Revised Common Lectionary (Complementary)
ਕੋਰਹ ਪਰਿਵਾਰ ਵੱਲੋਂ ਉਸਤਤਿ ਦਾ ਇੱਕ ਗੀਤ। ਨਿਰਦੇਸ਼ਕ ਲਈ: ਇੱਕ ਦੁੱਖਦਾਈ ਬਿਮਾਰੀ ਬਾਰੇ। ਹੇਮਨ ਅਜ਼ਰਾਂਹੀ ਦਾ ਇੱਕ ਭਗਤੀ ਗੀਤ।
88 ਯਹੋਵਾਹ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
ਮੈਂ ਤੁਹਾਡੇ ਅੱਗੇ ਦਿਨ-ਰਾਤ ਪ੍ਰਾਰਥਨਾ ਕਰਦਾ ਰਿਹਾ।
2 ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾ ਵੱਲ ਧਿਆਨ ਦਿਉ।
ਰਹਿਮ ਲਈ ਮੇਰੀਆਂ ਪ੍ਰਾਰਥਨਾ ਸੁਣੋ।
3 ਮੇਰੀ ਰੂਹ ਨੇ ਇਸ ਦਰਦ ਨੂੰ ਬਹੁਤ ਝੱਲਿਆ ਹੈ।
ਮੈਂ ਛੇਤੀ ਹੀ ਮਰ ਜਾਵਾਂਗਾ।
4 ਲੋਕਾਂ ਨੇ ਤਾਂ ਮੈਨੂੰ ਪਹਿਲਾਂ ਹੀ ਮੁਰਦਾ ਸਮਝ ਲਿਆ ਹੈ।
ਉਸ ਬੰਦੇ ਵਰਗਾ ਜਿਹੜਾ ਕਮਜ਼ੋਰੀ ਕਾਰਣ ਜਿਉਣ ਦੇ ਕਾਬਲ ਨਹੀਂ ਰਿਹਾ।
5 ਮੁਰਦਾ ਲੋਕਾਂ ਵਿੱਚ ਮੇਰੀ ਤਲਾਸ਼ ਕਰੋ,
ਮੈਂ ਕਬਰਸਤਾਨ ਵਿੱਚ ਪਈ ਹੋਈ ਇੱਕ ਲਾਸ਼ ਵਾਂਗ ਹਾਂ।
ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਤੁਸਾਂ ਭੁਲਾ ਦਿੱਤਾ ਹੈ।
ਤੁਹਾਡੇ ਨਾਲੋਂ ਅਤੇ ਤੁਹਾਡੀ ਦੇਖ-ਭਾਲ ਨਾਲੋਂ ਟੁੱਟੇ ਹੋਇਆਂ ਨੂੰ।
6 ਤੁਸੀਂ ਮੈਨੂੰ ਧਰਤੀ ਦੀ ਉਸ ਖੱਡ ਵਿੱਚ ਸੁੱਟ ਦਿੱਤਾ ਸੀ। ਹਾਂ,
ਤੁਸੀਂ ਹੀ ਮੈਨੂੰ ਉਸ ਹਨੇਰੀ ਥਾਵੇਂ ਰੱਖਿਆ ਸੀ।
7 ਹੇ ਪਰਮੇਸ਼ੁਰ, ਤੁਸੀਂ ਮੇਰੇ ਉੱਪਰ ਕਹਿਰਵਾਨ ਸੀ ਅਤੇ ਤੁਸੀਂ ਮੈਨੂੰ ਦੰਡ ਦਿੱਤਾ ਸੀ।
8 ਮੇਰੇ ਯਾਰ ਮੈਨੂੰ ਛੱਡ ਗਏ ਹਨ।
ਇੱਕ ਅਛੂਤ ਬੰਦੇ ਵਾਂਗ ਉਨ੍ਹਾਂ ਨੇ ਮੇਰੇ ਕੋਲੋਂ ਦੂਰੀ ਰੱਖ ਲਈ ਹੈ।
ਮੈਂ ਘਰ ਵਿੱਚ ਹੀ ਕੈਦ ਹਾਂ ਅਤੇ ਮੈਂ ਬਾਹਰ ਨਹੀਂ ਆ ਸੱਕਦਾ।
9 ਮੇਰੀਆਂ ਅੱਖਾਂ ਮੇਰੇ ਦੁੱਖਾਂ ਬਾਰੇ ਰੋਂਦੀਆਂ ਦੁੱਖ ਰਹੀਆਂ ਹਨ।
ਹੇ ਪਰਮੇਸ਼ੁਰ, ਮੈਂ ਨਿਰੰਤਰ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਪ੍ਰਾਰਥਨਾ ਲਈ ਤੁਹਾਡੇ ਵੱਲ ਆਪਣੇ ਹੱਥ ਉੱਠਾਉਂਦਾ ਹਾਂ।
10 ਯਹੋਵਾਹ, ਕੀ ਤੁਸੀਂ ਮੁਰਦਾ ਬੰਦਿਆਂ ਲਈ ਕਰਿਸ਼ਮੇ ਕਰਦੇ ਹੋ?
