M’Cheyne Bible Reading Plan
ਵੱਖੋ-ਵੱਖਰੇ ਅਚਨਚੇਤ ਪਾਪ
5 “ਜਦੋਂ ਕਿਸੇ ਬੰਦੇ ਨੂੰ ਗਵਾਹੀ ਦੇਣ ਲਈ ਸੱਦਿਆ ਜਾਂਦਾ ਅਤੇ ਉਹ ਚਸ਼ਮਦੀਦ ਗਵਾਹ ਜਾਂ ਉਸ ਘਟਨਾ ਬਾਰੇ ਕੁਝ ਜਾਣਦਾ, ਅਤੇ ਜੇ ਉਹ ਬੰਦਾ ਉਹ ਕੁਝ ਨਹੀਂ ਦੱਸਦਾ ਜੋ ਉਸ ਨੇ ਦੇਖਿਆ ਜਾਂ ਜੋ ਉਹ ਜਾਣਦਾ, ਤਾਂ ਉਹ ਆਪਣੀ ਸਾਖੀ ਦੇਣ ਵਿੱਚ ਨਾਕਾਮਯਾਬ ਹੋਣ ਦੇ ਸਿੱਟੇ ਦਾ ਜਿੰਮੇਵਾਰ ਹੈ।
2 “ਜਾਂ ਸ਼ਾਇਦ ਕੋਈ ਬੰਦਾ ਕਿਸੇ ਨਾਪਾਕ ਸ਼ੈਅ ਨੂੰ ਛੂਹ ਲਵੇ। ਇਹ ਕਿਸੇ ਨਾਪਾਕ ਪਾਲਤੂ ਜਾਨਵਰ ਦੀ ਲਾਸ਼ ਹੋ ਸੱਕਦੀ ਹੈ, ਜਾਂ ਕਿਸੇ ਨਾਪਾਕ ਜੰਗਲੀ ਜਾਨਵਰ ਦੀ ਲਾਸ਼ ਹੋ ਸੱਕਦੀ ਹੈ, ਜਾਂ ਇਹ ਕਿਸੇ ਨਾਪਾਕ ਰੀਂਗਦੇ ਜਾਨਵਰ ਦੀ ਵੀ ਹੋ ਸੱਕਦੀ ਹੈ। ਹੋ ਸੱਕਦਾ ਕਿ ਉਹ ਬੰਦਾ ਸਚੇਤ ਨਾ ਹੋਵੇ ਕਿ ਉਸ ਨੇ ਇਨ੍ਹਾਂ ਚੀਜ਼ਾਂ ਨੂੰ ਛੂਹ ਲਿਆ, ਪਰ ਹਾਲੇ ਵੀ ਉਹ ਪਲੀਤ ਹੈ ਅਤੇ ਉਹ ਦੋਸ਼ੀ ਹੈ।
3 “ਜੇਕਰ ਕੋਈ ਵਿਅਕਤੀ ਮਨੁੱਖੀ ਨਾਪਾਕਤਾ ਨੂੰ ਛੂਹ ਲਵੇ, ਕੁਝ ਵੀ ਜੋ ਕਿਸੇ ਵਿਅਕਤੀ ਨੂੰ ਨਾਪਾਕ ਬਣਾਵੇ, ਭਾਵੇਂ ਉਹ ਇਸਤੋਂ ਸਚੇਤ ਨਹੀਂ, ਪਰ ਮਗਰੋਂ ਜਾਣ ਜਾਵੇ ਕਿ ਉਸ ਨੇ ਇਨ੍ਹਾਂ ਵਿੱਚੋਂ ਕਿਸੇ ਨਾਪਾਕ ਚੀਜ਼ ਨੂੰ ਛੂਹ ਲਿਆ ਹੈ, ਤਾਂ ਉਹ ਦੋਸ਼ੀ ਹੋਵੇਗਾ।
4 “ਜਾਂ ਹੋ ਸੱਕਦਾ ਆਦਮੀ ਕੋਈ ਕਸਮ ਜਲਦੀ ਵਿੱਚ ਲੈ ਲਵੇ ਇਹ ਸਾਬਤ ਕਰਨ ਲਈ ਕਿ ਉਹ ਸੱਚ ਕਹਿ ਰਿਹਾ ਹੈ, ਭਾਵੇਂ ਨਤੀਜਾ ਚੰਗਾ ਹੋਵੇ ਜਾਂ ਬੁਰਾ, ਅਤੇ ਉਹ ਇਸ ਨੂੰ ਮਹਿਸੂਸ ਨਹੀਂ ਕਰਦਾ। ਜਦੋਂ ਉਹ ਮਹਿਸੂਸ ਕਰੇ ਕਿ ਉਸ ਨੇ ਕੀ ਕੀਤਾ ਹੈ, ਉਹ ਦੋਸ਼ੀ ਬਣ ਜਾਂਦਾ। 5 ਜਦੋਂ ਕੋਈ ਬੰਦਾ ਇਨ੍ਹਾਂ ਵਿੱਚੋਂ ਕਿਸੇ ਵੀ ਦੋਸ਼ ਨੂੰ ਮਹਿਸੂਸ ਕਰੇ, ਉਸ ਨੂੰ, ਜੋ ਉਸ ਨੇ ਗਲਤ ਕੀਤਾ ਹੈ ਕਬੂਲਣਾ ਚਾਹੀਦਾ। 6 ਉਸ ਨੂੰ ਆਪਣੇ ਪਾਪ ਲਈ ਯਹੋਵਾਹ ਨੂੰ ਆਪਣੀ ਦੋਸ਼ ਦੀ ਭੇਟ ਲੈ ਕੇ ਆਉਣੀ ਚਾਹੀਦੀ ਹੈ। ਉਸ ਨੂੰ ਪਾਪ ਦੀ ਭੇਟ ਵਜੋਂ ਇੱਕ ਲੇਲੀ ਜਾਂ ਇੱਕ ਬੱਕਰੀ ਲਿਆਉਣੀ ਚਾਹੀਦੀ ਹੈ। ਫ਼ੇਰ ਜਾਜਕ ਉਸ ਵਿਅਕਤੀ ਦੇ ਪਾਪ ਲਈ, ਉਸ ਦੇ ਬਦਲੇ ਪਰਾਸਚਿਤ ਕਰੇਗਾ।
7 “ਜੇ ਉਸ ਬੰਦੇ ਤੋਂ ਲੇਲਾ ਜਾਂ ਬੱਕਰੀ ਨਾ ਸਰਦੀ ਹੋਵੇ, ਉਹ ਦੋ ਘੁੱਗੀ ਜਾਂ ਦੋ ਜਵਾਨ ਕਬੂਤਰ ਯਹੋਵਾਹ ਲਈ ਲੈ ਕੇ ਆਵੇ। ਇਹ ਉਸ ਦੇ ਪਾਪ ਲਈ ਦੋਸ਼ ਦੀ ਭੇਟ ਹੋਵੇਗੀ। ਇੱਕ ਪੰਛੀ ਪਾਪ ਦੀ ਭੇਟ ਲਈ ਹੋਵੇ ਤੇ ਦੂਸਰਾ ਹੋਮ ਦੀ ਭੇਟ ਲਈ। 8 ਉਹ ਬੰਦਾ ਉਨ੍ਹਾਂ ਨੂੰ ਜਾਜਕ ਕੋਲ ਲੈ ਕੇ ਆਵੇ। ਪਹਿਲਾਂ, ਜਾਜਕ ਇੱਕ ਪੰਛੀ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇਗਾ। ਜਾਜਕ ਪੰਛੀ ਦੇ ਸਿਰ ਨੂੰ ਉਸ ਦੀ ਗਿੱਚੀ ਤੋਂ ਤੋੜ ਦੇਵੇਗਾ। ਪਰ ਜਾਜਕ ਪੰਛੀ ਨੂੰ ਹਿਸਿਆਂ ਵਿੱਚ ਨਹੀਂ ਵੰਡੇਗਾ। 