M’Cheyne Bible Reading Plan
ਮੂਸਾ ਜਾਜਕਾਂ ਨੂੰ ਤਿਆਰ ਕਰਦਾ ਹੈ
8 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਹਾਰੂਨ ਨੂੰ ਉਸ ਦੇ ਪੁੱਤਰਾਂ ਉਨ੍ਹਾਂ ਦੇ ਵਸਤਰਾਂ, ਮਸਹ ਵਾਲੇ ਤੇਲ, ਪਾਪ ਦੀ ਭੇਟ ਦੇ ਬਲਦ ਦੋ ਭੇਡੂਆਂ ਅਤੇ ਪਤੀਰੀ ਰੋਟੀ ਦੀ ਟੋਕਰੀ ਸਮੇਤ ਨਾਲ ਲੈ। 3 ਅਤੇ ਫ਼ੇਰ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਇਕੱਠਿਆਂ ਕਰ।”
4 ਮੂਸਾ ਨੇ ਉਹੀ ਕੀਤਾ ਜਿਸਦਾ ਯਹੋਵਾਹ ਨੇ ਆਦੇਸ਼ ਦਿੱਤਾ ਸੀ। ਲੋਕ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਕੋਲ ਇਕੱਠੇ ਹੋ ਗਏ। 5 ਫ਼ੇਰ ਮੂਸਾ ਨੇ ਲੋਕਾਂ ਨੂੰ ਆਖਿਆ, “ਇਹ ਚੀਜ਼ ਹੈ ਜੋ ਯਹੋਵਾਹ ਨੇ ਹੁਕਮ ਦਿੱਤਾ ਹੈ ਕਿ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।”
6 ਫ਼ੇਰ ਮੂਸਾ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਲਿਆਇਆ। ਉਸ ਨੇ ਉਨ੍ਹਾਂ ਨੂੰ ਪਾਣੀ ਨਾਲ ਧੋਤਾ। 7 ਫ਼ੇਰ ਮੂਸਾ ਨੇ ਉਣੀ ਹੋਈ ਕਮੀਜ਼ ਹਾਰੂਨ ਨੂੰ ਪਹਿਨਾਈ ਅਤੇ ਉਸ ਦੇ ਲੱਕ ਦੁਆਲੇ ਪੇਟੀ ਬੰਨ੍ਹੀ। ਫ਼ੇਰ ਉਸ ਨੇ ਹਾਰੂਨ ਨੂੰ ਚੋਲਾ ਪਹਿਨਾਇਆ। ਇਸਤੋਂ ਮਗਰੋਂ, ਉਸ ਨੇ ਹਾਰੂਨ ਨੂੰ ਏਫ਼ੋਦ ਪਹਿਨਾਇਆ ਅਤੇ ਇਸ ਨੂੰ ਸੁੰਦਰ ਕਮਰਬੰਦ ਦੇ ਨਾਲ ਬੰਨ੍ਹ ਦਿੱਤਾ। 8 ਉਸ ਨੇ ਉਸ ਨੂੰ ਸੀਨੇ-ਬੰਦ ਪਹਿਨਾਇਆ ਅਤੇ ਸੀਨੇ-ਬੰਦ ਦੀ ਜੇਬ ਵਿੱਚ ਉਰੀਮ ਅਤੇ ਤੁੰਮੀਮ ਪਾਏ। 9 ਉਸ ਨੇ ਹਾਰੂਨ ਦੇ ਸਿਰ ਤੇ ਅਮਾਮਾ ਵੀ ਰੱਖਿਆ ਅਤੇ ਅਮਾਮੇ ਦੇ ਅਗਲੇ ਪਾਸੇ ਇੱਕ ਸੋਨੇ ਦੀ ਪੱਟੀ ਬੰਨ੍ਹੀ। ਇਹ ਪਵਿੱਤਰ ਤਾਜ ਹੈ। ਮੂਸਾ ਨੇ ਇਹ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਆਦੇਸ਼ ਦਿੱਤਾ ਸੀ।
10 ਫ਼ੇਰ ਮੂਸਾ ਨੇ ਮਸਹ ਕਰਨ ਵਲਾ ਤੇਲ ਲਿਆ ਅਤੇ ਇਸ ਨੂੰ ਪਵਿੱਤਰ ਤੰਬੂ ਅਤੇ ਇਸ ਵਿੱਚਲੀਆਂ ਸਾਰੀਆਂ ਚੀਜ਼ਾਂ ਉੱਤੇ ਛਿੜਕਿਆ। ਇਸ ਤਰ੍ਹਾਂ ਮੂਸਾ ਨੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ। 11 ਉਸ ਨੇ ਮਸਹ ਵਾਲਾ ਕੁਝ ਤੇਲ ਜਗਵੇਦੀ ਉੱਤੇ ਅਤੇ ਇਸਦੇ ਸਾਰੇ ਸੰਦਾਂ ਅਤੇ ਪਲੇਟਾਂ ਉੱਤੇ ਸੱਤ ਵਾਰੀ ਛਿੜਕਿਆ। ਉਸ ਨੇ ਇਹ ਤੇਲ ਪਾਣੀ ਦੇ ਵੱਡੇ ਹੌਂਦ ਅਤੇ ਉਸਦੀ ਚੌਂਕੀ ਉੱਤੇ ਵੀ ਛਿੜਕਿਆ ਅਤੇ ਇਸ ਤਰ੍ਹਾਂ, ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ। 12 ਫ਼ੇਰ ਉਸ ਨੇ ਮਸਹ ਵਾਲਾ ਕੁਝ ਤੇਲ ਹਾਰੂਨ ਦੇ ਸਿਰ ਉੱਤੇ ਡੋਲ੍ਹਿਆ। ਇਸ ਤਰ੍ਹਾਂ ਉਸ ਨੇ ਹਾਰੂਨ ਨੂੰ ਮਸਹ ਕੀਤਾ ਅਤੇ ਉਸ ਨੂੰ ਪਵਿੱਤਰ ਬਣਾ ਦਿੱਤਾ। 13 ਫ਼ੇਰ ਉਹ ਹਾਰੂਨ ਦੇ ਪੁੱਤਰਾਂ ਨੂੰ ਲਿਆਇਆ ਅਤੇ ਉਨ੍ਹਾਂ ਨੂੰ ਉਣੀਆਂ ਹੋਈਆਂ ਕਮੀਜ਼ਾਂ ਪੁਆਈਆਂ। ਉਨ੍ਹਾਂ ਦੁਆਲੇ ਪੇਟੀਆਂ ਬੰਨ੍ਹੀਆਂ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਟੋਪੀਆਂ ਪਾਈਆਂ। ਮੂਸਾ ਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ।
