M’Cheyne Bible Reading Plan
ਕਹਾਥ ਪਰਿਵਾਰ ਦੇ ਕੰਮ
4 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 2 “ਕਹਾਥ ਦੇ ਪਰਿਵਾਰ-ਸਮੂਹ ਦੇ ਪਰਿਵਾਰਾਂ ਦੇ ਆਦਮੀਆ ਦੀ ਗਿਣਤੀ ਕਰੋ। (ਕਹਾਥ ਪਰਿਵਾਰ-ਸਮੂਹ ਲੇਵੀ ਦੇ ਪਰਿਵਾਰ-ਸਮੂਹ ਦਾ ਅੰਗ ਹੈ।) 3 ਤੀਹ ਅਤੇ ਪੰਜਾਹ ਸਾਲਾਂ ਦੀ ਉਮਰ ਦੇ ਵਿੱਚਕਾਰਲੇ ਆਦਮੀਆ ਦੀ ਗਿਣਤੀ ਕਰੋ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨਗੇ 4 ਕਹਾਥੀ ਪਰਿਵਾਰ ਦਾ ਕੰਮ ਮੰਡਲੀ ਵਾਲੇ ਤੰਬੂ ਵਿੱਚਲੀਆ ਸਭ ਤੋਂ ਪਵਿੱਤਰ ਚੀਜ਼ਾ ਦੀ ਸਾਂਭ-ਸੰਭਾਲ ਕਰਨਾ ਹੋਵੇਗਾ।
5 “ਜਦੋਂ ਇਸਰਾਏਲ ਦੇ ਲੋਕ ਕਿਸੇ ਨਵੀ ਥਾਂ ਨੂੰ ਜਾਣ, ਹਾਰੂਨ ਅਤੇ ਉਸ ਦੇ ਪੁੱਤਰਾ ਨੂੰ ਪਰਦੇ ਨੂੰ ਉਤਾਰ ਲੈਣਾ ਚਾਹੀਦਾ ਹੈ ਅਤੇ ਇਕਰਾਰਨਾਮੇ ਦੇ ਪਵਿੱਤਰ ਸੰਦੂਕ ਨੂੰ ਇਸ ਨਾਲ ਢੱਕ ਦੇਣਾ ਚਾਹੀਦਾ ਹੈ। 6 ਫ਼ੇਰ ਉਨ੍ਹਾਂ ਨੂੰ ਇਸ ਸਾਰੇ ਕੁਝ ਨੂੰ ਨਰਮ ਚਮੜੇ ਦੇ ਕੱਜਣ ਨਾਲ ਢੱਕ ਦੇਣਾ ਚਾਹੀਦਾ ਹੈ। ਫ਼ੇਰ ਉਨ੍ਹਾਂ ਨੂੰ ਚਮੜੇ ਉੱਤੇ ਗੂੜੇ ਨੀਲੇ ਰੰਗ ਦਾ ਕੱਪੜਾ ਪਾ ਦੇਣਾ ਚਾਹੀਦਾ ਹੈ ਅਤੇ ਪਵਿੱਤਰ ਸੰਦੂਕ ਦੇ ਕੜਿਆਂ ਵਿੱਚ ਲੱਠਾਂ ਅੜਾ ਦੇਣੀਆ ਚਾਹੀਦੀਆਂ ਹਨ।
7 “ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਵਿੱਤਰ ਮੇਜ਼ ਉੱਤੇ ਨੀਲਾ ਕੱਪੜਾ ਵਿਛਾ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਮੇਜ਼ ਉੱਤੇ ਪਲੇਟਾਂ ਚਮਚੇ ਅਤੇ ਕੌਲੀਆ ਅਤੇ ਪੀਣ ਦੀਆਂ ਭੇਟਾ ਵਾਲੇ ਜੱਗ ਰੱਖ ਦੇਣ। ਅਤੇ ਮੇਜ਼ ਉੱਤੇ ਰੋਟੀ ਰੱਖ ਦੇਣ। 8 ਫ਼ੇਰ ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਉੱਪਰ ਲਾਲ ਕੱਪੜਾ ਪਾ ਦਿਉ। ਫ਼ੇਰ ਹਰ ਚੀਜ਼ ਨੂੰ ਨਰਮ ਚਮੜੇ ਨਾਲ ਕੱਜ ਦਿਉ। ਫ਼ੇਰ ਮੇਜ਼ ਦੇ ਰਿੰਗ ਵਿੱਚ ਲਠਾ ਪਾ ਦਿਉ।
9 “ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਸ਼ਮਾਦਾਨ ਅਤੇ ਉਸ ਦੇ ਦੀਵਿਆਂ ਨੂੰ ਨੀਲੇ ਕੱਪੜੇ ਨਾਲ ਢੱਕ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਦੀਵਿਆ ਨੂੰ ਬਲਦਾ ਰੱਖਦੀਆ ਹਨ ਅਤੇ ਦੀਵਿਆ ਵਿੱਚ ਵਰਤੇ ਜਾਣ ਵਾਲੇ ਤੇਲ ਦੇ ਬਰਤਨਾਂ ਨੂੰ ਢੱਕ ਦੇਣ। 10 ਫ਼ੇਰ ਸਭ ਕੁਝ ਨੂੰ ਨਰਮ ਚਮੜੇ ਵਿੱਚ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੁੱਕਣ ਵਾਲੀਆਂ ਲੱਠਾਂ ਉੱਤੇ ਰੱਖ ਦੇਣ।
11 “ਉਨ੍ਹਾਂ ਨੂੰ ਚਾਹੀਦਾ ਹੈ ਕਿ ਸੁਨਿਹਰੀ ਜਗਵੇਦੀ ਉੱਤੇ ਨੀਲਾ ਕੱਪੜਾ ਪਾ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਸ ਨੂੰ ਨਰਮ ਚਮੜੇ ਨਾਲ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਲਿਜਾਣ ਲਈ ਜਗਵੇਦੀ ਦੇ ਕੱਪੜਿਆ ਵਿੱਚ ਲੱਠਾ ਫ਼ਸਾ ਦੇਣ।
12 “ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਖਾਸ ਚੀਜ਼ਾਂ ਨੂੰ ਇੱਕਤਰ ਕਰਨ ਜਿਹੜੀਆਂ ਪਵਿੱਤਰ ਸਥਾਨ ਵਿੱਚ ਉਪਾਸਨਾ ਲਈ ਵਰਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਕੱਠੀਆਂ ਕਰ ਲੈਣ ਅਤੇ ਨੀਲੇ ਕੱਪੜੇ ਵਿੱਚ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਨਰਮ ਚਮੜੇ ਨਾਲ ਢੱਕ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਚੀਜ਼ਾਂ ਨੂੰ ਚੁੱਕਣ ਵਾਲੇ ਫ਼ਰੇਮ ਉੱਤੇ ਰੱਖ ਦੇਣ।
