Old/New Testament
ਅਮਨ ਦਾ ਰਾਜਾ ਆ ਰਿਹਾ ਹੈ
11 ਇੱਕ ਛੋਟਾ ਰੁੱਖ (ਬੱਚਾ) ਯੱਸੀ ਦੇ ਮੁੱਢੇ (ਪਰਿਵਾਰ) ਵਿੱਚੋਂ ਉੱਗਣਾ ਸ਼ੁਰੂ ਹੋ ਜਾਵੇਗਾ। ਉਹ ਸ਼ਾਖ ਯੱਸੀ ਦੀਆਂ ਜਢ਼ਾਂ ਤੋਂ ਉੱਗੇਗੀ। 2 ਯਹੋਵਾਹ ਦਾ ਆਤਮਾ ਉਸ ਬੱਚੇ ਵਿੱਚ ਹੋਵੇਗੀ। ਆਤਮਾ ਸਿਆਣਪ, ਸਮਝਦਾਰੀ, ਅਗਵਾਈ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਅਤੇ ਆਤਮਾ ਇਸ ਬੱਚੇ ਦੀ ਸਹਾਇਤਾ ਕਰੇਗਾ ਉਸ ਨੂੰ ਜਾਣੇਗਾ ਅਤੇ ਯਹੋਵਾਹ ਦਾ ਆਦਰ ਕਰੇਗਾ।
3 ਇਹ ਬੱਚਾ ਡਰੇਗਾ ਅਤੇ ਯਹੋਵਾਹ ਦੀ ਇੱਜ਼ਤ ਕਰੇਗਾ, ਅਤੇ ਇਹ ਉਸ ਨੂੰ ਉਸ ਆਧਾਰ ਤੇ ਨਿਆਂ ਨਾ ਕਰਨ ਲਈ ਪ੍ਰੇਰੇਗਾ ਜੋ ਉਹ ਵੇਖਦਾ ਹੈ ਜਾਂ ਜੋ ਉਹ ਸੁਣਦਾ। 4-5 ਉਹ ਗਰੀਬ ਲੋਕਾਂ ਨਾਲ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਆਂ ਕਰੇਗਾ। ਜਦੋਂ ਉਹ ਧਰਤੀ ਦੇ ਗਰੀਬ ਲੋਕਾਂ ਲਈ ਕੁਝ ਕਰਨ ਦਾ ਨਿਆਂ ਕਰੇਗਾ ਤਾਂ ਬੇਲਾਗ ਹੋਵੇਗਾ। ਜੇ ਉਹ ਇਹ ਨਿਆਂ ਕਰਦਾ ਹੈ ਕਿ ਉਨ੍ਹਾਂ ਨੂੰ ਮਾਰ ਪੈਣੀ ਚਾਹੀਦੀ ਹੈ ਫ਼ੇਰ ਉਹ ਆਦੇਸ਼ ਦੇਵੇਗਾ ਤੇ ਉਨ੍ਹਾਂ ਲੋਕਾਂ ਨੂੰ ਮਾਰ ਪਵੇਗੀ। ਜੇ ਉਹ ਇਹ ਨਿਆਂ ਕਰਦਾ ਹੈ ਕਿ ਲੋਕਾਂ ਨੂੰ ਮਰਨਾ ਚਾਹੀਦਾ ਹੈ, ਤਾਂ ਉਹ ਆਦੇਸ਼ ਦੇਵੇਗਾ ਅਤੇ ਮੰਦੇ ਲੋਕ ਮਾਰੇ ਜਾਣਗੇ। ਨੇਕੀ ਅਤੇ ਨਿਰਪੱਖਤਾ ਇਸ ਬੱਚੇ ਨੂੰ ਸ਼ਕਤੀ ਦੇਵੇਗੀ। ਇਹ ਚੀਜ਼ਾਂ ਉਸ ਦੇ ਕਮਰ ਕਸੇ ਵਾਂਗ ਹੋਣਗੀਆਂ।
6 ਉਸ ਸਮੇਂ ਬਘਿਆੜ ਵੀ ਲੇਲਿਆਂ ਨਾਲ ਸ਼ਾਂਤੀ ਨਾਲ ਰਹਿਣਗੇ। ਅਤੇ ਸ਼ੇਰ ਵੀ ਬੱਕਰੀਆਂ ਕੋਲ ਸ਼ਾਂਤੀ ਨਾਲ ਲੇਟੇ ਹੋਣਗੇ। ਵੱਛੇ, ਸ਼ੇਰ ਅਤੇ ਬਲਦ ਆਪਸ ਵਿੱਚ ਸ਼ਾਂਤੀ ਨਾਲ ਰਹਿਣਗੇ। ਇੱਕ ਛੋਟਾ ਬੱਚਾ ਉਨ੍ਹਾਂ ਦੀ ਅਗਵਾਈ ਕਰੇਗਾ। 7 ਗਾਵਾਂ ਅਤੇ ਰਿੱਛ ਪਸਪਰ ਸ਼ਾਂਤੀ ਨਾਲ ਰਹਿਣਗੇ। ਉਨ੍ਹਾਂ ਦੇ ਸਾਰੇ ਬੱਚੇ ਇਕੱਠੇ ਲੇਟੇ ਹੋਣਗੇ ਅਤੇ ਇੱਕ ਦੂਸਰੇ ਨੂੰ ਕੋਈ ਨੁਕਸਾਨ ਨਹੀਂ ਪੁਚਾਣਗੇ। ਸ਼ੇਰ ਗਾਵਾਂ ਵਾਂਗ ਘਾਹ ਖਾਣਗੇ। 8 ਇੱਕ ਬੱਚਾ ਵੀ ਫ਼ਨੀਅਰ ਸੱਪ ਦੀ ਖੱਡ ਕੋਲ ਖੇਡ ਸੱਕੇਗਾ। ਬੱਚਾ ਜ਼ਹਿਰੀਲੇ ਸੱਪ ਦੀ ਖੱਡ ਵਿੱਚ ਆਪਣਾ ਹੱਥ ਪਾ ਸੱਕੇਗਾ।
9 ਇਹ ਸਾਰੀਆਂ ਗੱਲਾਂ ਇਹ ਦਰਸਾਉਂਦੀਆਂ ਹਨ ਕਿ ਇੱਥੇ ਸ਼ਾਂਤੀ ਹੋਵੇਗੀ-ਕੋਈ ਬੰਦਾ ਵੀ ਕਿਸੇ ਦੂਸਰੇ ਨੂੰ ਨੁਕਸਾਨ ਨਹੀਂ ਪੁਚਾਵੇਗਾ। ਮੇਰੇ ਪਵਿੱਤਰ ਪਰਬਤ ਦੇ ਲੋਕ ਚੀਜ਼ਾਂ ਨੂੰ ਤਬਾਹ ਕਰਨਾ ਨਹੀਂ ਲੋਚਣਗੇ। ਕਿਉਂ ਕਿ ਲੋਕ ਸੱਚਮੁੱਚ ਯਹੋਵਾਹ ਨੂੰ ਜਾਣ ਲੈਣਗੇ। ਉਨ੍ਹਾਂ ਅੰਦਰ ਉਸਦਾ ਪੂਰਾ ਗਿਆਨ ਹੋਵੇਗਾ ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੁੰਦਾ ਹੈ।
