਾਂਗਾ।
9 ਇਸ ਲਈ ਕਿਸੇ ਘੋੜੇ ਜਾਂ ਖੋਤੇ ਵਾਂਗਰਾਂ ਮੂਰਖ ਨਾ ਬਣੋ।
ਲੋਕਾਂ ਨੂੰ ਉਨ੍ਹਾਂ ਜਾਨਵਰਾਂ ਤੇ ਕਾਬੂ ਕਰਨ ਲਈ ਵਾਂਗਾ ਅਤੇ ਲਗਾਮਾਂ ਇਸਤੇਮਾਲ ਕਰਨੇ ਚਾਹੀਦੇ ਹਨ।
ਉਨ੍ਹਾਂ ਚੀਜ਼ਾਂ ਤੋਂ ਬਿਨਾ ਉਹ ਜਾਨਵਰ ਤੁਹਾਡੇ ਨੇੜੇ ਨਹੀਂ ਆਉਣਗੇ।”
10 ਬੁਰੇ ਲੋਕ ਬਹੁਤ ਸਾਰੇ ਦਰਦਾਂ ਦਾ ਸਾਹਮਣਾ ਕਰਨਗੇ।
ਪਰ ਪਰਮੇਸ਼ੁਰ ਦਾ ਸੱਚਾ ਪਿਆਰ ਉਨ੍ਹਾਂ ਲੋਕਾਂ ਨੂੰ ਘੇਰ ਲਵੇਗਾ ਜਿਹੜੇ ਯਹੋਵਾਹ ਵਿੱਚ ਯਕੀਨ ਰੱਖਦੇ ਹਨ।
11 ਹੇ ਸੱਜਨੋ, ਆਨੰਦ ਮਾਣੋ ਅਤੇ ਯਹੋਵਾਹ ਵਿੱਚ ਬਹੁਤ ਖੁਸ਼ ਹੋਵੋ।
ਤੁਸੀਂ ਪਵਿੱਤਰ ਹਿਰਦਿਆਂ ਵਾਲੇ ਸਮੂਹ ਲੋਕੋ, ਖੁਸ਼ੀ ਮਨਾਉ।
ਦੂਜਾ ਭਾਗ
(ਜ਼ਬੂਰ 42-72)
ਨਿਰਦੇਸ਼ਕ ਲਈ: ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ।
42 ਇੱਕ ਹਿਰਨ ਨੂੰ ਵੱਗਦੀ ਧਾਰਾ ਦੇ ਪਾਣੀ ਦੀ ਪਿਆਸ ਲਗਦੀ ਹੈ।
ਹੇ ਪਰਮੇਸ਼ੁਰ, ਇਸੇ ਤਰ੍ਹਾਂ ਹੀ ਮੇਰੀ ਰੂਹ ਤੁਹਾਡੇ ਲਈ ਪਿਆਸੀ ਹੈ।
2 ਮੇਰੀ ਰੂਹ ਜਿਉਂਦੇ ਪਰਮੇਸ਼ੁਰ ਲਈ ਪਿਆਸੀ ਹੈ।
ਮੈਂ ਉਸ ਨੂੰ ਮਿਲਣ ਲਈ ਕਦੋਂ ਜਾ ਸੱਕਦਾ ਹਾਂ?
3 ਮੇਰਾ ਵੈਰੀ ਲਗਾਤਾਰ ਮੇਰਾ ਮਜ਼ਾਕ ਉਡਾਉਂਦਾ ਹੈ।
ਉਹ ਆਖਦਾ ਹੈ ਤੇਰਾ ਪਰਮੇਸ਼ੁਰ ਕਿੱਥੇ ਹੈ।
ਕੀ ਹਾਲੇ ਤੱਕ ਉਹ ਤੈਨੂੰ ਬਚਾਉਣ ਲਈ ਆਇਆ ਹੈ।
ਮੈਂ ਇੰਨਾ ਉਦਾਸ ਹਾਂ।
ਇਸ ਲਈ ਦਿਨ ਅਤੇ ਰਾਤ ਮੇਰਾ ਭੋਜਨ ਕੇਵਲ ਮੇਰੇ ਹੰਝੂ ਹੀ ਸਨ।
4 ਇਸ ਲਈ ਮੈਂ ਉਦੋਂ ਇਹ ਗੱਲਾਂ ਯਾਦ ਕਰਦਾ ਹਾਂ ਜਦੋਂ ਮੈਂ ਆਪਣੀ ਰੂਹ ਬਾਹਰ ਡੋਲ੍ਹ ਰਿਹਾ ਹੁੰਦਾ।
ਮੈਂ ਭੀੜਾਂ ਵਿੱਚੋਂ ਲੰਘਦਾ ਹੋਇਆ ਯਾਦ ਕਰਦਾ ਹਾਂ ਜਦੋਂ ਮੈਂ ਉਨ੍ਹਾਂ ਦੀ ਅਗਵਾਈ ਪਰਮੇਸ਼ੁਰ ਦੇ ਮੰਦਰ ਵੱਲ ਕਰਦਾ ਹਾਂ
ਮੈਂ ਉਸਤਤਿ ਦੇ ਖੁਸ਼ੀ ਭਰੇ ਗੀਤ ਯਾਦ ਕਰਦਾ ਹਾਂ
ਭੀੜਾਂ ਨੇ ਉਤਸਵਾਂ ਦੇ ਜਸ਼ਨ ਮਨਾਏ।
5-6 ਮੈਨੂੰ ਇੰਨਾ ਉਦਾਸ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ।