13 “ਉਨ੍ਹਾਂ ਨੂੰ ਚਾਹੀਦਾ ਹੈ ਕਿ ਕਾਂਸੀ ਦੀ ਜਗਵੇਦੀ ਵਿੱਚੋਂ ਰਾਖ ਝਾੜ ਦੇਣ ਅਤੇ ਇਸ ਉੱਤੇ ਬੈਂਗਨੀ ਕੱਪੜਾ ਪਾ ਦੇਣ। 14 ਫ਼ੇਰ ਉਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਹਨ ਜਿਹੜੀਆਂ ਜਗਵੇਦੀ ਉੱਤੇ ਉਪਾਸਨਾ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਹ ਅੱਗ ਵਾਲੇ ਭਾਂਡੇ ਹਨ, ਕਾਂਟੇ, ਕੜਛੇ ਅਤੇ ਕੌਲੇ ਉਨ੍ਹਾਂ ਨੂੰ ਇਹ ਚੀਜ਼ਾਂ ਕਾਂਸੀ ਦੀ ਜਗਵੇਦੀ ਉੱਤੇ ਰੱਖ ਦੇਣੀਆ ਚਾਹੀਦੀਆਂ ਹਨ। ਉਨ੍ਹਾਂ ਨੂੰ ਇਹ ਚੀਜ਼ਾਂ ਨਰਮ ਚਮੜੇ ਦੇ ਟੁਕੜੇ ਵਿੱਚ ਲਪੇਟ ਦੇਣੀਆ ਚਾਹੀਦੀਆਂ ਹਨ। ਫ਼ੇਰ ਉਨ੍ਹਾਂ ਨੂੰ ਜਗਵੇਦੀ ਦੇ ਕੜਿਆ ਵਿੱਚ ਇਸ ਨੂੰ ਚੁੱਕਣ ਲਈ ਛੜਾ ਪਾਉਣੀਆਂ ਚਾਹੀਦੀਆਂ ਹਨ।
15 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪਵਿੱਤਰ ਸਥਾਨ ਦੀਆ ਸਾਰੀਆਂ ਪਵਿੱਤਰ ਚੀਜ਼ਾ ਨੂੰ ਢੱਕਣ ਦਾ ਕੰਮ ਮੁਕਾ ਲੈਣਾ ਚਾਹੀਦਾ ਹੈ। ਫ਼ੇਰ ਕਹਾਥ ਪਰਿਵਾਰ ਦੇ ਆਦਮੀ ਅੰਦਰ ਜਾ ਸੱਕਦੇ ਹਨ ਅਤੇ ਇਨ੍ਹਾਂ ਚੀਜ਼ਾ ਨੂੰ ਚੁੱਕਣਾ ਸ਼ੁਰੂ ਕਰ ਸੱਕਦੇ ਹਨ ਇਸ ਤਰ੍ਹਾਂ ਉਹ ਪਵਿੱਤਰ ਸਥਾਨ ਨੂੰ ਨਹੀਂ ਛੂਹਣਗੇ ਅਤੇ ਮਰਨਗੇ ਨਹੀਂ।
16 “ਜਾਜਕ ਹਾਰੂਨ ਦਾ ਪੁੱਤਰ ਅਲਆਜ਼ਾਰ ਪਵਿੱਤਰ ਤੰਬੂ ਲਈ ਜ਼ਿੰਮੇਵਾਰ ਹੋਵੇਗਾ। ਉਹ ਪਵਿੱਤਰ ਸਥਾਨ ਲਈ ਅਤੇ ਉਸ ਵਿੱਚਲੀ ਹਰ ਚੀਜ਼ਾ ਲਈ ਜ਼ਿੰਮੇਵਾਰ ਹੋਵੇਗਾ। ਉਹ ਦੀਵਿਆਂ ਦੇ ਤੇਲ, ਸੁਗੰਧੀ, ਧੂਫ਼, ਹਰ ਰੋਜ਼ ਦੀ ਭੇਟ ਅਤੇ ਛਿੜਕਣ ਵਾਲੇ ਤੇਲ ਲਈ ਜ਼ਿੰਮੇਵਾਰ ਹੋਵੇਗਾ।”
17 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 18 “ਹੋਸ਼ਿਆਰ ਰਹਿਣਾ! ਇਨ੍ਹਾਂ ਕਹਾਥੀ ਆਦਮੀਆ ਨੂੰ ਲੇਵੀ ਦੇ ਪਰਿਵਾਰ ਤੋਂ ਹਟਣ ਨਾ ਦੇਣਾ। 19 ਤੁਹਾਨੂੰ ਚਾਹੀਦਾ ਹੈ ਕਿ ਇਹ ਗੱਲਾਂ ਕਰੋ ਤਾਂ ਜੋ ਕਹਾਥੀ ਆਦਮੀ ਅੱਤ ਪਵਿੱਤਰ ਸਥਾਨ ਉੱਤੇ ਜਾ ਸੱਕਣ ਅਤੇ ਮਰਨ ਨਾ। ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅੰਦਰ ਜਾਣਾ ਚਾਹੀਦਾ ਹੈ ਅਤੇ ਹਰ ਕਹਾਥੀ ਬੰਦੇ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਕੀ ਕਰਨਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਹਰੇਕ ਆਦਮੀ ਨੂੰ ਉਹ ਚੀਜ਼ਾ ਦੇਣ ਜਿਨ੍ਹਾਂ ਦੀ ਉਸ ਨੂੰ ਚੁੱਕਣ ਲਈ ਜ਼ਰੂਰਤ ਹੈ। 20 ਜੇ ਤੁਸੀਂ ਅਜਿਹਾ ਨਹੀਂ ਕਰੋਂਗੇ ਤਾਂ ਹੋ ਸੱਕਦਾ ਹੈ ਕਿ ਕਹਾਥੀ ਆਦਮੀ ਅੰਦਰ ਚੱਲੇ ਜਾਣ ਅਤੇ ਪਵਿੱਤਰ ਚੀਜ਼ਾਂ ਵੱਲ ਤੱਕ ਲੈਣ। ਜੇ ਉਹ ਇੱਕ ਪਲ ਲਈ ਵੀ ਇਨ੍ਹਾਂ ਚੀਜ਼ਾ ਵੱਲ ਦੇਖ ਲੈਣਗੇ ਤਾਂ ਉਹ ਮਰ ਜਾਣਗੇ।”
ਗੇਰਸ਼ੋਨ ਪਰਿਵਾਰ ਦੇ ਕੰਮ
21 ਯਹੋਵਾਹ ਨੇ ਮੂਸਾ ਨੂੰ ਆਖਿਆ, 22 “ਗੇਰਸ਼ੋਨ ਪਰਿਵਾਰ ਦੇ ਸਾਰੇ ਬੰਦਿਆ ਦੀ ਗਿਣਤੀ ਕਰ। ਉਨ੍ਹਾਂ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਅਨੁਸਾਰ ਸੂਚੀ ਬਣਾ। 23 ਉਨ੍ਹਾਂ ਦੇ ਸਾਰੇ ਆਦਮੀਆ ਦੀ ਗਿਣਤੀ ਕਰ ਜਿਹੜੇ 30 ਤੋਂ 50 ਸਾਲ ਦੇ ਵਿੱਚਕਾਰ ਹਨ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਨਗੇ।
24 “ਇਹ ਕੰਮ ਹੈ ਜਿਹੜਾ ਗੇਰਸ਼ੋਨ ਪਰਿਵਾਰ ਨੂੰ ਕਰਨਾ ਚਾਹੀਦਾ ਹੈ ਅਤੇ ਇਹ ਉਹ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੂੰ ਕਰਨੀਆ ਚਾਹੀਦੀਆਂ ਹਨ। 25 ਉਨ੍ਹਾਂ ਨੂੰ ਪਵਿੱਤਰ ਤੰਬੂ, ਮੰਡਲੀ ਵਾਲੇ ਤੰਬੂ, ਇਸਦੇ ਕੱਜਣ ਅਤੇ ਨਰਮ ਚਮੜੇ ਦੇ ਬਣੇ ਹੋਏ ਕੱਜਣ ਨੂੰ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੇ ਪਰਦੇ ਨੂੰ ਵੀ ਚੁੱਕਣ। 