Old/New Testament
ਪਰਮੇਸ਼ੁਰ ਆਪਣੇ ਦੁਸਮਣਾਂ ਨੂੰ ਸਜ਼ਾ ਦੇਵੇਗਾ
34 ਸਾਰੀਆਂ ਕੌਮਾਂ ਦੇ ਲੋਕੋ, ਨੇੜੇ ਆਓ ਤੇ ਸੁਣੋ! ਤੁਹਾਨੂੰ ਸਮੂਹ ਲੋਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਧਰਤੀ ਅਤੇ ਧਰਤੀ ਉੱਤੇ ਰਹਿਣ ਵਾਲੇ ਸਮੂਹ ਲੋਕਾਂ ਨੂੰ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਹਨ। 2 ਯਹੋਵਾਹ ਸਮੂਹ ਕੌਮਾਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਨਾਲ ਨਾਰਾਜ਼ ਹੈ। ਯੋਹਵਾਹ ਉਨ੍ਹਾਂ ਸਭਨਾਂ ਨੂੰ ਤਬਾਹ ਕਰ ਦੇਵੇਗਾ। ਉਹ ਉਨ੍ਹਾਂ ਸਾਰਿਆਂ ਨੂੰ ਮਾਰ ਮੁਕਾਵੇਗਾ। 3 ਉਨ੍ਹਾਂ ਦੀਆਂ ਲਾਸ਼ਾਂ ਬਾਹਰ ਸੁੱਟ ਦਿੱਤੀਆਂ ਜਾਣਗੀਆਂ। ਲਾਸ਼ਾਂ ਵਿੱਚੋਂ ਦੁਰਗੰਧ ਉੱਠੇਗੀ ਅਤੇ ਪਹਾੜਾਂ ਤੋਂ ਖੂਨ ਵਗੇਗਾ। 4 ਅਕਾਸ਼ ਕਿਸੇ ਪੱਤ੍ਰੀ ਵਾਂਗ ਲਪੇਟ ਦਿੱਤੇ ਜਾਣਗੇ। ਅਤੇ ਸਿਤਾਰੇ ਮਰ ਜਾਣਗੇ ਅਤੇ ਕਿਸੇ ਵੇਲ ਜਾਂ ਅੰਜੀਰ ਦੇ ਰੁੱਖ ਦੇ ਸੁੱਕੇ ਪਤਿਆਂ ਵਾਂਗ ਡਿੱਗ ਪੈਣਗੇ। ਅਕਾਸ਼ ਦੇ ਸਭ ਤਾਰੇ ਪਿਘਲ ਜਾਣਗੇ। 5 ਯਹੋਵਾਹ ਆਖਦਾ ਹੈ, “ਅਜਿਹਾ ਓਦੋਁ ਵਾਪਰੇਗਾ ਜਦੋਂ ਅਕਾਸ਼ ਵਿੱਚ ਮੇਰੀ ਤਲਵਾਰ ਖੂਨ ਨਾਲ ਲਬਪਬ ਹੋ ਜਾਵੇਗੀ।”
ਦੇਖੋ! ਯਹੋਵਾਹ ਦੀ ਤਲਵਾਰ ਅਦੋਮ ਦੇ ਆਰ-ਪਾਰ ਹੋ ਜਾਵੇਗੀ। ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ ਮਰਨਾ ਪੈਣਾ ਹੈ। 6 ਕਿਉਂ ਕਿ ਯਹੋਵਾਹ ਕੋਲ ਭੇਡਾਂ ਅਤੇ ਬੱਕਰੀਆਂ ਦੀਆਂ ਕਾਫ਼ੀ ਬਲੀਆਂ ਸਨ ਅਤੇ ਉਸ ਨੇ ਨਿਆਂ ਕੀਤਾ ਸੀ ਕਿ ਬਾਸਰਾਹ ਅਤੇ ਅਦੋਮ ਵਿੱਚ ਬਲੀਆਂ ਦਾ ਇੱਕ ਸਮਾਂ ਹੋਵੇਗਾ। 7 ਇਸ ਲਈ ਭੇਡੂ, ਪਸ਼ੂ ਅਤੇ ਤਾਕਤਵਰ ਬਲਦ ਮਾਰੇ ਜਾਣਗੇ। ਧਰਤੀ ਉੱਤੇ ਉਨ੍ਹਾਂ ਦਾ ਖੂਨ ਫ਼ੈਲ ਜਾਵੇਗਾ। ਮਿੱਟੀ ਉਨ੍ਹਾਂ ਦੀ ਚਰਬੀ ਨਾਲ ਭਰ ਜਾਵੇਗੀ।
8 ਉਹ ਗੱਲਾਂ ਵਾਪਰਨਗੀਆਂ ਕਿਉਂ ਕਿ ਯਹੋਵਾਹ ਨੇ ਸਜ਼ਾ ਦਾ ਸਮਾਂ ਚੁਣ ਲਿਆ ਹੈ। ਯਹੋਵਾਹ ਨੇ ਉਸ ਸਾਲ ਦੀ ਚੋਣ ਕਰ ਲਈ ਹੈ ਜਦੋਂ ਲੋਕਾਂ ਨੂੰ ਸੀਯੋਨ ਨਾਲ ਕੀਤੀਆਂ ਵੱਧੀਕੀਆਂ ਦਾ ਮੁੱਲ ਤਾਰਨਾ ਪਵੇਗਾ। 9 ਅਦੋਮ ਦੀਆਂ ਨਦੀਆਂ ਲੁੱਕ ਵਰਗੀਆਂ ਗਰਮ ਹੋਣਗੀਆਂ। ਅਦੋਮ ਦੀ ਧਰਤੀ ਬਲਦੀ ਗੰਧਕ ਵਾਂਗ ਹੋਵੇਗੀ। 10 ਅੱਗਾਂ ਦਿਨ ਰਾਤ ਬਲਣਗੀਆਂ-ਕੋਈ ਵੀ ਬੰਦਾ ਅੱਗ ਨੂੰ ਰੋਕ ਨਹੀਂ ਸੱਕੇਗਾ। ਅਦੋਮ ਤੋਂ ਹਮੇਸ਼ਾ ਲਈ ਪੂੰਆਂ ਉੱਠੇਗਾ। ਧਰਤੀ ਨੂੰ ਹਮੇਸ਼ਾ-ਹਮੇਸ਼ਾ ਲਈ ਤਬਾਹ ਕਰ ਦਿੱਤਾ ਜਾਵੇਗਾ। ਕੋਈ ਵੀ ਬੰਦਾ ਕਦੇ ਉਸ ਧਰਤੀ ਵਿੱਚੋਂ ਹੋ ਕੇ ਨਹੀਂ ਲੰਘੇਗਾ। 11 ਪਂਛੀ ਅਤੇ ਛੋਟੇ ਜਾਨਵਰ ਉਸ ਧਰਤੀ ਦੇ ਮਾਲਕ ਹੋਣਗੇ। ਉੱਲੂ ਅਤੇ ਨਿਸ਼ਾਚਰ ਓੱਥੇ ਰਹਿਣਗੇ। ਉਸ ਧਰਤੀ ਨੂੰ “ਸੱਖਣਾ ਮਾਰੂਬਲ” ਆਖਿਆ ਜਾਵੇਗਾ। 12 ਕੁੱਲੀਨ ਲੋਕ ਅਤੇ ਆਗੂ ਸਾਰੇ ਹੀ ਚੱਲੇ ਜਾਣਗੇ। ਅਤੇ ਉਨ੍ਹਾਂ ਕੋਲ ਰਾਜ ਕਰਨ ਵਾਸਤੇ ਕੁਝ ਵੀ ਨਹੀਂ ਬਚੇਗਾ।
