Revised Common Lectionary (Complementary)
ਇਸਰਾਏਲ ਦੇ ਵਪਾਰੀਆਂ ਨੂੰ ਸਿਰਫ਼ ਧੰਨ ਇਕੱਠਾ ਕਰਨ ਦਾ ਲਾਲਚ
4 ਮੇਰੀ ਗੱਲ ਸੁਣੋ! ਤੁਸੀਂ ਜੋ ਇਸ ਦੇਸ ਦੇ ਗਰੀਬਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਹੋ
ਅਤੇ ਉਨ੍ਹਾਂ ਨੂੰ ਕੁਚਲਦੇ ਹੋ।
5 ਤੁਸੀਂ ਵਪਾਰੀ ਆਖਦੇ ਹੋ,
“ਅਮਸਿਆ ਕੱਦੋਂ ਲੰਘੇਗੀ ਤਾਂ ਜੋ ਅਸੀਂ ਅਨਾਜ ਖਰੀਦ ਸੱਕੀਏ।
ਸਬਤ ਕਦੋਂ ਖਤਮ ਹੋਵੇਗਾ,
ਤਾਂ ਜੋ ਅਸੀਂ ਕਣਕ ਵੇਚ ਸੱਕੀਏ।
ਇੰਝ ਅਸੀਂ ਗ਼ਲਤ ਤੋਂਲਾਂ
ਅਤੇ ਮਾਪਾਂ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਧੋਖਾ ਦੇ ਸੱਕਦੇ ਹਾਂ।
6 ਗਰੀਬ ਕਰਜਾ ਲਾਉਣ ਤੋਂ ਅਸਮਰੱਬ ਹਨ
ਇਸ ਲਈ ਉਨ੍ਹਾਂ ਨੂੰ ਅਸੀਂ ਗੁਲਾਮ ਬਣਾਕੇ ਖਰੀਦੀਏ
ਅਸੀਂ ਉਨ੍ਹਾਂ ਗਰੀਬਾਂ ਨੂੰ ਇੱਕ ਜੁਤ੍ਤੇ ਦੇ ਜੋੜੇ ਦੇ ਮੁੱਲ ਵੱਟ ਲਵਾਂਗੇ।
ਅਤੇ ਆਪਣੀ ਰਹਿੰਦ-ਖੁੰਹਦ ਕਣਕ ਨੂੰ ਵੀ ਵੇਚੀਏ।”
7 ਯਹੋਵਾਹ ਨੇ ਯਾਕੂਬ ਦੇ ਹੰਕਾਰ ਦੀ ਸੌਂਹ ਖਾਧੀ ਹੈ:
“ਮੈਂ ਉਨ੍ਹਾਂ ਦੀਆਂ ਕਰਤੂਤਾਂ ਨੂੰ ਕਦੇ ਵੀ ਨਾ ਭੁੱਲਾਂਗਾ।
113 ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
2 ਯਹੋਵਾਹ ਦਾ ਨਾਮ ਹੁਣ ਅਤੇ ਸਦਾ ਲਈ ਸੁਭਾਗਾ ਹੋਵੇਗਾ।
3 ਯਹੋਵਾਹ ਦੇ ਨਾਮ ਦੀ ਉਸਤਤਿ ਪੂਰਬ ਵਿੱਚ ਉੱਗਦੇ ਸੂਰਜ ਵੱਲੋਂ
ਪਰਮੇਸ਼ੁਰ ਦੇ ਨਾਮ ਨੂੰ ਉਸ ਥਾਂ ਤੱਕ ਅਸੀਸ ਮਿਲੇ ਜਿੱਥੇ ਸੂਰਜ ਜਾ ਛਿਪਦਾ ਹੈ।
4 ਯਹੋਵਾਹ ਸਭ ਕੌਮਾਂ ਨਾਲੋਂ ਉਚੇਰਾ ਹੈ।
ਉਸਦੀ ਮਹਿਮਾ ਅਕਾਸ਼ ਵੱਲ ਉੱਠਦੀ ਹੈ।
