Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਯਿਰਮਿਯਾਹ 15-17

15 ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਯਹੂਦਾਹ ਦੇ ਲੋਕਾਂ ਲਈ ਪ੍ਰਾਰਥਨਾ ਕਰਨ ਵਾਸਤੇ ਭਾਵੇਂ ਮੂਸਾ ਅਤੇ ਸਮੂਏਲ ਵੀ ਇੱਥੇ ਹੋਣ, ਮੈਨੂੰ ਇਨ੍ਹਾਂ ਲੋਕਾਂ ਉੱਤੇ ਕੋਈ ਅਫ਼ਸੋਸ ਨਹੀਂ ਹੋਵੇਗਾ। ਯਹੂਦਾਹ ਦੇ ਲੋਕਾਂ ਨੂੰ ਮੇਰੇ ਕੋਲੋਂ ਦੂਰ ਭੇਜ ਦੇ। ਉਨ੍ਹਾਂ ਨੂੰ ਚੱਲੇ ਜਾਣ ਲਈ ਆਖਦੇ। ਭਾਵੇਂ ਉਹ ਲੋਕ ਤੈਨੂੰ ਪੁੱਛਣ, ‘ਅਸੀਂ ਕਿੱਧਰ ਜਾਵਾਂਗੇ?’ ਤੂੰ ਉਨ੍ਹਾਂ ਨੂੰ ਇਹ ਦੱਸ, ਇਹੀ ਹੈ ਜੋ ਯਹੋਵਾਹ ਆਖਦਾ ਹੈ,

“‘ਮੈਂ ਕੁਝ ਲੋਕਾਂ ਦੀ ਚੋਣ ਮਰਨ ਲਈ ਕੀਤੀ ਹੈ।
    ਉਹ ਲੋਕ ਮਰ ਜਾਵਣਗੇ।
ਮੈਂ ਕੁਝ ਲੋਕਾਂ ਨੂੰ ਤਲਵਾਰਾਂ ਨਾਲ ਮਾਰੇ ਜਾਣ ਲਈ ਚੁਣਿਆ ਹੈ।
    ਉਹ ਲੋਕ ਤਲਵਾਰਾਂ ਨਾਲ ਮਾਰੇ ਜਾਣਗੇ।
ਕੁਝ ਲੋਕਾਂ ਨੂੰ ਮੈਂ ਭੁੱਖ ਨਾਲ ਮਰਨ ਲਈ ਚੁਣਿਆ ਹੈ।
    ਉਹ ਲੋਕ ਭੁੱਖ ਨਾਲ ਮਰ ਜਾਣਗੇ।
ਕੁਝ ਲੋਕਾਂ ਦੀ ਚੋਣ ਮੈਂ ਫ਼ੜੇ ਜਾਣ ਲਈ ਅਤੇ ਬਾਹਰਲੇ ਦੇਸ਼ ਭੇਜੇ ਜਾਣ ਲਈ ਕੀਤੀ ਹੈ।
    ਉਹ ਲੋਕ ਉਸ ਬਾਹਰਲੇ ਦੇਸ਼ ਅੰਦਰ ਕੈਦੀ ਬਣਨਗੇ।
ਮੈਂ ਉਨ੍ਹਾਂ ਦੇ ਖਿਲਾਫ਼ ਚਾਰ ਤਰ੍ਹਾਂ ਦੀ ਤਬਾਹੀ ਲਿਆਉਣ ਵਾਲਿਆਂ ਨੂੰ ਭੇਜਾਂਗਾ।’
    ਇਹ ਸੰਦੇਸ਼ ਯਹੋਵਾਹ ਵੱਲੋਂ ਹੈ:
‘ਮੈਂ ਦੁਸ਼ਮਣ ਨੂੰ ਤਲਵਾਰ ਨਾਲ ਮਾਰਨ ਲਈ ਭੇਜਾਂਗਾ।
    ਮੈਂ ਕੁਤਿਆਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਘੜੀਸਨ ਲਈ ਭੇਜਾਂਗਾ।
ਮੈਂ ਹਵਾ ਦੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਖਾਣ
    ਅਤੇ ਬਰਬਾਦ ਕਰਨ ਲਈ ਭੇਜਾਂਗਾ।
ਮੈਂ ਯਹੂਦਾਹ ਦੇ ਲੋਕਾਂ ਨੂੰ ਧਰਤੀ ਦੇ
    ਸਾਰੇ ਲੋਕਾਂ ਲਈ ਕਿਸੇ ਭਿਆਨਕ ਚੀਜ਼ ਦੀ ਇੱਕ ਮਿਸਾਲ ਬਣਾਵਾਂਗਾ।
ਮੈਂ ਯਹੂਦਾਹ ਦੇ ਲੋਕਾਂ ਨਾਲ ਮਨੱਸ਼ਹ ਦੇ
    ਯਰੂਸ਼ਲਮ ਵਿੱਚ ਕਰਨ ਬਦਲੇ ਇਹੀ ਕਰਾਂਗਾ।
ਮਨੱਸ਼ਹ ਪਾਤਸ਼ਾਹ ਹਿਜ਼ਕੀਯਾਹ ਦਾ ਪੁੱਤਰ ਸੀ।
    ਮਨੱਸ਼ਹ ਯਹੂਦਾਹ ਦਾ ਪਾਤਸ਼ਾਹ ਸੀ।’

“ਯਰੂਸ਼ਲਮ ਦੇ ਸ਼ਹਿਰ, ਕੋਈ ਵੀ ਬੰਦਾ ਤੇਰੇ ਉੱਤੇ ਅਫ਼ਸੋਸ ਨਹੀਂ ਕਰੇਗਾ।
    ਕੋਈ ਵੀ ਬੰਦਾ ਤੇਰੇ ਉੱਤੇ ਉਦਾਸ ਨਹੀਂ ਹੋਵੇਗਾ ਅਤੇ ਨਾ ਤੇਰੇ ਲਈ ਰੋਵੇਗਾ।
    ਕੋਈ ਬੰਦਾ ਆਪਣੇ ਰਾਹ ਤੋਂ ਲਾਂਭੇ ਜਾਕੇ ਤੈਨੂੰ ਨਹੀਂ ਪੁੱਛੇਗਾ ਕਿ ਤੇਰਾ ਕੀ ਹਾਲ ਹੈ!
ਯਰੂਸ਼ਲਮ, ਤੂੰ ਮੈਨੂੰ ਛੱਡ ਦਿੱਤਾ ਸੀ।”
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
“ਬਾਰ-ਬਾਰ ਤੂੰ ਮੈਨੂੰ ਛੱਡਿਆ ਸੀ!
    ਇਸ ਲਈ ਮੈਂ ਤੈਨੂੰ ਸਜ਼ਾ ਦੇਵਾਂਗਾ ਅਤੇ ਤੈਨੂੰ ਤਬਾਹ ਕਰ ਦਿਆਂਗਾ।
    ਮੈਂ ਤੇਰੀ ਸਜ਼ਾ ਨੂੰ ਰੋਕਦਿਆਂ ਬਕੱ ਗਿਆ ਹਾਂ!
ਮੈਂ ਯਹੂਦਾਹ ਦੇ ਲੋਕਾਂ ਨੂੰ ਇੰਝ ਖਿੰਡਾ ਦਿਆਂਗਾ ਜਿਵੇਂ ਇੱਕ ਆਦਮੀ ਤੰਗਲੀ ਨਾਲ ਅਨਾਜ ਨੂੰ ਖਿਲਾਰਦਾ ਹੈ।
    ਮੈਂ ਉਨ੍ਹਾਂ ਨੂੰ ਸਾਰੀ ਧਰਤੀ ਵਿੱਚ ਖਿੰਡਾ ਦਿਆਂਗਾ।
ਮੇਰੇ ਲੋਕ ਨਹੀਂ ਬਦਲੇ ਹਨ।
    ਇਸ ਲਈ ਮੈਂ ਉਨ੍ਹਾਂ ਨੂੰ ਤਬਾਹ ਕਰ ਦਿਆਂਗਾ।
    ਮੈਂ ਉਨ੍ਹਾਂ ਤੋਂ ਉਨ੍ਹਾਂ ਦੇ ਬੱਚੇ ਖੋਹ ਲਵਾਂਗਾ।
ਬਹੁਤ ਸਾਰੀਆਂ ਔਰਤਾਂ ਆਪਣੇ ਪਤੀਆਂ ਨੂੰ ਗੁਆ ਲੈਣਗੀਆਂ।
    ਇੱਥੇ ਸਮੁੰਦਰ ਵਿੱਚਲੀ ਰੇਤ ਨਾਲੋਂ ਵੀ ਵੱਧੇਰੇ ਵਿਧਵਾਵਾਂ ਹੋਣਗੀਆਂ।
ਮੈਂ ਤਬਾਹ ਕਰਨ ਵਾਲੇ ਨੂੰ ਸਿਖਰ ਦੁਪਿਹਰੇ ਲਿਆਵਾਂਗਾ।
    ਤਬਾਹ ਕਰਨ ਵਾਲਾ ਯਹੂਦਾਹ ਦੇ ਨੌਜਵਾਨਾਂ ਦੀਆਂ ਮਾਵਾਂ ਉੱਤੇ ਹਮਲਾ ਕਰੇਗਾ।
ਮੈਂ ਯਹੂਦਾਹ ਦੇ ਲੋਕਾਂ ਲਈ ਦੁੱਖ ਅਤੇ ਭੈ ਲਿਆਵਾਂਗਾ।
    ਮੈਂ ਛੇਤੀ ਹੀ ਅਜਿਹਾ ਵਾਪਰਨ ਦੇਵਾਂਗਾ।
ਦੁਸ਼ਮਣ ਤਲਵਾਰਾਂ ਨਾਲ ਹਮਲਾ ਕਰੇਗਾ, ਤੇ ਲੋਕਾਂ ਨੂੰ ਮਾਰੇਗਾ।
    ਉਹ ਯਹੂਦਾਹ ਦੇ ਬਚੇ ਹੋਏ ਲੋਕਾਂ ਨੂੰ ਮਾਰ ਦੇਣਗੇ।
ਭਾਵੇਂ ਕਿਸੇ ਔਰਤ ਦੇ ਸੱਤ ਪੁੱਤਰ ਵੀ ਹੋਣ, ਪਰ ਉਹ ਸਾਰੇ ਹੀ ਮਰ ਜਾਣਗੇ।
    ਉਹ ਜ਼ਾਰ-ਜ਼ਾਰ ਰੋਵੇਗੀ ਜਦੋਂ ਤੀਕ ਉਹ ਸਾਹ ਲੈਣ ਤੋਂ ਵੀ ਨਿਤਾਣੀ ਨਹੀਂ ਹੋ ਜਾਂਦੀ।
ਉਹ ਬਹੁਤ ਉਪਰਾਮ ਤੇ ਉਲਝੀ ਹੋਈ ਹੋਵੇਗੀ।
    ਉਸਦਾ ਚਮਕੀਲਾ ਦਿਨ ਉਦਾਸੀ ਨਾਲ, ਹਨੇਰਾ ਹੋ ਜਾਵੇਗਾ।”

