Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 66

ਨਿਰਦੇਸ਼ਕ ਲਈ: ਉਸਤਤਿ ਦਾ ਇੱਕ ਗੀਤ।

66 ਧਰਤੀ ਉਤਲੀ ਹਰ ਸ਼ੈਅ, ਪਰਮੇਸ਼ੁਰ ਅੱਗੇ ਖੁਸ਼ੀ ਨਾਲ ਕੂਕਦੀ ਹੈ।
ਉਸ ਦੇ ਮਹਿਮਾਮਈ ਨਾਮ ਦੀ ਉਸਤਤਿ ਕਰੋ।
    ਉਸਤਤਿ ਦੇ ਗੀਤਾਂ ਨਾਲ ਉਸਦਾ ਸਤਿਕਾਰ ਕਰੋ।
ਪਰਮੇਸ਼ੁਰ ਨੂੰ ਆਖੋ, “ਉਸਦੇ ਕੰਮ ਇੰਨੇ ਅਦਭੁਤ ਹਨ।
    ਹੇ ਪਰਮੇਸ਼ੁਰ, ਤੁਹਾਡੀ ਸ਼ਕਤੀ ਬਹੁਤ ਮਹਾਨ ਹੈ, ਤੁਹਾਡੇ ਵੈਰੀ ਝੁਕ ਗਏ ਹਨ, ਉਹ ਤੁਹਾਡੇ ਪਾਸੋਂ ਭੈਭੀਤ ਹਨ।
ਸਾਰੀ ਦੁਨੀਆਂ ਤੁਹਾਡੀ ਉਪਾਸਨਾ ਕਰੇ,
    ਹਰ ਕੋਈ ਤੁਹਾਡੇ ਨਾਮ ਦੀ ਉਸਤਤਿ ਗਾਵੇ।”

ਉਨ੍ਹਾਂ ਚੀਜ਼ਾਂ ਵੱਲ ਵੇਖੋ ਜਿਹੜੀਆਂ ਪਰਮੇਸ਼ੁਰ ਨੇ ਸਾਜੀਆਂ।
    ਉਹ ਚੀਜ਼ਾਂ ਸਾਨੂੰ ਹੈਰਾਨ ਕਰਦੀਆਂ ਹਨ।
ਉਸ ਦੇ ਲੋਕ ਤੁਰਕੇ ਦਰਿਆ ਪਾਰ ਕਰ ਗਏ
    ਅਤੇ ਉਨ੍ਹਾਂ ਨੇ ਉਸਦੀ ਕੀਤੀ ਮਹਾਨ ਗੱਲ ਬਾਰੇ ਆਨੰਦ ਮਾਣਿਆ।
ਪਰਮੇਸ਼ੁਰ ਆਪਣੀ ਮਹਾਨ ਸ਼ਕਤੀ ਨਾਲ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ;
    ਉਹ ਹਰ ਜਗ਼੍ਹਾ ਲੋਕਾਂ ਨੂੰ ਤੱਕਦਾ ਹੈ।
    ਕੋਈ ਅਜਿਹਾ ਬੰਦਾ ਨਹੀਂ ਜੋ ਉਸ ਦੇ ਖਿਲਾਫ਼ ਵਿਦ੍ਰੋਹ ਕਰ ਸੱਕੇ।

ਲੋਕੋ, ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ;
    ਉਸ ਨੂੰ ਉੱਚੀ-ਉੱਚੀ ਉਸਤਤਿ ਦੇ ਗੀਤ ਗਾਵੋ।
ਪਰਮੇਸ਼ੁਰ ਨੇ ਸਾਨੂੰ ਜ਼ਿੰਦਗੀ ਦਿੱਤੀ,
    ਅਤੇ ਪਰਮੇਸ਼ੁਰ ਸਾਡੀ ਰੱਖਿਆ ਕਰਦਾ ਹੈ।
10 ਪਰਮੇਸ਼ੁਰ ਨੇ ਸਾਡੀ ਪਰੱਖ ਕੀਤੀ, ਜਿਵੇਂ ਲੋਕੀਂ ਚਾਂਦੀ ਅੱਗ ਨਾਲ ਪਰੱਖਦੇ ਹਨ।
11 ਹੇ ਪਰਮੇਸ਼ੁਰ, ਤੁਸਾਂ ਅਸਾਂ ਨੂੰ ਫ਼ਸ ਜਾਣ ਦਿੱਤਾ,
    ਤੁਸੀਂ ਸਾਡੇ ਉੱਤੇ ਬਹੁਤ ਭਾਰ ਰੱਖ ਦਿੱਤਾ।
12 ਸਾਡੇ ਵੈਰੀਆਂ ਨੂੰ ਸਾਡੇ ਉੱਪਰੋਂ ਦੀ ਤੋਂਰਿਆ,
    ਤੁਸਾਂ ਸਾਨੂੰ ਅੱਗ ਅਤੇ ਪਾਣੀ ਵਿੱਚ ਦੀ ਧੂਹਿਆ।
    ਪਰ ਤੁਸੀਂ ਅਸਾਂ ਨੂੰ ਇੱਕ ਸੁਰੱਖਿਅਤ ਥਾਂ ਉੱਤੇ ਲੈ ਆਏ।
13-14 ਇਸ ਲਈ ਮੈਂ ਤੁਹਾਡੇ ਮੰਦਰ ਵਿੱਚ ਬਲੀਆਂ ਲੈ ਆਵਾਂਗਾ।
ਜਦੋਂ ਮੈਂ ਮੁਸੀਬਤ ਵਿੱਚ ਸਾਂ ਮੈਂ ਤੁਹਾਡੇ ਅੱਗੇ ਸਹਾਇਤਾ ਲਈ ਪੁਕਾਰ ਕੀਤੀ।
    ਹੁਣ ਮੈਂ ਤੁਹਾਡੇ ਨਾਲ ਬਹੁਤ ਇਕਰਾਰ ਕੀਤੇ,
ਮੈਂ ਉਹ ਚੀਜ਼ਾਂ ਭੇਟ ਕਰ ਰਿਹਾ ਜਿਨ੍ਹਾਂ ਦਾ ਇਕਰਾਰ ਕੀਤਾ ਸੀ।
15     ਮੈਂ ਤੁਹਾਨੂੰ ਆਪਣੇ ਪਾਪ ਲਈ ਚੜ੍ਹਾਵੇ ਭੇਟ ਕਰ ਰਿਹਾ ਹਾਂ।
    ਮੈਂ ਤੁਹਾਨੂੰ ਭੇਡੂਆਂ ਨਾਲ ਧੂਪ ਭੇਟ ਕਰ ਰਿਹਾ ਹਾਂ।
    ਮੈਂ ਤੁਹਾਨੂੰ ਸਾਂਨ੍ਹ ਅਤੇ ਬੱਕਰੀ ਭੇਟ ਕਰ ਰਿਹਾ ਹਾਂ।

