Old/New Testament
ਚੰਗੇ ਅੰਜੀਰ ਅਤੇ ਬੁਰੇ ਅੰਜੀਰ
24 ਯਹੋਵਾਹ ਨੇ ਮੈਨੂੰ ਇਹ ਚੀਜ਼ਾਂ ਦਰਸਾਈਆਂ: ਮੈਂ ਯਹੋਵਾਹ ਦੇ ਮੰਦਰ ਦੇ ਸਾਹਮਣੇ ਅੰਜੀਰਾਂ ਦੇ ਸਜਾਏ ਹੋਏ ਦੋ ਟੋਕਰੇ ਦੇਖੇ। (ਮੈਂ ਇਹ ਦਰਸ਼ਨ ਉਦੋਂ ਦੇਖਿਆ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਕਾਨਯਾਹ ਨੂੰ ਕੈਦੀ ਬਣਾਇਆ ਸੀ। ਯਕਾਨਯਾਹ ਰਾਜੇ ਯਹੋਯਾਕੀਮ ਦਾ ਪੁੱਤਰ ਸੀ। ਯਕਾਨਯਾਹ ਅਤੇ ਉਸ ਦੇ ਮਹੱਤਵਪੂਰਣ ਅਧਿਕਾਰੀਆਂ ਨੂੰ ਯਰੂਸ਼ਲਮ ਤੋਂ ਬਾਹਰ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਬਾਬਲ ਲਿਜਾਇਆ ਗਿਆ ਸੀ ਨਬੂਕਦਨੱਸਰ ਯਹੂਦਾਹ ਦੇ ਸਾਰੇ ਤਰੱਖਾਣਾਂ ਅਤੇ ਧਾਤ ਦੇ ਕਾਮਿਆਂ ਨੂੰ ਵੀ ਲੈ ਗਿਆ ਸੀ।) 2 ਇੱਕ ਟੋਕਰੀ ਵਿੱਚ ਬਹੁਤ ਚੰਗੇ ਅੰਜੀਰ ਸਨ। ਉਹ ਅੰਜੀਰ ਉਹੋ ਜਿਹੇ ਸਨ ਜਿਹੜੇ ਰੁੱਤ ਵਿੱਚ ਅਗੇਤੇ ਪੱਕ ਜਾਂਦੇ ਹਨ। ਪਰ ਦੂਸਰੇ ਟੋਕਰੇ ਅੰਦਰ ਸੜੇ ਹੋਏ ਅੰਜੀਰ ਪਏ ਸਨ ਉਹ ਇੰਨੇ ਸੜੇ ਹੋਏ ਸਨ ਕਿ ਖਾਣ ਦੇ ਯੋਗ ਨਹੀਂ ਸਨ।
3 ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ ਤੈਨੂੰ ਕੀ ਦਿਖਾਈ ਦਿੰਦਾ ਹੈ?”
ਮੈਂ ਜਵਾਬ ਦਿੱਤਾ, “ਮੈਨੂੰ ਅੰਜੀਰ ਦਿਖਾਈ ਦਿੰਦੇ ਹਨ। ਚੰਗੇ ਅੰਜੀਰ ਬਹੁਤ ਚੰਗੇ ਹਨ। ਅਤੇ ਸੜੇ ਹੋਏ ਅੰਜੀਰ ਬਹੁਤ ਸੜੇ ਹੋਏ ਹਨ। ਉਹ ਇੰਨੇ ਸੜੇ ਹੋਏ ਹਨ ਕਿ ਖਾਧੇ ਨਹੀਂ ਜਾ ਸੱਕਦੇ।”
4 ਫ਼ੇਰ ਯਹੋਵਾਹ ਦਾ ਸੰਦੇਸ਼ ਮੈਨੂੰ ਮਿਲਿਆ। 5 ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ, “ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਬਾਹਰ ਲਿਜਾਇਆ ਗਿਆ। ਉਨ੍ਹਾਂ ਦਾ ਦੁਸ਼ਮਣ ਉਨ੍ਹਾਂ ਨੂੰ ਬਾਬਲ ਲੈ ਗਿਆ। ਉਹ ਲੋਕ ਇਨ੍ਹਾਂ ਚੰਗੇ ਅੰਜੀਰਾਂ ਵਰਗੇ ਹੋਣਗੇ। ਮੈਂ ਉਨ੍ਹਾਂ ਲੋਕਾਂ ਉੱਪਰ ਮਿਹਰ ਕਰਾਂਗਾ। 6 ਮੈਂ ਉਨ੍ਹਾਂ ਦੀ ਰੱਖਿਆ ਕਰਾਂਗਾ। ਮੈਂ ਉਨ੍ਹਾਂ ਨੂੰ ਯਹੂਦਾਹ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਚੀਰਾਂਗਾ ਨਹੀਂ-ਮੈਂ ਉਨ੍ਹਾਂ ਦੀ ਉਸਾਰੀ ਕਰਾਂਗਾ। ਮੈਂ ਉਨ੍ਹਾਂ ਨੂੰ ਖਿੱਚਾਂਗਾ ਨਹੀਂ-ਮੈਂ ਉਨ੍ਹਾਂ ਨੂੰ ਬੀਜਾਂਗਾ ਤਾਂ ਜੋ ਵੱਧ ਸੱਕਣ। 7 ਮੈਂ ਉਨ੍ਹਾਂ ਦੇ ਅੰਦਰ ਮੈਨੂੰ ਜਾਨਣ ਦੀ ਇੱਛਾ ਪੈਦਾ ਕਰ ਦਿਆਂਗਾ। ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਉਹ ਮੇਰੇ ਬੰਦੇ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਬਾਬਲ ਵਿੱਚਲੇ ਉਹ ਕੈਦੀ ਆਪਣੇ ਪੂਰੇ ਮਨਾਂ ਨਾਲ ਮੇਰੇ ਵੱਲ ਮੁੜਨਗੇ।
8 “ਪਰ ਯਹੂਦਾਹ ਦਾ ਰਾਜਾ ਸਿਦਕੀਯਾਹ ਉਨ੍ਹਾਂ ਸੜੇ ਹੋਏ ਅੰਜੀਰਾਂ ਵਰਗਾ ਹੋਵੇਗਾ ਜੋ ਖਾਣ ਦੇ ਯੋਗ ਨਹੀਂ ਹਨ। ਸਿਦਕੀਯਾਹ, ਉਸ ਦੇ ਉੱਚ ਅਧਿਕਾਰੀ, ਉਹ ਸਾਰੇ ਲੋਕ ਜਿਹੜੇ ਯਰੂਸ਼ਲਮ ਵਿੱਚ ਬਚ ਜਾਣਗੇ ਅਤੇ ਯਹੂਦਾਹ ਦੇ ਉਹ ਲੋਕ ਜਿਹੜੇ ਮਿਸਰ ਵਿੱਚ ਰਹਿ ਰਹੇ ਹਨ, ਉਹ ਉਨ੍ਹਾਂ ਸੜੇ ਹੋਏ ਅੰਜੀਰਾਂ ਵਰਗੇ ਹੋਣਗੇ। 9 ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਉਹ ਸਜ਼ਾ ਸਾਰੀ ਧਰਤੀ ਦੇ ਲੋਕਾਂ ਨੂੰ ਭੈਭੀਤ ਕਰ ਦੇਵੇਗੀ। ਲੋਕ ਯਹੂਦਾਹ ਦੇ ਉਨ੍ਹਾਂ ਲੋਕਾਂ ਦਾ ਮਜ਼ਾਕ ਉਡਾਉਣਗੇ। ਲੋਕ ਉਨ੍ਹਾਂ ਬਾਰੇ ਚੁਟਕਲੇ ਜੋੜਨਗੇ। ਜਿਨ੍ਹਾਂ ਥਾਵਾਂ ਉੱਤੇ ਵੀ ਮੈਂ ਉਨ੍ਹਾਂ ਨੂੰ ਖਿੰਡਾਵਾਂਗਾ, ਲੋਕ ਉਨ੍ਹਾਂ ਨੂੰ ਸਰਾਪ ਦੇਣਗੇ। 10 ਮੈਂ ਉਨ੍ਹਾਂ ਦੇ ਖਿਲਾਫ਼ ਤਲਵਾਰ, ਭੁੱਖ ਅਤੇ ਬਿਮਾਰੀ ਭੇਜਾਂਗਾ। ਮੈਂ ਉਨ੍ਹਾਂ ਉੱਤੇ ਉਦੋਂ ਤੀਕ ਹਮਲਾ ਕਰਾਂਗਾ ਜਦੋਂ ਤੀਕ ਉਹ ਸਾਰੇ ਮਰ ਨਹੀਂ ਜਾਂਦੇ। ਫ਼ੇਰ ਉਹ ਉਸ ਧਰਤੀ ਉੱਤੇ ਨਹੀਂ ਹੋਣਗੇ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।”
ਯਿਰਮਿਯਾਹ ਦੇ ਪ੍ਰਚਾਰ ਦਾ ਸਾਰ