ਯਿਰਮਿਯਾਹ ਦੀ ਪਰਮੇਸ਼ੁਰ ਅੱਗੇ ਫ਼ਿਰ ਤੋਂ ਸ਼ਿਕਾਇਤ

10 ਮਾਂ ਮੈਂ, (ਯਿਰਮਿਯਾਹ) ਬਹੁਤ ਉਦਾਸ ਹਾਂ ਕਿ ਤੂੰ ਮੈਨੂੰ ਜਨਮ ਦਿੱਤਾ।
    ਮੈਂ ਉਹ ਬੰਦਾ ਹਾਂ ਕਿ ਜਿਸ ਨੂੰ ਸਾਰੇ ਦੇਸ਼ ਦੀ ਅਲੋਚਨਾ ਕਰਨੀ ਪੈਣੀ ਹੈ।
ਮੈਂ ਕੁਝ ਵੀ ਦਿੱਤਾ-ਲਿਆ ਨਹੀਂ।
    ਪਰ ਮੈਨੂੰ ਹਰ ਕੋਈ ਸਰਾਪ ਦਿੰਦਾ ਹੈ।
11 ਸੱਚਮੁੱਚ, ਯਹੋਵਾਹ ਜੀ, ਮੈਂ ਚੰਗੀ ਤਰ੍ਹਾਂ ਤੇਰੀ ਸੇਵਾ ਕੀਤੀ ਹੈ।
    ਮੁਸੀਬਤ ਦੇ ਦਿਨਾਂ ਵਿੱਚ ਮੈਂ ਤੇਰੇ ਅੱਗੇ ਆਪਣੇ ਦੁਸ਼ਮਣਾਂ ਲਈ ਵੀ ਪ੍ਰਾਰਥਨਾ ਕੀਤੀ।

ਪਰਮੇਸ਼ੁਰ ਦਾ ਯਿਰਮਿਯਾਹ ਨੂੰ ਉੱਤਰ ਦੇਣਾ

12 “ਯਿਰਮਿਯਾਹ, ਤੂੰ ਜਾਣਦਾ ਹੈਂ ਕਿ
    ਕੋਈ ਵੀ ਬੰਦਾ ਲੋਹੇ ਦੇ ਟੁਕੜੇ ਨੂੰ ਚੂਰ-ਚੂਰ ਨਹੀਂ ਕਰ ਸੱਕਦਾ।
ਮੇਰਾ ਭਾਵ ਉਸ ਲੋਹੇ ਤੋਂ ਹੈ ਜਿਹੜਾ ਉੱਤਰ [a] ਤੋਂ ਮਿਲਦਾ ਹੈ।
    ਅਤੇ ਕੋਈ ਵੀ ਬੰਦਾ ਤਾਂਬੇ ਨੂੰ ਵੀ ਚੂਰ-ਚੂਰ ਨਹੀਂ ਕਰ ਸੱਕਦਾ।
13 ਯਹੂਦਾਹ ਦੇ ਲੋਕਾਂ ਕੋਲ ਬਹੁਤ ਸਾਰੇ ਖਜ਼ਾਨੇ ਨੇ।
    ਮੈਂ ਉਹ ਦੌਲਤਾਂ ਹੋਰਨਾਂ ਕੌਮਾਂ ਨੂੰ ਦੇ ਦੇਵਾਂਗਾ।
ਉਨ੍ਹਾਂ ਹੋਰਨਾਂ ਲੋਕਾਂ ਨੂੰ ਉਨ੍ਹਾਂ ਨੂੰ ਖਰੀਦਣਾ ਨਹੀਂ ਪਵੇਗਾ।
    ਮੈਂ ਇਹ ਦੌਲਤਾਂ ਉਨ੍ਹਾਂ ਨੂੰ ਦੇ ਦੇਵਾਂਗਾ।
ਕਿਉਂ? ਕਿਉਂ ਕਿ ਯਹੂਦਾਹ ਨੇ ਕਈ ਸਾਰੇ ਪਾਪ ਕੀਤੇ ਨੇ।
    ਯਹੂਦਾਹ ਦੇ ਹਰ ਭਾਗ ਵਿੱਚ ਲੋਕਾਂ ਨੇ ਪਾਪ ਕੀਤੇ ਨੇ।
14 ਯਹੂਦਾਹ ਦੇ ਲੋਕੋ, ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਉੱਪਰ ਲਿਆਵਾਂਗਾ।
    ਉਹ ਉਸ ਦੇਸ਼ ਤੋਂ ਆਵਣਗੇ ਜਿਸ ਨੂੰ ਤੁਸੀਂ ਕਦੇ ਵੀ ਨਹੀਂ ਜਾਣਦੇ ਸੀ।
ਮੈਂ ਬਹੁਤ ਕਹਿਰਵਾਨ ਹਾਂ।
    ਮੇਰਾ ਕਹਿਰ ਭਖਦੀ ਅੱਗ ਵਰਗਾ ਹੈ ਅਤੇ ਤੁਸੀਂ ਸੜ ਜਾਵੋਂਗੇ।”

15 ਯਹੋਵਾਹ ਜੀ, ਤੁਸੀਂ ਮੈਨੂੰ ਸਮਝਦੇ ਹੋ।
    ਮੈਨੂੰ ਚੇਤੇ ਰੱਖੋ ਅਤੇ ਮੇਰੀ ਦੇਖ-ਭਾਲ ਕਰੋ।
ਲੋਕ ਮੈਨੂੰ ਦੁੱਖੀ ਕਰ ਰਹੇ ਨੇ।
    ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੋ ਜਿਸਦੇ ਉਹ ਅਧਿਕਾਰੀ ਹਨ।
ਤੁਸੀਂ ਉਨ੍ਹਾਂ ਲੋਕਾਂ ਬਾਰੇ ਸਬਰ ਰੱਖ ਰਹੇ ਹੋ।
    ਪਰ ਮੈਨੂੰ ਤਬਾਹ ਨਾ ਕਰੋ ਜਦ ਕਿ ਤੁਸੀਂ ਉਨ੍ਹਾਂ ਲਈ ਸਬਰ ਵਾਲੇ ਹੋ।
ਮੇਰੇ ਬਾਰੇ ਸੋਚੋ।
    ਉਸ ਦੁੱਖ ਬਾਰੇ ਸੋਚੋ, ਯਹੋਵਾਹ ਜੀ, ਜਿਹੜਾ ਮੈਂ ਤੁਹਾਡੇ ਲਈ ਸਹਿਂਦਾ ਹਾਂ।
16 ਤੁਹਾਡਾ ਸੰਦੇਸ਼ ਮੇਰੇ ਵੱਲ ਆਇਆ ਅਤੇ ਮੈਂ ਤੁਹਾਡੇ ਸ਼ਬਦ ਖਾ ਗਿਆ।
    ਤੁਹਾਡੇ ਸੰਦੇਸ਼ ਨੇ ਮੈਨੂੰ ਬਹੁਤ ਪ੍ਰਸੰਨ ਬਣਾਇਆ।
ਮੈਂ ਤੁਹਾਡੇ ਨਾਮ ਉੱਤੇ ਸੱਦੇ ਜਾਣ ਲਈ ਬਹੁਤ ਖੁਸ਼ ਸਾਂ,
    ਤੁਹਾਡਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।
17 ਮੈਂ ਕਦੇ ਵੀ ਭੀੜ ਸੰਗ ਨਹੀਂ ਬੈਠਿਆ,
    ਜਦੋਂ ਉਹ ਹੱਸਦੀ ਅਤੇ ਮੌਜ ਮਨਾਉਂਦੀ ਸੀ।
ਮੈਂ, ਮੇਰੇ ਉੱਤੇ ਤੁਹਾਡੇ ਪ੍ਰਭਾਵ ਕਾਰਣ, ਇੱਕਲਾ ਬੈਠਾ ਰਹਿੰਦਾ ਸਾਂ।
    ਤੁਸਾਂ ਮੈਨੂੰ ਆਲੇ-ਦੁਆਲੇ ਦੀ ਬਦੀ ਨਾਲ ਮੈਨੂੰ ਕਰੋਧ ਨਾਲ ਭਰ ਦਿੱਤਾ ਸੀ।
18 ਮੈਂ ਸਮਝ ਨਹੀਂ ਸੱਕਦਾ ਕਿ ਮੈਂ ਫ਼ੇਰ ਵੀ ਕਿਉਂ ਦੁੱਖੀ ਹਾਂ।
    ਮੈਂ ਨਹੀਂ ਸਮਝਦਾ ਕਿ ਮੇਰਾ ਜ਼ਖਮ ਰਾਜ਼ੀ ਕਿਉਂ ਨਹੀਂ ਹੁੰਦਾ ਅਤੇ ਠੀਕ ਨਹੀਂ ਹੋ ਸੱਕਦਾ।
ਯਹੋਵਾਹ ਜੀ, ਮੈਂ ਸੋਚਦਾ ਹਾਂ ਕਿ ਤੁਸੀਂ ਬਦਲ ਗਏ ਹੋ।
    ਤੁਸੀਂ ਪਾਣੀ ਦੇ ਉਸ ਸੋਮੇ ਵਰਗੇ ਹੋ, ਜਿਹੜਾ ਸੁੱਕ ਗਿਆ ਹੈ।
    ਤੁਸੀਂ ਪਾਣੀ ਦੇ ਉਸ ਚਸ਼ਮੇ ਵਰਗੇ ਹੋ, ਜਿਸਦਾ ਪਾਣੀ ਵਗਣ ਤੋਂ ਰੁਕ ਗਿਆ ਹੈ।

19 ਫ਼ੇਰ ਯਹੋਵਾਹ ਨੇ ਆਖਿਆ, “ਯਿਰਮਿਯਾਹ, ਜੇ ਤੂੰ ਬਦਲ ਜਾਵੇਂ ਅਤੇ ਪਤਰ ਕੇ ਮੇਰੇ ਵੱਲ ਆ ਜਾਵੇਂ,
    ਫ਼ੇਰ ਮੈਂ ਤੈਨੂੰ ਸਜ਼ਾ ਨਹੀਂ ਦੇਵਾਂਗਾ।
ਜੇ ਤੂੰ ਬਦਲ ਜਾਵੇਂ ਅਤੇ ਮੇਰੇ ਵੱਲ ਪਰਤ ਆਵੇਂ,
    ਫ਼ੇਰ ਤੂੰ ਮੇਰੀ ਸੇਵਾ ਕਰ ਸੱਕੇਂਗਾ।
ਜੇ ਤੂੰ ਮਹੱਤਵਪੂਰਣ ਗੱਲਾਂ ਬਾਰੇ ਬੋਲੇਁ,
    ਨਾ ਕਿ ਉਨ੍ਹਾਂ ਨਿਕੰਮੇ ਸ਼ਬਦਾਂ ਬਾਰੇ ਫ਼ੇਰ ਤੂੰ ਮੇਰੇ ਲਈ ਬੋਲ ਸੱਕਦਾ ਹੈਂ।
ਯਹੂਦਾਹ ਦੇ ਲੋਕਾਂ ਨੂੰ ਬਦਲਣਾ ਚਾਹੀਦਾ ਹੈ ਅਤੇ ਪਰਤ ਕੇ ਮੇਰੇ (ਯਿਰਮਿਯਾਹ) ਵੱਲ ਜਾਣਾ ਚਾਹੀਦਾ ਹੈ।
    ਪਰ ਬਦਲ ਕੇ ਉਨ੍ਹਾਂ ਵਰਗਾ ਨਾ ਬਣੀਁ।
20 ਮੈਂ ਤੈਨੂੰ ਮਜ਼ਬੂਤ ਬਣਾ ਦਿਆਂਗਾ।
    ਉਹ ਲੋਕ ਸੋਚਣਗੇ ਕਿ ਤੂੰ ਤਾਂਬੇ ਦੀ ਬਣੀ ਮਜ਼ਬੂਤ ਕੰਧ ਵਰਗਾ ਹੈਂ।
ਯਹੂਦਾਹ ਦੇ ਲੋਕ ਤੇਰੇ ਖਿਲਾਫ਼ ਲੜਨਗੇ।
    ਪਰ ਉਹ ਤੈਨੂੰ ਨਹੀਂ ਹਰਾਉਣਗੇ।
    ਕਿਉਂ ਕਿ ਮੈਂ ਤੇਰੇ ਨਾਲ ਹਾਂ।
ਮੈਂ ਤੇਰੀ ਸਹਾਇਤਾ ਕਰਾਂਗਾ ਅਤੇ ਮੈਂ ਤੈਨੂੰ ਬਚਾਵਾਂਗਾ।”
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
21 “ਮੈਂ ਤੈਨੂੰ ਉਨ੍ਹਾਂ ਲੋਕਾਂ ਤੋਂ ਬਚਾਵਾਂਗਾ।
    ਉਹ ਲੋਕ ਤੈਨੂੰ ਭੈਭੀਤ ਕਰਦੇ ਨੇ।
    ਪਰ ਮੈਂ ਤੈਨੂੰ ਉਨ੍ਹਾਂ ਲੋਕਾਂ ਤੋਂ ਬਚਾਵਾਂਗਾ।”

