Revised Common Lectionary (Complementary)
20 ਫ਼ੇਰ ਯਹੋਵਾਹ ਨੇ ਆਖਿਆ, “ਮੈਂ ਬਹੁਤ ਵਾਰੀ ਸੁਣਿਆ ਹੈ ਕਿ ਸਦੂਮ ਅਤੇ ਅਮੂਰਾਹ ਦੇ ਲੋਕ ਬਹੁਤ ਮਾੜੇ ਹਨ। 21 ਇਸ ਲਈ ਮੈਂ ਜਾਕੇ ਦੇਖਾਂਗਾ ਕਿ ਕੀ ਹਾਲਾਤ ਇੰਨੇ ਹੀ ਮਾੜੇ ਹਨ ਜਿੰਨੇ ਮੈਂ ਸੁਣੇ ਹਨ। ਫੇਰ ਮੈਨੂੰ ਯਕੀਨ ਹੋ ਜਾਵੇਗਾ।”
22 ਇਸ ਤਰ੍ਹਾਂ ਆਦਮੀ ਮੁੜ ਪਏ ਅਤੇ ਸਦੂਮ ਵੱਲ ਤੁਰ ਪਏ। ਪਰ ਅਬਰਾਹਾਮ ਓੱਥੇ ਯਹੋਵਾਹ ਦੇ ਸਨਮੁੱਖ ਖਲੋਤਾ ਸੀ। 23 ਫ਼ੇਰ ਅਬਰਾਹਾਮ ਯਹੋਵਾਹ ਵੱਲ ਆਇਆ ਤੇ ਆਖਿਆ, “ਯਹੋਵਾਹ, ਕੀ ਤੂੰ ਬੁਰੇ ਲੋਕਾਂ ਦੇ ਨਾਲ ਨੇਕ ਬੰਦਿਆਂ ਨੂੰ ਵੀ ਤਬਾਹ ਕਰਨ ਦੀ ਸੋਚ ਰਿਹਾ ਹੈਂ? 24 ਜੇ ਉਸ ਸ਼ਹਿਰ ਵਿੱਚ 50 ਨੇਕ ਆਦਮੀ ਹੋਣ, ਤਾਂ ਕੀ ਹੋਵੇਗਾ? ਕੀ ਫ਼ੇਰ ਵੀ ਤੂੰ ਉਸ ਸ਼ਹਿਰ ਨੂੰ, ਉਨ੍ਹਾਂ 50 ਚੰਗੇ ਲੋਕਾਂ ਦੀ ਖਾਤਿਰ ਬਚਾਉਣ ਦੀ ਬਜਾਇ ਤਬਾਹ ਕਰ ਦੇਵੇਂਗਾ। 25 ਤੈਨੂੰ ਸ਼ਹਿਰ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਤੈਨੂੰ ਬੁਰੇ ਬੰਦਿਆਂ ਨੂੰ ਮਾਰਨ ਲਈ 50 ਨੇਕ ਬੰਦਿਆਂ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਜੇ ਅਜਿਹਾ ਵਾਪਰੇਗਾ ਤਾਂ ਨੇਕ ਬੰਦੇ ਅਤੇ ਬਦ ਬੰਦੇ ਇੱਕੋ ਜਿਹੇ ਹੋਣਗੇ-ਉਨ੍ਹਾਂ ਦੋਹਾਂ ਨੂੰ ਸਜ਼ਾ ਮਿਲੇਗੀ। ਤੂੰ ਸਾਰੀ ਦੁਨੀਆਂ ਦਾ ਮੁਨਸਿਫ਼ ਹੈਂ। ਮੈਂ ਜਾਣਦਾ ਹਾਂ ਕਿ ਤੂੰ ਸਹੀ ਗੱਲ ਕਰੇਂਗਾ।”
26 ਫ਼ੇਰ ਯਹੋਵਾਹ ਨੇ ਆਖਿਆ, “ਜੇ ਮੈਨੂੰ ਸਦੂਮ ਦੇ ਸ਼ਹਿਰ ਵਿੱਚ 50 ਨੇਕ ਬੰਦੇ ਮਿਲ ਜਾਣਗੇ ਤਾਂ ਮੈਂ ਸਾਰੇ ਸ਼ਹਿਰ ਨੂੰ ਬਚਾ ਲਵਾਂਗਾ।”
