Revised Common Lectionary (Complementary)
21 ਯਹੋਵਾਹ, ਤੁਸੀਂ ਮੇਰੇ ਮਾਲਕ ਹੋ, ਇਸ ਲਈ ਮੇਰੇ ਨਾਲ ਅਜਿਹਾ ਵਿਹਾਰ ਕਰੋ ਜਿਸ ਨਾਲ ਤੁਹਾਡੇ ਨਾਮ ਦੀ ਸ਼ੋਭਾ ਹੋਵੇ।
ਤੁਹਾਡੇ ਅੰਦਰ ਕਿੰਨਾ ਜ਼ਿਆਦਾ ਪਿਆਰ ਹੈ, ਇਸ ਲਈ ਮੈਨੂੰ ਬਚਾਉ।
22 ਮੈਂ ਇੱਕ ਗਰੀਬ ਨਿਤਾਣਾ ਆਦਮੀ ਹਾਂ,
ਮੈਂ ਸੱਚਮੁੱਚ ਉਦਾਸ ਹਾਂ, ਮੇਰਾ ਦਿਲ ਟੁੱਟਿਆ ਹੋਇਆ ਹੈ।
23 ਮੈਨੂੰ ਲੱਗਦਾ ਹੈ ਜਿਵੇਂ ਮੇਰੀ ਜ਼ਿੰਦਗੀ ਮੁੱਕ ਗਈ ਹੈ, ਜਿਵੇਂ ਸ਼ਾਮ ਵੇਲੇ ਪਰਛਾਵੇਂ ਹੁੰਦੇ ਹਨ।
ਮੈਂ ਉਸ ਪਿੱਸੂ ਵਰਗਾ ਮਹਿਸੂਸ ਕਰਦਾ ਹਾਂ ਜਿਸ ਨੂੰ ਕਿਸੇ ਨੇ ਝਾੜਕੇ ਸੁੱਟ ਦਿੱਤਾ ਹੋਵੇ।
24 ਮੇਰੇ ਗੋਡੇ ਕਮਜ਼ੋਰ ਹਨ ਕਿਉਂਕਿ ਮੈਂ ਭੁੱਖਾ ਹਾਂ।
ਮੇਰਾ ਭਾਰ ਘਟ ਰਿਹਾ ਹੈ ਅਤੇ ਮੈਂ ਪਤਲਾ ਹੋ ਰਿਹਾ ਹਾਂ।
25 ਬੁਰੇ ਆਦਮੀ ਮੇਰਾ ਅਪਮਾਨ ਕਰ ਰਹੇ ਹਨ।
ਉਹ ਮੇਰੇ ਵੱਲ ਵੇਖਦੇ ਹਨ ਅਤੇ ਸਿਰ ਹਿਲਾਉਂਦੇ ਹਨ।
26 ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਕਰੋ।
ਆਪਣਾ ਸੱਚਾ ਪਿਆਰ ਦਰਸਾਉ ਅਤੇ ਮੈਨੂੰ ਬਚਾਉ।
27 ਉਹ ਲੋਕ ਜਾਣ ਲੈਣਗੇ ਕਿ ਤੁਸੀਂ ਮੇਰੀ ਸਹਾਇਤਾ ਕੀਤੀ ਸੀ।
ਫ਼ੇਰ ਉਹ ਜਾਣ ਲੈਣਗੇ ਕਿ ਇਹ ਤੁਹਾਡੀ ਹੀ ਸ਼ਕਤੀ ਸੀ ਜਿਸਨੇ ਮੇਰੀ ਸਹਾਇਤਾ ਕੀਤੀ ਸੀ।
28 ਉਹ ਬੁਰੇ ਆਦਮੀ ਮੈਨੂੰ ਸਰਾਪ ਦਿੰਦੇ ਹਨ,
ਪਰ ਤੁਸੀਂ ਮੈਨੂੰ ਅਸੀਸ ਦੇ ਸੱਕਦੇ ਹੋ।
ਯਹੋਵਾਹ, ਉਨ੍ਹਾਂ ਨੇ ਮੇਰੇ ਉੱਪਰ ਹਮਲਾ ਕੀਤਾ ਇਸ ਲਈ ਉਨ੍ਹਾਂ ਨੂੰ ਹਰਾਉ।
ਫ਼ੇਰ, ਮੈਂ ਤੁਹਾਡਾ ਸੇਵਕ, ਪ੍ਰਸੰਨ ਹੋਵਾਂਗਾ।
29 ਮੇਰੇ ਦੁਸ਼ਮਣਾਂ ਨੂੰ ਨਮੋਸ਼ੀ ਦਿਉ!
