Revised Common Lectionary (Complementary)
ਸਬਤ ਲਈ ਉਸਤਤਿ ਦਾ ਗੀਤ।
92 ਯਹੋਵਾਹ ਦੀ ਉਸਤਤਿ ਕਰਨੀ ਚੰਗੀ ਹੈ।
ਹੇ ਸਰਬ ਉੱਚ ਪਰਮੇਸ਼ੁਰ ਤੁਹਾਡੇ ਨਾਮ ਦੀ ਉਸਤਤਿ ਚੰਗੀ ਹੈ।
2 ਤੁਹਾਡੇ ਪਿਆਰ ਬਾਰੇ ਸਵੇਰ ਵੇਲੇ
ਅਤੇ ਤੁਹਾਡੀ ਵਫ਼ਾਦਾਰੀ ਬਾਰੇ ਰਾਤ ਨੂੰ ਗਾਉਣਾ ਚੰਗਾ ਹੈ।
3 ਹੇ ਪਰਮੇਸ਼ੁਰ, ਤੁਹਾਡੇ ਲਈ ਦਸ ਤਾਰਾਂ ਵਾਲੇ ਸਾਜ਼ਾਂ ਉੱਤੇ,
ਸਾਰੰਗੀਆਂ ਉੱਤੇ ਅਤੇ ਰਬਾਬਾਂ ਉੱਤੇ ਸੰਗੀਤ ਬਜਾਉਣਾ ਚੰਗਾ ਹੈ।
4 ਯਹੋਵਾਹ, ਤੁਸਾਂ ਸੱਚਮੁੱਚ ਸਾਨੂੰ ਉਨ੍ਹਾਂ ਗੱਲਾਂ ਨਾਲ ਖੁਸ਼ ਕਰਦੇ ਹੋ ਜੋ ਤੁਸੀਂ ਕੀਤੀਆਂ ਸਨ।
ਅਸੀਂ ਖੁਸ਼ੀ ਨਾਲ ਉਨ੍ਹਾਂ ਗੱਲਾਂ ਬਾਰੇ ਗਾਉਂਦੇ ਹਾਂ।
12 ਚੰਗੇ ਬੰਦੇ ਯਹੋਵਾਹ ਦੇ ਮੰਦਰ ਵਿੱਚ ਉਗੇ ਹੋਏ ਲਬੋਨਾਨ ਦੇ ਸਰੂ ਦੇ ਰੁੱਖਾਂ ਵਰਗੇ ਹਨ।
13 ਚੰਗੇ ਬੰਦੇ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਫ਼ੁੱਲਾਂ ਨਾਲ ਭਰੇ ਹੋਏ ਖਜ਼ੂਰ ਦੇ ਰੁੱਖਾਂ ਵਰਗੇ ਹਨ।
14 ਜਦੋਂ ਉਹ ਪੁਰਾਣੇ ਵੀ ਹੋ ਜਾਂਦੇ ਹਨ,
ਉਹ ਜਵਾਨ ਅਤੇ ਸਿਹਤਮੰਦ ਰੁੱਖਾਂ ਦੀ ਤਰ੍ਹਾਂ, ਫ਼ਲ ਦਿੰਦੇ ਰਹਿੰਦੇ ਹਨ।
15 ਉਹ ਉੱਥੇ ਹਰ ਕਿਸੇ ਨੂੰ ਵਿਖਾਉਣ ਲਈ ਹਨ
ਕਿ ਯਹੋਵਾਹ ਚੰਗਾ ਹੈ।
ਉਹ ਮੇਰੀ ਚੱਟਾਨ ਹੈ
ਅਤੇ ਉਹ ਕੁਝ ਵੀ ਗਲਤ ਨਹੀਂ ਕਰਦਾ।
14 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ,
“ਤੂੰ ਇਹ ਬਹੁਤ ਮੰਦੀ ਗੱਲ ਕੀਤੀ,
ਇਸ ਲਈ ਤੇਰੇ ਨਾਲ ਮੰਦੀਆਂ ਗੱਲਾ ਵਾਪਰਨਗੀਆਂ।
ਤੇਰੇ ਨਾਲ ਹੋਰ ਕਿਸੇ ਵੀ
ਜਾਨਵਰ ਨਾਲੋਂ ਮੰਦਾ ਹੋਵੇਗਾ।