10 ਉਸ ਸਮੇਂ, ਉੱਥੇ ਯੱਸੀ ਦੇ ਪਰਿਵਾਰ ਦਾ ਇੱਕ ਖਾਸ ਵਿਅਕਤੀ ਹੋਵੇਗਾ। ਇਹ ਬੰਦਾ ਇੱਕ ਝੰਡੇ ਵਰਗਾ ਹੋਵੇਗਾ। ਇਹ “ਝੰਡਾ” ਸਮੂਹ ਕੌਮਾਂ ਨੂੰ ਇਹ ਦਰਸਾਏਗਾ ਕਿ ਉਨ੍ਹਾਂ ਨੂੰ ਉਸ ਦੇ ਆਲੇ-ਦੁਆਲੇ ਇੱਕਤ੍ਰ ਹੋ ਜਾਣਾ ਚਾਹੀਦਾ ਹੈ। ਕੌਮਾਂ ਉਸ ਕੋਲੋਂ ਪੁੱਛਣਗੀਆਂ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਅਤੇ ਉਹ ਸਥਾਨ ਜਿੱਥੇ ਉਹ ਰਹਿੰਦਾ ਹੈ, ਪਰਤਾਪ ਨਾਲ ਭਰ ਜਾਵੇਗਾ।
11 ਉਸ ਸਮੇਂ, ਮੇਰਾ ਪ੍ਰਭੂ ਫ਼ੇਰ ਇੱਕ ਵਾਰੀ ਉਨ੍ਹਾਂ ਲੋਕਾਂ ਕੋਲੋ ਪਹੁੰਚੇਗਾ ਜਿਹੜੇ ਪਿੱਛੇ ਰਹਿ ਗਏ ਹਨ। ਅਜਿਹਾ ਦੂਸਰੀ ਵਾਰ ਹੋਵੇਗਾ ਜਦੋਂ ਪਰਮੇਸ਼ੁਰ ਨੇ ਅਜਿਹੀ ਗੱਲ ਕੀਤੀ ਹੈ। ਇਹ ਪਰਮੇਸ਼ੁਰ ਦੇ ਉਹ ਲੋਕ ਹਨ ਜਿਹੜੇ ਅੱਸ਼ੂਰ, ਉੱਤਰੀ ਮਿਸਰ, ਦੱਖਣੀ ਮਿਸਰ, ਇਥੋਮੀਆ, ਏਲਾਮ, ਬਾਬਲ, ਹਮਾਬ ਅਤੇ ਦੁਨੀਆਂ ਦੇ ਸਾਰੇ ਦੂਰ ਦੁਰਾਡੇ ਦੇਸ਼ਾਂ ਵਿੱਚ ਬਚੇ ਹੋਏ ਹਨ। 12 ਪਰਮੇਸ਼ੁਰ ਇਸ ਝੰਡੇ ਨੂੰ ਸਮੂਹ ਲੋਕਾਂ ਲਈ ਇੱਕ ਸੰਕੇਤ ਵਜੋਂ ਉੱਚਾ ਕਰੇਗਾ। ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਲੋਕ ਧਰਤੀ ਦੇ ਦੂਰ ਦੁਰਾਡੇ ਦੇਸ਼ਾਂ ਵਿੱਚ ਖਿਲਰ ਗਏ ਸਨ। ਪਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ।
13 ਉਸ ਸਮੇਂ, ਇਫ਼ਰਾਈਮ ਯਹੂਦਾਹ ਨਾਲ ਈਰਖਾ ਨਹੀਂ ਕਰੇਗਾ। ਯਹੂਦਾਹ ਦੇ ਕੋਈ ਦੁਸ਼ਮਣ ਨਹੀਂ ਹੋਣਗੇ ਯਹੂਦਾਹ ਇਫ਼ਰਾਈਮ ਨੂੰ ਦੁੱਖ ਨਹੀਂ ਦੇਵੇਗਾ। 14 ਪਰ ਇਫ਼ਰਾਈਮ ਅਤੇ ਯਹੂਦਾਹ ਫ਼ਿਲਸਤੀਨੀਆਂ ਉੱਤੇ ਹਮਲਾ ਕਰਨਗੇ।ਉਹ ਇਕੱਠੇ ਪੂਰਬੀਆਂ ਦੀ ਦੌਲਤ ਲੁੱਟਣਗੇ। ਇਫ਼ਰਾਈਮ ਅਤੇ ਯਹੂਦਾਹ, ਅਦੋਮ, ਮੋਆਬ ਅਤੇ ਅੰਮੋਨ ਦੇ ਲੋਕਾਂ ਉੱਤੇ ਹਕੂਮਤ ਕਰਨਗੇ।
15 ਯਹੋਵਾਹ ਕਹਿਰਵਾਨ ਹੋ ਗਿਆ ਅਤੇ ਉਸ ਨੇ ਮਿਸਰ ਦੇ ਸਮੁੰਦਰ ਨੂੰ ਵੰਡ ਦਿੱਤਾ। ਉਸੇ ਤਰ੍ਹਾਂ, ਯਹੋਵਾਹ ਫ਼ਰਾਤ ਨਦੀ ਉੱਤੇ ਆਪਣੀ ਬਾਂਹ ਲਹਿਰਾਏਗਾ। ਉਹ ਨਦੀ ਉੱਤੇ ਵਾਰ ਕਰੇਗਾ ਅਤੇ ਨਦੀ ਸੱਤ ਛੋਟੇ ਨਾਲਿਆਂ ਵਿੱਚ ਵੰਡੀ ਜਾਵੇਗੀ। ਇਹ ਛੋਟੀਆਂ ਨਦੀਆਂ ਡੂੰਘੀਆਂ ਨਹੀਂ ਹੋਣਗੀਆਂ ਲੋਕੀਂ ਇਨ੍ਹਾਂ ਨਦੀਆਂ ਨੂੰ ਜੁੱਤੀਆਂ ਸਮੇਤ ਪਾਰ ਕਰ ਸੱਕਿਆ ਕਰਨਗੇ। 16 ਪਰਮੇਸ਼ੁਰ ਦੇ ਉਹ ਲੋਕ ਜਿਹੜੇ ਬਚ ਗਏ ਹਨ, ਅੱਸ਼ੂਰ ਵਿੱਚੋਂ ਨਿਕਲਣ ਦਾ ਰਾਹ ਲੱਭ ਲੈਣਗੇ। ਇਹ ਸਮਾਂ ਉਹੋ ਜਿਹਾ ਹੋਵੇਗਾ ਜਦੋਂ ਪਰਮੇਸ਼ੁਰ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਗਿਆ ਸੀ।
