Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 68:1-20

ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।

68 ਹੇ ਪਰਮੇਸ਼ੁਰ, ਜਾਗੋ ਅਤੇ ਆਪਣੇ ਵੈਰੀਆਂ ਨੂੰ ਖਿੰਡਾ ਦਿਉ,
    ਉਸ ਦੇ ਸਾਰੇ ਵੈਰੀ ਉਸ ਕੋਲੋਂ ਫ਼ਰਾਰ ਹੋ ਜਾਣ।
ਆਪਣੇ ਵੈਰੀਆਂ ਨੂੰ ਇੰਝ ਖਿੰਡਿਆ ਦਿਉ,
    ਜਿਵੇਂ ਧੂੰਆ ਹਵਾ ਦੁਆਰਾ ਉੱਡ ਜਾਂਦਾ ਹੈ।
ਤੇਰੇ ਵੈਰੀ ਅੱਗ ਉੱਤੇ ਪਿਘਲਦੀ
    ਇੱਕ ਮੋਮ ਵਾਂਗ ਤਬਾਹ ਹੋ ਜਾਣ।
ਪਰ ਨੇਕ ਬੰਦੇ ਖੁਸ਼ ਹਨ, ਨੇਕ ਬੰਦੇ ਪਰਮੇਸ਼ੁਰ ਦੇ ਸੰਗ ਇਕੱਠੇ ਖੁਸ਼ੀ ਭਰੇ ਪਲ ਮਾਣਦੇ ਹਨ।
    ਨੇਕ ਬੰਦੇ ਖੁਸ਼ੀਆਂ ਮਾਣਦੇ ਹਨ ਅਤੇ ਬਹੁਤ ਖੁਸ਼ ਹਨ।
ਪਰਮੇਸ਼ੁਰ ਲਈ ਗਾਵੋ, ਉਸ ਦੇ ਨਾਮ ਦੀ ਉਸਤਤਿ ਗਾਵੋ।
    ਪਰਮੇਸ਼ੁਰ ਲਈ ਰਾਹ ਬਣਾਵੋ, ਉਹ ਮਾਰੂਥਲ ਵਿੱਚ ਆਪਣੇ ਰੱਥ ਉੱਤੇ ਸਵਾਰੀ ਕਰਦਾ ਹੈ।
ਉਸਦਾ ਨਾਮ ਯਾਹ [a] ਹੈ,
    ਉਸ ਦੇ ਨਾਮ ਦੀ ਉਸਤਤਿ ਕਰੋ।
ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ।
    ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।
ਪਰਮੇਸ਼ੁਰ ਇੱਕਲੇ ਬੰਦਿਆਂ ਨੂੰ ਘਰ ਦਿੰਦਾ ਹੈ,
    ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕੈਦ ਤੋਂ ਆਜ਼ਾਦ ਕਰਦਾ ਹੈ।
    ਉਹ ਬਹੁਤ ਖੁਸ਼ ਹਨ।
    ਪਰ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹੋ ਜਾਂਦੇ ਹਨ, ਗਰਮ ਜੇਲ੍ਹ ਵਿੱਚ ਡੱਕੇ ਰਹਿਣਗੇ।
ਹੇ ਪਰਮੇਸ਼ੁਰ, ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਆਉਣ ਵਿੱਚ ਅਗਵਾਈ ਕੀਤੀ।
    ਤੁਸੀਂ ਮਾਰੂਥਲ ਦੇ ਪਾਰ ਵੱਲ ਕੂਚ ਕੀਤਾ, ਅਤੇ ਧਰਤੀ ਕੰਬ ਉੱਠੀ।
ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਸੀਨਈ
    ਪਰਬਤ ਉੱਤੇ ਆਇਆ ਅਤੇ ਅਕਾਸ਼ ਪਿਘਲ ਗਿਆ।
ਹੇ ਪਰਮੇਸ਼ੁਰ, ਤੁਸੀਂ ਬੁੱਢੀ ਥੱਕੀ ਧਰਤੀ ਨੂੰ ਫ਼ੇਰ ਮਜ਼ਬੂਤ ਬਨਾਉਣ ਲਈ ਵਰੱਖਾ ਘਲੀ।
10 ਤੁਹਾਡੇ ਜਾਨਵਰ ਫ਼ੇਰ ਉਸ ਧਰਤੀ ਉੱਤੇ ਆ ਗਏ।
    ਹੇ ਪਰਮੇਸ਼ੁਰ, ਉੱਥੇ ਤੁਸੀਂ ਗਰੀਬ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ।
11 ਪਰਮੇਸ਼ੁਰ ਨੇ ਆਦੇਸ਼ ਕੀਤਾ
    ਅਤੇ ਬਹੁਤ ਸਾਰੇ ਲੋਕ ਸ਼ੁਭ ਸਮਾਚਾਰ ਦੇਣ ਲਈ ਚੱਲੇ ਗਏ।
12 “ਤਾਕਤਵਰ ਰਾਜਿਆਂ ਦੀਆਂ ਫ਼ੌਜਾਂ ਨੱਸ ਗਈਆਂ,
    ਘਰਾਂ ਵਿੱਚ ਔਰਤਾਂ ਉਹ ਚੀਜ਼ਾਂ ਵੰਡਣਗੀਆਂ ਜਿਹੜੀਆਂ ਸਿਪਾਹੀ ਜੰਗ ਵਿੱਚੋਂ ਲਿਆਉਣਗੇ।
    ਜਿਹੜੇ ਲੋਕ ਘਰਾਂ ਵਿੱਚ ਰੁਕ ਗਏ ਸਨ ਲੁੱਟ ਦਾ ਬਟਵਾਰਾ ਕਰਨਗੇ।
13 ਉਨ੍ਹਾਂ ਨੂੰ ਚਾਂਦੀ ਨਾਲ ਢੱਕੇ ਘੁੱਗੀਆਂ ਦੇ ਖੰਬ (ਕੀਮਤੀ ਹੀਰੇ) ਮਿਲਣਗੇ।
    ਉਹ ਸੋਨੇ ਨਾਲ ਚਮਕਦੇ ਖੰਭ ਹਾਸਲ ਕਰਨਗੇ।”