ਬਿਪਤਾ ਦਾ ਦਿਨ

16 ਮੇਰੇ ਵੱਲ ਯਹੋਵਾਹ ਦਾ ਸੰਦੇਸ਼ ਆਇਆ: “ਯਿਰਮਿਯਾਹ ਤੈਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਇਸ ਥਾਂ ਤੇਰੇ ਧੀਆਂ ਪੁੱਤਰ ਨਹੀਂ ਹੋਣੇ ਚਾਹੀਦੇ।”

ਯਹੋਵਾਹ ਇਹ ਗੱਲਾਂ ਉਨ੍ਹਾਂ ਧੀਆਂ ਪੁੱਤਰਾਂ ਬਾਰੇ ਆਖਦਾ ਹੈ ਜਿਹੜੇ ਯਹੂਦਾਹ ਦੀ ਧਰਤੀ ਉੱਤੇ ਜੰਮਦੇ ਹਨ। ਅਤੇ ਯਹੋਵਾਹ ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਬਾਰੇ ਇਹ ਆਖਦਾ ਹੈ: “ਉਹ ਲੋਕ ਭਿਆਨਕ ਮੌਤ ਮਰਨਗੇ। ਕੋਈ ਬੰਦਾ ਉਨ੍ਹਾਂ ਲਈ ਰੋਣ ਵਾਲਾ ਨਹੀਂ ਹੋਵੇਗਾ। ਕੋਈ ਵੀ ਉਨ੍ਹਾਂ ਨੂੰ ਦਫ਼ਨ ਨਹੀਂ ਕਰੇਗਾ। ਉਨ੍ਹਾਂ ਦੇ ਮੁਰਦਾ ਸਰੀਰ ਧਰਤੀ ਉੱਤੇ ਗੋਹੇ ਵਾਂਗ ਪਏ ਹੋਣਗੇ। ਉਹ ਲੋਕ ਦੁਸਮਣ ਦੀ ਤਲਵਾਰ ਨਾਲ ਮਾਰੇ ਜਾਣਗੇ, ਜਾਂ ਉਹ ਭੁੱਖ ਨਾਲ ਮਰ ਜਾਣਗੇ। ਉਨ੍ਹਾਂ ਦੇ ਮੁਰਦਾ ਸਰੀਰ ਆਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦਾ ਭੋਜਨ ਬਣਨਗੇ।”

ਇਸ ਲਈ ਯਹੋਵਾਹ ਆਖਦਾ ਹੈ: “ਯਿਰਮਿਯਾਹ, ਉਸ ਘਰ ਵਿੱਚ ਨਾ ਜਾਵੀਂ ਜਿੱਥੇ ਲੋਕ ਅੰਤਿਮ ਸੰਸਾਰ ਦਾ ਭੋਜਨ ਖਾ ਰਹੇ ਹੋਣ। ਓੱਥੇ ਮਰੇ ਹੋਏ ਲਈ ਰੋਣ ਨਾ ਜਾਵੀਂ ਅਤੇ ਨਾ ਸੋਗ ਕਰਨ ਜਾਵੀਂ। ਇਹ ਗੱਲਾਂ ਨਾ ਕਰੀਂ। ਕਿਉਂ? ਕਿਉਂ ਕਿ ਮੈਂ ਆਪਣੀਆਂ ਅਸੀਸਾਂ ਵਾਪਸ ਲੈ ਲਈਆਂ ਹਨ। ਮੈਂ ਯਹੂਦਾਹ ਦੇ ਇਨ੍ਹਾਂ ਲੋਕਾਂ ਉੱਪਰ ਮਿਹਰ ਨਹੀਂ ਕਰਾਂਗਾ। ਮੈਂ ਉਨ੍ਹਾਂ ਲਈ ਅਫ਼ਸੋਸ ਨਹੀਂ ਕਰਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

“ਉੱਘੇ ਬੰਦੇ ਅਤੇ ਸਾਧਾਰਣ ਬੰਦੇ ਯਹੂਦਾਹ ਦੀ ਧਰਤੀ ਵਿੱਚ ਮਰ ਜਾਣਗੇ। ਕੋਈ ਵੀ ਬੰਦਾ ਇਨ੍ਹਾਂ ਲੋਕਾਂ ਨੂੰ ਦਫ਼ਨ ਨਹੀਂ ਕਰੇਗਾ ਅਤੇ ਨਾ ਹੀ ਉਨ੍ਹਾਂ ਲਈ ਰੋਵੇਗਾ। ਕੋਈ ਵੀ ਬੰਦਾ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਲਈ ਸੋਗ ਮਨਾਉਣ ਲਈ ਨਾ ਤਾਂ ਆਪਣੇ ਆਪ ਨੂੰ ਜ਼ਖਮੀ ਕਰੇਗਾ ਅਤੇ ਨਾ ਸਿਰ ਮੁਨਾਵੇਗਾ। ਕੋਈ ਵੀ ਬੰਦਾ ਮੁਰਦਿਆਂ ਲਈ ਰੋਣ ਵਾਲੇ ਬੰਦਿਆਂ ਲਈ ਭੋਜਨ ਨਹੀਂ ਲਿਆਵੇਗਾ। ਕੋਈ ਵੀ ਬੰਦਾ ਉਨ੍ਹਾਂ ਲੋਕਾਂ ਨੂੰ ਧੀਰਜ ਨਹੀਂ ਧਰਾਏਗਾ ਜਿਸਦੇ ਮਾਤਾ ਜਾਂ ਪਿਤਾ ਦੀ ਮੌਤ ਹੋ ਚੁੱਕੀ ਹੈ। ਕੋਈ ਵੀ ਬੰਦਾ ਮੋਇਆਂ ਲਈ ਰੋਣ ਵਾਲਿਆਂ ਵਾਸਤੇ ਪਾਣੀ ਨਹੀਂ ਲਿਆਵੇਗਾ।

“ਯਿਰਮਿਯਾਹ, ਉਸ ਘਰ ਵਿੱਚ ਨਾ ਜਾਵੀਂ ਜਿੱਥੇ ਲੋਕ ਦਾਵਤ ਕਰ ਰਹੇ ਹੋਣ। ਉਸ ਘਰ ਵਿੱਚ ਜਾਕੇ ਖਾਣ ਪੀਣ ਲਈ ਨਾ ਬੈਠ ਜਾਵੀਂ। ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ ਇਹ ਗੱਲਾਂ ਆਖਦਾ ਹੈ: ‘ਮੈਂ ਜਸ਼ਨ ਮਨਾਉਣ ਵਾਲੇ ਬੰਦਿਆਂ ਦਾ ਸ਼ੋਰ ਬੰਦ ਕਰ ਦਿਆਂਗਾ। ਮੈਂ ਵਿਆਹ ਦੀ ਦਾਵਤ ਵਿੱਚ ਇਕੱਠੇ ਹੋਏ ਲੋਕਾਂ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਬੰਦ ਕਰ ਦਿਆਂਗਾ। ਇਹ ਗੱਲ ਤੇਰੇ ਜੀਵਨ ਕਾਲ ਵਿੱਚ ਹੀ ਵਾਪਰੇਗੀ। ਮੈਂ ਇਹ ਗੱਲਾਂ ਛੇਤੀ ਕਰਾਂਗਾ।’

