Book of Common Prayer
ਦਾਊਦ ਦਾ ਮਿਕਤਾਮ।
16 ਮੇਰੀ ਰੱਖਿਆ ਕਰੋ, ਪਰਮੇਸ਼ੁਰ, ਕਿਉਂਕਿ ਮੈਂ ਤੁਸਾਂ ਉੱਤੇ ਨਿਰਭਰ ਹਾਂ।
2 ਮੈਂ ਆਪਣੇ ਯਹੋਵਾਹ ਨੂੰ ਆਖਿਆ,
“ਹੇ ਪਰਮੇਸ਼ੁਰ, ਤੂੰ ਮੇਰਾ ਯਹੋਵਾਹ ਹੈਂ।
ਮੇਰੇ ਕੋਲ ਜੋ ਕੁਝ ਵੀ ਚੰਗਾ ਹੈ ਇਹ ਤੁਸਾਂ ਤੋਂ ਪ੍ਰਾਪਤ ਹੋਇਆ ਹੈ।”
3 ਯਹੋਵਾਹ, ਆਪਣੇ ਚੇਲਿਆਂ ਲਈ ਧਰਤੀ ਉੱਤੇ ਅਦਭੁਤ ਗੱਲਾਂ ਕਰਦਾ ਹੈ।
ਯਹੋਵਾਹ ਦਰਸਾਉਂਦਾ ਕਿ ਉਹ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦਾ ਹੈ।
4 ਪਰ ਉਹ ਜਿਹੜੇ ਹੋਰਾਂ ਦੇਵਤਿਆਂ ਦੀ ਪੂਜਾ ਕਰਨ ਲਈ ਭੱਜ ਜਾਂਦੇ ਹਨ, ਦਰਦ ਸਹਿਣਗੇ।
ਮੈਂ ਉਨ੍ਹਾਂ ਦੀਆਂ ਲਹੂ ਭੇਟਾਂ ਵਿੱਚ ਸਾਂਝ ਨਹੀਂ ਪਾਵਾਂਗਾ ਜਿਹੜੀਆਂ ਉਹ ਉਨ੍ਹਾਂ ਮੂਰਤੀਆਂ ਨੂੰ ਦਿੰਦੇ ਹਨ।
ਮੈਂ ਉਨ੍ਹਾਂ ਮੂਰਤੀਆਂ ਦੇ ਨਾਮ ਵੀ ਨਹੀਂ ਉੱਚਾਰਾਂਗਾ।
5 ਮੇਰਾ ਭੋਜਨ ਤੇ ਪਿਆਲਾ ਸਿਰਫ਼ ਪਰਮੇਸ਼ੁਰ ਪਾਸੋਂ ਆਉਂਦਾ ਹੈ।
ਜਿਸ ਤਰ੍ਹਾਂ ਕਿ ਯਹੋਵਾਹ ਨੇ ਮੈਨੂੰ ਮੇਰਾ ਵਿਰਸਾ [a] ਦਿੱਤਾ ਹੈ।
6 ਮੇਰੀ ਹਿੱਸੇ ਦੀ ਜ਼ਮੀਨ ਬਹੁਤ ਮਨਭਾਵਨੀ ਹੈ,
ਮੇਰਾ ਵਿਰਸਾ ਬਹੁਤ ਖੂਬਸੂਰਤ ਹੈ।
7 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਾ ਹਾਂ ਕਿਉਂਕਿ ਉਸ ਨੇ ਮੈਨੂੰ ਵੱਧੀਆ ਸਮਝਾਇਆ ਹੈ।
ਰਾਤ ਵੇਲੇ ਵੀ ਉਹ ਮੈਨੂੰ ਉਪਦੇਸ਼ ਦਿੰਦਾ ਹੈ ਅਤੇ ਮੇਰੇ ਮਨ ਦੇ ਧੁਰ ਅੰਦਰ ਚੰਗੀਆਂ ਸਾਲ੍ਹਾਵਾਂ ਰੱਖਦਾ ਹੈ।
8 ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ।
9 ਇਸੇ ਲਈ ਮੇਰੀ ਰੂਹ ਤੇ ਮੇਰਾ ਮਨ ਆਨੰਦ ਮਈ ਹੋਵਣਗੇ।
ਅਤੇ ਮੇਰਾ ਸ਼ਰੀਰ ਵੀ ਸੁਰੱਖਿਅਤ ਰਹੇਗਾ।
10 ਕਿਉਂਕਿ ਹੇ ਯਹੋਵਾਹ, ਤੂੰ ਮੇਰੀ ਰੂਹ ਨੂੰ ਮ੍ਰਿਤ ਲੋਕ ਵਿੱਚ ਦਾਖਲ ਨਹੀਂ ਹੋਣ ਦੇਵੇਂਗਾ।
ਅਤੇ ਤੂੰ ਆਪਣੇ ਇੱਕ ਵਫ਼ਾਦਾਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਂਗਾ।
11 ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ।
ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ।
ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।
ਦਾਊਦ ਦੀ ਪ੍ਰਾਰਥਨਾ।
17 ਯਹੋਵਾਹ, ਨਿਆਂ ਲਈ ਮੇਰੀ ਪ੍ਰਾਰਥਨਾ ਨੂੰ ਸੁਣ।
ਮੈਂ ਉੱਚੀ-ਉੱਚੀ ਤੁਹਾਨੂੰ ਹਾਕਾਂ ਮਾਰ ਰਿਹਾ ਹਾਂ।
ਮੈਂ ਉਸ ਵਿੱਚ ਇਮਾਨਦਾਰ ਹਾਂ ਜੋ ਮੈਂ ਆਖਦਾ ਹਾਂ,
ਇਸ ਲਈ ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ।
2 ਕਿਉਂਕਿ ਤੁਸੀਂ ਸੱਚ ਨੂੰ ਵੇਖ ਸੱਕਦੇ ਹੋਂ,
ਤੁਸੀਂ ਮੈਨੂੰ ਸੱਚ ਪ੍ਰਦਾਨ ਕਰੋਂਗੇ।
3 ਤੁਸੀਂ ਮੇਰੇ ਦਿਲ ਦੀ ਡੂੰਘਾਈ ਅੰਦਰ ਵੇਖਿਆ ਹੈ।
ਤੁਸੀਂ ਸਾਰੀ ਰਾਤ ਮੇਰੇ ਨਾਲ ਸੀ।
ਤੁਸੀਂ ਮੈਨੂੰ ਪਰੱਖਿਆ ਹੈ ਤੁਸੀਂ ਮੇਰੇ ਵਿੱਚ ਕੁਝ ਵੀ ਬੁਰਾਈ ਨਹੀਂ ਲੱਭੀ
ਨਾ ਹੀ ਮੈਂ ਕੋਈ ਵੀ ਮੰਦੀ ਵਿਉਂਤ ਬਣਾਈ ਸੀ।
