Revised Common Lectionary (Complementary)
8 ਦਿਨ ਦੇ ਸੁਹਾਵਨੇ ਸਮੇਂ, ਯਹੋਵਾਹ ਪਰਮੇਸ਼ੁਰ ਬਾਗ ਵਿੱਚ ਸੈਰ ਕਰ ਰਿਹਾ ਸੀ। ਆਦਮ ਅਤੇ ਔਰਤ ਨੇ ਉਸਦੀ ਆਹਟ ਸੁਣੀ, ਅਤੇ ਬਾਗ ਦੇ ਰੁੱਖਾਂ ਵਿੱਚ ਛੁੱਪ ਗਏ। 9 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਆਵਾਜ਼ ਦਿੱਤੀ, “ਕਿੱਥੇ ਹੈਂ ਤੂੰ?”
10 ਆਦਮ ਨੇ ਆਖਿਆ, “ਮੈਂ ਤੁਹਾਡੀ ਬਾਗ਼ ਵਿੱਚ ਤੁਰਨ ਫ਼ਿਰਨ ਦੀ ਆਹਟ ਸੁਣਕੇ ਮੈਂ ਡਰ ਗਿਆ ਸੀ। ਮੈਂ ਨੰਗਾ ਸੀ ਇਸ ਲਈ ਮੈਂ ਛੁਪ ਗਿਆ।”
11 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ, “ਤੈਨੂੰ ਕਿਸਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੂੰ ਉਸ ਖਾਸ ਰੁੱਖ ਦਾ ਫ਼ਲ ਖਾਧਾ? ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਤੂੰ ਉਸ ਰੁੱਖ ਦਾ ਫ਼ਲ ਨਾ ਖਾਵੀਂ!”
12 ਆਦਮੀ ਨੇ ਆਖਿਆ, “ਜਿਹੜੀ ਔਰਤ ਤੂੰ ਮੇਰੇ ਲਈ ਸਾਜੀ ਸੀ ਉਸ ਨੇ ਮੈਨੂੰ ਉਸ ਰੁੱਖ ਦਾ ਫ਼ਲ ਦਿੱਤਾ ਸੀ। ਇਸ ਲਈ ਮੈਂ ਖਾ ਲਿਆ।”
13 ਤਾਂ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਆਖਿਆ, “ਤੂੰ ਕੀ ਕਰ ਬੈਠੀ ਹੈਂ?”
ਔਰਤ ਨੇ ਆਖਿਆ, “ਸੱਪ ਨੇ ਮੈਨੂੰ ਗੁਮਰਾਹ ਕਰ ਦਿੱਤਾ ਸੀ, ਇਸ ਲਈ ਮੈਂ ਫ਼ਲ ਖਾ ਲਿਆ।”
14 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ,
“ਤੂੰ ਇਹ ਬਹੁਤ ਮੰਦੀ ਗੱਲ ਕੀਤੀ,
ਇਸ ਲਈ ਤੇਰੇ ਨਾਲ ਮੰਦੀਆਂ ਗੱਲਾ ਵਾਪਰਨਗੀਆਂ।
ਤੇਰੇ ਨਾਲ ਹੋਰ ਕਿਸੇ ਵੀ
ਜਾਨਵਰ ਨਾਲੋਂ ਮੰਦਾ ਹੋਵੇਗਾ।
ਤੈਨੂੰ ਢਿੱਡ ਭਾਰ ਰੀਂਗਣਾ ਪਵੇਗਾ
ਅਤੇ ਤੈਨੂੰ ਜੀਵਨ ਭਰ ਲਈ ਮਿੱਟੀ ਖਾਣੀ ਪਵੇਗੀ।
15 ਮੈਂ ਤੈਨੂੰ ਅਤੇ ਔਰਤ ਨੂੰ ਇੱਕ
