Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਯਸਾਯਾਹ 62-64

ਨਵਾਂ ਯਰੂਸ਼ਲਮ: ਨੇਕੀ ਨਾਲ ਭਰਪੂਰ ਨਗਰੀ

62 “ਮੈਂ ਸੀਯੋਨ ਨੂੰ ਪਿਆਰ ਕਰਦਾ ਹਾਂ,
    ਇਸ ਲਈ ਮੈਂ ਸਦਾ ਉਸ ਦੇ ਪੱਖ ਵਿੱਚ ਬੋਲਦਾ ਰਹਾਂਗਾ।
ਮੈਂ ਸੀਯੋਨ ਨੂੰ ਪਿਆਰ ਕਰਦਾ ਹਾਂ,
    ਇਸ ਲਈ ਮੈਂ ਬੋਲਣੋ ਨਹੀਂ ਹਟਾਂਗਾ।
ਮੈਂ ਉਦੋਂ ਤੀਕ ਬੋਲਦਾ ਰਹਾਂਗਾ ਜਦੋਂ ਤੱਕ ਕਿ ਨੇਕੀ ਤੇਜ਼ ਰੌਸ਼ਨੀ ਵਾਂਗ ਨਾ ਚਮਕ ਪਵੇ।
    ਮੈਂ ਉਦੋਂ ਤੀਕ ਬੋਲਦਾ ਰਹਾਂਗਾ ਜਦੋਂ ਤੀਕ ਕਿ ਮੁਕਤੀ ਲਾਟ ਵਾਂਗ ਬਲ ਨਹੀਂ ਪੈਂਦੀ।
ਫ਼ੇਰ ਸਾਰੀਆਂ ਕੌਮਾਂ ਤੇਰੀ ਨੇਕੀ ਨੂੰ ਦੇਖ ਲੈਣਗੀਆਂ।
    ਸਾਰੇ ਰਾਜੇ ਤੇਰੇ ਮਾਣ ਨੂੰ ਦੇਖਣਗੇ ਤੇਰਾ ਨਾਮ ਫ਼ੇਰ ਨਵਾਂ ਹੋਵੇਗਾ।
ਯਹੋਵਾਹ ਖੁਦ ਉਹ ਨਵਾਂ ਨਾਮ ਤੈਨੂੰ ਦੇਵੇਗਾ।
ਯਹੋਵਾਹ ਤੇਰੇ ਉੱਤੇ ਬਹੁਤ ਮਾਣ ਕਰੇਗਾ।
    ਤੂੰ ਯਹੋਵਾਹ ਦੇ ਹੱਥਾਂ ਵਿੱਚ ਫ਼ੜਿਆ ਇੱਕ ਖੂਬਸੂਰਤ ਤਾਜ ਹੋਵੇਗਾ।
ਤੈਨੂੰ ਫ਼ੇਰ ਕਦੇ ਵੀ ‘ਉਹ ਲੋਕ ਜਿਨ੍ਹਾਂ ਨੂੰ ਯਹੋਵਾਹ ਨੇ ਛੱਡ ਦਿੱਤਾ ਸੀ’ ਨਹੀਂ ਸੱਦਿਆ ਜਾਵੇਗਾ।
    ਫ਼ੇਰ ਕਦੇ ਵੀ ਤੇਰੀ ਧਰਤੀ ‘ਉਹ ਧਰਤੀ ਜਿਸ ਨੂੰ ਯਹੋਵਾਹ ਨੇ ਤਬਾਹ ਕੀਤਾ ਸੀ’ ਨਹੀਂ ਸਦ੍ਦੀ ਜਾਵੇਗੀ।
ਤੈਨੂੰ ‘ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ’ ਸੱਦਿਆ ਜਾਵੇਗਾ।
    ਤੇਰੀ ਧਰਤੀ ਨੂੰ ‘ਪਰਮੇਸ਼ੁਰ ਦੀ ਵਹੁਟੀ’ ਸੱਦਿਆ ਜਾਵੇਗਾ।
ਕਿਉਂ ਕਿ ਯਹੋਵਾਹ ਤੈਨੂੰ ਪਿਆਰ ਕਰਦਾ ਹੈ।
    ਅਤੇ ਤੇਰੀ ਧਰਤੀ ਉਸ ਦੀ ਹੋਵੇਗੀ।
ਜਦੋਂ ਕੋਈ ਗੱਭਰੂ ਕਿਸੇ ਮੁਟਿਆਰ ਨੂੰ ਪਿਆਰ ਕਰਦਾ ਹੈ ਉਹ ਉਸ ਨਾਲ ਸ਼ਾਦੀ ਕਰਦਾ ਹੈ ਤੇ ਉਹ ਉਸ ਦੀ ਪਤਨੀ ਬਣ ਜਾਂਦੀ ਹੈ।
    ਇਸੇ ਤਰ੍ਹਾਂ ਹੀ, ਤੁਹਾਡਾ ਮੁਕਤੀਦਾਤਾ ਤੁਹਾਡਾ ਪਤੀ ਹੋਵੇਗਾ।
ਬੰਦਾ ਆਪਣੀ ਨਵੀਂ-ਨਵੇਲੀ ਵਹੁਟੀ ਨਾਲ ਬਹੁਤ ਪ੍ਰਸੰਨ ਹੁੰਦਾ ਹੈ।
    ਇਸੇ ਤਰ੍ਹਾਂ ਹੀ, ਸਾਡਾ ਪਰਮੇਸ਼ੁਰ ਤੇਰੇ ਨਾਲ ਬਹੁਤ ਪ੍ਰਸੰਨ ਹੋਵੇਗਾ।”

ਹੇ ਯਰੂਸ਼ਲਮ, ਮੈਂ ਪਹਿਰੇਦਾਰ (ਨਬੀ) ਤੇਰੀ ਕੰਧ ਉੱਤੇ ਬਿਠਾਉਂਦਾ ਹਾਂ।
    ਉਹ ਪਹਿਰੇਦਾਰ ਚੁੱਪ ਨਹੀਂ ਹੋਣਗੇ।
    ਉਹ ਦਿਨ ਰਾਤ ਪ੍ਰਾਰਥਨਾ ਕਰਦੇ ਰਹਿਣਗੇ।

ਰਾਖਿਓ, ਤੁਹਾਨੂੰ ਯਹੋਵਾਹ ਅੱਗੇ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ।
    ਤੁਹਾਨੂੰ ਚਾਹੀਦਾ ਕਿ ਉਸ ਨੂੰ ਉਸ ਦਾ ਇਕਰਾਰ ਚੇਤੇ ਕਰਾਉ।
    ਪ੍ਰਾਰਥਨਾ ਕਰਨੋ ਨਾ ਹਟੋ।
ਤੁਹਾਨੂੰ ਯਹੋਵਾਹ ਅੱਗੇ ਅਵੱਸ਼ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਤੱਕ ਉਹ ਯਰੂਸ਼ਲਮ ਨੂੰ ਅਜਿਹਾ ਸ਼ਹਿਰ ਨਹੀਂ
    ਬਣਾਉਂਦਾ ਜਿਸ ਨੂੰ ਦੁਨੀਆਂ ਦੇ ਸਾਰੇ ਲੋਕ ਵਡਿਆਉਣ।

