Book of Common Prayer
ਦਾਊਦ ਦਾ ਉਸ ਵੇਲੇ ਦਾ ਇੱਕ ਗੀਤ ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ।
63 ਹੇ ਪਰਮੇਸ਼ੁਰ, ਤੁਸੀਂ ਮੇਰੇ ਪਰਮੇਸ਼ੁਰ ਹੋ।
ਮੈਂ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ।
ਮੇਰੀ ਰੂਹ ਅਤੇ ਮੇਰਾ ਸ਼ਰੀਰ ਤੁਹਾਡੇ ਪਿਆਸੇ ਹਨ,
ਜਿਵੇਂ ਬੰਜਰ ਜ਼ਮੀਨ ਪਾਣੀ ਤੋਂ ਬਿਨਾ ਹੁੰਦੀ ਹੈ।
2 ਹਾਂ, ਮੈਂ ਤੁਹਾਨੂੰ ਤੁਹਾਡੇ ਮੰਦਰ ਵਿੱਚ ਵੇਖਿਆ ਹੈ।
ਤੁਹਾਡੀ ਸ਼ਾਨ ਅਤੇ ਸ਼ਕਤੀ ਦੇਖੀ ਹੈ।
3 ਤੁਹਾਡਾ ਪਿਆਰ ਜ਼ਿੰਦਗੀ ਨਾਲੋਂ ਬਿਹਤਰ ਹੈ।
ਮੇਰੇ ਬੁਲ੍ਹ ਤੁਹਾਡੀ ਉਸਤਤਿ ਕਰਦੇ ਹਨ।
4 ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੀ ਉਸਤਤਿ ਕਰਾਂਗਾ।
ਤੁਹਾਡੇ ਨਾਮ ਤੇ ਹੀ, ਮੈਂ ਪ੍ਰਾਰਥਨਾ ਲਈ ਆਪਣੇ ਹੱਥ ਚੁੱਕਦਾ ਹਾਂ।
5 ਮੈਂ ਇੰਝ ਸੰਤੁਸ਼ਟ ਹੋ ਜਾਵਾਂਗਾ ਜਿਵੇਂ ਸਭ ਤੋਂ ਵੱਧੀਆ ਭੋਜਨ ਕੀਤਾ ਹੋਵੇ।
ਅਤੇ ਖੁਸ਼ੀ ਭਰੇ ਬੁਲ੍ਹਾਂ ਨਾਲ ਮੇਰਾ ਮੁੱਖ ਤੁਹਾਡੀ ਉਸਤਤਿ ਕਰੇਗਾ।
6 ਮੈਂ ਆਪਣੇ ਪਲੰਘ ਉੱਤੇ ਲੇਟਿਆ ਹੋਇਆ ਤੁਹਾਨੂੰ ਯਾਦ ਕਰਾਂਗਾ।
ਮੈਂ ਤੁਹਾਨੂੰ ਅੱਧੀ ਰਾਤ ਵੇਲੇ ਯਾਦ ਕਰਾਂਗਾ।
7 ਸੱਚਮੁੱਚ ਤੁਸੀਂ ਮੇਰੀ ਸਹਾਇਤਾ ਕੀਤੀ।
ਮੈਂ ਖੁਸ਼ ਹਾ ਕਿ ਤੁਸੀਂ ਮੇਰੀ ਰੱਖਿਆ ਕੀਤੀ ਹੈ।
8 ਮੇਰੀ ਰੂਹ ਤੁਹਾਡੇ ਨਾਲ ਚੁੰਬੜੀ ਹੈ
ਅਤੇ ਤੁਸੀਂ ਮੇਰਾ ਹੱਥ ਫ਼ੜਿਆ ਹੋਇਆ ਹੈ।
9 ਕੁਝ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ,
ਪਰ ਉਹ ਤਬਾਹ ਹੋ ਜਾਣਗੇ ਉਹ ਆਪਣੀ ਕਬਰਾਂ ਵਿੱਚ ਡੂੰਘੇ ਜਾਣਗੇ।
10 ਉਹ ਤਲਵਾਰਾਂ ਨਾਲ ਮਾਰੇ ਜਾਣਗੇ।
ਅਵਾਰਾ ਕੁੱਤੇ ਉਨ੍ਹਾਂ ਦੇ ਮੁਰਦਾ ਸਰੀਰਾਂ ਨੂੰ ਖਾਣਗੇ।
11 ਪਰ ਰਾਜਾ ਆਪਣੇ ਪਰਮੇਸ਼ੁਰ ਨਾਲ ਖੁਸ਼ ਹੋਵੇਗਾ।
ਅਤੇ ਜਿਨ੍ਹਾਂ ਲੋਕਾਂ ਨੇ ਉਸਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਸੀ ਪਰਮੇਸ਼ੁਰ ਦੀ ਉਸਤਤਿ ਕਰਨਗੇ।
ਕਿਉਂਕਿ, ਉਸ ਨੇ ਉਨ੍ਹਾਂ ਸਾਰੇ ਝੂਠਿਆਂ ਨੂੰ ਹਰਾ ਦਿੱਤਾ ਹੈ।
ਉਸਤਤਿ ਦਾ ਇੱਕ ਗੀਤ।
98 ਯਹੋਵਾਹ ਲਈ ਕੋਈ ਨਵਾਂ ਗੀਤ ਗਾਵੋ
ਕਿਉਂ ਕਿ ਉਸ ਨੇ ਕਈ ਨਵੇਂ ਚਮਤਕਾਰ ਕੀਤੇ ਹਨ।
ਉਸਦੀ ਪਵਿੱਤਰ ਸੱਜੀ ਬਾਂਹ ਨੇ
ਇੱਕ ਵਾਰੇ ਫ਼ੇਰ ਜਿੱਤ ਉਸ ਨੂੰ ਜਿੱਤ ਪ੍ਰਦਾਨ ਕੀਤੀ ਹੈ।