14 ਫ਼ੇਰ ਮੂਸਾ ਨੇ ਪਾਪ ਦੀ ਭੇਟ ਦਾ ਬਲਦ ਲਿਆਂਦਾ। ਹਾਰੂਨ ਤੇ ਉਸ ਦੇ ਪੁੱਤਰਾਂ ਨੇ ਪਾਪ ਦੀ ਭੇਟ ਦੇ ਬਲਦ ਦੇ ਸਿਰ ਤੇ ਆਪਣੇ ਹੱਥ ਰੱਖੇ। 15 ਫ਼ੇਰ ਉਸ ਨੇ ਬਲਦ ਨੂੰ ਮਾਰਕੇ ਇਸਦਾ ਖੂਨ ਇਕੱਠਾ ਕਰ ਲਿਆ। ਉਸ ਨੇ ਆਪਣੀ ਉਂਗਲੀ ਦੀ ਵਰਤੋਂ ਕੀਤੀ ਅਤੇ ਕੁਝ ਖੂਨ ਜਗਵੇਦੀ ਦੇ ਸਾਰੇ ਕੋਨਿਆਂ ਤੇ ਲੇਪ ਦਿੱਤਾ। ਇਸ ਤਰ੍ਹਾਂ, ਉਸ ਨੇ ਜਗਵੇਦੀ ਨੂੰ ਸ਼ੁੱਧ ਕਰ ਦਿੱਤਾ। [a] ਫ਼ੇਰ ਉਸ ਨੇ ਜਗਵੇਦੀ ਦੇ ਥੜੇ ਉੱਤੇ ਖੂਨ ਡੋਲ੍ਹ ਦਿੱਤਾ। ਇਸ ਤਰ੍ਹਾਂ, ਉਸ ਨੇ ਜਗਵੇਦੀ ਨੂੰ ਪਵਿੱਤਰ ਅਤੇ ਵਰਤੋਂ ਦੇ ਲਾਇੱਕ ਬਣਾ ਦਿੱਤਾ। [b] 16 ਉਸ ਨੇ ਬਲਦ ਦੇ ਅੰਦਰਲੇ ਅੰਗਾਂ ਵਿੱਚੋਂ ਸਾਰੀ ਚਰਬੀ, ਕਲੇਜੀ ਦਾ ਚਰਬੀ ਵਾਲਾ ਹਿੱਸਾ ਦੋਹਾਂ ਗੁਰਦਿਆਂ ਸਮੇਤ ਅਤੇ ਉਸ ਉੱਪਰਲੀ ਚਰਬੀ ਲਈ। ਫ਼ੇਰ ਉਸ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ। 17 ਪਰ ਮੂਸਾ ਬਲਦ ਦੀ ਚਮੜੀ ਅਤੇ ਇਸ ਦਾ ਬੱਚਿਆਂ ਹੋਇਆ ਸ਼ਰੀਰ ਅਤੇ ਇਸਦੀ ਰਹਿੰਦ ਖੁੰਹਦ ਨੂੰ ਡੇਰੇ ਤੋਂ ਬਾਹਰ ਲੈ ਆਇਆ ਅਤੇ ਇਨ੍ਹਾਂ ਚੀਜ਼ਾਂ ਨੂੰ ਸਾੜ ਦਿੱਤਾ। ਉਸ ਨੇ ਇਹ ਗੱਲਾਂ ਉਵੇਂ ਹੀ ਕੀਤੀਆਂ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ।
18 ਫ਼ੇਰ ਮੂਸਾ ਹੋਮ ਦੀ ਭੇਟ ਦੇ ਭੇਡੂ ਨੂੰ ਲੈ ਆਇਆ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਆਪਣੇ ਹੱਥ ਭੇਡੂ ਦੇ ਸਿਰ ਉੱਤੇ ਰੱਖੇ। 19 ਫ਼ੇਰ ਉਸ ਨੇ ਭੇਡੂ ਨੂੰ ਜਿਬਹ ਕੀਤਾ ਅਤੇ ਉਸ ਨੇ ਖੂਨ ਨੂੰ ਜਗਵੇਦੀ ਦੇ ਸਾਰੀ ਪਾਸੀਂ ਛਿੜਕ ਦਿੱਤਾ। 20-21 ਮੂਸਾ ਨੇ ਭੇਡੂ ਦੇ ਟੋਟੇ ਕੀਤੇ। ਮੂਸਾ ਨੇ ਅੰਦਰਲੇ ਹਿਸਿਆਂ ਅਤੇ ਲੱਤਾਂ ਨੂੰ ਪਾਣੀ ਨਾਲ ਸਾਫ਼ ਕੀਤਾ। ਫ਼ੇਰ ਮੂਸਾ ਨੇ ਪੂਰੇ ਭੇਡੂ ਨੂੰ ਜਗਵੇਦੀ ਉੱਤੇ ਸਾੜ ਦਿੱਤਾ। ਮੂਸਾ ਨੇ ਸਿਰੀ, ਟੁਕੜਿਆਂ ਅਤੇ ਚਰਬੀ ਨੂੰ ਸਾੜਿਆ। ਇਹ ਅੱਗ ਨਾਲ ਭੇਟ ਕੀਤੀ ਹੋਮ ਦੀ ਭੇਟ ਸੀ। ਇਸਦੀ ਸੁਗੰਧ ਨੇ ਯਹੋਵਾਹ ਨੂੰ ਪ੍ਰਸੰਨ ਕੀਤਾ। ਮੂਸਾ ਨੇ ਇਹ ਗੱਲਾਂ ਉਵੇਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ।
22 ਫ਼ੇਰ ਮੂਸਾ ਦੂਸਰੇ ਭੇਡੂ ਨੂੰ ਲਿਆਇਆ। ਇਸ ਭੇਡੂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਜਾਜਕ ਬਨਾਉਣ ਵਾਸਤੇ ਮਸਹ ਕਰਨ ਲਈ ਵਰਤਿਆ ਗਿਆ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ। 23 ਫ਼ੇਰ ਉਸ ਨੇ ਭੇਡੂ ਨੂੰ ਮਾਰਕੇ ਇਸਦਾ ਕੁਝ ਖੂਨ ਹਾਰੂਨ ਦੇ ਸੱਜੇ ਕੰਨ ਦੀ ਪਿਪਲੀ ਉੱਤੇ, ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਇਆ। 24 ਫ਼ੇਰ ਉਹ ਹਾਰੂਨ ਦੇ ਪੁੱਤਰਾਂ ਨੂੰ ਲਿਆਇਆ ਅਤੇ ਕੁਝ ਖੂਨ ਉਨ੍ਹਾਂ ਦੇ ਸੱਜੇ ਕੰਨਾਂ ਦੀਆਂ ਪਿਪਲੀਆਂ ਉੱਤੇ, ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਲਾਇਆ। ਫ਼ੇਰ ਉਸ ਨੇ ਜਗਵੇਦੀ ਦੇ ਉੱਤੇ ਅਤੇ ਆਸੇ-ਪਾਸੇ ਖੂਨ ਡੋਲ੍ਹਿਆ। 25 ਮੂਸਾ ਨੇ ਚਰਬੀ ਲਈ, ਚਰਬੀ ਵਾਲੀ ਪੂਛ, ਅੰਦਰਲੇ ਅੰਗਾਂ ਦੀ ਸਾਰੀ ਚਰਬੀ, ਕਲੇਜੀ ਤੇ ਚੜ੍ਹੀ ਹੋਈ ਚਰਬੀ, ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜਾ ਪੱਟ ਲਿਆ। 26 ਪਤੀਰੀ ਰੋਟੀ ਦੀ ਇੱਕ ਟੋਕਰੀ ਹਰ ਰੋਜ਼ ਯਹੋਵਾਹ ਅੱਗੇ ਰੱਖੀ ਜਾਂਦੀ ਹੈ। ਮੂਸਾ ਨੇ ਉਨ੍ਹਾਂ ਰੋਟੀਆਂ ਵਿੱਚੋਂ ਇੱਕ ਰੋਟੀ ਲਈ, ਅਤੇ ਇੱਕ ਰੋਟੀ ਤੇਲ ਨਾਲ ਚੋਪੜੀ ਹੋਈ, ਅਤੇ ਇੱਕ ਪਤੀਰੀ ਮਠੀ ਲਈ। ਮੂਸਾ ਨੇ ਰੋਟੀਆਂ ਦੇ ਉਹ ਟੁਕੜੇ ਭੇਡੂ ਦੇ ਸੱਜੇ ਪੱਟ ਅਤੇ ਚਰਬੀ ਉੱਤੇ ਰੱਖ ਦਿੱਤੇ। 