ਮੈਨੂੰ ਹਾਲੇ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
ਉਹ ਮੈਨੂੰ ਬਚਾ ਲਵੇਗਾ।
ਮੇਰੇ ਪਰਮੇਸ਼ੁਰ, ਮੈਂ ਕਿੰਨਾ ਉਦਾਸ ਹਾਂ।
ਇਸੇ ਲਈ ਮੈਂ ਯਰਦਨ ਘਾਟੀ ਤੋਂ,
ਹਰਮੋਨ ਦੇ ਪਰਬਤਾਂ ਤੋਂ ਅਤੇ ਮਿਸਰ ਪਰਬਤ ਤੋਂ ਤੁਹਾਡੇ ਲਈ ਪੁਕਾਰਿਆ।
7 ਮੈ ਸਮੁੰਦਰ ਤੋਂ ਲਹਿਰਾਂ ਦੇ ਟਕਰਾਉਣ ਦੀ ਅਵਾਜ਼ ਸੁਣਦਾ ਹਾਂ।
ਬਾਰ-ਬਾਰ ਮੇਰੇ ਉੱਤੇ ਸਮੁੰਦਰ ਵਿੱਚੋਂ ਲਹਿਰਾਂ ਆਉਣ ਵਾਂਗ ਮੁਸੀਬਤਾਂ ਆਈਆਂ ਹਨ।
8 ਯਹੋਵਾਹ ਮੈਨੂੰ ਆਪਣਾ ਪਿਆਰ ਦਿਨ ਦੇ ਸਮੇਂ ਦਰਸ਼ਾਵੇ,
ਤਾਂ ਜੋ ਮੈਂ ਰਾਤ ਵੇਲੇ ਆਪਣੇ ਜਿਉਂਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਦੇ ਤੌਰ ਤੇ ਗੀਤ ਗਾਵਾਂਗਾ।
9 ਮੈਂ ਪਰਮੇਸ਼ੁਰ ਨੂੰ ਆਪਣੀ ਚੱਟਾਨ ਆਖਦਾ ਹਾਂ,
“ਤੁਸਾਂ ਮੈਨੂੰ ਕਿਉਂ ਭੁਲਾ ਦਿੱਤਾ ਹੈ।
ਮੈਂ ਆਪਣੇ ਦੁਸ਼ਮਣਾਂ ਦੇ ਇੰਨੇ ਜ਼ੁਲਮ ਕਿਉਂ ਝੱਲਾ?”
10 ਮੇਰਾ ਦੁਸ਼ਮਣ ਲਗਾਤਾਰ ਮੈਨੂੰ ਜ਼ਲੀਲ ਕਰਦਾ ਹੈ ਅਤੇ ਮਾਰੂ ਵਾਰ ਕਰਦਾ ਹੈ।
ਜਦੋਂ ਉਹ ਆਖਦਾ ਤੇਰਾ ਪਰਮੇਸ਼ੁਰ ਕਿੱਥੇ ਹੈ?
“ਉਹ ਅਜੇ ਤੱਕ ਤੈਨੂੰ ਬਚਾਉਣ ਆਇਆ ਹੈ?”
11 ਮੈਂ ਇੰਨਾ ਉਦਾਸ ਕਿਉਂ ਹੋਵਾਂ?
ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਉਡੀਕਣਾ ਚਾਹੀਦਾ ਹੈ।
ਅਜੇ ਮੈਨੂੰ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
ਉਹ ਮੈਨੂੰ ਬਚਾ ਲਵੇਗਾ।
43 ਪਰਮੇਸ਼ੁਰ, ਇੱਕ ਬੰਦਾ ਹੈ, ਜਿਹੜਾ ਤੁਹਾਡਾ ਵਫ਼ਾਦਾਰ ਚੇਲਾ ਨਹੀਂ ਹੈ।
ਉਹ ਕਪਟੀ ਹੈ ਅਤੇ ਉਹ ਝੂਠ ਬੋਲਦਾ ਹੈ।
ਹੇ ਪਰਮੇਸ਼ੁਰ, ਮੈਨੂੰ ਉਸ ਬੰਦੇ ਤੋਂ ਬਚਾਵੀਂ।
ਮੇਰੀ ਰੱਖਿਆ ਕਰੀਂ ਅਤੇ ਸਾਬਤ ਕਰ ਦੇਵੀਂ ਕਿ ਮੈਂ ਸਹੀ ਹਾਂ।
2 ਹੇ ਪਰਮੇਸ਼ੁਰ ਤੁਸੀਂ ਮੇਰੀ ਓਟ ਹੋ।
ਤੁਸੀਂ ਮੈਨੂੰ ਕਿਉਂ ਛੱਡ ਦਿੱਤਾ।
ਆਪਣੇ ਦੁਸ਼ਮਣ ਦੇ ਜ਼ੁਲਮ ਸਦਕਾ
ਮੈਂ ਇੰਨੀ ਉਦਾਸੀ ਕਿਉਂ ਝੱਲਾਂ?