13 ਉੱਬੋਁ ਦੇ ਸਾਰੇ ਖੂਬਸੂਰਤ ਘਰਾਂ ਵਿੱਚ ਕੰਡੇ ਅਤੇ ਜੰਗਲੀ ਬੂਟੀਆਂ ਉੱਗਣਗੀਆਂ। ਉਨ੍ਹਾਂ ਘਰਾਂ ਵਿੱਚ ਅਵਾਰਾ ਕੁੱਤੇ ਅਤੇ ਉੱਲੂ ਰਹਿਣਗੇ। ਜੰਗਲੀ ਜਾਨਵਰ ਓੱਥੇ ਆਪਣੇ ਘਰ ਬਣਾ ਲੈਣਗੇ। ਵੱਡੇ ਪੰਛੀ ਉੱਥੇ ਉਗ੍ਗਦੀ ਘਾਹ ਵਿੱਚ ਰਹਿਣਗੇ। 14 ਅਵਾਰਾ ਬਿੱਲੀਆਂ ਓੱਥੇ ਲੂੰਬੜੀਆਂ ਨਾਲ ਰਹਿਣਗੀਆਂ। ਅਤੇ ਜੰਗਲੀ ਬੱਕਰੀਆਂ ਆਪਣੇ ਮਿੱਤਰਾਂ ਨੂੰ ਉੱਥੇ ਸੱਦ ਲੈਣਗੀਆਂ। ਉੱਥੇ ਰਾਤ ਦੇ ਜਾਨਵਰ ਅਰਾਮ ਕਰਨ ਲਈ ਥਾਂ ਲੱਭਣਗੇ। 15 ਸੱਪ ਓੱਥੇ ਆਪਣੀਆਂ ਖੁੱਡਾਂ ਬਣਾ ਲੈਣਗੇ। ਓੱਥੇ ਸਪਣੀਆਂ ਅੰਡੇ ਦੇਣਗੀਆਂ। ਅੰਡੇ ਪੱਕ ਜਾਣਗੇ ਅਤੇ ਉਨ੍ਹਾਂ ਵਿੱਚੋਂ ਸਪੋਲੀੇ ਨਿਕਲ ਕੇ ਹਨੇਰੀਆਂ ਥਾਵਾਂ ਉੱਤੇ ਘੁੰਮਣਗੇ। ਮੁਰਦਿਆਂ ਨੂੰ ਖਾਣ ਵਾਲੇ ਪੰਛੀ ਓੱਥੇ ਇਸ ਤਰ੍ਹਾਂ ਇਕੱਠੇ ਹੋ ਜਾਣਗੇ ਜਿਵੇਂ ਔਰਤਾਂ ਆਪਣੀਆਂ ਸਹੇਲੀਆਂ ਦੇ ਘਰੀਁ ਜਾਂਦੀਆਂ ਹਨ।
16 ਯਹੋਵਾਹ ਦੀ ਪੱਤ੍ਰੀ ਵੱਲ ਦੇਖੋ। ਪੜ੍ਹੋ ਉੱਥੇ ਕੀ ਲਿਖਿਆ ਹੋਇਆ ਹੈ। ਕੁਝ ਵੀ ਮਿਟਿਆ ਹੋਇਆ ਨਹੀਂ ਹੈ। ਉਸ ਪੱਤ੍ਰੀ ਵਿੱਚ ਇਹ ਲਿਖਿਆ ਹੈ ਕਿ ਉਹ ਜਾਨਵਰ ਸਾਰੇ ਇਕੱਠੇ ਹੋ ਜਾਣਗੇ। ਪਰਮੇਸ਼ੁਰ ਨੇ ਆਖਿਆ ਸੀ ਕਿ ਉਹ ਉਨ੍ਹਾਂ ਨੂੰ ਇਕੱਠਿਆਂ ਕਰੇਗਾ। ਇਸ ਲਈ ਪਰਮੇਸ਼ੁਰ ਦਾ ਆਤਮਾ ਉਨ੍ਹਾਂ ਨੂੰ ਇਕੱਠਿਆਂ ਕਰੇਗਾ। 17 ਪਰਮੇਸ਼ੁਰ ਨੇ ਨਿਆਂ ਕੀਤਾ ਕਿ ਉਸ ਨੂੰ ਉਨ੍ਹਾਂ ਨਾਲ ਕੀ ਕਰਨਾ ਚਾਹੀਦਾ ਹੈ। ਫ਼ੇਰ ਪਰਮੇਸ਼ੁਰ ਨੇ ਉਨ੍ਹਾਂ ਲਈ ਇੱਕ ਥਾਂ ਚੁਣੀ। ਪਰਮੇਸ਼ੁਰ ਨੇ ਇੱਕ ਲਕੀਰ ਖਿੱਚੀ ਅਤੇ ਉਨ੍ਹਾਂ ਨੂੰ ਆਪਣੀ ਧਰਤੀ ਦਿਖਾਈ। ਇਸ ਲਈ ਜਾਨਵਰ ਹਮੇਸ਼ਾ ਲਈ ਉਸ ਧਰਤੀ ਦੇ ਮਾਲਕ ਹੋਣਗੇ। ਉਹ ਉੱਥੇ ਵਰ੍ਹਿਆਂ ਬੱਧੀ ਰਹਿਣਗੇ।
ਪਰਮੇਸ਼ੁਰ ਆਪਣੇ ਲੋਕਾਂ ਨੂੰ ਹੌਸਲਾ ਦੇਵੇਗਾ
35 ਖੁਸ਼ਕ ਮਾਰੂਬਲ ਬਹੁਤ ਪ੍ਰਸੰਨ ਹੋ ਜਾਵੇਗਾ। ਮਾਰੂਬਲ ਖੁਸ਼ ਹੋਵੇਗਾ ਅਤੇ ਫ਼ੁੱਲ ਵਾਂਗ ਵੱਧੇ-ਫ਼ੁੱਲੇਗਾ। 2 ਮਾਰੂਬਲ ਖਿੜੇ ਹੋਏ ਫ਼ੁੱਲਾਂ ਨਾਲ ਭਰਪੂਰ ਹੋਵੇਗਾ ਅਤੇ ਆਪਣੀ ਖੁਸ਼ੀ ਜ਼ਾਹਰ ਕਰਨ ਲੱਗੇਗਾ। ਇਉਂ ਲੱਗੇਗਾ ਜਿਵੇਂ ਮਾਰੂਬਲ ਖੁਸ਼ੀ ਨਾਲ ਨੱਚ ਰਿਹਾ ਹੈ। ਮਾਰੂਬਲ ਲਬਾਨੋਨ ਦੇ ਜੰਗਲ, ਕਰਮਲ ਦੀ ਪਹਾੜੀ ਅਤੇ ਸ਼ਾਰੋਨ ਦੀ ਵਾਦੀ ਵਰਗਾ ਖੂਬਸੂਰਤ ਹੋਵੇਗਾ। ਇਹ ਇਸ ਲਈ ਵਾਪਰੇਗਾ ਕਿਉਂ ਕਿ ਸਮੂਹ ਲੋਕ ਯਹੋਵਾਹ ਦੀ ਪਰਤਾਪ ਦੇਖਣਗੇ। ਲੋਕ ਸਾਡੇ ਪਰਮੇਸ਼ੁਰ ਦੀ ਖੂਬਸੂਰਤੀ ਨੂੰ ਦੇਖਣਗੇ।
3 ਕਮਜ਼ੋਰ ਬਾਜ਼ੂਆਂ ਨੂੰ ਫ਼ੇਰ ਤਾਕਤਵਰ ਬਣਾਓ। ਕਮਜ਼ੋਰ ਗੋਡਿਆਂ ਨੂੰ ਫ਼ੇਰ ਮਜ਼ਬੂਤ ਬਣਾਓ। 4 ਲੋਕ ਭੈਭੀਤ ਹਨ ਅਤੇ ਉਲਝੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਆਖੋ, “ਤਕੜੇ ਬਣੋ! ਭੈਭੀਤ ਨਾ ਹੋਵੋ!” ਦੇਖੋ ਤੁਹਾਡਾ ਪਰਮੇਸ਼ੁਰ ਤੁਹਾਡੇ ਦੁਸ਼ਮਣਾਂ ਨੂੰ ਸਜ਼ਾ ਦੇਣ ਲਈ ਆਵੇਗਾ। ਉਹ ਆਵੇਗਾ ਅਤੇ ਤੁਹਾਨੂੰ ਤੁਹਾਡਾ ਇਨਾਮ ਦੇਵੇਗਾ। ਯਹੋਵਾਹ ਤੁਹਾਨੂੰ ਬਚਾਵੇਗਾ। 