4 ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਲਈ ਜਿੰਨੀ ਮਨੁੱਖੀ ਤੌਰ ਤੇ ਸੰਭਵ ਸੀ, ਕੋਸ਼ਿਸ਼ ਕੀਤੀ ਹੈ।
ਮੈਂ ਤੇਰੇ ਸਾਰੇ ਆਦੇਸ਼ਾਂ ਨੂੰ ਮੰਨਿਆ ਹੈ।
5 ਮੈਂ ਤੁਹਾਡੇ ਰਸਤਿਆਂ ਤੇ ਚੱਲਿਆ ਹਾਂ।
ਮੇਰੇ ਪਗ ਤੁਹਾਡੇ ਦੁਆਰਾ ਦੱਸੇ ਜੀਵਨ ਦੇ ਰਾਹ ਤੋਂ ਕਦੇ ਨਹੀਂ ਥਿੜਕੇ।
6 ਹਰ ਵਾਰੀ ਮੈਂ ਤੁਹਾਨੂੰ ਅਵਾਜ਼ ਦਿੱਤੀ, ਪਰਮੇਸ਼ੁਰ।
ਤੇ ਤੁਸੀਂ ਹੁਂਗਾਰਾ ਭਰਿਆ, ਇਸ ਲਈ ਹੁਣ ਕਿਰਪਾ ਕਰਕੇ ਮੈਨੂੰ ਸੁਣੋ।
7 ਹੇ ਪਰਮੇਸ਼ੁਰ, ਤੁਸੀਂ ਉਨ੍ਹਾਂ ਦੀ ਮਦਦ ਕਰੋ
ਜਿਹੜੇ ਤੁਸਾਂ ਵਿੱਚ ਆਸਥਾ ਰੱਖਦੇ ਹਨ ਉਹ ਲੋਕ ਆਉਂਦੇ ਹਨ
ਅਤੇ ਤੁਹਾਡੇ ਸੱਜੇ ਪਾਸੇ ਖਲੋਂਦੇ ਹਨ।
ਇਸ ਲਈ ਇਸ ਪ੍ਰਾਰਥਨਾ ਨੂੰ ਸੁਣੋ, ਜਿਹੜੀ ਤੁਹਾਡੇ ਇੱਕ ਚੇਲੇ ਵੱਲੋਂ ਹੈ।
8 ਮੇਰੀ ਰੱਖਿਆ ਆਪਣੀ ਅੱਖ ਦੀ ਗੁਠਲੀ ਵਾਂਗ ਕਰੋ।
ਮੈਨੂੰ ਆਪਣੇ ਖੰਬਾਂ ਦੀ ਛੱਤ ਹੇਠਾਂ ਛੁਪਾ ਲਵੋ।
9 ਯਹੋਵਾਹ, ਮੈਨੂੰ ਉਨ੍ਹਾਂ ਮੰਦੇ ਲੋਕਾਂ ਪਾਸੋਂ ਬਚਾਵੋ, ਜਿਹੜੇ ਮੇਰੀ ਬਰਬਾਦੀ ਲਈ ਕੰਮ ਕਰਦੇ ਹਨ।
ਹੇ ਪਰਮੇਸ਼ੁਰ ਮੈਨੂੰ ਘੇਰੀ ਹੋਏ ਲੋਕਾਂ ਤੋਂ ਮੇਰੀ ਰੱਖਿਆ ਕਰੋ, ਜਿਹੜੇ ਮੈਨੂੰ ਦੁੱਖੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
10 ਉਹ ਦੁਸ਼ਟ ਲੋਕ ਇੰਨੇ ਘਮੰਡੀ ਹਨ ਕਿ ਉਹ ਪਰਮੇਸ਼ੁਰ ਨੂੰ ਵੀ ਨਹੀਂ ਸੁਣਦੇ।
ਅਤੇ ਉਹ ਸਿਰਫ਼ ਆਪਣੇ ਆਪ ਬਾਰੇ ਹੀ ਸ਼ੇਖੀ ਮਾਰਦੇ ਹਨ।
11 ਉਨ੍ਹਾਂ ਨੇ ਬੇਚੈਨੀ ਨਾਲ ਮੇਰੀ ਭਾਲ ਕੀਤੀ।
ਉਨ੍ਹਾਂ ਨੇ ਮੈਨੂੰ ਘੇਰ ਲਿਆ,
ਅਤੇ ਹੁਣ ਹਮਲਾ ਕਰਨ ਲਈ ਤਿਆਰ ਹਨ।
12 ਉਹ ਮੰਦੇ ਲੋਕ ਸ਼ੇਰਾਂ ਵਰਗੇ ਹਨ, ਜਿਹੜੇ ਹੋਰਾਂ ਜਾਨਵਰਾਂ ਨੂੰ ਮਾਰ ਖਾਣ ਦੀ ਉਡੀਕ ਵਿੱਚ ਹਨ।
ਉਹ ਹਮਲਾ ਕਰਨ ਲਈ ਸ਼ੇਰਾਂ ਵਾਂਗ ਲੁਕਦੇ ਹਨ।
13 ਯਹੋਵਾਹ ਉੱਠੋ, ਅਤੇ ਦੁਸ਼ਮਣ ਵੱਲ ਜਾਵੋ,
ਉਨ੍ਹਾਂ ਕੋਲੋਂ ਸਮਰਪਣ ਕਰਾਉ।
ਆਪਣੀ ਤਲਵਾਰ ਵਰਤੋਂ ਅਤੇ ਉਨ੍ਹਾਂ ਦੁਸ਼ਟ ਲੋਕਾਂ ਕੋਲੋਂ ਮੇਰੀ ਰੱਖਿਆ ਕਰੋ।
14 ਹੇ ਯਹੋਵਾਹ, ਆਪਣੀ ਸ਼ਕਤੀ ਵਰਤੋਂ
ਤੇ ਜਿਉਂਦਿਆਂ ਲੋਕਾਂ ਦੀ ਧਰਤੀ ਤੋਂ ਬਦ ਰੂਹਾਂ ਨੂੰ ਦੂਰ ਕਰੋ।
ਯਹੋਵਾਹ, ਬਹੁਤ ਸਾਰੇ ਲੋਕ ਤੁਹਾਡੇ ਕੋਲ ਸਹਾਇਤਾ ਲਈ ਆਉਂਦੇ ਹਨ, ਉਨ੍ਹਾਂ ਲੋਕਾਂ ਕੋਲ ਆਪਣੇ ਜੀਵਨ ਵਿੱਚ ਬਹੁਤ ਕੁਝ ਨਹੀਂ ਹੈ।
ਉਨ੍ਹਾਂ ਨੂੰ ਕਾਫ਼ੀ ਭੋਜਨ ਦਿਉ।
ਉਨ੍ਹਾਂ ਲੋਕਾਂ ਦੇ ਬੱਚਿਆਂ ਨੂੰ ਉਹ ਦਿਉ ਜੋ ਵੀ ਉਹ ਚਾਹੁੰਦੇ ਹਨ।
ਬੱਚਿਆਂ ਨੂੰ ਇੰਨਾ ਸਾਰਾ ਭੋਜਨ ਦਿਉ, ਕਿ ਉਨ੍ਹਾਂ ਦਾ ਭੋਜਨ ਉਨ੍ਹਾਂ ਦੇ ਬੱਚਿਆਂ ਲਈ ਵੀ ਬਚ ਜਾਵੇ।
15 ਹੇ ਪਰਮੇਸ਼ੁਰ, ਮੈਂ ਤੁਹਾਨੂੰ ਇਨਸਾਫ਼ ਲਈ ਪ੍ਰਾਰਥਨਾ ਕੀਤੀ ਸੀ।
ਉਸ ਵਾਸਤੇ, ਮੈਂ ਤੁਹਾਨੂੰ ਵੇਖਾਂਗਾ।
ਅਤੇ ਤੁਹਾਨੂੰ ਵੇਖਕੇ, ਹੇ ਪਰਮੇਸ਼ੁਰ, ਮੈਂ ਪੂਰਨ ਸੰਤੁਸ਼ਟ ਹੋ ਜਾਵਾਂਗਾ।
ਨਿਰਦੇਸ਼ਕ ਲਈ: “ਸਵੇਰ ਦਾ ਹਿਰਨ” ਦੀ ਧੁਨੀ। ਦਾਊਦ ਦਾ ਇੱਕ ਗੀਤ।
22 ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ। ਤੁਸਾਂ ਮੈਨੂੰ ਕਿਉਂ ਛੱਡ ਦਿੱਤਾ?
