M’Cheyne Bible Reading Plan
ਪਵਿੱਤਰ ਤੰਬੂ ਨੂੰ ਸਮਰਪਨ ਕਰਨਾ
7 ਮੂਸਾ ਨੇ ਪਵਿੱਤਰ ਤੰਬੂ ਨੂੰ ਸਥਾਪਿਤ ਕਰਨ ਦਾ ਕੰਮ ਮੁਕਾ ਲਿਆ। ਉਸ ਦਿਨ ਉਸ ਨੇ ਇਸ ਨੂੰ ਯਹੋਵਾਹ ਨੂੰ ਸਮਰਪਿਤ ਕੀਤਾ। ਮੂਸਾ ਨੇ ਤੰਬੂ ਅਤੇ ਉਸ ਦੇ ਨਾਲ ਵਰਤੀਆਂ ਜਾਂਦੀਆਂ ਸਾਰੀਆਂ ਚੀਜ਼ਾਂ ਨੂੰ ਮਸਹ ਕੀਤਾ। ਮੂਸਾ ਨੇ ਜਗਵੇਦੀ ਅਤੇ ਉਸ ਦੇ ਨਾਲ ਵਰਤੀਆ ਜਾਂਦੀਆਂ ਸਾਰੀਆਂ ਚੀਜ਼ਾਂ ਨੂੰ ਵੀ ਮਸਹ ਕੀਤਾ। ਇਹ ਗੱਲ ਦਰਸਾਉਂਦੀ ਸੀ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਸਿਰਫ਼ ਯਹੋਵਾਹ ਦੀ ਉਪਾਸਨਾ ਲਈ ਕੀਤੀ ਜਾਵੇਗੀ।
2 ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਭੇਟਾ ਚੜ੍ਹਾਈਆਂ। ਇਹ ਆਦਮੀ ਆਪੋ-ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਦੇ ਆਗੂ ਸਨ। ਇਹ ਉਹੀ ਆਦਮੀ ਸਨ ਜਿਹੜੇ ਲੋਕਾਂ ਦੀ ਗਿਣਤੀ ਕਰਨ ਦੇ ਮੁਖੀਆ ਸਨ। 3 ਇਨ੍ਹਾਂ ਆਗੂਆਂ ਨੇ ਯਹੋਵਾਹ ਲਈ ਸੁਗਾਤਾਂ ਲਿਆਂਦੀਆਂ। ਇਹ ਛੇ ਢੱਕੀਆ ਹੋਈਆਂ ਗੱਡੀਆਂ ਲੈ ਕੇ ਆਏ। ਅਤੇ ਗੱਡੀਆਂ ਨੂੰ ਖਿੱਚਣ ਵਾਲੀਆ 12 ਗਊਆਂ ਲੈ ਕੇ ਆਏ (ਇੱਕ ਗਊ ਹਰੇਕ ਆਗੂ ਵੱਲੋਂ ਦਿੱਤੀ ਗਈ ਅਤੇ ਹਰੇਕ ਆਗੂ ਨੇ ਦੂਸਰੇ ਆਗੂ ਨਾਲ ਰਲਕੇ ਇੱਕ ਗੱਡੀ ਦਿੱਤੀ।) ਇਨ੍ਹਾਂ ਆਗੂਆਂ ਨੇ ਇਹ ਚੀਜ਼ਾਂ ਪਵਿੱਤਰ ਤੰਬੂ ਉੱਤੇ ਯਹੋਵਾਹ ਨੂੰ ਦਿੱਤੀਆਂ।
4 ਯਹੋਵਾਹ ਨੇ ਮੂਸਾ ਨੂੰ ਆਖਿਆ, 5 “ਆਗੂਆਂ ਪਾਸੋਂ ਇਹ ਸੁਗਾਤਾਂ ਲੈ। ਇਨ੍ਹਾਂ ਸੁਗਾਤਾ ਨੂੰ ਮੰਡਲੀ ਵਾਲੇ ਤੰਬੂ ਦੀ ਸੇਵਾ ਲਈ ਵਰਤਿਆ ਜਾ ਸੱਕਦਾ ਹੈ। ਇਹ ਸੁਗਾਤਾ ਲੇਵੀ ਦੇ ਆਦਮੀਆ ਨੂੰ ਦੇ। ਇਨ੍ਹਾਂ ਨਾਲ ਉਨ੍ਹਾਂ ਦੇ ਕੰਮ ਵਿੱਚ ਸਹਾਇਤਾ ਮਿਲੇਗੀ।”
6 ਇਸ ਲਈ ਮੂਸਾ ਨੇ ਗੱਡੀਆਂ ਅਤੇ ਗਾਵਾਂ ਪ੍ਰਵਾਨ ਕਰ ਲਈਆਂ। ਉਸ ਨੇ ਇਹ ਚੀਜ਼ਾਂ ਲੇਵੀ ਨੂੰ ਦੇ ਦਿੱਤੀਆਂ। 7 ਉਸ ਨੇ ਦੋ ਗੱਡੀਆਂ ਅਤੇ ਚਾਰ ਗਊਆਂ ਗੇਰਸ਼ੋਨ ਦੇ ਸਮੂਹ ਦੇ ਆਦਮੀਆਂ ਨੂੰ ਦੇ ਦਿੱਤੀਆਂ। ਉਨ੍ਹਾਂ ਨੂੰ ਆਪਣੇ ਕੰਮ ਲਈ ਗੱਡੀਆਂ ਅਤੇ ਗਊਆਂ ਦੀ ਲੋੜ ਸੀ। 8 ਫ਼ੇਰ ਮੂਸਾ ਨੇ ਚਾਰ ਗੱਡੀਆਂ ਅਤੇ ਅੱਠ ਗਾਵਾਂ ਮਰਾਰੀ ਦੇ ਪਰਿਵਾਰ ਦੇ ਲੋਕਾਂ ਨੂੰ ਦੇ ਦਿੱਤੀਆਂ। ਕਿਉਂ ਜੋ ਉਨ੍ਹਾ ਨੂੰ ਇਹ ਆਪਣੇ ਕੰਮ ਲਈ ਲੋੜੀਦੀਆਂ ਸਨ। ਜਾਜਕ ਹਾਰੂਨ ਦਾ ਪੁੱਤਰ ਈਥਾਮਾਰ ਇਨ੍ਹਾਂ ਸਾਰੇ ਆਦਮੀਆਂ ਦੇ ਕੰਮ ਲਈ ਜ਼ਿੰਮੇਵਾਰ ਸੀ। 9 ਮੂਸਾ ਨੇ ਕਹਾਥ ਸਮੂਹ ਦੇ ਆਦਮੀਆਂ ਨੂੰ ਕੋਈ ਗੱਡੀਆਂ ਜਾਂ ਗਊਆ ਨਹੀਂ ਦਿੱਤੀਆਂ। ਕਿਉਂਕਿ ਉਨ੍ਹਾਂ ਦਾ ਕੰਮ ਪਵਿੱਤਰ ਚੀਜ਼ਾਂ ਨੂੰ ਮੋਢਿਆਂ ਉੱਤੇ ਚੁੱਕੇ ਲਿਜਾਣਾ ਸੀ।