14 ਸਲਮੋਨ ਪਰਬਤ ਉੱਤੇ ਪਰਮੇਸ਼ੁਰ ਨੇ, ਵੈਰੀ ਰਾਜਿਆਂ ਨੂੰ ਖਿੰਡਾਂ ਦਿੱਤਾ।
    ਉਹ ਡਿੱਗਦੀ ਹੋਈ ਬਰਫ਼ ਵਾਂਗ ਸਨ।
15 ਬਾਸ਼ਾਨ ਪਰਬਤ ਕਈ ਸ਼ਿਖਰਾਂ ਵਾਲਾ ਇੱਕ ਮਹਾਨ ਪਰਬਤ ਹੈ।
16 ਹੇ ਬਾਸ਼ਾਨ ਪਰਬਤ, ਤੂੰ ਹੇਠਾਂ ਸੀਯੋਨ ਪਰਬਤ ਵੱਲ ਕਿਉਂ ਤੱਕਦਾ?
    ਪਰਮੇਸ਼ੁਰ ਉਸ ਪਰਬਤ (ਸੀਯੋਨ) ਨੂੰ ਪਿਆਰ ਕਰਦਾ ਹੈ।
    ਯਹੋਵਾਹ ਨੇ ਸਦਾ ਲਈ ਉੱਥੇ ਰਹਿਣ ਲਈ ਇਸ ਨੂੰ ਚੁਣਿਆ ਹੈ।
17 ਯਹੋਵਾਹ ਪਵਿੱਤਰ ਸੀਯੋਨ ਪਰਬਤ ਵੱਲ ਆਉਂਦਾ ਹੈ।
    ਉਸ ਦੇ ਪਿੱਛੇ ਉਸ ਦੇ ਹਜ਼ਾਰਾਂ ਹੱਥ ਹਨ।
18 ਉਹ ਉੱਪਰ ਉੱਚੇ ਪਰਬਤ ਉੱਤੇ ਗਿਆ,
    ਕੈਦੀਆਂ ਦੇ ਟੋਲੇ ਦੀ ਅਗਵਾਈ ਕਰਦੇ ਹੋਏ,
ਆਦਮੀਆਂ ਤੋਂ ਉਨ੍ਹਾਂ ਲੋਕਾਂ ਸਮੇਤ ਸੁਗਾਤਾਂ ਲੈਣ ਲਈ ਗਿਆ
    ਜਿਹੜੇ ਉਸ ਦੇ ਖਿਲਾਫ਼ ਮੁੜ ਗਏ ਸਨ।
ਯਹੋਵਾਹ ਪਰਮੇਸ਼ੁਰ ਉੱਥੇ ਉੱਪਰ ਨਿਵਾਸ ਕਰਨ ਲਈ ਗਿਆ।
19 ਯਹੋਵਾਹ ਦੀ ਉਸਤਤਿ ਕਰੋ।
    ਹਰ ਰੋਜ਼ ਉਹ ਉਨ੍ਹਾਂ ਭਾਰਾਂ ਨੂੰ ਚੁੱਕਣ ਵਿੱਚ ਸਾਡੀ ਸਹਾਇਤਾ ਕਰਦਾ ਹੈ,
    ਜਿਹੜੇ ਸਾਨੂੰ ਚੁੱਕਣੇ ਪੈਂਦੇ ਹਨ। ਪਰਮੇਸ਼ੁਰ ਸਾਨੂੰ ਬਚਾਉਂਦਾ ਹੈ।

