M’Cheyne Bible Reading Plan
ਇਕਰਾਰ ਜ਼ਰੂਰੀ ਹਨ
27 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਲਏਲ ਦੇ ਲੋਕਾਂ ਨੂੰ ਆਖ; ਜੇਕਰ ਕੋਈ ਵਿਅਕਤੀ ਯਹੋਵਾਹ ਨੂੰ ਇੱਕ ਵਿਅਕਤੀ ਨੂੰ ਅਰਪਨ ਕਰਨ ਦੀ ਖਾਸ ਸੌਂਹ ਖਾਂਦਾ ਹੈ, ਤਾਂ ਜਾਜਕ ਨੂੰ ਉਸ ਵਿਅਕਤੀ ਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। 3 ਵੀਹ ਤੋਂ ਸੱਠ ਸਾਲ ਦੀ ਉਮਰ ਦੇ ਆਦਮੀ ਦੀ ਕੀਮਤ ਚਾਂਦੀ ਦੇ 50 ਸ਼ੈਕਲ ਹਨ। (ਤੁਹਾਨੂੰ ਚਾਂਦੀ ਲਈ ਸਰਕਾਰੀ ਮਾਪ ਦੀ ਵਰਤੋਂ ਕਰਨੀ ਚਾਹੀਦੀ ਹੈ।) 4 ਔਰਤ ਦੀ ਕੀਮਤ ਜਿਹੜੀ 20 ਤੋਂ 60 ਸਾਲ ਦੀ ਹੈ ਤੀਹ ਸ਼ੈਕਲ ਹੈ। 5 ਪੰਜ ਤੋਂ 30 ਸਾਲ ਦੀ ਉਮਰ ਦੇ ਆਦਮੀ ਦੀ ਕੀਮਤ 20 ਸ਼ੈਕਲ ਹੈ। 5 ਤੋਂ 20 ਸਾਲ ਦੀ ਉਮਰ ਦੀ ਔਰਤ ਦੀ ਕੀਮਤ 10 ਸ਼ੈਕਲ ਹੈ। 6 ਇੱਕ ਮਹੀਨੇ ਤੋਂ ਲੈ ਕੇ 5 ਸਾਲ ਦੇ ਮੁੰਡੇ ਦੀ ਕੀਮਤ 5 ਸ਼ੈਕਲ ਹੈ। ਇੱਕ ਮਹੀਨੇ ਤੋਂ ਲੈ ਕੇ 5 ਸਾਲਾਂ ਦੀ ਕੁੜੀ ਦੀ ਕੀਮਤ 3 ਸ਼ੈਕਲ ਹੈ। 7 ਉਸ ਆਦਮੀ ਦੀ ਕੀਮਤ ਜਿਹੜਾ 60 ਸਾਲ ਜਾਂ ਇਸਤੋਂ ਵਡੇਰੀ ਉਮਰ ਦਾ ਹੈ, 15 ਸ਼ੈਕਲ ਹੈ। ਔਰਤ ਦੀ ਕੀਮਤ 10 ਸ਼ੈਕਲ ਹੈ।
8 “ਜੇ ਕੋਈ ਬੰਦਾ ਗਰੀਬੀ ਕਾਰਣ ਕੀਮਤ ਨਹੀਂ ਦੇ ਸੱਕਦਾ, ਉਹ (ਜਿਸ ਵਿਅਕਤੀ ਨੇ ਇਕਰਾਰ ਕੀਤਾ ਸੀ) ਉਸ ਵਿਅਕਤੀ ਨੂੰ ਜਾਜਕ ਕੋਲ ਲੈ ਕੇ ਆਵੇ ਜਿਸ ਨੂੰ ਉਸ ਨੇ ਯਹੋਵਾਹ ਲਈ ਸਮਰਪਿਤ ਕੀਤਾ ਸੀ। ਜਾਜਕ ਨਿਆਂ ਕਰੇਗਾ ਕਿ ਉਸ ਬੰਦੇ ਨੂੰ ਕਿੰਨੇ ਪੈਸੇ ਦੇਣੇ ਚਾਹੀਦੇ ਹਨ।
ਯਹੋਵਾਹ ਲਈ ਸੁਗਾਤਾਂ
9 “ਜੇ ਕੋਈ ਵਿਅਕਤੀ ਇੱਕ ਜਾਨਵਰ ਨੂੰ ਯਹੋਵਾਹ ਨੂੰ ਦੇਣ ਦਾ ਇਕਰਾਰ ਕਰਦਾ ਹੈ, ਕੋਈ ਵੀ ਜਾਨਵਰ ਜੋ ਉਹ ਵਿਅਕਤੀ ਦੇਵੇਗਾ ਪਵਿੱਤਰ ਹੋ ਜਾਵੇਗਾ। 10 ਉਸ ਨੂੰ ਕੋਈ ਹੋਰ ਜਾਨਵਰ ਚੜ੍ਹਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਸ ਨੂੰ ਕਿਸੇ ਬੁਰੇ ਜਾਨਵਰ ਨੂੰ ਚੰਗੇ ਜਾਨਵਰ ਨਾਲ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜੇ ਉਹ ਜਾਨਵਰਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਦੋਵੇਂ ਜਾਨਵਰ ਪਵਿੱਤਰ ਹੋ ਜਾਣਗੇ।
11 “ਕੁਝ ਜਾਨਵਰਾਂ ਨੂੰ ਯਹੋਵਾਹ ਨੂੰ ਬਲੀ ਵਜੋਂ ਨਹੀਂ ਚੜ੍ਹਾਇਆ ਜਾ ਸੱਕਦਾ। ਜੇ ਕੋਈ ਬੰਦਾ ਅਜਿਹੇ ਪਲੀਤ ਜਾਨਵਰ ਨੂੰ ਯਹੋਵਾਹ ਨੂੰ ਦਿੰਦਾ ਹੈ, ਉਸ ਜਾਨਵਰ ਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ। 12 ਜਾਜਕ ਉਸ ਜਾਨਵਰ ਦੀ ਕੀਮਤ ਨਿਰਧਾਰਿਤ ਕਰੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜਾਨਵਰ ਚੰਗਾ ਹੈ ਜਾਂ ਬੁਰਾ। ਜਦੋਂ ਜਾਜਕ ਕੀਮਤ ਨਿਰਧਾਰਿਤ ਕਰ ਦੇਵੇ, ਇਹ ਉਸ ਜਾਨਵਰ ਦੀ ਕੀਮਤ ਹੋਵੇਗੀ, 13 ਜੇ ਉਹ ਬੰਦਾ ਜਾਨਵਰ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ ਤਾਂ ਕੀਮਤ ਦਾ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ।