27 ਫ਼ੇਰ ਮੂਸਾ ਨੇ ਉਹ ਸਾਰੀਆਂ ਚੀਜ਼ਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੱਥਾਂ ਉੱਤੇ ਧਰ ਦਿੱਤੀਆਂ। ਮੂਸਾ ਨੇ ਇਨ੍ਹਾਂ ਟੁਕੜਿਆਂ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀਆਂ ਭੇਟਾਂ ਵਜੋਂ ਹਿਲਾਇਆ। 28 ਫ਼ੇਰ ਉਸ ਨੇ ਇਹ ਚੀਜ਼ਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੱਥਾਂ ਵਿੱਚੋਂ ਵਾਪਸ ਲੈ ਲਈਆਂ ਅਤੇ ਇਨ੍ਹਾਂ ਨੂੰ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਨਾਲ ਸਾੜਿਆ। ਇਹ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਜਾਜਕਾਂ ਵਜੋਂ ਮਸਹ ਕਰਨ ਲਈ ਚੜ੍ਹਾਵਾ ਸੀ। ਇਹ ਅੱਗ ਦੁਆਰਾ ਦਿੱਤਾ ਗਿਆ ਚੜ੍ਹਾਵਾ ਸੀ ਅਤੇ ਇਸਦੀ ਸੁਗੰਧ ਨੇ ਯਹੋਵਾਹ ਨੂੰ ਪ੍ਰਸੰਨ ਕਰ ਦਿੱਤਾ। 29 ਮੂਸਾ ਨੇ ਸੀਨਾ ਲਿਆ ਅਤੇ ਇਸ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਹਿਲਾਇਆ। ਇਹ ਮੂਸਾ ਦਾ ਜਾਜਕਾਂ ਨੂੰ ਮਸਹ ਕਰਨ ਦੀ ਰਸਮ ਦਾ ਇੱਕ ਹਿੱਸਾ ਸੀ। ਇਹ ਉਸੇ ਤਰ੍ਹਾਂ ਸੀ ਜਿਵੇਂ ਮੂਸਾ ਨੂੰ ਯਹੋਵਾਹ ਨੇ ਹੁਕਮ ਕੀਤਾ ਸੀ।
30 ਮੂਸਾ ਨੇ ਕੁਝ ਕੁ ਮਸਹ ਕਰਨ ਵਾਲਾ ਤੇਲ ਲਿਆ ਅਤੇ ਜਗਵੇਦੀ ਉੱਪਰਲਾ ਕੁਝ ਖੂਨ ਲਿਆ। ਮੂਸਾ ਨੇ ਇਸ ਵਿੱਚੋਂ ਕੁਝ ਹਾਰੂਨ ਅਤੇ ਹਾਰੂਨ ਦੇ ਵਸਤਰਾਂ ਉੱਤੇ ਛਿੜਕਿਆ। ਮੂਸਾ ਨੇ ਇਸ ਵਿੱਚੋਂ ਕੁਝ ਹਾਰੂਨ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਵਸਤਰਾਂ ਉੱਤੇ ਛਿੜਕਿਆ। ਜਿਹੜੇ ਹਾਰੂਨ ਦੇ ਨਾਲ ਸਨ। ਇਸ ਤਰ੍ਹਾਂ ਮੂਸਾ ਨੇ ਹਾਰੂਨ, ਉਸ ਦੇ ਵਸਤਰਾਂ, ਉਸ ਦੇ ਪੁੱਤਰਾਂ ਅਤੇ ਉਸ ਦੇ ਪੁੱਤਰਾਂ ਦੇ ਵਸਤਰਾਂ ਨੂੰ ਪਵਿੱਤਰ ਬਣਾ ਦਿੱਤਾ।
31 ਫ਼ੇਰ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖਿਆ, “ਜਿਵੇਂ ਮੈਂ ਹੁਕਮ ਦਿੱਤਾ ਸੀ, ‘ਹਾਰੂਨ ਤੇ ਉਸ ਦੇ ਪੁੱਤਰਾਂ ਨੂੰ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ।’ ਇਸ ਲਈ ਰੋਟੀਆਂ ਵਾਲੀ ਟੋਕਰੀ ਅਤੇ ਜਾਜਕ ਚੁਨਣ ਦੀ ਰਸਮ ਦਾ ਮਾਸ ਲੈ ਲਵੋ। ਉਸ ਮਾਸ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਕੋਲ ਉਬਾਲੋ ਅਤੇ ਮਾਸ ਤੇ ਰੋਟੀ ਨੂੰ ਉਸ ਥਾਂ ਉੱਤੇ ਖਾਉ। 32 ਜੇ ਮਾਸ ਜਾਂ ਰੋਟੀ ਵਿੱਚੋਂ ਕੁਝ ਬਚ ਜਾਵੇ ਤਾਂ ਇਸ ਨੂੰ ਸਾੜ ਦਿਉ। 33 ਜਾਜਕਾਂ ਨੂੰ ਚੁਨਣ ਦੀ ਰਸਮ ਸੱਤ ਦਿਨਾਂ ਤੱਕ ਚੱਲੇਗੀ। ਜਦੋਂ ਤੱਕ ਇਹ ਸਮਾਂ ਖਤਮ ਨਹੀਂ ਹੋ ਜਾਂਦਾ ਤੁਹਾਨੂੰ ਮੰਡਲੀ ਵਾਲੇ ਤੰਬੂ ਦਾ ਪ੍ਰਵੇਸ਼ ਦੁਆਰ ਨਹੀਂ ਛੱਡਣਾ ਚਾਹੀਦਾ। 34 ਜਿਹੜੀਆਂ ਗੱਲਾਂ ਅੱਜ ਹੋਈਆਂ ਹਨ ਯਹੋਵਾਹ ਨੇ ਤੁਹਾਡੇ ਲਈ ਪਰਾਸਚਿਤ ਕਰਨ ਲਈ ਉਨ੍ਹਾਂ ਨੂੰ ਕਰਨ ਦਾ ਆਦੇਸ਼ ਦਿੱਤਾ ਹੈ। 35 ਤੁਹਾਨੂੰ ਸੱਤਾਂ ਦਿਨਾਂ ਤੱਕ ਦਿਨ ਰਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਰਹਿਣਾ ਪਵੇਗਾ। ਜੇ ਤੁਸੀਂ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੋਂਗੇ ਤਾਂ ਤੁਸੀਂ ਮਰ ਜਾਉਂਗੇ। ਯਹੋਵਾਹ ਨੇ ਮੈਨੂੰ ਇਹ ਹੁਕਮ ਦਿੱਤੇ ਸਨ।”