ਉਨ੍ਹਾਂ ਨੂੰ ਸ਼ਰਮਿੰਦਗੀ ਕੁੜਤੇ ਵਾਂਗ ਪਹਿਨਣ ਦਿਉ।
30 ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ।
ਮੈਂ ਬਹੁਤ ਲੋਕਾਂ ਅੱਗੇ ਉਸਦੀ ਉਸਤਤਿ ਕਰਦਾ ਹਾਂ।
31 ਪਰਮੇਸ਼ੁਰ ਗਰੀਬਾਂ ਲਈ ਸੱਜੇ ਹੱਥ ਦੇ ਤੌਰ ਤੇ ਖਲੋਂਦਾ ਹੈ।
ਉਹ ਨਿਸ਼ਚਿਤ ਕਰਦਾ ਹੈ ਕਿ ਗਰੀਬ ਆਦਮੀ ਨੂੰ ਨਿਆਂ ਮਿਲੇ।
18 ਮੈਂ ਉਨ੍ਹਾਂ ਦੇ ਬੱਚਿਆਂ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਆਖਿਆ, “ਆਪਣੇ ਮਾਪਿਆਂ ਵਰਗੇ ਨਾ ਬਣੋ। ਆਪਣੇ ਆਪਨੂੰ ਉਨ੍ਹਾਂ ਦੇ ਬੁੱਤਾਂ ਨਾਲ ਨਾਪਾਕ ਨਾ ਹੋਣ ਦੇਣਾ। ਉਨ੍ਹਾਂ ਦੇ ਕਨੂੰਨਾਂ ਤੇ ਨਾ ਚੱਲਣਾ। ਉਨ੍ਹਾਂ ਦੇ ਹੁਕਮ ਨਾ ਮੰਨਣਾ, 19 ਮੈਂ ਯਹੋਵਾਹ ਹਾਂ। ਮੈਂ ਤੁਹਾਡਾ ਪਰਮੇਸ਼ੁਰ ਹਾਂ। ਮੇਰੇ ਕਨੂੰਨ ਨੂੰ ਮੰਨਣਾ। ਮੇਰੇ ਹੁਕਮ ਦਾ ਪਾਲਣ ਕਰਣਾ। ਉਹੀ ਗੱਲਾਂ ਕਰਨੀਆਂ ਜਿਹੜੀ ਮੈਂ ਤੁਹਾਨੂੰ ਆਖਦਾ ਹਾਂ। 20 ਇਹ ਦਰਸਾਉਣਾ ਕਿ ਮੇਰੇ ਆਰਾਮ ਦੇ ਦਿਨ ਤੁਹਾਡੇ ਲਈ ਮਹੱਤਵਪੂਰਣ ਹਨ। ਯਾਦ ਰੱਖਣਾ ਕਿ ਉਹ ਮੇਰੇ ਅਤੇ ਤੁਹਾਡੇ ਵਿੱਚਕਾਰ ਖਾਸ ਨਿਸ਼ਾਨ ਹਨ। ਮੈਂ ਯਹੋਵਾਹ ਹਾਂ। ਅਤੇ ਉਹ ਛੁੱਟੀਆਂ ਦੇ ਦਿਨ ਤੁਹਾਨੂੰ ਦਰਸਾਉਂਦੇ ਹਨ ਕਿ ਮੈਂ ਤੁਹਾਡਾ ਪਰਮੇਸ਼ੁਰ ਹਾਂ।”
21 “‘ਪਰ ਉਹ ਬੱਚੇ ਵੀ ਮੇਰੇ ਵਿਰੁੱਧ ਹੋ ਗਏ। ਉਨ੍ਹਾਂ ਨੇ ਮੇਰੇ ਕਨੂੰਨ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੇ ਮੇਰੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੇ ਉਹ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਮੈਂ ਉਨ੍ਹਾਂ ਨੂੰ ਆਖੀਆਂ ਸਨ। ਅਤੇ ਉਹ ਚੰਗੇ ਕਨੂੰਨ ਹਨ। ਜੇ ਕੋਈ ਬੰਦਾ ਉਨ੍ਹਾਂ ਦੀ ਪਾਲਣਾ ਕਰੇਗਾ ਤਾਂ ਉਹ ਜੀਵੇਗਾ। ਉਨ੍ਹਾਂ ਨੇ ਮੇਰੇ ਆਰਾਮ ਦੇ ਦਿਨਾਂ ਨਾਲ ਅਜਿਹਾ ਵਿਹਾਰ ਕੀਤਾ ਜਿਵੇਂ ਉਹ ਮਹੱਤਵਪੂਰਣ ਨਹੀਂ ਸਨ। ਇਸ ਲਈ ਮੈਂ ਉਨ੍ਹਾਂ ਨੂੰ ਮਾਰੂਬਲ ਅੰਦਰ ਪੂਰੀ ਤਰ੍ਹਾਂ ਤਬਾਹ ਕਰਨ ਦਾ ਨਿਆਂ ਕੀਤਾ ਅਤੇ ਆਪਣੇ ਕਹਿਰ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਵਾਇਆ। 