M’Cheyne Bible Reading Plan
ਜਾਨਵਰਾਂ ਨੂੰ ਮਾਰਨ ਅਤੇ ਖਾਣ ਬਾਰੇ ਬਿਧੀਆਂ
17 ਯਹੋਵਾਹ ਨੇ ਮੂਸਾ ਨੂੰ ਆਖਿਆ 2 “ਹਾਰੂਨ ਅਤੇ ਉਸ ਦੇ ਪੁੱਤਰਾਂ ਨਾਲ ਅਤੇ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ, ਇਹੀ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਹੈ; 3 ਇਸਰਾਏਲ ਦਾ ਕੋਈ ਵੀ ਬੰਦਾ ਜੋ ਬਲਦ ਜਾਂ ਲੇਲੇ ਜਾਂ ਬੱਕਰੇ ਨੂੰ ਡੇਰੇ ਦੇ ਅੰਦਰ ਜਾਂ ਬਾਹਰ ਮਾਰਦਾ ਹੈ। 4 ਉਸ ਨੂੰ ਉਹ ਜਾਨਵਰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣਾ ਚਾਹੀਦਾ ਹੈ। ਉਸ ਨੂੰ ਇਹ ਜਾਨਵਰ ਯਹੋਵਾਹ ਨੂੰ ਸੁਗਾਤ ਵਜੋਂ ਯਹੋਵਾਹ ਦੇ ਪਵਿੱਤਰ ਤੰਬੂ ਦੇ ਅੱਗੇ ਭੇਟ ਕਰਨਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦਾ, ਉਹ ਖੂਨ ਖਰਾਬੇ ਦਾ ਦੋਸ਼ੀ ਹੋਵੇਗਾ ਅਤੇ ਉਸ ਨੂੰ ਆਪਣੇ ਲੋਕਾਂ ਤੋਂ ਅਲੱਗ ਕਰ ਦਿੱਤਾ ਜਾਵੇ। 5 ਇਹ ਨੇਮ ਇਸ ਵਾਸਤੇ ਹੈ ਕਿ ਲੋਕ ਜਾਨਵਰਾਂ ਨੂੰ ਖੇਤਾਂ ਵਿੱਚ ਕੁਰਬਾਨ ਕਰਨ ਦੀ ਬਜਾਇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਕੋਲ ਲੈ ਕੇ ਆਉਣ। ਉਨ੍ਹਾਂ ਨੂੰ ਉਹ ਜਾਨਵਰ ਯਹੋਵਾਹ ਲਈ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨਜ਼ਦੀਕ ਜਾਜਕ ਕੋਲ ਲੈ ਕੇ ਆਉਣੇ ਚਾਹੀਦੇ ਹਨ। 6 ਫ਼ੇਰ ਜਾਜਕ ਨੂੰ ਉਨ੍ਹਾਂ ਜਾਨਵਰਾਂ ਦਾ ਖੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨੇੜੇ ਜਗਵੇਦੀ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਜਾਨਵਰਾਂ ਦੀ ਚਰਬੀ ਨੂੰ ਜਗਵੇਦੀ ਉੱਤੇ ਸਾੜੇਗਾ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। 7 ਉਨ੍ਹਾਂ ਨੂੰ ਆਪਣੇ ‘ਬੱਕਰੇ ਦੇਵਤਿਆਂ’ ਨੂੰ ਹੋਰ ਬਲੀਆਂ ਨਹੀਂ ਚੜ੍ਹਾਉਣੀਆਂ ਚਾਹੀਦੀਆਂ। ਉਨ੍ਹਾਂ ਨੇ ਹੋਰਨਾਂ ਦੇਵਤਿਆਂ ਦਾ ਅਨੁਸਰਣ ਕੀਤਾ ਹੈ, ਅਤੇ ਇਸ ਤਰ੍ਹਾਂ ਉਨ੍ਹਾਂ ਨੇ ਵੇਸਵਾਵਾਂ ਵਾਂਗੂ ਵਿਹਾਰ ਕੀਤਾ ਹੈ। ਇਹ ਨੇਮ ਹਮੇਸ਼ਾ ਲਈ ਜਾਰੀ ਰਹਿਣਗੇ।