ਮਕਾਨ ਦੀ ਕੀਮਤ
14 “ਹੁਣ ਜੇ ਕੋਈ ਬੰਦਾ ਆਪਣੇ ਮਕਾਨ ਨੂੰ ਪਵਿੱਤਰ ਜਾਣ ਕੇ ਯਹੋਵਾਹ ਲਈ ਸਮਰਪਿਤ ਕਰਦਾ ਹੈ, ਜਾਜਕ ਨੂੰ ਇਸਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮਕਾਨ ਚੰਗਾ ਹੈ ਜਾਂ ਮਾੜਾ। ਜਦੋਂ ਜਾਜਕ ਕੀਮਤ ਨਿਰਧਾਰਿਤ ਕਰ ਦੇਵੇ, ਤਾਂ ਇਹ ਮਕਾਨ ਦੀ ਕੀਮਤ ਹੋਵੇਗੀ। 15 ਪਰ ਜੇ ਕੋਈ ਬੰਦਾ ਜਿਹੜਾ ਮਕਾਨ ਦਿੰਦਾ ਹੈ ਇਸ ਨੂੰ ਵਾਪਸ ਚਾਹੁੰਦਾ ਹੈ, ਤਾਂ ਉਸ ਨੂੰ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਫ਼ੇਰ ਉਹ ਮਕਾਨ ਉਸ ਬੰਦੇ ਦਾ ਹੋਵੇਗਾ।
ਜੈਦਾਦ ਕੀ ਕੀਮਤ
16 “ਜੇ ਕੋਈ ਬੰਦਾ ਆਪਣੇ ਖੇਤਾਂ ਦਾ ਹਿੱਸਾ ਪਵਿੱਤਰ ਜਾਣਕੇ ਯਹੋਵਾਹ ਨੂੰ ਸਮਰਪਿਤ ਕਰਦਾ ਹੈ, ਇਸਦੀ ਕੀਮਤ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਇਸ ਨੂੰ ਬੀਜਣ ਲਈ ਕਿੰਨਾ ਬੀਜ ਲੋੜੀਂਦਾ ਹੈ। ਚਾਂਦੀ ਦੇ 50 ਸ਼ੈਕਲ ਜੌਆਂ ਦੇ ਬੀਜਾਂ ਦੇ ਹਰੇਕ ਹੋਮਰ ਲਈ ਲੋੜੀਂਦੇ ਹੋਣਗੇ। 17 ਜੇ ਉਹ ਬੰਦਾ ਆਪਣਾ ਖੇਤ ਪਰਮੇਸ਼ੁਰ ਨੂੰ ਜੁਬਲੀ ਵਰ੍ਹੇ ਵਿੱਚ ਦਾਨ ਕਰ ਦਿੰਦਾ ਹੈ, ਇਸਦੀ ਕੀਮਤ ਉਹੀ ਹੋਵੇਗੀ ਜੋ ਜਾਜਕ ਨਿਰਧਾਰਿਤ ਕਰੇਗਾ। 18 ਪਰ ਜੇ ਉਹ ਆਪਣਾ ਖੇਤ ਪਵਿੱਤਰ ਜਾਣਕੇ ਜੁਬਲੀ ਵਰ੍ਹੇ ਤੋਂ ਮਗਰੋਂ ਦਾਨ ਕਰਦਾ ਹੈ, ਜਾਜਕ ਨੂੰ ਇਸਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਉਸ ਨੂੰ ਅਗਲੇ ਜੁਬਲੀ ਵਰ੍ਹੇ ਤੱਕ ਦੇ ਸਾਲ ਗਿਨਣੇ ਚਾਹੀਦੇ ਹਨ ਕੀਮਤ ਦਾ ਹਿਸਾਬ ਲਾਉਣ ਲਈ ਉਸ ਗਿਣਤੀ ਦੀ ਵਰਤੋਂ ਕਰਨੀ ਚਾਹੀਦੀ ਹੈ। 19 ਜੇਕਰ ਉਹ ਵਿਅਕਤੀ, ਜਿਸਨੇ ਖੇਤ ਦਾਨ ਕੀਤਾ ਹੈ, ਇਸ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ, ਉਸ ਨੂੰ ਇਸ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ, ਤਾਂ ਉਹ ਖੇਤ ਫ਼ੇਰ ਉਸੇ ਦਾ ਹੋ ਜਾਵੇਗਾ। 20 ਜੇ ਉਹ ਖੇਤ ਨੂੰ ਵਾਪਸ ਨਹੀਂ ਖਰੀਦਦਾ ਪਰ ਇਸ ਨੂੰ ਕਿਸੇ ਹੋਰ ਆਦਮੀ ਨੂੰ ਵੇਚ ਦਿੰਦਾ ਹੈ, ਤਾਂ ਇਸਦਾ ਅਸਲੀ ਮਾਲਕ ਇਸ ਨੂੰ ਵਾਪਸ ਨਹੀਂ ਖਰੀਦ ਸੱਕਦਾ। 21 ਜਦੋਂ ਜੁਬਲੀ ਵਰ੍ਹਾ ਆਵੇਗਾ, ਉਹ ਖੇਤ ਯਹੋਵਾਹ ਲਈ ਪਵਿੱਤਰ ਹੋ ਜਾਵੇਗਾ-ਇਹ ਜਾਜਕ ਦਾ ਹੋਵੇਗਾ। ਇਹ ਯਹੋਵਾਹ ਨੂੰ ਸਮਰਪਿਤ ਕੀਤੀ ਜ਼ਮੀਨ ਵਾਂਗ ਹੈ।