ਤੈਨੂੰ ਢਿੱਡ ਭਾਰ ਰੀਂਗਣਾ ਪਵੇਗਾ
ਅਤੇ ਤੈਨੂੰ ਜੀਵਨ ਭਰ ਲਈ ਮਿੱਟੀ ਖਾਣੀ ਪਵੇਗੀ।
15 ਮੈਂ ਤੈਨੂੰ ਅਤੇ ਔਰਤ ਨੂੰ ਇੱਕ
ਦੂਜੇ ਦੇ ਦੁਸ਼ਮਣ ਬਣਾ ਦਿਆਂਗਾ।
ਤੇਰੇ ਬੱਚੇ ਅਤੇ ਉਸ ਦੇ ਬੱਚੇ ਇੱਕ
ਦੂਜੇ ਦੇ ਦੁਸ਼ਮਣ ਹੋਣਗੇ।
ਉਸਦਾ ਪੁੱਤਰ ਤੇਰਾ ਸਿਰ ਕੁਚਲੇਗਾ,
ਅਤੇ ਤੂੰ ਉਸ ਦੇ ਪੈਰ ਨੂੰ ਡਸੇਂਗਾ।”
16 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਆਖਿਆ,
“ਮੈਂ ਤੈਨੂੰ ਬਹੁਤ ਦੁੱਖ ਦੇਵਾਂਗਾ
ਜਦੋਂ ਤੂੰ ਗਰਭਵਤੀ ਹੋਵੇਂਗੀ,
ਅਤੇ ਜਦੋਂ ਤੂੰ ਬੱਚੇ ਜਣੇਂਗੀ,
ਤੈਨੂੰ ਬਹੁਤ ਦਰਦ ਹੋਵੇਗਾ।
ਤੂੰ ਆਪਣੇ ਪਤੀ ਨੂੰ ਬਹੁਤ ਚਾਹੇਂਗੀ
ਪਰ ਉਹ ਤੇਰੇ ਉੱਤੇ ਰਾਜ ਕਰੇਗਾ।”
17 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ,
“ਮੈਂ ਤੈਨੂੰ ਆਦੇਸ਼ ਦਿੱਤਾ ਸੀ, ਕਿ ਓਸ ਰੁੱਖ ਦਾ ਫ਼ਲ ਨਾ ਖਾਵੀਂ।
ਪਰ ਤੂੰ ਆਪਣੀ ਪਤਨੀ ਦੀ ਗੱਲ ਸੁਣਕੇ ਓਸ ਰੁੱਖ ਦਾ ਫ਼ਲ ਖਾ ਲਿਆ।
ਇਸ ਲਈ ਤੇਰੀ ਖਾਤਰ ਮੈਂ ਧਰਤੀ ਨੂੰ ਸਰਾਪ ਦੇਵਾਂਗਾ।
ਤੈਂਨੂੰ ਧਰਤੀ ਤੋਂ ਭੋਜਨ ਲੈਣ ਲਈ ਜੀਵਨ ਭਰ ਸਖ਼ਤ ਮਿਹਨਤ ਕਰਨੀ ਪਵੇਗੀ।
18 ਧਰਤੀ ਤੇਰੇ ਲਈ ਖਰ ਪਤਵਾਰ ਤੇ ਕੰਡੇ ਉਗਾਵੇਗੀ।
ਅਤੇ ਤੈਨੂੰ ਜੰਗਲੀ ਪੌਦੇ ਖਾਣੇ ਪੈਣਗੇ ਜਿਹੜੇ ਖੇਤਾਂ ਅੰਦਰ ਉੱਗਦੇ ਹਨ। [a]
19 ਤੈਨੂੰ ਆਪਣੇ ਭੋਜਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ
ਜਦੋਂ ਤੀਕ ਕਿ ਤੇਰਾ ਚਿਹਰਾ ਮੁੜਕੇ ਨਾਲ ਭਿੱਜ ਨਹੀਂ ਜਾਂਦਾ।
ਤੈਨੂੰ ਮਰਨ ਤੀਕ ਸਖ਼ਤ ਮਿਹਨਤ ਕਰਨੀ ਪਵੇਗੀ।