10 ਮੂਸਾ ਨੇ ਜਗਵੇਦੀ ਉੱਤੇ ਪਵਿੱਤਰ ਤੇਲ ਛਿੜਕਿਆ। ਉਸੇ ਦਿਨ, ਆਗੂ ਯਹੋਵਾਹ ਲਈ ਜਗਵੇਦੀ ਉੱਤੇ ਸਮਰਪਿਤ ਕਰਨ ਲਈ ਆਪਣੇ ਚੜ੍ਹਾਵੇ ਲਿਆਏ। 11 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਰ ਰੋਜ਼ ਇੱਕ ਆਗੂ ਨੂੰ ਜਗਵੇਦੀ ਦੇ ਸਮਰਪਣ ਉੱਤੇ ਚੜ੍ਹਾਉਣ ਲਈ ਆਪਣੀ ਸੁਗਾਤ ਲਿਆਉਣੀ ਚਾਹੀਦੀ ਹੈ, ਹਰ ਦਿਨ ਇੱਕ ਆਗੂ।”
12-83 [a] ਬਾਰ੍ਹਾਂ ਆਗੂਆਂ ਵਿੱਚੋਂ ਹਰੇਕ ਆਗੂ ਆਪਣੀਆਂ-ਆਪਣੀਆਂ ਸੁਗਾਤਾ ਲਿਆਇਆ। ਸੁਗਾਤਾਂ ਇਹ ਸਨ:
ਹਰੇਕ ਆਗੂ 3 1/4 ਪੌਂਡ ਭਾਰੀ ਇੱਕ ਚਾਂਦੀ ਦੀ ਪਲੇਟ, ਅਤੇ 3 1/4 ਪੌਂਡ ਭਾਰ ਦਾ ਇੱਕ ਚਾਂਦੀ ਦਾ ਕੌਲਾ ਲਿਆਇਆ। ਇਨ੍ਹਾਂ ਦੋਹਾ ਸੁਗਾਤਾਂ ਨੂੰ ਸਰਕਾਰੀ ਨਾਪ ਅਨੁਸਾਰ ਮਾਪਿਆ ਗਿਆ ਸੀ। ਕੌਲਿਆਂ ਅਤੇ ਪਲੇਟਾ ਦੋਹਾ ਨੂੰ ਤੇਲ ਮਿਲੇ ਮੈਦੇ ਨਾਲ ਭਰਿਆ ਗਿਆ ਸੀ। ਅਤੇ ਅਨਾਜ ਦੀ ਭੇਟ ਵਜੋਂ ਵਰਤਿਆ ਗਿਆ ਸੀ। ਹਰ ਆਗੂ ਨੇ ਧੂਫ਼ ਨਾਲ ਭਰੀ ਹੋਈ ਸੋਨੇ ਦੀ ਇੱਕ ਵੱਡੀ ਕੜਾਹੀ ਵੀ ਲਿਆਂਦੀ ਜਿਸਦਾ ਵਜ਼ਨ ਚਾਰ ਔਂਸ ਸੀ।
ਹਰੇਕ ਆਗੂ ਇੱਕ ਜਵਾਨ ਵਹਿੜਕਾ, ਇੱਕ ਭੇਡੂ ਅਤੇ ਇੱਕ ਸਾਲ ਦੀ ਉਮਰ ਦਾ ਲੇਲਾ ਵੀ ਲੈ ਕੇ ਆਇਆ। ਇਹ ਜਾਨਵਰ ਹੋਮ ਦੀ ਭੇਟ ਲਈ ਸਨ। ਹਰੇਕ ਆਗੂ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਲਿਆਇਆ। ਹਰ ਆਗੂ ਦੋ ਬਲਦ, 5 ਭੇਡੂ, 5 ਬੱਕਰੇ ਅਤੇ ਇੱਕ ਸਾਲ ਦੀ ਉਮਰ ਦੇ 5 ਲੇਲਿਆਂ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਚੜ੍ਹਾਉਣ ਲਈ ਵੀ ਲੈ ਕੇ ਆਇਆ।
ਪਹਿਲੇ ਦਿਨ, ਯਹੂਦਾਹ ਦੇ ਪਰਿਵਾਰ-ਸਮੂਹ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਆਪਣੀ ਸੁਗਾਤਾ ਲੈ ਕੇ ਆਇਆ। ਦੂਸਰੇ ਦਿਨ, ਯਿੱਸਾਕਾਰ ਦਾ ਆਗੂ। ਸੂਆਰ ਦਾ ਪੁੱਤਰ ਨਥਨਿਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਤੀਸਰੇ ਦਿਨ, ਜ਼ਬੂਲੁਨ ਦੇ ਲੋਕਾਂ ਦਾ ਆਗੂ, ਹੇਲੋਨ ਦਾ ਪੁੱਤਰ ਅਲੀਆਬ ਆਪਣੀਆਂ ਸੁਗਾਤਾ ਲੈ ਕੇ ਆਇਆ।
ਚੌਥੇ ਦਿਨ, ਰਊਬੇਨ ਦੇ ਲੋਕਾਂ ਦਾ ਆਗੂ, ਸ਼ਦੇਉਰ ਦਾ ਪੁੱਤਰ ਅਲੀਸੂਰ ਆਪਣੀਆ ਸੁਗਾਤਾ ਲੈ ਕੇ ਆਇਆ।
ਪੰਜਵੇਂ ਦਿਨ, ਸ਼ਿਮਓਨ ਦੇ ਲੋਕਾਂ ਦਾ ਆਗੂ, ਸੂਰੀਸ਼ੁਦਾਈ ਦਾ ਪੁੱਤਰ ਸ਼ਲੁਮੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਛੇਵੇਂ ਦਿਨ, ਗਾਦ ਦੇ ਲੋਕਾਂ ਦਾ ਆਗੂ, ਦਊਏਲ ਦਾ ਪੁੱਤਰ ਅਲ੍ਯਾਸਾਫ਼ ਆਪਣੀਆਂ ਸੁਗਾਤਾ ਲੈ ਕੇ ਆਇਆ।
ਸੱਤਵੇਂ ਦਿਨ, ਅਫ਼ਰਾਈਮ ਦੇ ਲੋਕਾਂ ਦਾ ਆਗੂ, ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਆਪਣੀਆਂ ਸੁਗਾਤਾ ਲੈ ਕੇ ਆਇਆ।
