Revised Common Lectionary (Complementary)
10 ਯਹੋਵਾਹ, ਜੋ ਵੀ ਗੱਲਾਂ ਤੁਸੀਂ ਕਰਦੇ ਹੋ। ਤੁਹਾਨੂੰ ਉਸਤਤਿ ਦਵਾਉਂਦੀਆਂ ਹਨ।
ਤੁਹਾਡੇ ਅਨੁਯਾਈ ਤੁਹਾਨੂੰ ਅਸੀਸ ਦਿੰਦੇ ਹਨ।
11 ਉਹ ਦੱਸਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਹੈ।
ਉਹ ਦੱਸਦੇ ਹਨ ਤੁਸੀਂ ਕਿੰਨੇ ਮਹਾਨ ਹੋ।
12 ਇਉਂ ਹੋਰ ਲੋਕੀ ਵੀ ਤੁਹਾਡੇ ਮਹਾਨ ਕਾਰਨਾਮਿਆ ਬਾਰੇ ਜਾਣ ਲੈਂਦੇ ਹਨ, ਯਹੋਵਾਹ।
ਉਹ ਲੋਕ ਜਾਣ ਲੈਂਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਅਤੇ ਅਦਭੁਤ ਹੈ।
13 ਯਹੋਵਾਹ, ਤੁਹਾਡੀ ਸਲਤਨਤ ਸਦਾ-ਸਦਾ ਲਈ ਰਹੇਗੀ।
ਤੁਸੀਂ ਸਦਾ-ਸਦਾ ਲਈ ਰਾਜ ਕਰੋਂਗੇ।
14 ਯਹੋਵਾਹ ਨੀਵੇਂ ਡਿੱਗਿਆ ਨੂੰ ਉੱਚਿਆਂ ਚੁੱਕਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
15 ਯਹੋਵਾਹ, ਸਾਰੇ ਜਿਉਂਦੇ ਪ੍ਰਾਣੀ ਤੁਹਾਡੇ ਵੱਲ ਆਪਣੇ ਭੋਜਨ ਲਈ ਤੱਕਦੇ ਹਨ।
ਅਤੇ ਤੁਸੀਂ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
16 ਯਹੋਵਾਹ, ਤੁਸੀਂ ਆਪਣੇ ਹੱਥ ਖੋਲ੍ਹ ਦਿੰਦੇ ਹੋ,
ਅਤੇ ਤੁਸੀਂ ਹਰ ਜਿਉਂਦੇ ਪ੍ਰਾਣੀ ਨੂੰ ਜੋ ਵੀ ਉਸ ਦੀ ਲੋੜ ਹੈ ਉਸ ਨੂੰ ਦਿੰਦੇ ਹੋ।
17 ਹਰ ਗੱਲ ਜਿਹੜੀ ਯਹੋਵਾਹ ਕਰਦਾ ਹੈ, ਸ਼ੁਭ ਹੈ।
ਹਰ ਗੱਲ ਜਿਹੜੀ ਉਹ ਕਰਦਾ ਹੈ ਦਰਸਾਉਂਦੀ ਹੈ ਕਿ ਉਹ ਕਿੰਨਾ ਮਹਾਨ ਹੈ।
18 ਯਹੋਵਾਹ ਹਰ ਉਸ ਬੰਦੇ ਦੇ ਨੇੜੇ ਹੈ ਜੋ ਉਸ ਨੂੰ ਮਦਦ ਵਾਸਤੇ ਪੁਕਾਰਦਾ ਹੈ।
ਪਰਮੇਸ਼ੁਰ ਹਰ ਉਸ ਵਿਅਕਤੀ ਦੇ ਨੇੜੇ ਹੈ ਜਿਹੜਾ ਨਿਸ਼ਕਪਟਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ।
ਮੋਆਬ ਦਾ ਇਸਰਾਏਲ ਨਾਲੋਂ ਵੱਖ ਹੋ ਜਾਣਾ
4 ਮੋਆਬ ਦਾ ਪਾਤਸ਼ਾਹ ਮੇਸ਼ਾ ਸੀ। ਉਹ ਭੇਡਾਂ ਪਾਲਦਾ ਸੀ ਅਤੇ ਇਸਰਾਏਲ ਦੇ ਪਾਤਸ਼ਾਹ ਨੂੰ 1,00,000 ਲੇਲਿਆਂ ਅਤੇ 1,00,000 ਭੇਡੂਆਂ ਦੀ ਉਨ ਦਿੰਦਾ ਹੁੰਦਾ ਸੀ। 5 ਪਰ ਜਦੋਂ ਅਹਾਬ ਦੀ ਮੌਤ ਹੋ ਗਈ ਤਾਂ ਮੋਆਬ ਦਾ ਰਾਜਾ ਇਸਰਾਏਲ ਦੇ ਪਾਤਸ਼ਾਹ ਤੋਂ ਆਕੀ ਹੋ ਗਿਆ।
