Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਲੇਵੀਆਂ ਦੀ ਪੋਥੀ 25

ਧਰਤੀ ਲਈ ਅਰਾਮ ਦਾ ਸਮਾਂ

25 ਯਹੋਵਾਹ ਨੇ ਮੂਸਾ ਨਾਲ ਸੀਨਾ ਪਰਬਤ ਉੱਤੇ ਗੱਲ ਕੀਤੀ। ਯਹੋਵਾਹ ਨੇ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖ; ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋਂ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ, ਤੁਹਾਨੂੰ ਯਹੋਵਾਹ ਲਈ ਧਰਤੀ ਨੂੰ ਅਰਾਮ ਦਾ ਖਾਸ ਸਮਾਂ ਦੇਣਾ ਚਾਹੀਦਾ ਹੈ। ਤੁਸੀਂ ਆਪਣੇ ਖੇਤ ਵਿੱਚ ਛੇ ਸਾਲ ਬੀਜ਼ ਬੀਜੋਂਗੇ। ਤੁਸੀਂ ਛੇ ਸਾਲ ਆਪਣੇ ਅੰਗੂਰ ਦੇ ਬਾਗਾਂ ਵਿੱਚ ਪੌਦਿਆਂ ਨੂੰ ਛਾਂਗੋਂਗੇ ਅਤੇ ਇਨ੍ਹਾਂ ਦਾ ਫ਼ਲ ਘਰੀਂ ਲਿਆਵੋਂਗੇ। ਪਰ ਸੱਤਵੇਂ ਵਰ੍ਹੇ ਦੌਰਾਨ ਤੁਸੀਂ ਧਰਤੀ ਨੂੰ ਅਰਾਮ ਕਰਨ ਦਿਉਂਗੇ। ਇਹ ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਸਮਾਂ ਹੋਵੇਗਾ। ਤੁਹਾਨੂੰ ਆਪਣੇ ਖੇਤ ਵਿੱਚ ਕੋਈ ਬੀਜ ਨਹੀਂ ਬੀਜਣਾ ਚਾਹੀਦਾ ਜਾਂ ਅੰਗੂਰ ਦੇ ਬਾਗਾਂ ਵਿੱਚ ਪੌਦਿਆਂ ਨੂੰ ਨਹੀਂ ਛਾਗਣਾ ਚਾਹੀਦਾ। ਤੁਹਾਨੂੰ ਉਹ ਫ਼ਸਲਾਂ ਨਹੀਂ ਵਢਣੀਆਂ ਚਾਹੀਦੀਆਂ ਜਿਹੜੀਆਂ ਤੁਹਾਡੀ ਵਾਢੀ ਤੋਂ ਮਗਰੋਂ ਆਪਣੇ-ਆਪ ਉੱਗ ਪੈਂਦੀਆਂ ਹਨ ਅਤੇ ਤੁਹਾਨੂੰ ਉਨ੍ਹਾਂ ਵੇਲਾਂ ਤੋਂ ਅੰਗੂਰ ਨਹੀਂ ਤੋਂੜਨੇ ਚਾਹੀਦੇ ਜਿਹੜੀਆਂ ਛਾਂਗੀਆਂ ਨਹੀਂ ਗਈਆਂ। ਧਰਤੀ ਲਈ ਇਹ ਅਰਾਮ ਦਾ ਸਮਾਂ ਹੈ।

“ਉਸ ਸਾਲ ਜੋ ਕੁਝ ਵੀ ਧਰਤੀ ਆਪਣੇ-ਆਪ ਪੈਦਾ ਕਰੇ-ਤੁਸੀਂ ਅਤੇ ਤੁਹਾਡੇ ਦਾਸ ਅਤੇ ਦਾਸੀਆਂ, ਤੁਹਾਡੇ ਭਾੜੇ ਦੇ ਕਾਮੇ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਖਾ ਸੱਕੋਂਗੇ। ਅਤੇ ਤੁਹਾਡੀਆਂ ਗਾਵਾਂ ਅਤੇ ਹੋਰ ਜਾਨਵਰਾਂ ਲਈ ਖਾਣ ਲਈ ਕਾਫ਼ੀ ਭੋਜਨ ਹੋਵੇਗਾ।

ਮੁਕਤੀ ਦਾ ਵਰ੍ਹਾ-ਜੁਬਲੀ

“ਤੁਸੀਂ ਸੱਤਾਂ ਵਰ੍ਹਿਆਂ ਦੇ ਸੱਤਾਂ ਸਮੂਹ ਨੂੰ ਵੀ ਗਿਣੋਂਗੇ। ਇਹ 49 ਸਾਲ ਹੋਣਗੇ। ਪਰਾਸਚਿਤ ਦੇ ਦਿਨ, ਤੁਹਾਨੂੰ ਭੇਡੂ ਦਾ ਸਿੰਗ ਵਜਾਉਣਾ ਚਾਹੀਦਾ ਹੈ। ਇਹ ਸੱਤਵੇਂ ਮਹੀਨੇ ਦੇ 10ਵੇਂ ਦਿਨ ਹੋਵੇਗਾ। ਤੁਹਾਨੂੰ ਸਾਰੇ ਦੇਸ਼ ਅੰਦਰ ਭੇਡੂ ਦਾ ਸਿੰਗ ਵਜਾਉਣਾ ਚਾਹੀਦਾ ਹੈ। 10 ਤੁਸੀਂ 50ਵੇਂ ਵਰ੍ਹੇ ਨੂੰ ਇੱਕ ਖਾਸ ਵਰ੍ਹਾ ਬਣਾਵੋਂਗੇ। ਤੁਸੀਂ ਆਪਣੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਲਈ ਅਜ਼ਾਦੀ ਦਾ ਐਲਾਨ ਕਰੋਂਗੇ। ਇਹ ਸਮਾਂ ‘ਜੁਬਲੀ’ ਅਖਵਾਏਗਾ। ਤੁਹਾਡੇ ਵਿੱਚੋਂ ਹਰ ਕੋਈ ਆਪਣੀ ਜ਼ਾਇਦਾਦ ਅਤੇ ਪਰਿਵਾਰ ਕੋਲ ਵਾਪਸ ਜਾਵੇਗਾ। 11 ਪੰਜਾਹਵਾਂ ਵਰ੍ਹਾ ਤੁਹਾਡੇ ਲਈ ਜੁਬਲੀ ਹੋਵੇਗਾ। ਕੋਈ ਬੀਜ ਨਹੀਂ ਬੀਜਣੇ। ਆਪਣੇ-ਆਪ ਉੱਗੀਆਂ ਫ਼ਸਲਾਂ ਦੀ ਵਾਢੀ ਨਹੀਂ ਕਰਨੀ। ਅਣਛਾਂਗੀਆਂ ਵੇਲਾਂ ਦੇ ਅੰਗੂਰ ਨਹੀਂ ਤੋਂੜਨੇ। 12 ਜੁਬਲੀ ਦਾ ਵਰ੍ਹਾ ਤੁਹਾਡੇ ਲਈ ਪਵਿੱਤਰ ਵਰ੍ਹਾ ਹੋਵੇਗਾ। ਇਸ ਲਈ ਇਸ ਸਾਲ ਵਿੱਚ ਤੁਸੀਂ ਸਿਧੀਆਂ ਖੇਤਾਂ ਵਿੱਚੋਂ ਲਈਆਂ ਹੋਈਆਂ ਫ਼ਸਲਾਂ ਹੀ ਖਾਵੋਂਗੇ। [a] 13 ਜੁਬਲੀ ਵਰ੍ਹੇ ਵਿੱਚ ਹਰ ਬੰਦਾ ਆਪਣੀ ਜ਼ਾਇਦਾਦ ਉੱਤੇ ਵਾਪਸ ਜਾਵੇਗਾ।