5 ਕੋਈ ਬੰਦਾ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਨਹੀਂ ਹੈ,
ਪਰਮੇਸ਼ੁਰ ਉੱਚੇ ਸਵਰਗ ਵਿੱਚ ਬੈਠਾ ਹੈ।
6 ਪਰਮੇਸ਼ੁਰ ਸਾਡੇ ਕੋਲੋਂ ਇੰਨਾ ਉੱਚਾ ਹੈ ਕਿ ਉਸ ਨੂੰ ਧਰਤੀ
ਅਤੇ ਅਕਾਸ਼ ਵੇਖਣ ਲਈ ਹੇਠਾਂ ਦੇਖਣਾ ਪੈਂਦਾ ਹੈ।
7 ਪਰਮੇਸ਼ੁਰ ਮਸੱਕੀਨ ਲੋਕਾਂ ਨੂੰ ਖਾਕ ਵਿੱਚੋਂ ਚੁੱਕਦਾ ਹੈ।
ਪਰਮੇਸ਼ੁਰ ਮੰਗਤਿਆਂ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਦਾ ਹੈ।
8 ਅਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
ਪਰਮੇਸ਼ੁਰ ਉਨ੍ਹਾਂ ਨੂੰ ਮਹਤਵਪੂਰਣ ਆਗੂ ਬਣਾ ਦਿੰਦਾ ਹੈ।
9 ਭਾਵੇਂ ਕਿਸੇ ਔਰਤ ਦੇ ਔਲਾਦ ਨਾ ਹੋਵੇ।
ਪਰ ਪਰਮੇਸ਼ੁਰ ਉਸ ਨੂੰ ਬੱਚੇ ਦੇ ਦੇਵੇਗਾ।
ਅਤੇ ਉਸ ਨੂੰ ਖੁਸ਼ੀ ਪ੍ਰਦਾਨ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
ਆਦਮੀਆ ਤੇ ਔਰਤਾਂ ਲਈ ਕੁਝ ਨਿਰਦੇਸ਼
2 ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਸਰਬੱਤ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਆਖਦਾ ਹਾਂ। ਸਾਰੇ ਲੋਕਾਂ ਲਈ ਪਰਮੇਸ਼ੁਰ ਨਾਲ ਗੱਲ ਕਰੋ। ਉਸ ਕੋਲੋਂ ਉਹ ਚੀਜ਼ਾਂ ਮੰਗੋ ਜਿਹੜੀਆਂ ਲੋਕਾਂ ਨੂੰ ਲੋੜੀਂਦੀਆਂ ਹਨ, ਅਤੇ ਉਸਦਾ ਧੰਨਵਾਦ ਕਰੋ। 2 ਰਾਜਿਆਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਕਰੋ ਜਿਨ੍ਹਾਂ ਕੋਲ ਅਧਿਕਾਰ ਦੀਆਂ ਪਦਵੀਆਂ ਹਨ। ਉਨ੍ਹਾਂ ਆਗੂਆਂ ਲਈ ਪ੍ਰਾਰਥਨਾ ਕਰੋ ਤਾਂ ਜੋ ਅਸੀਂ ਇੱਕ ਅਜਿਹਾ ਜੀਵਨ ਜਿਉਂ ਸੱਕੀਏ ਜੋ ਸ਼ਾਂਤ, ਖਾਮੋਸ਼, ਉਪਾਸਨਾ ਨਾਲ ਭਰਪੂਰ ਅਤੇ ਪਰਮੇਸ਼ੁਰ ਨੂੰ ਸਤਿਕਾਰਦਾ ਹੋਵੇ। 3 ਇਹ ਚੰਗਾ ਹੈ, ਅਤੇ ਇਹ ਪਰਮੇਸ਼ੁਰ ਸਾਡੇ ਮੁਕਤੀ ਦਾਤਾ ਨੂੰ ਪ੍ਰਸੰਨ ਕਰਦਾ ਹੈ।
