Revised Common Lectionary (Complementary)
ਪਰਮੇਸ਼ੁਰ ਅੱਯੂਬ ਨਾਲ ਗੱਲ ਕਰਦਾ ਹੈ
38 ਫ਼ੇਰ ਯਹੋਵਾਹ ਅੱਯੂਬ ਨਾਲ ਇੱਕ ਵਾਵਰੋਲੇ ਵਿੱਚੋਂ ਬੋਲਿਆ। ਪਰਮੇਸ਼ੁਰ ਨੇ ਆਖਿਆ:
2 “ਇਹ ਮੂਰਖ ਗੱਲਾਂ ਕਹਿੰਦਾ ਹੋਇਆ
ਉਹ ਅਗਿਆਨੀ ਵਿਅਕਤੀ ਕੌਣ ਹੈ?”
3 ਅੱਯੂਬ ਸਾਵੱਧਾਨ ਹੋ ਤੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ
ਤਿਆਰ ਹੋ ਜਾ ਜਿਹੜੇ ਮੈਂ ਤੇਰੇ ਪਾਸੋਂ ਪੁੱਛਾਂਗਾ।
4 “ਅੱਯੂਬ, ਤੂੰ ਕਿੱਥੋ ਸੀ ਜਦੋਂ ਮੈਂ ਧਰਤੀ ਨੂੰ ਸਾਜਿਆ ਸੀ?
ਜੇ ਤੂੰ ਇੰਨਾ ਹੀ ਚਤੁਰ ਹੈਂ ਤਾਂ ਮੈਨੂੰ ਜਵਾਬ ਦੇ।
5 ਜੇ ਤੂੰ ਇੰਨਾ ਚਤੁਰ ਹੈਂ ਕਿਸਨੇ ਨਿਆਂ ਕੀਤਾ ਸੀ ਕਿ ਇਹ ਦੁਨੀਆ ਕਿੰਨੀ ਵੱਡੀ ਹੋਵੇਗੀ?
ਕਿਸਨੇ, ਮਾਪਕ ਫ਼ੀਤੇ ਨਾਲ ਦੁਨੀਆਂ ਨੂੰ ਨਾਪਿਆ ਸੀ?
6 ਕਿਸ ਉੱਤੇ ਟਿਕੀ ਹੋਈ ਸੀ ਧਰਤੀ?
ਕਿਸਨੇ ਇਸਦੇ ਕੋਨੇ ਦੇ ਪੱਥਰ ਪਾਏ?
7 ਸਵੇਰ ਦੇ ਤਾਰਿਆਂ ਨੇ ਮਿਲ ਕੇ ਗੀਤ ਗਾਇਆ
ਤੇ ਦੂਤ ਆਨੰਦ ਨਾਲ ਚੀਕੇ ਜਦੋਂ ਅਜਿਹਾ ਕੀਤਾ ਗਿਆ ਸੀ।
8 “ਅੱਯੂਬ, ਕਿਸਨੇ ਸਾਗਰ ਨੂੰ ਰੋਕਣ ਲਈ ਦਰਵਾਜ਼ੇ
ਬੰਦ ਕੀਤੇ ਜਦੋਂ ਇਹ ਧਰਤੀ ਦੀ ਡੂੰਘ ਵਿੱਚੋਂ ਵਗਦਾ ਸੀ।
9 ਉਸ ਵੇਲੇ, ਮੈਂ ਇਸ ਨੂੰ ਬੱਦਲਾਂ ਨਾਲ ਢੱਕ ਲਿਆ
ਤੇ ਇਸ ਨੂੰ ਅੰਧਕਾਰ ਵਿੱਚ ਲਵ੍ਹੇਟ ਲਿਆ।
10 ਮੈਂ ਸਮੁੰਦਰ ਦੀਆਂ ਹੱਦਾਂ ਨਿਸ਼ਚਿੰਤ ਕੀਤੀਆਂ
ਤੇ ਇਸ ਨੂੰ ਬੰਦ ਦਰਵਾਜ਼ਿਆਂ ਪਿੱਛੇ ਧੱਕ ਦਿੱਤਾ।
