Revised Common Lectionary (Complementary)
ਆਸਾਫ਼ ਦਾ ਇੱਕ ਭੱਗਤੀ ਗੀਤ।
74 ਹੇ ਪਰਮੇਸ਼ੁਰ, ਕੀ ਤੁਸੀਂ ਸਾਨੂੰ ਸਦਾ ਲਈ ਛੱਡ ਦਿੱਤਾ ਹੈ?
ਕੀ ਤੁਸੀਂ ਹਾਲੇ ਵੀ ਆਪਣੇ ਲੋਕਾਂ ਉੱਤੇ ਕ੍ਰੋਧਵਾਨ ਹੋ?
2 ਉਨ੍ਹਾਂ ਲੋਕਾਂ ਨੂੰ ਯਾਦ ਕਰੋ ਜਿਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਤੁਸੀਂ ਖਰੀਦ ਲਿਆ ਸੀ।
ਤੁਸੀਂ ਸਾਨੂੰ ਬਚਾਇਆ।
ਅਸੀਂ ਤੇਰੇ ਨਾਲ ਸੰਬੰਧਿਤ ਹਾਂ।
ਸੀਯੋਨ ਪਰਬਤ ਨੂੰ ਯਾਦ ਕਰੋ, ਜਿੱਥੇ ਤੁਸੀਂ ਰਹਿੰਦੇ ਸੀ।
3 ਹੇ ਪਰਮੇਸ਼ੁਰ, ਆਪ ਇਨ੍ਹਾਂ ਕਦੀਮੀ ਖੰਡ੍ਹਰਾਂ ਵਿੱਚੋਂ ਵੀ ਗੁਜਰੋ।
ਉਸ ਪਵਿੱਤਰ ਥਾਂ ਉੱਤੇ ਆ ਜਾਉ ਜਿਸ ਨੂੰ ਵੈਰੀਆਂ ਨੇ ਤਬਾਹ ਕੀਤਾ ਸੀ।
4 ਵੈਰੀਆਂ ਨੇ ਮੰਦਰ ਵਿੱਚ ਜੰਗਜੂ ਨਾਹਰੇ ਲਾਏ ਸਨ।
ਉਨ੍ਹਾਂ ਨੇ ਇਹ ਦਰਸਾਉਣ ਲਈ ਮੰਦਰ ਉੱਤੇ ਝੰਡੇ ਗਡ ਦਿੱਤੇ ਸੀ ਕਿ ਉਨ੍ਹਾਂ ਨੇ ਜੰਗ ਜਿੱਤ ਲਈ ਸੀ।
5 ਵੈਰੀਆਂ ਦੇ ਸਿਪਾਹੀ ਉਨ੍ਹਾਂ ਬੰਦਿਆਂ ਵਰਗੇ ਸਨ
ਜਿਹੜੇ ਦਾਤਰੀ ਨਾਲ ਘਾਹ-ਫ਼ੂਸ ਵੱਢਦੇ ਹਨ।
6 ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਮੰਦਰ ਦੇ ਸੱਜਿਤ ਦਰਾਂ ਨੂੰ ਬਰਬਾਦ ਕਰਨ ਲਈ
ਕੁਲਹਾੜੀਆਂ ਅਤੇ ਕਹੀਆਂ ਦਾ ਇਸਤੇਮਾਲ ਕੀਤਾ।
7 ਉਨ੍ਹਾਂ ਦੇ ਸਿਪਾਹੀਆਂ ਨੇ ਤੁਹਾਡਾ ਪਵਿੱਤਰ ਸਥਾਨ ਸਾੜ ਸੁੱਟਿਆ।
ਉਹ ਮੰਦਰ ਤੁਹਾਡੇ ਨਾਮ ਨੂੰ ਆਦਰ ਦੇਣ ਲਈ ਬਣਾਇਆ ਗਿਆ ਸੀ।
ਪਰ ਉਨ੍ਹਾਂ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ।
