Revised Common Lectionary (Complementary)
146 ਯਹੋਵਾਹ ਦੀ ਉਸਤਤਿ ਕਰੋ।
ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
2 ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ।
ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
3 ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ।
ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।
4 ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ।
ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
5 ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ।
ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
6 ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।
7 ਯਹੋਵਾਹ ਉਨ੍ਹਾਂ ਲੋਕਾਂ ਲਈ ਸਹੀ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਦਿੱਤਾ ਗਿਆ ਹੈ
ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ
ਯਹੋਵਾਹ ਕੈਦ ਵਿੱਚ ਬੰਦ ਲੋਕਾਂ ਨੂੰ ਮੁਕਤ ਕਰਦਾ ਹੈ।
8 ਯਹੋਵਾਹ ਅੰਨ੍ਹੇ ਲੋਕਾਂ ਦੀ ਦੇਖਣ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
ਯਹੋਵਾਹ ਨੇਕ ਲੋਕਾਂ ਨੂੰ ਪਿਆਰ ਕਰਦਾ ਹੈ।
9 ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ।
ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ।
ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।
10 ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ ਸੀਯੋਨ,
ਤੇਰਾ ਪਰਮੇਸ਼ੁਰ ਸਦਾ-ਸਦਾ ਲਈ ਰਾਜ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
3 ਜਿਹੜਾ ਗਰੀਬ ਲੋਕਾਂ ਤੇ ਜ਼ੁਲਮ ਕਰਦਾ, ਉਸ ਸਖਤ ਬਾਰਿਸ਼ ਵਰਗਾ ਹੈ ਜਿਹੜੀ ਫ਼ਸਲਾਂ ਨੂੰ ਤਬਾਹ ਕਰ ਦਿੰਦੀ ਹੈ।