ਦੂਜੇ ਦੇ ਦੁਸ਼ਮਣ ਬਣਾ ਦਿਆਂਗਾ।
ਤੇਰੇ ਬੱਚੇ ਅਤੇ ਉਸ ਦੇ ਬੱਚੇ ਇੱਕ
ਦੂਜੇ ਦੇ ਦੁਸ਼ਮਣ ਹੋਣਗੇ।
ਉਸਦਾ ਪੁੱਤਰ ਤੇਰਾ ਸਿਰ ਕੁਚਲੇਗਾ,
ਅਤੇ ਤੂੰ ਉਸ ਦੇ ਪੈਰ ਨੂੰ ਡਸੇਂਗਾ।”
ਮੰਦਰ ਜਾਣ ਵੇਲੇ ਦਾ ਇੱਕ ਗੀਤ।
130 ਯਹੋਵਾਹ, ਮੈਂ ਡੂੰਘੀਆਂ ਮੁਸੀਬਤਾਂ ਵਿੱਚ ਹਾਂ,
ਇਸੇ ਲਈ ਮੈਂ ਤੁਹਾਨੂੰ ਮਦਦ ਲਈ ਪੁਕਾਰ ਰਿਹਾ ਹਾਂ।
2 ਮੇਰੇ ਮਾਲਕ, ਮੇਰੀ ਪੁਕਾਰ ਸੁਣੋ।
ਮੇਰੀ ਪੁਕਾਰ ਨੂੰ ਮਦਦ ਲਈ ਸੁਣੋ।
3 ਯਹੋਵਾਹ, ਜੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਗੁਨਾਹਾ ਦਾ ਸੱਚਮੁੱਚ ਦੰਡ ਦਿੰਦੇ।
ਕੋਈ ਵੀ ਬੰਦਾ ਜਿਉਂਦਾ ਨਹੀਂ ਬਚਣਾ ਸੀ।
4 ਯਹੋਵਾਹ, ਆਪਣੇ ਬੰਦਿਆ ਨੂੰ ਬਖਸ਼ ਦਿਉ।
ਫ਼ੇਰ ਲੋਕ ਤੁਹਾਡੀ ਉਪਾਸਨਾ ਕਰਨ ਵਾਲੇ ਹੋਣਗੇ।
5 ਮੈਂ ਯਹੋਵਾਹ ਦੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ।
ਮੇਰੀ ਰੂਹ ਉਸਦਾ ਇੰਤਜ਼ਾਰ ਕਰਦੀ ਹੈ।
ਮੈਨੂੰ ਯਹੋਵਾਹ ਦੇ ਆਖੇ ਉੱਤੇ ਵਿਸ਼ਵਾਸ ਹੈ।
6 ਮੈਂ ਆਪਣੇ ਮਾਲਕ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਉਨ੍ਹਾਂ ਚੌਕੀਦਾਰਾ ਵਰਗਾ ਹਾਂ।
ਜਿਹੜੇ ਸਵੇਰ ਹੋਣ ਦਾ ਇੰਤਜ਼ਾਰ ਹੀ ਇੰਤਜ਼ਾਰ ਕਰਦੇ ਰਹਿੰਦੇ ਹਨ।
7 ਇਸਰਾਏਲ, ਯਹੋਵਾਹ ਉੱਤੇ ਵਿਸ਼ਵਾਸ ਕਰ।
ਸੱਚਾ ਪਿਆਰ ਸਿਰਫ਼ ਯਹੋਵਾਹ ਪਾਸੋਂ ਹੀ ਮਿਲਦਾ ਹੈ।
ਯਹੋਵਾਹ ਸਾਨੂੰ ਬਾਰ-ਬਾਰ ਬਚਾਉਂਦਾ ਹੈ।
8 ਅਤੇ ਯਹੋਵਾਹ ਇਸਰਾਏਲ ਦੇ ਸਾਰੇ ਗੁਨਾਹ ਮੁਆਫ਼ ਕਰ ਦੇਵੇਗਾ।