14 “ਜਦੋਂ ਤੁਸੀਂ ਆਪਣੇ ਗੁਆਂਢੀ ਨੂੰ ਆਪਣੀ ਜ਼ਮੀਨ ਵੇਚੋਂ ਤਾਂ ਉਸ ਨਾਲ ਧੋਖਾ ਨਾ ਕਰੋ। ਅਤੇ ਜਦੋਂ ਉਸ ਕੋਲੋਂ ਜ਼ਮੀਨ ਖਰੀਦੋ ਤਾਂ ਉਸ ਨੂੰ ਧੋਖਾ ਨਾ ਕਰਨ ਦਿਉ। 15 ਜੇ ਤੁਸੀਂ ਆਪਣੇ ਗੁਆਂਢੀ ਦੀ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਪਿੱਛਲੇ ਜੁਬਲੀ ਵਰ੍ਹੇ ਤੋਂ ਸਾਲਾਂ ਦੀ ਗਿਣਤੀ ਕਰੋ, ਇਸ ਅੰਕ ਦੀ ਵਰਤੋਂ ਸਹੀ ਕੀਮਤ ਨਿਰਧਾਰਤ ਕਰਨ ਲਈ ਕਰੋ। ਕਿਉਂਕਿ ਉਹ ਤੁਹਾਨੂੰ ਅਸਲ ਵਿੱਚ ਅਗਲੇ ਜੁਬਲੀ ਵਰ੍ਹੇ ਤੱਕ ਫ਼ਸਲਾਂ ਵਢਣ ਦੇ ਅਧਿਕਾਰ ਵੇਚ ਰਿਹਾ ਹੈ। 16 ਜੇਕਰ ਅਗਲੇ ਜੁਬਲੀ ਵਰ੍ਹੇ ਤੋਂ ਪਹਿਲਾਂ ਬਹੁਤ ਸਾਲ ਰਹਿੰਦੇ ਹਨ, ਤਾਂ ਕੀਮਤ ਜ਼ਿਆਦਾ ਹੋਵੇਗੀ। ਜੇਕਰ ਵਰ੍ਹੇ ਘੱਟ ਹਨ, ਤਾਂ ਕੀਮਤ ਘੱਟ ਹੋਵੇਗੀ। ਕਿਉਂਕਿ ਸੱਚਮੁੱਚ, ਤੁਹਾਡਾ ਗੁਆਂਢੀ ਤੁਹਾਨੂੰ ਗਿਣਤੀ ਦੀਆਂ ਫ਼ਸਲਾਂ ਵੇਚ ਰਿਹਾ ਹੈ। 17 ਤੁਹਾਨੂੰ ਇੱਕ ਦੂਸਰੇ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤੁਹਾਨੂੰ ਆਪਣੇ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

18 “ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਚੇਤੇ ਰੱਖੋ। ਉਨ੍ਹਾਂ ਨੂੰ ਮੰਨੋ। ਤਾਂ ਤੁਸੀਂ ਆਪਣੇ ਦੇਸ਼ ਵਿੱਚ ਸੁਰੱਖਿਅਤ ਰਹੋਂਗੇ। 19 ਅਤੇ ਜ਼ਮੀਨ ਤੁਹਾਡੇ ਲਈ ਚੰਗੀਆਂ ਫ਼ਸਲਾਂ ਪੈਦਾ ਕਰੇਗੀ। ਫ਼ੇਰ ਤੁਹਾਡੇ ਕੋਲ ਕਾਫ਼ੀ ਭੋਜਨ ਹੋਵੇਗਾ ਅਤੇ ਤੁਸੀਂ ਧਰਤੀ ਉੱਤੇ ਸੁਰੱਖਿਅਤ ਹੋਕੇ ਰਹੋਂਗੇ।

20 “ਪਰ ਸ਼ਾਇਦ ਤੁਸੀਂ ਆਖੋ, ‘ਜੇ ਅਸੀਂ ਬੀਜ ਨਹੀਂ ਬੀਜਾਂਗੇ ਜਾਂ ਫ਼ਸਲਾਂ ਇਕੱਠੀਆਂ ਨਹੀਂ ਕਰਾਂਗੇ। ਤਾਂ ਸੱਤਵੇਂ ਸਾਲ ਦੌਰਾਨ ਅਸੀਂ ਕੀ ਖਾਵਾਂਗੇ।’ 21 ਫ਼ਿਕਰ ਨਾ ਕਰੋ। ਮੈਂ ਛੇਵੇਂ ਵਰ੍ਹੇ ਵਿੱਚ ਤੁਹਾਡੇ ਲਈ ਆਪਣੀਆਂ ਅਸੀਸਾਂ ਭੇਜਾਂਗਾ। ਉਸ ਵਰ੍ਹੇ, ਧਰਤੀ ਇੰਨੀ ਫ਼ਸਲ ਉਗਾਵੇਗੀ ਜੋ ਕਿ ਤਿੰਨਾਂ ਸਾਲਾਂ ਲਈ ਕਾਫ਼ੀ ਹੋਵੇਗੀ। 22 ਜਦੋਂ ਤੁਸੀਂ ਅੱਠਵੇਂ ਵਰ੍ਹੇ ਬੀਜ ਬੀਜੋਂਗੇ, ਤੁਸੀਂ ਹਾਲੇ ਵੀ ਪਿੱਛਲੀ ਫ਼ਸਲ ਦੀਆਂ ਚੀਜ਼ਾਂ ਖਾ ਰਹੇ ਹੋਵੋਂਗੇ। ਤੁਸੀਂ ਪੁਰਾਣੀ ਫ਼ਸਲ 9ਵੇਂ ਸਾਲ ਤੱਕ ਖਾਂਦੇ ਰਹੋਂਗੇ, ਜਦੋਂ ਕਿ ਤੁਸੀਂ 8ਵੇਂ ਸਾਲ ਵਿੱਚ ਬੀਜੀ ਫ਼ਸਲ ਦੀ ਵਾਢੀ ਕਰੋਂਗੇ।

ਜਾਇਦਾਦ ਦੀਆਂ ਬਿਧੀਆਂ

23 “ਜ਼ਮੀਨ ਅਸਲ ਵਿੱਚ ਮੇਰੀ ਹੈ। ਇਸ ਲਈ ਤੁਸੀਂ ਇਸ ਨੂੰ ਪੱਕੇ ਤੌਰ ਤੇ ਨਹੀਂ ਵੇਚ ਸੱਕਦੇ। ਤੁਸੀਂ ਤਾਂ ਮੇਰੀ ਜ਼ਮੀਨ ਉੱਤੇ ਮੇਰੇ ਨਾਲ ਰਹਿਣ ਵਾਲੇ ਪਰਦੇਸੀ ਮੁਸਾਫ਼ਰ ਹੋ। 24 ਸਾਰੇ ਦੇਸ਼ ਵਿੱਚ, ਜ਼ਮੀਨ ਉਸ ਆਦਮੀ ਦੁਆਰਾ ਵਾਪਸ ਖਰੀਦੀ ਜਾਣ ਦੇਣੀ ਚਾਹੀਦੀ ਹੈ ਜਿਸਨੇ ਇਸ ਨੂੰ ਵੇਚਿਆ ਸੀ। 25 ਜੇਕਰ ਤੁਹਾਡੇ ਦੇਸ਼ ਦਾ ਕੋਈ ਵੀ ਬੰਦਾ ਇੰਨਾ ਗਰੀਬ ਹੋ ਜਾਵੇ ਕਿ ਉਹ ਆਪਣੀ ਜ਼ਮੀਨ ਵੇਚ ਦੇਵੇ, ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਆਕੇ ਉਸ ਲਈ ਜ਼ਮੀਨ ਵਾਪਸ ਖਰੀਦਣੀ ਚਾਹੀਦੀ ਹੈ। 26 ਹੋ ਸੱਕਦਾ ਹੈ ਕਿ ਉਸ ਦੇ ਲਈ ਜ਼ਮੀਨ ਖਰੀਦਣ ਵਾਲਾ ਉਸਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ। ਪਰ ਹੋ ਸੱਕਦਾ ਹੈ ਕਿ ਉਹ ਆਪਣੇ ਲਈ ਜ਼ਮੀਨ ਵਾਪਸ ਖਰੀਦਣ ਲਈ ਲੋੜੀਂਦਾ ਪੈਸਾ ਇਕੱਠਾ ਕਰ ਲਵੇ। 27 ਫ਼ੇਰ ਉਸ ਨੂੰ ਜ਼ਮੀਨ ਵੇਚਣ ਤੋਂ ਬਾਦ ਦੇ ਵਰ੍ਹੇ ਗਿਨਣੇ ਚਾਹੀਦੇ ਹਨ। ਉਸ ਨੂੰ ਜ਼ਮੀਨ ਦੀ ਕੀਮਤ ਨਿਰਧਾਰਿਤ ਕਰਨ ਲਈ ਉਸ ਗਿਣਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਫ਼ੇਰ ਉਸ ਨੂੰ ਜ਼ਮੀਨ ਵਾਪਸ ਖਰੀਦਕੇ ਇਸਤੇ ਵਾਪਸ ਆ ਜਾਣਾ ਚਾਹੀਦਾ ਹੈ। 28 ਪਰ ਜੇਕਰ ਉਹ ਆਪਣੇ ਲਈ ਜ਼ਮੀਨ ਵਾਪਸ ਖਰੀਦਣ ਲਈ ਲੋੜੀਂਦਾ ਪੈਸਾ ਇਕੱਠਾ ਨਹੀਂ ਕਰ ਸੱਕਦਾ, ਜੋ ਉਸ ਨੇ ਵੇਚਿਆ ਸੀ, ਉਹ ਖਰੀਦਦਾਰ ਦੇ ਹੱਥਾਂ ਵਿੱਚ ਜੁਬਲੀ ਵਰ੍ਹੇ ਤੀਕ ਰਹੇਗਾ। ਜੁਬਲੀ ਵਰ੍ਹੇ ਵਿੱਚ ਉਸ ਨੂੰ ਆਪਣੀ ਜ਼ਮੀਨ ਤੇ ਵਾਪਸ ਜਾਣਾ ਚਾਹੀਦਾ ਅਤੇ ਇਸਤੇ ਕਬਜ਼ਾ ਲੈ ਲੈਣਾ ਚਾਹੀਦਾ ਹੈ।

