Revised Common Lectionary (Complementary)
ਆਸਾਫ਼ ਦਾ ਇੱਕ ਭੱਗਤੀ ਗੀਤ।
74 ਹੇ ਪਰਮੇਸ਼ੁਰ, ਕੀ ਤੁਸੀਂ ਸਾਨੂੰ ਸਦਾ ਲਈ ਛੱਡ ਦਿੱਤਾ ਹੈ?
ਕੀ ਤੁਸੀਂ ਹਾਲੇ ਵੀ ਆਪਣੇ ਲੋਕਾਂ ਉੱਤੇ ਕ੍ਰੋਧਵਾਨ ਹੋ?
2 ਉਨ੍ਹਾਂ ਲੋਕਾਂ ਨੂੰ ਯਾਦ ਕਰੋ ਜਿਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਤੁਸੀਂ ਖਰੀਦ ਲਿਆ ਸੀ।
ਤੁਸੀਂ ਸਾਨੂੰ ਬਚਾਇਆ।
ਅਸੀਂ ਤੇਰੇ ਨਾਲ ਸੰਬੰਧਿਤ ਹਾਂ।
ਸੀਯੋਨ ਪਰਬਤ ਨੂੰ ਯਾਦ ਕਰੋ, ਜਿੱਥੇ ਤੁਸੀਂ ਰਹਿੰਦੇ ਸੀ।
3 ਹੇ ਪਰਮੇਸ਼ੁਰ, ਆਪ ਇਨ੍ਹਾਂ ਕਦੀਮੀ ਖੰਡ੍ਹਰਾਂ ਵਿੱਚੋਂ ਵੀ ਗੁਜਰੋ।
ਉਸ ਪਵਿੱਤਰ ਥਾਂ ਉੱਤੇ ਆ ਜਾਉ ਜਿਸ ਨੂੰ ਵੈਰੀਆਂ ਨੇ ਤਬਾਹ ਕੀਤਾ ਸੀ।
4 ਵੈਰੀਆਂ ਨੇ ਮੰਦਰ ਵਿੱਚ ਜੰਗਜੂ ਨਾਹਰੇ ਲਾਏ ਸਨ।
ਉਨ੍ਹਾਂ ਨੇ ਇਹ ਦਰਸਾਉਣ ਲਈ ਮੰਦਰ ਉੱਤੇ ਝੰਡੇ ਗਡ ਦਿੱਤੇ ਸੀ ਕਿ ਉਨ੍ਹਾਂ ਨੇ ਜੰਗ ਜਿੱਤ ਲਈ ਸੀ।
5 ਵੈਰੀਆਂ ਦੇ ਸਿਪਾਹੀ ਉਨ੍ਹਾਂ ਬੰਦਿਆਂ ਵਰਗੇ ਸਨ
ਜਿਹੜੇ ਦਾਤਰੀ ਨਾਲ ਘਾਹ-ਫ਼ੂਸ ਵੱਢਦੇ ਹਨ।
6 ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਮੰਦਰ ਦੇ ਸੱਜਿਤ ਦਰਾਂ ਨੂੰ ਬਰਬਾਦ ਕਰਨ ਲਈ
ਕੁਲਹਾੜੀਆਂ ਅਤੇ ਕਹੀਆਂ ਦਾ ਇਸਤੇਮਾਲ ਕੀਤਾ।
7 ਉਨ੍ਹਾਂ ਦੇ ਸਿਪਾਹੀਆਂ ਨੇ ਤੁਹਾਡਾ ਪਵਿੱਤਰ ਸਥਾਨ ਸਾੜ ਸੁੱਟਿਆ।
ਉਹ ਮੰਦਰ ਤੁਹਾਡੇ ਨਾਮ ਨੂੰ ਆਦਰ ਦੇਣ ਲਈ ਬਣਾਇਆ ਗਿਆ ਸੀ।
ਪਰ ਉਨ੍ਹਾਂ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ।
8 ਵੈਰੀਆਂ ਨੇ ਸਾਨੂੰ ਪੂਰੀ ਤਰ੍ਹਾਂ ਕੁਚਲਣ ਦਾ ਫ਼ੈਸਲਾ ਕੀਤਾ ਸੀ।
ਉਨ੍ਹਾਂ ਨੇ ਦੇਸ਼ ਦਾ ਹਰ ਪਵਿੱਤਰ ਸਥਾਨ ਸਾੜ ਦਿੱਤਾ।
9 ਅਸੀਂ ਉਨ੍ਹਾਂ ਕਰਾਮਾਤੀ ਨਿਸ਼ਾਨਾਂ ਵਿੱਚੋਂ ਕੋਈ ਵੀ ਨਾ ਵੇਖ ਸੱਕੇ।
ਜੋ ਸਾਡੇ ਦਰਮਿਆਨ ਵਾਪਰਦੇ ਸਨ। ਅਤੇ ਉੱਥੇ ਹੋਰ ਨਬੀ ਨਹੀਂ ਹਨ।
ਕੋਈ ਕੀ ਕਰੇ, ਕੋਈ ਬੰਦਾ ਨਹੀਂ ਜਾਣਦਾ ਸੀ।
10 ਹੇ ਪਰਮੇਸ਼ੁਰ, ਕਿੰਨਾ ਕੁ ਚਿਰ ਵੈਰੀ ਸਾਡਾ ਹੋਰ ਮਜ਼ਾਕ ਉਡਾਉਣਗੇ?