ਪਰਮੇਸ਼ੁਰ ਦੀ ਉਸਤਤ ਦਾ ਗੀਤ
12 ਉਸ ਸਮੇਂ ਤੁਸੀਂ ਆਖੋਗੇ:
“ਯਹੋਵਾਹ ਮੈਂ ਤੇਰਾ ਧੰਨਵਾਦ ਅਤੇ ਉਸਤਤ ਕਰਦਾ ਹਾਂ।
ਭਾਵੇਂ ਤੂੰ ਮੇਰੇ ਨਾਲ ਨਾਰਾਜ਼ ਰਿਹਾ ਹੈਂ ਹੁਣ ਤੇਰਾ ਗੁੱਸਾ ਜਾ ਚੁੱਕਿਆ ਹੈ
ਅਤੇ ਤੂੰ ਮੈਨੂੰ ਅਰਾਮ ਦੇ
ਅਤੇ ਮੈਨੂੰ ਆਪਣਾ ਪਿਆਰ ਦਰਸਾ।”
2 ਮੈਨੂੰ ਉਸ ਉੱਤੇ ਭਰੋਸਾ ਹੈ।
ਮੈਂ ਭੈਭੀਤ ਨਹੀਂ ਹਾਂ।
ਉਹ ਮੈਨੂੰ ਬਚਾਉਂਦਾ ਹੈ।
ਯਹੋਵਾਹ ਯਾਹ ਮੇਰੀ ਸ਼ਕਤੀ ਹੈ।
ਉਹ ਮੈਨੂੰ ਬਚਾਉਂਦਾ ਹੈ।
ਅਤੇ ਮੈਂ ਉਸ ਬਾਰੇ ਉਸਤਤ ਦੇ ਗੀਤ ਗਾਉਂਦਾ ਹਾਂ।
3 ਮੁਕਤੀ ਦੇ ਚਸ਼ਮੇ ਤੋਂ ਆਪਣਾ ਪਾਣੀ ਭਰ ਲਵੋ।
ਫ਼ੇਰ ਤੁਸੀਂ ਖੁਸ਼ ਹੋਵੋਂਗੇ।
4 ਫ਼ੇਰ ਤੁਸੀਂ ਆਖੋਗੇ,
“ਯਹੋਵਾਹ ਦੀ ਉਸਤਤ ਹੋਵੇ!
ਉਸ ਦੇ ਨਾਮ ਦੀ ਉਪਾਸਨਾ ਕਰੋ!
ਉਸ ਦੇ ਕਾਰਨਾਮਿਆਂ ਬਾਰੇ ਸਮੂਹ ਲੋਕਾਂ ਨੂੰ ਦੱਸੋ!”
5 ਯਹੋਵਾਹ ਦੀ ਉਸਤਤ ਦੇ ਗੀਤ ਗਾਵੋ!
ਕਿਉਂ ਕਿ ਉਸ ਨੇ ਮਹਾਨ ਕੰਮ ਕੀਤੇ ਹਨ!
ਪਰਮੇਸ਼ੁਰ ਬਾਰੇ ਇਹ ਖਬਰ ਸਾਰੀ ਦੁਨੀਆਂ ਅੰਦਰ ਫ਼ੈਲਾ ਦੇਵੋ।
ਸਾਰੇ ਲੋਕ ਇਹ ਗੱਲਾਂ ਜਾਣ ਲੈਣ।
6 ਸੀਯੋਨ ਦੇ ਲੋਕੋ, ਇਨ੍ਹਾਂ ਗੱਲਾਂ ਬਾਰੇ ਨਾਹਰੇ ਮਾਰੋ!
ਇਸਰਾਏਲ ਦਾ ਪਵਿੱਤਰ ਪੁਰੱਖ ਸ਼ਕਤੀਸ਼ਾਲੀ ਢੰਗ ਨਾਲ ਤੁਹਾਡੇ ਨਾਲ ਹੈ।
ਏਸ ਲਈ ਪ੍ਰਸੰਨ ਹੋਵੋ!
ਬਾਬਲ ਲਈ ਪਰਮੇਸ਼ੁਰ ਦਾ ਸੰਦੇਸ਼
13 ਅਮੋਜ਼ ਦੇ ਪੁੱਤਰ ਯਸਾਯਾਹ ਨੂੰ ਪਰਮੇਸ਼ੁਰ ਨੇ ਬਾਬਲ ਬਾਰੇ ਇਹ ਉਦਾਸੀ ਭਰਿਆ ਸੰਦੇਸ਼ ਦਰਸਾਇਆ। ਪਰਮੇਸ਼ੁਰ ਨੇ ਆਖਿਆ:
2 “ਉਸ ਪਰਬਤ ਉੱਤੇ ਝੰਡਾ ਉੱਚਾ ਕਰੋ ਜਿੱਥੇ ਕੁਝ ਵੀ ਨਹੀਂ ਉੱਗਦਾ।
ਲੋਕਾਂ ਨੂੰ ਸੱਦੋ।
ਆਪਣੀਆਂ ਬਾਹਵਾਂ ਲਹਿਰਾਵੋ।
ਉਨ੍ਹਾਂ ਨੂੰ ਉਨ੍ਹਾਂ ਫ਼ਾਟਕਾਂ ਰਾਹੀਂ ਦਾਖਲ ਹੋਣ ਲਈ ਆਖੋ ਜਿਹੜੇ ਮਹੱਤਵਪੂਰਣ ਲੋਕਾਂ ਲਈ ਹਨ।”
3 ਪਰਮੇਸ਼ੁਰ ਨੇ ਆਖਿਆ, “ਮੈਂ ਇਨ੍ਹਾਂ ਬੰਦਿਆਂ ਨੂੰ ਲੋਕਾਂ ਨਾਲੋਂ ਵੱਖ ਕਰ ਲਿਆ ਹੈ
ਅਤੇ ਮੈਂ ਖੁਦ ਉਨ੍ਹਾਂ ਨੂੰ ਆਦੇਸ਼ ਦੇਵਾਂਗਾ ਮੈਂ ਗੁੱਸੇ ਹਾਂ
ਅਤੇ ਮੈਂ ਆਪਣੇ ਸਭ ਤੋਂ ਚੰਗੇ ਯੋਧੇ ਇੱਕਤ੍ਰ ਕੀਤੇ ਹਨ ਜਿਹੜੇ ਮੇਰਾ ਕਹਿਰ ਵਰਸਾਉਣ ਦੇ ਮੰਤਵ ਨਾਲ
ਮੇਰੀ ਫ਼ਤਿਹ ਵਿੱਚ ਆਨੰਦ ਮਾਣਦੇ ਹਨ!