25 ਇਹ ਉਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੂੰ ਯਹੂਦਾਹ ਦੇ ਸਾਰੇ ਲੋਕਾਂ ਨਾਲ ਸੰਬੰਧਿਤ ਮਿਲਿਆ। ਇਹ ਸੰਦੇਸ਼ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦੇ ਚੌਬੇ ਵਰ੍ਹੇ ਵਿੱਚ ਆਇਆ। ਯਹੋਯਾਕੀਮ ਯੋਸ਼ੀਯਾਹ ਦਾ ਪੁੱਤਰ ਸੀ। ਉਸ ਦੇ ਰਾਜ ਦਾ ਚੌਬਾ ਵਰ੍ਹਾ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਰਾਜ ਦਾ ਪਹਿਲਾ ਵਰ੍ਹਾ ਸੀ। 2 ਇਹ ਸੰਦੇਸ਼ ਸੀ ਜਿਹੜਾ ਨਬੀ ਯਿਰਮਿਯਾਹ ਨੇ ਯਹੂਦਾਹ ਦੇ ਸਮੂਹ ਲੋਕਾਂ ਅਤੇ ਯਰੂਸ਼ਲਮ ਦੇ ਸਮੂਹ ਲੋਕਾਂ ਨੂੰ ਸੁਣਾਇਆ।
3 ਮੈਂ ਤੁਹਾਨੂੰ ਇਨ੍ਹਾਂ 23 ਸਾਲਾਂ ਦੌਰਾਨ ਬਾਰ-ਬਾਰ ਯਹੋਵਾਹ ਦੇ ਸੰਦੇਸ਼ ਦਿੰਦਾ ਰਿਹਾ ਹਾਂ। ਮੈਂ ਯਹੂਦਾਹ ਦੇ ਰਾਜੇ, ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਰਾਜ ਦੇ 13 ਵੇਂ ਵਰ੍ਹੇ ਤੋਂ ਨਬੀ ਰਿਹਾ ਹਾਂ। ਉਦੋਂ ਤੋਂ ਲੈ ਕੇ ਹੁਣ ਤੀਕ ਮੈਂ ਤੁਹਾਨੂੰ ਯਹੋਵਾਹ ਦੇ ਸੰਦੇਸ਼ ਦਿੰਦਾ ਰਿਹਾ ਹਾਂ। ਪਰ ਤੁਸੀਂ ਸੁਣਿਆ ਨਹੀਂ। 4 ਯਹੋਵਾਹ ਨੇ ਤੁਹਾਡੇ ਵੱਲ ਆਪਣੇ ਸੇਵਕ ਨਬੀ ਬਾਰ-ਬਾਰ ਭੇਜੇ ਹਨ। ਪਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਤੁਸੀਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ।
5 ਉਨ੍ਹਾਂ ਨਬੀਆਂ ਨੇ ਆਖਿਆ ਸੀ, “ਬਦਲੋ ਆਪਣੀਆਂ ਜ਼ਿੰਦਗੀਆਂ! ਹਟ ਜਾਓ ਮੰਦੀਆਂ ਗੱਲਾਂ ਕਰਨ ਤੋਂ! ਜੇ ਤੁਸੀਂ ਬਦਲ ਜਾਓਗੇ, ਤਾਂ ਤੁਸੀਂ ਉਸ ਧਰਤੀ ਉੱਤੇ ਵਾਪਸ ਪਰਤ ਸੱਕੋਗੇ ਜਿਹੜੀ ਯਹੋਵਾਹ ਨੇ ਬਹੁਤ ਸਮਾਂ ਪਹਿਲਾਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਉਸ ਨੇ ਇਹ ਧਰਤੀ ਤੁਹਾਨੂੰ ਰਹਿਣ ਵਾਸਤੇ ਸਦਾ ਲਈ ਦਿੱਤੀ ਸੀ। 6 ਹੋਰਨਾਂ ਦੇਵਤਿਆਂ ਦੇ ਅਨੁਯਾਈ ਨਾ ਬਣੋ। ਉਨ੍ਹਾਂ ਦੀ ਸੇਵਾ ਜਾਂ ਉਪਾਸਨਾ ਨਾ ਕਰੋ। ਉਨ੍ਹਾਂ ਬੁੱਤਾਂ ਦੀ ਉਪਾਸਨਾ ਨਾ ਕਰੋ ਜਿਨ੍ਹਾਂ ਨੂੰ ਕਿਸੇ ਬੰਦੇ ਨੇ ਬਣਾਇਆ ਹੈ। ਇਹ ਗੱਲ ਸਿਰਫ਼ ਮੈਨੂੰ ਤੁਹਾਡੇ ਲਈ ਗੁੱਸਾ ਦਿਵਾਉਂਦੀ ਹੈ। ਇਹ ਗੱਲ ਕਰਕੇ ਤੁਸੀਂ ਸਿਰਫ਼ ਆਪਣੇ ਆਪ ਨੂੰ ਦੁੱਖ ਦਿੰਦੇ ਹੋ।”
7 “ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ”-ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਕਿਸੇ ਨੇ ਬਣਾਇਆ ਸੀ। ਅਤੇ ਇਸ ਨਾਲ ਮੈਨੂੰ ਗੁੱਸਾ ਚੜ੍ਹਿਆ। ਅਤੇ ਇਸਨੇ ਸਿਰਫ਼ ਤੁਹਾਨੂੰ ਦੁੱਖ ਦਿੱਤਾ।”
8 ਇਸ ਲਈ, ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਤੁਸੀਂ ਮੇਰੇ ਸੰਦੇਸ਼ਾਂ ਨੂੰ ਨਹੀਂ ਸੁਣਿਆ। 9 ਇਸ ਲਈ ਛੇਤੀ ਹੀ ਮੈਂ ਉੱਤਰ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਸੱਦਾਂਗਾ” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਛੇਤੀ ਹੀ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ। ਉਹ ਮੇਰਾ ਸੇਵਕ ਹੈ। ਮੈਂ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੀ ਧਰਤੀ ਅਤੇ ਯਹੂਦਾਹ ਦੇ ਲੋਕਾਂ ਦੇ ਖਿਲਾਫ਼ ਸੱਦ ਲਿਆਵਾਂਗਾ। ਮੈਂ ਉਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਵੀ ਸੱਦ ਬੁਲਾਵਾਂਗਾ। ਮੈਂ ਉਨ੍ਹਾਂ ਸਾਰੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਧਰਤੀਆਂ ਨੂੰ ਹਮੇਸ਼ਾ ਲਈ ਸਖਣੇ ਮਾਰੂਬਲ ਵਾਂਗ ਬਣਾ ਦਿਆਂਗਾ। ਲੋਕ ਉਨ੍ਹਾਂ ਦੇਸ਼ਾਂ ਨੂੰ ਦੇਖਣਗੇ, ਅਤੇ ਇਹ ਦੇਖਕੇ ਸੀਟੀਆਂ ਮਾਰਨਗੇ ਕਿ ਉਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ। 10 ਮੈਂ ਉਨ੍ਹਾਂ ਥਾਵਾਂ ਉੱਤੇ ਖੁਸ਼ੀ ਮਨਾਉਣ ਦੀਆਂ ਆਵਾਜ਼ਾਂ ਨੂੰ ਖਤਮ ਕਰ ਦਿਆਂਗਾ। ਉੱਥੇ ਲਾੜੇ ਲਾੜੀ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਫ਼ੇਰ ਨਹੀਂ ਸੁਣਾਈ ਦੇਣਗੀਆਂ। ਮੈਂ ਲੋਕਾਂ ਦੇ ਆਟਾ ਪੀਹਣ ਦੀਆਂ ਆਵਾਜ਼ਾਂ ਨੂੰ ਦੂਰ ਕਰ ਦਿਆਂਗਾ। ਮੈਂ ਦੀਵੇ ਵਿੱਚੋਂ ਰੌਸ਼ਨੀ ਖੋਹ ਲਵਾਂਗਾ। 11 ਉਹ ਸਾਰਾ ਇਲਾਕਾ ਸਖਣਾ ਮਾਰੂਬਲ ਹੋਵੇਗਾ। ਉਹ ਸਾਰੇ ਲੋਕ 70 ਵਰ੍ਹਿਆਂ ਤੀਕ ਬਾਬਲ ਦੇ ਰਾਜੇ ਦੇ ਗੁਲਾਮ ਬਣੇ ਰਹਿਣਗੇ।