27 ਤਾਂ ਅਬਰਾਹਾਮ ਨੇ ਆਖਿਆ, “ਤੇਰੇ ਸਾਹਮਣੇ ਤਾਂ ਯਹੋਵਾਹ ਮੈਂ ਸਿਰਫ਼ ਖਾਕ ਅਤੇ ਰਾਖ ਹਾਂ। ਪਰ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇਣਾ ਚਾਹੁੰਦਾ ਹਾਂ ਅਤੇ ਤੇਰੇ ਕੋਲੋਂ ਇਹ ਸਵਾਲ ਪੁੱਛਦਾ ਹਾਂ: 28 ਜੇ ਭਲਾ ਪੰਜ ਨੇਕ ਆਦਮੀ ਘੱਟ ਹੋਣ ਫ਼ੇਰ ਕੀ ਹੋਵੇਗਾ? ਜੇ ਉਸ ਸ਼ਹਿਰ ਵਿੱਚ ਸਿਰਫ਼ 45 ਨੇਕ ਆਦਮੀ ਹੋਏ, ਫ਼ੇਰ? ਕੀ ਤੂੰ ਸਿਰਫ਼ ਪੰਜ ਬੰਦਿਆਂ ਕਾਰਣ ਸਾਰੇ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ ਓੱਥੇ 45 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”
29 ਅਬਰਾਹਾਮ ਫ਼ੇਰ ਬੋਲਿਆ। ਉਸ ਨੇ ਆਖਿਆ, “ਅਤੇ ਜੇ ਤੁਹਾਨੂੰ ਓੱਥੇ ਸਿਰਫ਼ 40 ਨੇਕ ਬੰਦੇ ਮਿਲੇ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ 40 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”
30 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਨੂੰ ਇਹ ਗਲ ਪੁੱਛਣ ਦੀ ਇਜਾਜ਼ਤ ਦੇ: ਜੇ ਤੁਹਾਨੂੰ ਸ਼ਹਿਰ ਵਿੱਚ 30 ਨੇਕ ਬੰਦੇ ਮਿਲ ਗਏ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ 30 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”
31 ਫ਼ੇਰ ਅਬਰਾਹਾਮ ਨੇ ਆਖਿਆ, “ਕੀ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇ ਸੱਕਦਾ ਹਾਂ ਤੇ ਪੁੱਛ ਸੱਕਦਾ ਹਾਂ ਕਿ ਜੇ ਓੱਥੇ 20 ਨੇਕ ਬੰਦੇ ਹੋਣਗੇ ਫ਼ੇਰ ਕੀ ਹੋਵੇਗਾ?”