8 “ਲੋਕਾਂ ਨੂੰ ਦੱਸ; ਇਸਰਾਏਲ ਦਾ ਕੋਈ ਨਾਗਰਿਕ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਮੁਸਾਫ਼ਰ ਜਾਂ ਪਰਦੇਸੀ ਵੀ ਸ਼ਾਇਦ ਹੋਮ ਦੀ ਭੇਟ ਜਾਂ ਬਲੀ ਭੇਟ ਕਰੇ। 9 ਉਸ ਬੰਦੇ ਨੂੰ ਆਪਣੀ ਬਲੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣੀ ਚਾਹੀਦੀ ਹੈ ਅਤੇ ਇਸ ਨੂੰ ਯਹੋਵਾਹ ਨੂੰ ਭੇਟ ਕਰਨਾ ਚਾਹੀਦਾ ਹੈ। ਜੇ ਉਹ ਬੰਦਾ ਅਜਿਹਾ ਨਹੀਂ ਕਰਦਾ, ਉਸ ਨੂੰ ਆਪਣੇ ਲੋਕਾਂ ਤੋਂ ਵੱਖ ਕਰ ਦਿੱਤਾ ਜਾਣਾ ਚਾਹੀਦਾ ਹੈ।
10 “ਮੈਂ (ਪਰਮੇਸ਼ੁਰ) ਉਸ ਕਿਸੇ ਵੀ ਬੰਦੇ ਦੇ ਖਿਲਾਫ਼ ਹੋਵਾਂਗਾ ਜਿਹੜਾ ਖੂਨ ਖਾਂਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਕੋਈ ਸ਼ਹਿਰੀ ਹੈ ਜਾਂ ਉਹ ਤੁਹਾਡੇ ਦਰਮਿਆਨ ਰਹਿੰਦਾ ਕੋਈ ਵਿਦੇਸ਼ੀ ਹੈ। ਮੈਂ ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦੇਵਾਂਗਾ। 11 ਕਿਉਂਕਿ ਸ਼ਰੀਰ ਦੀ ਜਾਨ ਖੂਨ ਵਿੱਚ ਹੁੰਦੀ ਹੈ। ਮੈਂ ਤੁਹਾਨੂੰ ਖੂਨ ਨੂੰ ਖੁਦ ਲਈ ਪਰਾਸਚਿਤ ਕਰਨ ਖਾਤਰ, ਜਗਵੇਦੀ ਉੱਤੇ ਪਾਉਣ ਲਈ ਦਿੱਤਾ ਹੈ। ਇਹ ਜੀਵਨ ਖੂਨ ਹੈ ਜੋ ਲੋਕਾਂ ਲਈ ਪਰਾਸਚਿਤ ਕਰਦਾ ਹੈ। 12 ਇਸੇ ਲਈ ਮੈਂ ਇਸਰਾਏਲ ਦੇ ਲੋਕਾਂ ਨੂੰ ਆਖਦਾ ਹਾਂ; ਤੁਹਾਡੇ ਵਿੱਚੋਂ ਕੋਈ ਵੀ ਖੂਨ ਨਾ ਖਾਵੇ ਅਤੇ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵੀ ਵਿਦੇਸ਼ੀ ਖੂਨ ਨਾ ਖਾਵੇ।
13 “ਜੇ ਕੋਈ ਬੰਦਾ ਕਿਸੇ ਜੰਗਲੀ ਜਾਨਵਰ ਨੂੰ ਜਾਂ ਪੰਛੀ ਨੂੰ ਫ਼ੜ ਲੈਂਦਾ, ਜਿਸ ਨੂੰ ਖਾਧਾ ਜਾ ਸੱਕਦਾ ਹੈ ਤਾਂ ਉਸ ਨੂੰ ਉਸਦਾ ਖੂਨ ਧਰਤੀ ਤੇ ਡੋਲ੍ਹਕੇ ਗੰਦਗੀ ਨਾਲ ਢੱਕ ਦੇਣਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਇਸਰਾਏਲ ਦਾ ਕੋਈ ਨਾਗਰਿਕ ਹੈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਹੈ। 14 ਤੁਹਾਨੂੰ ਅਜਿਹਾ ਕਿਉਂ ਕਰਨਾ ਚਾਹੀਦਾ ਹੈ? ਕਿਉਂਕਿ ਜੇ ਹਾਲੇ ਵੀ ਖੂਨ ਮਾਸ ਵਿੱਚ ਹੈ ਤਾਂ ਉਸ ਜਾਨਵਰ ਦੀ ਜਾਨ ਮਾਸ ਵਿੱਚ ਹੈ। ਇਸ ਲਈ ਮੈਂ ਇਸਰਾਏਲ ਦੇ ਲੋਕਾਂ ਨੂੰ ਇਹ ਹੁਕਮ ਦਿੰਦਾ ਹਾਂ; ਅਜਿਹਾ ਮਾਸ ਨਾ ਖਾਉ ਜਿਸ ਵਿੱਚ ਹਾਲੇ ਖੂਨ ਹੈ। ਕੋਈ ਵੀ ਬੰਦਾ ਜਿਹੜਾ ਖੂਨ ਨੂੰ ਖਾਂਦਾ ਹੈ, ਉਸ ਨੂੰ ਉਸ ਦੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ।