12 “ਪਰ ਜਦੋਂ 70 ਵਰ੍ਹੇ ਬੀਤ ਜਾਣਗੇ, ਮੈਂ ਬਾਬਲ ਦੇ ਰਾਜੇ ਨੂੰ ਸਜ਼ਾ ਦਿਆਂਗਾ। ਮੈਂ ਬਾਬਲ ਦੀ ਕੌਮ ਨੂੰ ਸਜ਼ਾ ਦਿਆਂਗਾ।” ਇਹ ਯਹੋਵਾਹ ਵੱਲੋਂ ਸੰਦੇਸ਼ ਹੈ-“ਮੈਂ ਬਾਬਲ ਵਾਸੀਆਂ ਦੀ ਧਰਤੀ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿਆਂਗਾ। ਮੈਂ ਉਸ ਧਰਤੀ ਨੂੰ ਸਦਾ ਲਈ ਮਾਰੂਬਲ ਬਣਾ ਦਿਆਂਗਾ। 13 ਮੈਂ ਆਖਿਆ ਹੈ ਕਿ ਬਾਬਲ ਉੱਤੇ ਬਹੁਤ ਸਾਰੀਆਂ ਮਾੜੀਆਂ ਗੱਲਾਂ ਵਾਪਰਨਗੀਆਂ। ਉਹ ਸਾਰੀਆਂ ਗੱਲਾਂ ਵਾਪਰਨਗੀਆਂ। ਯਿਰਮਿਯਾਹ ਨੇ ਉਨ੍ਹਾਂ ਵਿਦੇਸ਼ੀ ਕੌਮਾਂ ਬਾਰੇ ਪ੍ਰਚਾਰ ਕੀਤਾ ਸੀ। ਅਤੇ ਉਹ ਸਾਰੀਆਂ ਚੇਤਾਵਨੀਆਂ ਇਸ ਪੁਸਤਕ ਅੰਦਰ ਲਿਖੀਆਂ ਹੋਈਆਂ ਹਨ। 14 ਹਾਂ, ਬਾਬਲ ਦੇ ਲੋਕਾਂ ਨੂੰ ਬਹੁਤ ਕੌਮਾਂ ਅਤੇ ਬਹੁਤ ਮਹਾਨ ਰਾਜਿਆਂ ਦੀ ਸੇਵਾ ਕਰਨੀ ਪਵੇਗੀ। ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ ਦੀ ਉਹ ਸਜ਼ਾ ਦਿਆਂਗਾ ਜਿਸਦੇ ਉਹ ਅਧਿਕਾਰੀ ਹਨ।”
ਦੁਨੀਆਂ ਦੀਆਂ ਕੌਮਾਂ ਬਾਰੇ ਨਿਆਂ
15 ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਨੇ ਮੈਨੂੰ ਇਹ ਗੱਲਾਂ ਆਖੀਆਂ, “ਯਿਰਮਿਯਾਹ, ਮੇਰੇ ਹੱਥ ਵਿੱਚੋਂ ਮੇਰੇ ਗੁੱਸੇ ਦੀ ਮੈਅ ਨਾਲ ਭਰਿਆ ਹੋਇਆ ਇਹ ਪਿਆਲਾ ਫ਼ੜ ਲੈ। ਮੈਂ ਇਸ ਨੂੰ ਤੇਰੇ ਕੋਲ ਭੇਜੇ ਗਏ ਦੇਸਾਂ ਨੂੰ ਪਿਲਾਵਾਂਗਾ। 16 ਉਹ ਇਹ ਸ਼ਰਾਬ ਪੀਣਗੇ। ਫ਼ੇਰ ਉਹ ਉਲਟੀਆਂ ਕਰਨਗੇ ਅਤੇ ਪਾਗਲਾਂ ਵਾਲੀਆਂ ਹਰਕਤਾਂ ਕਰਨਗੇ। ਅਜਿਹਾ ਉਹ ਉਸ ਤਲਵਾਰ ਕਾਰਣ ਕਰਨਗੇ ਜਿਹੜੀ ਮੈਂ ਉਨ੍ਹਾਂ ਦੇ ਖਿਲਾਫ਼ ਭੇਜਾਂਗਾ।”
17 ਇਸ ਲਈ ਮੈਂ ਯਹੋਵਾਹ ਦੇ ਹੱਥੋਂ ਸ਼ਰਾਬ ਦਾ ਪਿਆਲਾ ਫ਼ੜ ਲਿਆ। ਮੈਂ ਉਨ੍ਹਾਂ ਕੌਮਾਂ ਵੱਲ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਉਸ ਪਿਆਲੇ ਵਿੱਚੋਂ ਸ਼ਰਾਬ ਪਿਲਾਈ। 18 ਇਹ ਸ਼ਰਾਬ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਲੋਕਾਂ ਲਈ ਪਾਕੇ ਦਿੱਤੀ। ਮੈਂ ਯਹੂਦਾਹ ਦੇ ਰਾਜਿਆਂ ਅਤੇ ਆਗੂਆਂ ਨੂੰ ਇਸ ਪਿਆਲੇ ਦੀ ਸ਼ਰਾਬ ਪਿਲਾਈ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਉਹ ਸੱਖਣਾ ਮਾਰੂਬਲ ਬਣ ਜਾਣ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਇਹ ਥਾਂ ਇੰਨੀ ਬੁਰੀ ਤਰ੍ਹਾਂ ਤਬਾਹ ਹੋ ਜਾਵੇ ਕਿ ਲੋਕ ਇਸ ਨੂੰ ਦੇਖਕੇ ਸੀਟੀਆਂ ਮਾਰਨ ਅਤੇ ਉਸ ਥਾਂ ਨੂੰ ਸਰਾਪ ਦੇਣ। ਅਤੇ ਅਜਿਹਾ ਹੀ ਵਾਪਰਿਆ-ਯਹੂਦਾਹ ਹੁਣ ਓਸੇ ਵਰਗਾ ਹੀ ਹੈ!
19 ਮੈਂ ਮਿਸਰ ਦੇ ਫਿਰਊਨ ਰਾਜੇ ਨੂੰ ਵੀ ਪਿਆਲੇ ਦੀ ਸ਼ਰਾਬ ਪਿਲਾਈ। ਮੈਂ ਉਸ ਦੇ ਅਧਿਕਾਰੀਆਂ, ਮਹੱਤਵਪੂਰਣ ਆਗੂਆਂ ਅਤੇ ਉਸ ਦੇ ਸਾਰੇ ਬੰਦਿਆਂ ਨੂੰ ਵੀ ਯਹੋਵਾਹ ਦੇ ਕਹਿਰ ਦੇ ਪਿਆਲੇ ਦੀ ਸ਼ਰਾਬ ਪਿਲਾਈ।
20 ਮੈਂ ਉਜ਼ ਦੇ ਸਾਰੇ ਮਿਸ਼ਰਿਤ ਲੋਕਾਂ ਨੂੰ ਅਤੇ ਸਾਰੇ ਰਾਜਿਆਂ ਨੂੰ ਉਸ ਪਿਆਲੇ ਦੀ ਸ਼ਰਾਬ ਪਿਲਾਈ।
ਮੈਂ ਫ਼ਿਲਸਤੀਨ ਦੇਸ ਦੇ ਰਾਜਿਆਂ ਨੂੰ ਪਿਆਲੇ ਦੀ ਸ਼ਰਾਬ ਪਿਲਾਈ। ਇਹ ਅਸ਼ਕਲੋਨ, ਅੱਜ਼ਾਹ, ਅਕਰੋਨ ਅਤੇ ਹੁਣ ਦੇ ਬਚੇ ਖੁਚੇ ਸ਼ਹਿਰ ਅਸ਼ਦੋਦ ਦੇ ਰਾਜੇ ਸਨ।
21 ਫ਼ੇਰ ਮੈਂ ਅਦੋਮ, ਮੋਆਬ ਅਤੇ ਅੰਮੋਨ ਦੇ ਲੋਕਾਂ ਨੂੰ ਪਿਆਲਾ ਪਿਲਾਇਆ।
22 ਮੈਂ ਸੂਰ ਅਤੇ ਸੀਦੋਨ ਦੇ ਰਾਜਿਆਂ ਨੂੰ ਪਿਆਲਾ ਪਿਲਾਇਆ।
