Revised Common Lectionary (Complementary)
ਸਬਤ ਲਈ ਉਸਤਤਿ ਦਾ ਗੀਤ।
92 ਯਹੋਵਾਹ ਦੀ ਉਸਤਤਿ ਕਰਨੀ ਚੰਗੀ ਹੈ।
ਹੇ ਸਰਬ ਉੱਚ ਪਰਮੇਸ਼ੁਰ ਤੁਹਾਡੇ ਨਾਮ ਦੀ ਉਸਤਤਿ ਚੰਗੀ ਹੈ।
2 ਤੁਹਾਡੇ ਪਿਆਰ ਬਾਰੇ ਸਵੇਰ ਵੇਲੇ
ਅਤੇ ਤੁਹਾਡੀ ਵਫ਼ਾਦਾਰੀ ਬਾਰੇ ਰਾਤ ਨੂੰ ਗਾਉਣਾ ਚੰਗਾ ਹੈ।
3 ਹੇ ਪਰਮੇਸ਼ੁਰ, ਤੁਹਾਡੇ ਲਈ ਦਸ ਤਾਰਾਂ ਵਾਲੇ ਸਾਜ਼ਾਂ ਉੱਤੇ,
ਸਾਰੰਗੀਆਂ ਉੱਤੇ ਅਤੇ ਰਬਾਬਾਂ ਉੱਤੇ ਸੰਗੀਤ ਬਜਾਉਣਾ ਚੰਗਾ ਹੈ।
4 ਯਹੋਵਾਹ, ਤੁਸਾਂ ਸੱਚਮੁੱਚ ਸਾਨੂੰ ਉਨ੍ਹਾਂ ਗੱਲਾਂ ਨਾਲ ਖੁਸ਼ ਕਰਦੇ ਹੋ ਜੋ ਤੁਸੀਂ ਕੀਤੀਆਂ ਸਨ।
ਅਸੀਂ ਖੁਸ਼ੀ ਨਾਲ ਉਨ੍ਹਾਂ ਗੱਲਾਂ ਬਾਰੇ ਗਾਉਂਦੇ ਹਾਂ।
12 ਚੰਗੇ ਬੰਦੇ ਯਹੋਵਾਹ ਦੇ ਮੰਦਰ ਵਿੱਚ ਉਗੇ ਹੋਏ ਲਬੋਨਾਨ ਦੇ ਸਰੂ ਦੇ ਰੁੱਖਾਂ ਵਰਗੇ ਹਨ।
13 ਚੰਗੇ ਬੰਦੇ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਫ਼ੁੱਲਾਂ ਨਾਲ ਭਰੇ ਹੋਏ ਖਜ਼ੂਰ ਦੇ ਰੁੱਖਾਂ ਵਰਗੇ ਹਨ।
14 ਜਦੋਂ ਉਹ ਪੁਰਾਣੇ ਵੀ ਹੋ ਜਾਂਦੇ ਹਨ,
ਉਹ ਜਵਾਨ ਅਤੇ ਸਿਹਤਮੰਦ ਰੁੱਖਾਂ ਦੀ ਤਰ੍ਹਾਂ, ਫ਼ਲ ਦਿੰਦੇ ਰਹਿੰਦੇ ਹਨ।
15 ਉਹ ਉੱਥੇ ਹਰ ਕਿਸੇ ਨੂੰ ਵਿਖਾਉਣ ਲਈ ਹਨ
ਕਿ ਯਹੋਵਾਹ ਚੰਗਾ ਹੈ।
ਉਹ ਮੇਰੀ ਚੱਟਾਨ ਹੈ
ਅਤੇ ਉਹ ਕੁਝ ਵੀ ਗਲਤ ਨਹੀਂ ਕਰਦਾ।
ਅਮਸਯਾਹ ਦਾ ਯਹੂਦਾਹ ਵਿੱਚ ਆਪਣਾ ਰਾਜ ਸ਼ੁਰੂ ਕੀਤਾ
