Revised Common Lectionary (Complementary)
ਮੰਦਰ ਜਾਣ ਵੇਲੇ ਦਾ ਇੱਕ ਗੀਤ।
123 ਹੇ ਪਰਮੇਸ਼ੁਰ, ਮੈਂ ਉੱਪਰ ਤੱਕਦਾ ਹਾਂ ਅਤੇ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਹਾਂ।
ਤੁਸੀਂ ਸਵਰਗ ਵਿੱਚ ਵੱਡੇ ਰਾਜੇ ਵਾਂਗ ਬੈਠੋ।
2 ਗੁਲਾਮ ਆਪਣੀਆਂ ਲੋੜਾਂ ਲਈ ਆਪਣੇ ਮਾਲਕ ਉੱਤੇ ਨਿਰਭਰ ਕਰਦੇ ਹਨ।
ਇਸੇ ਤਰ੍ਹਾਂ, ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਾਂ,
ਅਸੀਂ ਪਰਮੇਸ਼ੁਰ ਦਾ ਸਾਡੇ ਉੱਤੇ
ਮਿਹਰ ਕਰਨ ਲਈ ਇੰਤਜ਼ਾਰ ਕਰਦੇ ਹਾਂ।
3 ਯਹੋਵਾਹ, ਸਾਡੇ ਉੱਪਰ ਮਿਹਰ ਕਰੋ;
ਕਿਉਂਕਿ ਅਸੀਂ ਬਹੁਤ ਚਿਰ ਤੱਕ ਬੇਇੱਜ਼ਤ ਹੋਏ ਹਾਂ।
4 ਅਸੀਂ ਉਨ੍ਹਾਂ ਸੁਸਤ ਗੁਮਾਨੀ ਲੋਕਾਂ ਵੱਲੋਂ ਬਹੁਤ ਬੇਇੱਜ਼ਤੀਆ
ਅਤੇ ਤੁਹਮਤਾਂ ਸਹਾਰੀਆਂ ਹਨ।
ਯਿਰਮਿਯਾਹ ਦਾ ਮੰਦਰ ਦਾ ਪ੍ਰਵਚਨ
7 ਯਿਰਮਿਯਾਹ ਲਈ ਯਹੋਵਾਹ ਦਾ ਇਹ ਸੰਦੇਸ਼ ਹੈ: 2 “ਯਿਰਮਿਯਾਹ, ਯਹੋਵਾਹ ਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਖਲੋ ਜਾ, ਦਰਵਾਜ਼ੇ ਉੱਤੇ ਇਸ ਸੰਦੇਸ਼ ਦੀ ਸਿੱਖਿਆ ਦੇ:
“‘ਯਹੂਦਾਹ ਦੀ ਕੌਮ ਦੇ ਸਮੂਹ ਲੋਕੋ, ਯਹੋਵਾਹ ਵੱਲੋਂ ਸੰਦੇਸ਼ ਨੂੰ ਸੁਣੋ। ਤੁਸੀਂ ਸਾਰੇ ਉਹ ਲੋਕ ਜਿਹੜੇ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਯਹੋਵਾਹ ਦੀ ਉਪਾਸਨਾ ਕਰਨ ਲਈ ਆਏ ਹੋ, ਇਹ ਸੰਦੇਸ਼ ਸੁਣੋ। 3 ਯਹੋਵਾਹ ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਹੈ। ਇਹੀ ਹੈ ਜਿਹੜਾ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: ਆਪਣੇ ਜੀਵਨ ਨੂੰ ਬਦਲੋ ਅਤੇ ਨੇਕੀ ਕਰੋ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਤੁਹਾਨੂੰ ਇਸ ਤਾਂ ਉੱਤੇ ਰਹਿਣ ਦੇਵਾਂਗਾ। 