ਕੀ ਤੁਸਾਂ ਸਦਾ ਹੀ ਉਨ੍ਹਾਂ ਕੋਲੋਂ ਆਪਣਾ ਨਾਮ ਬੇਇੱਜ਼ਤ ਕਰ ਦੇਵੋਂਗੇ?
11 ਹੇ ਪਰਮੇਸ਼ੁਰ, ਤੁਸਾਂ ਸਾਨੂੰ ਇੰਨਾ ਸਖਤ ਦੰਡ ਕਿਉਂ ਦਿੱਤਾ?
ਤੁਸੀਂ ਆਪਣੀ ਮਹਾਂ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਸਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
12 ਹੇ ਪਰਮੇਸ਼ੁਰ, ਲੰਬੇ ਸਮੇਂ ਤੋਂ ਤੁਸੀਂ ਸਾਡੇ ਪਾਤਸ਼ਾਹ ਰਹੇ ਹੋ।
ਇਸ ਦੇਸ਼ ਅੰਦਰ ਤੁਸੀਂ ਸਾਡੀਆਂ ਬਹੁਤ ਲੜਾਈਆਂ ਜਿੱਤਣ ਵਿੱਚ ਸਹਾਈ ਹੋਏ ਹੋਂ।
13 ਹੇ ਪਰਮੇਸ਼ੁਰ ਤੁਸਾਂ ਲਾਲ ਸਾਗਰ ਨੂੰ ਪਾੜਨ ਲਈ
ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕੀਤਾ।
14 ਤੁਸੀਂ ਵੱਡੇ ਸਮੁੰਦਰੀ ਦੈਤਾਂ ਉੱਤੇ ਫ਼ਤੇਹ ਹਾਸਲ ਕੀਤੀ।
ਤੁਸਾਂ ਲੇਵੀਥਾਨ ਦੇ ਸਿਰ ਭੰਨ ਸੁੱਟੇ
ਅਤੇ ਉਸਦੀ ਲਾਸ਼ ਜਾਨਵਰਾਂ ਦੇ ਖਾਣ ਲਈ ਛੱਡ ਦਿੱਤੀ।
15 ਤੁਸੀਂ ਨਦੀ ਅਤੇ ਚਸ਼ਮਿਆਂ ਨੂੰ ਰਵਾਨੀ ਦਿੰਦੇ ਹੋ।
ਅਤੇ ਤੁਸੀਂ ਨਦੀਆਂ ਨੂੰ ਸੁਕਾ ਦਿੰਦੇ ਹੋ।
16 ਹੇ ਪਰਮੇਸ਼ੁਰ, ਤੁਸੀਂ ਹਰ ਦਿਨ ਉੱਤੇ ਕਾਬੂ ਰੱਖਦੇ ਹੋਂ
ਅਤੇ ਹਰ ਰਾਤ ਉੱਤੇ ਵੀ ਕਾਬੂ ਰੱਖਦੇ ਹੋਂ। ਤੁਸਾਂ ਸੂਰਜ ਅਤੇ ਚੰਨ ਨੂੰ ਸਾਜਿਆ।
17 ਤੁਸਾਂ ਧਰਤੀ ਉੱਤੇ ਹਰ ਸ਼ੈਅ ਦੀ ਸੀਮਾ ਰੱਖ ਦਿੱਤੀ।
ਅਤੇ ਤੁਸੀਂ ਗਰਮੀ ਤੇ ਸਰਦੀ ਨੂੰ ਸਾਜਿਆ।
18 ਹੇ ਪਰਮੇਸ਼ੁਰ, ਇਨ੍ਹਾਂ ਗੱਲਾਂ ਨੂੰ ਯਾਦ ਕਰੋ।