15 “ਇਸਤੋਂ ਇਲਾਵਾ, ਜੇ ਕੋਈ ਬੰਦਾ ਕਿਸੇ ਆਪਣੇ-ਆਪ ਮਰੇ ਹੋਏ ਜਾਨਵਰ ਨੂੰ ਖਾਂਦਾ ਹੈ, ਜਾਂ ਕੋਈ ਬੰਦਾ ਕਿਸੇ ਦੂਸਰੇ ਜਾਨਵਰ ਦੁਆਰਾ ਮਰੇ ਹੋਏ ਜਾਨਵਰ ਨੂੰ ਖਾਂਦਾ ਹੈ, ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣਾ ਸ਼ਰੀਰ ਪਾਣੀ ਨਾਲ ਧੋਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ। ਫ਼ੇਰ ਉਹ ਪਾਕ ਹੋਵੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਨਾਗਰਿਕ ਹੈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਹੈ। 16 ਜੇ ਉਹ ਬੰਦਾ ਆਪਣੇ ਕੱਪੜੇ ਨਹੀਂ ਧੋਂਦਾ ਜਾਂ ਆਪਣੇ-ਆਪ ਨੂੰ ਨਹੀਂ ਧੋਂਦਾ ਤਾਂ ਉਹ ਆਪਣੇ ਪਾਪ ਦੀ ਸਜ਼ਾ ਭੁਗਤੇਗਾ।”
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
20 ਯਹੋਵਾਹ ਤੁਹਾਡੀ ਬੇਨਤੀ ਸੁਣੇ ਅਤੇ ਜਵਾਬ ਦੇਵੇ, ਜਦੋਂ ਵੀ ਤੁਸੀਂ ਗੰਭੀਰ ਮੁਸੀਬਤਾਂ ਪਾਰ ਕਰਦੇ ਹੋਏ ਉਸਦੀ ਮਦਦ ਲਈ ਪੁਕਾਰ ਕਰੋ।
ਯਾਕੂਬ ਦਾ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ।
2 ਕਾਸ਼ ਪਰਮੇਸ਼ੁਰ ਤੁਹਾਨੂੰ ਆਪਣੇ ਪਵਿੱਤਰ ਸਥਾਨ ਵਿੱਚੋਂ ਮਦਦ ਭੇਜੇ।
ਉਹ ਸੀਯੋਨ ਤੋਂ ਤੁਹਾਡੀ ਸਹਾਇਤਾ ਕਰੇ।
3 ਯਹੋਵਾਹ ਉਨ੍ਹਾਂ ਸਾਰੀਆਂ ਸੁਗਾਤਾਂ ਨੂੰ ਚੇਤੇ ਰੱਖੇ ਜਿਹੜੀਆਂ ਤੁਸੀਂ ਭੇਟ ਕਰਦੇ ਹੋ
ਅਤੇ ਤੁਹਾਡੀਆਂ ਸਾਰੀਆਂ ਬਲੀਆਂ ਪ੍ਰਵਾਨ ਕਰੇ।
4 ਪਰਮੇਸ਼ੁਰ ਤੁਹਾਨੂੰ ਉਹ ਸਭ ਕੁਝ ਦੇਵੇ ਜਿਸਦੀ ਸੱਚਮੁੱਚ ਤੁਸੀਂ ਇੱਛਾ ਕਰਦੇ ਹੋ।
ਉਹ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫ਼ਲ ਬਣਾਵੇ।
5 ਸਾਨੂੰ ਖੁਸ਼ੀ ਹੋਵੇਗੀ ਜਦੋਂ ਪਰਮੇਸ਼ੁਰ ਤੁਹਾਡਾ ਸਹਾਈ ਹੋਵੇਗਾ।
ਆਉ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਕਰੀਏ।
ਜੋ ਕੁਝ ਵੀ ਤੁਸੀਂ ਉਸਤੋਂ ਮੰਗੋ ਪਰਮੇਸ਼ੁਰ ਤੁਹਾਨੂੰ ਦੇਵੇ।
6 ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਆਪਣੇ ਚੁਣੇ ਹੋਏ ਰਾਜੇ ਦੀ ਮਦਦ ਕਰਦਾ ਹੈ।
ਪਰਮੇਸ਼ੁਰ ਆਪਣੇ ਪਵਿੱਤਰ ਸਵਰਗ ਵਿੱਚ ਸੀ, ਅਤੇ ਉਸ ਨੇ ਆਪਣੇ ਚੁਣੇ ਹੋਏ ਰਾਜੇ ਦੀ ਪੁਕਾਰ ਸੁਣੀ।
ਪਰਮੇਸ਼ੁਰ ਨੇ ਰਾਜੇ ਨੂੰ ਬਚਾਉਣ ਲਈ ਆਪਣੀ ਮਹਾਂ ਸ਼ਕਤੀ ਵਰਤੀ।
7 ਕੁਝ ਲੋਕੀਂ ਆਪਣੇ ਰੱਥਾਂ ਉੱਤੇ ਭਰੋਸਾ ਰੱਖਦੇ ਹਨ।
ਦੂਜੇ ਲੋਕ ਆਪਣੇ ਫ਼ੌਜੀਆਂ ਉੱਤੇ ਭਰੋਸਾ ਕਰਦੇ ਹਨ।
ਪਰ ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਯਾਦ ਰੱਖਦੇ ਹਾਂ।