ਤੁਸੀਂ ਮੈਨੂੰ ਬਚਾਉਣ ਤੋਂ ਬਹੁਤ ਦੂਰ ਹੋਂ।
ਤੁਸੀਂ ਮਦਦ ਲਈ ਮੇਰੀ ਪੁਕਾਰ ਸੁਣਨ ਲਈ ਬਹੁਤ ਦੂਰ ਹੋਂ।
2 ਮੇਰੇ ਪਰਮੇਸ਼ੁਰ, ਮੈਂ ਦਿਨ ਵੇਲੇ ਤੁਹਾਨੂੰ ਅਵਾਜ਼ ਦਿੱਤੀ।
ਪਰ ਤੁਸੀਂ ਹੁਗਾਰਾ ਨਹੀਂ ਭਰਿਆ।
ਅਤੇ ਮੈਂ ਤੁਹਾਨੂੰ ਰਾਤ ਵੇਲੇ ਵੀ ਪੁਕਾਰਦਾ ਰਿਹਾ।
3 ਹੇ ਪਰਮੇਸ਼ੁਰ ਤੁਸੀਂ ਹੀ ਪਵਿੱਤਰ ਹੋ ਅਤੇ ਤੁਸੀਂ ਰਾਜੇ ਵਾਂਗ ਬਿਰਾਜਮਾਨ ਹੋ।
ਇਸਰਾਏਲ ਦੀਆਂ ਉਸਤਤਾਂ ਤੁਹਾਡਾ ਤਖਤ ਹਨ।
4 ਸਾਡੇ ਪੂਰਵਜਾਂ ਨੇ ਤੇਰੇ ਤੇ ਯਕੀਨ ਰੱਖਿਆ।
ਹਾਂ ਉਨ੍ਹਾਂ ਨੇ ਤੁਸਾਂ ਉੱਤੇ ਭਰੋਸਾ ਰੱਖਿਆ, ਪਰਮੇਸ਼ੁਰ, ਅਤੇ ਤੁਸਾਂ ਉਨ੍ਹਾਂ ਨੂੰ ਬਚਾਇਆ।
5 ਹੇ ਪਰਮੇਸ਼ੁਰ, ਸਾਡੇ ਪੂਰਵਜਾਂ ਨੇ ਤੁਹਾਨੂੰ ਪੁਕਾਰ ਕੀਤੀ ਅਤੇ ਉਹ ਆਪਣਿਆਂ ਦੁਸ਼ਮਣਾਂ ਤੋਂ ਬਚ ਗਏ ਸਨ।
ਉਨ੍ਹਾਂ ਨੇ ਤੇਰੇ ਉੱਤੇ ਯਕੀਨ ਕੀਤਾ, ਅਤੇ ਉਹ ਨਿਰਾਸ਼ ਨਹੀਂ ਸਨ।
6 ਇਸ ਲਈ, ਕੀ ਮੈਂ ਨਿਰਾ ਕੀੜਾ ਹੀ ਹਾਂ ਅਤੇ ਇੱਕ ਬੰਦਾ ਨਹੀਂ?
ਲੋਕੀਂ ਮੇਰੇ ਉੱਤੇ ਸ਼ਰਮਸਾਰ ਹਨ।
ਲੋਕੀਂ ਮੈਨੂੰ ਨਫ਼ਰਤ ਕਰਦੇ ਹਨ।
7 ਹਰ ਕੋਈ, ਜੋ ਮੇਰੇ ਵੱਲ ਵੇਖਦਾ ਹੈ ਮੇਰਾ ਮਜ਼ਾਕ ਉਡਾਉਂਦਾ।
ਉਹ ਆਪਣੇ ਸਿਰ ਫ਼ੇਰਨ ਅਤੇ ਮੈਨੂੰ ਦੰਦੀਆਂ ਚਿੜ੍ਹਾਵਨ।
8 ਉਹ ਮੈਨੂੰ ਆਖਦੇ ਹਨ: “ਯਹੋਵਾਹ ਨੂੰ ਮਦਦ ਲਈ ਬੁਲਾ,
ਸ਼ਾਇਦ ਉਹ ਤੈਨੂੰ ਬਚਾ ਸੱਕੇ।
ਜੇ ਉਹ ਤੈਨੂੰ ਇੰਨਾ ਚਾਹੁੰਦਾ, ਤਾਂ ਅਵੱਸ਼ ਹੀ ਤੇਰਾ ਨਿਸਤਾਰਾ ਕਰੇਗਾ।”
9 ਹੇ ਪਰਮੇਸ਼ੁਰ, ਸੱਚ ਤਾਂ ਇਹ ਹੈ ਕਿ ਤੁਸੀਂ ਹੀ ਹੋ ਜਿਸ ਉੱਪਰ ਮੈਂ ਨਿਰਭਰ ਹਾਂ।
ਤੁਸੀਂ ਹੀ ਉਸ ਦਿਨ ਤੋਂ ਮੇਰਾ ਧਿਆਨ ਰੱਖਿਆ ਹੈ ਜਦੋਂ ਮੈਂ ਜਨਮਿਆ ਸਾਂ।
ਤੁਸੀਂ ਹੀ ਮੈਨੂੰ ਉਦੋਂ ਹੌਂਸਲਾ ਤੇ ਸੁਕੂਨ ਦਿੱਤਾ, ਜਦੋਂ ਮੈਂ ਹਾਲੇ ਦੁੱਧ ਚੁੰਘਦਾ ਬੱਚਾ ਸਾਂ।
10 ਤੁਸੀਂ ਹੀ ਉਸ ਦਿਨ ਤੋਂ ਮੇਰੇ ਪਰਮੇਸ਼ੁਰ ਰਹੇ ਹੋ ਜਿਸ ਦਿਨ ਤੋਂ ਮੈਂ ਜੰਮਿਆ ਹਾਂ।
ਮੈਨੂੰ ਤੁਹਾਡੀ ਨਿਗਰਾਨੀ ਵਿੱਚ ਸੌਂਪ ਦਿੱਤਾ ਗਿਆ ਸੀ ਜਦੋਂ ਮੈਂ ਮਾਤਾ ਦੇ ਗਰਭ ਵਿੱਚੋਂ ਬਾਹਰ ਆਇਆ ਸੀ।
11 ਇਸ ਲਈ ਹੇ ਪਰਮੇਸ਼ੁਰ, ਮੈਨੂੰ ਛੱਡ ਕੇ ਨਾ ਜਾਵੋ।
ਸੰਕਟ ਨੇੜੇ ਹੈ।
ਅਤੇ ਇੱਥੇ ਕੋਈ ਮੇਰੀ ਮਦਦ ਕਰਨ ਵਾਲਾ ਨਹੀਂ ਹੈ।
12 ਲੋਕੀਂ ਮੈਨੂੰ ਘੇਰਾ ਪਾ ਰਹੇ ਹਨ,
ਉਹ ਤਕੜੇ ਸਾਨਾਂ ਵਾਂਗ ਮੈਨੂੰ ਘੇਰੇ ਹੋਏ ਹਨ।
13 ਉਨ੍ਹਾਂ ਦੇ ਮੂੰਹ ਖੁਲ੍ਹੇ ਹੋਏ ਹਨ ਜਿਵੇਂ ਕੋਈ ਬੱਬਰ ਦਹਾੜੇ
ਅਤੇ ਕਿਸੇ ਜਾਨਵਰ ਤਾਈਂ ਪਾੜੇ।
14 ਮੇਰੀ ਤਾਕਤ ਮੁੱਕ ਗਈ ਹੈ,
ਜਿਵੇਂ ਧਰਤੀ ਤੇ ਪਾਣੀ ਡੁੱਲ੍ਹ ਜਾਂਦਾ ਹੈ।
ਮੇਰੀਆਂ ਸਾਰੀਆਂ ਹੱਡੀਆਂ ਅਲੱਗ-ਅਲੱਗ ਕਰ ਦਿੱਤੀਆਂ ਗਈਆਂ ਹਨ
ਅਤੇ ਮੇਰਾ ਹੌਂਸਲਾ ਚੱਲਿਆ ਗਿਆ ਹੈ। [a]