8 ਵੈਰੀਆਂ ਨੇ ਸਾਨੂੰ ਪੂਰੀ ਤਰ੍ਹਾਂ ਕੁਚਲਣ ਦਾ ਫ਼ੈਸਲਾ ਕੀਤਾ ਸੀ।
ਉਨ੍ਹਾਂ ਨੇ ਦੇਸ਼ ਦਾ ਹਰ ਪਵਿੱਤਰ ਸਥਾਨ ਸਾੜ ਦਿੱਤਾ।
9 ਅਸੀਂ ਉਨ੍ਹਾਂ ਕਰਾਮਾਤੀ ਨਿਸ਼ਾਨਾਂ ਵਿੱਚੋਂ ਕੋਈ ਵੀ ਨਾ ਵੇਖ ਸੱਕੇ।
ਜੋ ਸਾਡੇ ਦਰਮਿਆਨ ਵਾਪਰਦੇ ਸਨ। ਅਤੇ ਉੱਥੇ ਹੋਰ ਨਬੀ ਨਹੀਂ ਹਨ।
ਕੋਈ ਕੀ ਕਰੇ, ਕੋਈ ਬੰਦਾ ਨਹੀਂ ਜਾਣਦਾ ਸੀ।
10 ਹੇ ਪਰਮੇਸ਼ੁਰ, ਕਿੰਨਾ ਕੁ ਚਿਰ ਵੈਰੀ ਸਾਡਾ ਹੋਰ ਮਜ਼ਾਕ ਉਡਾਉਣਗੇ?
ਕੀ ਤੁਸਾਂ ਸਦਾ ਹੀ ਉਨ੍ਹਾਂ ਕੋਲੋਂ ਆਪਣਾ ਨਾਮ ਬੇਇੱਜ਼ਤ ਕਰ ਦੇਵੋਂਗੇ?
11 ਹੇ ਪਰਮੇਸ਼ੁਰ, ਤੁਸਾਂ ਸਾਨੂੰ ਇੰਨਾ ਸਖਤ ਦੰਡ ਕਿਉਂ ਦਿੱਤਾ?
ਤੁਸੀਂ ਆਪਣੀ ਮਹਾਂ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਸਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
12 ਹੇ ਪਰਮੇਸ਼ੁਰ, ਲੰਬੇ ਸਮੇਂ ਤੋਂ ਤੁਸੀਂ ਸਾਡੇ ਪਾਤਸ਼ਾਹ ਰਹੇ ਹੋ।
ਇਸ ਦੇਸ਼ ਅੰਦਰ ਤੁਸੀਂ ਸਾਡੀਆਂ ਬਹੁਤ ਲੜਾਈਆਂ ਜਿੱਤਣ ਵਿੱਚ ਸਹਾਈ ਹੋਏ ਹੋਂ।
13 ਹੇ ਪਰਮੇਸ਼ੁਰ ਤੁਸਾਂ ਲਾਲ ਸਾਗਰ ਨੂੰ ਪਾੜਨ ਲਈ
ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕੀਤਾ।
14 ਤੁਸੀਂ ਵੱਡੇ ਸਮੁੰਦਰੀ ਦੈਤਾਂ ਉੱਤੇ ਫ਼ਤੇਹ ਹਾਸਲ ਕੀਤੀ।
ਤੁਸਾਂ ਲੇਵੀਥਾਨ ਦੇ ਸਿਰ ਭੰਨ ਸੁੱਟੇ
ਅਤੇ ਉਸਦੀ ਲਾਸ਼ ਜਾਨਵਰਾਂ ਦੇ ਖਾਣ ਲਈ ਛੱਡ ਦਿੱਤੀ।
15 ਤੁਸੀਂ ਨਦੀ ਅਤੇ ਚਸ਼ਮਿਆਂ ਨੂੰ ਰਵਾਨੀ ਦਿੰਦੇ ਹੋ।