22 ਪਰ ਮੈਂ ਆਪਣੇ ਆਪਨੂੰ ਰੋਕ ਲਿਆ। ਹੋਰਨਾਂ ਲੋਕਾਂ ਨੇ ਮੈਨੂੰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲਿਆਉਂਦਿਆਂ ਦੇਖਿਆ। ਮੈਂ ਆਪਣੀ ਨੇਕ ਨਾਮੀ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ ਸਾਂ ਇਸ ਲਈ ਮੈਂ ਇਸਰਾਏਲ ਨੂੰ ਉਨ੍ਹਾਂ ਹੋਰਨਾਂ ਲੋਕਾਂ ਸਾਹਮਣੇ ਬਰਬਾਦ ਨਹੀਂ ਕੀਤਾ। 23 ਇਸ ਲਈ ਮੈਂ ਉਨ੍ਹਾਂ ਲੋਕਾਂ ਨਾਲ ਮਾਰੂਬਲ ਅੰਦਰ ਇੱਕ ਹੋਰ ਇਕਰਾਰ ਕੀਤਾ, ਮੈਂ ਉਨ੍ਹਾਂ ਨੂੰ ਹੋਰਾਂ ਕੌਮਾਂ ਅੰਦਰ ਖਿਡਾਉਣ ਦਾ ਇਕਰਾਰ ਕੀਤਾ, ਉਨ੍ਹਾਂ ਨੂੰ ਬਹੁਤ ਸਾਰੇ ਵੱਖ-ਵੱਖ ਦੇਸ਼ਾਂ ਵਿੱਚ ਭੇਜਣ ਦਾ ਨਿਆਂ ਕੀਤਾ।
24 “‘ਇਸਰਾਏਲ ਦੇ ਲੋਕਾਂ ਨੇ ਮੇਰੇ ਹੁਕਮਾਂ ਨੂੰ ਨਹੀਂ ਕਬੂਲਿਆ। ਉਨ੍ਹਾਂ ਨੇ ਮੇਰੇ ਕਨੂੰਨ ਦਾ ਪਾਲਣ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹੱਤਵਪੂਰਨ ਨਾ ਹੋਣ। ਅਤੇ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਬੁੱਤਾਂ ਦੀ ਉਪਾਸਨਾ ਕੀਤੀ। 25 ਇਸ ਲਈ ਮੈਂ ਉਨ੍ਹਾਂ ਨੂੰ ਅਜਿਹੇ ਕਨੂੰਨ ਦਿੱਤੇ ਜਿਹੜੇ ਚੰਗੇ ਨਹੀਂ ਸਨ। ਮੈਂ ਉਨ੍ਹਾਂ ਨੂੰ ਅਜਿਹੇ ਆਦੇਸ ਦਿੱਤੇ ਜਿਹੜੇ ਜ਼ਿੰਦਗੀ ਨਹੀਂ ਦਿੰਦੇ ਸਨ। 26 ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਸੁਗਾਤਾਂ ਨਾਲ ਨਾਪਾਕ ਹੋਣ ਦਿੱਤਾ। ਉਨ੍ਹਾਂ ਨੇ ਆਪਣੇ ਜੇਠੇ ਪੁੱਤਰਾਂ ਦੀ ਬਲੀ ਚੜ੍ਹਾਉਣੀ ਵੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ, ਮੈਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਆਂਗਾ। ਫ਼ੇਰ ਉਨ੍ਹਾਂ ਨੂੰ ਪਤਾ ਚੱਲੇਗਾ ਕਿ ਮੈਂ ਹੀ ਯਹੋਵਾਹ ਹਾਂ।’ 