3 ਹੇ ਪਰਮੇਸ਼ੁਰ, ਆਪਣੇ ਨੂਰ ਅਤੇ ਸੱਚ ਨੂੰ ਮੇਰੇ ਉੱਪਰ ਚਮਕਣ ਦਿਉ।
ਤੁਹਾਡਾ ਨੂਰ ਅਤੇ ਸੱਚ ਮੈਨੂੰ ਰਾਹ ਦਿਖਾਵੇਗਾ।
ਉਹ ਤੁਹਾਡੇ ਪਵਿੱਤਰ ਪਹਾੜ ਵੱਲ ਮੇਰੀ ਅਗਵਾਈ ਕਰਨਗੇ।
4 ਮੈਂ ਪਰਮੇਸ਼ੁਰ ਦੀ ਜਗਵੇਦੀ ਉੱਪਰ ਆਵਾਂਗਾ।
ਮੈਂ ਉਸ ਪਰਮੇਸ਼ੁਰ ਵੱਲ ਆਵਾਂਗਾ ਜਿਹੜਾ ਮੈਨੂੰ ਬਹੁਤ ਖੁਸ਼ ਕਰਦਾ ਹੈ।
ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ
ਰਬਾਬ ਨਾਲ ਤੇਰੀ ਉਸਤਤਿ ਕਰਾਂਗਾ।
5 ਮੈਂ ਇੰਨਾ ਉਦਾਸ ਕਿਉਂ ਹਾਂ?
ਮੈਂ ਇੰਨਾ ਪਰੇਸ਼ਾਨ ਕਿਉਂ ਹਾਂ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਉਡੀਕ ਕਰਨੀ ਚਾਹੀਦੀ ਹੈ।
ਮੈਨੂੰ ਅਜੇ ਪਰਮੇਸ਼ੁਰ ਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
ਉਹ ਮੈਨੂੰ ਬਚਾ ਲਵੇਗਾ।
ਲੋਕ ਪਰਮੇਸ਼ੁਰ ਤੋਂ ਭੈਭੀਤ ਸਨ
22 “ਯਹੋਵਾਹ ਨੇ ਇਹ ਹੁਕਮ ਤੁਹਾਨੂੰ ਸਾਰਿਆਂ ਨੂੰ ਉਦੋਂ ਦਿੱਤੇ ਜਦੋਂ ਤੁਸੀਂ ਪਰਬਤ ਉੱਤੇ ਇਕੱਠੇ ਹੋਏ ਸੀ। ਯਹੋਵਾਹ ਨੇ ਬਿਨਾ ਰੁਕਿਆਂ ਅੱਗ, ਬੱਦਲ ਅਤੇ ਗਹਿਰੀ ਧੁੰਦ ਵਿੱਚੋਂ ਉੱਚੀ ਅਵਾਜ਼ ਵਿੱਚ ਗੱਲ ਕੀਤੀ ਸੀ। ਫ਼ੇਰ ਉਸ ਨੇ ਆਪਣੇ ਸ਼ਬਦਾਂ ਨੂੰ ਦੋ ਪੱਥਰ ਦੀਆਂ ਸ਼ਿਲਾਵਾਂ ਉੱਤੇ ਲਿਖਕੇ ਉਹ ਮੈਨੂੰ ਦੇ ਦਿੱਤੀਆਂ।
23 “ਜਦੋਂ ਪਰਬਤ ਅੱਗ ਨਾਲ ਬਲ ਰਿਹਾ ਸੀ, ਤੁਸੀਂ ਹਨੇਰੇ ਵਿੱਚੋਂ ਆਉਂਦੀ ਅਵਾਜ਼ ਸੁਣੀ। ਫ਼ੇਰ ਸਾਰੇ ਬਜ਼ੁਰਗ ਅਤੇ ਤੁਹਾਡੇ ਪਰਿਵਾਰ-ਸਮੂਹਾਂ ਦੇ ਹੋਰ ਆਗੂ ਮੇਰੇ ਕੋਲ ਆਏ। 24 ਉਨ੍ਹਾਂ ਆਖਿਆ, ‘ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਆਪਣੀ ਮਹਾਨਤਾ ਅਤੇ ਪਰਤਾਪ ਵਿਖਾਇਆ ਹੈ। ਅਸੀਂ ਉਸ ਨੂੰ ਅਗਨੀ ਵਿੱਚੋਂ ਬੋਲਦਿਆਂ ਸੁਣਿਆ ਹੈ! ਅੱਜ, ਅਸੀਂ ਦੇਖ ਲਿਆ ਹੈ ਕਿ ਕਿਸੇ ਵਾਸਤੇ ਪਰਮੇਸ਼ੁਰ ਦੇ ਉਸ ਨਾਲ ਗੱਲ ਕਰਨ ਤੋਂ ਮਗਰੋਂ ਵੀ ਜਿਉਂਦੇ ਰਹਿ ਸੱਕਣ ਸੰਭਵ ਹੈ। 