4 “ਪਰਬਤਾਂ ਅੰਦਰ ਉੱਚਾ ਸ਼ੋਰ ਹੈ।
ਇਸ ਸ਼ੋਰ ਨੂੰ ਸੁਣੋ! ਇਹ ਬਹੁਤ ਸਾਰੇ ਲੋਕਾਂ ਦੇ ਸ਼ੋਰ ਵਾਂਗ ਜਾਪਦਾ ਹੈ।
ਅਨੇਕਾਂ ਰਾਜਾਂ ਦੇ ਲੋਕ ਇਕੱਠੇ ਹੋ ਰਹੇ ਹਨ।
ਸਰਬ ਸ਼ਕਤੀਮਾਨ ਯਹੋਵਾਹ ਆਪਣੀ ਫ਼ੌਜ ਨੂੰ ਇਕੱਠਾ ਕਰਨ ਲਈ ਹੋਕਾ ਦੇ ਰਿਹਾ ਹੈ।
5 ਯਹੋਵਾਹ ਅਤੇ ਓਸਦੀ ਫ਼ੌਜ ਦੂਰ ਦੁਰਾਡੇ ਦੇਸ਼ ਵੱਲੋਂ ਆ ਰਹੇ ਹਨ।
ਉਹ ਦੁਮੇਲੋ ਪਾਰ ਤੋਂ ਆ ਰਹੇ ਹਨ।
ਯਹੋਵਾਹ ਕਹਿਰ ਆਪਣਾ ਦਰਸਾਉਣ ਲਈ ਆਪਣੀ ਫ਼ੌਜ ਨੂੰ ਹਬਿਆਰ ਵਾਂਗ ਵਰਤੇਗਾ।
ਇਹ ਫ਼ੌਜ ਸਾਰੇ ਦੇਸ਼ ਨੂੰ ਤਬਾਹ ਕਰ ਦੇਵੇਗੀ।”
6 ਯਹੋਵਾਹ ਦਾ ਖਾਸ ਦਿਹਾੜਾ ਨੇੜੇ ਹੈ। ਇਸ ਲਈ ਰੋਵੋ ਅਤੇ ਆਪਣੇ-ਆਪ ਲਈ ਸੋਗ ਮਨਾਓ। ਇਹ ਯਹੋਵਾਹ ਸਰਬ-ਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ। 7 ਲੋਕਾਂ ਦਾ ਹੌਸਲਾ ਟੁੱਟ ਜਾਵੇਗਾ। ਡਰ ਨਾਲ ਲੋਕ ਨਿਰਬਲ ਹੋ ਜਾਣਗੇ। 8 ਹਰ ਬੰਦਾ ਭੈਭੀਤ ਹੋ ਜਾਵੇਗਾ। ਡਰ ਨਾਲ ਉਨ੍ਹਾਂ ਦੇ ਪੇਟ ਓਸੇ ਤਰ੍ਹਾਂ ਦੁੱਖਣਗੇ ਜਿਵੇਂ ਕੋਈ ਔਰਤ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ। ਉਨ੍ਹਾਂ ਦੇ ਚਿਹਰੇ ਅੱਗ ਵਾਂਗ ਲਾਲ ਹੋ ਜਾਣਗੇ। ਲੋਕ ਹੈਰਾਨ ਹੋ ਜਾਣਗੇ ਕਿਉਂਕਿ ਇਸੇ ਤਰ੍ਹਾਂ ਦੇ ਡਰ ਦਾ ਪ੍ਰਛਾਵਾਂ ਉਨ੍ਹਾਂ ਦੇ ਸਮੂਹ ਗਵਾਂਢੀਆਂ ਦੇ ਚਿਹਰਿਆਂ ਉੱਤੇ ਵੀ ਹੋਵੇਗਾ।
ਬਾਬਲ ਦੇ ਖਿਲਾਫ਼ ਪਰਮੇਸ਼ੁਰ ਦਾ ਨਿਆਂ
9 ਦੇਖੋ, ਯਹੋਵਾਹ ਖਾਸ ਦਿਨ ਆ ਰਿਹਾ ਹੈ! ਇਹ ਬਹੁਤ ਭਿਆਨਕ ਦਿਨ ਹੋਵੇਗਾ। ਪਰਮੇਸ਼ੁਰ ਕਹਿਰਵਾਨ ਹੋ ਜਾਵੇਗਾ ਅਤੇ ਉਹ ਦੇਸ ਨੂੰ ਤਬਾਹ ਕਰ ਦੇਵੇਗਾ। ਪਰਮੇਸ਼ੁਰ ਹਰੇਕ ਨੂੰ ਜਿਹੜਾ ਪਾਪ ਕਰਦਾ ਹੈ। ਦੇਸ ਛੱਡਣ ਲਈ ਮਜ਼ਬੂਰ ਕਰ ਦੇਵੇਗਾ। 10 ਅਕਾਸ਼ ਹਨੇਰਾ ਹੋਵੇਗਾ। ਸੂਰਜ, ਚੰਨ ਅਤੇ ਤਾਰੇ ਨਹੀਂ ਚਮਕਣਗੇ।
11 ਪਰਮੇਸ਼ੁਰ ਆਖਦਾ ਹੈ, “ਮੈਂ ਦੁਨੀਆਂ ਉੱਤੇ ਆਫਤਾਂ ਭੇਜਾਂਗਾ। ਮੈਂ ਬੁਰੇ ਬੰਦਿਆਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਦੇਵਾਂਗਾ। ਮੈਂ ਗੁਮਾਨੀ ਲੋਕਾਂ ਤੋਂ ਉਨ੍ਹਾਂ ਦਾ ਗੁਮਾਨ ਖੋਹ ਲਵਾਂਗਾ। ਮੈਂ ਉਨ੍ਹਾਂ ਲੋਕਾਂ ਦੀਆਂ ਫ਼ਢ਼ਾਂ ਨੂੰ ਰੋਕ ਦਿਆਂਗਾ ਜਿਹੜੇ ਹੋਰਨਾਂ ਨਾਲ ਕਮੀਨਗੀ ਭਰਿਆ ਸਲੂਕ ਕਰਦੇ ਹਨ। 12 ਲੋਕ ਖਰੇ ਸੋਨੇ ਨਾਲੋਂ ਵੀ ਵੱਧੇਰੇ ਨਾਯਾਬ ਹੋਣਗੇ। 13 ਆਪਣੇ ਕਹਿਰ ਨਾਲ ਮੈਂ ਅਕਾਸ਼ ਨੂੰ ਹਿਲਾ ਦਿਆਂਗਾ। ਅਤੇ ਧਰਤੀ ਆਪਣੀ ਥਾਂ ਤੋਂ ਹਿੱਲ ਜਾਵੇਗੀ।”