27 ਇਸ ਲਈ ਹੁਣ, ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ, ‘ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਇਸਰਾਏਲ ਦੇ ਲੋਕਾਂ ਨੇ ਮੇਰੇ ਬਾਰੇ ਮੰਦਾ ਬੋਲਿਆ ਅਤੇ ਮੈਨੂੰ ਧੋਖਾ ਦੇਣ ਦੀਆਂ ਵਿਉਂਤਾ ਬਣਾਈਆਂ। 28 ਪਰ ਮੈਂ ਫ਼ੇਰ ਵੀ ਉਨ੍ਹਾਂ ਨੂੰ ਉਸ ਧਰਤੀ ਤੇ ਲਿਆਂਦਾ ਜਿਸ ਨੂੰ ਦੇਣ ਦਾ ਮੈਂ ਇਕਰਾਰ ਕੀਤਾ ਸੀ। ਉਨ੍ਹਾਂ ਨੇ ਸਾਰੀਆਂ ਪਹਾੜੀਆਂ ਅਤੇ ਹਰੇ ਰੁੱਖਾਂ ਨੂੰ ਦੇਖਿਆ, ਇਸ ਲਈ ਉਹ ਉਨ੍ਹਾਂ ਸਾਰੀਆਂ ਥਾਵਾਂ ਉੱਤੇ ਉਪਾਸਨਾ ਕਰਨ ਲਈ ਗਏ। ਅਤੇ ਉਹ ਉਨ੍ਹਾਂ ਥਾਵਾਂ ਉੱਤੇ ਆਪਣੀਆਂ ਬਲੀਆਂ ਅਤੇ ਕ੍ਰੋਧ ਦਿਵਾਉਣ ਦੇ ਚੜ੍ਹਾਵੇ [a] ਲੈ ਗਏ। ਉਨ੍ਹਾਂ ਨੇ ਅਜਿਹੀਆਂ ਬਲੀਆਂ ਚੜ੍ਹਾਈਆਂ ਜਿਹੜੀਆਂ ਮਿੱਠੀ ਸੁਗੰਧ ਵਾਲੀਆਂ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਥਾਵਾਂ ਉੱਤੇ ਪੀਣ ਦੀਆਂ ਭੇਟਾਂ ਵੀ ਦਿੱਤੀਆਂ। 29 ਮੈਂ ਇਸਰਾਏਲ ਦੇ ਲੋਕਾਂ ਨੂੰ ਪੁੱਛਿਆ ਕਿ ਉਹ ਇਨ੍ਹਾਂ ਉੱਚੀਆਂ ਥਾਵਾਂ ਉੱਤੇ ਕਿਉਂ ਜਾ ਰਹੇ ਸਨ। ਪਰ ਉਹ ਉੱਚੀ ਥਾਂ ਹਾਲੇ ਵੀ ਓੱਥੇ ਹੀ ਹੈ।’”
30 ਪਰਮੇਸ਼ੁਰ ਨੇ ਆਖਿਆ, “ਇਸਰਾਏਲ ਦੇ ਲੋਕਾਂ ਨੇ ਉਹ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ। ਇਸ ਲਈ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ, ‘ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਤੁਸੀਂ ਲੋਕਾਂ ਨੇ ਆਪਣੇ-ਆਪ ਨੂੰ ਉਹ ਗੱਲਾਂ ਕਰਕੇ ਨਾਪਾਕ ਕਰ ਲਿਆ ਹੈ ਜੋ ਤੁਹਾਡੇ ਪੁਰਖੇ ਕਰਦੇ ਸਨ। ਤੁਸੀਂ ਇੱਕ ਵੇਸਵਾ ਦੀ ਤਰ੍ਹਾਂ ਵਿਹਾਰ ਕੀਤਾ। ਤੁਸੀਂ ਮੈਨੂੰ ਛੱਡ ਕੇ ਉਨ੍ਹਾਂ ਭਿਆਨਕ ਦੇਵਤਿਆਂ ਵੱਲ ਹੋ ਗਏ ਜਿਨ੍ਹਾਂ ਦੀ ਤੁਹਾਡੇ ਪੁਰਖੇ ਉਪਾਸਨਾ ਕਰਦੇ ਸਨ। 