ਯਹੋਵਾਹ ਨੇ ਇਕਰਾਰ ਕੀਤਾ।
ਯਹੋਵਾਹ ਨੇ ਪ੍ਰਮਾਣ ਵਜੋਂ ਆਪਣੀ ਸ਼ਕਤੀ ਦਾ ਇਸਤੇਮਾਲ ਕੀਤਾ।
    ਅਤੇ ਯਹੋਵਾਹ ਆਪਣੀ ਸ਼ਕਤੀ ਦਾ ਇਸਤੇਮਾਲ ਇਸ ਇਕਰਾਰ ਨੂੰ ਪੂਰਾ ਕਰਨ ਵਿੱਚ ਕਰੇਗਾ।
ਯਹੋਵਾਹ ਨੇ ਆਖਿਆ, “ਮੈਂ ਇਕਰਾਰ ਕਰਦਾ ਹਾਂ ਕਿ ਫ਼ੇਰ ਕਦੇ ਵੀ ਤੁਹਾਡਾ ਭੋਜਨ ਤੁਹਾਡੇ ਦੁਸ਼ਮਣਾਂ ਨੂੰ ਨਹੀਂ ਦੇਵਾਂਗਾ।
    ਮੈਂ ਇਕਰਾਰ ਕਰਦਾ ਹਾਂ ਕਿ ਤੁਹਾਡੇ ਦੁਸ਼ਮਣ ਫ਼ੇਰ ਕਦੇ ਵੀ ਉਹ ਮੈਅ ਨਹੀਂ ਖੋਣਗੇ ਜਿਹੜੀ ਤੁਸੀਂ ਬਣਾਉਂਦੇ ਹੋ।
ਜਿਹੜਾ ਬੰਦਾ ਭੋਜਨ ਇਕੱਠਾ ਕਰਦਾ ਹੈ ਉਹੀ ਇਸ ਨੂੰ ਖਾਵੇਗਾ, ਅਤੇ ਉਹ ਬੰਦਾ ਯਹੋਵਾਹ ਦੀ ਉਸਤਤ ਕਰੇਗਾ।
    ਜਿਹੜਾ ਬੰਦਾ ਅੰਗੂਰ ਤੋੜਦਾ ਹੈ, ਉਹੀ ਉਨ੍ਹਾਂ ਅੰਗੂਰਾਂ ਦੀ ਮੈਅ ਪੀਵੇਗਾ।
    ਅਤੇ ਇਹ ਗੱਲਾਂ ਮੇਰੀ ਪਵਿੱਤਰ ਧਰਤੀ ਉੱਤੇ ਵਾਪਰਨਗੀਆਂ।”

10 ਦਰਾਂ ਬਾਣੀਂ ਲੰਘ ਜਾਓ!
    ਲੋਕਾਂ ਨੂੰ ਰਸਤਾ ਦਿਓ!
ਸੜਕ ਨੂੰ ਤਿਆਰ ਕਰੋ!
    ਸੜਕ ਤੋਂ ਸਾਰੇ ਕਂਕਰ-ਪੱਥਰ ਚੁੱਕ ਦਿਓ!
ਲੋਕਾਂ ਨੂੰ ਸੰਕੇਤ ਲਈ ਝੰਡਾ ਉੱਚਾ ਕਰੋ!

11 ਸੁਣੋ, ਯਹੋਵਾਹ ਸਾਰੇ ਦੂਰ-ਦੁਰਾਡੇ
    ਦੇਸ਼ਾਂ ਨਾਲ ਗੱਲ ਕਰ ਰਿਹਾ ਹੈ:
“ਸੀਯੋਨ ਦੇ ਲੋਕਾਂ ਨੂੰ ਦੱਸ ਦਿਓ,
    ਦੇਖੋ, ਤੁਹਾਡਾ ਮੁਕਤੀਦਾਤਾ ਆ ਰਿਹਾ ਹੈ।
ਉਹ ਤੁਹਾਡੇ ਲਈ ਤੁਹਾਡਾ ਇਨਾਮ ਲਿਆ ਰਿਹਾ ਹੈ।
    ਉਹ ਆਪਣੇ ਨਾਲ ਇਨਾਮ ਲਿਆ ਰਿਹਾ ਹੈ।”
12 ਉਸ ਦੇ ਬੰਦੇ “ਪਵਿੱਤਰ ਲੋਕ”,
    ਅਤੇ “ਯਹੋਵਾਹ ਦੇ ਬਖਸ਼ੇ ਹੋਏ ਬੰਦੇ” ਸੱਦੇ ਜਾਣਗੇ।
ਅਤੇ ਯਰੂਸ਼ਲਮ ਨੂੰ “ਨਗਰੀ, ਜਿਸ ਨੂੰ ਪਰਮੇਸ਼ੁਰ ਚਾਹੁੰਦਾ ਹੈ”,
    “ਨਗਰੀ, ਜਿਸਦੇ ਨਾਲ ਪਰਮੇਸ਼ੁਰ ਹੈ” ਸੱਦਿਆ ਜਾਵੇਗਾ।”

ਯਹੋਵਾਹ ਆਪਣੇ ਲੋਕਾਂ ਬਾਰੇ ਨਿਆਂ ਕਰਦਾ ਹੈ

63 ਅਦੋਮ ਤੋਂ ਇਹ ਕੌਣ ਆ ਰਿਹਾ ਹੈ?
    ਉਹ ਬਸਾਰਾਹ ਤੋਂ ਆਉਂਦਾ ਹੈ।
ਅਤੇ ਉਸ ਦੇ ਬਸਤਰ ਸੂਹੇ ਰੰਗ ਵਿੱਚ ਰਂਗੇ ਹੋਏ ਨੇ।
    ਉਹ ਆਪਣੀ ਪੋਸ਼ਾਕ ਵਿੱਚ ਸ਼ਾਨਦਾਰ ਦਿਸਦਾ ਹੈ।
ਉਹ ਆਪਣੀ ਮਹਾਨ ਸ਼ਕਤੀ ਨਾਲ ਸਿਰ ਝੁਕਾ ਕੇ ਤੁਰ ਰਿਹਾ ਹੈ।
    ਉਹ ਆਖਦਾ ਹੈ, “ਮੇਰੇ ਕੋਲ ਤੁਹਾਨੂੰ ਬਚਾਉਣ ਦੀ ਸ਼ਕਤੀ ਹੈ, ਅਤੇ ਮੈਂ ਸੱਚ ਬੋਲਦਾ ਹਾਂ।”

“ਤੁਹਾਡੇ ਬਸਤਰ ਲਾਲ ਸੂਹੇ ਕਿਉਂ ਨੇ?
    ਉਹ ਬਸਤਰ ਉਸ ਬੰਦੇ ਵਰਗੇ ਨੇ ਜਿਹੜਾ ਅੰਗੂਰਾਂ ਨੂੰ ਮੈਅ ਬਨਾਉਣ ਲਈ ਕੁਚਲਦਾ ਹੈ।”