ਅਤੇ ਤੁਸੀਂ ਨਦੀਆਂ ਨੂੰ ਸੁਕਾ ਦਿੰਦੇ ਹੋ।
16 ਹੇ ਪਰਮੇਸ਼ੁਰ, ਤੁਸੀਂ ਹਰ ਦਿਨ ਉੱਤੇ ਕਾਬੂ ਰੱਖਦੇ ਹੋਂ
ਅਤੇ ਹਰ ਰਾਤ ਉੱਤੇ ਵੀ ਕਾਬੂ ਰੱਖਦੇ ਹੋਂ। ਤੁਸਾਂ ਸੂਰਜ ਅਤੇ ਚੰਨ ਨੂੰ ਸਾਜਿਆ।
17 ਤੁਸਾਂ ਧਰਤੀ ਉੱਤੇ ਹਰ ਸ਼ੈਅ ਦੀ ਸੀਮਾ ਰੱਖ ਦਿੱਤੀ।
ਅਤੇ ਤੁਸੀਂ ਗਰਮੀ ਤੇ ਸਰਦੀ ਨੂੰ ਸਾਜਿਆ।
18 ਹੇ ਪਰਮੇਸ਼ੁਰ, ਇਨ੍ਹਾਂ ਗੱਲਾਂ ਨੂੰ ਯਾਦ ਕਰੋ।
ਯਾਦ ਕਰੋ ਕਿ ਵੈਰੀਆਂ ਨੇ ਤੁਹਾਡੇ ਉੱਤੇ ਬੇਪਰਤੀਤੀ ਕੀਤੀ ਸੀ।
ਉਹ ਮੂਰਖ ਲੋਕ ਤੁਹਾਡੇ ਨਾਮ ਨੂੰ ਨਫ਼ਰਤ ਕਰਦੇ ਹਨ।
19 ਉਨ੍ਹਾਂ ਜੰਗਲੀ ਜਾਨਵਰਾਂ ਨੂੰ ਆਪਣੀ ਘੁੱਗੀ ਨਾ ਫ਼ੜਨ ਦਿਉ।
ਆਪਣੇ ਗਰੀਬ ਲੋਕਾਂ ਨੂੰ ਸਦਾ ਲਈ ਨਾ ਭੁੱਲੋ।
20 ਸਾਡੇ ਕਰਾਰ ਨੂੰ ਯਾਦ ਰੱਖ!
ਇਸ ਧਰਤੀ ਦੀ ਹਰ ਹਨੇਰੀ ਥਾਂ ਉੱਤੇ ਹਿੰਸਾ ਹੈ।
21 ਹੇ ਪਰਮੇਸ਼ੁਰ, ਤੁਹਾਡੇ ਲੋਕਾਂ ਨਾਲ ਬਦਸਲੂਕੀ ਕੀਤੀ ਗਈ ਸੀ।
ਉਨ੍ਹਾਂ ਨੂੰ ਹੋਰ ਵੱਧੇਰੇ ਸੱਟ ਨਾ ਖਾਣ ਦਿਉ।
ਤੁਹਾਡੇ ਗਰੀਬ ਬੇਸਹਾਰੇ ਲੋਕ ਤੁਹਾਡੀ ਉਸਤਤਿ ਕਰਦੇ ਹਨ।
22 ਹੇ ਪਰਮੇਸ਼ੁਰ ਉੱਠੋ ਅਤੇ ਜੰਗ ਕਰੋ।
ਯਾਦ ਕਰੋ ਉਨ੍ਹਾਂ ਮੂਰੱਖਾਂ ਨੇ ਤੁਹਾਨੂੰ ਵੰਗਾਰਿਆ ਸੀ।
23 ਆਪਣੇ ਵੈਰੀਆਂ ਦੇ ਨਾਰਿਆਂ ਨੂੰ ਨਾ ਭੁੱਲੋ।
ਉਹ ਬਾਰ-ਬਾਰ ਤੁਹਾਡੀ ਬੇਇੱਜ਼ਤੀ ਕਰਦੇ ਹਨ।
16 ਯਹੋਵਾਹ ਜੀ, ਲੋਕ ਤੁਹਾਨੂੰ ਚੇਤੇ ਕਰਦੇ ਹਨ
ਉਹ ਜਦੋਂ ਵੀ ਮੁਸੀਬਤ ਵਿੱਚ ਹੁੰਦੇ ਨੇ।
ਲੋਕ ਖਾਮੋਸ਼ੀ ਨਾਲ ਤੁਹਾਡੇ ਅੱਗੇ ਪ੍ਰਾਰਥਨਾ