14 ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੇ ਦੂਜੇ ਸਾਲ, ਯਹੂਦਾਹ ਵਿੱਚ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਸਯਾਹ ਰਾਜ ਕਰਨ ਲੱਗਾ। 2 ਜਦੋਂ ਉਹ ਰਾਜ ਕਰਨ ਲੱਗਾ ਤਾਂ ਉਹ 25 ਵਰ੍ਹਿਆਂ ਦਾ ਸੀ। ਅਮਸਯਾਹ ਨੇ ਯਰੂਸ਼ਲਮ ਵਿੱਚ 29 ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਂ ਯਹੋਅੱਦੀਨ ਸੀ, ਜੋ ਯਰੂਸ਼ਲਮ ਤੋਂ ਸੀ। 3 ਅਮਸਯਾਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਸਨ ਪਰ ਉਸ ਨੇ ਆਪਣੇ ਪੁਰਖੇ ਦਾਊਦ ਵਾਂਗ ਪੂਰੀ ਤਰ੍ਹਾਂ ਯਹੋਵਾਹ ਨੇ ਮੰਨਿਆ। 4 ਉਸ ਨੇ ਉੱਚੀਆਂ ਥਾਵਾਂ ਨੂੰ ਨਾ ਢਾਹਿਆ। ਅਜੇ ਤੀਕ ਲੋਕ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ।
5 ਜਦੋਂ ਅਮਸਯਾਹ ਦੇ ਹੱਥ ਰਾਜ ਪੱਕਾ ਹੋ ਗਿਆ ਤਾਂ ਉਸ ਨੇ ਉਨ੍ਹਾਂ ਸਾਰੇ ਅਫ਼ਸਰਾਂ ਨੂੰ ਮਾਰ ਛੱਡਿਆ ਜਿਨ੍ਹਾਂ ਉਸ ਦੇ ਪਿਤਾ ਨੂੰ ਮਾਰਿਆ ਸੀ। 6 ਪਰ ਉਸ ਨੇ ਮਾਰਨ ਵਾਲਿਆਂ ਦੇ ਪੁੱਤਰਾਂ ਨੂੰ ਅੱਗੋਂ ਨਾ ਵੱਢਿਆ ਕਿਉਂ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਤੇ ਇਹ ਲਿਖਿਆ, “ਜੇਕਰ ਕੋਈ ਪੁੱਤਰ ਪਾਪ ਕਰੇ ਤਾਂ ਉਸ ਦੇ ਬਦਲੇ ਮਾਪੇ ਨਾ ਮਾਰੇ ਜਾਣ ਅਤੇ ਨਾ ਹੀ ਮਾਪਿਆਂ ਦੇ ਪਾਪ ਕਰਨ ਤੇ ਬੱਚਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਿਰਫ਼ ਜਿਹੜਾ ਕੋਈ ਮਨੁੱਖ ਆਪ ਗ਼ਲਤ ਕੰਮ ਕਰਦਾ ਹੈ ਉਸਦਾ ਦੰਡ ਉਸ ਨੂੰ ਹੀ ਮਿਲਣਾ ਚਾਹੀਦਾ ਹੈ।”