ਯਹੋਵਾਹ ਨੇ ਜਵਾਬ ਦਿੱਤਾ, “ਜੇ ਮੈਨੂੰ 20 ਨੇਕ ਬੰਦੇ ਮਿਲਣਗੇ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”
32 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ ਪਰ ਮੈਂ ਤੈਨੂੰ ਇਹ ਆਖਰੀ ਵਾਰੀ ਖੇਚਲ ਦੇ ਰਿਹਾ ਹਾਂ। ਜੇ ਤੈਨੂੰ ਓੱਥੇ 10 ਨੇਕ ਬੰਦੇ ਮਿਲ ਗਏ ਤਾਂ ਤੂੰ ਕੀ ਕਰੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ ਓੱਥੇ 10 ਨੇਕ ਬੰਦੇ ਮਿਲ ਗਏ ਤਾਂ ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।”
ਦਾਊਦ ਦਾ ਇੱਕ ਗੀਤ।
138 ਹੇ ਪਰਮੇਸ਼ੁਰ, ਮੈਂ ਪੂਰੇ ਦਿਲ ਨਾਲ ਤੇਰੀ ਉਸਤਤਿ ਕਰਦਾ ਹਾਂ।
ਮੈਂ ਸਾਰੇ ਦੇਵਤਿਆ ਸਾਹਮਣੇ ਤੇਰੇ ਗੀਤ ਗਾਵਾਂਗਾ।
2 ਹੇ ਪਰਮੇਸ਼ੁਰ, ਮੈਂ ਤੇਰੇ ਪਵਿੱਤਰ ਮੰਦਰ ਨੂੰ ਸਿਜਦਾ ਕਰਦਾ ਹਾਂ।
ਮੈਂ ਤੇਰੇ ਨਾਮ ਦੀ, ਤੇਰੇ ਸੱਚੇ ਪਿਆਰ ਦੀ, ਅਤੇ ਤੇਰੀ ਵਫ਼ਾਦਾਰੀ ਦੀ ਉਸਤਤਿ ਕਰਦਾ ਹਾਂ।
ਤੂੰ ਆਪਣੇ ਸ਼ਬਦ ਦੀ ਸ਼ਕਤੀ ਲਈ ਮਸ਼ਹੂਰ ਹੈਂ ਹੁਣ ਤੂੰ ਇਸ ਨੂੰ ਹੋਰ ਵੀ ਮਹਾਨ ਬਣਾ ਦਿੱਤਾ ਹੈ।
3 ਹੇ ਪਰਮੇਸ਼ੁਰ, ਮੈਂ ਤੈਨੂੰ ਮਦਦ ਲਈ ਪੁਕਾਰਿਆ।
ਅਤੇ ਤੁਸੀਂ ਮੈਨੂੰ ਉੱਤਰ ਦਿੱਤਾ! ਤੁਸੀਂ ਮੈਨੂੰ ਸ਼ਕਤੀ ਦਿੱਤੀ।
4 ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੁਹਾਡੀ ਉਸਤਤਿ ਕਰਨਗੇ।
ਜਦੋਂ ਜੋ ਤੁਸੀਂ ਆਖੋਂਗੇ ਉਹ ਸੁਣਨਗੇ।
5 ਉਹ ਯਹੋਵਾਹ ਦੇ ਰਸਤੇ ਬਾਰੇ ਗਾਉਣਗੇ।
ਕਿਉਂਕਿ ਯਹੋਵਾਹ ਦੀ ਮਹਿਮਾ ਬਹੁਤ ਮਹਾਨ ਹੈ।
6 ਪਰਮੇਸ਼ੁਰ ਬਹੁਤ ਮਹੱਤਵਪੂਰਣ ਹੈ।