ਯਾਦ ਕਰੋ ਕਿ ਵੈਰੀਆਂ ਨੇ ਤੁਹਾਡੇ ਉੱਤੇ ਬੇਪਰਤੀਤੀ ਕੀਤੀ ਸੀ।
ਉਹ ਮੂਰਖ ਲੋਕ ਤੁਹਾਡੇ ਨਾਮ ਨੂੰ ਨਫ਼ਰਤ ਕਰਦੇ ਹਨ।
19 ਉਨ੍ਹਾਂ ਜੰਗਲੀ ਜਾਨਵਰਾਂ ਨੂੰ ਆਪਣੀ ਘੁੱਗੀ ਨਾ ਫ਼ੜਨ ਦਿਉ।
ਆਪਣੇ ਗਰੀਬ ਲੋਕਾਂ ਨੂੰ ਸਦਾ ਲਈ ਨਾ ਭੁੱਲੋ।
20 ਸਾਡੇ ਕਰਾਰ ਨੂੰ ਯਾਦ ਰੱਖ!
ਇਸ ਧਰਤੀ ਦੀ ਹਰ ਹਨੇਰੀ ਥਾਂ ਉੱਤੇ ਹਿੰਸਾ ਹੈ।
21 ਹੇ ਪਰਮੇਸ਼ੁਰ, ਤੁਹਾਡੇ ਲੋਕਾਂ ਨਾਲ ਬਦਸਲੂਕੀ ਕੀਤੀ ਗਈ ਸੀ।
ਉਨ੍ਹਾਂ ਨੂੰ ਹੋਰ ਵੱਧੇਰੇ ਸੱਟ ਨਾ ਖਾਣ ਦਿਉ।
ਤੁਹਾਡੇ ਗਰੀਬ ਬੇਸਹਾਰੇ ਲੋਕ ਤੁਹਾਡੀ ਉਸਤਤਿ ਕਰਦੇ ਹਨ।
22 ਹੇ ਪਰਮੇਸ਼ੁਰ ਉੱਠੋ ਅਤੇ ਜੰਗ ਕਰੋ।
ਯਾਦ ਕਰੋ ਉਨ੍ਹਾਂ ਮੂਰੱਖਾਂ ਨੇ ਤੁਹਾਨੂੰ ਵੰਗਾਰਿਆ ਸੀ।
23 ਆਪਣੇ ਵੈਰੀਆਂ ਦੇ ਨਾਰਿਆਂ ਨੂੰ ਨਾ ਭੁੱਲੋ।
ਉਹ ਬਾਰ-ਬਾਰ ਤੁਹਾਡੀ ਬੇਇੱਜ਼ਤੀ ਕਰਦੇ ਹਨ।
ਇੱਕ ਬੁਰਾ ਆਤਮਾ ਸ਼ਾਊਲ ਨੂੰ ਸਤਾਉਂਦਾ ਰਿਹਾ
14 ਯਹੋਵਾਹ ਦੇ ਆਤਮੇ ਨੇ ਸ਼ਾਊਲ ਨੂੰ ਤਿਆਗ ਦਿੱਤਾ ਅਤੇ ਫ਼ਿਰ ਉਸ ਨੇ ਇੱਕ ਬੁਰਾ ਆਤਮਾ ਸ਼ਾਊਲ ਅੰਦਰ ਦਾਖਲ ਕਰ ਦਿੱਤਾ। ਇਸਨੇ ਸ਼ਾਊਲ ਨੂੰ ਬਹੁਤ ਕਸ਼ਟ ਦਿੱਤੇ। 15 ਸ਼ਾਊਲ ਦੇ ਨੌਕਰਾਂ ਨੇ ਉਸ ਨੂੰ ਕਿਹਾ, “ਪਰਮੇਸ਼ੁਰ ਵੱਲੋਂ ਇੱਕ ਭੈੜਾ ਆਤਮਾ ਤੈਨੂੰ ਸਤਾ ਰਿਹਾ ਹੈ। 16 ਸਾਨੂੰ ਆਗਿਆ ਦੇ ਕਿ ਅਸੀਂ ਇੱਕ ਅਜਿਹਾ ਮਨੁੱਖ ਲੱਭਕੇ ਲਿਆਈਏ ਜਿਹੜਾ ਬਰਬਤ ਵਜਾਉਣ ਵਿੱਚ ਹੁਸ਼ਿਆਰ ਹੋਵੇ ਤਾਂ ਫ਼ਿਰ ਅਜਿਹਾ ਹੋਵੇਗਾ ਕਿ ਜਿਸ ਵਕਤ ਪਰਮੇਸ਼ੁਰ ਵੱਲੋਂ ਇਹ ਦੁਸ਼ਟ ਆਤਮਾ ਤੇਰੇ ਉੱਪਰ ਚੜ੍ਹੇ ਤਾਂ ਉਹ ਬਰਬਤ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੂੰ ਚੰਗਾ ਹੋ ਜਾਵੇਂਗਾ।”