36 ਇਸ ਲਈ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਨਿਰਦੇਸ਼ਕ ਲਈ: ਮਥਲਬੇਨ ਦੀ ਸਰਗਮ [a] ਵਿੱਚ ਗਾਉਣ ਲਈ। ਦਾਊਦ ਦਾ ਇੱਕ ਗੀਤ।
9 ਮੈਂ ਸੱਚੇ ਦਿਲੋਂ ਯਹੋਵਾਹ ਦੀ ਉਸਤਤਿ ਕਰਦਾ ਹਾਂ।
ਯਹੋਵਾਹ ਮੈਂ ਲੋਕਾਂ ਨੂੰ ਉਨ੍ਹਾਂ ਸਮੂਹ ਅਚਂਭਿਆਂ ਬਾਰੇ ਦੱਸਾਂਗਾ ਜਿਨ੍ਹਾਂ ਨੂੰ ਤੂੰ ਸਾਜਿਆ ਹੈ।
2 ਤੁਸੀਂ ਮੈਨੂੰ ਇੰਨਾ ਪ੍ਰਸੰਨ ਕਰਦੇ ਹੋਂ।
ਹੇ ਸਭ ਤੋਂ ਉੱਚੇ ਪਰਮੇਸ਼ੁਰ, ਮੈਂ ਤੇਰੇ ਨਾਮ ਦੀ ਉਸਤਤਿ ਕਰਾਂ।
3 ਮੇਰੇ ਦੁਸ਼ਮਣ ਤੈਥੋਂ ਡਰਕੇ ਨੱਸ ਗਏ ਹਨ।
ਅਤੇ ਉਹ ਡਿੱਗ ਪਏ ਹਨ ਤੇ ਉਨ੍ਹਾਂ ਦਾ ਨਾਸ਼ ਹੋ ਗਿਆ।
4 ਤੁਸੀਂ ਆਪਣੇ ਤਖਤ ਉੱਤੇ ਧਰਮੀ ਨਿਆਂਕਾਰ ਵਾਂਗ ਬੈਠੇ ਸੀ।
ਯਹੋਵਾਹ, ਤੁਸੀਂ ਮੇਰੀ ਬੇਨਤੀ ਸੁਣੀ।
ਅਤੇ ਤੁਸੀਂ ਨਿਆਂ ਸੁਣਾ ਦਿੱਤਾ।
5 ਤੁਸਾਂ ਉਨ੍ਹਾਂ ਹੋਰ ਲੋਕਾਂ ਦੀ ਨਿੰਦਿਆ ਕੀਤੀ,
ਯਹੋਵਾਹ ਤੁਸਾਂ ਉਨ੍ਹਾਂ ਮੰਦਿਆਂ ਲੋਕਾਂ ਨੂੰ ਖਤਮ ਕਰ ਦਿੱਤਾ ਹੈ।
ਤੁਸਾਂ ਹਮੇਸ਼ਾ ਲਈ ਉਨ੍ਹਾਂ ਦਾ ਨਾਮ ਉਨ੍ਹਾਂ ਲੋਕਾਂ ਦੀ ਸੂਚੀ ਵਿੱਚੋਂ ਮਿਟਾ ਦਿੱਤਾ ਜਿਹੜੇ ਜਿਉਂਦੇ ਜਾਗਦੇ ਹਨ।
6 ਦੁਸ਼ਮਣ ਖਤਮ ਹੋ ਗਿਆ ਹੈ।
ਯਹੋਵਾਹ ਤੁਸੀਂ ਉਨ੍ਹਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ।
ਹੁਣ ਸਿਰਫ਼ ਉਨ੍ਹਾਂ ਘਰਾਂ ਦਾ ਮਲਵਾ ਹੀ ਬੱਚਿਆਂ ਹੈ।
ਕੁਝ ਵੀ ਨਹੀਂ ਬੱਚਿਆਂ ਜਿਹੜਾ ਸਾਨੂੰ ਉਨ੍ਹਾਂ ਮੰਦੇ ਲੋਕਾਂ ਦਾ ਚੇਤਾ ਕਰਾ ਸੱਕਾਂ।
7 ਪਰ ਯਹੋਵਾਹ ਸਦਾ ਲਈ ਸ਼ਾਸਨ ਕਰਦਾ ਹੈ।
ਉਸ ਨੇ ਆਪਣੇ ਰਾਜ ਨੂੰ ਸ਼ਕਤੀਸ਼ਾਲੀ ਬਣਾਇਆ।
ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਦੁਨੀਆਂ ਵਿੱਚ ਨਿਆਂ ਪ੍ਰਬਲ ਹੋ ਸੱਕੇ।
8 ਯਹੋਵਾਹ ਧਰਤੀ ਉੱਤੇ ਸਭ ਨਾਲ ਸੱਚਾ ਨਿਆਂ ਕਰਦਾ ਹੈ।
ਉਹ ਸਾਰੀਆਂ ਕੌਮਾਂ ਵਾਸਤੇ ਨਿਆਂਈ ਹੈ।
9 ਯਹੋਵਾਹ ਸਤਾਏ ਹੋਏ ਲੋਕਾਂ ਲਈ
ਸੁਰੱਖਿਅਤ ਸਥਾਨ ਹੋਵੇਗਾ।
ਅਤੇ ਉਨ੍ਹਾਂ ਲੋਕਾਂ ਲਈ ਸ਼ਰਨ ਦਾ ਇੱਕ ਸਥਾਨ ਹੋਵੇਗਾ
ਜਿਹੜੇ ਤਕਲੀਫ਼ਾਂ ਝੱਲ ਰਹੇ ਹਨ।
10 ਉਹ ਲੋਕ ਜਿਹੜੇ ਤੇਰੇ ਸੱਚੇ ਨਾਮ ਤੋਂ ਸਚੇਤ ਹਨ,
ਉਨ੍ਹਾਂ ਨੂੰ ਤੇਰੇ ਵਿੱਚ ਯਕੀਨ ਰੱਖਣਾ ਪਵੇਗਾ।
ਯਹੋਵਾਹ, ਜੇਕਰ ਇਹ ਲੋਕ ਤੁਹਾਡੇ ਵੱਲ ਆਉਣ
ਤਾਂ ਉਨ੍ਹਾਂ ਨੂੰ ਬਿਨ ਮਦਦ ਤੋਂ ਨਾ ਛੱਡੀਂ।
11 ਹੇ ਸੀਯੋਨ ਪਰਬਤ ਦੇ ਵਾਸੀਓ ਯਹੋਵਾਹ ਦੀ ਉਸਤਤਿ ਦੇ ਗੀਤ ਗਾਵੋ।
ਪਰਾਈਆਂ ਕੌਮਾਂ ਨੂੰ ਯਹੋਵਾਹ ਦੀਆਂ ਮਹਾਨ ਗੱਲਾਂ ਬਾਰੇ ਦੱਸੋ।
12 ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਚੇਤੇ ਰੱਖਿਆ ਹੈ
ਜਿਹੜੇ ਉਸ ਵੱਲ ਸਹਾਇਤਾ ਲਈ ਚੱਲਦੇ ਹਨ।
ਯਹੋਵਾਹ ਨਿਮ੍ਰ ਲੋਕਾਂ ਦੀਆਂ ਚੀਕਾਂ ਨੂੰ ਨਹੀਂ ਭੁੱਲਦਾ।
13 ਮੈਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੇਰੇ ਉੱਪਰ ਮਿਹਰ ਕਰੋ।
ਵੇਖੋ ਮੇਰੇ ਦੁਸ਼ਮਣ ਮੈਨੂੰ ਉਦਾਸ ਕਰ ਰਹੇ ਹਨ।
ਮੈਨੂੰ ‘ਮੌਤ ਦੇ ਦਰਵਾਜ਼ੇ’ ਤੋਂ ਬਚਾਉ।
14 ਫ਼ੇਰ ਹੇ ਯਹੋਵਾਹ, ਮੈਂ ਯਰੂਸ਼ਲਮ ਦੇ ਦਰਾਂ ਤੇ ਤੇਰੀ ਉਸਤਤਿ ਕਰਾਂਗਾ।
ਮੈਂ ਬਹੁਤ ਖੁਸ਼ ਹੋਵਾਂਗਾ, ਕਿਉਂਕਿ ਤੁਸੀਂ ਮੈਨੂੰ ਬਚਾਇਆ।”
15 ਪਰਾਈਆਂ ਕੌਮਾਂ ਨਾਲ ਸੰਬੰਧਿਤ ਲੋਕ, ਹੋਰਾਂ ਲੋਕਾਂ ਲਈ ਖਾਈਆਂ ਪੁੱਟ ਰਹੇ ਹਨ, ਪਰ ਆਪਣੀਆਂ ਹੀ ਖਾਈਆਂ ਵਿੱਚ ਡਿੱਗ ਪਏ ਹਨ