11 ਮੈਂ ਸਮੁੰਦਰ ਨੂੰ ਆਖਿਆ, ‘ਤੂੰ ਇੱਥੋਂ ਤੀਕ ਹੀ ਆ ਸੱਕਦਾ ਹੈਂ, ਹੋਰ ਅਗੇਰੇ ਨਹੀਂ।
ਤੇਰੀਆਂ ਗੁਮਾਨੀ ਲਹਿਰਾਂ, ਇੱਥੇ ਹੀ ਰੁਕ ਜਾਣਗੀਆਂ।’
ਪੰਜਵਾਂ ਭਾਗ
(ਜ਼ਬੂਰ 107-150)
107 ਯਹੋਵਾਹ ਦਾ ਉਸਤਤਿ ਕਰੋ ਕਿਉਂਕਿ ਉਹ ਸ਼ੁਭ ਹੈ।
ਉਸਦਾ ਪਿਆਰ ਸਦੀਵੀ ਹੈ।
2 ਹਰ ਵਿਅਕਤੀ ਨੂੰ ਜਿਸ ਨੂੰ ਯਹੋਵਾਹ ਨੇ ਬਚਾਇਆ ਹੈ ਇਹੀ ਗੱਲ ਆਖਣੀ ਚਾਹੀਦੀ ਹੈ।
ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਤੋਂ ਬਚਾਇਆ।
3 ਯਹੋਵਾਹ ਨੇ ਆਪਣੇ ਲੋਕਾਂ ਨੂੰ ਬਹੁਤ ਸਾਰੇ ਭਿੰਨ-ਭਿੰਨ ਦੇਸ਼ਾਂ ਵਿੱਚੋਂ ਇਕੱਠਿਆ ਕੀਤਾ।
ਉਹ ਉਨ੍ਹਾਂ ਨੂੰ ਪੂਰਬ, ਪੱਛਮ, ਉੱਤਰ ਅਤੇ ਦੱਖਣ ਵਿੱਚੋਂ ਲਿਆਇਆ।
23 ਕੁਝ ਲੋਕਾਂ ਨੇ ਸਮੁੰਦਰ ਵਿੱਚ ਕਿਸ਼ਤੀਆਂ ਰਾਹੀਂ ਸਫ਼ਰ ਕੀਤਾ।
ਉਨ੍ਹਾਂ ਦਾ ਕੰਮ ਉਨ੍ਹਾਂ ਨੂੰ ਮਹਾਸਾਗਰ ਤੋਂ ਪਾਰ ਲੈ ਗਿਆ।
24 ਉਨ੍ਹਾਂ ਲੋਕਾਂ ਨੇ ਵੇਖ ਲਿਆ ਕਿ ਪਰਮੇਸ਼ੁਰ ਕੀ ਕੁਝ ਕਰ ਸੱਕਦਾ ਹੈ।
ਉਨ੍ਹਾਂ ਨੇ ਉਸ ਦੇ ਚਮਤਕਾਰ ਵੇਖੇ ਜੋ ਉਸ ਨੇ ਸਮੁੰਦਰ ਉੱਤੇ ਕੀਤੇ ਸਨ।
25 ਪਰਮੇਸ਼ੁਰ ਨੇ ਆਦੇਸ਼ ਦਿੱਤਾ, ਅਤੇ ਇੱਕ ਤੇਜ਼ ਹਵਾ ਵਗਣ ਲਗੀ।
ਲਹਿਰਾਂ ਉੱਚੀਆਂ ਤੋਂ ਉੱਚੀਆਂ ਹੋ ਗਈਆਂ।
26 ਲਹਿਰਾਂ ਨੇ ਉਨ੍ਹਾਂ ਨੂੰ ਉੱਪਰ ਅਕਾਸ਼ ਵਿੱਚ ਚੁੱਕ ਦਿੱਤਾ।
ਅਤੇ ਉਨ੍ਹਾਂ ਨੂੰ ਡੂੰਘੇ ਸਮੁੰਦਰ ਵਿੱਚ ਸੁੱਟ ਦਿੱਤਾ।