29 “ਜੇਕਰ ਕੋਈ ਬੰਦਾ ਕੰਧਾਂ ਨਾਲ ਘਿਰੇ ਸ਼ਹਿਰੀ ਇਲਾਕੇ ਵਿੱਚ ਮਕਾਨ ਵੇਚਦਾ, ਉਸ ਨੂੰ ਇੱਕ ਸਾਲ ਤਾਈਂ ਜਦੋਂ ਤੋਂ ਉਸ ਨੇ ਘਰ ਵੇਚਿਆ ਸੀ, ਘਰ ਖਰੀਦਣ ਦਾ ਹੱਕ ਹੈ। 30 ਪਰ ਜੇਕਰ ਉਹ ਪੂਰਾ ਸਾਲ ਬੀਤਣ ਤੋਂ ਪਹਿਲਾਂ ਮਕਾਨ ਨੂੰ ਵਾਪਸ ਨਹੀਂ ਖਰੀਦਦਾ, ਤਾਂ ਕੰਧਾਂ ਨਾਲ ਘਿਰੇ ਸ਼ਹਿਰੀ ਇਲਾਕੇ ਵਿੱਚਲਾ ਇਹ ਮਕਾਨ, ਹਮੇਸ਼ਾ ਲਈ ਉਸਦਾ ਅਤੇ ਉਸ ਦੇ ਉੱਤਰਾਧਿਕਾਰੀਆਂ ਦਾ ਹੋ ਜਾਵੇਗਾ ਜਿਸਨੇ ਇਸ ਨੂੰ ਖਰੀਦਿਆ ਸੀ। 31 ਚਾਰਦੀਵਾਰੀ ਤੋਂ ਬਿਨਾ ਨਗਰਾਂ ਨੂੰ ਖੁਲ੍ਹੇ ਖੇਤ ਮੰਨਿਆ ਜਾਵੇਗਾ। ਇਸ ਲਈ ਇਨ੍ਹਾਂ ਛੋਟਿਆਂ ਨਗਰਾਂ ਵਿੱਚ ਵੇਚੇ ਗਏ ਘਰ ਕਿਸੇ ਵੀ ਵਕਤ ਵਾਪਸ ਖਰੀਦੇ ਜਾ ਸੱਕਣਗੇ ਅਤੇ ਜੁਬਲੀ ਵਰ੍ਹੇ ਦੇ ਸਮੇਂ ਆਪਣੇ ਪਹਿਲੇ ਮਾਲਕਾਂ ਕੋਲ ਵਾਪਸ ਚੱਲੇ ਜਾਣਗੇ।

32 “ਪਰ ਲੇਵੀਆਂ ਦੇ ਸ਼ਹਿਰਾਂ ਬਾਰੇ; ਲੇਵੀ ਆਪਣੇ ਘਰਾਂ ਨੂੰ ਉਨ੍ਹਾਂ ਦੇ ਆਪਣੇ ਸ਼ਹਿਰਾਂ ਵਿੱਚਲੇ ਮਕਾਨਾਂ ਨੂੰ ਕਿਸੇ ਵੇਲੇ ਵੀ ਵਾਪਸ ਖਰੀਦ ਸੱਕਦੇ ਹਨ। 33 ਜੇ ਕੋਈ ਬੰਦਾ ਕਿਸੇ ਲੇਵੀ ਤੋਂ ਮਕਾਨ ਖਰੀਦਦਾ ਹੈ, ਲੇਵੀਆਂ ਦੇ ਸ਼ਹਿਰ ਵਿੱਚਲਾ ਉਹ ਮਕਾਨ ਜੁਬਲੀ ਦੇ ਮੌਕੇ ਤੇ ਇੱਕ ਵਾਰ ਫ਼ੇਰ ਲੇਵੀਆਂ ਕੋਲ ਚੱਲਾ ਜਾਵੇਗਾ, ਕਿਉਂਕਿ ਇਸਰਾਏਲ ਵਿੱਚ ਲੇਵੀਆਂ ਦੇ ਸ਼ਹਿਰਾਂ ਵਿੱਚਲੇ ਮਕਾਨ ਸਥਾਈ ਤੌਰ ਤੇ ਲੇਵੀਆਂ ਦੇ ਹਨ। 34 ਇਸਤੋਂ ਇਲਾਵਾ, ਲੇਵੀਆਂ ਦੇ ਸ਼ਹਿਰਾਂ ਦੇ ਆਲੇ-ਦੁਆਲੇ ਦੇ ਖੇਤਾਂ ਨੂੰ ਵੇਚਿਆ ਨਹੀਂ ਜਾ ਸੱਕਦਾ। ਇਹ ਖੇਤ ਹਮੇਸ਼ਾ ਵਾਸਤੇ ਲੇਵੀਆਂ ਦੇ ਹਨ।

ਗੁਲਾਮਾਂ ਦੇ ਮਾਲਕਾਂ ਲਈ ਬਿਧੀਆਂ

35 “ਤੁਹਾਡੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਹੋ ਸੱਕਦਾ ਕਿ ਉਹ ਆਪਣਾ ਹੀ ਗੁਜ਼ਾਰਾ ਨਾ ਕਰ ਸੱਕੇ। ਤੁਹਾਨੂੰ ਉਸਦੀ ਮਦਦ ਕਰਨੀ ਚਾਹੀਦੀ ਹੈ ਭਾਵੇਂ ਉਹ ਵਿਦੇਸ਼ੀ ਵਸਨੀਕ ਹੋਵੇ ਜਾਂ ਕੋਈ ਨਾਗਰਿਕ ਤਾਂ ਜੋ ਉਹ ਤੁਹਾਡੇ ਦਰਮਿਆਨ ਰਹਿਣਾ ਜਾਰੀ ਰੱਖ ਸੱਕੇ। 36 ਉਸ ਨੂੰ ਦਿੱਤੇ ਹੋਏ ਪੈਸੇ ਤੇ ਕੋਈ ਸੂਦ ਨਾ ਵਸੂਲੋ। ਪਰ ਇਸਦੀ ਬਜਾਇ ਆਪਣੇ ਪਰਮੇਸ਼ੁਰ ਤੋਂ ਡਰੋ ਤਾਂ ਜੋ ਤੁਹਾਡਾ ਸਹ-ਦੇਸ਼ਵਾਸੀ ਤੁਹਾਡੇ ਨਾਲ ਰਹਿ ਸੱਕੇ। 37 ਉਸ ਨੂੰ ਵੇਚੇ ਭੋਜਨ ਤੋਂ ਕੋਈ ਨਫ਼ਾ ਕਮਾਉਣ ਦੀ ਕੋਸ਼ਿਸ਼ ਨਾ ਕਰੋ। 38 ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਸੀ, ਤੁਹਾਨੂੰ ਕਨਾਨ ਦੀ ਧਰਤੀ ਦੇਣ ਲਈ ਅਤੇ ਤੁਹਾਡਾ ਪਰਮੇਸ਼ੁਰ ਬਣਨ ਲਈ।

39 “ਹੋ ਸੱਕਦਾ ਹੈ ਕਿ ਤੁਹਾਡੇ ਆਪਣੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਹੋ ਜਾਵੇ ਕਿ ਉਹ ਤੁਹਾਨੂੰ ਆਪਣੇ-ਆਪ ਨੂੰ ਗੁਲਾਮ ਦੇ ਤੌਰ ਤੇ ਵੇਚ ਦੇਵੇ। ਤੁਹਾਨੂੰ ਉਸ ਕੋਲੋਂ ਗੁਲਾਮ ਵਰਗਾ ਕੰਮ ਨਹੀਂ ਲੈਣਾ ਚਾਹੀਦਾ। 40 ਉਹ ਤੁਹਾਡੇ ਨਾਲ ਰਹਿੰਦੇ ਇੱਕ ਭਾੜੇ ਦੇ ਕਾਮੇ ਜਾਂ ਇੱਕ ਵਿਦੇਸ਼ੀ ਵਾਂਗ ਹੋਵੇਗਾ। ਉਹ ਜੁਬਲੀ ਵਰ੍ਹੇ ਤੀਕ ਤੁਹਾਡੇ ਸੇਵਾ ਕਰੇਗਾ। 41 ਫ਼ੇਰ ਉਹ ਤੁਹਾਡੇ ਕੋਲੋਂ ਜਾ ਸੱਕਦਾ ਹੈ। ਉਹ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਕੋਲ ਵਾਪਸ ਜਾ ਸੱਕਦਾ ਹੈ। ਉਹ ਆਪਣੇ ਪੁਰਖਿਆਂ ਦੀ ਜ਼ਮੀਨ ਉੱਤੇ ਵਾਪਸ ਜਾ ਸੱਕਦਾ ਹੈ। 42 ਕਿਉਂ? ਕਿਉਂਕਿ ਉਹ ਮੇਰੇ ਸੇਵਕ ਹਨ। ਮੈਂ ਉਨ੍ਹਾਂ ਨੂੰ ਮਿਸਰ ਵਿੱਚਲੀ ਗੁਲਾਮੀ ਤੋਂ ਬਾਹਰ ਲਿਆਂਦਾ ਉਨ੍ਹਾਂ ਨੂੰ ਫ਼ੇਰ ਤੋਂ ਗੁਲਾਮ ਨਹੀਂ ਬਣਨਾ ਚਾਹੀਦਾ। 43 ਤੁਹਾਨੂੰ ਉਸਤੇ ਕਠੋਰ ਢੰਗ ਨਾਲ ਸ਼ਾਸਨ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੇ ਪਰਮੇਸ਼ੁਰ ਤੋਂ ਡਰਨਾ ਚਾਹੀਦਾ ਹੈ।