ਅਤੇ ਆਪਣੇ ਹੀ ਜਾਲ ਵਿੱਚ ਫ਼ਸ ਗਏ ਹਨ।
16 ਯਹੋਵਾਹ ਨੇ ਉਨ੍ਹਾਂ ਮੰਦੇ ਲੋਕਾਂ ਨੂੰ ਫ਼ੜ ਲਿਆ ਹੈ।
ਇਸੇ ਲਈ ਲੋਕਾਂ ਨੇ ਇੱਕ ਸਬਕ ਸਿੱਖਿਆ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਹੈ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ।
17 ਜਿਹੜੇ ਲੋਕ ਪਰਮੇਸ਼ੁਰ ਨੂੰ ਭੁੱਲ ਗਏ ਹਨ, ਬੁਰੇ ਹਨ।
ਅਜਿਹੇ ਲੋਕ ਮਰਨਗੇ।
18 ਕਈ ਵਾਰੀ, ਇੰਝ ਲਗਦਾ ਹੈ ਜਿਵੇਂ ਪਰਮੇਸ਼ੁਰ ਉਨ੍ਹਾਂ ਦੁੱਖੀ ਲੋਕਾਂ ਨੂੰ ਭੁੱਲ ਗਿਆ ਹੈ।
ਕਈ ਵਾਰੀਂ ਇਹ ਵੀ ਲਗਦਾ ਹੈ ਜਿਵੇਂ ਉਨ੍ਹਾਂ ਨਿਮ੍ਰ ਲੋਕਾਂ ਨੂੰ ਕੋਈ ਆਸ ਨਹੀਂ ਹੈ।
ਪਰ ਸੱਚਮੁੱਚ, ਪਰਮੇਸ਼ੁਰ ਅਜਿਹੇ ਲੋਕਾਂ ਨੂੰ ਸਦਾ ਲਈ ਨਾ ਭੁੱਲੇ।
19 ਯਹੋਵਾਹ, ਉੱਠ ਅਤੇ ਕੌਮਾਂ ਦਾ ਨਿਆਂ ਕਰ,
ਲੋਕਾਂ ਨੂੰ ਨਾ ਸੋਚਣ ਦੇ ਕਿ ਉਹ ਤਾਕਤਵਰ ਹਨ।
20 ਲੋਕਾਂ ਨੂੰ ਇੱਕ ਸਬਕ ਸਿੱਖਾਉ।
ਤਾਂ ਜੋ, ਉਹ ਜਾਣ ਸੱਕਣ ਕਿ ਉਹ ਉੱਕੇ ਇਨਸਾਨ ਹੀ ਹਨ।
-6-
23 ਜਦੋਂ ਤੁਸੀਂ ਕਿਸੇ ਸ਼ਾਸਕ ਨਾਲ ਭੋਜਨ ਕਰਨ ਲਈ ਬੈਠੋ ਤਾਂ ਚੇਤੇ ਰੱਖੋ ਕਿ ਤੁਸੀਂ ਕਿਸਦੇ ਨਾਲ ਬੈਠੇ ਹੋ। 2 ਜੇਕਰ ਤੁਸੀਂ ਬਹੁਤ ਵੱਡੇ ਭੁੱਖੇ ਹੋ ਤਾਂ ਤੁਹਾਨੂੰ ਆਪਣੀ ਭੁੱਖ ਨੂੰ ਆਪਣੇ ਕਾਬੂ ਵਿੱਚ ਰੱਖਣਾ ਚਾਹੀਦਾ ਹੈ। 3 ਉਸ ਦੇ ਸਵਾਦਿਸ਼ਟ ਭੋਜਨ ਲਈ ਤੀਵ੍ਰ ਇੱਛਾ ਨਾ ਕਰੋ, ਜਿਵੇਂ ਕਿ ਇਹ ਭਰਮ ਪੂਰਣ ਭੋਜਨ ਹਨ।
-7-
4 ਅਮੀਰ ਬਣਨ ਦੀ ਕੋਸ਼ਿਸ਼ ਵਿੱਚ ਆਪਣੇ-ਆਪ ਨੂੰ ਸੱਖਣਾ ਨਾ ਕਰੋ। ਕੁਝ ਸੂਝ ਰੱਖੋ ਕਿ ਕਦੋਂ ਰੁਕਣਾ ਹੈ। 5 ਪੈਸਾ ਇਸ ਤਰ੍ਹਾਂ ਤੇਜ਼ੀ ਨਾਲ ਖਰਚ ਹੋ ਜਾਂਦਾ ਹੈ ਜਿਵੇਂ ਇਸਦੇ ਖੰਭ ਉੱਗੇ ਹੋਣ ਅਤੇ ਇਹ ਪੰਛੀਆਂ ਵਾਂਗ ਉੱਡ ਰਿਹਾ ਹੋਵੇ।
-8-
6 ਕਿਸੇ ਖੁਦਗਰਜ਼ ਬੰਦੇ ਨਾਲ ਭੋਜਨ ਨਾ ਕਰੋ, ਉਸ ਦੇ ਸਵਾਦਾਂ ਦੀ ਤੀਵ੍ਰ ਇੱਛਾ ਨਾ ਕਰੋ। 7 ਉਹ ਉਸ ਬੰਦੇ ਵਰਗਾ ਹੁੰਦਾ ਹੈ ਜਿਹੜਾ ਹਮੇਸ਼ਾ ਕੀਮਤ ਬਾਰੇ ਸੋਚਦਾ ਰਹਿੰਦਾ ਹੈ। ਭਾਵੇਂ ਉਹ ਤੁਹਾਨੂੰ ਆਖੇ, “ਖਾਓ, ਪੀਓ।” ਪਰ ਅਸਲ ਵਿੱਚ ਇਹ ਨਹੀਂ ਜੋ ਉਹ ਚਾਹੁੰਦਾ ਹੈ। 8 ਤੁਸੀਂ ਉਲਟੀ ਕਰ ਦਿਉਂਗੇ, ਜੋ ਵੀ ਥੋੜ੍ਹਾ ਜਿਹਾ ਉਸਦਾ ਭੋਜਨ ਤੁਸੀਂ ਖਾਧਾ ਸੀ, ਅਤੇ ਉਸ ਲਈ ਤੁਹਾਡੀ ਇੱਜ਼ਤ ਦੇ ਸ਼ਬਦ, ਬੇਕਾਰ ਹੋ ਜਾਣਗੇ।
-9-
9 ਕਿਸੇ ਮੂਰਖ ਨਾਲ ਗੱਲ ਨਾ ਕਰੋ। ਉਹ ਤੁਹਾਡੀ ਸਿਆਣੀ ਗੱਲ ਨੂੰ ਵੀ ਨਫ਼ਰਤ ਕਰੇਗਾ।
-10-
10 ਕਦੇ ਵੀ ਵਿਰਸੇ ਦੀ ਜਾਇਦਾਦ ਨੂੰ ਨਾ ਛੇੜੋ। ਅਤੇ ਕਦੇ ਵੀ ਉਸ ਭੂਮੀਂ ਨੂੰ ਨਾ ਲਵੋ ਜਿਹੜੀ ਯਤੀਮਾਂ ਦੀ ਹੈ। 11 ਕਿਉਂਕਿ ਉਸਦਾ ਪਹਿਰੇਦਾਰ ਸ਼ਕਤੀਸ਼ਾਲੀ ਹੈ, ਉਹ ਤੁਹਾਡੇ ਨਾਲ ਆਪਣੇ ਲਈ ਯਤੀਮ ਦਾ ਮਾਮਲਾ ਲੜੇਗਾ।
-11-
12 ਆਪਣੇ ਗੁਰੂ ਦੀ ਗੱਲ ਸੁਣੋ ਅਤੇ ਜੋ ਵੀ ਸੰਭਵ ਹੋ ਸੱਕੇ, ਸਿੱਖ ਲਵੋ।
-12-
13 ਜੇ ਲੋੜ ਹੋਵੇ ਤਾਂ ਬੱਚੇ ਨੂੰ ਹਮੇਸ਼ਾ ਸਜ਼ਾ ਦਿਓ। ਉਸ ਨੂੰ ਕੁੱਟਣ ਨਾਲ ਉਸਦਾ ਨੁਕਸ਼ਾਨ ਨਹੀਂ ਹੋਵੇਗਾ। 14 ਜੇ ਤੁਸੀਂ ਉਸ ਨੂੰ ਕੁੱਟੋਂਗੇ ਤਾਂ ਉਸ ਨੂੰ ਮੌਤ ਤੋਂ ਬਚਾ ਲਵੋਂਗੇ।
-13-
15 ਮੇਰੇ ਬੇਟੇ, ਜੇ ਤੁਸੀਂ ਸਿਆਣੇ ਹੋਂ ਤਾਂ ਮੈਂ ਖੁਸ਼ ਹੋਵਾਂਗਾ। 16 ਜਦੋਂ ਮੈਂ ਤੁਹਾਡੀ ਕਬਨੀ ਸੁਣਾਗਾ ਤਾਂ ਮੈਂ ਬਹੁਤ ਪ੍ਰਸੰਨ ਹੋਵਾਂਗਾ।
-14-