ਇਹ ਉਸ ਦਿਨ ਵਾਪਰੇਗਾ ਜਦੋਂ ਸਰਬ ਸ਼ਕਤੀਮਾਨ ਯਹੋਵਾਹ ਆਪਣਾ ਕਹਿਰ ਦਰਸਾਵੇਗਾ। 14 ਫ਼ੇਰ ਲੋਕੀ ਓਸੇ ਤਰ੍ਹਾਂ ਭੱਜ ਉੱਠਣਗੇ ਜਿਵੇਂ ਕੋਈ ਜ਼ਖਮੀ ਹਿਰਨ ਹੁੰਦਾ ਹੈ। ਉਹ ਬਿਨਾਂ ਆਜੜੀ ਤੋਂ ਭੇਡਾਂ ਵਾਂਗ ਭੱਜ ਉੱਠਣਗੇ। ਹਰ ਬੰਦਾ ਮੂੰਹ ਮੋੜ ਲਵੇਗਾ ਅਤੇ ਪਿੱਛਾਂਹ ਆਪਣੇ ਦੇਸ਼ ਅਤੇ ਲੋਕਾਂ ਵੱਲ ਭੱਜ ਪਵੇਗਾ। 15 ਜੋ ਕੋਈ ਵੀ ਫੜਿਆ ਜਾਵੇਗਾ, ਦੁਸ਼ਮਣ ਉਸ ਵਿਅਕਤੀ ਨੂੰ ਉਸੇ ਦੀ ਤਲਵਾਰ ਨਾਲ ਹੀ ਮਾਰ ਦੇਵੇਗਾ। 16 ਉਨ੍ਹਾਂ ਦੇ ਘਰ ਦੀ ਹਰ ਚੀਜ਼ ਲੁੱਟ ਲਈ ਜਾਵੇਗੀ। ਉਨ੍ਹਾਂ ਦੀਆਂ ਪਤਨੀਆਂ ਨਾਲ ਬਲਾਤਕਾਰ ਹੋਵੇਗਾ। ਅਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਲੋਕਾਂ ਦੇ ਦੇਖਦਿਆਂ ਕੁੱਟ-ਕੁੱਟ ਕੇ ਮਾਰ ਦਿੱਤੇ ਜਾਣਗੇ।
17 ਪਰਮੇਸ਼ੁਰ ਆਖਦਾ ਹੈ, “ਦੇਖੋ, ਮੈਂ ਮਿਦੀਆਂ ਦੀਆਂ ਫ਼ੌਜਾਂ ਤੋਂ ਬਾਬਲ ਉੱਤੇ ਹਮਲਾ ਕਰਾਵਾਂਗਾ। ਮਿਦੀਆਂ ਦੀਆਂ ਫ਼ੌਜਾਂ ਹਮਲੇ ਕਰਨ ਤੋਂ ਨਹੀਂ ਹਟਣਗੀਆਂ। ਭਾਵੇਂ ਉਨ੍ਹਾਂ ਨੂੰ ਚਾਂਦੀ ਅਤੇ ਸੋਨਾ ਹੀ ਕਿਉਂ ਨਾ ਅਦਾ ਕਰ ਦਿੱਤਾ ਜਾਵੇ। 18 ਫ਼ੌਜੀ ਬਾਬਲ ਦੇ ਨੌਜਵਾਨਾਂ ਉੱਪਰ ਹਮਲਾ ਕਰਨਗੇ ਅਤੇ ਉਨ੍ਹਾਂ ਨੂੰ ਮਾਰ ਸੁੱਟਣਗੇ। ਫ਼ੌਜੀ ਨਿੱਕੇ ਨਿਆਣਿਆਂ ਉੱਤੇ ਵੀ ਤਰਸ ਨਹੀਂ ਕਰਨਗੇ। ਫ਼ੌਜੀ ਬੱਚਿਆਂ ਉੱਪਰ ਵੀ ਤਰਸ ਨਹੀਂ ਕਰਨਗੇ। 19 ਬਾਬਲ ਤਬਾਹ ਹੋ ਜਾਵੇਗਾ। ਇਹ ਤਬਾਹੀ ਸਦੂਮ ਅਤੇ ਅਮੂਰਾਹ ਵਰਗੀ ਹੋਵੇਗੀ। ਪਰਮੇਸ਼ੁਰ ਇਹ ਤਬਾਹੀ ਲਿਆਵੇਗਾ ਅਤੇ ਓੱਥੇ ਕੁਝ ਵੀ ਨਹੀਂ ਬਚੇਗਾ।
“ਬਾਬਲ ਸਮੂਹ ਰਾਜਧਾਨੀਆਂ ਨਾਲੋਂ ਸਭ ਤੋਂ ਸੁੰਦਰ ਹੈ। ਬਾਬਲ ਦੇ ਲੋਕ ਆਪਣੇ ਸ਼ਹਿਰ ਉੱਤੇ ਬਹੁਤ ਗੁਮਾਨ ਕਰਦੇ ਹਨ। ਪਰ ਬਾਬਲ ਆਪਣੀ ਮਹਿਮਾ ਕਾਇਮ ਨਹੀਂ ਰੱਖ ਸੱਕੇਗਾ। 20 ਭਵਿੱਖ ਵਿੱਚ ਓੱਥੇ ਕੋਈ ਨਹੀਂ ਰਹੇਗਾ। ਅਰਬ ਲੋਕ ਓੱਥੇ ਆਪਣੇ ਤੰਬੂ ਨਹੀਂ ਲਗਾਉਣਗੇ। ਆਜੜੀ ਓੱਥੇ ਭੇਡਾਂ ਚਾਰਨ ਨਹੀਂ ਆਉਣਗੇ। 21 ਉੱਥੇ ਸਿਰਫ਼ ਮਾਰੂਬਲ ਦੇ ਜੰਗਲੀ ਜਾਨਵਰ ਹੀ ਰਹਿ ਰਹੇ ਹੋਣਗੇ। ਬਾਬਲ ਵਿੱਚ ਲੋਕ ਆਪਣੇ ਘਰਾਂ ਅੰਦਰ ਨਹੀਂ ਰਹਿ ਰਹੇ ਹੋਣਗੇ। ਘਰ ਉੱਲੂਆਂ ਅਤੇ ਵੱਡੇ ਪੰਛੀਆਂ ਨਾਲ ਭਰੇ ਹੋਣਗੇ। ਜੰਗਲੀ ਬੱਕਰੀਆਂ ਘਰਾਂ ਵਿੱਚ ਖੇਡ ਰਹੀਆਂ ਹੋਣਗੀਆਂ। 22 ਆਵਾਰਾ ਕੁੱਤੇ ਅਤੇ ਬਘਿਆੜ ਬਾਬਲ ਦੇ ਉਨ੍ਹਾਂ ਸੁੰਦਰ ਅਤੇ ਮਹਾਨ ਘਰਾਂ ਵਿੱਚ ਭੌਂਕ ਰਹੇ ਹੋਣਗੇ। ਬਾਬਲ ਖਤਮ ਹੋ ਜਾਵੇਗਾ। ਬਾਬਲ ਦਾ ਅੰਤ ਨੇੜੇ ਹੈ। ਹੁਣ ਮੈਂ ਬਾਬਲ ਦੀ ਤਬਾਹੀ ਨੂੰ ਹੋਰ ਨਹੀਂ ਰੋਕਾਂਗਾ।”
ਸਰੀਰ ਦੀ ਏਕਤਾ