5 ਫ਼ੇਰ ਅੰਨ੍ਹੇ ਲੋਕ ਦੋਬਾਰਾ ਦੇਖ ਸੱਕਣਗੇ। ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਫ਼ੇਰ ਬੋਲੇ ਲੋਕ ਸੁਣ ਸੱਕਣਗੇ। ਉਨ੍ਹਾਂ ਦੇ ਕੰਨ ਖੁੱਲ੍ਹ ਜਾਣਗੇ। 6 ਵਿਕਲਾਂਗ ਲੋਕ ਹਿਰਨ ਵਾਂਗ ਨੱਚਣਗੇ। ਅਤੇ ਉਹ ਲੋਕ ਜਿਹੜੇ ਹੁਣ ਗੱਲ ਨਹੀਂ ਕਰ ਸੱਕਦੇ ਉਹ ਆਪਣੀ ਆਵਾਜ਼ ਵਿੱਚ ਖੁਸ਼ੀ ਦੇ ਗੀਤ ਗਾਉਣਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਮਾਰੂਬਲ ਵਿੱਚ ਪਾਣੀ ਦੇ ਝਰਨੇ ਵਗ ਤੁਰਨਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਚਸ਼ਮੇ ਵਗ ਪੈਣਗੇ। 7 ਉਸ ਸਮੇਂ, ਝੁਲਸੀ ਹੋਈ ਜ਼ਮੀਨ ਵਿੱਚ, ਅਸਲੀ ਪਾਣੀ ਦੇ ਤਲਾਅ ਹੋਣਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਖੂਹ ਹੋਣਗੇ। ਧਰਤੀ ਵਿੱਚੋਂ ਪਾਣੀ ਵਗੇਗਾ। ਪਾਣੀ ਦੇ ਲੰਮੇ ਪੌਦੇ ਉੱਥੇ ਉੱਗ ਪੈਣਗੇ ਜਿੱਥੇ ਕਦੇ ਜੰਗਲੀ ਜਾਨਵਰਾਂ ਦਾ ਰਾਜ ਸੀ।
8 ਉਸ ਸਮੇਂ ਓੱਥੇ ਇੱਕ ਸੜਕ ਹੋਵੇਗੀ। ਇਸ ਸ਼ਾਹ ਰਾਹ ਦਾ ਨਾਮ ਹੋਵੇਗਾ “ਪਵਿੱਤਰ ਮਾਰਗ” ਬੁਰੇ ਬੰਦਿਆਂ ਨੂੰ ਇਸ ਸੜਕ ਉੱਤੇ ਤੁਰਨ ਦੀ ਇਜਾਜ਼ਤ ਨਹੀਂ ਹੋਵੇਗੀ ਕੋਈ ਮੂਰਖ ਉਸ ਸੜਕ ਉੱਤੇ ਨਹੀਂ ਚੱਲੇਗਾ। ਸਿਰਫ਼ ਨੇਕ ਬੰਦੇ ਹੀ ਉਸ ਸੜਕ ਉੱਤੇ ਚੱਲਣਗੇ। 9 ਉਸ ਸੜਕ ਉੱਤੇ ਕੋਈ ਖਤਰਾ ਨਹੀਂ ਹੋਵੇਗਾ। ਉਸ ਸੜਕ ਉੱਤੇ ਲੋਕਾਂ ਨੂੰ ਦੁੱਖ ਪਹੁੰਚਾਣ ਵਾਲੇ ਸ਼ੇਰ ਨਹੀਂ ਹੋਣਗੇ। ਉਸ ਸੜਕ ਉੱਤੇ ਖਤਰਨਾਕ ਜਾਨਵਰ ਨਹੀਂ ਹੋਣਗੇ। ਉਹ ਸੜਕ ਉਨ੍ਹਾਂ ਲੋਕਾਂ ਲਈ ਹੋਵੇਗੀ ਜਿਨ੍ਹਾਂ ਨੂੰ ਪਰਮੇਸ਼ੁਰ ਬਚਾਉਂਦਾ ਹੈ।
10 ਪਰਮੇਸ਼ੁਰ ਆਪਣੇ ਲੋਕਾਂ ਨੂੰ ਆਜ਼ਾਦ ਕਰ ਦੇਵੇਗਾ! ਅਤੇ ਉਹ ਲੋਕ ਪਰਤ ਕੇ ਉਸ ਕੋਲ ਆ ਜਾਣਗੇ। ਜਦੋਂ ਲੋਕ ਸੀਯੋਨ ਵਿੱਚ ਆਉਣਗੇ ਤਾਂ ਖੁਸ਼ ਹੋਣਗੇ। ਉਹ ਲੋਕ ਸਦਾ ਲਈ ਖੁਸ਼ ਹੋਣਗੇ। ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੇ ਸਿਰ ਉੱਤੇ ਤਾਜ ਵਾਂਗ ਹੋਵੇਗੀ। ਉਨ੍ਹਾਂ ਦੀ ਖੁਸ਼ੀ ਅਤੇ ਆਨੰਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਰਪੂਰ ਕਰ ਦੇਣਗੇ। ਦੁੱਖ ਤੇ ਉਦਾਸੀ ਦੂਰ ਬਹੁਤ ਦੂਰ ਚਲੀ ਜਾਵੇਗੀ।
ਅੱਸ਼ੂਰ ਦੇ ਲੋਕ ਯਹੂਦਾਹ ਉੱਤੇ ਹਮਲਾ ਕਰਦੇ ਹਨ
36 ਰਾਜੇ ਹਿਜ਼ਕੀਯਾਹ ਦੇ ਰਾਜ ਦੇ ਚੌਦ੍ਹਵੇਂ ਵਰ੍ਹੇ ਵਿੱਚ ਅੱਸ਼ੂਰ ਦਾ ਰਾਜਾ ਸਨਹੇਰੀਬ ਯਹੂਦਾਹ ਦੇ ਸਾਰੇ ਮਜ਼ਬੂਤ ਸ਼ਹਿਰਾਂ ਦੇ ਵਿਰੁੱਧ ਲੜਨ ਲਈ ਗਿਆ। ਸਨਹੇਰੀਬ ਨੇ ਉਨ੍ਹਾਂ ਸ਼ਹਿਰਾਂ ਨੂੰ ਹਰਾ ਦਿੱਤਾ। 2 ਸਨਹੇਰੀਬ ਨੇ ਯਰੂਸ਼ਲਮ ਦੇ ਰਾਜੇ ਹਿਜ਼ਕੀਯਾਹ ਵੱਲ ਇੱਕ ਵੱਡੀ ਫ਼ੌਜ ਦੇ ਨਾਲ ਆਪਣੇ ਕਮਾਂਡਰ ਨੂੰ ਭੇਜਿਆ। ਕਮਾਂਡਰ ਅਤੇ ਉਸਦੀ ਫ਼ੌਜ ਲਾਕੀਸ਼ ਤੋਂ ਯਰੂਸ਼ਲਮ ਨੂੰ ਰਵਾਨਾ ਹੋ ਗਈ। ਉਹ ਪਾਣੀ ਵਾਲੀ ਇੱਕ ਖਾਈ ਨੇੜੇ ਉੱਪਰ ਤਲਾਅ ਉੱਤੇ ਰੁਕ ਗਏ। ਉੱਪਰਲਾ ਤਲਾਅ ਧੋਬੀਘਾਟ ਵਾਲੀ ਸੜਕ ਉੱਤੇ ਹੈ।