17 ਤਾਂ ਸ਼ਾਊਲ ਨੇ ਆਪਨੇ ਸੇਵਕਾਂ ਨੂੰ ਆਖਿਆ, “ਜਾਓ ਅਤੇ ਅਜਿਹਾ ਕੋਈ ਮਨੁੱਖ ਲੱਭੋ ਜਿਹੜਾ ਧੁਨ ਵਜਾਉਣ ਵਿੱਚ ਹੁਸ਼ਿਆਰ ਹੋਵੇ। ਉਸ ਨੂੰ ਮੇਰੇ ਕੋਲ ਲੈ ਕੇ ਆਵੋ।”
18 ਉਨ੍ਹਾਂ ਵਿੱਚੋਂ ਇੱਕ ਸੇਵਕ ਨੇ ਕਿਹਾ, “ਬੈਤਲਹਮ ਵਿੱਚ ਇੱਕ ਮਨੁੱਖ ਹੈ ਜਿਸਦਾ ਨਾਉਂ ਯੱਸੀ ਹੈ। ਮੈਂ ਉਸ ਦੇ ਪੁੱਤਰ ਨੂੰ ਵੇਖਿਆ ਹੋਇਆ ਹੈ। ਉਹ ਬਰਬਤ ਵਜਾਉਣੀ ਜਾਣਦਾ ਹੈ। ਉਹ ਇੱਕ ਬਹਾਦੁਰ ਆਦਮੀ ਅਤੇ ਵੀਰ ਯੋਧਾ ਵੀ ਹੈ। ਉਹ ਸੋਹਣਾ ਅਤੇ ਸੁਨੱਖਾ ਵੀ ਹੈ ਅਤੇ ਯਹੋਵਾਹ ਵੀ ਉਸ ਦੇ ਵੱਲ ਹੈ।”
19 ਤਾਂ ਸ਼ਾਊਲ ਨੇ ਯੱਸੀ ਵੱਲ ਆਪਣੇ ਹਲਕਾਰੇ ਭੇਜੇ। ਉਨ੍ਹਾਂ ਨੇ ਯੱਸੀ ਨੂੰ ਕਿਹਾ, “ਤੇਰਾ ਦਾਊਦ ਨਾਮ ਦਾ ਜੋ ਪੁੱਤਰ ਹੈ, ਜੋ ਇੱਜੜ ਚਰਾਉਂਦਾ ਹੈ ਉਸ ਨੂੰ ਮੇਰੇ ਨਾਲ ਭੇਜ।”
20 ਉਪਰੰਤ ਯੱਸੀ ਨੇ ਇੱਕ ਖੋਤਾ ਜਿਸ ਉੱਪਰ ਰੋਟੀਆਂ ਲੱਦੀਆਂ ਸਨ, ਇੱਕ ਮੈਅ ਦੀ ਬੋਤਲ ਅਤੇ ਇੱਕ ਪਠੋਰਾ ਲੈ ਕੇ ਆਪਣੇ ਪੁੱਤਰ ਦਾਊਦ ਦੇ ਹੱਥੀਂ ਸ਼ਾਊਲ ਕੋਲ ਭੇਜਿਆ। 21 ਇੰਝ ਦਾਊਦ ਸ਼ਾਊਲ ਕੋਲ ਜਾਕੇ ਉਸ ਦੇ ਸਾਹਮਣੇ ਖੜ੍ਹਾ ਹੋਇਆ। ਸ਼ਾਊਲ ਨੇ ਦਾਊਦ ਨੂੰ ਬਹੁਤ ਪਿਆਰ ਕੀਤਾ। ਦਾਊਦ ਉਸਦਾ ਸਹਾਇਕ ਬਣਿਆ ਜੋ ਉਸ ਦੇ ਸ਼ਸਤਰ ਚੁੱਕਦਾ ਸੀ। 22 ਸ਼ਾਊਲ ਨੇ ਯੱਸੀ ਨੂੰ ਇੱਕ ਸੁਨੇਹਾ ਭੇਜਿਆ, “ਤੂੰ ਦਾਊਦ ਨੂੰ ਮੇਰੇ ਕੋਲ ਮੇਰੀ ਸੇਵਾ ਲਈ ਛੱਡਦੇ। ਮੈਨੂੰ ਉਹ ਬੜਾ ਚੰਗਾ ਲੱਗਾ ਹੈ।”