20 ਉਹ ਸਾਡਾ ਪਰਮੇਸ਼ੁਰ ਹੈ, ਉਹੀ ਪਰਮੇਸ਼ੁਰ ਹੈ ਜਿਹੜਾ ਸਾਨੂੰ ਬਚਾਉਂਦਾ ਹੈ।
    ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮੌਤ ਕੋਲੋਂ ਬਚਾਉਂਦਾ ਹੈ।

2 ਰਾਜਿਆਂ 2:1-15

ਏਲੀਯਾਹ ਨੂੰ ਉੱਠਾਉਣ ਦੀ ਯਹੋਵਾਹ ਦੀ ਵਿਉਂਤ

ਜਦੋਂ ਯਹੋਵਾਹ, ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਵੱਲ ਚੁੱਕਣ ਹੀ ਵਾਲਾ ਸੀ, ਏਲੀਯਾਹ, ਅਤੇ ਅਲੀਸ਼ਾ ਗਿਲਗਾਲ ਤੋਂ ਜਾ ਰਹੇ ਸਨ।

ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਕਿਰਪਾ ਕਰਕੇ ਇੱਥੇ ਰੁਕ ਜਾ ਕਿਉਂ ਕਿ ਯਹੋਵਾਹ ਨੇ ਮੈਨੂੰ ਬੈਤਏਲ ਤੀਕ ਜਾਣ ਲਈਂ ਕਿਹਾ ਹੈ।”

ਪਰ ਅਲੀਸ਼ਾ ਨੇ ਕਿਹਾ, “ਮੈਂ ਯਹੋਵਾਹ ਦੀ ਜ਼ਿੰਦਗੀ ਦੀ ਅਤੇ ਤੇਰੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਮੈਂ ਤੈਨੂੰ ਛੱਡ ਕੇ ਨਾ ਜਾਵਾਂਗਾ।” ਤਦ ਇਹ ਦੋਨੋ ਮਨੁੱਖ ਬੈਤਏਲ ਨੂੰ ਤੁਰ ਪਏ।

ਨਬੀਆਂ ਦਾ ਇੱਕ ਸਮੂਹ, ਜੋ ਕਿ ਬੈਤਏਲ ਵਿੱਚ ਸੀ, ਅਲੀਸ਼ਾ ਕੋਲ ਆਇਆ ਅਤੇ ਉਸ ਨੂੰ ਕਹਿਣ ਲੱਗਾ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸੁਆਮੀ ਨੂੰ, ਤੇਰੇ ਤੋਂ ਅਲੱਗ ਕਰ ਦੇਵੇਗਾ?”