22 “ਜੇ ਕੋਈ ਬੰਦਾ ਯਹੋਵਾਹ ਨੂੰ ਕੋਈ ਅਜਿਹਾ ਖੇਤ ਸਮਰਪਿਤ ਕਰਦਾ ਹੈ ਜਿਹੜਾ ਉਸ ਨੇ ਖਰੀਦਿਆ ਸੀ, ਅਤੇ ਇਹ ਉਸਦੀ ਪਰਿਵਾਰਿਕ ਜਾਇਦਾਦ ਦਾ ਹਿੱਸਾ ਨਹੀਂ ਸੀ, 23 ਤਾਂ ਜਾਜਕ ਨੂੰ ਜੁਬਲੀ ਵਰ੍ਹੇ ਤੱਕ ਦੇ ਸਾਲ ਗਿਨਣੇ ਚਾਹੀਦੇ ਹਨ ਅਤੇ ਜ਼ਮੀਨ ਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਫ਼ੇਰ ਉਸ ਵਿਅਕਤੀ ਨੂੰ ਪੈਸਿਆਂ ਦੀ ਉਹ ਰਕਮ ਉਸ ਦਿਨ ਦੇਣੀ ਚਾਹੀਦੀ ਹੈ। ਉਹ ਪੈਸੇ ਯਹੋਵਾਹ ਲਈ ਪਵਿੱਤਰ ਹੋਣਗੇ। 24 ਜੁਬਲੀ ਵਰ੍ਹੇ ਉੱਤੇ ਜ਼ਮੀਨ ਮੁੱਢਲੇ ਮਾਲਕ ਕੋਲ ਚਲੀ ਜਾਵੇਗੀ। ਇਹ ਉਸ ਪਰਿਵਾਰ ਕੋਲ ਵਾਪਸ ਚਲੀ ਜਾਵੇਗੀ ਜਿਹੜਾ ਜ਼ਮੀਨ ਦਾ ਮਾਲਕ ਹੈ।
25 “ਤੁਹਾਨੂੰ ਕੀਮਤ ਅਦਾ ਕਰਨ ਲਈ ਸਰਕਾਰੀ ਮਾਪ ਦੀ ਵਰਤੋਂ ਕਰਨੀ ਚਾਹੀਦੀ ਹੈ। ਉਸ ਨਾਪ ਅਨੁਸਾਰ ਇੱਕ ਸ਼ੈਕਲ ਦਾ ਵਜ਼ਨ ਵੀਹ ਗੇਰਾਹ ਹੈ।
ਜਾਨਵਰਾਂ ਦੀ ਕੀਮਤ
26 “ਲੋਕ ਗ਼ਾਵਾਂ ਅਤੇ ਭੇਡਾਂ ਨੂੰ ਖਾਸ ਸੁਗਾਤਾਂ ਵਜੋਂ ਯਹੋਵਾਹ ਨੂੰ ਦੇ ਸੱਕਦੇ ਹਨ। ਪਰ ਜੇ ਜਾਨਵਰ ਪਹਿਲੋਠਾ ਹੈ ਤਾਂ ਜਾਨਵਰ ਪਹਿਲਾਂ ਹੀ ਯਹੋਵਾਹ ਦਾ ਹੈ। ਇਸ ਲਈ ਲੋਕ ਇਨ੍ਹਾਂ ਜਾਨਵਰਾਂ ਨੂੰ ਖਾਸ ਸੁਗਾਤ ਦੇ ਤੌਰ ਤੇ ਨਹੀਂ ਦੇ ਸੱਕਦੇ। 27 ਲੋਕ ਪਲੀਤ ਜਾਨਵਰਾਂ ਦੇ ਪਲੋਠਿਆਂ ਨੂੰ ਯਹੋਵਾਹ ਨੂੰ ਭੇਟ ਕਰਨ। ਜੇ ਉਹ ਉਸ ਜਾਨਵਰ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ, ਉਸ ਨੂੰ ਕੀਮਤ ਅਦਾ ਕਰਨੀ ਚਾਹੀਦੀ ਹੈ ਅਤੇ ਇਸ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਜੇ ਉਹ ਉਸ ਜਾਨਵਰ ਨੂੰ ਵਾਪਸ ਨਹੀਂ ਖਰੀਦਦਾ, ਜਾਜਕ ਉਸ ਜਾਨਵਰ ਨੂੰ ਉਸਦੀ ਨਿਰਧਾਇਰ ਕੀਮਤ ਤੇ ਵੇਚ ਸੱਕੇਗਾ।
ਖਾਸ ਸੁਗਾਤਾਂ
28 “ਇੱਕ ਖਾਸ ਕਿਸਮ ਦੀ ਸੁਗਾਤ ਹੈ ਜਿਹੜੀ ਲੋਕ ਪੂਰੀ ਤਰ੍ਹਾਂ ਯਹੋਵਾਹ ਨੂੰ ਦਿੰਦੇ ਹਨ। ਇਸ ਸੁਗਾਤ ਨੂੰ ਵਾਪਸ ਖਰੀਦਿਆ ਜਾਂ ਵੇਚਿਆ ਨਹੀਂ ਜਾ ਸੱਕਦਾ। ਇਸ ਤਰ੍ਹਾਂ ਦੀ ਸੁਗਾਤ ਯਹੋਵਾਹ ਦੀ ਹੈ। ਇਹ ਅੱਤ ਪਵਿੱਤਰ ਹੈ। ਇਸ ਤਰ੍ਹਾਂ ਦੀ ਸੁਗਾਤ ਵਿੱਚ ਲੋਕੀ,ਜਾਨਵਰ ਅਤੇ ਪਰਿਵਾਰਿਕ ਜੈਦਾਦ ਦੇ ਖੇਤ ਸ਼ਾਮਿਲ ਹਨ। 29 ਜੇ ਯਹੋਵਾਹ ਲਈ ਉਸ ਖਾਸ ਕਿਸਮ ਦੀ ਸੁਗਾਤ ਕੋਈ ਬੰਦਾ ਹੈ ਤਾਂ ਉਸ ਬੰਦੇ ਨੂੰ ਵਾਪਸ ਨਹੀਂ ਖਰੀਦਿਆ ਜਾ ਸੱਕਦਾ। ਉਸ ਬੰਦੇ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ।
30 “ਸਾਰੀਆਂ ਫ਼ਸਲਾਂ ਦਾ ਅਤੇ ਰੁੱਖਾਂ ਦੇ ਫ਼ਲਾਂ ਦਾ ਦਸਵਾਂ ਹਿੱਸਾ ਯਹੋਵਾਹ ਦਾ ਹੈ। ਇਹ ਯਹੋਵਾਹ ਲਈ ਪਵਿੱਤਰ ਹੈ। 31 ਇਸ ਲਈ ਜੇ ਕੋਈ ਬੰਦਾ ਆਪਣਾ ਦਸਵੰਧ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਅਤੇ ਫ਼ੇਰ ਇਸ ਨੂੰ ਵਾਪਸ ਖਰੀਦਣਾ ਚਾਹੀਦਾ ਹੈ।