10 “ਯਿਰਮਿਯਾਹ, ਤੂੰ ਇਹ ਗੱਲਾਂ ਯਹੂਦਾਹ ਦੇ ਲੋਕਾਂ ਨੂੰ ਦੱਸੇਁਗਾ। ਅਤੇ ਲੋਕ ਤੈਨੂੰ ਪੁੱਛਣਗੇ, ‘ਯਹੋਵਾਹ ਨੇ ਸਾਡੇ ਬਾਰੇ ਇਹ ਭਿਆਨਕ ਗੱਲਾਂ ਕਿਉਂ ਆਖੀਆਂ ਹਨ? ਅਸੀਂ ਕੀ ਕਸੂਰ ਕੀਤਾ ਹੈ? ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਕਿਹੜਾ ਪਾਪ ਕੀਤਾ ਹੈ?’ 11 ਤੂੰ ਉਨ੍ਹਾਂ ਲੋਕਾਂ ਨੂੰ ਇਹ ਗੱਲਾਂ ਜ਼ਰੂਰ ਆਖੀ, ‘ਤੁਹਾਡੇ ਨਾਲ ਭਿਆਨਕ ਗੱਲਾਂ ਇਸ ਲਈ ਵਾਪਰਨਗੀਆਂ ਕਿਉਂ ਕਿ ਤੁਹਾਡੇ ਪੁਰਖਿਆਂ ਨੇ ਮੇਰੇ ਮਾਰਗ ਉੱਤੇ ਚਲਣਾ ਛੱਡ ਦਿੱਤਾ ਸੀ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ‘ਉਨ੍ਹਾਂ ਨੇ ਮੇਰੇ ਅਨੁਸਾਰ ਚੱਲਣਾ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗ ਗਏ ਸਨ ਅਤੇ ਉਨ੍ਹਾਂ ਦੀ ਸੇਵਾ ਕਰਨ ਲੱਗੇ ਸਨ। ਉਹ ਉਨ੍ਹਾਂ ਹੋਰ ਦੇਵਤਿਆਂ ਦੀ ਉਪਾਸਨਾ ਕਰਦੇ ਸਨ। ਤੁਹਾਡੇ ਪੁਰਖਿਆਂ ਨੇ ਮੈਨੂੰ ਛੱਡ ਦਿੱਤਾ ਅਤੇ ਮੇਰੇ ਨੇਮ ਦੀ ਪਾਲਨਾ ਛੱਡ ਦਿੱਤੀ। 12 ਪਰ ਤੁਸੀਂ ਲੋਕਾਂ ਨੇ ਤਾਂ ਆਪਣੇ ਪੁਰਖਿਆਂ ਨਾਲੋਂ ਵੀ ਵੱਧੇਰੇ ਪਾਪ ਕੀਤਾ ਹੈ। ਤੁਸੀਂ ਬਹੁਤ ਜ਼ਿੱਦੀ ਹੋ। ਅਤੇ ਤੁਸੀਂ ਸਿਰਫ਼ ਓਹੀ ਗੱਲਾਂ ਕਰ ਰਹੇ ਹੋ ਜੋ ਤੁਹਾਡੇ ਮਨ ਨੂੰ ਭਾਉਂਦੀਆਂ ਹਨ। ਤੁਸੀਂ ਮੇਰਾ ਹੁਕਮ ਨਹੀਂ ਮੰਨ ਰਹੇ। ਤੁਸੀਂ ਸਿਰਫ਼ ਓਹੀ ਕਰਦੇ ਹੋ ਜੋ ਕਰਨਾ ਚਾਹੁੰਦੇ ਹੋ। 13 ਇਸ ਲਈ ਮੈਂ ਤੁਹਾਨੂੰ ਇਸ ਦੇਸ ਵਿੱਚੋਂ ਬਾਹਰ ਸੁੱਟ ਦਿਆਂਗਾ! ਮੈਂ ਤੁਹਾਨੂੰ ਕਿਸੇ ਬਗਾਨੇ ਦੇਸ ਵਿੱਚ ਜਾਣ ਲਈ ਮਜ਼ਬੂਰ ਕਰ ਦਿਆਂਗਾ। ਤੁਸੀਂ ਉਸ ਦੇਸ਼ ਵਿੱਚ ਜਾਵੋਂਗੇ ਜਿਸ ਨੂੰ ਤੁਸੀਂ ਅਤੇ ਤੁਹਾਡੇ ਪਰੁੱਖਿਆਂ ਨੂੰ ਕਦੇ ਵੀ ਨਹੀਂ ਜਾਣਦੇ ਸੀ। ਉਸ ਦੇਸ ਵਿੱਚ ਤੁਸੀਂ ਉਨ੍ਹਾਂ ਸਾਰੇ ਝੂਠੇ ਦੇਵਤਿਆਂ ਦੀ ਸੇਵਾ ਕਰ ਸੱਕਦੇ ਹੋ ਜੋ ਤੁਸੀਂ ਚਾਹੁੰਦੇ ਹੋ। ਮੈਂ ਤੁਹਾਡੀ ਕੋਈ ਸਹਾਇਤਾ ਨਹੀਂ ਕਰਾਂਗਾ ਅਤੇ ਨਾ ਕੋਈ ਰਿਆਇਤ ਕਰਾਂਗਾ।’

14 “ਲੋਕੀ ਇਕਰਾਰ ਕਰਦੇ ਹਨ ਅਤੇ ਆਖਦੇ ਹਨ, ‘ਜਿਵੇਂ ਕਿ ਯਹੋਵਾਹ ਸਾਖੀ ਹੈ। ਯਹੋਵਾਹ ਓਹੀ ਹੈ ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।’ ਪਰ ਸਮਾਂ ਆ ਰਿਹਾ ਹੈ,” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਜਦੋਂ ਲੋਕ ਇਹ ਗੱਲਾਂ ਨਹੀਂ ਆਖਣਗੇ। 15 ਲੋਕ ਕੁਝ ਨਵਾਂ ਆਖਣਗੇ। ਉਹ ਆਖਣਗੇ, ‘ਜਿਵੇਂ ਕਿ ਯਹੋਵਾਹ ਸਾਖੀ ਹੈ। ਯਹੋਵਾਹ ਓਹੀ ਹੈ ਜਿਸਨੇ ਇਸਰਾਏਲ ਦੇ ਲੋਕਾਂ ਨੂੰ ਉੱਤਰੀ ਦੇਸ਼ ਵਿੱਚੋਂ ਬਾਹਰ ਲਿਆਂਦਾ। ਉਸ ਨੇ ਉਨ੍ਹਾਂ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚੋਂ ਬਾਹਰ ਲਿਆਂਦਾ ਜਿੱਥੇ-ਜਿੱਥੇ ਉਸ ਨੇ ਉਨ੍ਹਾਂ ਨੂੰ ਭੇਜਿਆ ਸੀ।’ ਲੋਕ ਇਹ ਗੱਲਾਂ ਕਿਉਂ ਆਖਣਗੇ? ਕਿਉਂ ਕਿ ਮੈਂ ਇਸਰਾਏਲ ਦੇ ਲੋਕਾਂ ਨੂੰ ਉਸ ਧਰਤੀ ਉੱਤੇ ਵਾਪਸ ਲਿਆਵਾਂਗਾ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।

16 “ਮੈਂ ਛੇਤੀ ਹੀ ਬਹੁਤ ਸਾਰੇ ਮਛੇਰਿਆਂ ਨੂੰ ਇਸ ਧਰਤੀ ਤੇ ਬੁਲਾਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਉਹ ਮਛੇਰੇ ਯਹੂਦਾਹ ਦੇ ਲੋਕਾਂ ਨੂੰ ਫ਼ੜ ਲੈਣਗੇ। ਇਸ ਗੱਲ ਦੇ ਵਾਪਰਨ ਤੋਂ ਮਗਰੋਂ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਇਸ ਦੇਸ਼ ਵਿੱਚ ਦੱਸਾਂਗਾ। ਉਹ ਸ਼ਿਕਾਰੀ [b] ਯਹੂਦਾਹ ਦੇ ਲੋਕਾਂ ਦਾ ਹਰ ਪਰਬਤ ਅਤੇ ਪਹਾੜੀ ਉੱਤੇ ਅਤੇ ਚੱਟਾਨਾਂ ਦੀਆਂ ਝੀਬਾਂ ਵਿੱਚ ਸ਼ਿਕਾਰ ਕਰਨਗੇ। 17 ਮੈਂ ਹਰ ਉਹ ਗੱਲ ਦੇਖਦਾ ਹਾਂ ਜੋ ਉਹ ਕਰਦੇ ਹਨ। ਯਹੂਦਾਹ ਦੇ ਲੋਕ ਮੇਰੇ ਕੋਲੋਂ ਛੁਪ ਨਹੀਂ ਸੱਕਦੇ ਅਤੇ ਉਨ੍ਹਾਂ ਦੇ ਕੰਮ ਵੀ ਮੇਰੇ ਕੋਲੋਂ ਨਹੀਂ ਛੁਪ ਸੱਕਦੇ। ਉਨ੍ਹਾਂ ਦਾ ਪਾਪ ਮੇਰੇ ਕੋਲੋਂ ਲੁਕਿਆ ਹੋਇਆ ਨਹੀਂ ਹੈ। 18 ਮੈਂ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਸਿਲਾ ਦਿਆਂਗਾ-ਮੈਂ ਉਨ੍ਹਾਂ ਦੇ ਹਰ ਪਾਪ ਦੀ ਦੋ ਵਾਰ ਸਜ਼ਾ ਦਿਆਂਗਾ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਉਨ੍ਹਾਂ ਨੇ ਮੇਰੇ ਦੇਸ਼ ਨੂੰ ‘ਨਾਪਾਕ’ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਭਿਆਨਕ ਬੁੱਤਾਂ ਨਾਲ ਮੇਰੇ ਦੇਸ਼ ਨੂੰ ਨਾਪਾਕ ਬਣਾਇਆ ਹੈ। ਮੈਂ ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹਾਂ। ਪਰ ਉਨ੍ਹਾਂ ਨੇ ਮੇਰੇ ਦੇਸ਼ ਨੂੰ ਆਪਣੇ ਬੁੱਤਾਂ ਨਾਲ ਭਰ ਦਿੱਤਾ ਹੈ।”

19 ਯਹੋਵਾਹ ਜੀ, ਤੁਸੀਂ ਹੀ ਮੇਰੀ ਸ਼ਕਤੀ ਅਤੇ ਮੇਰੀ ਸੁਰੱਖਿਆ ਵੀ ਹੋ।
    ਮੁਸੀਬਤ ਦੇ ਸਮੇਂ ਤੁਸੀਂ ਸੁਰੱਖਿਅਤ ਸਥਾਨ ਹੋ।
ਦੁਨੀਆਂ ਦੇ ਕੋਨੇ-ਕੋਨੇ ਤੋਂ ਕੌਮਾਂ ਤੁਹਾਡੇ ਕੋਲ ਆਉਣਗੀਆਂ।
    ਉਹ ਆਖਣਗੀਆਂ, “ਸਾਡੇ ਪੁਰਖਿਆਂ ਦੇ ਦੇਵਤੇ ਝੂਠੇ ਸਨ।
ਉਹ ਉਨ੍ਹਾਂ ਨਿਕੰਮੇ ਬੁੱਤਾਂ ਦੀ ਉਪਾਸਨਾ ਕਰਦੇ ਸਨ,
    ਪਰ ਬੁੱਤ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰਦੇ ਸਨ।”
20 ਕੀ ਲੋਕ ਆਪਣੇ ਲਈ ਸੱਚਮੁੱਚ ਦੇ ਦੇਵਤੇ ਬਣਾ ਸੱਕਦੇ ਹਨ?
    ਨਹੀਂ! ਉਹ ਸਿਰਫ਼ ਬੁੱਤ ਹੀ ਬਣਾ ਸੱਕਦੇ ਹਨ, ਪਰ ਬੁੱਤ ਸੱਚਮੁੱਚ ਦੇ ਦੇਵਤੇ ਨਹੀਂ ਹਨ।

21 ਯਹੋਵਾਹ ਆਖਦਾ ਹੈ, “ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਸਿੱਖਿਆ ਦੇਵਾਂਗਾ ਜਿਹੜੇ ਬੁੱਤ ਬਣਾਉਂਦੇ ਹਨ।
    ਹਾਲੇ ਤਾਂ ਮੈਂ ਉਨ੍ਹਾਂ ਨੂੰ ਆਪਣੀ ਸ਼ਕਤੀ ਅਤੇ ਤਾਕਤ ਬਾਰੇ ਸਿੱਖਿਆ ਦੇਵਾਂਗਾ।
ਫ਼ੇਰ ਉਹ ਜਾਣ ਲੈਣਗੇ ਕਿ ਮੈਂ ਪਰਮੇਸ਼ੁਰ ਹਾਂ।
    ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ।”