26 ਉਨ੍ਹਾਂ ਨੂੰ ਪਵਿੱਤਰ ਤੰਬੂ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਦੇ ਪਰਦਿਆ ਨੂੰ ਵੀ ਚੁੱਕਣਾ ਚਾਹੀਦਾ ਹੈ। ਅਤੇ ਉਨ੍ਹਾਂ ਨੂੰ ਵਿਹੜੇ ਦੇ ਪ੍ਰਵੇਸ਼ ਦੇ ਪਰਦੇ ਨੂੰ ਵੀ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੂੰ ਪਰਦਿਆ ਲਈ ਵਰਤਿਆ ਜਾਣ ਵਾਲੀਆ ਸਾਰੀਆ ਚੀਜ਼ਾਂ, ਅਤੇ ਸਾਰੇ ਰਸਿਆ ਨੂੰ ਚੁੱਕਣਾ ਚਾਹੀਦਾ ਹੈ। ਗੇਰਸ਼ੋਨੀ ਆਦਮੀ ਉਸ ਹਰ ਗੱਲ ਲਈ ਜ਼ਿੰਮੇਵਾਰ ਹੋਣਗੇ ਜਿਹੜੀ ਇਨ੍ਹਾਂ ਚੀਜ਼ਾਂ ਨਾਲ ਸੰਬੰਧਿਤ ਹੈ ਅਤੇ ਕੀਤੀ ਜਾਣੀ ਚਾਹੀਦੀ ਹੈ। 27 ਹਾਰੂਨ ਅਤੇ ਉਸ ਦੇ ਪੁੱਤਰ ਇਸ ਕੀਤੇ ਜਾਣ ਵਾਲੇ ਸਾਰੇ ਕੰਮ ਦੀ ਦੇਖ-ਰੇਖ ਕਰਨਗੇ। ਹਰ ਉਹ ਚੀਜ਼ ਜਿਹੜੀ ਗੇਰਸ਼ੋਨੀਆ ਵੱਲੋਂ ਕੀਤੀ ਜਾਵੇਗੀ ਅਤੇ ਹੋਰ ਦੂਸਰਾ ਕੰਮ ਜਿਹੜਾ ਕਰਨਗੇ, ਹਾਰੂਨ ਅਤੇ ਉਸ ਦੇ ਪੁੱਤਰ ਦੀ ਨਿਗਰਾਨੀ ਵਿੱਚ ਹੋਵੇਗਾ। ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੋ ਜਿਨ੍ਹਾਂ ਦੇ ਕਰਨ ਲਈ ਉਹ ਜ਼ਿੰਮੇਵਾਰ ਹਨ। 28 ਇਹ ਉਹ ਕੰਮ ਹੈ ਜਿਹੜਾ ਗੇਰਸ਼ੋਨ ਪਰਿਵਾਰ-ਸਮੂਹ ਦੇ ਆਦਮੀਆ ਨੂੰ ਮੰਡਲੀ ਦੇ ਤੰਬੂ ਲਈ ਕਰਨਾ ਪਵੇਗਾ। ਜਾਜਕ ਹਾਰੂਨ ਦਾ ਪੁੱਤਰ, ਈਥਾਮਾਰ, ਉਨ੍ਹਾਂ ਦਾ ਨੇਤ੍ਰਤਵ ਕਰੇਗਾ।”
ਮਰਾਰੀ ਪਰਿਵਾਰ ਦੇ ਕੰਮ
29 “ਮਰਾਰੀ ਪਰਿਵਾਰ-ਸਮੂਹ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਦੇ ਸਾਰੇ ਆਦਮੀਆ ਦੀ ਗਿਣਤੀ ਕਰ। 30 ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕਰ ਜਿਹੜੇ 30 ਤੋਂ 50 ਸਾਲ ਦੇ ਵਿੱਚਕਾਰ ਹਨ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਦੇ ਤੰਬੂ ਦਾ ਖਾਸ ਕੰਮ ਕਰਨਗੇ। 31 ਜਦੋਂ ਤੁਸੀਂ ਸਫ਼ਰ ਕਰੋਂਗੇ ਇਹ ਉਨ੍ਹਾਂ ਦਾ ਕੰਮ ਹੋਵੇਗਾ ਕਿ ਉਹ ਮੰਡਲੀ ਵਾਲੇ ਤੰਬੂ ਦੇ ਫ਼ਰੇਮਾ ਨੂੰ ਚੁੱਕਣ। ਉਨ੍ਹਾਂ ਨੂੰ ਬਰੇਸ, ਪੋਸਟ ਅਤੇ ਥੜੇ ਵੀ ਚੁੱਕਣੇ ਚਾਹੀਦੇ ਹਨ। 32 ਉਨ੍ਹਾਂ ਨੂੰ ਉਹ ਟੇਕਾਂ ਵੀ ਚੁੱਕਣੀਆ ਚਾਹੀਦੀਆਂ ਹਨ ਜਿਹੜੀਆ ਵਿਹੜੇ ਦੇ ਆਲੇ-ਦੁਆਲੇ ਹਨ। ਉਨ੍ਹਾਂ ਨੂੰ ਥੜੇ, ਤੰਬੂ ਦੀਆਂ ਕਿੱਲੀਆ, ਰੱਸੇ ਅਤੇ ਹਰ ਉਹ ਚੀਜ਼ ਚੁੱਕਣੀ ਚਾਹੀਦੀ ਹੈ ਜਿਹੜੀ ਵਿਹੜੇ ਦੇ ਇਰਦ-ਗਿਰਦ ਥਮਲਿਆ ਲਈ ਵਰਤੀ ਜਾਂਦੀ ਹੈ। ਨਾਮਾ ਦੀ ਸੂਚੀ ਬਣਾਉ ਅਤੇ ਹਰੇਕ ਆਦਮੀ ਨੂੰ ਦੱਸੋ ਕਿ ਉਸ ਨੇ ਕੀ ਕਰਨਾ ਹੈ। 33 ਇਹ ਗੱਲਾਂ ਹਨ ਜਿਹੜੀਆਂ ਮਰਾਰੀ ਪਰਿਵਾਰ ਦੇ ਲੋਕ, ਮੰਡਲੀ ਵਾਲੇ ਤੰਬੂ ਦੇ ਕੰਮ ਲਈ, ਸੇਵਾ ਵਜੋਂ ਕਰਨਗੇ। ਜਾਜਕ ਹਾਰੂਨ ਦਾ ਪੁੱਤਰ ਈਥਾਮਾਰ ਉਨ੍ਹਾਂ ਦੇ ਕੰਮ ਲਈ ਜ਼ਿੰਮੇਵਾਰ ਹੋਵੇਗਾ।”
ਲੇਵੀ ਪਰਿਵਾਰ
34 ਮੂਸਾ, ਹਾਰੂਨ ਅਤੇ ਇਸਰਾਏਲ ਦੇ ਲੋਕਾਂ ਦੇ ਆਗੂਆ ਨੇ ਕਹਾਥੀ ਲੋਕਾਂ ਦੀ ਗਿਣਤੀ ਕੀਤੀ, ਉਨ੍ਹਾਂ ਨੇ ਉਨ੍ਹਾਂ ਦੀ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਅਨੁਸਾਰ ਗਿਣਤੀ ਕੀਤੀ, 35 ਉਨ੍ਹਾਂ ਨੇ 30 ਤੋਂ 50 ਸਾਲ ਦੀ ਉਮਰ ਦੇ ਵਿੱਚਕਾਰ ਦੇ ਸਾਰੇ ਆਦਮੀਆ ਦੀ ਗਿਣਤੀ ਕੀਤੀ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਖਾਸ ਕੰਮ ਕਰਨ ਲਈ ਦਿੱਤਾ ਗਿਆ ਸੀ।
36 ਕਹਾਥ ਪਰਿਵਾਰ ਦੇ 2,750 ਆਦਮੀ ਅਜਿਹੇ ਸਨ ਜਿਹੜੇ ਇਹ ਕੰਮ ਕਰਨ ਦੇ ਯੋਗ ਸਨ। 37 ਇਸ ਲਈ ਕਹਾਥ ਪਰਿਵਾਰ ਦੇ ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਉਨ੍ਹਾਂ ਦਾ ਖਾਸ ਕੰਮ ਸੌਂਪਿਆ ਗਿਆ। ਮੂਸਾ ਅਤੇ ਹਾਰੂਨ ਨੇ ਇਹ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।