9 ਜਾਜਕ ਪਾਪ ਦੀ ਭੇਟ ਦਾ ਖੂਨ ਜਗਵੇਦੀ ਦੇ ਇੱਕ ਪਾਸੇ ਛਿੜਕੇਗਾ ਫ਼ੇਰ ਜਾਜਕ ਬਾਕੀ ਦਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹੇਗਾ। ਇਹ ਪਾਪ ਦੀ ਭੇਟ ਹੈ। 10 ਫ਼ੇਰ ਜਾਜਕ ਨੂੰ ਦੂਸਰਾ ਪੰਛੀ ਹੋਮ ਦੀ ਭੇਟ ਦੇ ਨੇਮਾਂ ਅਨੁਸਾਰ ਭੇਟ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਬੰਦੇ ਨੂੰ, ਉਸ ਦੇ ਕੀਤੇ ਪਾਪਾਂ ਤੋਂ ਪਾਕ ਕਰ ਦੇਵੇਗਾ। ਅਤੇ ਪਰਮੇਸ਼ੁਰ ਉਸ ਬੰਦੇ ਨੂੰ ਮਾਫ਼ ਕਰ ਦੇਵੇਗਾ।
11 “ਜੇ ਉਸ ਬੰਦੇ ਤੋਂ ਦੋ ਘੁੱਗੀ ਜਾਂ ਦੋ ਕਬੂਤਰ ਨਾ ਸਰਦੇ ਹੋਣ, ਉਸ ਨੂੰ ਆਪਣੇ ਪਾਪ ਦੀ ਭੇਟ ਲਈ ਮੈਦੇ ਦੇ 8 ਕੱਪ ਲਿਆਉਣੇ ਚਾਹੀਦੇ ਹਨ। ਉਸ ਨੂੰ ਮੈਦੇ ਵਿੱਚ ਤੇਲ ਨਹੀਂ ਮਿਲਾਉਣਾ ਚਾਹੀਦਾ ਅਤੇ ਇਸ ਉੱਤੇ ਲੋਬਾਨ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਹ ਪਾਪ ਦੀ ਭੇਟ ਹੈ। 12 ਉਹ ਮੈਦਾ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਮੈਦੇ ਦੀ ਇੱਕ ਮੁੱਠੀ ਭਰੇਗਾ। ਇਹ ਇੱਕ ਯਾਦਗਾਰੀ ਭੇਟ ਹੋਵੇਗੀ। ਉਹ ਮੈਦੇ ਨੂੰ ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਈਆਂ ਗਈਆਂ ਹੋਰਨਾਂ ਭੇਟਾਂ ਦੇ ਨਾਲ ਚੜ੍ਹਾਵੇਗਾ। ਇਹ ਉਸ ਦੇ ਪਾਪ ਦੀ ਭੇਟ ਹੈ। 13 ਇਸ ਤਰ੍ਹਾਂ ਜਾਜਕ ਉਸ ਬੰਦੇ ਨੂੰ ਪਾਕ ਬਣਾ ਦੇਵੇਗਾ। ਅਤੇ ਪਰਮੇਸ਼ੁਰ ਉਸ ਬੰਦੇ ਨੂੰ ਮਾਫ਼ ਕਰ ਦੇਵੇਗਾ। ਜਿਹੜਾ ਹਿੱਸਾ ਬਚ ਜਾਵੇਗਾ ਉਹ ਜਾਜਕ ਦਾ ਹੋਵੇਗਾ, ਜਿਵੇਂ ਅਨਾਜ ਦੀ ਭੇਟ ਦਾ ਹੁੰਦਾ ਹੈ।”
14 ਯਹੋਵਾਹ ਨੇ ਮੂਸਾ ਨੂੰ ਆਖਿਆ, 15 “ਹੋ ਸੱਕਦਾ ਹੈ ਕੋਈ ਬੰਦਾ ਯਹੋਵਾਹ ਦੀਆਂ ਪਵਿੱਤਰ ਚੀਜ਼ਾਂ ਨਾਲ ਅਚਨਚੇਤ ਕੋਈ ਗਲਤ ਗੱਲ ਕਰ ਬੈਠੇ। ਉਸ ਬੰਦੇ ਨੂੰ ਬਿਨਾ ਨੁਕਸ ਵਾਲਾ ਭੇਡੂ ਲੈ ਕੇ ਆਉਣਾ ਚਾਹੀਦਾ ਹੈ। ਇਹ ਯਹੋਵਾਹ ਨੂੰ ਉਸ ਦੇ ਦੋਸ਼ ਦੀ ਭੇਟ ਹੋਵੇਗੀ। ਤੁਹਾਨੂੰ ਸਰਕਾਰੀ ਨਾਪ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਭੇਡੂ ਦੀ ਕੀਮਤ ਨਿਸ਼ਚਿੰਤ ਕਰਨੀ ਚਾਹੀਦੀ ਹੈ। 16 ਉਸ ਨੂੰ ਪਵਿੱਤਰ ਚੀਜ਼ਾਂ ਲਈ ਅਦਾਇਗੀ ਕਰਨੀ ਪਵੇਗੀ ਜੋ ਉਸ ਨੇ ਲਈਆਂ। ਉਸ ਨੂੰ ਪੰਜਵਾਂ ਹਿੱਸਾ ਜੋੜ ਕੇ, ਜਾਜਕ ਨੂੰ ਦੇਣਾ ਚਾਹੀਦਾ ਹੈ। ਫ਼ੇਰ ਜਾਜਕ ਉਸ ਵਿਅਕਤੀ ਲਈ ਦੋਸ਼ ਦੀ ਭੇਟ ਦੇ ਭੇਡੂ ਨਾਲ ਪਰਾਸਚਿਤ ਕਰੇਗਾ ਅਤੇ ਇਹ ਮਾਫ਼ ਹੋ ਜਾਵੇਗਾ।