44 “ਤੁਹਾਡੇ ਦਾਸ ਅਤੇ ਦਾਸੀਆਂ ਬਾਰੇ; ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਤੋਂ ਆਦਮੀਆਂ ਅਤੇ ਔਰਤਾਂ ਨੂੰ ਤੁਹਾਡੇ ਗੁਲਾਮ ਹੋਣ ਲਈ ਖਰੀਦ ਸੱਕਦੇ ਹੋਂ। 45 ਇਸਤੋਂ ਇਲਾਵਾ, ਤੁਸੀਂ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਉਨ੍ਹਾਂ ਦੇ ਪਰਿਵਾਰਾਂ ਤੋਂ ਜਾਂ ਉਨ੍ਹਾਂ ਦੇ ਪਰਿਵਾਰਾਂ ਤੋਂ ਗੁਲਾਮ ਖਰੀਦ ਸੱਕਦੇ ਹੋ, ਜੋ ਤੁਹਾਡੀ ਧਰਤੀ ਵਿੱਚ ਜਨਮੇ ਸਨ। ਉਹ ਗੁਲਾਮ ਤੁਹਾਡੀ ਜੈਦਾਦ ਬਣ ਜਾਣਗੇ। 46 ਤੁਸੀਂ ਇਨ੍ਹਾਂ ਪਰਦੇਸੀ ਗੁਲਾਮਾਂ ਨੂੰ ਆਪਣੇ ਬੱਚਿਆਂ ਨੂੰ ਵੀ ਦੇ ਸੱਕਦੇ ਹੋ ਜੋ ਤੁਹਾਡੇ ਮਰਨ ਤੋਂ ਬਾਦ ਤੁਹਾਡੇ ਬੱਚਿਆਂ ਦੇ ਹੋ ਜਾਣਗੇ। ਉਹ ਹਮੇਸ਼ਾ ਵਾਸਤੇ ਤੁਹਾਡੇ ਗੁਲਾਮ ਰਹਿਣਗੇ। ਤੁਸੀਂ ਇਨ੍ਹਾਂ ਪਰਦੇਸੀਆਂ ਨੂੰ ਗੁਲਾਮ ਬਣਾ ਸੱਕਦੇ ਹੋ। ਪਰ ਤੁਹਾਨੂੰ ਆਪਣੇ ਭਰਾਵਾਂ, ਇਸਰਾਏਲ ਦੇ ਲੋਕਾਂ ਲਈ ਜ਼ਾਲਮ ਸੁਆਮੀ ਨਹੀਂ ਬਨਣਾ ਚਾਹੀਦਾ।

47 “ਹੋ ਸੱਕਦਾ ਕੋਈ ਵਿਦੇਸ਼ੀ ਜੋ ਤੁਹਾਡੇ ਦਰਮਿਆਨ ਰਹਿੰਦਾ ਅਮੀਰ ਬਣ ਸੱਕਦਾ ਅਤੇ ਤੁਹਾਡੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਬਣ ਸੱਕਦਾ ਕਿ ਉਹ ਆਪਣੇ-ਆਪ ਨੂੰ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਜਾਂ ਉਸ ਦੇ ਪਰਿਵਾਰ ਦੇ ਕਿਸੇ ਸਦੱਸ ਨੂੰ ਗੁਲਾਮ ਵਜੋਂ ਵੇਚ ਦੇਵੇ। 48 ਉਸ ਬੰਦੇ ਨੂੰ ਇਹ ਅਧਿਕਾਰ ਹੋਵੇਗਾ ਕਿ ਉਸ ਨੂੰ ਵਾਪਸ ਖਰੀਦੇ ਜਾਣ ਅਤੇ ਅਜ਼ਾਦ ਹੋਣ ਦਾ ਅਧਿਕਾਰ ਹੋਵੇਗਾ। ਉਸਦਾ ਕੋਈ ਭਰਾ ਉਸ ਨੂੰ ਵਾਪਸ ਖਰੀਦ ਸੱਕਦਾ ਹੈ। 49 ਜਾਂ ਉਸਦਾ ਚਾਚਾ ਜਾਂ ਉਸਦਾ ਚਚੇਰਾ ਭਰਾ ਉਸ ਨੂੰ ਵਾਪਸ ਖਰੀਦ ਸੱਕਦਾ ਹੈ। ਉਸ ਦੇ ਪਰਿਵਾਰ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਨੂੰ ਵਾਪਸ ਖਰੀਦ ਸੱਕਦਾ ਹੈ। ਜਾਂ ਜੇ ਉਹ ਬੰਦਾ ਲੋੜੀਂਦਾ ਪੈਸਾ ਜਮ੍ਹਾ ਕਰ ਸੱਕਦਾ ਹੈ ਤਾਂ ਉਹ ਆਪਣੇ-ਆਪ ਲਈ ਪੈਸਾ ਤਾਰ ਸੱਕਦਾ ਹੈ ਅਤੇ ਮੁੜਕੇ ਆਜ਼ਾਦ ਹੋ ਸੱਕਦਾ ਹੈ।

50 “ਤੁਸੀਂ ਕੀਮਤ ਦਾ ਨਿਆਂ ਕਿਵੇਂ ਕਰੋਂਗੇ? ਤੁਹਾਨੂੰ ਜਦੋਂ ਤੋਂ ਉਸ ਨੇ ਆਪਣੇ-ਆਪ ਨੂੰ ਵੇਚਿਆ ਸੀ ਜੁਬਲੀ ਵਰ੍ਹੇ ਤੀਕ ਸਾਲ ਗਿਨਣੇ ਚਾਹੀਦੇ ਹਨ। ਇਸ ਗਿਣਤੀ ਦੀ ਵਰਤੋਂ ਕੀਮਤ ਨਿਰਧਾਰਤ ਕਰਨ ਲਈ ਕਰੋ। ਕਿਉਂਕਿ ਅਸਲ ਵਿੱਚ ਉਸ ਬੰਦੇ ਨੇ ਉਸ ਨੂੰ ਕੁਝ ਸਾਲਾਂ ਲਈ ਹੀ ਭਾੜੇ ਤੇ ਰੱਖਿਆ ਸੀ। 51 ਜੇਕਰ ਹਾਲੇ ਵੀ ਜੁਬਲੀ ਵਰ੍ਹੇ ਤੀਕ ਬਹੁਤ ਸਾਲ ਰਹਿੰਦੇ ਹਨ, ਉਸ ਨੂੰ ਲਗਭੱਗ ਉਹੀ ਕੀਮਤ ਅਦਾ ਕਰਨੀ ਚਾਹੀਦੀ ਹੈ ਜਿੰਨੀ ਉਸ ਨੂੰ ਆਪਣੇ-ਆਪ ਨੂੰ ਵੇਚਦਿਆਂ ਸਮੇਂ ਮਿਲੀ ਸੀ। 52 ਜੇ ਜੁਬਲੀ ਵਰ੍ਹੇ ਤੱਕ ਸਿਰਫ਼ ਥੋੜੇ ਜਿਹੇ ਵਰ੍ਹੇ ਹੀ ਰਹਿੰਦੇ ਹਨ, ਤਾਂ ਉਸ ਬੰਦੇ ਨੂੰ ਮੁਢਲੀ ਕੀਮਤ ਦਾ ਥੋੜਾ ਜਿਹਾ ਹਿੱਸਾ ਹੀ ਅਦਾ ਕਰਨਾ ਚਾਹੀਦਾ ਹੈ। 53 ਪਰ ਉਹ ਬੰਦਾ ਵਿਦੇਸ਼ੀ ਦੇ ਨਾਲ ਇੱਕ ਭਾੜੇ ਦੇ ਕਾਮੇ ਵਾਂਗ ਰਹੇਗਾ। ਉਸ ਵਿਦੇਸ਼ੀ ਨੂੰ ਇੱਕ ਜ਼ਾਲਮ ਮਾਲਕ ਨਾ ਬਨਣ ਦਿਉ।

54 “ਉਹ ਬੰਦਾ ਅਜ਼ਾਦ ਹੋ ਜਾਵੇਗਾ, ਭਾਵੇਂ ਉਸ ਨੂੰ ਕੋਈ ਵੀ ਵਾਪਸ ਨਾ ਖਰੀਦੇ। ਜੁਬਲੀ ਵਰ੍ਹੇ ਤੇ ਉਹ ਅਤੇ ਉਸ ਦੇ ਬੱਚੇ ਆਜ਼ਾਦ ਹੋ ਜਾਣਗੇ। 55 ਕਿਉਂਕਿ ਇਸਰਾਏਲ ਦੇ ਲੋਕ ਮੇਰੇ ਨੌਕਰ ਹਨ। ਉਹ ਮੇਰੇ ਨੌਕਰ ਹਨ ਅਤੇ ਮੈਂ ਉਨ੍ਹਾਂ ਨੂੰ ਮਿਸਰ ਚੋਂ ਬਾਹਰ ਲਿਆਂਦਾ ਹੈ। ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ।