16 ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲੇ ਤੁਸੀਂ ਸਾਰੇ ਲੋਕੋ,
    ਆਉ ਅਤੇ ਮੈਂ ਤੁਹਾਨੂੰ ਦੱਸਾਂਗਾ ਜੋ ਕੁਝ ਪਰਮੇਸ਼ੁਰ ਨੇ ਮੇਰੇ ਲਈ ਕੀਤਾ।
17-18 ਮੈਂ ਉਸ ਅੱਗੇ ਪ੍ਰਾਰਥਨਾ ਕੀਤੀ,
    ਮੈਂ ਉਸਦੀ ਉਸਤਤਿ ਕੀਤੀ।
ਮੇਰਾ ਹਿਰਦਾ ਸ਼ੁੱਧ ਸੀ,
    ਇਸ ਲਈ ਮੇਰੇ ਮਾਲਕ ਨੇ ਮੇਰੀ ਗੱਲ ਸੁਣੀ।
19 ਪਰਮੇਸ਼ੁਰ ਨੇ ਮੈਨੂੰ ਸੁਣਿਆ,
    ਪਰਮੇਸ਼ੁਰ ਨੇ ਮੇਰੀ ਪ੍ਰਾਰਥਨਾ ਸੁਣੀ।
20 ਪਰਮੇਸ਼ੁਰ ਦੀ ਉਸਤਤਿ ਕਰੋ।
    ਪਰਮੇਸ਼ੁਰ ਮੇਰੇ ਕੋਲੋਂ ਦੂਰ ਨਹੀਂ ਗਿਆ। ਉਸ ਨੇ ਮੇਰੀ ਪ੍ਰਾਰਥਨਾ ਸੁਣੀ।
    ਪਰਮੇਸ਼ੁਰ ਨੇ ਮੇਰੇ ਨਾਲ ਆਪਣਾ ਪਿਆਰ ਦਰਸਾਇਆ।

ਹਿਜ਼ਕੀਏਲ 2:1-7

The Lord Speaks to Ezekiel

ਆਵਾਜ਼ ਨੇ ਆਖਿਆ, “ਆਦਮੀ ਦੇ ਪੁੱਤਰ, [a] ਉੱਠ ਕੇ ਖਲੋ ਜਾ ਅਤੇ ਮੈਂ ਤੇਰੇ ਨਾਲ ਗੱਲ ਕਰਾਂਗਾ।”