ਪਰ ਫ਼ੇਰ ਵੀ ਉਹ ਨਿਮਾਣੇ ਲੋਕਾਂ ਦੀ ਪਾਲਣਾ ਕਰਦਾ ਹੈ।
ਜੋ ਗੁਮਾਨੀ ਲੋਕ ਕਰਦੇ ਹਨ ਉਹ ਜਾਣਦਾ ਹੈ।
ਪਰ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
7 ਹੇ ਪਰਮੇਸ਼ੁਰ, ਜੇ ਮੈਂ ਮੁਸੀਬਤਾਂ ਵਿੱਚ ਹੋਵਾਂ ਤਾਂ ਮੈਨੂੰ ਜਿੰਦਾ ਰੱਖੀਂ।
ਜੋ ਮੇਰੇ ਦੁਸ਼ਮਣ ਮੇਰੇ ਉੱਤੇ ਕ੍ਰੋਧਵਾਨ ਹੋਣ ਤਾਂ ਮੈਨੂੰ ਉਨ੍ਹਾਂ ਕੋਲੋਂ ਬਚਾਈ।
8 ਯਹੋਵਾਹ, ਮੈਨੂੰ ਉਹ ਚੀਜ਼ਾਂ ਦੇਵੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ।
ਯਹੋਵਾਹ, ਤੁਹਾਡਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਯਹੋਵਾਹ, ਤੁਸੀਂ ਸਾਨੂੰ ਸਾਜਿਆ, ਇਸ ਲਈ ਸਾਨੂੰ ਨਾ ਛੱਡੋ।
ਮਸੀਹ ਵਿੱਚ ਜਿਉਣਾ ਜਾਰੀ ਰੱਖੋ
6 ਤੁਸੀਂ ਯਿਸੂ ਮਸੀਹ ਨੂੰ ਪ੍ਰਭੂ ਵਾਂਗ ਕਬੂਲ ਕੀਤਾ। ਇਸ ਲਈ ਉਸ ਵਿੱਚ ਜਿਉਣਾ ਜਾਰੀ ਰੱਖੋ। 7 ਤੁਹਾਡੀ ਜ਼ਿੰਦਗੀ ਉਸਤੇ ਨਿਰਭਰ ਕਰਨੀ ਚਾਹੀਦੀ ਹੈ। ਅਤੇ ਜੜ੍ਹਾਂ ਮਸੀਹ ਵਿੱਚ ਹੋਣੀਆਂ ਚਾਹੀਦੀਆਂ ਹਨ। ਜਿਵੇਂ ਤੁਹਾਨੂੰ ਸਿੱਖਾਇਆ ਗਿਆ ਸੀ, ਆਪਣੇ ਦਿਲਾਂ ਨੂੰ ਉਸ ਵਿਸ਼ਵਾਸ ਵਿੱਚ ਦ੍ਰਿੜ ਰਹਿਣ ਦਿਉ। ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਵੋ।
8 ਸਾਵੱਧਾਨ ਰਹੋ ਕਿ ਕੋਈ ਤੁਹਾਨੂੰ ਗਲਤ ਵਿੱਚਾਰਾਂ ਅਤੇ ਦੁਨਿਆਵੀ ਲੋਕਾਂ ਦੇ ਨਿਕਾਰਥਕ ਸ਼ਬਦਾਂ ਨਾਲ ਕੁਰਾਹੇ ਨਾ ਪਾ ਦੇਵੇ ਅਜਿਹੇ ਵਿੱਚਾਰ ਲੋਕਾਂ ਤੋਂ ਆਉਂਦੇ ਹਨ, ਮਸੀਹ ਵੱਲੋਂ ਨਹੀਂ। 9 ਮਸੀਹ ਵਿੱਚ ਪਰਮੇਸ਼ੁਰ ਦੀ ਸੰਪੂਰਣਤਾ ਸਰੀਰ ਰੂਪ ਵਿੱਚ ਜਿਉਂਦੀ ਹੈ। ਮਸੀਹ ਦੇ ਧਰਤੀ ਉੱਪਰਲੇ ਜੀਵਨ ਵਿੱਚ ਵੀ ਅਤੇ ਮਸੀਹ ਦੇ ਨਮਿੱਤ ਤੁਸੀਂ ਭਰਪੂਰ ਹੋ। 10 ਤੁਹਾਡਾ ਜੀਵਨ ਮਸੀਹ ਨਾਲ ਤੁਹਾਡੇ ਰਿਸ਼ਤੇ ਵਿੱਚ ਪੂਰਾ ਹੈ। ਮਸੀਹ ਸਮੂਹ ਹਾਕਮਾਂ ਅਤੇ ਸ਼ਕਤੀਆਂ ਦਾ ਹਾਕਮ ਹੈ।