7 ਅਮਸਯਾਹ ਨੇ ਲੂਣ ਦੀ ਵਾਦੀ ਵਿੱਚ 10,000 ਅਦੋਮੀ ਮਾਰੇ ਅਤੇ ਸਲਾ ਨੂੰ ਜੰਗ ਕਰਕੇ ਜਿੱਤ ਲਿਆ ਅਤੇ ਉਸਦਾ ਨਾਂ “ਯਾਕਤੇਲ” ਰੱਖਿਆ। ਇਸ ਜਗ੍ਹਾ ਨੂੰ ਅੱਜ ਤੀਕ ਵੀ “ਯਾਕਤੇਲ” ਦੇ ਨਾਂ ਨਾਲ ਬੁਲਾਇਆ ਜਾਂਦਾ ਹੈ।
ਅਮਸਯਾਹ ਦੀ ਯਹੋਆਸ਼ ਦੇ ਵਿਰੁੱਧ ਜੰਗ ਦੀ ਖਾਹਿਸ਼
8 ਤਦ ਅਮਸਯਾਹ ਨੇ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਦੇ ਕੋਲ ਜੋ ਕਿ ਯਹੋਆਹਾਜ਼, ਇਸਰਾਏਲ ਦੇ ਪਾਤਸ਼ਾਹ ਯੇਹੂ ਦੇ ਪੁੱਤਰ ਕੋਲ ਸੰਦੇਸ਼ਵਾਹਕ ਭੇਜੇ। ਉਨ੍ਹਾਂ ਸੰਦੇਸ਼ਾ ਦਿੱਤਾ, “ਆਓ, ਅਸੀਂ ਇੱਕ ਦੂਜੇ ਦੇ ਆਮ੍ਹਣੇ-ਸਾਹਮਣੇ ਹੋਕੇ ਲੜੀਏ।”
9 ਤਦ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੂੰ ਜਵਾਬ ਭੇਜਿਆ ਅਤੇ ਆਖਿਆ, “ਲਬਾਨੋਨ ਦੀ ਛੋਟੀ ਜਿਹੀ ਕੰਡਿਆਲੀ ਝਾੜੀ ਨੇ ਲਬਾਨੋਨ ਦੇ ਵਿਸ਼ਾਲ ਰੁੱਖ ਨੂੰ ਸੁਨੇਹਾ ਭੇਜਿਆ: ‘ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ।’ ਪਰ ਇੱਕ ਜੰਗਲੀ ਜਾਨਵਰ ਜੋ ਲਬਾਨੋਨ ਵਿੱਚ ਸੀ ਛੋਟੀ ਕੰਡਿਆਲੀ ਝਾੜੀ ਤੋਂ ਦੀ ਲੰਘਿਆ ਅਤੇ ਉਸ ਨੂੰ ਮਿੱਧ ਸੁੱਟਿਆ। 10 ਇਹ੍ ਸੱਚ ਹੈ ਤੂੰ ਅਦੋਮ ਨੂੰ ਹਰਾਇਆ ਹੈ ਪਰ ਤੂੰ ਅਦੋਮ ਨੂੰ ਜਿੱਤਣ ਤੋਂ ਬਾਅਦ ਘੁਮੰਡੀ ਹੋ ਗਿਆ ਹੈ। ਹੁਣ ਤੂੰ ਆਪਣੇ ਘਰ ਵਿੱਚ ਰਹਿ ਅਤੇ ਓੱਥੇ ਆਪਣਾ ਸਤਿਕਾਰ ਮਾਣ। ਆਪਣੇ ਆਪਨੂੰ ਮਸੀਬਤ ਵਿੱਚ ਨਾ ਪਾ। ਜੇਕਰ ਤੂੰ ਇਉਂ ਕਰੇਂਗਾ ਤੂੰ ਡਿੱਗੇਂਗਾ ਅਤੇ ਯਹੂਦਾਹ ਤੇਰੇ ਨਾਲ ਡਿੱਗੇਗਾ।”