25 ਪਰ ਜੇ ਅਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਇੱਕ ਵਾਰੀ ਫ਼ੇਰ ਗੱਲ ਕਰਦਿਆਂ ਸੁਣਿਆ ਤਾਂ ਅਸੀਂ ਜ਼ਰੂਰ ਮਾਰੇ ਜਾਵਾਂਗੇ! ਉਹ ਭਿਆਨਕ ਅੱਗ ਸਾਨੂੰ ਸਾੜ ਸੁੱਟੇਗੀ! ਅਸੀਂ ਮਰਨਾ ਨਹੀਂ ਚਾਹੁੰਦੇ! 26 ਕਿਸੇ ਬੰਦੇ ਨੇ ਵੀ ਕਦੇ ਜਿਉਂਦੇ ਜਾਗਦੇ ਪਰਮੇਸ਼ੁਰ ਨੂੰ ਅਗਨੀ ਵਿੱਚੋਂ ਬੋਲਦਿਆਂ ਨਹੀਂ ਸੁਣਿਆ ਹੋਵੇਗਾ ਅਤੇ ਫ਼ੇਰ ਜੀਵਿਤ ਬੱਚਿਆਂ ਹੋਵੇਗਾ ਜਿਵੇਂ ਅਸੀਂ ਸੁਣਿਆ ਹੈ। 27 ਮੂਸਾ, ਤੁਸੀਂ ਨੇੜੇ ਜਾਓ ਅਤੇ ਉਹ ਸਾਰੀਆਂ ਗੱਲਾਂ ਸੁਣੋ ਜਿਹੜੀਆਂ ਯਹੋਵਾਹ, ਸਾਡਾ ਪਰਮੇਸ਼ੁਰ, ਆਖਦਾ ਹੈ। ਫ਼ੇਰ ਸਾਨੂੰ ਉਹ ਸਾਰੀਆਂ ਗੱਲਾਂ ਦੱਸਣਾ ਜਿਹੜੀਆਂ ਯਹੋਵਾਹ ਤੁਹਾਨੂੰ ਦੱਸੇ। ਅਸੀਂ ਤੁਹਾਡੀ ਗੱਲ ਸੁਣਾਂਗੇ, ਅਤੇ ਅਸੀਂ ਹਰ ਗੱਲ ਉਸੇ ਤਰ੍ਹਾਂ ਕਰਾਂਗੇ ਜਿਵੇਂ ਤੁਸੀਂ ਆਖੋਂਗੇ।’
ਯਹੋਵਾਹ ਮੂਸਾ ਨਾਲ ਗੱਲ ਕਰਦਾ ਹੈ
28 “ਯਹੋਵਾਹ ਨੇ ਤੁਹਾਡੇ ਸ਼ਬਦ ਸੁਣੇ ਜਦੋਂ ਤੁਸੀਂ ਮੇਰੇ ਨਾਲ ਬੋਲੇ ਸੀ। ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, ‘ਮੈਂ ਸੁਣ ਲਿਆ ਹੈ ਕਿ ਲੋਕਾਂ ਨੇ ਕੀ ਆਖਿਆ ਹੈ ਅਤੇ ਜੋ ਕੁਝ ਉਨ੍ਹਾਂ ਆਖਿਆ ਚੰਗਾ ਹੈ। 29 ਮੈਂ ਸਿਰਫ਼ ਉਨ੍ਹਾਂ ਦੇ ਸੋਚਣ ਦੇ ਢੰਗ ਨੂੰ ਬਦਲਣਾ ਚਾਹੁੰਦਾ ਸਾਂ। ਮੈਂ ਚਾਹੁੰਦਾ ਸਾਂ ਕਿ ਉਹ ਮੇਰੀ ਇੱਜ਼ਤ ਕਰਨ ਅਤੇ ਪੂਰੇ ਦਿਲੋਂ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰਨ! ਫ਼ੇਰ ਉਹ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਹਮੇਸ਼ਾ ਲਈ ਅਸੀਸਮਈ ਹੋਣਗੇ।
30 “‘ਜਾਉ ਲੋਕਾਂ ਨੂੰ ਆਖੋ ਕਿ ਆਪਣੇ ਤੰਬੂਆਂ ਵਿੱਚ ਵਾਪਸ ਚੱਲੇ ਜਾਣ। 31 ਪਰ ਤੂੰ, ਮੂਸਾ, ਇੱਥੇ ਮੇਰੇ ਨਜ਼ਦੀਕ ਖੜ੍ਹਾ ਹੋ ਜਾ। ਮੈਂ ਤੈਨੂੰ ਉਹ ਸਾਰੇ ਹੀ ਹੁਕਮ, ਕਾਨੂੰਨ ਅਤੇ ਬਿਧੀਆਂ ਦੱਸਾਂਗਾ ਜਿਨ੍ਹਾਂ ਦੀ ਤੂੰ ਉਨ੍ਹਾਂ ਨੂੰ ਸਿੱਖਿਆ ਦੇਵਾਂਗਾ। ਉਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਉਸ ਧਰਤੀ ਉੱਤੇ ਜਾਕੇ ਕਰਨੀਆਂ ਚਾਹੀਦੀਆਂ ਹਨ ਜਿਹੜੀ ਮੈਂ ਉਨ੍ਹਾਂ ਨੂੰ ਰਹਿਣ ਵਾਸਤੇ ਦੇ ਰਿਹਾ ਹਾਂ।’
