Revised Common Lectionary (Complementary)
ਤੀਜਾ ਭਾਗ
(ਜ਼ਬੂਰ 73-89)
ਅਸਾਫ਼ ਦਾ ਇੱਕ ਉਸਤਤਿ ਗੀਤ।
73 ਪਰਮੇਸ਼ੁਰ ਸੱਚਮੁੱਚ ਇਸਰਾਏਲ ਨੂੰ ਚੰਗਾ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਚੰਗਾ ਹੈ ਜਿਨ੍ਹਾਂ ਦੇ ਹਿਰਦੇ ਸ਼ੁੱਧ ਹਨ।
2 ਮੈਂ ਬਸ ਤਿਲਕ ਹੀ ਗਿਆ ਸਾਂ
ਅਤੇ ਪਾਪ ਕਰਨੇ ਸ਼ੁਰੂ ਕਰ ਦਿੱਤੇ ਸਨ।
3 ਮੈਂ ਦੇਖਿਆ ਕਿ ਮੰਦੇ ਲੋਕ ਸਫ਼ਲ ਹੁੰਦੇ ਸਨ
ਅਤੇ ਮੈਂ ਉਨ੍ਹਾਂ ਗੁਮਾਨੀ ਲੋਕਾਂ ਨਾਲ ਈਰਖਾ ਕਰਨ ਲੱਗਾ।
4 ਉਹ ਲੋਕ ਸਿਹਤਮੰਦ ਹਨ।
ਉਨ੍ਹਾਂ ਨੂੰ ਬਚੇ ਰਹਿਣ ਲਈ ਸੰਘਰਸ਼ ਨਹੀਂ ਕਰਨਾ ਪੈਂਦਾ।
5 ਉਹ ਗੁਮਾਨੀ ਲੋਕ ਸਾਡੇ ਵਾਂਗ ਦੁੱਖ ਨਹੀਂ ਭੋਗਦੇ।
ਉਨ੍ਹਾਂ ਦੀਆਂ ਮੁਸੀਬਤਾਂ ਹੋਰਾਂ ਲੋਕਾਂ ਵਰਗੀਆਂ ਨਹੀਂ।
6 ਇਸੇ ਲਈ ਉਹ ਬਹੁਤ ਹੰਕਾਰੀ ਅਤੇ ਘਿਰਣਾਯੋਗ ਹਨ।
ਉਸ ਨੂੰ ਵੇਖਣਾ ਓਨਾ ਹੀ ਸੌਖਾ ਹੈ ਜਿੰਨਾ ਉਨ੍ਹਾਂ ਦੇ ਜਵਾਹਰਾਤਾਂ ਅਤੇ ਉਨ੍ਹਾਂ ਦੇ ਪਹਿਨੇ ਆਕਰਸ਼ਕ ਕੱਪੜਿਆ ਨੂੰ ਵੇਖਣਾ।
7 ਜੇ ਉਹ ਕਿਸੇ ਚੀਜ਼ ਨੂੰ ਦੇਖਦਿਆਂ ਹੀ ਪਸੰਦ ਕਰਦੇ ਹਨ ਤਾਂ ਉਹ ਅੱਗੇ ਵੱਧਕੇ ਹਾਸਲ ਕਰ ਲੈਂਦੇ ਹਨ।
ਉਹ ਮਨ ਭਾਉਂਦੀਆਂ ਗੱਲਾਂ ਕਰਦੇ ਹਨ।
8 ਉਹ ਲੋਕਾਂ ਬਾਰੇ, ਮੰਦੀਆਂ ਅਤੇ ਕਰੂਰ ਗੱਲਾਂ ਆਖਦੇ ਹਨ।
ਉਹ ਗੁਮਾਨੀ ਤੇ ਜ਼ਿੱਦੀ ਹਨ।
ਅਤੇ ਉਹ ਸਦਾ ਦੂਸਰੇ ਲੋਕਾਂ ਤੋਂ ਲਾਹਾ ਖੱਟਣ ਦੀਆਂ ਵਿਉਂਤਾਂ ਬਣਉਂਦੇ ਹਨ।