17 ਪਾਪੀਆਂ ਨਾਲ ਈਰਖਾ ਨਾ ਕਰੋ, ਪਰ ਇਸਦੀ ਜਗ੍ਹਾ ਹਮੇਸ਼ਾ ਯਹੋਵਾਹ ਤੋਂ ਡਰੋ। 18 ਕਿਉਂ ਜੋ ਫ਼ੇਰ ਤੁਹਾਡੇ ਕੋਲ ਭਵਿੱਖ ਹੋਵੇਗਾ, ਤੁਹਾਡੀ ਆਸ ਖਤਮ ਨਹੀਂ ਹੋਵੇਗੀ।
-15-
19 ਮੇਰੇ ਬੇਟੇ, ਮੈਨੂੰ ਸੁਣੋ ਅਤੇ ਸਿਆਣੇ ਬਣੋ ਸਹੀ ਰਾਸਤੇ ਤੇ ਟਿਕੇ ਰਹੋ। 20 ਉਨ੍ਹਾਂ ਲੋਕਾਂ ਨਾਲ ਦੋਸਤੀ ਨਾ ਕਰੋ ਜਿਹੜੇ ਬਹੁਤ ਜਿਆਦਾ ਪੀਂਦੇ ਹਨ ਜਾਂ ਜਿਹੜੇ ਬਹੁਤਾ ਭੋਜਨ ਖਾਂਦੇ ਹਨ। 21 ਕਿਉਂ ਕਿ ਸ਼ਰਾਬੀ ਅਤੇ ਖਾਊ ਗਰੀਬ ਹੋ ਜਾਂਦੇ ਹਨ, ਉਨ੍ਹਾਂ ਦੀ ਸੁਸਤੀ ਉਨ੍ਹਾਂ ਨੂੰ ਟਾਕੀਆਂ ਪਹਿਨਾ ਦੇਵੇਗੀ।
-16-
22 ਉਨ੍ਹਾਂ ਗੱਲਾਂ ਨੂੰ ਸੁਣੋ ਜਿਹੜੀਆਂ ਤੁਹਾਡਾ ਪਿਤਾ ਤੁਹਾਨੂੰ ਦੱਸਦਾ ਹੈ। ਆਪਣੇ ਪਿਤਾ ਤੋਂ ਬਿਨਾਂ ਤੁਹਾਡਾ ਜਨਮ ਹੀ ਨਹੀਂ ਸੀ ਹੋਣਾ। ਅਤੇ ਆਪਣੀ ਮਾਂ ਦਾ ਆਦਰ ਕਰੋ, ਉਦੋਂ ਵੀ ਜਦੋਂ ਉਹ ਬਿਰਧ ਹੋ ਜਾਵੇ। 23 ਸੱਚਾਈ, ਨੂੰ ਖਰੀਦੋ ਅਤੇ ਇਸ ਨੂੰ ਵੇਚੋ ਨਾ ਸਿਆਣਪ, ਅਨੁਸ਼ਾਸ਼ਨ ਅਤੇ ਸਮਝਦਾਰੀ ਨੂੰ ਹਾਸ਼ਿਲ ਕਰੋ। 24 ਧਰਮੀ ਵਿਅਕਤੀ ਦਾ ਪਿਤਾ ਸੱਚਮੁੱਚ ਖੁਸ਼ ਹੁੰਦਾ ਹੈ, ਜਿਸਨੇ ਇੱਕ ਸਿਆਣੇ ਵਿਅਕਤੀ ਨੂੰ ਦੁਨੀਆਂ ’ਚ ਲਿਆਂਦਾ ਆਨੰਦ ਮਾਣਦਾ। 25 ਤੁਹਾਡੇ ਮਾਪੇ, ਜਿਨ੍ਹਾਂ ਨੇ ਤੁਸਾਂ ਨੂੰ ਜਨਮ ਦਿੱਤਾ, ਖੁਸ਼ ਹੋਣ।
-17-
26 ਮੇਰੇ ਬੇਟੇ, ਜੋ ਮੈਂ ਆਖ ਰਿਹਾ ਹਾਂ ਉਸ ਨੂੰ ਧਿਆਨ ਨਾਲ ਸੁਣੋ। ਮੇਰੇ ਜੀਵਨ ਨੂੰ ਆਪਣੇ ਲਈ ਇੱਕ ਮਿਸਾਲ ਬਣਾਵੋ। 27 ਵੇਸਵਾ ਇੱਕ ਡੰਘਾ ਟੋਆ ਹੈ, ਅਤੇ ਇੱਕ ਪਰਾਈ ਔਰਤ ਇੱਕ ਤੰਗ ਖੂਹੀ ਹੈ। 28 ਉਹ ਇੱਕ ਡਕੈਤ ਵਾਂਗ ਇੰਤਜ਼ਾਰ ਕਰਦੀ ਹੈ, ਉਹ ਲੋਕਾਂ ਨੂੰ ਗੱਦਾਰ ਬਣਾਉਂਦੀ ਹੈ।
-18-
29-30 ਕੌਣ ਲੋਕ ਹਨ, ਜੋ ਮੁਸੀਬਤ ਵਿੱਚ ਹਨ? ਜੋ ਉਦਾਸ ਮਹਿਸੂਸ ਕਰ ਰਹੇ ਹਨ? ਜਿਹੜੇ ਝਗੜਿਆਂ ’ਚ ਪੈਂਦੇ ਹਨ? ਜਿਨ੍ਹਾਂ ਕੋਲ ਚਿੰਤਾਵਾਂ ਹਨ? ਜਿਨ੍ਹਾਂ ਦੇ ਝਰੀਟਾਂ ਵੱਜੀਆਂ ਹੋਈਆਂ ਹਨ? ਜਿਨ੍ਹਾਂ ਦੀਆਂ ਅੱਖਾਂ ਲਾਲ ਹਨ? ਉਹ ਜਿਹੜੇ ਬਹੁਤਾ ਸਮਾਂ ਮੈਅ ਦੀ ਬੋਤਲ ਤੇ ਬਰਬਾਦ ਕਰਦੇ ਹਨ, ਉਹ ਜਿਹੜੇ ਮਿਲੇ-ਜੁਲੇ ਜਾਮ ਪੀਂਦੇ ਹਨ।
31 ਜਦੋਂ ਮੈਅ ਲਾਲ ਹੁੰਦੀ ਹੈ, ਤਾਂ ਪਿਆਲਿਆਂ ਵਿੱਚ ਝਿਲਮਾਲਾਉਂਦੀ ਹੈ ਅਤੇ ਹੌਲੀ-ਹੌਲੀ ਡੋਲ੍ਹੀ ਜਾਂਦੀ ਹੈ, ਇਸਦੀ ਤੀਬ੍ਰ ਇੱਛਾ ਨਾ ਕਰੋ। 32 ਅਖੀਰ ਵਿੱਚ ਤੁਹਾਨੂੰ ਸੱਪ ਵਾਂਗ ਡੰਗ ਮਾਰੇਗਾ, ਇੱਕ ਅਜਗਰ ਵਾਂਗ ਤੁਹਾਨੂੰ ਜ਼ਹਿਰ ਚੜ੍ਹਾਵੇਗਾ।
33 ਤੁਸੀਂ ਅਜੀਬ ਗੱਲਾਂ ਵੇਖੋਂਗੇ, ਤੁਹਾਡੀਆਂ ਸੋਚਾਂ ਗੁਝਲਦਾਰ ਹੋ ਜਾਂਦੀਆਂ। 34 ਜਦੋਂ ਤੁਸੀਂ ਲੇਟ ਜਾਵੋਂਗੇ ਤਾਂ ਤੁਹਾਨੂੰ ਜਾਪੇਗਾ ਜਿਵੇਂ ਤੁਸੀਂ ਕਿਸੇ ਤੁਫ਼ਾਨੀ ਸਮੁੰਦਰ ਵਿੱਚ ਫ਼ਸ ਗਏ ਹੋ। ਤੁਹਾਨੂੰ ਮਹਿਸੂਸ ਹੋਵੇਗਾ ਕਿ ਜਿਵੇਂ ਤੁਸੀਂ ਸਮੁੰਦਰੀ ਜਹਾਜ਼ ਉੱਤੇ ਲੇਟੇ ਹੋ। 35 ਤੁਸੀਂ ਆਖੋਗੇ, “ਕਿਸੇ ਨੇ ਮੈਨੂੰ ਮਾਰਿਆ, ਪਰ ਮੈਨੂੰ ਸੱਟ ਨਹੀਂ ਲਗੀ। ਉਹ ਰੁੱਕ ਗਏ, ਪਰ ਮੈਂ ਖਿਆਲ ਨਹੀਂ ਕੀਤਾ। ਮੈਂ ਕਦੋਂ ਜਾਗਾਂਗਾ, ਤਾਂ ਜੋ ਮੈਂ ਇੱਕ ਹੋਰ ਜਾਮ ਪੀ ਸੱਕਾਂ।”
ਥੱਸਲੁਨੀਕਾ ਵਿੱਚ ਪੌਲੁਸ ਦਾ ਕਾਰਜ