32 “ਵੱਗ ਅਤੇ ਇੱਜੜ ਦਾ ਦਸਵੰਧ, ਅਯਾਲੀ ਦੁਆਰਾ ਰੱਖਿਆ ਹੋਇਆ ਕੋਈ ਜਾਨਵਰ ਯਹੋਵਾਹ ਲਈ ਪਵਿੱਤਰ ਹੋਵੇਗਾ। 33 ਮਾਲਕ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਚੁਣਿਆ ਹੋਇਆ ਜਾਨਵਰ ਚੰਗਾ ਹੈ ਜਾਂ ਮਾੜਾ। ਉਸ ਨੂੰ ਇਸ ਨੂੰ ਕਿਸੇ ਹੋਰ ਜਾਨਵਰ ਨਾਲ ਨਹੀਂ ਬਦਲਣਾ ਚਾਹੀਦਾ। ਜੇ ਉਹ ਇਸ ਨੂੰ ਕਿਸੇ ਹੋਰ ਜਾਨਵਰ ਨਾਲ ਬਦਲਣ ਦਾ ਨਿਆਂ ਕਰਦਾ ਹੈ ਤਾਂ ਦੋਵੇਂ ਜਾਨਵਰ ਪਵਿੱਤਰ ਹੋਣਗੇ। ਉਹ ਜਾਨਵਰ ਵਾਪਸ ਨਹੀਂ ਖਰੀਦਿਆ ਜਾ ਸੱਕਦਾ।”
34 ਇਹ ਉਹ ਹੁਕਮ ਹਨ ਜਿਹੜੇ ਯਹੋਵਾਹ ਨੇ ਮੂਸਾ ਨੂੰ ਸੀਨਾ ਪਰਬਤ ਉੱਤੇ ਇਸਰਾਏਲ ਦੇ ਲੋਕਾਂ ਲਈ ਦਿੱਤੇ।
ਦਾਊਦ ਦਾ ਇੱਕ ਗੀਤ ਇਹ ਲਿਖਿਆ ਹੈ, ਜਦੋਂ ਦਾਊਦ ਨੇ ਅਬੀਮਲਕ ਅੱਗੇ ਪਾਗਲ ਵਿਅਕਤੀ ਹੋਣ ਦਾ ਦਿਖਾਵਾ ਕੀਤਾ ਅਤੇ ਉਸ ਨੂੰ ਛੱਡ ਦਿੱਤਾ।
34 ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ।
ਉਸਦੀ ਉਸਤਤਿ ਹਰ ਵੇਲੇ ਮੇਰੇ ਬੁੱਲ੍ਹਾਂ ਉੱਤੇ ਹੈ।
2 ਨਿਮ੍ਰ ਲੋਕੋ, ਸੁਣੋ ਅਤੇ ਆਨੰਦ ਮਾਣੋ।
ਮੇਰੀ ਰੂਹ ਯਹੋਵਾਹ ਬਾਰੇ ਮਾਣ ਕਰਦੀ ਹੈ।
3 ਮੇਰੇ ਸੰਗ ਪਰਮੇਸ਼ੁਰ ਦੀ ਉਸਤਤਿ ਕਰੋ।
ਆਉ ਉਸ ਦੇ ਨਾਂ ਦਾ ਆਦਰ ਕਰੀਏ।
4 ਮੈਂ ਮਦਦ ਲਈ ਪਰਮੇਸ਼ੁਰ ਵੱਲ ਗਿਆ, ਅਤੇ ਉਸ ਨੇ ਮੇਰੀ ਗੱਲ ਸੁਣੀ।
ਉਸ ਨੇ ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਾਇਆ ਜਿਨ੍ਹਾਂ ਤੋਂ ਮੈਂ ਭੈਭੀਤ ਹਾਂ।
5 ਮਦਦ ਲਈ, ਪਰਮੇਸ਼ੁਰ ਵੱਲ ਤੱਕੋ।
ਤੁਸੀਂ ਪ੍ਰਵਾਨ ਹੋਵੋਂਗੇ, ਸ਼ਰਮਸਾਰ ਨਾ ਹੋਵੋ।
6 ਇਸ ਗਰੀਬ ਬੰਦੇ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ।
ਅਤੇ ਯਹੋਵਾਹ ਨੇ ਮੈਨੂੰ ਸੁਣਿਆ।
ਉਸ ਨੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
7 ਯਹੋਵਾਹ ਦਾ ਦੂਤ ਉਸ ਦੇ ਚੇਲਿਆਂ ਦੀ ਰੱਖਵਾਲੀ ਕਰਦਾ ਹੈ।
ਯਹੋਵਾਹ ਦਾ ਦੂਤ ਉਨ੍ਹਾਂ ਦੀ ਰੱਖਿਆ ਕਰਦਾ।
8 ਯਹੋਵਾਹ ਨੂੰ ਚਖੋ ਅਤੇ ਦੇਖੋ ਉਹ ਕਿੰਨਾ ਚੰਗਾ ਹੈ।
ਜੋ ਬੰਦਾ ਯਹੋਵਾਹ ਉੱਤੇ ਨਿਰਭਰ ਹੁੰਦਾ ਸੱਚਮੁੱਚ ਖੁਸ਼ ਹੁੰਦਾ ਹੈ।
9 ਯਹੋਵਾਹ ਦੇ ਪਵਿੱਤਰ ਲੋਕਾਂ ਨੂੰ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ।
ਪਰਮੇਸ਼ੁਰ ਦੇ ਚੇਲਿਆਂ ਲਈ ਹੋਰ ਸੁਰੱਖਿਆ ਦਾ ਸਥਾਨ ਨਹੀਂ।
10 ਕਮਜ਼ੋਰ ਅਤੇ ਭੁੱਖੇ ਲੋਕ ਤਕੜੇ ਹੋ ਜਾਣਗੇ।
ਪਰ ਉਹ ਲੋਕ ਜਿਹੜੇ ਮਦਦ ਲਈ ਪਰਮੇਸ਼ੁਰ ਵੱਲ ਜਾਂਦੇ ਹਨ ਹਰ ਚੰਗੀ ਵਸਤੂ ਹਾਸਲ ਕਰਨਗੇ।
11 ਬੱਚਿਉ ਮੇਰੀ ਗੱਲ ਸੁਣੋ।
ਅਤੇ ਮੈਂ ਤੁਹਾਨੂੰ ਯਹੋਵਾਹ ਦੀ ਇੱਜ਼ਤ ਕਰਨੀ ਸਿੱਖਾਵਾਂਗਾ।
12 ਜੇ ਕੋਈ ਬੰਦਾ ਆਪਣੀ ਜਿੰਦ ਨੂੰ ਪਿਆਰ ਕਰਦਾ ਹੈ