3 ਯਰੂਸ਼ਲਮ ਵਿੱਚੋਂ ਤਿੰਨ ਬੰਦੇ ਕਮਾਂਡਰ ਨਾਲ ਗੱਲ ਬਾਤ ਕਰਨ ਲਈ ਗਏ। ਇਹ ਬੰਦੇ ਸਨ ਹਿਲਕੀਆਹ ਦਾ ਪੁੱਤਰ ਅਲਯਾਕੀਮ, ਆਸਾਫ਼ ਦਾ ਪੁੱਤਰ ਯੋਆਹ ਅਤੇ ਸ਼ਬਨਾ। ਅਲਯਾਕੀਮ ਮਹਿਲਾਂ ਦਾ ਪ੍ਰਬੰਧਕ ਸੀ ਯੋਆਹ ਲੇਖਕਾਰ ਸੀ। ਅਤੇ ਸ਼ਬਨਾ ਸ਼ਾਹੀ ਸੱਕੱਤਰ ਸੀ।
4 ਕਮਾਂਡਰ ਨੇ ਉਨ੍ਹਾਂ ਨੂੰ ਆਖਿਆ, “ਹਿਜ਼ਕੀਯਾਹ ਨੂੰ ਆਖੋ ਕਿ ਅੱਸ਼ੂਰ ਦਾ ਮਹਾਨ ਰਾਜਾ ਇਹ ਆਖਦਾ ਹੈ,
“‘ਆਪਣੀ ਸਹਾਇਤਾ ਲਈ ਤੂੰ ਕਿਸ ਉੱਤੇ ਭਰੋਸਾ ਕਰ ਰਿਹਾ ਹੈਂ। 5 ਮੈਂ ਤੈਨੂੰ ਦੱਸਦਾ ਹਾਂ ਕਿ ਜੇ ਤੂੰ ਸ਼ਕਤੀ ਅਤੇ ਲੜਾਈ ਲਈ ਚੁਸਤ ਯੋਜਨਾਬੰਦੀ ਉੱਤੇ ਭਰੋਸਾ ਕਰ ਰਿਹਾ ਹੈਂ ਤਾਂ ਇਹ ਬੇਕਾਰ ਹੈ। ਇਹ ਹੋਰ ਕੁਝ ਨਹੀਂ ਸਿਰਫ਼ ਕੋਰੇ ਸ਼ਬਦ ਹਨ। ਹੁਣ ਮੈਂ ਤੈਨੂੰ ਪੁੱਛਦਾ ਹਾਂ ਕਿ ਤੂੰ ਕਿਸ ਉੱਤੇ ਇੰਨਾ ਭਰੋਸਾ ਕਰ ਰਿਹਾ ਹੈਂ ਕਿ ਤੂੰ ਮੇਰੇ ਖਿਲਾਫ਼ ਬਗ਼ਾਵਤ ਕਰਨ ਲਈ ਤਿਆਰ ਹੈਂ? 6 ਕੀ ਤੂੰ ਮਿਸਰ ਉੱਤੇ ਸਹਾਇਤਾ ਲਈ ਨਿਰਭਰ ਕਰ ਰਿਹਾ ਹੈਂ? ਮਿਸਰ ਤਾਂ ਟੁੱਟੀ ਹੋਈ ਸੋਟੀ ਵਰਗਾ ਹੈ। ਜੇ ਤੂੰ ਇਸਦੇ ਸਹਾਰੇ ਖੜ੍ਹਾ ਹੋਵੇਗਾ ਤਾਂ ਇਹ ਸਿਰਫ਼ ਤੈਨੂੰ ਨੁਕਸਾਨ ਪਹੁੰਚਾਵੇਗੀ ਅਤੇ ਤੇਰੇ ਹੱਥ ਵਿੱਚ ਛੇਕ ਕਰ ਦੇਵੇਗੀ। ਮਿਸਰ ਦੇ ਰਾਜੇ ਫ਼ਿਰਊਨ ਨੂੰ ਉੱਤੇ ਕੋਈ ਵੀ ਉਹ ਬੰਦੇ ਭਰੋਸਾ ਨਹੀਂ ਕਰ ਸੱਕਦੇ ਜਿਹੜੇ ਉਸ ਉੱਤੇ ਸਹਾਇਤਾ ਲਈ ਨਿਰਭਰ ਕਰਦੇ ਹਨ।
7 “‘ਪਰ ਸ਼ਾਇਦ ਤੁਸੀਂ ਆਖੋ, “ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਸਹਾਇਤਾ ਲਈ ਭਰੋਸਾ ਕਰ ਰਹੇ ਹਾਂ।” ਪਰ ਮੈਂ ਜਾਣਦਾ ਹਾਂ ਕਿ ਹਿਜ਼ਕੀਯਾਹ ਨੇ ਉਹਨ੍ਹਾਂ ਜਗਵੇਦੀਆਂ ਅਤੇ ਉੱਚੀਆਂ ਥਾਵਾਂ ਨੂੰ ਤਬਾਹ ਕੀਤਾ ਸੀ ਜਿੱਥੇ ਲੋਕ ਯਹੋਵਾਹ ਦੀ ਉਪਾਸਨਾ ਕਰਦੇ ਸਨ ਅਤੇ ਹਿਜ਼ਕੀਯਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਖਿਆ ਸੀ, “ਤੁਹਾਨੂੰ ਯਰੂਸ਼ਲਮ ਦੀ ਸਿਰਫ਼ ਇਸੇ ਹੀ ਇੱਕ ਜਗਵੇਦੀ ਉੱਤੇ ਉਪਾਸਨਾ ਕਰਨੀ ਚਾਹੀਦੀ ਹੈ।”
8 “‘ਜੇ ਤੁਸੀਂ ਹਾਲੇ ਵੀ ਲੜਨਾ ਚਾਹੁੰਦੇ ਹੋ ਤਾਂ ਅੱਸ਼ੂਰ ਦਾ ਰਾਜਾ, ਮੇਰਾ ਮਾਲਿਕ ਤੁਹਾਡੇ ਨਾਲ ਇਹ ਇਕਰਾਰਨਾਮਾ ਕਰੇਗਾ। ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਨੂੰ 2,000 ਘੋੜੇ ਦੇਵਾਂਗਾ ਜੇ ਤੁਸੀਂ ਉਨ੍ਹਾਂ ਘੋੜਿਆਂ ਉੱਤੇ ਸਵਾਰ ਹੋ ਕੇ ਲੜਾਈ ਜਾਣ ਵਾਲੇ ਇੰਨੇ ਬੰਦੇ ਲੱਭ ਸੱਕੋ। 9 ਪਰ ਫ਼ੇਰ ਵੀ ਤੁਸੀਂ ਮੇਰੇ ਮਾਲਕ ਦੇ ਸਭ ਤੋਂ ਛੋਟੇ ਦਰਜੇ ਦੇ ਅਧਿਕਾਰੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਨਹੀਂ ਹਰਾ ਸੱਕੋਗੇ! ਇਸ ਲਈ ਤੁਸੀਂ ਮਿਸਰ ਦੇ ਰੱਥਾਂ ਅਤੇ ਘੋੜਸਵਾਰ ਫ਼ੌਜੀਆਂ ਉੱਤੇ ਇੰਨਾ ਕਿਉਂ ਨਿਰਭਰ ਕਰ ਰਹੇ ਹੋ!