38 ਗੇਰਸ਼ੋਨ ਦੇ ਪਰਿਵਾਰ-ਸਮੂਹ ਦੀ ਵੀ ਗਿਣਤੀ ਕੀਤੀ ਗਈ। 39 ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕੀਤੀ ਗਈ, ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਦੇ ਤੰਬੂ ਲਈ ਕਰਨ ਵਾਲਾ ਖਾਸ ਕੰਮ ਦਿੱਤਾ ਗਿਆ ਸੀ। 40 ਗੇਰਸ਼ੋਨ ਪਰਿਵਾਰ-ਸਮੂਹ ਵਿੱਚ 2,630 ਆਦਮੀ ਅਜਿਹੇ ਸਨ ਜਿਹੜੇ ਇਸ ਯੋਗ ਸਨ। 41 ਇਸ ਲਈ ਗੇਰਸ਼ੋਨ ਦੇ ਪਰਿਵਾਰ-ਸਮੂਹ ਦੇ ਇਨ੍ਹਾਂ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਲਈ ਕਰਨ ਵਾਲਾ ਉਨ੍ਹਾਂ ਦਾ ਖਾਸ ਕੰਮ ਸੌਂਪਿਆ ਗਿਆ। ਮੂਸਾ ਅਤੇ ਹਾਰੂਨ ਨੇ ਇਹ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।
42 ਇਸਤੋਂ ਇਲਾਵਾ ਮਰਾਰੀ ਪਰਿਵਾਰ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਦੀ ਗਿਣਤੀ ਵੀ ਕੀਤੀ ਗਈ। 43 ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕੀਤੀ ਜਾ ਚੁੱਕੀ ਸੀ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਦੇ ਤੰਬੂ ਦਾ ਖਾਸ ਕੰਮ ਦਿੱਤਾ ਗਿਆ ਸੀ। 44 ਮਰਾਰੀ ਪਰਿਵਾਰ ਵਿੱਚ ਇਸ ਕੰਮ ਨੂੰ ਕਰਨ ਦੇ ਯੋਗ 3,250 45 ਇਸ ਲਈ ਮਰਾਰੀ ਪਰਿਵਾਰ-ਸਮੂਹ ਦੇ ਇਨ੍ਹਾਂ ਆਦਮੀਆ ਨੂੰ ਉਨ੍ਹਾਂ ਦਾ ਖਾਸ ਕੰਮ ਦਿੱਤਾ ਗਿਆ। ਮੂਸਾ ਅਤੇ ਹਾਰੂਨ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।
46 ਇਸ ਲਈ ਮੂਸਾ, ਹਾਰੂਨ ਅਤੇ ਇਸਰਾਏਲ ਦੇ ਲੋਕਾਂ ਦੇ ਆਗੂਆ ਨੇ ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਲੋਕਾਂ ਦੀ ਗਿਣਤੀ ਕੀਤੀ। ਉਨ੍ਹਾਂ ਨੇ ਹਰੇਕ ਪਰਿਵਾਰ ਅਤੇ ਹਰੇਕ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। 47 ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਵਿੱਚਕਾਰ ਦੇ ਸਾਰੇ ਆਦਮੀਆ ਦੀ ਗਿਣਤੀ ਕੀਤੀ ਗਈ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਖਾਸ ਕੰਮ ਦਿੱਤਾ ਗਿਆ ਸੀ। ਉਨ੍ਹਾਂ ਦਾ ਕੰਮ ਸਫ਼ਰ ਦੌਰਾਨ ਮੰਡਲੀ ਵਾਲੇ ਤੰਬੂ ਨੂੰ ਚੁੱਕਣਾ ਸੀ। 48 ਕੁੱਲ ਗਿਣਤੀ 8,580 ਸੀ। 49 ਇਸ ਤਰ੍ਹਾਂ, ਜਿਵੇਂ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ, ਸਾਰੇ ਆਦਮੀਆ ਦੀ ਗਿਣਤੀ ਕੀਤੀ ਜਾ ਚੁੱਕੀ ਸੀ। ਹਰੇਕ ਆਦਮੀ ਨੂੰ ਉਸਦਾ ਕੰਮ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਉਸ ਨੇ ਕੀ ਕਰਨਾ ਸੀ। ਇਹ ਉਸੇ ਤਰ੍ਹਾਂ ਕੀਤਾ ਗਿਆ, ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਆਦੇਸ਼ ਦਿੱਤਾ ਸੀ।
ਦਾਊਦ ਦੇ ਗੀਤਾਂ ਵਿੱਚੋਂ ਇੱਕ ਯਾਦਗਿਰੀ ਦੇ ਦਿਨ ਲਈ। [a]
38 ਹੇ ਯਹੋਵਾਹ, ਮੈਨੂੰ ਕ੍ਰੋਧ ਵਿੱਚ ਨਾ ਨਿੰਦੋ,
ਮੈਨੂੰ ਗੁੱਸੇ ਵਿੱਚ ਸੰਜਮ ਨਾ ਸਿੱਖਾਉ।
2 ਤੁਸੀਂ ਮੈਨੂੰ ਸੱਟ ਮਾਰੀ ਹੈ,
ਤੁਹਾਡੇ ਤੀਰ ਮੇਰੇ ਅੰਦਰ ਡੂੰਘੇ ਧਸ ਗਏ ਹਨ।
3 ਤੁਸਾਂ ਮੈਨੂੰ ਦੰਡ ਦਿੱਤਾ, ਮੇਰਾ ਸਾਰਾ ਸ਼ਰੀਰ ਜ਼ਖਮੀ ਹੈ।
ਮੈਂ ਪਾਪ ਕੀਤਾ ਅਤੇ ਤੁਸਾਂ ਮੈਨੂੰ ਦੰਡ ਦਿੱਤਾ ਇਸ ਲਈ ਮੇਰੇ ਹੱਡ ਦੁੱਖ ਰਹੇ ਹਨ।
4 ਮੈਂ ਮੰਦੇ ਅਮਲਾਂ ਦਾ ਦੋਸ਼ੀ ਹਾਂ।
ਅਤੇ ਇਹ ਦੋਸ਼ ਡਾਢੇ ਭਾਰ ਜਿਹਾ ਹੈ।
ਸਿਰ ਚੁੱਕਣ ਲਈ ਮੈਂ ਬਹੁਤ ਸ਼ਰਿਮੰਦਾ ਹਾਂ ਮੈਂ ਅਤਿ ਮੂਰਖ ਹਾਂ।
5 ਮੇਰੇ ਜ਼ਖਮਾਂ ਵਿੱਚ ਪਾਕ ਪੈ ਗਈ ਹੈ, ਅਤੇ ਸੜਿਆਂਦ ਆਉਂਦੀ ਹੈ।
ਕਿਉਂਕਿ ਮੈਂ ਇੱਕ ਮੂਰੱਖਮਈ ਗੱਲ ਕੀਤੀ।
6 ਮੇਰੀ ਕਮਰ ਝੁਕ ਗਈ ਹੈ
ਅਤੇ ਮੈਂ ਦਿਨ ਭਰ ਗਮਗੀਨ ਰਹਿੰਦਾ ਹਾਂ।
7 ਮੈਨੂੰ ਬੁਖਾਰ ਹੈ,
ਅਤੇ ਮੇਰਾ ਸ਼ਰੀਰ ਦੁੱਖ ਰਿਹਾ ਹੈ।
8 ਮੈਨੂੰ ਇੰਨਾ ਦਰਦ ਹੋ ਰਿਹਾ ਕਿ ਮੈਂ ਕੁਝ ਵੀ ਮਹਿਸੂਸ ਨਹੀਂ ਕਰ ਸੱਕਦਾ