11 ਮਸੀਹ ਦੇ ਨਮਿੱਤ ਤੁਸੀਂ ਵੱਖਰੀ ਤਰ੍ਹਾਂ ਦੀ ਸੁੰਨਤ ਵਾਲੇ ਹੋ। ਉਹ ਸੁੰਨਤ ਕਿਸੇ ਵਿਅਕਤੀ ਦੇ ਹੱਥੋਂ ਨਹੀਂ ਕੀਤੀ ਗਈ। ਮਸੀਹ ਦੀ ਕੀਤੀ ਸੁੰਨਤ ਰਾਹੀਂ ਤੁਸੀਂ ਪਾਪੀ ਆਪੇ ਦੀ ਸ਼ਕਤੀ ਤੋਂ ਮੁਕਤ ਕੀਤੇ ਗਏ ਹੋ। 12 ਇਹ ਉਦੋਂ ਵਾਪਰਿਆ ਜਦੋਂ ਤੁਹਾਨੂੰ ਬਪਿਤਸਮਾ ਦਿੱਤਾ ਗਿਆ ਸੀ; ਤੁਹਾਡਾ ਪੁਰਾਣਾ ਆਪਾ ਮਰ ਗਿਆ ਅਤੇ ਤੁਸੀਂ ਮਸੀਹ ਦੇ ਨਾਲ ਦਫ਼ਨਾਏ ਗਏ ਸੀ। ਤੁਸੀਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਨਿਹਚਾ ਦੁਆਰਾ ਮਸੀਹ ਦੇ ਨਾਲ ਜਿਵਾਲੇ ਗਏ ਸੀ। ਪਰਮੇਸ਼ੁਰ ਦੀ ਸ਼ਕਤੀ ਉਦੋਂ ਦਰਸ਼ਾਈ ਗਈ ਜਦੋਂ ਉਸ ਨੇ ਮਸੀਹ ਨੂੰ ਮੌਤ ਤੋਂ ਜਿਵਾਲਿਆ ਸੀ।
13 ਤੁਸੀਂ ਆਪਣੇ ਪਾਪਾਂ ਕਾਰਣ ਆਤਮਕ ਤੌਰ ਤੇ ਮਰ ਗਏ ਸੀ। ਤੁਸੀਂ ਆਪਣੇ ਪਾਪੀ ਆਪੇ ਦੇ ਕਾਬੂ ਹੇਠ ਸੀ। ਪਰ ਪਰਮੇਸ਼ੁਰ ਨੇ ਤੁਹਾਨੂੰ ਮਸੀਹ ਸਮੇਤ ਜੀਵਨ ਦਿੱਤਾ। ਅਤੇ ਤੁਹਾਡੇ ਸਾਰੇ ਪਾਪ ਮਾਫ਼ ਕਰ ਦਿੱਤੇ। 14 ਪਰਮੇਸ਼ੁਰ ਨੇ ਉਹ ਦਸਤਾਵੇਜ਼ ਹਟਾ ਦਿੱਤਾ ਜਿਸ ਵਿੱਚ ਸਾਰੇ ਦੋਸ਼ ਸ਼ਾਮਿਲ ਸਨ। ਉਹ ਇਲਜ਼ਾਮ ਇਸ ਲਈ ਲਗਾਏ ਗਏ ਸਨ ਕਿਉਂ ਕਿ ਅਸੀਂ ਮੂਸਾ ਦੀ ਸ਼ਰ੍ਹਾ ਨੂੰ ਨਹੀਂ ਮੰਨਿਆ। ਪਰਮੇਸ਼ੁਰ ਨੇ ਇਸ ਨੂੰ ਲੈ ਲਿਆ ਅਤੇ ਇਸ ਨੂੰ ਸਲੀਬ ਉੱਤੇ ਟੰਗ ਦਿੱਤਾ। 15 ਪਰਮੇਸ਼ੁਰ ਨੇ ਸਲੀਬ ਦੁਆਰਾ ਆਤਮਕ ਹਾਕਮਾਂ ਅਤੇ ਸ਼ਕਤੀਆਂ ਨੂੰ ਹਰਾ ਦਿੱਤਾ। ਫ਼ੇਰ ਉਸ ਨੇ ਉਨ੍ਹਾਂ ਨੂੰ ਸ਼ਰਮਸਾਰ ਕੀਤਾ ਜਦੋਂ ਕਿ ਸਾਰੀ ਦੁਨੀਆਂ ਨੇ ਵੇਖਿਆ।
