Revised Common Lectionary (Complementary)
15 “ਅੱਜ ਮੈਂ ਤੁਹਾਨੂੰ ਜੀਵਨ ਅਤੇ ਮੌਤ ਵਿੱਚਕਾਰ ਅਤੇ ਨੇਕੀ ਅਤੇ ਬਦੀ ਵਿੱਚਕਾਰ ਚੋਣ ਕਰਨ ਦਾ ਮੌਕਾ ਦਿੱਤਾ ਹੈ। 16 ਅੱਜ ਮੈਂ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪਿਆਰ ਕਰਨ ਦਾ ਅਤੇ ਉਸ ਦੇ ਹੁਕਮਾਂ, ਨਿਆਵਾਂ ਅਤੇ ਬਿਧੀਆਂ ਉੱਤੇ ਚੱਲਣ ਦਾ ਹੁਕਮ ਦਿੰਦਾ ਹਾਂ। ਫ਼ੇਰ ਤੁਸੀਂ ਜੀਵੋਗੇ ਅਤੇ ਗਿਣਤੀ ਵਿੱਚ ਵੱਧ ਜਾਵੋਂਗੇ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਸ ਵਿੱਚ ਤੁਸੀਂ ਦਾਖਲ ਹੋਕੇ ਆਪਣੀ ਬਨਾਉਣ ਜਾ ਰਹੇ ਹੋ। 17 ਪਰ ਜੇ ਤੁਸੀਂ ਯਹੋਵਾਹ ਤੋਂ ਹਟ ਜਾਵੋਂਗੇ ਅਤੇ ਉਸ ਦੇ ਬਚਨਾ ਨੂੰ ਸੁਣਨ ਤੋਂ ਇਨਕਾਰ ਕਰੋਗੇ, ਜੇ ਤੁਸੀਂ ਹੋਰਨਾ ਦੇਵਿਤਆਂ ਦੀ ਉਪਾਸਨਾ ਲਈ ਉਤਸਾਹਿਤ ਕੀਤੇ ਜਾਂਦੇ ਹੋ, 18 ਤਾਂ ਤੁਸੀਂ ਤਬਾਹ ਕੀਤੇ ਜਾਵੋਂਗੇ। ਮੈਂ ਤੁਹਾਨੂੰ ਚਿਤਾਵਨੀ ਦੇ ਰਿਹਾ ਹਾਂ, ਜੇ ਤੁਸੀਂ ਯਹੋਵਾਹ ਤੋਂ ਮੁੱਖ ਮੋੜੋਂਗੇ, ਤੁਸੀਂ ਯਰਦਨ ਨਦੀ ਦੇ ਪਾਰ ਦੀ ਉਸ ਧਰਤੀ ਵਿੱਚ ਬਹੁਤੀ ਦੇਰ ਜਿਉਂਦੇ ਨਹੀਂ ਰਹੋਂਗੇ ਜਿਸ ਵਿੱਚ ਤੁਸੀਂ ਦਾਖਲ ਹੋਕੇ ਆਪਣੀ ਬਨਾਉਣ ਲਈ ਜਾ ਰਹੇ ਹੋ।
19 “ਅੱਜ ਮੈਂ ਤੁਹਾਨੂੰ ਦੋ ਰਸਤਿਆਂ ਵਿੱਚ ਇੱਕ ਦੀ ਚੋਣ ਕਰਨ ਦਾ ਮੌਕਾ ਦੇ ਰਿਹਾ ਹਾਂ। ਅਤੇ ਮੈਂ ਧਰਤੀ ਅਤੇ ਆਕਾਸ਼ ਨੂੰ ਤੁਹਾਡੀ ਚੋਣ ਦੇ ਗਵਾਹ ਹੋਣ ਲਈ ਆਖ ਰਿਹਾ ਹਾਂ। ਤੁਸੀਂ ਜਾਂ ਤਾਂ ਜੀਵਨ ਅਤੇ ਜਾਂ ਮੌਤ ਚੁਣ ਸੱਕਦੇ ਹੋ। ਪਹਿਲੀ ਚੋਣ ਤੁਹਾਡੇ ਲਈ ਅਸੀਸ ਤੇ ਦੂਸਰੀ ਚੋਣ ਸਰਾਪ ਹੋਵੇਗੀ। ਇਸ ਲਈ ਜੀਵਨ ਦੀ ਚੋਣ ਕਰੋ! ਫ਼ੇਰ ਤੁਸੀਂ ਅਤੇ ਤੁਹਾਡੇ ਬੱਚੇ ਜਿਉਣਗੇ। 