ਤੂਫ਼ਾਨ ਇੰਨਾ ਖਤਰਨਾਕ ਸੀ ਕਿ ਲੋਕਾਂ ਦੇ ਹੌਁਸਲੇ ਟੁੱਟ ਗਏ।
27 ਉਹ ਸ਼ਰਾਬੀਆਂ ਵਾਂਗ ਕੰਬਕੇ ਡਿੱਗ ਰਹੇ ਸਨ।
ਉਨ੍ਹਾਂ ਦੀ ਜਹਾਜ਼ੀ ਕਲਾ ਬੇਕਾਰ ਹੋ ਗਈ ਸੀ।
28 ਉਹ ਮੁਸੀਬਤ ਵਿੱਚ ਸਨ, ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਹਾਇਤਾ ਲਈ ਪੁਕਾਰ ਕੀਤੀ।
ਅਤੇ ਉਸ ਨੇ ਉਨ੍ਹਾਂ ਨੂੰ ਮੁਸੀਬਤਾਂ ਤੋਂ ਬਚਾ ਲਿਆ।
29 ਪਰਮੇਸ਼ੁਰ ਨੇ ਤੂਫ਼ਾਨ ਰੋਕ ਦਿੱਤਾ,
ਉਸ ਨੇ ਲਹਿਰਾਂ ਨੂੰ ਸ਼ਾਂਤ ਕਰ ਦਿੱਤਾ।
30 ਜਹਾਜ਼ੀ ਬਹੁਤ ਪ੍ਰਸੰਨ ਸਨ ਕਿ ਸਮੁੰਦਰ ਸ਼ਾਂਤ ਸੀ।
ਅਤੇ ਪਰਮੇਸ਼ੁਰ ਨੇ ਸੁਰੱਖਿਆ ਨਾਲ ਉਸ ਥਾਂ ਤੱਕ ਉਨ੍ਹਾਂ ਦੀ ਅਗਵਾਈ ਕੀਤੀ ਜਿੱਥੇ ਉਹ ਜਾਣਾ ਚਾਹੁੰਦੇ ਸਨ।
31 ਯਹੋਵਾਹ ਦਾ ਉਸ ਦੇ ਪਿਆਰ ਲਈ ਅਤੇ ਉਨ੍ਹਾਂ ਚਮਤਕਾਰਾਂ ਲਈ ਧੰਨਵਾਦ ਕਰੋ।
ਜਿਹੜੇ ਉਸ ਨੇ ਲੋਕਾਂ ਲਈ ਕੀਤੇ।
32 ਮਹਾ ਸਭਾ ਵਿੱਚ ਪਰਮੇਸ਼ੁਰ ਦੀ ਉਸਤਤਿ ਕਰੋ।
ਉਦੋਂ ਉਸਦੀ ਉਸਤਤਿ ਕਰੋ ਜਦੋਂ ਬਜ਼ੁਰਗ ਆਗੂ ਮਿਲ ਬੈਠਦੇ ਹਨ।
6 ਅਸੀਂ ਪਰਮੇਸ਼ੁਰ ਦੇ ਨਾਲ ਕੰਮ ਕਰਨ ਵਾਲੇ ਕਾਮੇ ਹਾਂ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ। ਇਹ ਵੇਖਣਾ ਕਿ ਜਿਹੜੀ ਮਿਹਰ ਤੁਸੀਂ ਪਰਮੇਸ਼ੁਰ ਤੋਂ ਪ੍ਰਾਪਤ ਕਰਦੇ ਹੋ ਕਿਤੇ ਵਿਅਰਥ ਨਾ ਹੋ ਜਾਵੇ। 2 ਪਰਮੇਸ਼ੁਰ ਦਾ ਕਥਨ ਹੈ;
“ਮੈਂ ਸਹੀ ਸਮੇਂ ਤੁਹਾਨੂੰ ਸੁਣਿਆ
ਅਤੇ ਮੁਕਤੀ ਦੇ ਦਿਹਾੜੇ ਤੁਹਾਡੀ ਸਹਾਇਤਾ ਕੀਤੀ।” (A)