4 ਜਿਹੜੇ ਲੋਕ ਬਿਵਸਥਾ ਨੂੰ ਪ੍ਰਵਾਨ ਨਹੀਂ ਕਰਦੇ, ਬਦ ਲੋਕਾਂ ਦੀ ਉਸਤਤ ਕਰਦੇ ਹਨ ਪਰ ਜਿਹੜੇ ਬਿਵਸਥਾ ਨੂੰ ਰੱਖਦੇ ਹਨ ਉਨ੍ਹਾਂ ਤੇ ਜ਼ੁਲਮ ਕਰਦੇ ਹਨ।
5 ਬੁਰੇ ਬੰਦੇ ਨਿਰਪੱਖਤਾ ਨੂੰ ਨਹੀਂ ਸਮਝਦੇ। ਪਰ ਜਿਹੜੇ ਬੰਦੇ ਯਹੋਵਾਹ ਨੂੰ ਪਿਆਰ ਕਰਦੇ ਹਨ ਉਹ ਇਸ ਨੂੰ ਸਮਝਦੇ ਹਨ।
6 ਜਿਹੜਾ ਗਰੀਬ, ਇਮਾਨਦਾਰੀ ਨਾਲ ਜਿਉਂਦਾ ਹੈ ਉਸ ਅਮੀਰ ਆਦਮੀ ਨਾਲੋਂ ਬਿਹਤਰ ਹੈ ਜਿਸਦੇ ਰਾਹ ਟੇਢੇ-ਮੇਢੇ ਹੁੰਦੇ ਹਨ।
7 ਸੂਝਵਾਨ ਪੁੱਤਰ ਨੇਮ ਤੇ ਚੱਲਦਾ ਹੈ ਪਰ ਉਹ ਜਿਹੜਾ ਬੇਕਾਰ ਲੋਕਾਂ ਦਾ ਸੰਗ ਕਰਦਾ, ਆਪਣੇ ਪਿਉ ਨੂੰ ਬੇਇੱਜ਼ਤ ਕਰਦਾ ਹੈ।
8 ਜੇ ਤੁਸੀਂ ਗਰੀਬ ਲੋਕਾਂ ਨਾਲ ਧੋਖਾ ਕਰਕੇ ਅਮੀਰ ਹੁੰਦੇ ਹੋ ਅਤੇ ਉਨ੍ਹਾਂ ਪਾਸੋਂ ਵਿਆਜ ਦੀ ਉੱਚੀ ਦਰ ਵਸੂਲ ਕਰਦੇ ਹੋ ਤਾਂ ਤੁਸੀਂ ਆਪਣੀ ਦੌਲਤ ਗੁਆ ਬੈਠੋਗੇ। ਇਹ ਉਸ ਦੂਸਰੇ ਬੰਦੇ ਕੋਲ ਚਲੀ ਜਾਵੇਗੀ ਜਿਹੜਾ ਉਨ੍ਹਾਂ ਉੱਤੇ ਮਿਹਰਬਾਨ ਹੁੰਦਾ ਹੈ।
9 ਜਿਹੜਾ ਵਿਅਕਤੀ ਨੇਮ ਤੋਂ ਹਟ ਜਾਂਦਾ, ਉਸ ਦੀਆਂ ਪ੍ਰਾਰਥਾਨਵਾਂ ਵੀ ਪਰਮੇਸ਼ੁਰ ਲਈ ਘ੍ਰਿਣਿਤ ਹਨ।
10 ਜਿਹੜਾ ਵਿਅਕਤੀ ਇਮਾਨਦਾਰ ਲੋਕਾਂ ਨੂੰ ਕੁਰਾਹੇ ਪਾਉਂਦਾ ਹੈ ਆਪਣੇ ਹੀ ਜਾਲ ਵਿੱਚ ਫ਼ਸ ਜਾਂਦਾ ਹੈ। ਪਰ ਜਿਸ ਵਿਅਕਤੀ ਵਿੱਚ ਕੋਈ ਦੋਸ਼ ਨਹੀਂ, ਚੰਗਾ ਵਿਰਸਾ ਪ੍ਰਾਪਤ ਕਰੇਗਾ।
ਮੌਤ ਤੋਂ ਜੀਵਨ ਵੱਲ
2 ਅਤੀਤ ਵਿੱਚ ਤੁਹਾਡਾ ਆਤਮਕ ਜੀਵਨ ਤੁਹਾਡੇ ਪਾਪ ਅਤੇ ਉਨ੍ਹਾਂ ਗੱਲਾਂ ਕਾਰਣ ਜਿਹੜੀਆਂ ਤੁਸੀਂ ਪਰਮੇਸ਼ੁਰ ਦੇ ਖਿਲਾਫ਼ ਕੀਤੀਆਂ, ਮੁਰਦਾ ਸੀ। 2 ਹਾਂ, ਅਤੀਤ ਵਿੱਚ ਤੁਸੀਂ ਇਹ ਪਾਪ ਕਰਦੇ ਹੋਏ ਜੀਵਨ ਬਤੀਤ ਕੀਤਾ। ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਜੀਵਨ ਬਤੀਤ ਕੀਤਾ ਤੁਸੀਂ ਸੰਸਾਰ ਵਿੱਚ ਬਦੀ ਦੀਆਂ ਸ਼ਕਤੀਆਂ ਦੇ ਹਾਕਮ ਦੇ ਚੇਲੇ ਸੀ। ਹੁਣ ਇਹੀ ਆਤਮਾ ਉਨ੍ਹਾਂ ਲੋਕਾਂ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਪਰਮੇਸ਼ੁਰ ਨੂੰ ਅਵੱਗਿਆਕਾਰੀ ਹਨ। 3 ਪਿੱਛਲੇ ਸਮਿਆਂ ਵਿੱਚ, ਅਸੀਂ ਸਾਰੇ ਉਸੇ ਤਰ੍ਹਾਂ ਰਹੇ ਜਿਵੇਂ ਉਹ ਲੋਕ ਰਹੇ। ਅਸੀਂ ਆਪਣੇ ਪਾਪੀ ਆਪਿਆਂ ਨੂੰ ਸੰਤੁਸ਼ਟ ਕਰ ਰਹੇ ਸਾਂ। ਅਸੀਂ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦੀ ਸਾਡੇ ਤਨਾਂ ਅਤੇ ਮਨਾਂ ਨੇ ਕਰਨ ਦੀ ਇੱਛਾ ਕੀਤੀ। ਜਦੋਂ ਅਸੀਂ ਅਜਿਹੀ ਜ਼ਿੰਦਗੀ ਜਿਉਂ ਰਹੇ ਸਾਂ, ਅਸੀਂ ਪਰਮੇਸ਼ੁਰ ਦੇ ਕ੍ਰੋਧ ਦਾ ਸਾਹਮਣਾ ਕਰਨ ਵਾਲੇ ਸਾਂ ਕਿਉਂਕਿ ਅਸੀਂ ਦੁਸ਼ਟ ਲੋਕ ਸੀ। ਅਸੀਂ ਹੋਰਨਾਂ ਸਾਰੇ ਲੋਕਾਂ ਵਰਗੇ ਸਾਂ।