ਕਰਦੇ ਨੇ ਜਦੋਂ ਤੁਸੀਂ ਉਨ੍ਹਾਂ ਨੂੰ ਸਜ਼ਾ ਦਿੰਦੇ ਹੋ।
17 ਯਹੋਵਾਹ ਜੀ, ਜਦੋਂ ਅਸੀਂ ਤੁਹਾਡੇ ਸੰਗ ਨਹੀਂ ਹੁੰਦੇ
ਅਸੀਂ ਉਸ ਔਰਤ ਵਰਗੇ ਹੁੰਦੇ ਹਾਂ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਹੈ।
ਉਹ ਜਨਮ ਪੀੜਾਂ ਨਾਲ ਚੀਖਦੀ ਹੈ।
18 ਸਾਨੂੰ ਉਸੇ ਤਰ੍ਹਾਂ, ਦਰਦ ਹੁੰਦਾ ਹੈ।
ਅਸੀਂ ਜਨਮ ਦਿੰਦੇ ਹਾਂ, ਪਰ ਸਿਰਫ਼ ਹਵਾ ਨੂੰ।
ਅਸੀਂ ਨਵੇਂ ਲੋਕ ਦੁਨੀਆਂ ਲਈ ਪੈਦਾ ਨਹੀਂ ਕਰਦੇ।
ਅਸੀਂ ਧਰਤੀ ਨੂੰ ਮੁਕਤੀ ਨਹੀਂ ਦਿੰਦੇ।
19 ਪਰ ਪਰਮੇਸ਼ੁਰ ਆਖਦਾ ਹੈ,
“ਤੁਸੀਂ ਲੋਕ ਮਰ ਚੁੱਕੇ ਹੋ,
ਪਰ ਉਹ ਦੋਬਾਰਾ ਜਿਉਣਗੇ।
ਮੇਰੇ ਲੋਕਾਂ ਦੇ ਜਿਸਮ ਮੌਤ ਤੋਂ ਉਭਰਨਗੇ।
ਧਰਤੀ ਵਿੱਚ ਮੁਰਦਾ ਪਏ ਲੋਕੋ, ਉੱਠੋ ਤੇ ਪ੍ਰਸੰਨ ਹੋ ਜਾਵੋ!
ਤੁਹਾਡੇ ਉੱਪਰ ਪਈ ਹੋਈ ਤ੍ਰੇਲ ਉਸ ਹਰ ਨਵੀਂ
ਸਵੇਰ ਦੀ ਲੋਅ ਵਿੱਚ ਚਮਕਦੀ ਹੋਈ ਤ੍ਰੇਲ ਵਰਗੀ ਹੈ।
ਇਹ ਦਰਸਾਉਂਦੀ ਹੈ ਕਿ ਅਜਿਹਾ ਨਵਾਂ ਸਮਾਂ ਆ ਰਿਹਾ ਹੈ
ਜਦੋਂ ਧਰਤੀ ਮੁਰਦਾ ਲੋਕਾਂ ਨੂੰ ਉਗਲ ਦੇਵੇਗੀ ਜਿਹੜੇ ਏਸ ਅੰਦਰ ਲੇਟੇ ਨੇ।”
ਨਿਆਂ: ਇਨਾਮ ਜਾਂ ਸਜ਼ਾ
20 ਮੇਰੇ ਲੋਕੋ, ਆਪਣੇ ਕਮਰਿਆਂ ਵਿੱਚ ਜਾਓ।
ਆਪਣੇ ਦਰਵਾਜ਼ੇ ਬੰਦ ਕਰ ਲਵੋ।
ਬੋੜੇ ਸਮੇਂ ਲਈ ਆਪਣੇ ਕਮਰਿਆਂ ਵਿੱਚ ਛੁਪ ਜਾਓ।
ਉਦੋਂ ਤੱਕ ਛੁੱਪੇ ਰਹੋ ਜਦੋਂ ਤੱਕ ਪਰਮੇਸ਼ੁਰ ਦਾ ਕਹਿਰ ਸ਼ਾਂਤ ਨਹੀਂ ਹੁੰਦਾ।
21 ਯਹੋਵਾਹ ਦੁਨੀਆਂ ਦੇ ਲੋਕਾਂ ਦਾ ਨਿਆਂ ਕਰਨ ਲਈ ਆਪਣਾ ਸਥਾਨ ਛੱਡ ਦੇਵੇਗਾ
ਜੋ ਵੀ ਮੰਦੇ ਕੰਮ ਉਨ੍ਹਾਂ ਨੇ ਕੀਤੇ ਹਨ।
