Print Page Options
Previous Prev Day Next DayNext

Revised Common Lectionary (Complementary)

Daily Bible readings that follow the church liturgical year, with thematically matched Old and New Testament readings.
Duration: 1245 days
Punjabi Bible: Easy-to-Read Version (ERV-PA)
Version
ਯਿਰਮਿਯਾਹ 23:1-6

23 “ਯਹੂਦਾਹ ਦੇ ਲੋਕਾਂ ਦੇ ਅਯਾਲੀਆਂ (ਆਗੂਆਂ) ਲਈ ਇਹ ਬਹੁਤ ਬੁਰਾ ਹੋਵੇਗਾ। ਉਹ ਅਯਾਲੀ ਭੇਡਾਂ ਨੂੰ ਤਬਾਹ ਕਰ ਰਹੇ ਹਨ। ਉਹ ਭੇਡਾਂ ਨੂੰ ਮੇਰੀ ਚਰਾਗਾਹ ਤੋਂ ਭੱਜ ਕੇ ਸਾਰੀਆਂ ਦਿਸ਼ਾਵਾਂ ਵੱਲ ਜਾਣ ਲਈ ਮਜ਼ਬੂਰ ਕਰ ਰਹੇ ਹਨ।” ਇਹ ਸੰਦੇਸ਼ ਸੀ ਯਹੋਵਾਹ ਵੱਲੋਂ।

ਉਹ ਅਯਾਲੀ ਮੇਰੇ ਬੰਦਿਆਂ ਲਈ ਜ਼ਿੰਮੇਵਾਰ ਹਨ। ਅਤੇ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਇਹ ਗੱਲਾਂ ਉਨ੍ਹਾਂ ਅਯਾਲੀਆਂ ਨੂੰ ਆਖਦਾ ਹੈ: “ਅਯਾਲੀਆਂ ਤੁਸੀਂ ਮੇਰੀਆਂ ਭੇਡਾਂ ਨੂੰ ਹਰ ਪਾਸੇ ਖਿੰਡਾ ਦਿੱਤਾ ਹੈ। ਤੁਸੀਂ ਉਨ੍ਹਾਂ ਨੂੰ ਦੂਰ ਜਾਣ ਲਈ ਮਜ਼ਬੂਰ ਕਰ ਦਿੱਤਾ ਹੈ। ਅਤੇ ਤੁਸੀਂ ਉਨ੍ਹਾਂ ਦਾ ਧਿਆਨ ਨਹੀਂ ਰੱਖਿਆ। ਪਰ ਮੈਂ ਤੁਹਾਡਾ ਧਿਆਨ ਰੱਖਾਂਗਾ-ਮੈਂ ਤੁਹਾਨੂੰ ਤੁਹਾਡੇ ਮੰਦੇ ਕੰਮਾਂ ਦੀ ਸਜ਼ਾ ਦਿਆਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਆਪਣੀਆਂ ਭੇਡਾਂ ਨੂੰ ਹੋਰਨਾਂ ਦੇਸਾਂ ਅੰਦਰ ਭੇਜਿਆ। ਪਰ ਮੈਂ ਆਪਣੀਆਂ ਬਚੀਆਂ ਹੋਈਆਂ ਭੇਡਾਂ ਨੂੰ ਇਕੱਠਿਆਂ ਕਰਾਂਗਾ। ਅਤੇ ਮੈਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੀ ਚਰਾਗਾਹ ਵਿੱਚ ਲਿਆਵਾਂਗਾ। ਜਦੋਂ ਮੇਰੀਆਂ ਭੇਡਾਂ ਆਪਣੀ ਚਰਾਗਾਹ ਵਿੱਚ ਵਾਪਸ ਆ ਜਾਣਗੀਆਂ, ਉਨ੍ਹਾਂ ਦੇ ਬਹੁਤ ਬੱਚੇ ਹੋਣਗੇ ਅਤੇ ਉਹ ਗਿਣਤੀ ਵਿੱਚ ਵੱਧ ਜਾਣਗੀਆਂ। ਮੈਂ ਆਪਣੀਆਂ ਭੇਡਾਂ ਲਈ ਨਵੇਂ ਅਯਾਲੀ ਰੱਖਾਂਗਾ। ਉਹ ਅਯਾਲੀ ਮੇਰੀਆਂ ਭੇਡਾਂ ਦਾ ਧਿਆਨ ਰੱਖਣਗੇ। ਅਤੇ ਮੇਰੀਆਂ ਭੇਡਾਂ ਭੈਭੀਤ ਨਹੀਂ ਹੋਣਗੀਆਂ। ਮੇਰੀਆਂ ਭੇਡਾਂ ਵਿੱਚੋਂ ਕੋਈ ਵੀ ਗੁਆਚੇਗੀ ਨਹੀਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