23 ਤਾਂ ਇਉਂ ਹੋਇਆ ਕਿ ਜਿਸ ਵੇਲੇ ਵੀ ਦੁਸ਼ਟ ਆਤਮਾ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਚੜ੍ਹਦਾ ਤਾਂ ਦਾਊਦ ਬਰਬਤ ਸਾਜ਼ ਲੈ ਕੇ ਆਪਣੇ ਹੱਥ ਨਾਲ ਵਜਾਉਂਦਾ ਸੀ ਅਤੇ ਫ਼ੇਰ ਸ਼ਾਊਲ ਨੂੰ ਤਾਜ਼ਗੀ ਆਉਂਦੀ ਸੀ ਅਤੇ ਉਹ ਠੀਕ ਹੋ ਜਾਂਦਾ ਸੀ ਅਤੇ ਦੁਸ਼ਟ ਆਤਮਾ ਉਸਤੋਂ ਹਟ ਜਾਂਦਾ ਸੀ।
1000 ਵਰ੍ਹਾ
20 ਫ਼ਿਰ ਮੈਂ ਸਵਰਗ ਵੱਲੋਂ ਇੱਕ ਦੂਤ ਨੂੰ ਹੇਠਾਂ ਆਉਂਦਿਆਂ ਦੇਖਿਆ। ਦੂਤ ਕੋਲ ਥਲਹੀਨ ਖੱਡ ਦੀ ਚਾਬੀ ਸੀ। ਦੂਤ ਦੇ ਹੱਥ ਵਿੱਚ ਇੱਕ ਸੰਗਲੀ ਵੀ ਫ਼ੜੀ ਹੋਈ ਸੀ। 2 ਦੂਤ ਨੇ ਅਜਗਰ, ਉਸ ਪੁਰਾਣੇ ਸੱਪ ਨੂੰ ਫ਼ੜ ਲਿਆ। ਅਜਗਰ ਉਹੀ ਸ਼ੈਤਾਨ ਹੈ ਜੋ ਕਿ ਸ਼ਤਾਨ ਜਾਣਿਆ ਜਾਂਦਾ ਹੈ। ਦੂਤ ਨੇ ਉਸ ਨੂੰ 1000 ਵਰ੍ਹੇ ਲਈ ਸੰਗਲਾਂ ਨਾਲ ਬੰਨ੍ਹ ਦਿੱਤਾ। 3 ਦੂਤ ਨੇ ਅਜਗਰ ਨੂੰ ਤਲਹੀਣ ਖੱਡ ਵਿੱਚ ਸੁੱਟ ਦਿੱਤਾ ਅਤੇ ਉਸਦਾ ਮੂੰਹ ਬੰਦ ਕਰ ਦਿੱਤਾ। ਦੂਤ ਨੇ ਤਲਹੀਣ ਖੱਡ ਨੂੰ ਅਜਗਰ ਸਮੇਤ ਹੀ ਤਾਲਾ ਲਾ ਦਿੱਤਾ। ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਜਗਰ ਅਗਲੇ 1000 ਸਾਲਾਂ ਤਾਈਂ ਧਰਤੀ ਦੇ ਲੋਕਾਂ ਨੂੰ ਗੁਮਰਾਹ ਨਾ ਕਰ ਸੱਕੇ। 1000 ਸਾਲ ਬਾਦ ਅਜਗਰ ਨੂੰ ਕੁਝ ਸਮੇਂ ਲਈ ਅਜ਼ਾਦ ਕਰਨਾ ਪੈਣਾ ਸੀ।