ਕੀ ਪ੍ਰੇਤ ਉੱਠਦੇ ਹਨ ਅਤੇ ਤੁਹਾਡੀ ਉਸਤਤਿ ਕਰਦੇ ਹਨ? ਨਹੀਂ।
11 ਮੁਰਦਾ ਬੰਦੇ, ਕਬਰ ਵਿੱਚ ਪਏ ਹੋਏ ਤੁਹਾਡੇ ਪਿਆਰ ਦੀ ਗੱਲਾਂ ਨਹੀਂ ਕਰ ਸੱਕਦੇ।
ਮੁਰਦਿਆਂ ਦੀ ਦੁਨੀਆਂ ਦੇ ਮਰਦਾ ਲੋਕ ਤੁਹਾਡੀ ਵਫ਼ਾਦਾਰੀ ਦੀ ਗੱਲ ਨਹੀਂ ਕਰ ਸੱਕਦੇ।
12 ਹਨੇਰੇ ਵਿੱਚ ਪਏ ਹੋਏ ਮੁਰਦਾ ਲੋਕ ਤੁਹਾਡੇ ਚਮਤਕਾਰ ਨਹੀਂ ਦੇਖ ਸੱਕਦੇ।
ਭੁੱਲੇ ਵਿੱਸਰਿਆਂ ਦੀ ਦੁਨੀਆਂ ਦੇ ਮੁਰਦਾ ਲੋਕ ਤੁਹਾਡੀ ਸ਼ੁਭਤਾ ਦੀ ਗੱਲ ਨਹੀਂ ਕਰ ਸੱਕਦੇ।
13 ਯਹੋਵਾਹ, ਮੈਂ ਤੁਹਾਨੂੰ ਸਹਾਇਤਾ ਲਈ ਆਖ ਰਿਹਾ ਹਾਂ।
ਮੈਂ ਹਰ ਰੋਜ਼ ਮੂੰਹ ਹਨੇਰੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
14 ਹੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ?
ਤੁਸੀਂ ਮੈਨੂੰ ਸੁਣਨ ਤੋਂ ਇਨਕਾਰ ਕਿਉਂ ਕਰਦੇ ਹੋਂ?