ਉਨ੍ਹਾਂ ਨੇਮਾਂ ਤੇ ਨਾ ਚੱਲੋ ਜਿਹੜੇ ਇਨਸਾਨ ਬਣਾਉਂਦੇ ਹਨ
16 ਕਿਸੇ ਨੂੰ ਵੀ ਆਪਣੇ ਬਾਰੇ ਇਹ ਪਰੱਖਣ ਨਾ ਦਿਓ ਕਿ ਤੁਸੀਂ ਕੀ ਖਾਂਦੇ ਅਤੇ ਪੀਂਦੇ ਹੋ ਅਤੇ ਯਹੂਦੀ ਉਤਸਵਾਂ ਦਾ ਅਨੁਸਰਣ ਕਰਨ ਬਾਰੇ, ਜਿਵੇਂ ਅਮੱਸਿਯਾ ਜਾਂ ਸਬਤ। 17 ਅਤੀਤ ਵਿੱਚ ਇਹ ਗੱਲਾਂ ਉਸ ਪਰਛਾਵੇਂ ਵਰਗੀਆਂ ਸਨ ਜਿਹੜੀਆਂ ਇਹ ਦਰਸ਼ਾਉਂਦੀਆਂ ਸਨ ਕਿ ਕੀ ਹੋਣ ਵਾਲਾ ਹੈ। ਉਹ ਗੱਲਾਂ ਜੋ ਆ ਰਹੀਆਂ ਸਨ ਹੁਣ ਮਸੀਹ ਵਿੱਚ ਲੱਭਦੀਆਂ ਹਨ। 18 ਕੁਝ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਉਹ ਨਿਮ੍ਰ ਹਨ ਅਤੇ ਦੂਤਾਂ ਦੀ ਪੂਜਾ ਕਰਨੀ ਪਸੰਦ ਕਰਦੇ ਹਨ। ਉਹ ਲੋਕ ਹਮੇਸ਼ਾ ਦਰਸ਼ਨਾਂ ਬਾਰੇ ਗੱਲਾਂ ਕਰਦੇ ਹਨ ਜਿਹੜੇ ਉਨ੍ਹਾਂ ਨੇ ਵੇਖੇ ਹਨ। ਉਨ੍ਹਾਂ ਲੋਕਾਂ ਨੂੰ ਇਹ ਆਖਣ ਦੀ ਆਗਿਆ ਨਾ ਦਿਓ, “ਤੁਸੀਂ ਗਲਤ ਹੋ ਕਿਉਂਕਿ ਤੁਸੀਂ ਇਹ ਗੱਲਾਂ ਨਹੀਂ ਕਰਦੇ।” ਉਹ ਲੋਕ ਮੂਰੱਖਮਈ ਘਮੰਡ ਨਾਲ ਭਰਪੂਰ ਹਨ ਕਿਉਂਕਿ ਉਹ ਕੇਵਲ ਦੁਨੀਆਂ ਦੀਆਂ ਚੀਜ਼ਾਂ ਬਾਰੇ ਹੀ ਸੋਚਦੇ ਹਨ। 19 ਉਹ ਲੋਕ ਮਸੀਹ ਨਾਲ ਏਕਤਾ ਵਿੱਚ ਨਹੀਂ ਜਿਉਂਦੇ। ਮਸੀਹ ਸਰੀਰ ਦਾ ਮੁਖੀ ਹੈ। ਸਾਰਾ ਸਰੀਰ ਮਸੀਹ ਉੱਤੇ ਨਿਰਭਰ ਕਰਦਾ ਹੈ। ਇਸ ਲਈ ਸਰੀਰ ਦੇ ਸਾਰੇ ਅੰਗ ਇਕੱਠੇ ਜੁੜੇ ਹੋਏ ਹਨ। ਇੱਕ ਦੂਸਰੇ ਦਾ ਧਿਆਨ ਰੱਖੋ ਅਤੇ ਇੱਕ ਦੂਸਰੇ ਦੀ ਮਦਦ ਕਰੋ। ਇਹ ਸਰੀਰ ਨੂੰ ਤਾਕਤ ਪ੍ਰਾਪਤ ਕਰਨ ਵਿੱਚ ਅਤੇ ਉਸੇ ਢੰਗ ਨਾਲ ਵੱਧਣ ਵਿੱਚ ਮਦਦ ਕਰਦਾ ਹੈ, ਜਿਵੇਂ ਪਰਮੇਸ਼ੁਰ ਚਾਹੁੰਦਾ ਹੈ।