2 ਪਰਮੇਸ਼ੁਰ ਨੇ ਕੌਮਾਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸ਼ਾਈ ਹੈ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਚੰਗਿਆਈ ਦਰਸਾਈ।
3 ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਇਸਰਾਏਲ ਦੇ ਲੋਕਾਂ ਲਈ ਵਫ਼ਾਦਾਰੀ ਨੂੰ ਯਾਦ ਕੀਤਾ।
ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੇ ਪਰਮੇਸ਼ੁਰ ਦੀ ਰੱਖਿਆ ਕਰਨ ਦੀ ਸ਼ਕਤੀ ਦੇਖੀ।
4 ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ।
ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
5 ਹੇ ਰਬਾਬ, ਯਹੋਵਾਹ ਦੀ ਉਸਤਤਿ ਕਰ।
ਰਬਾਬ ਵਿੱਚੋਂ ਨਿਕਲਣ ਵਾਲੇ ਸੰਗੀਤ, ਉਸਦੀ ਉਸਤਤਿ ਕਰ।
6 ਨਰਸਿੰਘੇ ਅਤੇ ਵੰਝਲੀਆਂ ਵਜਾਉ,
ਅਤੇ ਸਾਡੇ ਯਹੋਵਾਹ ਲਈ ਖੁਸ਼ੀ ਦੇ ਨਾਹਰੇ ਮਾਰੋ।
7 ਧਰਤੀ ਅਤੇ ਸਮੁੰਦਰ, ਅਤੇ ਉਸ ਵਿੱਚਲੇ
ਸਭ ਕਾਸੇ ਨੂੰ ਉੱਚੀ ਆਵਾਜ਼ ਵਿੱਚ ਗਾਉਣ ਦਿਉ।
8 ਹੇ ਨਦੀਉ ਤਾਲੀਆਂ ਵਜਾਉ।
ਸਾਰੇ ਪਹਾੜੋ ਇਕੱਠੇ ਹੋਕੇ ਗੀਤ ਗਾਵੋ।
9 ਯਹੋਵਾਹ ਦੇ ਸਾਹਮਣੇ ਗਾਵੋ,
ਕਿਉਂਕਿ ਉਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਨਿਰਪੱਖ ਹੋਕੇ ਦੁਨੀਆਂ ਉੱਤੇ ਰਾਜ ਕਰੇਗਾ।
ਉਹ ਚੰਗਿਆਈ ਨਾਲ ਲੋਕਾਂ ਉੱਤੇ ਰਾਜ ਕਰੇਗਾ।
ਦਾਊਦ ਦਾ ਇੱਕ ਗੀਤ।
103 ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਮੇਰੇ ਜਿਸਮ ਦੇ ਸਾਰੇ ਅੰਗੋ, ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
2 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਅਤੇ ਇਹ ਵੀ ਨਾ ਭੁੱਲੀ ਕਿ ਉਹ ਸੱਚਮੁੱਚ ਮਿਹਰਬਾਨ ਹੈ।
3 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਯਾਵਾਨ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਵਾਨ ਹੁੰਦਾ ਹੈ।
4 ਪਰਮੇਸ਼ੁਰ ਸਾਡੀ ਜਿੰਦ ਨੂੰ ਕਬਰ ਪਾਸੋਂ ਬਚਾਉਂਦਾ ਹੈ।
ਅਤੇ ਉਹ ਸਾਨੂੰ ਆਪਣਾ ਪਿਆਰ ਅਤੇ ਹਮਦਰਦੀ ਦਿੰਦਾ ਹੈ।
5 ਪਰਮੇਸ਼ੁਰ ਬਹੁਤ ਸਾਰੀਆਂ ਸ਼ੁਭ ਚੀਜ਼ਾਂ ਦਿੰਦਾ ਹੈ।
ਉਹ ਸਾਨੂੰ ਇੱਕ ਵਾਰੇ ਫ਼ੇਰ ਬਾਜ ਵਾਂਗ ਜਵਾਨ ਬਣਾ ਦਿੰਦਾ ਹੈ।
6 ਯਹੋਵਾਹ ਬੇਲਾਗ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਆਂ ਦਿੰਦਾ ਹੈ ਜਿਨ੍ਹਾਂ ਨੂੰ ਹੋਰ ਲੋਕਾਂ ਨੇ ਦੁੱਖ ਦਿੱਤੇ ਹਨ।