ਫ਼ੇਰ ਇੱਕ ਹਵਾ ਵਗੀ ਅਤੇ ਮੈਨੂੰ ਚੁੱਕ ਕੇ ਪੈਰਾਂ ਤੇ ਖੜ੍ਹਾ ਕਰ ਦਿੱਤਾ। ਅਤੇ ਮੈਂ ਉਸ ਵਿਅਕਤੀ (ਪਰਮੇਸ਼ੁਰ) ਨੂੰ ਸੁਣਿਆ ਜਿਸਨੇ ਮੇਰੇ ਨਾਲ ਗੱਲ ਕੀਤੀ ਸੀ। ਉਸ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰਨ ਲਈ ਭੇਜ ਰਿਹਾ ਹਾਂ। ਉਹ ਲੋਕ ਬਹੁਤ ਵਾਰੀ ਮੇਰੇ ਵਿਰੁੱਧ ਹੋਏ। ਅਤੇ ਉਨ੍ਹਾਂ ਦੇ ਪੁਰਖੇ ਮੇਰੇ ਵਿਰੁੱਧ ਹੋਏ। ਉਨ੍ਹਾਂ ਨੇ ਮੇਰੇ ਵਿਰੁੱਧ ਬਹੁਤ ਵਾਰੀ ਪਾਪ ਕੀਤਾ ਹੈ-ਅਤੇ ਉਹ ਅੱਜ ਦਿਨ ਤੱਕ ਵੀ ਮੇਰੇ ਖਿਲਾਫ਼ ਪਾਪ ਕਰੀ ਜਾ ਰਹੇ ਹਨ। ਮੈਂ ਤੈਨੂੰ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਭੇਜ ਰਿਹਾ ਹਾਂ। ਪਰ ਉਹ ਬਹੁਤ ਜ਼ਿੱਦੀ ਹਨ। ਉਹ ਬਹੁਤ ਸਖਤ ਦਿਲ ਹਨ। ਪਰ ਤੂੰ ਉਨ੍ਹਾਂ ਨਾਲ ਜ਼ਰੂਰ ਗੱਲ ਕਰੀਂ। ਤੂੰ ਇਹ ਜ਼ਰੂਰ ਆਖੀਂ, ‘ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ।’ ਪਰ ਉਹ ਲੋਕ ਤੇਰੀ ਗੱਲ ਨਹੀਂ ਸੁਣਨਗੇ। ਉਹ ਮੇਰੇ ਵਿਰੁੱਧ ਪਾਪ ਕਰਨ ਤੋਂ ਨਹੀਂ ਹਟਣਗੇ। ਕਿਉਂ ਕਿ ਉਹ ਲੋਕ ਬਹੁਤ ਵਿਦਰੋਹੀ ਹਨ-ਉਹ ਹਮੇਸ਼ਾ ਮੇਰੇ ਵਿਰੁੱਧ ਹੋ ਜਾਂਦੇ ਹਨ। ਪਰ ਤੂੰ ਉਨ੍ਹਾਂ ਨੂੰ ਇਹ ਗੱਲਾਂ ਜ਼ਰੂਰ ਆਖੀਂ ਤਾਂ ਜੋ ਉਹ ਜਾਣ ਲੈਣ ਕਿ ਉਨ੍ਹਾਂ ਦੇ ਦਰਮਿਆਨ ਇੱਕ ਨਬੀ ਰਹਿੰਦਾ ਹੈ।

“ਆਦਮੀ ਦੇ ਪੁੱਤਰ, ਉਨ੍ਹਾਂ ਲੋਕਾਂ ਤੋਂ ਭੈਭੀਤ ਨਾ ਹੋਵੀਂ। ਉਨ੍ਹਾਂ ਦੀਆਂ ਆਖੀਆਂ ਗੱਲਾਂ ਤੋਂ ਭੈਭੀਤ ਨਾ ਹੋਵੀਂ। ਇਹ ਸੱਚ ਹੈ ਕਿ ਉਹ ਤੇਰੇ ਖਿਲਾਫ਼ ਹੋ ਜਾਣਗੇ ਅਤੇ ਤੈਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਕਰਨਗੇ। ਉਹ ਕੰਡਿਆਂ ਵਰਗੇ ਹੋਣਗੇ। ਤੂੰ ਸੋਚੇਂਗਾ ਜਿਵੇਂ ਤੂੰ ਬਿਛੂਆਂ ਦੇ ਦਰਮਿਆਨ ਰਹਿ ਰਿਹਾ ਹੈ। ਪਰ ਉਨ੍ਹਾਂ ਦੀਆਂ ਆਖੀਆਂ ਗੱਲਾਂ ਤੋਂ ਭੈਭੀਤ ਨਾ ਹੋਵੀਂ। ਉਹ ਵਿਦਰੋਹੀ ਬੰਦੇ ਹਨ। ਪਰ ਉਨ੍ਹਾਂ ਤੋਂ ਭੈਭੀਤ ਨਾ ਹੋਵੀ। ਤੂੰ ਉਨ੍ਹਾਂ ਨੂੰ ਉਹ ਗੱਲਾਂ ਜ਼ਰੂਰ ਆਖੀਂ ਜੋ ਮੈਂ ਤੈਨੂੰ ਦੱਸਦਾ ਹਾਂ। ਮੈਂ ਜਾਣਦਾ ਹਾਂ ਕਿ ਉਹ ਤੇਰੀ ਗੱਲ ਨਹੀਂ ਸੁਣਨਗੇ। ਅਤੇ ਉਹ ਮੇਰੇ ਵਿਰੁੱਧ ਪਾਪ ਕਰਨ ਤੋਂ ਨਹੀਂ ਹਟਣਗੇ! ਕਿਉਂ? ਕਿਉਂ ਕਿ ਉਹ ਵਿਦਰੋਹੀ ਬੰਦੇ ਹਨ।

ਰਸੂਲਾਂ ਦੇ ਕਰਤੱਬ 11:1-18

ਪਤਰਸ ਦਾ ਯਰੂਸ਼ਲਮ ਨੂੰ ਪਰਤਣਾ

11 ਯਹੂਦਿਯਾ ਵਿੱਚ ਰਸੂਲ ਅਤੇ ਭਰਾ ਜਾਣ ਗਏ ਕਿ ਗੈਰ-ਯਹੂਦੀ ਲੋਕਾਂ ਨੇ ਵੀ ਪਰਮੇਸ਼ੁਰ ਦੇ ਬਚਨਾਂ ਨੂੰ ਕਬੂਲ ਲਿਆ ਹੈ। ਪਰ ਜਦੋਂ ਪਤਰਸ ਯਰੂਸ਼ਲਮ ਨੂੰ ਵਾਪਸ ਆਇਆ, ਤਾਂ ਕੁਝ ਯਹੂਦੀ ਨਿਹਚਾਵਾਨਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਆਖਿਆ, “ਤੂੰ ਉਨ੍ਹਾਂ ਲੋਕਾਂ ਵੱਲ ਗਿਆ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ। ਸਗੋਂ ਤੂੰ ਉਨ੍ਹਾਂ ਨਾਲ ਰਲਕੇ ਭੋਜਨ ਵੀ ਕੀਤਾ।”