4 ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੇ ਲੋਕ ਮੁਕਤ ਹੋ ਸੱਕਣ। ਅਤੇ ਉਹ ਚਾਹੁੰਦਾ ਹੈ ਕਿ ਸਾਰੇ ਲੋਕ ਸੱਚ ਨੂੰ ਜਾਣ ਲੈਣ। 5 ਪਰਮੇਸ਼ੁਰ ਕੇਵਲ ਇੱਕ ਹੈ। ਅਤੇ ਪਰਮੇਸ਼ੁਰ ਤੱਕ ਪਹੁੰਚਣ ਦਾ ਕੇਵਲ ਇੱਕ ਹੀ ਰਾਹ ਹੈ। ਇਹ ਰਾਹ ਮਸੀਹ ਯਿਸੂ ਰਾਹੀਂ ਹੈ, ਜੋ ਕਿ ਇੱਕ ਇਨਸਾਨ ਹੈ। 6 ਯਿਸੂ ਨੇ ਲੋਕਾਂ ਦੇ ਪਾਪਾਂ ਦੀ ਕੀਮਤ ਆਪਣੇ ਆਪ ਨੂੰ ਭੇਟਾ ਕਰਕੇ ਅਦਾ ਕੀਤੀ। ਯਿਸੂ ਇਸ ਗੱਲ ਦਾ ਪ੍ਰਮਾਣ ਹੈ ਕਿ ਪਰਮੇਸ਼ੁਰ ਸਮੂਹ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ। ਅਤੇ ਉਹ ਸਹੀ ਸਮੇਂ ਤੇ ਆਇਆ। 7 ਇਹੀ ਕਾਰਣ ਹੈ ਜੋ ਉਸ ਨੂੰ ਖੁਸ਼ਖਬਰੀ ਦੇਣ ਲਈ ਚੁਣਿਆ ਗਿਆ। ਇਹੀ ਕਾਰਣ ਹੈ ਕਿ ਮੈਨੂੰ ਰਸੂਲ ਚੁਣਿਆ ਗਿਆ ਸੀ। ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ। ਮੈਂ ਗੈਰ ਯਹੂਦੀਆਂ ਲਈ ਗੁਰੂ ਦੇ ਤੌਰ ਤੇ ਚੁਣਿਆ ਗਿਆ ਸੀ। ਮੈਂ ਉਨ੍ਹਾਂ ਨੂੰ ਵਿਸ਼ਵਾਸ ਕਰਨ ਅਤੇ ਸੱਚ ਜਾਨਣ ਦੇ ਉਪਦੇਸ਼ ਦਿੰਦਾ ਹਾਂ।
ਸੱਚਾ ਧਨ
16 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਇੱਕ ਵਾਰ ਇੱਕ ਬੜਾ ਧਨਵਾਨ ਆਦਮੀ ਸੀ। ਉਸ ਨੇ ਆਪਣਾ ਕਾਰੋਬਾਰ ਸੰਭਾਲਣ ਲਈ ਇੱਕ ਮੁਖਤਿਆਰ ਰੱਖਿਆ। ਬਾਦ ਵਿੱਚ ਉਸ ਨੂੰ ਪਤਾ ਚੱਲਿਆ ਕਿ ਉਸਦਾ ਮੁਖਤਿਆਰ ਉਸ ਨਾਲ ਧੋਖਾ ਕਰ ਰਿਹਾ ਹੈ। 2 ਤਾਂ ਉਸ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਕਿਹਾ, ‘ਤੇਰੇ ਬਾਰੇ ਮੈਂ ਇਹ ਸਭ ਕੀ ਸੁਣ ਰਿਹਾ ਹਾਂ। ਮੈਨੂੰ ਮੇਰੇ ਸਾਰੇ ਪੈਸੇ ਦਾ ਹਿਸਾਬ ਦੇ। ਤੂੰ ਇਸ ਤੋਂ ਬਾਦ ਮੇਰਾ ਮੁਖਤਿਆਰ ਨਹੀਂ ਹੋ ਸੱਕਦਾ।’