9 ਜਿਸ ਢੰਗ ਨਾਲ ਉਹ ਗੱਲਾਂ ਕਰਦੇ ਹਨ ਦਰਸਾਉਂਦਾ ਹੈ ਕਿ ਉਹ ਆਪਣੇ-ਆਪ ਨੂੰ ਦੇਵਤੇ ਸਮਝਦੇ ਹਨ।
ਉਹ ਸੋਚਦੇ ਹਨ ਕਿ ਉਹ ਧਰਤੀ ਦੇ ਹਾਕਮ ਹਨ।
10 ਇਸ ਲਈ ਪਰਮੇਸ਼ੁਰ ਦੇ ਬੰਦੇ ਵੀ ਉਨ੍ਹਾਂ ਕੋਲ ਆਉਂਦੇ ਹਨ
ਅਤੇ ਉਨ੍ਹਾਂ ਦੀਆਂ ਆਖੀਆਂ ਗੱਲਾਂ ਕਰਦੇ ਹਨ।
11 ਉਹ ਮੰਦੇ ਲੋਕ ਆਖਦੇ ਹਨ, “ਜੋ ਕੁਝ ਅਸੀਂ ਕਰਦੇ ਹਾਂ ਪਰਮੇਸ਼ੁਰ ਜਾਣਦਾ ਹੀ ਨਹੀਂ।
ਸਰਬ ਉੱਚ ਪਰਮੇਸ਼ੁਰ ਨੂੰ ਨਹੀਂ ਪਤਾ।”
12 ਉਹ ਗੁਮਾਨੀ ਲੋਕ ਕਮੀਨੇ ਹਨ,
ਪਰ ਉਹ ਅਮੀਰ ਹਨ ਅਤੇ ਉਹ ਹੋਰ ਅਮੀਰ ਹੁੰਦੇ ਜਾਂਦੇ ਹਨ।
13 ਇਸ ਲਈ ਮੈਂ ਆਪਣਾ ਹਿਰਦਾ ਸ਼ੁੱਧ ਕਿਉਂ ਕਰਾਂ?
ਮੈਂ ਆਪਣੇ ਹੱਥਾਂ ਨੂੰ ਸਾਫ਼ ਕਿਉਂ ਕਰਾਂ?
14 ਹੇ ਪਰਮੇਸ਼ੁਰ, ਮੈਂ ਸਾਰਾ ਦਿਨ ਦੁੱਖ ਭੋਗਦਾ ਹਾਂ।
ਅਤੇ ਤੁਸੀਂ ਹਰ ਸਵੇਰ ਮੈਨੂੰ ਦੁੱਖ ਦਿੰਦੇ ਹੋ।
15 ਹੇ ਪਰਮੇਸ਼ੁਰ, ਮੈਂ ਇਸ ਬਾਰੇ ਹੋਰਾਂ ਲੋਕਾਂ ਨਾਲ ਗੱਲ ਕਰਨੀ ਚਾਹੀ।
ਪਰ ਜੇਕਰ ਮੈਂ ਉਸ ਤਰ੍ਹਾਂ ਬੋਲਿਆ ਹੁੰਦਾ, ਮੈਂ ਬਿਲਕੁਲ ਉਨ੍ਹਾਂ ਜਿਹਾ ਹੋਵਾਂਗਾ।
ਮੈਂ ਤੁਹਾਡੇ ਲੋਕਾਂ ਨੂੰ ਧੋਖਾ ਦਿੱਤਾ ਹੁੰਦਾ।
16 ਮੈਂ ਇਹ ਗੱਲਾਂ ਸਮਝਣ ਦੀ ਬਹੁਤ ਕੋਸ਼ਿਸ਼ ਕੀਤੀ।
ਪਰ ਇਹ ਮੇਰੇ ਲਈ ਬਹੁਤ ਮੁਸ਼ਕਿਲ ਸੀ।
17 ਜਦੋਂ ਤੱਕ ਕਿ ਮੈਂ ਤੁਹਾਡੇ ਮੰਦਰ ਵਿੱਚ ਨਹੀਂ ਗਿਆ।
ਮੈਂ ਪਰਮੇਸ਼ੁਰ ਦੇ ਮੰਦਰ ਵਿੱਚ ਗਿਆ, ਅਤੇ ਫ਼ੇਰ ਮੈਂ ਸਮਝ ਗਿਆ ਸਾਂ।
18 ਹੇ ਪਰਮੇਸ਼ੁਰ, ਤੁਸੀਂ ਸੱਚਮੁੱਚ ਉਨ੍ਹਾਂ ਲੋਕਾਂ ਨੂੰ ਖਤਰਨਾਕ ਸਥਿਤੀ ਵਿੱਚ ਪਾ ਦਿੱਤਾ ਹੈ।