17 “ਜੇ ਕੋਈ ਬੰਦਾ ਪਾਪ ਕਰਦਾ ਅਤੇ ਉਨ੍ਹਾਂ ਵਿੱਚੋਂ ਕੋਈ ਇੱਕ ਗੱਲ ਕਰਦਾ ਜਿਨ੍ਹਾਂ ਨੂੰ ਯਹੋਵਾਹ ਨੇ ਨਾ ਕਰਨ ਦਾ ਆਦੇਸ਼ ਦਿੱਤਾ ਭਾਵੇਂ ਉਹ ਬੰਦਾ ਨਹੀਂ ਜਾਣਦਾ, ਉਹ ਦੋਸ਼ੀ ਹੋਵੇਗਾ ਅਤੇ ਉਸ ਨੂੰ ਆਪਣੇ ਪਾਪ ਦੀ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ। 18 ਉਸ ਨੂੰ ਇੱਕ ਬੇਨੁਕਸ ਅਤੇ ਜਾਜਕ ਦੁਆਰਾ ਨਿਰਧਾਰਿਤ ਕੀਤੀ ਗਈ ਕੀਮਤ ਦਾ ਭੇਡੂ ਉਸ ਕੋਲ ਲਿਆਉਣਾ ਚਾਹੀਦਾ ਹੈ। ਉਹ ਭੇਡੂ ਦੋਸ਼ ਦੀ ਭੇਟ ਹੋਵੇਗਾ। ਇਸ ਤਰ੍ਹਾਂ ਜਾਜਕ ਉਸ ਬੰਦੇ ਲਈ ਉਸ ਪਾਪ ਖਾਤਰ ਪਰਾਸਚਿਤ ਕਰੇਗਾ ਜੋ ਉਸ ਨੇ ਅਨਜਾਣੇ ਵਿੱਚ ਕੀਤਾ ਸੀ ਅਤੇ ਉਹ ਮਾਫ਼ ਹੋ ਜਾਵੇਗਾ। 19 ਇਹ ਦੋਸ਼ ਦੀ ਭੇਟ ਹੈ ਕਿਉਂ ਜੋ ਉਹ ਯਹੋਵਾਹ ਅੱਗੇ ਦੋਸ਼ੀ ਹੈ।”
ਇੱਕ ਦਾਊਦ ਦਾ ਗੀਤ ਹੈ ਜਦੋਂ ਉਹ ਆਪਣੇ ਪੁੱਤਰ ਐਬਸਾਲੋਨ ਕੋਲੋਂ ਭੱਜ ਗਿਆ ਸੀ।
3 ਹੇ ਯਹੋਵਾਹ, ਮੇਰੇ ਕਈ ਦੁਸ਼ਮਣ ਹਨ।
ਬਹੁਤ ਲੋਕੀ ਮੇਰੇ ਖਿਲਾਫ਼ ਹੋ ਗਏ ਨੇ।
2 ਬਹੁਤ ਲੋਕ ਮੇਰੇ ਬਾਰੇ ਬੁਰੀਆਂ ਗੱਲਾਂ ਕਰ ਰਹੇ ਹਨ।
ਉਹ ਲੋਕ ਆਖਦੇ ਨੇ, “ਪਰਮੇਸ਼ੁਰ ਇਸ ਨੂੰ ਨਹੀਂ ਬਚਾਵੇਗਾ।”
3 ਪਰ, ਹੇ ਯਹੋਵਾਹ, ਤੂੰ ਮੇਰੀ ਢਾਲ ਹੈਂ।
ਤੂੰ ਮੇਰੀ ਮਹਿਮਾ ਹੈਂ।
ਹੇ ਯਹੋਵਾਹ ਤੇਰੇ ਨਾਲ ਹੀ ਮੇਰਾ ਸਿਰ ਉੱਚਾ ਹੈ।
4 ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਾਂਗਾ
ਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਉੱਤੋਂ ਉੱਤਰ ਦੇਵੇਗਾ।
5 ਹੁਣ ਮੈਂ ਪੱਥਰ ਉੱਤੇ ਪੈਕੇ ਅਰਾਮ ਕਰ ਸੱਕਦਾ ਹਾਂ, ਅਤੇ ਮੈਂ ਜਾਣਦਾ ਹਾਂ ਕਿ ਮੈਂ ਜਾਗ ਪਵਾਂਗਾ।
ਕਿਉਂ? ਕਿਉਂਕਿ ਯਹੋਵਾਹ ਮੈਨੂੰ ਕੱਜਦਾ ਹੈ ਤੇ ਉਹ ਮੈਨੂੰ ਆਸਰਾ ਦਿੰਦਾ ਹੈ।
6 ਹਜ਼ਾਰਾਂ ਸਿਪਾਹੀਆਂ ਨੂੰ ਮੈਨੂੰ ਘੇਰ ਲੈਣ ਦਿਉ
ਮੈਂ ਉਨ੍ਹਾਂ ਦੁਸ਼ਮਣਾਂ ਤੋਂ ਨਹੀਂ ਡਰਾਂਗਾ।
7 ਯਹੋਵਾਹ, ਉੱਠੋ।
ਮੇਰੇ ਪਰਮੇਸ਼ੁਰ ਆਕੇ ਮੈਨੂੰ ਬਚਾਓ!
ਤੁਸੀਂ ਬਹੁਤ ਬਲਵਾਨ ਹੋ!
ਤੁਹਾਡਾ ਇੱਕ ਵੀ ਥਪੜ ਮੇਰੇ ਦੁਸ਼ਮਣਾਂ ਦੇ ਸਾਰੇ ਦੰਦ ਤੋੜਨ ਲਈ ਕਾਫ਼ੀ ਹੈ।
8 ਹੇ ਯਹੋਵਾਹ, ਜਿੱਤ ਤੇਰੀ ਹੀ ਹੈ।
ਕਿਰਪਾ ਕਰਕੇ ਆਪਣਿਆਂ ਲੋਕਾਂ ਨੂੰ ਅਸੀਸ ਦਿਉ।
ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ ਦਾਊਦ ਦਾ ਇੱਕ ਗੀਤ।
4 ਮੇਰੇ ਚੰਗੇ ਯਹੋਵਾਹ, ਮੈਂ ਜਦੋਂ ਵੀ ਪ੍ਰਾਰਥਨਾ ਕਰਾਂ ਸੁਣ ਲਵੀਂ!
ਮੇਰੀ ਪ੍ਰਾਰਥਨਾ ਸੁਣ ਲਵੀਂ ਤੇ ਮੇਰੇ ਉੱਤੇ ਦਯਾਵਾਨ ਹੋਈਂ!
ਮੈਨੂੰ ਮੇਰੀਆਂ ਮੁਸੀਬਤਾਂ ਤੋਂ ਰਾਹਤ ਦੇਵੀਂ!
2 ਹੇ ਆਦਮੀਓ, ਕਿੰਨਾ ਕੁ ਚਿਰ ਤੁਸੀਂ ਮੇਰੇ ਬਾਰੇ ਮੰਦਾ ਬੋਲੋਂਗੇ?