8 ਉਹ ਦੂਸਰੇ ਲੋਕ ਹਾਰ ਗਏ ਸਨ – ਉਹ ਯੁੱਧ ਅੰਦਰ ਮਰ ਗਏ।
ਪਰ ਅਸੀਂ ਜਿੱਤ ਪ੍ਰਾਪਤ ਕੀਤੀ ਸੀ। ਅਸੀਂ ਜੇਤੂ ਹਾਂ।
9 ਯਹੋਵਾਹ ਨੇ ਆਪਣੇ ਚੁਣੇ ਰਾਜੇ ਨੂੰ ਬਚਾਇਆ।
ਪਰਮੇਸ਼ੁਰ ਦੇ ਚੁਣੇ ਰਾਜੇ ਨੇ ਸਹਾਇਤਾ ਲਈ ਪੁਕਾਰਿਆ ਸੀ, ਅਤੇ ਪਰਮੇਸ਼ੁਰ ਨੇ ਪੁਕਾਰ ਸੁਣੀ ਸੀ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
21 ਹੇ ਯਹੋਵਾਹ, ਤੇਰੀ ਸ਼ਕਤੀ ਰਾਜੇ ਨੂੰ ਪ੍ਰਸੰਨ ਕਰਦੀ ਹੈ।
ਜਦੋਂ ਤੂੰ ਉਸ ਨੂੰ ਬਚਾਉਂਦਾ ਉਹ ਇੰਨਾ ਖੁਸ਼ ਹੈ।
2 ਤੁਸੀਂ ਰਾਜੇ ਨੂੰ ਮਨ ਇੱਛਿਤ ਵਸਤਾਂ ਦਿੱਤੀਆਂ,
ਅਤੇ ਜੋ ਵੀ ਉਸ ਨੇ ਮੰਗਿਆਂ ਤੁਸੀਂ ਉਸ ਨੂੰ ਦਿੱਤਾ।
3 ਯਹੋਵਾਹ ਸੱਚਮੁੱਚ ਤੁਸਾਂ ਰਾਜੇ ਨੂੰ ਅਸੀਸ ਦਿੱਤੀ।
ਤੁਸੀਂ ਉਸ ਦੇ ਸੀਸ ਉੱਤੇ ਸੁਨਿਹਰੀ ਤਾਜ ਰੱਖਿਆ।
4 ਹੇ ਪਰਮੇਸ਼ੁਰ, ਰਾਜੇ ਨੇ ਤੁਸਾਂ ਤੋਂ ਜੀਵਨ ਮੰਗਿਆ ਸੀ, ਅਤੇ ਤੁਸੀਂ ਇਹ ਉਸ ਨੂੰ ਪ੍ਰਦਾਨ ਕੀਤਾ।
ਤੁਸੀਂ ਉਸ ਨੂੰ ਲੰਮਾ ਜੀਵਨ ਦਿੱਤਾ ਜਿਹੜਾ ਸਦਾ-ਸਦਾ ਲਈ ਕਾਇਮ ਰਹਿੰਦਾ ਹੈ।
5 ਤੁਸਾਂ ਰਾਜੇ ਨੂੰ ਜਿੱਤ ਪ੍ਰਦਾਨ ਕੀਤੀ ਅਤੇ ਉਸ ਨੂੰ ਵੱਡੀ ਮਹਿਮਾ ਦਿੱਤੀ।
ਤੁਸਾਂ ਉਸ ਨੂੰ ਇੱਜ਼ਤ ਅਤੇ ਉਸਤਤਿ ਦਿੱਤੀ।
6 ਹੇ ਪਰਮੇਸ਼ੁਰ, ਸੱਚਮੁੱਚ ਤੁਸਾਂ ਰਾਜੇ ਨੂੰ ਸਦੀਵੀ ਅਸੀਸ ਦਿੱਤੀ।
ਜਦ ਵੀ ਰਾਜਾ ਤੁਹਾਡਾ ਮੁੱਖ ਤੱਕਦਾ ਹੈ, ਉਸ ਨੂੰ ਇਸਤੋਂ ਅਪਾਰ ਖੁਸ਼ੀ ਹੁੰਦੀ ਹੈ।
7 ਰਾਜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ।
ਸੱਭ ਤੋਂ ਉੱਚਾ ਰਾਜਾ ਉਸ ਨੂੰ ਨਿਰਾਸ਼ ਨਹੀਂ ਕਰੇਗਾ।
8 ਹੇ ਪਰਮੇਸ਼ੁਰ, ਤੁਸੀਂ ਆਪਣੇ ਸਾਰੇ ਦੁਸ਼ਮਣਾਂ ਨੂੰ ਵਿਖਾ ਦਿਉਂਗੇ ਕਿ ਤੁਸੀਂ ਸ਼ਕਤੀਮਾਨ ਹੋ।
ਤੁਹਾਡੀ ਸ਼ਕਤੀ ਉਨ੍ਹਾਂ ਨੂੰ ਹਰਾਏਗੀ ਜਿਹੜੇ ਤੁਹਾਨੂੰ ਨਫ਼ਰਤ ਕਰਦੇ ਹਨ।
9 ਹੇ ਪਰਮੇਸ਼ੁਰ, ਜਦੋਂ ਤੂੰ ਰਾਜੇ ਦੇ ਨਾਲ ਹੈਂ ਉਹ ਬਲਦੇ ਗਰਮ ਤੰਦੂਰ ਵਰਗਾ ਹੈ,
ਜਿਹੜਾ ਉਸ ਸਾਰੀ ਸਮਗਰੀ ਨੂੰ ਸਾੜ ਦਿੰਦਾ ਹੈ, ਜਿਹੜੀ ਉਸ ਦੇ ਅੰਦਰ ਹੁੰਦੀ ਹੈ।
ਉਸਦਾ ਗੁੱਸਾ ਮੱਚਦੀ ਅੱਗ ਵਰਗਾ ਹੈ
ਜਿਹੜਾ ਮੁਕੰਮਲ ਤੌਰ ਤੇ ਉਸ ਦੇ ਵੈਰੀਆਂ ਦੀ ਤਬਾਹੀ ਦਾ ਕਾਰਣ ਬਣਦਾ ਹੈ।
10 ਉਸ ਦੇ ਦੁਸ਼ਮਣਾਂ ਦੇ ਪਰਿਵਾਰ ਵੀ ਤਬਾਹ ਹੋ ਜਾਣਗੇ,
ਉਹ ਧਰਤੀ ਉੱਤੋਂ ਮਿਟ ਜਾਣਗੇ।