4 ਉਨ੍ਹਾਂ ਝੂਠੇ ਬੋਲਾਂ ਉੱਤੇ ਭਰੋਸਾ ਨਾ ਕਰੋ ਜੋ ਕੁਝ ਲੋਕ ਬੋਲਦੇ ਹਨ। ਉਹ ਆਖਦੇ ਹਨ, “ਇਹ ਹੈ ਯਹੋਵਾਹ ਦਾ ਮੰਦਰ, ਯਹੋਵਾਹ ਦਾ ਮੰਦਰ, ਯਹੋਵਾਹ ਦਾ ਮੰਦਰ!” 5 ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲ ਦਿਓਗੇ ਅਤੇ ਨੇਕੀ ਕਰੋਗੇ ਤਾਂ ਮੈਂ ਤੁਹਾਨੂੰ ਇਸ ਥਾਂ ਉੱਤੇ ਰਹਿਣ ਦੇਵਾਂਗਾ। ਤੁਹਾਨੂੰ ਉਹੀ ਕਰਨਾ ਚਾਹੀਦਾ ਜੋ ਇੱਕ ਦੂਸਰੇ ਲਈ ਸਹੀ ਹੋਵੇ। 6 ਤੁਹਾਨੂੰ ਅਜਨਬੀਆਂ ਨਾਲ ਚੰਗਾ ਸਲੂਕ ਕਰਨਾ ਚਾਹੀਦਾ ਹੈ। ਤੁਹਾਨੂੰ ਵਿਧਵਾਵਾਂ ਅਤੇ ਯਤੀਮਾਂ ਨਾਲ ਚੰਗਾ ਵਿਹਾਰ ਕਰਨਾ ਚਾਹੀਦਾ ਹੈ। ਮਾਸੂਮ ਲੋਕਾਂ ਨੂੰ ਕਦੇ ਨਾ ਮਾਰੋ! ਹੋਰਨਾਂ ਦੇਵਤੇ ਦੇ ਪਿੱਛੇ ਨਾ ਲੱਗੋ! ਕਿਉਂ? ਕਿਉਂ ਕਿ ਉਹ ਤੁਹਾਡੀਆਂ ਜ਼ਿੰਦਗੀਆਂ ਤਬਾਹ ਕਰ ਦੇਣਗੇ। 7 ਜੇ ਤੁਸੀਂ ਮੇਰੀ ਗੱਲ ਮੰਨੋਗੇ, ਤਾਂ ਮੈਂ ਤੁਹਾਨੂੰ ਇਸ ਥਾਂ ਉੱਤੇ ਰਹਿਣ ਦੇਵਾਂਗਾ। ਮੈਂ ਇਹ ਥਾਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ, ਹਮੇਸ਼ਾ ਵਾਸਤੇ ਰੱਖਣ ਲਈ।
8 “‘ਪਰ ਤੁਸੀਂ ਝੂਠ ਵਿੱਚ ਵਿਸ਼ਵਾਸ ਕਰ ਰਹੇ ਹੋ ਜੋ ਤੁਹਾਡੀ ਮਦਦ ਨਹੀਂ ਕਰੇਗਾ। 9 ਕੀ ਤੁਸੀਂ ਚੋਰੀ ਕਰੋਂਗੇ ਅਤੇ ਕਤਲ ਕਰੋਂਗੇ? ਕੀ ਤੁਸੀਂ ਵਿਭਚਾਰ ਦਾ ਪਾਪ ਕਰੋਗੇ? ਕੀ ਤੁਸੀਂ ਹੋਰਨਾਂ ਲੋਕਾਂ ਨੂੰ ਝੂਠੇ ਮੁਕਦਮੇ ਵਿੱਚ ਫ਼ਸਾਓਁਗੇ? ਕੀ ਤੁਸੀਂ ਝੂਠੇ ਦੇਵਤੇ ਬਾਲ ਦੀ ਉਪਾਸਨਾ ਕਰੋਗੇ ਅਤੇ ਹੋਰਨਾਂ ਦੇਵਤਿਆਂ ਦੇ ਪਿੱਛੇ ਲਗੋਗੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਸੀ? 10 ਜੇ ਤੁਸੀਂ ਇਹ ਪਾਪ ਕਰੋਗੇ, ਤਾਂ ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਮੇਰੇ ਨਾਮ ਨਾਲ ਜਾਣੇ ਜਾਣ ਵਾਲੇ ਇਸ ਘਰ ਵਿੱਚ ਮੇਰੇ ਸਾਹਮਣੇ ਖਲੋ ਸੱਕੋਗੇ? ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਮੇਰੇ ਸਾਹਮਣੇ ਖਲੋ ਸੱਕਦੇ ਹੋ ਅਤੇ ਇਹ ਆਖ ਸੱਕਦੇ ਹੋ, “ਅਸੀਂ ਸੁਰੱਖਿਅਤ ਹਾਂ।” ਸਿਰਫ਼ ਇਸ ਲਈ ਕਿ ਤੁਸੀਂ ਉਹ ਸਾਰੀਆਂ ਭਿਆਨਕ ਗੱਲਾਂ ਕਰ ਸੱਕੋ? 11 ਇਹ ਮੰਦਰ ਮੇਰੇ ਨਾਮ ਨਾਲ ਜਾਣਿਆ ਜਾਂਦਾ ਹੈ! ਕੀ ਤੁਹਾਡੇ ਲਈ ਇਹ ਮੰਦਰ ਡਾਕੂਆਂ ਦੀ ਛੁਪਣਗਾਹ ਤੋਂ ਵੱਧੇਰੇ ਕੁਝ ਨਹੀਂ? ਮੈਂ ਤੁਹਾਡੀ ਨਿਗਰਾਨੀ ਕਰਦਾ ਰਿਹਾ ਹਾਂ!’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
12 “‘ਯਹੂਦਾਹ ਦੇ ਲੋਕੋ, ਹੁਣ ਸ਼ੀਲੋਹ ਦੇ ਕਸਬੇ ਵੱਲ ਨੂੰ ਜਾਓ। ਉਸ ਥਾਂ ਉੱਤੇ ਜਾਓ ਜਿੱਥੇ ਮੈਂ ਆਪਣੇ ਨਾਮ ਲਈ ਪਹਿਲਾ ਘਰ ਬਣਾਇਆ ਸੀ। ਇਸਰਾਏਲ ਦੇ ਲੋਕਾਂ ਨੇ ਵੀ ਮੰਦੀਆਂ ਗੱਲਾਂ ਕੀਤੀਆਂ। ਜਾਓ ਅਤੇ ਦੇਖੋ ਮੈਂ ਉਨ੍ਹਾਂ ਦੇ ਮੰਦੇ ਅਮਲਾਂ ਕਾਰਣ ਉਸ ਥਾਂ ਦਾ ਕੀ ਹਾਲ ਕੀਤਾ ਸੀ। 13 ਇਸਰਾਏਲ ਦੇ ਲੋਕ ਇਹ ਸਾਰੀਆਂ ਬਦੀਆਂ ਕਰ ਰਹੇ ਸੀ-ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ਮੈਂ ਤੁਹਾਡੇ ਨਾਲ ਬਾਰ-ਬਾਰ ਗੱਲ ਕੀਤੀ ਹੈ ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ ਹੈ। ਮੈਂ ਤੁਹਾਨੂੰ ਬੁਲਾਇਆ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ। 14 ਇਸ ਲਈ ਮੈਂ ਉਸ ਘਰ ਨੂੰ ਤਬਾਹ ਕਰ ਦਿਆਂਗਾ ਜਿਹੜਾ ਯਰੂਸ਼ਲਮ ਵਿੱਚ ਮੇਰੇ ਨਾਮ ਨਾਲ ਜਾਣਿਆ ਜਾਂਦਾ ਹੈ। ਮੈਂ ਉਸ ਮੰਦਰ ਨੂੰ ਉਸੇ ਤਰ੍ਹਾਂ ਤਬਾਹ ਕਰ ਦਿਆਂਗਾ ਜਿਵੇਂ ਮੈਂ ਸ਼ੀਲੋਹ ਨੂੰ ਤਬਾਹ ਕੀਤਾ ਸੀ। ਅਤੇ ਯਰੂਸ਼ਲਮ ਦਾ ਉਹ ਘਰ ਜਿਹੜਾ ਮੇਰੇ ਨਾਮ ਨਾਲ ਜਾਣਿਆ ਜਾਂਦਾ ਹੈ ਉਹੀ ਮੰਦਰ ਹੈ ਜਿਸ ਵਿੱਚ ਤੁਸੀਂ ਭਰੋਸਾ ਕਰਦੇ ਹੋ। ਇਹ ਥਾਂ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦੇ ਦਿੱਤੀ ਸੀ। 15 ਮੈਂ ਤੁਹਾਨੂੰ ਆਪਣੇ ਘਰ ਤੋਂ ਦੂਰ ਸੁੱਟ ਦਿਆਂਗਾ ਜਿਵੇਂ ਮੈਂ ਇਫ਼ਰਾਈਮ ਦੇ ਤੁਹਾਡੇ ਸਾਰੇ ਭਰਾਵਾਂ ਨੂੰ ਦੂਰ ਸੁੱਟ ਦਿੱਤਾ ਸੀ।’