ਤੁਸੀਂ ਮੇਰੇ ਬਾਰੇ ਦੱਸਣ ਲਈ ਨਵੇਂ-ਨਵੇਂ ਝੂਠਾਂ ਨੂੰ ਲੱਭਦੇ ਹੋਂ।
ਤੁਹਾਨੂੰ ਉਨ੍ਹਾਂ ਝੂਠਾਂ ਨੂੰ ਦੱਸਣਾ ਪਿਆਰਾ ਲਗਦਾ ਹੈ। ਸਲਹ।
3 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ ਆਪਣੇ ਚੰਗੇ ਬੰਦਿਆਂ ਦੀ ਅਵਾਜ਼ ਨੂੰ ਸੁਣਦਾ ਹੈ।
ਇਸੇ ਲਈ ਯਹੋਵਾਹ ਮੈਨੂੰ ਵੀ ਸੁਣਦਾ ਹੈ, ਜਦੋਂ ਵੀ ਮੈਂ ਉਸ ਨੂੰ ਪ੍ਰਾਰਥਨਾ ਕਰਦਾ ਹਾਂ।
4 ਜੇਕਰ ਕੋਈ ਚੀਜ਼ ਤੁਹਾਨੂੰ ਪਰੇਸ਼ਾਨ ਕਰਦੀ ਹੈ।
ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ।
ਜਦੋਂ ਤੁਸੀਂ ਆਪਣੇ ਬਿਸਤਰੇ ਤੇ ਲੇਟਦੇ ਹੋ ਇਨ੍ਹਾਂ ਗੱਲਾਂ ਬਾਰੇ ਸੋਚ ਵਿੱਚਾਰ ਕਰੋ ਅਤੇ ਫ਼ੇਰ ਨਿਸ਼ਚਿੰਤ ਹੋ ਜਾਉ।
5 ਯਹੋਵਾਹ ਵਿੱਚ ਯਕੀਨ ਰੱਖੋ
ਅਤੇ ਧਰਮੀ ਗੱਲਾਂ ਕਰੋ।
6 ਬਹੁਤ ਲੋਕੀਂ ਪੁੱਛਦੇ ਹਨ, “ਸਾਨੂੰ ਪਰਮੇਸ਼ੁਰ ਦੀ ਚੰਗਿਆਈ ਕੌਣ ਵਿਖਾਵੇਗਾ?
ਹੇ ਯਹੋਵਾਹ, ਅਸੀਂ ਤੁਹਾਡੀ ਕ੍ਰਿਪਾਲਤਾ ਮਾਣ ਸੱਕੀਏ।”
7 ਯਹੋਵਾਹ ਤੂੰ ਮੈਨੂੰ ਬਹੁਤ ਖੁਸ਼ ਕੀਤਾ ਹੈ!
ਮੈਂ ਹੁਣ ਉਨ੍ਹਾਂ ਦਿਨਾਂ ਨਾਲੋਂ ਵੱਧੇਰੇ ਖੁਸ਼ ਹਾਂ ਜਦੋਂ ਅਸੀਂ ਵਾਢੀ ਕਰਦੇ ਹਾਂ।
ਉਹ ਦਿਨ ਜਦੋਂ ਅਸੀਂ ਜਸ਼ਨ ਮਨਾਉਂਦੇ ਹਾਂ, ਕਿਉਂਕਿ ਉਨ੍ਹਾਂ ਦਿਨਾਂ ਵਿੱਚ ਸਾਡੇ ਕੋਲ ਵੱਧੇਰੇ ਅਨਾਜ ਤੇ ਵੱਧੇਰੇ ਦਾਖਰਸ ਹੁੰਦਾ ਹੈ।
8 ਮੈਂ ਸ਼ਾਂਤੀ ਨਾਲ ਸੌਁਦਾ ਹਾਂ।
ਕਿਉਂਕਿ ਹੇ ਯਹੋਵਾਹ, ਤੂੰ ਮੈਨੂੰ ਸੁਰੱਖਿਅਤ ਰੱਖਦਾ ਹੈਂ ਜਦੋਂ ਮੈਂ ਨੀਂਦਰ ਵਿੱਚ ਹੁੰਦਾ ਹਾਂ।
20 ਮੈਅ ਲੋਕਾਂ ਨੂੰ ਬੇਇੱਜ਼ਤ ਕਰ ਦਿੰਦਾ ਹੈ, ਬੀਅਰ ਉਨ੍ਹਾਂ ਨੂੰ ਮਗਰੂਰ ਬਣਾ ਦਿੰਦੀ ਹੈ, ਉਨ੍ਹਾਂ ਦੁਆਰਾ ਭਟਕਾਇਆ ਹੋਇਆ ਕੋਈ ਵੀ ਸਿਆਣਾ ਨਹੀਂ।
2 ਰਾਜੇ ਦਾ ਗੁੱਸਾ ਬਬਰ ਸ਼ੇਰ ਵਰਗਾ ਹੈ। ਜੇ ਤੁਸੀਂ ਰਾਜੇ ਨੂੰ ਗੁੱਸੇ ਕਰ ਲਵੋਂਗੇ ਤਾਂ ਤੁਹਾਨੂੰ ਆਪਣੀ ਜਾਨ ਵੀ ਗੁਆਉਣੀ ਪੈ ਸੱਕਦੀ ਹੈ।
3 ਇਹ ਆਦਮੀ ਦੇ ਮਾਨ ਦੀ ਗੱਲ ਹੈ ਕਿ ਜੇਕਰ ਉਹ ਝਗੜਿਆਂ ਤੋਂ ਦੂਰ ਰਹੇ, ਪਰ ਇੱਕ ਮੂਰਖ ਬੰਦਾ ਹਮੇਸ਼ਾ ਲੜਨ ਲਈ ਤਿਆਰ ਰਹਿੰਦਾ ਹੈ।
4 ਬੀਜਣ ਦੇ ਸਮੇਂ ਦੌਰਾਨ ਸੁਸਤ ਆਦਮੀ ਆਪਣੇ ਖੇਤ ਨਹੀਂ ਵਾਹੁੰਦਾ। ਇਸ ਲਈ ਵਾਢੀ ਵੇਲੇ ਉਹ ਫਸਲਾਂ ਦੀ ਤਲਾਸ਼ ਕਰਦਾ ਹੈ ਪਰ ਉਸ ਨੂੰ ਕੁਝ ਵੀ ਨਹੀਂ ਮਿਲਦਾ।
5 ਬੰਦੇ ਦੇ ਖਿਆਲ ਡੂੰਘੇ ਪਾਣੀਆਂ ਵਾਂਗ ਹੁੰਦੇ ਹਨ, ਪਰ ਸਮਝਦਾਰ ਆਦਮੀ ਉਨ੍ਹਾਂ ਨੂੰ ਬਾਹਰ ਖਿੱਚ ਲੈਂਦਾ ਹੈ।
6 ਕਈ ਲੋਕ ਸ਼ੇਖੀ ਮਾਰਦੇ ਹਨ ਕਿ ਉਹ “ਵਫ਼ਾਦਾਰ” ਹਨ। ਪਰ ਇੱਕ ਭਰੋਸੇਯੋਗ ਵਿਅਕਤੀ ਲੱਭਣਾ ਬਹੁਤ ਮੁਸ਼ਕਿਲ ਹੈ।
7 ਇੱਕ ਧਰਮੀ ਬੰਦਾ ਚੰਗਾ ਜੀਵਨ ਜਿਉਂਦਾ ਹੈ, ਅਤੇ ਇਹ ਉਸ ਦੇ ਬੱਚਿਆਂ ਤੇ ਵੀ ਅਸੀਸ ਲਿਆਉਂਦਾ ਹੈ।
8 ਜਦੋਂ ਕੋਈ ਰਾਜਾ ਲੋਕਾਂ ਦਾ ਨਿਆਂ ਕਰਨ ਲਈ ਬੈਠਦਾ ਹੈ ਤਾਂ ਉਹ ਬਦੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਸੱਕਦਾ ਹੈ।
9 ਕੀ ਕੋਈ ਬੰਦਾ ਸੱਚਮੁੱਚ ਇਹ ਆਖ ਸੱਕਦਾ ਹੈ ਕਿ ਉਸ ਨੇ ਸਦਾ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ? ਕੀ ਕੋਈ ਬੰਦਾ ਸੱਚਮੁੱਚ ਇਹ ਆਖ ਸੱਕਦਾ ਹੈ ਕਿ, “ਉਸਦਾ ਕੋਈ ਪਾਪ ਨਹੀਂ?” ਨਹੀਂ!