20 ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪਿਆਰ ਕਰੋ ਅਤੇ ਉਸਦਾ ਹੁਕਮ ਮੰਨੋ। ਉਸ ਨੂੰ ਕਦੇ ਵੀ ਨਾ ਛੱਡੋ! ਕਿਉਂਕਿ ਯਹੋਵਾਹ ਤੁਹਾਡਾ ਜੀਵਨ ਹੈ। ਅਤੇ ਯਹੋਵਾਹ ਤੁਹਾਨੂੰ ਉਸ ਧਰਤੀ ਉੱਤੇ ਲੰਮੀ ਉਮਰ ਦੇਵੇਗਾ ਜਿਹੜੀ ਉਸ ਨੇ ਤੁਹਾਡੇ ਪੁਰਖਿਆਂ-ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ।”
ਭਾਗ
(ਜ਼ਬੂਰ 1-41)
1 ਉਹ ਵਿਅਕਤੀ ਵਡਭਾਗਾ ਹੈ
ਜਿਹੜਾ ਬੁਰੇ ਬੰਦਿਆਂ ਦੀਆਂ ਸਲਾਹਾਂ ਨਹੀਂ ਲੈਂਦਾ
ਅਤੇ ਜਿਹੜਾ ਪਾਪੀਆਂ ਵਾਂਗ ਨਹੀਂ ਜਿਉਂਦਾ।
ਅਤੇ ਉਨ੍ਹਾਂ ਲੋਕਾਂ ਨਾਲ ਨਹੀਂ ਰਲਦਾ ਜਿਹੜੇ ਪਰਮੇਸ਼ੁਰ ਨੂੰ ਮਾਨ ਨਹੀਂ ਦਿੰਦੇ।
2 ਇੱਕ ਚੰਗਾ ਵਿਅਕਤੀ, ਯਹੋਵਾਹ ਦੇ ਉਪਦੇਸ਼ਾਂ ਨੂੰ ਪਿਆਰ ਕਰਦਾ,
ਅਤੇ ਉਹ ਉਨ੍ਹਾਂ ਤੇ ਦਿਨ ਰਾਤ ਸੋਚ ਵਿੱਚਾਰ ਕਰਦਾ ਹੈ।
3 ਇਸ ਤਰ੍ਹਾਂ ਉਹ ਉਸ ਰੁੱਖ ਵਾਂਗ ਬਲਵਾਨ ਬਣ ਜਾਂਦਾ ਹੈ ਜਿਹੜਾ ਨਦੀ ਦੇ ਕਿਨਾਰੇ ਉੱਤੇ ਬਰਾਬਰੀ ਨਾਲ ਵੱਧਦਾ ਹੈ।
ਅਤੇ ਉਹ ਰੁੱਖ ਉਪਯੁਕਤ ਸਮੇਂ ਤੇ ਫ਼ਲ ਦਿੰਦਾ ਹੈ।
ਉਹ ਉਸ ਰੁੱਖ ਵਰਗਾ ਹੈ ਜਿਸਦੇ ਪੱਤੇ ਨਹੀਂ ਸੁੱਕਦੇ
ਅਤੇ ਉਹ ਆਪਣੇ ਹਰ ਅਮਲ ਵਿੱਚ ਫ਼ਲਦਾਇੱਕ ਹੋ ਜਾਂਦਾ ਹੈ।
4 ਪਰ ਬੁਰੇ ਵਿਅਕਤੀ ਇਸ ਤਰ੍ਹਾਂ ਨਹੀਂ ਹਨ।
ਬੁਰੇ ਵਿਅਕਤੀ ਉਸ ਤੂੜੀ ਵਰਗੇ ਹਨ ਜਿਹੜੀ ਹਵਾ ਦੇ ਨਾਲ ਉੱਡ ਜਾਂਦੀ ਹੈ।