ਦਿਲ ਤੇ ਉਕਰਿਆ ਦੋਸ਼

17 “ਯਹੂਦਾਹ ਦੇ ਲੋਕਾਂ ਦੇ ਪਾਪ ਲੋਹੇ ਦੀਆਂ ਕਲਮਾਂ ਨਾਲ ਪੱਥਰ ਉੱਤੇ ਲਿਖੇ ਗਏ ਸਨ।
    ਉਨ੍ਹਾਂ ਦੇ ਪਾਪ ਨੂੰ ਲਿਖਿਆ ਗਿਆ ਸੀ ਪੱਥਰ ਉੱਤੇ ਹੀਰੇ ਦੀ ਨੋਕ ਵਾਲੀ ਕਲਮ ਨਾਲ।
ਅਤੇ ਉਹ ਪੱਥਰ ਉਨ੍ਹਾਂ ਦਾ ਦਿਲ ਹੈ।
    ਉਹ ਪਾਪ ਉਨ੍ਹਾਂ ਦੀਆਂ ਜਗਵੇਦੀਆਂ ਦੇ ਸਿੰਗਾਂ ਉੱਤੇ ਉਕਰੇ ਗਏ ਸਨ।
ਉਨ੍ਹਾਂ ਦੇ ਬੱਚੇ ਜਾਣਦੇ ਨੇ ਉਨ੍ਹਾਂ ਜਗਵੇਦੀਆਂ ਬਾਰੇ
    ਜਿਹੜੀਆਂ ਸਮਰਪਿਤ ਕੀਤੀਆਂ ਗਈਆਂ ਸਨ ਝੂਠੇ ਦੇਵਤਿਆਂ ਨੂੰ।
ਉਹ ਉਨ੍ਹਾਂ ਥੰਮਾਂ ਨੂੰ ਯਾਦ ਕਰਦੇ ਹਨ ਜਿਹੜੇ ਦੇਵੀ ਅਸ਼ੇਰਾਹ ਲਈ ਰੁੱਖਾਂ ਦਰਮਿਆਨ
    ਅਤੇ ਪਹਾੜੀਆਂ ਦੇ ਉੱਪਰ ਉਸਾਰੇ ਗਏ ਸਨ।
ਉਹ ਇਹ ਗੱਲਾਂ ਖੁਲ੍ਹੇ ਦੇਸ਼ ਅੰਦਰ
    ਪਹਾੜਾਂ ਉੱਤੇ ਯਾਦ ਕਰਦੇ ਨੇ।
ਯਹੂਦਾਹ ਦੇ ਲੋਕਾਂ ਕੋਲ ਬਹੁਤ ਖਜ਼ਾਨੇ ਨੇ।
    ਇਹ ਚੀਜ਼ਾਂ ਮੈਂ ਹੋਰਨਾਂ ਲੋਕਾਂ ਨੂੰ ਦੇ ਦੇਵਾਂਗਾ।
ਲੋਕ ਤੁਹਾਡੇ ਦੇਸ਼ ਦੀਆਂ ਸਾਰੀਆਂ ਉੱਚੀਆਂ ਥਾਵਾਂ ਨੂੰ ਤਬਾਹ ਕਰ ਦੇਣਗੇ।
    ਤੁਸੀਂ ਉਨ੍ਹਾਂ ਥਾਵਾਂ ਉੱਤੇ ਉਪਾਸਨਾ ਕੀਤੀ ਸੀ ਅਤੇ ਇਹ ਪਾਪ ਸੀ।
ਤੁਸੀਂ ਉਹ ਧਰਤੀਗਵਾ ਲਵੋਂਗੇ ਜਿਹੜੀ ਮੈਂ ਤੁਹਾਨੂੰ ਤੁਹਾਡੇ ਆਪਣੇ ਹੀ ਅਮਲਾਂ ਕਾਰਣ ਦਿੱਤੀ ਸੀ।
    ਮੈਂ ਤੁਹਾਨੂੰ ਉਸ ਜ਼ਮੀਨ ਉੱਤੇ ਦੁਸ਼ਮਣਾਂ ਦਾ ਗੁਲਾਮ ਬਣਾ ਦਿਆਂਗਾ ਜਿਸ ਨੂੰ ਤੁਸੀਂ ਜਾਣਦੇ ਵੀ ਨਹੀਂ।
ਕਿਉਂ ਕਿ ਤੁਹਾਡੇ ਅਮਲਾਂ ਨੇ ਮੈਨੂੰ ਗੁੱਸੇ ਕਰ ਦਿੱਤਾ ਹੈ।
    ਮੇਰਾ ਕਹਿਰ ਮਘਦੀ ਅੱਗ ਵਾਂਗ ਹੈ ਅਤੇ ਤੁਸੀਂ ਹਮੇਸ਼ਾ ਲਈ ਸੜ ਜਾਵੋਂਗੇ।”

ਲੋਕਾਂ ਤੇ ਭਰੋਸਾ, ਅਤੇ ਪਰਮੇਸ਼ੁਰ ਤੇ ਭਰੋਸਾ

ਯਹੋਵਾਹ ਇਹ ਗੱਲਾਂ ਆਖਦਾ ਹੈ,
“ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ ਜਿਹੜੇ ਸਿਰਫ਼ ਹੋਰਨਾਂ ਲੋਕਾਂ ਉੱਤੇ ਭਰੋਸਾ ਕਰਦੇ ਨੇ,
    ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ ਜਿਹੜੇ ਸ਼ਕਤੀ ਲਈ, ਹੋਰਨਾਂ ਲੋਕਾਂ ਉੱਤੇ ਨਿਰਭਰ ਕਰਦੇ ਨੇ।
    ਕਿਉਂ? ਕਿਉਂ ਕਿ ਉਨ੍ਹਾਂ ਲੋਕਾਂ ਨੇ ਯਹੋਵਾਹ ਉੱਤੇ ਭਰੋਸਾ ਕਰਨਾ ਛੱਡ ਦਿੱਤਾ ਹੈ।
ਉਹ ਮੰਦੇ ਲੋਕ ਮਾਰੂਬਲ ਦੀ ਉਸ ਝਾੜੀ ਵਰਗੇ ਹਨ,
    ਜਿੱਥੇ ਕੋਈ ਬੰਦਾ ਨਹੀਂ ਰਹਿੰਦਾ, ਗਰਮ
    ਅਤੇ ਖੁਸ਼ਕ ਧਰਤੀ ਉੱਤੇ ਜਿਸਦੀ ਜ਼ਮੀਨ ਮੰਦੀ ਹੈ।
ਉਹ ਝਾੜੀ ਉਨ੍ਹਾਂ ਸ਼ੁਭ ਗੱਲਾਂ ਬਾਰੇ ਨਹੀਂ ਜਾਣਦੀ ਜਿਹੜੀਆਂ ਪਰਮੇਸ਼ੁਰ ਦੇ ਸੱਕਦਾ ਹੈ।

“ਪਰ ਜਿਹੜਾ ਖੁਦਦਾਰ ਬੰਦਾ ਯਹੋਵਾਹ ਵਿੱਚ ਭਰੋਸਾ ਰੱਖਦਾ ਧੰਨ ਹੈ।
    ਕਿਉਂ ਕਿ ਯਹੋਵਾਹ ਉਸ ਨੂੰ ਦਰਸਾ ਦੇਵੇਗਾ ਕਿ ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ।
ਉਹ ਬੰਦਾ ਉਸ ਰੁੱਖ ਵਰਗਾ ਤਾਕਤਵਰ ਹੋਵੇਗਾ, ਜਿਹੜਾ ਪਾਣੀ ਦੇ ਨੇੜੇ ਉਗਾਇਆ ਹੁੰਦਾ ਹੈ।
    ਉਸ ਰੁੱਖ ਦੀਆਂ ਜਢ਼ਾਂ ਵੱਡੀਆਂ ਹੁੰਦੀਆਂ ਹਨ ਜਿਹੜੀਆਂ ਪਾਣੀ ਲੱਭ ਲੈਂਦੀਆਂ ਹਨ।
ਉਹ ਰੁੱਖ ਭੈਭੀਤ ਨਹੀਂ ਹੁੰਦਾ ਉਦੋਂ ਜਦੋਂ ਦਿਨ ਗਰਮ ਹੁੰਦੇ ਹਨ।
    ਇਸ ਦੀਆਂ ਪੱਤੀਆਂ ਸਦਾ ਹਰੀਆਂ ਹੁੰਦੀਆਂ ਨੇ।
ਉਸ ਨੂੰ ਉਸ ਵਰ੍ਹੇ ਦਾ ਫ਼ਿਕਰ ਨਹੀਂ ਹੁੰਦਾ ਜਦੋਂ ਵਰੱਖਾ ਨਹੀਂ ਹੁੰਦੀ।
    ਉਹ ਰੁੱਖ ਸਦਾ ਹੀ ਫ਼ਲ ਪੈਦਾ ਕਰਦਾ ਹੈ।

“ਬੰਦੇ ਦਾ ਮਨ ਬਹੁਤ ਚਲਾਕ ਹੁੰਦਾ ਹੈ!
    ਹੋ ਸੱਕਦਾ ਹੈ ਕਿ ਮਨ ਰੋਗੀ ਹੋਵੇ ਅਤੇ ਕੋਈ ਸੱਚਮੁੱਚ ਇਸ ਨੂੰ ਨਾ ਸਮਝੇ।
10 ਪਰ ਮੈਂ, ਯਹੋਵਾਹ ਹਾਂ, ਤੇ ਮੈਂ ਬੰਦੇ ਦੇ ਦਿਲ ਅੰਦਰ ਦੇਖ ਸੱਕਦਾ ਹਾਂ।
    ਮੈਂ ਬੰਦੇ ਦੇ ਮਨ ਨੂੰ ਪਰੱਖ ਸੱਕਦਾ ਹਾਂ।
ਮੈਂ ਨਿਆਂ ਕਰ ਸੱਕਦਾ ਹਾਂ ਕਿ ਹਰ ਬੰਦੇ ਨੂੰ ਕੀ ਚਾਹੀਦਾ ਹੈ।
    ਮੈਂ ਹਰ ਬੰਦੇ ਨੂੰ, ਉਸ ਦੇ ਕੰਮਾਂ ਬਦਲੇ ਢੁਕਵੀਂ ਅਦਾਇਗੀ ਕਰ ਸੱਕਦਾ ਹਾਂ।
11 ਕਦੇ-ਕਦੇ ਕੋਈ ਪੰਛੀ ਉਸ ਅੰਡੇ ਨੂੰ ਸੇਁਹਦਾ ਹੈ ਜੋ ਉਸ ਨੇ ਨਹੀਂ ਦਿੱਤਾ ਹੁੰਦਾ।
    ਉਹ ਬੰਦਾ ਜਿਹੜਾ ਧੋਖੇ ਨਾਲ ਧਨ ਹਾਸਿਲ ਕਰਦਾ ਹੈ ਉਹ ਉਸੇ ਪੰਛੀ ਵਰਗਾ ਹੈ।
ਉਹ ਆਦਮੀ ਅਧਖੜ ਉਮਰ ਵਿੱਚ ਹੀ ਆਪਣੀ ਦੌਲਤ ਗਵਾ ਲਵੇਗਾ।
    ਅਤੇ ਜੀਵਨ ਦੇ ਅੰਤ ਉੱਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਉਹ ਬੰਦਾ ਮੂਰਖ ਸੀ।”