ਉਹ ਜਵਾਬ ਦਿੰਦਾ ਹੈ, “ਮੈਂ ਇੱਕਲਾ ਹੀ ਵਾਈਨਪ੍ਰੈਸ ਅੰਦਰ ਤੁਰਿਆ ਹਾਂ।
    ਕਿਸੇ ਨੇ ਮੇਰੀ ਸਹਾਇਤਾ ਨਹੀਂ ਕੀਤੀ।
ਮੈਂ ਨਰਾਜ਼ ਸਾਂ ਅਤੇ ਅੰਗੂਰਾਂ ਉੱਤੇ ਤੁਰਦਾ ਰਿਹਾ।
    ਦੁਸ਼ਮਣਾਂ ਦਾ ਲਹੂ ਮੇਰੇ ਕੱਪੜਿਆਂ ਉੱਤੇ ਡੁਲ੍ਹਿਆ।
ਇਸ ਲਈ ਮੇਰੇ ਕੱਪੜੇ ਗੰਦੇ ਹਨ।
ਮੈਂ ਲੋਕਾਂ ਨੂੰ ਸਜ਼ਾ ਦੇਣ ਲਈ ਇੱਕ ਸਮਾਂ ਚੁਣਿਆ।
    ਹੁਣ ਮੇਰਾ, ਆਪਣੇ ਬੰਦਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਰਾਖੀ ਕਰਨ ਦਾ ਸਮਾਂ ਆ ਰਿਹਾ ਹੈ।
ਮੈਂ ਚਾਰ-ਚੁਫ਼ੇਰੇ ਦੇਖਿਆ, ਪਰ ਮੈਨੂੰ ਮੇਰੀ ਸਹਾਇਤਾ ਕਰਨ ਵਾਲਾ ਕੋਈ ਵੀ ਵਿਅਕਤੀ ਨਹੀਂ ਦਿਸਿਆ।
    ਮੈਂ ਹੈਰਾਨ ਸਾਂ ਕਿ ਕਿਸੇ ਨੇ ਵੀ ਮੇਰਾ ਪੱਖ ਨਹੀਂ ਲਿਆ ਸੀ।
ਇਸ ਲਈ ਮੈਂ ਆਪਣੇ ਬੰਦਿਆਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਵਰਤੀ।
    ਮੇਰੇ ਆਪਣੇ ਰੋਹ ਨੇ ਮੈਨੂੰ ਆਸਰਾ ਦਿੱਤਾ।
ਜਦੋਂ ਮੈਂ ਗੁੱਸੇ ਸਾਂ, ਮੈਂ ਲੋਕਾਂ ਨੂੰ ਕੁਚਲਦਾ ਰਿਹਾ
    ਮੈਂ ਉਨ੍ਹਾਂ ਨੂੰ ਆਪਣੀ ਤੈਸ਼ ਵਿੱਚ ਸਜ਼ਾ ਦਿੱਤੀ ਮੈਂ ਉਨ੍ਹਾਂ ਦਾ ਲਹੂ ਧਰਤੀ ਉੱਤੇ ਡੋਲ੍ਹਿਆ।”

ਯਹੋਵਾਹ ਆਪਣੇ ਲੋਕਾਂ ਉੱਤੇ ਮਿਹਰਬਾਨ ਰਿਹਾ ਹੈ

ਮੈਂ ਚੇਤੇ ਰੱਖਾਂਗਾ ਕਿ ਯਹੋਵਾਹ ਮਿਹਰਬਾਨ ਹੈ।
    ਅਤੇ ਮੈਂ ਯਹੋਵਾਹ ਦੀ ਉਸਤਤ ਕਰਨੀ ਚੇਤੇ ਰੱਖਾਂਗਾ।
ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ
    ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ!
ਯਹੋਵਾਹ ਸਾਡੇ ਉੱਪਰ ਬਹੁਤ ਮਿਹਰਬਾਨ ਰਿਹਾ ਹੈ।
    ਯਹੋਵਾਹ ਨੇ ਸਾਡੇ ਲਈ ਦਇਆ ਦਰਸਾਈ।
ਯਹੋਵਾਹ ਨੇ ਆਖਿਆ, “ਇਹ ਮੇਰੇ ਲੋਕ ਹਨ।
    ਇਹ ਮੇਰੇ ਅਸਲੀ ਬੱਚੇ ਹਨ।”
    ਇਸ ਲਈ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਬਚਾ ਲਿਆ।
ਲੋਕਾਂ ਲਈ ਬਹੁਤ ਮੁਸੀਬਤ ਸਨ,
    ਪਰ ਯਹੋਵਾਹ ਉਨ੍ਹਾਂ ਦੇ ਖਿਲਾਫ਼ ਨਹੀਂ ਸੀ।
ਯਹੋਵਾਹ ਨੇ ਲੋਕਾਂ ਨਾਲ ਪਿਆਰ ਕੀਤਾ
    ਅਤੇ ਉਨ੍ਹਾਂ ਲਈ ਦੁੱਖ ਮਹਿਸੂਸ ਕੀਤਾ।
ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਬਚਾਇਆ।
    ਯਹੋਵਾਹ ਨੇ ਉਨ੍ਹਾਂ ਨੂੰ ਬਚਾਉਣ ਲਈ ਆਪਣਾ ਖਾਸ ਦੂਤ ਭੇਜਿਆ।
ਉਸ ਨੇ ਉਨ੍ਹਾਂ ਨੂੰ ਉੱਪਰ ਚੁੱਕ ਲਿਆ ਅਤੇ ਲੈ ਗਿਆ।
    ਅਤੇ ਉਹ ਉਨ੍ਹਾਂ ਦੀ ਸਦਾ ਲਈ ਦੇਖ-ਭਾਲ ਕਰੇਗਾ।
10 ਪਰ ਲੋਕ ਯਹੋਵਾਹ ਦੇ ਖਿਲਾਫ਼ ਹੋ ਗਏ ਸਨ।
    ਉਨ੍ਹਾਂ ਨੇ ਉਸ ਦੇ ਪਵਿੱਤਰ ਆਤਮੇ ਨੂੰ ਬਹੁਤ ਉਦਾਸ ਕਰ ਦਿੱਤਾ।
ਇਸ ਲਈ ਯਹੋਵਾਹ ਉਨ੍ਹਾਂ ਦਾ ਦੁਸ਼ਮਣ ਹੋ ਗਿਆ।
    ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਲੜਿਆ।