31 ਤੁਸੀਂ ਉਸੇ ਤਰ੍ਹਾਂ ਦੀਆਂ ਸੁਗਾਤਾਂ ਦੇ ਰਹੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਅੱਗ ਵਿੱਚ ਸੁੱਟ ਰਹੇ ਹੋ। ਆਪਣੇ ਝੂਠੇ ਦੇਵਤਿਆਂ ਨੂੰ ਦਿੱਤੇ ਦਾਨ ਵਜੋਂ ਤੁਸੀਂ ਅੱਜ ਤੱਕ ਵੀ ਆਪਣੇ ਆਪ ਨੂੰ ਉਨ੍ਹਾਂ ਬੁੱਤਾਂ ਨਾਲ ਨਾਪਾਕ ਬਣਾ ਰਹੇ ਹੋ! ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਮੈਨੂੰ ਇਹ ਚਾਹੀਦਾ ਹੈ ਕਿ ਮੈਂ ਤੁਹਾਨੂੰ ਆਪਣੇ ਵੱਲ ਆਉਣ ਦਿਆਂ ਅਤੇ ਸਲਾਹ ਮੰਗਣ ਦੇਵਾਂ? ਮੈਂ ਯਹੋਵਾਹ ਅਤੇ ਪ੍ਰਭੂ ਹਾਂ। ਮੈਂ ਆਪਣੇ ਜੀਵਨ ਨੂੰ ਸਾਖੀ ਰੱਖਕੇ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦਿਆਂਗਾ ਅਤੇ ਤੁਹਾਨੂੰ ਸਲਾਹ ਨਹੀਂ ਦਿਆਂਗਾ! 32 ਤੁਸੀਂ ਆਖੀ ਜਾ ਰਹੇ ਹੋ ਕਿ ਤੁਸੀਂ ਹੋਰਨਾਂ ਕੌਮਾਂ ਵਾਂਗ ਹੋਣਾ ਚਾਹੁੰਦੇ ਹੋ। ਤੁਸੀਂ ਹੋਰਨਾਂ ਕੌਮਾਂ ਦੇ ਲੋਕਾਂ ਵਾਂਗ ਜਿਉਂਦੇ ਹੋ। ਤੁਸੀਂ ਲੱਕੜੀ ਅਤੇ ਪੱਥਰ ਦੇ ਟੁਕੜਿਆਂ ਦੀ ਸੇਵਾ ਕਰਦੇ ਹੋ!’”
ਯਿਸੂ ਦਾ ਫ਼ਿਲਦਲਫ਼ੀਏ ਦੀ ਕਲੀਸਿਯਾ ਨੂੰ ਪੱਤਰ
7 “ਫ਼ਿਲਦਲਫ਼ੀਏ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਜਿਹੜਾ ਪਵਿੱਤਰ ਅਤੇ ਸੱਚਾ ਹੈ ਇਹ ਦੱਸ ਰਿਹਾ ਹੈ। ਉਸ ਦੇ ਕੋਲ ਦਾਊਦ ਦੀ ਕੁੰਜੀ ਹੈ। ਜਦੋਂ ਉਹ ਕੁਝ ਖੋਲ੍ਹਦਾ ਹੈ, ਉਸ ਨੂੰ ਕੋਈ ਵੀ ਬੰਦ ਨਹੀਂ ਕਰ ਸੱਕਦਾ। ਜਦੋਂ ਉਹ ਕੁਝ ਬੰਦ ਕਰਦਾ ਹੈ, ਕੋਈ ਵੀ ਉਸ ਨੂੰ ਖੋਲ੍ਹ ਨਹੀਂ ਸੱਕਦਾ। 8 ਮੈਂ ਜਾਣਦਾ ਹਾਂ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ। ਮੈਂ ਤੁਹਾਡੇ ਸਾਹਮਣੇ ਇੱਕ ਖੁਲ੍ਹਾ ਦਰਵਾਜ਼ਾ ਰੱਖ ਦਿੱਤਾ ਹੈ। ਕੋਈ ਵੀ ਵਿਅਕਤੀ ਇਸ ਨੂੰ ਬੰਦ ਨਹੀਂ ਕਰ ਸੱਕਦਾ। ਮੈਂ ਜਾਣਦਾ ਹਾਂ ਕਿ ਤੁਸੀਂ ਕਮਜ਼ੋਰ ਹੋ। ਪਰ ਤੁਸੀਂ ਮੇਰੀ ਸਿੱਖਿਆ ਤੇ ਅਮਲ ਕੀਤਾ ਹੈ। ਤੁਸੀਂ ਮੇਰਾ ਨਾਮ ਲੈਣ ਤੋਂ ਨਹੀਂ ਡਰਦੇ ਸੀ। 