12 ਆਦਿ ਤੋਂ ਹੀ, ਸਾਡਾ ਮੰਦਰ ਪਰਮੇਸ਼ੁਰ ਦਾ ਸ਼ਾਨਦਾਰ ਸਿੰਘਾਸਣ ਰਿਹਾ ਹੈ।
    ਇਹ ਬਹੁਤ ਉੱਘੀ ਥਾਂ ਹੈ।
13 ਹੇ ਯਹੋਵਾਹ, ਤੂੰ ਇਸਰਾਏਲ ਦੀ ਉਮੀਦ ਹੈਂ।
    ਜੋ ਬੰਦਾ ਤੈਨੂੰ ਛੱਡ ਦਿੰਦਾ ਹੈ, ਬਹੁਤ ਸ਼ਰਮਸਾਰ ਹੋ ਜਾਂਦਾ ਹੈ।
ਹੇ ਯਹੋਵਾਹ, ਤੂੰ ਪਾਣੀ ਦੇ ਚਸ਼ਮੇ ਵਰਗਾ ਜੀਵਂਤ ਹੈਂ।
    ਜੇ ਕੋਈ ਬੰਦਾ ਯਹੋਵਾਹ ਦੇ ਰਾਹ ਨੂੰ ਛੱਡ ਦਿੰਦਾ ਹੈ, ਤਾਂ ਉਸ ਦਾ ਜੀਵਨ ਬਹੁਤ ਥੋੜਾ ਹੋਵੇਗਾ।

ਯਿਰਮਿਯਾਹ ਦੀ ਤੀਜੀ ਸ਼ਿਕਾਇਤ

14 ਯਹੋਵਾਹ ਜੀ, ਜੇ ਤੁਸੀਂ ਮੈਨੂੰ ਅਰੋਗ ਕਰਦੇ ਹੋ ਤਾਂ ਮੈਂ ਸੱਚਮੁੱਚ ਅਰੋਗ ਹੋਵਾਂਗਾ।
    ਜੇ ਤੁਸੀਂ ਮੈਨੂੰ ਬਚਾਵੋਂਗੇ, ਤਾਂ ਮੈਂ ਸੱਚਮੁੱਚ ਬਚ ਜਾਵਾਂਗਾ।
    ਯਹੋਵਾਹ ਜੀ, ਮੈਂ ਤੁਹਾਡੀ ਉਸਤਤ ਕਰਦਾ ਹਾਂ!
15 ਯਹੂਦਾਹ ਦੇ ਲੋਕ ਮੇਰੇ ਕੋਲੋਂ ਸਵਾਲ ਪੁੱਛੀ ਜਾਂਦੇ ਨੇ।
    ਉਹ ਆਖਦੇ ਨੇ, “ਯਿਰਮਿਯਾਹ, ਯਹੋਵਾਹ ਦੇ ਸੰਦੇਸ਼ ਦਾ ਕੀ ਬਣਿਆ?
    ਉਹ ਸੰਦੇਸ਼ ਕਦੋਂ ਪੂਰਾ ਹੋਵੇਗਾ?
    ਇਸ ਨੂੰ ਛੇਤੀ ਹੀ ਆਉਣ ਦਿਓ?”

16 ਯਹੋਵਾਹ ਜੀ, ਮੈਂ ਤੁਹਾਡੇ ਕੋਲੋਂ ਨਹੀਂ ਭਜਿਆ ਸਾਂ।
    ਮੈਂ ਤੁਹਾਡੇ ਰਾਹ ਉੱਤੇ ਚੱਲਿਆ ਸਾਂ।
    ਮੈਂ ਓਸੇ ਤਰ੍ਹਾਂ ਦਾ ਅਯਾਲੀ ਬਣ ਗਿਆ, ਜਿਹੜਾ ਤੁਸੀਂ ਚਾਹੁੰਦੇ ਸੀ।
ਮੈਂ ਨਹੀਂ ਚਾਹੁੰਦਾ ਸਾਂ ਕਿ ਭਿਆਨਕ ਦਿਨ ਆਵੇ।
    ਯਹੋਵਾਹ ਜੀ, ਤੁਸੀਂ ਉਨ੍ਹਾਂ ਗੱਲਾਂ ਬਾਰੇ ਜਾਣਦੇ ਹੋ, ਜੋ ਮੈਂ ਆਖੀਆਂ।
    ਤੁਸੀਂ ਸਭ ਕੁਝ ਦੇਖਦੇ ਹੋ, ਜੋ ਵਾਪਰ ਰਿਹਾ ਹੈ।
17 ਯਹੋਵਾਹ ਜੀ, ਮੈਨੂੰ ਬਰਬਾਦ ਨਾ ਕਰੋ।
    ਮੁਸੀਬਤ ਦੇ ਦਿਨਾਂ ਵਿੱਚ ਮੈਂ ਤੁਹਾਡੇ ਉੱਤੇ ਨਿਰਭਰ ਕਰਦਾ ਹਾਂ।
18 ਲੋਕ ਮੈਨੂੰ ਦੁੱਖ ਦੇ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਕਰ ਦਿਓ।
    ਪਰ ਮੈਨੂੰ ਨਿਰਾਸ਼ ਨਾ ਕਰੋ।
ਉਨ੍ਹਾਂ ਲੋਕਾਂ ਨੂੰ ਭੈਭੀਤ ਕਰ ਦਿਓ।
    ਪਰ ਮੈਨੂੰ ਭੈਭੀਤ ਨਾ ਕਰੋ।
ਮੇਰੇ ਦੁਸ਼ਮਣਾਂ ਲਈ ਕਿਆਮਤ ਦਾ ਦਿਨ ਲਿਆਵੋ।
    ਉਨ੍ਹਾਂ ਦੇ ਟੋਟੇ ਕਰ ਦਿਓ, ਉਨ੍ਹਾਂ ਦੇ ਬਾਰ-ਬਾਰ ਟੋਟੇ ਕਰੋ।

ਸਬਤ ਦੇ ਦਿਨ ਨੂੰ ਪਵਿੱਤਰ ਰੱਖਣਾ

19 ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ: “ਯਿਰਮਿਯਾਹ, ਜਾਹ ਅਤੇ “ਲੋਕਾਂ ਦੇ ਦਰਵਾਜ਼ੇ [c] ਉੱਤੇ ਖਲੋ ਜਾ, ਜਿੱਥੇ ਯਹੂਦਾਹ ਦੇ ਰਾਜੇ ਆਉਂਦੇ ਜਾਂਦੇ ਹਨ। ਲੋਕਾਂ ਨੂੰ ਮੇਰਾ ਸੰਦੇਸ਼ ਸੁਣਾ, ਅਤੇ ਫ਼ੇਰ ਯਰੂਸ਼ਲਮ ਦੇ ਹੋਰ ਸਾਰੇ ਦਰਵਾਜ਼ਿਆਂ ਤੇ ਜਾਹ ਅਤੇ ਉਹੋ ਗੱਲਾਂ ਕਰ।”

20 ਉਨ੍ਹਾਂ ਲੋਕਾਂ ਨੂੰ ਆਖ, “ਯਹੋਵਾਹ ਦੇ ਸੰਦੇਸ਼ ਨੂੰ ਸੁਣੋ। ਸੁਣੋ, ਸੁਣੋ ਯਹੂਦਾਹ ਦੇ ਰਾਜਿਓ। ਸੁਣੋ, ਸੁਣੋ ਯਹੂਦਾਹ ਦੇ ਤੁਸੀਂ ਸਾਰੇ ਲੋਕੋ। ਤੁਸੀਂ ਸਾਰੇ ਲੋਕੋ, ਜਿਹੜੇ ਇਨ੍ਹਾਂ ਦਰਵਾਜ਼ਿਆਂ ਬਾਣੀਂ ਯਰੂਸ਼ਲਮ ਵਿੱਚ ਆਉਂਦੇ ਹੋ, ਸੁਣੋ ਮੇਰੀ ਗੱਲ! 21 ਯਹੋਵਹ ਇਹ ਗੱਲਾਂ ਆਖਦਾ ਹੈ: ‘ਧਿਆਨ ਰੱਖੋ ਕਿ ਸਬਤ ਦੇ ਦਿਨ ਤੁਸੀਂ ਕੋਈ ਭਾਰ ਨਾ ਚੁੱਕੋਁ। ਅਤੇ ਸਬਤ ਦਿਨ ਯਰੂਸ਼ਲਮ ਦੇ ਦਰਵਾਜ਼ਿਆਂ ਬਾਣੀਂ ਕੋਈ ਭਾਰ ਲੈ ਕੇ ਨਾ ਆਓ। 22 ਸਬਤ ਦੇ ਦਿਨ ਆਪਣੇ ਘਰਾਂ ਤੋਂ ਕੋਈ ਬੋਝ ਲੈ ਕੇ ਬਾਹਰ ਨਾ ਆਓ। ਉਸ ਦਿਨ ਕੋਈ ਕੰਮ ਨਾ ਕਰੋ। ਤੁਹਾਨੂੰ ਸਬਤ ਦੇ ਦਿਨ ਨੂੰ ਪੂਰੀ ਤਰ੍ਹਾਂ ਛੁੱਟੀ ਦਾ ਦਿਨ ਬਨਾਉਣਾ ਚਾਹੀਦਾ ਹੈ। ਇਹੀ ਆਦੇਸ਼ ਹੈ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ। 23 ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਮੰਨੀ। ਉਨ੍ਹਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਤੁਹਾਡੇ ਪੁਰਖੇ ਬਹੁਤ ਜ਼ਿੱਦੀ ਸਨ। ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ ਪਰ ਇਸ ਨਾਲ ਉਨ੍ਹਾਂ ਕੋਈ ਫ਼ਰਕ ਨਹੀਂ ਪਿਆ। ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। 24 ਪਰ ਤੁਹਾਨੂੰ ਬਹੁਤ ਹੁਸ਼ਿਆਰ ਰਹਿਣਾ ਚਾਹੀਦਾ ਹੈ ਮੇਰਾ ਹੁਕਮ ਮੰਨਣ ਬਾਰੇ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ “‘ਤੁਹਾਨੂੰ ਸਬਤ ਦੇ ਦਿਨ ਯਰੂਸ਼ਲਮ ਦੇ ਦਰਵਾਜ਼ਿਆਂ ਰਾਹੀਂ ਕੋਈ ਬੋਝ ਲੈ ਕੇ ਨਹੀਂ ਆਉਣਾ ਚਾਹੀਦਾ। ਤੁਹਾਨੂੰ ਸਬਤ ਦੇ ਦਿਨ ਨੂੰ ਪਵਿੱਤਰ ਦਿਨ ਬਨਾਉਣਾ ਚਾਹੀਦਾ ਹੈ। ਅਜਿਹਾ ਤੁਸੀਂ ਉਸ ਦਿਨ ਕੋਈ ਕੰਮ ਨਾ ਕਰਕੇ ਬਣਾਓਗੇ।

