Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
140 ਯਹੋਵਾਹ, ਮੈਨੂੰ ਮੰਦੇ ਲੋਕਾਂ ਪਾਸੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
2 ਉਹ ਲੋਕ ਮੰਦੀਆਂ ਯੋਜਨਾਵਾਂ ਬਨਾਉਂਦੇ ਹਨ।
ਉਹ ਲੋਕ ਹਰ ਵੇਲੇ ਲੜਾਈਆਂ ਛੇੜਦੇ ਹਨ।
3 ਉਨ੍ਹਾਂ ਦੀਆਂ ਜੀਭਾਂ ਜ਼ਹਿਰੀਲੇ ਸੱਪਾਂ ਵਰਗੀਆਂ ਹਨ।
ਇਵੇਂ ਹੈ ਜਿਵੇਂ ਉਨ੍ਹਾਂ ਦੀ ਜੀਭ ਹੇਠਾਂ ਸੱਪ ਦਾ ਜ਼ਹਿਰ ਛੁਪਿਆ ਹੋਵੇ।
4 ਯਹੋਵਾਹ, ਮੈਨੂੰ ਬਦ ਲੋਕਾਂ ਤੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
ਉਹ ਲੋਕ ਮੇਰਾ ਪਿੱਛਾ ਕਰਦੇ ਹਨ ਅਤੇ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦੇ ਹਨ।
5 ਉਹ ਗੁਮਾਨੀ ਲੋਕ ਮੇਰੇ ਲਈ ਫ਼ੰਦੇ ਲਾਉਂਦੇ ਹਨ।
ਉਹ ਮੈਨੂੰ ਫ਼ੜਨ ਲਈ ਜਾਲ ਲਾਉਂਦੇ ਹਨ।
ਉਹ ਮੇਰੇ ਰਾਹ ਵਿੱਚ ਫ਼ੰਦਾ ਲਾਉਂਦੇ ਹਨ।
6 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ।
ਯਹੋਵਾਹ ਮੇਰੀ ਪ੍ਰਾਰਥਨਾ ਸੁਣੋ।
7 ਯਹੋਵਾਹ, ਤੁਸੀਂ ਮੇਰੇ ਸ਼ਕਤੀਸ਼ਾਲੀ ਮਾਲਕ ਹੋ।
ਤੁਸੀਂ ਮੇਰੇ ਮੁਕਤੀਦਾਤਾ ਹੋ।
ਤੁਸੀਂ ਯੁੱਧ ਵਿੱਚ ਮੇਰੇ ਸਿਰ ਦੀ ਰੱਖਿਆ ਕਰ ਰਹੇ ਟੋਪ ਵਾਂਗ ਹੋ।
8 ਯਹੋਵਾਹ, ਉਹ ਲੋਕ ਬਦ ਹਨ।
ਉਨ੍ਹਾਂ ਨੂੰ ਉਹ ਨਾ ਦਿਉ ਜੋ ਉਹ ਮੰਗਦੇ ਹਨ।
ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਾ ਹੋਣ ਦਿਉ।
9 ਯਹੋਵਾਹ, ਮੇਰੇ ਦੁਸ਼ਮਣਾ ਨੂੰ ਨਾ ਜਿੱਤਣ ਦਿਉ।