2 ਭਰਾਵੋ ਅਤੇ ਭੈਣੋ, ਤੁਸੀਂ ਜਾਣਦੇ ਹੋ ਕਿ ਤੁਹਾਡੀ ਜਗ਼੍ਹਾ ਵੱਲ ਸਾਡੀ ਫ਼ੇਰੀ ਅਸਫ਼ਲ ਨਹੀਂ ਸੀ। 2 ਤੁਹਾਡੇ ਵੱਲੋਂ ਆਉਣ ਤੋਂ ਪਹਿਲਾਂ ਅਸੀਂ ਫ਼ਿਲਿੱਪੈ ਵਿੱਚ ਕਸ਼ਟ ਸਹਾਰੇ। ਉੱਥੋਂ ਦੇ ਲੋਕਾਂ ਨੇ ਸਾਡੇ ਖਿਲਾਫ਼ ਮੰਦੀਆਂ ਗੱਲਾਂ ਆਖੀਆਂ। ਤੁਸੀਂ ਇਸ ਬਾਰੇ ਸਭ ਕੁਝ ਜਾਣਦੇ ਹੋ। ਅਤੇ ਜਦੋਂ ਅਸੀਂ ਤੁਹਾਡੇ ਕੋਲ ਆਏ ਬਹੁਤ ਸਾਰੇ ਲੋਕ ਸਾਡੇ ਖਿਲਾਫ਼ ਸਨ। ਪਰ ਸਾਡੇ ਪਰਮੇਸ਼ੁਰ ਨੇ ਦਲੇਰ ਬਣਨ ਵਿੱਚ ਸਾਡੀ ਸਹਾਇਤਾ ਕੀਤੀ। ਉਸ ਨੇ ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਿੱਚ ਸਾਡੀ ਸਹਾਇਤਾ ਕੀਤੀ। 3 ਅਸੀਂ ਲੋਕਾਂ ਨੂੰ ਉਤਸਾਹਤ ਕਰਦੇ ਹਾਂ। ਸਾਨੂੰ ਕਿਸੇ ਨੇ ਵੀ ਗੁਮਰਾਹ ਨਹੀਂ ਕੀਤਾ ਹੈ। ਅਸੀਂ ਦੁਸ਼ਟ ਲੋਕ ਨਹੀਂ ਹਾਂ। ਅਸੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਉਨ੍ਹਾਂ ਗੱਲਾਂ ਲਈ ਜੋ ਅਸੀਂ ਕਰ ਰਹੇ ਹਾਂ ਸਾਡੇ ਇਹ ਮਕਸਦ ਨਹੀਂ ਹਨ। 4 ਨਹੀਂ। ਅਸੀਂ ਖੁਸ਼ਖਬਰੀ ਬਾਰੇ ਬੋਲਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਪਰੱਖ ਲਿਆ ਹੈ ਅਤੇ ਸਾਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸੌਂਪਿਆ ਹੈ। ਇਸ ਲਈ ਜਦੋਂ ਅਸੀਂ ਬੋਲਦੇ ਹਾਂ ਅਸੀਂ ਮਨੁੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਪਰਮੇਸ਼ੁਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ। ਪਰਮੇਸ਼ੁਰ ਹੀ ਹੈ ਜਿਹੜਾ ਸਾਡੇ ਦਿਲਾਂ ਨੂੰ ਪਰੱਖਦਾ ਹੈ।
5 ਤੁਸੀਂ ਜਾਣਦੇ ਹੋ ਕਿ ਅਸੀਂ ਕਦੇ ਵੀ ਤੁਹਾਡੀ ਉਸਤਤਿ ਕਰਕੇ ਤੁਹਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਤੁਹਾਡਾ ਧਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਤੁਹਾਡੇ ਕੋਲੋਂ ਛੁਪਾਉਣ ਵਾਲੀ ਸਾਡੀ ਕੋਈ ਖੁਦਗਰਜ਼ੀ ਨਹੀਂ। ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ। 6 ਅਸੀਂ ਲੋਕਾਂ ਵੱਲੋਂ ਉਸਤਤਿ ਦੀ ਝਾਕ ਨਹੀਂ ਰੱਖਦੇ। ਅਸੀਂ ਤੁਹਾਡੇ ਵੱਲੋਂ ਜਾਂ ਕਿਸੇ ਹੋਰ ਵੱਲੋਂ ਉਸਤਤਿ ਦੀ ਝਾਕ ਨਹੀਂ ਰੱਖਦੇ।
7 ਅਸੀਂ ਮਸੀਹ ਦੇ ਰਸੂਲ ਹਾਂ। ਇਸ ਲਈ ਜਦੋਂ ਅਸੀਂ ਤੁਹਾਡੇ ਨਾਲ ਸਾਂ, ਤਾਂ ਤੁਹਾਡੇ ਵੱਲੋਂ ਕੀਤਾ ਹੋਇਆ ਕੰਮ ਪ੍ਰਾਪਤ ਕਰਨ ਲਈ ਅਸੀਂ ਆਪਣਾ ਹੱਕ ਵਰਤ ਲਿਆ ਹੁੰਦਾ। ਪਰ ਅਸੀਂ ਤੁਹਾਡੇ ਨਾਲ ਬਹੁਤ ਕੋਮਲ ਸਾਂ। [a] ਅਸੀਂ ਉਸ ਦਾਈ ਵਾਂਗ ਸਾਂ ਜੋ ਖੁਦ ਆਪਣੇ ਛੋਟੇ ਬੱਚਿਆਂ ਦਾ ਧਿਆਨ ਰੱਖਦੀ ਹੈ। 8 ਸਾਨੂੰ ਤੁਹਾਡਾ ਬਹੁਤ ਧਿਆਨ ਸੀ। ਅਸੀਂ ਖੁਸ਼ੀ ਖੁਸ਼ੀ ਤੁਹਾਡੇ ਨਾਲ ਪਰਮੇਸ਼ੁਰ ਦੀ ਖੁਸ਼ਖਬਰੀ ਸਾਂਝੀ ਕੀਤੀ। ਸਿਰਫ਼ ਇਹੀ ਨਹੀਂ, ਕਿਉਂਕਿ ਅਸੀਂ ਤੁਹਾਨੂੰ ਬਹੁਤ ਪਿਆਰ ਕੀਤਾ ਅਸੀਂ ਆਪਣੀਆਂ ਜਿੰਦਗੀਆਂ ਨੂੰ ਵੀ ਤੁਹਾਡੇ ਨਾਲ ਸਾਂਝੀਆਂ ਕਰਕੇ ਬਹੁਤ ਖੁਸ਼ ਸਾਂ। 9 ਭਰਾਵੋ ਅਤੇ ਭੈਣੋ, ਮੈਂ ਜਾਣਦਾ ਹਾਂ ਕਿ ਤੁਹਾਨੂੰ ਸਾਡੀ ਸਖਤ ਮਿਹਨਤ ਦਾ ਚੇਤਾ ਹੈ। ਅਸੀਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਦਿਨ ਰਾਤ ਕੰਮ ਕੀਤਾ। ਜਦੋਂ ਅਸੀਂ ਤੁਹਾਡੇ ਦਰਮਿਆਨ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਸਾਂ, ਅਸੀਂ ਤੁਹਾਡੇ ਵਿੱਚੋਂ ਕਿਸੇ ਉੱਪਰ ਵੀ ਬੋਝ ਨਹੀਂ ਬਣੇ।