ਜ਼ਬੂਰ 32

ਦਾਊਦ ਦਾ ਇੱਕ ਭੱਗਤੀ ਗੀਤ।

32 ਬੰਦਾ ਬਹੁਤ ਪ੍ਰਸੰਨ ਹੁੰਦਾ ਹੈ,
    ਜਦੋਂ ਉਸ ਦੇ ਪਾਪ ਬਖਸ਼ੇ ਜਾਂਦੇ ਹਨ। ਉਹ ਬੰਦਾ ਬਹੁਤ ਸੁਭਾਗਾ ਹੈ
    ਜਦੋਂ ਉਸ ਦੇ ਪਾਪ ਮਿਟਾਏ ਜਾਂਦੇ ਹਨ।
ਉਹ ਵਿਅਕਤੀ ਵੜਭਾਗਾ ਹੈ
    ਜਿਹੜਾ ਪਰਮੇਸ਼ੁਰ ਦੁਆਰਾ ਨਿਰਦੋਸ਼ ਘੋਸ਼ਿਤ ਕੀਤਾ ਜਾਵੇਗਾ।
    ਉਹ ਆਦਮੀ ਬਹੁਤ ਸੁਭਾਗਾ ਹੈ ਜਿਸਨੇ ਆਪਣੇ ਗੁਪਤ ਪਾਪ ਵੀ ਨਹੀਂ ਛੁਪਾਏ।

ਹੇ ਪਰਮੇਸ਼ੁਰ, ਮੈਂ ਬਾਰ-ਬਾਰ ਤੁਹਾਨੂੰ ਪ੍ਰਾਰਥਨਾ ਕੀਤੀ,
    ਪਰ ਮੈਂ ਆਪਣੇ ਗੁਪਤ ਗੁਨਾਹਾਂ ਬਾਰੇ ਨਹੀਂ ਦੱਸਿਆ।
    ਮੈਂ ਹਰ ਸਮੇਂ ਕਮਜ਼ੋਰ ਬਣ ਗਿਆ ਜਦੋਂ ਵੀ ਮੈਂ ਪ੍ਰਾਰਥਨਾ ਕੀਤੀ।
ਹੇ ਪਰਮੇਸ਼ੁਰ, ਤੂੰ ਮੇਰੀ ਜ਼ਿੰਦਗੀ ਦਿਨ ਅਤੇ ਰਾਤ, ਸਖਤ ਤੋਂ ਸਖਤਰ ਬਣਾ ਦਿੱਤੀ ਹੈ।
    ਮੈਂ ਗਰਮੀ ਦੀ ਝੁਲਸੀ ਤਪਸ਼ ਵਿੱਚ ਸੁੱਕੀ ਜ਼ਮੀਨ ਵਰਗਾ ਬਣ ਗਿਆ ਹਾਂ।

ਪਰ ਫ਼ੇਰ ਮੈਂ ਆਪਣੇ ਸਾਰੇ ਗੁਨਾਹਾਂ ਦਾ ਯਹੋਵਾਹ ਸਾਹਮਣੇ ਇਕਰਾਰ ਕਰਨ ਦਾ ਫ਼ੈਸਲਾ ਕੀਤਾ।
    ਯਹੋਵਾਹ, ਮੈਂ ਤੁਹਾਨੂੰ ਆਪਣੇ ਗੁਨਾਹਾਂ ਬਾਰੇ ਦੱਸਿਆ।
ਮੈਂ ਤੁਹਾਡੇ ਕੋਲੋਂ ਕੋਈ ਵੀ ਦੋਸ਼ ਨਹੀਂ ਛੁਪਾਇਆ।
    ਅਤੇ ਤੁਸੀਂ ਮੈਨੂੰ ਮੇਰੇ ਸਾਰੇ ਗੁਨਾਹਾਂ ਲਈ ਮੁਆਫ਼ ਕਰ ਦਿੱਤਾ।

ਇਸੇ ਕਾਰਣ ਹੇ ਪਰਮੇਸ਼ੁਰ, ਤੁਹਾਡੇ ਸਮੂਹ ਅਨੁਯਾਈਆਂ ਨੂੰ ਚਾਹੀਦਾ ਹੈ ਕਿ ਉਹ ਤੁਹਾਡੇ ਅੱਗੇ ਪ੍ਰਾਰਥਨਾ ਕਰਨ।
    ਤੁਹਾਡੇ ਅਨੁਯਾਈਆਂ ਨੂੰ ਉਦੋਂ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਮੁਸੀਬਤਾਂ ਹੜ੍ਹ ਵਾਂਗਰਾਂ ਭਿਆਨਕ ਹੋਣ।
ਹੇ ਪਰਮੇਸ਼ੁਰ, ਤੁਸੀਂ ਮੇਰੀ ਸ਼ਰਨ ਹੋ।
    ਤੁਸੀਂ ਮੇਰੀਆਂ ਮੁਸੀਬਤਾਂ ਵਿੱਚ ਮੇਰੀ ਰੱਖਿਆ ਕਰਦੇ ਹੋ।
ਤੂੰ ਮੈਨੂੰ ਘੇਰ ਅਤੇ ਮੇਰੀ ਰੱਖਿਆ ਕਰ।
    ਇਸ ਲਈ ਮੈਂ ਉਸ ਬਾਰੇ ਗਾਉਂਦਾ ਜਿਵੇਂ ਤੁਸੀਂ ਮੈਨੂੰ ਬਚਾਇਆ।

ਯਹੋਵਾਹ ਆਖਦਾ ਹੈ, “ਮੈਂ ਤੈਨੂੰ ਸਿੱਖਿਆ ਦੇਵਾਂਗਾ
    ਅਤੇ ਤੇਰੀ ਰਾਹਨੁਮਾਈ ਉਸ ਤਰ੍ਹਾਂ ਕਰਾਂਗਾ ਜਿਵੇਂ ਤੈਨੂੰ ਜਿਉਣਾ ਚਾਹੀਦਾ ਹੈ।
    ਮੈਂ ਤੈਨੂੰ ਬਚਾਵਾਂਗਾ ਅਤੇ ਤੇਰਾ ਰਹਿਨੁਮਾ ਬਣਾਂਗਾ।
ਇਸ ਲਈ ਕਿਸੇ ਘੋੜੇ ਜਾਂ ਖੋਤੇ ਵਾਂਗਰਾਂ ਮੂਰਖ ਨਾ ਬਣੋ।
ਲੋਕਾਂ ਨੂੰ ਉਨ੍ਹਾਂ ਜਾਨਵਰਾਂ ਤੇ ਕਾਬੂ ਕਰਨ ਲਈ ਵਾਂਗਾ ਅਤੇ ਲਗਾਮਾਂ ਇਸਤੇਮਾਲ ਕਰਨੇ ਚਾਹੀਦੇ ਹਨ।
    ਉਨ੍ਹਾਂ ਚੀਜ਼ਾਂ ਤੋਂ ਬਿਨਾ ਉਹ ਜਾਨਵਰ ਤੁਹਾਡੇ ਨੇੜੇ ਨਹੀਂ ਆਉਣਗੇ।”

10 ਬੁਰੇ ਲੋਕ ਬਹੁਤ ਸਾਰੇ ਦਰਦਾਂ ਦਾ ਸਾਹਮਣਾ ਕਰਨਗੇ।
    ਪਰ ਪਰਮੇਸ਼ੁਰ ਦਾ ਸੱਚਾ ਪਿਆਰ ਉਨ੍ਹਾਂ ਲੋਕਾਂ ਨੂੰ ਘੇਰ ਲਵੇਗਾ ਜਿਹੜੇ ਯਹੋਵਾਹ ਵਿੱਚ ਯਕੀਨ ਰੱਖਦੇ ਹਨ।
11 ਹੇ ਸੱਜਨੋ, ਆਨੰਦ ਮਾਣੋ ਅਤੇ ਯਹੋਵਾਹ ਵਿੱਚ ਬਹੁਤ ਖੁਸ਼ ਹੋਵੋ।
ਤੁਸੀਂ ਪਵਿੱਤਰ ਹਿਰਦਿਆਂ ਵਾਲੇ ਸਮੂਹ ਲੋਕੋ, ਖੁਸ਼ੀ ਮਨਾਉ।