ਅਲੀਸ਼ਾ ਨੇ ਕਿਹਾ, “ਮੈਨੂੰ ਪਤਾ ਹੈ, ਇਸ ਬਾਰੇ ਗੱਲ ਨਾ ਕਰੋ।”

ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਅਲੀਸ਼ਾ ਤੂੰ ਇੱਥੇ ਠਹਿਰ ਜਾਵੀਂ ਕਿਉਂ ਕਿ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ।”

ਪਰ ਅਲੀਸ਼ਾ ਨੇ ਕਿਹਾ, “ਮੈਂ ਇਕਰਾਰ ਕੀਤਾ ਸੀ ਕਿ ਜਦ ਤੱਕ ਯਹੋਵਾਹ ਜਿਉਂਦਾ ਰਹੇਗਾ ਤੇ ਜਦ ਤੀਕ ਤੂੰ ਜਿਉਂਦਾ ਰਹੇਂਗਾ, ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ।” ਇਸ ਲਈ ਉਹ ਦੋਨੋ ਫ਼ੇਰ ਯਰੀਹੋ ਨੂੰ ਤੁਰ ਪਏ।

ਯਰੀਹੋ ਵਿੱਚ ਇੱਕ ਨਬੀਆਂ ਦੀ ਟੋਲੀ ਅਲੀਸ਼ਾ ਕੋਲ ਆਈ ਅਤੇ ਆਕੇ ਉਸ ਨੂੰ ਕਹਿਣ ਲਗੀ, “ਕੀ ਤੂੰ ਜਾਣਦਾ ਹੈਂ ਕਿ ਅੱਜ ਯਹੋਵਾਹ ਤੇਰੇ ਸੁਆਮੀ ਨੂੰ ਤੇਰੇ ਤੋਂ ਜੁਦਾਅ ਕਰ ਦੂਰ ਲੈ ਜਾਵੇਗਾ?”

ਏਲੀਯਾਹ ਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਪਰ ਇਸ ਬਾਰੇ ਕੋਈ ਗੱਲ ਨਾ ਕਰੋ।”

ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਤੂੰ ਇੱਥੇ ਰੁਕ ਜਾਵੀਂ ਕਿਉਂ ਕਿ ਯਹੋਵਾਹ ਨੇ ਮੈਨੂੰ ਯਰਦਨ ਦਰਿਆ ਦੇ ਕੰਢੇ ਤੇ ਜਾਣ ਨੂੰ ਕਿਹਾ ਹੈ।”

ਅਲੀਸ਼ਾ ਨੇ ਆਖਿਆ, “ਮੈਂ ਯਹੋਵਹਾ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਜਦ ਤਕ ਯਹੋਵਾਹ ਅਤੇ ਤੂੰ ਜਿਉਂਦਾ ਹੈਂ, ਮੈਂ ਛੱਡ ਕੇ ਨਹੀਂ ਜਾਵਾਂਗਾ।” ਇਸ ਲਈ ਦੋਵੇਂ ਚੱਲੇ ਗਏ।

ਉੱਥੇ ਨਬੀਆਂ ਦੇ ਟੋਲੇ ਵਿੱਚੋਂ ਕੋਈ 50 ਦੇ ਕਰੀਬ ਮਨੁੱਖ ਸਨ, ਜਿਨ੍ਹਾਂ ਉਨ੍ਹਾਂ ਦਾ ਪਿੱਛਾ ਕੀਤਾ। ਏਲੀਯਾਹ ਅਤੇ ਅਲੀਸ਼ਾ ਯਰਦਨ ਦਰਿਆ ਕੋਲ ਠਹਿਰ ਗਏ ਅਤੇ ਉਹ 50 ਮਨੁੱਖ ਉਨ੍ਹਾਂ ਤੋਂ ਕਾਫ਼ੀ ਦੂਰ ਜਾਕੇ ਠਹਿਰ ਗਏ। ਏਲੀਯਾਹ ਨੇ ਆਪਣਾ ਕੋਟ ਲਾਹ ਕੇ ਵਲੇਟਿਆ ਅਤੇ ਇਸ ਨਾਲ ਪਾਣੀ ਨੂੰ ਮਾਰਿਆ। ਇਸ ਨਾਲ ਪਾਣੀ ਖੱਬੇ ਅਤੇ ਸੱਜੇ ਦੋ ਹਿੱਸਿਆਂ ਵਿੱਚ ਵੰਡ ਗਿਆ। ਫ਼ੇਰ ਏਲੀਯਾਹ ਅਤੇ ਅਲੀਸ਼ਾ ਸੁੱਕੀ ਧਰਤੀ ਤੋਂ ਦੀ ਤੁਰ ਕੇ ਯਰਦਨ ਨਦੀ ਦੇ ਦੂਜੇ ਪਾਸੇ ਚੱਲੇ ਗਏ।