7 ਪਰਮੇਸ਼ੁਰ ਨੇ ਮੂਸਾ ਨੂੰ ਆਪਣੇ ਨੇਮ ਸਿੱਖਾਏ।
ਪਰਮੇਸ਼ੁਰ ਨੇ ਇਸਰਾਏਲ ਨੂੰ ਦਿਖਾ ਦਿੱਤਾ ਕਿ ਉਹ ਕਿੰਨੀਆਂ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ।
8 ਯਹੋਵਾਹ ਦਯਾਵਾਨ ਅਤੇ ਰਹਿਮ ਕਰਨ ਵਾਲਾ ਹੈ।
ਉਹ ਧੀਰਜ ਅਤੇ ਪਿਆਰ ਨਾਲ ਭਰਪੂਰ ਹੈ।
9 ਯਹੋਵਾਹ ਸਦਾ ਨੁਕਤਾਚੀਨੀ ਨਹੀਂ ਕਰਦਾ ਪਰਮੇਸ਼ੁਰ ਸਾਡੇ ਉੱਤੇ ਸਦਾ ਕ੍ਰੋਧਵਾਨ ਨਹੀਂ ਰਹਿੰਦਾ।
10 ਅਸੀਂ ਪਰਮੇਸ਼ੁਰ ਦੇ ਵਿਰੁੱਧ ਗੁਨਾਹ ਕੀਤੇ
ਪਰ ਉਸ ਨੇ ਸਾਨੂੰ ਦੰਡ ਨਹੀਂ ਦਿੱਤਾ ਜਿਸਦੇ ਅਸੀਂ ਅਧਿਕਾਰੀ ਸਾਂ।
11 ਪਰਮੇਸ਼ੁਰ ਦਾ ਆਪਣੇ ਚੇਲਿਆਂ ਲਈ ਪਿਆਰ ਸਾਡੇ ਨਾਲੋਂ ਇੰਨਾ ਉੱਚਾ ਹੈ
ਜਿੰਨਾ ਧਰਤੀ ਕੋਲੋਂ ਅਕਾਸ਼ ਉੱਚਾ ਹੈ।
12 ਅਤੇ ਪਰਮੇਸ਼ੁਰ ਨੇ ਸਾਡੇ ਗੁਨਾਹ ਇੰਨੇ ਦੂਰ ਸੁੱਟ ਦਿੱਤੇ ਹਨ
ਜਿੰਨਾ ਪੱਛਮ ਪੂਰਬ ਤੋਂ ਦੂਰ ਹੈ।
13 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਿਆਲੂ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਲੂ ਹੁੰਦਾ ਹੈ।
14 ਪਰਮੇਸ਼ੁਰ ਸਾਡੇ ਬਾਰੇ ਸਭ ਕੁਝ ਜਾਣਦਾ ਹੈ।
ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਖਾਕ ਤੋਂ ਸਾਜੇ ਗਏ ਸਾਂ।
15 ਪਰਮੇਸ਼ੁਰ ਜਾਣਦਾ ਹੈ ਕਿ ਸਾਡੀਆਂ ਜ਼ਿੰਦਗੀਆਂ ਛੋਟੀਆਂ ਹਨ।
ਉਹ ਜਾਣਦਾ ਹੈ ਕਿ ਸਾਡੀਆਂ ਉਮਰਾਂ ਘਾਹ ਵਰਗੀਆਂ ਹਨ।
16 ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਇੱਕ ਨਿੱਕੇ ਜੰਗਲੀ ਫ਼ੁੱਲ ਵਰਗੇ ਹਾਂ, ਉਹ ਫ਼ੁੱਲ ਬਹੁਤ ਛੇਤੀ ਉੱਗਦਾ ਹੈ।
ਫ਼ੇਰ ਗਰਮ ਹਵਾ ਵੱਗਦੀ ਹੈ ਅਤੇ ਉਹ ਫ਼ੁੱਲ ਮਰ ਜਾਂਦਾ ਹੈ।
ਛੇਤੀ ਹੀ, ਤੁਸੀਂ ਇਹ ਵੀ ਨਹੀਂ ਦੱਸ ਸੱਕੋਂਗੇ ਕਿ ਫ਼ੁੱਲ ਕਿੱਥੇ ਉੱਗਿਆ ਸੀ।
17 ਪਰ ਯਹੋਵਾਹ ਨੇ ਸਦਾ ਆਪਣੇ ਅਨੁਯਾਈਆਂ ਨੂੰ ਪਿਆਰ ਕੀਤਾ ਹੈ।
ਅਤੇ ਉਹ ਸਦਾ-ਸਦਾ ਲਈ ਆਪਣੇ ਅਨੁਯਾਈਆਂ ਨੂੰ ਪਿਆਰ ਕਰਦਾ ਰਹੇਗਾ।
ਪਰਮੇਸ਼ੁਰ ਉਨ੍ਹਾਂ ਦੇ ਬੱਚਿਆਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚਿਆਂ ਦਾ ਭਲਾ ਕਰੇਗਾ।
18 ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਕਰਾਰ ਉੱਤੇ ਚੱਲਦੇ ਹਨ।
ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਹੁਕਮ ਮੰਨਦੇ ਹਨ।