11 ਕਿਉਂ? ਕਿਉਂਕਿ ਯਹੋਵਾਹ, ਉਨ੍ਹਾਂ ਲੋਕਾਂ ਨੇ ਤੁਹਾਡੇ ਖਿਲਾਫ਼ ਦੁਸ਼ਟ ਗੱਲਾਂ ਵਿਉਂਤੀਆਂ ਹਨ।
ਉਨ੍ਹਾਂ ਨੇ ਦੁਸ਼ਟ ਗੱਲਾਂ ਕਰਨ ਦੀਆਂ ਵਿਉਂਤਾਂ ਬਣਾਈਆਂ ਪਰ ਉਹ ਸਫ਼ਲਤਾ ਪ੍ਰਾਪਤ ਨਾ ਕਰ ਸੱਕੇ।
12 ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਗੁਲਾਮ ਬਣਾਇਆ।
ਤੁਸਾਂ ਉਨ੍ਹਾਂ ਨੂੰ ਇੱਕ ਜੁੱਟ ਰੱਸੇ ਵਿੱਚ ਬੰਨ੍ਹ ਦਿੱਤਾ
ਤੁਸਾਂ ਉਨ੍ਹਾਂ ਦੇ ਗਲਾਂ ਵਿੱਚ ਰੱਸੇ ਪਾਏ।
ਤੁਸੀਂ ਗੁਲਾਮਾਂ ਵਾਂਗ ਉਨ੍ਹਾਂ ਦਾ ਸਿਰ ਝੁਕਾਇਆ।
13 ਯਹੋਵਾਹ, ਤੁਹਾਡੀ ਸ਼ਕਤੀ ਦੇ ਗੀਤਾਂ ਨੂੰ ਤੁਹਾਡੀ ਉਸਤਤਿ ਕਰਨ ਦਿਉ।
ਅਸੀਂ ਤੁਹਾਡੀ ਮਹਾਨਤਾ ਦੇ ਗੀਤ ਗਾਵਾਂਗੇ।
ਰਾਜੇ ਲਮੂਏਲ ਦੀਆ ਸਿਆਣਿਆਂ ਕਹਾਉਤਾਂ
31 ਇਹ ਰਾਜੇ ਲਮੂਏਲ ਦਿਆਂ ਸਿਆਣਿਆਂ ਕਹਾਉਤਾਂ ਹਨ। ਇਨ੍ਹਾਂ ਦੀ ਸਿੱਖਿਆ ਉਸ ਨੂੰ ਉਸ ਦੀ ਮਾਤਾ ਨੇ ਦਿੱਤੀ ਸੀ।
2 ਤੁਸੀਂ ਮੇਰੇ ਪੁੱਤਰ ਹੋ। ਉਹ ਪੁੱਤਰ ਜਿਸ ਨੂੰ ਮੈਂ ਪਿਆਰ ਕਰਦਾ ਹਾਂ। ਤੁਸੀਂ ਉਹ ਪੁੱਤਰ ਹੋ ਜਿਸ ਦੇ ਜਨਮ ਲਈ ਮੈਂ ਪ੍ਰਾਰਥਨਾ ਕੀਤੀਆਂ ਸਨ। 3 ਆਪਣੀ ਤਾਕਤ ਨੂੰ ਔਰਤਾਂ ਉੱਤੇ ਖਰਚ ਨਾ ਕਰੋ। ਔਰਤਾਂ ਰਾਜਿਆਂ ਨੂੰ ਵੀ ਤਬਾਹ ਕਰ ਦਿੰਦੀਆਂ ਹਨ, ਇਸ ਲਈ ਆਪਣੇ-ਆਪ ਨੂੰ ਉਨ੍ਹਾਂ ਲਈ ਬਰਬਾਦ ਨਾ ਕਰੋ। 4 ਹੇ ਲਮੂਏਲ, ਰਾਜੇ ਲਈ ਮੈਅ ਪੀਣੀ ਚੰਗੀ ਗੱਲ ਨਹੀਂ ਨਾ ਹੀ ਸ਼ਾਸਕਾਂ ਲਈ ਬੀਅਰ ਪੀਣੀ। 5 ਕਿਉਂ ਕਿ ਜੇਕਰ ਰਾਜਾ ਬਹੁਤੀ ਜ਼ਿਆਦਾ ਪੀਂਦਾ, ਉਹ ਭੁੱਲ ਜਾਵੇਗਾ ਕਿ ਬਿਵਸਬਾ ਕੀ ਆਖਦੀ ਹੈ, ਅਤੇ ਗਰੀਬ ਲੋਕਾਂ ਨੂੰ ਨਿਆਂ ਤੋਂ ਵਾਂਝਾ ਕਰ ਦੇਵੇਗਾ। 6 ਉਨ੍ਹਾਂ ਨੂੰ ਬੀਅਰ ਦਿਓ ਜੋ ਨਸ਼ਟ ਹੋ ਰਹੇ ਨੇ ਅਤੇ ਮੈਅ ਉਨ੍ਹਾਂ ਨੂੰ ਜਿਹੜੇ ਗ਼ਮਗੀਨ ਹਨ। 7 ਤਾਂ ਜੋ ਜਿਵੇਂ ਉਹ ਪੀਣ ਉਹ ਗਰੀਬੀ ਭੁੱਲ ਜਾਣ ਅਤੇ ਉਹ ਹੋਰ ਵੱਧੇਰੇ ਆਪਣੀਆਂ ਮੁਸੀਬਤਾਂ ਨੂੰ ਯਾਦ ਨਹੀਂ ਕਰਨਗੇ।
8 ਜੇ ਕੋਈ ਬੰਦਾ ਆਪਣੀ ਸਹਾਇਤਾ ਨਹੀਂ ਕਰ ਸੱਕਦਾ ਤਾਂ ਤੁਹਾਨੂੰ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਸ ਬੰਦੇ ਲਈ ਬੋਲੋ ਜਿਹੜਾ ਬੋਲ ਨਹੀਂ ਸੱਕਦਾ! ਮੁਸੀਬਤ ਵਿੱਚ ਫ਼ਸੇ ਲੋਕਾਂ ਦੀ ਸਹਾਇਤਾ ਕਰੋ: 9 ਜਦੋਂ ਤੁਸੀਂ ਬੋਲੋ, ਉਹੀ ਕਹੋ ਜੋ ਧਰਮੀ ਹੋਵੇ, ਗਰੀਬਾਂ ਅਤੇ ਜ਼ਰੂਰਤਮੰਦਾ ਲਈ ਨਿਆਂ ਸੁਰੱਖਿਤ ਰੱਖੋ।
ਸੰਪੂਰਣ ਪਤਨੀ
10 ਕੌਣ ਇੱਕ ਸਦਾਚਾਰੀ ਔਰਤ [a] ਨੂੰ ਲੱਭ ਸੱਕਦਾ?