10 ਸ਼ਰਧਾਲੂਓ, ਜਦੋਂ ਅਸੀਂ ਤੁਹਾਦੇ ਨਾਲ ਸਾਂ, ਅਸੀਂ ਪਵਿੱਤਰ, ਧਰਮੀ ਅਤੇ ਦੋਸ਼ ਰਹਿਤ ਜ਼ਿੰਦਗੀ ਵਤੀਤ ਕੀਤੀ। ਤੁਸੀਂ ਜਾਣਦੇ ਹੋ ਕਿ ਇਹ ਸੱਚ ਹੈ ਅਤੇ ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ। 11 ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਵਿੱਚ ਹਰ ਇੱਕ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਿਹੋ ਜਿਹਾ ਕੋਈ ਪਿਤਾ ਆਪਣੇ ਬੱਚਿਆਂ ਨਾਲ ਕਰਦਾ ਹੈ। 12 ਅਸੀਂ ਤੁਹਾਨੂੰ ਹੌਂਸਲਾ ਦਿੱਤਾ, ਤੁਹਾਨੂੰ ਸੱਕੂਨ ਦਿੱਤਾ, ਅਤੇ ਅਸੀਂ ਤੁਹਾਨੂੰ ਪਰਮੇਸ਼ੁਰ ਲਈ ਚੰਗੀਆਂ ਜ਼ਿੰਦਗੀਆਂ ਜਿਉਣ ਲਈ ਆਖਿਆ। ਪਰਮੇਸ਼ੁਰ ਤੁਹਾਨੂੰ ਆਪਣੇ ਰਾਜ ਅਤੇ ਆਪਣੀ ਮਹਿਮਾ ਵੱਲ ਬੁਲਾਉਂਦਾ ਹੈ।
13 ਇਹ ਵੀ ਕਿ, ਜਿਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਨੂੰ ਕਬੂਲਿਆ ਅਸੀਂ ਨਿਰੰਤਰ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹਿੰਦੇ ਹਾਂ। ਤੁਸੀਂ ਸਾਥੋਂ ਇਹ ਸੰਦੇਸ਼ ਸੁਣਿਆ ਅਤੇ ਇਸ ਨੂੰ ਪ੍ਰਮੇਸ਼ੁਰ ਦੇ ਸ਼ਬਦਾਂ ਵਾਂਗ ਕਬੂਲ ਲਿਆ ਨਾ ਕਿ ਇਨਸਾਨੀ ਸ਼ਬਦਾਂ ਵਾਂਗ। ਅਤੇ ਸੱਚਮੁੱਚ ਇਹ ਪਰਮੇਸ਼ੁਰ ਦਾ ਸੰਦੇਸ਼ ਹੈ। ਅਤੇ ਇਹ ਸੰਦੇਸ਼ ਤੁਹਾਡੇ ਵਿੱਚ ਕੰਮ ਕਰਦਾ ਹੈ ਜੋ ਸ਼ਰਧਾਲੂ ਹੋ। 14 ਭਰਾਵੋ ਅਤੇ ਭੈਣੋ, ਤੁਸੀਂ ਪਰਮੇਸ਼ੁਰ ਦੀਆਂ ਕਲੀਸਿਯਾਵਾਂ ਵਰਗੇ ਬਣ ਗਏ, ਜੋ ਕਿ ਮਸੀਹ ਯਿਸੂ ਵਿੱਚ ਯਹੂਦਿਯਾ ਵਿੱਚ ਹਨ। ਯਹੂਦਿਆਂ ਵਿੱਚ ਪਰਮੇਸ਼ੁਰ ਦੇ ਲੋਕਾਂ ਨੇ ਉੱਥੋਂ ਦੇ ਹੋਰ ਯਹੂਦੀਆਂ ਵੱਲੋਂ ਕਸ਼ਟ ਸਹਾਰੇ, ਅਤੇ ਤੁਸੀਂ ਆਪਣੇ ਹੀ ਦੇਸ਼ ਦੇ ਲੋਕਾਂ ਵੱਲੋਂ ਵੀ ਕਸ਼ਟ ਸਹਾਰੇ। 15 ਉਨ੍ਹਾਂ ਯਹੂਦੀਆਂ ਨੇ ਪ੍ਰਭੂ ਯਿਸੂ ਨੂੰ ਕਤਲ ਕੀਤਾ ਅਤੇ ਉਨ੍ਹਾਂ ਨੇ ਨਬੀਆਂ ਨੂੰ ਕਤਲ ਕੀਤਾ। ਅਤੇ ਉਨ੍ਹਾਂ ਯਹੂਦੀਆਂ ਨੇ ਸਾਨੂੰ ਉਹ ਕੌਮ ਛੱਡਣ ਲਈ ਮਜਬੂਰ ਕੀਤਾ। ਪਰਮੇਸ਼ੁਰ ਉਨ੍ਹਾਂ ਨਾਲ ਖੁਸ਼ ਨਹੀਂ ਹੈ। ਉਹ ਸਮੂਹ ਲੋਕਾਂ ਦੇ ਵਿਰੁੱਧ ਹੈ। 16 ਹਾਂ! ਉਹ ਸਾਨੂੰ ਗੈਰ-ਯਹੂਦੀਆਂ ਨੂੰ ਉਪਦੇਸ਼ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਗੈਰ-ਯਹੂਦੀਆਂ ਨੂੰ ਇਸ ਲਈ ਪ੍ਰਚਾਰ ਕਰਦੇ ਹਾਂ ਤਾਂ ਜੋ ਉਨ੍ਹਾਂ ਨੂੰ ਬਚਾਇਆ ਜਾ ਸੱਕੇ। ਪਰ ਉਹ ਯਹੂਦੀ ਆਪਣੇ ਹੁਣ ਤੱਕ ਕੀਤੇ ਪਾਪਾਂ ਵਿੱਚ ਹੋਰ ਪਾਪ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਪਰਮੇਸ਼ੁਰ ਦਾ ਪੂਰਾ ਕਰੋਧ ਉਨ੍ਹਾਂ ਉੱਪਰ ਹੈ।
ਪੌਲੁਸ ਦੀ ਉਨ੍ਹਾਂ ਕੋਲ ਫ਼ੇਰ ਜਾਣ ਦੀ ਇੱਛਾ
17 ਭਰਾਵੋ ਅਤੇ ਭੈਣੋ, ਅਸੀਂ ਥੋੜੇ ਸਮੇਂ ਲਈ ਤੁਹਾਡੇ ਕੋਲੋਂ ਅਲੱਗ ਹੋ ਗਏ ਸਾਂ। ਅਸੀਂ ਤੁਹਾਡੇ ਨਾਲ ਨਹੀਂ ਸਾਂ ਪਰ ਸਾਡੀਆਂ ਸੋਚਾਂ ਹਮੇਸ਼ਾਂ ਤੁਹਾਡੇ ਨਾਲ ਸਨ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਅਤੇ ਅਸੀਂ ਤੁਹਾਨੂੰ ਮਿਲਣ ਲਈ ਬਹੁਤ ਜਤਨ ਕੀਤੇ। 18 ਹਾਂ, ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਸਾਂ। ਸੱਚਮੁੱਚ ਹੀ, ਮੈਂ, ਪੌਲੁਸ ਨੇ, ਕਈ ਵਾਰੀ ਆਉਣ ਦੀ ਬਹੁਤ ਕੋਸ਼ਿਸ਼ ਕੀਤੀ ਅਰ ਸ਼ੈਤਾਨ ਨੇ ਸਾਨੂੰ ਰੋਕ ਲਿਆ। 19 ਤੁਸੀਂ ਸਾਡੀ ਆਸ, ਸਾਡੀ ਖੁਸ਼ੀ ਅਤੇ ਸਾਡਾ ਤਾਜ ਹੋ ਜਿਸ ਵਾਸਤੇ ਅਸੀਂ ਉਦੋਂ ਮਾਣ ਕਰਾਂਗੇ ਜਦੋਂ ਸਾਡਾ ਪ੍ਰਭੂ ਯਿਸੂ ਮਸੀਹ ਆਵੇਗਾ। 20 ਸੱਚਮੁੱਚ ਹੀ ਤੁਸੀਂ ਸਾਡੀ ਮਹਿਮਾ ਅਤੇ ਸਾਡੀ ਖੁਸ਼ੀ ਹੋ।
2010 by World Bible Translation Center