13 ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ: “ਮੈਂ ਵਿਸ਼ਵਾਸ ਕੀਤਾ ਇਸ ਲਈ, ਮੈਂ ਬੋਲਿਆ ਹਾਂ।” [a] ਸਾਡੀ ਨਿਹਚਾ ਵੀ ਉਸੇ ਤਰ੍ਹਾਂ ਦੀ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਅਤੇ ਇਸੇ ਲਈ ਬੋਲਦੇ ਹਾਂ। 14 ਪਰਮੇਸ਼ੁਰ ਨੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ। ਅਤੇ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਸਾਨੂੰ ਵੀ ਯਿਸੂ ਦੇ ਸਮੇਤ ਜਿਵਾਲੇਗਾ। ਪਰਮੇਸ਼ੁਰ ਸਾਨੂੰ ਤੁਹਾਡੇ ਨਾਲ ਲਿਆਵੇਗਾ ਅਸੀਂ ਉਸ ਦੇ ਸਨਮੁੱਖ ਖੜ੍ਹੇ ਹੋਵਾਂਗੇ। 15 ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਹਨ। ਇਸ ਲਈ ਪਰਮੇਸ਼ੁਰ ਦੀ ਕਿਰਪਾ ਵੱਧ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਹੈ। ਇਸ ਲਈ ਪਰਮੇਸ਼ੁਰ ਨੂੰ ਉਸਦੀ ਮਹਿਮਾ ਲਈ ਵੱਧ ਤੋਂ ਵੱਧ ਧੰਨਵਾਦ ਹੋਣਗੇ।
ਵਿਸ਼ਵਾਸ ਅਨੁਸਾਰ ਜਿਉਣਾ
16 ਇਹੀ ਕਾਰਣ ਹੈ ਕਿ ਅਸੀਂ ਕਦੇ ਵੀ ਕਮਜ਼ੋਰ ਨਹੀਂ ਬਣਾਂਗੇ। ਸਾਡਾ ਭੌਤਿਕ ਸਰੀਰ ਬੁੱਢਾ ਤੇ ਕਮਜ਼ੋਰ ਹੋ ਰਿਹਾ ਹੈ, ਪਰ ਸਾਡੀ ਅੰਦਰਲੀ ਹੋਂਦ ਦਿਨ ਪ੍ਰਤਿ ਦਿਨ ਨਵੀਂ ਬਣਦੀ ਜਾ ਰਹੀ ਹੈ। 17 ਹੁਣ ਥੋੜੇ ਸਮੇਂ ਲਈ, ਸਾਨੂੰ ਛੋਟੀਆਂ ਤਕਲੀਫ਼ਾਂ ਮਿਲਣਗੀਆਂ। ਪਰ ਇਹ ਮੁਸ਼ਕਿਲਾਂ ਸਾਨੂੰ ਸਦੀਵੀ ਮਹਿਮਾ ਹਾਸਿਲ ਕਰਨ ਵਿੱਚ ਸਹਾਈ ਹੋ ਰਹੀਆਂ ਹਨ। ਉਹ ਸਦੀਵੀ ਮਹਿਮਾ ਇਨ੍ਹਾਂ ਮੁਸ਼ਕਿਲਾਂ ਨਾਲੋਂ ਕਿਤੇ ਮਹਾਨ ਹੈ। 18 ਇਸ ਲਈ ਅਸੀਂ ਉਨ੍ਹਾਂ ਗੱਲਾਂ ਬਾਰੇ ਨਹੀਂ ਸੋਚਦੇ ਜੋ ਅਸੀਂ ਦੇਖਦੇ ਹਾਂ, ਸਗੋਂ ਉਨ੍ਹਾਂ ਗੱਲਾਂ ਬਾਰੇ ਸੋਚਦੇ ਹਾਂ ਜੋ ਅਸੀਂ ਦੇਖ ਨਹੀਂ ਸੱਕਦੇ। ਜੋ ਚੀਜ਼ਾਂ ਅਸੀਂ ਦੇਖਦੇ ਹਾਂ ਉਹ ਥੋੜੇ ਚਿਰ ਲਈ ਹਨ ਅਤੇ ਜੋ ਚੀਜ਼ਾਂ ਅਸੀਂ ਦੇਖ ਨਹੀਂ ਸੱਕਦੇ, ਸਦੀਵੀ ਹਨ।