19 ਪਰਮੇਸ਼ੁਰ ਦਾ ਤਖਤ ਸਵਰਗਾਂ ਵਿੱਚ ਹੈ।
ਅਤੇ ਉਹ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
20 ਹੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਹੇ ਦੂਤੋਂ,
ਤੁਸੀਂ ਸ਼ਕਤੀਸ਼ਾਲੀ ਸਿਪਾਹੀ ਹੋ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ।
ਤੁਸੀਂ ਪਰਮੇਸ਼ੁਰ ਨੂੰ ਸੁਣਦੇ ਹੋ ਅਤੇ ਉਸ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋ।
21 ਯਹੋਵਾਹ ਦੀਉ ਸਮੂਹ ਸੈਨਾਉ ਉਸਦੀ ਉਸਤਤਿ ਕਰੋ।
ਤੁਸੀਂ ਉਸ ਦੇ ਸੇਵਕ ਹੋ, ਤੁਸੀਂ ਉਹੀ ਕਰਦੇ ਹੋ
ਜੋ ਪਰਮੇਸ਼ੁਰ ਚਾਹੁੰਦਾ ਹੈ।
22 ਯਹੋਵਾਹ ਨੇ ਹਰ ਥਾਂ ਹਰ ਸ਼ੈਅ ਬਣਾਈ। ਯਹੋਵਾਹ ਹਰ ਜਗ਼੍ਹਾ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
ਅਤੇ ਉਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੀ ਉਸਤਤਿ ਕਰਨੀ ਚਾਹੀਦੀ ਹੈ।
ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਯਹੋਵਾਹ ਨੂੰ ਚੇਤੇ ਰੱਖੋ
11 “ਇਸ ਲਈ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ। ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਕਰਨ ਲਈ ਉਹ ਆਖਦਾ ਹੈ। ਤੁਹਾਨੂੰ ਹਮੇਸ਼ਾ ਉਸ ਦੇ ਕਾਨੂੰਨਾ, ਬਿਧੀਆਂ ਅਤੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। 2 ਅੱਜ ਉਨ੍ਹਾਂ ਸਾਰੀਆਂ ਮਹਾਨ ਗੱਲਾਂ ਨੂੰ ਯਾਦ ਕਰੋ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਸਿੱਖਿਆ ਦੇਣ ਲਈ ਕੀਤੀਆਂ। ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਇਹ ਸਭ ਗੱਲਾਂ ਵਾਪਰਦਿਆਂ ਦੇਖੀਆਂ। ਤੁਸੀਂ ਦੇਖਿਆ ਅਤੇ ਅਨੁਭਵ ਕੀਤਾ ਕਿ ਯਹੋਵਾਹ ਕਿੰਨਾ ਮਹਾਨ ਹੈ ਅਤੇ ਉਹ ਕਿੰਨਾ ਸ਼ਕਤੀਸ਼ਾਲੀ ਹੈ, ਅਤੇ ਉਹ ਇੰਨੀਆਂ ਸ਼ਕਤੀਸ਼ਾਲੀ ਗੱਲਾਂ ਕਰਦਾ ਹੈ। 3 ਤੁਹਾਡੇ ਬੱਚਿਆਂ ਨੇ ਨਹੀਂ, ਤੁਸਾਂ ਉਸ ਦੇ ਕਰਿਸ਼ਮੇ ਦੇਖੇ। ਤੁਸੀਂ ਉਹ ਚੀਜ਼ਾਂ ਦੇਖੀਆਂ ਜਿਹੜੀਆਂ ਉਸ ਨੇ ਮਿਸਰ ਵਿੱਚ, ਮਿਸਰ ਦੇ ਰਾਜੇ ਫ਼ਿਰਊਨ ਨਾਲ ਅਤੇ ਉਸ ਦੇ ਸਾਰੇ ਦੇਸ਼ ਨਾਲ ਕੀਤੀਆਂ। 