6 ਉਸ ਦਿਨ ਰਾਜਾ ਯਹੋਰਾਮ ਸਾਮਰਿਯਾ ਤੋਂ ਬਾਹਰ ਆਇਆ ਅਤੇ ਸਾਰੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ। 7 ਉਸ ਨੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਤੋਂ ਪੁੱਛਣਾ ਭੇਜਿਆ ਅਤੇ ਕਿਹਾ, “ਮੋਆਬ ਦਾ ਪਾਤਸ਼ਾਹ ਮੇਰੇ ਤੋਂ ਆਕੀ ਹੋ ਗਿਆ ਹੈ, ਕੀ ਤੂੰ ਮੋਆਬ ਦੇ ਵਿਰੁੱਧ ਮੇਰੇ ਨਾਲ ਲੜਨ ਲਈ ਚੱਲੇਂਗਾ?”
ਯਹੋਸ਼ਾਫ਼ਾਟ ਨੇ ਆਖਿਆ, “ਹਾਂ, ਮੈਂ ਤੇਰੇ ਨਾਲ ਜਾਵਾਂਗਾ। ਅਸੀਂ ਇੱਕ ਸੈਨਾ ਵਾਂਗ ਇਕੱਠੇ ਜਾਵਾਂਗੇ। ਮੇਰੀ ਸੈਨਾ ਤੇਰੀ ਹੀ ਸੈਨਾ ਵਾਂਗ ਹੋਵੇਗੀ ਤੇ ਮੇਰੇ ਘੋੜੇ ਵੀ ਤੇਰੇ ਹੀ ਘੋੜਿਆਂ ਵਾਂਗ ਹੋਣਗੇ।”
ਤਿੰਨਾਂ ਪਾਤਸ਼ਾਹਾਂ ਨੇ ਅਲੀਸ਼ਾ ਦੀ ਸਲਾਹ ਲਈ
8 ਯਹੋਸ਼ਾਫ਼ਾਟ ਨੇ ਯਹੋਰਾਮ ਨੂੰ ਆਖਿਆ, “ਅਸੀਂ ਕਿਹੜੇ ਪਾਸਿਓ ਚੜ੍ਹੀਏ?”
ਯਹੋਰਾਮ ਨੇ ਆਖਿਆ, “ਸਾਨੂੰ ਅਦੋਮ ਦੀ ਉਜਾੜ ਵੱਲੋਂ ਜਾਣਾ ਚਾਹੀਦਾ ਹੈ।”
9 ਤਦ ਇਸਰਾਏਲ ਦਾ ਪਾਤਸ਼ਾਹ ਯਹੂਦਾਹ ਦਾ ਪਾਤਸ਼ਾਹ ਅਤੇ ਅਦੋਮ ਦਾ ਰਾਜਾ ਇਕੱਠੇ ਨਿਕਲ ਪਏ। ਉਨ੍ਹਾਂ ਸੱਤ ਦਿਨ ਸਫ਼ਰ ਕੀਤਾ। ਉਸ ਸਫ਼ਰ ਦੌਰਾਨ ਉਨ੍ਹਾਂ ਕੋਲ ਆਪਣੇ ਸਿਪਾਹੀਆਂ ਅਤੇ ਜਾਨਵਰਾਂ ਲਈ ਪਾਣੀ ਵੀ ਘੱਟ ਸੀ। 10 ਅਖੀਰ ਵਿੱਚ ਇਸਰਾਏਲ ਦੇ ਪਾਤਸ਼ਾਹ ਯਹੋਰਾਮ ਨੇ ਕਿਹਾ, “ਹਾਏ ਮੈਨੂੰ ਲੱਗਦਾ! ਯਹੋਵਾਹ ਨੇ ਤਿੰਨਾਂ ਪਾਤਸ਼ਾਹਾਂ ਨੂੰ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫ਼ੜਵਾਉਣ ਲਈ ਘਲਿਆ ਹੈ।”
11 ਪਰ ਯਹੋਸ਼ਾਫ਼ਾਟ ਬੋਲਿਆ, “ਯਕੀਨਨ, ਇੱਥੇ ਯਹੋਵਾਹ ਦਾ ਕੋਈ ਨਬੀ ਹੋਵੇਗਾ ਅਸੀਂ ਉਸ ਤੋਂ ਪੁੱਛਦੇ ਹਾਂ ਕਿ ਯਹੋਵਾਹ ਕੀ ਆਖਦਾ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ?”