10 “‘ਹੁਣ, ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਇਸ ਦੇਸ਼ ਨੂੰ ਯਹੋਵਾਹ ਦੀ ਸਹਾਇਤਾ ਤੋਂ ਬਿਨਾਂ ਹੀ ਤਬਾਹ ਕਰਨ ਆਇਆ ਸਾਂ! ਨਹੀਂ! ਯਹੋਵਾਹ ਨੇ ਮੈਨੂੰ ਆਖਿਆ ਸੀ, “ਇਸ ਦੇਸ ਦੇ ਖਿਲਾਫ਼ ਚੜ੍ਹਾਈ ਕਰੋ ਅਤੇ ਇਸ ਨੂੰ ਤਬਾਹ ਕਰ ਦਿਓ।”’”
11 ਫ਼ੇਰ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਕਮਾਂਡਰ ਨੂੰ ਆਖਿਆ, “ਮਿਹਰਬਾਨੀ ਕਰਕੇ ਸਾਡੇ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ। ਅਸੀਂ ਉਸ ਭਾਸ਼ਾ ਨੂੰ ਸਮਝਦੇ ਹਾਂ। ਸਾਡੇ ਨਾਲ ਯਹੂਦਾਹ ਦੀ ਭਾਸ਼ਾ ਵਿੱਚ ਗੱਲ ਨਾ ਕਰੋ। ਕਿਉਂ ਕਿ ਫ਼ੇਰ ਸ਼ਹਿਰ ਦੀਆਂ ਦੀਵਾਰਾਂ ਉੱਤੇ ਖਲੋਤੇ ਲੋਕ ਤੁਹਾਡੀ ਗੱਲ ਸਮਝ ਜਾਣਗੇ।”
12 ਪਰ ਕਮਾਂਡਰ ਨੇ ਆਖਿਆ, “ਮੇਰੇ ਮਾਲਿਕ ਨੇ ਮੈਨੂੰ ਸਿਰਫ਼ ਤੁਹਾਡੇ ਨਾਲ ਅਤੇ ਤੁਹਾਡੇ ਮਾਲਿਕ ਨਾਲ ਹੀ ਗੱਲ ਕਰਨ ਵਾਸਤੇ ਨਹੀਂ ਭੇਜਿਆ। ਮੇਰੇ ਮਾਲਿਕ ਨੇ ਮੈਨੂੰ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਭੇਜਿਆ ਹੈ ਜਿਹੜੇ ਦੀਵਾਰ ਉੱਤੇ ਬੈਠੇ ਹੋਏ ਹਨ! ਉਨ੍ਹਾਂ ਬੰਦਿਆਂ ਕੋਲ ਖਾਣ ਪੀਣ ਲਈ ਕਾਫ਼ੀ ਨਹੀਂ ਹੋਵੇਗਾ ਉਹ ਵੀ ਤੁਹਾਡੇ ਵਾਂਗ ਹੀ ਆਪਣਾ ਗੂਂਹ ਮੂਤ ਖਾਣ ਪੀਣਗੇ।”
13 ਫ਼ੇਰ ਕਮਾਂਡਰ ਨੇ ਯਹੂਦੀ ਭਾਸ਼ਾ ਵਿੱਚ ਉੱਚੀ ਉੱਚੀ ਰੌਲਾ ਪਾਇਆ,
ਅੱਸ਼ੂਰ ਦੇ ਰਾਜੇ, ਮਹਾਨ ਰਾਜੇ ਵੱਲੋਂ ਇਹ ਸੰਦੇਸ਼ ਸੁਣੋ: 14 ਹਿਜ਼ਕੀਯਾਹ ਤੋਂ ਮੂਰਖ ਨਾ ਬਣੋ! ਉਹ ਤੁਹਾਨੂੰ ਮੇਰੀ ਸ਼ਕਤੀ ਤੋਂ ਨਹੀਂ ਬਚਾ ਸੱਕਦਾ! 15 ਹਿਜ਼ਕੀਯਾਹ ਵਿੱਚ ਵਿਸ਼ਵਾਸ ਨਾ ਕਰੋ ਜਦੋਂ ਉਹ ਇਹ ਕਹਿੰਦਾ ਹੈ, “ਯਹੋਵਾਹ ਵਿੱਚ ਭਰੋਸਾ ਕਰੋ! ਯਹੋਵਾਹ ਸਾਨੂੰ ਬਚਾਵੇਗਾ। ਯਹੋਵਾਹ ਅੱਸ਼ੂਰ ਦੇ ਰਾਜੇ ਕੋਲੋਂ ਸ਼ਹਿਰ ਨੂੰ ਨਹੀਂ ਹਰਾਵੇਗਾ।”
16 ਹਿਜ਼ਕੀਯਾਹ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਨਾ ਦਿਓ। ਅੱਸ਼ੂਰ ਦੇ ਰਾਜੇ ਨੂੰ ਸੁਣੋ। ਅੱਸ਼ੂਰ ਦਾ ਰਾਜਾ ਆਖਦਾ ਹੈ, “ਸਾਨੂੰ ਇੱਕ ਇਕਰਾਰਨਾਮਾ ਕਰਨਾ ਚਾਹੀਦਾ ਹੈ। ਤੁਹਾਨੂੰ ਲੋਕਾਂ ਨੂੰ ਸ਼ਹਿਰ ਵਿੱਚੋਂ ਬਾਹਰ ਨਿਕਲ ਕੇ ਮੇਰੇ ਕੋਲ ਆ ਜਾਣਾ ਚਾਹੀਦਾ ਹੈ। ਫ਼ੇਰ ਹਰ ਬੰਦਾ ਘਰ ਜਾਣ ਲਈ ਆਜ਼ਾਦ ਹੋਵੇਗਾ। ਹਰ ਬੰਦਾ ਆਪਣੀ ਵੇਲ ਦੇ ਅੰਗੂਰ ਖਾਣ ਲਈ ਸੁਤੰਤਰ ਹੋਵੇਗਾ। ਅਤੇ ਹਰ ਬੰਦਾ ਆਪਣੇ ਅੰਜੀਰ ਦੇ ਰੁੱਖ ਤੋਂ ਅੰਜੀਰ ਖਾਣ ਲਈ ਸੁਤੰਤਰ ਹੋਵੇਗਾ। ਹਰ ਬੰਦਾ ਆਪਣੇ ਖੂਹ ਦਾ ਪਾਣੀ ਪੀਣ ਲਈ ਸੁਤੰਤਰ ਹੋਵੇਗਾ। 17 ਇਹ ਗੱਲ ਤੁਸੀਂ ਓਦੋਁ ਤੱਕ ਕਰ ਸੱਕਦੇ ਹੋ ਜਦੋਂ ਤੱਕ ਕਿ ਮੈਂ ਤੁਹਾਨੂੰ ਹਰ ਇੱਕ ਨੂੰ ਤੁਹਾਡੇ ਆਪਣੇ ਹੀ ਵਰਗੇ ਦੇਸ਼ ਵਿੱਚ ਨਹੀਂ ਲੈ ਜਾਂਦਾ। ਉਸ ਨਵੇਂ ਦੇਸ਼ ਵਿੱਚ ਤੁਹਾਡੇ ਕੋਲ ਚੰਗਾ ਅਨਾਜ ਹੋਵੇਗਾ, ਨਵੀਂ ਸ਼ਰਾਬ ਰੋਟੀ ਅਤੇ ਅੰਗੂਰਾਂ ਦਾ ਬਾਗ਼ ਹੋਵੇਗਾ।”
18 ਹਿਜ਼ਕੀਯਾਹ ਨੂੰ ਆਪਣੇ ਲਈ ਮੁਸੀਬਤ ਖੜੀ ਨਾ ਕਰਨ ਦਿਓ। ਉਹ ਆਖਦਾ ਹੈ, “ਯਹੋਵਾਹ ਸਾਡੀ ਰੱਖਿਆ ਕਰੇਗਾ।” ਪਰ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਕਿਸੇ ਹੋਰ ਕੌਮ ਦੇ ਦੇਵਤਿਆਂ ਨੇ ਅੱਸ਼ੂਰ ਦੇ ਰਾਜੇ ਕੋਲੋਂ ਆਪਣੇ ਦੇਸ਼ ਨੂੰ ਬਚਾਇਆ ਸੀ? ਨਹੀਂ! 19 ਹਮਾਬ ਅਤੇ ਅਰਪਾਦ ਦੇ ਦੇਵਤੇ ਕਿੱਥੋ ਨੇ? ਉਹ ਹਾਰ ਗਏ ਨੇ! ਸਫ਼ਰਵਾਇਮ ਦੇ ਦੇਵਤੇ ਕਿੱਥੋ ਨੇ? ਉਹ ਹਾਰ ਗਏ ਨੇ! ਕੀ ਉਹ ਸਾਮਰਿਯਾ ਨੂੰ ਮੇਰੀ ਸ਼ਕਤੀ ਤੋਂ ਬਚਾ ਸੱਕੇ? ਨਹੀਂ! 20 ਕੀ ਹੋਰਨਾਂ ਦੇਸ਼ਾਂ ਦੇ ਦੇਵਤਿਆਂ ਨੇ ਉਨ੍ਹਾਂ ਦੀ ਧਰਤੀ ਨੂੰ ਮੇਰੇ ਤੋਂ ਬਚਾਇਆ? ਨਹੀਂ! ਕੀ ਯਹੋਵਾਹ ਯਰੂਸ਼ਲਮ ਨੂੰ ਮੇਰੇ ਕੋਲੋਂ ਬਚਾ ਸੱਕਦਾ ਹੈ? ਨਹੀਂ!