32 “ਇਸ ਲਈ, ਤੁਹਾਨੂੰ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਕਰਨ ਬਾਰੇ ਧਿਆਨ ਰੱਖਣਾ ਚਾਹੀਦਾ ਹੈ ਜਿਸਦਾ ਤੁਹਾਨੂੰ ਯਹੋਵਾਹ ਨੇ ਆਦੇਸ਼ ਦਿੱਤਾ ਹੈ। ਪਰਮੇਸ਼ੁਰ ਦੇ ਪਿੱਛੇ ਲੱਗਣ ਤੋਂ ਹਟਣਾ ਨਹੀਂ! 33 ਤੁਹਾਨੂੰ ਉਸੇ ਤਰ੍ਹਾਂ ਜਿਉਣਾ ਚਾਹੀਦਾ ਹੈ ਜਿਵੇਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਦੇਸ਼ ਦਿੱਤਾ ਹੈ। ਫ਼ੇਰ ਤੁਸੀਂ ਜਿਉਂਦੇ ਰਹੋਂਗੇ, ਅਤੇ ਤੁਹਾਡਾ ਹਰ ਤਰ੍ਹਾਂ ਭਲਾ ਹੋਵੇਗਾ। ਤੁਸੀਂ ਉਸ ਧਰਤੀ ਉੱਤੇ ਲੰਮੀ ਉਮਰ ਭੋਗੋਂਗੇ ਜਿਹੜੀ ਤੁਹਾਡੀ ਹੀ ਹੋਵੇਗੀ।
13 ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ: “ਮੈਂ ਵਿਸ਼ਵਾਸ ਕੀਤਾ ਇਸ ਲਈ, ਮੈਂ ਬੋਲਿਆ ਹਾਂ।” [a] ਸਾਡੀ ਨਿਹਚਾ ਵੀ ਉਸੇ ਤਰ੍ਹਾਂ ਦੀ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਅਤੇ ਇਸੇ ਲਈ ਬੋਲਦੇ ਹਾਂ। 14 ਪਰਮੇਸ਼ੁਰ ਨੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ। ਅਤੇ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਸਾਨੂੰ ਵੀ ਯਿਸੂ ਦੇ ਸਮੇਤ ਜਿਵਾਲੇਗਾ। ਪਰਮੇਸ਼ੁਰ ਸਾਨੂੰ ਤੁਹਾਡੇ ਨਾਲ ਲਿਆਵੇਗਾ ਅਸੀਂ ਉਸ ਦੇ ਸਨਮੁੱਖ ਖੜ੍ਹੇ ਹੋਵਾਂਗੇ। 15 ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਹਨ। ਇਸ ਲਈ ਪਰਮੇਸ਼ੁਰ ਦੀ ਕਿਰਪਾ ਵੱਧ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਹੈ। ਇਸ ਲਈ ਪਰਮੇਸ਼ੁਰ ਨੂੰ ਉਸਦੀ ਮਹਿਮਾ ਲਈ ਵੱਧ ਤੋਂ ਵੱਧ ਧੰਨਵਾਦ ਹੋਣਗੇ।
ਵਿਸ਼ਵਾਸ ਅਨੁਸਾਰ ਜਿਉਣਾ