ਉਨ੍ਹਾਂ ਲਈ ਡਿੱਗ ਪੈਣਾ ਅਤੇ ਤਬਾਹ ਹੋ ਜਾਣਾ ਕਿੰਨਾ ਆਸਾਨ ਹੈ।
19 ਅਚਾਨਕ ਹੀ ਮੁਸੀਬਤ ਆ ਸੱਕਦੀ ਹੈ।
ਅਤੇ ਫ਼ੇਰ ਉਹ ਗੁਮਾਨੀ ਲੋਕ ਬਰਬਾਦ ਹੋ ਜਾਣਗੇ।
ਉਨ੍ਹਾਂ ਨਾਲ ਭਿਆਨਕ ਗੱਲਾਂ ਵਾਪਰ ਸੱਕਦੀਆਂ ਹਨ
ਅਤੇ ਫ਼ੇਰ ਉਹ ਖਤਮ ਹੋ ਜਾਣਗੇ।
20 ਯਹੋਵਾਹ, ਉਹ ਲੋਕ ਸੁਪਨੇ ਵਾਂਗ ਹੋਣਗੇ
ਜਿਸ ਨੂੰ ਅਸੀਂ ਜਾਗਣ ਉੱਤੇ ਭੁੱਲ ਜਾਂਦੇ ਹਾਂ।
ਤੁਸੀਂ ਉਨ੍ਹਾਂ ਨੂੰ ਸਾਡੇ ਸੁਪਨਿਆਂ ਦੇ ਦਾਨਵਾਂ
ਵਾਂਗ ਗਾਇਬ ਕਰ ਦਿਉਂਗੇ।
21-22 ਮੈਂ ਬਹੁਤ ਮੂਰਖ ਸਾਂ,
ਹਾਂ ਅਮੀਰਾਂ ਅਤੇ ਕਮੀਨੇ ਲੋਕਾਂ ਬਾਰੇ ਸੋਚਿਆ ਅਤੇ ਮੈਂ ਪਰੇਸ਼ਾਨ ਹੋ ਗਿਆ।
ਹੇ ਪਰਮੇਸ਼ੁਰ, ਮੈਂ ਬੇਚੈਨ ਅਤੇ ਤੁਹਾਡੇ ਉੱਤੇ ਗੁੱਸੇ ਸਾਂ
ਅਤੇ ਮੈਂ ਮੂਰਖ ਅਗਿਆਨੀ ਜਾਨਵਰ ਵਰਗਾ ਵਿਹਾਰ ਕੀਤਾ।
23 ਮੇਰੇ ਕੋਲ ਲੋੜੀਂਦੀ ਹਰ ਚੀਜ਼ ਹੈ। ਮੈਂ ਸਦਾ ਤੁਹਾਡੇ ਨਾਲ ਹਾਂ।
ਹੇ ਪਰਮੇਸ਼ੁਰ, ਤੁਸੀਂ ਮੇਰਾ ਹੱਥ ਫ਼ੜਿਆ ਹੈ।
24 ਹੇ ਪਰਮੇਸ਼ੁਰ ਤੁਸੀਂ ਮੇਰੀ ਅਗਵਾਈ ਕਰਦੇ ਹੋਂ ਅਤੇ ਨੇਕ ਸਲਾਹ ਦਿੰਦੇ ਹੋ।
ਅਤੇ ਬਾਅਦ ਵਿੱਚ ਤੁਸੀਂ ਮੈਨੂੰ ਮਹਿਮਾ ਵੱਲ ਲੈ ਜਾਵੋਂਗੇ।
25 ਹੇ ਪਰਮੇਸ਼ੁਰ, ਸਵਰਗ ਵਿੱਚ ਤੁਸੀਂ ਮੇਰੇ ਨਾਲ ਹੋਂ ਅਤੇ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਹਾਂ
ਮੈਂ ਧਰਤੀ ਉੱਤੇ ਹੋਰ ਕੀ ਪ੍ਰਾਪਤ ਕਰਨ ਦੀ ਆਸ ਰੱਖ ਸੱਕਦਾ ਹਾਂ।