ਮੈਂ ਦੂਰ ਦੁਰਾਡੇ ਦੇਸਾਂ ਦੇ ਸਾਰੇ ਰਾਜਿਆਂ ਨੂੰ ਵੀ ਪਿਆਲਾ ਪਿਲਾਇਆ। 23 ਮੈਂ ਦਦਾਨ, ਤੇਮਾ ਅਤੇ ਬੂਜ਼ ਦੇ ਲੋਕਾਂ ਨੂੰ ਪਿਆਲਾ ਪਿਲਾਇਆ ਮੈਂ ਉਨ੍ਹਾਂ ਸਾਰਿਆਂ ਨੂੰ ਵੀ ਪਿਆਲਾ ਪਿਲਾਇਆ ਜਿਹੜੇ ਆਪਣੀਆਂ ਪੁੜਪੜੀਆਂ ਦੇ ਵਾਲ ਕਟਦੇ ਨੇ। 24 ਮੈਂ ਅਰਬ ਦੇ ਸਾਰੇ ਰਾਜਿਆਂ ਨੂੰ ਪਿਆਲਾ ਪਿਲਾਇਆ। ਇਹ ਰਾਜੇ ਮਾਰੂਬਲ ਵਿੱਚ ਰਹਿੰਦੇ ਨੇ। 25 ਮੈਂ ਜ਼ਿਮਰੀ, ਏਲਾਮ ਅਤੇ ਮਾਦਾ ਦੇ ਸਾਰੇ ਰਾਜਿਆਂ ਨੂੰ ਪਿਆਲਾ ਪਿਲਾਇਆ। 26 ਮੈਂ ਉੱਤਰ ਦੇ ਸਾਰੇ ਰਾਜਿਆਂ, ਜਿਹੜੇ ਦੂਰ ਨੇੜੇ ਸਨ, ਨੂੰ ਪਿਆਲਾ ਪਿਲਾਇਆ। ਮੈਂ ਉਨ੍ਹਾਂ ਨੂੰ ਇੱਕ ਦੂਜੇ ਤੋਂ ਬਾਦ ਪਿਆਲਾ ਪਿਲਾਇਆ। ਮੈਂ ਉਨ੍ਹਾਂ ਸਾਰੇ ਰਾਜਾਂ ਨੂੰ ਯਹੋਵਾਹ ਦੇ ਕਹਿਰ ਦਾ ਪਿਆਲਾ ਪਿਲਾਇਆ ਜਿਹੜੇ ਧਰਤੀ ਉੱਤੇ ਹਨ। ਪਰ “ਸ਼ੇਸ਼ਾਕ” ਦਾ ਰਾਜਾ ਇਹ ਪਿਆਲਾ ਉਦੋਂ ਪੀਵੇਗਾ ਜਦੋਂ ਇਹ ਸਾਰੀਆਂ ਕੌਮਾਂ ਪੀਚੁਕਣਗੀਆਂ।
27 “ਯਿਰਮਿਯਾਹ, ਉਨ੍ਹਾਂ ਕੌਮਾਂ ਨੂੰ ਆਖ, ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ, ‘ਮੇਰੇ ਕਹਿਰ ਦੇ ਇਸ ਪਿਆਲੇ ਨੂੰ ਪੀਵੋ। ਇਸ ਨੂੰ ਪੀਕੇ ਬਦਮਸਤ ਹੋ ਜਾਵੋ ਅਤੇ ਉਲਟੀਆਂ ਕਰੋ! ਢਹਿ ਪਵੋ ਅਤੇ ਫ਼ੇਰ ਉੱਠੋ ਨਾ। ਉੱਠੋ ਨਾ ਕਿਉਂ ਕਿ ਮੈਂ ਤੁਹਾਡੇ ਮਾਰਨ ਲਈ ਤਲਵਾਰ ਭੇਜ ਰਿਹਾ ਹਾਂ।’
28 “ਉਹ ਲੋਕ ਤੁਹਾਡੇ ਹੱਥੋਂ ਪਿਆਲਾ ਲੈਣ ਤੋਂ ਇਨਕਾਰ ਕਰ ਦੇਣਗੇ। ਉਹ ਇਸ ਨੂੰ ਪੀਣ ਤੋਂ ਇਨਕਾਰ ਕਰ ਦੇਣਗੇ। ਪਰ ਤੁਸੀਂ ਉਨ੍ਹਾਂ ਨੂੰ ਆਖੋਗੇ, ‘ਸਰਬ ਸ਼ਕਤੀਮਾਨ ਯਹੋਵਾਹ ਇਹ ਗੱਲਾਂ ਆਖਦਾ ਹੈ: ਤੁਸੀਂ ਅਵੱਸ਼ ਇਸ ਪਿਆਲੇ ਨੂੰ ਪੀਵੋਗੇ! 29 ਮੈਂ ਪਹਿਲਾਂ ਹੀ ਯਰੂਸ਼ਲਮ, ਉੱਤੇ ਇਹ ਮਾੜੀਆਂ ਘਟਨਾਵਾਂ ਦੇ ਵਾਪਰਨ ਦਾ ਹੁਕਮ ਦੇ ਰਿਹਾ ਹਾਂ, ਉਸ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਨਾਲ ਸੱਦਿਆ ਜਾਂਦਾ ਹੈ। ਸ਼ਾਇਦ ਤੁਸੀਂ ਲੋਕ ਸੋਚੋ ਕਿ ਤੁਹਾਨੂੰ ਸਜ਼ਾ ਨਹੀਂ ਮਿਲੇਗੀ। ਪਰ ਤੁਸੀਂ ਗ਼ਲਤ ਹੋ। ਤੁਹਾਨੂੰ ਸਜ਼ਾ ਮਿਲੇਗੀ। ਮੈਂ ਧਰਤੀ ਦੇ ਸਾਰੇ ਲੋਕਾਂ ਉੱਤੇ ਹਮਲਾ ਕਰਨ ਲਈ ਤਲਵਾਰ ਨੂੰ ਸੱਦਾ ਦੇ ਰਿਹਾ ਹਾਂ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
30 “ਯਿਰਮਿਯਾਹ, ਤੁਸੀਂ ਉਨ੍ਹਾਂ ਨੂੰ ਇਹ ਸੰਦੇਸ਼ ਦੇਵੋਗੇ:
‘ਯਹੋਵਾਹ ਉੱਪਰੋਂ ਕੂਕਦਾ ਹੈ।
ਉਹ ਆਪਣੇ ਪਵਿੱਤਰ ਮੰਦਰ ਤੋਂ ਕੂਕਦਾ ਹੈ!
ਯਹੋਵਾਹ ਆਪਣੇ ਲੋਕਾਂ ਉੱਤੇ ਕੂਕਦਾ ਹੈ!
ਉਸ ਦੀਆਂ ਕੂਕਾਂ ਉਨ੍ਹਾਂ ਲੋਕਾਂ ਦੇ ਗੀਤ ਵਰਗੀਆਂ ਉੱਚੀਆਂ ਨੇ ਜਿਹੜੇ ਮੈਅ ਲਈ, ਅੰਗੂਰਾਂ ਦੀ ਘਾਣੀ ਕਰਦੇ ਨੇ।
31 ਧਰਤੀ ਦੇ ਸਾਰੇ ਲੋਕਾਂ ਤੀਕ ਸ਼ੋਰ ਫ਼ੈਲਦਾ ਹੈ।
ਇਹ ਸ਼ੋਰ ਕਿਸ ਬਾਰੇ ਹੈ?
ਯਹੋਵਾਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ।
ਯਹੋਵਾਹ ਸਾਰੇ ਲੋਕਾਂ ਦੇ ਦੇਸ਼ਾਂ ਵਿਰੁੱਧ ਮੁਕੱਦਮਾਂ ਦਾਖਿਲ ਕਰ ਰਿਹਾ ਹੈ।
ਉਸ ਨੇ ਲੋਕਾਂ ਦਾ ਨਿਆਂ ਕੀਤਾ ਹੈ।
ਅਤੇ ਉਹ ਦੋਸ਼ੀ ਲੋਕਾਂ ਨੂੰ ਤਲਵਾਰ ਨਾਲ ਮਾਰ ਰਿਹਾ ਹੈ।’”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
32 ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ,
“ਬਿਪਤਾਵਾਂ ਛੇਤੀ ਹੀ ਇੱਕ ਦੇਸ਼
ਤੋਂ ਦੂਸਰੇ ਦੇਸ਼ ਵੱਲ ਫ਼ੈਲਣਗੀਆਂ।
ਉਹ ਧਰਤੀ ਦੇ ਸਾਰੇ ਦੂਰ-ਦੁਰਾਡੇ ਬਾਂਵਾਂ
ਉੱਤੇ ਤਾਕਤਵਰ ਤੂਫ਼ਾਨ ਵਾਂਗ ਆਉਣਗੀਆਂ!”
33 ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਦੇਸ਼ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੀਕ ਪਹੁੰਚ ਜਾਣਗੀਆਂ। ਕੋਈ ਬੰਦਾ ਵੀ ਉਨ੍ਹਾਂ ਮਰੇ ਹੋਇਆਂ ਲਈ ਨਹੀਂ ਰੋਵੇਗਾ। ਕੋਈ ਵੀ ਬੰਦਾ ਉਨ੍ਹਾਂ ਦੀਆਂ ਲਾਸ਼ਾਂ ਨੂੰ ਨਹੀਂ ਸਮੇਟੇਗਾ ਅਤੇ ਦਫ਼ਨ ਨਹੀਂ ਕਰੇਗਾ। ਉਹ ਗੋਹੇ ਵਾਂਗ ਧਰਤੀ ਉੱਤੇ ਪਈਆਂ ਰਹਿਣਗੀਆਂ।
34 ਅਯਾਲੀਓ ਤੁਹਾਨੂੰ ਭੇਡਾਂ (ਲੋਕਾਂ) ਦੀ ਅਗਵਾਈ ਕਰਨੀ ਚਾਹੀਦੀ ਹੈ।
ਵੱਡੇ ਆਗੂਓ ਰੋਣਾ ਸ਼ੁਰੂ ਕਰ ਦਿਓ!