ਉਹ ਮੋਤੀਆਂ ਪੱਥਰ ਨਾਲੋਂ ਵੀ ਵੱਧੇਰੇ ਕੀਮਤੀ ਹੈ। [b]
11 ਉਸ ਦਾ ਪਤੀ ਉਸ ਤੇ ਭਰੋਸਾ ਕਰ ਸੱਕਦਾ ਹੈ,
ਉਸ ਨੂੰ ਕਦੇ ਵੀ ਸਾਮਗ੍ਰੀ ਦੀ ਕਮੀ ਨਹੀਂ ਹੋਵੇਗੀ।
12 ਉਹ ਆਪਣੀ ਸਾਰੀ ਜ਼ਿੰਦਗੀ,
ਉਸ ਲਈ ਨੇਕੀ ਲਿਆਉਂਦੀ ਹੈ, ਬਦੀ ਨਹੀਂ।
13 ਉਹ ਹਮੇਸ਼ਾ ਉਨ ਅਤੇ ਫ਼ਲੇਕਸ ਜਮ੍ਹਾ ਕਰਦੀ ਰਹਿੰਦੀ ਹੈ
ਅਤੇ ਖੁਸ਼ੀ ਨਾਲ ਆਪਣੇ ਹੱਥੀਂ ਚੀਜ਼ਾਂ ਬਣਾਉਂਦੀ ਰਹਿੰਦੀ ਹੈ।
14 ਉਹ ਵਪਾਰੀਆਂ ਦੇ ਜਹਾਜ਼ ਵਾਂਗ ਹੈ
ਉਹ ਦੂਰ-ਦੁਰਾਡੀਆਂ ਥਾਵਾਂ ਤੋਂ ਆਪਣੇ ਘਰ ਲਈ ਭੋਜਨ ਲਿਆਉਂਦੀ ਹੈ।
15 ਉਹ ਪ੍ਰਭਾਤ ਤੋਂ ਪਹਿਲਾਂ ਉੱਠਦੀ ਹੈ
ਅਤੇ ਉਹ ਆਪਣੇ ਟੱਬਰ ਲਈ ਭੋਜਨ ਦਾ ਇੰਤਜਾਮ ਕਰਦੀ ਹੈ ਅਤੇ ਆਪਣੀਆਂ ਨੋਕਰਾਣੀਆਂ ਨੂੰ ਉਨ੍ਹਾਂ ਦਾ ਸਹੀ ਹਿੱਸਾ ਦਿੰਦੀ ਹੈ।
16 ਉਹ ਜ਼ਮੀਨ ਨੂੰ ਦੇਖਦੀ ਹੈ ਅਤੇ ਇਸ ਨੂੰ ਖਰੀਦੀ ਹੈ।
ਉਹ ਆਪਣੀ ਕਮਾਈ ਦੇ ਪੈਸਿਆਂ ਨੂੰ ਵਰਤ ਕੇ ਅੰਗੂਰਾਂ ਦਾ ਬਾਗ਼ ਲਗਾਉਂਦੀ ਹੈ।
17 ਉਹ ਬਹੁਤ ਸਖਤ ਮਿਹਨਤ ਕਰਦੀ ਹੈ।
ਉਹ ਤਾਕਤਵਰ ਹੈ ਅਤੇ ਆਪਣਾ ਸਾਰਾ ਕੰਮ ਕਰਨ ਦੇ ਯੋਗ ਹੈ।
18 ਜਦੋਂ ਉਹ ਆਪਣੀਆਂ ਬਣਾਈਆਂ ਵਸਤਾਂ ਦਾ ਵਪਾਰ ਕਰਦੀ ਹੈ ਉਹ ਹਮੇਸ਼ਾ ਲਾਭ ਖੱਟਦੀ ਹੈ।
ਅਤੇ ਉਹ ਦੇਰ ਰਾਤ ਤੱਕ ਕੰਮ ਕਰਦੀ ਰਹਿੰਦੀ ਹੈ।
19 ਉਹ ਆਪਣਾ ਸੂਤ ਕਤਦੀ ਹੈ
ਅਤੇ ਆਪਣਾ ਕੱਪੜਾ ਉਣਦੀ ਹੈ।
20 ਉਹ ਖੁਲੇ ਦਿਲ ਨਾਲ ਗਰੀਬਾਂ ਨੂੰ ਦਿੰਦੀ ਹੈ
ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਦੀ ਹੈ।
21 ਜਦੋਂ ਸਰਦੀ ਹੋ ਜਾਂਦੀ ਹੈ ਉਹ ਆਪਣੇ ਟੱਬਰ ਬਾਰੇ ਚਿੰਤਿਤ ਨਹੀਂ ਹੁੰਦੀ
ਕਿਉਂ ਕਿ ਉਸ ਨੇ ਉਨ੍ਹਾਂ ਸਾਰਿਆਂ ਲਈ ਨਿੱਘੇ ਕੱਪੜੇ ਬਣਾਏ ਹੁੰਦੇ ਹਨ।
22 ਉਹ ਚਾਦਰਾਂ ਬਣਾਉਂਦੀ ਹੈ ਅਤੇ ਪਲੰਘਾਂ ਤੇ ਵਿਛਾਉਂਦੀ ਹੈ
ਅਤੇ ਉਹ ਖੁਦ ਮਲ-ਮਲ ਦੇ ਅਤੇ ਜਾਮਨੀ ਕੱਪੜੇ ਪਹਿਨਦੀ ਹੈ।
23 ਹਰ ਕੋਈ ਉਸ ਦੇ ਪਤੀ ਦੀ ਇੱਜ਼ਤ ਕਰਦਾ
ਉਹ ਦੇਸ ਦੇ ਆਗੂਆਂ ਵਿੱਚ ਜਗ੍ਹਾ ਪ੍ਰਾਪਤ ਕਰਦਾ ਹੈ।
24 ਉਹ ਬਹੁਤ ਚੰਗੀ ਵਪਾਰਨ ਹੈ। ਉਹ ਕੱਪੜੇ ਅਤੇ ਗਾਤਰੇ ਬਣਾਉਂਦੀ ਹੈ
ਅਤੇ ਵਪਾਰੀਆਂ ਨੂੰ ਵੇਚਦੀ ਹੈ।
25 ਆਤਮ-ਵਿਸ਼ਵਾਸ ਅਤੇ ਪ੍ਰਤਿਸ਼ਠਾ ਉਸਦਾ ਪਹਿਰਾਵਾ ਹਨ,
ਉਹ ਭਵਿੱਖ ਬਾਰੇ ਸੋਚਕੇ ਹੱਸ ਸੱਕਦੀ ਹੈ।
26 ਉਸ ਦਾ ਮੂੰਹ ਸਿਆਣਪ ’ਚ ਖੁਲ੍ਹਦਾ
ਉਸ ਦੀ ਜਬਾਨ ਵਿਸ਼ਵਾਸ ਯੋਗ ਹਿਦਾਇਤ ਦਿੰਦੀ ਹੈ।
27 ਉਹ ਕਦੇ ਵੀ ਆਲਸ ਨਹੀਂ ਕਰਦੀ।
ਉਹ ਆਪਣੇ ਘਰ ਦੀਆਂ ਵਸਤਾਂ ਦਾ ਧਿਆਨ ਰੱਖਦੀ ਹੈ।