5 ਜੇ ਨੇਕ ਬੰਦੇ ਕਿਸੇ ਅਦਾਲਤੀ ਮੁਕੱਦਮੇ ਦਾ ਨਿਆਂ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਬੁਰੇ ਵਿਅਕਤੀਆਂ ਨੂੰ ਬੁਰੇ ਅਮਲਾਂ ਵਾਸਤੇ ਦੋਸ਼ੀ ਠਹਿਰਾਇਆ ਜਾਵੇਗਾ।
ਉਨ੍ਹਾਂ ਪਾਪੀਆਂ ਦਾ ਨਿਆਂ ਬੇਕਸੂਰਾਂ ਵਾਂਗ ਨਹੀਂ ਹੋਵੇਗਾ।
6 ਕਿਉਂਕਿ ਯਹੋਵਾਹ, ਚੰਗੇ ਬੰਦਿਆਂ ਦੀ ਰੱਖਿਆ ਕਰਦਾ ਹੈ,
ਪਰ ਬੁਰੇ ਵਿਅਕਤੀਆਂ ਨੂੰ ਖਤਮ ਕਰਦਾ ਹੈ।
1 ਯਿਸੂ ਮਸੀਹ ਦੇ ਕੈਦੀ ਪੌਲੁਸ ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ ਸ਼ੁਭਕਾਮਨਾਵਾਂ।
ਸਾਡੇ ਪਿਆਰੇ ਮਿੱਤਰ ਅਤੇ ਸਹਿਕਰਮੀ ਫ਼ਿਲੇਮੋਨ ਨੂੰ। 2 ਸਾਡੀ ਭੈਣ ਅੱਫ਼ਿਆ ਨੂੰ ਵੀ ਅਤੇ ਸਾਡੇ ਸਹਿਕਰਮੀ ਆਰੱਖਿਪੁੱਸ ਨੂੰ ਅਤੇ ਤੁਹਾਡੇ ਘਰ ਵਿੱਚ ਜੁੜਨ ਵਾਲੀ ਕਲੀਸਿਯਾ ਨੂੰ ਵੀ।
3 ਸਾਡੇ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਤੁਹਾਡੇ ਉੱਪਰ ਕਿਰਪਾ ਤੇ ਸ਼ਾਂਤੀ ਹੋਵੇ।
ਫ਼ਿਲੇਮੋਨ ਦਾ ਪ੍ਰੇਮ ਅਤੇ ਵਿਸ਼ਵਾਸ
4 ਮੈਂ ਤੁਹਾਨੂੰ ਆਪਣੀਆਂ ਪ੍ਰਾਰਥਨਾ ਸਮੇਂ ਚੇਤੇ ਕਰਦਾ ਹਾਂ। ਅਤੇ ਮੈਂ ਤੁਹਾਡੇ ਲਈ ਪਰਮੇਸ਼ੁਰ ਦਾ ਸਦਾ ਧੰਨਵਾਦ ਕਰਦਾ ਹਾਂ। 5 ਮੈਂ ਤੁਹਾਡੇ ਪਰਮੇਸ਼ੁਰ ਦੇ ਸਮੂਹ ਪਵਿੱਤਰ ਲੋਕਾਂ ਲਈ ਪ੍ਰੇਮ ਬਾਰੇ, ਅਤੇ ਤੁਹਾਡੀ ਪ੍ਰਭੂ ਯਿਸੂ ਵਿੱਚ ਨਿਹਚਾ ਬਾਰੇ ਸੁਣ ਰਿਹਾ ਹਾਂ, ਅਤੇ ਮੈਂ ਇਸ ਪ੍ਰੇਮ ਅਤੇ ਵਿਸ਼ਵਾਸ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। 6 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਹੜਾ ਵਿਸ਼ਵਾਸ ਤੁਸੀਂ ਸਾਂਝਾ ਕਰ ਰਹੇ ਹੋ ਤੁਹਾਨੂੰ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸਮਝਣ ਦੇ ਯੋਗ ਬਣਾਵੇ ਜੋ ਅਸੀਂ ਮਸੀਹ ਵਿੱਚ ਰੱਖਦੇ ਹਾਂ। 