ਤਾਂ ਪਤਰਸ ਨੇ ਉਨ੍ਹਾਂ ਨੂੰ ਇਹ ਸਾਰਾ ਬਿਰਤਾਂਤ ਸੁਣਾਇਆ ਅਤੇ ਕਿਹਾ, “ਜਦੋਂ ਮੈਂ ਯੱਪਾ ਸ਼ਹਿਰ ਵਿੱਚ ਸੀ, ਮੈਂ ਪ੍ਰਾਰਥਨਾ ਕਰਦੇ ਹੋਇਆਂ ਇੱਕ ਨਜ਼ਾਰੇ ਦਾ ਦਰਸ਼ਨ ਕੀਤਾ। ਉਸ ਦਰਸ਼ਨ ਵਿੱਚ ਮੈਂ ਕੁਝ ਅਕਾਸ਼ ਤੋਂ ਉੱਤਰਦਾ ਹੋਇਆ ਵੇਖਿਆ ਜੋ ਕਿ ਇੱਕ ਵੱਡੀ ਚਾਦਰ ਦੇ ਅਕਾਰ ਜਿਹਾ ਸੀ, ਜਿਸਦੇ ਚਾਰੇ ਪਲ੍ਹੇ ਬੰਨ੍ਹੇ ਹੋਏ ਸਨ, ਉਹ ਥੱਲੇ ਉੱਤਰਿਆ ਤੇ ਮੇਰੇ ਬੜੇ ਨਜ਼ਦੀਕ ਆਕੇ ਰੁਕ ਗਿਆ। ਮੈਂ ਉਸ ਦੇ ਅੰਦਰ ਵੇਖਿਆ ਤਾਂ ਉਸ ਵਿੱਚ ਜੰਗਲੀ ਤੇ ਪਾਲਤੂ ਜਾਨਵਰ, ਰੀਂਗਣ ਵਾਲੇ ਜੀਵ, ਅਕਾਸ਼ ਤੇ ਉੱਡਣ ਵਾਲੇ ਪੰਛੀ ਸਨ। ਮੈਂ ਇੱਕ ਅਵਾਜ਼ ਸੁਣੀ ਜੋ ਮੈਨੂੰ ਕਹਿ ਰਹੀ ਸੀ ‘ਪਤਰਸ ਉੱਠ, ਖਲੋ ਅਤੇ ਇਸ ਵਿੱਚੋਂ ਕਿਸੇ ਵੀ ਜੀਵ ਨੂੰ ਮਾਰਕੇ ਖਾ ਲੈ।’

“ਪਰ ਮੈਂ ਕਿਹਾ, ‘ਪ੍ਰਭੂ ਮੈਂ ਅਜਿਹਾ ਕਦੇ ਵੀ ਨਹੀਂ ਕਰ ਸੱਕਦਾ, ਮੈਂ ਕਦੇ ਵੀ ਕਿਸੇ ਅਸ਼ੁੱਧ ਜਾਂ ਅਪਵਿੱਤਰ ਵਸਤੂ ਦਾ ਸੇਵਨ ਨਹੀਂ ਕੀਤਾ।’

“ਪਰ ਅਕਾਸ਼ ਵੱਲੋਂ ਅਵਾਜ਼ ਨੇ ਫ਼ਿਰ ਉੱਤਰ ਦਿੱਤਾ, ‘ਪਰਮੇਸ਼ੁਰ ਨੇ ਇਹ ਵਸਤਾਂ ਪਵਿੱਤਰ ਬਣਾਈਆਂ ਹਨ, ਇਨ੍ਹਾਂ ਨੂੰ ਅਪਵਿੱਤਰ ਨਾ ਆਖ।’