15 ਆਪਣੀ ਨੌਜਵਾਨੀ ਵੇਲੇ ਤੋਂ ਹੀ ਮੈਂ ਕਮਜ਼ੋਰ ਅਤੇ ਬਿਮਾਰ ਸਾਂ
ਅਤੇ ਮੈਂ ਤੁਹਾਡਾ ਗੁੱਸਾ ਝੱਲਿਆ ਹੈ। ਮੈਂ ਬੇਸਹਾਰਾ ਹਾਂ।
16 ਯਹੋਵਾਹ, ਤੁਸੀਂ ਮੇਰੇ ਉੱਤੇ ਕਹਿਰਵਾਨ ਸੀ
ਅਤੇ ਦੰਡ ਮੈਨੂੰ ਮਾਰ ਰਿਹਾ ਹੈ।
17 ਮੇਰੇ ਨਾਲ ਸਦਾ ਚੀਸਾਂ ਅਤੇ ਦਰਦ ਰਿਹਾ ਹੈ।
ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀਆਂ ਚੀਸਾਂ ਅਤੇ ਦਰਦਾਂ ਨਾਲ ਡੁੱਬ ਰਿਹਾ ਹਾਂ।
18 ਅਤੇ ਹੇ ਪਰਮੇਸ਼ੁਰ, ਤੁਸੀਂ ਮੈਨੂੰ ਮੇਰੇ ਸਾਰੇ ਦੋਸਤਾਂ ਅਤੇ ਪਿਆਰਿਆਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ।
ਸਿਰਫ਼ ਹਨੇਰਾ ਹੀ ਮੇਰਾ ਸੰਗੀ ਸਾਥੀ ਹੈ।
ਜਾਜਕਾਂ ਲਈ ਬਿਧੀਆਂ
21 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਇਹ ਗੱਲਾਂ ਆਖ; ਆਪਣੇ ਲੋਕਾਂ ਦਰਮਿਆਨ ਹੋਈ ਮੌਤ ਕਾਰਣ ਜਾਜਕ ਨੂੰ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ। 2 ਪਰ ਜੇ ਮਰਿਆ ਹੋਇਆ ਬੰਦਾ ਉਸਦਾ ਨਜ਼ਦੀਕੀ ਰਿਸ਼ਤੇਦਾਰ ਸੀ ਤਾਂ ਉਹ ਆਪਣੇ-ਆਪ ਨੂੰ ਪਲੀਤ ਕਰ ਸੱਕਦਾ ਹੈ। ਇਸ ਵਿੱਚ ਉਸਦੀ ਮਾਤਾ, ਉਸਦਾ ਪਿਤਾ, ਉਸਦਾ ਪੁੱਤਰ ਜਾਂ ਧੀ, ਉਸਦਾ ਭਰਾ ਜਾਂ 3 ਉਸਦੀ ਅਣਵਿਆਹੀ ਭੈਣ ਸ਼ਾਮਿਲ ਹੈ। (ਇਹ ਭੈਣ ਉਸ ਦੇ ਨਜ਼ਦੀਕ ਹੈ ਕਿਉਂਕਿ ਉਸਦਾ ਕੋਈ ਪਤੀ ਨਹੀਂ। ਇਸ ਲਈ ਜਾਜਕ ਉਸ ਵਾਸਤੇ ਆਪਣੇ ਆਪ ਨੂੰ ਪਲੀਤ ਕਰ ਸੱਕਦਾ ਹੈ ਜੇ ਉਹ ਮਰ ਜਾਂਦੀ ਹੈ।) 4 ਪਰ ਉਸ ਨੂੰ ਆਪਣੇ-ਆਪਨੂੰ ਪਲੀਤ ਨਹੀਂ ਕਰਨਾ ਚਾਹੀਦਾ ਜੇ ਮਰਿਆ ਹੋਇਆ ਬੰਦਾ ਸ਼ਾਦੀ ਕਾਰਣ ਹੀ ਉਸ ਦੇ ਨਾਲ ਜੁੜਿਆ ਹੋਇਆ ਸੀ।