26 ਸ਼ਾਇਦ ਮੇਰਾ ਮਨ ਤੇ ਸ਼ਰੀਰ ਨਸ਼ਟ ਹੋ ਜਾਣਗੇ ਪਰ ਮੇਰੇ ਕੋਲ ਇੱਕ ਚੱਟਾਨ ਹੈ
ਜਿਸ ਨੂੰ ਮੈਨੂੰ ਪਿਆਰ ਕਰਨਾ ਚਾਹੀਦਾ।
ਹਮੇਸ਼ਾ ਪਰਮੇਸ਼ੁਰ ਮੇਰੇ ਕੋਲ ਹੈ।
27 ਹੇ ਪਰਮੇਸ਼ੁਰ, ਜੋ ਲੋਕ ਤੁਹਾਨੂੰ ਛੱਡ ਜਾਂਦੇ ਹਨ, ਉਹ ਗੁੰਮ ਜਾਣਗੇ।
ਤੁਸੀਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ, ਜਿਹੜੇ ਤੁਹਾਡੇ ਵਫ਼ਾਦਾਰ ਨਹੀਂ ਹਨ।
28 ਜਿੱਥੇ ਤੀਕ ਮੇਰੀ ਗੱਲ ਹੈ, ਮੈਂ ਤਾਂ ਪਰਮੇਸ਼ੁਰ ਵੱਲ ਆ ਗਿਆ ਹਾਂ।
ਅਤੇ ਮੇਰੇ ਲਈ ਇਹ ਸ਼ੁਭ ਹੈ।
ਮੈਂ ਯਹੋਵਾਹ ਆਪਣੇ ਮਾਲਕ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾ ਲਿਆ ਹੈ।
ਹੇ ਪਰਮੇਸ਼ੁਰ, ਮੈਂ ਉਨ੍ਹਾਂ ਸਮੂਹ ਗੱਲਾਂ ਬਾਰੇ ਦੱਸਣ ਆਇਆ ਹਾਂ ਜੋ ਤੁਸਾਂ ਕੀਤੀਆਂ ਹਨ।
ਪਰਮੇਸ਼ੁਰ ਨੇ ਬੁਲਾਇਆ ਅਤੇ ਯੂਨਾਹ ਮੰਨਦਾ
3 ਤਦ ਯਹੋਵਾਹ ਨੇ ਯੂਨਾਹ ਨੂੰ ਮੁੜ ਆਖਿਆ, 2 “ਨੀਨਵਾਹ ਦੇ ਵੱਡੇ ਸ਼ਹਿਰ ਵਿੱਚ ਜਾ ਅਤੇ ਜੋ ਕੁਝ ਮੈਂ ਤੈਨੂੰ ਦੱਸਿਆ ਉਸਦਾ ਲੋਕਾਂ ਵਿੱਚਕਾਰ ਪ੍ਰਚਾਰ ਕਰ।”
3 ਤਾਂ ਯੂਨਾਹ ਯਹੋਵਾਹ ਦਾ ਹੁਕਮ ਮੰਨਕੇ ਨੀਨਵਾਹ ਵੱਲ ਗਿਆ। ਨੀਨਵਾਹ ਇੱਕ ਬਹੁਤ ਵੱਡਾ ਸ਼ਹਿਰ ਸੀ। ਇੱਕ ਆਦਮੀ ਨੂੰ ਸ਼ਹਿਰ ਵਿੱਚਦੀ ਸਫ਼ਰ ਕਰਨ ਲਈ ਤਿੰਨ ਦਿਨ ਤੁਰਨਾ ਪੈਂਦਾ ਸੀ।
4 ਯੂਨਾਹ ਸ਼ਹਿਰ ਦੇ ਕੇਁਦਰੀ ਇਲਾਕੇ ਵਿੱਚ ਪਹੁੰਚਿਆ ਅਤੇ ਲੋਕਾਂ ਨੂੰ ਪ੍ਰਚਾਰ ਕਰਨ ਲੱਗ ਪਿਆ। ਉਸ ਨੇ ਆਖਿਆ, “ਚਾਲੀ ਦਿਨਾਂ ਬਾਅਦ ਨੀਨਵਾਹ ਤਬਾਹ ਹੋ ਜਾਵੇਗਾ।”