ਅੱਠਵੇਂ ਦਿਨ, ਮਨੱਸ਼ਹ ਦੇ ਲੋਕਾਂ ਦਾ ਆਗੂ, ਪਦਾਹਸੂਰ ਦਾ ਪੁੱਤਰ ਗਮਲੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਨੌਵੇਂ ਦਿਨ, ਬਿਨਯਾਮੀਨ ਦੇ ਲੋਕਾਂ ਦਾ ਆਗੂ, ਗਿਦੋਨੀ ਦਾ ਪੁੱਤਰ ਅਬੀਦਾਨ ਆਪਣੀਆਂ ਸੁਗਾਤਾ ਲੈ ਕੇ ਆਇਆ।
ਦਸਵੇਂ ਦਿਨ, ਦਾਨ ਦੇ ਲੋਕਾਂ ਦਾ ਆਗੂ, ਅੰਮੀਸ਼ੁਦਾਈ ਦਾ ਪੁੱਤਰ ਅਹੀਅਜ਼ਰ ਆਪਣੀਆਂ ਸੁਗਾਤਾ ਲੈ ਕੇ ਆਇਆ।
ਗਿਆਰ੍ਹਵੇਂ ਦਿਨ, ਆਸ਼ੇਰ ਦੇ ਲੋਕਾਂ ਦਾ ਆਗੂ, ਆਕਰਾਨ ਦਾ ਪੁੱਤਰ ਪਗੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਬਾਰ੍ਹਵੇਂ ਦਿਨ, ਨਫ਼ਤਾਲੀ ਦੇ ਲੋਕਾਂ ਦਾ ਆਗੂ, ਏਨਾਨ ਦਾ ਪੁੱਤਰ ਅਹੀਰਾ ਆਪਣੀਆਂ ਸੁਗਾਤਾ ਲੈ ਕੇ ਆਇਆ।
84 ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਇਸਰਾਏਲ ਦੇ ਲੋਕਾਂ ਦੇ ਆਗੂਆਂ ਵੱਲੋਂ ਦਿੱਤੀਆਂ ਗਈਆਂ ਸੁਗਾਤਾਂ ਸਨ। ਉਨ੍ਹਾਂ ਨੇ ਇਹ ਚੀਜ਼ਾਂ ਉਸ ਸਮੇਂ ਲਿਆਂਦੀਆਂ ਜਦੋਂ ਮੂਸਾ ਨੇ ਜਗਵੇਦੀ ਨੂੰ ਮਸਹ ਕਰਕੇ ਸਮਰਪਿਤ ਕੀਤਾ। ਉਨ੍ਹਾਂ ਨੇ 12 ਚਾਂਦੀ ਦੀਆਂ ਪਲੇਟਾਂ, 12 ਚਾਂਦੀ ਦੇ ਕੌਲੇ ਅਤੇ 12 ਸੋਨੇ ਦੀਆਂ ਕੜਾਈਆਂ ਲਿਆਂਦਿਆਂ। 85 ਹਰੇਕ ਪਲੇਟ ਦਾ ਵਜ਼ਨ ਤਕਰੀਬਨ 3 1/2 ਪੌਂਡ ਸੀ। ਅਤੇ ਹਰੇਕ ਕੌਲੇ ਦਾ ਵਜ਼ਨ 1 3/4 ਪੌਂਡ ਸੀ। ਚਾਂਦੀ ਦੀਆਂ ਪਲੇਟਾਂ ਅਤੇ ਚਾਂਦੀ ਦੇ ਕੌਲਿਆਂ ਦਾ ਕੁੱਲ ਵਜ਼ਨ ਸਰਕਾਰੀ ਮਾਪ ਅਨੁਸਾਰ ਤਕਰੀਬਨ 60 ਪੌਂਡ ਸੀ। 86 ਧੂਫ਼ ਨਾਲ ਭਰੀ ਹੋਈ ਹਰ ਕੜਾਈ ਸੋਨੇ ਦੀ ਸੀ ਅਤੇ ਸਰਕਾਰੀ ਮਾਪ ਅਨੁਸਾਰ 4 ਔਂਸ ਦੀ ਸੀ ਕੁੱਲ ਮਿਲਾ ਕੇ ਸੋਨੇ ਦੀਆਂ 12 ਕੜਾਈਆਂ ਦਾ ਵਜ਼ਨ 3 ਪੌਂਡ ਸੀ।
87 ਹੋਮ ਦੀ ਭੇਟ ਦੇ ਜਾਨਵਰਾਂ ਦੀ ਕੁੱਲ ਗਿਣਤੀ 12 ਵਹਿੜਕੇ, 12 ਭੇਡੂ ਅਤੇ 12 ਇੱਕ ਸਾਲ ਦੀ ਉਮਰ ਵਲੇ ਲੇਲੇ ਸਨ। ਉੱਥੇ ਅਨਾਜ ਦੀਆਂ ਭੇਟਾਂ ਵੀ ਸਨ ਜਿਨ੍ਹਾਂ ਨੂੰ ਅਵੱਸ਼ ਦਿੱਤਾ ਜਾਣਾ ਸੀ ਅਤੇ ਉੱਥੇ 12 ਬੱਕਰੇ ਵੀ ਸਨ ਜਿਨ੍ਹਾਂ ਦੀ ਵਰਤੋਂ ਯਹੋਵਾਹ ਲਈ ਪਾਪ ਦੀ ਭੇਟ ਵਜੋਂ ਕੀਤੀ ਗਈ। 88 ਆਗੂਆਂ ਨੇ ਸੁੱਖ-ਸਾਂਦ ਦੀਆਂ ਭੇਟਾ ਲਈ ਜ਼ਿਬਾਹ ਕੀਤੇ ਜਾਣ ਵਾਲੇ ਜਾਨਵਰ ਵੀ ਦਿੱਤੇ ਇਨ੍ਹਾਂ ਜਾਨਵਰਾਂ ਦੀ ਕੁੱਲ ਗਿਣਤੀ ਸੀ 24 ਵਹਿੜਕੇ, 60 ਭੇਡੂ, 60 ਬੱਕਰੇ ਅਤੇ 60 ਇੱਕ ਸਾਲ ਦੇ ਉਮਰ ਵਾਲੇ ਲੇਲੇ। ਇਸ ਤਰ੍ਹਾਂ ਉਨ੍ਹਾਂ ਨੇ ਜਗਵੇਦੀ ਨੂੰ, ਮੂਸਾ ਦੇ ਇਸ ਨੂੰ ਪਵਿੱਤਰ ਬਣਾਏ ਜਾਣ ਤੋਂ ਬਾਦ, ਸਮਰਪਣ ਕੀਤਾ।