5 “ਜਾਜਕਾਂ ਨੂੰ ਆਪਣੇ ਸਿਰ ਨਹੀਂ ਮੁਨਵਾਉਣੇ ਚਾਹੀਦੇ। ਉਨ੍ਹਾਂ ਨੂੰ ਆਪਣੀਆਂ ਦਾਹੜੀਆਂ ਦੇ ਸਿਰੇ ਨਹੀਂ ਮੁਨਾਉਣੇ ਚਾਹੀਦੇ ਅਤੇ ਆਪਣੇ ਜਿਸਮਾਂ ਉੱਤੇ ਚੀਰੇ ਨਹੀਂ ਲਾਉਣੇ ਚਾਹੀਦੇ। [a] 6 ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਵੇ (ਉਨ੍ਹਾਂ ਦੇ ਪਰਮੇਸ਼ੁਰ ਦਾ ਭੋਜਨ) ਚੜ੍ਹਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਪਵਿੱਤਰ ਹੋਣਾ ਚਾਹੀਦਾ ਹੈ।
7 “ਇੱਕ ਜਾਜਕ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੈ। ਇਸ ਲਈ ਜਾਜਕ ਨੂੰ ਕਿਸੇ ਵੇਸਵਾ, ਕਿਸੇ ਕਲੰਕਤ ਔਰਤ ਜਾਂ ਤਲਾਕਸ਼ੁਦਾ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। 8 ਤੁਹਾਨੂੰ ਜਾਜਕ ਨਾਲ ਨਾਪਾਕ ਤਰੀਕੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਕਿਉਂਕਿ ਉਹ ਤੁਹਾਡੇ ਪਰਮੇਸ਼ੁਰ ਦਾ ਭੋਜਨ ਹਾਜ਼ਰ ਕਰਦਾ ਹੈ, ਅਤੇ ਮੈਂ ਪਵਿੱਤਰ ਹਾਂ। ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
9 “ਜੇ ਕਿਸੇ ਜਾਜਕ ਦੀ ਧੀ ਵੇਸਵਾ ਬਣ ਜਾਵੇ ਅਤੇ ਆਪਣੇ-ਆਪ ਨੂੰ ਕਲੰਕਤ ਕਰ ਲਵੇ ਉਹ ਆਪਣੇ ਪਿਉ ਨੂੰ ਵੀ ਕਲੰਕਤ ਕਰ ਦਿੰਦੀ ਹੈ। ਇਸ ਲਈ ਉਸ ਨੂੰ ਜਿੰਦਾ ਸਾੜ ਦੇਣਾ ਚਾਹੀਦਾ ਹੈ।
10 “ਪਰਧਾਨ ਜਾਜਕ ਨੂੰ ਉਸ ਦੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ। ਮਸਹ ਵਾਲਾ ਤੇਲ ਉਸ ਦੇ ਸਿਰ ਤੇ ਲਾਇਆ ਗਿਆ ਸੀ। ਇਸ ਤਰ੍ਹਾਂ ਨਾਲ ਉਸ ਨੂੰ ਪਰਧਾਨ ਜਾਜਕ ਦੀ ਖਾਸ ਸੇਵਾ ਲਈ ਚੁਣਿਆ ਗਿਆ ਸੀ। ਉਸ ਨੂੰ ਖਾਸ ਕੱਪੜੇ ਪਹਿਨਣ ਲਈ ਚੁਣਿਆ ਗਿਆ ਸੀ। ਇਸ ਲਈ ਉਸ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਵਿੱਚ ਉਸਦੀ ਉਦਾਸੀ ਨੂੰ ਦਰਸਾਉਣ। ਉਸ ਨੂੰ ਆਪਣੇ ਵਾਲ ਵੱਧਣ ਨਹੀਂ ਦੇਣੇ ਚਾਹੀਦੇ। ਉਸ ਨੂੰ ਆਪਣੇ ਕੱਪੜੇ ਨਹੀਂ ਪਾੜਨੇ ਚਾਹੀਦੇ। 