ਉਹ ਲੋਕ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਹਨ, ਪਰ ਕੁਝ ਅਜਿਹਾ ਕਰੋ ਕਿ ਮੰਦੀਆਂ ਗੱਲਾਂ ਉਨ੍ਹਾਂ ਨਾਲ ਹੀ ਵਾਪਰਨ।
10 ਉਨ੍ਹਾਂ ਦੇ ਸਿਰਾਂ ਉੱਤੇ ਭੱਖਦੇ ਕੋਲੇ ਵਰਸਾਉ।
ਮੇਰੇ ਦੁਸ਼ਮਣਾਂ ਨੂੰ ਅੱਗ ਵਿੱਚ ਸੁੱਟ ਦਿਉ।
ਉਨ੍ਹਾਂ ਨੂੰ ਖਾਈ (ਕਬਰ) ਵਿੱਚ ਸੁੱਟ ਦਿਉ ਜਿੱਥੇ ਉਹ ਕਦੇ ਵੀ ਨਾ ਨਿਕਲ ਸੱਕਣ।
11 ਯਹੋਵਾਹ, ਉਨ੍ਹਾਂ ਝੂਠਿਆ ਨੂੰ ਨਾ ਜਿਉਣ ਦਿਉ।
ਉਨ੍ਹਾਂ ਮੰਦੇ ਲੋਕਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
12 ਮੈਂ ਜਾਣਦਾ ਹਾਂ ਕਿ ਯਹੋਵਾਹ ਨਿਰਪੱਖ ਹੋਕੇ ਗਰੀਬ ਲੋਕਾਂ ਬਾਰੇ ਨਿਆਂ ਕਰੇਗਾ।
ਪਰਮੇਸ਼ੁਰ ਬੇਸਹਾਰਿਆਂ ਦੀ ਮਦਦ ਕਰੇਗਾ।
13 ਨੇਕ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨਗੇ, ਯਹੋਵਾਹ।
ਨੇਕ ਲੋਕ ਤੁਹਾਡੀ ਉਪਾਸਨਾ ਕਰਨਗੇ।
ਰਿਬਕਾਹ ਲਈ ਸੌਦੇਬਾਜ਼ੀ
34 ਨੌਕਰ ਨੇ ਆਖਿਆ, “ਮੈਂ ਅਬਰਾਹਾਮ ਦਾ ਨੌਕਰ ਹਾਂ। 35 ਯਹੋਵਾਹ ਨੇ ਮੇਰੇ ਸੁਆਮੀ ਉੱਤੇ ਹਰ ਤਰ੍ਹਾਂ ਦੀ ਬਖਸ਼ਿਸ਼ ਕੀਤੀ ਹੈ। ਮੇਰਾ ਸੁਆਮੀ ਇੱਕ ਮਹਾਨ ਇਨਸਾਨ ਬਣ ਗਿਆ ਹੈ। ਯਹੋਵਾਹ ਨੇ ਅਬਰਾਹਾਮ ਨੂੰ ਭੇਡਾਂ ਦੇ ਕਈ ਇੱਜੜ ਅਤੇ ਪਸ਼ੂਆਂ ਦੇ ਕਈ ਵੱਗ ਦਿੱਤੇ ਹਨ। ਅਬਰਾਹਾਮ ਕੋਲ ਕਾਫ਼ੀ ਸੋਨਾ-ਚਾਂਦੀ ਅਤੇ ਨੌਕਰ ਹਨ। ਅਬਰਾਹਾਮ ਕੋਲ ਬਹੁਤ ਸਾਰੇ ਊਠ ਅਤੇ ਖੋਤੇ ਹਨ। 36 ਮੇਰੇ ਸੁਆਮੀ ਦੀ ਪਤਨੀ ਦਾ ਨਾਮ ਸਾਰਾਹ ਸੀ। ਜਦੋਂ ਉਹ ਬਹੁਤ ਬੁੱਢੀ ਸੀ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਅਤੇ ਮੇਰੇ ਸੁਆਮੀ ਨੇ ਆਪਣੀ ਸਾਰੀ ਜਾਇਦਾਦ ਦਾ ਉਸ ਪੁੱਤਰ ਨੂੰ ਵਾਰਿਸ ਬਣਾ ਦਿੱਤਾ ਹੈ। 