10 ਯਹੋਵਾਹ ਝੂਠੇ ਤੋਂਲਾਂ ਅਤੇ ਗ਼ਲਤ ਪੈਮਾਨਿਆਂ ਦੋਵਾਂ ਨੂੰ ਨਫ਼ਰਤ ਕਰਦਾ ਹੈ।
11 ਇੱਕ ਬੱਚਾ ਵੀ ਆਪਣੀਆਂ ਹਰਕਤਾਂ ਤੋਂ ਇਹ ਦਰਸਾ ਦਿੰਦਾ ਹੈ ਕਿ ਉਹ ਚੰਗਾ ਹੈ ਜਾਂ ਮਾੜਾ ਹੈ। ਤੁਸੀਂ ਉਸ ਬੱਚੇ ਦੀ ਨਿਗਰਾਨੀ ਕਰ ਸੱਕਦੇ ਹੋ ਅਤੇ ਜਾਣ ਸੱਕਦੇ ਹੋ ਕਿ ਕੀ ਉਹ ਇਮਾਨਦਾਰ ਤੇ ਨੇਕ ਹੈ ਜਾਂ ਨਹੀਂ।
12 ਯਹੋਵਾਹ ਨੇ ਸੁਣਨ ਲਈ ਸਾਡੀ ਖਾਤਰ ਦੋਵਾਂ ਕੰਨਾਂ ਨੂੰ, ਅਤੇ ਅੱਖਾਂ ਨੂੰ ਵੇਖਣ ਲਈ ਬਣਾਇਆ!
13 ਨੀਂਦ ਨੂੰ ਪਿਆਰ ਨਾ ਕਰੋ, ਨਹੀਂ ਤਾਂ ਤੁਸੀਂ ਗਰੀਬ ਹੋ ਜਾਵੋਂਗੇ। ਪਰ ਕੰਮ ਵਿੱਚ ਆਪਣਾ ਸਮਾਂ ਬਿਤਾਓ ਅਤੇ ਤੁਹਾਡੇ ਪਾਸ ਖਾਣ ਲਈ ਬਹੁਤ ਹੋਵੇਗਾ।
14 ਜਿਹੜਾ ਬੰਦਾ ਤੁਹਾਡੇ ਪਾਸੋਂ ਕੋਈ ਚੀਜ਼ ਖਰੀਦਦਾ ਹੈ, ਹਮੇਸ਼ਾ ਆਖਦਾ ਹੈ, “ਇਹ ਚੰਗੀ ਨਹੀਂ! ਇਹ ਮਹਿੰਗੀ ਬਹੁਤ ਹੈ!” ਫ਼ੇਰ ਉਹ ਬੰਦਾ ਚੱਲਾ ਜਾਂਦਾ ਹੈ ਅਤੇ ਹੋਰਾਂ ਲੋਕਾਂ ਨੂੰ ਦੱਸਦਾ ਹੈ ਕਿ ਉਸ ਨੇ ਚੰਗਾ ਸੌਦਾ ਕੀਤਾ ਹੈ।
15 ਸੋਨਾ ਤੇ ਹੀਰੇ ਕਿਸੇ ਬੰਦੇ ਨੂੰ ਅਮੀਰ ਬਣਾ ਸੱਕਦੇ ਹਨ। ਪਰ ਜਿਹੜਾ ਬੰਦਾ ਇਹ ਜਾਣਦਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ, ਉਹ ਉਨਾਂ ਨਾਲੋਂ ਵੀ ਕਿਤੇ ਵੱਧ ਮੁੱਲਵਾਨ ਹੈ।
16 ਜੇਕਰ ਕੋਈ ਵਿਅਕਤੀ ਕਿਸੇ ਅਣਜਾਣ ਵਿਅਕਤੀ ਦੇ ਕਰਜ਼ ਦੀ ਜਿੰਮੇਵਾਰੀ ਲੈਂਦਾ, ਉਸਦੀ ਜਮੀਨ ਲੈ ਲਵੋ। ਯਕੀਨੀ ਤੋਰ ਤੇ ਕਿ ਤੁਸੀਂ ਉਸ ਵਿਅਕਤੀ ਪਾਸੋਂ ਕੁਝ ਗਿਰਵੀ ਰੱਖ ਲਵੋ ਜੋ ਕਿਸੇ ਅਨਜਾਣ ਔਰਤ ਦੀ ਜਿੰਮੇਵਾਰੀ ਲੈਂਦਾ ਹੈ।
17 ਜੇ ਤੁਸੀਂ ਧੋਖੇ ਨਾਲ ਕੋਈ ਚੀਜ਼ ਹਾਸਿਲ ਕਰ ਲਵੋਂਗੇ, ਇਹ ਚੰਗੀ ਚੀਜ਼ ਵਾਂਗ ਤਾਂ ਜਾਪੇਗੀ। ਪਰ ਅਖੀਰ ਵਿੱਚ ਉਸਦਾ ਅੰਤ ਪੱਥਰ ਨਾਲ ਭਰੇ ਮੂੰਹ ਨਾਲ ਹੁੰਦਾ ਹੈ।
18 ਯੋਜਨਾਵਾਂ ਬਨਾਉਣ ਤੋਂ ਪਹਿਲਾਂ ਚੰਗਾ ਮਸ਼ਵਰਾ ਹਾਸਿਲ ਕਰੋ। ਜੇ ਤੁਸੀਂ ਯੁੱਧ ਲਈ ਜਾ ਰਹੇ ਹੋ, ਯਕੀਨੀ ਕਰੋ ਕਿ ਤੁਹਾਡੇ ਕੋਲ ਚੰਗੀ ਸਲਾਹ ਹੈ।
19 ਜਿਹੜਾ ਬੰਦਾ ਹੋਰਾਂ ਦੀਆਂ ਚੁਗਲੀਆਂ ਕਰਦਾ ਹੈ ਉਸ ਉੱਤੇ ਭਰੋਸਾ ਨਹੀਂ ਕੀਤਾ ਜਾ ਸੱਕਦਾ। ਇਸ ਲਈ ਕਿਸੇ ਵੀ ਬੜਬੋਲੇ ਬੰਦੇ ਨੂੰ ਦੋਸਤ ਨਾ ਬਣਾਓ।
20 ਜਿਹੜਾ ਵਿਅਕਤੀ ਆਪਣੇ ਹੀ ਮਾਪਿਆਂ ਨੂੰ ਗਾਲ੍ਹਾਂ ਕੱਢੇ, ਉਸਦਾ ਦੀਵਾ ਘੁੱਪ ਹਨੇਰੇ ਦੇ ਵਿੱਚਾਲੇ ਬੁਝਾ ਦਿੱਤਾ ਜਾਵੇਗਾ।
21 ਆਸਾਨੀ ਨਾਲ ਪ੍ਰਾਪਤ ਕੀਤਾ ਵਿਰਸਾ ਅਖੀਰ ਵਿੱਚ ਅਸੀਸਾਂ ਨਹੀਂ ਲਿਆਵੇਗਾ।
22 ਜੇ ਕੋਈ ਤੁਹਾਡੇ ਖਿਲਾਫ਼ ਕੁਝ ਕਰਦਾ ਹੈ ਤਾਂ ਉਸ ਨੂੰ ਖੁਦ ਸਜ਼ਾ ਦੇਣ ਦੀ ਕੋਸ਼ਿਸ਼ ਨਾ ਕਰੋ। ਇਸ ਨੂੰ ਯਹੋਵਾਹ ਤੇ ਛੱਡ ਦਿਓ, ਉਹ ਨਿਆਂ ਕਰੇਗਾ।
23 ਯਾਹੋਵਾਹ ਝੂਠੇ ਤੋਂਲਾਂ ਨੂੰ ਨਫ਼ਰਤ ਕਰਦਾ ਹੈ ਨੁਕਸਾਂ ਵਾਲੇ ਪੈਮਾਨੇ ਚੰਗੇ ਨਹੀਂ।
24 ਯਹੋਵਾਹ ਆਦਮੀ ਦੇ ਕਦਮਾਂ ਦਾ ਨਿਸ਼ਚੈ ਕਰਦਾ ਹੈ, ਤਾਂ ਫ਼ਿਰ ਇੱਕ ਆਦਮੀ ਆਪਣੇ ਜੀਵਨ ਨੂੰ ਕਿਵੇਂ ਸਮਝ ਸੱਕਦਾ ਹੈ?