11 ਉਸ ਨੂੰ ਕਿਸੇ ਮੁਰਦਾ ਸ਼ਰੀਰ ਦੇ ਕੋਲ ਜਾਕੇ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ ਭਾਵੇਂ ਲਾਸ਼ ਉਸਦੀ ਮਾਂ ਹੋਵੇ ਜਾਂ ਪਿਉ ਦੀ। 12 ਪਰਧਾਨ ਜਾਜਕ ਨੂੰ ਪਰਮੇਸ਼ੁਰ ਦੇ ਪਵਿੱਤਰ ਸਥਾਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇ ਉਹ ਜਾਵੇਗਾ ਤਾਂ ਉਹ ਪਲੀਤ ਹੋ ਸੱਕਦਾ ਹੈ ਅਤੇ ਉਹ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਵੀ ਪਲੀਤ ਕਰ ਸੱਕਦਾ ਹੈ। ਕਿਉਂਕਿ ਉਸ ਨੂੰ ਉਸ ਦੇ ਪਰਮੇਸ਼ੁਰ ਦਾ ਮਸਹ ਕਰਨ ਵਾਲਾ ਤੇਲ ਉਸ ਦੇ ਸਿਰ’ਚ ਪਾਕੇ ਸਮਰਪਿਤ ਕੀਤਾ ਗਿਆ ਹੈ। ਮੈਂ ਯਹੋਵਾਹ ਹਾਂ।
13 “ਪਰਧਾਨ ਜਾਜਕ ਨੂੰ ਕਿਸੇ ਅਜਿਹੀ ਔਰਤ ਨਾਲ ਹੀ ਸ਼ਾਦੀ ਕਰਨੀ ਚਾਹੀਦੀ ਹੈ ਜੋ ਕੁਆਰੀ ਹੋਵੇ। 14 ਪਰਧਾਨ ਜਾਜਕ ਨੂੰ ਕਿਸੇ ਵਿਧਵਾ, ਕਿਸੇ ਤਲਾਕਸ਼ੁਦਾ ਔਰਤ ਜਾਂ ਕਿਸੇ ਵੇਸਵਾ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਉਹ ਸਿਰਫ਼ ਆਪਣੇ ਲੋਕਾਂ ਵਿੱਚੋਂ ਹੀ ਕਿਸੇ ਕੁਆਰੀ ਕੁੜੀ ਨਾਲ ਸ਼ਾਦੀ ਕਰ ਸੱਕਦਾ ਹੈ। 15 ਇਸ ਤਰ੍ਹਾਂ, ਉਹ ਲੋਕਾਂ ਦਰਮਿਆਨ ਆਪਣੇ ਬੱਚਿਆਂ ਨੂੰ ਜਾਜਕ ਹੋਣ ਤੋਂ ਅਯੋਗ ਨਹੀਂ ਬਣਾ ਸੱਕੇਗਾ। [b] ਮੈਂ ਯਹੋਵਾਹ ਨੇ, ਜਾਜਕ ਨੂੰ ਉਸ ਦੇ ਖਾਸ ਕਾਰਜ ਲਈ ਵੱਖ ਕੀਤਾ ਹੈ।” [c]
ਤੀਤੁਸ ਤੇ ਉਸ ਦੇ ਸੰਗੀ
16 ਮੈਂ ਪਰਮੇਸ਼ੁਰ ਦੀ, ਤੀਤੁਸ ਨੂੰ ਤੁਹਾਡੇ ਲਈ ਉਸੇ ਤਰ੍ਹਾਂ ਦਾ ਪਿਆਰ ਦੇਣ ਲਈ, ਉਸਤਤਿ ਕਰਦਾ ਹਾਂ ਜੋ ਮੈਨੂੰ ਤੁਹਾਡੇ ਲਈ ਹੈ। 17 ਤੀਤੁਸ ਨੇ ਉਨ੍ਹਾਂ ਚੀਜ਼ਾਂ ਨੂੰ ਹੀ ਪ੍ਰਵਾਨ ਕੀਤਾ ਜਿਨ੍ਹਾਂ ਬਾਰੇ ਅਸੀਂ ਉਸ ਨੂੰ ਕਰਨ ਲਈ ਆਖਿਆ ਸੀ। ਉਹ ਤੁਹਾਡੇ ਕੋਲ ਜਾਣ ਲਈ ਬਹੁਤ ਚਾਹਵਾਨ ਸੀ। ਇਹ ਉਸਦੀ ਆਪਣੀ ਪਸੰਦ ਸੀ। 18 ਅਸੀਂ ਤੀਤੁਸ ਦੇ ਨਾਲ ਉਸ ਭਰਾ ਨੂੰ ਘੱਲ ਰਹੇ ਹਾਂ ਜਿਸਦੀ ਸਾਰੀ ਕਲੀਸਿਯਾ ਉਸਤਤਿ ਕਰਦੀ ਹੈ ਇਸ ਭਰਾ ਦੀ ਉਸਤਤਿ ਉਸ ਦੇ ਖੁਸ਼ਖਬਰੀ ਨੂੰ ਫ਼ੈਲਾਉਣ ਦੀ ਸੇਵਾ ਲਈ ਹੈ। 