11 ਪਰ ਯਹੋਵਾਹ ਨੂੰ ਹੁਣ ਤੱਕ ਚੇਤੇ ਹੈ ਕਿ ਬਹੁਤ ਪਹਿਲਾਂ ਕੀ ਵਾਪਰਿਆ ਸੀ।
    ਉਸ ਨੂੰ ਮੂਸਾ ਅਤੇ ਉਸ ਦੇ ਲੋਕਾਂ ਦੀ ਯਾਦ ਹੈ।
ਯਹੋਵਾਹ ਹੀ ਸੀ ਜਿਸ ਨੇ ਉਨ੍ਹਾਂ ਲੋਕਾਂ ਨੂੰ ਸਮੁੰਦਰੋ ਪਾਰ ਲੰਘਾਇਆ ਸੀ।
    ਉਸ ਨੇ ਆਪਣੇ ਇੱਜੜ ਦੀ ਅਗਵਾਈ ਕਰਨ ਲਈ, ਆਪਣੇ ਅਜੜੀਆਂ ਦਾ ਇਸਤੇਮਾਲ ਕੀਤਾ ਸੀ।
ਪਰ ਹੁਣ ਯਹੋਵਾਹ ਕਿੱਥੋ ਹੈ,
    ਉਹ ਜਿਸਨੇ ਉਨ੍ਹਾਂ ਦਰਮਿਆਨ ਆਪਣਾ ਆਤਮਾ ਪਾਇਆ।
12 ਯਹੋਵਾਹ ਨੇ ਮੂਸਾ ਦਾ ਸੱਜਾ ਹੱਥ ਫ਼ੜਕੇ ਅਗਵਾਈ ਕੀਤੀ।
    ਯਹੋਵਾਹ ਨੇ ਮੂਸਾ ਦੀ ਅਗਵਾਈ ਲਈ ਆਪਣੀ ਅਦਭੁਤ ਸ਼ਕਤੀ ਦਾ ਇਸਤੇਮਾਲ ਕੀਤਾ।
ਯਹੋਵਾਹ ਨੇ ਪਾਣੀ ਨੂੰ ਵੰਡ ਦਿੱਤਾ ਤਾਂ ਜੋ ਲੋਕ ਸਮੁੰਦਰ ਵਿੱਚੋਂ ਲੰਘ ਸੱਕਣ।
    ਯਹੋਵਾਹ ਨੇ ਇਹ ਮਹਾਨ ਗੱਲਾਂ ਕਰਕੇ ਆਪਣਾ ਨਾਮ ਮਸ਼ਹੂਰ ਕਰ ਦਿੱਤਾ।
13 ਯਹੋਵਾਹ ਨੇ ਡੂੰਘੇ ਸਮੁੰਦਰਾਂ ਵਿੱਚੋਂ ਲੋਕਾਂ ਦੀ ਅਗਵਾਈ ਕੀਤੀ।
    ਲੋਕੀ ਬਿਨਾ ਡੋਲੇ ਤੁਰਦੇ ਗਏ ਜਿਵੇਂ ਘੋੜਾ ਮਾਰੂਬਲ ਵਿੱਚ ਤੁਰਦਾ ਹੈ।
14 ਖੇਤਾਂ ਵਿੱਚੋਂ ਲੰਘਦਿਆਂ ਹੋਇਆਂ ਕੋਈ ਪਸ਼ੂ ਨਹੀਂ ਡਿੱਗਦਾ।
    ਇਸੇ ਤਰ੍ਹਾਂ ਹੀ, ਲੋਕ ਸਮੁੰਦਰ ਵਿੱਚੋਂ ਲੰਘਣ ਸਮੇਂ ਨਹੀਂ ਡਿੱਗੇ।
ਯਹੋਵਾਹ ਦੇ ਆਤਮੇ ਨੇ, ਲੋਕਾਂ ਦੀ ਅਰਾਮ ਕਰਨ ਵਾਲੀ ਥਾਂ ਵੱਲ ਅਗਵਾਈ ਕੀਤੀ।
    ਲੋਕ ਸਾਰਾ ਸਮਾਂ ਸੁਰੱਖਿਅਤ ਰਹੇ।
ਯਹੋਵਾਹ ਜੀ, ਇਹੀ ਢੰਗ ਸੀ ਜਿਸ ਨਾਲ ਤੁਸੀਂ ਆਪਣੇ ਲੋਕਾਂ ਦੀ ਅਗਵਾਈ ਕੀਤੀ।
    ਤੁਸੀਂ ਲੋਕਾਂ ਦੀ ਅਗਵਾਈ ਕੀਤੀ ਅਤੇ ਤੁਸੀਂ ਆਪਣੇ-ਆਪ ਨੂੰ ਅਦਭੁਤ ਬਣਾ ਲਿਆ।

ਪਰਮੇਸ਼ੁਰ ਅੱਗੇ ਪ੍ਰਾਰਥਨਾ ਆਪਣੇ ਲੋਕਾਂ ਦੀ ਸਹਾਇਤਾ ਲਈ

15 ਯਹੋਵਾਹ ਜੀ, ਆਪਣੇ ਉੱਚੇ ਅਕਾਸ਼ਾਂ ਤੋਂ ਹੇਠਾਂ ਵੱਲ ਦੇਖੋ।
    ਦੇਖੋ ਕਿ ਹੁਣ ਕਿਹੜੀਆਂ ਗੱਲਾਂ ਵਾਪਰ ਰਹੀਆਂ ਨੇ!
ਅਕਾਸ਼ ਵਿੱਚਲੇ ਆਪਣੇ ਮਹਾਨ ਅਤੇ ਪਵਿੱਤਰ ਘਰ ਵਿੱਚੋਂ, ਸਾਡੇ ਵੱਲ ਦੇਖੋ।
    ਸਾਡੇ ਲਈ ਤੁਹਾਡਾ ਗੂਹੜਾ ਪਿਆਰ ਕਿੱਥੋ ਹੈ?
ਤੁਹਾਡੇ ਤਾਕਤਵਰ ਕੰਮ ਕਿੱਥੋ ਨੇ ਜਿਹੜੇ ਤੁਹਾਡੇ ਧੁਰ ਅੰਦਰੋਂ ਆਉਂਦੇ ਨੇ?
    ਮੇਰੇ ਲਈ ਤੁਹਾਡੀ ਦਇਆ ਕਿੱਥੋ ਹੈ?
ਤੁਸੀਂ ਆਪਣੇ ਮਿਹਰ ਭਰੇ ਪਿਆਰ ਨੂੰ ਮੇਰੇ ਕੋਲੋਂ ਕਿੱਥੋ ਛੁਪਾ ਰਹੇ ਹੋ?
16 ਦੇਖੋ, ਤੁਸੀਂ ਸਾਡੇ ਪਿਤਾ ਹੋ!
    ਅਬਰਾਹਾਮ ਸਾਨੂੰ ਨਹੀਂ ਜਾਣਦਾ।
    ਇਸਰਾਏਲ (ਯਾਕੂਬ) ਸਾਨੂੰ ਨਹੀਂ ਪਛਾਣਦਾ।
ਯਹੋਵਾਹ ਜੀ, ਤੁਸੀਂ ਸਾਡੇ ਪਿਤਾ ਹੋ,
    ਤੁਸੀਂ ਹੀ ਹੋ ਜਿਸਨੇ ਸਾਨੂੰ ਸਦਾ ਬਚਾਇਆ ਹੈ।
17 ਯਹੋਵਾਹ ਜੀ, ਤੁਸੀਂ ਸਾਨੂੰ ਆਪਣੇ ਤੋਂ ਦੂਰ ਕਿਉਂ ਧੱਕ ਰਹੇ ਹੋਂ?
    ਸਾਡੇ ਲਈ ਤੁਹਾਡੇ ਪੈਰੋਕਾਰ ਬਣਨ ਨੂੰ ਮੁਸ਼ਕਿਲ ਕਿਉਂ ਬਣਾ ਰਹੇ ਹੋ?
ਯਹੋਵਾਹ ਜੀ, ਸਾਡੇ ਵੱਲ ਪਰਤ ਆਓ!
    ਅਸੀਂ ਤੁਹਾਡੇ ਸੇਵਕ ਹਾਂ।
ਸਾਡੇ ਵੱਲ ਆ ਜਾਓ ਅਤੇ ਸਾਡੇ ਸਹਾਇਤਾ ਕਰੋ!
    ਤੁਹਾਡੇ ਪਰਿਵਾਰ ਹੀ ਸਾਡੇ ਨੇ।
18 ਤੁਹਾਡੇ ਲੋਕਾਂ ਨੇ ਤੁਹਾਡੀ ਪਵਿੱਤਰ ਜ਼ਮੀਨ ਉੱਤੇ ਸਿਰਫ ਬੋੜੇ ਹੀ ਸਮੇਂ ਲਈ ਕਬਜ਼ਾ ਕੀਤਾ
    ਅਤੇ ਹੁਣ ਸਾਡੇ ਦੁਸ਼ਮਣਾ ਨੇ ਤੁਹਾਡੇ ਮੰਦਰ ਨੂੰ ਮਿਧਿਆ ਹੈ।
19 ਕੁਝ ਲੋਕਾਂ ਉੱਤੇ ਤੇਰਾ ਸ਼ਾਸਨ ਨਹੀਂ ਸੀ।
    ਉਹ ਤੁਹਾਡਾ ਨਾਮ ਕਬੂਲ ਨਹੀਂ ਕਰਦੇ।
ਅਤੇ ਅਸੀਂ ਵੀ ਉਨ੍ਹਾਂ ਲੋਕਾਂ ਵਰਗੇ ਸਾਂ।