ਤੁਸੀਂ ਭੇਡਾਂ (ਲੋਕਾਂ) ਦੇ ਆਗੂਓ ਦਰਦ ਨਾਲ ਧਰਤੀ ਉੱਤੇ ਲੇਟਣੀਆਂ ਖਾਓ।
ਕਿਉਂ? ਕਿਉਂ ਕਿ ਹੁਣ ਤੁਹਾਡੇ ਕਤਲ ਦਾ ਸਮਾਂ ਆ ਗਿਆ ਹੈ।
ਯਹੋਵਾਹ ਤੁਹਾਡੀਆਂ ਭੇਡਾਂ ਨੂੰ ਖਿੰਡਾ ਦੇਵੇਗਾ।
ਉਹ ਹਰ ਥਾਂ, ਟੁੱਟੇ ਘੜੇ ਦੀਆਂ ਠੀਕਰੀਆਂ ਵਾਂਗ ਖਿੰਡ ਜਾਣਗੇ।
35 ਅਯਾਲੀਆਂ ਲਈ ਲੁਕਣ ਦੀ ਕੋਈ ਥਾਂ ਨਹੀਂ ਹੋਵੇਗੀ।
ਉਹ ਆਗੂ ਬਚਕੇ ਨਹੀਂ ਜਾਣਗੇ।
36 ਮੈਂ ਅਯਾਲੀਆਂ (ਆਗੂਆਂ) ਦਾ ਸ਼ੋਰ ਸੁਣਦਾ ਹਾਂ।
ਮੈਂ ਭੇਡਾਂ ਦੇ ਆਗੂਆਂ ਨੂੰ ਰੋਦਿਆਂ ਸੁਣਦਾ ਹਾਂ।
ਯਹੋਵਾਹ ਉਨ੍ਹਾਂ ਦੀਆਂ ਚਰਾਂਦਾਂ (ਦੇਸ਼) ਨੂੰ ਤਬਾਹ ਕਰ ਰਿਹਾ ਹੈ।
37 ਉਹ ਸ਼ਾਂਵਾਪਰਿਆ ਕਿ
ਯਹੋਵਾਹ ਕਹਿਰਵਾਨ ਹੈ।
38 ਯਹੋਵਾਹ ਖਤਰਨਾਕ ਸ਼ੇਰ ਵਰਗਾ ਹੈ, ਆਪਣੇ ਮਾਂਦ ਵਿੱਚੋਂ ਨਿਕਲ ਰਿਹਾ,
ਯਹੋਵਾਹ ਕਹਿਰਵਾਨ ਹੈ!
ਇਹ ਕਹਿਰ ਉਨ੍ਹਾਂ ਲੋਕਾਂ ਨੂੰ ਜ਼ਖਮੀ ਕਰੇਗਾ।
ਉਨ੍ਹਾਂ ਦਾ ਦੇਸ਼ ਸੱਖਣਾ ਮਾਰੂਬਲ ਹੋਵੇਗਾ।
ਮੰਦਰ ਵਿਖੇ ਯਿਰਮਿਯਾਹ ਦਾ ਸਬਕ
26 ਯਹੋਵਾਹ ਵੱਲੋਂ ਇਹ ਸੰਦੇਸ਼ ਉਦੋਂ ਆਇਆ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਪਹਿਲਾ ਵਰ੍ਹਾ ਸੀ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। 2 ਯਹੋਵਾਹ ਨੇ ਆਖਿਆ, “ਯਿਰਮਿਯਾਹ, ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਖਲੋ ਜਾ। ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਵੀਂ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਉਪਾਸਨਾ ਲਈ ਆ ਰਹੇ ਹਨ। ਉਨ੍ਹਾਂ ਨੂੰ ਉਹ ਹਰ ਗੱਲ ਆਖੀਂ ਜਿਹੜੀ ਮੈਂ ਤੈਨੂੰ ਆਖਣ ਲਈ ਕਹਿੰਦਾ ਹਾਂ। ਸੰਦੇਸ਼ ਦਾ ਕੋਈ ਵੀ ਹਿੱਸਾ ਛੱਡੀ ਨਾ। 3 ਸ਼ਾਇਦ ਉਹ ਲੋਕ ਮੇਰਾ ਸੰਦੇਸ਼ ਸੁਣਨ ਅਤੇ ਇਸ ਨੂੰ ਮੰਨ ਲੈਣ। ਸ਼ਾਇਦ ਉਹ ਇਹੋ ਜਿਹਾ ਮੰਦਾ ਜੀਵਨ ਜਿਉਣਾ ਛੱਡ ਦੇਣ। ਜੇ ਉਹ ਬਦਲ ਜਾਂਦੇ ਹਨ ਤਾਂ ਸ਼ਾਇਦ ਮੈਂ ਵੀ ਉਨ੍ਹਾਂ ਨੂੰ ਸਜ਼ਾ ਦੇਣ ਦੀਆਂ ਵਿਉਂਤਾ ਬਾਰੇ ਆਪਣਾ ਮਨ ਬਦਲ ਲਵਾਂ। ਮੈਂ ਇਸ ਸਜ਼ਾ ਦੀ ਯੋਜਨਾ ਇਸ ਲਈ ਬਣਾ ਰਿਹਾ ਹਾਂ ਕਿਉਂ ਕਿ ਉਨ੍ਹਾਂ ਲੋਕਾਂ ਨੇ ਬਹੁਤ ਮੰਦੇ ਕੰਮ ਕੀਤੇ ਹਨ। 4 ਤੂੰ ਉਨ੍ਹਾਂ ਨੂੰ ਆਖੀਂ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਤੁਹਾਨੂੰ ਆਪਣੀ ਬਿਵਸਬਾ ਦਿੱਤੀ ਸੀ। ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ ਅਤੇ ਮੇਰੀ ਬਿਵਸਬਾ ਉੱਤੇ ਅਮਲ ਕਰਨਾ ਚਾਹੀਦਾ ਹੈ। 5 ਤੁਹਾਨੂੰ ਉਹ ਗੱਲਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ ਜੋ ਮੇਰੇ ਸੇਵਕ ਤੁਹਾਨੂੰ ਆਖਦੇ ਹਨ। (ਨਬੀ ਮੇਰੇ ਸੇਵਕ ਹਨ।) ਮੈਂ ਤੁਹਾਡੇ ਵੱਲ ਬਾਰ-ਬਾਰ ਨਬੀ ਭੇਜੇ, ਪਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। 6 ਜੇ ਤੁਸੀਂ ਮੇਰਾ ਹੁਕਮ ਨਹੀਂ ਮੰਨੋਗੇ ਤਾਂ ਮੈਂ ਯਰੂਸ਼ਲਮ ਵਿੱਚਲੇ ਆਪਣੇ ਮੰਦਰ ਨੂੰ ਸ਼ੀਲੋਹ ਦੇ ਆਪਣੇ ਪਵਿੱਤਰ ਤੰਬੂ ਵਰਗਾ ਬਣਾ ਦਿਆਂਗਾ। ਸਾਰੀ ਦੁਨੀਆਂ ਦੇ ਲੋਕ ਯਰੂਸ਼ਲਮ ਬਾਰੇ ਸੋਚਣਗੇ ਜਦੋਂ ਉਹ ਹੋਰਨਾਂ ਸ਼ਹਿਰਾਂ ਉੱਤੇ ਮੰਦੀਆਂ ਗੱਲਾਂ ਵਾਪਰਨ ਦੀ ਮੰਗ ਕਰਨਗੇ।’”