4 ਤੁਹਾਡੇ ਬੱਚਿਆਂ ਨੇ ਨਹੀਂ, ਤੁਸੀਂ ਉਹ ਚੀਜ਼ਾਂ ਦੇਖੀਆਂ ਜਿਹੜੀਆਂ ਯਹੋਵਾਹ ਨੇ ਮਿਸਰੀ ਫ਼ੌਜ ਨਾਲ ਕੀਤੀਆਂ-ਉਨ੍ਹਾਂ ਦੇ ਰੱਥਾਂ ਅਤੇ ਰੱਥਵਾਨਾ ਨਾਲ ਜਦੋਂ ਉਹ ਤੁਹਾਡਾ ਪਿੱਛਾ ਕਰ ਰਹੇ ਸਨ, ਪਰ ਤੁਸੀਂ ਦੇਖਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਲਾਲ ਸਾਗਰ ਦੇ ਪਾਣੀ ਨਾਲ ਢੱਕ ਦਿੱਤਾ। ਤੁਸੀਂ ਯਹੋਵਾਹ ਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਦਿਆਂ ਦੇਖਿਆ। 5 ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਵਾਸਤੇ ਮਰੂਥਲ ਵਿੱਚ ਇਸ ਥਾਂ ਪਹੁੰਚਣ ਤੱਕ ਕੀਤੀਆਂ। 6 ਤੁਸੀਂ ਦੇਖਿਆ ਕਿ ਰਊਬੇਨ ਪਰਿਵਾਰ-ਸਮੂਹ ਦੇ ਅਲੀਆਬ ਦੇ ਪੁੱਤਰਾਂ, ਦਾਥਾਨ ਅਤੇ ਅਬੀਰਾਮ ਨਾਲ ਯਹੋਵਾਹ ਨੇ ਕੀ ਕੀਤਾ। ਇਸਰਾਏਲ ਦੇ ਸਾਰੇ ਲੋਕ ਦੇਖ ਰਹੇ ਸਨ ਜਦੋਂ ਧਰਤੀ ਮੂੰਹ ਵਾਂਗ ਖੁਲ੍ਹ ਗਈ ਅਤੇ ਉਨ੍ਹਾਂ ਨੂੰ ਨਿਗਲ ਗਈ। ਉਸ ਨੇ ਉਨ੍ਹਾਂ ਦੇ ਪਰਿਵਾਰਾਂ, ਉਨ੍ਹਾਂ ਦੇ ਤੰਬੁਆਂ ਅਤੇ ਉਨ੍ਹਾਂ ਦੇ ਸਾਰੇ ਪਸ਼ੂਆਂ ਅਤੇ ਨੌਕਰਾਂ ਨੂੰ ਨਿਗਲ ਲਿਆ। 7 ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਉਹ ਸਾਰੇ ਮਹਾਨ ਕਾਰਨਾਮੇ ਦੇਖੇ ਜਿਹੜੇ ਯਹੋਵਾਹ ਨੇ ਕੀਤੇ।
8 “ਇਸ ਲਈ ਤੁਹਾਨੂੰ ਉਹ ਹਰ ਆਦੇਸ਼ ਮੰਨਣਾ ਚਾਹੀਦਾ ਹੈ ਜਿਹੜਾ ਮੈਂ ਤੁਹਾਨੂੰ ਅੱਜ ਦੱਸਦਾ ਹਾਂ। ਫ਼ੇਰ ਤੁਸੀਂ ਮਜ਼ਬੂਤ ਹੋ ਜਾਵੋਂਗੇ। ਅਤੇ ਤੁਸੀਂ ਯਰਦਨ ਨਦੀ ਦੇ ਪਾਰ ਜਾ ਸੱਕੋਂਗੇ ਅਤੇ ਉਸ ਧਰਤੀ ਨੂੰ ਪ੍ਰਾਪਤ ਕਰ ਸੱਕੋਂਗੇ ਜਿਸ ਵਿੱਚ ਤੁਸੀਂ ਦਾਖਲ ਹੋਣ ਲਈ ਤਿਆਰ ਹੋ। 9 ਫ਼ੇਰ ਤੁਸੀਂ ਉਸ ਦੇਸ਼ ਵਿੱਚ ਲੰਮੀ ਉਮਰ ਭੋਗੋਂਗੇ। ਯਹੋਵਾਹ ਨੇ ਉਹ ਧਰਤੀ ਤੁਹਾਡੇ ਪੁਰਖਿਆਂ ਅਤੇ ਉਨ੍ਹਾਂ ਦੇ ਸਾਰੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਇਹ ਬਹੁਤ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਹੈ। 10 ਜਿਹੜੀ ਧਰਤੀ ਤੁਹਾਨੂੰ ਮਿਲੇਗੀ ਉਹ ਮਿਸਰ ਦੀ ਧਰਤੀ ਵਰਗੀ ਨਹੀਂ ਹੈ, ਜਿੱਥੇ ਤੁਸੀਂ ਆਏ ਹੋ। ਮਿਸਰ ਵਿੱਚ, ਤੁਸੀਂ ਆਪਣੇ ਬੀਜ ਬੀਜਦੇ ਸੀ, ਅਤੇ ਫ਼ੇਰ ਆਪਣੇ ਪੈਰਾਂ ਦੀ ਵਰਤੋਂ ਕਰਕੇ ਨਹਿਰ ਵਿੱਚੋਂ ਪਾਣੀ ਕੱਢ ਕੇ ਉਨ੍ਹਾਂ ਪੌਦਿਆਂ ਨੂੰ ਸਿਂਜਦੇ ਸੀ। ਤੁਸੀਂ ਆਪਣੇ ਖੇਤਾਂ ਨੂੰ ਉਸੇ ਤਰ੍ਹਾਂ ਪਾਣੀ ਲਾਉਂਦੇ ਸੀ ਜਿਵੇਂ ਸਬਜ਼ੀਆਂ ਦੇ ਬਗੀਚੇ ਨੂੰ ਲਾਈਦਾ ਹੈ। 