15 ਮੇਰਾ ਮੂੰਹ [b] ਵੀ ਟੁੱਟੇ ਹੋਏ ਗਮਲੇ ਦੇ ਟੋਟਿਆਂ ਵਾਂਗ ਸੁੱਕ ਗਿਆ ਹੈ।
ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ।
ਤੂੰ ਮੈਨੂੰ “ਮੌਤ ਦੀ ਮਿੱਟੀ” ਵਿੱਚ ਰੱਖਿਆ ਹੈ।
16 ਦੁਸ਼ਟ ਲੋਕਾਂ ਦੇ ਸਮੂਹ ਨੇ,
ਮੈਨੂੰ ਕੁੱਤਿਆਂ ਵਾਂਗ ਘੇਰ ਲਿਆ ਹੈ।
ਉਨ੍ਹਾਂ ਨੇ ਸ਼ੇਰਾਂ ਵਾਂਗ [c] ਮੇਰੇ ਹੱਥ ਅਤੇ ਪੈਰ ਵਿੰਨ੍ਹ ਦਿੱਤੇ ਹਨ।
17 ਮੈਂ ਆਪਣੀਆਂ ਹੱਡੀਆਂ ਨੂੰ ਵੇਖ ਸੱਕਦਾ ਹਾਂ।
ਤੇ ਲੋਕੀਂ ਮੈਨੂੰ ਬਿਟਰ-ਬਿਟਰ ਤਕਦੇ ਹਨ।
ਉਹ ਮੇਰੇ ਵੱਲ ਹੀ ਦੇਖੀ ਜਾਂਦੇ ਹਨ।
18 ਉਹ ਲੋਕ ਆਪਣੇ ਦਰਮਿਆਨ ਮੇਰੇ ਕੱਪੜੇ ਵੰਡ ਰਹੇ ਹਨ
ਅਤੇ ਉਹ ਮੇਰੇ ਚੋਲੇ ਲਈ ਗੁਣੇ [d] ਪਾ ਰਹੇ ਹਨ।
19 ਯਹੋਵਾਹ, ਮੈਨੂੰ ਛੱਡ ਕੇ ਨਾ ਜਾਵੋ।
ਤੁਸੀਂ ਮੇਰੀ ਸ਼ਕਤੀ ਹੋ।
ਛੇਤੀ ਬਹੁੜੋ ਮੇਰੀ ਮਦਦ ਕਰੋ।
20 ਯਹੋਵਾਹ, ਮੇਰੀ ਜਿੰਦ ਨੂੰ ਤਲਵਾਰ ਕੋਲੋਂ ਬਚਾ ਲਵੋ।
ਮੇਰੀ ਕੀਮਤੀ ਜਿੰਦ ਉਨ੍ਹਾਂ ਕੁਤਿਆਂ ਕੋਲੋਂ ਬਚਾ ਲਵੋ।
21 ਮੈਨੂੰ ਬੱਬਰ ਸ਼ੇਰਾਂ ਦੇ ਜਬਾੜਿਆਂ ਵਿੱਚੋਂ ਕੱਢ ਲਵੋ,
ਮੈਨੂੰ ਸਾਨ੍ਹ ਦੇ ਸਿੰਗਾ ਤੋਂ ਬਚਾਉ।
22 ਯਹੋਵਾਹ, ਮੈਂ ਆਪਣੇ ਭਰਾਵਾਂ ਨੂੰ ਤੁਹਾਡੇ ਬਾਰੇ ਦੱਸਾਂਗਾ।
ਮੈਂ ਵੱਡੀ ਸੰਗਤ ਵਿੱਚ ਤੁਹਾਡੀ ਉਸਤਤਿ ਕਰਾਂਗਾ।
23 ਯਹੋਵਾਹ, ਦੀ ਉਸਤਤਿ ਕਰੋ, ਸਮੂਹ ਲੋਕੋ ਤੁਸੀਂ ਜਿਹੜੇ ਉਸਦੀ ਉਪਾਸਨਾ ਕਰਦੇ ਹੋਂ।
ਤੁਸੀਂ ਇਸਰਾਏਲ ਦੀਉ ਔਲਾਦੋ, ਯਹੋਵਾਹ ਦੀ ਇੱਜ਼ਤ ਕਰੋ।
ਤੁਸੀਂ ਯਹੋਵਾਹ ਤੋਂ ਡਰੋ ਇਸਰਾਏਲ ਦੇ ਸਮੂਹ ਲੋਕੋ ਤੁਸੀਂ ਯਹੋਵਾਹ ਦੀ ਇੱਜ਼ਤ ਕਰੋ।
24 ਕਿਉਂ? ਕਿਉਂਕਿ ਯਹੋਵਾਹ ਉਨ੍ਹਾਂ ਗਰੀਬਾਂ ਦੀ ਮਦਦ ਕਰਦਾ ਹੈ ਜਿਹੜੇ ਸੰਕਟ ਵਿੱਚ ਹਨ।
ਯਹੋਵਾਹ ਉਨ੍ਹਾਂ ਤੋਂ ਸ਼ਰਮਸਾਰ ਨਹੀਂ ਹੈ, ਤੇ ਨਾ ਹੀ ਉਹ ਉਨ੍ਹਾਂ ਨੂੰ ਨਫ਼ਰਤ ਕਰਦਾ ਹੈ।
ਜੇ ਲੋਕੀ ਯਹੋਵਾਹ ਵਲੋ ਮਦਦ ਲਈ ਪੁਕਾਰ ਕਰਨਗੇ
ਉਹ ਆਪਣੇ-ਆਪ ਨੂੰ ਲੋਕਾਂ ਤੋਂ ਨਹੀਂ ਛੁੱਪੇਗਾ।
25 ਯਹੋਵਾਹ, ਵੱਡੀ ਸਭਾ ਵਿੱਚ ਮੇਰੀ ਉਸਤਤਿ ਤੁਹਾਡੇ ਵੱਲੋਂ ਆਉਂਦੀ ਹੈ।
ਪਰਮੇਸ਼ੁਰ ਦੇ ਇਨ੍ਹਾਂ ਸਭ ਉਪਾਸੱਕਾਂ ਦੇ ਸਾਹਮਣੇ, ਮੈਂ ਬਲੀਆਂ ਭੇਟ ਕਰਾਂਗਾ ਜਿਹੜੀਆਂ ਮੈਂ ਦੇਣ ਦਾ ਵਾਅਦਾ ਕੀਤਾ ਸੀ।
26 ਗਰੀਬ ਲੋਕੋ, ਆਉ ਭੋਜਨ ਕਰੋ ਤੇ ਸੰਤੁਸ਼ਟ ਹੋ ਜਾਵੋ।
ਤੁਸੀਂ ਸਾਰੇ, ਜਿਹੜੇ ਯਹੋਵਾਹ ਨੂੰ ਲੱਭਦੇ ਆਏ ਹੋ ਉਸਦੀ ਉਸਤਤਿ ਕਰੋ।
ਤੁਹਾਡੇ ਦਿਲ ਸਦਾ ਲਈ ਪ੍ਰਸੰਨ ਰਹਿਣ।
27 ਦੂਰ ਦੁਰਾਡੇ ਦੇ ਸਭ ਦੇਸ਼ਾਂ ਦੇ ਲੋਕ, ਯਹੋਵਾਹ ਨੂੰ ਚੇਤੇ ਕਰਨ, ਤੇ ਵਾਪਸ ਉਸ ਕੋਲ ਆ ਜਾਣ।
ਅਤੇ ਵਿਦੇਸ਼ਾਂ ਦੇ ਸਾਰੇ ਪਰਿਵਾਰਿਕ ਸਮੂਹ ਉਸਦੀ ਉਪਾਸਨਾ ਕਰਨ।
28 ਕਿਉਂਕਿ ਯਹੋਵਾਹ ਹੀ ਰਾਜਾ ਹੈ।
ਉਹ ਸਮੂਹ ਕੌਮਾਂ ਉੱਤੇ ਰਾਜ ਕਰਦਾ ਹੈ।