89 ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਮੰਡਲੀ ਵਾਲੇ ਤੰਬੂ ਕੋਲ ਗਿਆ। ਉਸ ਸਮੇਂ, ਉਸ ਨੇ ਆਪਣੇ ਨਾਲ ਗੱਲਾਂ ਕਰਦੀ ਯਹੋਵਾਹ ਦੀ ਅਵਾਜ਼ ਸੁਣੀ। ਇਹ ਅਵਾਜ਼ ਇਕਰਾਰਨਾਮੇ ਵਾਲੇ ਸੰਦੂਕ ਦੇ ਖਾਸ ਕੱਜਣ ਦੇ ਉੱਪਰੋਂ, ਕਰੂਬੀ ਫ਼ਰਿਸ਼ਤਿਆ ਵਿੱਚਕਾਰਲੇ ਇਲਾਕੇ ਵਿੱਚੋਂ ਆ ਰਹੀ ਸੀ। ਇਹੀ ਤਰੀਕਾ ਸੀ ਜਿਵੇਂ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ।
ਦੂਜਾ ਭਾਗ
(ਜ਼ਬੂਰ 42-72)
ਨਿਰਦੇਸ਼ਕ ਲਈ: ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ।
42 ਇੱਕ ਹਿਰਨ ਨੂੰ ਵੱਗਦੀ ਧਾਰਾ ਦੇ ਪਾਣੀ ਦੀ ਪਿਆਸ ਲਗਦੀ ਹੈ।
ਹੇ ਪਰਮੇਸ਼ੁਰ, ਇਸੇ ਤਰ੍ਹਾਂ ਹੀ ਮੇਰੀ ਰੂਹ ਤੁਹਾਡੇ ਲਈ ਪਿਆਸੀ ਹੈ।
2 ਮੇਰੀ ਰੂਹ ਜਿਉਂਦੇ ਪਰਮੇਸ਼ੁਰ ਲਈ ਪਿਆਸੀ ਹੈ।
ਮੈਂ ਉਸ ਨੂੰ ਮਿਲਣ ਲਈ ਕਦੋਂ ਜਾ ਸੱਕਦਾ ਹਾਂ?
3 ਮੇਰਾ ਵੈਰੀ ਲਗਾਤਾਰ ਮੇਰਾ ਮਜ਼ਾਕ ਉਡਾਉਂਦਾ ਹੈ।
ਉਹ ਆਖਦਾ ਹੈ ਤੇਰਾ ਪਰਮੇਸ਼ੁਰ ਕਿੱਥੇ ਹੈ।
ਕੀ ਹਾਲੇ ਤੱਕ ਉਹ ਤੈਨੂੰ ਬਚਾਉਣ ਲਈ ਆਇਆ ਹੈ।
ਮੈਂ ਇੰਨਾ ਉਦਾਸ ਹਾਂ।
ਇਸ ਲਈ ਦਿਨ ਅਤੇ ਰਾਤ ਮੇਰਾ ਭੋਜਨ ਕੇਵਲ ਮੇਰੇ ਹੰਝੂ ਹੀ ਸਨ।
4 ਇਸ ਲਈ ਮੈਂ ਉਦੋਂ ਇਹ ਗੱਲਾਂ ਯਾਦ ਕਰਦਾ ਹਾਂ ਜਦੋਂ ਮੈਂ ਆਪਣੀ ਰੂਹ ਬਾਹਰ ਡੋਲ੍ਹ ਰਿਹਾ ਹੁੰਦਾ।
ਮੈਂ ਭੀੜਾਂ ਵਿੱਚੋਂ ਲੰਘਦਾ ਹੋਇਆ ਯਾਦ ਕਰਦਾ ਹਾਂ ਜਦੋਂ ਮੈਂ ਉਨ੍ਹਾਂ ਦੀ ਅਗਵਾਈ ਪਰਮੇਸ਼ੁਰ ਦੇ ਮੰਦਰ ਵੱਲ ਕਰਦਾ ਹਾਂ
ਮੈਂ ਉਸਤਤਿ ਦੇ ਖੁਸ਼ੀ ਭਰੇ ਗੀਤ ਯਾਦ ਕਰਦਾ ਹਾਂ
ਭੀੜਾਂ ਨੇ ਉਤਸਵਾਂ ਦੇ ਜਸ਼ਨ ਮਨਾਏ।
5-6 ਮੈਨੂੰ ਇੰਨਾ ਉਦਾਸ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ।
ਮੈਨੂੰ ਹਾਲੇ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
ਉਹ ਮੈਨੂੰ ਬਚਾ ਲਵੇਗਾ।
ਮੇਰੇ ਪਰਮੇਸ਼ੁਰ, ਮੈਂ ਕਿੰਨਾ ਉਦਾਸ ਹਾਂ।
ਇਸੇ ਲਈ ਮੈਂ ਯਰਦਨ ਘਾਟੀ ਤੋਂ,
ਹਰਮੋਨ ਦੇ ਪਰਬਤਾਂ ਤੋਂ ਅਤੇ ਮਿਸਰ ਪਰਬਤ ਤੋਂ ਤੁਹਾਡੇ ਲਈ ਪੁਕਾਰਿਆ।
7 ਮੈ ਸਮੁੰਦਰ ਤੋਂ ਲਹਿਰਾਂ ਦੇ ਟਕਰਾਉਣ ਦੀ ਅਵਾਜ਼ ਸੁਣਦਾ ਹਾਂ।
ਬਾਰ-ਬਾਰ ਮੇਰੇ ਉੱਤੇ ਸਮੁੰਦਰ ਵਿੱਚੋਂ ਲਹਿਰਾਂ ਆਉਣ ਵਾਂਗ ਮੁਸੀਬਤਾਂ ਆਈਆਂ ਹਨ।
8 ਯਹੋਵਾਹ ਮੈਨੂੰ ਆਪਣਾ ਪਿਆਰ ਦਿਨ ਦੇ ਸਮੇਂ ਦਰਸ਼ਾਵੇ,
ਤਾਂ ਜੋ ਮੈਂ ਰਾਤ ਵੇਲੇ ਆਪਣੇ ਜਿਉਂਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਦੇ ਤੌਰ ਤੇ ਗੀਤ ਗਾਵਾਂਗਾ।
9 ਮੈਂ ਪਰਮੇਸ਼ੁਰ ਨੂੰ ਆਪਣੀ ਚੱਟਾਨ ਆਖਦਾ ਹਾਂ,
“ਤੁਸਾਂ ਮੈਨੂੰ ਕਿਉਂ ਭੁਲਾ ਦਿੱਤਾ ਹੈ।
ਮੈਂ ਆਪਣੇ ਦੁਸ਼ਮਣਾਂ ਦੇ ਇੰਨੇ ਜ਼ੁਲਮ ਕਿਉਂ ਝੱਲਾ?”