7 ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਹੋਵਾਹ ਦੇ ਮੰਦਰ ਵਿੱਚ ਯਿਰਮਿਯਾਹ ਨੂੰ ਇਹ ਸ਼ਬਦ ਆਖਦਿਆਂ ਸੁਣਿਆ। 8 ਯਿਰਮਿਯਾਹ ਨੇ ਉਹ ਹਰ ਗੱਲ ਲੋਕਾਂ ਨੂੰ ਆਖਕੇ ਮੁਕਾਈ ਜਿਸ ਬਾਰੇ ਯਹੋਵਾਹ ਨੇ ਉਸ ਨੂੰ ਲੋਕਾਂ ਨੂੰ ਆਖਣ ਦਾ ਸੰਦੇਸ਼ ਦਿੱਤਾ ਸੀ। ਤਾਂ ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਫ਼ੜ ਲਿਆ। ਉਨ੍ਹਾਂ ਨੇ ਆਖਿਆ, “ਇਹ ਗੱਲਾਂ ਆਖਣ ਲਈ ਤੈਨੂੰ ਮੌਤ ਮਿਲੇਗੀ! 9 ਤੂੰ ਹੌਸਲਾ ਕਿਵੇਂ ਕੀਤਾ ਯਹੋਵਾਹ ਦੇ ਨਾਮ ਉੱਤੇ ਅਜਿਹਾ ਪ੍ਰਚਾਰ ਕਰਨ ਦਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਇਹ ਮੰਦਰ ਸ਼ੀਲੋਹ ਵਾਲੇ ਮੰਦਰ ਵਾਂਗ ਤਬਾਹ ਹੋ ਜਾਵੇਗਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਯਰੂਸ਼ਲਮ ਮਾਰੂਬਲ ਬਣ ਜਾਵੇਗਾ ਜਿੱਥੇ ਕੋਈ ਵੀ ਨਹੀਂ ਰਹੇਗਾ।” ਯਹੋਵਾਹ ਦੇ ਮੰਦਰ ਵਿੱਚ ਸਾਰੇ ਲੋਕ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।
10 ਹੁਣ ਯਹੂਦਾਹ ਦੇ ਹਾਕਮਾਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ ਜੋ ਇੱਥੇ ਵਾਪਰ ਰਹੀਆਂ ਸਨ। ਇਸ ਲਈ ਉਹ ਰਾਜੇ ਦੇ ਮਹਿਲ ਵਿੱਚੋਂ ਬਾਹਰ ਆ ਗਏ। ਉਹ ਯਹੋਵਾਹ ਦੇ ਮੰਦਰ ਵੱਲ ਗਏ। ਉੱਥੇ ਉਨ੍ਹਾਂ ਨੇ ਨਵੇਂ ਦਰਵਾਜ਼ੇ ਕੋਲ ਆਪਣੇ ਸਥਾਨ ਗ੍ਰਹਿਣ ਕਰ ਲੇ। ਨਵਾਂ ਦਰਵਾਜ਼ਾ ਯਹੋਵਾਹ ਦੇ ਮੰਦਰ ਵੱਲ ਜਾਣ ਵਾਲਾ ਦਰਵਾਜ਼ਾ ਹੈ। 11 ਤਾਂ ਜਾਜਕਾਂ ਅਤੇ ਨਬੀਆਂ ਨੇ ਹਾਕਮਾਂ ਅਤੇ ਹੋਰ ਸਾਰੇ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਆਖਿਆ, “ਯਿਰਮਿਯਾਹ ਨੂੰ ਮਾਰ ਦੇਣਾ ਚਾਹੀਦਾ ਹੈ। ਉਸ ਨੇ ਯਰੂਸ਼ਲਮ ਬਾਰੇ ਮੰਦੀਆਂ ਗੱਲਾਂ ਆਖੀਆਂ ਹਨ। ਤੁਸੀਂ ਉਸ ਨੂੰ ਇਹ ਗੱਲਾਂ ਆਖਦਿਆਂ ਸੁਣਿਆ।”
12 ਤਾਂ ਯਿਰਮਿਯਾਹ ਨੇ ਯਹੂਦਾਹ ਦੇ ਸਾਰੇ ਹਾਕਮਾਂ ਅਤੇ ਹੋਰ ਸਾਰੇ ਲੋਕਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਯਹੋਵਾਹ ਨੇ ਮੈਨੂੰ ਇਸ ਮੰਦਰ ਅਤੇ ਇਸ ਸ਼ਹਿਰ ਬਾਰੇ ਇਹ ਗੱਲਾਂ ਆਖਣ ਲਈ ਭੇਜਿਆ ਹੈ। ਹਰ ਉਹ ਗੱਲ ਜਿਹੜੀ ਤੁਸੀਂ ਸੁਣੀ ਹੈ ਉਹ ਯਹੋਵਾਹ ਵੱਲੋਂ ਹੈ। 13 ਤੁਹਾਨੂੰ ਲੋਕਾਂ ਨੂੰ ਅਵੱਸ਼ ਹੀ ਆਪਣੇ ਜੀਵਨ ਬਦਲਣੇ ਚਾਹੀਦੇ ਹਨ! ਤੁਹਾਨੂੰ ਨੇਕੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਮੰਨੋ। ਜੇ ਤੁਸੀਂ ਅਜਿਹਾ ਕਰੋਗੇ ਤਾਂ ਯਹੋਵਾਹ ਆਪਣਾ ਮਨ ਬਦਲ ਲਵੇਗਾ। ਯਹੋਵਾਹ ਉਹ ਮੰਦੀਆਂ ਗੱਲਾਂ ਨਹੀਂ ਕਰੇਗਾ ਜਿਨ੍ਹਾਂ ਬਾਰੇ ਉਸ ਨੇ ਤੁਹਾਨੂੰ ਆਖਿਆ ਹੈ। 14 ਜਿੱਥੇ ਤੀਕ ਮੇਰੀ ਗੱਲ ਹੈ, ਮੈਂ ਤੁਹਾਡੇ ਕਬਜ਼ੇ ਵਿੱਚ ਹਾਂ। ਮੇਰੇ ਨਾਲ ਓਹੀ ਸਲੂਕ ਕਰੋ ਜਿਹੜਾ ਤੁਸੀਂ ਚੰਗਾ ਅਤੇ ਠੀਕ ਸਮਝਦੇ ਹੋ। 15 ਪਰ ਜੇ ਤੁਸੀਂ ਮੈਨੂੰ ਮਾਰ ਦਿਓਗੇ, ਤਾਂ ਇੱਕ ਗੱਲ ਬਾਰੇ ਯਕੀਨ ਰੱਖਣਾ। ਤੁਸੀਂ ਇੱਕ ਬੇਗੁਨਾਹ ਬੰਦੇ ਨੂੰ ਮਾਰਨ ਦੇ ਦੋਸ਼ੀ ਹੋਵੋਗੇ। ਤੁਸੀਂ ਇਸ ਸ਼ਹਿਰ ਨੂੰ ਅਤੇ ਇਸਦੇ ਹਰ ਵਾਸੀ ਨੂੰ ਵੀ ਦੋਸ਼ੀ ਬਣਾ ਦਿਓਗੇ। ਯਹੋਵਾਹ ਨੇ ਸੱਚਮੁੱਚ ਮੈਨੂੰ ਤੁਹਾਡੇ ਵੱਲ ਭੇਜਿਆ ਹੈ। ਜਿਹੜਾ ਸੰਦੇਸ਼ ਤੁਸੀਂ ਸੁਣਿਆ ਹੈ ਓਹ ਯਹੋਵਾਹ ਵੱਲੋਂ ਹੀ ਹੈ।”
16 ਤਾਂ ਹਾਕਮ ਅਤੇ ਹੋਰ ਸਾਰੇ ਲੋਕ ਬੋਲੇ। ਉਨ੍ਹਾਂ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ, “ਯਿਰਮਿਯਾਹ ਨੂੰ ਮਾਰਨਾ ਨਹੀਂ ਚਾਹੀਦਾ। ਜਿਹੜੀਆਂ ਗੱਲਾਂ ਯਿਰਮਿਯਾਹ ਨੇ ਸਾਨੂੰ ਆਖੀਆਂ ਹਨ ਉਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੀ ਹਨ।”
17 ਤਾਂ ਕੁਝ ਬਜ਼ੁਰਗ ਖੜ੍ਹੇ ਹੋ ਗਏ ਅਤੇ ਲੋਕਾਂ ਨੂੰ ਕਹਿਣ ਲੱਗੇ। 18 ਉਨ੍ਹਾਂ ਨੇ ਆਖਿਆ, “ਨਬੀ ਮੀਕਾਹ ਮੋਰਸ਼ਤ ਸ਼ਹਿਰ ਦਾ ਸੀ। ਮੀਕਾਹ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਰਾਜ ਵੇਲੇ ਦਾ ਨਬੀ ਸੀ। ਮੀਕਾਹ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਆਖੀਆਂ: ‘ਸਰਬ-ਸ਼ਕਤੀਮਾਨ ਯਹੋਵਾਹ ਆਖਦਾ ਹੈ:
ਸੀਯੋਨ ਤਬਾਹ ਹੋ ਜਾਵੇਗਾ,
ਇਹ ਵਾਹਿਆ ਹੋਇਆ ਖੇਤ ਬਣ ਜਾਵੇਗਾ।