ਮੇਰਾ ਦਿਲ ਚੀਕਾਂ ਮਾਰ ਰਿਹਾ ਹੈ ਕਿਉਂਕਿ ਇਹ ਚੂਰ ਹੋਇਆ ਹੈ।
9 ਮੇਰੇ ਮਾਲਕ, ਤੁਸੀਂ ਮੇਰਾ ਦਰਦ ਨਾਲ ਕੁਰਾਹੁਣਾ ਸੁਣਿਆ ਹੈ।
ਮੇਰੇ ਹੌਕੇ ਤੁਹਾਥੋ ਲੁਕੇ ਹੋਏ ਨਹੀਂ ਹਨ।
10 ਮੇਰਾ ਦਿਲ ਚੂਰ ਹੋ ਰਿਹਾ ਹੈ।
ਮੇਰੀ ਸ਼ਕਤੀ ਮੁੱਕ ਗਈ ਹੈ ਅਤੇ ਮੈਂ ਅੰਨ੍ਹਾ ਹੋ ਰਿਹਾ ਹਾਂ।
11 ਮੇਰੀ ਬਿਮਾਰੀ ਦੇ ਕਾਰਣ,
ਮੇਰੇ ਮਿੱਤਰ ਅਤੇ ਗੁਆਂਢੀ ਮੇਰੇ ਕੋਲ ਨਹੀਂ ਆਉਂਦੇ।
ਮੇਰਾ ਪਰਿਵਾਰ ਮੇਰੇ ਨੇੜੇ ਨਹੀਂ ਢੁਕਦਾ।
12 ਮੇਰੇ ਵੈਰੀ ਮੇਰੇ ਬਾਰੇ ਮੰਦੀਆਂ ਗੱਲਾਂ ਕਰਦੇ ਹਨ।
ਉਹ ਝੂਠ ਅਤੇ ਅਫ਼ਵਾਹਾਂ ਫ਼ੈਲਾ ਰਹੇ ਹਨ।
ਉਹ ਦਿਨ ਭਰ ਮੇਰੀਆਂ ਗੱਲਾਂ ਕਰਦੇ ਹਨ।
13 ਪਰ ਮੈਂ ਇਸ ਬੋਲੇ ਬੰਦੇ ਵਰਗਾ ਹਾਂ ਜਿਹੜਾ ਸੁਣ ਨਹੀਂ ਸੱਕਦਾ।
ਮੈਂ ਇੱਕ ਗੂੰਗੇ ਆਦਮੀ ਵਾਂਗ ਹਾਂ ਜਿਹੜਾ ਬੋਲ ਨਹੀਂ ਸੱਕਦਾ।
14 ਮੈਂ ਉਸ ਬੰਦੇ ਵਰਗਾ ਹਾਂ ਜਿਹੜਾ ਉਹ ਨਹੀਂ ਸੁਣ ਸੱਕਦਾ ਜੋ ਲੋਕ ਉਸ ਬਾਰੇ ਆਖਦੇ ਹਨ।
ਮੈਂ ਬਹਿਸ ਨਹੀਂ ਕਰ ਸੱਕਦਾ ਅਤੇ ਸਾਬਤ ਨਹੀਂ ਕਰ ਸੱਕਦਾ, ਕਿ ਮੇਰੇ ਦੁਸ਼ਮਣ ਗਲਤ ਹਨ।
15 ਇਸ ਲਈ ਯਹੋਵਾਹ, ਤੁਸੀਂ ਹੀ ਮੇਰੀ ਰੱਖਿਆ ਕਰੋ।
ਮੇਰੇ ਮਾਲਕ ਤੁਸੀਂ ਹੀ ਮੇਰੀ ਥਾਵੇਂ ਬੋਲੋ।
16 ਜੇਕਰ ਮੈਂ ਕੁਝ ਆਖਦਾ ਹਾ, “ਮੇਰੇ ਦੁਸ਼ਮਣ ਮੇਰੇ ਉੱਤੇ ਹੱਸਣਗੇ।
ਉਹ ਵੇਖਣਗੇ ਕਿ ਮੈਂ ਬਿਮਾਰ ਹਾਂ, ਅਤੇ ਆਖਣਗੇ ਕਿ ਮੈਨੂੰ ਮੇਰੇ ਪਾਪਾਂ ਲਈ ਦੰਡ ਮਿਲ ਰਿਹਾ ਹੈ।”
17 ਮੇਰੇ ਦਰਦ ਹਮੇਸ਼ਾ ਮੇਰੇ ਪਿੱਛੇ ਪਏ ਰਹਿੰਦੇ ਹਨ
ਇਸ ਲਈ ਹੁਣ ਮੈਂ ਆਪਣਾ ਹੌਂਸਲਾ ਛੱਡਣ ਹੀ ਵਾਲਾ ਹਾਂ।
18 ਯਹੋਵਾਹ, ਮੈਂ ਤੁਹਾਨੂੰ ਆਪਣੇ ਮੰਦੇ ਅਮਲਾਂ ਬਾਰੇ ਦੱਸਿਆ ਸੀ।
ਮੈਂ ਆਪਣੇ ਗੁਨਾਹਾਂ ਬਾਰੇ ਉਦਾਸ ਹਾਂ।
19 ਮੇਰੇ ਦੁਸ਼ਮਣ ਜਿਉਂਦੇ ਹਨ ਅਤੇ ਉਹ ਸਿਹਤਮੰਦ ਹਨ।
ਅਤੇ ਉਨ੍ਹਾਂ ਨੇ ਬਹੁਤ ਸਾਰੇ ਝੂਠ ਬੋਲੇ ਹਨ।
20 ਮੇਰੇ ਦੁਸ਼ਮਣਾਂ ਨੇ ਮੇਰੇ ਨਾਲ ਦੁਸ਼ਟਤਾ ਭਰੀਆਂ ਗੱਲਾਂ ਕੀਤੀਆਂ
ਜਦ ਕਿ ਮੈਂ ਉਨ੍ਹਾਂ ਨਾਲ ਸਦਾ ਹੀ ਚੰਗਾ ਵਿਹਾਰ ਕੀਤਾ।
ਮੈਂ ਸਿਰਫ਼ ਚੰਗੇ ਸਲੂਕ ਦੀ ਕੋਸ਼ਿਸ਼ ਕੀਤੀ
ਪਰ ਫ਼ੇਰ ਵੀ ਉਹ ਲੋਕ ਮੇਰੇ ਖਿਲਾਫ਼ ਹੋ ਗਏ।
21 ਯਹੋਵਾਹ, ਮੈਨੂੰ ਛੱਡ ਕੇ ਨਾ ਜਾਉ।
ਮੇਰੇ ਪਰਮੇਸ਼ੁਰ ਨੇੜੇ ਰਹੋ।
22 ਛੇਤੀ ਆਉ ਅਤੇ ਮੇਰੀ ਸਹਾਇਤਾ ਕਰੋ।
ਮੇਰੇ ਪਰਮੇਸ਼ੁਰ, ਮੈਨੂੰ ਬਚਾਉ।
2 ਮੈਂ ਪੱਦਰੀ ਜ਼ਮੀਨ ਉੱਤੇ ਉੱਗਦਾ ਫ਼ੁੱਲ ਹਾਂ,
ਮੈਂ ਵਾਦੀਆਂ ਦੀ ਚੰਬੇਲੀ ਹਾਂ।
ਉਹ ਬੋਲਦਾ ਹੈ
2 ਮੇਰੀ ਮਹਿਬੂਬਾ, ਹੋਰਨਾਂ ਔਰਤਾਂ ਵਿੱਚ ਤੂੰ ਇੰਝ ਹੈ
ਜਿਵੇਂ ਕਿ ਕੰਡਿਆਂ ਦਰਮਿਆਨ ਚੰਬੇਲੀ ਹੋਵੇ।
ਉਹ ਬੋਲਦੀ ਹੈ
3 ਸੇਬ ਦੇ ਰੁੱਖ ਵਾਂਗ ਜੋ ਜੰਗਲ ਦੇ ਰੁੱਖਾਂ ਵਿੱਚਕਾਰ ਉੱਗ ਰਿਹਾ ਹੋਵੇ,
ਮੇਰਾ ਪ੍ਰੀਤਮ ਹੈ ਦੂਸਰੇ ਆਦਮੀਆਂ ਦਰਮਿਆਨ।
ਉਹ ਔਰਤਾਂ ਨਾਲ ਗੱਲ ਕਰਦੀ ਹੈ
ਪਸੰਦ ਹੈ ਮੈਨੂੰ ਆਪਣੇ ਪ੍ਰੀਤਮ ਦੀ ਛਾਵੇਂ ਬੈਠਣਾ;
ਉਸਦਾ ਫਲ ਮੇਰੇ ਮੂੰਹ ਲਈ ਮਿੱਠਾ ਹੈ।
4 ਮੇਰਾ ਪ੍ਰੀਤਮ ਮੈਨੂੰ ਮੈਖਾਨੇ [a] ਵਿੱਚ ਲੈ ਗਿਆ।
ਉਸ ਦਾ ਇਰਾਦਾ ਮੇਰੇ ਵੱਲ ਪਿਆਰ ਦਾ ਸੀ।
5 ਤਕੜਾ ਕਰੋ ਮੈਨੂੰ ਕਿਸ਼ਮਿਸ਼ਾਂ ਨਾਲ
ਮੈਨੂੰ ਮਿੱਠੇ ਸੇਬਾਂ ਨਾਲ ਤਰੋਤਾਜ਼ਾ ਕਰੋ, ਕਿਉਂ ਕਿ ਮੈਂ ਪਿਆਰ ਨਾਲ ਬਿਮਾਰ ਹਾਂ।
6 ਖੱਬੀ ਬਾਂਹ ਮੇਰੇ ਪ੍ਰੀਤਮ ਦੀ ਹੈ ਮੇਰੇ ਸਿਰ ਦੇ ਹੇਠਾਂ
ਅਤੇ ਉਸ ਨੇ ਸੱਜੀ ਬਾਂਹ ਨਾਲ ਮੈਨੂੰ ਗਲਵੱਕੜੀ ਪਾਈ ਹੋਈ ਹੈ।
7 ਯਰੂਸ਼ਲਮ ਦੀਓ ਸੁਆਣੀਓ ਇਕਰਾਰ ਕਰੋ ਮੇਰੇ ਨਾਲ ਹਰਨੋਟਿਆਂ
ਅਤੇ ਜੰਗਲੀ ਹਿਰਣਾਂ ਤੇ ਹੱਥ ਧਰਕੇ ਜਗਾਓ ਨਾ ਪਿਆਰ ਨੂੰ ਉਤੇਜਿਤ ਕਰੋ ਨਾ ਪਿਆਰ ਨੂੰ,
ਜਦੋਂ ਤੱਕ ਇਹ ਨਾ ਚਾਹੇ ਕਿ ਜਗਾਇਆ ਜਾਵੇ।
ਉਹ ਫੇਰ ਬੋਲਦੀ ਹੈ
8 ਇਹ ਮੇਰੇ ਪ੍ਰੀਤਮ ਦੀ ਆਵਾਜ਼ ਹੈ!