ਉਪਦੇਸ਼ਕ 8

ਸਿਆਣਪ ਅਤੇ ਸ਼ਕਤੀ

ਕੌਣ ਸਿਆਣੇ ਵਿਅਕਤੀ ਵਰਗਾ ਹੈ? ਕੌਣ ਜਾਣਦਾ ਗੱਲਾਂ ਦਾ ਵਿਵਰਣ ਕਿਵੇਂ ਹੁੰਦਾ ਹੈ? ਵਿਅਕਤੀ ਦੀ ਸਿਆਣਪ ਉਸ ਨੂੰ ਖੁਸ਼ੀ ਦਿੰਦੀ ਹੈ। ਇਹ ਉਦਾਸ ਚਿਹਰੇ ਨੂੰ ਪ੍ਰਸੰਨ ਚਿਹਰੇ ਵਿੱਚ ਬਦਲ ਦਿੰਦੀ ਹੈ।

ਮੈਂ ਆਖਦਾ ਹਾਂ ਕਿ ਤੁਹਾਨੂੰ ਪਰਮੇਸ਼ੁਰ ਨਾਲ ਤੁਹਾਡੇ ਇਕਰਾਰ ਕਾਰਣ ਹਮੇਸ਼ਾ ਰਾਜੇ ਦਾ ਪਾਲਣ ਕਰਨਾ ਚਾਹੀਦਾ ਹੈ। ਭੈਭੀਤ ਨਾ ਹੋਵੋ। ਜਦੋਂ ਤੁਸੀਂ ਉਸ ਨੂੰ ਛੱਡੋਁ, ਕਿਸੇ ਵੀ ਬਦ ਮਾਮਲੇ ਵਿੱਚ ਭਾਗ ਨਾ ਲਵੋ, ਕਿਉਂ ਕਿ ਰਾਜਾ ਉਹੀ ਕਰਦਾ ਜੋ ਉਸ ਨੂੰ ਪਸੰਦ ਹੈ। ਰਾਜੇ ਦਾ ਬਚਨ ਸ਼ਰ੍ਹਾ ਹੈ, ਅਤੇ ਕੌਣ ਉਸ ਨੂੰ ਪੁੱਛ ਸੱਕਦਾ: “ਤੂੰ ਕੀ ਕਰ ਰਿਹਾਂ!” ਜੇ ਕੋਈ ਬੰਦਾ ਰਾਜੇ ਦੇ ਆਦੇਸ਼ਾਂ ਨੂੰ ਮੰਨਦਾ, ਤਾਂ ਉਹ ਸੁਰੱਖਿਅਤ ਰਹੇਗਾ। ਅਤੇ ਇੱਕ ਸਿਆਣਾ ਬੰਦਾ ਸਮੇਂ ਅਤੇ ਵਿਧੀ ਨੂੰ ਜਾਣਦਾ ਹੁੰਦਾ।

ਹਰ ਗੱਲ ਕਰਨ ਦਾ ਸਹੀ ਸਮਾਂ ਅਤੇ ਸਹੀ ਢੰਗ ਹੁੰਦਾ ਹੈ। ਪਰ ਲੋਕਾਂ ਦੀ ਬਦੀ ਉਨ੍ਹਾਂ ਉੱਤੇ ਬੁਰੀ ਤਰ੍ਹਾਂ ਬੋਝ ਪਾ ਦਿੰਦੀ ਹੈ। ਕਿਉਂ ਜੋ ਉਹ ਜਾਣਦੇ ਨਹੀਂ ਕਿ ਕੀ ਵਾਪਰੇਗਾ, ਕੌਣ ਉਨ੍ਹਾਂ ਨੂੰ ਦੱਸ ਸੱਕਦਾ ਕਿ ਕੀ ਵਾਪਰੇਗਾ?

ਬਿਲਕੁਲ ਜਿਵੇਂ ਕੋਈ ਹਵਾ ਨੂੰ ਰੋਕ ਨਹੀਂ ਸੱਕਦਾ, ਕਿਸੇ ਕੋਲ ਵੀ ਆਪਣੀ ਮੌਤ ਨੂੰ ਰੋਕਣ ਦੀ ਸਮਰਬਾ ਨਹੀਂ। ਯੁੱਧ ਦੌਰਾਨ ਕੋਈ ਵੀ ਫ਼ੌਜ਼ ਵਿੱਚੋਂ ਇਸਤੀਫ਼ਾ ਨਹੀਂ ਦੇ ਸੱਕਦਾ, ਅਤੇ ਇਸੇ ਤਰ੍ਹਾਂ ਹੀ ਜਿਹੜਾ ਵਿਅਕਤੀ ਦੁਸ਼ਟਤਾ ਦਾ ਵਿਖਾਵਾ ਕਰਦਾ ਆਪਣੀ ਦੁਸ਼ਟਤਾ ਤੋਂ ਬਚਣ ਦੇ ਯੋਗ ਨਹੀਂ ਹੋਵੇਗਾ।

ਮੈਂ ਇਹ ਸਾਰੀਆਂ ਗੱਲਾਂ ਦੇਖੀਆਂ ਅਤੇ ਮੈਂ ਉਨ੍ਹਾਂ ਗੱਲਾਂ ਬਾਰੇ ਬਹੁਤ ਸੋਚਿਆ ਜਿਹੜੀਆਂ ਇਸ ਦੁਨੀਆਂ ਵਿੱਚ ਵਾਪਰਦੀਆਂ ਹਨ। ਅਤੇ ਕਿਵੇਂ ਇੱਕ ਵਿਅਕਤੀ ਹੋਰਨਾਂ ਤੇ ਸ਼ਾਸਨ ਕਰਦਾ ਅਤੇ ਉਨ੍ਹਾਂ ਨੂੰ ਕਸ਼ਟ ਦਿੰਦਾ।

10 ਮੈਂ ਬਦ ਲੋਕਾਂ ਦੀਆਂ ਸ਼ਾਨਦਾਰ ਮਈਅਤਾਂ ਵੀ ਦੇਖੀਆਂ। ਜਦੋਂ ਲੋਕ ਕਿਰਿਆਕਰਮ ਦੀਆਂ ਰਸਮਾਂ ਤੋਂ ਬਾਦ ਘਰ ਪਰਤ ਰਹੇ ਸਨ, ਉਹ ਮਰ ਚੁੱਕੇ ਬੰਦੇ ਬਾਰੇ ਚੰਗੀਆਂ ਗੱਲਾਂ ਕਰ ਰਹੇ ਸਨ। ਇਹ ਉਨ੍ਹਾਂ ਸ਼ਹਿਰਾਂ ਵਿੱਚ ਵੀ ਵਾਪਰਿਆ ਜਿੱਥੇ ਇਨ੍ਹਾਂ ਬਦ ਲੋਕਾਂ ਨੇ ਅਨੇਕਾਂ ਮਾੜੇ ਕੰਮ ਕੀਤੇ ਸਨ। ਇਹ ਵੀ ਅਰਬਹੀਣ ਹੈ।

ਇਨਸਾਫ, ਇਨਾਮ ਅਤੇ ਸਜ਼ਾ

11 ਕਿਉਂ ਜੋ ਬਦ ਹੋਣ ਦਾ ਨਿਆਂ ਜਲਦੀ ਹੀ ਘੋਸ਼ਿਤ ਨਹੀਂ ਕੀਤਾ ਜਾਂਦਾ, ਇਨਸ਼ਾਨਾ ਦੇ ਦਿਲ ਬਦੀ ਕਰਨ ਤੇ ਕੇਦਿ੍ਰਤ ਹਨ।

12 ਇੱਕ ਪਾਪੀ ਭਾਵੇਂ ਸੌ ਬੁਰੀਆਂ ਗੱਲਾਂ ਕਰ ਲਵੇ ਅਤੇ, ਹਾਲੇ ਵੀ ਉਹ ਬਹੁਤ ਚਿਰ ਜਿਉਂਦਾ। ਤਾਂ ਵੀ, ਕਿ ਇਹ ਉਨ੍ਹਾਂ ਨਾਲੋਂ ਵੱਧੀਆ ਹੋਵੇਗਾ ਜੋ ਪਰਮੇਸੁਰ ਤੋਂ ਡਰਦੇ ਹਨ, ਖਾਸੱਕਰ, ਕਿਉਂਕਿ ਉਹ ਪਰਮੇਸ਼ੁਰ ਤੋਂ ਡਰਦੇ ਹਨ। 13 ਅਤੇ ਇਹ ਕਿ ਦੁਸ਼ਟਾ ਨਾਲ ਚੰਗਾ ਨਹੀਂ ਹੋਣਾ ਚਾਹੀਦਾ, ਅਤੇ ਇਹ ਕਿ ਉਨ੍ਹਾਂ ਦੇ ਦਿਨ ਪ੍ਰਛਾਵੇਂ ਵਾਂਗ ਲੰਮੇ ਨਹੀਂ ਹੋਣੇ ਚਾਹੀਦੇ ਜੋ ਕਿ ਲੰਮੇ ਅਤੇ ਲੰਮੇ ਹੁੰਦੇ ਜਾਂਦੇ ਹਨ, ਕਿਉਂਕਿ ਉਹ ਪਰਮੇਸੁਰ ਤੋਂ ਨਹੀਂ ਡਰਦੇ।