3 “ਬਾਅਦ ਵਿੱਚ ਮੁਖਤਿਆਰ ਨੇ ਆਪਣੇ ਮਨ ਵਿੱਚ ਸੋਚਿਆ, ‘ਹੁਣ ਮੈਂ ਕੀ ਕਰਾਂਗਾ? ਮੇਰਾ ਮਾਲਕ ਤਾਂ ਮੈਨੂੰ ਮੇਰੀ ਨੋਕਰੀ ਤੋਂ ਹਟਾ ਰਿਹਾ ਹੈ। ਮੇਰੇ ਵਿੱਚ ਖੋਦਣ ਦੀ ਤਾਕਤ ਨਹੀਂ ਹੈ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ। 4 ਮੈਂ ਜਾਣ ਗਿਆ ਕਿ ਮੈਂ ਕੀ ਕਰਾਂ, ਜਿਸ ਵੇਲੇ ਮੈਂ ਮੁਖਤਿਆਰੀ ਤੋਂ ਹਟਾਇਆ ਜਾਵਾਂਗਾ, ਮੈਂ ਕੁਝ ਅਜਿਹਾ ਕਰਾਂਗਾ ਕਿ ਲੋਕ ਆਪਣੇ ਘਰਾਂ ਵਿੱਚ ਮੇਰਾ ਸਵਾਗਤ ਕਰਨਗੇ।’
5 “ਤਾਂ ਉਸ ਨੇ ਆਪਣੇ ਮਾਲਕ ਦੇ ਕਰਜਾਈਆਂ ਨੂੰ ਇੱਕ-ਇੱਕ ਕਰਕੇ ਆਪਣੇ ਕੋਲ ਸੱਦਿਆ ਅਤੇ ਪਹਿਲੇ ਨੂੰ ਕਿਹਾ, ‘ਤੂੰ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ।’ 6 ਉਸ ਮਨੁੱਖ ਨੇ ਆਖਿਆ, ‘ਮੈਂ ਉਸ ਦੇ ਜੈਤੂਨ ਦੇ ਤੇਲ ਦੇ ਅੱਠ ਹਜ਼ਾਰ ਪੌਂਡ ਦੇਣੇ ਹਨ।’ ਤਾਂ ਮੁਖਤਿਆਰ ਨੇ ਉਸ ਨੂੰ ਕਿਹਾ, ‘ਆਪਣੀ ਵਹੀ ਲੈ ਅਤੇ ਬੈਠਕੇ ਚਾਰ ਹਜ਼ਾਰ ਪੌਂਡ ਲਿਖ ਦੇ।’
7 “ਤਾਂ ਮੁਖਤਿਆਰ ਨੇ ਦੂਸਰੇ ਆਦਮੀ ਨੂੰ ਸੱਦਿਆ, ‘ਤੂੰ ਮੇਰੇ ਮਾਲਕ ਦੇ ਕਿੰਨੇ ਦੇਣੇ ਹਨ?’ ਉਸ ਮਨੁੱਖ ਨੇ ਜਵਾਬ ਦਿੱਤਾ, ‘ਮੈਂ ਉਸ ਨੂੰ ਕਣਕ ਦੇ ਸੱਠ ਹਜ਼ਾਰ ਪੌਂਡ ਦੇਣਦਾਰ ਹਾਂ’, ਮੁਖਤਿਆਰ ਨੇ ਉਸ ਨੂੰ ਆਖਿਆ, ‘ਆਪਣੀ ਵਹੀ ਲੈ ਅਤੇ ਛੇਤੀ ਬੈਠ ਕੇ ਪੰਜਾਹ ਹਜ਼ਾਰ ਪੌਂਡ ਲਿਖ ਦੇ।’