10 “ਇੰਝ ਤਿੰਨ ਵਾਰ ਵਾਪਰਿਆ ਅਤੇ ਫ਼ੇਰ ਉਹ ਸਾਰੀਆਂ ਚੀਜ਼ਾਂ ਵਾਪਸ ਉੱਪਰ ਅਕਾਸ਼ ਵੱਲ ਲਿਜਾਈਆਂ ਗਈਆਂ। 11 ਉਸੇ ਵਕਤ, ਤਿੰਨ ਆਦਮੀ ਉਸ ਜਗ਼੍ਹਾ ਆਏ ਜਿੱਥੇ ਮੈਂ ਰਹਿ ਰਿਹਾ ਸੀ। ਇਹ ਤਿੰਨ ਆਦਮੀ ਕੈਸਰਿਯਾ ਸ਼ਹਿਰ ਤੋਂ ਮੇਰੇ ਕੋਲ ਭੇਜੇ ਗਏ ਸਨ। 12 ਆਤਮਾ ਨੇ ਮੈਨੂੰ ਉਨ੍ਹਾਂ ਨਾਲ ਬਿਨਾ ਝਿਜਕ ਜਾਣ ਨੂੰ ਕਿਹਾ। ਇਹ ਛੇ ਭਰਾ, ਜੋ ਇੱਥੇ ਮੇਰੇ ਨਾਲ ਹਨ, ਇਹ ਵੀ ਮੇਰੇ ਨਾਲ ਗਏ। ਅਸੀਂ ਕੁਰਨੇਲਿਯੁਸ ਦੇ ਘਰ ਗਏ। 13 ਉਸ ਨੇ ਸਾਨੂੰ ਕਿਹਾ, ਉਸ ਦੇ ਘਰ ਇੱਕ ਦੂਤ ਪ੍ਰਗਟਿਆ ਅਤੇ ਦੂਤ ਨੇ ਉਸ ਨੂੰ ਆਖਿਆ, ‘ਕੁਝ ਆਦਮੀਆਂ ਨੂੰ ਯੱਪਾ ਵਿੱਚ ਭੇਜ ਤਾਂ ਕਿ ਉਹ ਸ਼ਮਊਨ ਪਤਰਸ ਨੂੰ ਸੱਦਾ ਦੇਣ। 14 ਉਹ ਤੈਨੂੰ ਉਹ ਗੱਲਾਂ ਦਸੇਗਾ ਜੋ ਤੈਨੂੰ ਅਤੇ ਤੇਰੇ ਘਰ ਵਿੱਚ ਸਾਰਿਆਂ ਨੂੰ ਬਚਾ ਸੱਕਦੀਆਂ ਹਨ।’

15 “ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਤਾਂ ਉਸੇ ਢੰਗ ਨਾਲ ਪਵਿੱਤਰ ਆਤਮਾ ਉਨ੍ਹਾਂ ਉੱਪਰ ਆਇਆ ਜਿਵੇਂ ਅਰੰਭ ਵਿੱਚ ਸਾਡੇ ਉੱਪਰ ਆਇਆ ਸੀ। 16 ਤਦ ਮੈਨੂੰ ਪ੍ਰਭੂ ਦੇ ਬਚਨ ਚੇਤੇ ਆਏ। ਪ੍ਰਭੂ ਨੇ ਆਖਿਆ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਸੀ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।’ 17 ਇਸ ਲਈ ਜੇਕਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹੀ ਦਾਤ ਪ੍ਰਦਾਨ ਕੀਤੀ ਹੈ ਜੋ ਉਸ ਨੇ ਸਾਨੂੰ ਦਿੱਤੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ, ਤਾਂ ਫ਼ਿਰ ਪਰਮੇਸ਼ੁਰ ਦੇ ਕਾਰਜ ਦਾ ਵਿਰੋਧ ਕਰਨ ਵਾਲਾ ਮੈਂ ਕੌਣ ਸੀ?”

18 ਜਦੋਂ ਯਹੂਦੀ ਨਿਹਚਾਵਾਨਾ ਨੇ ਇਹ ਸਭ ਸੁਣਿਆ ਤਾਂ ਉਨ੍ਹਾਂ ਨੇ ਬਹਿਸ ਕਰਨੀ ਬੰਦ ਕੀਤੀ ਅਤੇ ਪਰਮੇਸ਼ੁਰ ਦੀ ਉਸਤਤਿ ਕਰਦੇ ਹੋਏ ਆਖਿਆ, “ਇਸਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਵੀ ਮੌਕਾ ਦਿੱਤਾ ਹੈ ਕਿ ਉਹ ਵੀ ਆਪਣੇ ਆਪ ਨੂੰ ਬਦਲ ਕੇ ਸਾਡੇ ਵਰਗਾ ਜੀਵਨ ਬਤੀਤ ਕਰ ਸੱਕਣ।”

ਜ਼ਬੂਰ 97

97 ਯਹੋਵਾਹ ਰਾਜ ਕਰਦਾ ਹੈ ਅਤੇ ਧਰਤੀ ਖੁਸ਼ ਹੈ।
    ਦੂਰ ਦੁਰਾਡੇ ਦੇ ਸਾਰੇ ਦੇਸ਼, ਖੁਸ਼ ਹਨ।
ਘਨਘੋਰ ਬੱਦਲਾਂ ਨੇ ਯਹੋਵਾਹ ਨੂੰ ਘੇਰਿਆ ਹੋਇਆ ਹੈ।
    ਚੰਗਿਆਈ ਅਤੇ ਇਨਸਾਫ਼ ਉਸ ਦੇ ਰਾਜ ਨੂੰ ਮਜ਼ਬੂਤ ਬਣਾਉਂਦੇ ਹਨ।
ਯਹੋਵਾਹ ਦੇ ਸਾਹਮਣੇ ਅੱਗ ਬਲਦੀ ਹੈ
    ਅਤੇ ਉਸ ਦੇ ਦੁਸ਼ਮਣਾਂ ਨੂੰ ਤਬਾਹ ਕਰਦੀ ਹੈ।
ਉਸਦੀ ਬਿਜਲੀ ਚਮਕ ਆਕਾਸ਼ ਵਿੱਚ ਚਮਕਦੀ ਹੈ
    ਲੋਕ ਇਸ ਨੂੰ ਵੇਖਦੇ ਹਨ ਅਤੇ ਭੈਭੀਤ ਹੋ ਜਾਂਦੇ ਹਨ।
ਧਰਤੀ ਦੇ ਮਾਲਕ ਯਹੋਵਾਹ ਦੇ ਸਾਹਮਣੇ
    ਪਰਬਤ ਮੋਮ ਵਾਂਗ ਪਿਘਲਦੇ ਹਨ।
ਹੇ ਸਵਰਗਾ, ਉਸਦੀ ਚੰਗਿਆਈ ਬਾਰੇ ਦੱਸ।
    ਹਰ ਆਦਮੀ ਨੂੰ ਪਰਮੇਸ਼ੁਰ ਦੀ ਮਹਿਮਾ ਵੇਖਣ ਦਿਉ।