21 ਪਰ ਯਰੂਸ਼ਲਮ ਦੇ ਲੋਕ ਬਹੁਤ ਸ਼ਾਂਤ ਸਨ। ਉਨ੍ਹਾਂ ਨੇ ਕਮਾਂਡਰ ਨੂੰ ਇੱਕ ਵੀ ਸ਼ਬਦ ਨਹੀਂ ਆਖਿਆ ਕਿਉਂਕਿ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਸੀ ਉਸ ਨੇ ਆਖਿਆ ਸੀ, “ਉਸ ਨੂੰ ਕੁਝ ਨਾ ਆਖਣਾ।”
22 ਫ਼ੇਰ ਮਹਿਲਾਂ ਦੇ ਪ੍ਰਬੰਧਕ (ਹਿਲਕੀਯਾਹ ਦੇ ਪੁੱਤਰ ਅਲਯਾਕੀਮ) ਸ਼ਾਹੀ ਸੱਕੱਤਰ (ਸ਼ਬਨਾ) ਅਤੇ ਲੇਖਾਕਰ (ਅਸਾਫ਼ ਦੇ ਪੁੱਤਰ ਯੋਆਹ) ਹਿਜ਼ਕੀਯਾਹ ਵੱਲ ਗਏ। ਉਨ੍ਹਾਂ ਦੇ ਕੱਪੜੇ ਪਾਟੇ ਹੋਏ ਸਨ ਇਹ ਦਰਸਾਉਣ ਲਈ ਕਿ ਉਹ ਉਦਾਸ ਸਨ। ਉਨ੍ਹਾਂ ਨੇ ਹਿਜ਼ਕੀਯਾਹ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਅੱਸ਼ੂਰ ਦੇ ਕਮਾਂਡਰ ਨੇ ਆਖੀਆਂ ਸਨ।
2 ਮੈ ਚਾਹੁੰਨਾ ਕਿ ਤੁਸੀਂ ਇਹ ਜਾਣ ਲਵੋ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਬਹੁਤ ਸਖਤ ਕੋਸ਼ਿਸ਼ ਕਰ ਰਿਹਾ ਹਾਂ। ਅਤੇ ਮੈਂ ਲਾਉਦਿਕੀਆ ਦੇ ਲੋਕਾਂ ਅਤੇ ਉਨ੍ਹਾਂ ਹੋਰ ਲੋਕਾਂ ਦੀ ਸਹਾਇਤਾ ਕਰਨ ਲਈ ਕੋਸ਼ਿਸ਼ ਕਰ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਕਦੇ ਦੇਖਿਆ ਨਹੀਂ। 2 ਮੈਂ ਚਾਹੁੰਦਾ ਹਾਂ ਕਿ ਉਹ ਮਜ਼ਬੂਤ ਹੋਣ ਅਤੇ ਪ੍ਰੇਮ ਨਾਲ ਇੱਕਮੁੱਠ ਹੋਣ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਤਾਂ ਕਿ ਉਹ ਹੌਂਸਲੇਮੰਦ ਅਤੇ ਪ੍ਰੇਮ ਨਾਲ ਸੰਯੁਕਤ ਹੋਣਗੇ। ਮੈਂ ਉਨ੍ਹਾਂ ਨੂੰ ਉਸ ਵਿਸ਼ਵਾਸ ਵਿੱਚ ਪੂਰੀ ਤਰ੍ਹਾਂ ਅਮੀਰ ਹੋਇਆ ਦੇਖਣਾ ਚਾਹੁੰਦਾ ਹਾਂ ਜੋ ਸਮਝਦਾਰੀ ਤੋਂ ਆਉਂਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਪੂਰੀ ਤਰ੍ਹਾਂ ਉਸ ਗੁਪਤ ਸੱਚ ਬਾਰੇ ਜਾਣ ਜਾਵੋਂ ਜੋ ਪਰਮੇਸ਼ੁਰ ਨੇ ਪਰਗਟ ਕੀਤਾ ਹੈ। ਇਹ ਸੱਚ ਮਸੀਹ ਹੀ ਹੈ। 3 ਮਸੀਹ ਵਿੱਚ, ਸਿਆਣਪ ਅਤੇ ਗਿਆਨ ਦੇ ਸਾਰੇ ਖਜ਼ਾਨੇ ਲੁਕੇ ਹੋਏ ਹਨ।
4 ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਕੋਈ ਵੀ ਵਿਅਕਤੀ ਤੁਹਾਨੂੰ ਮਿੱਠੀਆਂ ਗੱਲਾਂ ਰਾਹੀਂ ਮੂਰਖ ਨਾ ਬਣਾ ਸੱਕੇ ਜਿਹੜੀਆਂ ਲੱਗਦੀਆਂ ਤਾਂ ਚੰਗੀਆਂ ਹਨ ਪਰ ਅਸਲ ਵਿੱਚ ਝੂਠੀਆਂ ਹਨ। 5 ਹਾਲਾਂ ਕਿ ਮੈਂ ਤੁਹਾਡੇ ਨਾਲ, ਸਰੀਰ ਵਿੱਚ ਨਹੀਂ ਹਾਂ, ਮੇਰਾ ਦਿਲ ਤੁਹਾਡੇ ਨਾਲ ਹੈ। ਮੈਂ ਤੁਹਾਡੇ ਚੰਗੇ ਜੀਵਨ ਅਤੇ ਮਸੀਹ ਵਿੱਚ ਤੁਹਾਡੇ ਤਕੜੇ ਵਿਸ਼ਵਾਸ ਨੂੰ ਦੇਖਕੇ ਖੁਸ਼ ਹਾਂ।
ਮਸੀਹ ਵਿੱਚ ਜਿਉਣਾ ਜਾਰੀ ਰੱਖੋ