4 ਮੈਂ ਕੈਦ ਵਿੱਚ ਹਾਂ ਕਿਉਂਕਿ ਮੈਂ ਪ੍ਰਭੂ ਨਾਲ ਸੰਬੰਧਿਤ ਹਾਂ। ਅਤੇ ਪਰਮੇਸ਼ੁਰ ਨੇ ਤੁਹਾਨੂੰ ਆਪਣੇ ਲੋਕਾਂ ਵਜੋਂ ਚੁਣਿਆ। ਹੁਣ ਮੈਂ ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਵਾਂਗ ਰਹਿਣ ਲਈ ਬੇਨਤੀ ਕਰਦਾ ਹਾਂ। 2 ਹਮੇਸ਼ਾ ਨਿਮ੍ਰ ਅਤੇ ਕੋਮਲ ਬਣੋ ਧੀਰਜ ਰੱਖੋ ਅਤੇ ਇੱਕ ਦੂਸਰੇ ਨਾਲ ਪ੍ਰੇਮ ਅਤੇ ਸ਼ਾਂਤੀ ਨਾਲ ਜੁੜੇ ਰਹੋ। 3 ਤੁਸੀਂ ਇੱਕ ਦੂਜੇ ਨਾਲ ਆਤਮਾ ਰਾਹੀਂ ਸ਼ਾਂਤੀ ਨਾਲ ਜੁੜੇ ਹੋਏ ਹੋ। ਇਸ ਢੰਗ ਨਾਲ ਜੁੜੇ ਰਹਿਣ ਲਈ ਹਰ ਸੰਭਵ ਜਤਨ ਕਰੋ। ਕਾਸ਼ ਤੁਸੀਂ ਸ਼ਾਂਤੀ ਦੇ ਬੰਧਨ ਦੁਆਰਾ ਸੰਯੁਕਤ ਰਹੋ। 4 ਇੱਕ ਸਰੀਰ ਹੈ ਤੇ ਇੱਕ ਹੀ ਆਤਮਾ ਹੈ। ਅਤੇ ਪਰਮੇਸ਼ੁਰ ਨੇ ਤੁਹਾਨੂੰ ਇੱਕ ਹੀ ਉਮੀਦ ਰੱਖਣ ਦਾ ਸੱਦਾ ਦਿੱਤਾ ਹੈ। 5 ਇੱਕ ਪ੍ਰਭੂ ਹੈ, ਇੱਕ ਵਿਸ਼ਵਾਸ ਅਤੇ ਇੱਕ ਹੀ ਬਪਤਿਸਮਾ। 6 ਉੱਥੇ ਸਿਰਫ਼ ਇੱਕ ਹੀ ਪਰਮੇਸ਼ੁਰ ਹੈ, ਜੋ ਸਾਰੀਆਂ ਚੀਜ਼ਾਂ ਦਾ ਪਿਤਾ ਹੈ। ਉਹ ਹਰ ਚੀਜ਼ ਤੇ ਹਕੂਮਤ ਕਰਦਾ ਹੈ। ਉਹ ਹਰ ਜਗ਼੍ਹਾ ਹੈ ਅਤੇ ਹਰ ਚੀਜ਼ ਅੰਦਰ ਹੈ।
7 ਮਸੀਹ ਨੇ ਸਾਡੇ ਵਿੱਚੋਂ ਹਰ ਇੱਕ ਨੂੰ ਇੱਕ ਵਿਸ਼ੇਸ਼ ਦਾਤ ਦਿੱਤੀ ਹੈ। ਹਰ ਵਿਅਕਤੀ ਨੂੰ ਉਹ ਮਿਲਿਆ ਜੋ ਮਸੀਹ ਉਸ ਨੂੰ ਦੇਣਾ ਚਾਹੁੰਦਾ ਸੀ। 8 ਇਸੇ ਲਈ, ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ:
“ਜਦੋਂ ਉਹ ਉੱਪਰ ਅਕਾਸ਼ ਵਿੱਚ ਗਿਆ,
ਉਸ ਨੇ ਕੈਦੀਆਂ ਨੂੰ ਆਪਣੇ ਨਾਲ ਲਿਆ,
ਅਤੇ ਲੋਕਾਂ ਨੂੰ ਦਾਤਾਂ ਦਿੱਤੀਆਂ।” (A)
9 ਜਦੋਂ ਇਹ ਆਖਦਾ ਹੈ, “ਉਹ ਉੱਚਾ ਗਿਆ,” ਇਸਦਾ ਕੀ ਅਰਥ ਹੈ? ਇਸਦਾ ਅਰਥ ਹੈ ਕਿ ਪਹਿਲਾਂ ਉਹ ਧਰਤੀ ਉੱਤੇ ਥੱਲੇ ਆਇਆ। 10 ਇਸ ਲਈ ਮਸੀਹ ਹੀ ਹੈ ਜੋ ਹੇਠਾ ਆਇਆ, ਅਤੇ ਉਹੀ ਹੈ ਜਿਹੜਾ ਉੱਪਰ ਗਿਆ। ਉਹ ਸਾਰੇ ਅਕਾਸ਼ਾਂ ਨਾਲੋਂ ਉੱਪਰ ਗਿਆ। ਮਸੀਹ ਨੇ ਅਜਿਹਾ ਹਰ ਚੀਜ਼ ਨੂੰ ਆਪਣੇ ਨਾਲ ਭਰਪੂਰ ਕਰਨ ਲਈ ਕੀਤਾ। 11 ਅਤੇ ਉਸੇ ਮਸੀਹ ਨੇ ਲੋਕਾਂ ਨੂੰ ਦਾਤਾਂ ਦਿੱਤੀਆਂ। ਉਸ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ, ਅਤੇ ਕੁਝ ਇੱਕ ਨੂੰ ਦੇਖ ਭਾਲ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਉਪਦੇਸ਼ ਦੇਣ ਲਈ ਬਣਾਇਆ। 12 ਮਸੀਹ ਨੇ ਇਹ ਦਾਤਾਂ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਸੇਵਾ ਦਾ ਕੰਮ ਕਰਨ ਦੀ ਤਿਆਰੀ ਲਈ ਦਿੱਤੀਆਂ, ਤਾਂ ਕਿ ਮਸੀਹ ਦੇ ਸਰੀਰ ਨੂੰ ਮਜ਼ਬੂਤ ਬਣਾਇਆ ਜਾ ਸੱਕੇ। 13 ਇਸ ਕਾਰਜ ਨੂੰ ਜਾਰੀ ਰਹਿਣਾ ਚਾਹੀਦਾ ਹੈ, ਜਦੋਂ ਤੱਕ ਅਸੀਂ ਸਾਰੇ ਇੱਕੋ ਜਿਹੇ ਵਿਸ਼ਵਾਸ ਵਿੱਚ ਅਤੇ ਪਰਮੇਸ਼ੁਰ ਦੇ ਪੁੱਤਰ ਬਾਰੇ ਗਿਆਨ ਵਿੱਚ ਇੱਕ ਮੁੱਠ ਨਹੀਂ ਹੋ ਜਾਂਦੇ। ਸਾਡੇ ਲਈ ਉਦੋਂ ਤੱਕ ਵੱਧਣਾ ਅਤੇ ਪ੍ਰਪੱਕ ਬਣਨਾ ਜ਼ਰੂਰੀ ਹੈ ਜਦੋਂ ਤੱਕ ਕਿ ਅਸੀਂ ਮਸੀਹ ਵਰਗੇ ਨਾ ਬਣ ਜਾਈਏ ਅਤੇ ਉਸਦੀ ਉਤਕ੍ਰਿਸ਼ਟਤਾ ਹਾਸਲ ਨਾ ਕਰ ਲਈਏ।