5 ਸਾਨੂੰ ਪਤਾ ਹੈ ਕਿ ਇਹ ਤੰਬੂ ਭਾਵ ਧਰਤੀ ਉੱਪਰਲਾ ਸਾਡਾ ਇਹ ਸਰੀਰ ਜਿਸ ਵਿੱਚ ਅਸੀਂ ਰਹਿੰਦੇ ਹਾਂ, ਤਬਾਹ ਕਰ ਦਿੱਤਾ ਜਾਵੇਗਾ। ਪਰ ਜਦੋਂ ਅਜਿਹਾ ਹੋਵੇਗਾ ਤਾਂ ਪਰਮੇਸ਼ੁਰ ਸਾਨੂੰ ਰਹਿਣ ਲਈ ਘਰ ਦੇਵੇਗਾ। ਇਹ ਘਰ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੋਵੇਗਾ। ਇਹ ਘਰ ਸਵਰਗ ਵਿੱਚ ਹੋਵੇਗਾ ਜਿਹੜਾ ਸਦੀਵੀ ਹੈ।
ਕੁਝ ਲੋਕਾਂ ਨੇ ਆਖਿਆ ਯਿਸੂ ਨੂੰ ਬਆਲ-ਜ਼ਬੂਲ ਚਿੰਬੜਿਆ ਹੋਇਆ ਹੈ(A)
20 ਫ਼ਿਰ ਯਿਸੂ ਘਰ ਆਇਆ। ਪਰ ਫ਼ਿਰ ਇੰਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਯਿਸੂ ਅਤੇ ਉਸ ਦੇ ਚੇਲੇ ਰੋਟੀ ਵੀ ਨਾ ਖਾ ਸੱਕੇ। 21 ਜਦੋਂ ਯਿਸੂ ਦੇ ਪਰਿਵਾਰ ਨੇ ਇਨ੍ਹਾਂ ਸਭ ਚੀਜ਼ਾਂ ਬਾਰੇ ਸੁਣਿਆ ਤਾਂ ਉਹ ਉਸ ਨੂੰ ਫ਼ਸਾਉਣ ਲਈ ਆਏ। ਕਿਉਂਕਿ ਲੋਕਾਂ ਨੇ ਆਖਿਆ ਕਿ ਉਹ ਆਪਣੀ ਸੁੱਧ-ਬੁੱਧ ਵਿੱਚ ਨਹੀਂ ਸੀ।
22 ਅਤੇ ਯਰੂਸ਼ਲਮ ਤੋਂ ਆਏ ਨੇਮ ਦੇ ਉਪਦੇਸ਼ਕਾਂ ਨੇ ਵੀ ਆਖਿਆ, “ਯਿਸੂ ਨੂੰ ਬਆਲ-ਜਬੂਲ ਚਿੰਬੜਿਆ ਹੋਇਆ ਹੈ! ਇਸ ਲਈ ਉਹ ਭੂਤਾਂ ਦੇ ਸਰਦਾਰ ਦੀ ਸ਼ਕਤੀ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਬਾਹਰ ਕੱਢਦਾ ਹੈ।”
23 ਫ਼ੇਰ ਯਿਸੂ ਨੇ ਲੋਕਾਂ ਨੂੰ ਆਪਣੇ ਕੋਲ ਸੱਦਕੇ ਦ੍ਰਿਸ਼ਟਾਤਾਂ ਵਿੱਚ ਉਨ੍ਹਾਂ ਨੂੰ ਸਮਝਾਇਆ, “ਸ਼ੈਤਾਨ ਕਿਵੇਂ ਆਪਣੇ ਹੀ ਆਤਮਿਆਂ ਨੂੰ ਬਾਹਰ ਕੱਢ ਸੱਕਦਾ ਹੈ। 24 ਜੇਕਰ ਇੱਕ ਰਾਜ ਆਪਣੇ ਹੀ ਖਿਲਾਫ਼ ਲੜਦਾ ਹੈ, ਤਾਂ ਇਹ ਨਹੀਂ ਰਹਿ ਸੱਕਦਾ। 25 ਅਤੇ ਜੇਕਰ ਇੱਕ ਪਰਿਵਾਰ ਵੰਡਿਆ ਹੋਇਆ ਹੈ ਅਤੇ ਆਪਣੇ ਹੀ ਖਿਲਾਫ਼ ਲੜ ਰਿਹਾ ਹੈ ਤਾਂ ਇਹ ਨਹੀਂ ਬਚ ਸੱਕਦਾ। 26 ਅਤੇ ਜੇਕਰ ਸ਼ੈਤਾਨ ਆਪਣੇ ਹੀ ਵਿਰੁੱਧ ਵਿਦ੍ਰੋਹ ਕਰਦਾ ਹੈ ਅਤੇ ਵੰਡਿਆ ਹੋਇਆ ਹੈ ਤਾਂ, ਉਹ ਨਹੀਂ ਬਚ ਸੱਕਦਾ ਅਤੇ ਉਸਦਾ ਅੰਤ ਹੋ ਜਾਵੇਗਾ।