4 ਪਰ ਪਰਮੇਸ਼ੁਰ ਨੇ ਜਿਹੜਾ ਇੰਨਾ ਕਿਰਪਾਲੂ ਹੈ ਸਾਨੂੰ ਮਹਾਣ ਪਿਆਰ ਵਿਖਾਇਆ। 5 ਅਸੀਂ ਆਤਮਕ ਤੌਰ ਤੇ ਮਰ ਚੁੱਕੇ ਸਾਂ। ਅਸੀਂ ਉਨ੍ਹਾਂ ਗਲਤ ਗੱਲਾਂ ਕਾਰਣ ਮਾਰੇ ਹੋਏ ਸਾਂ ਜਿਹੜੀਆਂ ਅਸੀਂ ਪਰਮੇਸ਼ੁਰ ਦੇ ਖਿਲਾਫ਼ ਕਰਦੇ ਸਾਂ। ਪਰ ਪਰਮੇਸ਼ੁਰ ਨੇ ਸਾਨੂੰ ਮਸੀਹ ਨਾਲ ਇੱਕ ਨਵਾਂ ਜੀਵਨ ਦਿੱਤਾ। ਤੁਸੀਂ ਪਰਮੇਸ਼ੁਰ ਦੀ ਕਿਰਪਾ ਕਾਰਣ ਬਚਾਏ ਗਏ। 6 ਅਤੇ ਪਰਮੇਸ਼ੁਰ ਨੇ ਸਾਨੂੰ ਮਸੀਹ ਸਮੇਤ ਉੱਪਰ ਉੱਠਾਇਆ ਅਤੇ ਸਾਨੂੰ ਉਸ ਦੇ ਨਾਲ ਸਵਰਗੀ ਥਾਵਾਂ ਵਿੱਚ ਬਿਠਾਇਆ। ਪਰਮੇਸ਼ੁਰ ਨੇ ਇਹ ਸਭ ਕੁਝ ਸਾਡੇ ਲਈ ਕੀਤਾ ਜੋ ਮਸੀਹ ਯਿਸੂ ਵਿੱਚ ਹਨ। 7 ਪਰਮੇਸ਼ੁਰ ਨੇ ਇਹ ਆਉਣ ਵਾਲੇ ਜੁਗਾਂ ਵਿੱਚ ਆਪਣੀ ਕਿਰਪਾ ਦੀ ਮਹਾਨ ਅਮੀਰੀ ਵਿਖਾਉਣ ਲਈ ਕੀਤਾ। ਪਰਮੇਸ਼ੁਰ ਸਾਡੇ ਉੱਪਰ ਇਹ ਕਿਰਪਾ ਮਸੀਹ ਯਿਸੂ ਵਿੱਚ ਆਪਣੀ ਦਯਾਲਤਾ ਰਾਹੀਂ ਵਰਤਾਉਂਦਾ ਹੈ।
8 ਮੇਰਾ ਕਹਿਣ ਦਾ ਭਾਵ ਹੈ ਕਿ ਤੁਸੀਂ ਨਿਹਚਾ ਰਾਹੀਂ ਪਰਮੇਸ਼ੁਰ ਦੀ ਕਿਰਪਾ ਦੁਆਰਾ ਬਚਾਏ ਗਏ ਹੋ। ਅਤੇ ਤੁਸੀਂ ਇਹ ਕਿਰਪਾ ਵਿਸ਼ਵਾਸ ਰਾਹੀਂ ਪ੍ਰਾਪਤ ਕੀਤੀ ਹੈ। ਤੁਸੀਂ ਆਪਣੇ ਆਪ ਨੂੰ ਨਹੀਂ ਬਚਾਇਆ ਇਹ ਤਾਂ ਪਰਮੇਸ਼ੁਰ ਵੱਲੋਂ ਦਿੱਤੀ ਦਾਤ ਸੀ। 9 ਨਹੀਂ! ਤੁਸੀਂ ਆਪਣੇ ਉਨ੍ਹਾਂ ਕੰਮਾਂ ਰਾਹੀਂ ਨਹੀਂ ਬਚੇ ਜਿਹੜੇ ਤੁਸੀਂ ਕੀਤੇ ਹਨ। ਇਸ ਤਰੀਕੇ ਨਾਲ, ਕੋਈ ਵੀ ਵਿਅਕਤੀ ਘਮੰਡ ਨਹੀਂ ਕਰ ਸੱਕਦਾ ਕਿ ਉਸ ਨੇ ਖੁਦ ਨੂੰ ਬਚਾਇਆ। 10 ਪਰਮੇਸ਼ੁਰ ਨੇ ਸਾਨੂੰ ਉਵੇਂ ਬਣਾਇਆ ਹੈ ਜਿਵੇਂ ਦੇ ਅਸੀਂ ਹਾਂ। ਪਰਮੇਸ਼ੁਰ ਨੇ ਸਾਨੂੰ ਮਸੀਹ ਯਿਸੂ ਵਿੱਚ ਨਵੇਂ ਬਣਾਇਆ ਤਾਂ ਜੋ ਅਸੀਂ ਚੰਗੇ ਕੰਮ ਕਰਨ ਯੋਗ ਹੋ ਸੱਕੀਏ। ਪਰਮੇਸ਼ੁਰ ਨੇ ਪਹਿਲਾਂ ਹੀ ਇਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਦੀ ਯੋਜਨਾ ਸਾਡੇ ਲਈ ਤਿਆਰ ਕੀਤੀ ਹੋਈ ਹੈ। ਤਾਂ ਕਿ ਅਸੀਂ ਆਪਣਾ ਜੀਵਨ ਚੰਗੇ ਕੰਮ ਕਰਦਿਆਂ ਬਿਤਾਈਏ।
2010 by World Bible Translation Center