19 ਅਤੇ ਕਲੀਸਿਯਾ ਨੇ ਵੀ ਇਸ ਭਰਾ ਨੂੰ ਸਾਡਾ ਸਾਥ ਦੇਣ ਲਈ ਚੁਣਿਆ ਜਦੋਂ ਅਸੀਂ ਇਹ ਦਾਤ ਚੁੱਕਣੀ ਹੈ। ਅਸੀਂ ਇਹ ਸੇਵਾ ਪ੍ਰਭੂ ਦੀ ਮਹਿਮਾ ਲਈ ਕਰ ਰਹੇ ਹਾਂ ਅਤੇ ਇਹ ਦਰਸ਼ਾਉਣ ਲਈ ਵੀ ਕਿ ਅਸੀਂ ਸੱਚ ਮੁੱਚ ਸਹਾਇਤਾ ਕਰਨਾ ਚਾਹੁੰਦੇ ਹਾਂ।
20 ਅਸੀਂ ਸਾਵੱਧਾਨ ਹਾਂ ਤਾਂ ਜੋ, ਅਸੀਂ ਜਿਸ ਢੰਗ ਨਾਲ ਧਨ ਦੀ ਇੱਡੀ ਵੱਡੀ ਰਕਮ ਦੀ ਦੇਖ ਭਾਲ ਕਰਦੇ ਹਾਂ, ਕੋਈ ਵੀ ਕਸੂਰ ਨਾ ਕੱਢ ਸੱਕੇ। 21 ਅਸੀਂ ਓਹੋ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਉਚਿਤ ਹੈ। ਅਸੀਂ ਓਹੋ ਕੁਝ ਕਰਨਾ ਚਾਹੁੰਦੇ ਹਾਂ ਜਿਸ ਨੂੰ ਪ੍ਰਭੂ ਸਹੀ ਪ੍ਰਵਾਨ ਕਰਦਾ ਹੈ। ਅਤੇ ਨਾਲੇ ਜਿਸ ਨੂੰ ਲੋਕ ਸਹੀ ਸਮਝਦੇ ਹਨ।
22 ਨਾਲੇ, ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਰਾ ਨੂੰ ਵੀ ਘੱਲ ਰਹੇ ਹਾਂ ਜੋ ਕਿ ਹਮੇਸ਼ਾ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ। ਉਸ ਨੇ ਇਹ ਕਈਆਂ ਅਵਸਰਾਂ ਤੇ ਸਾਬਤ ਕਰ ਦਿੱਤਾ ਸੀ। ਅਤੇ ਹੁਣ ਤਾਂ ਉਹ ਹੋਰ ਵੀ ਵੱਧੇਰੇ ਸਹਾਇਤਾ ਕਰਨਾ ਚਾਹੁੰਦਾ ਹੈ ਕਿਉਂਕਿ ਉਸਦਾ ਤੁਹਾਡੇ ਵਿੱਚ ਬਹੁਤ ਵਿਸ਼ਵਾਸ ਹੈ।
23 ਹੁਣ ਤੀਤਸ ਬਾਰੇ-ਉਹ ਮੇਰਾ ਭਾਈਵਾਲ ਹੈ। ਤੁਹਾਡੀ ਸਹਾਇਤਾ ਕਰਨ ਵਿੱਚ ਉਹ ਮੇਰੇ ਨਾਲ ਕੰਮ ਕਰ ਰਿਹਾ ਹੈ। ਅਤੇ ਹੋਰਾਂ ਭਰਾਵਾਂ ਬਾਰੇ ਉਨ੍ਹਾਂ ਨੂੰ ਕਲੀਸਿਯਾ ਵੱਲੋਂ ਘਲਿਆ ਗਿਆ ਹੈ, ਅਤੇ ਉਹ ਮਸੀਹ ਨੂੰ ਮਹਿਮਾ ਦਿੰਦੇ ਹਨ। 24 ਇਸ ਲਈ, ਇਨ੍ਹਾਂ ਲੋਕਾਂ ਨੂੰ ਦਿਖਾਓ ਕਿ ਤੁਹਾਨੂੰ ਪ੍ਰੇਮ ਹੈ। ਉਨ੍ਹਾਂ ਨੂੰ ਇਹ ਦਰਸ਼ਾ ਦਿਓ ਅਸੀਂ ਤੁਹਾਡੇ ਉੱਪਰ ਕਿਉਂ ਮਾਣ ਕਰਦੇ ਹਾਂ ਫ਼ੇਰ ਸਾਰੀ ਕਲੀਸਿਯਾ ਇਸ ਨੂੰ ਦੇਖ ਸੱਕੇਗੀ।
2010 by World Bible Translation Center