29 ਤਕੜੇ, ਨਿਰੋਗ ਬੰਦਿਆਂ ਨੇ ਭੋਜਨ ਕੀਤਾ ਹੈ
ਅਤੇ ਪਰਮੇਸ਼ੁਰ ਅੱਗੇ ਸ਼ੀਸ਼ ਨਿਵਾਇਆ।
ਅਸਲ ਵਿੱਚ, ਸਮੂਹ ਲੋਕ, ਉਹ ਜਿਹੜੇ ਮਰ ਜਾਣਗੇ
ਅਤੇ ਉਹ ਜਿਹੜੇ ਪਹਿਲਾਂ ਹੀ ਮਰ ਚੁੱਕੇ ਹਨ, ਪਰਮੇਸ਼ੁਰ ਅੱਗੇ ਸ਼ੀਸ਼ ਨਿਵਾਉਣਗੇ।
30 ਅਤੇ ਭਵਿੱਖ ਵਿੱਚ, ਸਾਡੀ ਔਲਾਦ ਯਹੋਵਾਹ ਦੀ ਸਹਾਇਤਾ ਕਰੇਗੀ।
ਲੋਕੀ ਸਦਾ ਹੀ ਉਸ ਦੀਆਂ ਉਸਤਤਾਂ ਕਰਨਗੇ।
31 ਹਰੇਕ ਪੀੜੀ ਪਰਮੇਸ਼ੁਰ ਦੁਆਰਾ ਕੀਤੀਆਂ ਚੰਗੀਆਂ ਗੱਲਾਂ ਬਾਰੇ
ਆਪਣੇ ਬੱਚਿਆਂ ਨੂੰ ਦਸੇਗੀ।
ਬੋਅਜ਼ ਅਤੇ ਦੂਸਰਾ ਰਿਸ਼ਤੇਦਾੜ
4 ਬੋਅਜ਼ ਉੱਥੇ ਚੱਲਾ ਗਿਆ ਜਿੱਥੇ ਲੋਕ ਸ਼ਹਿਰ ਦੇ ਦਰਵਾਜ਼ੇ ਨੇੜੇ ਇਕੱਠੇ ਹੁੰਦੇ ਹਨ। ਬੋਅਜ਼ ਓਨਾ ਚਿਰ ਉੱਥੇ ਬੈਠਾ ਰਿਹਾ ਜਦੋਂ ਤੱਕ ਕਿ ਉਹ ਨਜ਼ਦੀਕੀ ਰਿਸ਼ਤੇਦਾਰ ਜਿਸਦਾ ਜ਼ਿਕਰ ਬੋਅਜ਼ ਨੇ ਕੀਤਾ ਸੀ ਉੱਥੋਂ ਨਹੀਂ ਗੁਜ਼ਰਿਆ। ਬੋਅਜ਼ ਨੇ ਉਸ ਨੂੰ ਅਵਾਜ਼ ਦਿੱਤੀ, “ਇਧਰ ਆਉ ਦੋਸਤ! ਇੱਥੇ ਬੈਠੋ!”
2 ਬੋਅਜ਼ ਨੇ ਸ਼ਹਿਰ ਦੇ ਦਸ ਬਜ਼ੁਰਗਾਂ ਨੂੰ ਇਕੱਠਿਆ ਕੀਤਾ ਅਤੇ ਉਨ੍ਹਾਂ ਨੂੰ ਆਖਿਆ, “ਇੱਥੇ ਬੈਠੋ!” ਤਾਂ ਉਹ ਹੇਠਾਂ ਬੈਠ ਗਏ।
3 ਫ਼ੇਰ ਬੋਅਜ਼ ਨੇ ਨਜ਼ਦੀਕੀ ਰਿਸ਼ਤੇਦਾਰ ਨਾਲ ਗੱਲ ਕੀਤੀ। ਉਸ ਨੇ ਆਖਿਆ, “ਨਾਓਮੀ ਮੋਆਬ ਦੇ ਪਹਾੜੀ ਪ੍ਰਦੇਸ਼ ਤੋਂ ਵਾਪਸ ਮੁੜ ਆਈ ਹੈ। ਉਹ ਜ਼ਮੀਨ ਵੇਚ ਰਹੀ ਹੈ [a] ਜਿਹੜੀ ਸਾਡੇ ਰਿਸ਼ਤੇਦਾਰ ਅਲੀਮਲਕ ਦੀ ਸੀ। 4 ਮੈਂ ਇਹ ਗੱਲ ਇੱਥੇ ਰਹਿਣ ਵਾਲੇ ਲੋਕਾਂ ਦੇ ਸਾਹਮਣੇ ਅਤੇ ਆਪਣੇ ਬਜ਼ੁਰਗਾਂ ਦੇ ਸਾਹਮਣੇ ਤੈਨੂੰ ਆਖਣ ਦਾ ਨਿਆਂ ਕੀਤਾ ਹੈ। ਜੋ ਤੂੰ ਜ਼ਮੀਨ ਖਰੀਦਣਾ ਚਾਹੁੰਦਾ ਹੈ ਤਾਂ ਖਰੀਦ ਲੈ। ਜੇ ਤੂੰ ਜ਼ਮੀਨ ਨੂੰ ਛੁਡਾਉਣ ਨਹੀਂ ਚਾਹੁੰਦਾ ਤਾਂ ਮੈਨੂੰ ਦੱਸ ਮੈਂ ਜਾਣਦਾ ਹਾਂ ਕਿ ਤੇਰੇ ਤੋਂ ਮਗਰੋਂ ਮੈਂ ਹੀ ਉਹ ਅਗਲਾ ਬੰਦਾ ਹਾਂ ਜਿਹੜਾ ਜ਼ਮੀਨ ਛੁਡਾ ਸੱਕਦਾ ਹੈ। ਜੇ ਤੂੰ ਜ਼ਮੀਨ ਵਾਪਸ ਨਹੀਂ ਖਰੀਦੇਗਾ ਤਾਂ ਮੈਂ ਖਰੀਦ ਲਵਾਂਗਾ।”
5 ਫ਼ੇਰ ਬੋਅਜ਼ ਨੇ ਆਖਿਆ, “ਜੇ ਤੂੰ ਨਾਓਮੀ ਤੋਂ ਜ਼ਮੀਨ ਖਰੀਦੇਂਗਾ ਤਾਂ ਤੂੰ ਉਸ ਸਵਰਗਵਾਸੀ ਬੰਦੇ ਦੀ ਪਤਨੀ ਮੋਆਬੀ ਔਰਤ ਰੂਥ ਨੂੰ ਵੀ ਹਸਿਲ ਕਰ ਲਵੇਂਗਾ। ਜਦੋਂ ਰੂਥ ਦੇ ਬੱਚਾ ਹੋਵੇਗਾ ਤਾਂ ਜ਼ਮੀਨ ਬੱਚੇ ਨੂੰ ਮਿਲੇਗੀ। ਇਸ ਤਰ੍ਹਾਂ ਜ਼ਮੀਨ ਸਵਰਗਵਾਸੀ ਬੰਦੇ ਦੇ ਪਰਿਵਾਰ ਵਿੱਚ ਰਹੇਗੀ।”