ਧਰਤੀ ਉਨ੍ਹਾਂ ਲੋਕਾਂ ਦੇ ਖੂਨ ਨੂੰ ਜ਼ਾਹਰ ਕਰੇਗੀ ਜਿਹੜੇ ਮਾਰੇ ਗਏ ਹਨ।
ਧਰਤੀ ਮਰੇ ਹੋਏ ਲੋਕਾਂ ਨੂੰ ਹੋਰ ਨਹੀਂ ਕੱਜੇਗੀ।
27 ਉਸ ਸਮੇਂ, ਯਹੋਵਾਹ ਕਮੀਨੇ ਸੱਪ,
ਲਿਵਯਾਬਾਨ ਬਾਰੇ ਨਿਆਂ ਕਰੇਗਾ।
ਯਹੋਵਾਹ ਆਪਣੀ ਮਹਾਨ ਤਲਵਾਰ ਨੂੰ, ਆਪਣੀ ਸਖਤ ਅਤੇ ਸ਼ਕਤੀਸ਼ਾਲੀ ਤਲਵਾਰ ਨੂੰ,
ਕਮੀਨੇ ਸੱਪ ਲਿਵਯਾਬਾਨ ਨੂੰ ਸਜ਼ਾ ਦੇਣ ਲਈ ਵਰਤੇਗਾ।
ਯਹੋਵਾਹ ਸਮੁੰਦਰ ਵਿੱਚਲੇ ਵੱਡੇ ਜੀਵ ਨੂੰ ਮਾਰ ਸੁੱਟੇਗਾ।
ਯਿਸੂ ਦਾ ਅਧਿਕਾਰ ਪਰਮੇਸ਼ੁਰ ਵੱਲੋਂ ਹੈ(A)
14 ਇੱਕ ਵਾਰ ਯਿਸੂ ਇੱਕ ਆਦਮੀ ਵਿੱਚੋਂ ਭੂਤ ਕੱਢ ਰਿਹਾ ਸੀ। ਜੋ ਕਿ ਭੂਤ ਦੇ ਕਬਜ਼ੇ ਕਾਰਣ ਗੂੰਗਾ ਸੀ, ਜਦੋਂ ਭੂਤ ਬਾਹਰ ਆਇਆ ਤਾਂ ਆਦਮੀ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੇ ਲੋਕ ਬੜੇ ਹੈਰਾਨ ਹੋ ਗਏ। 15 ਪਰ ਕੁਝ ਲੋਕਾਂ ਨੇ ਕਿਹਾ, “ਉਹ ਭੂਤਾਂ ਦੇ ਸ਼ਾਸਕ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”
16 ਅਤੇ ਹੋਰਾਂ ਨੇ ਉਸ ਨੂੰ ਪਰੱਖਣ ਲਈ ਸਵਰਗ ਵੱਲੋਂ ਨਿਸ਼ਾਨ ਦਰਸ਼ਾਉਣ ਲਈ ਆਖਿਆ। 17 ਪਰ ਯਿਸੂ ਉਨ੍ਹਾਂ ਦੇ ਮਨ ਦੀਆਂ ਜਾਣਦਾ ਸੀ ਸੋ ਉਸ ਨੇ ਲੋਕਾਂ ਨੂੰ ਆਖਿਆ, “ਇੱਕ ਰਾਜ, ਜੋ ਵੰਡਿਆ ਹੋਇਆ ਅਤੇ ਆਪਣੇ ਵਿਰੁੱਧ ਲੜਦਾ ਹੈ, ਨਸ਼ਟ ਹੋ ਜਾਵੇਗਾ। ਅਤੇ ਇੰਝ ਹੀ ਇੱਕ ਘਰ ਜਿਹੜਾ ਕਿ ਵੰਡਿਆ ਹੋਇਆ ਹੈ ਅਤੇ ਆਪਣੇ ਵਿਰੁੱਧ ਲੜਦਾ ਹੈ, ਢਹਿ ਜਾਵੇਗਾ। 