ਧਰਤੀ ਅੰਕੁਰ

ਇਹ ਸੰਦੇਸ਼ ਯਹੋਵਾਹ ਵੱਲੋਂ ਹੈ,
“ਸਮਾਂ ਆ ਰਿਹਾ ਹੈ
    ਜਦੋਂ ਮੈਂ ਦਾਊਦ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਧਰਮੀ ਟਹਿਣੀ ਲਿਆਵਾਂਗਾ।
ਉਹ ਰਾਜਾ ਬਣੇਗਾ, ਜਿਹੜਾ ਸਿਆਣਪ ਨਾਲ ਰਾਜ ਕਰੇਗਾ।
    ਉਹ ਉਹੀ ਕਰੇਗਾ ਜੋ ਜਾਇਜ਼ ਅਤੇ ਦੇਸ਼ ਲਈ ਸਹੀ ਹੈ।
ਉਸ ਨੇਕ ‘ਅੰਕੁਰ’ ਦੇ ਸਮੇਂ ਵਿੱਚ, ਯਹੂਦਾਹ ਦੇ ਲੋਕ ਬਚ ਜਾਣਗੇ।
    ਅਤੇ ਇਸਰਾਏਲ ਸੁਰੱਖਿਅਤ ਰਹੇਗਾ।
ਇਹ ਉਸਦਾ ਨਾਮ ਹੋਵੇਗਾ:
    ਯਹੋਵਾਹ ਹੀ ਸਾਡੀ ਨੇਕੀ ਹੈ।

ਜ਼ਬੂਰ 23

ਦਾਊਦ ਦਾ ਇੱਕ ਗੀਤ।

23 ਯਹੋਵਾਹ ਮੇਰਾ ਆਜੜੀ ਹੈ,
    ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।
ਉਹ ਮੈਨੂੰ ਹਰਿਆਂ ਖੇਤਾਂ ਵਿੱਚ ਬੈਠ ਜਾਣ ਦਿੰਦਾ ਹੈ।
    ਉਹ ਪਾਣੀ ਦੇ ਸ਼ਾਂਤ ਤਲਾਵਾਂ ਦੇ ਪਾਸੀਂ ਮੇਰੀ ਅਗਵਾਈ ਕਰਦਾ ਹੈ।
ਉਹ ਆਪਣੇ ਨਾਂ ਦੇ ਚੰਗੇ ਲਈ, ਮੇਰੀ ਰੂਹ ਨੂੰ ਤਾਜ਼ੀ ਊਰਜਾ ਦਿੰਦਾ ਹੈ।
    ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਚੰਗਾ ਹੈ ਉਹ ਚੰਗਿਆਈ ਦੇ ਰਾਹਾਂ ਤੇ ਮੇਰੀ ਅਗਵਾਈ ਕਰਦਾ ਹੈ।
ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹੈ
    ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ।
    ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ
    ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।
ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਦੇ ਸਨਮੁੱਖ ਮੇਰਾ ਮੇਜ ਸਜਾਇਆ ਹੈ।
    ਤੁਸੀਂ ਮੇਰੇ ਸਿਰ ਉੱਤੇ ਤੇਲ ਪਾਇਆ ਹੈ
    ਮੇਰਾ ਭਰਿਆ ਪਿਆਲਾ ਛਲਕ ਰਿਹਾ ਹੈ।
ਨੇਕੀ ਤੇ ਮਿਹਰ ਮੇਰੇ ਰਹਿੰਦੇ ਜੀਵਨ ਤੱਕ ਅੰਗ-ਸੰਗ ਹੋਵੇਗੀ।
    ਅਤੇ ਮੈਂ ਯਹੋਵਾਹ ਦੇ ਮੰਦਰ ਵਿੱਚ ਲੰਮੇ-ਲੰਮੇ ਸਮੇਂ ਲਈ ਬੈਠਾਂਗਾ।