11 ਪਰ ਜਿਹੜੀ ਧਰਤੀ ਤੁਹਾਨੂੰ ਛੇਤੀ ਹੀ ਮਿਲਣ ਵਾਲੀ ਹੈ, ਇਸ ਤਰ੍ਹਾਂ ਦੀ ਨਹੀਂ ਹੈ। ਇਸ ਧਰਤੀ ਵਿੱਚ ਪਹਾੜੀਆਂ ਅਤੇ ਵਾਦੀਆਂ ਹਨ ਅਤੇ ਇਸ ਨੂੰ ਆਕਾਸ਼ ਤੋਂ ਮੀਂਹ ਪ੍ਰਾਪਤ ਹੁੰਦਾ ਹੈ। 12 ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਦੇਖਭਾਲ ਕਰਦਾ ਹੈ! ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਨਿਗਰਾਨੀ ਕਰਦਾ ਹੈ, ਸਾਲ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ।
ਦੂਤ ਅਤੇ ਛੋਟੀ ਸੂਚੀ
10 ਫ਼ੇਰ ਮੈ ਇੱਕ ਹੋਰ ਸ਼ਕਤੀਸ਼ਾਲੀ ਦੂਤ ਨੂੰ ਸਵਰਗ ਵਿੱਚੋਂ ਹੇਠਾ ਆਉਂਦਿਆਂ ਦੇਖਿਆ। ਦੂਤ ਨੇ ਬੱਦਲਾਂ ਦਾ ਲਿਬਾਸ ਪਹਿਨਿਆ ਹੋਇਆ ਸੀ। ਉਸ ਦੇ ਸਿਰ ਦੁਆਲੇ ਸੱਤਰੰਗੀ ਪੀਂਘ ਸੀ। ਦੂਤ ਦਾ ਚਿਹਰਾ ਸੂਰਜ ਵਰਗਾ ਸੀ, ਅਤੇ ਉਸਦੀਆਂ ਲੱਤਾਂ ਅੱਗ ਦੇ ਥੰਮਾਂ ਵਰਗੀਆਂ ਸਨ। 2 ਦੂਤ ਨੇ ਇੱਕ ਛੋਟੀ ਸੂਚੀ ਫ਼ੜੀ ਹੋਈ ਸੀ। ਸੂਚੀ ਉਸ ਦੇ ਹੱਥਾਂ ਵਿੱਚ ਖੁੱਲ੍ਹੀ ਹੋਈ ਸੀ। ਦੂਤ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਰੱਖਿਆ ਅਤੇ ਖੱਬਾ ਪੈਰ ਧਰਤੀ ਉੱਤੇ। 3 ਦੂਤ ਨੇ ਗੱਜਦੇ ਸ਼ੇਰ ਵਾਂਗ ਰੌਲਾ ਪਾਇਆ। ਉਸ ਦੇ ਰੌਲਾ ਪਾਉਣ ਤੋਂ ਬਾਅਦ, ਸੱਤਾਂ ਗਰਜਾਂ ਦੀਆਂ ਅਵਾਜ਼ਾਂ ਬੋਲੀਆਂ।
4 ਸੱਤ ਗਰਜਾਂ ਬੋਲੀਆਂ, ਅਤੇ ਮੈ ਲਿਖਣ ਲਈ ਤਿਆਰ ਹੋਇਆ। ਫ਼ੇਰ ਮੈਂ ਸਵਰਗ ਤੋਂ ਇੱਕ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਉਹ ਗੱਲਾਂ ਨਾ ਲਿਖ ਜੋ ਸੱਤ ਗਰਜਾਂ ਬੋਲੀਆਂ, ਇਸ ਨੂੰ ਗੁਪਤ ਰੱਖ।”
5 ਫ਼ੇਰ ਉਸ ਦੂਤ ਨੇ, ਜਿਸ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਦੇਖਿਆ ਸੀ, ਆਪਣਾ ਸੱਜਾ ਹੱਥ ਸਵਰਗ ਵੱਲ ਚੁੱਕਿਆ। 6 ਦੂਤ ਨੇ ਉਸ ਇੱਕ ਦੇ ਨਾਂ ਦੀ ਸੌਂਹ ਖਾਧੀ ਜਿਹੜਾ ਹਮੇਸ਼ਾ ਅਤੇ ਹਮੇਸ਼ਾ ਰਹਿੰਦਾ ਹੈ, ਜਿਸਨੇ ਅਕਾਸ਼ ਅਤੇ ਉਸ ਵਿੱਚਲਾ ਸਭ ਕੁਝ, ਧਰਤੀ ਅਤੇ ਇਸ ਵਿੱਚਲਾ ਸਭ ਕੁਝ, ਸਮੁੰਦਰ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ ਹੈ। ਦੂਤ ਨੇ ਆਖਿਆ, “ਹੁਣ ਇੱਥੇ ਹੋਰ ਢਿੱਲ ਨਹੀਂ ਹੋਵੇਗੀ। 7 ਪਰ ਉਨ੍ਹਾਂ ਦਿਨਾਂ ਵਿੱਚ, ਜਦੋਂ ਸੱਤਵਾਂ ਦੂਤ ਆਪਣੀ ਤੁਰ੍ਹੀ ਵਜਾਵੇਗਾ, ਪਰਮੇਸ਼ੁਰ ਦੀ ਗੁਪਤ ਯੋਜਨਾ ਪੂਰੀ ਹੋ ਜਾਵੇਗੀ। ਇਹ ਯੋਜਨਾ ਉਹ ਖੁਸ਼ਖਬਰੀ ਹੈ ਜੋ ਪਰਮੇਸ਼ੁਰ ਨੇ ਆਪਣੇ ਸੇਵਕਾਂ, ਨਬੀਆਂ ਨੂੰ ਆਖੀ ਸੀ।”