ਮੈਂ ਤੁਹਾਨੂੰ ਆਖਦਾ ਹਾਂ ਕਿ “ਸਹੀ ਸਮਾਂ” ਹੁਣ ਹੈ “ਮੁਕਤੀ ਦਾ ਦਿਹਾੜਾ” ਹੁਣ ਹੈ।
3 ਅਸੀਂ ਨਹੀਂ ਚਾਹੁੰਦੇ ਕਿ ਲੋਕ ਸਾਡੇ ਕੰਮ ਵਿੱਚ ਕੋਈ ਨੁਕਸ ਲੱਭ ਸੱਕਣ। ਇਸ ਲਈ ਅਸੀਂ ਅਜਿਹਾ ਕੁਝ ਨਹੀਂ ਕਰਦੇ ਜੋ ਲੋਕਾਂ ਲਈ ਰੁਕਾਵਟਾਂ ਪਾਉਂਦਾ ਹੋਵੇ। 4 ਪਰ ਅਸੀਂ ਇਸ ਤਰ੍ਹਾਂ ਨਾਲ ਇਹ ਦਰਸ਼ਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ; ਬਹੁਤ ਸਾਰੀਆਂ ਸਖਤ ਗੱਲਾਂ ਵਿੱਚ ਦੁੱਖ ਪ੍ਰਵਾਨ ਕਰਨ ਵਿੱਚ, ਮੁਸ਼ਕਿਲਾਂ ਅਤੇ ਸਮੱਸਿਆਵਾਂ ਵਿੱਚ। 5 ਸਾਨੂੰ ਮਾਰਿਆ ਕੁੱਟਿਆ ਅਤੇ ਬੰਦੀ ਬਣਾਇਆ ਜਾਂਦਾ ਹੈ। ਲੋਕ ਪਰੇਸ਼ਾਨ ਹੁੰਦੇ ਹਨ ਅਤੇ ਸਾਡੇ ਨਾਲ ਲੜਦੇ ਹਨ। ਅਸੀਂ ਸਖਤ ਮਿਹਨਤ ਕਰਦੇ ਹਾਂ, ਅਤੇ ਕਦੇ ਕਦੇ ਅਸੀਂ ਨੀਂਦ ਅਤੇ ਭੋਜਨ ਤੋਂ ਵਾਂਝੇ ਰਹਿ ਜਾਂਦੇ ਹਾਂ। 6 ਅਸੀਂ ਆਪਣੀ ਸਮਝ ਰਾਹੀਂ, ਆਪਣੇ ਧੀਰਜ, ਆਪਣੀ ਮਿਹਰਬਾਨੀ ਅਤੇ ਆਪਣੇ ਸ਼ੁੱਧ ਜੀਵਨ ਰਾਹੀਂ ਇਹ ਦਰਸ਼ਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ। ਅਜਿਹਾ ਅਸੀਂ ਪਵਿੱਤਰ ਆਤਮਾ ਰਾਹੀਂ, ਸੱਚੇ ਪ੍ਰੇਮ ਰਾਹੀਂ ਦਰਸ਼ਾਉਂਦੇ ਹਾਂ। 7 ਸੱਚ ਬੋਲਕੇ ਅਤੇ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਅਸੀਂ ਆਪਣੇ ਸਹੀ ਜੀਵਨ ਢੰਗ ਨੂੰ ਹਰ ਚੀਜ਼ ਦੇ ਖਿਲਾਫ਼ ਰੱਖਿਆ ਕਰਨ ਲਈ ਵਰਤਦੇ ਹਾਂ।