7 ਮੇਰੇ ਭਰਾ, ਤੂੰ ਆਪਣਾ ਪਿਆਰ ਦਰਸ਼ਾਕੇ ਪਰਮੇਸ਼ੁਰ ਦੇ ਲੋਕਾਂ ਦੇ ਦਿਲਾਂ ਨੂੰ ਆਨੰਦਿਤ ਕਰ ਦਿੱਤਾ ਹੈ। ਇਸਨੇ ਮੈਨੂੰ ਬੜਾ ਆਨੰਦ ਅਤੇ ਦਿਲਾਸਾ ਦਿੱਤਾ ਹੈ।
ਓਨਿਸਿਮੁਸ ਨੂੰ ਭਰਾ ਸਮਝੋ
8 ਇੱਕ ਗੱਲ ਅਜਿਹੀ ਹੈ ਜਿਹੜੀ ਤੁਹਾਨੂੰ ਕਰਨੀ ਚਾਹੀਦੀ ਹੈ, ਅਤੇ ਮਸੀਹ ਵਿੱਚ ਮੈਂ ਨਿਡਰ ਹੋ ਸੱਕਦਾ ਅਤੇ ਤੁਹਾਨੂੰ ਉਹ ਕਰਨ ਦਾ ਆਦੇਸ਼ ਦੇ ਸੱਕਦਾ ਹਾਂ। 9 ਪਰ ਮੈਂ ਤੁਹਾਨੂੰ ਆਦੇਸ਼ ਨਹੀਂ ਦੇ ਰਿਹਾ, ਮੈਂ ਤੁਹਾਨੂੰ ਇਹ ਕਰਨ ਦੀ ਬੇਨਤੀ ਪਿਆਰ ਦੇ ਕਾਰਣ ਕਰ ਰਿਹਾ ਹਾਂ। ਮੈਂ ਪੌਲੁਸ ਹਾਂ ਮੈਂ ਹੁਣ ਬੁੱਢਾ ਹੋ ਗਿਆ ਹਾਂ। ਅਤੇ ਮੈਂ ਮਸੀਹ ਯਿਸੂ ਦਾ ਕੈਦੀ ਹਾਂ। 10 ਮੈਂ ਤੁਹਾਨੂੰ ਇਹ ਆਪਣੇ ਪੁੱਤਰ ਓਨੇਸਿਮੁਸ ਲਈ ਪੁੱਛ ਰਿਹਾ ਹਾਂ। ਜਦੋਂ ਮੈਂ ਕੈਦ ਵਿੱਚ ਸਾਂ ਤਾਂ ਉਹ ਮੇਰਾ ਪੁੱਤਰ ਬਣ ਗਿਆ ਸੀ। 11 ਅਤੀਤ ਵਿੱਚ, ਉਹ ਤੁਹਾਡੇ ਲਈ ਬੇਕਾਰ ਸੀ। ਪਰ ਹੁਣ ਉਹ ਦੋਹਾਂ ਮੇਰੇ ਅਤੇ ਤੁਹਾਡੇ ਲਈ ਉਪਯੋਗੀ ਬਣ ਗਿਆ ਹੈ।
12 ਮੈਂ ਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਸ ਦੇ ਨਾਲ ਮੈਂ ਅਪਣਾ ਦਿਲ ਭੇਜ ਰਿਹਾ ਹਾਂ। 13 ਮੈਂ ਉਸ ਨੂੰ ਓਨਾ ਚਿਰ ਸਹਾਇਤਾ ਲਈ ਆਪਣੇ ਨਾਲ ਰੱਖਣਾ ਚਾਹੁੰਦਾ ਜਿੰਨਾ ਚਿਰ ਤੱਕ ਮੈਂ ਖੁਸ਼ਖਬਰੀ ਲਈ ਕੈਦ ਵਿੱਚ ਹਾਂ। ਉਹ ਤੁਹਾਡੀ ਜਗ਼੍ਹਾ ਮੇਰੀ ਸੇਵਾ ਕਰ ਰਿਹਾ ਹੋਵੇਗਾ। 