ਵੇਖੋ! ਉਹ ਇੱਥੇ, ਪਹਾੜਾਂ ਤੋਂ ਦੀ ਉੱਛਲਦਾ ਹੋਇਆ ਪਹਾੜੀਆਂ
ਤੋਂ ਦੀ ਟੱਪਦਾ ਹੋਇਆ ਆ ਰਿਹਾ ਹੈ।
9 ਮੇਰਾ ਪ੍ਰੀਤਮ ਗਜ਼ੇਲ
ਜਾਂ ਕਿਸੇ ਜਵਾਨ ਹਿਰਣ ਵਰਗਾ ਹੈ।
ਤੱਕੋ ਉਸ ਨੂੰ ਸਾਡੀ ਕੰਧ ਉਹਲੇ ਖੜ੍ਹੇ ਹੋਏ ਨੂੰ
ਖਿੜਕੀ ਵਿੱਚੋਂ ਝਾਕਦੇ ਹੋਏ ਨੂੰ ਜਾਲੀ ਵਿੱਚੋਂ ਤਕਦੇ ਹੋਏ ਨੂੰ।
10 ਮੇਰੇ ਪ੍ਰੀਤਮ ਨੇ ਮੈਨੂੰ ਉੱਤਰ ਦਿੱਤਾ,
“ਉੱਠ ਮੇਰੀ ਮਹਿਬੂਬਾ ਮੇਰੀ ਸੁੰਦਰੀਏ
ਮੇਰੇ ਨਾਲ ਚੱਲ।
11 ਦੇਖ! ਸਰਦੀ ਬੀਤ ਗਈ ਹੈ
ਬਰੱਖਾ ਲੰਘ ਗਈ ਹੈ ਤੇ ਚਲੀ ਗਈ।
12 ਇਹ ਫੁੱਲ ਹਨ ਜਿਹੜੇ ਖੇਤਾਂ ਵਿੱਚ ਖਿੜੇ ਹੋਏ ਹਨ।
ਸਮਾਂ ਹੈ ਇਹ ਪੰਛੀਆਂ ਲਈ ਗੀਤ ਗਾਉਣ ਦਾ।
ਸੁਣੋ, ਅਸੀਂ ਆਪਣੀ ਧਰਤੀ ਅੰਦਰ ਘੁੱਗੀ ਨੂੰ ਸੁਣ ਸੱਕਦੇ ਹਾਂ।
13 ਅੰਜੀਰ ਦੇ ਰੁੱਖ, ਕੱਚੇ ਅੰਜੀਰ ਪੈਦਾ ਕਰ ਰਹੇ ਹਨ।
ਵੇਲਾਂ ਅੰਗੂਰਾਂ ਦੇ ਫੁੱਲਾਂ ਦੀ ਸੁਗੰਧੀ ਦੇ ਰਹੀਆਂ ਹਨ।
ਉੱਠ, ਮੇਰੀ ਮਹਿਬੂਬਾ, ਮੇਰੀ ਸੋਹਣੀਏ
ਅਤੇ ਮੇਰੇ ਨਾਲ ਚੱਲ!”
ਉਹ ਬੋਲਦਾ ਹੈ
14 ਮੇਰੀ ਘੁੱਗੀਏ, ਚੱਟਾਨ ਦੀਆਂ ਤਰੇੜਾਂ ਵਿੱਚ ਖੜੀ ਚੱਟਾਨ ਦੀਆਂ
ਲੁਕਣ ਦੀਆਂ ਥਾਵਾਂ ਵਿੱਚ ਦੇਖਣ ਦੇ
ਮੈਨੂੰ ਤੇਰਾ ਚਿਹਰਾ,
ਸੁਣਨ ਦੇਹ ਮੈਨੂੰ ਤੇਰੀ ਆਵਾਜ਼।
ਕਿੰਨੀ ਸੋਹਣੀ ਹੈ ਆਵਾਜ਼ ਤੇਰੀ
ਅਤੇ ਕਿੰਨੀ ਸਹੋਣੀ ਹੈ ਤੂੰ।
ਉਹ ਔਰਤਾਂ ਨਾਲ ਬੋਲਦੀ ਹੈ
15 ਫੜੋ ਸਾਡੇ ਲਈ ਲੂੰਬੜੀਆਂ ਨੂੰ
ਉਨ੍ਹਾਂ ਛੋਟੀਆਂ ਲੂੰਬੜੀਆਂ ਨੂੰ ਜਿਹੜੀਆਂ ਅੰਗੂਰਾਂ ਦੇ ਬਾਗਾਂ ਨੂੰ
ਨਸ਼ਟ ਕਰਦੀਆਂ ਹਨ ਕਿਉਂ ਕਿ ਸਾਡੇ ਅੰਗੂਰਾਂ ਦੇ
ਬਾਗ ਪੂਰੀ ਬਹਾਰ ਵਿੱਚ ਹਨ।
16 ਮੇਰਾ ਪ੍ਰੀਤਮ ਮੇਰਾ ਹੈ,
ਤੇ ਮੈਂ ਉਸਦੀ ਹਾਂ!