8 ਕੁਝ ਲੋਕ ਸਾਡਾ ਸਤਿਕਾਰ ਕਰਦੇ ਹਨ, ਪਰ ਦੂਸਰੇ ਲੋਕ ਸਾਡਾ ਨਿਰਾਦਰ ਕਰਦੇ ਹਨ। ਕੁਝ ਲੋਕ ਸਾਡੇ ਬਾਰੇ ਭਲੀਆਂ ਗੱਲਾਂ ਕਹਿੰਦੇ ਹਨ, ਦੂਸਰੇ ਲੋਕ ਮੰਦਿਆਂ ਗੱਲਾਂ ਬੋਲਦੇ ਹਨ। ਕੁਝ ਲੋਕ ਆਖਦੇ ਹਨ ਕਿ ਅਸੀਂ ਝੂਠੇ ਹਾਂ ਪਰ ਅਸੀਂ ਸੱਚ ਬੋਲਦੇ ਹਾਂ। 9 ਕੁਝ ਲੋਕਾਂ ਵੱਲੋਂ ਸਾਨੂੰ ਅਗਿਆਤ ਸਮਝਿਆ ਜਾਂਦਾ ਹੈ, ਜਦਕਿ ਅਸੀਂ ਚੰਗੀ ਤਰ੍ਹਾਂ ਪ੍ਰਸਿੱਧ ਹਾਂ। ਸਾਨੂੰ ਮਰੇ ਹੋਏ ਕਰਾਰ ਦਿੱਤਾ ਗਿਆ, ਪਰ ਦੇਖੋ ਅਸੀਂ ਜਿਉਂ ਰਹੇ ਹਾਂ। ਸਾਨੂੰ ਦੁੱਖ ਦਿੱਤੇ ਜਾਂਦੇ ਹਨ ਪਰ ਅਸੀਂ ਮਾਰੇ ਨਹੀਂ ਗਏ। 10 ਹਾਲਾਂ ਕਿ ਅਸੀਂ ਉਦਾਸ ਹਾਂ, ਪਰ ਅਸੀਂ ਹਮੇਸ਼ਾ ਖੁਸ਼ ਹਾਂ। ਭਾਵੇਂ ਅਸੀਂ ਗਰੀਬ ਹਾਂ ਪਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਮੀਰ ਬਣਾਉਂਦੇ ਹਾਂ। ਸਾਡੇ ਕੋਲ ਕੁਝ ਵੀ ਨਹੀਂ ਪਰ ਅਸਲ ਵਿੱਚ ਸਾਡੇ ਕੋਲ ਸਭ ਕੁਝ ਹੈ।
11 ਅਸੀਂ ਤੁਹਾਨੂੰ, ਕੋਰਿੰਥੁਸ ਦੇ ਲੋਕਾਂ ਨੂੰ, ਸਪੱਸ਼ਟਤਾ ਨਾਲ ਸੰਬੋਧਨ ਕੀਤਾ ਹੈ। ਅਸੀਂ ਤੁਹਾਡੇ ਅੱਗੇ ਆਪਣੇ ਹਿਰਦੇ ਖੋਲ੍ਹ ਦਿੱਤੇ ਹਨ। 12 ਤੁਹਾਡੇ ਲਈ ਸਾਡਾ ਪ੍ਰੇਮ ਖਤਮ ਨਹੀਂ ਹੋਇਆ। ਪਰ ਤੁਸੀਂ ਸਾਡੇ ਵੱਲ ਆਪਣਾ ਪਿਆਰ ਰੋਕ ਦਿੱਤਾ ਹੈ। 13 ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ ਜਿਵੇਂ ਤੁਸੀਂ ਮੇਰੇ ਬੱਚੇ ਹੋਵੋਂ। ਉਵੇਂ ਹੀ ਕਰੋ ਜਿਵੇਂ ਅਸੀਂ ਕੀਤਾ ਹੈ-ਆਪਣੇ ਹਿਰਦੇ ਵੀ ਖੋਲ੍ਹ ਦਿਓ।