10 ਮੇਰਾ ਦੁਸ਼ਮਣ ਲਗਾਤਾਰ ਮੈਨੂੰ ਜ਼ਲੀਲ ਕਰਦਾ ਹੈ ਅਤੇ ਮਾਰੂ ਵਾਰ ਕਰਦਾ ਹੈ।
ਜਦੋਂ ਉਹ ਆਖਦਾ ਤੇਰਾ ਪਰਮੇਸ਼ੁਰ ਕਿੱਥੇ ਹੈ?
“ਉਹ ਅਜੇ ਤੱਕ ਤੈਨੂੰ ਬਚਾਉਣ ਆਇਆ ਹੈ?”
11 ਮੈਂ ਇੰਨਾ ਉਦਾਸ ਕਿਉਂ ਹੋਵਾਂ?
ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਉਡੀਕਣਾ ਚਾਹੀਦਾ ਹੈ।
ਅਜੇ ਮੈਨੂੰ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
ਉਹ ਮੈਨੂੰ ਬਚਾ ਲਵੇਗਾ।
43 ਪਰਮੇਸ਼ੁਰ, ਇੱਕ ਬੰਦਾ ਹੈ, ਜਿਹੜਾ ਤੁਹਾਡਾ ਵਫ਼ਾਦਾਰ ਚੇਲਾ ਨਹੀਂ ਹੈ।
ਉਹ ਕਪਟੀ ਹੈ ਅਤੇ ਉਹ ਝੂਠ ਬੋਲਦਾ ਹੈ।
ਹੇ ਪਰਮੇਸ਼ੁਰ, ਮੈਨੂੰ ਉਸ ਬੰਦੇ ਤੋਂ ਬਚਾਵੀਂ।
ਮੇਰੀ ਰੱਖਿਆ ਕਰੀਂ ਅਤੇ ਸਾਬਤ ਕਰ ਦੇਵੀਂ ਕਿ ਮੈਂ ਸਹੀ ਹਾਂ।
2 ਹੇ ਪਰਮੇਸ਼ੁਰ ਤੁਸੀਂ ਮੇਰੀ ਓਟ ਹੋ।
ਤੁਸੀਂ ਮੈਨੂੰ ਕਿਉਂ ਛੱਡ ਦਿੱਤਾ।
ਆਪਣੇ ਦੁਸ਼ਮਣ ਦੇ ਜ਼ੁਲਮ ਸਦਕਾ
ਮੈਂ ਇੰਨੀ ਉਦਾਸੀ ਕਿਉਂ ਝੱਲਾਂ?
3 ਹੇ ਪਰਮੇਸ਼ੁਰ, ਆਪਣੇ ਨੂਰ ਅਤੇ ਸੱਚ ਨੂੰ ਮੇਰੇ ਉੱਪਰ ਚਮਕਣ ਦਿਉ।
ਤੁਹਾਡਾ ਨੂਰ ਅਤੇ ਸੱਚ ਮੈਨੂੰ ਰਾਹ ਦਿਖਾਵੇਗਾ।
ਉਹ ਤੁਹਾਡੇ ਪਵਿੱਤਰ ਪਹਾੜ ਵੱਲ ਮੇਰੀ ਅਗਵਾਈ ਕਰਨਗੇ।
4 ਮੈਂ ਪਰਮੇਸ਼ੁਰ ਦੀ ਜਗਵੇਦੀ ਉੱਪਰ ਆਵਾਂਗਾ।
ਮੈਂ ਉਸ ਪਰਮੇਸ਼ੁਰ ਵੱਲ ਆਵਾਂਗਾ ਜਿਹੜਾ ਮੈਨੂੰ ਬਹੁਤ ਖੁਸ਼ ਕਰਦਾ ਹੈ।
ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ
ਰਬਾਬ ਨਾਲ ਤੇਰੀ ਉਸਤਤਿ ਕਰਾਂਗਾ।
5 ਮੈਂ ਇੰਨਾ ਉਦਾਸ ਕਿਉਂ ਹਾਂ?
ਮੈਂ ਇੰਨਾ ਪਰੇਸ਼ਾਨ ਕਿਉਂ ਹਾਂ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਉਡੀਕ ਕਰਨੀ ਚਾਹੀਦੀ ਹੈ।
ਮੈਨੂੰ ਅਜੇ ਪਰਮੇਸ਼ੁਰ ਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
ਉਹ ਮੈਨੂੰ ਬਚਾ ਲਵੇਗਾ।
ਉਹ ਬੋਲਦਾ ਹੈ
5 ਮੇਰੀ ਪ੍ਰੀਤਮੇ ਮੇਰੀ ਲਾੜੀਏ ਆ ਗਿਆ ਹਾਂ ਮੈਂ ਆਪਣੇ ਬਾਗ ਅੰਦਰ।
ਮੈਂ ਆਪਣੇ ਗੰਧਰਸ ਅਤੇ ਮੇਰੇ ਮਸਾਲਿਆਂ ਨੂੰ ਇੱਕਤ੍ਰ ਕਰ ਲਿਆ ਹੈ।
ਮੈਂ ਸ਼ਹਿਦ ਸਮੇਤ ਆਪਣੇ ਛੱਤੇ ਨੂੰ ਖਾ ਲਿਆ ਹੈ।
ਪੀ ਲਿਆ ਹੈ ਦੁੱਧ ਅਤੇ ਮੈਅ ਆਪਣੀ ਨੂੰ।
ਔਰਤਾਂ ਦਾ ਪ੍ਰੇਮੀਆਂ ਨਾਲ ਗੱਲ ਕਰਨਾ
ਪਿਆਰੇ ਮਿੱਤਰੋ ਖਾਵੋ, ਪੀਵੋ!
ਮਦਹੋਸ਼ ਹੋ ਜਾਵੋ ਪਿਆਰ ਨਾਲ!