37 ਮੇਰੇ ਸੁਆਮੀ ਨੇ ਮੇਰੇ ਕੋਲੋਂ ਇੱਕ ਬਚਨ ਲਿਆ ਸੀ। ਮੇਰੇ ਸੁਆਮੀ ਨੇ ਮੈਨੂੰ ਆਖਿਆ ਸੀ, ‘ਤੂੰ ਮੇਰੇ ਪੁੱਤਰ ਨੂੰ ਕਿਸੇ ਕਨਾਨੀ ਕੁੜੀ ਨਾਲ ਵਿਆਹ ਨਾ ਕਰਨ ਦੇਵੀਂ। ਅਸੀਂ ਇਨ੍ਹਾਂ ਲੋਕਾਂ ਦਰਮਿਆਨ ਰਹਿੰਦੇ ਜ਼ਰੂਰ ਹਾਂ ਪਰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕਨਾਨੀ ਕੁੜੀ ਨਾਲ ਵਿਆਹ ਕਰੇ। 38 ਇਸ ਲਈ ਤੂੰ ਮੇਰੇ ਪਿਤਾ ਦੇ ਦੇਸ਼ ਜਾਣ ਦਾ ਬਚਨ ਦੇ। ਮੇਰੇ ਪਰਿਵਾਰ ਕੋਲ ਜਾਹ ਅਤੇ ਮੇਰੇ ਪੁੱਤਰ ਲਈ ਵਹੁਟੀ ਲੱਭ ਕੇ ਲਿਆ।’ 39 ਮੈਂ ਆਪਣੇ ਸੁਆਮੀ ਨੂੰ ਆਖਿਆ, ‘ਸ਼ਾਇਦ ਉਹ ਔਰਤ ਮੇਰੇ ਨਾਲ ਇਸ ਥਾਂ ਵਾਪਸ ਨਾ ਆਵੇ।’ 40 ਪਰ ਮੇਰੇ ਸੁਆਮੀ ਨੇ ਮੈਨੂੰ ਆਖਿਆ, ‘ਮੈਂ ਯਹੋਵਾਹ ਦੀ ਸੇਵਾ ਕਰਦਾ ਹਾਂ, ਯਹੋਵਾਹ ਤੇਰੀ ਸਹਾਇਤਾ ਕਰਨ ਲਈ ਤੇਰੀ ਖਾਤਰ ਆਪਣ ਦੂਤ ਭੇਜੇਗਾ। ਤੂੰ ਮੇਰੇ ਖੁਦ ਦੇ ਪਰਿਵਾਰ ਦਰਮਿਆਨੋਂ ਮੇਰੇ ਪੁੱਤਰ ਲਈ ਵਹੁਟੀ ਲੱਭੇਂਗਾ। 41 ਪਰ ਜੇ ਤੂੰ ਮੇਰੇ ਪਿਤਾ ਦੇ ਦੇਸ਼ ਜਾਵੇਂ ਅਤੇ ਉਹ ਤੈਨੂੰ ਮੇਰੇ ਪੁੱਤਰ ਲਈ ਵਹੁਟੀ ਦੇਣ ਤੋਂ ਇਨਕਾਰ ਕਰ ਦੇਣ, ਤਾਂ ਤੂੰ ਇਸ ਇਕਰਾਰ ਤੋਂ ਮੁਕਤ ਹੋਵੇਂਗਾ।’
50 ਫ਼ੇਰ ਲਾਬਾਨ ਅਤੇ ਬਥੂਏਲ ਨੇ ਜਵਾਬ ਦਿੱਤਾ, “ਅਸੀਂ ਦੇਖ ਰਹੇ ਹਾਂ ਕਿ ਇਹ ਗੱਲ ਯਹੋਵਾਹ ਵੱਲੋਂ ਹੈ ਇਸ ਲਈ ਅਸੀਂ ਇਸ ਨੂੰ ਬਦਲਣ ਲਈ ਕੁਝ ਨਹੀਂ ਕਰ ਸੱਕਦੇ। 51 ਰਿਬਕਾਹ ਇੱਥੇ ਹੈ। ਇਸ ਨੂੰ ਲੈ ਅਤੇ ਚੱਲਿਆ ਜਾ। ਇਸਦਾ ਵਿਆਹ ਆਪਣੇ ਮਾਲਿਕ ਦੇ ਪੁੱਤਰ ਨਾਲ ਕਰ ਦੇਣਾ। ਇਹੀ ਹੈ ਜੋ ਯਹੋਵਾਹ ਚਾਹੁੰਦਾ ਹੈ।”