11 ਪਰ ਅਮਸਯਾਹ ਨੇ ਯਹੋਆਸ਼ ਦੀ ਚਿਤਾਵਨੀ ਵੱਲ ਕੋਈ ਧਿਆਨ ਨਾ ਦਿੱਤਾ। ਤਦ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਅਮਸਯਾਹ ਪਾਤਸ਼ਾਹ ਨੂੰ ਜੋ ਯਹੂਦਾਹ ਵਿੱਚ ਬੈਤ-ਸ਼ਮਸ਼ ਵਿੱਚ ਚੜ੍ਹਾਈ ਕੀਤੀ। 12 ਇਸਰਾਏਲ ਨੇ ਯਹੂਦਾਹ ਨੂੰ ਹਾਰ ਦਿੱਤੀ। ਯਹੂਦਾਹ ਦਾ ਹਰ ਆਦਮੀ ਉੱਥੋਂ ਘਰ ਨੂੰ ਭੱਜ ਗਿਆ। 13 ਫ਼ਿਰ ਬੈਤ-ਸ਼ਮਸ਼ ਵਿੱਚ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਘੇਰ ਲਿਆ ਜੋ ਅਹਜ਼ਯਾਹ ਦਾ ਪੋਤਾ ਤੇ ਯੋਆਸ਼ ਦਾ ਪੁੱਤਰ ਸੀ। ਯਹੋਆਸ਼ ਅਮਸਯਾਹ ਨੂੰ ਯਰੂਸ਼ਲਮ ਵਿੱਚ ਲੈ ਆਇਆ। ਉਸ ਨੇ ਯਰੂਸ਼ਲਮ ਦੀ ਕੰਧ ਇਫ਼ਰਾਈਮ ਦੇ ਫ਼ਾਟਕ ਤੋਂ ਲੈ ਕੇ ਨੁਕਰ ਵਾਲੇ ਫ਼ਾਟਕ ਤੀਕ 600 ਫੁੱਟ ਢਾਹ ਦਿੱਤੀ। 14 ਤਦ ਯਹੋਆਸ਼ ਨੇ ਸਾਰਾ ਸੋਨਾ ਅਤੇ ਚਾਂਦੀ ਅਤੇ ਸਾਰੇ ਬਰਤਨ ਜੋ ਯਹੋਵਾਹ ਦੇ ਮੰਦਰ ਵਿੱਚ ਸਨ, ਤੇ ਪਾਤਸ਼ਾਹ ਦੇ ਖਜ਼ਾਨੇ ਵਿੱਚ ਸਨ ਲੈ ਲਏ। ਉਨ੍ਹਾਂ ਸਾਰੇ ਕੈਦੀਆਂ ਨੂੰ ਨਾਲ ਲਿਆ ਅਤੇ ਸਾਮਰਿਯਾ ਨੂੰ ਮੁੜਿਆ।
ਬੀਜ ਬੀਜਣ ਵਾਲੇ ਕਿਸਾਨ ਦੀ ਦ੍ਰਿਸ਼ਟਾਂਤ(A)
4 ਇੱਕ ਹੋਰ ਸਮੇਂ ਯਿਸੂ ਨੇ ਝੀਲ ਦੇ ਕਿਨਾਰੇ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਬੁਹਤ ਸਾਰੀ ਭੀੜ ਉਸ ਦੇ ਗਿਰਦ ਜੁੜ ਗਈ। ਤਾਂ ਉਹ ਇੱਕ ਬੇੜੀ ਵਿੱਚ ਚੜ੍ਹ੍ਹ ਗਿਆ ਜੋ ਕਿ ਝੀਲ ਦੇ ਵਿੱਚ ਸੀ ਤੇ ਬੈਠ ਗਿਆ। ਬਾਕੀ ਦੇ ਲੋਕ ਝੀਲ ਦੇ ਕੰਢੇ ਧਰਤੀ ਉੱਪਰ ਖੜ੍ਹੇ ਰਹੇ। 2 ਯਿਸੂ ਨੇ ਲੋਕਾਂ ਨੂੰ ਬੇੜੀ ਤੋਂ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਰਾਹੀਂ ਸਮਝਾਈਆਂ। ਉਸ ਨੇ ਕਿਹਾ,