8 “ਬਾਅਦ ਵਿੱਚ ਮਾਲਕ ਨੇ ਆਪਣੇ ਬੇਈਮਾਨ ਮੁਖਤਿਆਰ ਨੂੰ ਕਿਹਾ ਕਿ ਉਸ ਨੇ ਬੜੀ ਚਲਾਕੀ ਖੇਡੀ ਹੈ। ਹਾਂ! ਦੁਨਿਆਵੀ ਲੋਕ ਆਤਮਕ ਲੋਕਾਂ ਨਾਲੋਂ ਆਪਣੇ ਸਮੇਂ ਦੇ ਦੂਜੇ ਲੋਕਾਂ ਨਾਲ ਵੱਧੇਰੇ ਚਲਾਕੀ ਕਰਦੇ ਹਨ।
9 “ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਲਈ ਦੋਸਤ ਪ੍ਰਾਪਤ ਕਰਨ ਵਾਸਤੇ ਤੁਹਾਡੇ ਕੋਲ ਜਿੰਨੀ ਵੀ ਦੁਨਿਆਵੀ ਦੌਲਤ ਹੈ, ਇਸਤੇਮਾਲ ਕਰੋ। ਜਦੋਂ ਦੁਨਿਆਵੀ ਦੌਲਤ ਮੁੱਕ ਜਾਵੇਗੀ ਤਾਂ ਤੁਹਾਡਾ ਸਦੀਵੀ ਘਰਾਂ ਵਿੱਚ ਸੁਆਗਤ ਕੀਤਾ ਜਾਵੇਗਾ। 10 ਜੇਕਰ ਕੋਈ ਮਨੁੱਖ ਛੋਟੀਆਂ ਵਸਤਾਂ ਬਾਰੇ ਭਰੋਸੇਮੰਦ ਹੈ, ਉਸਤੇ ਵੱਡੀਆਂ ਵਸਤਾਂ ਬਾਰੇ ਵੀ ਭਰੋਸਾ ਕੀਤਾ ਜਾ ਸੱਕਦਾ ਹੈ। ਪਰ ਜੇਕਰ ਕੋਈ ਮਨੁੱਖ ਛੋਟੀਆਂ ਚੀਜ਼ਾਂ ਵਿੱਚ ਬੇਇਮਾਨ ਹੋਵੇਗਾ ਤਾਂ ਉਹ ਵੱਡੀਆਂ ਵਸਤਾਂ ਵਿੱਚ ਵੀ ਬੇਈਮਾਨੀ ਕਰ ਸੱਕਦਾ ਹੈ। 11 ਜੇਕਰ ਤੁਸੀਂ ਇਹ ਸਾਬਤ ਨਹੀਂ ਕਰ ਸੱਕਦੇ ਕਿ ਤੁਸੀਂ ਦੁਨਿਆਵੀ ਦੌਲਤ ਨਾਲ ਵਿਸ਼ਵਾਸਯੋਗ ਹੋ, ਤਾਂ ਫ਼ਿਰ ਤੁਹਾਨੂੰ ਸੱਚੀ ਦੌਲਤ ਕੌਣ ਸੌਂਪੇਗਾ? 12 ਜੇਕਰ ਤੁਸੀਂ ਇਹ ਸਾਬਤ ਨਹੀਂ ਕਰਦੇ ਕਿ ਤੁਸੀਂ ਦੂਜਿਆਂ ਦੀ ਮਲਕੀਅਤ ਨਾਲ ਵਫਾਦਾਰ ਨਹੀਂ ਹੋ ਤਾਂ ਫ਼ਿਰ ਤੁਹਾਨੂੰ ਆਪਣੇ ਲਈ ਕੌਣ ਮਲਕੀਅਤ ਦੇਵੇਗਾ?
13 “ਕੋਈ ਵੀ ਸੇਵਕ ਇੱਕੋ ਵੇਲੇ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ। ਉਹ ਇੱਕ ਨੂੰ ਪਿਆਰ ਕਰੇਗਾ ਅਤੇ ਦੂਜੇ ਨੂੰ ਨਫ਼ਰਤ ਜਾਂ ਇੱਕ ਨਾਲ ਵਫਾਦਾਰ ਹੋਵੇਗਾ ਅਤੇ ਦੂਜੇ ਨਾਲ ਅਣਗਹਿਲੀ ਕਰੇਗਾ। ਤੁਸੀਂ ਪਰਮੇਸ਼ੁਰ ਅਤੇ ਪੈਸੇ ਦੀ ਇੱਕੋ ਵੇਲੇ ਸੇਵਾ ਨਹੀਂ ਕਰ ਸੱਕਦੇ।”
2010 by World Bible Translation Center