5 ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਦੇ ਸੰਦੇਸ਼ ਤੇ ਵਿਸ਼ਵਾਸ ਕੀਤਾ ਅਤੇ ਆਪਣੇ ਪਾਪਾਂ ਲਈ ਅਫ਼ਸੋਸ ਦਰਸਾਉਣ ਲਈ ਵਰਤ ਰੱਖਣ ਦਾ ਨਿਆਂ ਕੀਤਾ। ਉਨ੍ਹਾਂ ਨੇ ਪਸ਼ਚਾਤਾਪ ਦਰਸਾਉਣ ਲਈ ਸੋਗ ਦੇ ਬਸਤਰ ਪਹਿਨ ਲੇ। ਸ਼ਹਿਰ ਦੇ ਸਾਰੇ ਲੋਕਾਂ ਦਰਮਿਆਨ ਅੱਤ ਮਹੱਤਵਪੂਰਣ ਤੋਂ ਲੈਕੇ ਘੱਟ ਤੋਂ ਘੱਟ ਮਹੱਤਵਪੂਰਣ ਤਾਈਂ ਅਜਿਹਾ ਕੀਤਾ।
6 ਜਦੋਂ ਨੀਨਵਾਹ ਦੇ ਪਾਤਸ਼ਾਹ ਨੇ ਇਹ ਸੁਣਿਆ, ਉਹ ਵੀ ਆਪਣੇ ਕੀਤੇ ਪਾਪਾਂ ਬਾਰੇ ਮਹਿਸੂਸ ਕਰਨ ਲੱਗਾ ਅਤੇ ਆਪਣੇ ਤਖਤ ਤੋਂ ਉਤਰ ਆਇਆ। ਉਸ ਨੇ ਆਪਣਾ ਸ਼ਾਹੀ ਚੋਗਾ ਉਤਾਰ ਕੇ ਸੋਗ ਦੇ ਬਸਤਰ ਪਹਿਨ ਲੇ ਜੋ ਪਛਚਾਤਾਪ ਪ੍ਰਗਟਾਉਂਦੇ ਸਨ। ਫੇਰ ਉਹ ਸੁਆਹ ਵਿੱਚ ਬੈਠ ਗਿਆ। 7 ਪਾਤਸ਼ਾਹ ਨੇ ਇੱਕ ਖਾਸ ਪੈਗਾਮ ਲਿਖਿਆ ਅਤੇ ਇਸਦਾ ਨੀਨੇਵਾਹ ਦੇ ਸਾਰੇ ਸ਼ਹਿਰ ਵਿੱਚ ਐਲਾਨ ਕਰਵਾਇਆ।
ਪਾਤਸ਼ਾਹ ਅਤੇ ਉਸ ਦੇ ਸ਼ਾਸਕਾਂ ਵੱਲੋਂ ਹੁਕਮ:
ਕੁਝ ਸਮੇਂ ਲਈ, ਕੋਈ ਮਨੁੱਖ ਜਾਂ ਜਾਨਵਰ ਕੁਝ ਨਾ ਖਾਣ, ਨਾ ਹੀ ਖੇਤਾਂ ਵਿੱਚ ਕੋਈ ਇੱਜੜ ਜਾਂ ਵੱਗ ਹੀ ਕੁਝ ਚਰੇ। ਨੀਨਵਾਹ ਵਿੱਚ ਰਹਿੰਦਾ ਕੋਈ ਵੀ ਜੀਵ ਨਾ ਕੁਝ ਖਾਵੇਗਾ ਨਾ ਪੀਵੇਗਾ। 8 ਪਰ ਹਰ ਮਨੁੱਖ ਅਤੇ ਜਾਨਵਰ ਆਪਣਾ ਸੋਗ ਜਾਹਿਰ ਕਰਨ ਲਈ ਆਪਣੇ-ਆਪ ਨੂੰ ਸੋਗੀ ਵਸਤਰਾਂ ਨਾਲ ਕੱਜਣ। ਉਹ ਪਰਮੇਸੁਰ ਅੱਗੇ ਉੱਚੀ-ਉੱਚੀ ਰੋਣ। ਹਰ ਮਨੁੱਖ ਆਪਣੇ ਰਹਿਣ ਦਾ ਦੁਸ਼ਟ ਢੰਗ ਛੱਡ ਦੇਵੇ ਅਤੇ ਮੰਦੀਆਂ ਗੱਲਾਂ ਕਰਨੀਆਂ ਬੰਦ ਕਰ ਦੇਵੇ। 