ਯਿਸੂ ਪ੍ਰਾਰਥਨਾ ਬਾਰੇ ਉਪਦੇਸ਼ ਦਿੰਦਾ(A)
11 ਇੱਕ ਵਾਰ ਯਿਸੂ ਕਿਸੇ ਥਾਂ ਤੇ ਪ੍ਰਾਰਥਨਾ ਕਰ ਰਿਹਾ ਸੀ। ਜਦੋਂ ਉਹ ਪ੍ਰਾਰਥਨਾ ਕਰ ਹਟਿਆ ਤਾਂ ਉਸ ਦੇ ਇੱਕ ਚੇਲੇ ਨੇ ਉਸ ਨੂੰ ਆਖਿਆ, “ਪ੍ਰਭੂ! ਸਾਨੂੰ ਪ੍ਰਾਰਥਨਾ ਕਰਨੀ ਸਿੱਖਾਵੋ ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਸਿੱਖਾਈ ਸੀ।”
2 ਯਿਸੂ ਨੇ ਚੇਲਿਆਂ ਨੂੰ ਆਖਿਆ, “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਹ ਆਖੋ:
‘ਹੇ ਪਿਤਾ! ਤੇਰਾ ਨਾਮ ਹਮੇਸ਼ਾ ਪਵਿੱਤਰ ਮੰਨਿਆ ਜਾਵੇ,
ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਰਾਜ ਆਵੇ।
3 ਹਰ ਰੋਜ ਸਾਨੂੰ ਉਹ ਰੋਟੀ ਦੇ, ਜੋ ਸਾਨੂੰ ਲੋੜੀਦੀ ਹੈ।
4 ਸਾਡੇ ਪਾਪ ਮਾਫ਼ ਕਰ ਕਿਉਂਕਿ ਜੋ
ਸਾਡੇ ਨਾਲ ਗਲਤ ਕਰਦਾ ਹੈ ਅਸੀਂ ਵੀ ਹਰ ਉਸ ਮਨੁੱਖ ਨੂੰ ਖਿਮਾ ਕਰਦੇ ਹਾਂ
ਅਤੇ ਸਾਨੂੰ ਪਰੱਖੇ ਨਾ ਜਾਣ ਦੇਵੀਂ।’”
ਲਗਾਤਾਰ ਮੰਗਦੇ ਰਹੋ(B)
5-6 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਕਿਸੇ ਹਾਲਾਤ ਵਿੱਚ, ਤੁਹਾਡੇ ਵਿੱਚੋਂ ਕੋਈ ਇੱਕ ਅੱਧੀ ਰਾਤ ਆਪਣੇ ਮਿੱਤਰ ਦੇ ਘਰ ਜਾਕੇ ਆਖੇ ਕਿ, ਕਿਰਪਾ ਕਰਕੇ ਮੈਨੂੰ ਤਿੰਨ ਰੋਟੀਆਂ ਦੇ, ‘ਕਿਉਂਕਿ ਮੇਰਾ ਇੱਕ ਮਿੱਤਰ ਸਫ਼ਰ ਤੋਂ ਮੇਰੇ ਘਰ ਆਇਆ ਹੈ, ਪਰ ਮੇਰੇ ਕੋਲ ਉਸ ਨੂੰ ਖੁਆਉਣ ਲਈ ਕੁਝ ਨਹੀਂ ਹੈ।’ 7 ਮੰਨ ਲਵੋ ਜੇਕਰ ਤੁਹਾਡਾ ਮਿੱਤਰ ਘਰ ਦੇ ਅੰਦਰੋ ਹੀ ਤੁਹਾਨੂੰ ਜਵਾਬ ਦਿੰਦਾ ਹੈ, ‘ਚਲਾ ਜਾ! ਮੈਨੂੰ ਤੰਗ ਨਾ ਕਰ! ਦਰਵਾਜਾ ਪਹਿਲਾਂ ਹੀ ਬੰਦ ਪਿਆ ਹੈ। ਮੈਂ ਅਤੇ ਮੇਰੇ ਬੱਚੇ ਮੰਜੇ ਤੇ ਸੁੱਤੇ ਪਏ ਹਨ ਤੇ ਮੈਂ ਹੁਣ ਉੱਠ ਕੇ ਤੈਨੂੰ ਰੋਟੀਆਂ ਦੇਣ ਦੀ ਜ਼ਹਿਮਤ ਨਹੀਂ ਕਰ ਸੱਕਦਾ।’ 