64 ਜੇ ਕਿਤੇ ਤੁਸੀਂ ਅਕਾਸ਼ਾਂ ਨੂੰ ਚੀਰਕੇ ਖੋਲ੍ਹ ਦਿੰਦੇ
    ਅਤੇ ਹੇਠਾਂ ਧਰਤੀ ਉੱਤੇ ਆ ਜਾਂਦੇ, ਫ਼ੇਰ ਹਰ ਸ਼ੈਅ ਬਦਲ ਜਾਂਦੀ।
    ਤੁਹਾਡੇ ਸਾਹਮਣੇ ਪਰਬਤ ਪਿਘਲ ਜਾਂਦੇ।
ਪਰਬਤ ਬਲਦੀਆਂ ਝਾੜੀਆਂ ਵਾਂਗ ਲ-ਲਟ ਕਰਕੇ ਬਲਦੇ ਨੇ।
    ਜਿਵੇਂ ਪਾਣੀ ਨੂੰ ਅੱਗ ਲਗੀ ਹੋਵੇ ਪਰਬਤ ਉਬਲਦੇ ਨੇ।
ਫ਼ੇਰ ਤੁਹਾਡੇ ਦੁਸ਼ਮਣ ਤੁਹਾਡੇ ਬਾਰੇ ਜਾਣ ਜਾਂਦੇ।
    ਫ਼ੇਰ ਸਾਰੀਆਂ ਕੌਮਾਂ ਡਰ ਨਾਲ ਕੰਬਦੀਆਂ, ਜਦੋਂ ਉਹ ਤੁਹਾਨੂੰ ਦੇਖਦੀਆਂ।
ਜਦੋਂ ਤੂੰ ਭੈ-ਦਾਇੱਕ ਕਰਨੀਆਂ ਕੀਤੀਆਂ ਜਿਨ੍ਹਾਂ ਦੀ ਅਸੀਂ ਆਸ ਨਹੀਂ ਕੀਤੀ ਸੀ,
    ਪਰਬਤ ਤੇਰੇ ਅੱਗੇ ਪਿਘਲ ਗਏ।
ਤੁਹਾਡੇ ਲੋਕਾਂ ਨੇ ਅਸਲ ਵਿੱਚ ਕਦੇ ਤੁਹਾਡੀ ਗੱਲ ਸੁਣੀ ਨਹੀਂ।
    ਤੁਹਾਡੇ ਲੋਕਾਂ ਨੇ ਕਦੇ ਵੀ ਨਹੀਂ ਸੁਣੀਆਂ ਜੋ ਗੱਲਾਂ ਤੁਸੀਂ ਆਖੀਆਂ।
ਕਿਸੇ ਨੇ ਵੀ ਤੁਹਾਡੇ ਜਿਹਾ ਪਰਮੇਸ਼ੁਰ ਨਹੀਂ ਦੇਖਿਆ ਹੈ।
    ਤੁਹਾਡੇ ਸਿਵਾ ਕੋਈ ਹੋਰ ਪਰਮੇਸ਼ੁਰ ਨਹੀਂ ਹੈ।
ਜੇ ਲੋਕ ਧੀਰਜਵਾਨ ਹੋਣ ਅਤੇ ਸਹਾਇਤਾ ਲਈ ਤੁਹਾਡਾ ਇੰਤਜ਼ਾਰ ਕਰਨ,
    ਫ਼ੇਰ ਤੁਸੀਂ ਉਨ੍ਹਾਂ ਲਈ ਮਹਾਨ ਗੱਲਾਂ ਕਰੋਂਗੇ।