ਯਰੂਸ਼ਲਮ ਪੱਥਰ ਦਾ ਢੇਰ ਬਣ ਜਾਵੇਗਾ।
ਮੰਦਰ ਵਾਲੀ ਪਹਾੜੀ ਸੱਖਣੀ ਪਹਾੜੀ ਹੋਵੇਗੀ, ਜਿਸ ਉੱਪਰ ਝਾੜੀਆਂ ਉੱਗੀਆਂ ਹੋਣਗੀਆਂ।’ (A)
19 “ਹਿਜ਼ਕੀਯਾਹ ਯਹੂਦਾਹ ਦਾ ਰਾਜਾ ਸੀ। ਅਤੇ ਹਿਜ਼ਕੀਯਾਹ ਨੇ ਮੀਕਾਹ ਨੂੰ ਨਹੀਂ ਸੀ ਮਾਰਿਆ। ਯਹੂਦਾਹ ਦੇ ਕਿਸੇ ਬੰਦੇ ਨੇ ਵੀ ਮੀਕਾਹ ਨੂੰ ਨਹੀਂ ਸੀ ਮਾਰਿਆ। ਤੁਸੀਂ ਜਾਣਦੇ ਹੋ ਕਿ ਹਿਜ਼ਕੀਯਾਹ ਯਹੋਵਾਹ ਦੀ ਇੱਜ਼ਤ ਕਰਦਾ ਸੀ। ਉਹ ਯਹੋਵਾਹ ਨੂੰ ਪ੍ਰਸੰਨ ਕਰਨਾ ਚਾਹੁੰਦਾ ਸੀ। ਯਹੋਵਾਹ ਨੇ ਆਖਿਆ ਸੀ ਕਿ ਉਹ ਯਹੂਦਾਹ ਲਈ ਮੰਦੀਆਂ ਗੱਲਾਂ ਕਰੇਗਾ। ਪਰ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਆਪਣਾ ਇਰਾਦਾ ਬਦਲ ਲਿਆ। ਯਹੋਵਾਹ ਨੇ ਉਹ ਮੰਦੀਆਂ ਗੱਲਾਂ ਨਹੀਂ ਕੀਤੀਆਂ। ਜੇ ਅਸੀਂ ਯਿਰਮਿਯਾਹ ਨੂੰ ਦੁੱਖ ਪੁਚਾਵਾਂਗੇ, ਤਾਂ ਅਸੀਂ ਆਪਣੇ ਲਈ ਬਹੁਤ ਮੁਸੀਬਤਾਂ ਖੜੀਆਂ ਕਰ ਲਵਾਂਗੇ। ਅਤੇ ਉਹ ਮੁਸੀਬਤਾਂ ਸਾਡੇ ਆਪਣੇ ਕਸੂਰ ਕਰਕੇ ਆਉਣਗੀਆਂ।”
20 ਅਤੀਤ ਵਿੱਚ, ਇੱਕ ਹੋਰ ਬੰਦਾ ਸੀ ਜਿਹੜਾ ਯਹੋਵਾਹ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਸੀ। ਉਸਦਾ ਨਾਮ ਸੀ ਊਰੀਯਾਹ। ਉਹ ਸ਼ਮਅਯਾਹ ਨਾਮ ਦੇ ਬੰਦੇ ਦਾ ਪੁੱਤਰ ਸੀ। ਊਰੀਯਾਹ ਕਿਰਯਬ-ਯਆਰੀਮ ਸ਼ਹਿਰ ਦਾ ਸੀ। ਊਰੀਯਾਹ ਨੇ ਵੀ ਇੱਕ ਸ਼ਹਿਰ ਦੇ ਵਿਰੁੱਧ ਉਨ੍ਹਾਂ ਗੱਲਾਂ ਦਾ ਹੀ ਪ੍ਰਚਾਰ ਕੀਤਾ ਸੀ ਜਿਸਦਾ ਯਿਰਮਿਯਾਹ ਨੇ ਕੀਤਾ ਹੈ। 21 ਰਾਜੇ ਯਹੋਯਾਕੀਮ ਅਤੇ ਉਸ ਦੇ ਫ਼ੌਜੀ ਅਫ਼ਸਰਾਂ ਅਤੇ ਯਹੂਦਾਹ ਦੇ ਆਗੂਆਂ ਨੇ ਊਰੀਯਾਹ ਦੇ ਪ੍ਰਚਾਰ ਨੂੰ ਸੁਣਿਆ। ਉਹ ਬਹੁਤ ਗੁੱਸੇ ਹੋਏ। ਰਾਜਾ ਯਹੋਯਾਕੀਮ ਊਰੀਯਾਹ ਨੂੰ ਮਾਰਨਾ ਚਾਹੁੰਦਾ ਸੀ। ਊਰੀਯਾਹ ਭੈਭੀਤ ਸੀ ਇਸ ਲਈ ਉਹ ਬਚਕੇ ਮਿਸਰ ਦੇਸ਼ ਨੂੰ ਭੱਜ ਗਿਆ। 22 ਪਰ ਰਾਜੇ ਯਹੋਯਾਕੀਮ ਨੇ ਇੱਕ ਅਲਨਾਥਾਨ ਨਾਮ ਦੇ ਬੰਦੇ ਅਤੇ ਕੁਝ ਹੋਰ ਲੋਕਾਂ ਨੂੰ ਮਿਸਰ ਭੇਜਿਆ। ਅਲਨਾਥਾਨ ਅਕਬੋਰ ਨਾਂ ਦੇ ਇੱਕ ਬੰਦੇ ਦਾ ਪੁੱਤਰ ਸੀ। 23 ਉਨ੍ਹਾਂ ਲੋਕਾਂ ਨੇ ਊਰੀਯਾਹ ਨੂੰ ਮਿਸਰ ਵਿੱਚੋਂ ਲਿਆਂਦਾ। ਫ਼ੇਰ ਉਹ ਲੋਕ ਊਰੀਯਾਹ ਨੂੰ ਰਾਜੇ ਯਹੋਯਾਕੀਮ ਕੋਲ ਲੈ ਗਏ। ਯਹੋਯਾਕੀਮ ਨੇ ਊਰੀਯਾਹ ਨੂੰ ਤਲਵਾਰ ਨਾਲ ਕਤਲ ਕਰਨ ਦਾ ਹੁਕਮ ਦੇ ਦਿੱਤਾ। ਊਰੀਯਾਹ ਦੀ ਲਾਸ਼ ਨੂੰ ਉਸ ਕਬਰਿਸਤਾਨ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਗਰੀਬ ਲੋਕਾਂ ਨੂੰ ਦਫ਼ਨ ਕੀਤਾ ਜਾਂਦਾ ਸੀ।
24 ਉੱਥੇ ਇੱਕ ਮਹੱਤਵਪੂਰਣ ਆਦਮੀ ਸੀ ਜਿਸਦਾ ਨਾਮ ਸੀ ਸ਼ਾਫ਼ਾਨ ਦਾ ਪੁੱਤਰ ਅਹੀਕਾਮ। ਅਹੀਕਾਮ ਨੇ ਯਿਰਮਿਯਾਹ ਦੀ ਸਹਾਇਤਾ ਕੀਤੀ। ਇਸ ਲਈ ਅਹੀਕਾਮ ਨੇ ਯਿਰਮਿਯਾਹ ਨੂੰ ਜਾਜਕਾਂ ਅਤੇ ਨਬੀਆਂ ਹੱਥੋਂ ਕਤਲ ਹੋਣ ਤੋਂ ਬਚਾਇਆ।
ਸੱਚੇ ਉਪਦੇਸ਼ ਤੇ ਅਮਲ
2 ਤੀਤੁਸ, ਜਿੱਥੋਂ ਤੱਕ ਤੇਰਾ ਸਵਾਲ ਹੈ, ਤੈਨੂੰ ਲੋਕਾਂ ਨੂੰ ਉਹ ਗੱਲਾਂ ਸਿੱਖਾਉਣੀਆਂ ਚਾਹੀਦੀਆਂ ਹਨ ਜਿਹੜੀਆਂ ਉਨ੍ਹਾਂ ਲਈ ਸੱਚੇ ਉਪਦੇਸ਼ਾਂ ਦਾ ਅਨੁਸਰਣ ਕਰਨ ਲਈ ਜ਼ਰੂਰੀ ਹਨ। 2 ਵਡੇਰੀ ਉਮਰ ਦੇ ਆਦਮੀਆਂ ਨੂੰ ਸਵੈਂ ਕਾਬੂ ਰੱਖਣਾ, ਗੰਭੀਰ ਰਹਿਣਾ, ਅਤੇ ਸਿਆਣਾ ਹੋਣਾ ਸਿੱਖਾਓ। ਉਨ੍ਹਾਂ ਨੂੰ ਸੱਚੇ ਵਿਸ਼ਵਾਸ ਦਾ ਅਨੁਸਰਣ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਕੋਲ, ਪ੍ਰੇਮ ਅਤੇ ਧੀਰਜ ਹੋਣਾ ਚਾਹੀਦਾ ਹੈ।