8 ਫ਼ੇਰ ਮੈਂ ਸਵਰਗ ਵਿੱਚੋਂ ਫ਼ਿਰ ਤੋਂ ਮੇਰੇ ਨਾਲ ਗੱਲ ਕਰਦੀ ਉਹੀ ਅਵਾਜ਼ ਸੁਣੀ। ਅਵਾਜ਼ ਨੇ ਮੈਨੂੰ ਆਖਿਆ, “ਜਾ ਅਤੇ ਦੂਤ ਦੇ ਹੱਥਾਂ ਵਿੱਚਲੀ ਖੁਲ੍ਹੀ ਸੂਚੀ ਨੂੰ ਲੈ। ਇਹ ਦੂਤ ਉਹੀ ਹੈ ਜਿਹੜਾ ਸਮੁੰਦਰ ਅਤੇ ਧਰਤੀ ਵਿੱਚ ਖਲੋਤਾ ਸੀ।”
9 ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਛੋਟੀ ਸੂਚੀ ਮੈਨੂੰ ਦੇ ਦੇਵੋ। ਦੂਤ ਨੇ ਮੈਨੂੰ ਆਖਿਆ, “ਸੂਚੀ ਨੂੰ ਲੈ ਅਤੇ ਇਸ ਨੂੰ ਖਾ ਜਾ। ਇਹ ਤੇਰੇ ਢਿੱਡ ਨੂੰ ਖੱਟਾ ਕਰ ਦੇਵੇਗੀ, ਪਰ ਇਹ ਤੇਰੇ ਮੂੰਹ ਵਿੱਚ ਸ਼ਹਿਤ ਜਿੰਨੀ ਮਿੱਠੀ ਹੋਵੇਗੀ।” 10 ਇਸ ਲਈ ਮੈਂ ਦੂਤ ਦੇ ਹੱਥੋਂ ਛੋਟੀ ਸੂਚੀ ਲੈ ਲਈ। ਅਸਲ ਵਿੱਚ, ਇਸਦਾ ਮੇਰੇ ਮੂੰਹ ਵਿੱਚ ਸ਼ਹਿਤ ਜਿਹਾ ਮਿੱਠਾ ਸੁਆਦ ਆਇਆ, ਪਰ ਇਸ ਨੂੰ ਖਾਣ ਤੋਂ ਬਾਅਦ, ਇਸਨੇ ਮੇਰੇ ਢਿੱਡ ਨੂੰ ਖੱਟਿਆਂ ਕਰ ਦਿੱਤਾ। 11 ਫ਼ੇਰ ਮੈਨੂੰ ਕਿਹਾ ਗਿਆ, “ਤੈਨੂੰ ਫ਼ੇਰ ਤੋਂ ਲੋਕਾਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਬਾਰੇ ਅਗੰਮ ਵਾਕ ਕਰਨੇ ਪੈਣਗੇ।”
ਖਜ਼ਾਨਿਆਂ ਅਤੇ ਮੋਤੀਆਂ ਬਾਰੇ ਦ੍ਰਿਸ਼ਟਾਂਤ
44 “ਸਵਰਗ ਦਾ ਰਾਜ ਉਸ ਖਜਾਨੇ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਹੈ। ਜਦੋਂ ਇੱਕ ਮਨੁੱਖ ਨੇ ਇਸ ਨੂੰ ਲੱਭ ਲਿਆ, ਉਸ ਨੇ ਇਸ ਨੂੰ ਖੇਤ ਵਿੱਚ ਫ਼ੇਰ ਦੱਬ ਦਿੱਤਾ। ਉਹ ਬਹੁਤ ਖੁਸ਼ ਸੀ ਕਿ ਉਸ ਨੇ ਉਸ ਖੇਤ ਨੂੰ ਖਰੀਦਣ ਵਾਸਤੇ ਆਪਣਾ ਸਭ ਕੁਝ ਵੇਚ ਦਿੱਤਾ, ਜੋ ਉਸ ਕੋਲ ਸੀ।
45 “ਫ਼ੇਰ ਸਵਰਗ ਦਾ ਰਾਜ ਉਸ ਵਪਾਰੀ ਵਰਗਾ ਹੈ ਜੋ ਕਿ ਚੰਗੇ ਮੋਤੀਆਂ ਨੂੰ ਲੱਭ ਰਿਹਾ ਸੀ। 46 ਜਦ ਉਸ ਨੂੰ ਇੱਕ ਮੋਤੀ ਭਾਰੇ ਦਾਮ ਦਾ ਮਿਲਿਆ ਤਾਂ ਜਾਕੇ ਆਪਣਾ ਸਭ ਕੁਝ ਵੇਚ-ਵੱਟਕੇ ਉਸ ਨੇ ਉਹ ਮੋਤੀ ਮੁੱਲ ਲੈ ਲਿਆ।
ਮੱਛੀ ਦੇ ਜਾਲ ਬਾਰੇ ਇੱਕ ਦ੍ਰਿਸ਼ਟਾਂਤ
47 “ਸਵਰਗ ਦਾ ਰਾਜ ਇੱਕ ਜਾਲ ਵਰਗਾ ਵੀ ਹੈ, ਜਿਹੜਾ ਝੀਲ ਵਿੱਚ ਪਾਇਆ ਹੋਇਆ ਹੈ। ਉਸ ਜਾਲ ਨੇ ਵੱਖਰੀ ਪ੍ਰਕਾਰ ਦੀਆਂ ਮੱਛੀਆਂ ਫ਼ੜੀਆਂ। 48 ਜਦੋਂ ਉਹ ਭਰ ਗਿਆ ਤਾਂ ਮਛੇਰੇ ਜਾਲ ਨੂੰ ਕੰਢੇ ਉੱਤੇ ਖਿੱਚਕੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਬਾਲਟੀ ਵਿੱਚ ਜਮਾ ਕੀਤਾ ਅਤੇ ਫ਼ਿਜ਼ੂਲ ਨੂੰ ਪਰੇ ਸੁੱਟ ਦਿੱਤਾ। 49 ਸੋ ਦੁਨੀਆਂ ਦੇ ਅੰਤ ਦੇ ਸਮੇਂ ਵੀ ਅਜਿਹਾ ਹੋਵੇਗਾ। ਦੂਤ ਜਾਣਗੇ ਅਤੇ ਚੰਗੇ ਲੋਕਾਂ ਵਿੱਚੋਂ ਦੁਸ਼ਟਾਂ ਨੂੰ ਅਲੱਗ ਕਰ ਦੇਣਗੇ। 50 ਅਤੇ ਉਹ ਉਨ੍ਹਾਂ ਨੂੰ ਅੱਗ ਦੇ ਭਠੇ ਵਿੱਚ ਸੁੱਟ ਦੇਣਗੇ। ਉਸ ਜਗ੍ਹਾ ਤੇ ਲੋਕਾਂ ਨੂੰ ਰੋਣਾ ਪਵੇਗਾ ਅਤੇ ਆਪਣੇ ਦੰਦ ਪੀਸਣੇ ਪੈਣਗੇ।”