ਲੋਕ ਆਪਣੀਆਂ ਮੂਰਤੀਆਂ ਦੀ ਉਪਾਸਨਾ ਕਰਦੇ ਹਨ।
    ਉਹ ਆਪਣੇ “ਦੇਵਤਿਆਂ” ਬਾਰੇ ਡੀਂਗਾ ਮਾਰਦੇ ਹਨ।
ਪਰ ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਕੀਤਾ ਜਾਵੇਗਾ।
    ਉਨ੍ਹਾਂ ਦੇ “ਦੇਵਤੇ” ਝੁਕ ਜਾਵਣਗੇ ਅਤੇ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
ਹੇ ਸੀਯੋਨ ਹੁਣ ਖੁਸ਼ ਹੋ।
    ਯਹੂਦਾਹ ਦੇ ਸ਼ਹਿਰੋ ਖੁਸ਼ ਹੋਵੋ।
    ਕਿਉਂਕਿ ਯਹੋਵਾਹ ਸਿਆਣੇ ਨਿਆਂ ਕਰਦਾ ਹੈ।
ਹੇ ਸਭ ਤੋਂ ਉੱਚੇ ਯਹੋਵਾਹ ਅਸਲ ਵਿੱਚ ਤੁਸੀਂ ਹੀ ਧਰਤੀ ਦੇ ਹਾਕਮ ਹੋ।
    ਤੁਸੀਂ ਬਹੁਤਿਆਂ “ਦੇਵਤਿਆਂ” ਨਾਲੋਂ ਵੱਧੀਆ ਹੋ।
10 ਜਿਹੜੇ ਬੰਦੇ ਯਹੋਵਾਹ ਨੂੰ ਨਫ਼ਰਤ ਕਰਦੇ ਹਨ ਉਹ ਬਦੀ ਨੂੰ ਨਫ਼ਰਤ ਕਰਦੇ ਹਨ।
    ਇਸ ਲਈ ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬਚਾਉਂਦਾ ਹੈ।
    ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬੁਰੇ ਵਿਅਕਤੀਆਂ ਤੋਂ ਬਚਾਉਂਦਾ ਹੈ।
11 ਨੇਕ ਲੋਕਾਂ ਉੱਤੇ ਰੌਸ਼ਨੀ ਅਤੇ ਖੁਸ਼ੀ ਚਮਕਦੀ ਹੈ।
12 ਚੰਗੇ ਲੋਕੋ, ਯਹੋਵਾਹ ਵਿੱਚ ਖੁਸ਼ ਹੋਵੋ।
    ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।

ਜ਼ਬੂਰ 138

ਦਾਊਦ ਦਾ ਇੱਕ ਗੀਤ।

138 ਹੇ ਪਰਮੇਸ਼ੁਰ, ਮੈਂ ਪੂਰੇ ਦਿਲ ਨਾਲ ਤੇਰੀ ਉਸਤਤਿ ਕਰਦਾ ਹਾਂ।
    ਮੈਂ ਸਾਰੇ ਦੇਵਤਿਆ ਸਾਹਮਣੇ ਤੇਰੇ ਗੀਤ ਗਾਵਾਂਗਾ।
ਹੇ ਪਰਮੇਸ਼ੁਰ, ਮੈਂ ਤੇਰੇ ਪਵਿੱਤਰ ਮੰਦਰ ਨੂੰ ਸਿਜਦਾ ਕਰਦਾ ਹਾਂ।
    ਮੈਂ ਤੇਰੇ ਨਾਮ ਦੀ, ਤੇਰੇ ਸੱਚੇ ਪਿਆਰ ਦੀ, ਅਤੇ ਤੇਰੀ ਵਫ਼ਾਦਾਰੀ ਦੀ ਉਸਤਤਿ ਕਰਦਾ ਹਾਂ।
ਤੂੰ ਆਪਣੇ ਸ਼ਬਦ ਦੀ ਸ਼ਕਤੀ ਲਈ ਮਸ਼ਹੂਰ ਹੈਂ ਹੁਣ ਤੂੰ ਇਸ ਨੂੰ ਹੋਰ ਵੀ ਮਹਾਨ ਬਣਾ ਦਿੱਤਾ ਹੈ।
ਹੇ ਪਰਮੇਸ਼ੁਰ, ਮੈਂ ਤੈਨੂੰ ਮਦਦ ਲਈ ਪੁਕਾਰਿਆ।
    ਅਤੇ ਤੁਸੀਂ ਮੈਨੂੰ ਉੱਤਰ ਦਿੱਤਾ! ਤੁਸੀਂ ਮੈਨੂੰ ਸ਼ਕਤੀ ਦਿੱਤੀ।

ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੁਹਾਡੀ ਉਸਤਤਿ ਕਰਨਗੇ।
    ਜਦੋਂ ਜੋ ਤੁਸੀਂ ਆਖੋਂਗੇ ਉਹ ਸੁਣਨਗੇ।
ਉਹ ਯਹੋਵਾਹ ਦੇ ਰਸਤੇ ਬਾਰੇ ਗਾਉਣਗੇ।
    ਕਿਉਂਕਿ ਯਹੋਵਾਹ ਦੀ ਮਹਿਮਾ ਬਹੁਤ ਮਹਾਨ ਹੈ।
ਪਰਮੇਸ਼ੁਰ ਬਹੁਤ ਮਹੱਤਵਪੂਰਣ ਹੈ।
    ਪਰ ਫ਼ੇਰ ਵੀ ਉਹ ਨਿਮਾਣੇ ਲੋਕਾਂ ਦੀ ਪਾਲਣਾ ਕਰਦਾ ਹੈ।
ਜੋ ਗੁਮਾਨੀ ਲੋਕ ਕਰਦੇ ਹਨ ਉਹ ਜਾਣਦਾ ਹੈ।
    ਪਰ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
ਹੇ ਪਰਮੇਸ਼ੁਰ, ਜੇ ਮੈਂ ਮੁਸੀਬਤਾਂ ਵਿੱਚ ਹੋਵਾਂ ਤਾਂ ਮੈਨੂੰ ਜਿੰਦਾ ਰੱਖੀਂ।
    ਜੋ ਮੇਰੇ ਦੁਸ਼ਮਣ ਮੇਰੇ ਉੱਤੇ ਕ੍ਰੋਧਵਾਨ ਹੋਣ ਤਾਂ ਮੈਨੂੰ ਉਨ੍ਹਾਂ ਕੋਲੋਂ ਬਚਾਈ।
ਯਹੋਵਾਹ, ਮੈਨੂੰ ਉਹ ਚੀਜ਼ਾਂ ਦੇਵੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ।
    ਯਹੋਵਾਹ, ਤੁਹਾਡਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਯਹੋਵਾਹ, ਤੁਸੀਂ ਸਾਨੂੰ ਸਾਜਿਆ, ਇਸ ਲਈ ਸਾਨੂੰ ਨਾ ਛੱਡੋ।

ਗਲਾਤੀਆਂ ਨੂੰ 2:1-9

ਹੋਰਾਂ ਰਸੂਲਾਂ ਨੇ ਪੌਲੁਸ ਨੂੰ ਪ੍ਰਵਾਨ ਕੀਤਾ

ਚੌਦਾਂ ਸਾਲਾਂ ਬਾਦ ਮੈਂ ਇੱਕ ਵਾਰ ਫ਼ੇਰ ਯਰੂਸ਼ਲਮ ਗਿਆ। ਮੈਂ ਉੱਥੇ ਬਰਨਬਾਸ ਦੇ ਨਾਲ ਗਿਆ ਅਤੇ ਆਪਣੇ ਸੰਗ ਤੀਤੁਸ ਨੂੰ ਵੀ ਲੈ ਗਿਆ। ਮੈਂ ਇਸ ਲਈ ਗਿਆ ਕਿਉਂ ਕਿ ਪਰਮੇਸ਼ੁਰ ਨੇ ਮੈਨੂੰ ਨਿਰਦੇਸ਼ ਦਿੱਤਾ ਸੀ ਕਿ ਮੈਨੂੰ ਜਾਣਾ ਚਾਹੀਦਾ ਹੈ। ਮੈਂ ਉਨ੍ਹਾਂ ਲੋਕਾਂ ਕੋਲ ਗਿਆ ਜਿਹੜੇ ਵਿਸ਼ਵਾਸੀਆਂ ਦੇ ਆਗੂ ਸਨ। ਜਦੋਂ ਅਸੀਂ ਆਗੂਆਂ ਨਾਲ ਇੱਕਲੇ ਸਾਂ, ਮੈਂ ਉਨ੍ਹਾਂ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਮੈਂ ਚਾਹੁੰਦਾ ਸੀ ਕਿ ਇਹ ਲੋਕ ਮੇਰੇ ਕਾਰਜ ਨੂੰ ਸਮਝ ਲੈਣ ਤਾਂ ਜੋ ਮੇਰਾ ਪਹਿਲਾਂ ਕੀਤਾ ਹੋਇਆ ਕਾਰਜ ਅਤੇ ਹੁਣ ਦਾ ਕਾਰਜ ਵਿਅਰਥ ਨਾ ਜਾਵੇ।