6 ਤੁਸੀਂ ਯਿਸੂ ਮਸੀਹ ਨੂੰ ਪ੍ਰਭੂ ਵਾਂਗ ਕਬੂਲ ਕੀਤਾ। ਇਸ ਲਈ ਉਸ ਵਿੱਚ ਜਿਉਣਾ ਜਾਰੀ ਰੱਖੋ। 7 ਤੁਹਾਡੀ ਜ਼ਿੰਦਗੀ ਉਸਤੇ ਨਿਰਭਰ ਕਰਨੀ ਚਾਹੀਦੀ ਹੈ। ਅਤੇ ਜੜ੍ਹਾਂ ਮਸੀਹ ਵਿੱਚ ਹੋਣੀਆਂ ਚਾਹੀਦੀਆਂ ਹਨ। ਜਿਵੇਂ ਤੁਹਾਨੂੰ ਸਿੱਖਾਇਆ ਗਿਆ ਸੀ, ਆਪਣੇ ਦਿਲਾਂ ਨੂੰ ਉਸ ਵਿਸ਼ਵਾਸ ਵਿੱਚ ਦ੍ਰਿੜ ਰਹਿਣ ਦਿਉ। ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਵੋ।
8 ਸਾਵੱਧਾਨ ਰਹੋ ਕਿ ਕੋਈ ਤੁਹਾਨੂੰ ਗਲਤ ਵਿੱਚਾਰਾਂ ਅਤੇ ਦੁਨਿਆਵੀ ਲੋਕਾਂ ਦੇ ਨਿਕਾਰਥਕ ਸ਼ਬਦਾਂ ਨਾਲ ਕੁਰਾਹੇ ਨਾ ਪਾ ਦੇਵੇ ਅਜਿਹੇ ਵਿੱਚਾਰ ਲੋਕਾਂ ਤੋਂ ਆਉਂਦੇ ਹਨ, ਮਸੀਹ ਵੱਲੋਂ ਨਹੀਂ। 9 ਮਸੀਹ ਵਿੱਚ ਪਰਮੇਸ਼ੁਰ ਦੀ ਸੰਪੂਰਣਤਾ ਸਰੀਰ ਰੂਪ ਵਿੱਚ ਜਿਉਂਦੀ ਹੈ। ਮਸੀਹ ਦੇ ਧਰਤੀ ਉੱਪਰਲੇ ਜੀਵਨ ਵਿੱਚ ਵੀ ਅਤੇ ਮਸੀਹ ਦੇ ਨਮਿੱਤ ਤੁਸੀਂ ਭਰਪੂਰ ਹੋ। 10 ਤੁਹਾਡਾ ਜੀਵਨ ਮਸੀਹ ਨਾਲ ਤੁਹਾਡੇ ਰਿਸ਼ਤੇ ਵਿੱਚ ਪੂਰਾ ਹੈ। ਮਸੀਹ ਸਮੂਹ ਹਾਕਮਾਂ ਅਤੇ ਸ਼ਕਤੀਆਂ ਦਾ ਹਾਕਮ ਹੈ।
11 ਮਸੀਹ ਦੇ ਨਮਿੱਤ ਤੁਸੀਂ ਵੱਖਰੀ ਤਰ੍ਹਾਂ ਦੀ ਸੁੰਨਤ ਵਾਲੇ ਹੋ। ਉਹ ਸੁੰਨਤ ਕਿਸੇ ਵਿਅਕਤੀ ਦੇ ਹੱਥੋਂ ਨਹੀਂ ਕੀਤੀ ਗਈ। ਮਸੀਹ ਦੀ ਕੀਤੀ ਸੁੰਨਤ ਰਾਹੀਂ ਤੁਸੀਂ ਪਾਪੀ ਆਪੇ ਦੀ ਸ਼ਕਤੀ ਤੋਂ ਮੁਕਤ ਕੀਤੇ ਗਏ ਹੋ। 12 ਇਹ ਉਦੋਂ ਵਾਪਰਿਆ ਜਦੋਂ ਤੁਹਾਨੂੰ ਬਪਿਤਸਮਾ ਦਿੱਤਾ ਗਿਆ ਸੀ; ਤੁਹਾਡਾ ਪੁਰਾਣਾ ਆਪਾ ਮਰ ਗਿਆ ਅਤੇ ਤੁਸੀਂ ਮਸੀਹ ਦੇ ਨਾਲ ਦਫ਼ਨਾਏ ਗਏ ਸੀ। ਤੁਸੀਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਨਿਹਚਾ ਦੁਆਰਾ ਮਸੀਹ ਦੇ ਨਾਲ ਜਿਵਾਲੇ ਗਏ ਸੀ। ਪਰਮੇਸ਼ੁਰ ਦੀ ਸ਼ਕਤੀ ਉਦੋਂ ਦਰਸ਼ਾਈ ਗਈ ਜਦੋਂ ਉਸ ਨੇ ਮਸੀਹ ਨੂੰ ਮੌਤ ਤੋਂ ਜਿਵਾਲਿਆ ਸੀ।
13 ਤੁਸੀਂ ਆਪਣੇ ਪਾਪਾਂ ਕਾਰਣ ਆਤਮਕ ਤੌਰ ਤੇ ਮਰ ਗਏ ਸੀ। ਤੁਸੀਂ ਆਪਣੇ ਪਾਪੀ ਆਪੇ ਦੇ ਕਾਬੂ ਹੇਠ ਸੀ। ਪਰ ਪਰਮੇਸ਼ੁਰ ਨੇ ਤੁਹਾਨੂੰ ਮਸੀਹ ਸਮੇਤ ਜੀਵਨ ਦਿੱਤਾ। ਅਤੇ ਤੁਹਾਡੇ ਸਾਰੇ ਪਾਪ ਮਾਫ਼ ਕਰ ਦਿੱਤੇ। 14 ਪਰਮੇਸ਼ੁਰ ਨੇ ਉਹ ਦਸਤਾਵੇਜ਼ ਹਟਾ ਦਿੱਤਾ ਜਿਸ ਵਿੱਚ ਸਾਰੇ ਦੋਸ਼ ਸ਼ਾਮਿਲ ਸਨ। ਉਹ ਇਲਜ਼ਾਮ ਇਸ ਲਈ ਲਗਾਏ ਗਏ ਸਨ ਕਿਉਂ ਕਿ ਅਸੀਂ ਮੂਸਾ ਦੀ ਸ਼ਰ੍ਹਾ ਨੂੰ ਨਹੀਂ ਮੰਨਿਆ। ਪਰਮੇਸ਼ੁਰ ਨੇ ਇਸ ਨੂੰ ਲੈ ਲਿਆ ਅਤੇ ਇਸ ਨੂੰ ਸਲੀਬ ਉੱਤੇ ਟੰਗ ਦਿੱਤਾ। 15 ਪਰਮੇਸ਼ੁਰ ਨੇ ਸਲੀਬ ਦੁਆਰਾ ਆਤਮਕ ਹਾਕਮਾਂ ਅਤੇ ਸ਼ਕਤੀਆਂ ਨੂੰ ਹਰਾ ਦਿੱਤਾ। ਫ਼ੇਰ ਉਸ ਨੇ ਉਨ੍ਹਾਂ ਨੂੰ ਸ਼ਰਮਸਾਰ ਕੀਤਾ ਜਦੋਂ ਕਿ ਸਾਰੀ ਦੁਨੀਆਂ ਨੇ ਵੇਖਿਆ।
ਉਨ੍ਹਾਂ ਨੇਮਾਂ ਤੇ ਨਾ ਚੱਲੋ ਜਿਹੜੇ ਇਨਸਾਨ ਬਣਾਉਂਦੇ ਹਨ