9 ਹੋ ਸੱਕਦਾ ਪਰਮੇਸ਼ੁਰ ਆਪਣਾ ਫੈਸਲਾ ਬਦਲ ਦੇਵੇ ਅਤੇ ਉਹ ਗੱਲਾਂ ਸਾਡੇ ਉੱਤੇ ਨਾ ਲਿਆਵੇ ਜਿਨ੍ਹਾਂ ਨੂੰ ਉਸ ਨੇ ਵਿਉਂਤਿਆ ਸੀ। ਹੋ ਸੱਕਦਾ ਉਹ ਆਪਣਾ ਮਨ ਬਦਲ ਲਵੇ ਅਤੇ ਉਸਦਾ ਗੁੱਸਾ ਠੰਡਾ ਹੋ ਜਾਵੇ ਅਤੇ ਫ਼ੇਰ ਹੋ ਸੱਕਦਾ ਅਸੀਂ ਫ਼ੂਨਾਹ ਹੋਈੇ।
10 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਕਰਨੀਆਂ ਵੇਖੀਆਂ ਅਤੇ ਇਹ ਵੀ ਵੇਖਿਆ ਕਿ ਉਨ੍ਹਾਂ ਨੇ ਮੰਦੀਆਂ ਗੱਲਾਂ ਕਰਨੀਆਂ ਬੰਦ ਕਰ ਦਿੱਤੀਆਂ ਸਨ, ਫ਼ੇਰ ਪਰਮੇਸ਼ੁਰ ਨੇ ਆਪਣਾ ਨਿਆਂ ਬਦਲ ਲਿਆ ਅਤੇ ਉਹ ਨਹੀਂ ਕੀਤਾ ਜੋ ਉਸ ਨੇ ਵਿਉਂਤਿਆ ਸੀ ਅਤੇ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ।
8 ਪਰ ਮੇਰੇ ਪਿਆਰੇ ਮਿੱਤਰੋ। ਇਹ ਇੱਕ ਗੱਲ ਨਾ ਭੁੱਲਿਓ। ਪ੍ਰਭੂ ਲਈ ਇੱਕ ਦਿਨ ਹਜ਼ਾਰਾਂ ਸਾਲਾਂ ਵਰਗਾ ਹੈ ਅਤੇ ਹਜ਼ਾਰਾਂ ਸਾਲ ਇੱਕ ਦਿਨ ਵਰਗੇ ਹਨ। 9 ਪ੍ਰਭੂ ਉਹ ਗੱਲ ਕਰਨ ਵਿੱਚ ਢਿੱਲ ਨਹੀਂ ਲਾ ਰਿਹਾ ਜਿਸ ਬਾਰੇ ਉਸ ਨੇ ਵਾਅਦਾ ਕੀਤਾ ਹੈ, ਜਿਵੇਂ ਕੁਝ ਲੋਕ ਸਮਝਦੇ ਹਨ। ਪਰ ਪਰਮੇਸ਼ੁਰ ਤੁਹਾਡੇ ਨਾਲ ਸਬਰ ਤੋਂ ਕੰਮ ਲੈ ਰਿਹਾ ਹੈ। ਪਰਮੇਸ਼ੁਰ ਨਹੀਂ ਚਾਹੁੰਦਾ ਕਿ ਕੋਈ ਵੀ ਵਿਅਕਤੀ ਤਬਾਹ ਹੋ ਜਾਵੇ। ਉਹ ਚਾਹੁੰਦਾ ਹੈ ਕਿ ਹਰ ਵਿਅਕਤੀ ਆਪਣੇ ਆਪ ਨੂੰ ਬਦਲ ਦੇਵੇ ਅਤੇ ਪਾਪ ਕਰਨਾ ਛੱਡ ਦੇਵੇ।