52 ਜਦੋਂ ਅਬਰਾਹਾਮ ਦੇ ਨੌਕਰ ਨੇ ਇਹ ਗੱਲ ਸੁਣੀ ਤਾਂ ਉਸ ਨੇ ਧਰਤੀ ਉੱਤੇ ਝੁਕ ਕੇ ਯਹੋਵਾਹ ਨੂੰ ਸਿਜਦਾ ਕੀਤਾ। 53 ਫ਼ੇਰ ਉਸ ਨੇ ਰਿਬਕਾਹ ਲਈ ਲਿਆਂਦੀਆਂ ਸੁਗਾਤਾਂ ਦਿੱਤੀਆਂ। ਉਸ ਨੇ ਉਸ ਨੂੰ ਸੁੰਦਰ ਕੱਪੜੇ ਅਤੇ ਸੋਨੇ-ਚਾਂਦੀ ਦੇ ਗਹਿਣੇ ਦਿੱਤੇ। ਉਸ ਨੇ ਉਸਦੀ ਮਾਂ ਅਤੇ ਉਸ ਦੇ ਭਰਾ ਨੂੰ ਵੀ ਮਹਿੰਗੀਆਂ ਸੁਗਾਤਾਂ ਦਿੱਤੀਆਂ। 54 ਫ਼ੇਰ ਉਸ ਨੇ ਅਤੇ ਉਸ ਦੇ ਬੰਦਿਆਂ ਨੇ ਭੋਜਨ ਪਾਣੀ ਕੀਤਾ ਅਤੇ ਉੱਥੇ ਰਾਤ ਗੁਜ਼ਾਰੀ। ਦੂਸਰੀ ਸਵੇਰ ਨੂੰ ਉਹ ਤੜਕੇ ਉੱਠੇ ਅਤੇ ਆਖਿਆ, “ਹੁਣ ਸਾਨੂੰ ਸਾਡੇ ਮਾਲਿਕ ਕੋਲ ਜਾਣਾ ਚਾਹੀਦਾ ਹੈ।”
55 ਰਿਬਕਾਹ ਦੀ ਮਾਂ ਅਤੇ ਉਸ ਦੇ ਭਰਾ ਨੇ ਆਖਿਆ, “ਰਿਬਕਾਹ ਨੂੰ ਕੁਝ ਦੇਰ ਸਾਡੇ ਕੋਲ ਰਹਿਣ ਦਿਉ। ਉਸ ਨੂੰ ਦਸ ਦਿਨ ਸਾਡੇ ਕੋਲ ਰਹਿਣ ਦਿਉ। ਇਸਤੋਂ ਮਗਰੋਂ ਉਹ ਜਾ ਸੱਕਦੀ ਹੈ।”
56 ਪਰ ਨੌਕਰ ਨੇ ਉਨ੍ਹਾਂ ਨੂੰ ਆਖਿਆ, “ਮੈਨੂੰ ਇੰਤਜ਼ਾਰ ਨਾ ਕਰਵਾਉ ਯਹੋਵਾਹ ਨੇ ਮੇਰੀ ਯਾਤਰਾ ਸਫ਼ਲ ਕੀਤੀ ਹੈ। ਹੁਣ ਮੈਨੂੰ ਆਪਣੇ ਸੁਆਮੀ ਕੋਲ ਵਾਪਸ ਜਾਣ ਦਿਉ।”
57 ਰਿਬਕਾਹ ਦੇ ਭਰਾ ਅਤੇ ਉਸਦੀ ਮਾਂ ਨੇ ਆਖਿਆ, “ਅਸੀਂ ਰਿਬਕਾਹ ਨੂੰ ਸੱਦਦੇ ਹਾਂ ਅਤੇ ਉਸ ਨੂੰ ਪੁੱਛਦੇ ਹਾਂ ਕਿ ਉਹ ਕੀ ਚਾਹੁੰਦੀ ਹੈ।” 58 ਉਨ੍ਹਾਂ ਨੇ ਰਿਬਕਾਹ ਨੂੰ ਸੱਦਿਆ ਅਤੇ ਉਸ ਨੂੰ ਪੁੱਛਿਆ, “ਕੀ ਤੂੰ ਇਸ ਬੰਦੇ ਨਾਲ ਹੁਣੇ ਜਾਣਾ ਚਾਹੁੰਦੀ ਹੈਂ?”