3 “ਸੁਣੋ! ਇੱਕ ਕਿਸਾਨ ਬੀਜ ਬੀਜਣ ਲਈ ਨਿਕਲਿਆ। 4 ਜਦੋਂ ਉਹ ਬੀਜ ਬੋ ਰਿਹਾ ਸੀ, ਤਾਂ ਕੁਝ ਬੀਜ ਸੜਕ ਦੇ ਕਿਨਾਰੇ ਡਿੱਗ ਪਏ, ਪੰਛੀ ਆਏ ਤੇ ਉਨ੍ਹਾਂ ਬੀਜਾਂ ਨੂੰ ਚੁਗ ਗਏ। 5 ਕੁਝ ਬੀਜ ਪੱਥਰੀਲੀ ਜ਼ਮੀਨ ਤੇ ਡਿੱਗੇ, ਉਸ ਜ਼ਮੀਨ ਤੇ ਬਹੁਤੀ ਮਿੱਟੀ ਨਹੀਂ ਸੀ। ਉੱਥੇ ਬੀਜ ਬੜੀ ਜਲਦੀ ਫ਼ੁੱਟ ਪਏ ਕਿਉਂਕਿ ਮਿੱਟੀ ਜ਼ਿਆਦਾ ਡੂੰਘੀ ਨਹੀਂ ਸੀ। 6 ਪਰ ਜਦੋਂ ਹੀ ਸੂਰਜ ਚੜ੍ਹ੍ਹਿਆ ਤਾਂ ਪੌਦੇ ਕੁਮਲਾ ਗਏ ਅਤੇ ਸੜ ਗਏ। ਉਹ ਪੌਦੇ ਇਸ ਲਈ ਸੁੱਕ-ਸੜ ਗਏ ਕਿਉਂਕਿ ਉਨ੍ਹਾਂ ਦੀ ਜੜ੍ਹ ਬਹੁਤੀ ਡੂੰਘੀ ਨਹੀਂ ਸੀ। 7 ਕੁਝ ਹੋਰ ਬੀਜ ਕੰਡਿਆਲੀਆਂ ਝਾੜੀਆਂ ਦੇ ਵਿੱਚਕਾਰ ਡਿੱਗੇ, ਪਰ ਉੱਥੇ ਕੰਡਿਆਲੀਆਂ ਝਾੜੀਆਂ ਵੱਧੀਆਂ ਅਤੇ ਉਨ੍ਹਾਂ ਨੂੰ ਘੁੱਟ ਲਿਆ ਅਤੇ ਉਨ੍ਹਾਂ ਨੂੰ ਵੱਧਣ ਨਾ ਦਿੱਤਾ ਇਸ ਲਈ ਉਨ੍ਹਾਂ ਬੀਜਾਂ ਨੇ ਫ਼ਲ ਨਾ ਦਿੱਤੇ। 8 ਕੁਝ ਹੋਰ ਬੀਜ ਵੱਧੀਆ ਜਮੀਨ ਉੱਪਰ ਡਿੱਗੇ। ਅਤੇ ਜਦੋਂ ਉਸ ਵੱਧੀਆ ਜ਼ਮੀਨ ਤੇ ਬੀਜ ਡਿੱਗੇ ਤਾਂ ਉਹ ਪੁੰਗਰੇ ਅਤੇ ਅਨਾਜ ਪੈਦਾ ਕੀਤਾ। ਕੁਝ ਪੌਦਿਆਂ ਨੇ ਤੀਹ ਗੁਣਾ ਕੁਝ ਨੇ ਸੱਠ ਗੁਣਾ ਅਤੇ ਕੁਝ ਨੇ ਸੌ ਗੁਣਾ ਵੱਧ ਝਾੜ ਦਿੱਤਾ।”
9 ਫ਼ਿਰ ਯਿਸੂ ਨੇ ਕਿਹਾ, “ਜੇਕਰ ਤੁਸੀਂ ਸੁਣ ਸੱਕਦੇ ਹੋ ਤਾਂ, ਮੇਰੇ ਵੱਲ ਧਿਆਨ ਦਿਉ।”