28 ਉਸ ਦੇ ਬੱਚੇ ਉਸ ਦੀ ਇੱਜ਼ਤ ਕਰਦੇ ਹਨ ਅਤੇ ਉਸ ਨੂੰ ਧੰਨ ਆਖਦੇ ਹਨ
ਉਸ ਦਾ ਪਤੀ ਉਸਦੀ ਪ੍ਰਸੰਸਾ ਕਰਦਾ ਹੈ।
29 ਉਸ ਦਾ ਪਤੀ ਆਖਦਾ ਹੈ, “ਇੱਥੇ ਕਈ ਸਮਰੱਥ ਔਰਤਾਂ ਹਨ
ਪਰ ਤੂੰ ਮੇਰੀਏ ਪਤਨੀਏ ਉਨ੍ਹਾਂ ਸਭ ਤੋਂ ਚੰਗੀ ਹੈਂ।”
30 ਆਕਰਸ਼ਣ ਛਲੀਆ ਹੈ, ਅਤੇ ਸੁੰਦਰਤਾ ਚਲੀ ਜਾਂਦੀ ਹੈ।
ਪਰ ਜਿਹੜੀ ਔਰਤ ਯਹੋਵਾਹ ਤੋਂ ਭੈ ਖਾਂਦੀ ਹੈ, ਉਸਤਤ ਯੋਗ ਹੈ।
31 ਉਸ ਨੂੰ ਉਹ ਇਨਾਮ ਦਿਓ ਜਿਸਦੀ ਉਹ ਅਧਿਕਾਰਨ ਹੈ।
ਜਿਹੜੀਆਂ ਗੱਲਾਂ ਉਸ ਨੇ ਕੀਤੀਆਂ ਉਨ੍ਹਾਂ ਲਈ ਉਸ ਦੀ ਜਣ-ਸਾਧਾਰਣ ਵਿੱਚ ਉਸਤਤ ਕਰੋ।
ਆਦਮੀਆ ਤੇ ਔਰਤਾਂ ਲਈ ਕੁਝ ਨਿਰਦੇਸ਼
2 ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਸਰਬੱਤ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਆਖਦਾ ਹਾਂ। ਸਾਰੇ ਲੋਕਾਂ ਲਈ ਪਰਮੇਸ਼ੁਰ ਨਾਲ ਗੱਲ ਕਰੋ। ਉਸ ਕੋਲੋਂ ਉਹ ਚੀਜ਼ਾਂ ਮੰਗੋ ਜਿਹੜੀਆਂ ਲੋਕਾਂ ਨੂੰ ਲੋੜੀਂਦੀਆਂ ਹਨ, ਅਤੇ ਉਸਦਾ ਧੰਨਵਾਦ ਕਰੋ। 2 ਰਾਜਿਆਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਕਰੋ ਜਿਨ੍ਹਾਂ ਕੋਲ ਅਧਿਕਾਰ ਦੀਆਂ ਪਦਵੀਆਂ ਹਨ। ਉਨ੍ਹਾਂ ਆਗੂਆਂ ਲਈ ਪ੍ਰਾਰਥਨਾ ਕਰੋ ਤਾਂ ਜੋ ਅਸੀਂ ਇੱਕ ਅਜਿਹਾ ਜੀਵਨ ਜਿਉਂ ਸੱਕੀਏ ਜੋ ਸ਼ਾਂਤ, ਖਾਮੋਸ਼, ਉਪਾਸਨਾ ਨਾਲ ਭਰਪੂਰ ਅਤੇ ਪਰਮੇਸ਼ੁਰ ਨੂੰ ਸਤਿਕਾਰਦਾ ਹੋਵੇ। 3 ਇਹ ਚੰਗਾ ਹੈ, ਅਤੇ ਇਹ ਪਰਮੇਸ਼ੁਰ ਸਾਡੇ ਮੁਕਤੀ ਦਾਤਾ ਨੂੰ ਪ੍ਰਸੰਨ ਕਰਦਾ ਹੈ।
4 ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੇ ਲੋਕ ਮੁਕਤ ਹੋ ਸੱਕਣ। ਅਤੇ ਉਹ ਚਾਹੁੰਦਾ ਹੈ ਕਿ ਸਾਰੇ ਲੋਕ ਸੱਚ ਨੂੰ ਜਾਣ ਲੈਣ। 5 ਪਰਮੇਸ਼ੁਰ ਕੇਵਲ ਇੱਕ ਹੈ। ਅਤੇ ਪਰਮੇਸ਼ੁਰ ਤੱਕ ਪਹੁੰਚਣ ਦਾ ਕੇਵਲ ਇੱਕ ਹੀ ਰਾਹ ਹੈ। ਇਹ ਰਾਹ ਮਸੀਹ ਯਿਸੂ ਰਾਹੀਂ ਹੈ, ਜੋ ਕਿ ਇੱਕ ਇਨਸਾਨ ਹੈ। 6 ਯਿਸੂ ਨੇ ਲੋਕਾਂ ਦੇ ਪਾਪਾਂ ਦੀ ਕੀਮਤ ਆਪਣੇ ਆਪ ਨੂੰ ਭੇਟਾ ਕਰਕੇ ਅਦਾ ਕੀਤੀ। ਯਿਸੂ ਇਸ ਗੱਲ ਦਾ ਪ੍ਰਮਾਣ ਹੈ ਕਿ ਪਰਮੇਸ਼ੁਰ ਸਮੂਹ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ। ਅਤੇ ਉਹ ਸਹੀ ਸਮੇਂ ਤੇ ਆਇਆ। 7 ਇਹੀ ਕਾਰਣ ਹੈ ਜੋ ਉਸ ਨੂੰ ਖੁਸ਼ਖਬਰੀ ਦੇਣ ਲਈ ਚੁਣਿਆ ਗਿਆ। ਇਹੀ ਕਾਰਣ ਹੈ ਕਿ ਮੈਨੂੰ ਰਸੂਲ ਚੁਣਿਆ ਗਿਆ ਸੀ। ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ। ਮੈਂ ਗੈਰ ਯਹੂਦੀਆਂ ਲਈ ਗੁਰੂ ਦੇ ਤੌਰ ਤੇ ਚੁਣਿਆ ਗਿਆ ਸੀ। ਮੈਂ ਉਨ੍ਹਾਂ ਨੂੰ ਵਿਸ਼ਵਾਸ ਕਰਨ ਅਤੇ ਸੱਚ ਜਾਨਣ ਦੇ ਉਪਦੇਸ਼ ਦਿੰਦਾ ਹਾਂ।