ਰਿਬਕਾਹ ਨੇ ਆਖਿਆ, “ਹਾਂ ਮੈਂ ਜਾਵਾਂਗੀ।”
59 ਇਸ ਲਈ ਉਨ੍ਹਾਂ ਨੇ ਰਿਬਕਾਹ ਨੂੰ ਅਬਰਾਹਾਮ ਦੇ ਨੌਕਰ ਅਤੇ ਉਸ ਦੇ ਬੰਦਿਆਂ ਨਾਲ ਜਾਣ ਦਿੱਤਾ। ਰਿਬਕਾਹ ਦੀ ਦਾਈ ਵੀ ਉਨ੍ਹਾਂ ਦੇ ਨਾਲ ਗਈ। 60 ਜਦੋਂ ਰਿਬਕਾਹ ਜਾ ਰਹੀ ਸੀ, ਉਨ੍ਹਾਂ ਨੇ ਉਸ ਨੂੰ ਆਖਿਆ,
“ਸਾਡੀਏ ਭੈਣੇ,
ਤੂੰ ਬਹੁਤ ਸਾਰੇ ਲੋਕਾਂ ਦੀ ਮਾਂ ਬਣੇ
ਅਤੇ ਤੇਰੇ ਉੱਤਰਾਧਿਕਾਰੀ ਆਪਣੇ ਦੁਸ਼ਮਣਾ ਨੂੰ ਹਰਾ ਦੇਣ
ਅਤੇ ਉਨ੍ਹਾਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲੈਣ।”
61 ਫ਼ੇਰ ਰਿਬਕਾਹ ਅਤੇ ਉਸਦੀ ਦਾਈ ਊਠਾਂ ਉੱਪਰ ਚੜ੍ਹ ਗਈਆਂ ਅਤੇ ਨੌਕਰ ਅਤੇ ਉਸ ਦੇ ਬੰਦਿਆਂ ਦੇ ਪਿੱਛੇ ਚੱਲ ਪਈਆਂ। ਇਸ ਤਰ੍ਹਾਂ ਨੌਕਰ ਨੇ ਰਿਬਕਾਹ ਨੂੰ ਲਿਆ ਅਤੇ ਘਰ ਵਾਪਸੀ ਦੇ ਸਫ਼ਰ ਉੱਤੇ ਰਵਾਨਾ ਹੋ ਗਿਆ।
62 ਇਸਹਾਕ ਨੇ ਬਏਰ ਲਹੀ ਰੋਈ ਨੂੰ ਛੱਡ ਦਿੱਤਾ ਸੀ ਅਤੇ ਹੁਣ ਨੇਗੇਵ ਵਿੱਚ ਰਹਿ ਰਿਹਾ ਸੀ। 63 ਸ਼ਾਮ ਨੂੰ ਇਸਹਾਕ ਖੇਤਾਂ ਵੱਲ ਸੈਰ ਲਈ ਨਿਕਲ ਗਿਆ। ਇਸਹਾਕ ਨੇ ਨਜ਼ਰ ਮਾਰੀ ਅਤੇ ਦੂਰੋਂ ਆਉਂਦੇ ਊਠਾਂ ਵੱਲ ਦੇਖਿਆ।
64 ਰਿਬਕਾਹ ਨੇ ਇਸਹਾਕ ਵੱਲ ਦੇਖਿਆ। ਫ਼ੇਰ ਉਹ ਊਠ ਤੋਂ ਉੱਤਰ ਗਈ। 65 ਉਸ ਨੇ ਨੌਕਰ ਨੂੰ ਆਖਿਆ, “ਇਹ ਆਦਮੀ ਕੌਣ ਹੈ ਜਿਹੜਾ ਖੇਤਾਂ ਵਿੱਚ ਸਾਨੂੰ ਮਿਲਣ ਲਈ ਘੁੰਮ ਰਿਹਾ ਹੈ?”