16 ਇਹੀ ਕਾਰਣ ਹੈ ਕਿ ਅਸੀਂ ਕਦੇ ਵੀ ਕਮਜ਼ੋਰ ਨਹੀਂ ਬਣਾਂਗੇ। ਸਾਡਾ ਭੌਤਿਕ ਸਰੀਰ ਬੁੱਢਾ ਤੇ ਕਮਜ਼ੋਰ ਹੋ ਰਿਹਾ ਹੈ, ਪਰ ਸਾਡੀ ਅੰਦਰਲੀ ਹੋਂਦ ਦਿਨ ਪ੍ਰਤਿ ਦਿਨ ਨਵੀਂ ਬਣਦੀ ਜਾ ਰਹੀ ਹੈ। 17 ਹੁਣ ਥੋੜੇ ਸਮੇਂ ਲਈ, ਸਾਨੂੰ ਛੋਟੀਆਂ ਤਕਲੀਫ਼ਾਂ ਮਿਲਣਗੀਆਂ। ਪਰ ਇਹ ਮੁਸ਼ਕਿਲਾਂ ਸਾਨੂੰ ਸਦੀਵੀ ਮਹਿਮਾ ਹਾਸਿਲ ਕਰਨ ਵਿੱਚ ਸਹਾਈ ਹੋ ਰਹੀਆਂ ਹਨ। ਉਹ ਸਦੀਵੀ ਮਹਿਮਾ ਇਨ੍ਹਾਂ ਮੁਸ਼ਕਿਲਾਂ ਨਾਲੋਂ ਕਿਤੇ ਮਹਾਨ ਹੈ। 18 ਇਸ ਲਈ ਅਸੀਂ ਉਨ੍ਹਾਂ ਗੱਲਾਂ ਬਾਰੇ ਨਹੀਂ ਸੋਚਦੇ ਜੋ ਅਸੀਂ ਦੇਖਦੇ ਹਾਂ, ਸਗੋਂ ਉਨ੍ਹਾਂ ਗੱਲਾਂ ਬਾਰੇ ਸੋਚਦੇ ਹਾਂ ਜੋ ਅਸੀਂ ਦੇਖ ਨਹੀਂ ਸੱਕਦੇ। ਜੋ ਚੀਜ਼ਾਂ ਅਸੀਂ ਦੇਖਦੇ ਹਾਂ ਉਹ ਥੋੜੇ ਚਿਰ ਲਈ ਹਨ ਅਤੇ ਜੋ ਚੀਜ਼ਾਂ ਅਸੀਂ ਦੇਖ ਨਹੀਂ ਸੱਕਦੇ, ਸਦੀਵੀ ਹਨ।
5 ਸਾਨੂੰ ਪਤਾ ਹੈ ਕਿ ਇਹ ਤੰਬੂ ਭਾਵ ਧਰਤੀ ਉੱਪਰਲਾ ਸਾਡਾ ਇਹ ਸਰੀਰ ਜਿਸ ਵਿੱਚ ਅਸੀਂ ਰਹਿੰਦੇ ਹਾਂ, ਤਬਾਹ ਕਰ ਦਿੱਤਾ ਜਾਵੇਗਾ। ਪਰ ਜਦੋਂ ਅਜਿਹਾ ਹੋਵੇਗਾ ਤਾਂ ਪਰਮੇਸ਼ੁਰ ਸਾਨੂੰ ਰਹਿਣ ਲਈ ਘਰ ਦੇਵੇਗਾ। ਇਹ ਘਰ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੋਵੇਗਾ। ਇਹ ਘਰ ਸਵਰਗ ਵਿੱਚ ਹੋਵੇਗਾ ਜਿਹੜਾ ਸਦੀਵੀ ਹੈ। 2 ਪਰ ਹੁਣ ਅਸੀਂ ਇਸ ਭੌਤਿਕ ਸਰੀਰ ਤੋਂ ਥੱਕ ਗਏ ਹਾਂ। ਅਸੀਂ ਆਪਣੇ ਆਪ ਨੂੰ ਸਾਡੇ ਸੁਰਗੀ ਘਰ ਨਾਲ ਢੱਕੇ ਜਾਣ ਲਈ ਬੜੀ ਤੀਬ੍ਰ ਇੱਛਾ ਕਰਦੇ ਹਾਂ। 3 ਇਹ ਸਾਨੂੰ ਕੱਜ ਲਵੇਗਾ ਅਤੇ ਅਸੀਂ ਨਗਨ ਨਹੀਂ ਹੋਵਾਂਗੇ। 4 ਜਿੰਨਾ ਚਿਰ ਅਸੀਂ ਇਸ ਤੰਬੂ ਵਿੱਚ ਰਹਾਂਗੇ, ਸਾਨੂੰ ਮੁਸ਼ਿਕਲਾਂ ਹਨ ਅਤੇ ਅਸੀਂ ਸ਼ਿਕਾਇਤਾਂ ਕਰਦੇ ਹਾਂ ਮੇਰਾ ਇਹ ਮਤਲਬ ਨਹੀਂ ਕਿ ਅਸੀਂ ਇਸ ਤੰਬੂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਸਵਰਗੀ ਤੰਬੂ ਨਾਲ ਸੱਜੇ ਹੋਈਏ। ਫ਼ੇਰ ਇਹ ਮਰ ਜਾਣ ਵਾਲਾ ਸਰੀਰ ਪੂਰੀ ਤਰ੍ਹਾਂ ਜੀਵਨ ਨਾਲ ਕੱਜਿਆ ਜਾਵੇਗਾ। 5 ਪਰਮੇਸ਼ੁਰ ਨੇ ਸਾਡੀ ਸਾਜਨਾ ਇਸ ਲਈ ਕੀਤੀ ਸੀ। ਅਤੇ ਉਸ ਨੇ ਪ੍ਰਮਾਣ ਦੇਣ ਲਈ ਜ਼ਮਾਨਤ ਵਜੋਂ ਸਾਨੂੰ ਇੱਕ ਆਤਮਾ ਪ੍ਰਦਾਨ ਕੀਤਾ ਹੈ ਕਿ ਉਹ ਸਾਨੂੰ ਇਹ ਨਵਾਂ ਜੀਵਨ ਦੇਵੇਗਾ।