14 ਪਰ ਤੁਹਾਨੂੰ ਪਹਿਲਾਂ ਪੁੱਛੇ ਬਗੈਰ ਮੈਂ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦਾ। ਤਾਂ ਫ਼ੇਰ ਜਿਹੜੀ ਵੀ ਭਲਾਈ ਤੁਸੀਂ ਮੇਰੇ ਲਈ ਕਰੋਂਗੇ ਉਹ ਇਸ ਲਈ ਹੋਵੇਗੀ ਕਿ ਤੁਸੀਂ ਅਜਿਹਾ ਚਾਹੁੰਦੇ ਸੀ ਨਾ ਕਿ ਇਸ ਲਈ ਕਿ ਮੈਂ ਤੁਹਾਨੂੰ ਕਰਨ ਲਈ ਮਜ਼ਬੂਰ ਕੀਤਾ।
15 ਥੋੜੇ ਪਲਾਂ ਲਈ ਓਨੇਸਿਮੁਸ ਤੁਹਾਡੇ ਕੋਲੋਂ ਵੱਖ ਹੋ ਗਿਆ ਸੀ। ਹੋ ਸੱਕਦਾ ਹੈ ਕਿ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਉਹ ਚੰਗੇ ਲਈ ਤੁਹਾਡੇ ਕੋਲ ਵਾਪਸ ਆ ਸੱਕੇ, 16 ਅੱਗੇ ਤੋਂ ਇੱਕ ਦਾਸ ਹੋਕੇ ਨਹੀਂ, ਪਰ ਇੱਕ ਪਿਆਰੇ ਭਰਾ ਵਾਂਗ ਜੋ ਕਿ ਇੱਕ ਦਾਸ ਨਾਲੋਂ ਕਿਧਰੇ ਵੱਧ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਤੁਸੀਂ ਉਸ ਨੂੰ ਉਸਤੋਂ ਵੀ ਵੱਧੇਰੇ ਪਿਆਰ ਕਰੋਂਗੇ। ਤੁਸੀਂ ਉਸ ਨੂੰ ਦੋਨੇਂ ਤਰ੍ਹਾਂ ਇੱਕ ਵਿਅਕਤੀ ਵਾਂਗ ਅਤੇ ਪ੍ਰਭੂ ਵਿੱਚ ਭਰਾ ਹੋਣ ਕਰਕੇ ਪਿਆਰ ਕਰੋਂਗੇ।
17 ਜੇ ਤੁਸੀਂ ਮੈਨੂੰ ਆਪਣਾ ਮਿੱਤਰ ਸਮਝਦੇ ਹੋ ਤਾਂ ਓਨੇਸਿਮੁਸ ਨੂੰ ਦੁਬਾਰਾ ਅਪਨਾ ਲਵੋ। ਉਸਦਾ ਸਵਾਗਤ ਓਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸਾਂ ਮੇਰਾ ਸਵਾਗਤ ਕਰਨਾ ਸੀ। 18 ਜੋ ਓਨੇਸਿਮੁਸ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ ਜਾਂ ਉਸ ਨੇ ਤੁਹਾਡਾ ਕੁਝ ਦੇਣਾ ਹੈ। ਤਾਂ ਇਸ ਬਾਰੇ ਮੈਨੂੰ ਜਿੰਮੇਵਾਰ ਸਮਝੋ। 19 ਮੈਂ ਪੌਲੁਸ ਹਾਂ, ਅਤੇ ਮੈਂ ਇਹ ਆਪਣੇ ਹੱਥੀ ਲਿਖ ਰਿਹਾ ਹਾਂ। ਜੇ ਓਨੇਸਿਮੁਸ ਨੇ ਤੁਹਾਡਾ ਕੁਝ ਦੇਣਾ ਹੈ ਤਾਂ ਮੈਂ, ਅਦਾ ਕਰਾਂਗਾ ਅਤੇ ਮਾਂ ਉਸ ਬਾਰੇ ਕੁਝ ਨਹੀਂ ਆਖਾਂਗਾ ਜੋ ਕੁਝ ਤੁਸੀਂ ਆਪਣੀ ਜ਼ਿੰਦਗੀ ਲਈ ਮੇਰੇ ਦੇਣਦਾਰ ਹੋ। 