ਫ਼ੇਰ ਤੂੰ ਖਾਕ ਹੋ ਜਾਵੇਂਗਾ।
ਮੈਂ ਤੈਨੂੰ ਖਾਕ ਨਾਲ ਸਾਜਿਆ ਸੀ
ਅਤੇ ਮਰਕੇ ਫ਼ਿਰ ਤੋਂ ਤੂੰ ਖਾਕ ਹੋ ਜਾਵੇਗਾ।”
20 ਆਦਮ ਨੇ ਆਪਣੀ ਪਤਨੀ ਨੂੰ ਹੱਵਾਹ ਦਾ ਨਾਮ ਦਿੱਤਾ। ਆਦਮ ਨੇ ਇਹ ਨਾਮ ਉਸ ਨੂੰ ਇਸ ਲਈ ਦਿੱਤਾ ਕਿਉਂ ਕਿ ਹੱਵਾਹ ਹਰ ਓਸ ਬੰਦੇ ਦੀ ਮਾਂ ਹੈ ਜਿਹੜਾ ਕਦੇ ਜੀਵਿਆ ਸੀ।
21 ਯਹੋਵਾਹ ਪਰਮੇਸ਼ੁਰ ਨੇ ਜਾਨਵਰਾਂ ਦੀਆਂ ਖੱਲਾਂ ਲਈਆਂ ਅਤੇ ਆਦਮੀ ਤੇ ਉਸਦੀ ਪਤਨੀ ਲਈ ਕੱਪੜੇ ਬਣਾਏ। ਫ਼ੇਰ ਉਹ ਕੱਪੜੇ ਉਸ ਨੇ ਉਨ੍ਹਾਂ ਉੱਪਰ ਪਾ ਦਿੱਤੇ।
22 ਯਹੋਵਾਹ ਪਰਮੇਸ਼ੁਰ ਨੇ ਆਖਿਆ, “ਦੇਖੋ, ਆਦਮੀ ਸਾਡੇ ਵਾਂਗ ਬਣ ਗਿਆ ਹੈ-ਅਤੇ ਉਹ ਜਾਣਦਾ ਹੈ ਕੀ ਚੰਗਾ ਹੈ ਅਤੇ ਕੀ ਮਾੜਾ ਅਤੇ ਹੁਣ ਸੰਭਵ ਹੈ ਕਿ ਆਦਮ ਜੀਵਨ ਬਿਰੱਖ ਦਾ ਫ਼ਲ ਖਾ ਲਵੇ। ਜੇ ਆਦਮੀ ਨੇ ਉਸ ਰੁੱਖ ਦਾ ਫ਼ਲ ਖਾ ਲਿਆ ਤਾਂ ਉਹ ਸਦਾ ਲਈ ਜਿਉਂਦਾ ਰਹੇਗਾ।”
23 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ। ਆਦਮ ਨੂੰ ਉਸ ਧਰਤੀ ਨੂੰ ਵਾਹੁਣ ਲਈ ਮਜਬੂਰ ਕਰ ਦਿੱਤਾ ਗਿਆ ਜਿਸ ਵਿੱਚੋਂ ਉਹ ਸਾਜਿਆ ਗਿਆ ਸੀ। 24 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਬਾਗ਼ ਵਿੱਚੋਂ ਕੱਢ ਦਿੱਤਾ। ਫ਼ੇਰ ਯਹੋਵਾਹ ਨੇ ਬਾਗ਼ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਕਰੂਬੀ ਦੂਤਾਂ ਨੂੰ ਤੈਨਾਤ ਕਰ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਉੱਥੇ ਅਗਨੀ ਦੀ ਤਲਵਾਰ ਰੱਖ ਦਿੱਤੀ। ਇਹ ਤਲਵਾਰ ਜੀਵਨ ਬਿਰੱਖ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਹਰ ਪਾਸੇ ਲਿਸ਼ਕਦੀ ਸੀ।