ਅਤੇ ਚੰਗੀ ਅਤੇ ਲੰਮੀ ਜ਼ਿੰਦਗੀ ਰਹਿਣਾ ਚਾਹੁੰਦਾ ਹੈ।
13 ਤਾਂ ਉਸ ਬੰਦੇ ਨੂੰ ਚਾਹੀਦਾ ਕਿ ਉਹ ਬਿਲਕੁਲ ਵੀ ਮੰਦੀਆਂ ਗੱਲਾਂ ਨਾ ਆਖੇ
ਅਤੇ ਉਹ ਬੰਦਾ ਬਿਲਕੁਲ ਵੀ ਝੂਠ ਨਾ ਬੋਲੇ।
14 ਮੰਦੇ ਕੰਮ ਕਰਨੇ ਛੱਡੋ। ਨੇਕ ਕੰਮ ਕਰੋ, ਅਮਨ ਵਾਸਤੇ ਕੰਮ ਕਰੋ।
ਸ਼ਾਂਤੀ ਦੇ ਪਿੱਛੇ ਭੱਜੋ ਜਦੋਂ ਤੱਕ ਇਸ ਨੂੰ ਫ਼ੜ ਨਾ ਲਵੋਂ।
15 ਯਹੋਵਾਹ ਨੇਕ ਬੰਦਿਆਂ ਦੀ ਰੱਖਿਆ ਕਰਦਾ ਹੈ।
ਉਹ ਉਨ੍ਹਾਂ ਦੀਆਂ ਪ੍ਰਾਰਥਨਾ ਸੁਣਦਾ ਹੈ।
16 ਪਰ ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਮੰਦੇ ਕੰਮ ਕਰਦੇ ਹਨ।
ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ।
17 ਯਹੋਵਾਹ ਅੱਗੇ ਪ੍ਰਾਰਥਨਾ ਕਰੋ ਅਤੇ ਉਹ ਸੁਣ ਲਵੇਗਾ।
ਉਹ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਵੇਗਾ।
18 ਜਦੋਂ ਕੁਝ ਲੋਕ ਮੂਸੀਬਤਾਂ ਵਿੱਚ ਹੁੰਦੇ ਹਨ, ਤਾਂ ਉਹ ਗੁਮਾਨ ਕਰਨਾ ਛੱਡ ਦਿੰਦੇ ਹਨ।
ਯਹੋਵਾਹ ਉਨ੍ਹਾਂ ਨਿਮਾਣੇ ਲੋਕਾਂ ਦੇ ਨੇੜੇ ਹੁੰਦਾ ਹੈ। ਉਹ ਉਨ੍ਹਾਂ ਨੂੰ ਬਚਾਵੇਗਾ।
19 ਹੋ ਸੱਕਦਾ ਨੇਕ ਬੰਦਿਆਂ ਨੂੰ ਔਕੜਾਂ ਆਉਣ।
ਪਰ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੀ ਹਰ ਔਕੜ ਤੋਂ ਬਚਾਵੇਗਾ।
20 ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਹੱਡੀਆਂ ਦੀ ਰੱਖਿਆ ਕਰੇਗਾ।
ਉਨ੍ਹਾਂ ਦੀ ਕੋਈ ਵੀ ਹੱਡੀ ਨਹੀਂ ਟੁੱਟੇਗੀ।
21 ਪਰ ਮੁਸੀਬਤਾਂ ਮੰਦੇ ਲੋਕਾਂ ਨੂੰ ਮਾਰ ਦੇਣਗੀਆਂ।
ਨੇਕ ਲੋਕਾਂ ਦੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
22 ਯਹੋਵਾਹ ਆਪਣੇ ਸੇਵਕ ਦੀਆਂ ਰੂਹਾਂ ਬਚਾਉਂਦਾ ਹੈ।
ਉਹ ਲੋਕ ਉਸ ਉੱਤੇ ਨਿਰਭਰ ਕਰਦੇ ਹਨ।
ਉਹ ਉਨ੍ਹਾਂ ਨੂੰ ਤਬਾਹ ਨਹੀਂ ਹੋਣ ਦੇਵੇਗਾ।
10 ਬੋੜੀਆਂ ਜਿਹੀਆਂ ਮੁਰਦਾ ਮੱਖੀਆਂ ਸਭ ਤੋਂ ਵੱਧੀਆ ਸੁਗੰਧੀ ਨੂੰ ਬਰਬਾਦ ਕਰ ਸੱਕਦੀਆਂ ਹਨ। ਇਸੇ ਤਰ੍ਹਾਂ ਹੀ, ਬੋੜੀ ਜਿਹੀ ਮੂਰੱਖਤਾ ਬਹੁਤ ਵੱਡੀ ਸਿਆਣਪ ਅਤੇ ਇੱਜ਼ਤ ਨੂੰ ਤਬਾਹ ਕਰ ਸੱਕਦੀ ਹੈ।
2 ਸਿਆਣੇ ਬੰਦੇ ਦੇ ਵਿੱਚਾਰ ਉਸ ਦੀ ਸਹੀ ਰਸਤੇ ਉੱਤੇ ਅਗਵਾਈ ਕਰਦੇ ਹਨ। ਪਰ ਮੂਰਖ ਬੰਦੇ ਦੇ ਵਿੱਚਾਰ ਉਸ ਦੀ ਗ਼ਲਤ ਰਸਤੇ ਵੱਲ ਅਗਵਾਈ ਕਰਦੇ ਹਨ। 3 ਜਦੋਂ ਮੂਰਖ ਬੰਦਾ ਸੜਕ ਤੇ ਵੀ ਤੁਰ ਰਿਹਾ ਹੁੰਦਾ ਹੈ ਉਹ ਆਪਣੀ ਮੂਰੱਖਤਾ ਦਰਸਾਉਂਦਾ। ਉਹ ਇਹ ਸਭ ਲਈ ਸਾਫ ਕਰ ਦਿੰਦਾ ਕਿ ਉਹ ਮੂਰਖ ਹੈ।
4 ਜੇਕਰ ਸ਼ਾਸਕ ਤੁਹਾਡੇ ਤੇ ਨਾਰਾਜ਼ ਹੋ ਜਾਵੇ, ਉਸ ਕੋਲੋਂ ਰੁੱਖ੍ਖੇਪਣ ਵਿੱਚ ਨਾ ਚੱਲੇ ਜਾਵੋ। ਜੇ ਤੁਸੀਂ ਸ਼ਾਤ ਅਤੇ ਮਦਦਗਾਰ ਬਣੇ ਰਹੋਁਗੇ ਤੁਸੀਂ ਵੱਡੀਆਂ ਗਲਤੀਆਂ ਵੀ ਸੁਧਾਰ ਸੱਕਦੇ ਹੋ।