ਇਸਰਾਏਲ ਦੇ ਸੇਵਕਾਂ ਵਿੱਚੋਂ ਇੱਕ ਰਾਜੇ ਨੇ ਆਖਿਆ, “ਸ਼ਾਫ਼ਾਤ ਦਾ ਪੁੱਤਰ ਏਲੀਯਾਹ ਇੱਥੇ ਹੈ।ਉਹ ਏਲੀਯਾਹ ਦਾ ਸੇਵਕ ਸੀ।”
12 ਤਦ ਯਹੋਸ਼ਾਫ਼ਾਟ ਨੇ ਆਖਿਆ, “ਯਹੋਵਾਹ ਦਾ ਬਚਨ ਉਸ ਦੇ ਨਾਲ ਹੈ।”
ਸੋ ਇਸਰਾਏਲ ਦਾ ਪਾਤਸ਼ਾਹ, ਯਹੋਸ਼ਾਫ਼ਾਟ ਅਤੇ ਅਦੋਮ ਦਾ ਰਾਜਾ ਉਸ ਨੂੰ ਮਿਲਣ ਲਈ ਗਏ। 13 ਤਾਂ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, “ਤੂੰ ਮੈਨੂੰ ਮਿਲਣ ਲਈ ਕਿਉਂ ਆਇਆ ਹੈਂ? ਤੂੰ ਆਪਣੇ ਮਾਪਿਆਂ ਦੇ ਨਬੀਆਂ ਕੋਲ ਜਾ।”
ਇਸਰਾਏਲ ਦੇ ਪਾਤਸ਼ਾਹ ਨੇ ਅਲੀਸ਼ਾ ਨੂੰ ਕਿਹਾ, “ਨਹੀਂ! ਅਸੀਂ ਤੈਨੂੰ ਮਿਲਣ ਲਈ ਆਏ ਹਾਂ, ਕਿਉਂ ਕਿ ਯਹੋਵਾਹ ਨੇ ਇਨ੍ਹਾਂ ਤਿੰਨਾਂ ਪਾਤਸ਼ਾਹਾਂ ਨੂੰ ਮੋਆਬ ਦੀ ਸ਼ਕਤੀ ਦੇ ਹੱਥੀਂ ਫ਼ੜਵਾਉਣ ਲਈ ਇਕੱਠਿਆਂ ਕੀਤਾ ਹੈ।”
14 ਤਦ ਅਲੀਸ਼ਾ ਬੋਲਿਆ, “ਮੈਂ ਯਹੋਵਾਹ ਸਰਬ-ਸ਼ਕਤੀਮਾਨ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਜਿਸਦੀ ਮੈਂ ਸੇਵਾ ਕਰਦਾ ਹਾਂ, ਜੇਕਰ ਮੈਨੂੰ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ, ਮੈਂ ਤੁਹਾਡੇ ਵੱਲ ਵੇਖਿਆ ਜਾਂ ਤੱਕਿਆ ਨਾ ਹੁੰਦਾ। 15 ਹੁਣ ਕਿਸੇ ਅਜਿਹੇ ਵਿਅਕਤੀ ਨੂੰ ਮੇਰੇ ਕੋਲ ਲਿਆਓ ਜੋ ਰਬਾਬ ਵਜਾ ਸੱਕਦਾ ਹੋਵੇ।”