ਯਿਸੂ ਨੇ ਦੱਸਿਆ ਕਿ ਉਹ ਦ੍ਰਿਸ਼ਟਾਂਤ ਕਿਉਂ ਦਿੰਦਾ ਹੈ(B)
10 ਬਾਦ ਵਿੱਚ ਜਦੋਂ ਯਿਸੂ ਇੱਕਾਂਤ ਵਿੱਚ ਸੀ ਤਾਂ ਬਾਰ੍ਹਾਂ ਰਸੂਲਾਂ ਅਤੇ ਚੇਲਿਆਂ ਨੇ ਉਸ ਨੂੰ ਦ੍ਰਿਸ਼ਟਾਤਾਂ ਦਾ ਅਰਥ ਪੁੱਛਿਆ।
11 ਉਸ ਨੇ ਆਖਿਆ, “ਪਰਮੇਸ਼ੁਰ ਦੇ ਰਾਜ ਦੇ ਭੇਤ ਦਾ ਪਤਾ ਸਿਰਫ਼ ਤੁਹਾਨੂੰ ਹੀ ਦਿੱਤਾ ਗਿਆ ਹੈ। ਪਰ ਦੂਜੇ ਲੋਕਾਂ ਨੂੰ, ਮੈਂ ਦ੍ਰਿਸ਼ਟਾਤਾਂ ਵਿੱਚ ਦੱਸਦਾ ਹਾਂ। 12 ਮੈਂ ਇਉਂ ਕਰਦਾ ਹਾਂ ਤਾਂ ਜੋ:
‘ਉਹ ਤੱਕਦੇ ਰਹਿਣਗੇ ਪਰ ਕਦੇ ਵੀ ਨਹੀਂ ਵੇਖਣਗੇ।
ਉਹ ਸੁਣਦੇ ਰਹਿਣਗੇ ਪਰ ਕਦੇ ਵੀ ਨਹੀਂ ਸਮਝਣਗੇ।
ਜੇਕਰ ਉਨ੍ਹਾਂ ਨੇ ਵੇਖਿਆ ਅਤੇ ਸਮਝਿਆ ਹੁੰਦਾ
ਤਾਂ ਸ਼ਾਇਦ ਉਹ ਪਰਮੇਸ਼ੁਰ ਵੱਲ ਮੁੜ ਪੈਂਦੇ ਅਤੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸੱਕਦੇ।’” (C)
ਯਿਸੂ ਦੀ ਬੀਜ ਬਾਰੇ ਵਿਆਖਿਆ(D)
13 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਸਮਝੇ ਹੋ? ਜੇਕਰ ਤੁਸੀਂ ਇਹ ਨਹੀਂ ਸਮਝੇ ਤਾਂ ਬਾਕੀ ਦੇ ਦ੍ਰਿਸ਼ਟਾਂਤ ਕਿਵੇਂ ਸਮਝੋਂਗੇ? 14 ਬੀਜਣ ਵਾਲਾ ਉਸ ਮਨੁੱਖ ਵਾਂਗ ਹੈ ਜੋ ਲੋਕਾਂ ਵਿੱਚ ਪਰਮੇਸ਼ੁਰ ਦਾ ਬਚਨ ਬੀਜਦਾ ਹੈ। 15 ਕੁਝ ਲੋਕ ਉਨ੍ਹਾਂ ਬੀਜਾਂ ਵਰਗੇ ਹਨ ਜਿਹੜੇ ਰਸਤੇ ਦੇ ਕਿਨਾਰੇ ਵਾਲੀ ਜਗ੍ਹਾ ਡਿੱਗੇ। ਪਰਮੇਸ਼ੁਰ ਦਾ ਸੰਦੇਸ਼ ਉਨ੍ਹਾਂ ਵਿੱਚ ਬੋਇਆ ਗਿਆ ਹੈ। ਉਹ ਉਸ ਨੂੰ ਸੁਣਦੇ ਹਨ, ਪਰ ਸ਼ੈਤਾਨ ਆਉਂਦਾ ਹੈ ਤੇ ਜੋ ਉਪਦੇਸ਼ ਉਨ੍ਹਾਂ ਵਿੱਚ ਬੋਏ ਗਏ ਸਨ ਉਨ੍ਹਾਂ ਨੂੰ ਲੈ ਜਾਂਦਾ ਹੈ।