5 ਇੱਥੇ ਇੱਕ ਹੋਰ ਬਦੀ ਹੈ ਜਿਹੜੀ ਮੈਂ ਇਸ ਦੁਨੀਆਂ ਵਿੱਚ ਵੇਖੀ ਹੈ ਅਤੇ ਇਹ ਉਹ ਗੱਲ ਹੈ ਜਿਹੜੀ ਸ਼ਾਸਕ ਕਰਦੇ ਹਨ: 6 ਮੂਰਖ ਬੰਦਿਆਂ ਨੂੰ ਮਹੱਤਵਪੂਰਣ ਥਾਵਾਂ ਮਿਲਦੀਆਂ ਹਨ, ਜਦੋਂ ਕਿ ਅਮੀਰ ਆਦਮੀਆਂ ਨੂੰ ਉਹ ਨੌਕਰੀਆਂ ਮਿਲਦੀਆਂ ਹਨ ਜਿਹੜੀਆਂ ਮਹਰ੍ਰਵਪੂਰਣ ਨਹੀਂ। 7 ਮੈਂ ਅਜਿਹੇ ਲੋਕਾਂ ਨੂੰ ਘੋੜੇ ਉੱਤੇ ਸਵਾਰੀ ਕਰਦਿਆਂ ਦੇਖਿਆ ਹੈ ਜਿਨ੍ਹਾਂ ਨੂੰ ਨੌਕਰ ਹੋਣਾ ਚਾਹੀਦਾ ਹੈ, ਜਦੋਂ ਕਿ ਉਹ ਲੋਕ ਜਿਨ੍ਹਾਂ ਨੂੰ ਹਾਕਮ ਹੋਣਾ ਚਾਹੀਦਾ ਹੈ (ਉਨ੍ਹਾਂ ਦੇ ਨਾਲ ਗੁਲਾਮਾਂ ਵਾਂਗ) ਤੁਰਦਿਆਂ ਦੇਖਿਆ ਹੈ।
ਹਰ ਕੰਮ ਦੇ ਆਪਣੇ ਖਤਰੇ ਹੁੰਦੇ ਹਨ
8 ਉਹ ਬੰਦਾ ਜਿਹੜਾ ਟੋਆ ਪੁੱਟਦਾ ਹੈ ਉਹ ਖੁਦ ਹੀ ਉਸ ਵਿੱਚ ਡਿੱਗ ਸੱਕਦਾ ਹੈ। ਉਹ ਬੰਦਾ ਜਿਹੜਾ ਕੰਧ ਢਾਹੁਂਦਾ ਹੈ, ਹੋ ਸੱਕਦਾ ਹੈ ਉਸ ਨੂੰ ਸੱਪ ਡਂਗ ਲਵੇ। 9 ਉਹ ਬੰਦਾ ਜਿਹੜਾ ਵੱਡੇ ਪੱਥਰ ਨੂੰ ਸਰਕਾਉਂਦਾ ਹੈ ਹੋ ਸੱਕਦਾ ਹੈ ਉਹ ਉਨ੍ਹਾਂ ਰਾਹੀਂ ਜ਼ਖਮੀ ਹੋ ਜਾਵੇ। ਅਤੇ ਉਹ ਬੰਦਾ ਜਿਹੜਾ ਰੁੱਖਾਂ ਨੂੰ ਕੱਟਦਾ ਹੈ, ਖਤਰੇ ਵਿੱਚ ਹੈ, ਰੁੱਖ ਉਸ ਦੇ ਆਪਣੇ ਉੱਪਰ ਵੀ ਡਿੱਗ ਸੱਕਦੇ ਹਨ।
10 ਪਰ ਸਿਆਣਪ ਕਿਸੇ ਵੀ ਕੰਮ ਨੂੰ ਆਸਾਨ ਬਣਾ ਦੇਵੇਗੀ। ਖੁਂਢੇ ਚਾਕੂ ਨੂੰ ਵਰਤ ਕੇ ਕੱਟਣਾ ਬੜਾ ਔਖਾ ਹੈ, ਪਰ ਜੇ ਕੋਈ ਬੰਦਾ ਇਸ ਨੂੰ ਤੇਜ਼ ਕਰ ਲੈਂਦਾ ਹੈ, ਤਾਂ ਕੰਮ ਆਸਾਨ ਹੋ ਜਾਂਦਾ ਹੈ ਇਹੀ ਸਿਆਣਪ ਦਾ ਲਾਭ ਹੈ।
11 ਭਾਵੇਂ ਕੋਈ ਬੰਦਾ ਸੱਪਾਂ ਨੂੰ ਕਾਬੂ ਕਰਨਾ ਜਾਣਦਾ ਹੋਵੇ। ਪਰ ਫਿਜ਼ੂਲ ਹੈ ਜੇ ਉਸ ਦੇ ਨੇੜੇ ਨਾ ਹੁੰਦਿਆਂ ਕਿਸੇ ਨੂੰ ਸੱਪ ਡਸ ਲਵੇ।
12 ਸਿਆਣੇ ਬੰਦੇ ਦੇ ਸ਼ਬਦ ਉਸਤਤ ਲਿਆਉਂਦੇ ਹਨ,
ਪਰ ਮੂਰਖ ਬੰਦੇ ਦੇ ਸ਼ਬਦ ਤਬਾਹੀ ਲਿਆਉਂਦੇ ਨੇ।
13 ਉਹ ਮੂਰੱਖਤਾ ਭਰੀਆਂ ਗੱਲਾਂ ਤੋਂ ਸ਼ੁਰੂ ਹੁੰਦਾ ਅਤੇ ਪਾਗਲਪਨ ਅਤੇ ਬਦੀ ਨਾਲ ਬੋਲਣੋ ਹਟਦਾ ਹੈ। 14 ਮੂਰਖ ਬੰਦਾ ਹਰ ਵੇਲੇ ਗੱਲਾਂ ਕਰਦਾ ਰਹਿੰਦਾ ਹੈ ਕਿ ਉਹ ਕੀ ਕਰੇਗਾ ਪਰ ਕੋਈ ਵੀ ਨਹੀਂ ਜਾਣਦਾ ਭਵਿੱਖ ਵਿੱਚ ਕੀ ਵਾਪਰੇਗਾ। ਕੋਈ ਨਹੀਂ ਕਹਿ ਸੱਕਦਾ ਕਿ ਬਾਦ ਵਿੱਚ ਕੀ ਹੋਵੇਗਾ।
15 ਮੂਰਖ ਬੰਦਾ, ਚਤੁਰ ਨਹੀਂ ਇੰਨਾ ਕਿ ਆਪਣੇ ਘਰ ਦਾ ਰਾਹ ਲੱਭ ਸੱਕੇ,
ਇਸ ਲਈ ਉਸ ਨੂੰ ਜੀਵਨ ਭਰ ਸਖਤ ਮਿਹਨਤ ਕਰਨੀ ਪੈਂਦੀ ਹੈ।
ਕੰਮ ਦੀ ਕਦਰ
16 ਜਿਸ ਦੇਸ ਦਾ ਰਾਜਾ ਬੱਚਾ ਹੈ ਉਸ ਦੇਸ ਲਈ ਅਤੇ ਜਿਸ ਦੇ ਸੱਜਣ ਆਪਣਾ ਸਾਰਾ ਸਮਾਂ ਖਾਣ ਪੀਣ ਵਿੱਚ ਬਿਤਾਉਂਦੇ ਹਨ ਇਹ ਬੁਰੀ ਗੱਲ ਹੈ। 17 ਪਰ ਜੇ ਰਾਜਾ ਕਿਸੇ ਨੇਕ ਖਾਨਦਾਨ ਵਿੱਚੋਂ ਆਉਂਦਾ ਹੈ ਤਾਂ ਉਸ ਦੇਸ ਲਈ ਇਹ ਬਹੁਤ ਸ਼ੁਭ ਗੱਲ ਹੈ ਅਤੇ ਜੇਕਰ ਇਸਦੇ ਸੱਜਣ ਜਾਣਦੇ ਹਨ ਕਿ ਕਦੋਂ ਖਾਣਾ ਅਤੇ ਜੇਕਰ ਉਹ ਤਕੜੇ ਹੋਣ ਲਈ ਖਾਂਦੇ ਹਨ, ਨਾਕਿ ਆਨੰਦ ਮਨਾਉਣ ਅਤੇ ਸ਼ਰਾਬੀ ਹੋਣ ਲਈ।