20 ਇਸ ਲਈ, ਮੇਰੇ ਭਰਾਵੋ, ਮੈਂ ਤੁਹਾਨੂੰ ਪ੍ਰਭੂ ਵਿੱਚ ਆਪਣੇ ਲਈ ਕੁਝ ਕਰਨ ਲਈ ਕਹਿੰਦਾ ਹਾਂ। 21 ਇਹ ਚਿਠੀ ਮੈਂ ਇਹ ਜਾਣਦਾ ਹੋਇਆ ਲਿਖ ਰਿਹਾ ਹਾਂ ਕਿ ਤੁਸੀਂ ਉਹ ਕਰੋਂਗੇ ਜੋ ਮੈਂ ਮੰਗਾਂਗਾ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਮੰਗ ਨਾਲੋਂ ਵੀ ਵੱਧ ਕਰੋਂਗੇ।
ਤੁਹਾਨੂੰ ਅਵਸ਼ ਪਹਿਲਾਂ ਵਿਉਂਤ ਬਨਾਉਣੀ ਚਾਹੀਦੀ ਹੈ(A)
25 ਯਿਸੂ ਨਾਲ ਵੱਡੀ ਭੀੜ ਚੱਲ ਰਹੀ ਸੀ, ਅਤੇ ਯਿਸੂ ਉਨ੍ਹਾਂ ਵੱਲ ਮੁੜਿਆ ਅਤੇ ਆਖਿਆ। 26 “ਜੇਕਰ ਕੋਈ ਮਨੁੱਖ ਮੇਰੇ ਕੋਲ ਆਉਂਦਾ ਹੈ ਪਰ ਉਹ ਆਪਣੇ ਪਿਤਾ, ਮਾਤਾ, ਪਤਨੀ, ਬੱਚਿਆਂ ਭਰਾਵਾਂ ਜਾਂ ਭੈਣਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਮਨੁੱਖ ਮੇਰਾ ਚੇਲਾ ਨਹੀਂ ਹੋ ਸੱਕਦਾ। ਬੰਦੇ ਨੂੰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਆਪਣੀ ਜ਼ਿੰਦਗੀ ਨਾਲੋਂ ਵੀ ਵੱਧ, ਮੈਨੂੰ ਪਿਆਰ ਕਰਨਾ ਚਾਹੀਦਾ ਹੈ। 27 ਕੋਈ ਵੀ ਮਨੁੱਖ ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਹੀਂ ਆ ਸੱਕਦਾ ਉਹ ਮੇਰਾ ਚੇਲਾ ਨਹੀਂ ਹੋ ਸੱਕਦਾ।
28 “ਜੇਕਰ ਤੁਸੀਂ ਕੋਈ ਇਮਾਰਤ ਬਨਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਬੈਠਕੇ ਸੋਚਣਾ ਚਾਹੀਦਾ ਹੈ ਕਿ ਇਸ ਉੱਤੇ ਕਿੰਨਾ ਖਰਚਾ ਹੋਵੇਗਾ। ਤੇ ਤੁਹਾਨੂੰ ਇਹ ਵੀ ਹਿਸਾਬ ਲਗਾਉਣਾ ਪਵੇਗਾ ਕਿ ਇਸ ਕਾਰਜ ਦੇ ਪੂਰਾ ਕਰਨ ਲਈ ਕੀ ਤੁਹਾਡੇ ਪਾਸ ਕਾਫ਼ੀ ਧਨ ਹੈ। 