ਜਦੋਂ ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਮੈਨੂੰ ਤੇਰੇ ਤੋਂ ਜੁਦਾਅ ਕਰ ਦੇਵੇ, ਦੱਸ ਤੂੰ ਕਿ ਮੈਂ ਤੇਰੇ ਲਈ ਕੀ ਕਰਾਂ?”

ਅਲੀਸ਼ਾ ਨੇ ਕਿਹਾ, “ਤੇਰੇ ਆਤਮੇ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ।”

10 ਏਲੀਯਾਹ ਨੇ ਕਿਹਾ, “ਤੂੰ ਕੁਝ ਅਜਿਹਾ ਮੰਗਿਆ ਜੋ ਕਿ ਬਹੁਤ ਮੁਸ਼ਕਿਲ ਹੈ! ਜੇਕਰ ਤੂੰ ਮੈਨੂੰ ਉਸ ਵੇਲੇ ਵੇਖੇਂ ਜਦੋਂ ਮੈਂ ਤੈਥੋਂ ਦੂਰ ਲਿਜਾਇਆ ਜਾਵਾਂਗਾ, ਤਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਤੂੰ ਨਹੀਂ ਵੇਖੇਂਗਾ, ਤਾਂ ਇਹ ਨਹੀਂ ਵਾਪਰੇਗਾ।”

ਪਰਮੇਸ਼ੁਰ ਦਾ ਏਲੀਯਾਹ ਨੂੰ ਸੁਰਗਾਂ ’ਚ ਲੈ ਜਾਣਾ

11 ਏਲੀਯਾਹ ਅਤੇ ਅਲੀਸ਼ਾ ਦੋਨੋ ਇਕੱਠੇ ਚੱਲਦੇ ਗੱਲਾਂ ਕਰ ਰਹੇ ਸਨ। ਅਚਾਨਕ ਕੁਝ ਘੋੜੇ ਅਤੇ ਰੱਥ ਆਏ ਅਤੇ ਏਲੀਯਾਹ ਨੂੰ ਅਲੀਸ਼ਾ ਤੋਂ ਅਲੱਗ ਕਰ ਗਏ। ਉਹ ਘੋੜੇ ਅਤੇ ਰੱਥ ਅੱਗ ਵਾਂਗ ਸਨ। ਤਦ ਏਲੀਯਾਹ ਇਸ ਵਾਵਰੋਲੇ ਵਿੱਚ ਅਕਾਸ਼ ਨੂੰ ਉੱਠਾਇਆ ਗਿਆ।

12 ਅਲੀਸ਼ਾ ਨੇ ਇਹ ਸਭ ਵੇਖਿਆ ਤਾਂ ਉੱਚੀ ਅਵਾਜ਼ ਵਿੱਚ ਚਿਲਾਇਆ, “ਹੇ ਮੇਰੇ ਪਿਤਾ! ਮੇਰੇ ਪਿਤਾ! ਇਸਰਾਏਲ ਦੇ ਘੋੜੇ ਤੇ ਰੱਥ!”