ਨੌਕਰ ਨੇ ਆਖਿਆ, “ਇਹ ਮੇਰਾ ਸੁਆਮੀ ਹੈ।” ਇਸ ਲਈ ਰਿਬਕਾਹ ਨੇ ਆਪਣਾ ਮੂੰਹ ਪਰਦੇ ਨਾਲ ਕੱਜ ਲਿਆ।
66 ਨੌਕਰ ਨੇ ਇਸਹਾਕ ਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਜੋ ਵਾਪਰੀਆਂ ਸਨ। 67 ਫ਼ੇਰ ਇਸਹਾਕ ਕੁੜੀ ਨੂੰ ਆਪਣੀ ਮਾਂ ਦੇ ਤੰਬੂ ਵਿੱਚ ਲੈ ਆਇਆ। ਰਿਬਕਾਹ ਉਸੇ ਦਿਨ ਇਸਹਾਕ ਦੀ ਪਤਨੀ ਬਣ ਗਈ। ਇਸਹਾਕ ਉਸ ਨੂੰ ਬਹੁਤ ਪਿਆਰ ਕਰਦਾ ਸੀ ਇਸ ਲਈ ਇਸਹਾਕ ਨੂੰ ਆਪਣੀ ਮਾਂ ਦੇ ਦੇਹਾਂਤ ਤੋਂ ਬਾਦ ਹੌਂਸਲਾ ਮਿਲਿਆ।
ਯਿਸੂ ਨੇ ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨ ਦਾ ਹੁਕਮ ਦਿੱਤਾ
7 ਮੇਰੇ ਪਿਆਰੇ ਮਿੱਤਰੋ, ਮੈਂ ਤੁਹਾਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ। ਇਹ ਉਹੀ ਪੁਰਾਣਾ ਹੁਕਮ ਹੈ ਜਿਹੜਾ ਤੁਹਾਡੇ ਕੋਲ ਮੁੱਢ ਤੋਂ ਹੀ ਸੀ। ਇਹ ਪੁਰਾਣਾ ਹੁਕਮ ਉਹੀ ਉਪਦੇਸ਼ ਹੈ ਜਿਹੜਾ ਤੁਸੀਂ ਪਹਿਲਾਂ ਹੀ ਸੂਣ ਚੁੱਕੇ ਹੋਂ। 8 ਮੈਂ ਤੁਹਾਨੂੰ ਇਹ ਹੁਕਮ ਇੱਕ ਨਵੇਂ ਹੁਕਮ ਵਾਂਗ ਲਿਖ ਰਿਹਾ ਹਾਂ। ਇਹ ਹੁਕਮ ਸੱਚਾ ਹੈ, ਤੁਸੀਂ ਇਸਦੀ ਸੱਚਾਈ ਨੂੰ ਯਿਸੂ ਵਿੱਚ ਅਤੇ ਆਪਣੇ ਆਪ ਵਿੱਚ ਦੇਖਿਆ ਹੈ। ਹਨੇਰਾ ਅਲੋਪ ਹੋ ਰਿਹਾ ਹੈ ਅਤੇ ਸੱਚੇ ਪ੍ਰਕਾਸ਼ ਨੇ ਪਹਿਲਾਂ ਹੀ ਚਮਕਣਾ ਸ਼ੁਰੂ ਕਰ ਦਿੱਤਾ ਹੈ।
9 ਇੱਕ ਵਿਅਕਤੀ ਆਖਦਾ ਹੈ, “ਮੈਂ ਰੌਸ਼ਨੀ ਵਿੱਚ ਹਾਂ।” ਪਰ ਜੇ ਉਹ ਵਿਅਕਤੀ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ ਤਾਂ ਉਹ ਹਾਲੇ ਵੀ ਅੰਧਕਾਰ ਵਿੱਚ ਹੈ। 10 ਜਿਹੜਾ ਵਿਅਕਤੀ ਆਪਣੇ ਭਰਾ ਨੂੰ ਪਿਆਰ ਕਰਦਾ ਹੈ ਉਹ ਰੌਸ਼ਨੀ ਵਿੱਚ ਰਹਿ ਰਿਹਾ ਹੈ ਅਤੇ ਕੋਈ ਵੀ ਅਜਿਹੀ ਚੀਜ਼ ਨਹੀਂ ਜਿਹੜੀ ਉਸ ਪਾਸੋਂ ਗਲਤ ਕੰਮ ਕਰਾ ਸੱਕੇਗੀ। 11 ਪਰ ਜਿਹੜਾ ਵਿਅਕਤੀ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ ਉਹ ਹਾਲੇ ਵੀ ਅੰਧਕਾਰ ਵਿੱਚ ਹੈ ਅਤੇ ਅੰਧਕਾਰ ਵਿੱਚ ਚੱਲਦਾ ਹੈ? ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ ਕਿਉਂ ਕਿ ਅੰਧਕਾਰ ਨੇ ਉਸ ਨੂੰ ਅੰਨ੍ਹਾ ਬਣਾ ਦਿੱਤਾ ਹੈ।
2010 by World Bible Translation Center