ਉਹ ਬੋਲਦੀ ਹੈ
2 ਸੁਤ੍ਤੀ ਹੋਈ ਹਾਂ
ਮੈਂ ਪਰ ਦਿਲ ਮੇਰਾ ਹੈ ਜਾਗਦਾ।
ਸੁਣ ਰਹੀ ਹੈ ਦਸਤਕ ਮੈਨੂੰ ਆਪਣੇ ਪ੍ਰਤੀਮ ਦੀ।
“ਖੋਹਲ ਦਰਵਾਜ਼ਾ ਮੇਰੀ ਭੈਣੇ ਮੇਰੀ ਪ੍ਰੀਤਮੇ ਮੇਰੀ ਘੁੱਗੀਏ,
ਮੇਰਾ ਸਿਰ ਤ੍ਰੇਲ ਨਾਲ ਭਿਜਿਆ ਹੋਇਆ ਹੈ।”
3 “ਲਾਹ ਦਿੱਤਾ ਹੈ ਮੈਂ ਚੋਲਾ ਆਪਣਾ।
ਫੇਰ ਨਹੀਂ ਪਾਉਣਾ ਚਾਹੁੰਦੀ ਮੈਂ ਇਸ ਨੂੰ।
ਧੋ ਲੇ ਨੇ ਪੈਰ ਮੈਂ ਆਪਣੇ ਫੇਰ ਨਹੀਂ
ਗੰਦੇ ਕਰਨਾ ਚਾਹੁੰਦੀ ਮੈਂ ਇਨ੍ਹਾਂ ਨੂੰ।”
4 ਪਰ ਮੇਰੇ ਪ੍ਰੀਤਮ ਨੇ ਪਾ ਦਿੱਤਾ ਹੈ ਹੱਥ ਆਪਣਾ ਪ੍ਰਵੇਸ਼ ਬਾਣੀ
ਅਤੇ ਮੇਰਾ ਦਿਲ ਉਸ ਖਾਤਿਰ ਰੋ ਪਿਆ।
5 ਉੱਠੀ ਮੈਂ ਖੋਲ੍ਹਣ ਲਈ ਕਰ
ਆਪਣੇ ਪ੍ਰੀਤਮ ਲਈ ਗੰਧਰਸ ਚੋ ਰਿਹਾ ਸੀ
ਮੇਰੇ ਹੱਥਾਂ ਵਿੱਚੋਂ ਮੇਰੀਆਂ ਉਂਗਲਾਂ ਚੋਂ ਚੋਂਦਾ ਗੰਧਰਸ
ਪਿਆ ਤਾਲੇ ਦੇ ਹੱਬੇ ਉੱਤੇ।
6 ਦਰ ਖੋਲ੍ਹ ਦਿੱਤਾ ਮੈਂ ਆਪਣੇ ਪ੍ਰੀਤਮ ਲਈ
ਪਰ ਪ੍ਰੀਤਮ ਮੇਰਾ ਮੁੜ ਪਿਆ ਸੀ ਤੇ ਤੁਰ ਗਿਆ ਸੀ!
ਤਰਸ ਗਈ ਸਾਂ ਮੈਂ ਉਸਦੀ ਆਵਾਜ਼ ਸੁਣਨ ਲਈ।
ਲੱਭਿਆ ਮੈਂ ਉਸ ਨੂੰ ਪਰ ਲੱਭ ਨਹੀਂ ਸੱਕੀ ਮੈਂ ਉਸ ਨੂੰ;
ਆਵਾਜ਼ ਦਿੱਤੀ ਮੈਂ ਉਸ ਨੂੰ;
ਪਰ ਜਵਾਬ ਨਹੀਂ ਸੀ ਦਿੱਤਾ ਮੈਨੂੰ ਉਸਨੇ।
7 ਮਿਲ ਪਏ ਮੈਨੂੰ ਸ਼ਹਿਰ ਦੇ ਪਹਿਰੇਦਾਰ।
ਮਾਰਿਆ ਉਨ੍ਹਾਂ ਮੈਨੂੰ ਦੁੱਖ ਦਿੱਤਾ ਉਨ੍ਹਾਂ
ਮੈਨੂੰ ਕੰਧ ਉੱਤੇ ਖਲੋਤੇ ਪਹਿਰੇਦਾਰਾਂ ਨੇ ਮੈਥੋਂ ਮੇਰਾ ਸ਼ੌਲ ਖੋਹ ਲਿਆ।
8 ਇਕਰਾਰ ਕਰੋ ਮੇਰੇ ਨਾਲ, ਯਰੂਸ਼ਲਮ ਦੀਓ ਨਾਰੀਓ
ਮਿਲ ਜਾਵੇ ਜੇ ਤੁਹਾਨੂੰ ਮੇਰਾ ਪ੍ਰੀਤਮ ਕਿੱਧਰੇ ਆਖਣਾ ਉਸ ਨੂੰ ਕਿ ਮੈਂ ਪਿਆਰ ਨਾਲ ਬਿਮਾਰ ਹੋ ਗਈ ਹਾਂ।
ਯਰੂਸ਼ਲਮ ਦੀਆਂ ਔਰਤਾਂ ਉਸ ਨੂੰ ਉੱਤਰ ਦਿੰਦੀਆਂ ਹਨ
9 ਕਿਵੇਂ ਹੈਂ ਤੇਰਾ ਪ੍ਰੀਤਮ ਵੱਖਰਾ
ਹੋਰਾਂ ਪ੍ਰੇਮੀਆਂ ਨਾਲੋਂ ਸੁਹਣੀਏ?
ਕੀ ਬਿਹਤਰ ਹੈ ਪ੍ਰੀਤਮ ਤੇਰਾ ਹੋਰਨਾਂ ਪ੍ਰੇਮੀਆਂ ਨਾਲੋਂ?
ਤੂੰ ਸਾਨੂੰ ਇਹ ਇਕਰਾਰ ਕਰਨ ਲਈ ਕਿਉਂ ਕਿਹਾ ਹੈ?