6 ਨਜ਼ਦੀਕੀ ਰਿਸ਼ਤੇਦਾਰ ਨੇ ਜਵਾਬ ਦਿੱਤਾ, “ਮੈਂ ਜ਼ਮੀਨ ਵਾਪਸ ਨਹੀਂ ਖਰੀਦ ਸੱਕਦਾ। ਉਹ ਜ਼ਮੀਨ ਮੇਰੀ ਹੋਣੀ ਚਾਹੀਦੀ ਹੈ ਪਰ ਮੈਂ ਇਸ ਨੂੰ ਖਰੀਦ ਨਹੀਂ ਸੱਕਦਾ। ਜੇ ਮੈਂ ਅਜਿਹਾ ਕਰਦਾ ਹਾਂ ਤਾਂ ਸ਼ਾਇਦ ਮੈਂ ਆਪਣੀ ਜ਼ਮੀਨ ਵੀ ਗਵਾ ਲਵਾਂਗਾ। ਇਸ ਲਈ ਤੁਸੀਂ ਜ਼ਮੀਨ ਖਰੀਦ ਸੱਕਦੇ ਹੋ।” 7 ਬਹੁਤ ਚਿਰ ਪਹਿਲਾਂ ਇਸਰਾਏਲ ਵਿੱਚ, ਜਦੋਂ ਲੋਕ ਜ਼ਾਇਦਾਦ ਨੂੰ ਖਰੀਦਦੇ ਜਾਂ ਛੁਡਵਾਉਂਦੇ ਸੀ ਤਾਂ ਇੱਕ ਬੰਦਾ ਆਪਣੀ ਜੁੱਤੀ ਉਤਾਰਕੇ ਦੂਸਰੇ ਨੂੰ ਦੇ ਦਿੰਦਾ ਸੀ। ਇਹ ਖਰੀਦਾਰੀ ਦਾ ਸਬੂਤ ਹੁੰਦਾ ਸੀ। 8 ਇਸ ਲਈ ਨਜ਼ਦੀਕੀ ਰਿਸ਼ਤੇਦਾਰ ਨੇ ਆਖਿਆ, “ਜ਼ਮੀਨ ਖਰੀਦ ਲਵੋ” ਅਤੇ ਫ਼ੇਰ ਨਜ਼ਦੀਕੀ ਰਿਸ਼ਤੇਦਾਰ ਨੇ ਆਪਣੀ ਜੁੱਤੀ ਉਤਾਰੀ ਅਤੇ ਬੋਅਜ਼ ਨੂੰ ਦੇ ਦਿੱਤੀ।
9 ਫ਼ੇਰ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਆਖਿਆ, “ਅੱਜ ਤੁਸੀਂ ਸਾਰੇ ਗਵਾਹ ਹੋ ਕਿ ਮੈਂ ਨਾਓਮੀ ਕੋਲੋਂ ਉਹ ਹਰ ਚੀਜ਼ ਖਰੀਦ ਰਿਹਾ ਹਾਂ ਜਿਹੜੀ ਅਲੀਮਲਕ ਕਿਲਉਨ ਅਤੇ ਮਹਿਲੋਮ ਦੀ ਸੀ। 10 ਮੈਂ ਰੂਥ ਨੂੰ ਵੀ ਆਪਣੀ ਪਤਨੀ ਵਜੋਂ ਖਰੀਦ ਰਿਹਾ ਹਾਂ ਅਜਿਹਾ ਮੈਂ ਇਸ ਲਈ ਕਰ ਰਿਹਾ ਹਾਂ ਕਿ ਸਵਰਗਵਾਸੀ ਬੰਦੇ ਦੀ ਜਾਇਦਾਦ ਉਸ ਦੇ ਪਰਿਵਾਰ ਵਿੱਚ ਹੀ ਰਹੇ। ਇਸ ਤਰ੍ਹਾਂ ਸਵਰਗਵਾਸੀ ਬੰਦੇ ਦਾ ਨਾਮ ਉਸ ਦੇ ਪਰਿਵਾਰ ਅਤੇ ਉਸਦੀ ਜ਼ਮੀਨ ਤੋਂ ਵੱਖ ਨਹੀਂ ਹੋਵੇਗਾ। ਅੱਜ ਦੇ ਦਿਨ ਤੁਸੀਂ ਗਵਾਹ ਹੋ।”
11 ਇਸ ਲਈ ਉਹ ਸਾਰੇ ਲੋਕ ਅਤੇ ਬਜ਼ੁਰਗ ਜਿਹੜੇ ਸ਼ਹਿਰ ਦੇ ਦਰਵਾਜ਼ਿਆਂ ਨੇੜੇ ਸਨ ਗਵਾਹ ਬਣ ਗਏ। ਉਸ ਨੇ ਆਖਿਆ, “ਯਹੋਵਾਹ ਇਸ ਔਰਤ ਨੂੰ, ਜਿਹੜੀ ਆ ਰਹੀ ਹੈ ਤੇਰੇ ਘਰ ਅੰਦਰ, ਰਾਖੇਲ ਅਤੇ ਲੇਆਹ ਵਾਂਗ ਬਣਾਵੇ, ਜਿਨ੍ਹਾਂ ਨੇ ਇਸਰਾਏਲ ਦਾ ਘਰ ਉਸਾਰਿਆ ਸੀ। ਇਫ਼ਰਾਥਾਹ ਅੰਦਰ ਬਣ ਜਾ ਸ਼ਕਤੀਸ਼ਾਲੀ। ਬੈਤਲਹਮ ਵਿੱਚ ਮਸ਼ਹੂਰ ਹੋ ਜਾ। 12 ਤਾਮਾਰ ਨੇ ਯਹੂਦਾਹ ਦੇ ਪੁੱਤਰ ਫ਼ਾਰਸ ਨੂੰ ਜਨਮ ਦਿੱਤਾ ਸੀ। ਅਤੇ ਉਸਦਾ ਪਰਿਵਾਰ ਮਹਾਨ ਹੋ ਗਿਆ ਸੀ, ਇਸੇ ਤਰ੍ਹਾਂ ਹੀ ਯਹੋਵਾਹ ਤੈਨੂੰ, ਰੂਥ ਦੇ ਰਾਹੀਂ ਬਹੁਤ ਸਾਰੇ ਬੱਚਿਆਂ ਦੀ ਦਾਤ ਦੇਵੇ ਅਤੇ ਰੱਥ ਕਰੇ ਤੇਰਾ ਪਰਿਵਾਰ ਵੀ ਉਸੇ ਜਿਹਾ ਮਹਾਨ ਹੋਵੇ।”
13 ਇਸ ਲਈ ਬੋਅਜ਼ ਨੇ ਰੂਥ ਨਾਲ ਸ਼ਾਦੀ ਕਰ ਲਈ ਯਹੋਵਾਹ ਦੀ ਰਜ਼ਾ ਨਾਲ ਰੂਥ ਗਰਭਵਤੀ ਹੋ ਗਈ ਅਤੇ ਉਸ ਨੇ ਇੱਕ ਪੁੱਤਰ ਜਨਮਿਆ। 14 ਨਗਰ ਦੀਆਂ ਔਰਤਾਂ ਨੇ ਨਾਓਮੀ ਨੂੰ ਆਖਿਆ, “ਯਹੋਵਾਹ ਦੀ ਉਸਤਤਿ ਹੋਵੇ ਜਿਸਨੇ ਤੈਨੂੰ ਇੱਕ ਛੁਟਕਾਰਾ ਦਿਵਾਉਣ ਵਾਲੇ ਤੋਂ ਬਿਨਾ ਨਹੀਂ ਛੱਡਿਆ। ਉਹ ਇਸਰਾਏਲ ਵਿੱਚ ਪ੍ਰਸਿਧ ਹੋਵੇ ਅਤੇ ਸਤਿਕਾਰਿਆ ਜਾਵੇ। 15 ਇਹ ਤੈਨੂੰ ਫ਼ੇਰ ਜਿਉਂਦਾ ਕਰੇਗਾ ਅਤੇ ਬੁੱਢਾਪੇ ਵੇਲੇ ਤੇਰੀ ਦੇਖ-ਭਾਲ ਕਰੇਗਾ। ਤੇਰੀ ਨੂੰਹ ਨੇ ਇਸ ਨੂੰ ਸੰਭਵ ਕੀਤਾ, ਉਸ ਨੇ ਇਹ ਬੱਚਾ ਤੇਰੇ ਲਈ ਪੈਦਾ ਕੀਤਾ ਹੈ ਉਹ ਤੈਨੂੰ ਪਿਆਰ ਕਰਦੀ ਹੈ ਅਤੇ ਉਹ ਤੇਰੇ ਲਈ ਸੱਤਾਂ ਪੁੱਤਰਾਂ ਨਾਲੋਂ ਵੀ ਬਿਹਤਰ ਹੈ।”