ਜਦੋਂ ਅਲੀਸ਼ਾ ਨੂੰ ਏਲੀਯਾਹ ਹੋਰ ਨਾ ਦਿਖਿਆ, ਅਲੀਸ਼ਾ ਨੇ ਕਸੱਕੇ ਆਪਣੇ ਕੱਪੜਿਆਂ ਨੂੰ ਫ਼ੜਿਆ ਅਤੇ ਆਪਣੀ ਉਦਾਸੀ ਦਰਸਾਉਣ ਲਈ ਇਨ੍ਹਾਂ ਨੂੰ ਦੋ ਟੁਕੜਿਆਂ ਵਿੱਚ ਪਾੜ ਦਿੱਤਾ। 13 ਏਲੀਯਾਹ ਦਾ ਕੋਟ ਜ਼ਮੀਨ ਤੇ ਡਿੱਗ ਪਿਆ, ਤਾਂ ਅਲੀਸ਼ਾ ਨੇ ਉਸ ਨੂੰ ਚੁੱਕਿਆ ਅਤੇ ਯਰਦਨ ਨਦੀ ਦੇ ਕਿਨਾਰੇ ਆ ਗਿਆ ਅਲੀਸ਼ਾ ਨੇ ਪਾਣੀ ਨੂੰ ਮਾਰਿਆ ਅਤੇ ਆਖਿਆ, “ਯਹੋਵਾਹ, ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ?” 14 ਜਦ ਅਲੀਸ਼ਾ ਨੇ ਪਾਣੀ ਨੂੰ ਮਾਰਿਆ ਤਾਂ ਪਾਣੀ ਖੱਬੇ-ਸੱਜੇ ਦੋ ਹਿੱਸਿਆ ਵਿੱਚ ਵੰਡਿਆਂ ਗਿਆ ਅਤੇ ਅਲੀਸ਼ਾ ਦਰਿਆ ਪਾਰ ਕਰ ਗਿਆ।

ਨਬੀਆਂ ਨੇ ਏਲੀਯਾਹ ਬਾਰੇ ਪੁੱਛਿਆ

15 ਜਦੋਂ ਯਰੀਹੋ ਵਿੱਚ ਨਬੀਆਂ ਦੀ ਟੋਲੀ ਨੇ ਅਲੀਸ਼ਾ ਨੂੰ ਵੇਖਿਆ ਤਾਂ ਉਨ੍ਹਾਂ ਕਿਹਾ, “ਏਲੀਯਾਹ ਦੀ ਆਤਮਾ ਹੁਣ ਅਲੀਸ਼ਾ ਵਿੱਚ ਹੈ।” ਤਾਂ ਉਹ ਅਲੀਸ਼ਾ ਨੂੰ ਮਿਲਣ ਲਈ ਆਏ। ਉਨ੍ਹਾਂ ਅਲੀਸ਼ਾ ਦੇ ਸਾਹਮਣੇ ਸਿਰ ਝੁਕਾਇਆ ਅਤੇ ਉਸ ਨੂੰ ਕਿਹਾ,

ਪਰਕਾਸ਼ ਦੀ ਪੋਥੀ 5

ਕੌਣ ਸੂਚੀ ਖੋਲ੍ਹ ਸੱਕਦਾ ਹੈ ?