14 ਧਰਤੀ ਉੱਤੇ ਇੱਕ ਅਰਬਹੀਣ ਗੱਲ ਵਾਪਰਦੀ ਹੈ: ਇੱਥੇ ਧਰਮੀ ਲੋਕ ਹਨ, ਜਿਨ੍ਹਾਂ ਨਾਲ ਇੰਝ ਗੱਲਾਂ ਵਾਪਰਦੀਆਂ ਜਿਵੇਂ ਉਹ ਦੁਸ਼ਟ ਹੋਣ, ਅਤੇ ਇੱਥੇ ਦੁਸ਼ਟ ਲੋਕ ਹਨ, ਜਿਂਨ੍ਹਾਂ ਨਾਲ ਇੰਝ ਗਲ਼੍ਲ਼ਾਂ ਵਾਪਰਦੀਆਂ ਹਨ ਜਿਵੇਂ ਉਹ ਧਰਮੀ ਸਨ। ਅਤੇ ਮੈਂ ਆਖਦਾਂ ਕਿ ਇਹ ਵੀ ਅਰਬਹੀਣ ਹੈ। 15 ਇਸ ਲਈ ਮੈ ਆਨੰਦ ਮਾਨਣ ਦੀ ਸ਼ਿਫ਼ਾਰਿਸ਼ ਕਰਦਾ ਹਾਂ, ਕਿਉਂਕਿ ਇੱਥੋਂ ਦੇ ਲੋਕਾਂ ਲਈ ਖਾਣ, ਪੀਣ ਅਤੇ ਖੁਸ਼ ਹੋਣ ਨਾਲੋਂ ਵੱਧੀਆ ਕੁਝ ਨਹੀਂ। ਹੋਰ ਕੁਝ ਨਹੀਂ ਜੋ ਉਨ੍ਹਾਂ ਦੇ ਜਿਂਦਗੀ ਦੇ ਮਜ਼ਦੂਰੀ ਦੇ ਦਿਨਾਂ ਦੌਰਾਨ ਉਨ੍ਹਾਂ ਦਾ ਸਾਬ ਦੇ ਸੱਕਦਾ, ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਦੁਨੀਆ ਵਿੱਚ ਦਿੱਤੀ ਹੈ।

ਪਰਮੇਸ਼ੁਰ ਦੇ ਸਾਰੇ ਕਾਰਜਾਂ ਨੂੰ ਅਸੀਂ ਸਮਝ ਨਹੀਂ ਸੱਕਦੇ

16 ਮੈਂ ਉਨ੍ਹਾਂ ਗੱਲਾਂ ਨੂੰ ਧਿਆਨ ਨਾਲ ਵਾਚਿਆ ਜਿਹੜੀਆਂ ਲੋਕ ਇਸ ਜੀਵਨ ਵਿੱਚ ਕਰਦੇ ਹਨ। ਮੈਂ ਦੇਖਿਆ ਕਿ ਲੋਕ ਕਿੰਨੇ ਰੁਝੇ ਹੋਏ ਹਨ। ਉਹ ਦਿਨ ਰਾਤ ਕੰਮ ਕਰਦੇ ਹਨ ਅਤੇ ਉਹ ਤਕਰੀਬਨ ਕਦੇ ਵੀ ਸੌਁਦੇ ਨਹੀਂ। 17 ਮੈਂ ਉਨ੍ਹਾਂ ਗੱਲਾਂ ਬਾਬਤ ਦੇਖਿਆ ਜਿਹੜੀਆਂ ਪਰਮੇਸ਼ੁਰ ਕਰਦਾ ਹੈ। ਕਿ ਲੋਕ ਪਰਮੇਸ਼ੁਰ ਦੇ ਇਸ ਧਰਤੀ ਉਤਲੇ ਸਾਰੇ ਕਾਰਜਾਂ ਨੂੰ ਨਹੀਂ ਸਮਝ ਸੱਕਦੇ। ਕੋਈ ਬੰਦਾ ਭਾਵੇਂ ਕਿੰਨੀ ਵੀ ਸਮਝਣ ਦੀ ਕੋਸ਼ਿਸ਼ ਕਰੇ, ਪਰ ਉਹ ਸਮਝ ਨਹੀਂ ਸੱਕਦਾ। ਭਾਵੇ ਸਿਆਣਾ ਬੰਦਾ ਆਖਦਾ ਹੈ ਕਿ ਉਹ ਪਰਮੇਸ਼ੁਰ ਦੇ ਕਾਰਜ਼ਾਂ ਨੂੰ ਸਮਝਦਾ ਹੈ, ਪਰ ਅਸਲ ਵਿੱਚ ਉਹ ਨਹੀਂ ਸਮਝ ਸੱਕਦਾ।

2 ਤਿਮੋਥਿਉਸ ਨੂੰ 4

ਮੈਂ ਤੁਹਾਨੂੰ ਪਰਮੇਸ਼ੁਰ ਅਤੇ ਮਸੀਹ ਯਿਸੂ ਦੇ ਸਨਮੁੱਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਹੜਾ ਉਨ੍ਹਾਂ ਸਾਰੇ ਲੋਕਾਂ ਦਾ ਨਿਆਂ ਕਰੇਗਾ ਜੋ ਜਿਉਂਦੇ ਹਨ ਅਤੇ ਜਿਹੜੇ ਮਰ ਚੁੱਕੇ ਹਨ। ਉਸ ਕੋਲ ਇੱਕ ਬਾਦਸ਼ਾਹਤ ਹੈ ਅਤੇ ਉਹ ਫ਼ੇਰ ਆ ਰਿਹਾ ਹੈ। ਇਸ ਲਈ ਮੈਂ ਤੁਹਾਨੂੰ ਇਹ ਆਦੇਸ਼ ਦਿੰਦਾ ਹਾਂ, ਲੋਕਾਂ ਨੂੰ ਖੁਸ਼ਖਬਰੀ ਦਿਉ। ਹਮੇਸ਼ਾ ਤਿਆਰ ਰਹੋ। ਲੋਕਾਂ ਨੂੰ ਉਹ ਗੱਲਾਂ ਦੱਸੋ ਜਿਹੜੀਆਂ ਉਨ੍ਹਾਂ ਨੂੰ ਕਰਨੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਦੱਸੋ ਜਦੋਂ ਉਹ ਗਲਤੀ ਕਰ ਰਹੇ ਹੁੰਦੇ ਹਨ। ਅਤੇ ਉਨ੍ਹਾਂ ਨੂੰ ਉਤਸਾਹਤ ਕਰੋ। ਇਹ ਸਭ ਕੁਝ ਬੜੇ ਸਬਰ ਅਤੇ ਸਚੇਤ ਉਪਦੇਸ਼ ਨਾਲ ਕਰੋ।

ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ। ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਨ੍ਹਾਂ ਨੂੰ ਖੁਸ਼ ਕਰਨਗੇ। ਲੋਕਾਂ ਨੂੰ ਅਜਿਹੇ ਗੁਰੂ ਮਿਲਣਗੇ ਜਿਹੜੇ ਉਹੀ ਗੱਲਾਂ ਆਖਣਗੇ ਜਿਹੜੀਆਂ ਉਹ ਲੋਕ ਸੁਣਨਾ ਚਾਹੁੰਦੇ ਹਨ। ਲੋਕ ਸੱਚ ਨੂੰ ਸੁਣਨਾ ਛੱਡ ਦੇਣਗੇ। ਉਹ ਮਨਘੜਤ ਕਥਾ ਕਹਾਣੀਆਂ ਦੇ ਉਪਦੇਸ਼ ਤੇ ਅਮਲ ਕਰਨਾ ਸ਼ੁਰੂ ਕਰ ਦੇਣਗੇ। ਪਰ ਤੁਹਾਨੂੰ ਹਮੇਸ਼ਾ ਆਪਣੇ ਆਪ ਉੱਤੇ ਕਾਬੂ ਰੱਖਣਾ ਚਾਹੀਦਾ ਹੈ। ਜਦੋਂ ਔਕੜਾਂ ਆਉਣ ਤਾਂ ਉਨ੍ਹਾਂ ਔਕੜਾਂ ਦਾ ਸਾਹਮਣਾ ਕਰੋ। ਖੁਸ਼ਖਬਰੀ ਫ਼ੈਲਾਉਣ ਦਾ ਕਾਰਜ ਕਰੋ। ਪਰਮੇਸ਼ੁਰ ਦੇ ਸੇਵਕਾਂ ਵਾਲੇ ਸਾਰੇ ਫ਼ਰਜ਼ ਨਿਭਾਓ।