ਅਫ਼ਸੀਆਂ ਨੂੰ 2:11-22

ਮਸੀਹ ਵਿੱਚ ਇੱਕਮਿਕ

11 ਤੁਸੀਂ ਗੈਰ ਯਹੂਦੀਆਂ ਦੇ ਤੌਰ ਤੇ ਜਨਮੇ ਸੀ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੂਦੀ “ਬੇ-ਸੁੰਨਤੀਏ” ਆਖਦੇ ਹਨ। ਉਹ ਯਹੂਦੀ ਜਿਹੜੇ ਤੁਹਾਨੂੰ “ਬੇ-ਸੁੰਨਤੀਏ” ਆਖਦੇ ਹਨ ਉਹ ਆਪਣੇ ਆਪ ਨੂੰ “ਸੁੰਨਤੀ” ਅਖਵਾਉਂਦੇ ਹਨ। ਉਨ੍ਹਾਂ ਦੀ ਸੁੰਨਤ ਅਜਿਹੀ ਹੈ ਜਿਹੜੀ ਉਹ ਖੁਦ ਆਪਣੇ ਸਰੀਰਾਂ ਉੱਪਰ ਕਰਦੇ ਹਨ। 12 ਅਤੀਤ ਵਿੱਚ, ਯਾਦ ਰੱਖੋ ਕਿ ਤੁਸੀਂ ਮਸੀਹ ਤੋਂ ਬਿਨਾ ਸੀ। ਤੁਸੀਂ ਇਸਰਾਏਲ ਦੇ ਨਾਗਰਿਕ ਨਹੀਂ ਸੀ। ਤੁਹਾਡੇ ਕੋਲ ਵਾਇਦੇ ਦਾ ਉਹ ਕਰਾਰ ਨਹੀਂ ਸੀ, ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ। ਤੁਹਾਨੂੰ ਕੋਈ ਉਮੀਦ ਨਹੀਂ ਸੀ ਅਤੇ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। 13 ਇਸ ਤਰ੍ਹਾਂ ਇੱਕ ਸਮੇਂ ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਪਰ ਹੁਣ ਤੁਸੀਂ ਮਸੀਹ ਯਿਸੂ ਵਿੱਚ ਉਸ ਦੇ ਲਹੂ ਰਾਹੀਂ ਪਰਮੇਸ਼ੁਰ ਦੇ ਨੇੜੇ ਲਿਆਏ ਗਏ ਹੋ।