ਫ਼ੇਰ, ਮੈਂ ਤਖਤ ਤੇ ਬੈਠ ਇੱਕ ਦੇ ਹੱਥ ਵਿੱਚ ਸੂਚੀ ਪੱਤਰ ਵੇਖਿਆ। ਇਸ ਸੂਚੀ ਦੇ ਦੋਹੀਂ ਪਾਸੀਂ ਲਿਖਤ ਸੀ। ਸੂਚੀ ਨੂੰ ਸੱਤ ਮੋਹਰਾਂ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ। ਅਤੇ ਮੈਂ ਇੱਕ ਸ਼ਕਤੀਸ਼ਾਲੀ ਦੂਤ ਦੇਖਿਆ। ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਕੌਣ ਇਨ੍ਹਾਂ ਮੋਹਰਾਂ ਨੂੰ ਤੋੜਨ ਅਤੇ ਸੂਚੀ ਪੱਤਰ ਨੂੰ ਖੋਲ੍ਹਣ ਦੇ ਸਾਮਰਥੀ ਹੈ?” ਪਰ ਉੱਥੇ ਸਵਰਗ, ਧਰਤੀ ਜਾਂ ਧਰਤੀ ਦੇ ਹੇਠਾਂ ਕੋਈ ਵੀ ਅਜਿਹਾ ਨਹੀਂ ਸੀ ਜਿਹੜਾ ਸੂਚੀ ਪੱਤਰ ਖੋਲ੍ਹ ਸੱਕੇ ਜਾਂ ਅੰਦਰ ਝਾਕ ਸੱਕੇ। ਮੈਂ ਚੀਕਿਆ ਅਤੇ ਚੀਕਿਆ ਕਿਉਂ ਕਿ ਉੱਥੇ ਅਜਿਹਾ ਕੋਈ ਨਹੀ ਸੀ ਜਿਹੜਾ ਸੂਚੀ ਪੱਤਰ ਖੋਲ੍ਹਣ ਜਾਂ ਉਸ ਦੇ ਅੰਦਰ ਝਾਕਣ ਦੇ ਸਮਰੱਥ ਹੁੰਦਾ। ਪਰ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ ਰੋ ਨਾ। “ਯਹੂਦਾਹ ਦੇ ਵੰਸ਼ ਵਿੱਚੋਂ ਇੱਕ ਸ਼ੇਰ ਨੇ ਫ਼ਤੇਹ ਹਾਸਿਲ ਕਰ ਲਈ ਹੈ। ਉਹ ਦਾਊਦ ਦੀ ਔਲਾਦ ਹੈ। ਉਹ ਇਸ ਸੂਚੀ ਪੱਤਰ ਅਤੇ ਇਸ ਦੀਆਂ ਸੱਤਾਂ ਮੋਹਰਾਂ ਨੂੰ ਖੋਲ੍ਹਣ ਦੇ ਸਮਰਥ ਹੈ।”

ਫ਼ੇਰ ਮੈਂ ਤਖਤ ਦੇ ਸਾਹਮਣੇ ਉਨ੍ਹਾਂ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਵਿੱਚਕਾਰ ਇੱਕ ਲੇਲਾ ਖੜ੍ਹਾ ਦੇਖਿਆ। ਲੇਲਾ ਇਉਂ ਦਿੱਸਦਾ ਸੀ ਜਿਵੇਂ ਮਰਿਆ ਹੋਵੇ। ਇਸਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਪਰਮੇਸ਼ੁਰ ਦੇ ਸੱਤ ਆਤਮੇ ਸਨ ਜਿਹੜੇ ਦੁਨੀਆਂ ਵਿੱਚ ਭੇਜੇ ਗਏ ਸਨ। ਲੇਲਾ ਆਇਆ ਅਤੇ ਉਸ ਨੇ ਉਸ ਦੇ ਸੱਜੇ ਹੱਥ ਵਿੱਚੋਂ, ਜਿਹੜਾ ਤਖਤ ਤੇ ਬੈਠਾ ਸੀ, ਸੂਚੀ ਫ਼ੜ ਲਈ। ਜਦੋਂ ਲੇਲੇ ਨੇ ਸੂਚੀ ਪੱਤਰ ਲਿਆ, ਚਾਰ ਸਜੀਵ ਚੀਜ਼ਾਂ ਅਤੇ ਚੌਵੀ ਬਜ਼ੁਰਗ ਉਸ ਅੱਗੇ ਝੁਕ ਗਏ। ਉਨ੍ਹਾਂ ਵਿੱਚੋਂ ਹਰ ਕਿਸੇ ਕੋਲ ਇੱਕ ਰਬਾਬ ਅਤੇ ਧੂਪ ਨਾਲ ਭਰੇ ਹੋਏ ਸੁਨਿਹਰੀ ਕਲਸ਼ ਫ਼ੜੇ ਹੋਏ ਸਨ। ਇਹ ਧੂਪ ਦੇ ਕਲਸ਼ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਪ੍ਰਾਰਥਨਾ ਸਨ।

ਅਤੇ ਉਨ੍ਹਾਂ ਸਾਰਿਆਂ ਨੇ ਲੇਲੇ ਨੂੰ ਇੱਕ ਨਵਾਂ ਗੀਤ ਸੁਣਾਇਆ:

“ਤੂੰ ਇਹ ਸੂਚੀ ਪੱਤਰ ਲੈ ਕੇ ਇਸ ਦੀਆਂ
    ਮੋਹਰਾਂ ਖੋਲ੍ਹਣ ਦੇ ਯੋਗ ਹੈਂ।
ਕਿਉਂਕਿ ਤੂੰ ਮਾਰਿਆ ਗਿਆ ਸੀ
    ਅਤੇ ਤੇਰੇ ਲਹੂ ਦੁਆਰਾ ਤੂੰ ਹਰ ਵੰਸ਼ ਤੋਂ ਲੋਕਾਂ ਨੂੰ ਭਾਸ਼ਾ,
    ਜਾਤੀ ਅਤੇ ਕੌਮ ਨੂੰ ਪਰਮੇਸ਼ੁਰ ਲਈ ਖਰੀਦਿਆ।
10 ਤੂੰ ਇਨ੍ਹਾਂ ਲੋਕਾਂ ਨੂੰ ਇੱਕ ਸਲਤਨਤ ਬਣਾਇਆ,
    ਅਤੇ ਤੂੰ ਉਨ੍ਹਾਂ ਨੂੰ ਸਾਡੇ ਪਰਮੇਸ਼ੁਰ ਦੇ ਜਾਜਕ ਹੋਣ ਲਈ ਬਣਾਇਆ ਉਹ ਧਰਤੀ ਉੱਤੇ ਸ਼ਾਸਨ ਕਰਨਗੇ।”

11 ਫ਼ੇਰ ਮੈਂ ਦੇਖਿਆ, ਅਤੇ ਬਹੁਤ ਸਾਰੇ ਦੂਤਾਂ ਦੀਆਂ ਅਵਾਜ਼ਾਂ ਸੁਣੀਆਂ। ਦੂਤ, ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗ ਤਖਤ ਦੇ ਆਲੇ-ਦੁਆਲੇ ਸਨ। ਉੱਥੇ ਅਣਗਿਣਤ ਦੂਤ ਸਨ। 12 ਦੂਤਾਂ ਨੇ ਇੱਕ ਉੱਚੀ ਅਵਾਜ਼ ਵਿੱਚ ਆਖਿਆ:

“ਉਹ ਲੇਲਾ ਜਿਹੜਾ ਮਾਰਿਆ ਗਿਆ ਸੀ, ਸ਼ਕਤੀ, ਧਨ, ਸਿਆਣਪ, ਤਾਕਤ, ਸਤਿਕਾਰ,
    ਮਹਿਮਾ ਅਤੇ ਉਸਤਤਿ ਪ੍ਰਾਪਤ ਕਰਨ ਦੇ ਯੋਗ ਹੈ।”

13 ਫ਼ੇਰ ਮੈਂ ਸਵਰਗ ਵਿੱਚਲੀ, ਧਰਤੀ ਉਤਲੀ ਅਤੇ ਧਰਤੀ ਹੇਠਲੀ ਅਤੇ ਸਮੁੰਦਰ ਵਿੱਚਲੀ ਹਰ ਸਜੀਵ ਚੀਜ਼ ਨੂੰ ਸੁਣਿਆ। ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਇੱਕਲਿਆਂ ਇਹ ਕਹਿੰਦਿਆਂ ਸੁਣਿਆ:

“ਉਸ ਇੱਕ ਨੂੰ ਜਿਹੜਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਨੂੰ ਹਮੇਸ਼ਾ ਹਮੇਸ਼ਾ ਲਈ
    ਸਾਰੀ ਉਸਤਤਿ, ਸਤਿਕਾਰ, ਮਹਿਮਾ ਅਤੇ ਸ਼ਕਤੀ।”

14 ਚੌਹਾਂ ਸਜੀਵ ਚੀਜ਼ਾਂ ਨੇ ਆਖਿਆ, “ਆਮੀਨ।” ਅਤੇ ਬਜ਼ੁਰਗ ਥੱਲੇ ਝੁਕੇ ਅਤੇ ਉਪਾਸਨਾ ਕੀਤੀ।

Punjabi Bible: Easy-to-Read Version (ERV-PA)

2010 by World Bible Translation Center