ਮੇਰਾ ਪ੍ਰੀਤਮ ਚੰਬੇਲੀਆਂ ਦਰਮਿਆਨ ਚਰ ਰਿਹਾ ਹੈ।
17 ਦਿਨ ਚਢ਼ਨ ਤੀਕ ਅਤੇ ਪ੍ਰਛਾਵਿਆਂ ਦੇ ਉੱਡ ਜਾਣ ਤੀਕ ਮੁੜ,
ਮੇਰੇ ਪ੍ਰੀਤਮ, ਹਰਨੋਟੇ ਜਾਂ ਜਵਾਨ ਹਿਰਣ ਵਾਂਗ।
ਜਿਹੜਾ ਪਰਬਤਾਂ ਉੱਤੇ ਹੁੰਦਾ ਹੈ।
ਸਾਡੀ ਮੁਕਤੀ ਸ਼ਰ੍ਹਾ ਨਾਲੋਂ ਮਹਾਨ ਹੈ
2 ਇਸ ਲਈ ਸਾਨੂੰ ਬਹੁਤ ਧਿਆਨ ਨਾਲ ਉਨ੍ਹਾਂ ਗੱਲਾਂ ਨੂੰ ਮੰਨਣਾ ਚਾਹੀਦਾ ਹੈ ਜਿਨ੍ਹਾਂ ਦੀ ਸਾਨੂੰ ਸਿੱਖਿਆ ਦਿੱਤੀ ਗਈ ਸੀ। ਸਾਨੂੰ ਸਾਵੱਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਸੱਚ ਦੇ ਮਾਰਗ ਤੋਂ ਦੂਰ ਨਾ ਹੋ ਜਾਈਏ। 2 ਜਿਹੜੇ ਉਪਦੇਸ਼ (ਸ਼ਰ੍ਹਾ) ਪਰਮੇਸ਼ੁਰ ਦੇ ਦੂਤਾਂ ਰਾਹੀਂ ਦਿੱਤੇ ਉਨ੍ਹਾਂ ਨੂੰ ਸੱਚ ਸਾਬਤ ਕੀਤੇ ਗਏ ਸਨ। ਅਤੇ ਜਦੋਂ ਵੀ ਲੋਕ ਉਸ ਉਪਦੇਸ਼ ਦੇ ਖਿਲਾਫ਼ ਗਏ ਅਤੇ ਉਸ ਉਪਦੇਸ਼ ਦੀ ਅਵੱਗਿਆ ਕੀਤੀ, ਉਨ੍ਹਾਂ ਨੇ ਢੁੱਕਵੀਂ ਸਜ਼ਾ ਪ੍ਰਾਪਤ ਕੀਤੀ। 3 ਜਿਹੜੀ ਮੁਕਤੀ ਸਾਨੂੰ ਮਿਲੀ ਹੈ ਉਹ ਬਹੁਤ ਮਹਾਨ ਹੈ। ਇਸ ਲਈ ਜੇਕਰ ਅਸੀਂ ਅਜਿਹਾ ਸੋਚਕੇ ਜੀਵਨ ਵਤੀਤ ਕਰੀਏ ਕਿ ਇਸ ਮੁਕਤੀ ਦਾ ਕੋਈ ਮਹੱਤਵ ਨਹੀਂ, ਤਾਂ ਅਸੀਂ ਸਜ਼ਾ ਪਾਉਣ ਲਈ ਬੰਧਿਤ ਹਾਂ। ਇਹ ਪ੍ਰਭੂ ਹੀ ਸੀ ਜਿਸਨੇ ਲੋਕਾਂ ਨੂੰ ਇਸ ਮੁਕਤੀ ਬਾਰੇ ਸਭ ਤੋਂ ਪਹਿਲਾਂ ਦੱਸਿਆ। ਅਤੇ ਜਿਹੜੇ ਲੋਕਾਂ ਨੇ ਉਸ ਨੂੰ ਸੁਣਿਆ, ਸਾਨੂੰ ਇਸ ਗੱਲ ਦਾ ਸਬੂਤ ਦਿੱਤਾ ਕਿ ਇਹ ਮੁਕਤੀ ਸੱਚੀ ਹੈ। 4 ਪਰਮੇਸ਼ੁਰ ਨੇ ਵੀ ਇਸਦਾ ਸਬੂਤ ਕਰਿਸ਼ਮਿਆਂ, ਮਹਾਨ ਨਿਸ਼ਾਨਾਂ ਅਤੇ ਕਈ ਤਰ੍ਹਾਂ ਦੇ ਅਚੰਭਿਆਂ ਰਾਹੀਂ ਦਿੱਤਾ। ਅਤੇ ਉਸ ਨੇ ਇਸਦਾ ਸਬੂਤ ਲੋਕਾਂ ਨੂੰ ਪਵਿੱਤਰ ਆਤਮਾ ਵੱਲੋਂ ਦਿੱਤੀਆਂ ਦਾਤਾਂ ਰਾਹੀਂ ਵੀ ਦਿੱਤਾ। ਉਸ ਨੇ ਇਹ ਦਾਤਾਂ ਆਪਣੀ ਰਜ਼ਾ ਅਨੁਸਾਰ ਦਿੱਤੀਆਂ।
ਮਸੀਹ ਲੋਕਾਂ ਨੂੰ ਬਚਾਉਣ ਲਈ ਮਨੁੱਖਾਂ ਵਰਗਾ ਬਣ ਗਿਆ
5 ਪਰਮੇਸ਼ੁਰ ਨੇ ਆਉਣ ਵਾਲੀ ਨਵੀਂ ਦੁਨੀਆਂ ਉੱਪਰ ਹਕੂਮਤ ਕਰਨ ਲਈ ਦੂਤਾਂ ਦੀ ਚੋਣ ਨਹੀਂ ਕੀਤੀ। ਇਹ ਭਵਿੱਖ ਦੀ ਦੁਨੀਆਂ ਹੀ ਅਜਿਹੀ ਦੁਨੀਆ ਹੈ ਜਿਸ ਬਾਰੇ ਅਸੀਂ ਗੱਲਾਂ ਕਰਦੇ ਰਹੇ ਹਾਂ। 6 ਇਹ ਪੋਥੀਆਂ ਵਿੱਚ ਇੱਕ ਜਗ਼੍ਹਾ ਤੇ ਲਿਖਿਆ ਗਿਆ ਹੈ,
“ਪਰਮੇਸ਼ੁਰ, ਤੂੰ ਮਨੁੱਖ ਦਾ ਧਿਆਨ ਕਿਉਂ ਰੱਖਦਾ ਹੈ?
ਤੂੰ ਕਿਉਂ ਮਨੁੱਖ ਦੇ ਪੁੱਤਰ ਦੀ ਚਿੰਤਾ ਕਰਦਾ ਹੈ।
ਕੀ ਉਹ ਇੰਨਾ ਹੀ ਮਹੱਤਵਪੂਰਣ ਹੈ?