25 ਤੁਸੀਂ ਆਪਣੇ-ਆਪ ਨੂੰ ਫ਼ਸਾ ਲਵੋਂਗੇ ਜੇਕਰ ਤੁਸੀਂ ਜਲਦੀ ਵਿੱਚ ਪਰਮੇਸ਼ੁਰ ਨਾਲ ਕਿਸੇ ਗੱਲ ਦਾ ਇਕਰਾਰ ਕਰ ਲਵੋਂ ਅਤੇ ਮਗਰੋਂ ਆਪਣਾ ਮਨ ਬਦਲ ਲਵੋਂ।
26 ਇੱਕ ਸਿਆਣਾ ਰਾਜਾ ਦੁਸ਼ਟਾਂ ਨੂੰ ਪਰ੍ਹਾਂ ਫ਼ਟਕਾਰ ਦਿੰਦਾ ਹੈ, ਉਹ ਉਨ੍ਹਾਂ ਉੱਪਰ ਆਪਣਾ ਗਾਹੁਣ ਵਾਲਾ ਪਹੀਆ ਚੜ੍ਹਾ ਦਿੰਦਾ ਹੈ।
27 ਕਿਸੇ ਬੰਦੇ ਦਾ ਆਤਮਾ ਯਹੋਵਾਹ ਲਈ ਇੱਕ ਦੀਵੇ ਵਰਗਾ ਹੁੰਦਾ ਹੈ। ਯਹੋਵਾਹ ਬੰਦੇ ਦੀਆਂ ਅੰਦਰਲੀਆਂ ਗੱਲਾਂ ਜਾਨਣ ਦੇ ਯੋਗ ਹੁੰਦਾ ਹੈ।
28 ਨਮਕਹਲਾਲੀ ਅਤੇ ਸੱਚ ਇੱਕ ਰਾਜੇ ਦੀ ਰੱਖਿਆ ਕਰਦੇ ਹਨ, ਅਤੇ ਉਹ ਆਪਣੀ ਨਮਕਹਲਾਲੀ ਕਾਰਣ ਆਪਣਾ ਤਖਤ ਰੱਖੀ ਰੱਖਦਾ ਹੈ।
29 ਇੱਕ ਨੌਜਵਾਨ ਨੂੰ ਉਸਦੀ ਤਾਕਤ ਕਾਰਣ ਕੀਰਤੀ ਮਿਲਦੀ ਹੈ, ਅਤੇ ਇੱਕ ਬਜ਼ੁਰਗ ਆਦਮੀ ਦੀ ਇੱਜ਼ਤ ਉਸ ਦੇ ਧੌਲਿਆਂ ਦੇ ਕਾਰਣ ਹੁੰਦੀ ਹੈ।
30 ਜੇ ਸਾਨੂੰ ਸਜ਼ਾ ਮਿਲਦੀ ਹੈ ਤਾਂ ਅਸੀਂ ਗ਼ਲਤ ਕੰਮ ਕਰਨ ਤੋਂ ਹਟ ਜਾਵਾਂਗੇ। ਦੁੱਖ ਬੰਦੇ ਨੂੰ ਤਬਦੀਲ ਕਰ ਸੱਕਦਾ ਹੈ।
ਤੁਹਾਡਾ ਮਸੀਹ ਦੇ ਨਮਿੱਤ ਨਵਾਂ ਜੀਵਨ
3 ਜੇਕਰ ਤੁਹਾਡਾ ਪੁਨਰ ਉੱਥਾਨ ਮਸੀਹ ਨਾਲ ਹੋਇਆ ਹੈ, ਤਾਂ ਸਵਰਗੀ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਮੇਰਾ ਭਾਵ ਹੈ ਉਹ ਚੀਜ਼ਾਂ ਜਿਹੜੀਆਂ ਮਸੀਹ ਦੇ ਪਾਸ ਹਨ ਜਿੱਥੇ ਕਿ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਹੈ। 2 ਸਵਰਗ ਦੀਆਂ ਚੀਜ਼ਾਂ ਬਾਰੇ ਹੀ ਸੋਚੋ, ਧਰਤੀ ਦੀਆਂ ਚੀਜ਼ਾਂ ਬਾਰੇ ਨਹੀਂ। 3 ਕਿਉਂ ਕਿ ਤੁਹਾਡਾ ਪੁਰਾਣਾ ਪਾਪੀ ਆਪਾ ਮਰ ਗਿਆ ਅਤੇ ਤੁਹਾਡਾ ਨਵਾਂ ਜੀਵਨ ਮਸੀਹ ਨਾਲ ਪਰਮੇਸ਼ੁਰ ਵਿੱਚ ਰੱਖਿਆ ਗਿਆ ਹੈ। 4 ਮਸੀਹ ਸਾਡਾ ਜੀਵਨ ਹੈ। ਜਦੋਂ ਉਹ ਫ਼ੇਰ ਆਵੇਗਾ, ਤੁਸੀਂ ਉਸਦੀ ਮਹਿਮਾ ਵਿੱਚ ਸ਼ਾਮਿਲ ਹੋਵੋਂਗੇ।
5 ਇਸ ਲਈ ਸਾਰੀਆਂ ਮੰਦੀਆਂ ਗੱਲਾਂ ਆਪਣੇ ਜੀਵਨ ਵਿੱਚੋਂ ਕੱਢ ਦਿਓ। ਉਹ ਹਨ; ਜਿਨਸੀ ਪਾਪ, ਅਨੈਤਿਕਤਾ, ਲਾਲਸਾ, ਬੁਰੀਆਂ ਇੱਛਾਵਾਂ ਅਤੇ ਲਾਲਚ ਜੋ ਕਿ ਮੂਰਤੀ ਉਪਾਸੱਕ ਹਨ। 6 ਪਰਮੇਸ਼ੁਰ ਦਾ ਗੁੱਸਾ ਉਨ੍ਹਾਂ ਲੋਕਾਂ ਤੇ ਆਵੇਗਾ ਜੋ ਮੰਨਣ ਤੋਂ ਇਨਕਾਰ ਕਰਦੇ ਹਨ। [a] 7 ਅਤੀਤ ਵਿੱਚ, ਤੁਸੀਂ ਅਜਿਹੇ ਲੋਕਾਂ ਦਾ ਸੰਗ ਕੀਤਾ ਅਤੇ ਇਹ ਸਾਰੀਆਂ ਗੱਲਾਂ ਕੀਤੀਆਂ।