ਆਦਮੀ ਅਤੇ ਔਰਤਾਂ ਲਈ ਖਾਸ ਨਿਰਦੇਸ਼
8 ਮੈਂ ਚਾਹੁੰਨਾ ਕਿ ਹਰ ਜਗ਼੍ਹਾ ਆਦਮੀ ਪ੍ਰਾਰਥਨਾ ਕਰਨ। ਲੋਕ ਜਿਹੜੇ ਪ੍ਰਾਰਥਨਾ ਵਿੱਚ ਆਪਣੇ ਹੱਥ ਉੱਪਰ ਚੁੱਕਦੇ ਹਨ ਪਵਿੱਤਰ ਹੋਣੇ ਚਾਹੀਦੇ ਹਨ। ਉੱਥੇ ਉਹ ਲੋਕ ਨਹੀਂ ਹੋਣੇ ਚਾਹੀਦੇ ਜਿਹੜੇ ਕ੍ਰੋਧ ਕਰਦੇ ਹਨ ਅਤੇ ਝਗੜਦੇ ਹਨ।
9 ਮੈਂ ਇਹ ਵੀ ਚਾਹੁੰਨਾ ਕਿ ਔਰਤਾਂ ਉਹੋ ਜਿਹੇ ਕੱਪੜੇ ਪਾਉਣ ਜਿਹੜੇ ਉਨ੍ਹਾਂ ਲਈ ਢੁਕਵੇਂ ਹੋਣ। ਔਰਤਾਂ ਨੂੰ ਲਾਜ਼ ਅਤੇ ਸੰਜਮ ਸਹਿਤ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਵਾਲਾਂ ਦੀ ਸਜਾਵਟ ਨਹੀਂ ਕਰਨੀ ਚਾਹੀਦੀ ਅਤੇ ਆਪਣੇ ਆਪ ਨੂੰ ਸੁੰਦਰ ਦਰਸ਼ਾਉਣ ਲਈ ਸੋਨੇ ਜਾਂ ਹੀਰੇ ਮੋਤੀ ਜਾਂ ਮਹਿੰਗੇ ਕੱਪੜੇ ਨਹੀਂ ਪਹਿਨਣੇ ਚਾਹੀਦੇ। 10 ਪਰ ਉਨ੍ਹਾਂ ਨੂੰ ਚੰਗੇ ਕੰਮਾਂ ਰਾਹੀਂ ਆਪਣੇ ਆਪ ਨੂੰ ਸੁੰਦਰ ਬਨਾਉਣਾ ਚਾਹੀਦਾ ਹੈ। ਉਹ ਔਰਤਾਂ ਜਿਹੜੀਆਂ ਆਖਦੀਆਂ ਹਨ ਕਿ ਉਹ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਹਨ, ਉਨ੍ਹਾਂ ਨੂੰ ਇਸ ਢੰਗ ਨਾਲ ਆਪਣੇ ਆਪ ਨੂੰ ਸੁੰਦਰ ਬਨਾਉਣਾ ਚਾਹੀਦਾ ਹੈ।
11 ਔਰਤ ਨੂੰ ਖਾਮੋਸ਼ੀ ਨਾਲ ਸੁਣਨ ਅਤੇ ਹਮੇਸ਼ਾ ਮੰਨਣ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਸਿਖਣਾ ਚਾਹੀਦਾ ਹੈ। 12 ਮੈਂ ਔਰਤ ਨੂੰ ਆਗਿਆ ਨਹੀਂ ਦਿੰਦਾ ਕਿ ਉਹ ਮਰਦ ਨੂੰ ਸਿੱਖਾਵੇ। ਅਤੇ ਮੈਂ ਔਰਤ ਨੂੰ ਮਰਦ ਉਪਰ ਹੁਕਮ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ। ਔਰਤ ਨੂੰ ਖਾਮੋਸ਼ ਰਹਿਣਾ ਚਾਹੀਦਾ ਹੈ। 13 ਕਿਉਂਕਿ ਆਦਮ ਨੂੰ ਪਹਿਲਾਂ ਸਾਜਿਆ ਗਿਆ ਸੀ ਅਤੇ ਫ਼ੇਰ ਹੱਵਾਹ ਬਣਾਈ ਗਈ ਸੀ। 14 ਇਹ ਵੀ, ਕਿ ਉਹ ਆਦਮ ਨਹੀਂ ਸੀ ਜੋ ਸ਼ੈਤਾਨ ਦੁਆਰਾ ਗੁਮਰਾਹ ਕੀਤਾ ਗਿਆ ਸੀ। ਇਹ ਔਰਤ ਸੀ ਜੋ ਗੁਮਰਾਹ ਕੀਤੀ ਗਈ ਸੀ ਅਤੇ ਪਰਮੇਸ਼ੁਰ ਵੱਲ ਅਵੱਗਿਆਕਾਰੀ ਬਣ ਗਈ। 15 ਪਰ ਔਰਤਾਂ ਨੂੰ ਬੱਚੇ ਪੈਦਾ ਕਰਨ ਦੇ ਆਪਣੇ ਕਾਰਜ ਰਾਹੀਂ ਮੁਕਤੀ ਮਿਲੇਗੀ, ਉਹ ਬਚਾਈਆਂ ਜਾਣਗੀਆਂ ਜੇ ਉਹ ਆਪਣੇ ਵਿਸ਼ਵਾਸ ਵਿੱਚ ਟਿਕੀਆਂ ਰਹਿਣਗੀਆਂ ਅਤੇ ਪਿਆਰ ਅਤੇ ਪਵਿੱਤਰਤਾ ਅਤੇ ਸਹੀ ਢੰਗ ਨਾਲ ਸਵੈ ਉੱਪਰ ਕਾਬੂ ਰੱਖਣਗੀਆਂ।
2010 by World Bible Translation Center