29 ਜੇਕਰ ਤੁਸੀਂ ਇੰਝ ਨਹੀਂ ਕਰਦੇ ਹੋ ਤਾਂ ਹੋ ਸੱਕਦਾ ਹੈ ਕਿ ਤੁਸੀਂ ਕੰਮ ਸ਼ੁਰੂ ਤਾਂ ਕਰਵਾ ਲਵੋ ਪਰ ਪੂਰਾ ਕਰਨ ਦੇ ਸਮਰੱਥ ਨਾ ਹੋਵੋ। ਜੇਕਰ ਤੁਸੀਂ ਇਸ ਨੂੰ ਪੂਰਾ ਨਹੀਂ ਕਰ ਸੱਕਦੇ, ਤਾਂ ਜੋ ਕੋਈ ਇਸ ਨੂੰ ਵੇਖੇਗਾ ਤੁਹਾਡੇ ਉੱਤੇ ਹੱਸਣਾ ਸ਼ੁਰੂ ਕਰ ਦੇਵੇਗਾ। 30 ਉਹ ਆਖਣਗੇ ‘ਇਸ ਆਦਮੀ ਨੇ ਬਨਾਉਣਾ ਤਾਂ ਸ਼ੁਰੂ ਕਰ ਲਿਆ ਪਰ ਉਹ ਇਸ ਨੂੰ ਮੁਕੰਮਲ ਨਹੀਂ ਕਰ ਸੱਕਾ।’
31 “ਜੇਕਰ ਕੋਈ ਬਾਦਸ਼ਾਹ ਕਿਸੇ ਦੂਸਰੇ ਬਾਦਸ਼ਾਹ ਦੇ ਵਿਰੁੱਧ ਜੰਗ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਬੈਠਕੇ ਸੋਚਣਾ ਚਾਹੀਦਾ ਹੈ ਕਿ ਕੀ ਉਹ ਆਪਣੀ ਦਸ ਹਜ਼ਾਰ ਸੈਨਕਾਂ ਦੀ ਸੈਨਾ ਨਾਲ ਉਸ ਰਾਜੇ ਨੂੰ ਹਰਾ ਸੱਕਦਾ ਹੈ ਜੋ ਉਸ ਦੇ ਵਿਰੁੱਧ ਵੀਹ ਹਜ਼ਾਰ ਸੈਨਕਾਂ ਦੀ ਸੈਨਾ ਲੈ ਕੇ ਆਉਂਦਾ ਹੈ? 32 ਜੇਕਰ ਉਹ ਸੋਚਦਾ ਹੈ ਕਿ ਉਹ ਉਸ ਦੂਜੇ ਰਾਜੇ ਨੂੰ ਹਰਾਉਣ ਦੇ ਯੋਗ ਨਹੀਂ ਹੈ, ਤਾਂ ਉਹ ਸ਼ਾਂਤੀ ਦੇ ਕਰਾਰ ਨਾਲ ਆਪਣੇ ਕੁਝ ਆਦਮੀਆਂ ਨੂੰ ਉਸ ਕੋਲ ਭੇਜੇਗਾ।
33 “ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਮੇਰੇ ਪਿੱਛੇ ਲੱਗਣ ਤੋਂ ਪਹਿਲਾਂ ਵਿਉਂਤ ਬਨਾਉਣੀ ਚਾਹੀਦੀ ਹੈ। ਮੇਰੇ ਪਿੱਛੇ ਲੱਗਣ ਲਈ ਤੁਹਾਨੂੰ ਆਪਣੀ ਹਰ ਚੀਜ਼ ਛੱਡਣੀ ਪਵੇਗੀ। ਜੇਕਰ ਤੁਸੀਂ ਅਜਿਹਾ ਨਹੀਂ ਕਰੋਂਗੇ, ਤਾਂ ਤੁਸੀਂ ਮੇਰੇ ਚੇਲੇ ਨਹੀਂ ਹੋ ਸੱਕਦੇ।
2010 by World Bible Translation Center