8 ਪਰ ਹੁਣ ਤੁਸੀਂ ਇਨ੍ਹਾਂ ਸਭ ਗੱਲਾਂ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢ ਦਿਓ; ਨਰਾਜ਼ਗੀ, ਕ੍ਰੋਧ, ਦੁਰਭਾਵਨਾ, ਦੂਸਰਿਆਂ ਦੀ ਬੇਇੱਜ਼ਤੀ ਕਰਨਾ ਅਤੇ ਗੰਦੀ ਭਾਸ਼ਾ ਇਸਤੇਮਾਲ ਕਰਨੀ। 9 ਇੱਕ ਦੂਸਰੇ ਨਾਲ ਝੂਠ ਨਾ ਬੋਲੋ। ਕਿਉਂ? ਕਿਉਂਕਿ ਤੁਸੀਂ ਆਪਣਾ ਪੁਰਾਣਾ ਪਾਪੀ ਜੀਵਨ ਛੱਡ ਚੁੱਕੇ ਹੋ ਅਤੇ ਉਹ ਗੱਲਾਂ ਛੱਡ ਚੁੱਕੇ ਹੋ ਜੋ ਤੁਸੀਂ ਪਹਿਲਾਂ ਕਰਦੇ ਸੀ।
10 ਹੁਣ ਤੁਸੀਂ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਹੈ। ਆਪਣੇ ਨਵੇਂ ਜੀਵਨ ਵਿੱਚ, ਤੁਸੀਂ ਦ੍ਰਿੜ੍ਹਤਾ ਨਾਲ ਉਸ ਵਰਗੇ ਬਣਨ ਲਈ, ਜਿਸਨੇ ਤੁਹਾਨੂੰ ਸਾਜਿਆ ਹੈ, ਨਵੇਂ ਬਣਾਏ ਜਾ ਰਹੇ ਹੋ। ਤੁਹਾਡਾ ਨਵਾਂ ਜੀਵਨ ਤੁਹਾਨੂੰ ਪਰਮੇਸ਼ੁਰ ਦਾ ਸੱਚਾ ਗਿਆਨ ਦਿੰਦਾ ਹੈ। 11 ਇਸ ਨਵੇਂ ਜੀਵਨ ਵਿੱਚ ਯੂਨਾਨੀਆਂ ਅਤੇ ਯਹੂਦੀਆਂ ਵਿੱਚਕਾਰ ਕੋਈ ਅੰਤਰ ਨਹੀਂ। ਉਨ੍ਹਾਂ ਲੋਕਾਂ ਵਿੱਚਕਾਰ ਜਿਨ੍ਹਾਂ ਦੀ ਸੁੰਨਤ ਹੋਈ ਹੈ ਅਤੇ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਜਾਂ ਜਿਹੜੇ ਲੋਕ ਕਿਸੇ ਬਾਹਰਲੇ ਦੇਸ਼ ਦੇ ਜਾਂ ਸੱਕੂਥੀ ਹਨ, ਕੋਈ ਅੰਤਰ ਨਹੀਂ। ਅਜ਼ਾਦ ਲੋਕਾਂ ਅਤੇ ਗੁਲਾਮਾਂ ਵਿੱਚਕਾਰ ਕੋਈ ਅੰਤਰ ਨਹੀਂ। ਪਰੰਤੂ ਮਸੀਹ ਉਨ੍ਹਾਂ ਸਮੂਹ ਸ਼ਰਧਾਲੂਆਂ ਵਿੱਚ ਹੈ। ਅਤੇ ਮਸੀਹ ਹੀ ਜਿਹੜਾ ਸਰਬ ਉੱਚ ਹੈ।
ਤੁਹਾਡਾ ਨਵਾਂ ਜੀਵਨ ਇੱਕ ਦੂਸਰੇ ਨਾਲ
12 ਕਿਉਂਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕੀ ਹੋ। ਉਸ ਨੇ ਤੁਹਾਨੂੰ ਪਵਿੱਤਰ ਬਣਾਇਆ ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ। ਇਸ ਲਈ ਹਮੇਸ਼ਾ ਹਮਦਰਦੀ, ਕਿਰਪਾ, ਨਿਮ੍ਰਤਾ, ਸੱਜਨਤਾ ਅਤੇ ਸਬਰ ਨਾਲ ਭਰਪੂਰ ਰਹੋ। 13 ਇੱਕ ਦੂਸਰੇ ਨਾਲ ਨਾਰਾਜ਼ ਨਾ ਹੋਵੋ, ਸਗੋਂ ਇੱਕ ਦੂਸਰੇ ਨੂੰ ਮਾਫ਼ ਕਰ ਦਿਉ। ਜੇ ਕੋਈ ਵਿਅਕਤੀ ਤੁਹਾਡੇ ਨਾਲ ਕੁਝ ਗਲਤ ਕਰਦਾ ਹੈ, ਉਸ ਨੂੰ ਮਾਫ਼ ਕਰ ਦਿਉ। ਤੁਹਾਨੂੰ ਹੋਰਨਾਂ ਨੂੰ ਉਵੇਂ ਮੁਆਫ਼ ਕਰ ਦੇਣਾ ਚਾਹੀਦਾ ਹੈ ਜਿਵੇਂ ਪ੍ਰਭੂ ਨੇ ਤੁਹਾਨੂੰ ਮੁਆਫ਼ ਕਰ ਦਿੱਤਾ। 14 ਇਹ ਸਾਰੀਆਂ ਗੱਲਾਂ ਕਰੋ; ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇੱਕ ਦੂਸਰੇ ਨੂੰ ਪਿਆਰ ਕਰੋ। ਪਿਆਰ ਹੀ ਉਹ ਤਾਕਤ ਹੈ ਜੋ ਤੁਹਾਨੂੰ ਸਾਰਿਆਂ ਨੂੰ ਸਹੀ ਏਕਤਾ ਵਿੱਚ ਬੰਨ੍ਹਦੀ ਹੈ। 15 ਜੋ ਸ਼ਾਂਤੀ ਮਸੀਹ ਤੁਹਾਨੂੰ ਦਿੰਦਾ ਹੈ ਉਸ ਨੂੰ ਆਪਣੇ ਉੱਤੇ ਰਾਜ ਕਰਨ ਦਿਉ। ਇਸ ਕਰਕੇ ਹੀ ਤੁਹਾਨੂੰ ਸਾਰਿਆਂ ਨੂੰ ਇੱਕ ਸਰੀਰ [b] ਵਿੱਚ ਇਕੱਠਾ ਕੀਤਾ ਗਿਆ ਹੈ। ਹਮੇਸ਼ਾ ਸ਼ੁਕਰਗੁਜ਼ਾਰ ਹੋਵੋ।