ਮੇਰਾ ਜੀਵਨ ਪਰਮੇਸ਼ੁਰ ਦੀ ਭੇਟਾ ਕੀਤਾ ਜਾ ਰਿਹਾ ਹੈ। ਇਸ ਜੀਵਨ ਨੂੰ ਛੱਡਣ ਦਾ ਸਮਾਂ ਆ ਚੁੱਕਿਆ ਹੈ। ਮੈਂ ਚੰਗਾ ਯੁੱਧ ਲੜਿਆ ਹਾਂ। ਮੈਂ ਦੌੜ ਪੂਰੀ ਕੀਤੀ ਹੈ। ਮੈਂ ਸੱਚੇ ਵਿਸ਼ਵਾਸ ਦਾ ਅਨੁਸਰਣ ਕੀਤਾ ਹੈ। ਹੁਣ ਧਾਰਮਿਕਤਾ ਦਾ ਇੱਕ ਤਾਜ ਮੇਰੀ ਉਡੀਕ ਕਰ ਰਿਹਾ ਹੈ ਪਰਮੇਸ਼ੁਰ ਹੀ ਹੈ ਜਿਹੜਾ ਨਿਰਪੱਖ ਨਿਆਂ ਕਰਦਾ ਹੈ ਉਸ ਦਿਨ ਉਹ ਮੈਨੂੰ ਇੱਕ ਤਾਜ ਦੇਵੇਗਾ। ਉਹ ਇਹ ਤਾਜ ਸਿਰਫ਼ ਮੈਨੂੰ ਹੀ ਨਹੀਂ ਦੇਵੇਗਾ, ਸਗੋਂ ਉਨ੍ਹਾਂ ਸਾਰਿਆਂ ਲੋਕਾਂ ਨੂੰ ਵੀ ਦੇਵੇਗਾ ਜਿਹੜੇ ਤਾਂਘ ਨਾਲ ਉਸ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ।

ਨਿਜ਼ੀ ਸੰਦੇਸ਼

ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਜਲਦੀ ਤੋਂ ਜਲਦੀ ਮੇਰੇ ਕੋਲ ਆ ਜਾਓ। 10 ਦੇਮਾਸ ਨੇ ਮੈਨੂੰ ਇਸ ਲਈ ਛੱਡ ਦਿੱਤਾ ਕਿਉਂਕਿ ਉਸ ਨੇ ਇਸ ਦੁਨੀਆਂ ਨੂੰ ਬਹੁਤ ਪਿਆਰ ਕੀਤਾ। ਉਹ ਥੱਸਲੁਨੀਕਿਯਾ ਚੱਲਾ ਗਿਆ। ਕਰੇਸੱਕੇਸ ਗਲਾਤਿਯਾ ਅਤੇ ਤੀਤੁਸ ਦਲਮਾਤੀਯਾ ਚੱਲਾ ਗਿਆ। 11 ਲੂਕਾ ਹੀ ਹੈ ਜਿਹੜਾ ਹਾਲੇ ਤੱਕ ਮੇਰੇ ਨਾਲ ਹੈ। ਜਦੋਂ ਤੁਸੀਂ ਆਓ ਤਾਂ ਮਰਕੁਸ ਨੂੰ ਵੀ ਨਾਲ ਲੈ ਕੇ ਆਉਣਾ। ਉਹ ਇੱਥੇ ਮੇਰੇ ਕੰਮ ਵਿੱਚ ਸਹਾਇਤਾ ਕਰ ਸੱਕਦਾ ਹੈ। 12 ਮੈਂ ਤੁਖਿਕੁਸ ਨੂੰ ਅਫ਼ਸੁਸ ਭੇਜਿਆ ਹੈ।

13 ਜਦੋਂ ਮੈਂ ਤ੍ਰੋਆਸ ਵਿੱਚ ਸਾਂ ਤਾਂ ਮੈਂ ਉੱਥੇ ਆਪਣਾ ਕੋਟ ਕਾਰਪੁਸ ਕੋਲ ਛੱਡ ਆਇਆ। ਇਸ ਲਈ ਜਦੋਂ ਤੁਸੀਂ ਆਓ ਇਸ ਨੂੰ ਮੇਰੇ ਕੋਲ ਲਿਆਉਂਦੇ ਆਉਣਾ। ਨਾਲੇ ਮੇਰੀਆਂ ਕਿਤਾਬਾਂ ਵੀ ਲੈਂਦੇ ਆਉਣਾ। ਜਿਹੜੀਆਂ ਕਿਤਾਬਾਂ ਮੈਂ ਭੇਡ ਦੀ ਖੱਲ ਉੱਪਰ ਲਿਖੀਆਂ ਸਨ ਉਨ੍ਹਾਂ ਦੀ ਮੈਨੂੰ ਸਭ ਤੋਂ ਵੱਧ ਲੋੜ ਹੈ।

14 ਸਿਕੰਦਰ ਠਠੇਰੇ ਨੇ ਮੈਨੂੰ ਬਹੁਤ ਸਾਰੀਆਂ ਹਾਨੀਆਂ ਪਹੁੰਚਾਹੀਆਂ। ਪ੍ਰਭੂ ਸਿਕੰਦਰ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਵੇਗਾ। 15 ਤੁਸੀਂ ਹੋਸ਼ਿਆਰ ਰਹਿਣਾ ਕਿਧਰੇ ਉਹ ਤੁਹਾਨੂੰ ਵੀ ਨੁਕਸਾਨ ਨਾ ਪਹੁੰਚਾਵੇ। ਉਹ ਸਾਡੇ ਉਪਦੇਸ਼ ਦੇ ਵਿਰੁੱਧ ਡਟਕੇ ਲੜਿਆ।

16 ਜਦੋਂ ਮੈਂ ਪਹਿਲੀ ਅਜ਼ਮਾਇਸ਼ ਵੇਲੇ ਆਪਣਾ ਬਚਾ ਕੀਤਾ, ਕਿਸੇ ਨੇ ਵੀ ਮੇਰੀ ਸਹਾਇਤਾ ਨਹੀਂ ਕੋਈ ਮੈਨੂੰ ਛੱਡ ਗਿਆ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਮਾਫ਼ ਕਰ ਦੇਵੇ। 17 ਔਰ ਪ੍ਰਭੂ ਉੱਥੇ ਮੇਰੇ ਨਾਲ ਸੀ। ਉਸ ਨੇ ਮੈਨੂੰ ਤਾਕਤ ਦਿੱਤੀ ਤਾਂ ਕਿ ਮੈਂ ਪੂਰੀ ਤਰ੍ਹਾਂ ਗੈਰ-ਯਹੂਦੀਆਂ ਨੂੰ ਖੁਸ਼ਖਬਰੀ ਦੱਸ ਸੱਕਾਂ। ਪ੍ਰਭੂ ਚਾਹੁੰਦਾ ਸੀ ਕਿ ਸਾਰੇ ਗੈਰ-ਯਹੂਦੀ ਉਸ ਖੁਸ਼ਖਬਰੀ ਨੂੰ ਸੁਨਣ। ਇਸ ਲਈ ਮੈਂ ਸ਼ੇਰ ਦੇ ਮੂੰਹੋਂ ਬਚਾਇਆ ਗਿਆ ਸੀ। 18 ਜਦੋਂ ਕੋਈ ਵਿਅਕਤੀ ਮੈਨੂੰ ਸੁਰੱਖਿਅਤ ਆਪਣੇ ਸੁਵਰਗੀ ਰਾਜ ਵਿੱਚ ਲੈ ਜਾਵੇਗਾ। ਪ੍ਰਭੂ ਨੂੰ ਸਦਾ ਅਤੇ ਸਦਾ ਲਈ ਮਹਿਮਾ।

ਆਖਰੀ ਸ਼ੁਭਕਾਮਨਾਵਾਂ

19 ਪਰਿਸੱਕਾ ਅਤੇ ਅਕੂਲਾ ਅਤੇ ਉਨੇਸਿਫ਼ੁਰੁਸ ਦੇ ਪਰਿਵਾਰ ਨੂੰ ਮੇਰੀਆਂ ਸ਼ੁਭਕਾਮਨਾਵਾਂ। 20 ਅਗਸਤੁਸ ਕੁਰਿੰਥੁਸ ਵਿੱਚ ਠਹਿਰ ਗਿਆ। ਅਤੇ ਮੈਂ ਤ੍ਰੋਫ਼ਿਮੁਸ ਨੂੰ ਮਿਲੇਤੁਸ ਵਿੱਚ ਛੱਡ ਆਇਆ। ਉਹ ਬਹੁਤ ਬਿਮਾਰ ਸੀ। 21 ਵੱਧ ਤੋਂ ਵੱਧ ਕੋਸ਼ਿਸ਼ ਕਰਨਾ ਕਿ ਤੁਸੀਂ ਸਰਦੀਆਂ ਤੋਂ ਪਹਿਲਾਂ ਮੇਰੇ ਕੋਲ ਆ ਸੱਕੋਂ।

ਯਬੂਲੁਸ, ਪੂਦੇਸ, ਲੀਨੁਸ, ਕਲੋਦੀਆ ਅਤੇ ਮਸੀਹ ਵਿੱਚ ਸਾਰੇ ਭਰਾ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ।

22 ਪ੍ਰਭੂ ਤੁਹਾਡੇ ਆਤਮਾ ਦੇ ਅੰਗ-ਸੰਗ ਹੋਵੇ। ਪਰਮੇਸ਼ੁਰ ਦੀ ਕਿਰਪਾ ਤੁਹਾਡੇ ਨਾਲ ਹੋਵੇ।

Punjabi Bible: Easy-to-Read Version (ERV-PA)

2010 by World Bible Translation Center