14 ਮਸੀਹ ਦੇ ਕਾਰਣ ਹੁਣ ਸਾਨੂੰ ਸ਼ਾਂਤੀ ਮਿਲੀ ਹੋਈ ਹੈ। ਮਸੀਹ ਨੇ ਸਾਨੂੰ ਦੋਹਾਂ ਨੂੰ ਇੱਕ ਕੌਮ ਵਾਂਗ ਇਕੱਠਿਆਂ ਕੀਤਾ ਹੈ। ਯਹੂਦੀ ਅਤੇ ਗੈਰ ਯਹੂਦੀ ਇਸ ਤਰ੍ਹਾਂ ਵੰਡੇ ਹੋਏ ਸਨ ਜਿਵੇਂ ਉਨ੍ਹਾਂ ਵਿੱਚਕਾਰ ਇੱਕ ਕੰਧ ਹੋਵੇ। ਉਹ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ। ਪਰ ਮਸੀਹ ਨੇ ਆਪਣਾ ਸਰੀਰ ਦੇਕੇ ਨਫ਼ਰਤ ਦੀ ਉਸ ਕੰਧ ਨੂੰ ਢਾਹ ਦਿੱਤਾ। 15 ਯਹੂਦੀ ਸ਼ਰ੍ਹਾ ਵਿੱਚ ਕਈ ਹੁਕਮ ਅਤੇ ਅਸੂਲ ਸਨ। ਪਰ ਮਸੀਹ ਨੇ ਉਸ ਸ਼ਰ੍ਹਾ ਦਾ ਅੰਤ ਕਰ ਦਿੱਤਾ। ਮਸੀਹ ਦਾ ਉਦੇਸ਼ ਲੋਕਾਂ ਦੇ ਦੋ ਸਮੂਹਾਂ ਨੂੰ ਆਪਣੇ ਵਿੱਚ ਇੱਕ ਕੌਮ ਬਨਾਉਣਾ ਅਤੇ ਉੱਥੇ ਸ਼ਾਂਤੀ ਸਥਾਪਿਤ ਕਰਨਾ ਸੀ। 16 ਮਸੀਹ ਨੇ ਸਲੀਬ ਤੇ ਮਰਕੇ ਇਨ੍ਹਾਂ ਦੋਹਾਂ ਸਮੂਹਾਂ ਵਿੱਚਲੀ ਨਫ਼ਰਤ ਦਾ ਅੰਤ ਕਰ ਦਿੱਤਾ ਹੈ। ਜਦੋਂ ਦੋ ਸਮੂਹ ਇੱਕ ਸਰੀਰ ਬਣ ਗਏ, ਉਹ ਵਾਪਸ ਉਨ੍ਹਾਂ ਨੂੰ ਪਰਮੇਸ਼ੁਰ ਕੋਲ ਲੈ ਆਇਆ। ਇਹ ਮਸੀਹ ਨੇ ਸਲੀਬ ਉੱਤੇ ਆਪਣੀ ਮੌਤ ਰਾਹੀਂ ਕੀਤਾ। 17 ਮਸੀਹ ਆਇਆ ਅਤੇ ਉਸ ਨੇ ਸ਼ਾਂਤੀ ਦਾ ਪ੍ਰਚਾਰ ਤੁਹਾਡੇ ਸਭਨਾਂ ਵਿੱਚ ਕੀਤਾ ਤੁਸੀਂ ਜੋ ਪਰਮੇਸ਼ੁਰ ਤੋਂ ਦੂਰ ਹੋ ਅਤੇ ਤੁਸੀਂ ਜਿਹੜੇ ਪਰਮੇਸ਼ੁਰ ਦੇ ਨਜ਼ਦੀਕ ਹੋ। 18 ਹਾਂ, ਮਸੀਹ ਰਾਹੀਂ, ਸਾਡੇ ਦੋਹਾਂ ਸਮੂਹਾਂ ਨੂੰ ਇੱਕ ਆਤਮਾ ਵਿੱਚ ਪਿਤਾ ਕੋਲ ਆਉਣ ਦਾ ਹੱਕ ਹੈ।