6 ਇਸ ਲਈ ਅਸੀਂ ਸਦਾ ਹੌਂਸਲਾ ਰੱਖਦੇ ਹਾਂ ਅਸੀਂ ਜਾਣਦੇ ਹਾਂ ਕਿ ਜਿੰਨਾ ਚਿਰ ਅਸੀਂ ਇਸ ਸਰੀਰ ਵਿੱਚ ਰਹਿ ਰਹੇ ਹਾਂ ਅਸੀਂ ਪ੍ਰਭੂ ਤੋਂ ਦੂਰ ਹਾਂ। 7 ਅਸੀਂ ਉਸੇ ਸੰਗ ਰਹਿੰਦੇ ਹਾਂ ਜਿਸ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ ਨਾ ਕਿ ਜੋ ਸਾਨੂੰ ਨਜ਼ਰ ਆਉਂਦਾ ਹੈ। 8 ਇਸ ਲਈ ਮੈਂ ਕਹਿੰਦਾ ਹਾਂ ਕਿ ਸਾਨੂੰ ਯਕੀਨ ਹੈ। ਅਤੇ ਅਸੀਂ ਸੱਚ ਮੁੱਚ ਇਸ ਸਰੀਰ ਨੂੰ ਛੱਡਣਾ ਲੋਚਦੇ ਹਾਂ ਅਤੇ ਪ੍ਰਭੂ ਦੀ ਹਾਜ਼ਰੀ ਵਿੱਚ ਰਹਿਣਾ ਚਾਹੁੰਦੇ ਹਾਂ। 9 ਸਾਡਾ ਇੱਕੋ ਇੱਕ ਟੀਚਾ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਹੈ। ਜਿੱਥੇ ਕਿਤੇ ਵੀ ਅਸੀਂ ਹਾਂ, ਭਾਵੇਂ ਅਸੀਂ ਇੱਥੇ ਸਰੀਰ ਵਿੱਚ ਰਹੀਏ ਜਾਂ ਉੱਥੇ ਪ੍ਰਭੂ ਨਾਲ, ਸਾਡੀ ਇੱਛਾ ਉਸ ਨੂੰ ਪ੍ਰਸੰਨ ਕਰਨ ਦੀ ਹੈ। 10 ਸਾਨੂੰ ਸਾਰਿਆਂ ਨੂੰ ਅਵਸ਼ ਹੀ ਮਸੀਹ ਦੇ ਸਾਹਮਣੇ ਨਿਆਂ ਲਈ ਖਲੋਣਾ ਪਵੇਗਾ। ਹਰ ਵਿਅਕਤੀ ਉਹੀ ਪ੍ਰਾਪਤ ਕਰੇਗਾ ਜੋ ਉਸ ਨੂੰ ਦੇਣ ਯੋਗ ਹੈ। ਜੋ ਕੁਝ ਵੀ ਉਸ ਨੇ ਇਸ ਭੌਤਿਕ ਸਰੀਰ ਵਿੱਚ ਰਹਿੰਦਿਆਂ ਕੀਤਾ ਭਾਵੇਂ ਉਹ ਚੰਗਾ ਸੀ ਜਾਂ ਬੁਰਾ।
ਅਮੀਰ ਆਦਮੀ ਅਤੇ ਲਾਜ਼ਰ
19 ਯਿਸੂ ਨੇ ਆਖਿਆ, “ਇੱਕ ਅਮੀਰ ਆਦਮੀ ਸੀ। ਉਹ ਮਹੀਨ ਕੀਮਤੀ ਵਸਤਰ ਪਹਿਨਦਾ ਅਤੇ ਹਰ ਰੋਜ਼ ਐਸ਼ ਪ੍ਰਸਤੀ ਦੀ ਜਿੰਦਗੀ ਜਿਉਂਦਾ ਸੀ। 20 ਉੱਥੇ ਇੱਕ ਲਾਜ਼ਰ ਨਾਂ ਦਾ ਮੰਗਤਾ ਸੀ ਜਿਸਦਾ ਸਾਰਾ ਸਰੀਰ ਫ਼ੋੜਿਆਂ ਨਾਲ ਭਰਿਆ ਹੋਇਆ ਸੀ। ਉਹ ਅਕਸਰ ਅਮੀਰ ਆਦਮੀ ਦੇ ਦਰ ਅੱਗੇ ਪਿਆ ਹੁੰਦਾ ਸੀ। 21 ਉਸ ਨੂੰ ਅਮੀਰ ਆਦਮੀ ਦੀ ਮੇਜ਼ ਤੋਂ ਬਚੇ ਹੋਏ ਭੋਜਨ ਲਈ ਵੀ ਤੀਬ੍ਰ ਇੱਛਾ ਰਹਿੰਦੀ ਸੀ। ਸਗੋਂ ਕੁੱਤੇ ਆਕੇ ਉਸ ਦੇ ਫ਼ੋੜਿਆਂ ਨੂੰ ਵੀ ਚੱਟਦੇ।
22 “ਫ਼ੇਰ ਗਰੀਬ ਲਾਜ਼ਰ ਮਰ ਗਿਆ ਦੂਤਾਂ ਨੇ ਉਸ ਨੂੰ ਲਿਆ ਅਤੇ ਅਬਰਾਹਾਮ ਗੋਦ ਵਿੱਚ ਜਾ ਰੱਖਿਆ, ਫ਼ੇਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਦਫ਼ਨਾਇਆ ਗਿਆ। 23 ਉਸ ਨੇ ਪਤਾਲ ਵਿੱਚੋਂ ਜਿੱਥੇ ਉਹ ਦੁੱਖ ਝੱਲ ਰਿਹਾ ਸੀ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ। 