16 ਕਿਸੇ ਨੂੰ ਵੀ ਆਪਣੇ ਬਾਰੇ ਇਹ ਪਰੱਖਣ ਨਾ ਦਿਓ ਕਿ ਤੁਸੀਂ ਕੀ ਖਾਂਦੇ ਅਤੇ ਪੀਂਦੇ ਹੋ ਅਤੇ ਯਹੂਦੀ ਉਤਸਵਾਂ ਦਾ ਅਨੁਸਰਣ ਕਰਨ ਬਾਰੇ, ਜਿਵੇਂ ਅਮੱਸਿਯਾ ਜਾਂ ਸਬਤ। 17 ਅਤੀਤ ਵਿੱਚ ਇਹ ਗੱਲਾਂ ਉਸ ਪਰਛਾਵੇਂ ਵਰਗੀਆਂ ਸਨ ਜਿਹੜੀਆਂ ਇਹ ਦਰਸ਼ਾਉਂਦੀਆਂ ਸਨ ਕਿ ਕੀ ਹੋਣ ਵਾਲਾ ਹੈ। ਉਹ ਗੱਲਾਂ ਜੋ ਆ ਰਹੀਆਂ ਸਨ ਹੁਣ ਮਸੀਹ ਵਿੱਚ ਲੱਭਦੀਆਂ ਹਨ। 18 ਕੁਝ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਉਹ ਨਿਮ੍ਰ ਹਨ ਅਤੇ ਦੂਤਾਂ ਦੀ ਪੂਜਾ ਕਰਨੀ ਪਸੰਦ ਕਰਦੇ ਹਨ। ਉਹ ਲੋਕ ਹਮੇਸ਼ਾ ਦਰਸ਼ਨਾਂ ਬਾਰੇ ਗੱਲਾਂ ਕਰਦੇ ਹਨ ਜਿਹੜੇ ਉਨ੍ਹਾਂ ਨੇ ਵੇਖੇ ਹਨ। ਉਨ੍ਹਾਂ ਲੋਕਾਂ ਨੂੰ ਇਹ ਆਖਣ ਦੀ ਆਗਿਆ ਨਾ ਦਿਓ, “ਤੁਸੀਂ ਗਲਤ ਹੋ ਕਿਉਂਕਿ ਤੁਸੀਂ ਇਹ ਗੱਲਾਂ ਨਹੀਂ ਕਰਦੇ।” ਉਹ ਲੋਕ ਮੂਰੱਖਮਈ ਘਮੰਡ ਨਾਲ ਭਰਪੂਰ ਹਨ ਕਿਉਂਕਿ ਉਹ ਕੇਵਲ ਦੁਨੀਆਂ ਦੀਆਂ ਚੀਜ਼ਾਂ ਬਾਰੇ ਹੀ ਸੋਚਦੇ ਹਨ। 19 ਉਹ ਲੋਕ ਮਸੀਹ ਨਾਲ ਏਕਤਾ ਵਿੱਚ ਨਹੀਂ ਜਿਉਂਦੇ। ਮਸੀਹ ਸਰੀਰ ਦਾ ਮੁਖੀ ਹੈ। ਸਾਰਾ ਸਰੀਰ ਮਸੀਹ ਉੱਤੇ ਨਿਰਭਰ ਕਰਦਾ ਹੈ। ਇਸ ਲਈ ਸਰੀਰ ਦੇ ਸਾਰੇ ਅੰਗ ਇਕੱਠੇ ਜੁੜੇ ਹੋਏ ਹਨ। ਇੱਕ ਦੂਸਰੇ ਦਾ ਧਿਆਨ ਰੱਖੋ ਅਤੇ ਇੱਕ ਦੂਸਰੇ ਦੀ ਮਦਦ ਕਰੋ। ਇਹ ਸਰੀਰ ਨੂੰ ਤਾਕਤ ਪ੍ਰਾਪਤ ਕਰਨ ਵਿੱਚ ਅਤੇ ਉਸੇ ਢੰਗ ਨਾਲ ਵੱਧਣ ਵਿੱਚ ਮਦਦ ਕਰਦਾ ਹੈ, ਜਿਵੇਂ ਪਰਮੇਸ਼ੁਰ ਚਾਹੁੰਦਾ ਹੈ।
20 ਤੁਸੀਂ ਮਸੀਹ ਦੇ ਨਾਲ ਮਰੇ ਅਤੇ ਦੁਨੀਆਂ ਦੀਆਂ ਭ੍ਰਿਸ਼ਟ ਸ਼ਕਤੀਆਂ ਤੋਂ ਅਜ਼ਾਦ ਕਰ ਦਿੱਤੇ ਗਏ ਸੀ। ਇਸ ਲਈ ਤੁਸੀਂ ਇਸ ਤਰ੍ਹਾਂ ਦਾ ਵਿਹਾਰ ਕਿਉਂ ਕਰਦੇ ਹੋ ਜਿਵੇਂ ਤੁਸੀਂ ਇਸ ਦੁਨੀਆਂ ਦੇ ਹੋਵੋਂ ਅਤੇ ਇਨ੍ਹਾਂ ਨੇਮਾਂ ਦਾ ਅਨੁਸਰਣ ਕਰਦੇ ਹੋਵੋਂ। 21 “ਇਸ ਨੂੰ ਨਾ ਫ਼ੜੋ,” “ਇਸਦਾ ਸੁਆਦ ਨਾ ਵੇਖੋ,” “ਇਸ ਨੂੰ ਨਾ ਛੂਹੋ?” 22 ਇਹ ਸਾਰੇ ਨੇਮ ਉਨ੍ਹਾਂ ਗੱਲਾਂ ਬਾਰੇ ਹਨ। ਜੋ ਇੱਕ ਵਾਰ ਵਰਤੋਂ ਕਰਨ ਤੋਂ ਬਾਦ ਨਸ਼ਟ ਹੋ ਜਾਂਦੇ ਹਨ। ਇਹ ਉਹ ਹੁਕਮ ਅਤੇ ਉਪਦੇਸ਼ ਹਨ ਜਿਹੜੇ ਲੋਕਾਂ ਤੋਂ ਆਉਂਦੇ ਹਨ। 23 ਇਹ ਨੇਮ ਸੂਝਵਾਨ ਜਾਪਦੇ ਹਨ। ਪਰ ਇਹ ਨੇਮ ਮਾਨਵ-ਸਿਰਜਿਤ ਧਰਮ ਦਾ ਅੰਗ ਹਨ। ਉਹ ਲੋਕਾਂ ਅੱਗੇ ਨਿਮ੍ਰਤਾ ਦਾ ਦਿਖਾਵਾ ਕਰਦੇ ਹਨ ਅਤੇ ਉਨ੍ਹਾਂ ਤੋਂ ਆਪਣੇ ਸਰੀਰਾਂ ਨੂੰ ਦੰਡ ਦੁਵਾਉਂਦੇ ਹਨ। ਇਹ ਨੇਮ ਲੋਕਾਂ ਨੂੰ ਬਦੀਆਂ ਕਰਨ ਤੋਂ ਰੋਕਣ ਵਿੱਚ ਮਦਦ ਨਹੀਂ ਕਰਦੇ ਜੋ ਉਨ੍ਹਾਂ ਦੀਆਂ ਪਾਪੀ ਇੱਛਾਵਾਂ ਕਰਨੀਆਂ ਚਾਹੁੰਦੀਆਂ ਹਨ।
2010 by World Bible Translation Center