7 ਥੋੜੇ ਜਿਹੇ ਸਮੇਂ ਲਈ, ਤੂੰ ਉਸ ਨੂੰ ਦੂਤਾਂ ਨਾਲੋਂ ਨੀਵਾਂ ਕਰ ਦਿੱਤਾ।
ਤੂੰ ਉਸ ਨੂੰ ਮਹਿਮਾ ਅਤੇ ਇੱਜ਼ਤ ਤਾਜ ਵਾਂਗ ਦਿੱਤੀ ਹੈ।
8 ਤੂੰ ਹਰ ਚੀਜ਼ ਨੂੰ ਉਸ ਦੇ ਅਧੀਨ ਕਰ ਦਿੱਤਾ।” (A)
ਜੇ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਕਾਬੂ ਹੇਠਾਂ ਕਰ ਦਿੱਤਾ ਤਾਂ ਕੋਈ ਅਜਿਹੀ ਚੀਜ਼ ਨਹੀਂ ਬਚੀ ਜਿਸ ਉੱਤੇ ਉਸਦੀ ਹਕੂਮਤ ਨਹੀਂ ਸੀ। ਪਰ ਅਸੀਂ ਹਾਲੇ ਉਸ ਨੂੰ ਹਰ ਚੀਜ਼ ਉਪਰ ਹਕੂਮਤ ਕਰਦਿਆਂ ਨਹੀਂ ਦੇਖਦੇ। 9 ਥੋੜੇ ਪਲਾਂ ਲਈ, ਯਿਸੂ ਨੂੰ ਦੂਤਾਂ ਤੋਂ ਨੀਵਾਂ ਕੀਤਾ ਗਿਆ ਸੀ। ਪਰ ਹੁਣ ਅਸੀਂ ਉਸ ਨੂੰ ਮਹਿਮਾ ਅਤੇ ਸਤਿਕਾਰ ਤਾਜ ਦੀ ਤਰ੍ਹਾਂ ਪਹਿਨੇ ਹੋਏ ਦੇਖਦੇ ਹਾਂ, ਕਿਉਂਕਿ ਉਸ ਨੇ ਦੁੱਖ ਝੱਲੇ ਅਤੇ ਕਾਲਵਸ ਹੋ ਗਿਆ। ਪਰਮੇਸ਼ੁਰ ਦੀ ਕਿਰਪਾ ਦੇ ਕਾਰਣ ਯਿਸੂ ਹਰ ਮਨੁੱਖ ਲਈ ਮਰਿਆ।
10 ਪਰਮੇਸ਼ੁਰ ਹੀ ਹੈ ਜਿਸਨੇ ਸਾਰੀਆਂ ਚੀਜ਼ਾਂ ਸਾਜੀਆਂ ਅਤੇ ਇਹ ਸਮੂਹ ਚੀਜ਼ਾਂ ਉਸਦੀ ਮਹਿਮਾ ਲਈ ਸਥਿਰ ਹਨ। ਪਰਮੇਸ਼ੁਰ ਨੇ ਆਪਣੀ ਮਹਿਮਾ ਸਾਂਝੀ ਕਰਨ ਲਈ ਕਈ ਪੁੱਤਰ ਹੋਣ ਦੀ ਇੱਛਾ ਕੀਤੀ। ਇਸ ਲਈ ਪਰਮੇਸ਼ੁਰ ਨੇ ਉਹੀ ਕੀਤਾ ਜੋ ਉਹ ਕਰਨਾ ਲੋਚਦਾ ਸੀ। ਉਸ ਨੇ ਯਿਸੂ ਨੂੰ ਸੰਪੂਰਨ ਬਣਾਇਆ ਜਿਹੜਾ ਉਨ੍ਹਾਂ ਲੋਕਾਂ ਨੂੰ ਮੁਕਤੀ ਵੱਲ ਲੈ ਜਾਂਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ ਯਿਸੂ ਦੇ ਕਸ਼ਟਾਂ ਰਾਹੀਂ ਸੰਪੂਰਨ ਮੁਕਤੀਦਾਤਾ ਬਣਾਇਆ।
11 ਉਹ ਇੱਕ ਜਿਹੜਾ ਲੋਕਾਂ ਨੂੰ ਪਵਿੱਤਰ ਬਣਾਉਂਦਾ ਹੈ ਅਤੇ ਉਹ ਲੋਕ ਜਿਹੜੇ ਪਵਿੱਤਰ ਬਣਾਏ ਜਾਂਦੇ ਹਨ, ਇੱਕੋ ਹੀ ਪਰਿਵਾਰ ਦੇ ਹਨ। ਇਸ ਲਈ ਉਹ ਉਨ੍ਹਾਂ ਲੋਕਾਂ ਨੂੰ ਆਪਣੇ ਭਰਾ ਅਤੇ ਭੈਣਾਂ ਆਖਦਿਆਂ ਕੋਈ ਦੋਸ਼ੀ ਮਹਿਸੂਸ ਨਹੀਂ ਕਰਦਾ। 12 ਯਿਸੂ ਆਖਦਾ ਹੈ,
“ਹੇ ਪਰਮੇਸ਼ੁਰ, ਮੈਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਤੇਰੇ ਬਾਰੇ ਦੱਸਾਂਗਾ।
ਤੇਰੇ ਸਾਰੇ ਲੋਕਾਂ ਦੇ ਸਨਮੁੱਖ ਮੈਂ ਤੇਰੇ ਗੁਣ ਗਾਵਾਂਗਾ।” (B)
13 ਉਹ ਵੀ ਆਖਦਾ ਹੈ,
“ਮੈਂ ਆਪਣਾ ਭਰੋਸਾ ਪਰਮੇਸ਼ੁਰ ਵਿੱਚ ਰੱਖਾਂਗਾ।” (C)
ਅਤੇ ਉਹ ਆਖਦਾ ਹੈ,
“ਮੈਂ ਇੱਥੇ ਹਾਂ। ਅਤੇ ਉਹ ਸਾਰੇ ਬੱਚੇ ਮੇਰੇ ਨਾਲ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮੈਨੂੰ ਦਿੱਤਾ ਹੈ।” (D)
14 ਉਹ ਬੱਚੇ ਭੌਤਿਕ ਸਰੀਰਾਂ ਵਾਲੇ ਲੋਕ ਹਨ। ਇਸ ਲਈ ਯਿਸੂ ਖੁਦ ਉਨ੍ਹਾਂ ਵਰਗਾ ਬਣ ਗਿਆ ਅਤੇ ਉਹ ਉਸੇ ਅਨੁਭਵ ਰਾਹੀਂ ਲੰਘਿਆ ਜਿਸ ਰਾਹੀਂ ਉਹ ਵੀ ਲੰਘਦੇ ਹਨ। ਯਿਸੂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਮਰਕੇ ਉਸਦਾ ਵਿਨਾਸ਼ ਕਰ ਸੱਕੇ ਜਿਸ ਕੋਲ ਮੌਤ ਦੀ ਸ਼ਕਤੀ ਹੈ। ਉਹ ਇੱਕ ਸ਼ੈਤਾਨ ਹੈ। 15 ਯਿਸੂ ਉਨ੍ਹਾਂ ਲੋਕਾਂ ਜਿਹਾ ਇਸ ਲਈ ਬਣਿਆ ਅਤੇ ਮਰਿਆ ਤਾਂ ਜੋ ਉਹ ਉਨ੍ਹਾਂ ਨੂੰ ਮੁਕਤ ਕਰ ਸੱਕੇ। ਉਹ ਮੌਤ ਦੇ ਭੈ ਕਾਰਣ ਜ਼ਿੰਦਗੀ ਭਰ ਲਈ ਗੁਲਾਮਾਂ ਵਰਗੇ ਸਨ। 16 ਇਹ ਗੱਲ ਸਾਫ਼ ਹੈ ਕਿ ਇਹ ਦੂਤ ਨਹੀਂ ਹਨ ਜਿਨ੍ਹਾਂ, ਦੀ ਸਹਾਇਤਾ ਯਿਸੂ ਕਰਦਾ ਹੈ। ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਦਾ ਹੈ ਜਿਹੜੇ ਅਬਰਾਹਾਮ ਦੀ ਔਲਾਦ ਹਨ। 17 ਇਸੇ ਕਾਰਣ ਯਿਸੂ ਨੂੰ ਇੱਕ ਸਰਦਾਰ ਜਾਜਕ ਬਣਨ ਦੀ ਖਾਤਿਰ ਹਰ ਤਰ੍ਹਾਂ ਆਪਣੇ ਭਰਾਵਾਂ ਅਤੇ ਭੈਣਾਂ ਵਰਗਾ ਬਣਨਾ ਪੈਣਾ ਸੀ ਜੋ ਕਿ ਪਰਮੇਸ਼ੁਰ ਦੀ ਸੇਵਾ ਵਿੱਚ ਮਿਹਰਬਾਨ ਅਤੇ ਵਫ਼ਾਦਾਰ ਹੈ। ਤਾਂ ਫ਼ੇਰ ਯਿਸੂ ਲੋਕਾਂ ਦੇ ਪਾਪਾਂ ਨੂੰ ਬਖਸ਼ ਸੱਕੇ। 18 ਅਤੇ ਹੁਣ ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰ ਸੱਕਦਾ ਹੈ ਜੋ ਭਰਮਾਏ ਗਏ ਹਨ। ਯਿਸੂ ਇਹ ਲਈ ਸਹਾਇਤਾ ਕਰ ਸੱਕਣ ਦੇ ਯੋਗ ਹੈ ਕਿਉਂ ਜੋ ਉਹ ਤਸੀਹਿਆਂ ਰਾਹੀਂ ਗੁਜਰਿਆ ਅਤੇ ਭਰਮਾਇਆ ਗਿਆ ਸੀ।
2010 by World Bible Translation Center