19 ਹੁਣ ਤੁਸੀਂ ਗੈਰ ਯਹੂਦੀਓ ਓਪਰੇ ਜਾਂ ਯਾਤਰੀ ਨਹੀਂ ਹੋ। ਹੁਣ ਤੁਸੀਂ, ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਨਾਲ ਦੇ ਨਾਗਰਿਕ ਹੋ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਦੇ ਹੋਂ। 20 ਤੁਸੀਂ ਵਿਸ਼ਵਾਸੀ ਉਸ ਇਮਾਰਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ। ਇਹ ਇਮਾਰਤ ਰਸੂਲਾਂ ਅਤੇ ਨਬੀਆਂ ਦੁਆਰਾ ਬਣਾਈ ਉਸ ਬੁਨਿਯਾਦ ਉੱਪਰ ਉਸਾਰੀ ਗਈ ਸੀ। ਮਸੀਹ ਯਿਸੂ ਖੁਦ ਇਸ ਇਮਾਰਤ ਦਾ ਸਭ ਤੋਂ ਮਹੱਤਵਪੂਰਣ ਪੱਥਰ ਹੈ। 21 ਇਹ ਸਾਰੀ ਇਮਾਰਤ ਮਸੀਹ ਵਿੱਚ ਸੰਯੁਕਤ ਹੈ। ਅਤੇ ਇਸ ਨੂੰ ਵੱਧਾਕੇ, ਮਸੀਹ ਇਸ ਨੂੰ ਪ੍ਰਭੂ ਵਿੱਚ ਇੱਕ ਪਵਿੱਤਰ ਮੰਦਰ ਬਣਾ ਦਿੰਦਾ ਹੈ। 22 ਅਤੇ ਮਸੀਹ ਵਿੱਚ, ਤੁਸੀਂ ਲੋਕ ਹੋਰਨਾਂ ਲੋਕਾਂ ਸਮੇਤ ਉਸਾਰੇ ਜਾ ਰਹੇ ਹੋਂ। ਤੁਸੀਂ ਇੱਕ ਅਜਿਹੇ ਸਥਾਨ ਤੇ ਨਿਰਮਾਣਿਤ ਕੀਤੇ ਜਾ ਰਹੇ ਹੋ ਜਿੱਥੇ ਆਤਮਾ ਦੇ ਰਾਹੀਂ ਪਰਮੇਸ਼ੁਰ ਨਿਵਾਸ ਕਰਦਾ ਹੈ।

ਮਰਕੁਸ 6:30-34

ਯਿਸੂ ਦਾ ਪੰਜ ਹਜ਼ਾਰ ਤੋਂ ਵੱਧ ਨੂੰ ਭੋਜਨ ਕਰਵਾਉਣਾ(A)

30 ਫ਼ੇਰ ਰਸੂਲ ਵਾਪਸ ਆਏ ਅਤੇ ਯਿਸੂ ਦੇ ਦੁਆਲੇ ਇਕੱਠੇ ਹੋ ਗਏ ਅਤੇ ਜੋ ਕੁਝ ਵੀ ਉਨ੍ਹਾਂ ਨੇ ਕੀਤਾ ਸੀ ਅਤੇ ਜੋ ਪ੍ਰਚਾਰ ਕੀਤਾ ਸੀ ਸਭ ਉਸ ਨੂੰ ਦਸਿਆ। 31 ਬਹੁਤ ਸਾਰੇ ਲੋਕ ਉੱਥੇ ਆਉਂਦੇ ਅਤੇ ਜਾਂਦੇ ਸਨ। ਇਸ ਲਈ ਯਿਸੂ ਅਤੇ ਰਸੂਲਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਸੀ। ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਮੇਰੇ ਨਾਲ ਆਓ, ਅਸੀਂ ਇੱਕਲੇ ਕਿਸੇ ਨਿਵੇਕਲੀ ਥਾਂ ਤੇ ਚੱਲੀਏ ਤਾਂ ਜੋ ਅਸੀਂ ਥੋੜੇ ਸਮੇਂ ਲਈ ਅਰਾਮ ਕਰ ਸੱਕੀਏ।”