16 ਨਾਓਮੀ ਨੇ ਬੱਚਾ ਚੁੱਕਿਆ ਆੱਪਣੇ ਹੱਥਾਂ ਵਿੱਚ ਲਿਆ ਅਤੇ ਉਸਦੀ ਦੇਖ-ਭਾਲ ਕੀਤੀ। 17 ਗੁਆਂਢੀਆਂ ਨੇ ਬੱਚੇ ਦਾ ਨਾਮ ਰੱਖ ਦਿੱਤਾ। ਇਸ ਨੂੰ ਔਰਤਾਂ ਨੇ ਆਖਿਆ, “ਨਾਓਮੀ ਕੋਲ ਹੁਣ ਇੱਕ ਪੁੱਤਰ ਹੈ।” ਅਤੇ ਉਨ੍ਹਾਂ ਨੇ ਉਸਦਾ ਨਾਮ ਓਬੇਦ ਰੱਖਿਆ। ਉਬੇਦ ਯੱਸੀ ਦਾ ਪਿਤਾ ਸੀ। ਅਤੇ ਯੱਸੀ ਰਾਜੇ ਦਾਊਦ ਦਾ ਪਿਤਾ ਸੀ।
ਬਜ਼ੁਰਗ ਅਤੇ ਹੋਰ ਗੱਲਾਂ
17 ਜਿਹੜੇ ਬਜ਼ੁਰਗ ਕਲੀਸਿਯਾ ਦੀ ਅਗਵਾਈ ਚੰਗੇ ਢੰਗ ਨਾਲ ਕਰਦੇ ਹਨ ਉਹ ਮਹਾਨ ਇੱਜ਼ਤ ਪਾਉਣ ਦੇ ਯੋਗੀ ਹਨ। ਜਿਹੜੇ ਵਡੇਰੇ ਬੋਲ ਚਾਲ ਰਾਹੀਂ ਅਤੇ ਉਪਦੇਸ਼ ਰਾਹੀਂ ਕਾਰਜ ਕਰਦੇ ਹਨ ਅਜਿਹੇ ਵਿਅਕਤੀ ਹਨ ਜਿਹੜੇ ਮਹਾਨ ਇੱਜ਼ਤ ਦੇ ਯੋਗੀ ਹਨ। 18 ਕਿਉਂਕਿ ਪੋਥੀ ਆਖਦੀ ਹੈ, “ਉਸ ਬਲਦ ਦਾ ਮੂੰਹ ਨਾ ਬੰਨ੍ਹੋ ਜਿਹੜਾ ਗਾਹੁੰਦੇ ਥੱਲੇ ਉੱਤੇ ਕੰਮ ਕਰਦਾ” [a] ਅਤੇ ਪੋਥੀ ਇਹ ਵੀ ਆਖਦੀ ਹੈ, “ਮਜ਼ਦੂਰ ਆਪਣੀ ਮਜਦੂਰੀ ਦੇ ਯੋਗ ਹੈ ।” [b]
19 ਉਸ ਬੰਦੇ ਦੀ ਨਾ ਸੁਣੋ ਜਿਹੜਾ ਇੱਕ ਬਜ਼ੁਰਗ ਉੱਤੇ ਇਲਜ਼ਾਮ ਲਾਉਂਦਾ ਹੈ। ਤੁਹਾਨੂੰ ਉਸ ਬੰਦੇ ਨੂੰ ਸਿਰਫ਼ ਤਾਂ ਹੀ ਸੁਨਣਾ ਚਾਹੀਦਾ ਹੈ ਜੇਕਰ ਦੋ ਜਾਂ ਤਿੰਨ ਬੰਦੇ ਗਵਾਹੀ ਦੇਣ ਕਿ ਬਜ਼ੁਰਗ ਨੇ ਗਲਤ ਕੰਮ ਕੀਤਾ ਹੈ। 20 ਪਾਪੀਆਂ ਨੂੰ ਆਖੋ ਕਿ ਉਹ ਗਲਤ ਕੰਮ ਕਰ ਰਹੇ ਹਨ। ਇਹ ਗੱਲ ਸਾਰੀ ਕਲੀਸਿਯਾ ਦੇ ਸਾਹਮਣੇ ਆਖੋ। ਇਸ ਤਰ੍ਹਾਂ ਹੋਰਾਂ ਨੂੰ ਵੀ ਚੇਤਾਵਨੀ ਮਿਲੇਗੀ।
21 ਮੈਂ ਤੁਹਾਨੂੰ ਪਰਮੇਸ਼ੁਰ, ਯਿਸੂ ਮਸੀਹ ਅਤੇ ਚੁਣੇ ਹੋਏ ਦੂਤਾਂ ਦੇ ਸਨਮੁੱਖ, ਇਹ ਗੱਲਾਂ ਕਰਨ ਦਾ ਹੁਕਮ ਦਿੰਦਾ ਹਾਂ। ਪਰ ਸੱਚ ਜਾਨਣ ਤੋਂ ਪਹਿਲਾਂ ਲੋਕਾਂ ਬਾਰੇ ਨਿਰਨਾ ਨਾ ਕਰੋ। ਅਤੇ ਇਨ੍ਹਾਂ ਗੱਲਾਂ ਬਾਰੇ ਹਰੇਕ ਨਾਲ ਇੱਕੋ ਜਿਹਾ ਸਲੂਕ ਕਰੋ।
22 ਕਿਸੇ ਵਿਅਕਤੀ ਨੂੰ ਬਜ਼ੁਰਗ ਬਨਾਉਣ ਤੋਂ ਪਹਿਲਾਂ ਧਿਆਨ ਨਾਲ ਸੋਚੋ। ਹੋਰਾਂ ਲੋਕਾਂ ਦੇ ਪਾਪਾਂ ਦੇ ਭਾਗੀ ਨਾ ਬਣੋ। ਆਪਣੇ ਆਪ ਨੂੰ ਸ਼ੁੱਧ ਰੱਖੋ।
23 ਤਿਮੋਥਿਉਸ, ਤੁਸੀਂ ਕੇਵਲ ਪਾਣੀ ਹੀ ਪੀਂਦੇ ਰਹੇ ਹੋ। ਇਹ ਗੱਲ ਛੱਡੋ ਰਤਾ ਕੁ ਮੈ ਪੀਓ। ਇਹ ਤੁਹਾਡੇ ਮਿਹਦੇ ਅਤੇ ਤੁਹਾਡੀ ਅਕਸਰ ਹੋਣ ਵਾਲੀ ਬਿਮਾਰੀ ਲਈ ਚੰਗੀ ਹੋਵੇਗੀ।
24 ਕੁਝ ਲੋਕਾਂ ਦੇ ਪਾਪ ਦੇਖਣੇ ਸੁਖਾਲੇ ਹਨ। ਉਨ੍ਹਾਂ ਦੇ ਪਾਪ ਦਰਸ਼ਾਉਂਦੇ ਹਨ ਕਿ ਉਨ੍ਹਾਂ ਦਾ ਅਸਲੀ ਨਿਆਂ ਹੋਣ ਤੋਂ ਪਹਿਲਾਂ ਹੀ ਉਹ ਦੋਸ਼ੀ ਹਨ। ਪਰ ਕੁਝ ਲੋਕਾਂ ਦੇ ਪਾਪ ਮਗਰੋਂ ਨਜ਼ਰ ਆਉਂਦੇ ਹਨ। 25 ਇਹੀ ਗੱਲ ਲੋਕਾਂ ਦੇ ਚੰਗੇ ਕੰਮਾਂ ਬਾਰੇ ਵੀ ਹੈ। ਲੋਕਾਂ ਦੇ ਚੰਗੇ ਕੰਮ ਕੀਤੇ ਛੇਤੀ ਦਿਖਾਈ ਦਿੰਦੇ ਹਨ। ਭਾਵੇਂ ਉਹ ਚੰਗੀਆਂ ਕਰਨੀਆਂ ਵੇਖਣੀਆਂ ਸੁਖਾਲੀਆਂ ਨਹੀਂ ਹਨ, ਉਹ ਲੁਕੀਆਂ ਵੀ ਨਹੀਂ ਰਹਿ ਸੱਕਦੀਆਂ।
ਕੀ ਸਬਤ ਦੇ ਦਿਨ ਕਿਸੇ ਨੂੰ ਰਾਜੀ ਕਰਨਾ ਯੋਗ ਹੈ?