25 “‘ਜੇ ਤੁਸੀਂ ਇਹ ਆਦੇਸ਼ ਮੰਨੋਗੇ, ਤਾਂ ਉਹ ਰਾਜੇ ਜਿਹੜੇ ਦਾਊਦ ਦੇ ਤਖਤ ਉੱਤੇ ਬੈਠਦੇ ਨੇ ਉਹ ਯਰੂਸ਼ਲਮ ਦੇ ਦਰਵਾਜਿਆਂ ਰਾਹੀਂ ਆਉਣਗੇ। ਉਹ ਰਾਜੇ ਰਬਾਂ ਅਤੇ ਘੋੜਿਆਂ ਉੱਤੇ ਸਵਾਰ ਹੋਕੇ ਆਉਣਗੇ। ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦੇ ਆਗੂ ਉਨ੍ਹਾਂ ਰਾਜਿਆਂ ਦੇ ਨਾਲ ਹੋਣਗੇ। ਅਤੇ ਯਰੂਸ਼ਲਮ ਹਮੇਸ਼ਾ ਵਸਦਾ ਰਸਦਾ ਰਹੇਗਾ! 26 ਲੋਕ ਯਹੂਦਾਹ ਦੇ ਕਸਬਿਆਂ ਵਿੱਚੋਂ ਯਰੂਸ਼ਲਮ ਵਿੱਚ ਆਉਣਗੇ। ਲੋਕ ਆਲੇ-ਦੁਆਲੇ ਦੇ ਛੋਟੇ-ਛੋਟੇ ਪਿੰਡਾਂ ਵਿੱਚੋਂ ਯਰੂਸ਼ਲਮ ਵਿੱਚ ਆਉਣਗੇ। ਲੋਕ ਉਸ ਧਰਤੀ ਤੋਂ ਆਉਣਗੇ ਜਿੱਥੇ ਬਿਨਯਾਮੀਨ ਦਾ ਪਰਿਵਾਰ-ਸਮੂਹ ਰਹਿੰਦਾ ਹੈ ਅਤੇ ਪੱਛਮੀ ਪਹਾੜੀਆਂ ਦੀਆਂ ਵਾਦੀਆਂ ਤੋਂ ਅਤੇ ਪਹਾੜੀ ਪ੍ਰਦੇਸ਼ ਤੋਂ ਆਉਣਗੇ। ਅਤੇ ਲੋਕ ਨਿਜੀਵ ਤੋਂ ਆਉਣਗੇ। ਉਪਾਸਨਾ ਲਈ, ਉਹ ਸਾਰੇ ਲੋਕ ਹੋਮ ਦੀਆਂ ਭੇਟਾਂ, ਬਲੀਆਂ, ਅਨਾਜ ਦੀਆਂ ਭੇਟਾਂ, ਧੂਪ ਅਤੇ ਧੰਨਵਾਦ ਦੇ ਚੜ੍ਹਾਵੇ ਲਿਆਉਣਗੇ।

27 “‘ਪਰ ਜੇ ਤੁਸੀਂ ਮੇਰੀ ਗੱਲ ਨਹੀਂ ਸੁਣੋਗੇ ਅਤੇ ਮੇਰਾ ਹੁਕਮ ਨਹੀਂ ਮੰਨੋਗੇ, ਤਾਂ ਮਾੜੀਆਂ ਘਟਨਾਵਾਂ ਵਾਪਰਨਗੀਆਂ। ਜੇ ਤੁਸੀਂ ਸਬਾਤ ਦੇ ਦਿਨ ਯਰੂਸ਼ਲਮ ਵਿੱਚ ਬੋਝਾ ਲੈ ਕੇ ਜਾਓਗੇ, ਤਾਂ ਤੁਸੀਂ ਉਸ ਨੂੰ ਪਵਿੱਤਰ ਦਿਨ ਵਜੋਂ ਨਹੀਂ ਮੰਨ ਰਹੇ। ਇਸ ਲਈ ਮੈਂ ਅਜਿਹੀ ਅੱਗ ਲਗਾਵਾਂਗਾ ਜਿਹੜੀ ਬੁਝਾਈ ਨਹੀਂ ਜਾ ਸੱਕੇਗੀ। ਉਹ ਅੱਗ ਯਰੂਸ਼ਲਮ ਦੇ ਦਰਵਾਜ਼ਿਆਂ ਤੋਂ ਸ਼ੁਰੂ ਹੋਵੇਗੀ ਅਤੇ ਉਦੋਂ ਤੀਕ ਬਲਦੀ ਰਹੇਗੀ ਜਦੋਂ ਤੀਕ ਕਿ ਸਾਰੇ ਮਹਿਲ ਸੜ ਨਹੀਂ ਜਾਂਦੇ।’”

2 ਤਿਮੋਥਿਉਸ ਨੂੰ 2

ਮਸੀਹ ਯਿਸੂ ਦਾ ਵਫ਼ਾਦਾਰ ਸਿਪਾਹੀ

ਤਿਮੋਥਿਉਸ ਤੂੰ ਮੇਰੇ ਲਈ ਇੱਕ ਪੁੱਤਰ ਵਰਗਾ ਹੈਂ। ਉਸ ਵਿਸ਼ਵਾਸ ਵਿੱਚ ਮਜ਼ਬੂਤ ਰਹਿ ਜਿਹੜਾ ਸਾਨੂੰ ਮਸੀਹ ਯਿਸੂ ਵਿੱਚ ਹੈ। ਤੁਸੀਂ ਉਹ ਗੱਲਾਂ ਸੁਣੀਆਂ ਹਨ ਜੋ ਮੈਂ ਸਮਝਾਈਆਂ। ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਉਪਦੇਸ਼ਾਂ ਨੂੰ ਸੁਣਿਆ ਹੈ। ਤੁਹਾਨੂੰ ਇਹੀ ਉਪਦੇਸ਼ ਉਨ੍ਹਾਂ ਨੂੰ ਵੀ ਦੇਣੇ ਚਾਹੀਦੇ ਹਨ ਜਿਨ੍ਹਾਂ ਤੇ ਤੁਸੀਂ ਭਰੋਸਾ ਕਰ ਸੱਕਦੇ ਹੋ। ਫ਼ੇਰ ਉਹ ਉਹੀ ਗੱਲਾਂ ਹੋਰਾਂ ਲੋਕਾਂ ਨੂੰ ਵੀ ਸਿੱਖਾ ਸੱਕਣਗੇ। ਸਾਡੀਆਂ ਔਕੜਾਂ ਦੇ ਭਾਗੀ ਬਣੋ। ਇਨ੍ਹਾਂ ਔਕੜਾਂ ਨੂੰ ਮਸੀਹ ਯਿਸੂ ਦੇ ਸੱਚੇ ਸਿਪਾਹੀ ਵਾਂਗ ਝੱਲੋ। ਇੱਕ ਸਿਪਾਹੀ ਆਪਣੇ ਸੈਨਾਪਤੀ ਨੂੰ ਖੁਸ਼ ਕਰਨਾ ਚਾਹੁੰਦਾ ਹੈ। ਇਸੇ ਲਈ ਉਹ ਸਿਪਾਹੀ ਆਪਣਾ ਸਮਾਂ ਉਨ੍ਹਾਂ ਗੱਲਾਂ ਵਿੱਚ ਨਹੀਂ ਲਾਉਂਦਾ ਜਿਨ੍ਹਾਂ ਵਿੱਚ ਬਹੁਤ ਹੋਰ ਲੋਕ ਲਾਉਂਦੇ ਹਨ। ਜੋ ਕੋਈ ਵਿਅਕਤੀ ਦੌੜ ਲਾ ਰਿਹਾ ਤਾਂ ਉਸ ਨੂੰ ਜਿੱਤਣ ਲਈ ਨੇਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਹੜਾ ਕਿਸਾਨ ਸਖਤ ਮਿਹਨਤ ਕਰਦਾ ਹੈ ਉਹ ਖੇਤ ਦੀ ਫ਼ਸਲ ਦਾ ਆਨੰਦ ਮਾਨਣ ਵਾਲਾ ਪਹਿਲਾ ਵਿਅਕਤੀ ਹੋਣਾ ਚਾਹੀਦਾ ਹੈ। ਜੋ ਗੱਲਾਂ ਮੈਂ ਆਖ ਰਿਹਾ ਹਾਂ ਇਨ੍ਹਾਂ ਬਾਰੇ ਸੋਚੋ। ਪ੍ਰਭੂ ਤੁਹਾਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਸਮਰਥਾ ਦੇਵੇਗਾ।

ਯਿਸੂ ਮਸੀਹ ਨੂੰ ਚੇਤੇ ਰੱਖੋ। ਉਹ ਦਾਊਦ ਦੇ ਪਰਿਵਾਰ ਵਿੱਚੋਂ ਹੈ। ਜਦੋਂ ਯਿਸੂ ਮਰਿਆ ਤਾਂ ਉਸ ਨੂੰ ਮੌਤ ਤੋਂ ਜਿਵਾਲਿਆ ਗਿਆ। ਇਹੀ ਖੁਸ਼ਖਬਰੀ ਹੈ ਜਿਸ ਬਾਰੇ ਮੈਂ ਲੋਕਾਂ ਨੂੰ ਦੱਸਦਾ ਹਾਂ। ਮੈਂ ਇਸ ਲਈ ਕਸ਼ਟ ਸਹਿ ਰਿਹਾ ਹਾਂ ਕਿਉਂ ਜੋ ਮੈਂ ਖੁਸ਼ਖਬਰੀ ਬਾਰੇ ਲੋਕਾਂ ਨੂੰ ਦੱਸਦਾ ਹਾਂ। ਮੈਨੂੰ ਉਸ ਵਿਅਕਤੀ ਵਾਂਗ ਜੰਜ਼ੀਰਾਂ ਨਾਲ ਜਕੜਿਆ ਹੋਇਆ ਹੈ ਜਿਸਨੇ ਸੱਚਮੁੱਚ ਕੋਈ ਮਾੜਾ ਕੰਮ ਕੀਤਾ ਹੋਵੇ। ਮੈਂ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਹਾਂ, ਪਰ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਜੰਜ਼ੀਰਾਂ ਨਹੀਂ ਪਾਈਆਂ ਜਾ ਸੱਕਦੀਆਂ। 10 ਇਸ ਲਈ ਮੈਂ ਸਬਰ ਨਾਲ ਇਨ੍ਹਾਂ ਸਾਰੀਆਂ ਔਕੜਾਂ ਨੂੰ ਝੱਲਦਾ ਹਾਂ। ਅਜਿਹਾ ਮੈਂ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ ਕਰ ਰਿਹਾ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਚੁਣਿਆ ਹੋਇਆ ਹੈ। ਮੈਂ ਇਹ ਔਕੜਾਂ ਇਸ ਲਈ ਸਹਾਰ ਰਿਹਾ ਤਾਂ ਜੋ ਇਹ ਲੋਕ ਮਸੀਹ ਯਿਸੂ ਰਾਹੀਂ ਮੁਕਤੀ ਪ੍ਰਾਪਤ ਕਰ ਸੱਕਣ। ਉਸ ਮੁਕਤੀ ਨਾਲ ਸਦੀਵੀ ਮਹਿਮਾ ਆਉਂਦੀ ਹੈ।

11 ਇਹ ਉਪਦੇਸ਼ ਸੱਚ ਹੈ:

ਜੇ ਅਸੀਂ ਉਸ ਨਾਲ ਮਰੇ, ਤਾਂ ਅਸੀਂ ਵੀ ਉਸ ਦੇ ਨਾਲ ਰਹਾਂਗੇ।
12 ਜੇ ਅਸੀਂ ਦੁੱਖਾਂ ਨੂੰ ਪ੍ਰਵਾਨ ਕਰਦੇ ਹਾਂ, ਤਾਂ ਅਸੀਂ ਉਸ ਦੇ ਨਾਲ ਰਾਜ ਕਰਾਂਗੇ।
ਜੇ ਅਸੀਂ ਉਸ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵਾਂਗੇ, ਤਾਂ ਉਹ ਸਾਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵੇਗਾ।
13 ਜੇ ਅਸੀਂ ਵਫ਼ਾਦਾਰ ਨਹੀਂ ਹਾਂ ਤਾਂ ਵੀ ਉਹ ਵਫ਼ਾਦਾਰ ਹੋਵੇਗਾ
    ਕਿਉਂਕਿ ਉਹ ਆਪਣੇ ਆਪ ਤੋਂ ਮੁਨਕਰ ਨਹੀਂ ਹੋ ਸੱਕਦਾ।

ਇੱਕ ਸਵੀਕ੍ਰਤ ਮਜ਼ਦੂਰ

14 ਲੋਕਾਂ ਨੂੰ ਇਹ ਗੱਲਾਂ ਦੱਸਦੇ ਰਹੋ। ਅਤੇ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਸਨਮੁੱਖ ਚੇਤਾਵਨੀ ਦਿਉ ਕਿ ਸ਼ਬਦਾਂ ਬਾਰੇ ਦਲੀਲਬਾਜ਼ੀ ਕਰਨ ਨਾਲ ਕਿਸੇ ਨੂੰ ਵੀ ਕੋਈ ਲਾਭ ਨਹੀਂ ਹੋਵੇਗਾ, ਬਲਕਿ, ਇਹ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ ਜੋ ਇਸ ਨੂੰ ਸੁਣਦੇ ਹਨ। 15 ਉਹੋ ਜਿਹਾ ਬਣਨ ਦੀ ਪੂਰਨ ਕੋਸ਼ਿਸ਼ ਕਰੋ ਜਿਸ ਨੂੰ ਪਰਮੇਸ਼ੁਰ ਪ੍ਰਵਾਨ ਕਰੇ ਅਤੇ ਆਪਣੇ ਆਪ ਨੂੰ ਉਸ ਅੱਗੇ ਅਰਪਨ ਕਰ ਦਿਉ। ਇੱਕ ਅਜਿਹਾ ਮਜ਼ਦੂਰ ਬਣੋ ਜਿਹੜਾ ਆਪਣੇ ਕੰਮ ਉੱਤੇ ਸ਼ਰਮਿੰਦਾ ਨਹੀਂ ਅਜਿਹਾ ਮਜ਼ਦੂਰ ਜਿਹੜਾ ਸੱਚੇ ਉਪਦੇਸ਼ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਦਾ ਹੈ।

16 ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਅਜਿਹੀਆਂ ਵਿਹਲੀਆਂ ਗੱਲਾਂ ਕਰਦੇ ਹਨ ਜਿਹੜੀਆਂ ਪਰਮੇਸ਼ੁਰ ਵੱਲੋਂ ਨਹੀਂ ਹਨ। ਇਹ ਗੱਲਾਂ ਲੋਕਾਂ ਨੂੰ ਪਰਮੇਸ਼ੁਰ ਤੋਂ ਹੋਰ ਵੱਧੇਰੇ ਦੂਰ ਲੈ ਜਾਣਗੀਆਂ। 17 ਉਨ੍ਹਾਂ ਦੇ ਉਪਦੇਸ਼ ਤੁਹਾਡੇ ਸਰੀਰ ਅੰਦਰ ਬਿਮਾਰੀ ਵਾਂਗ ਫ਼ੈਲ ਜਾਣਗੇ। ਹੁਮਿਨਾਯੁਸ ਅਤੇ ਫ਼ਿਲੇਤੁਸ ਇਹੋ ਜਿਹੇ ਬੰਦੇ ਹੀ ਹਨ। 18 ਉਨ੍ਹਾਂ ਨੇ ਸੱਚੇ ਉਪਦੇਸ਼ ਛੱਡ ਦਿੱਤੇ। ਉਹ ਆਖਦੇ ਹਨ ਸਮੂਹ ਲੋਕਾਂ ਦਾ ਮੌਤ ਤੋਂ ਜੀ ਉੱਠਣਾ ਪਹਿਲਾਂ ਹੀ ਵਾਪਰ ਚੁੱਕਿਆ ਹੈ। ਅਤੇ ਇਹ ਦੋਵੇ ਬੰਦੇ ਕੁਝ ਲੋਕਾਂ ਦੇ ਵਿਸ਼ਵਾਸ ਤਬਾਹ ਕਰ ਰਹੇ ਹਨ।

19 ਪਰ ਪਰਮੇਸ਼ੁਰ ਦੀ ਮਜ਼ਬੂਤ ਬੁਨਿਆਦ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਇਹ ਸ਼ਬਦ ਵੀ ਉਸ ਬੁਨਿਆਦ ਉੱਪਰ ਲਿਖੇ ਹੋਏ ਹਨ: “ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਜਾਣਦਾ ਹੈ ਜਿਹੜੇ ਉਸ ਨਾਲ ਸੰਬੰਧਿਤ ਹਨ।” [a] ਇਹ ਸ਼ਬਦ ਵੀ ਉਸ ਬੁਨਿਆਦ ਉੱਤੇ ਲਿਖੇ ਹੋਏ ਹਨ: “ਹਰ ਕੋਈ ਜਿਹੜਾ ਆਖਦਾ ਹੈ ਕਿ ਉਹ ਪ੍ਰਭੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਦੁਸ਼ਟ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।”

20 ਇੱਕ ਵੱਡੇ ਘਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਹੋਈਆਂ ਕੁਝ ਵਸਤਾਂ ਹਨ। ਪਰ ਕੁਝ ਵਸਤਾਂ ਲਕੜੀ ਤੇ ਮਿੱਟੀ ਦੀਆਂ ਵੀ ਬਣੀਆਂ ਹੋਈਆਂ ਹਨ। ਕੁਝ ਚੀਜ਼ਾਂ ਨੂੰ ਖਾਸ ਮੌਕਿਆਂ ਤੇ ਇਸਤੇਮਾਲ ਕੀਤਾ ਜਾਂਦਾ ਹੈ। ਹੋਰ ਕਈ ਚੀਜ਼ਾਂ ਮੰਦੇ ਕੰਮਾਂ ਲਈ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ। 21 ਜੇਕਰ ਇੱਕ ਵਿਅਕਤੀ ਆਪਣੇ ਆਪ ਨੂੰ ਸਭ ਮੰਦੀਆਂ ਗੱਲਾਂ ਤੋਂ ਸ਼ੁੱਧ ਬਣਾ ਲੈਂਦਾ ਹੈ, ਫ਼ੇਰ ਉਹ ਖਾਸ ਕੰਮਾ ਲਈ ਵਰਤਿਆ ਜਾਵੇਗਾ। ਉਹ ਵਿਅਕਤੀ ਪਵਿੱਤਰ ਬਣਾਇਆ ਜਾਵੇਗਾ ਅਤੇ ਮਾਲਕ ਉਸਦਾ ਇਸਤੇਮਾਲ ਕਰ ਸੱਕੇਗਾ। ਉਹ ਵਿਅਕਤੀ ਹਰ ਚੰਗਿਆਈ ਕਰਨ ਲਈ ਤਿਆਰ ਹੋਵੇਗਾ।

22 ਉਨ੍ਹਾਂ ਦੁਸ਼ਟ ਗੱਲਾਂ ਤੋਂ ਦੂਰ ਰਹੋ ਜਿਹੜੀਆਂ ਇੱਕ ਜਵਾਨ ਆਦਮੀ ਕਰਨੀਆਂ ਚਾਹੁੰਦਾ ਹੈ। ਠੀਕ ਢੰਗ ਨਾਲ ਜਿਉਣ ਲਈ ਅਤੇ ਵਿਸ਼ਵਾਸ, ਪ੍ਰੇਮ ਅਤੇ ਸ਼ਾਂਤੀ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰੋ। ਇਹ ਗੱਲਾਂ ਉਨ੍ਹਾਂ ਲੋਕਾਂ ਨਾਲ ਮਿਲਕੇ ਕਰੋ ਜਿਨ੍ਹਾਂ ਦੇ ਹਿਰਦੇ ਸ਼ੁੱਧ ਹਨ ਅਤੇ ਜਿਨ੍ਹਾਂ ਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ। 23 ਨਿਕੰਮੀਆਂ ਅਤੇ ਫ਼ਜ਼ੂਲ ਦਲੀਲਾਂ ਤੋਂ ਦੂਰ ਰਹੋ। ਤੁਸੀਂ ਜਾਣਦੇ ਹੀ ਹੋ ਕਿ ਉਹ ਬਹਿਸਾਂ ਵੱਡੀਆਂ ਬਹਿਸਾਂ ਬਣ ਜਾਂਦੀਆਂ ਹਨ। 24 ਪ੍ਰਭੂ ਦੇ ਸੇਵਕ ਨੂੰ ਬਹਿਸ ਨਹੀਂ ਕਰਨੀ ਚਾਹੀਦੀ। ਉਸ ਨੂੰ ਹਰ ਕਿਸੇ ਨਾਲ ਨਿਮ੍ਰ ਹੋਣਾ ਚਾਹੀਦਾ ਹੈ। ਪ੍ਰਭੂ ਦੇ ਸੇਵਕ ਨੂੰ ਇੱਕ ਚੰਗਾ ਗੁਰੂ ਹੋਣਾ ਚਾਹੀਦਾ ਹੈ। ਉਸ ਨੂੰ ਸਬਰ ਵਾਲਾ ਹੋਣਾ ਚਾਹੀਦਾ ਹੈ। 25 ਪ੍ਰਭੂ ਦੇ ਸੇਵਕ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਨਰਮਾਈ ਨਾਲ ਉਪਦੇਸ਼ ਦੇਵੇ ਜਿਹੜੇ ਉਸ ਨਾਲ ਸਹਿਮਤ ਨਹੀਂ ਹਨ। ਸ਼ਾਇਦ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਇਸ ਤਰ੍ਹਾਂ ਤਬਦੀਲ ਕਰ ਦੇਵੇ ਕਿ ਉਹ ਸੱਚ ਨੂੰ ਪ੍ਰਵਾਨ ਕਰ ਲੈਣ। 26 ਸ਼ੈਤਾਨ ਨੇ ਉਨ੍ਹਾਂ ਲੋਕਾਂ ਨੂੰ ਫ਼ਸਾ ਲਿਆ ਹੈ ਅਤੇ ਉਨ੍ਹਾਂ ਪਾਸੋਂ ਉਹੀ ਕਰਾਉਂਦਾ ਜੋ ਉਹ ਚਾਹੁੰਦਾ ਹੈ। ਪਰ ਹੋ ਸੱਕਦਾ ਹੈ ਉਹ ਜਾਗ ਜਾਣ ਅਤੇ ਇਹ ਪਤਾ ਲਾ ਲੈਣ ਕਿ ਸ਼ੈਤਾਨ ਉਨ੍ਹਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਆਪਣੇ ਆਪ ਨੂੰ ਸ਼ੈਤਾਨ ਦੇ ਸ਼ਿਕੰਜੇ ਤੋਂ ਮੁਕਤ ਕਰਾ ਲੈਣ।

Punjabi Bible: Easy-to-Read Version (ERV-PA)

2010 by World Bible Translation Center