ਮਸੀਹ ਲੋਕਾਂ ਨੂੰ ਬਚਾਉਣ ਲਈ ਮਨੁੱਖਾਂ ਵਰਗਾ ਬਣ ਗਿਆ
5 ਪਰਮੇਸ਼ੁਰ ਨੇ ਆਉਣ ਵਾਲੀ ਨਵੀਂ ਦੁਨੀਆਂ ਉੱਪਰ ਹਕੂਮਤ ਕਰਨ ਲਈ ਦੂਤਾਂ ਦੀ ਚੋਣ ਨਹੀਂ ਕੀਤੀ। ਇਹ ਭਵਿੱਖ ਦੀ ਦੁਨੀਆਂ ਹੀ ਅਜਿਹੀ ਦੁਨੀਆ ਹੈ ਜਿਸ ਬਾਰੇ ਅਸੀਂ ਗੱਲਾਂ ਕਰਦੇ ਰਹੇ ਹਾਂ। 6 ਇਹ ਪੋਥੀਆਂ ਵਿੱਚ ਇੱਕ ਜਗ਼੍ਹਾ ਤੇ ਲਿਖਿਆ ਗਿਆ ਹੈ,
“ਪਰਮੇਸ਼ੁਰ, ਤੂੰ ਮਨੁੱਖ ਦਾ ਧਿਆਨ ਕਿਉਂ ਰੱਖਦਾ ਹੈ?
ਤੂੰ ਕਿਉਂ ਮਨੁੱਖ ਦੇ ਪੁੱਤਰ ਦੀ ਚਿੰਤਾ ਕਰਦਾ ਹੈ।
ਕੀ ਉਹ ਇੰਨਾ ਹੀ ਮਹੱਤਵਪੂਰਣ ਹੈ?
7 ਥੋੜੇ ਜਿਹੇ ਸਮੇਂ ਲਈ, ਤੂੰ ਉਸ ਨੂੰ ਦੂਤਾਂ ਨਾਲੋਂ ਨੀਵਾਂ ਕਰ ਦਿੱਤਾ।
ਤੂੰ ਉਸ ਨੂੰ ਮਹਿਮਾ ਅਤੇ ਇੱਜ਼ਤ ਤਾਜ ਵਾਂਗ ਦਿੱਤੀ ਹੈ।
8 ਤੂੰ ਹਰ ਚੀਜ਼ ਨੂੰ ਉਸ ਦੇ ਅਧੀਨ ਕਰ ਦਿੱਤਾ।” (A)
ਜੇ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਕਾਬੂ ਹੇਠਾਂ ਕਰ ਦਿੱਤਾ ਤਾਂ ਕੋਈ ਅਜਿਹੀ ਚੀਜ਼ ਨਹੀਂ ਬਚੀ ਜਿਸ ਉੱਤੇ ਉਸਦੀ ਹਕੂਮਤ ਨਹੀਂ ਸੀ। ਪਰ ਅਸੀਂ ਹਾਲੇ ਉਸ ਨੂੰ ਹਰ ਚੀਜ਼ ਉਪਰ ਹਕੂਮਤ ਕਰਦਿਆਂ ਨਹੀਂ ਦੇਖਦੇ। 9 ਥੋੜੇ ਪਲਾਂ ਲਈ, ਯਿਸੂ ਨੂੰ ਦੂਤਾਂ ਤੋਂ ਨੀਵਾਂ ਕੀਤਾ ਗਿਆ ਸੀ। ਪਰ ਹੁਣ ਅਸੀਂ ਉਸ ਨੂੰ ਮਹਿਮਾ ਅਤੇ ਸਤਿਕਾਰ ਤਾਜ ਦੀ ਤਰ੍ਹਾਂ ਪਹਿਨੇ ਹੋਏ ਦੇਖਦੇ ਹਾਂ, ਕਿਉਂਕਿ ਉਸ ਨੇ ਦੁੱਖ ਝੱਲੇ ਅਤੇ ਕਾਲਵਸ ਹੋ ਗਿਆ। ਪਰਮੇਸ਼ੁਰ ਦੀ ਕਿਰਪਾ ਦੇ ਕਾਰਣ ਯਿਸੂ ਹਰ ਮਨੁੱਖ ਲਈ ਮਰਿਆ।
2010 by World Bible Translation Center