3-4 ਮੇਰੇ ਨਾਲ ਤੀਤੁਸ ਵੀ ਸੀ। ਤੀਤੁਸ ਇੱਕ ਯੂਨਾਨੀ ਹੈ। ਪਰ ਇਨ੍ਹਾਂ ਆਗੂਆਂ ਨੇ ਤੀਤੁਸ ਨੂੰ ਵੀ ਸੁੰਨਤ ਕਰਨ ਤੇ ਮਜਬੂਰ ਨਹੀਂ ਕੀਤਾ। ਇਨ੍ਹਾਂ ਗੱਲਾਂ ਬਾਰੇ ਗੱਲ ਕਰਨੀ ਸਾਡੇ ਲਈ ਜ਼ਰੂਰੀ ਹੈ ਕਿਉਂ ਕਿ ਕੁਝ ਨਕਲੀ ਭਰਾ ਚੋਰੀ ਛੁੱਪੇ ਸਾਡੇ ਸਮੂਹ ਅੰਦਰ ਆ ਵੜੇ ਸਨ। ਉਹ ਜਸੂਸਾਂ ਦੀ ਤਰ੍ਹਾਂ ਮਸੀਹ ਯਿਸੂ ਵਿੱਚ ਸਾਡੀ ਸੁਤੰਤਰਤਾ ਬਾਰੇ ਜਾਣ ਗਏ ਸਨ। ਪਰ ਅਸੀਂ ਆਪਣੇ ਆਪ ਨੂੰ ਇੱਕ ਘੜੀ ਲਈ ਵੀ ਇਨ੍ਹਾਂ ਝੂਠੇ ਭਰਾਵਾਂ ਦੀਆਂ ਮੰਗਾਂ ਦੇ ਹਵਾਲੇ ਨਹੀਂ ਕੀਤਾ। ਅਸੀਂ ਤਾਂ ਖੁਸ਼ਖਬਰੀ ਦੇ ਸੱਚ ਨੂੰ ਤੁਹਾਡੇ ਲਈ ਬਨਾਉਣਾ ਚਾਹੁੰਦੇ ਹਾਂ।

ਜਿਹੜੇ ਲੋਕ ਮਹੱਤਵਪੂਰਣ ਲੱਗਦੇ ਹਨ ਉਨ੍ਹਾਂ ਨੇ ਖੁਸ਼ਖਬਰੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਿਸਦਾ ਮੈਂ ਪ੍ਰਚਾਰ ਕਰ ਰਿਹਾ ਸਾਂ। ਮੇਰੇ ਲਈ ਇਸ ਗੱਲ ਦਾ ਕੋਈ ਅਰਥ ਨਹੀਂ ਸੀ ਕਿ ਉਹ “ਮਹੱਤਵਪੂਰਣ” ਹਨ, ਜਾਂ ਨਹੀਂ। ਪਰਮੇਸ਼ੁਰ ਲਈ ਸਾਰੇ ਮਨੁੱਖ ਬਰਾਬਰ ਹਨ। ਪਰ ਇਨ੍ਹਾਂ ਆਗੂਆਂ ਨੇ ਦੇਖਿਆ ਕਿ ਪਰਮੇਸ਼ੁਰ ਨੇ ਮੈਨੂੰ ਪਤਰਸ ਵਾਂਗ ਹੀ ਕੋਈ ਖਾਸ ਕਾਰਜ ਦਿੱਤਾ ਹੈ। ਪਰਮੇਸ਼ੁਰ ਨੇ ਪਤਰਸ ਨੂੰ ਯਹੂਦੀਆਂ ਨੂੰ ਖੁਸ਼ਖਬਰੀ ਦੇਣ ਦਾ ਕਾਰਜ ਦਿੱਤਾ ਸੀ। ਪਰ ਮੈਨੂੰ ਪਰਮੇਸ਼ੁਰ ਨੇ ਗੈਰ ਯਹੂਦੀ ਲੋਕਾਂ ਨੂੰ ਖੁਸ਼ਖਬਰੀ ਦੇਣ ਦਾ ਕੰਮ ਸੌਂਪਿਆ ਸੀ। ਪਰਮੇਸ਼ੁਰ ਨੇ ਪਤਰਸ ਨੂੰ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ। ਪਤਰਸ ਯਹੂਦੀ ਲੋਕਾਂ ਲਈ ਰਸੂਲ ਹੈ। ਪਰਮੇਸ਼ੁਰ ਨੇ ਮੈਨੂੰ ਵੀ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ ਪਰ ਮੈਂ ਉਨ੍ਹਾਂ ਲੋਕਾਂ ਦਾ ਰਸੂਲ ਹਾਂ ਜਿਹੜੇ ਯਹੂਦੀ ਨਹੀਂ ਹਨ। ਯਾਕੂਬ ਪਤਰਸ ਅਤੇ ਯੂਹੰਨਾ ਆਗੂ ਦਿਖਾਈ ਦਿੰਦੇ ਸਨ। ਉਨ੍ਹਾਂ ਨੇ ਵੇਖਿਆ ਕਿ ਪਰਮੇਸ਼ੁਰ ਨੇ ਮੇਰੇ ਤੇ ਵੀ ਇਹ ਵਿਸ਼ੇਸ਼ ਕਿਰਪਾ ਕੀਤੀ ਹੈ। ਇਸ ਲਈ ਉਨ੍ਹਾਂ ਨੇ ਮੈਨੂੰ ਅਤੇ ਬਰਨਬਾਸ ਨੂੰ ਪ੍ਰਵਾਨ ਕਰ ਲਿਆ। ਪਤਰਸ ਯਾਕੂਬ ਅਤੇ ਯੂਹੰਨਾ ਨੇ ਆਖਿਆ, “ਪੌਲੁਸ ਤੇ ਬਰਨਾਬਸ ਅਸੀਂ ਇਹ ਮੰਨਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਕੋਲ ਜਾਓ ਜਿਹੜੇ ਯਹੂਦੀ ਨਹੀਂ ਹਨ। ਅਸੀਂ ਯਹੂਦੀਆਂ ਕੋਲ ਜਾਵਾਂਗੇ।”

Punjabi Bible: Easy-to-Read Version (ERV-PA)

2010 by World Bible Translation Center