18 ਜੇਕਰ ਸ਼ੈਤਾਨ ਆਪਸ ਵਿੱਚ ਵੰਡਿਆ ਹੋਇਆ ਹੈ ਤਾਂ ਉਨ੍ਹਾਂ ਦਾ ਰਾਜ ਕਿਵੇਂ ਠਹਿਰੇਗਾ? ਮੈਂ ਅਜਿਹਾ ਇਸ ਲਈ ਆਖਦਾ ਕਿਉਂਕਿ ਤੁਸੀਂ ਆਖਦੇ ਹੋ ਕਿ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕੱਢਦਾ ਹਾਂ। 19 ਅਤੇ ਜੇਕਰ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕੱਢਦਾ ਹਾਂ ਤਾਂ ਫ਼ਿਰ ਤੁਹਾਡੇ ਚੇਲੇ ਕਿਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਬਾਹਰ ਕੱਢਦੇ ਹਨ? ਇਉਂ ਤੁਹਾਡੇ ਆਪਣੇ ਲੋਕ ਹੀ ਇਹ ਸਾਬਤ ਕਰ ਰਹੇ ਹਨ ਕਿ ਤੁਸੀਂ ਗਲਤ ਹੋ। 20 ਦੂਜੇ ਪਾਸੇ ਮੈਂ ਪਰਮੇਸ਼ੁਰ ਦੀ ਸ਼ਕਤੀ ਦੀ ਸਹਾਇਤਾ ਨਾਲ ਭੂਤ ਬਾਹਰ ਕੱਢਦਾ ਹਾਂ। ਇਸਦਾ ਅਰਥ ਇਹ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲ ਆ ਪਹੁੰਚਿਆ ਹੈ।
21 “ਜਦੋਂ ਕੋਈ ਤਾਕਤਵਰ ਮਨੁੱਖ ਪੂਰੀ ਤਰ੍ਹਾਂ ਹਥਿਆਰ ਬੰਦ ਹੁੰਦਾ ਹੈ ਅਤੇ ਆਪਣੇ ਘਰ ਦੀ ਰੱਖਵਾਲੀ ਕਰ ਰਿਹਾ ਹੁੰਦਾ ਹੈ, ਤਾਂ ਉਸਦੀ ਸੰਪਤੀ ਸੁਰੱਖਿਅਤ ਹੁੰਦੀ ਹੈ। 22 ਪਰ ਜੇਕਰ ਵੱਧੇਰੇ ਸ਼ਕਤੀਸ਼ਾਲੀ ਆਦਮੀ ਉਸਤੇ ਹਮਲਾ ਕਰਦਾ ਹੈ ਅਤੇ ਉਸ ਨੂੰ ਹਰਾ ਦਿੰਦਾ ਹੈ ਤਾਂ, ਜਿਨ੍ਹਾਂ ਹਥਿਆਰਾਂ ਉੱਤੇ ਉਹ ਨਿਰਭਰ ਸੀ, ਉਹ ਉਨ੍ਹਾਂ ਨੂੰ ਲੈ ਲੈਂਦਾ ਹੈ। ਅਤੇ ਦੂਜਿਆਂ ਨਾਲ ਲੁੱਟ ਦਾ ਸਮਾਨ ਵੰਡ ਲੈਂਦਾ ਹੈ।
23 “ਜੇਕਰ ਕੋਈ ਮੇਰੇ ਨਾਲ ਨਹੀਂ, ਓਹ ਮੇਰੇ ਵਿਰੁੱਧ ਹੈ। ਅਤੇ ਜੇਕਰ ਉਹ ਮੇਰੇ ਨਾਲ ਇਕੱਠਾ ਨਹੀਂ ਕਰਦਾ, ਓੁਹ ਖਿੰਡਾਉਂਦਾ ਹੈ।
ਖਾਲੀ ਮਨੁੱਖ(B)