ਯਿਸੂ ਦਾ ਤੂਫ਼ਾਨ ਨੂੰ ਰੋਕਣਾ(A)
35 ਉਸ ਦਿਨ ਸ਼ਾਮ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ! ਝੀਲ ਦੇ ਉਸ ਪਾਰ ਚੱਲੀਏ।” 36 ਯਿਸੂ ਤੇ ਉਸ ਦੇ ਚੇਲੇ ਬਾਕੀ ਲੋਕਾਂ ਨੂੰ ਉੱਥੇ ਹੀ ਛੱਡ ਕੇ, ਉਸ ਬੇੜੀ ਵਿੱਚ ਬੈਠਕੇ ਚੱਲੇ ਗਏ ਜਿਸ ਬੇੜੀ ਚ ਬੈਠਕੇ ਉਹ ਉਪਦੇਸ਼ ਦੇ ਰਿਹਾ ਸੀ। ਕੁਝ ਹੋਰ ਵੀ ਬੇੜੀਆਂ ਉਸ ਦੇ ਨਾਲ ਸਨ। 37 ਤਦ ਝੀਲ ਤੇ ਭਿਆਨਕ ਹਨੇਰੀ ਵਗੀ। ਲਹਿਰਾਂ ਬੇੜੀ ਦੇ ਨਾਲ ਵੱਜ ਰਹੀਆਂ ਸਨ। ਬੇੜੀ ਪਾਣੀ ਨਾਲ ਭਰ ਚੱਲੀ ਸੀ। 38 ਯਿਸੂ ਉਸ ਵਕਤ ਬੇੜੀ ਦੇ ਪਿੱਛਲੇ ਪਾਸੇ ਇੱਕ ਸਿਰਹਾਣਾ ਰੱਖਕੇ ਸੁੱਤਾ ਹੋਇਆ ਸੀ। ਉਸ ਦੇ ਚੇਲਿਆਂ ਨੇ ਉਸ ਨੂੰ ਉੱਠਾਇਆ। ਉਨ੍ਹਾਂ ਆਖਿਆ, “ਗੁਰੂ ਜੀ, ਕੀ ਤੁਹਾਨੂੰ ਕੋਈ ਫ਼ਿਕਰ ਨਹੀਂ ਕਿ ਅਸੀਂ ਡੁੱਬ ਰਹੇ ਹਾਂ।”
39 ਯਿਸੂ ਉੱਠਿਆ ਅਤੇ ਉਸ ਨੇ ਹਨੇਰੀ ਅਤੇ ਲਹਿਰਾਂ ਨੂੰ ਹੁਕਮ ਦਿੱਤਾ “ਸ਼ਾਂਤ ਹੋ ਜਾਓ, ਥੰਮ ਜਾਓ।” ਤਾਂ ਹਨੇਰੀ ਰੁਕ ਗਈ ਅਤੇ ਝੀਲ ਸ਼ਾਂਤ ਹੋ ਗਈ।
40 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ?”
41 ਚੇਲੇ ਬਹੁਤ ਡਰੇ ਹੋਏ ਸਨ ਅਤੇ ਇੱਕ ਦੂਜੇ ਤੋਂ ਪੁੱਛ ਰਹੇ ਸਨ, “ਇਹ ਕਿਹੋ ਜਿਹਾ ਮਨੁੱਖ ਹੈ? ਹਵਾ ਅਤੇ ਝੀਲ ਵੀ ਉਸਦੀ ਆਗਿਆ ਦਾ ਪਾਲਣ ਕਰਦੇ ਹਨ।”
2010 by World Bible Translation Center