ਜਦੋਂ ਵਿਅਕਤੀ ਨੇ ਰਬਾਬ ਵਜਾਇਆ ਯਹੋਵਾਹ ਦੀ ਸ਼ਕਤੀ ਅਲੀਸ਼ਾ ਦੇ ਉੱਪਰ ਆਈ। 16 ਤਦ ਅਲੀਸ਼ਾ ਨੇ ਕਿਹਾ, “ਇਸ ਵਾਦੀ ਵਿੱਚ ਯਹੋਵਾਹ ਆਖਦਾ ਹੈ ਕਿ ਟੋਏ ਹੀ ਟੋਏ ਪੁੱਟ ਦੇਵੋ। 17 ਯਹੋਵਾਹ ਇਉਂ ਆਖਦਾ ਹੈ ਕਿ ਤੁਹਾਨੂੰ ਹਨੇਰੀ ਅਤੇ ਬਾਰਿਸ਼ ਨਜ਼ਰ ਨਹੀਂ ਆਵੇਗੀ ਪਰ ਵਾਦੀ ਸਾਰੀ ਪਾਣੀ ਨਾਲ ਭਰ ਜਾਵੇਗੀ। ਤਦ ਤੁਸੀਂ ਅਤੇ ਤੁਹਾਡੇ ਜਾਨਵਰ ਜੀ ਭਰ ਕੇ ਪਾਣੀ ਪੀ ਸੱਕਣਗੇ। 18 ਅਤੇ ਯਹੋਵਾਹ ਦੀ ਨਿਗਾਹ ਵਿੱਚ ਇਹ ਛੋਟਾ ਜਿਹਾ ਕੰਮ ਹੈ। ਉਹ ਮੋਆਬ ਨੂੰ ਹਾਰ ਦੇਣ ਲਈ ਤੁਹਾਡੇ ਹੱਥ ਵਿੱਚ ਦੇਵੇਗਾ। 19 ਤੁਸੀਂ ਹਰ ਸਫੀਲ ਵਾਲੇ ਅਤੇ ਵੱਧੀਆ ਸ਼ਹਿਰ ਢਾਹ ਛੱਡੋਂਗੇ ਅਤੇ ਹਰ ਚੰਗੇ ਬਿਰਛ ਨੂੰ ਵੱਢ ਸੁੱਟੋਂਗੇ ਅਤੇ ਪਾਣੀ ਦੇ ਸਾਰੇ ਸਰੋਤਾਂ ਨੂੰ ਪੂਰ ਦੇਵੋਂਗੇ ਅਤੇ ਹਰ ਚੰਗੇ ਖੇਤ ਨੂੰ ਪੱਥਰ ਸੁੱਟ-ਸੁੱਟ ਕੇ ਬਰਬਾਦ ਕਰ ਦੇਵੋਂਗੇ।”
20 ਸਵੇਰ ਵਕਤ ਜਦੋਂ ਭੇਟ ਚੜ੍ਹਾਈ ਜਾਂਦੀ ਸੀ ਤਾਂ ਅਦੋਮ ਦੇ ਪਾਸਿਓ ਪਾਣੀ ਆਉਣਾ ਸ਼ੁਰੂ ਹੋਇਆ ਅਤੇ ਉਹ ਸਾਰੀ ਧਰਤੀ ਪਾਣੀ ਨਾਲ ਭਰ ਗਈ।
ਤੁਹਾਡਾ ਨਵਾਂ ਜੀਵਨ ਇੱਕ ਦੂਸਰੇ ਨਾਲ
12 ਕਿਉਂਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕੀ ਹੋ। ਉਸ ਨੇ ਤੁਹਾਨੂੰ ਪਵਿੱਤਰ ਬਣਾਇਆ ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ। ਇਸ ਲਈ ਹਮੇਸ਼ਾ ਹਮਦਰਦੀ, ਕਿਰਪਾ, ਨਿਮ੍ਰਤਾ, ਸੱਜਨਤਾ ਅਤੇ ਸਬਰ ਨਾਲ ਭਰਪੂਰ ਰਹੋ। 