ਤੁਸੀਂ ਉਨ੍ਹਾਂ ਲੋਕਾਂ ਸੰਗ ਹੋ ਜਿਹੜੇ ਨੇਕੀ ਕਰਨੀ ਪਸੰਦ ਕਰਦੇ ਨੇ।
    ਉਹ ਲੋਕ ਉਸ ਢੰਗ ਨਾਲ ਜਿਉਂਦੇ ਹੋਏ, ਜਿਹੋ ਜਿਹਾ ਤੁਸੀਂ ਚਾਹੁੰਦੇ ਹੋ, ਤੁਹਾਨੂੰ ਚੇਤੇ ਕਰਦੇ ਨੇ।
ਪਰ ਅਤੀਤ ਵਿੱਚ ਅਸੀਂ ਤੁਹਾਡੇ ਖਿਲਾਫ਼ ਪਾਪ ਕੀਤਾ ਸੀ।
    ਤੁਸੀਂ ਸਾਡੇ ਉੱਤੇ ਕਹਿਰਵਾਨ ਹੋ ਗਏ ਸੀ,
    ਇਸ ਲਈ ਹੁਣ ਅਸੀਂ ਕਿਵੇਂ ਬਚਾਂਗੇ?
ਅਸੀਂ ਸਾਰੇ ਹੀ ਪਾਪ ਨਾਲ ਨਾਪਾਕ ਹਾਂ।
    ਸਾਡੇ ਨੇਕ ਅਮਲ ਵੀ ਪਵਿੱਤਰ ਨਹੀਂ ਹਨ ਉਹ ਖੂਨ ਨਾਲ ਭਰੇ ਗੋਦੜੇ ਵਰਗੇ ਹਨ।
ਅਸੀਂ ਸਾਰੇ ਹੀ ਮੁਰਦਾ ਪਤਿਆਂ ਵ੍ਵਰਗੇ ਹਾਂ।
    ਸਾਡੇ ਪਾਪਾਂ ਨੇ ਸਾਨੂੰ ਹਵਾ ਵਾਂਗ ਉਡਾਇਆ ਹੈ।
ਅਸੀਂ ਤੁਹਾਡੀ ਉਪਾਸਨਾ ਨਹੀਂ ਕਰਦੇ।
    ਅਸੀਂ ਤੁਹਾਡੇ ਨਾਮ ਉੱਤੇ ਯਕੀਨ ਨਹੀਂ ਕਰਦੇ।
ਸਾਡੇ ਅੰਦਰ ਤੁਹਾਡੇ ਪੈਰੋਕਾਰ ਬਣਨ ਦਾ ਉਤਸਾਹ ਨਹੀਂ।
    ਇਸ ਲਈ ਤੁਸੀਂ ਸਾਡੇ ਕੋਲੋਂ ਮੂੰਹ ਮੋੜ ਲਿਆ ਹੈ।
ਅਸੀਂ ਤੁਹਾਡੇ ਸਾਹਮਣੇ ਮਜ਼ਬੂਰ ਹਾਂ
    ਕਿਉਂ ਕਿ ਅਸੀਂ ਪਾਪ ਨਾਲ ਭਰੇ ਹੋਏ ਹਾਂ।
ਪਰ ਯਹੋਵਾਹ ਜੀ, ਤੁਸੀਂ ਸਾਡੇ ਪਿਤਾ ਹੋ।
    ਅਸੀਂ ਮਿੱਟੀ ਵਾਂਗ ਹਾਂ ਅਤੇ ਤੁਸੀਂ ਕੁਂਭਕਾਰ ਹੋ।
    ਸਾਨੂੰ ਸਾਰਿਆਂ ਨੂੰ ਤੁਹਾਡੇ ਹੱਥਾਂ ਨੇ ਸਾਜਿਆ।
ਯਹੋਵਾਹ ਜੀ, ਸਾਡੇ ਨਾਲ ਨਾਰਾਜ਼ ਨਾ ਰਹੋ!
    ਸਾਡੇ ਪਾਪ ਸਦਾ ਲਈ ਚੇਤੇ ਨਾ ਰੱਖੋ!
ਮਿਹਰ ਕਰਕੇ ਸਾਡੇ ਵੱਲ ਦੇਖੋ!
    ਅਸੀਂ ਤੁਹਾਡੇ ਬੰਦੇ ਹਾਂ।
10 ਤੁਹਾਡੇ ਪਵਿੱਤਰ ਸ਼ਹਿਰ ਸੱਖਣੇ ਨੇ।
    ਉਹ ਸ਼ਹਿਰ ਹੁਣ ਮਾਰੂਬਲ ਵਾਂਗ ਨੇ।
ਸੀਯੋਨ ਮਾਰੂਬਲ ਹੈ!
    ਯਰੂਸ਼ਲਮ ਤਬਾਹ ਹੈ!
11 ਸਾਡੇ ਪੁਰਖਿਆਂ ਨੇ ਸਾਡੇ ਪਵਿੱਤਰ ਮੰਦਰ ਵਿੱਚ ਤੁਹਾਡੀ ਉਪਾਸਨਾ ਕੀਤੀ।
    ਸਾਡਾ ਮੰਦਰ ਕਿੰਨਾ ਅਦਭੁਤ ਸੀ ਪਰ ਹੁਣ ਉਹ ਅੱਗ ਅੰਦਰ ਸੜ ਚੁੱਕਿਆ ਹੈ।
    ਸਾਡੀਆਂ ਸਾਰੀਆਂ ਕੀਮਤੀ ਚੀਜ਼ਾਂ ਤਬਾਹ ਹੋ ਗਈਆਂ ਨੇ।
12 ਕੀ ਇਹ ਸਾਰੀਆਂ ਚੀਜ਼ਾਂ, ਤੁਹਾਨੂੰ ਸਾਡੇ ਨਾਲ ਪਿਆਰ ਦਰਸਾਉਣ ਤੋਂ ਦੂਰ ਰੱਖਣਗੀਆਂ?
    ਕੀ ਤੁਸੀਂ ਲਗਾਤਾਰ ਕੁਝ ਨਹੀਂ ਕਹੋਁਗੇ?
    ਕੀ ਤੁਸੀਂ ਸਾਨੂੰ ਹਮੇਸ਼ਾ ਹੀ ਸਜ਼ਾ ਦਿਓਗੇ?

1 ਤਿਮੋਥਿਉਸ ਨੂੰ 1

ਮਸੀਹ ਯਿਸੂ ਦੇ ਰਸੂਲ, ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਂ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੇ ਆਦੇਸ਼ ਅਤੇ ਸਾਡੀ ਆਸ ਮਸੀਹ ਯਿਸੂ ਵੱਲੋਂ ਰਸੂਲ ਹਾਂ।

ਤਿਮੋਥਿਉਸ ਨੂੰ। ਤੂੰ ਮੈਨੂੰ ਨਿਹਚਾ ਵਿੱਚ ਇੱਕ ਸੱਚੇ ਪੁੱਤਰ ਵਰਗਾ ਹੈ।

ਪਰਮੇਸ਼ੁਰ ਪਿਤਾ ਅਤੇ ਸਾਡੇ ਪ੍ਰਭੂ ਮਸੀਹ ਯਿਸੂ ਵੱਲੋਂ ਤੈਨੂੰ ਕਿਰਪਾ, ਮਿਹਰ ਤੇ ਸ਼ਾਂਤੀ ਮਿਲਦੀ ਰਹੇ।