14 ਇੱਕ ਸਬਤ ਦੇ ਦਿਨ ਯਿਸੂ ਇੱਕ ਪ੍ਰਧਾਨ ਫ਼ਰੀਸੀ ਦੇ ਘਰ ਉਸ ਨਾਲ ਭੋਜਨ ਕਰਨ ਲਈ ਗਿਆ। ਉੱਥੇ ਸਭ ਲੋਕ ਬੜੇ ਧਿਆਨ ਨਾਲ ਯਿਸੂ ਨੂੰ ਵੇਖ ਰਹੇ ਸਨ। 2 ਇੱਕ ਆਦਮੀ ਜਿਸ ਨੂੰ ਜਲੋਧਰੀ ਸੀ ਉਸ ਦੇ ਸਾਹਮਣੇ ਕੀਤਾ ਗਿਆ। 3 ਯਿਸੂ ਨੇ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਪੁੱਛਿਆ, “ਸਬਤ ਦੇ ਦਿਨ ਕਿਸੇ ਨੂੰ ਰਾਜੀ ਕਰਨਾ ਠੀਕ ਹੈ ਜਾਂ ਗਲਤ?” 4 ਪਰ ਉਹ ਚੁੱਪ ਵੱਟੀ ਰਹੇ। ਤਾਂ ਯਿਸੂ ਨੇ ਉਸ ਆਦਮੀ ਨੂੰ ਫ਼ੜਕੇ, ਰਾਜੀ ਕੀਤਾ ਅਤੇ ਉਸ ਨੂੰ ਭੇਜ ਦਿਤਾ। 5 ਯਿਸੂ ਨੇ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਕਿਹਾ, “ਜੇਕਰ ਤੁਹਾਡਾ ਪੁੱਤਰ ਜਾਂ ਕੋਈ ਕੰਮ ਕਰਦਾ ਜਾਨਵਰ, ਖੂਹ ਵਿੱਚ ਸਬਤ ਦੇ ਦਿਨ ਡਿੱਗ ਪਵੇ, ਤਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਝੱਟ ਉਸ ਨੂੰ ਖੂਹ ਵਿੱਚੋਂ ਕੱਢ ਲਵੋਂਗੇ।” 6 ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਉਸਦਾ ਜਵਾਬ ਨਾ ਦੇ ਸੱਕੇ, ਜੋ ਯਿਸੂ ਨੇ ਕਿਹਾ ਸੀ।
ਆਪਣੇ-ਆਪ ਨੂੰ ਬਹੁਤਾ ਮਹੱਤਵਪੂਰਣ ਨਾ ਸਮਝੋ
7 ਉਸ ਸਮੇਂ ਯਿਸੂ ਨੇ ਵੇਖਿਆ ਕਿ ਉਨ੍ਹਾਂ ਵਿੱਚੋਂ ਕੁਝ ਮਹਿਮਾਨ, ਆਪਣੇ ਵਾਸਤੇ, ਉਸ ਖਾਣੇ ਦੀ ਮੇਜ ਤੇ ਮਹੱਤਵਪੂਰਣ ਥਾਵਾਂ ਚੁਣ ਰਹੇ ਸਨ ਤਾਂ ਉਸ ਨੇ ਇਹ ਦ੍ਰਿਸ਼ਟਾਂਤ ਦਿੱਤਾ, 8 “ਜੇਕਰ ਕੋਈ ਵਿਅਕਤੀ ਤੁਹਾਨੂੰ ਵਿਆਹ ਤੇ ਨਿਉਂਤਾ ਦਿੰਦਾ ਹੈ ਤਾਂ ਸਭ ਤੋਂ ਵੱਧੀਆ ਜਗ੍ਹਾ ਤੇ ਨਾ ਬੈਠੇ ਕਿਉਂਕਿ ਹੋ ਸੱਕਦਾ ਹੈ ਕਿ ਮੇਜਬਾਨ ਨੇ ਤੁਹਾਡੇ ਤੋਂ ਵੀ ਵੱਧ ਮਹੱਤਵਪੂਰਣ ਵਿਅਕਤੀ ਨੂੰ ਨਿਉਂਤਾ ਦਿੱਤਾ ਹੋਵੇ। 9 ਜਦੋਂ ਤੁਸੀਂ ਸਭ ਤੋਂ ਵੱਧੀਆ ਜਗ੍ਹਾ ਤੇ ਬੈਠੋ ਹੋ, ਤਾਂ ਹੋ ਸੱਕਦਾ ਕਿ ਮੇਜਬਾਨ ਤੁਹਾਡੇ ਕੋਲ ਆਣਕੇ ਤੁਹਾਨੂੰ ਆਖੇ, ‘ਆਪਣੀ ਜਗ੍ਹਾ ਇਸ ਆਦਮੀ ਨੂੰ ਦਿਉ!’ ਫ਼ੇਰ ਤੁਹਾਨੂੰ ਅਪਮਾਣਿਤਾਂ ਵਾਂਗ ਸਭ ਤੋਂ ਪਿੱਛਲੀ ਥਾਂ ਤੇ ਜਾਕੇ ਬੈਠਣਾ ਪਵੇਗਾ।
10 “ਇਸ ਲਈ ਜਦੋਂ ਤੁਹਾਨੂੰ ਕੋਈ ਬੁਲਾਵਾ ਦਿੰਦਾ ਹੈ ਤਾਂ ਜਾਵੋ ਤੇ ਅਜਿਹੀ ਥਾਂ ਤੇ ਬੈਠੋ ਜਿਹੜੀ ਆਮ ਹੋਵੇ ਖਾਸ ਨਹੀਂ। ਤਾਂ ਉਹ ਮਨੁੱਖ ਜਿਸਨੇ ਤੁਹਾਨੂੰ ਸੱਦਾ ਦਿੱਤਾ ਸੀ ਤੁਹਾਡੇ ਕੋਲ ਆਕੇ ਤੁਹਾਨੂੰ ਆਖੇਗਾ, ‘ਮਿੱਤਰ, ਆ ਅਤੇ ਇਸ ਵੱਧ ਮਹੱਤਵਪੂਰਣ ਜਗ੍ਹਾ ਤੇ ਬੈਠ।’ ਤਾਂ ਫ਼ਿਰ ਬਾਕੀ ਸਾਰੇ ਮਹਿਮਾਨਾਂ ਦੇ ਸਾਹਮਣੇ ਤੇਰੀ ਇੱਜ਼ਤ ਹੋਵੇਗੀ। 11 ਹਰ ਕੋਈ ਜੋ ਆਪਣੇ-ਆਪ ਨੂੰ ਮਹਾਨ ਬਣਾਉਂਦਾ ਹੈ ਉਹ ਨਿਮ੍ਰ ਬਣਾਇਆ ਜਾਵੇਗਾ। ਪਰ ਜੋ ਆਪਣੇ-ਆਪ ਨੂੰ ਨਿਮ੍ਰ ਬਣਾਉਂਦਾ ਹੈ ਉਸ ਨੂੰ ਮਹਾਨ ਬਣਾਇਆ ਜਾਵੇਗਾ।”
2010 by World Bible Translation Center