13 ਇੱਕ ਦੂਸਰੇ ਨਾਲ ਨਾਰਾਜ਼ ਨਾ ਹੋਵੋ, ਸਗੋਂ ਇੱਕ ਦੂਸਰੇ ਨੂੰ ਮਾਫ਼ ਕਰ ਦਿਉ। ਜੇ ਕੋਈ ਵਿਅਕਤੀ ਤੁਹਾਡੇ ਨਾਲ ਕੁਝ ਗਲਤ ਕਰਦਾ ਹੈ, ਉਸ ਨੂੰ ਮਾਫ਼ ਕਰ ਦਿਉ। ਤੁਹਾਨੂੰ ਹੋਰਨਾਂ ਨੂੰ ਉਵੇਂ ਮੁਆਫ਼ ਕਰ ਦੇਣਾ ਚਾਹੀਦਾ ਹੈ ਜਿਵੇਂ ਪ੍ਰਭੂ ਨੇ ਤੁਹਾਨੂੰ ਮੁਆਫ਼ ਕਰ ਦਿੱਤਾ। 14 ਇਹ ਸਾਰੀਆਂ ਗੱਲਾਂ ਕਰੋ; ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇੱਕ ਦੂਸਰੇ ਨੂੰ ਪਿਆਰ ਕਰੋ। ਪਿਆਰ ਹੀ ਉਹ ਤਾਕਤ ਹੈ ਜੋ ਤੁਹਾਨੂੰ ਸਾਰਿਆਂ ਨੂੰ ਸਹੀ ਏਕਤਾ ਵਿੱਚ ਬੰਨ੍ਹਦੀ ਹੈ। 15 ਜੋ ਸ਼ਾਂਤੀ ਮਸੀਹ ਤੁਹਾਨੂੰ ਦਿੰਦਾ ਹੈ ਉਸ ਨੂੰ ਆਪਣੇ ਉੱਤੇ ਰਾਜ ਕਰਨ ਦਿਉ। ਇਸ ਕਰਕੇ ਹੀ ਤੁਹਾਨੂੰ ਸਾਰਿਆਂ ਨੂੰ ਇੱਕ ਸਰੀਰ [a] ਵਿੱਚ ਇਕੱਠਾ ਕੀਤਾ ਗਿਆ ਹੈ। ਹਮੇਸ਼ਾ ਸ਼ੁਕਰਗੁਜ਼ਾਰ ਹੋਵੋ।
16 ਆਪਣੇ ਅੰਦਰ ਮਸੀਹ ਦੀ ਸਿੱਖਿਆ ਨੂੰ ਅਮੀਰੀ ਨਾਲ ਵਸਣ ਦਿਉ। ਸਾਰੀ ਸਿਆਣਪ ਨੂੰ ਇੱਕ ਦੂਸਰੇ ਨੂੰ ਉਪਦੇਸ਼ ਦੇਣ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਬਨਾਉਣ ਲਈ ਵਰਤੋ। ਪਰਮੇਸ਼ੁਰ ਨੂੰ ਉਦਾਰ ਦਿਲਾਂ ਨਾਲ ਭਜਨ, ਸ਼ਬਦ ਅਤੇ ਆਤਮਕ ਗੀਤ ਗਾਓ। 17 ਜੋ ਕੁਝ ਵੀ ਤੁਸੀਂ ਆਖਦੇ ਹੋ ਅਤੇ ਜੋ ਕੁਝ ਵੀ ਤੁਸੀਂ ਕਰਦੇ ਹੋ, ਇਹ ਪ੍ਰਭੂ ਯਿਸੂ ਦੇ ਨਾਂ ਵਿੱਚ ਹੋਣ ਦਿਉ। ਸਾਰੀਆਂ ਗੱਲਾਂ ਵਿੱਚ, ਯਿਸੂ ਰਾਹੀਂ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰੋ।
2010 by World Bible Translation Center