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਭਾਵੇਂ ਉਹ ਤੁਹਾਨੂੰ ਉੱਠ ਕੇ ਰੋਟੀ ਦੇਣੀ ਪਸੰਦ ਨਹੀਂ ਕਰਦਾ ਕਿਉਂਕਿ ਉਹ ਤੇਰਾ ਮਿੱਤਰ ਹੈ। ਪਰ ਕਿਉਂਕਿ ਤੁਸੀਂ ਬਾਰ-ਬਾਰ ਪੁੱਛ ਰਹੇ ਹੋ, ਉਹ ਉੱਠੇਗਾ ਅਤੇ ਜੋ ਤੁਹਾਨੂੰ ਚਾਹੀਦਾ ਹੈ ਦੇ ਦੇਵੇਗਾ। 9 ਇਸ ਲਈ ਮੈਂ ਆਖਦਾ ਹਾਂ ਕਿ ਤੁਸੀਂ ਪਰਮੇਸ਼ੁਰ ਕੋਲ ਨਿਰੰਤਰ ਮੰਗੋਂਗੇ ਤਾਂ ਉਹ ਤੁਹਾਨੂੰ ਦੇਵੇਗਾ। ਜੇਕਰ ਢੂਂਡੋਂਗੇ ਤਾਂ ਉਹ ਤੁਹਾਨੂੰ ਲੱਭੇਗਾ, ਲਗਾਤਾਰ ਖੜਕਾਉਂਦੇ ਰਹੋ ਤਾਂ ਤੁਹਾਡੇ ਲਈ ਦਰਵਾਜਾ ਖੋਲ੍ਹਿਆ ਜਾਵੇਗਾ। 10 ਕਿਉਂਕਿ ਹਰੇਕ ਜੋ ਮੰਗਦਾ ਹੈ ਉਸ ਨੂੰ ਮਿਲਦਾ ਹੈ, ਜੋ ਲੱਭਦਾ ਹੈ ਉਹ ਪ੍ਰਾਪਤ ਕਰਦਾ ਹੈ, ਅਤੇ ਜਿਹੜਾ ਮਨੁੱਖ ਦਰਵਾਜ਼ਾ ਖੜਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ। 11 ਤੁਹਾਡੇ ਵਿੱਚੋਂ ਕਿਹੜਾ ਹੈ ਜੋ ਇੱਕ ਪਿਤਾ ਵਜੋਂ ਆਪਣੇ ਪੁੱਤਰ ਨੂੰ ਸੱਪ ਦੇਵੇਗਾ ਜਦ ਕਿ ਉਹ ਮੱਛੀ ਮੰਗਦਾ ਹੈ। 12 ਜਾਂ ਜਦੋਂ ਉਹ ਆਂਡਾ ਮੰਗੇ ਤਾਂ ਤੁਸੀਂ ਬਿੱਛੂ ਦੇਵੋਂਗੇ? ਨਹੀਂ! 13 ਤੁਸੀਂ ਵੀ ਬਾਕੀ ਸਭ ਲੋਕਾਂ ਵਾਂਗ ਹੋ। ਤੁਸੀਂ ਬੁਰੇ ਹੋਕੇ ਵੀ ਜੇਕਰ ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਸਵਰਗ ਵਿੱਚ ਪਿਤਾ ਉਨ੍ਹਾਂ ਨੂੰ ਕਿਤੇ ਵੱਧ ਪਵਿੱਤਰ ਆਤਮਾ ਦਿੰਦਾ ਹੈ ਜੋ ਉਸਤੋਂ ਮੰਗਦੇ ਹਨ।”
2010 by World Bible Translation Center