18 ਜੇ ਕੋਈ ਬੰਦਾ ਆਲਸੀ ਹੈ
ਤਾਂ ਉਸਦਾ ਘਰ ਚੋਣਾ ਸ਼ੁਰੂ ਹੋ ਜਾਵੇਗਾ, ਅਤੇ ਛੱਤ ਡਿੱਗ ਪਵੇਗੀ।
19 ਲੋਕ ਖਾਣਾ ਪਸੰਦ ਕਰਦੇ ਹਨ, ਅਤੇ ਮੈਅ ਉਨ੍ਹਾਂ ਦੇ ਜੀਵਨ ਨੂੰ ਪ੍ਰਸੰਨ ਬਣਾਉਂਦੀ ਹੈ। ਅਤੇ ਪੈਸੇ ਨਾਲ, ਸਭ ਕੁਝ ਸੁਲਝਾ ਦਿੰਦਾ ਹੈ।
ਨਿੰਦਿਆ
20 ਰਾਜੇ ਦੀ ਨਿੰਦਿਆ ਨਾ ਕਰੋ, ਆਪਣੀਆਂ ਸੋਚਾਂ ਵਿੱਚ ਵੀ ਨਹੀਂ। ਅਤੇ ਭਾਵੇਂ ਤੁਸੀਂ ਘਰ ਵਿੱਚ ਇੱਕਲੇ ਹੀ ਹੋਵੋਁ, ਅਮੀਰਾਂ ਬਾਰੇ ਮੰਦਾ ਨਾ ਬੋਲੋ। ਕਿਉਂ ਕਿ ਹੋ ਸੱਕਦਾ ਕਿ ਇੱਕ ਛੋਟਾ ਜਿਹਾ ਪੰਛੀ ਹੀ ਉੱਡ ਕੇ ਉਨ੍ਹਾਂ ਨੂੰ ਉਹ ਦੱਸ ਦੇਵੇ ਜੋ ਤੁਸੀਂ ਆਖਿਆ ਸੀ।
ਸੱਚੇ ਉਪਦੇਸ਼ ਤੇ ਅਮਲ
2 ਤੀਤੁਸ, ਜਿੱਥੋਂ ਤੱਕ ਤੇਰਾ ਸਵਾਲ ਹੈ, ਤੈਨੂੰ ਲੋਕਾਂ ਨੂੰ ਉਹ ਗੱਲਾਂ ਸਿੱਖਾਉਣੀਆਂ ਚਾਹੀਦੀਆਂ ਹਨ ਜਿਹੜੀਆਂ ਉਨ੍ਹਾਂ ਲਈ ਸੱਚੇ ਉਪਦੇਸ਼ਾਂ ਦਾ ਅਨੁਸਰਣ ਕਰਨ ਲਈ ਜ਼ਰੂਰੀ ਹਨ। 2 ਵਡੇਰੀ ਉਮਰ ਦੇ ਆਦਮੀਆਂ ਨੂੰ ਸਵੈਂ ਕਾਬੂ ਰੱਖਣਾ, ਗੰਭੀਰ ਰਹਿਣਾ, ਅਤੇ ਸਿਆਣਾ ਹੋਣਾ ਸਿੱਖਾਓ। ਉਨ੍ਹਾਂ ਨੂੰ ਸੱਚੇ ਵਿਸ਼ਵਾਸ ਦਾ ਅਨੁਸਰਣ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਕੋਲ, ਪ੍ਰੇਮ ਅਤੇ ਧੀਰਜ ਹੋਣਾ ਚਾਹੀਦਾ ਹੈ।
3 ਵਡੇਰੀ ਉਮਰ ਦੀਆਂ ਔਰਤਾਂ ਨੂੰ ਵੀ ਆਪਣੇ ਜੀਵਨ ਢੰਗ ਵਿੱਚ ਪਵਿੱਤਰ ਹੋਣ ਦੇ ਉਪਦੇਸ਼ ਦਿਓ। ਉਨ੍ਹਾਂ ਨੂੰ ਦੂਸਰਿਆਂ ਬਾਰੇ ਮਾੜਾ ਨਾ ਬੋਲਣ ਜਾਂ ਬਹੁਤੀ ਮੈਅ ਨਾ ਪੀਣ ਦੇ ਉਪਦੇਸ਼ ਦਿਉ। ਉਨ੍ਹਾਂ ਔਰਤਾਂ ਨੂੰ ਚਾਹੀਦਾ ਹੈ ਕਿ ਚੰਗਿਆਈ ਦੇ ਉਪਦੇਸ਼ ਦੇਣ। 4 ਇਸ ਢੰਗ ਨਾਲ, ਉਹ ਜਵਾਨ ਔਰਤਾਂ ਨੂੰ ਆਪਣੇ ਪਤੀਆਂ ਅਤੇ ਬੱਚਿਆਂ ਨੂੰ ਪਿਆਰ ਕਰਨਾ ਸਿੱਖਾ ਸੱਕਦੇ ਹਨ। 5 ਉਹ ਜਵਾਨ ਔਰਤਾਂ ਨੂੰ ਸਿਆਣੀਆਂ ਅਤੇ ਸ਼ੁੱਧ ਗੱਲਾਂ, ਆਪਣੇ ਘਰਾਂ ਦੀ ਦੇਖ ਭਾਲ ਕਰਨੀ, ਅਤੇ ਆਪਣੇ ਪਤੀਆਂ ਨੂੰ ਆਗਿਆਕਾਰੀ ਹੋਣਾ ਸਿੱਖਾ ਸੱਕਦੀਆਂ ਹਨ। ਫ਼ੇਰ ਕੋਈ ਵਿਅਕਤੀ ਵੀ ਉਸ ਉਪਦੇਸ਼ ਦੀ ਆਲੋਚਨਾ ਨਹੀਂ ਕਰ ਸੱਕੇਗਾ ਜਿਹੜਾ ਸਾਨੂੰ ਪਰਮੇਸ਼ੁਰ ਨੇ ਪ੍ਰਦਾਨ ਕੀਤਾ ਹੈ।
6 ਉਸੇ ਤਰ੍ਹਾਂ ਜਵਾਨ ਆਦਮੀਆਂ ਨੂੰ ਵੀ ਸਿਆਣੇ ਉਪਦੇਸ਼ ਦੇਣੇ ਚਾਹੀਦੇ ਹਨ। 7 ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਤੁਸੀਂ ਨੌਜਵਾਨ ਲਈ ਹਰ ਤਰ੍ਹਾਂ ਨਾਲ ਇੱਕ ਮਿਸਾਲ ਬਣੋ ਜਦੋਂ ਤੁਸੀਂ ਉਪਦੇਸ਼ ਦੇਵੋ ਤਾਂ ਇਮਾਨਦਾਰ ਅਤੇ ਗੰਭੀਰ ਹੋਵੋ। 8 ਅਤੇ ਜਦੋਂ ਤੁਸੀਂ ਬੋਲੋ, ਤਾਂ ਸੱਚ ਦੱਸੋ ਤਾਂ ਜੋ ਤੁਹਾਡੀ ਆਲੋਚਨਾ ਨਾ ਹੋ ਸੱਕੇ। ਤਾਂ ਕੋਈ ਵੀ ਵਿਅਕਤੀ ਜਿਹੜਾ ਤੁਹਾਡੇ ਵਿਰੁੱਧ ਹੈ, ਸ਼ਰਮਸਾਰ ਹੋ ਜਾਵੇਗਾ ਕਿਉਂਕਿ ਉਸ ਦੇ ਕੋਲ ਸਾਡੇ ਵਿਰੁੱਧ ਬੋਲ ਸੱਕਣ ਲਈ ਕੁਝ ਨਹੀਂ ਹੋਵੇਗਾ।