16 ਆਪਣੇ ਅੰਦਰ ਮਸੀਹ ਦੀ ਸਿੱਖਿਆ ਨੂੰ ਅਮੀਰੀ ਨਾਲ ਵਸਣ ਦਿਉ। ਸਾਰੀ ਸਿਆਣਪ ਨੂੰ ਇੱਕ ਦੂਸਰੇ ਨੂੰ ਉਪਦੇਸ਼ ਦੇਣ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਬਨਾਉਣ ਲਈ ਵਰਤੋ। ਪਰਮੇਸ਼ੁਰ ਨੂੰ ਉਦਾਰ ਦਿਲਾਂ ਨਾਲ ਭਜਨ, ਸ਼ਬਦ ਅਤੇ ਆਤਮਕ ਗੀਤ ਗਾਓ। 17 ਜੋ ਕੁਝ ਵੀ ਤੁਸੀਂ ਆਖਦੇ ਹੋ ਅਤੇ ਜੋ ਕੁਝ ਵੀ ਤੁਸੀਂ ਕਰਦੇ ਹੋ, ਇਹ ਪ੍ਰਭੂ ਯਿਸੂ ਦੇ ਨਾਂ ਵਿੱਚ ਹੋਣ ਦਿਉ। ਸਾਰੀਆਂ ਗੱਲਾਂ ਵਿੱਚ, ਯਿਸੂ ਰਾਹੀਂ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰੋ।
ਹੋਰਾਂ ਲੋਕਾਂ ਨਾਲ ਤੁਹਾਡਾ ਨਵਾਂ ਜੀਵਨ ਸਾਂਝਾ ਕਰੋ
18 ਪਤਨੀਓ, ਆਪਣੇ ਪਤੀਆਂ ਦੀ ਆਗਿਆ ਦਾ ਪਾਲਣ ਕਰੋ। ਪ੍ਰਭੂ ਵਿੱਚ ਅਜਿਹਾ ਕਰਨਾ ਹੀ ਠੀਕ ਹੈ।
19 ਪਤੀਓ, ਆਪਣੀਆਂ ਪਤਨੀਆਂ ਨੂੰ ਪਿਆਰ ਕਰੋ ਅਤੇ ਉਨ੍ਹਾਂ ਨਾਲ ਬਤਮੀਜ਼ੀ ਨਾ ਕਰੋ।
20 ਬੱਚਿਓ, ਹਰ ਗੱਲ ਵਿੱਚ ਆਪਣੇ ਮਾਪਿਆਂ ਦਾ ਆਖਾ ਮੰਨੋ। ਇਸ ਨਾਲ ਪ੍ਰਭੂ ਪ੍ਰਸੰਨ ਹੁੰਦਾ ਹੈ।
21 ਪਿਤਾਓ, ਆਪਣੇ ਬੱਚਿਆਂ ਨੂੰ ਨਿਰਾਸ਼ਾਜਨਕ ਨਾ ਬਣਾਓ। ਜੇ ਤੁਸੀਂ ਉਨ੍ਹਾਂ ਨਾਲ ਜ਼ਿਆਦਾ ਸਖਤ ਹੋਵੋਂਗੇ ਤਾਂ ਉਹ ਕੋਸ਼ਿਸ਼ ਕਰਨੀ ਛੱਡ ਦੇਣਗੇ।
22 ਨੌਕਰੋ, ਹਰ ਚੀਜ਼ ਵਿੱਚ ਆਪਣੇ ਮਾਲਕ ਦਾ ਕਹਿਣਾ ਮੰਨੋ। ਹਮੇਸ਼ਾ ਉਹੀ ਕਰੋ ਜੋ ਤੁਹਾਡਾ ਮਾਲਕ ਤੁਹਾਥੋਂ ਕਰਾਉਣਾ ਚਾਹੁੰਦਾ ਹੈ, ਉਦੋਂ ਵੀ ਜਦੋਂ ਉਹ ਤੁਹਾਨੂੰ ਨਹੀਂ ਵੇਖ ਰਿਹਾ। ਲੋਕਾਂ ਨੂੰ ਪ੍ਰਸੰਨ ਕਰਨ ਦੇ ਉਦੇਸ਼ ਨਾਲ ਗੱਲਾਂ ਨਾ ਕਰੋ, ਪਰ ਉਨ੍ਹਾਂ ਨੂੰ ਪੂਰੇ ਦਿਲੋਂ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਕਰੋ। 23 ਹਰ ਕੰਮ ਜਿਹੜਾ ਤੁਸੀਂ ਕਰ ਰਹੇ ਹੋ, ਆਪਣੀ ਪੂਰੀ ਸਮਰਥਾ ਨਾਲ ਕਰੋ। ਇਸ ਤਰ੍ਹਾਂ ਕੰਮ ਕਰੋ ਜਿਵੇਂ ਤੁਸੀਂ ਲੋਕਾਂ ਲਈ ਨਹੀਂ ਪ੍ਰਭੂ ਲਈ ਕਰ ਰਹੇ ਹੋ। 24 ਯਾਦ ਰੱਖੋ ਤੁਸੀਂ ਪ੍ਰਭੂ ਪਾਸੋਂ ਆਪਣਾ ਇਨਾਮ ਹਾਸਿਲ ਕਰੋਂਗੇ। ਉਹ ਤੁਹਾਨੂੰ ਉਹੋ ਦੇਵੇਗਾ ਜਿਸਦਾ ਉਸ ਨੇ ਤੁਹਾਡੇ ਨਾਲ ਵਾਇਦਾ ਕੀਤਾ ਹੈ ਇਹ ਪ੍ਰਭੂ ਮਸੀਹ ਹੈ ਜਿਸਦੀ ਸੇਵਾ ਤੁਸੀਂ ਕਰ ਰਹੇ ਹੋ। 25 ਯਾਦ ਰੱਖੋ ਕਿ ਜਿਹੜਾ ਵਿਅਕਤੀ ਗਲਤ ਕੰਮ ਕਰਦਾ ਹੈ ਉਸ ਨੂੰ ਉਸਦੀ ਗਲਤੀ ਦੀ ਸਜ਼ਾ ਮਿਲੇਗੀ। ਅਤੇ ਪ੍ਰਭੂ ਹਰ ਵਿਅਕਤੀ ਨਾਲ ਇੱਕੋ ਜਿਹਾ ਸਲੂਕ ਕਰਦਾ ਹੈ।
2010 by World Bible Translation Center