8 ਤੁਸੀਂ ਸੋਚਦੇ ਹੋ ਤੁਹਾਡੇ ਕੋਲ ਉਹ ਸਾਰਾ ਕੁਝ ਹੈ ਜੋ ਤੁਹਾਨੂੰ ਲੋੜੀਂਦਾ ਹੈ। ਤੁਸੀਂ ਸੋਚਦੇ ਹੋ ਤੁਸੀਂ ਅਮੀਰ ਹੋ। ਤੁਸੀਂ ਸੋਚਦੇ ਹੋ ਤੁਸੀਂ ਸਾਡੇ ਬਗੈਰ ਹੀ ਰਾਜੇ ਬਣ ਗਏ ਹੋ। ਮੇਰੀ ਤਮੰਨਾ ਹੈ ਕਿ ਤੁਸੀਂ ਸੱਚੀਂ ਰਾਜੇ ਹੁੰਦੇ। ਫ਼ੇਰ ਅਸੀਂ ਵੀ ਤੁਹਾਡੇ ਨਾਲ ਰਾਜੇ ਹੋ ਸੱਕਦੇ ਸਾਂ। 9 ਪਰ ਮੈਨੂੰ ਜਾਪਦਾ ਹੈ ਕਿ ਪਰਮੇਸ਼ੁਰ ਨੇ ਮੈਨੂੰ ਅਤੇ ਹੋਰਨਾਂ ਰਸੂਲਾਂ ਨੂੰ ਆਖਰੀ ਮੁਕਾਮ ਦਿੱਤਾ ਹੈ। ਅਸੀਂ ਵੀ ਮੌਤ ਦੀ ਹੋਣੀ ਭੋਗਣ ਵਾਲੇ ਮਨੁੱਖਾਂ ਵਰਗੇ ਹਾਂ ਜਿਹੜੇ ਦੁਨੀਆਂ, ਦੂਤਾ ਅਤੇ ਮਨੁੱਖਾਂ ਸਾਹਮਣੇ ਤਮਾਸ਼ੇ ਵਰਗੇ ਹਨ। 10 ਅਸੀਂ ਮਸੀਹ ਲਈ ਮੂਰਖ ਹਾਂ। ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਮਸੀਹ ਲਈ ਬੜੇ ਸਿਆਣੇ ਹੋ। ਅਸੀਂ ਕਮਜ਼ੋਰ ਹਾਂ, ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਬਲਵਾਨ ਹੋ। ਲੋਕੀਂ ਤੁਹਾਨੂੰ ਮਾਣ ਦਿੰਦੇ ਹਨ, ਪਰ ਉਹ ਸਾਨੂੰ ਮਾਣ ਨਹੀਂ ਦਿੰਦੇ। 11 ਇਸ ਘੜੀ ਤੱਕ ਵੀ, ਸਾਡੇ ਕੋਲ ਕਾਫ਼ੀ ਖਾਣ ਅਤੇ ਪੀਣ ਨੂੰ ਨਹੀਂ ਹੈ। ਸਾਡੇ ਕੋਲ ਲੋੜੀਂਦੇ ਕੱਪੜੇ ਤੱਕ ਵੀ ਨਹੀਂ। ਅਸੀਂ ਅਕਸਰ ਮਾਰ ਝੱਲਦੇ ਹਾਂ। ਸਾਡੇ ਘਰ ਨਹੀਂ ਹਨ। 12 ਅਸੀਂ ਆਪਣੇ ਹੱਥਾਂ ਨਾਲ ਸਖਤ ਮਿਹਨਤ ਕਰਦੇ ਹਾਂ। ਲੋਕੀਂ ਸਾਨੂੰ ਦੁਰਸੀਸਾਂ ਦਿੰਦੇ ਹਨ, ਪਰ ਅਸੀਂ ਉਨ੍ਹਾਂ ਨੂੰ ਦਇਆ ਦੇ ਸ਼ਬਦ ਬੋਲਦੇ ਹਾਂ। ਲੋਕੀਂ ਸਾਨੂੰ ਸਤਾਉਂਦੇ ਹਨ, ਪਰ ਅਸੀਂ ਇਸ ਨੂੰ ਸਹਿਜਤਾ ਨਾਲ ਸਹਿੰਦੇ ਹਾਂ। 13 ਲੋਕੀਂ ਸਾਡੇ ਬਾਰੇ ਮੰਦੀਆਂ ਗੱਲਾਂ ਬੋਲਦੇ ਹਨ, ਪਰ ਅਸੀਂ ਉਨ੍ਹਾਂ ਨੂੰ ਨਿਮ੍ਰਤਾ ਨਾਲ ਪੇਸ਼ ਆਉਂਦੇ ਹਾਂ। ਇਸ ਵੇਲੇ ਵੀ ਲੋਕੀਂ ਸਾਨੂੰ ਧਰਤੀ ਦੀ ਧੂੜ ਅਤੇ ਗੰਦਗੀ ਵਾਂਗ ਸਮਝਦੇ ਹਨ।
2010 by World Bible Translation Center