32 ਤਾਂ ਯਿਸੂ ਅਤੇ ਉਸ ਦੇ ਚੇਲੇ ਇੱਕਲੇ ਨਿਕਲ ਗਏ। ਉਹ ਕਿਸ਼ਤੀ ਦੁਆਰਾ ਇੱਕ ਇੱਕਾਂਤ ਜਗ੍ਹਾ ਤੇ ਚੱਲੇ ਗਏ। 33 ਪਰ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਜਾਂਦਿਆਂ ਵੇਖਿਆ ਸੀ ਅਤੇ ਉਹ ਜਾਣਦੇ ਸਨ ਕਿ ਇਹ ਯਿਸੂ ਹੀ ਹੈ। ਤਾਂ ਸਾਰੇ ਸ਼ਹਿਰਾਂ ਦੇ ਲੋਕ ਤੁਰਕੇ ਉੱਥੇ ਪਹੁੰਚੇ ਜਿੱਥੇ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਗਿਆ ਸੀ। ਸਗੋਂ ਲੋਕ ਉਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਸਨ। 34 ਜਦੋਂ ਯਿਸੂ ਉੱਥੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਬਹੁਤ ਸਾਰੇ ਲੋਕ ਉਸਦਾ ਇੰਤਜ਼ਾਰ ਕਰ ਰਹੇ ਸਨ। ਯਿਸੂ ਨੂੰ ਉਨ੍ਹਾਂ ਤੇ ਤਰਸ ਆਇਆ, ਕਿਉਂਕਿ ਉਹ ਬਿਨ ਆਜੜੀ ਦੀਆਂ ਭੇਡਾਂ ਵਾਂਗ ਸਨ। ਤਾਂ ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਉਪਦੇਸ਼ ਦਿੱਤਾ।

ਮਰਕੁਸ 6:53-56

ਯਿਸੂ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਦਾ(A)

53 ਜਦੋਂ ਉਨ੍ਹਾਂ ਨੇ ਝੀਲ ਪਾਰ ਕਰ ਲਈ ਤਾਂ ਉਹ ਗੰਨੇਸਰਤ ਦੇ ਕੰਢੇ ਪਹੁੰਚੇ ਅਤੇ ਉੱਥੇ ਜਾਕੇ ਬੇੜੀ ਨੂੰ ਬੰਨ੍ਹ ਦਿੱਤਾ। 54 ਜਦੋਂ ਉਹ ਬੇੜੀ ਤੋਂ ਬਾਹਰ ਨਿਕਲੇ ਤਾਂ ਲੋਕਾਂ ਨੇ ਯਿਸੂ ਨੂੰ ਵੇਖਿਆ। ਉਹ ਜਾਣਦੇ ਸਨ ਕਿ ਇਹ ਕੌਣ ਹੈ। 55 ਉਹ ਲੋਕ ਦੂਜੇ ਲੋਕਾਂ ਨੂੰ ਇਤਲਾਹ ਦੇਣ ਵਾਸਤੇ ਨਗਰ ਦੇ ਚਾਰੇ ਪਾਸੇ ਦੌੜੇ, ਇਹ ਦੱਸਣ ਲਈ ਕਿ ਯਿਸੂ ਉੱਥੇ ਸੀ। ਜਿੱਥੇ ਵੀ ਯਿਸੂ ਜਾਂਦਾ ਲੋਕ ਬਿਮਾਰ ਲੋਕਾਂ ਨੂੰ ਮੰਜਿਆਂ ਉੱਤੇ ਪਾਕੇ ਉਸ ਕੋਲ ਲੈਂ ਆਉਂਦੇ। 56 ਯਿਸੂ ਉਸ ਖੇਤ੍ਰ ਵਿੱਚ ਸ਼ਹਿਰਾਂ, ਨਗਰਾਂ ਅਤੇ ਖੇਤਾਂ ਵਿੱਚ ਹਰ ਥਾਂ ਗਿਆ। ਜਿੱਥੇ ਵੀ ਉਹ ਗਿਆ ਲੋਕ ਬਜ਼ਾਰਾਂ ਵਿੱਚ ਵੀ ਮਰੀਜ਼ਾਂ ਨੂੰ ਲੈ ਆਉਂਦੇ ਸਨ। ਅਤੇ ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਕੁੜਤੇ ਦੇ ਕਿਸੇ ਵੀ ਹਿੱਸੇ ਨੂੰ ਉਨ੍ਹਾਂ ਨੂੰ ਛੋਹਣ ਦੇਵੇ। ਜਿਨ੍ਹਾਂ ਨੇ ਉਸ ਨੂੰ ਛੋਹਿਆ ਚੰਗੇ ਹੋ ਗਏ।

Punjabi Bible: Easy-to-Read Version (ERV-PA)

2010 by World Bible Translation Center