24 ਤਾਂ ਉਸ ਨੇ ਅਵਾਜ਼ ਮਾਰਕੇ ਕਿਹਾ, ‘ਪਿਤਾ ਅਬਰਾਹਾਮ! ਮੇਰੇ ਤੇ ਮਿਹਰ ਕਰ। ਲਾਜ਼ਰ ਨੂੰ ਪਾਣੀ ਵਿੱਚ ਆਪਣੀ ਉਂਗਲ ਭਿਉਂ ਕੇ ਮੇਰੀ ਜੀਭ ਗਿੱਲੀ ਕਰਨ ਲਈ ਭੇਜ, ਕਿਉਂਕਿ ਮੈਂ ਇਸ ਅੱਗ ਵਿੱਚ ਦੁੱਖ ਝੱਲ ਰਿਹਾ ਹਾਂ।’
25 “ਪਰ ਅਬਰਾਹਾਮ ਨੇ ਆਖਿਆ, ‘ਮੇਰੇ ਪੁੱਤਰ, ਯਾਦ ਕਰ ਜੋ ਤੂੰ ਧਰਤੀ ਤੇ ਆਪਣੇ ਜਿਉਂਦੇ ਜੀ ਆਪਣੀਆਂ ਸਾਰੀਆਂ ਵਸਤਾਂ ਭੋਗ ਚੁੱਕਾ ਹੈਂ ਅਤੇ ਲਾਜ਼ਰ ਨੇ ਸਾਰੀਆਂ ਮਾੜੀਆਂ ਵਸਤਾਂ ਭੋਗੀਆਂ ਹਨ। ਇਸ ਲਈ ਉਹ ਹੁਣ ਸੁੱਖ ਭੋਗ ਰਿਹਾ ਹੈ ਤੇ ਤੂੰ ਦੁੱਖ। 26 ਇਸਤੋਂ ਇਲਾਵਾ ਤੁਹਾਡੇ ਤੇ ਸਾਡੇ ਵਿੱਚਕਾਰ ਇੱਕ ਗਹਿਰੀ ਖੱਡ ਹੈ, ਇਸ ਲਈ ਅਗਰ ਕੋਈ ਵੀ, ਜੋ ਤੇਰੀ ਮਦਦ ਕਰਨੀ ਚਾਹੁੰਦਾ ਹੈ, ਤਾਂ ਉਹ ਉਧਰ ਨਹੀਂ ਜਾ ਸੱਕਦਾ ਅਤੇ ਨਾ ਹੀ ਕੋਈ ਉਧਰੋਂ ਇਧਰ ਆ ਸੱਕਦਾ ਹੈ।’
27 “ਤਾਂ ਅਮੀਰ ਆਦਮੀ ਨੇ ਕਿਹਾ ‘ਫ਼ੇਰ ਪਿਤਾ ਅਬਰਾਹਾਮ ਮੈਂ ਤੇਰੇ ਅੱਗੇ ਲਾਜ਼ਰ ਨੂੰ ਧਰਤੀ ਤੇ ਮੇਰੇ ਪਿਤਾ ਦੇ ਘਰ ਭੇਜਣ ਦੀ ਬੇਨਤੀ ਕਰਦਾ ਹਾਂ, ਕਿਉਂਕਿ ਮੇਰੇ ਪੰਜ ਭਰਾ ਹਨ। 28 ਲਾਜ਼ਰ ਜਾਕੇ ਮੇਰੇ ਭਰਾਵਾਂ ਨੂੰ ਚੁਕੰਨਾ ਕਰ ਆਵੇ ਕਿ ਉਹ ਇਸ ਪਤਾਲ ਦੇ ਨਰਕ ਕੁੰਡ ਵਿੱਚ ਨਾ ਆਉਣ।’
29 “ਪਰ ਅਬਰਾਹਾਮ ਨੇ ਆਖਿਆ, ‘ਉਨ੍ਹਾਂ ਕੋਲ ਮੂਸਾ ਦੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੇ।’
30 “ਪਰ ਉਸ ਧਨਵਾਨ ਨੇ ਕਿਹਾ, ‘ਨਹੀਂ ਪਿਤਾ ਅਬਰਾਹਾਮ! ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਕੋਲ ਜਾਵੇ ਤਾਂ ਉਹ ਵਿਸ਼ਵਾਸ ਕਰਨਗੇ ਅਤੇ ਆਪਣੇ ਦਿਲ ਅਤੇ ਜੀਵਨ ਬਦਲ ਲੈਣਗੇ।’
31 “ਪਰ ਅਬਰਾਹਾਮ ਨੇ ਉਸ ਨੂੰ ਆਖਿਆ, ‘ਜੇਕਰ ਉਹ ਮੂਸਾ ਅਤੇ ਨਬੀਆਂ ਨੂੰ ਨਹੀਂ ਸੁਣਨਗੇ, ਤਾਂ ਫ਼ੇਰ ਉਹ ਉਸ ਨੂੰ ਵੀ ਨਹੀਂ ਸੁਣਨਗੇ ਜੋ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੋਵੇ।’”
2010 by World Bible Translation Center