14 ਉਦੋਂ ਅਸੀਂ ਬੱਚੇ ਨਹੀਂ ਹੋਵਾਂਗੇ। ਅਸੀਂ ਉਨ੍ਹਾਂ ਲੋਕਾਂ ਵਰਗੇ ਨਹੀਂ ਹੋਵਾਂਗੇ ਜਿਹੜੇ ਉਸ ਜਹਾਜ਼ ਵਾਂਗ ਆਪਣੀ ਦਿਸ਼ਾ ਬਦਲਦੇ ਹਨ ਜਿਸ ਨੂੰ ਲਹਿਰਾਂ ਇੱਕ ਪਾਸਿਉਂ ਦੂਸਰੇ ਪਾਸੇ ਲੈ ਜਾਂਦੀਆਂ ਹਨ। ਅਸੀਂ ਉਨ੍ਹਾਂ ਉਪਦੇਸ਼ਾਂ ਤੋਂ ਪ੍ਰਭਾਵਿਤ ਨਹੀਂ ਹੋਵਾਂਗੇ ਜੋ ਅਸੀਂ ਉਨ੍ਹਾਂ ਲੋਕਾਂ ਤੋਂ ਪ੍ਰਾਪਤ ਕਰਦੇ ਹਾਂ ਜੋ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਆਦਮੀ ਲੋਕਾਂ ਨੂੰ ਗਲਤ ਰਾਹੇ ਪਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਗਲਤ ਰਾਹ ਸੁਝਾਉਂਦੇ ਹਨ। 15 ਨਹੀਂ। ਅਸੀਂ ਪ੍ਰੇਮ ਵਿੱਚ ਸੱਚ ਬੋਲਾਂਗੇ। ਅਸੀਂ ਹਰ ਰਾਹੇ ਮਸੀਹ ਦੀ ਤਰ੍ਹਾਂ ਬਨਣ ਲਈ ਵੱਧਾਂਗੇ। ਮਸੀਹ ਸਿਰ ਹੈ ਅਤੇ ਅਸੀਂ ਸਰੀਰ ਹਾਂ। 16 ਸਮੁੱਚਾ ਸਰੀਰ ਮਸੀਹ ਉੱਪਰ ਨਿਰਭਰ ਹੈ। ਅਤੇ ਸਰੀਰ ਦੇ ਸਾਰੇ ਅੰਗ ਜੁੜੇ ਹੋਏ ਅਤੇ ਇਕੱਠੇ ਹਨ। ਸਰੀਰ ਦਾ ਹਰ ਅੰਗ ਆਪਣਾ ਕੰਮ ਕਰਦਾ ਹੈ। ਅਤੇ ਇਸ ਤਰ੍ਹਾਂ ਸੰਪੂਰਣ ਸਰੀਰ ਵੱਧਦਾ ਹੈ ਅਤੇ ਪ੍ਰੇਮ ਵਿੱਚ ਮਜ਼ਬੂਤ ਹੁੰਦਾ ਹੈ।
ਜਿਸ ਢੰਗ ਨਾਲ ਤੁਹਾਨੂੰ ਜਿਉਣਾ ਚਾਹੀਦਾ
17 ਪ੍ਰਭੂ ਲਈ ਮੈਂ ਤੁਹਾਨੂੰ ਦੱਸਦਾ ਹਾਂ ਅਤੇ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ; ਅਵਿਸ਼ਵਾਸੀਆਂ ਵਾਂਗ ਜਿਉਣ ਵਿੱਚ ਸਥਿਰ ਨਾ ਰਹੋ। ਉਨ੍ਹਾਂ ਦੇ ਵਿੱਚਾਰ ਕਿਸੇ ਕੰਮ ਦੇ ਨਹੀਂ ਹਨ। 18 ਉਨ੍ਹਾਂ ਲੋਕਾਂ ਦੇ ਮਨ ਹਨੇਰਮਈ ਹੋ ਗਏ ਹਨ। ਉਹ ਕੁਝ ਨਹੀਂ ਜਾਣਦੇ, ਕਿਉਂਕਿ ਉਹ ਸੁਣਨ ਤੋਂ ਇਨਕਾਰੀ ਹਨ। ਇਸ ਲਈ ਉਹ ਜੀਵਨ ਨਹੀਂ ਪ੍ਰਾਪਤ ਕਰ ਸੱਕਦੇ ਜਿਹੜਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ। 19 ਉਨ੍ਹਾਂ ਨੇ ਆਪਣੀ ਸ਼ਰਮਸਾਰੀ ਦੀ ਭਾਵਨਾ ਗੁਆ ਲਈ ਹੈ। ਉਹ ਆਪਣੇ ਜੀਵਨ ਬਦੀ ਕਰਨ ਲਈ ਇਸਤੇਮਾਲ ਕਰਦੇ ਹਨ। ਉਹ ਹਰ ਪ੍ਰਕਾਰ ਦੀਆਂ ਵੱਧ ਤੋਂ ਵੱਧ ਬਦਕਾਰੀਆਂ ਕਰਨੀਆਂ ਚਾਹੁੰਦੇ ਹਨ। 20 ਪਰ ਜਿਹੜੀਆਂ ਗੱਲਾਂ ਤੁਸੀਂ ਮਸੀਹ ਵਿੱਚ ਸਿੱਖੀਆਂ ਹਨ ਉਹ ਉਨ੍ਹਾਂ ਮੰਦੀਆਂ ਗੱਲਾਂ ਵਰਗੀਆਂ ਨਹੀਂ ਹਨ। 21 ਮੈਂ ਜਾਣਦਾ ਹਾਂ ਕਿ ਤੁਸੀਂ ਉਸ ਬਾਰੇ ਸੁਣ ਚੁੱਕੇ ਹੋ। ਅਤੇ ਕਿਉਂ ਜੋ ਤੁਸੀਂ ਉਸ ਵਿੱਚ ਹੋ, ਉਸਦਾ ਸੱਚ ਤੁਹਾਨੂੰ ਸਿੱਖਾਇਆ ਗਿਆ। ਹਾਂ ਸੱਚ ਯਿਸੂ ਵਿੱਚ ਹੈ। 22 ਤੁਹਾਨੂੰ ਆਪਣੇ ਪੁਰਾਣੇ ਆਪੇ ਦਾ ਤਿਆਗ ਕਰਨਾ ਸਿੱਖਾਇਆ ਗਿਆ ਸੀ। ਇਸਦਾ ਅਰਥ ਹੈ ਕਿ ਤੁਹਾਨੂੰ ਉਸ ਤਰ੍ਹਾਂ ਦੇ ਮੰਦੇ ਢੰਗ ਨਾਲ ਜਿਉਣਾ ਛੱਡ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਜਿਉਂ ਰਹੇ ਸੀ। ਉਹ ਪੁਰਾਣਾ ਆਪਾ ਬਦਤਰ ਬਣਦਾ ਜਾਂਦਾ ਹੈ, ਕਿਉਂ ਜੋ ਲੋਕ ਉਨ੍ਹਾਂ ਬਦਕਾਰੀਆਂ ਦੁਆਰਾ ਗੁਮਰਾਹ ਹੋ ਗਏ ਹਨ ਜਿਹੜੀਆਂ ਉਹ ਕਰਨੀਆਂ ਚਾਹੁੰਦੇ ਹਨ। 