51 ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਕੀ ਤੁਸੀਂ ਇਹ ਸਭ ਗੱਲਾਂ ਸਮਝਦੇ ਹੋ?”
ਚੇਲਿਆਂ ਨੇ ਜਵਾਬ ਦਿੱਤਾ, “ਹਾਂ, ਅਸੀਂ ਸਮਝਦੇ ਹਾਂ।”
52 ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਇਸ ਲਈ ਹਰੇਕ ਨੇਮ ਦੇ ਉਪਦੇਸ਼ਕ, ਜਿਸ ਨੂੰ ਇਸ ਸਵਰਗ ਦੇ ਰਾਜ ਬਾਰੇ ਸਿੱਖਿਆ ਦਿੱਤੀ ਗਈ ਹੈ, ਉਹ ਘਰ ਦੇ ਮਾਲਕ ਵਰਗਾ ਹੈ, ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ, ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ।”
ਯਿਸੂ ਦੀ ਆਪਣੇ ਘਰ ਵੱਲ ਵਾਪਸੀ(A)
53 ਜਦੋਂ ਯਿਸੂ ਨੇ ਇਹ ਦ੍ਰਿਸ਼ਟਾਂਤ ਪੂਰੇ ਕੀਤੇ ਤਾਂ ਉਹ ਉੱਥੋਂ ਤੁਰ ਪਿਆ। 54 ਯਿਸੂ ਉਸ ਨਗਰ ਵਿੱਚ ਗਿਆ ਜਿੱਥੇ ਉਹ ਵੱਡਾ ਹੋਇਆ ਸੀ ਅਤੇ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਤਾਂ ਉਹ ਲੋਕ ਹੈਰਾਨ ਹੋ ਗਏ ਅਤੇ ਪੁੱਛਿਆ, “ਉਸਨੇ ਕਰਿਸ਼ਮੇ ਕਰਨ ਦਾ ਇਹ ਗਿਆਨ ਅਤੇ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ ਹੈ? 55 ਭਲਾ ਇਹ ਤਰੱਖਾਣ ਦਾ ਪੁੱਤਰ ਨਹੀਂ, ਅਤੇ ਇਸਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਸਦੇ ਭਾਈ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ ਹਨ? 56 ਅਤੇ ਉਸ ਦੀਆਂ ਸਾਰੀਆਂ ਭੈਣਾਂ ਭਲਾ ਸਾਡੇ ਕੋਲ ਨਹੀਂ ਹਨ? ਫ਼ੇਰ ਉਸ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ?” 57 ਇੰਝ ਉਨ੍ਹਾਂ ਨੇ ਯਿਸੂ ਨੂੰ ਕਬੂਲਣ ਤੋਂ ਇਨਕਾਰ ਕਰ ਦਿੱਤਾ।
ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਨਬੀ ਨੂੰ ਉਸ ਦੇ ਆਪਣੇ ਸ਼ਹਿਰ ਜਾਂ ਆਪਣੇ ਘਰ ਵਿੱਚ ਨਹੀਂ ਸਤਿਕਾਰਿਆ ਜਾਂਦਾ। ਬਾਕੀ ਲੋਕ ਉਸਦਾ ਸਤਿਕਾਰ ਕਰਦੇ ਹਨ।” 58 ਉੱਥੇ ਯਿਸੂ ਨੇ ਬਹੁਤੇ ਕਰਿਸ਼ਮੇ ਨਾ ਕੀਤੇ ਕਿਉਂਕਿ ਉਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ।
2010 by World Bible Translation Center