ਉਹ ਯਰੂਸ਼ਲਮ ਦੀਆਂ ਔਰਤਾਂ ਨੂੰ ਜਵਾਬ ਦਿੰਦੀ ਹੈ
10 ਮੇਰੇ ਪ੍ਰੀਤਮ ਦਾ ਚਿਹਰਾ ਚਮਕਦਾਰ ਹੈ
ਅਤੇ ਗੱਲ੍ਹਾਂ ਗੁਲਾਬੀ ਹਨ ਵੱਖਰਾ ਦਿਸੇਗਾ ਉਹ 10,000 ਬੰਦਿਆਂ ਵਿੱਚੋਂ।
11 ਸਿਰ ਉਸਦਾ ਹੈ ਸ਼ੁੱਧ ਸੋਨੇ ਵਰਗਾ।
ਘੁੰਗਰਾਲੇ ਨੇ ਵਾਲ ਉਸ ਦੇ ਕਾਲੇ ਹਿਰਨ ਵਾਗਰਾਂ।
12 ਅੱਖੀਆਂ ਉਸਦੀਆਂ ਹਨ ਘੁੱਗੀ ਜਿਵੇਂ ਹੋਣ ਝਰਨੇ ਉੱਤੇ।
ਜਿਵੇਂ ਘੁੱਗੀ ਦੁੱਧ ਵਿੱਚ ਧੋਤੀਆਂ ਹੋਣ
ਜਿਵੇਂ ਕੋਈ ਮੋਤੀ ਹੁੰਦਾ ਆਪਣੇ ਚੌਗਿਰਦੇ ਅੰਦਰ।
13 ਗੱਲ੍ਹਾਂ ਉਸਦੀਆਂ ਹਨ ਮਸਾਲਿਆਂ ਦੇ
ਬਾਗ ਵਰਗੀਆਂ ਸੁਗੰਧੀ ਦਿੰਦੀਆਂ ਹੋਈਆਂ।
ਹੋਠ ਉਸ ਦੇ ਹਨ ਚੰਬੇਲੀ ਵਰਗੇ
ਗੰਧਰਸ ਨਾਲ ਜਿਉਂਦੇ ਹੋਏ।
14 ਬਾਹਾਂ ਉਸਦੀਆਂ ਹਨ ਸੁਨਹਿਰੀ ਛੜਾਂ ਵਰਗੀਆਂ
ਜੜੇ ਹੋਣ ਉਨ੍ਹਾਂ ਉੱਤੇ ਹੀਰੇ।
ਦੇਹ ਉਸਦੀ ਹੈ ਪਾਲਿਸ਼ ਕੀਤੇ ਹਾਬੀ ਦੰਦ ਵਰਗੀ
ਜਿਸ ਉੱਤੇ ਲੱਗੇ ਹੋਣ ਜਿਵੇਂ ਨੀਲਮ।
15 ਲੱਤਾਂ ਉਸਦੀਆਂ ਹਨ ਸੰਗਮਰਮਰੀ
ਥੰਮਾਂ ਵਰਗੀਆਂ ਖਲੋਤੇ ਸੋਹਣੇ ਸੁਨਹਿਰੀ ਆਧਾਰ ਉੱਤੇ।
ਲਂਮ ਸਲਂਮਾ ਹੈ ਉਹ ਲਬਾਨੋਨ
ਅੰਦਰ ਜਿਵੇਂ ਹੋਵੇ ਰੁੱਖ ਸੁਹਾਣਾ ਦਿਆਰ ਦਾ।
16 ਉਸ ਦਾ ਮੂੰਹ ਸਭ ਤੋਂ ਮਿੱਠਾ ਹੈ
ਉਹ ਹਰ ਤਰ੍ਹਾਂ ਇੱਛਾ ਯੋਗ ਹੈ,
ਇਹ ਮੇਰਾ ਪ੍ਰੀਤਮ,
ਇਹ ਮੇਰਾ ਪ੍ਰੇਮੀ ਹੈ।
5 ਹਰ ਯਹੂਦੀ ਸਰਦਾਰ ਜਾਜਕ ਲੋਕਾਂ ਵਿੱਚੋਂ ਚੁਣਿਆ ਜਾਂਦਾ ਹੈ। ਜਾਜਕ ਨੂੰ ਉਨ੍ਹਾਂ ਗੱਲਾਂ ਨਾਲ ਲੋਕਾਂ ਦੀ ਸਹਾਇਤਾ ਕਰਨ ਦਾ ਕੰਮ ਸੌਂਪਿਆ ਗਿਆ ਹੈ ਜਿਹੜੀਆਂ ਉਹ ਪਰਮੇਸ਼ੁਰ ਲਈ ਕਰਦਾ ਹੈ। ਉਸ ਜਾਜਕ ਨੂੰ ਪਾਪਾਂ ਲਈ ਪਰਮੇਸ਼ੁਰ ਨੂੰ ਤੋਹਫ਼ੇ ਅਤੇ ਕੁਰਬਾਨੀਆਂ ਅਰਪਨ ਕਰਨੀਆਂ ਚਾਹੀਦੀਆਂ ਹਨ। 2 ਸਰਦਾਰ ਜਾਜਕ ਸਮੂਹ ਲੋਕਾਂ ਵਾਂਗ ਖੁਦ ਕਮਜ਼ੋਰ ਹੈ। ਇਸ ਲਈ ਉਹ ਉਨ੍ਹਾਂ ਲੋਕਾਂ ਨਾਲ ਕੋਮਲ ਹੋ ਸੱਕਦਾ ਹੈ ਜੋ ਅਗਿਆਨੀ ਹਨ ਅਤੇ ਸਹੀ ਰਾਹ ਤੋਂ ਭਟਕਾਏ ਗਏ ਹਨ। 3 ਸਰਦਾਰ ਜਾਜਕ ਲੋਕਾਂ ਦੇ ਪਾਪ ਲਈ ਬਲੀ ਚੜ੍ਹਾਉਂਦਾ ਹੈ। ਪਰ ਸਰਦਾਰ ਜਾਜਕ ਖੁਦ ਕਮਜ਼ੋਰੀਆਂ ਰੱਖਦਾ ਹੈ। ਇਸ ਲਈ ਉਸ ਨੂੰ ਖੁਦ ਦੇ ਪਾਪਾਂ ਲਈ ਵੀ ਬਲੀਆਂ ਭੇਂਟ ਕਰਨੀਆਂ ਚਾਹੀਦੀਆਂ ਹਨ।
4 ਸਰਦਾਰ ਜਾਜਕ ਦੀ ਤਰ੍ਹਾਂ ਨਿਯੁਕਤ ਹੋਣਾ ਇੱਕ ਸਤਿਕਾਰ ਹੈ। ਪਰ ਕੋਈ ਵੀ ਵਿਅਕਤੀ ਇਸ ਕਾਰਜ ਲਈ ਖੁਦ ਆਪਣੇ ਆਪ ਦੀ ਚੋਣ ਨਹੀਂ ਕਰਦਾ। ਉਸ ਵਿਅਕਤੀ ਨੂੰ ਪਰਮੇਸ਼ੁਰ ਵੱਲੋਂ, ਹਾਰੂਨ ਵਾਂਗ, ਬੁਲਾਇਆ ਜਾਣਾ ਚਾਹੀਦਾ। 5 ਮਸੀਹ ਨਾਲ ਵੀ ਇਵੇਂ ਹੀ ਹੈ। ਉਸ ਨੇ ਸਰਦਾਰ ਜਾਜਕ ਬਣਨ ਦਾ ਗੌਰਵ ਹਾਸਿਲ ਕਰਨ ਦੀ ਚੋਣ ਖੁਦ ਨਹੀਂ ਕੀਤੀ। ਸਗੋਂ ਪਰਮੇਸ਼ੁਰ ਨੇ ਉਸ ਨੂੰ ਚੁਣਿਆ। ਪਰਮੇਸ਼ੁਰ ਨੇ ਮਸੀਹ ਨੂੰ ਆਖਿਆ,