ਝੂਠੇ ਉਪਦੇਸ਼ ਬਾਰੇ ਚੇਤਾਵਨੀ

ਮੈਂ ਚਾਹੁੰਦਾ ਹਾਂ ਕਿ ਤੁਸੀਂ ਅਫ਼ਸੁਸ ਵਿੱਚ ਠਹਿਰੋ। ਜਦੋਂ ਮੈਂ ਮਕਦੂਨਿਯਾ ਵਿੱਚ ਗਿਆ ਸਾਂ ਤਾਂ ਮੈਂ ਤੁਹਾਨੂੰ ਅਜਿਹਾ ਕਰਨ ਲਈ ਆਖਿਆ ਹੈ। ਅਫ਼ਸੁਸ ਵਿੱਚ ਕੁਝ ਲੋਕ ਝੂਠੀਆਂ ਗੱਲਾਂ ਦਾ ਉਪਦੇਸ਼ ਦੇ ਰਹੇ ਹਨ। ਉੱਥੇ ਠਹਿਰੋ ਤਾਂ ਜੋ ਤੁਸੀਂ ਉਨ੍ਹਾਂ ਲੋਕਾਂ ਨੂੰ ਝੂਠੀਆਂ ਗੱਲਾਂ ਦੇ ਉਪਦੇਸ਼ ਦੇਣ ਤੋਂ ਰੁਕਣ ਦਾ ਆਦੇਸ਼ ਦੇ ਸੱਕੋਂ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਕਹਾਣੀਆਂ ਤੇ ਸਮਾਂ ਨਾ ਬਰਬਾਦ ਕਰਨ ਲਈ ਕਹੋ ਜਿਹੜੀਆਂ ਸੱਚੀਆਂ ਨਹੀਂ ਹਨ ਅਤੇ ਨਾਮਾਂ ਦੀਆਂ ਵੱਡੀਆਂ ਪੱਤ੍ਰੀਆਂ ਉੱਤੇ ਪਰਿਵਾਰਕ ਇਤਹਾਸ ਨਾਲ ਸੰਬੰਧਿਤ ਹਨ। ਉਹ ਚੀਜ਼ਾਂ ਕੇਵਲ ਵਾਦ ਵਿਵਾਦ ਖੜ੍ਹਾ ਕਰਦੀਆਂ ਹਨ। ਉਹ ਗੱਲਾਂ ਪਰਮੇਸ਼ੁਰ ਦੇ ਕਾਰਜ ਵਿੱਚ ਸਹਾਇਤਾ ਨਹੀਂ ਕਰਦੀਆਂ। ਪਰਮੇਸ਼ੁਰ ਦਾ ਕਾਰਜ ਤਾਂ ਵਿਸ਼ਵਾਸ ਰਾਹੀਂ ਹੁੰਦਾ ਹੈ। ਇਸ ਆਦੇਸ਼ ਦਾ ਟੀਚਾ ਲੋਕਾਂ ਨੂੰ ਪਿਆਰ ਭਾਵਨਾ ਰੱਖਣ ਨਾਲ ਸੰਬੰਧ ਰੱਖਦਾ ਹੈ। ਇਸ ਪਿਆਰ ਨੂੰ ਹਾਸਿਲ ਕਰਨ ਲਈ ਲੋਕਾਂ ਨੂੰ ਆਪਣਾ ਦਿਲ ਸ਼ੁੱਧ ਰੱਖਣਾ ਪਵੇਗਾ ਉਨ੍ਹਾਂ ਨੂੰ ਉਹੋ ਕੁਝ ਕਰਨਾ ਚਾਹੀਦਾ ਹੈ ਜਿਹੜਾ ਉਨ੍ਹਾਂ ਦੀ ਸਮਝ ਅਨੁਸਾਰ ਸਹੀ ਹੈ, ਅਤੇ ਉਨ੍ਹਾਂ ਨੂੰ ਸੱਚਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਕੁਝ ਲੋਕਾਂ ਨੇ ਇਹ ਗੱਲਾਂ ਨਹੀਂ ਕੀਤੀਆਂ। ਉਹ ਦੂਰ ਚੱਲੇ ਗਏ ਸਨ ਅਤੇ ਹੁਣ ਉਹ ਉਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰ ਰਹੇ ਹਨ ਜਿਹੜੀਆਂ ਨਿਕਾਰਥਕ ਹਨ। ਉਹ ਲੋਕ ਨੇਮ ਦੇ ਉਪਦੇਸ਼ਕ ਬਣਨਾ ਚਾਹੁੰਦੇ ਹਨ। ਪਰ ਉਹ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਗੱਲਾਂ ਕਰ ਰਹੇ ਹਨ। ਉਹ ਤਾਂ ਉਨ੍ਹਾਂ ਗੱਲਾਂ ਨੂੰ ਸਮਝਦੇ ਵੀ ਨਹੀਂ ਜਿਨ੍ਹਾਂ ਬਾਰੇ ਉਹ ਪੱਕੇ ਭਰੋਸੇ ਨਾਲ ਗੱਲਾਂ ਕਰ ਰਹੇ ਹਨ।

ਅਸੀਂ ਜਾਣਦੇ ਹਾਂ ਕਿ ਜੇ ਕੋਈ ਵਿਅਕਤੀ ਸਹੀ ਢੰਗ ਨਾਲ ਸ਼ਰ੍ਹਾ ਦੀ ਵਰਤੋਂ ਕਰਦਾ ਹੈ ਤਾਂ ਸ਼ਰ੍ਹਾ ਚੰਗੀ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਰ੍ਹਾ ਚੰਗੇ ਲੋਕਾਂ ਲਈ ਨਹੀਂ ਬਣਾਈ ਗਈ। ਸਗੋਂ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਸ਼ਰ੍ਹਾ ਦੇ ਵਿਰੁੱਧ ਹਨ ਅਤੇ ਉਨ੍ਹਾਂ ਲੋਕਾਂ ਲਈ ਜਿਹੜੇ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹਨ। ਸ਼ਰ੍ਹਾ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹਨ, ਉਨ੍ਹਾਂ ਲਈ ਜੋ ਪਾਪੀ ਹਨ, ਉਨ੍ਹਾਂ ਲਈ ਜਿਹੜੇ ਅਪਵਿੱਤਰ ਹਨ, ਉਨ੍ਹਾਂ ਲਈ ਜਿਹੜੇ ਮਜ਼ਹਬ ਦੇ ਖਿਲਾਫ਼ ਹਨ, ਉਨ੍ਹਾਂ ਲਈ ਜਿਹੜੇ ਆਪਣੇ ਮਾਤਾ ਪਿਤਾ ਨੂੰ ਮਾਰਦੇ ਹਨ, ਖੂਨੀਆਂ ਲਈ, 10 ਉਨ੍ਹਾਂ ਲਈ ਜਿਹੜੇ ਜਿਨਸੀ ਪਾਪ ਕਰਦੇ ਹਨ, ਸਮਲਿੰਗੀਆਂ ਲਈ, ਉਨ੍ਹਾਂ ਲਈ ਜਿਹੜੇ ਗੁਲਾਮਾਂ ਨੂੰ ਵੇਚਦੇ ਹਨ, ਝੂਠਿਆਂ ਲਈ, ਉਨ੍ਹਾਂ ਲਈ ਜਿਹੜੇ ਕਚਿਹਰੀ ਵਿੱਚ ਝੂਠ ਬੋਲਦੇ ਹਨ, ਅਤੇ ਉਨ੍ਹਾਂ ਲਈ ਜਿਹੜੇ ਪਰਮੇਸ਼ੁਰ ਦੇ ਉਪਦੇਸ਼ ਦੇ ਖਿਲਾਫ਼ ਗੱਲਾਂ ਕਰਦੇ ਹਨ। 11 ਇਹ ਉਪਦੇਸ਼ ਉਸ ਖੁਸ਼ਖਬਰੀ ਦਾ ਅੰਗ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਹੋਰਾਂ ਨੂੰ ਦੇਣ ਲਈ ਪ੍ਰਦਾਨ ਕੀਤੀ ਸੀ। ਮਹਿਮਾਮਈ ਖੁਸ਼ਖਬਰੀ ਭਾਗਸ਼ਾਲੀ ਪਰਮੇਸ਼ੁਰ ਵੱਲੋਂ ਹੈ।