16 “ਬਾਕੀ ਲੋਕ ਉਨ੍ਹਾਂ ਬੀਜਾਂ ਵਾਂਗ ਹਨ ਜਿਹੜੇ ਪੱਥਰੀਲੀ ਜ਼ਮੀਨ ਉੱਤੇ ਡਿੱਗੇ। ਉਹ ਉਪਦੇਸ਼ ਸੁਣਦਿਆਂ ਸਾਰ ਉਨ੍ਹਾਂ ਨੂੰ ਖੁਸ਼ੀ ਨਾਲ ਕਬੂਲ ਲੈਂਦੇ ਹਨ। 17 ਪਰ ਇਹ ਲੋਕ ਉਪਦੇਸ਼ ਨੂੰ ਆਪਣੇ ਵਿੱਚ ਡੂੰਘਿਆਂ ਨਹੀਂ ਜਾਣ ਦਿੰਦੇ। ਉਹ ਸਿਰਫ਼ ਥੋੜੀ ਦੇਰ ਲਈ ਹੀ ਇਨ੍ਹਾਂ ਦਾ ਅਨੁਸਰਨ ਕਰਦੇ ਹਨ। ਜਦੋਂ ਉਪਦੇਸ਼ਾਂ ਕਾਰਣ ਸੰਕਟ ਜਾਂ ਦੰਡ ਮਿਲਦਾ ਹੈ ਤਾਂ ਉਹ ਝੱਟ ਹੀ ਇਨ੍ਹਾਂ ਨੂੰ ਤਿਆਗ ਦਿੰਦੇ ਹਨ।
18 “ਬਾਕੀ ਕੁਝ ਲੋਕ ਉਨ੍ਹਾਂ ਬੀਜਾਂ ਵਰਗੇ ਹਨ ਜਿਹੜੇ ਕੰਡਿਆਲੀਆਂ ਝਾੜੀਆਂ ਤੇ ਡਿੱਗੇ। ਇਹ ਲੋਕ ਉਪਦੇਸ਼ ਸੁਣਦੇ ਹਨ, 19 ਪਰ ਜਦੋਂ ਇਸ ਜ਼ਿੰਦਗੀ ਦੀਆਂ ਚਿੰਤਾਵਾਂ, ਧਨ ਦੀ ਚਮਕ-ਦਮਕ ਅਤੇ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਨ ਦਾ ਲਾਲਚ ਉਨ੍ਹਾਂ ਦੇ ਦਿਲਾਂ ਵਿੱਚ ਆਉਂਦਾ ਹੈ ਤਾਂ, ਇਹ ਗੱਲਾਂ ਉਪਦੇਸ਼ਾਂ ਨੂੰ ਘੁੱਟ ਦਿੰਦੀਆਂ ਹਨ ਅਤੇ ਉਹ ਫ਼ਲ ਨਹੀਂ ਦੇਣ ਦਿੰਦੀਆਂ। ਇਸ ਲਈ ਉਹ ਅਫ਼ਲ ਰਹਿ ਜਾਂਦੇ ਹਨ।
20 “ਬਾਕੀ ਲੋਕ ਵੱਧੀਆ ਜ਼ਮੀਨ ਤੇ ਬੀਜੇ ਗਏ ਬੀਜ ਵਾਂਗ ਹਨ। ਉਹ ਉਪਦੇਸ਼ਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਨੂੰ ਕਬੂਲ ਲੈਂਦੇ ਹਨ ਅਤੇ ਉਹ ਫ਼ਲ ਪੈਦਾ ਕਰਦੇ ਹਨ, ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਸੌ ਗੁਣਾ।”
2010 by World Bible Translation Center