24 “ਜਦੋਂ ਕੋਈ ਭ੍ਰਿਸ਼ਟ ਆਤਮਾ ਕਿਸੇ ਮਨੁੱਖ ਵਿੱਚੋਂ ਬਾਹਰ ਆਉਂਦਾ ਹੈ, ਉਹ ਸੁੱਕੀਆਂ ਥਾਵਾਂ ਵਿੱਚੋਂ ਲੰਘਦਾ ਹੋਇਆ ਅਰਾਮ ਕਰਨ ਲਈ ਜਗ੍ਹਾ ਲੱਭਦਾ ਫ਼ਿਰਦਾ ਹੈ। ਪਰ ਜਦੋਂ ਉਸ ਨੂੰ ਅਰਾਮ ਕਰਨ ਲਈ ਕੋਈ ਥਾਂ ਨਹੀਂ ਲੱਭਦੀ। ਤਾਂ ਉਹ ਆਖਦਾ ਹੈ, ‘ਮੈਂ ਜਿਸ ਘਰ ਨੂੰ ਛੱਡ ਕੇ ਆਇਆ ਸੀ ਉੱਥੇ ਹੀ ਜਾ ਰਿਹਾ ਹਾਂ।’ 25 ਫ਼ਿਰ ਉਹ ਵਾਪਸ ਆਉਂਦਾ ਹੈ ਅਤੇ ਜਦੋਂ ਉਹ ਉਸ ਥਾਂ ਨੂੰ ਸਾਫ਼ ਅਤੇ ਸੱਜਿਆ ਸਵਰਿਆ ਵੇਖਦਾ ਹੈ। 26 ਤਾਂ ਉਹ ਭ੍ਰਿਸ਼ਟ ਆਤਮਾ ਬਾਹਰ ਜਾਕੇ ਸੱਤ ਹੋਰ ਆਤਮਿਆਂ ਨੂੰ ਇਕੱਠਾ ਕਰਦਾ ਹੈ, ਜਿਹੜੇ ਉਸ ਨਾਲੋਂ ਵੀ ਵੱਧੇਰੇ ਭ੍ਰਿਸ਼ਟ ਹੁੰਦੇ ਹਨ। ਤਾਂ ਉਹ ਸਭ ਭਰਿਸ਼ਟ ਆਤਮੇ ਉਸ ਥਾਵੇਂ ਜਾਕੇ ਫ਼ਿਰ ਰਹਿਣ ਲੱਗ ਜਾਂਦੇ ਹਨ। ਇਸ ਤਰ੍ਹਾਂ ਉਸ ਮਨੁੱਖ ਦੀ ਹਾਲਤ ਪਹਿਲਾਂ ਨਾਲੋਂ ਵੀ ਵੱਧ ਭੈੜੀ ਹੋ ਜਾਂਦੀ ਹੈ।”
ਜਿਹੜੇ ਮਨੁੱਖ ਵਾਸਤਵ ਵਿੱਚ ਖੁਸ਼ ਹਨ
27 ਜਦੋਂ ਯਿਸੂ ਨੇ ਇਹ ਸਾਰੀਆਂ ਗੱਲਾਂ ਆਖੀਆਂ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਧੰਨ ਹੈ ਉਹ ਮਾਂ ਜਿਸਦੀ ਕੁੱਖੋਂ ਤੂੰ ਜਨਮ ਲਿਆ ਤੇ ਜਿਸਦਾ ਤੂੰ ਦੁੱਧ ਪੀਤਾ ਹੈ।”
28 ਪਰ ਯਿਸੂ ਨੇ ਆਖਿਆ, “ਇਹ ਸੱਚ ਹੈ, ਪਰ ਉਹ ਲੋਕ ਵੱਧੇਰੇ ਧੰਨ ਹੋਣਗੇ ਜੋ ਪਰਮੇਸ਼ੁਰ ਦੇ ਬਚਨਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੇ ਮੁਤਾਬਿਕ ਹੀ ਚੱਲਦੇ ਹਨ।”
2010 by World Bible Translation Center