9 ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਦੱਸੋ ਜਿਹੜੇ ਗੁਲਾਮ ਹਨ। ਉਨ੍ਹਾਂ ਨੂੰ ਹਰ ਵੇਲੇ ਆਪਣੇ ਮਾਲਕਾਂ ਦਾ ਹੁਕਮ ਮੰਨਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨਾਲ ਦਲੀਲਬਾਜ਼ੀ ਨਹੀਂ ਕਰਨੀ ਚਾਹੀਦੀ। 10 ਉਨ੍ਹਾਂ ਨੂੰ ਆਪਣੇ ਮਾਲਕਾਂ ਦੀ ਕੋਈ ਚੀਜ਼ ਚੋਰੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਸਬੂਤ ਦੇਣਾ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾਂ ਭਰੋਸੇਮੰਦ ਹਨ। ਗੁਲਾਮਾਂ ਨੂੰ ਇਹ ਗੱਲਾਂ ਆਪਣੇ ਸਭ ਕੰਮਾ ਵਿੱਚ ਕਰਨੀਆਂ ਚਾਹੀਦੀਆਂ ਹਨ ਤਾਂ, ਉਹ ਸਾਬਤ ਕਰ ਸੱਕਦੇ ਹਨ ਕਿ ਪਰਮੇਸ਼ੁਰ, ਸਾਡੇ ਮੁਕਤੀਦਾਤਾ, ਦੇ ਉਪਦੇਸ਼ ਚੰਗੇ ਹਨ।
11 ਉਨ੍ਹਾਂ ਨੂੰ ਇਸੇ ਤਰ੍ਹਾਂ ਜਿਉਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ੁਰ ਦੀ ਕਿਰਪਾ ਵਿਖਾਈ ਜਾ ਚੁੱਕੀ ਹੈ। ਇਹ ਕਿਰਪਾ ਹਰ ਵਿਅਕਤੀ ਨੂੰ ਬਚਾ ਸੱਕਦੀ ਹੈ। ਅਤੇ ਇਹ ਕਿਰਪਾ ਸਾਡੇ ਉੱਪਰ ਹੋਈ ਹੈ। 12 ਇਹ ਕਿਰਪਾ ਸਾਨੂੰ ਸਿੱਖਾਉਂਦੀ ਹੈ ਕਿ ਅਸੀਂ ਅਜਿਹਾ ਜੀਵਨ ਨਾ ਵਤੀਤ ਕਰੀਏ ਜਿਹੜਾ ਪਰਮੇਸ਼ੁਰ ਦੇ ਵਿਰੁੱਧ ਹੋਵੇ, ਅਤੇ ਉਹ ਮੰਦੀਆਂ ਗੱਲਾਂ ਨਾ ਕਰੀਏ ਜੋ ਦੁਨੀਆਂ ਕਰਨਾ ਚਾਹੁੰਦੀ ਹੈ। ਇਹ ਕਿਰਪਾ ਸਾਨੂੰ ਹੁਣ ਇਸ ਧਰਤੀ ਉੱਪਰ ਸਿਆਣਪ ਅਤੇ ਸਹੀ ਢੰਗ ਨਾਲ ਜਿਉਣਾ ਸਿੱਖਾਉਂਦੀ ਹੈ। ਜਿਹੜਾ ਇਹ ਦਰਸ਼ਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ। 13 ਉਦੋਂ ਜਦੋਂ ਕਿ ਅਸੀਂ ਆਪਣੇ ਮਹਾਨ ਪਰਮੇਸ਼ੁਰ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਆਮਦ ਦਾ ਇੰਤਜ਼ਾਰ ਕਰ ਰਹੇ ਸਾਂ, ਸਾਨੂੰ ਇਸੇ ਸਹੀ ਢੰਗ ਨਾਲ ਜਿਉਣਾ ਚਾਹੀਦਾ ਹੈ। ਉਹ ਸਾਡੀ ਮਹਾਨ ਆਸ ਹੈ ਅਤੇ ਉਹ ਮਹਿਮਾ ਨਾਲ ਆਵੇਗਾ। 14 ਉਸ ਨੇ ਸਾਡੇ ਲਈ ਆਪਣੀ ਕੁਰਬਾਨੀ ਦਿੱਤੀ, ਤਾਂ ਕਿ ਉਹ ਸਾਨੂੰ ਹਰ ਬੁਰੀ ਸ਼ੈਅ ਤੋਂ ਬਚਾ ਸੱਕੇ ਅਤੇ ਸਾਨੂੰ ਪਵਿੱਤਰ ਬੰਦੇ ਬਣਾ ਸੱਕੇ ਜਿਹੜੇ ਸਿਰਫ਼ ਉਸੇ ਦੇ ਹਨ, ਅਤੇ ਜਿਹੜੇ ਹਰ ਵੇਲੇ ਚੰਗੇ ਕੰਮ ਕਰਨਾ ਚਾਹੁੰਦੇ ਹਨ।
15 ਲੋਕਾਂ ਨੂੰ ਇਹ ਗੱਲਾਂ ਦੱਸੋ। ਤੁਹਾਡੇ ਕੋਲ ਪੂਰਾ ਅਧਿਕਾਰ ਹੈ। ਇਸ ਲਈ ਇਸ ਅਧਿਕਾਰ ਨੂੰ ਲੋਕਾਂ ਦੀ ਸਹਾਇਤਾ ਕਰਨ ਲਈ ਅਤੇ ਜੇਕਰ ਉਹ ਗਲਤ ਹਨ ਉਨ੍ਹਾਂ ਨੂੰ ਸਹੀ ਕਰਨ ਲਈ ਵਰਤੋ। ਅਤੇ ਕਿਸੇ ਵਿਅਕਤੀ ਨੂੰ ਵੀ ਆਪਣੇ ਨਾਲ ਅਜਿਹਾ ਵਿਹਾਰ ਨਾ ਕਰਨ ਦਿਉ ਕਿ ਜਿਵੇਂ ਤੁਹਾਡਾ ਕੋਈ ਮਹੱਤਵ ਹੀ ਨਹੀਂ।
2010 by World Bible Translation Center