3 ਵਡੇਰੀ ਉਮਰ ਦੀਆਂ ਔਰਤਾਂ ਨੂੰ ਵੀ ਆਪਣੇ ਜੀਵਨ ਢੰਗ ਵਿੱਚ ਪਵਿੱਤਰ ਹੋਣ ਦੇ ਉਪਦੇਸ਼ ਦਿਓ। ਉਨ੍ਹਾਂ ਨੂੰ ਦੂਸਰਿਆਂ ਬਾਰੇ ਮਾੜਾ ਨਾ ਬੋਲਣ ਜਾਂ ਬਹੁਤੀ ਮੈਅ ਨਾ ਪੀਣ ਦੇ ਉਪਦੇਸ਼ ਦਿਉ। ਉਨ੍ਹਾਂ ਔਰਤਾਂ ਨੂੰ ਚਾਹੀਦਾ ਹੈ ਕਿ ਚੰਗਿਆਈ ਦੇ ਉਪਦੇਸ਼ ਦੇਣ। 4 ਇਸ ਢੰਗ ਨਾਲ, ਉਹ ਜਵਾਨ ਔਰਤਾਂ ਨੂੰ ਆਪਣੇ ਪਤੀਆਂ ਅਤੇ ਬੱਚਿਆਂ ਨੂੰ ਪਿਆਰ ਕਰਨਾ ਸਿੱਖਾ ਸੱਕਦੇ ਹਨ। 5 ਉਹ ਜਵਾਨ ਔਰਤਾਂ ਨੂੰ ਸਿਆਣੀਆਂ ਅਤੇ ਸ਼ੁੱਧ ਗੱਲਾਂ, ਆਪਣੇ ਘਰਾਂ ਦੀ ਦੇਖ ਭਾਲ ਕਰਨੀ, ਅਤੇ ਆਪਣੇ ਪਤੀਆਂ ਨੂੰ ਆਗਿਆਕਾਰੀ ਹੋਣਾ ਸਿੱਖਾ ਸੱਕਦੀਆਂ ਹਨ। ਫ਼ੇਰ ਕੋਈ ਵਿਅਕਤੀ ਵੀ ਉਸ ਉਪਦੇਸ਼ ਦੀ ਆਲੋਚਨਾ ਨਹੀਂ ਕਰ ਸੱਕੇਗਾ ਜਿਹੜਾ ਸਾਨੂੰ ਪਰਮੇਸ਼ੁਰ ਨੇ ਪ੍ਰਦਾਨ ਕੀਤਾ ਹੈ।
6 ਉਸੇ ਤਰ੍ਹਾਂ ਜਵਾਨ ਆਦਮੀਆਂ ਨੂੰ ਵੀ ਸਿਆਣੇ ਉਪਦੇਸ਼ ਦੇਣੇ ਚਾਹੀਦੇ ਹਨ। 7 ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਤੁਸੀਂ ਨੌਜਵਾਨ ਲਈ ਹਰ ਤਰ੍ਹਾਂ ਨਾਲ ਇੱਕ ਮਿਸਾਲ ਬਣੋ ਜਦੋਂ ਤੁਸੀਂ ਉਪਦੇਸ਼ ਦੇਵੋ ਤਾਂ ਇਮਾਨਦਾਰ ਅਤੇ ਗੰਭੀਰ ਹੋਵੋ। 8 ਅਤੇ ਜਦੋਂ ਤੁਸੀਂ ਬੋਲੋ, ਤਾਂ ਸੱਚ ਦੱਸੋ ਤਾਂ ਜੋ ਤੁਹਾਡੀ ਆਲੋਚਨਾ ਨਾ ਹੋ ਸੱਕੇ। ਤਾਂ ਕੋਈ ਵੀ ਵਿਅਕਤੀ ਜਿਹੜਾ ਤੁਹਾਡੇ ਵਿਰੁੱਧ ਹੈ, ਸ਼ਰਮਸਾਰ ਹੋ ਜਾਵੇਗਾ ਕਿਉਂਕਿ ਉਸ ਦੇ ਕੋਲ ਸਾਡੇ ਵਿਰੁੱਧ ਬੋਲ ਸੱਕਣ ਲਈ ਕੁਝ ਨਹੀਂ ਹੋਵੇਗਾ।
9 ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਦੱਸੋ ਜਿਹੜੇ ਗੁਲਾਮ ਹਨ। ਉਨ੍ਹਾਂ ਨੂੰ ਹਰ ਵੇਲੇ ਆਪਣੇ ਮਾਲਕਾਂ ਦਾ ਹੁਕਮ ਮੰਨਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨਾਲ ਦਲੀਲਬਾਜ਼ੀ ਨਹੀਂ ਕਰਨੀ ਚਾਹੀਦੀ। 10 ਉਨ੍ਹਾਂ ਨੂੰ ਆਪਣੇ ਮਾਲਕਾਂ ਦੀ ਕੋਈ ਚੀਜ਼ ਚੋਰੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਸਬੂਤ ਦੇਣਾ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾਂ ਭਰੋਸੇਮੰਦ ਹਨ। ਗੁਲਾਮਾਂ ਨੂੰ ਇਹ ਗੱਲਾਂ ਆਪਣੇ ਸਭ ਕੰਮਾ ਵਿੱਚ ਕਰਨੀਆਂ ਚਾਹੀਦੀਆਂ ਹਨ ਤਾਂ, ਉਹ ਸਾਬਤ ਕਰ ਸੱਕਦੇ ਹਨ ਕਿ ਪਰਮੇਸ਼ੁਰ, ਸਾਡੇ ਮੁਕਤੀਦਾਤਾ, ਦੇ ਉਪਦੇਸ਼ ਚੰਗੇ ਹਨ।
11 ਉਨ੍ਹਾਂ ਨੂੰ ਇਸੇ ਤਰ੍ਹਾਂ ਜਿਉਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ੁਰ ਦੀ ਕਿਰਪਾ ਵਿਖਾਈ ਜਾ ਚੁੱਕੀ ਹੈ। ਇਹ ਕਿਰਪਾ ਹਰ ਵਿਅਕਤੀ ਨੂੰ ਬਚਾ ਸੱਕਦੀ ਹੈ। ਅਤੇ ਇਹ ਕਿਰਪਾ ਸਾਡੇ ਉੱਪਰ ਹੋਈ ਹੈ। 12 ਇਹ ਕਿਰਪਾ ਸਾਨੂੰ ਸਿੱਖਾਉਂਦੀ ਹੈ ਕਿ ਅਸੀਂ ਅਜਿਹਾ ਜੀਵਨ ਨਾ ਵਤੀਤ ਕਰੀਏ ਜਿਹੜਾ ਪਰਮੇਸ਼ੁਰ ਦੇ ਵਿਰੁੱਧ ਹੋਵੇ, ਅਤੇ ਉਹ ਮੰਦੀਆਂ ਗੱਲਾਂ ਨਾ ਕਰੀਏ ਜੋ ਦੁਨੀਆਂ ਕਰਨਾ ਚਾਹੁੰਦੀ ਹੈ। ਇਹ ਕਿਰਪਾ ਸਾਨੂੰ ਹੁਣ ਇਸ ਧਰਤੀ ਉੱਪਰ ਸਿਆਣਪ ਅਤੇ ਸਹੀ ਢੰਗ ਨਾਲ ਜਿਉਣਾ ਸਿੱਖਾਉਂਦੀ ਹੈ। ਜਿਹੜਾ ਇਹ ਦਰਸ਼ਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ। 13 ਉਦੋਂ ਜਦੋਂ ਕਿ ਅਸੀਂ ਆਪਣੇ ਮਹਾਨ ਪਰਮੇਸ਼ੁਰ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਆਮਦ ਦਾ ਇੰਤਜ਼ਾਰ ਕਰ ਰਹੇ ਸਾਂ, ਸਾਨੂੰ ਇਸੇ ਸਹੀ ਢੰਗ ਨਾਲ ਜਿਉਣਾ ਚਾਹੀਦਾ ਹੈ। ਉਹ ਸਾਡੀ ਮਹਾਨ ਆਸ ਹੈ ਅਤੇ ਉਹ ਮਹਿਮਾ ਨਾਲ ਆਵੇਗਾ। 14 ਉਸ ਨੇ ਸਾਡੇ ਲਈ ਆਪਣੀ ਕੁਰਬਾਨੀ ਦਿੱਤੀ, ਤਾਂ ਕਿ ਉਹ ਸਾਨੂੰ ਹਰ ਬੁਰੀ ਸ਼ੈਅ ਤੋਂ ਬਚਾ ਸੱਕੇ ਅਤੇ ਸਾਨੂੰ ਪਵਿੱਤਰ ਬੰਦੇ ਬਣਾ ਸੱਕੇ ਜਿਹੜੇ ਸਿਰਫ਼ ਉਸੇ ਦੇ ਹਨ, ਅਤੇ ਜਿਹੜੇ ਹਰ ਵੇਲੇ ਚੰਗੇ ਕੰਮ ਕਰਨਾ ਚਾਹੁੰਦੇ ਹਨ।
15 ਲੋਕਾਂ ਨੂੰ ਇਹ ਗੱਲਾਂ ਦੱਸੋ। ਤੁਹਾਡੇ ਕੋਲ ਪੂਰਾ ਅਧਿਕਾਰ ਹੈ। ਇਸ ਲਈ ਇਸ ਅਧਿਕਾਰ ਨੂੰ ਲੋਕਾਂ ਦੀ ਸਹਾਇਤਾ ਕਰਨ ਲਈ ਅਤੇ ਜੇਕਰ ਉਹ ਗਲਤ ਹਨ ਉਨ੍ਹਾਂ ਨੂੰ ਸਹੀ ਕਰਨ ਲਈ ਵਰਤੋ। ਅਤੇ ਕਿਸੇ ਵਿਅਕਤੀ ਨੂੰ ਵੀ ਆਪਣੇ ਨਾਲ ਅਜਿਹਾ ਵਿਹਾਰ ਨਾ ਕਰਨ ਦਿਉ ਕਿ ਜਿਵੇਂ ਤੁਹਾਡਾ ਕੋਈ ਮਹੱਤਵ ਹੀ ਨਹੀਂ।
2010 by World Bible Translation Center