23 ਪਰ ਤੁਹਾਨੂੰ ਆਪਣੇ ਦਿਲਾਂ ਵਿੱਚ ਅਤੇ ਮਨਾਂ ਵਿੱਚ ਨਵੇਂ ਬਣਨ ਲਈ ਸਿੱਖਾਇਆ ਗਿਆ ਹੈ। 24 ਤੁਹਾਨੂੰ ਇੱਕ ਨਵੇਂ ਵਿਅਕਤੀ ਬਣਨ ਲਈ ਸਿੱਖਾਇਆ ਗਿਆ ਹੈ। ਇਹ ਨਵਾਂ ਵਿਅਕਤੀ ਪਵਿੱਤਰ ਅਤੇ ਧਾਰਮਿਕਤਾ ਨਾਲ ਰਹਿਣ ਲਈ ਪਰਮੇਸ਼ੁਰ ਵਰਗਾ ਬਣਾਇਆ ਗਿਆ ਹੈ।
25 ਤੁਹਾਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ। “ਤੁਹਾਨੂੰ ਹਮੇਸ਼ਾ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ” [a] ਕਿਉਂਕਿ ਅਸੀਂ ਇੱਕੋ ਸਰੀਰ ਵਿੱਚ ਇੱਕ ਦੂਸਰੇ ਦੇ ਅੰਗ ਹਾਂ। 26 “ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਤਾਂ ਆਪਣੇ ਕ੍ਰੋਧ ਨੂੰ ਪਾਪ ਕਰਾਉਣ ਦਾ ਕਾਰਣ ਨਾ ਬਨਣ ਦਿਓ” [b] ਸਾਰਾ ਦਿਨ ਕ੍ਰੋਧ ਕਰਨਾ ਜਾਰੀ ਨਾ ਰੱਖੋ। 27 ਸ਼ੈਤਾਨ ਨੂੰ ਕੋਈ ਅਜਿਹਾ ਰਾਹ ਨਾ ਦਿਓ ਜਿਹੜਾ ਤੁਹਾਨੂੰ ਹਰਾ ਸੱਕੇ। 28 ਜੇ ਕੋਈ ਚੋਰੀ ਕਰ ਰਿਹਾ ਹੈ ਤਾਂ ਉਸ ਨੂੰ ਚੋਰੀ ਕਰਨੀ ਛੱਡ ਦੇਣੀ ਚਾਹੀਦੀ ਹੈ। ਇਸਦੀ ਜਗ਼੍ਹਾ ਉਸ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਉਸ ਨੂੰ ਆਪਣੇ ਹੱਥਾਂ ਦੀ ਵਰਤੋਂ ਚੰਗੇ ਕੰਮ ਕਰਨ ਲਈ ਕਰਨੀ ਚਾਹੀਦੀ ਹੈ। ਫ਼ੇਰ ਉਸ ਦੇ ਕੋਲ ਗਰੀਬ ਲੋਕਾਂ ਨਾਲ ਸਾਂਝਾ ਕਰਨ ਲਈ ਕੁਝ ਨਾ ਕੁਝ ਹੋਵੇਗਾ।
29 ਜਦੋਂ ਤੁਸੀਂ ਬੋਲੋਂ ਤੁਹਾਨੂੰ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ। ਪਰ ਉਹ ਗੱਲਾਂ ਕਰੋ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੈ, ਉਹ ਗੱਲਾਂ ਜਿਹੜੀਆਂ ਹੋਰਾਂ ਲੋਕਾਂ ਨੂੰ ਮਜ਼ਬੂਤ ਬਣਨ ਵਿੱਚ ਸਹਾਈ ਹੋਣ। ਇਹ ਗੱਲਾਂ ਤੁਹਾਡੇ ਸੁਣਨ ਵਾਲਿਆਂ ਦੀ ਸਹਾਇਤਾ ਕਰਨਗੀਆਂ। 30 ਪਵਿੱਤਰ ਆਤਮਾ ਨੂੰ ਉਦਾਸ ਨਾ ਬਣਾਓ। ਆਤਮਾ ਇਸ ਗੱਲ ਦਾ ਪ੍ਰਮਾਣ ਹੈ ਕਿ ਤੁਸੀਂ ਪਰਮੇਸ਼ੁਰ ਦੇ ਹੋ। ਪਰਮੇਸ਼ੁਰ ਨੇ ਇਹ ਆਤਮਾ ਤੁਹਾਨੂੰ ਇਹ ਦਰਸ਼ਾਉਣ ਲਈ ਦਿੱਤਾ ਸੀ ਕਿ ਪਰਮੇਸ਼ੁਰ ਤੁਹਾਨੂੰ ਢੁੱਕਵੇਂ ਸਮੇਂ ਆਜ਼ਾਦ ਕਰੇਗਾ। 31 ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਆਪਣੇ ਆਪ ਤੋਂ ਦੂਰ ਕਰ ਦੇਵੋ। 32 ਦਿਆਲੂ ਬਣੋ ਅਤੇ ਦੂਸਰਿਆਂ ਨੂੰ ਪਿਆਰ ਕਰਦੇ ਰਹੋ। ਇੱਕ ਦੂਸਰੇ ਨੂੰ ਉਸੇ ਤਰ੍ਹਾਂ ਮਾਫ਼ ਕਰ ਦਿਓ ਜਿਵੇਂ ਪਰਮੇਸ਼ੁਰ ਨੇ ਮਸੀਹ ਵਿੱਚ ਤੁਹਾਨੂੰ ਮੁਆਫ਼ ਕੀਤਾ ਹੈ।
2010 by World Bible Translation Center