9 ਸੁਣੋ। ਇੱਥੇ ਕੁਝ ਲੋਕ ਹਨ ਜੋ ਸ਼ੈਤਾਨ ਦੇ ਪੂਜਾ ਸਥਾਨ ਨਾਲ ਸੰਬੰਧਿਤ ਹਨ। ਉਹ ਆਪਣੇ ਆਪ ਨੂੰ ਯਹੂਦੀ ਆਖਦੇ ਹਨ, ਪਰ ਉਹ ਝੂਠੇ ਹਨ। ਉਹ ਲੋਕ ਸੱਚੇ ਯਹੂਦੀ ਨਹੀਂ ਹਨ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ ਅਤੇ ਤੁਹਾਡੇ ਕਦਮਾਂ ਤੇ ਝੁਕਾਵਾਂਗਾ। ਉਹ ਜਾਣ ਲੈਣਗੇ ਕਿ ਤੁਸੀਂ ਹੀ ਉਹ ਲੋਕ ਹੋ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ। 10 ਤੁਸੀਂ ਸਭ ਕੁਝ ਸਬਰ ਨਾਲ ਸਹਿਨ ਕਰਨ ਲਈ ਮੇਰੇ ਹੁਕਮ ਦੀ ਪਾਲਣਾ ਕੀਤੀ। ਇਸੇ ਲਈ ਮੈਂ ਪਰੱਖ ਦੇ ਸਮੇਂ ਤੋਂ ਤੁਹਾਡੀ ਰੱਖਿਆ ਕਰਾਂਗਾ ਜਿਹੜਾ ਸਾਰੀ ਦੁਨੀਆਂ ਉੱਤੇ ਆਵੇਗਾ। ਪਰੱਖ ਦਾ ਇਹ ਸਮਾਂ ਧਰਤੀ ਤੇ ਹਰੇਕ ਨੂੰ ਪਰੱਖਣ ਲਈ ਹੈ।
11 “ਮੈਂ ਜਲਦੀ ਹੀ ਆ ਰਿਹਾ ਹਾਂ। ਉਸੇ ਨੂੰ ਫ਼ੜੀ ਰੱਖੋ ਜੋ ਹੁਣ ਤੁਹਾਡੇ ਕੋਲ ਹੈ। ਫ਼ੇਰ ਕੋਈ ਵੀ ਵਿਅਕਤੀ ਤੁਹਾਡਾ ਤਾਜ ਨਹੀਂ ਖੋਹ ਸੱਕੇਗਾ। 12 ਜਿਹੜਾ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਮੇਰੇ ਪਰਮੇਸ਼ੁਰ ਦੇ ਮੰਦਰ ਦਾ ਥੰਮ ਹੋਵੇਗਾ। ਉਸ ਵਿਅਕਤੀ ਨੂੰ ਫ਼ੇਰ ਕਦੇ ਵੀ ਪਰਮੇਸ਼ੁਰ ਦਾ ਮੰਦਰ ਛੱਡਣਾ ਨਹੀਂ ਪਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ। ਅਤੇ ਮੈਂ ਆਪਣੇ ਪਰਮੇਸ਼ੁਰ ਦੇ ਸ਼ਹਿਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ ਉਹ ਸ਼ਹਿਰ ਨਵਾਂ ਯਰੂਸ਼ਲਮ ਹੈ। ਇਹ ਸ਼ਹਿਰ ਮੇਰੇ ਪਿਤਾ ਵੱਲੋਂ ਸਵਰਗ ਵਿੱਚੋਂ ਆ ਰਿਹਾ ਹੈ। ਮੈਂ ਉਸ ਵਿਅਕਤੀ ਤੇ ਆਪਣਾ ਨਵਾਂ ਨਾਮ ਵੀ ਲਿਖ ਦਿਆਂਗਾ। 13 ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸਦਾ ਹੈ।
2010 by World Bible Translation Center