4 ਫ਼ੇਰ ਮੈਂ ਕੁਝ ਤਖਤ ਦੇਖੇ ਜਿਨ੍ਹਾਂ ਉੱਤੇ ਕੁਝ ਲੋਕ ਬੈਠੇ ਹੋਏ ਸਨ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਨਿਆਂ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਸੀ। ਮੈਂ ਉਨ੍ਹਾਂ ਲੋਕਾਂ ਦੀਆਂ ਰੂਹਾਂ ਵੀ ਵੇਖੀਆਂ। ਜਿਨ੍ਹਾਂ ਨੇ ਆਪਣੇ ਸਿਰ ਝੁਕਾਏ ਸਨ ਕਿਉਂਕਿ ਉਨ੍ਹਾਂ ਨੇ ਮਸੀਹ ਦੇ ਸੱਚ ਵਿੱਚ ਵਿਸ਼ਵਾਸ ਕੀਤਾ ਅਤੇ ਪਰਮੇਸ਼ੁਰ ਦੇ ਸੰਦੇਸ਼ ਨੂੰ ਵਫ਼ਾਦਾਰ ਸਨ। ਉਨ੍ਹਾਂ ਨੇ ਜਾਨਵਰਾਂ ਅਤੇ ਉਸ ਦੀਆਂ ਮੂਰਤਾਂ ਦੀ ਪੂਜਾ ਨਹੀਂ ਕੀਤੀ। ਉਨ੍ਹਾਂ ਕੋਲ ਉਨ੍ਹਾਂ ਦੇ ਹੱਥਾਂ ਜਾਂ ਉਨ੍ਹਾਂ ਦੇ ਮੱਥਿਆਂ ਉੱਤੇ ਜਾਨਵਰ ਦਾ ਨਿਸ਼ਾਨ ਨਹੀਂ ਸੀ। ਇਹ ਲੋਕ ਫ਼ਿਰ ਤੋਂ ਜਿਉਂਦੇ ਹੋ ਗਏ ਅਤੇ ਉਨ੍ਹਾਂ ਇੱਕ ਹਜ਼ਾਰ ਸਾਲਾਂ ਤੱਕ ਮਸੀਹ ਨਾਲ ਸ਼ਾਸਨ ਕੀਤਾ। 5 (ਦੂਸਰੇ ਮ੍ਰਿਤ ਵਿਅਕਤੀ ਓਨਾ ਚਿਰ ਨਹੀਂ ਜੀਵੇ ਜਿੰਨਾ ਚਿਰ ਤੱਕ 1000 ਵਰ੍ਹਾ ਖਤਮ ਨਹੀਂ ਹੋ ਗਿਆ।)
ਇਹ ਮਰਿਆਂ ਹੋਇਆ ਦਾ ਪਹਿਲਾ ਪੁਨਰ ਉੱਥਾਨ ਹੈ। 6 ਧੰਨ ਹਨ ਉਹ ਜਿਨ੍ਹਾਂ ਦਾ ਇਸ ਪਹਿਲੇ ਪੁਨਰ ਉਥਾਨ ਵਿੱਚ ਹਿੱਸਾ ਹੈ। ਦੂਸਰੀ ਮੌਤ ਦਾ ਇਨ੍ਹਾਂ ਲੋਕਾਂ ਉੱਪਰ ਕੋਈ ਅਧਿਕਾਰ ਨਹੀਂ ਹੈ। ਉਹ ਲੋਕ ਪਰਮੇਸ਼ੁਰ ਅਤੇ ਮਸੀਹ ਲਈ ਵੀ ਜਾਜਕ ਹੋਣਗੇ। ਉਹ ਉਸ ਦੇ ਸੰਗ ਇੱਕ ਹਜ਼ਾਰ ਸਾਲ ਤੱਕ ਹਕੂਮਤ ਕਰਨਗੇ।
2010 by World Bible Translation Center