27 “ਪਰ ਜਦੋਂ ਕੋਈ ਬੰਦਾ ਕਿਸੇ ਤਕੜੇ ਆਦਮੀ ਦੇ ਘਰ ਵਿੱਚ ਵੜਕੇ ਉਸਦੀਆਂ ਚੀਜ਼ਾਂ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਹਿਲਾਂ ਉਸ ਨੂੰ ਤਕੜੇ ਆਦਮੀ ਨੂੰ ਬੰਨ੍ਹਣਾ ਪਵੇਗਾ, ਅਤੇ ਫ਼ੇਰ ਉਹ ਉਸਦਾ ਘਰ ਲੁੱਟ ਸੱਕਦਾ ਹੈ।
28 “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਸਾਰੇ ਪਾਪ ਮਾਫ਼ ਕੀਤੇ ਜਾਣਗੇ ਅਤੇ ਜੋ ਵੀ ਉਹ ਪਰਮੇਸ਼ੁਰ ਦੇ ਵਿਰੁੱਧ ਬੋਲੇ ਉਹ ਵੀ ਮਾਫ਼ ਕਰ ਦਿੱਤਾ ਜਾਵੇਗਾ, 29 ਪਰ ਜੇਕਰ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਝ ਆਖਦਾ ਹੈ, ਤਾਂ ਉਹ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ, ਅਤੇ ਉਹ ਹਮੇਸ਼ਾ ਉਸ ਪਾਪ ਦਾ ਦੋਸ਼ੀ ਰਹੇਗਾ।”
30 ਯਿਸੂ ਨੇ ਇਹ ਇਸ ਲਈ ਆਖਿਆ ਕਿਉਂਕਿ ਨੇਮ ਦੇ ਉਪਦੇਸ਼ਕਾਂ ਨੇ ਆਖਿਆ ਸੀ ਕਿ ਯਿਸੂ ਭਰਿਸ਼ਟ ਆਤਮੇ ਦੇ ਵੱਸ ਹੈ।
ਯਿਸੂ ਦੇ ਚੇਲੇ ਹੀ ਉਸਦਾ ਸੱਚਾ ਪਰਿਵਾਰ ਹਨ(B)
31 ਫ਼ਿਰ ਯਿਸੂ ਦੀ ਮਾਤਾ ਅਤੇ ਭਰਾ ਆਏ; ਅਤੇ ਬਾਹਰ ਖੜ੍ਹੇ ਹੋ ਗਏ। ਉਨ੍ਹਾਂ ਨੇ ਯਿਸੂ ਨੂੰ ਬੁਲਾਉਣ ਲਈ ਇੱਕ ਵਿਅਕਤੀ ਰਾਹੀਂ ਸੁਨੇਹਾ ਭੇਜਿਆ। 32 ਉਸ ਵਕਤ ਯਿਸੂ ਦੇ ਆਸ-ਪਾਸ ਬਹੁਤ ਸਾਰੇ ਲੋਕ ਬੈਠੇ ਸਨ। ਉਨ੍ਹਾਂ ਉਸ ਨੂੰ ਕਿਹਾ, “ਤੇਰੀ ਮਾਂ ਅਤੇ ਤੇਰੇ ਭਰਾ ਬਾਹਰ ਤੇਰੇ ਬਾਰੇ ਪੁੱਛ-ਗਿੱਛ ਕਰ ਰਹੇ ਹਨ।”
33 ਯਿਸੂ ਨੇ ਆਖਿਆ, “ਮੇਰੀ ਮਾਂ ਕੌਣ ਹੈ? ਕੌਣ ਹਨ ਮੇਰੇ ਭਰਾ?” 34 ਤਦ ਉਸ ਨੇ ਆਪਣੇ ਆਸੇ-ਪਾਸੇ ਸਾਰੇ ਲੋਕਾਂ ਵੱਲ ਵੇਖਿਆ ਅਤੇ ਆਖਿਆ, “ਇਹੀ ਲੋਕ ਮੇਰੀ ਮਾਂ ਅਤੇ ਮੇਰੇ ਭਰਾ ਹਨ। 35 ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”
2010 by World Bible Translation Center