“ਤੂੰ ਮੇਰਾ ਪੁੱਤਰ ਹੈਂ;
ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।” (A)
6 ਅਤੇ ਪੋਥੀਆਂ ਵਿੱਚ ਇੱਕ ਹੋਰ ਜਗ਼੍ਹਾ ਤੇ ਪਰਮੇਸ਼ੁਰ ਆਖਦਾ ਹੈ,
7 ਜਦੋਂ ਮਸੀਹ ਧਰਤੀ ਉੱਤੇ ਰਹਿੰਦਾ ਸੀ ਉਸ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਸਹਾਇਤਾ ਦੀ ਮੰਗ ਕੀਤੀ। ਪਰਮੇਸ਼ੁਰ ਹੀ ਹੈ ਜਿਹੜਾ ਉਸ ਨੂੰ ਮੌਤ ਤੋਂ ਬਚਾ ਸੱਕਦਾ ਸੀ ਅਤੇ ਯਿਸੂ ਨੇ ਪਰਮੇਸ਼ੁਰ ਅੱਗੇ ਉੱਚੀਆਂ ਚੀਕਾਂ ਅਤੇ ਹੰਝੂਆਂ ਰਾਹੀਂ ਪ੍ਰਾਰਥਨਾ ਕੀਤੀ। ਅਤੇ ਪਰਮੇਸ਼ੁਰ ਨੇ ਯਿਸੂ ਦੀਆਂ ਪ੍ਰਾਰਥਨਾ ਦਾ ਉੱਤਰ ਦਿੱਤਾ ਕਿਉਂਕਿ ਯਿਸੂ ਨਿਮ੍ਰ ਸੀ ਅਤੇ ਉਸ ਨੇ ਹਰ ਉਹ ਗੱਲ ਕੀਤੀ ਜਿਸ ਵਿੱਚ ਪਰਮੇਸ਼ੁਰ ਦੀ ਰਜ਼ਾ ਸੀ। 8 ਯਿਸੂ ਪਰਮੇਸ਼ੁਰ ਦਾ ਪੁੱਤਰ ਸੀ। ਪਰ ਯਿਸੂ ਨੇ ਦੁੱਖ ਝੱਲੇ ਅਤੇ ਜਿਨ੍ਹਾਂ ਦੁੱਖਾਂ ਰਾਹੀਂ ਉਹ ਗੁਜ਼ਰਿਆ, ਉਸ ਨੇ ਤਾਬੇਦਾਰੀ ਸਿੱਖੀ। 9 ਫ਼ੇਰ ਯਿਸੂ ਸੰਪੰਨ ਸੀ। ਉਹ ਉਨ੍ਹਾਂ ਸਾਰੇ ਲੋਕਾਂ ਲਈ ਕਾਰਣ ਬਣਿਆ, ਜਿਹੜੇ ਸਦੀਵੀ ਮੁਕਤੀ ਪ੍ਰਾਪਤ ਕਰਨ ਲਈ ਉਸ ਨੂੰ ਮੰਨਦੇ ਹਨ। 10 ਅਤੇ ਪਰਮੇਸ਼ੁਰ ਨੇ ਯਿਸੂ ਨੂੰ ਉਵੇਂ ਹੀ ਸਰਦਾਰ ਜਾਜਕ ਬਣਾਇਆ ਜਿਵੇਂ ਕਿ ਮਲਕਿਸਿਦਕ ਸੀ।
ਗਿਰਾਵਟ ਦੇ ਖਿਲਾਫ਼ ਚਿਤਾਵਨੀ
11 ਅਸੀਂ ਤੁਹਾਨੂੰ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦੇ ਹਾਂ। ਪਰ ਇਹ ਤੁਹਾਨੂੰ ਸਪੱਸ਼ਟ ਕਰਨਾ ਬਹੁਤ ਔਖਾ ਹੈ ਕਿਉਂਕਿ ਤੁਸੀਂ ਸਮਝਣ ਦੇ ਇਛੁੱਕ ਨਹੀਂ ਹੋ। 12 ਤੁਹਾਨੂੰ ਇੰਨਾ ਸਮਾਂ ਮਿਲ ਚੁੱਕਿਆ ਹੈ ਕਿ ਹੁਣ ਤੱਕ ਤਾਂ ਤੁਹਾਨੂੰ ਗੁਰੂ ਬਣ ਜਾਣਾ ਚਾਹੀਦਾ ਸੀ। ਪਰ ਤੁਹਾਨੂੰ, ਇੱਕ ਵਾਰੀ ਫ਼ੇਰ, ਪਰਮੇਸ਼ੁਰ ਦੇ ਉਪਦੇਸ਼ ਦੇ ਮੁੱਢਲੇ ਪਾਠ ਪੜ੍ਹਾਉਣ ਵਾਲੇ, ਕਿਸੇ ਵਿਅਕਤੀ ਦੀ ਲੋੜ ਹੈ। ਤੁਹਾਨੂੰ ਹਾਲੇ ਵੀ ਉਪਦੇਸ਼ ਦੀ ਦੁੱਧ ਵਾਂਗ ਲੋੜ ਹੈ। ਤੁਸੀਂ ਹਾਲੇ ਠੋਸ ਆਹਾਰ ਲਈ ਤਿਆਰ ਨਹੀਂ ਹੋ। 13 ਕੋਈ ਵੀ ਜਿਹੜਾ ਦੁੱਧ ਦੇ ਆਸਰੇ ਜਿਉਂਦਾ, ਇੱਕ ਸ਼ਿਸ਼ੂ ਹੈ। ਅਜਿਹਾ ਵਿਅਕਤੀ ਸਹੀ ਉਪਦੇਸ਼ ਬਾਰੇ ਕੁਝ ਨਹੀਂ ਜਾਣਦਾ। 14 ਪਰ ਠੋਸ ਆਹਾਰ ਉਨ੍ਹਾਂ ਲੋਕਾਂ ਲਈ ਨਹੀਂ ਹੈ ਜਿਹੜੇ ਸ਼ਿਸ਼ੂਆਂ ਵਰਗੇ ਹਨ। ਉਹ ਉਨ੍ਹਾਂ ਲਈ ਹੈ ਜਿਹੜੇ ਆਤਮਕ ਤੌਰ ਤੇ ਪ੍ਰੌਢ ਹਨ। ਉਨ੍ਹਾਂ ਦੇ ਰੋਜ਼ਾਨਾ ਅਭਿਆਸ ਦੁਆਰਾ, ਉਨ੍ਹਾਂ ਨੇ ਆਪਣੇ ਆਪ ਨੂੰ ਚੰਗੇ ਅਤੇ ਬੁਰੇ ਵਿੱਚ ਫ਼ਰਕ ਕਰਨ ਲਈ ਪੱਕਾ ਕਰ ਲਿਆ ਹੈ।
2010 by World Bible Translation Center