ਪਰਮੇਸ਼ੁਰ ਦੀ ਦਯਾ ਲਈ ਧੰਨਵਾਦ

12 ਮੈਂ ਮਸੀਹ ਯਿਸੂ, ਸਾਡੇ ਪ੍ਰਭੂ, ਦਾ ਧੰਨਵਾਦ ਕਰਦਾ ਹਾਂ ਕਿਉਂ ਕਿ ਉਸ ਨੇ ਮੇਰੇ ਉੱਪਰ ਭਰੋਸਾ ਕੀਤਾ ਅਤੇ ਮੈਨੂੰ ਉਸਦੀ ਸੇਵਾ ਕਰਨ ਲਈ ਇਹ ਕਾਰਜ ਦਿੱਤਾ। ਉਹੀ ਮੈਨੂੰ ਸ਼ਕਤੀ ਪ੍ਰਦਾਨ ਕਰਦਾ ਹੈ। 13 ਅਤੀਤ ਵਿੱਚ, ਮੈਂ ਮਸੀਹ ਦੇ ਵਿਰੁੱਧ ਬੋਲਦਾ ਸਾਂ ਤੇ ਉਸ ਨੂੰ ਸਤਾਇਆ ਅਤੇ ਮੈਂ ਉਸ ਨੂੰ ਦੁੱਖ ਪਹੁੰਚਾਇਆ। ਪਰ ਪਰਮੇਸ਼ੁਰ ਨੇ ਮੈਨੂੰ ਆਪਣੀ ਕਿਰਪਾ ਦਿਤੀ ਕਿਉਂਕਿ ਮੈਂ ਨਹੀਂ ਜਾਣਦਾ ਸੀ ਕਿ ਮੈਂ ਕੀ ਕਰ ਰਿਹਾ ਸਾਂ। ਇਹ ਗੱਲਾਂ ਮੈਂ ਉਦੋਂ ਕੀਤੀਆਂ ਸਨ ਜਦੋਂ ਮੇਰੇ ਅੰਦਰ ਵਿਸ਼ਵਾਸ ਨਹੀਂ ਸੀ। 14 ਪਰ ਸਾਡੇ ਪ੍ਰਭੂ ਦੀ ਕਿਰਪਾ ਮੈਨੂੰ ਪੂਰੀ ਤਰ੍ਹਾਂ ਦਿੱਤੀ ਹੋਈ ਸੀ, ਅਤੇ ਕਿਰਪਾ ਦੇ ਨਾਲ ਵਿਸ਼ਵਾਸ ਅਤੇ ਉਹ ਪਿਆਰ ਆਇਆ ਜੋ ਮਸੀਹ ਯਿਸੂ ਵਿੱਚ ਹੈ।

15 ਜੋ ਕੁਝ ਮੈਂ ਆਖ ਰਿਹਾ ਹਾਂ ਸੱਚ ਹੈ ਅਤੇ ਇਹ ਪੂਰੀ ਤਰ੍ਹਾਂ ਕਬੂਲ ਕਰ ਲੈਣ ਦਾ ਅਧਿਕਾਰੀ ਹੈ। ਮਸੀਹ ਯਿਸੂ ਇਸ ਦੁਨੀਆਂ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ। ਅਤੇ ਮੈਂ ਉਨ੍ਹਾਂ ਪਾਪੀਆਂ ਵਿੱਚੋਂ ਸਭ ਤੋਂ ਬੁਰਾ ਸਾਂ। 16 ਪਰ ਮੈਨੂੰ ਕਿਰਪਾ ਦਿਤੀ ਗਈ। ਤਾਂ ਜੋ ਮਸੀਹ ਯਿਸੂ ਮੇਰੇ ਵਿੱਚ ਵਿਖਾ ਸੱਕੇ ਕਿ ਉਸਦਾ ਸਬਰ ਅਸੀਮ ਹੈ। ਮਸੀਹ ਨੇ ਆਪਣਾ ਸਬਰ ਮੇਰੇ, ਸਭ ਪਾਪੀਆਂ ਤੋਂ ਗਏ ਗੁਜਰੇ, ਤੇ ਵਿਖਾਇਆ। ਯਿਸੂ ਚਾਹੁੰਦਾ ਸੀ ਕਿ ਮੈਂ ਉਨ੍ਹਾਂ ਲੋਕਾਂ ਲਈ ਇੱਕ ਮਿਸਾਲ ਬਣਾ ਜਿਹੜੇ ਉਸ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਸਦੀਪਕ ਜੀਵਨ ਪ੍ਰਾਪਤ ਕਰਦੇ ਹਨ। 17 ਉਸ ਬਾਦਸ਼ਾਹ ਨੂੰ ਮਹਿਮਾ ਤੇ ਸਨਮਾਨ ਜਿਹੜਾ ਸਦੀਵੀ ਤੌਰ ਤੇ ਰਾਜ ਕਰਦਾ ਹੈ। ਉਸ ਨੂੰ ਤਬਾਹ ਨਹੀਂ ਕੀਤਾ ਜਾ ਸੱਕਦਾ ਅਤੇ ਨਾ ਹੀ ਦੇਖਿਆ ਜਾ ਸੱਕਦਾ ਹੈ। ਸਿਰਫ਼ ਪਰਮੇਸ਼ੁਰ ਨੂੰ ਹੀ ਸਦਾ ਅਤੇ ਸਦਾ ਲਈ ਸਤਿਕਾਰ ਅਤੇ ਮਹਿਮਾ। ਆਮੀਨ!

18 ਤਿਮੋਥਿਉਸ, ਤੁਸੀਂ ਮੇਰੇ ਲਈ ਇੱਕ ਪੁੱਤਰ ਵਾਂਗ ਹੋ। ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਆਦੇਸ਼ ਉਨ੍ਹਾਂ ਅਗੰਮੀ ਵਾਕਾਂ ਦੇ ਅਨੁਸਾਰ ਹੈ ਜਿਹੜੇ ਅਤੀਤ ਵਿੱਚ ਤੁਹਾਡੇ ਸੰਬੰਧ ਵਿੱਚ ਦੱਸੇ ਗਏ ਸਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਸੀਂ ਉਨ੍ਹਾਂ ਅਗੰਮ ਵਾਕਾਂ ਅਨੁਸਾਰ ਚੱਲੋ ਅਤੇ ਵਿਸ਼ਵਾਸ ਲਈ ਸਫ਼ਲ ਯੁੱਧ ਲੜੋ। 19 ਵਿਸ਼ਵਾਸ ਵਿੱਚ ਸਥਿਰ ਰਹੋ, ਅਤੇ ਉਸ ਦੇ ਆਧਾਰ ਤੇ ਜੀਣ ਜਿਸ ਨੂੰ ਤੁਸੀਂ ਮੰਨੋ ਕਿ ਸਹੀ ਹੈ। ਕੁਝ ਲੋਕਾਂ ਨੇ ਅਜਿਹਾ ਨਹੀਂ ਕੀਤਾ, ਇਸ ਲਈ ਉਹ ਵਿਸ਼ਵਾਸ ਤੋਂ ਡਿੱਗ ਗਏ। 20 ਹੁਮਿਨਾਯੁਸ ਅਤੇ ਸਿਕੰਦਰ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਇਹ ਕੀਤਾ ਹੈ। ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਨਾ ਸਿੱਖਣਗੇ।

Punjabi Bible: Easy-to-Read Version (ERV-PA)

2010 by World Bible Translation Center