10 ਪ੍ਰਭੂ ਦੇ ਆਉਣ ਦਾ ਦਿਨ ਉਸੇ ਤਰ੍ਹਾਂ ਹੈਰਾਨੀਜਨਕ ਹੋਵੇਗਾ ਜਿਵੇਂ ਇੱਕ ਚੋਰ ਆਉਂਦਾ ਹੈ। ਇੱਕ ਉੱਚੀ ਅਵਾਜ਼ ਨਾਲ ਅਕਾਸ਼ ਅਲੋਪ ਹੋ ਜਾਵੇਗਾ ਅਤੇ ਅਕਾਸ਼ ਵਿੱਚਲੀ ਹਰ ਚੀਜ਼ ਅੱਗ ਦੁਆਰਾ ਤਬਾਹ ਕਰ ਦਿੱਤੀ ਜਾਵੇਗੀ। ਧਰਤੀ ਅਤੇ ਇਸ ਉਤਲੀ ਹਰ ਸ਼ੈਅ ਸਾੜ ਦਿੱਤੀ ਜਾਵੇਗੀ। 11 ਇਸ ਤਰ੍ਹਾਂ ਹਰ ਚੀਜ਼ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਤਬਾਹ ਹੋ ਜਾਵੇਗੀ। ਇਸ ਲਈ ਸੋਚੋ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ? ਤੁਹਾਨੂੰ ਇੱਕ ਪਵਿੱਤਰ ਜੀਵਨ ਜਿਉਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਗੱਲਾਂ ਕਰਨੀਆਂ ਚਾਹੀਦੀਆਂ ਹਨ। 12 ਤੁਹਾਨੂੰ ਪਰਮੇਸ਼ੁਰ ਦੇ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਅਤੇ ਉਤਸੁਕਤਾ ਨਾਲ ਇਸ ਵਾਸਤੇ ਅਗਾਂਹ ਵੇਖੋ। ਜਦੋਂ ਉਹ ਦਿਨ ਆਵੇਗਾ, ਅਕਾਸ਼ ਅੱਗ ਦੁਆਰਾ ਤਬਾਹ ਹੋ ਜਾਵੇਗਾ, ਅਤੇ ਇਸ ਵਿੱਚਲਾ ਸਭ ਕੁਝ ਗਰਮੀ ਦੇ ਕਾਰਣ ਪਿਘਲ ਜਾਵੇਗਾ। 13 ਪਰ ਜਿਵੇਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ, ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦਾ ਇੰਤਜ਼ਾਰ ਕਰ ਰਹੇ ਹਾਂ ਜਿੱਥੇ ਧਾਰਮਿਕਤਾ ਵੱਸੇਗੀ।
2010 by World Bible Translation Center